.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 32)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੌਗਿਰਦੇ ਵਿੱਚ ਪਸਰੇ ਹੋਏ ਅੰਧਕਾਰ ਦੇ ਹਰੇਕ ਰੂਪ ਦਾ ਵਰਣਨ ਮਿਲਦਾ ਹੈ। ਅੰਧਕਾਰ ਦੇ ਭਿੰਨ ਭਿੰਨ ਰੂਪਾਂ ਦਾ ਵਰਣਨ ਹੀ ਨਹੀਂ ਬਲਕਿ ਗਿਆਨ ਦੇ ਪ੍ਰਕਾਸ਼ ਨਾਲ ਅੰਧਕਾਰ ਦੇ ਇਨ੍ਹਾਂ ਰੂਪਾਂ ਨੂੰ ਨੇਸਤੋ-ਨਾਬੂਦ ਵੀ ਕੀਤਾ ਹੋਇਆ ਹੈ। ਜੇਕਰ ਅਸੀਂ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਹੋਏ ਵੀ ਇਸ ਅੰਧਕਾਰ ਦਾ ਸ਼ਿਕਾਰ ਹਾਂ, ਤਾਂ ਇਹ ਇਸ ਗੱਲ ਦਾ ਹੀ ਪ੍ਰਤੀਕ ਹੈ ਕਿ ਅਸੀਂ ਗੁਰਬਾਣੀ ਨੂੰ ਰਸਮੀ ਤੌਰ `ਤੇ ਹੀ ਪੜ੍ਹਦੇ ਸੁਣਦੇ ਹਾਂ। ਵਹਿਮਾਂ-ਭਰਮਾਂ ਆਦਿ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਦੇ ਸੱਚ ਦੇ ਧਾਰਨੀ ਬਣੀਏ। ਗੁਰੂ ਕਾਲ ਵਿੱਚ ਵੀ ਭਰਮ-ਭੁਲੇਖਿਆਂ ਤੋਂ ਮੁਕਤੀ ਉਹੀ ਪ੍ਰਾਣੀ ਹਾਸਲ ਕਰ ਸਕੇ, ਜਿਨ੍ਹਾਂ ਨੇ ਗੁਰਬਾਣੀ ਦੇ ਸੱਚ ਨੂੰ ਪਛਾਣ ਕੇ ਇਸ ਅਨੁਸਾਰ ਜੀਵਨ ਗੁਜ਼ਾਰਿਆ।
ਗੁਰੂ ਸਾਹਿਬਾਨ ਦੇ ਸਮੇਂ ਵੀ ਮਨੁੱਖ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਕੇ ਤਾਂਤ੍ਰਿਕ ਵਿਧੀਆਂ ਦੀ ਵਰਤੋਂ ਕਰ ਰਿਹਾ ਸੀ। ਪਰੰਤੂ ਬਾਣੀਕਾਰਾਂ ਨੇ ਭਰਮ ਦੇ ਹਰੇਕ ਗੜ੍ਹ ਨੂੰ ਤੋੜ ਕੇ ਮਨੁੱਖ ਨੂੰ ਬੰਦ-ਖ਼ਲਾਸੀ ਪ੍ਰਦਾਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਵਿਸਤਾਰਪੂਰਨ ਵਰਣਨ ਹੈ। ਗੱਲ ਕੀ, ਬਾਣੀਕਾਰਾਂ ਦਾ ਮਨੁੱਖ ਨੂੰ ਅਜਿਹੀਆਂ ਧਾਰਨਾਵਾਂ ਤੋਂ ਉਪਰ ਉਠਾਉਣਾ, ਇਸ ਗੱਲ ਦਾ ਹੀ ਲਖਾਇਕ ਹੈ ਕਿ ਬਾਣੀਕਾਰ ਗੁਰਬਾਣੀ ਨੂੰ ਤਾਂਤ੍ਰਿਕਿ ਵਿਧੀਆਂ ਅਨੁਸਾਰ ਵਰਤਣ ਦੇ ਕਤਈ ਹੱਕ ਵਿੱਚ ਨਹੀਂ ਸਨ। ਗੁਰਬਾਣੀ ਵਿੱਚ ਤਾਂਤ੍ਰਿਕ ਵਿਧੀਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਦਾ ਵਰਣਨ, ਗੁਰਬਾਣੀ ਦੇ ਉਦੇਸ਼ ਨੂੰ ਭਲੀ ਪਰਕਾਰ ਸਪਸ਼ਟ ਕਰਦਾ ਹੈ। ਬਾਣੀਕਾਰਾਂ ਨੇ ਕੇਵਲ ਅੰਧ-ਵਿਸ਼ਵਾਸ ਦਾ ਹੀ ਖੰਡਨ ਨਹੀਂ ਕੀਤਾ ਬਲਕਿ ਮਨੁੱਖ ਦੇ ਅੰਧ-ਵਿਸ਼ਵਾਸੀ ਚਿੱਤ ਨੂੰ ਗੁਰਬਾਣੀ ਦੇ ਚਾਨਣ ਨਾਲ ਰੌਸ਼ਨ ਕਰਨ ਦਾ ਯਤਨ ਕੀਤਾ ਹੈ। ਅੰਧ-ਵਿਸ਼ਵਾਸ ਦੀ ਡੂੰਘੀ ਖਾਈ ਵਿਚੋਂ ਮਨੁੱਖਤਾ ਨੂੰ ਬਾਹਰ ਕੱਢਣ ਲਈ ਅਜਿਹਾ ਕਰਨਾ ਜ਼ਰੂਰੀ ਸੀ। ਚੂੰਕਿ ਅਗਿਆਨੀ ਮਨੁੱਖ ਇੱਕ ਅੰਧ-ਵਿਸ਼ਵਾਸ ਨੂੰ ਛੱਡ ਕੇ ਦੂਜੇ ਨੂੰ ਪਕੜ ਲੈਂਦਾ ਹੈ। ਇਸ ਲਈ ਸੁਜਾਨ ਸਤਿਗੁਰੂ ਜੀ ਨੇ ਅੰਧ-ਵਿਸ਼ਵਾਸੀ ਚਿੱਤ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਇਆ ਹੈ, ਤਾਂ ਕਿ ਮਨੁੱਖ ਇੱਕ `ਚੋਂ ਨਿਕਲ ਕੇ ਦੂਜੇ ਨੂੰ ਨਾ ਪਕੜ ਲਏ।
ਧਿਆਨ ਰਹੇ ਕਿ ਜੇਕਰ ਤਾਂਤ੍ਰਿਕ ਵਿਧੀਆਂ ਦੀ ਵਰਤੋਂ ਕਰਨ ਵਾਲੇ ਕਿਸੇ ਪ੍ਰਾਣੀ ਨੂੰ ਸਬੱਬੀਂ ਕੋਈ ਲਾਭ ਹੋਇਆ ਹੈ ਤਾਂ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਨੂੰ ਅਪਣਾਉਣ ਨਾਲ ਇਹ ਲਾਭ ਹੋਇਆ ਹੈ। ਇਸ ਤਰ੍ਹਾਂ ਦੇ ਲਾਭ ਦੇ ਅਸਲ ਕਾਰਨ ਨੂੰ ਸਮਝ ਕੇ, ਉਸ ਨੂੰ ਅਪਣਾਉਣ ਦੀ ਲੋੜ ਹੈ ਨਾ ਕਿ ਇਹੋ ਜਿਹੀਆਂ ਤਾਂਤ੍ਰਿਕ ਵਿਧੀਆਂ ਨੂੰ। ਜੇਕਰ ਅਸੀਂ ਆਲੇ-ਦੁਆਲੇ ਵਲ ਨਜ਼ਰ ਮਾਰ ਕੇ ਦੇਖਾਂਗੇ ਤਾਂ ਪਤਾ ਚਲੇਗਾ ਕਿ ਜਿਹੜੇ ਵਿਅਕਤੀ ਅਜਿਹੀਆਂ ਵਿਧੀਆਂ ਵਿੱਚ ਵਿਸ਼ਵਾਸ ਨਹੀਂ ਕਰਦੇ ਜਾਂ ਇਨ੍ਹਾਂ ਨੂੰ ਨਹੀਂ ਅਪਣਾਉਂਦੇ, ਉਨ੍ਹਾਂ ਦੇ ਕਾਰਜ ਵੀ ਰਾਸ ਆਉਂਦੇ ਹਨ, ਮਾਇਕ ਲਾਭ ਜਾਂ ਹੋਰ ਪ੍ਰਾਪਤੀ ਦਾ ਸੁਖ ਮਾਣਨ ਦਾ ਸੁਭਾਗ ਉਨ੍ਹਾਂ ਨੂੰ ਵੀ ਨਸੀਬ ਹੋ ਰਿਹਾ ਹੈ। ਇਸ ਲਈ ਅਜਿਹੀਆਂ ਵਿਧੀਆਂ ਦੀ ਵਰਤੋਂ ਇਸ ਗੱਲ ਵਲ ਹੀ ਸੰਕੇਤ ਕਰਦੀ ਹੈ ਕਿ ਅਸੀਂ ਆਤਮਕ ਤੌਰ `ਤੇ ਕਿਤਨੇ ਕਮਜ਼ੋਰ ਹਾਂ। ਜੇਕਰ ਕੋਈ ਪ੍ਰਾਣੀ ਫਿਰ ਵੀ ਇਸ ਗੱਲ ਨੂੰ ਹੀ ਪੱਲੇ ਬੰਨ੍ਹ ਕੇ ਬੈਠਾ ਹੈ ਤਾਂ ਭਾਈ ਗੁਰਦਾਸ ਜੀ ਦੀ ਨਿਮਨ ਲਿਖਤ ਪਉੜੀ ਨੂੰ ਧਿਆਨ ਨਾਲ ਵਿਚਾਰਨੀ ਦੀ ਜ਼ਰੂਰਤ ਹੈ:-
ਪੈ ਖਾਜੂਰੀ ਜੀਵੀਐ ਚੜਿ ਖਾਜੂਰੀ ਝੜਉ ਨ ਕੋਈ। ਉਝੜਿ ਪਇਆ ਨ ਮਾਰੀਐ ਉਝੜ ਰਾਹੁ ਨ ਚੰਗਾ ਹੋਈ। ਜੇ ਸਪ ਖਾਧਾ ਉਬਰੇ ਸਪੁ ਨ ਫੜੀਐ ਅੰਤਿ ਵਿਗੋਈ। ਵਹਣਿ ਵਹੰਦਾ ਨਿਕਲੈ ਵਿਣੁ ਤੁਲਹੇ ਡੁਬਿ ਮਰੈ ਭਲੋਈ। ਪਤਿਤ ਉਧਾਰਣਾ ਆਖੀਐ ਵਿਰਤੀ ਹਾਣੁ ਜਾਣੁ ਜਾਣੋਈ। ਭਾਉ ਭਗਤਿ ਗੁਰਮਤਿ ਹੈ ਦੁਰਮਤਿ ਦਰਗਹ ਲਹੈ ਨ ਢੋਈ। ਅੰਤਿ ਕਮਾਣਾ ਹੋਇ ਸਥੋਈ। (ਵਾਰ ੩੧, ਪਉੜੀ ੧੦)
ਅਰਥ: ਜੇਕਰ ਖਜੂਰ ਤੋਂ ਡਿੱਗਕੇ ਜੀਊਂਦੇ ਭੀ ਰਹਿ ਜਾਈਏ ਤਾਂ ਭੀ ਖਜੂਰ ਤੇ ਚੜ੍ਹਕੇ ਕੋਈ ਜਾਣ ਕੇ ਨਾ ਡਿੱਗੇ। ਜੇਕਰ ਉਝਾੜ ਵਿਚੋਂ ਬਚਕੇ ਆ ਜਾਈਏ ਤਾਂ ਭੀ ਉਜਾੜ ਦਾ ਰਸਤਾ ਚੰਗਾ ਨਹੀਂ ਹੋ ਜਾਂਦਾ ਜੋ ਫੇਰ ਟੱਪ ਕੇ ਜਾਈਏ। ਜੇਕਰ ਸੱਪ ਦੇ ਡੰਗੋਂ ਬਚ ਭੀ ਜਾਈਏ ਤਾਂ ਵੀ ਉਸ ਨੂੰ ਹੱਥ ਪਾਉਣਾ ਚੰਗਾ ਨਹੀਂ। ਜੇਕਰ ਵਹਿੰਦੇ ਵਹਿਣ ਵਿਚੋਂ ਕੋਈ ਨਿਕਲ ਵੀ ਆਵੇ ਤਾਂ ਵੀ ਤੁਲਹੇ ਬਿਨਾਂ ਫੇਰ ਉਸ ਵਿੱਚ ਜਾਣ ਨਾਲੋਂ ਮਰਨਾ ਹੀ ਚੰਗਾ ਹੈ, ਭਾਵ ਤੁਲਹੇ ਬਾਝ ਨਾ ਤਰੋ, ਜ਼ਰੂਰ ਮਰੋ ਗੇ। ਪਤਿਤ ਉਧਾਰਣ ਅਕਾਲ ਪੁਰਖ ਹੀ ਹੈ, ਇਸ ਪ੍ਰਸੰਗ ਨੂੰ ਜਾਣਨਹਾਰੇ ਜਾਣਦੇ ਹਨ। ਪ੍ਰੇਮਾ ਭਗਤੀ ਕਰਨੀ ਗੁਰੂ ਦੀ (ਮੱਤ) ਸਿੱਖਿਆ ਹੈ, ਦੁਰਮਤ ਕਰਕੇ ਦਰਗਾਹ ਵਿਖੇ ਆਸਰਾ ਨਹੀਂ ਮਿਲਦਾ। ਕਰਮ ਹੀ ਅੰਤ ਨੂੰ ਸਾਥ ਚਲਦਾ ਹੈ; ਗੱਲ ਕੀ ਖੋਟੇ ਪਾਸਿਆਂ ਨੂੰ ਛੱਡ ਕੇ ਗੁਰਮਤਿ ਲੈ ਕੇ ਦੁਰਮਤ ਦੂਰ ਕਰੋ, ਪਾਪੀਆਂ ਦੇ ਤਾਰਕ ਈਸ਼ਵਰ `ਤੇ ਭਰੋਸਾ ਰੱਖ ਕੇ ਸ਼ੁਭ ਕਰਮਾਂ `ਤੇ ਲੱਕ ਬੰਨ੍ਹੀ ਰੱਖੋ।
ਇਸ ਲਈ ਜੇਕਰ ਅਜਿਹੀਆਂ ਵਿਧੀਆਂ ਨੂੰ ਅਪਣਾਉਣ ਵਾਲਿਆਂ ਨੂੰ ਕਿਸੇ ਕਾਰਜ ਵਿੱਚ ਸਫਲਤਾ ਮਿਲੀ ਹੈ ਤਾਂ ਉਨ੍ਹਾਂ ਨੂੰ ਇਸ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਉਨ੍ਹਾਂ ਨੂੰ ਸਫਲਤਾ ਕਿਸੇ ਅਜਿਹੀ ਵਿਧੀ ਕਾਰਨ ਮਿਲੀ ਹੈ। ਗੁਰਬਾਣੀ ਵਿਚਲੀ ਜੀਵਨ-ਜੁਗਤ ਦੇ ਇਸ ਪੱਖ ਦੀ ਚਰਚਾ ਕਰਨ ਮਗਰੋਂ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਵਲੋਂ ਜਪੁਜੀ ਦੀ ੩੧ਵੀਂ ਪਉੜੀ ਦੇ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥ ਅਰਥ:- ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ (ਭਾਵ, ਹਰੇਕ ਭਵਨ ਵਿੱਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ)। ਜੋ ਕੁੱਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ)। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ)।
ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੩੧॥ ਅਰਥ:- (ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ)। ੩੧।
ਭਾਵ:- ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਬੇਅੰਤ ਹੈ, ਫਿਰ ਭੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ। ਪਰਮਾਤਮਾ ਦੇ ਇਸ ਪਰਬੰਧ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈ ਸਕਦੀ। ੩੧ (ਪੰਨਾ ੭)
ਪਰ ਲੇਖਕ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਨ ਦੀ ਵਿਧੀ ਅਤੇ ਇਸ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਪਾਠ ਮੰਗਲਵਾਰ ਪਹਿਰ ਰਾਤ ਰਹਿੰਦੀ ਤੋਂ ਇਕੀ ਸੌ ਕਰਨਾ। ਪਾਠ ਸਮੇਂ ਖਬੇ ਹੱਥ ਵਿੱਚ ਕ੍ਰਿਪਾਨ ਰਖਣੀ, ਸਾਹਮਣੇ ਪਾਣੀ ਦਾ ਬਰਤਣ ਰਖਣਾ। ਪਾਠ ਪੂਰਾ ਹੋ ਜਾਣ ਉਪਰੰਤ ਜਿਸ ਇਸਤ੍ਰੀ ਨੂੰ ਇਸ ਪਾਣੀ ਵਿੱਚ ਇਹ ਕ੍ਰਿਪਾਨ ਧੋਕੇ ਪਿਲਾਵੇ ਉਸ ਨੂੰ ਗਰਭ ਹੋਵੇ। ਜੇਕਰ ਇਸ ਨੂੰ ਐਤਵਾਰ ਗੁਪਤ ਜਪ ਕੇ ਕ੍ਰਿਪਾਨ ਧੋ ਕੇ ਇਸਤ੍ਰੀ ਨੂੰ ਪਿਲਾਵੇ ਤਾਂ ਉਸ ਦਾ ਗਰਭ ਛੁਟ ਜਾਵੇ।”
ਪੁਸਤਕ ਕਰਤਾ ਪਿਛਲੀ ਪਉੜੀ ਵਾਂਗ ਇਸ ਪਉੜੀ ਦੇ ਮਹਾਤਮ ਦਾ ਸਰੂਪ ਵੀ ਦੂਜਿਆਂ ਨੂੰ ਲਾਭ ਪਹੁੰਚਾਉਣ ਵਾਲਾ ਹੀ ਦਰਸਾ ਰਿਹਾ ਹੈ। ਅਰਥਾਤ ਪਰਉਪਕਾਰ ਕਰਨਵਾਲਾ! ਜਾਂ ਇੰਜ ਆਖੀਏ ਜਨ-ਸਾਧਾਰਨ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ, ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਜੁਗਤੀ ਦ੍ਰਿੜ ਕਰਵਾ ਰਿਹਾ ਹੈ। ਇਸ ਤਰ੍ਹਾਂ ਦੀਆਂ ਜੁਗਤੀਆਂ ਨਾਲ ਨਾ ਕਦੀ ਕੋਈ ਚਮਤਕਾਰ ਵਾਪਰਿਆ ਹੈ ਅਤੇ ਨਾ ਕਦੇ ਵਾਪਰੇਗਾ। ਪਰੰਤੂ ਫਿਰ ਵੀ ਸੰਤਾਨ ਦੀ ਇੱਛਾ ਰੱਖਣ ਵਾਲੇ ਪਰਵਾਰ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਪਾਖੰਡੀਆਂ ਦੇ ਪਾਖੰਡ ਜਾਲ ਵਿੱਚ ਸਹਿਜੇ ਹੀ ਫਸ ਜਾਂਦੇ ਹਨ। ਅਜਿਹੇ ਦੰਭ ਰਚਨ ਵਾਲਿਆਂ ਦੇ ਪਾਖੰਡ ਦਾ ਸ਼ਿਕਾਰ ਹੋਣ ਵਾਲਿਆਂ ਅਤੇ ਅਜਿਹਾ ਦੰਭ ਰਚਨ ਵਾਲਿਆਂ ਦੀ ਆਏ ਦਿਨ ਮੀਡੀਏ ਵਿੱਚ ਚਰਚਾ ਹੁੰਦੀ ਹੀ ਰਹਿੰਦੀ ਹੈ।
ਗੁਰਬਾਣੀ ਮਨੁੱਖ ਨੂੰ ਪ੍ਰਭੂ ਦੇ ਹੁਕਮ ਦੀ ਸੋਝੀ ਪ੍ਰਦਾਨ ਕਰਕੇ ਇਸ ਅਨੁਸਾਰ ਜੀਵਨ ਗੁਜ਼ਾਰਨ ਦੀ ਜੁਗਤੀ ਦ੍ਰਿੜ ਕਰਾਉਂਦੀ ਹੈ। ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣ ਵਾਲਾ ਵਿਅਕਤੀ ਲੋੜਾਂ-ਥੁੜਾਂ ਦੀ ਪਰਸਥਿੱਤੀ ਵਿੱਚ ਵੀ ਯੋਗ ਸਾਧਨਾ ਦੀ ਵਰਤੋਂ ਹੀ ਕਰਦਾ ਹੈ। ਉਹ ਕਿਸੇ ਵੀ ਸੂਰਤ ਵਿੱਚ ਦੰਭੀਆਂ ਦੀਆਂ ਚਾਲਾਂ (ਤਾਂਤ੍ਰਿਕ ਵਿਧੀਆਂ) ਦਾ ਸ਼ਿਕਾਰ ਹੋ ਕੇ ਇਨ੍ਹਾਂ ਵਿਧੀਆਂ ਨੂੰ ਨਹੀਂ ਅਪਣਾਉਂਦਾ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ `ਚੋਂ ਇਹ ਗੱਲ ਸਮਝੀ ਹੈ ਕਿ ਗੁਰਬਾਣੀ ਦਾ ਸੱਚ ਸਫਲ ਜ਼ਿੰਦਗੀ ਜਿਊਂਣ ਦੀ ਜੁਗਤੀ ਦਾ ਖ਼ਜ਼ਾਨਾ ਹੈ ਨਾ ਕਿ ਇਸ ਤਰ੍ਹਾਂ ਦੀਆਂ ਤਾਂਤ੍ਰਿਕ ਵਿਧੀਆਂ ਦੁਆਰਾ ਕਥਿਤ ਫਲ ਪ੍ਰਾਪਤ ਕਰਨ ਦਾ।
ਰੱਬ ਦਾ ਸ਼ੁਕਰ ਹੈ ਕਿ ਇਹੋ ਜਿਹੀਆਂ ਵਿਧੀਆਂ ਨਾਲ ਨਾ ਤਾਂ ਕਿਸੇ ਇਸਤਰੀ ਨੂੰ ਗਰਭ ਠਹਿਰਦਾ ਹੈ ਅਤੇ ਨਾ ਹੀ ਕਿਸੇ ਦਾ ਗਰਭਪਾਤ ਹੁੰਦਾ ਹੈ। ਜੇਕਰ ਇਹੋ ਜਿਹੀਆਂ ਵਿਧੀਆਂ ਕਾਰਗਰ ਹੁੰਦੀਆਂ ਤਾਂ ਪਤੀ ਪਤਨੀ ਦੇ ਰਿਸ਼ਤੇ ਦੀ ਪਕਿਆਈ ਨੂੰ ਕਾਇਮ ਰੱਖਣਾ ਅਸੰਭਵ ਹੋ ਜਾਂਦਾ। ਚੂੰਕਿ ਇਸ ਤਰ੍ਹਾਂ ਤਾਂ ਕੋਈ ਵੀ ਮਨੁੱਖ ਕਿਸੇ ਵੀ ਇਸਤਰੀ ਨੂੰ ਕ੍ਰਿਪਾਣ ਧੋ ਕੇ ਪਾਣੀ ਪਿਲਾ ਦੇਂਦਾ, ਤਾਂ ਉਹ ਗਰਭਵਤੀ ਹੋ ਜਾਂਦੀ ਅਤੇ ਜੇਕਰ ਕਿਸੇ ਗਰਭਵਤੀ ਇਸਤਰੀ ਨੂੰ ਇਸ ਵਿਧੀ ਨਾਲ ਪਾਣੀ ਪਿਲਾ ਦੇਂਦਾ ਤਾਂ ਉਸ ਦਾ ਗਰਭਪਾਤ ਹੋ ਜਾਂਦਾ। ਆਮ ਪਰਵਾਰਾਂ ਵਿੱਚ ਆਪਸ ਵਿੱਚ ਖਹਿਬੜਬਾਜ਼ੀ ਤਾਂ ਆਮ ਦੇਖਣ ਵਿੱਚ ਆਉਂਦੀ ਹੀ ਹੈ। ਜੇਕਰ ਪਰਵਾਰਾਂ ਵਿੱਚ ਨਾ ਹੋਵੇ ਤਾਂ ਜਾਣ-ਪਛਾਣ/ਸੱਜਣਾਂ ਮਿੱਤਰਾਂ ਵਿਚੋਂ ਹੀ ਕਿਸੇ ਵਲੋਂ ਇਸ ਤਰ੍ਹਾਂ ਦੀ ਸ਼ਰਾਰਤ ਕਰਨਾ ਬਿਲਕੁਲ ਹੀ ਸੁਭਾਵਿਕ ਹੈ। ਜੇਕਰ ਕਿਸੇ ਸਰੀਰਕ ਬੀਮਾਰੀ ਕਾਰਨ ਕਿਸੇ ਗਰਭਵਤੀ ਇਸਤਰੀ ਦਾ ਗਰਭਪਾਤ ਹੋ ਜਾਵੇ ਤਾਂ ਘਰ ਵਾਲਿਆਂ ਦਾ ਇੱਕ ਦੂਜੇ `ਤੇ ਸ਼ੱਕ ਕਰਨਾ ਵੀ ਬਿਲਕੁਲ ਸੁਭਾਵਿਕ ਹੈ। ਅਜਿਹੀ ਸਥਿੱਤੀ ਵਿੱਚ ਕੋਈ ਵੀ ਇਸਤਰੀ ਕਿਸੇ ਦੇ ਹੱਥੋਂ ਪਾਣੀ ਲੈ ਕੇ ਪੀਣ ਲਗਿਆਂ ਇੱਕ ਵਾਰ ਨਹੀਂ ਸੌ ਵਾਰ ਸੋਚਦੀ। ਗਰਭਵਤੀ ਜਾਂ ਗਰਭਪਾਤ ਕਰਾਉਣ ਵਿੱਚ ਇਸਤਰੀ ਦੀ ਆਪਣੀ ਮਰਜ਼ੀ ਦੀ ਕੋਈ ਅਹਿਮੀਅਤ ਹੀ ਨਾ ਰਹਿੰਦੀ।
ਪੁਸਤਕ ਕਰਤਾ ਇਸ ਗੱਲ ਦਾ ਜ਼ਿਕਰ ਨਹੀਂ ਕਰਦਾ ਕਿ ਇਸ ਵਿਧੀ ਨਾਲ ਜਿਸ ਇਸਤਰੀ ਨੂੰ ਜਲ ਪਿਲਾਉਣ ਨਾਲ ਗਰਭ ਠਹਿਰਦਾ ਹੈ, ਉਹ ਕੇਵਲ ਵਿਆਹੁਤਾ ਹੀ ਹੋਵੇ। ਜੇਕਰ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਸੱਚ-ਮੁੱਚ ਹੀ ਇਸਤਰੀ ਗਰਭਵਤੀ ਹੋ ਜਾਂਦੀ ਹੁੰਦੀ ਤਾਂ ਫਿਰ ਸਮਾਜ ਵਿੱਚ ਕਿਹੋ ਜਿਹਾ ਵਰਤਾਰਾ ਵਰਤਦਾ, ਇਸ ਦੀ ਤਾਂ ਕਲਪਨਾ ਹੀ ਕਰ ਕੇ ਕਾਂਬਾ ਛਿੜ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿੱਚ ਲੋਕਾਂ ਦੇ ਮਨਾਂ ਵਿੱਚ ਗੁਰਬਾਣੀ ਪ੍ਰਤੀ ਕਿਹੋ ਜਿਹਾ ਸਤਿਕਾਰ ਪੈਦਾ ਹੁੰਦਾ ਹੈ, ਵਧੇਰੇ ਵਿਆਖਿਆ ਦਾ ਮੁਥਾਜ਼ ਨਹੀਂ ਹੈ।
ਜਿਨ੍ਹਾਂ ਦੇਸ਼ਾਂ ਵਿੱਚ ਗਰਭਪਾਤ ਕਰਾਉਣਾ ਜੁਰਮ ਹੈ, ਉਨ੍ਹਾਂ ਦੇਸ਼ਾਂ ਵਿੱਚ ਵੀ (ਜੇਕਰ ਇਨ੍ਹਾਂ ਵਿਧੀਆਂ ਨਾਲ ਗਰਭਪਾਤ ਸੰਭਵ ਹੁੰਦਾ) ਬੜੀ ਅਸਾਨੀ ਨਾਲ ਗਰਭਪਾਤ ਕਰਵਾਇਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਵਿਧੀ ਅਪਣਾਉਣ ਨਾਲ ਕਿਸੇ ਨੂੰ ਇਸ ਦੀ ਭਿੰਨਕ ਤੱਕ ਵੀ ਨਹੀਂ ਪੈ ਸਕਦੀ। ਇਸ ਲਈ ਇਸ ਤਰ੍ਹਾਂ ਗਰਭਪਾਤ ਕਰਾਉਣ ਨਾਲ ਕਾਨੂੰਨ ਦੀ ਪਕੜ ਵਿੱਚ ਆਉਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ।
ਸੋ, ਗੱਲ ਕੀ, ਲੇਖਕ ਗਰਭ ਧਾਰਨ ਕਰਨ ਜਾਂ ਗਰਭਪਾਤ ਦਾ ਜਿਹੜਾ ਢੰਗ ਦਰਸਾ ਰਿਹਾ ਹੈ, ਇੱਕ ਗੱਪ ਤੋਂ ਵੱਧ ਕੁੱਝ ਨਹੀਂ ਹੈ। ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ, ਜੰਤਰ-ਮੰਤਰ ਦੇ ਮੁਦਈ, ਇਸ ਤਰ੍ਹਾਂ ਨਾਲ ਹੀ ਲੋਕਾਈ ਨੂੰ ਅੰਧ-ਵਿਸ਼ਵਾਸ ਦੀ ਦਲਦਲ ਵਿੱਚ ਧਕੇਲ ਕੇ ਲੁਟਦੇ ਸਨ (ਅਤੇ ਅੱਜ ਵੀ ਲੁੱਟ ਰਹੇ ਹਨ)। ਅੱਜ ਵੀ ਕਈ ਥਾਈਂ ਅਣਪੜ੍ਹਤਾ ਕਾਰਨ ਕਈਆਂ ਵਲੋਂ ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ। ਕੀ ਅਜੇ ਵੀ ਪਾਠਕਾਂ ਨੂੰ ਕੋਈ ਭਰਮ-ਭੁਲੇਖਾ ਹੈ ਕਿ ਪੁਸਤਕ ਕਰਤਾ ਗੁਰਬਾਣੀ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ ਬਾਣੀ ਦੀ ਮਹੱਤਾ ਦਰਸਾ ਰਿਹਾ ਹੈ? ਕੀ ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ ਲੇਖਕ ਸੰਗਤਾਂ ਨੂੰ ਗੁਰਬਾਣੀ ਦੇ ਸੱਚ ਨਾਲ ਜੋੜ ਰਿਹਾ ਹੈ?
ਲੇਖਕ ਇਸ ਤਰ੍ਹਾਂ ਦੀਆਂ ਲਿਖਤਾਂ ਦੁਆਰਾ ਪੁਰਾਣ ਸਾਹਿਤ ਦੀਆਂ ਕਾਲਪਨਿਕ ਕਹਾਣੀਆਂ ਦੀ ਯਾਦ ਨੂੰ ਤਾਜ਼ਾ ਕਰਵਾ ਰਿਹਾ ਹੈ, ਜਿਨ੍ਹਾਂ ਅਨੁਸਾਰ ਕੋਈ ਇਸਤ੍ਰੀ ਲੌਂਗ ਖਾਣ ਨਾਲ, ਕੋਈ ਫਲ਼ ਖਾਣ ਨਾਲ ਅਤੇ ਕੋਈ ਕੇਵਲ ਕਿਸੇ ਵਿਸ਼ੇਸ ਮਰਦ ਦੇ ਦੇਖਣ ਆਦਿ ਨਾਲ ਹੀ ਗਰਭਵਤੀ ਹੋ ਜਾਂਦੀ ਹੈ।
ਜੇਕਰ ਕਿਸੇ ਇਸਤਰੀ ਨੂੰ ਇਸ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਸ ਨੂੰ ਕਿਸੇ ਯੋਗ ਡਾਕਟਰ ਕੋਲੋਂ ਇਲਾਜ ਕਰਾਉਣ ਦੀ ਲੋੜ ਹੈ ਨਾ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਨੂੰ ਅਪਣਾ ਕੇ ਇਹੋ ਜਿਹੇ ਢੌਂਗ ਰਚਨ ਵਾਲਿਆਂ ਨੂੰ ਬੜ੍ਹਾਵਾ ਦੇਣ ਦੀ। ਸਿੱਖ ਨੇ ਗੁਰਬਾਣੀ ਦਾ ਆਸਰਾ ਤਾਂ ਹਰ ਸਮੇਂ ਹੀ ਲੈਣਾ ਹੈ, ਭਾਵ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨਾ ਸੁਨਣਾ ਵਿਚਾਰਨਾ ਹੈ ਤਾਂ ਕਿ ਆਪਣੇ ਆਚਰਣ ਨੂੰ ਬਾਣੀ ਦੇ ਆਸ਼ੇ ਅਨੁਸਾਰ ਢਾਲਿਆ ਜਾ ਸਕੇ। ਗੁਰਬਾਣੀ ਦੀ ਰੌਸ਼ਨੀ ਵਿੱਚ ਜ਼ਿੰਦਗੀ ਬਸਰ ਕੀਤੀ ਜਾ ਸਕੇ। ਆਪਣੇ ਮਨ ਵਿਚੋਂ ਬੁਰਿਆਈਆਂ ਨੂੰ ਕੱਢ ਕੇ ਨਿਰਮਲਤਾ ਦਾ ਜੀਵਨ ਜੀਵਿਆ ਜਾ ਸਕੇ। ਇਸ ਤਰ੍ਹਾਂ ਨਾਲ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਵਾਹਿਗੁਰੂ ਦੀ ਰਜ਼ਾ ਵਿੱਚ ਜੀਵਨ ਗੁਜ਼ਾਰ ਸਕੀਏ।
ਪੁਸਤਕ ਕਰਤਾ ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ ਗੁਰਬਾਣੀ ਦੀ ਮਹਿਮਾ ਨਹੀਂ ਦ੍ਰਿੜ ਕਰਵਾ ਰਿਹਾ ਸਗੋਂ ਗੁਰਬਾਣੀ ਦੇ ਸੱਚ ਨਾਲੋਂ ਮਨੁੱਖ ਨੂੰ ਤੋੜ ਰਿਹਾ ਹੈ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਹੋਏ ਬਾਣੀ ਦੇ ਮਹਾਤਮ ਨੂੰ ਹੀ ਸਵੀਕਾਰ ਕਰਨ ਦੀ ਲੋੜ ਹੈ ਨਾ ਕਿ ਇਸ ਤਰ੍ਹਾਂ ਤਾਂਤ੍ਰਿਕ ਵਿਧੀਆਂ ਦਾ ਪਰਚਾਰ ਕਰਨ ਵਾਲਿਆਂ ਦੇ ਮਹਾਤਮ ਨੂੰ।
ਜਸਬੀਰ ਸਿੰਘ ਵੈਨਕੂਵਰ




.