.

ਧਰਮ-ਰਾਜਨੀਤੀ ਬਨਾਮ ਮਜ਼ਹਬ-ਰਾਜਨੀਤੀ
ਡਾ .ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਧਰਮ ਜਾਂ ਮਜ਼ਹਬ ਦੇ ਅਰਥ ਕਰਨ ਲੱਗਿਆਂ ਅਸੀਂ ਅਕਸਰ ਹੀ ਮੋਟੇ ਤੌਰ ਤੇ ਸਿੱਧੇ ਜਿਹੇ ਢੰਗ ਨਾਲ ਇੰਝ ਸੋਚਦੇ ਹਾਂ ਕਿ ਧਰਮ ਸ਼ਬਦ ਸ਼ਾਇਦ ਸਿੱਖ ਜਾਂ ਹਿੰਦੂ ਵਰਤਦੇ ਹਨ , ਮਜ਼ਹਬ ਸ਼ਬਦ ਮੁਸਲਮਾਨ ਵਰਤਦੇ ਹਨ , ਰਿਲਿਜ਼ਨ ਸ਼ਬਦ ਇਸਾਈ ਅਤੇ ਯਹੂਦੀ ਵਰਤਦੇ ਹਨ ਪਰ ਅਰਥ ਸਭ ਦਾ ਇੱਕ ਹੀ ਹੈ । ਅਸਲ ਵਿੱਚ ਅਜਿਹਾ ਨਹੀਂ ਹੈ । ਸ਼ਬਦਾਂ ਦੇ ਅਰਥ ਕਰਨ ਲੱਗਿਆਂ ਉਹਨਾਂ ਸ਼ਬਦਾਂ ਦੇ ਹੋਂਦ ਵਿੱਚ ਆਉਣ ਦਾ ਸਮਾਂ , ਪ੍ਰਸਥਿਤੀਆਂ , ਸ਼ਬਦ ਪਿੱਛੇ ਲੁਕੇ ਸੰਕਲਪ ਅਤੇ ਪ੍ਰਗਟ ਹੋ ਰਹੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਜਰੂਰਤ ਹੁੰਦੀ ਹੈ । ਪੂਰਬ ਵਿੱਚ ਧਰਮ ਦਾ ਸੰਕਲਪ ਅਤੇ ਬਾਕੀ ਇਲਾਕਿਆਂ ਵਿੱਚ ਮਜ਼ਹਬ ਦਾ ਸੰਕਲਪ ਵੱਖਰੇ ਅਰਥਾਂ ਵਿੱਚ ਸਥਾਪਿਤ ਹੋਏ ਹਨ । ਮਜ਼ਹਬ ਅਤੇ ਰਿਲਿਜ਼ਨ ਸ਼ਬਦਾਂ ਦੇ ਅਰਥ ਆਪਸ ਵਿੱਚ ਮਿਲਦੇ ਹਨ ਜਦ ਕਿ ਧਰਮ ਸ਼ਬਦ ਦੇ ਅਰਥਾਂ ਦੀ ਵੱਖਰੀ ਭਾਵਨਾ ਹੈ । ਡਾ ਸਰਤਾਜ ਸਿੰਘ ਅਨੁਸਾਰ ਰਿਲਿਜ਼ਨ ਸ਼ਬਦ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਵਰਤੇ ਜਾ ਰਹੇ ਸ਼ਬਦ ਰਿਲਿਗਰ ਤੋਂ ਬਣਿਆ ਹੈ ਜਿਸਦਾ ਅਰਥ ਕਿਸੇ ਖਾਸ ਇਕਾਈ ਵਿੱਚ ਬਣੇ ਅਤੇ ਲਾਗੂ ਕੀਤੇ ਨਿੱਜੀ ਧਾਰਮਿਕ ਵਿਸ਼ਵਾਸਾਂ ਵਾਲੇ ਨਿਯਮਾਂ ਨਾਲ ਮਿਲਦਾ ਹੈ । ਇਸ ਦਾ ਮਤਲਬ ਇਹ ਹੋਇਆ ਕਿ ਰਿਲਿਜ਼ਨ ਦੇ ਅਰਥ ਉਸ ਅਨੁਸ਼ਾਸਨ ਤੋਂ ਹਨ ਜੋ ਕਿਸੇ ਖਾਸ ਵਿਸ਼ਵਾਸ ਵਾਲੀ ਜੀਵਨ ਸ਼ੈਲੀ ਤੇ ਲਾਗੂ ਹੋਣਾ ਹੁੰਦਾ ਹੈ । ਦੂਜੇ ਸ਼ਬਦਾਂ ਵਿੱਚ ਰਿਲਿਜ਼ਨ ਜਾਂ ਮਜ਼ਹਬ ਕਿਸੇ ਸਭਿਆਚਾਰ ਦੇ ਅੰਦਰੂਨੀ ਅਤੇ ਬਾਹਰੀ ਜੀਵਨ-ਸ਼ੈਲੀ ਦਾ ਪ੍ਰਗਟਾਵਾ ਹਨ , ਉਦਾਹਰਣ ਵਜੋਂ ਮਜ਼ਹਬੀ ਮਨੁੱਖ ਨੇ ਕਿਸ ਤਰਾਂ ਰਹਿਣਾ ਹੈ, ਕਿਸ ਤਰਾਂ ਦਾ ਪਹਿਰਾਵਾ ਪਾਉਣਾ ਹੈ , ਕਿਸ ਤਰਾਂ ਦਾ ਭੋਜਨ ਕਰਨਾ ਹੈ ,ਕਿਸ ਤਰਾਂ ਆਪੋ-ਆਪਣੇ ਜੀਵਨ ਸੰਸਕਾਰ ਕਰਨੇ ਹਨ, ਕਿਸ ਤਰਾਂ ਆਪੋ ਆਪਣੇ ਨਿਸ਼ਚੇ ਵਾਲੇ ਰੱਬ ਨੂੰ ਅਰਾਧਣਾ ਹੈ ਅਰਥਾਤ ਉਪਰੋਕਤ ਸਭ ਕੁਝ ਕਰਦੇ ਆਪਣੀ ਸਮਾਜ ਨਾਲੋਂ ਵੱਖਰੀ ਹੋਂਦ ਕਿੰਝ ਬਣਾਕੇ ਰੱਖਣੀ ਹੈ । ਸਿੱਖਾਂ ਲਈ ਗੁਰਦਵਾਰੇ ਜਾਣਾ , ਸਵੇਰੇ ਅਤੇ ਸ਼ਾਮ ਗੁਰਬਾਣੀ ਪੜ੍ਹਨ ਦਾ ਨਿਤਨੇਮ ਕਰਨਾ , ਸਿੱਖ ਗੁਰੂਆਂ ਅਤੇ ਸਿੱਖ ਸ਼ਹੀਦਾਂ ਨਾਲ ਸਬੰਧਤ ਦਿਨ-ਦਿਹਾੜੇ ਮਨਾਉਣੇ , ਸਾਬਤ ਸੂਰਤ ਰਹਿਕੇ ਸਿਰ ਤੇ ਦਸਤਾਰ ਬੰਨਣੀ ਅਤੇ ਹਰ ਧਰਮ-ਕਰਮ ਸਿੱਖ ਰਹੁ-ਰੀਤਾਂ ਨਾਲ ਕਰਨੇ ਸਿੱਖ ਮਜ਼ਹਬ ਦਾ ਅਨੁਸ਼ਾਸਨ ਹੈ । ਇਸੇ ਤਰਾਂ ਜਨੇਊ ਧਾਰਨ ਕਰਨਾ ਅਤੇ ਮੰਦਰੀਂ ਜਾਣਾ, ਦੇਵੀ-ਦੇਵਤਿਆਂ ਦੀ ਪੂਜਾ ਕਰਨੀ ,ਕਰਮਕਾਂਢ ਅਤੇ ਹਰ ਸੰਸਕਾਰ ਬ੍ਰਾਹਮਣ ਵਿਧੀ ਨਾਲ ਕਰਨੇ ਹਿੰਦੂਆਂ ਦੇ ਮਜ਼ਹਬੀ ਨਿਯਮ ਹਨ । ਇਸੇ ਤਰਾਂ ਪੰਜ ਨਿਵਾਜਾਂ ਪੜ੍ਹਨੀਆਂ ,ਕੇਵਲ ਮੁਹੰਮਦ ਸਾਹਿਬ ਨੂੰ ਮਨੁੱਖਤਾ ਦਾ ਰਾਖਾ ਸਮਝਣਾ,ਕਿਸੇ ਅਖਾਉਤੀ ਸਵਰਗ ਵਿੱਚ ਹੂਰਾਂ ਮਿਲਣ ਦੀ ਝਾਕ ਰੱਖਣੀ ਇਸਲਾਮ ਮਜ਼ਹਬ ਦੇ ਨਿਯਮ ਹਨ । ਇਸੇ ਤਰਾਂ ਜੀਸਸ ਕਰਾਈਸਟ ਨੂੰ ਇਕਲੌਤਾ ਰੱਬ ਦਾ ਪੁੱਤਰ ਮੰਨਕੇ ਇਸਾਈਅਤ ਨੂੰ ਹੀ ਕੇਵਲ ਰੱਬ ਦਾ ਰਸਤਾ ਮੰਨਣਾ ਇਸਾਈਆਂ ਦਾ ਮਜ਼ਹਬੀ ਨਿਯਮ ਹੈ । ਸੋ ਮਜ਼ਹਬ ਮਨੁੱਖ ਨਾਲੋਂ ਮਨੁੱਖ ਵਿੱਚ ਫਰਕ ਬਣਾਂਦਾ ਹੈ ਕਿਓਕਿ ਇੱਕ ਹੀ ਮੰਜਿਲ ਤੇ ਵੱਖਰਿਆਂ ਰਸਤਿਆਂ ਰਾਹੀਂ ਵੱਖਰੇ ਨਿਯਮਾਂ ਤਹਿਤ ਹੀ ਪੁੱਜਣ ਦੀ ਦਲੀਲ ਦੇਣੀ ਹੁੰਦੀ ਹੈ । ਜੇ ਨਿਯਮ ਇੱਕ ਹੋ ਗਏ ਤਾਂ ਮਨੁੱਖਤਾ ਦਾ ਮਜ਼ਹਬ ਵੀ ਇੱਕ ਹੀ ਹੋਵੇਗਾ ।
ਇਸਦੇ ਉਲਟ ਜਦੋਂ ਧਰਮ ਦੀ ਗੱਲ ਕਰਦੇ ਹਾਂ ਤਾਂ ਧਰਮ ਦਾ ਸੰਕਲਪ ਹੀ ਓਹਨਾਂ ਗੁਣਾ ਨੂੰ ਧਾਰਨ ਕਰਨਾ ਹੁੰਦਾ ਹੈ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਧਾਰਨ ਕਰਨ ਯੋਗ ਹੁੰਦੇ ਹਨ ਅਰਥਾਤ ਜਿਹਨਾਂ ਗੁਣਾਂ ਨੂੰ ਧਾਰਨ ਕਰਨ ਤੇ ਸਮੁੱਚੀ ਮਨੁੱਖਤਾ ਵਿੱਚੋਂ ਹਰ ਤਰਾਂ ਦੇ ਵਖਰੇਵਿਆਂ ਦੀਆਂ ਦੀਵਾਰਾਂ ਟੁੱਟਦੀਆਂ ਹਨ । ਧਰਮ ਦਾ ਕੋਈ ਮਜ਼ਹਬ ਵਾਂਗ ਬਾਹਰਲਾ ਭੇਖ ਨਹੀਂ ਹੁੰਦਾ ਕਿਓਂਕਿ ਧਰਮ ਕੇਵਲ ਤੇ ਕੇਵਲ ਅੰਦਰੂਨੀ ਅਤੇ ਇਖਲਾਕੀ ਸੱਚ ਦਾ ਹੀ ਪ੍ਰਗਟਾਵਾ ਹੁੰਦਾ ਹੈ । ਸੱਚ ਬੋਲਣਾ, ਇਮਾਨਦਾਰ ਹੋਣਾ, ਸੁਕਿਰਤ ਕਰਨੀ, ਸਰਬੱਤ ਦਾ ਭਲਾ ਕਰਨ ਲਈ ਤੱਤਪਰ ਰਹਿਣਾ, ਲੋੜਬੰਦ ਦੀ ਮੱਦਦ ਕਰਨੀ, ਸਭ ਨੂੰ ਬਰਾਬਰ ਸਮਝਣਕੇ ਵਿਵਹਾਰ ਕਰਨਾ ਆਦਿ ਗੁਣ ਕੇਵਲ ਇੱਕ ਦੇਸ਼ ਜਾਂ ਮਜ਼ਹਬ ਲਈ ਨਹੀਂ ਹਨ ਸਗੋਂ ਪੂਰੀ ਦੁਨੀਆਂ ਦੇ ਲੋਕਾਂ ਲਈ ਹੁੰਦੇ ਹਨ । ਧਰਮ ਸ਼ੁਰੂ ਹੀ ਉਦੋਂ ਹੁੰਦਾ ਹੈ ਜਦੋਂ ਸਭ ਜਾਤ-ਪਾਤ, ਛੂਆ-ਛਾਤ, ਊਚ-ਨੀਚ, ਰੰਗ-ਨਸਲ ਦਾ ਫਰਕ ਮਿਟਕੇ ਸਾਰੀ ਮਨੁੱਖ ਜਾਤੀ ਵਿੱਚ ਇੱਕੋ ਜੋਤ ਦਾ ਅਹਿਸਾਸ ਹੁੰਦਾ ਹੈ । ਭਾਵੇਂ ਅਸੀਂ ਗੁਰਮਤਿ ਨੂੰ ਭਵਿੱਖ ਦਾ ਸਹੀ ਧਰਮ ਐਲਾਨ ਕੇ ਖੁਸ਼ ਹੋ ਜਾਂਦੇ ਹਾਂ ਪਰ ਅਮਲਾਂ ਵੇਲੇ ਉਸ ਪੁਰਾਣੇ ਮਜ਼ਹਬਾਂ ਦੀ ਸ਼੍ਰੇਣੀ ਵਿੱਚ ਹੀ ਜਾ ਖੜਦੇ ਹਾਂ ।
ਸਵਰਗਾਂ ਦੇ ਲਾਲਚ ਅਤੇ ਨਰਕਾਂ ਦੇ ਡਰ ਕਾਰਣ ਕੀਤੀ ਮਨੁੱਖਤਾ ਦੀ ਸੇਵਾ ਧਰਮ ਨਹੀਂ ਅਖਵਾਉਂਦੀ ਬਲਕਿ ਜਦੋਂ ਅਸੀਂ ਬਿਨਾਂ ਕਿਸੇ ਸਵਾਰਥ ਦੇ ਹਰ ਮਨੁੱਖ ਵਿੱਚ ਇੱਕੋ ਜੋਤ ਦੇਖਦੇ , ਦੂਜੇ ਦੇ ਦੁੱਖ ਨੂੰ ਆਪਣਾ ਜਾਂਣਦੇ ਅੱਗੇ ਆਉਂਦੇ ਹਾਂ ਤਾਂ ਅਸੀਂ ਧਾਰਮਿਕ ਹੋ ਜਾਂਦੇ ਹਾਂ , ਪਰ ਜਦੋਂ ਅਸੀਂ ਕੇਵਲ ਆਪਣੇ ਖਿਆਲਾਂ ਅਤੇ ਵਿਸ਼ਵਾਸਾਂ ਵਾਲੇ ਲੋਕਾਂ ਦਾ ਹੀ ਭਲਾ ਚਾਹੁੰਦੇ ਹਾਂ ਤਾਂ ਅਸੀਂ ਮਜ਼ਹਬੀ ਸ਼੍ਰੇਣੀ ਵਿੱਚ ਆ ਜਾਂਦੇ ਹਾਂ । ਗਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਦਾ ਮਾਰਗੀ ਸਰਬੱਤ ਦਾ ਭਲਾ ਚਾਹੁੰਦਾ ਹੈ ਇਸੇ ਲਈ ਸਿੱਖੀ ਮਜ਼ਹਬਾਂ ਤੋਂ ਉਪਰ ਉੱਠ ਸੱਚ-ਧਰਮ ਦੀ ਗੱਲ ਕਰਦੀ ਹੈ । ਅਸੀਂ ਕਦੇ ਅਣਜਾਣਪੁਣੇ ਵਿੱਚ ਕਦੇ ਸਵਾਰਥ ਹਿੱਤ ਧਰਮ ਦੇ ਬ੍ਰਹਿਮੰਡੀ ਸੰਕਲਪ ਨੂੰ ਮਜ਼ਹਬ ਦੇ ਅਰਥਾਂ ਵਿੱਚ ਹੀ ਦੇਖਦੇ ਹਾਂ ।
ਮਜ਼ਹਬੀ ਗੁਣ ਕੇਵਲ ਮਜ਼ਹਬ ਲਈ ਹੁੰਦੇ ਹਨ ਜਦ ਕਿ ਧਾਰਮਿਕ ਗੁਣ ਪੂਰੀ ਮਨੁੱਖਤਾ ਲਈ । ਕਿਸੇ ਵੀ ਮਜ਼ਹਬ ਦੇ ਘੇਰੇ ਤੋਂ ਪਰੇ ਰਹਿਣ ਵਾਲਾ ਵੀ ਧਾਰਮਿਕ ਗੁਣਾਂ ਨਾਲ ਭਰਪੂਰ ਹੋ ਸਕਦਾ ਹੈ । ਆਪਣੇ ਆਪ ਨੂੰ ਨਾਸਤਕ ਅਖਵਾਉਣ ਵਾਲੇ ਵੀ ਜਦੋਂ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਨ ਤਾਂ ਇੱਕ ਤਰਾਂ ਨਾਲ ਇਨਸਾਨੀ ਧਰਮ ਦੀ ਹੀ ਗੱਲ ਕਰ ਰਹੇ ਹੁੰਦੇ ਹਨ ।
ਸਰਬ ਧਰਮ ਮਹਿ ਸ੍ਰੇਸਟ ਧਰਮੁ ।।
ਹਰਿ ਕਾ ਨਾਮੁ ਜਪਿ ਨਿਰਮਲ ਕਰਮੁ ।।(ਪੰਨਾ 266)
ਗੁਰੂ ਨਾਨਕ ਸਾਹਿਬ ਨੇ ਵੀ ਸ੍ਰੇਸਟ ਧਰਮ ਬਿਆਨਣ ਲੱਗਿਆਂ ਕਿਸੇ ਮਜ਼ਹਬ ਦਾ ਨਾਂ ਨਹੀਂ ਲਿਆ ਸਗੋਂ ਰੱਬ ਦੀ ਰਜਾ ਵਿੱਚ ਵਿਚਰਦਿਆਂ ਨਿਰਮਲ ਕਰਮ ਕਰਨ ਨੂੰ ਸਰਬੋਤਮ ਧਰਮ ਆਖਿਆ । ਸੋ ਇਸ ਤਰਾਂ ਧਰਮ ਅਤੇ ਮਜ਼ਹਬ ਦੇ ਫਰਕ ਦਾ ਪਤਾ ਚੱਲ ਜਾਂਦਾ ਹੈ । ਮਜ਼ਹਬ ਕਿਸੇ ਸਕੂਲ ਦੇ ਨਿਯਮ ਹਨ ਜਦ ਕਿ ਧਰਮ ਪੜ੍ਹਾਈ ਹੈ ਕਿਓਂਕਿ ਚੰਗੇ ਗੁਣ ਸਾਰੀ ਮਨੁੱਖਤਾ ਨੂੰ ਚਾਹੀਦੇ ਹਨ ਕਿਸੇ ਇੱਕ ਹੀ ਮਜ਼ਹਬ ਨੂੰ ਨਹੀਂ । ਵੱਖ-ਵੱਖ ਸਕੂਲਾਂ ਦੇ ਨਿੱਜੀ ਅਨੁਸ਼ਾਸਨਾਂ ਨੂੰ ਕੇਵਲ ਮਜ਼ਹਬੀ ਨਿਯਮ ਹੀ ਆਖਿਆ ਜਾ ਸਕਦਾ ਹੈ । ਗੁਰੂ ਨਾਨਕ ਸਾਹਿਬ ਦਾ ਸੁਝਾਇਆ ਮਾਰਗ ਮਜ਼ਹਬਾਂ ਤੋਂ ਉਪਰ ਉੱਠ ਸਰਬ ਸਾਂਝੇ ਧਰਮ ਦੀ ਹੀ ਪ੍ਰੋੜਤਾ ਕਰਦਾ ਹੈ ਪਰ ਸਿੱਖਾਂ ਨੇ ਬਾਕੀ ਮਜ਼ਹਬਾਂ ਦੀ ਰੀਸੇ ਇਸ ਨੂੰ ਵੀ ਮਜ਼ਹਬ ਹੀ ਬਣਾ ਧਰਿਆ ਹੈ ਜਦ ਕਿ ਸਿੱਖ ਜੀਵਨ ਜਾਂਚ ਸਮੂਹ ਮਜ਼ਹਬਾਂ ਨੂੰ ਇਨਸਾਨੀ ਧਰਮ ਰੂਪੀ ਇੱਕ ਹੀ ਮਾਲਾ ਵਿੱਚ ਪਰੋਣ ਦਾ ਯਤਨ ਹੈ । ਸਪੱਸ਼ਟ ਹੈ ਕਿ ਮਜ਼ਹਬ ਮਨੁੱਖ ਦਾ ਘੇਰਾ ਸਿਰਜਦਾ ਹੈ ਜਦ ਕਿ ਧਰਮ ਮਨੁੱਖ ਦੀ ਸਮੁੱਚੀ ਲੁਕਾਈ ਨਾਲ ਸਾਂਝ ਪਾਂਦਾ ਹੈ ।
ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਲਿਖਦੇ ਹਨ
ਰਾਜ, ਬਿਨਾ ਨਹੀਂ ਧਰਮ ਚਲੇ ਹੈ ।।
ਧਰਮ ਬਿਨਾ ਸਭ ਦਲੇ ਮਲੇ ਹੈ ।।
ਇਸਤੋਂ ਅਸੀਂ ਇਹੀ ਭਾਵ ਲੈਂਦੇ ਹਾਂ ਕਿ ਰਾਜ ਤੋਂ ਬਿਨਾ ਧਰਮ ਨਹੀਂ ਚਲ ਸਕਦਾ ਅਰਥਾਤ ਧਰਮ ਦੇ ਪਰਚਾਰ ਲਈ ਰਾਜ ਸ਼ਕਤੀ ਦੀ ਜਰੂਰਤ ਹੁੰਦੀ ਹੈ ਜਿਸਦੀ ਉਦਾਹਰਣ ਅਸੀਂ ਦੁਨੀਆਂ ਵਿੱਚ ਫੈਲੇ ਕੁਝ ਵੱਡੇ ਮਜ਼ਹਬਾਂ ਦੀ ਦੇ ਦਿੰਦੇ ਹਾਂ ਕਿ ਉਹਨਾਂ ਦੇ ਵੱਡੇ ਰਾਜ ਕਾਰਣ ਉਹਨਾਂ ਦੇ ਧਰਮ ਸਾਰੀ ਦੁਨੀਆਂ ਵਿੱਚ ਫੈਲ ਗਏ ਹਨ । ਇਥੇ ਵੀ ਅਸੀਂ ਉਹੀ ਗਲਤੀ ਕਰਦੇ ਹਾਂ ਕਿ ਧਰਮ ਫੈਲੇ ਹਨ ਜਦ ਕਿ ਕਹਿਣਾ ਬਣਦਾ ਹੈ ਕਿ ਮਜ਼ਹਬ ਫੈਲੇ ਹਨ । ਮਜ਼ਹਬ ਤਾਂ ਅਨੇਕਾਂ ਹਨ ਪਰ ਧਰਮ ਇੱਕ ਹੈ ਉਹ ਵੀ ਬਿਨਾ ਕਿਸੇ ਨਾਮ ਤੋਂ ।
ਏਕੋ ਧਰਮ ਦ੍ਰਿੜੈ ਸਚੁ ਕੋਈ ।।
ਗੁਰਮਤਿ ਪੂਰਾ ਜੁਗਿ ਜੁਗਿ ਸੋਈ ।।(ਪੰਨਾ 1188)
ਜਦੋਂ ਰੱਬ ਦਾ ਹੀ ਕੋਈ ਨਾਮ ਨਹੀਂ ਹੈ ਤਾਂ ਰੱਬ ਵੱਲ ਜਾਂਦੇ ਰਸਤੇ ਦਾ ਨਾਮ ਕਿਵੇਂ ਹੋ ਸਕਦਾ ਹੈ । ਧਰਮ ਨੂੰ ਵਧਣ ਵਿਗਸਣ ਲਈ ਕਿਸੇ ਖਾਸ ਕਿਸਮ ਦੇ ਰਾਜ ਦੀ ਜਰੂਰਤ ਨਹੀਂ ਹੁੰਦੀ। ਅਸੀਂ ਜਾਣਦੇ ਹਾਂ ਕਿ ਹਰ ਤਰਾਂ ਦੇ ਅਤਿਆਚਾਰੀ ਰਾਜਾਂ ਅੰਦਰ ਵੀ ਧਰਮੀ ਪੁਰਸ਼ ਧਰਮ ਦੀ ਗੱਲ ਤੋਰਦੇ ਰਹੇ ਹਨ ਅਤੇ ਵੱਡੇ ਵੱਡੇ ਮਜ਼ਹਬਾਂ ਦੇ ਅਨੁਆਈ ਕੇਵਲ ਧਰਮ ਦੀ ਘਾਟ ਕਾਰਨ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਹੁੰਦੇ ਹਨ । ਸੋ ਉਪਰੋਕਤ ਪੰਕਤੀ ਵਿੱਚ ਅਗਰ ਅਸੀਂ ਰਾਜ ਤੋਂ ਬਾਅਦ ਠਹਿਰਾਹ ਕਰਕੇ ਅਰਥਾਤ ਕੌਮਾ ਲਾਕੇ ਪੜ੍ਹੀਏ ਤਾਂ ਮਤਲਬ ਸਪੱਸ਼ਟ ਹੋ ਜਾਂਦਾ ਹੈ ਕਿ ਰਾਜ ਕਦੇ ਵੀ ਧਰਮ ਯਾਨੀ ਧਾਰਮਿਕ ਗੁਣਾਂ ਤੋਂ ਬਿਨਾਂ ਨਹੀਂ ਚਲਦਾ । ਅਗਰ ਰਾਜਨੀਤਕ ਆਗੂ ਆਪਣੇ ਅੰਦਰ ਪਰਜਾ ਪ੍ਰਤੀ ਇਨਸਾਨੀਅਤ ਵਾਲੇ ਧਾਰਮਿਕ ਗੁਣ ਨਹੀ ਧਾਰਨ ਕਰਨਗੇ ਤਾਂ ਹੌਲੀ ਹੌਲੀ ਪਰਜਾ ਵਿੱਚ ਅਨਿਸ਼ਚਤਤਾ ਅਤੇ ਵਿਦਰੋਹ ਪੈਦਾ ਹੋਵੇਗਾ ਜਿਸ ਨਾਲ ਆਖਿਰ ਉਸ ਰਾਜ ਦਾ ਇੱਕ ਦਿਨ ਪਤਨ ਹੋ ਜਾਵੇਗਾ ।
ਸਾਰੀ ਦੁਨੀਆਂ ਦੇ ਰਾਜਨੀਤਕ ਪਰਬੰਧਾਂ ਵਿੱਚ ਧਰਮ ਅਤੇ ਮਜ਼ਹਬ ਦਾ ਸਪੱਸ਼ਟ ਰੋਲ ਹੁੰਦਾ ਹੈ । ਸਿੱਖਾਂ ਵਿੱਚ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਰੱਖਿਆ ਜਾਂਦਾ ਹੈ ਮਸਲਨ ਰਾਜਨੀਤੀ ਉੱਤੇ ਧਰਮ ਦੇ ਕੁੰਡੇ ਦੀ ਗੱਲ ਕੀਤੀ ਜਾਂਦੀ ਹੈ । ਅਕਸਰ ਆਖਿਆ ਜਾਂਦਾ ਹੈ ਕਿ ਅਗਰ ਰਾਜਨੀਤੀ ਧਰਮ ਤੋਂ ਪ੍ਰੇਰਤ ਹੋਵੇਗੀ ਤਾਂ ਸਰਬੱਤ ਦੇ ਭਲੇ ਦੀ ਗੱਲ ਕਰੇਗੀ ਪਰ ਹੁੰਦਾ ਹਮੇਸ਼ਾਂ ਉਲਟ ਹੀ ਹੈ । ਅਜਿਹੀ ਮਜ਼ਹਬੀ ਰਾਜਨੀਤੀ ਲੋਕਾਂ ਦਾ ਭਲਾ ਕਰਨ ਦੀ ਥਾਂ ਘਾਣ ਜਿਆਦਾ ਕਰਦੀ ਹੈ । ਇਤਿਹਾਸ ਗਵਾਹ ਹੈ ਕਿ ਆਪੋ ਆਪਣੇ ਮਜ਼ਹਬ ਦੇ ਪਰਚਾਰ-ਪਰਸਾਰ ਲਈ ਰਾਜਨੀਤੀ ਨੇ ਕਰੋੜਾਂ ਲੋਕਾਂ ਦਾ ਘਾਣ ਕੀਤਾ ਹੈ । ਇਸਦਾ ਕਾਰਣ ਸਪਸ਼ਟ ਹੈ ਕਿ ਅਸੀਂ ਕਹਿੰਦੇ ਤਾਂ ਧਰਮ-ਰਾਜਨੀਤੀ ਦਾ ਸੁਮੇਲ ਹਾਂ ਪਰ ਹਮੇਸ਼ਾਂ ਮਜ਼ਹਬ-ਰਾਜਨੀਤੀ ਨੂੰ ਇਕੱਠਾ ਕਰਦੇ ਹਾਂ । ਜਦੋਂ ਰਾਜਨੀਤੀ ਕਿਸੇ ਮਜਹ਼ਬ ਨਾਲ ਜੁੜੇਗੀ ਤਾਂ ਹਰ ਕੀਮਤ ਤੇ ਕੇਵਲ ਉਸੇ ਮਜ਼ਹਬ ਦਾ ਭਲਾ ਸੋਚੇਗੀ ਬਾਕੀ ਮਜ਼ਹਬਾਂ ਦਾ ਨਹੀਂ । ਦੂਜੇ ਮਜ਼ਹਬਾਂ ਦਾ ਘਾਣ ਕਰਨ ਨੂੰ ਆਪਣਾ ਧਰਮ ਸਮਝੇਗੀ । ਇੱਥੋਂ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੀ ਗੱਲ ਗੈਰਹਾਜਰ ਰਹੇਗੀ । ਇਸਦੇ ਉਲਟ ਜੇ ਰਾਜਨੀਤਕ ਲੋਕ ਧਾਰਮਿਕ ਗੁਣਾ ਨਾਲ ਭਰਪੂਰ ਹੋਣਗੇ ਅਰਥਾਤ ਰਾਜਨੀਤੀ ਧਰਮ ਨਾਲ ਜੁੜੇਗੀ ਤਾਂ ਧਰਮ ਰਾਜਨੀਤੀ ਨੂੰ ਬੇਗਮਪੁਰੇ ਦੇ ਸੰਕਲਪ ਵੱਲ ਮੋੜਨ ਵੱਲ ਸਹਾਈ ਹੋਵੇਗਾ । ਜਦੋਂ ਅਸੀਂ ਕਿਸੇ ਦੇਸ਼ ਵਿੱਚ ਸਾਫ਼ ਸੁਥਰੇ ਰਾਜ ਪ੍ਰਬੰਧ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਭ ਨੂੰ ਬਰਾਬਰ ਸਮਝਣ ਵਾਲੇ ਉਹਨਾਂ ਧਾਰਮਿਕ ਨਿਯਮਾਂ ਦੀ ਹੀ ਗੱਲ ਕਰ ਰਹੇ ਹੁੰਦੇ ਹਾਂ । ਅਜੋਕੇ ਸਮੇ ਜਦੋਂ ਅਸੀਂ ਧਰਮ-ਰਾਜਨੀਤੀ ਨੂੰ ਵੱਖ-ਵੱਖ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਰਾਜਨੀਤੀ ਨੂੰ ਮਜ਼ਹਬ ਤੋਂ ਵੱਖ ਰੱਖਣ ਵਾਲੀ ਸੋਚ ਨਾਲ ਹੁੰਦਾ ਹੈ ਪਰ ਜਦੋਂ ਅਸੀਂ ਸਿੱਖੀ ਦੇ ਨਿਯਮਾਂ ਅਨੁਸਾਰ ਧਰਮ-ਰਾਜਨੀਤੀ ਨੂੰ ਇਕੱਠਾ ਰੱਖਣ ਦੀ ਗੱਲ ਕਰਦੇ ਹਾਂ ਤਾਂ ਅਣਜਾਣਪੁਣੇ ਨਾਲ ਰਾਜਨੀਤੀ ਨੂੰ ਮਜ਼ਹਬ ਨਾਲ ਜੋੜ ਬੈਠਦੇ ਹਾਂ । ਇਸੇ ਤਰਾਂ ਪੰਥ ਸ਼ਬਦ ਦੇ ਅਰਥ ਵੀ ਸਾਡੀ ਭਾਵਨਾਂ ਅਤੇ ਨੀਤੀ ਅਨੁਸਾਰ ਧਰਮ ਜਾਂ ਮਜ਼ਹਬ ਦੇ ਅਰਥਾਂ ਅਨੁਸਾਰ ਹੀ ਕੀਤੇ ਜਾ ਸਕਦੇ ਹਨ । ਜਿਸਨੂੰ ਖਤਰਾ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ ਉਹ ਮਜ਼ਹਬ ਹੈ ਧਰਮ ਨਹੀਂ । ਸਾਡੀ ਤਰਾਸਦੀ ਇਹ ਹੈ ਕਿ ਧਰਮ ਕਿਸੇ ਵੀ ਰਾਜਨੀਤਕਾਂ ਦੇ ਗਰੁੱਪ ਵਿੱਚ ਪ੍ਰਵੇਸ਼ ਕਰਦਾ ਕਰਦਾ , ਮਜ਼ਹਬ ਬਣ ਖਲੋਂਦਾ ਹੈ । ਸ਼ਾਇਦ ਏਸੇ ਕਾਰਣ ਕਿਸੇ ਇਕੱਲੇ-ਕ੍ਹੈਰੇ ਰਾਜਨੀਤਕ ਕੋਲੋਂ ਤਾਂ ਧਰਮ ਦੀ ਤਵੱਕੋਂ ਕੀਤੀ ਜਾ ਸਕਦੀ ਹੈ ਸਮੂਹ ਤੋਂ ਨਹੀਂ ।
.