.

“ਮਨਮੁਖ ਦੂਜੀ ਤਰਫ ਹੈ

ਵੇਖਹੁ ਨਦਰਿ ਨਿਹਾਲਿ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਲਾਰ ਕੀ ਵਾਰ ਮ: ੧ ਅੰਦਰ ਤੀਜੇ ਪਾਤਸ਼ਾਹ ਦਾ ਸਲੋਕ ਆਉਂਦਾ ਹੈ ਜੋ ਇਸ ਤਰ੍ਹਾਂ ਹੈ ਗੁਰਿ ਮਿਲਿਐ ਮਨੁ ਰਹਸੀਐ, ਜਿਉ ਵੁਠੈ ਧਰਣਿ ਸੀਗਾਰੁ॥ ਸਭ ਦਿਸੈ ਹਰੀਆਵਲੀ, ਸਰ ਭਰੇ ਸੁਭਰ ਤਾਲ॥ ਅੰਦਰੁ ਰਚੈ ਸਚ ਰੰਗਿ, ਜਿਉ ਮੰਜੀਠੈ ਲਾਲੁ॥ ਕਮਲੁ ਵਿਗਸੈ ਸਚੁ ਮਨਿ, ਗੁਰ ਕੈ ਸਬਦਿ ਨਿਹਾਲੁ॥ ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰਿ ਨਿਹਾਲਿ॥ ਫਾਹੀ ਫਾਥੇ ਮਿਰਗ ਜਿਉ, ਸਿਰਿ ਦੀਸੈ ਜਮਕਾਲੁ॥ ਖੁਧਿਆ ਤ੍ਰਿਸਨਾ ਨਿੰਦਾ ਬੁਰੀ, ਕਾਮੁ ਕ੍ਰੋਧੁ ਵਿਕਰਾਲੁ॥ ਏਨੀ ਅਖੀ ਨਦਰਿ ਨ ਆਵਈ, ਜਿਚਰੁ ਸਬਦਿ ਨ ਕਰੇ ਬੀਚਾਰੁ॥ ਤੁਧੁ ਭਾਵੈ ਸੰਤੋਖੀਆਂ, ਚੂਕੈ ਆਲ ਜੰਜਾਲੁ॥ ਮੂਲੁ ਰਹੈ ਗੁਰੁ ਸੇਵਿਐ, ਗੁਰ ਪਉੜੀ ਬੋਹਿਥੁ॥ ਨਾਨਕ ਲਗੀ ਤਤੁ ਲੈ, ਤੂੰ ਸਚਾ ਮਨਿ ਸਚੁ” (ਪੰ: ੧੨੭੮)

ਇਸ ਤੋਂ ਪਹਿਲਾਂ ਕਿ ਇਸ ਸਲੋਕ ਨੂੰ ਸਮਝਣ ਦਾ ਯਤਣ ਕੀਤਾ ਜਾਵੇ; ਇਸ ਸਲੋਕ `ਚ ਦੋ ਵਿਸ਼ੇ, ਵਿਸ਼ੇਸ਼ ਹਨ। ਪਹਿਲਾ ਵਿਸ਼ਾ ਇਹ ਸਮਝਣਾ ਹੈ ਕਿ ਗੁਰਿ ਮਿਲਿਐ ਮਨੁ ਰਹਸੀਐ” ਭਾਵ ਉਹ ਕਿਹੜਾ ਗੁਰੂ ਹੈ ਜਿਸ ਦਾ ਜੀਵਨ `ਚ ਪ੍ਰਕਾਸ਼ ਹੋ ਜਾਵੇ ਤਾਂ ਸਦੀਵੀ ਅਨੰਦ ਤੇ ਖੇੜਾ ਆਪਣੇ ਆਪ ਪੈਦਾ ਹੋ ਜਾਂਦਾ ਹੈ? ਉਹ ‘ਗੁਰੂ’ ਜਿਸ ਦੀ ਗੁਰਦੇਵ ਨੇ ਕੇਵਲ ਇਸ ਹੱਥਲੇ ਸਲੋਕ `ਚ ਹੀ ਗੱਲ ਨਹੀਂ ਕੀਤੀ ਬਲਕਿ ਸੰਪੂਰਣ ਗੁਰਬਾਣੀ `ਚ ਜਿਸ ਗੁਰੂ ਰਾਹੀਂ, ਸਿੱਖ ਨੂੰ ਸਿਧਾ ਅਕਾਲਪੁਰਖ ਨਾਲ ਜੋੜਿਆ ਹੈ? ਆਖ਼ਿਰ ਉਹ ਇਕੋ ਇੱਕ ਗੁਰੂ ਹੈ ਕਿਹੜਾ? ਅਤੇ ਇਥੇ ਦੂਜਾ ਵਿਸ਼ਾ ਹੈ “ਮਨਮੁਖ ਦੂਜੀ ਤਰਫ ਹੈ” ਭਾਵ ਮਨਮੁਖ ਕੀ ਤੇ ਕੌਣ ਹੁੰਦਾ ਹੈ ਜਿਸ ਦਾ ਇਥੇ ਵਿਸ਼ੇਸ਼ ਜ਼ਿਕਰ ਆਇਆ ਹੈ?

ਇਸ ਤਰ੍ਹਾਂ ਇਸ ਸਲੋਕ `ਚ ਗੁਰਦੇਵ ਨੇ ਸਾਨੂੰ ਕੀ ਸਪਸ਼ਟ ਕੀਤਾ ਤੇ ਕੀ ਸਮਝਾਇਆ ਹੈ? ਉਸ ਨੂੰ ਸਮਝਣ ਲਈ ਪਹਿਲਾਂ ਸਾਨੂੰ ਸਲੋਕ ਵਿਚਲੇ ਇਨ੍ਹਾਂ ਦੋ ਪੱਖਾਂ `ਤੇ ਕੁੱਝ ਜ਼ਰੂਰੀ ਵਿਚਾਰ ਕਰਣ ਦੀ ਲੋੜ ਹੈ। ਇਸ ਲਈ ਵਾਰੀ ਵਾਰੀ ਇਹ ਦੋ ਪੱਖ ਹਨ:-

(੧) ਪਹਿਲਾ ਵਿਸ਼ਾ ਹੈ ਕਿ ਗੁਰਬਾਣੀ ਅਨੁਸਾਰ ਉਹ ਗੁਰੂ ਕੌਣ ਤੇ ਕਿਹੜਾ ਹੈ, ਜਿਸ ਦੇ ਜੀਵਨ ਅੰਦਰ ਪ੍ਰਗਟ ਹੋਣ ਨਾਲ, ਮਨੁੱਖਾ ਜੀਵਨ `ਚ ਸਦੀਵੀ ਅਨੰਦ ਤੇ ਖੇੜਾ ਆ ਜਾਂਦਾ ਹੈ। ਮਨੁੱਖ ਜੀਊਂਦੇ ਜੀਅ ਪ੍ਰਭੂ `ਚ ਇੱਕ ਮਿਕ ਹੋਇਆ ਰਹਿੰਦਾ ਹੈ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਜਨਮ ਮਰਣ ਦੇ ਗੇੜ `ਚ ਨਹੀਂ ਪੈਂਦਾ ਅਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ। ਦੂਜੇ ਲਫ਼ਜ਼ਾਂ `ਚ ਗੁਰਬਾਣੀ `ਚ ਅਜਿਹੇ ਜੀਵਨ ਲਈ ਲਫ਼ਜ਼ ਗੁਰਮੁਖ ਆਇਆ ਹੈ। ਭਾਵ ਇਸ ਤਰ੍ਹਾਂ ਮਨੁੱਖ ਗੁਰਮੁਖ ਵਾਲੀ ਜੀਵਨ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ।

(੨) ਦੂਜਾ ਗੁਰਬਾਣੀ ਅਨੁਸਾਰ, ‘ਮਨਮੁਖ’ ਇਸ ਦੇ ਦੂਜੀ ਤਰਫ਼ ਕਿਉਂ ਹੈ? ਇੱਕ ਪਾਸੇ ਤਾਂ ਗੁਰੂ ਦੇ ਜੀਵਨ ਅੰਦਰ ਪ੍ਰਗਟ ਹੋਣ ਕਰਕੇ ਬੰਦਾ ‘ਗੁਰਮੁਖ’ ਬਣ ਜਾਂਦਾ ਹੈ। ਜਦਕਿ ਜੀਵਨ `ਚ ਦੂਜੇ ਪਾਸੇ ਉਹੀ ਬੰਦਾ ਜੇਕਰ ਗੁਰੂ ਅਨੁਸਾਰੀ ਨਹੀਂ ਚਲਦਾ, ਆਪਣੇ ਮਨ ਪਿਛੇ ਚੱਲਦਾ ਹੈ ਤਾਂ ‘ਮਨਮੁਖ’ ਹੀ ਰਹਿ ਜਾਂਦਾ ਹੈ। ਅਜਿਹਾ ‘ਮਨਮੁਖ’ ਜੀਵਨ ਭਰ ਦੁਖੀ ਤੇ ਅਸ਼ਾਂਤ ਹੀ ਰਹਿੰਦਾ ਹੈ। ਹਰ ਸਮੇਂ ਆਤਮਕ ਮੌਤੇ ਮਰਿਆ ਰਹਿੰਦਾ ਹੈ। ਉਪ੍ਰੰਤ ਸਰੀਰਕ ਮੌਤ ਬਾਅਦ ਵੀ ਮੁੜ ਜਨਮਾਂ-ਜੂਨਾਂ ਦੇ ਗੇੜ `ਚ ਪੈਂਦਾ ਹੈ।

ਗੁਰਬਾਣੀ ਤੇ ਗੁਰੂ ਪਦ- ਇਸ ਲਈ ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈ ਕਿ ਦਸ ਪਾਤਸ਼ਾਹੀਆਂ ਤੇ “ਸਾਹਿਬ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਾਨੂੰ ਜਿਸ ਗੁਰੂ ਨਾਲ ਜੋੜ ਰਹੇ ਹਨ, ਉਹ ਗੁਰੂ ਹੈ ਕੌਣ? ਉਹ ਗੁਰੂ ਅਕਾਲਪੁਰਖ ਦਾ ਹੀ ਨਿਜ ਤੇ ਵਿਸ਼ੇਸ਼ ਗੁਣ ਹੈ, ਉਹ ਗੁਰੂ ਪ੍ਰਭੂ ਤੋਂ ਵੱਖਰਾ ਨਹੀਂ। ਚੂੰਕਿ ਅਕਾਲਪੁਰਖ ਸਰਵ ਵਿਆਪਕ ਤੇ ਸਦੀਵੀ ਹੈ। ਇਸੇ ਲਈ ਉਹ ਗੁਰੂ ਜਿਸ ਨਾਲ ਗੁਰਦੇਵ ਨੇ ਗੁਰਬਾਣੀ ਰਾਹੀਂ ਸਿੱਖ ਨੂੰ ਜੋੜਿਆ ਹੈ, ਉਹ ਵੀ ਸਰਵ ਵਿਆਪਕ ਤੇ ਸਦੀਵੀ ਹੈ। ਉਹ ਗੁਰੂ ਜਨਮ ਮਰਣ `ਚ ਨਹੀਂ ਆਉਂਦਾ। ਇਸੇ ਲਈ ਗੁਰਬਾਣੀ `ਚ ਉਸ ਨੂੰ ਸਤਿਗੁਰੂ ਵੀ ਕਿਹਾ ਹੈ ਕਿਉਂਕਿ ਸਤਿ ਦੇ ਅਰਥ ਹਨ ਸਦਾ ਥਿਰ, ਜੋ ਜਨਮ ਮਰਣ `ਚ ਨਹੀਂ ਆਉਂਦਾ।

ਅਕਾਲਪੁਰਖ ਤੇ ਉਸ ਗੁਰੂ `ਚ ਫ਼ਰਕ ਕੇਵਲ ਇਤਨਾ ਹੈ ਕਿ ਅਕਾਲਪੁਰਖ ਦੇ ਅਨੰਤ ਗੁਣ ਹਨ। ਜਦਕਿ ਇਹ ‘ਗੁਰੂ’ ਪਦ ਵੀ ਅਕਾਲਪੁਰਖ ਦੇ ਉਨ੍ਹਾਂ ਅਨੰਤ ਗੁਣਾਂ `ਚੋਂ ਹੀ ਇੱਕ ਵਿਸ਼ੇਸ਼ ਗੁਣ ਹੈ ਜਿਸ ਦਾ ਸਿਧਾ ਸਬੰਧ ਕੇਵਲ ਮਨੁੱਖਾ ਜੂਨ ਨਾਲ ਹੀ ਹੈ। ਪ੍ਰਭੂ ਦੀਆਂ ਬਾਕੀ ਅਰਬਾਂ-ਖਰਬਾਂ ਜੂਨੀਆਂ ਨਾਲ ਉਸ ਗੁਰੂ ਦਾ ਸਬੰਧ ਨਹੀਂ ਤੇ ਨਾ ਹੀ ਉਨ੍ਹਾਂ ਜੂਨੀਆਂ `ਚ ਉਸ ਗੁਰੂ ‘ਗੁਣ’ ਦੀ ਲੋੜ ਹੀ ਹੁੰਦੀ ਹੈ। ਦੂਜਾ ਪੁਰਾਤਨ ਸਮੇਂ ਤੋਂ ਗੁਰੂ ਪਦ ਦੇ ਜਿਤਨੇ ਵੀ ਅਰਥ ਲਏ ਜਾਂਦੇ ਹਨ, ਉਹ ਗੁਰਬਾਣੀ ਰਾਹੀਂ ਪ੍ਰਕਟ ਉਸ ਗੁਰੂ ਪਦ `ਤੇ ਲਾਗੂ ਨਹੀਂ ਹੁੰਦੇ। ਗੁਰਬਾਣੀ ਰਾਹੀ ਪ੍ਰਕਟ ਗੁਰੂ ਪਦ ਦੇ ਅਰਥ ਬਿਲਕੁਲ ਨਵੇਂ ਤੇ ਵਖਰੇ ਹਨ। ਇਥੇ ਗੁਰੂ ਦੇ ਅਰਥ ਹਨ ਇਲਾਹੀ ਤੇ ਅਕਾਲਪੁਰਖੀ ਗਿਆਨ। ਅਜਿਹਾ ਗਿਆਨ ਜਿਸ `ਚ ਪ੍ਰਭੂ ਦੀ ਬਖ਼ਸ਼ਿਸ਼ ਵਾਲਾ ਪੱਖ ਤੇ ਲੋੜ ਅਨੁਸਾਰ ਪ੍ਰਭੂ ਦੇ ਹੋਰ ਗੁਣ ਵੀ ਸ਼ਾਮਲ ਹੁੰਦੇ ਹਨ।

ਗੁਰਬਾਣੀ ਰਾਹੀਂ ਸਿੱਖ ਲਈ ਪ੍ਰਕਟ ਉਸ ਗੁਰੂ ਲਈ ਇਹ ਵੀ ਫ਼ੁਰਮਾਇਆ ਹੈ ਜਿਵੇਂ “ਗੁਰੁ ਦਾਤਾ, ਗੁਰੁ ਹਿਵੈ ਘਰੁ, ਗੁਰੁ ਦੀਪਕੁ ਤਿਹੁ ਲੋਇ।। ਅਮਰ ਪਦਾਰਥੁ ਨਾਨਕਾ, ਮਨਿ ਮਾਨਿਐ ਸੁਖੁ ਹੋਇ” (ਪੰ: ੧੩੭) ਚੂੰਕਿ ਉਹ ਗੁਰੂ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਇਸ ਲਈ ਸੰਸਾਰ ਨੂੰ ਸਾਰੀਆਂ ਦਾਤਾਂ (ਦਾਤਾ) ਦੇਣ ਵਾਲਾ ਵੀ ਉਹ ਗੁਰੂ ਹੀ ਹੈ। ਜੀਵਨ ਕਰਕੇ ਉਸ ਗੁਰੂ ਦੇ ਨੇੜੇ ਹੋਇਆਂ ਮਨ ਚੋਂ ਤ੍ਰਿਸ਼ਨਾ, ਭਟਕਣਾ, ਮੰਗਾਂ, ਝੋਰੇ ਆਦਿ ਸਾਰੇ ਮੁੱਕ ਜਾਂਦੇ ਹਨ। ਮਨੁੱਖ ਨੂੰ ਮਨ ਦੀ ਸ਼ਾਂਤੀ ਤੇ ਟਿਕਾਅ ਪ੍ਰਾਪਤ ਹੁੰਦਾ ਹੈ (ਹਿਵੈ ਘਰ)। ਉਹ ਗੁਰੂ ਸੰਸਾਰ ਭਰ ਦੇ ਮਨੁੱਖਾਂ ਦੇ ਮਨ ਅੰਦਰੋ ਅਗਿਆਨਤਾ ਦਾ ਨਾਸ ਕਰਕੇ ਮਨੁੱਖ ਦੇ ਮਨ ਅਮਦਰ ਪ੍ਰਭੂ ਗਿਆਨ ਦਾ ਪ੍ਰਕਾਸ਼ (ਦੀਪਕੁ) ਕਰਦਾ ਹੈ। ਉਹ ਗੁਰੂ, ਮਨੁਖਾ ਜੀਵਨ ਨੂੰ ਸਦਾ ਥਿਰ ਅਕਾਲਪੁਰਖ ਨਾਲ ਮਿਲਾਉਂਦਾ ਹੈ, ਇਧਰ ਉੇਧਰ ਨਹੀਂ ਭਟਕਣ ਦਿੰਦਾ। ਇਸ ਤਰ੍ਹਾਂ ਜਦੋਂ ਮਨੁੱਖਾ ਜੀਵਨ `ਚ ਉਸ ਗੁਰੂ ਦਾ ਪ੍ਰਕਾਸ਼ ਹੋ ਜਾਵੇ ਤਾਂ ਮਨੁੱਖ ਦਾ ਮਨ ਇਧਰ ਉਧਰ ਦੌੜਣੋ ਹੀ ਹੱਟ ਜਾਂਦਾ ਹੈ। ਉਸ ਗੁਰੂ ਰਸਤੇ ਮਨ ਇਕੋ ਇੱਕ ਪ੍ਰਭੂ `ਚ ਹੀ ਪਤੀਜ ਜਾਂਦਾ ਹੈ। ਅਜਿਹੇ ਜੀਵਨ `ਚ ਸਦੀਵੀ ਸੁਖ ਤੇ ਟਿਕਾਅ ਆ ਜਾਂਦਾ ਹੈ।

ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਉਸ ਗੁਰੂ ਦਾ ਵਾਸਾ ਕਿੱਥੇ ਹੈ ਤੇ ਉਸ ਨਾਲ ਮਿਲਾਪ ਕਿਵੇਂ ਹੋਣਾ ਹੈ? ਉਸ ਨੇ ਸਾਡੇ ਜੀਵਨ ਅੰਦਰੋਂ ਪ੍ਰਗਟ ਕਿਵੇਂ ਹੋਣਾ ਹੈ? ਇਸ ਦੇ ਲਈ ਵੀ ਗੁਰਬਾਣੀ `ਚ ਅਨੇਕਾਂ ਫ਼ੁਰਮਾਣ ਹਨ ਕਿ ਉਸ ‘ਗੁਰੂ’ ਨੂੰ ਕਿਧਰੋਂ ਬਾਹਿਰੋਂ ਢੂੰਡਣ ਦੀ ਲੋੜ ਨਹੀਂ। ਉਸ ਦਾ ਵਾਸਾ “ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ” (ਪੰ: ੭੫੯) ਭਾਵ ਉਹ ਗੁਰੂ ਮੂਲ ਰੂਪ `ਚ ਹਰੇਕ ਮਨੁੱਖਾ ਜੀਵਨ `ਚ ਹੀ ਸਮੋਇਆ ਹੁੰਦਾ ਹੈ, ਲੋੜ ਹੁੰਦੀ ਹੈ ਤਾਂ ਸਾਧਸੰਗਤ ਦੇ ਸਹਿਯੋਗ ਨਾਲ ਉਸ ਗੁਰੂ ਨੂੰ, ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਕੇ ਜੀਵਨ ਅੰਦਰੋਂ ਪ੍ਰਗਟ ਕਰਣ ਦੀ।

ਇਸ ਲਈ ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ” ਭਾਵ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸ ਗੁਰੂ ਜਾਮੇ ਜੋ ਉਸ ਅਵੀਨਾਸ਼ੀ ਗੁਰੂ ਦਾ ਹੀ ਸਰੀਰਕ ਪ੍ਰਗਟਾਵਾ ਹਨ, ਉਨ੍ਹਾਂ ਰਾਹੀਂ ਪ੍ਰਗਟ ਕੀਤੇ ਜੁਗੋ ਜੁਗ ਅਟੱਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿਖਿਆ ਆਦੇਸ਼ਾਂ ਤੇ ਅਮਲ ਕਰਕੇ ਜੀਵਨ ਅੰਦਰੋਂ ਗੁਰਿ ਮਿਲਿਐ ਮਨੁ ਰਹਸੀਐ” ਵਾਲੀ ਜੀਵਨ ਦੀ ਉਚਤੱਮ ਅਵਸਥਾ ਨੂੰ ਪ੍ਰਾਪਤ ਕਰਣਾ ਤੇ ਉਸ ਸਦੀਵੀ ਗੁਰੂ ਨੂੰ ਆਪਣੇ ਜੀਵਨ ਅਮਦਰੋਂ ਉਜਾਗਰ ਤੇ ਪ੍ਰਗਟ ਕਰਣਾ ਹੁੰਦਾ ਹੈ।”

ਗੁਰਬਾਣੀ ਅੰਦਰ, ਸੰਸਾਰ ਦੇ ਉਸ ਇਕੋ ਇੱਕ ਅਕਾਲਪੁਰਖੀ ਸ਼ਬਦ ਗੁਰੂ ਦੀ ਬੇਅੰਤ ਤੇ ਵੱਖ ਵੱਖ ਢੰਗਾਂ ਨਾਲ ਵਿਆਖਿਆ ਕੀਤੀ ਗਈ ਹੈ। ਇਥੋ ਤੱਕ ਕਿ ਗੁਰਬਾਣੀ ਵਿਚਲਾ ਮੰਗਲਾਚਰਨ, ਜਿਸ ਨੂੰ ਸਿੱਖ ਰਹਿਤ ਮਰਿਆਦਾ `ਚ ਮੂਲ ਮੰਤਰ ਵੀ ਕਿਹਾ ਹੈ। ਉਸ ਦੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਚਾਰ ਸਰੂਪ ਆਏ ਹਨ। ਸਮਝਣ ਦਾ ਵਿਸ਼ਾ ਹੈ ਕਿ ਉਥੇ ਇਨ੍ਹਾਂ ਚਾਰਾਂ ਸਰੂਪਾਂ ਨੂੰ ਹੀ ਗੁਰਦੇਵ ਨੇ ਦੋਨਾਂ ਪਾਸਿਆਂ ਤੋਂ ਤੇ ਗੁਰਪ੍ਰਸਾਦਿ ਨਾਲ ਹੀ ਬੰਨਿਆ ਤੇ ਪ੍ਰਗਟਾਇਆ ਹੈ ਤਾਂ ਕਿਉਂ?

ਗੁਰਬਾਣੀ ਵਿਚਲੇ ਇਸ ਮੰਗਲਾਚਰਨ ਦੇ ਅਰਥ ਹਨ ਕਿ ਭਾਵ ਅਕਾਲਪੁਰਖ ਜਿਹੜਾ ਇਕੋ ਇੱਕ ਹੈ, ਜ਼ਰੇ ਜ਼ਰੇ `ਚ ਇੱਕ ਰੱਸ ਵਿਆਪਕ ਹੈ ਤੇ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਤੋਂ ਬਾਅਦ ‘ਗੁਰਪ੍ਰਸਾਦਿ’ ਦੇ ਅਰਥ ਹਨ ਕਿ ਉਹ ਇਕੋ ਇੱਕ ਅਕਾਲਪੁਰਖ ਆਪ ਬਖ਼ਸ਼ਿਸ਼ ਕਰਕੇ ਮਨੁੱਖ ਦੇ ਜੀਵਨ ਅੰਦਰੋਂ “ਗੁਰੂ ਰੂਪ” ਹੋ ਕੇ ਪ੍ਰਗਟ ਹੁੰਦਾ ਹੈ। ਇਸੇ “ਗਿਆਨ ਗੁਰੂ” ਨੂੰ ਗੁਰਬਾਣੀ `ਚ ਵਿਵੇਕ ਬੁਧ, ਸਤਿਗੁਰੂ ਤੇ ਸ਼ਬਦਗੁਰੂ ਆਦਿ ਸ਼ਬਦਾਂ ਨਾਲ ਵੀ ਸੰਬੋਧਨ ਕੀਤਾ ਹੈ।

ਇਸ ਤਰ੍ਹਾਂ ਗੁਰਬਾਣੀ `ਚ ਉਸੇ ਸਦੀਵੀ ਤੇ ਸਰਬਕਾਲੀ ਗੁਰੂ ਲਈ ਇਹ ਵੀ ਫ਼ੁਰਮਾਇਆ ਹੈ “ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ (ਪੰ: ੪੬੩) ਭਾਵ ਜਦੋਂ ਤੱਕ ਕਿਸੇ ਮਨੁੱਖ ਦੇ ਮਨ ਅੰਦਰ ਉਸ ਇਕੋ ਇੱਕ “ਗੁਰੂ ਗਿਆਨ” ਅਥਵਾ ਗੁਰਬਾਣੀ ਦਾ ਪ੍ਰਕਾਸ਼ ਹੀ ਨਹੀਂ ਹੋ ਜਾਂਦਾ, ਉਦੋਂ ਤੱਕ ਮਨੁੱਖ ਦੇ ਜੀਵਨ ਅੰਦਰ ਬੇਸ਼ੱਕ ਹਜ਼ਾਰ ਸੰਸਾਰਕ ਗਿਆਨ ਉਗਮ ਆਉਣ। ਉਪ੍ਰੰਤ ਉਨ੍ਹਾਂ ਹਜ਼ਾਰ ਗਿਆਨਾਂ ਬਦਲੇ ਉਸ ਨੂੰ ਸੌ ਪ੍ਰਕਾਰ ਦੀ ਮਾਨਸਕ ਸ਼ਾਂਤੀ ਤੇ ਠੰਡਕ ਵੀ ਪ੍ਰਾਪਤ ਹੋ ਜਾਵੇ। ਤਾਂ ਵੀ ਇਹ ਸਾਰੇ ਸੰਸਾਰਕ ਗਿਆਨ ਤੇ ਠੰਡਕਾਂ ਮਿਲ ਕੇ ਵੀ ਮਨੁੱਖ ਦੇ ਮਨ ਅੰਦਰੋਂ ਅਗਿਆਨਤਾ ਵਾਲੇ ਹਨੇਰੇ ਦਾ ਨਾਸ ਨਹੀਂ ਕਰ ਸਕਦੀਆਂ।

ਮਨ ਦਾ ਹਨੇਰਾ ਧੋਣ ਦੀ ਜੇ ਕਰ ਸਮ੍ਰਥਾ ਹੈ ਤਾਂ ਉਹ ਕੇਵਲ ਇਕੋ ਇੱਕ ਉਸੇ ‘ਗੁਰੂ ਗਿਆਨ’ ਅੰਦਰ ਹੀ ਹੈ। ਉਹ ਗੁਰੂ ਜਿਸ ਗੁਰੂ ਨਾਲ ਗੁਰਬਾਣੀ ਦੇ ਸਿੱਖ ਦੇ ਜੀਵਨ ਨੂੰ ਜੋੜਿਆ ਹੈ। ਉਹੀ ਗੁਰੂ ਜਿਸ ਦੇ ਲਈ “ਗੁਰੁ ਦੀਪਕੁ ਤਿਹੁ ਲੋਇ” ਜਾਂ “ਗੁਰਬਾਣੀ ਇਸੁ ਜਗ ਮਹਿ ਚਾਨਣੁ” (ਪੰ: ੬੭) ਆਦਿ ਗੁਰਬਾਣੀ ਪ੍ਰਮਾਣ ਵੀ ਆਏ ਹਨ। ਉਹ “ਗੁਰੂ ਗਿਆਨ” ਜਿਹੜਾ ਸੰਸਾਰ ਭਰ ਦੇ ਮਨੁੱਖਾਂ ਦੇ ਮਨ ਅੰਦਰੋ ਅਗਿਆਨਤਾ ਦਾ ਨਾਸ ਕਰਕੇ, ਉਨ੍ਹਾਂ ਦੇ ਜੀਵਨ ਅੰਦਰ ਪ੍ਰਭੂ ਗਿਆਨ ਦਾ ਪ੍ਰਕਾਸ਼ ਕਰਣ ਦੇ ਸਮ੍ਰਥ ਹੈ।

ਗੁਰਬਾਣੀ `ਚ ਮਨਮੁਖ ਤੇ ਗੁਰਮੁਖ? -ਸਮਝਣਾ ਹੈ ਕਿ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੱਕ ਭਾਵ ਸੰਪੂਰਣ ਗੁਰਬਾਣੀ `ਚ ਜੇ ਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੁਰਦੇਵ ਨੇ ਸੰਪੂਰਣ ਮਨੁੱਖ ਮਾਤ੍ਰ ਨੂੰ ਕੇਵਲ ਦੋ ਹੀ ਹਿਸਿਆਂ `ਚ ਵੰਡਿਆ ਹੈ। ਇਹ ਦੋ ਹਿੱਸੇ ਹਨ ਗੁਰਮੁਖ ਤੇ ਮਨਮੁਖ। ਗੁਰਦੇਵ ਨੇ ਮਨੁੱਖ ਦੇ ਵੱਖ ਵੱਖ ਧਰਮਾਂ ਨੂੰ ਧਰਮ ਨਹੀਂ ਮੰਨਿਆ। ਮਨੁੱਖ ਚਾਹੇ ਕਿੱਥੋਂ ਤੇ ਕਿਸੇ ਵੀ ਦੇਸ਼ ਦਾ ਵਾਸੀ ਹੌਵੇ; ਬੱਚਾ ਹੋਵੇ ਜਾਂ ਬਿਰਧ; ਇਸਤ੍ਰੀ ਹੋਵੇ ਜਾਂ ਪੁਰਖ; ਕਾਲਾ ਹੋਵੇ ਜਾਂ ਗੋਰਾ; ਸੰਸਾਰ ਤੱਲ `ਤੇ ਕਿਸੇ ਉੱਚੀ ਜਾਤ ਦਾ ਹੌਵੇ ਜਾਂ ਨੀਵੀਂ; ਅਕਾਲਪੁਰਖ ਵੱਲੌਂ ਮੂਲ ਰੂਪ `ਚ ਸਾਰਿਆਂ ਦਾ ਧਰਮ ਇੱਕੋ ਹੀ ਮਿਥਿਆ ਹੋਇਆ ਹੈ ਤੇ ੳੇੁਹ ਹੈ ਸੱਚ ਧਰਮ। ਗੁਰਬਾਣੀ ਅਨੁਸਾਰ ਮਨੁੱਖ ਮਨੁੱਖ ਦੇ ਭਿੰਨ ਭਿੰਨ ਤੇ ਹਜ਼ਾਰਾਂ ਧਰਮ ਨਹੀਂ ਹਨ।

“ਏਕੋ ਧਰਮੁ ਦ੍ਰਿੜੈ ਸਚੁ ਕੋਈ” - ਸੰਸਾਰ `ਚ ਮਨੁੱਖ, ਮਨੁੱਖ ਵਿਚਕਾਰ ਹਜ਼ਾਰਾਂ ਪ੍ਰਚਲਤ ਧਰਮ, ਮਨੁੱਖ ਦੇ ਆਪਣੇ ਪੈਦਾ ਕੀਤੇ ਤੇ ਘੜੇ ਹੋਏ ਹਨ। ਇਹ ਪ੍ਰਭੂ ਵੱਲੋਂ ਮਨੁੱਖ ਲਈ ਨੀਯਤ ਕੀਤੇ ਹੋਏ ਧਰਮ ਨਹੀਂ ਹਨ। ਗੁਰਦੇਵ ਅਨੁਸਾਰ ਹਰੇਕ ਮਨੁੱਖ ਦਾ ਧਰਮ ਇੱਕੋ ਹੀ ਹੈ ਅਤੇ ਉਹ ਧਰਮ ਹੈ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ” (ਪੰ: ੨੬੬) ਜਿਸ ਦੇ ਅਰਥ ਹਨ ਕਿ ਐ ਮਨੁੱਖ! ਤੈਨੂੰ ਪ੍ਰਭੂ ਨੇ ਅਰਬਾਂ ਖਰਬਾਂ ਜੂਨੀਆਂ `ਚੋਂ ਕਢ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ। ਉਹ ਇਸ ਲਈ ਬਖ਼ਸ਼ਿਆ ਹੈ ਕਿ ਤੂੰ ਕਰਤਾਰ ਦੀ ਸਿਫ਼ਤ ਸਲਾਨ ਨਾਲ ਜੁੜ, ਤਾ ਕਿ ਤੇਰੇ ਜੀਵਨ ਅੰਦਰ ਵੀ ਪ੍ਰਭੂ ਗੁਣਾਂ ਦਾ ਹੀ ਪ੍ਰਕਾਸ਼ ਹੋਵੇ। ਜਿਸ ਤੋਂ ਤੇਰੇ ਜੀਵਨ `ਤੇ ਅਉਗੁਣ ਤੇ ਹਉਮੈ ਆਦਿ ਵਿਕਾਰ ਭਾਰੂ ਨਾ ਹੋ ਸਕਣ। ਬੱਸ ਇਹੀ ਹੈ ਮਨੁੱਖਾ ਜੀਵਨ ਦਾ ਇਕੋ ਇੱਕ ਇਲਾਹੀ ਧਰਮ।

“ਹਰਿ ਕੋ ਨਾਮੁ ਜਪਿ” `ਚ ‘ਜਪਿ’ ਦੇ ਅਰਥ ਹਨ ਮਨ ਕਰਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ। ਜਿਸ ਤੋਂ “ਨਿਰਮਲ ਕਰਮੁ” ਭਾਵ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣ ਕਰਕੇ, ਪ੍ਰਭੂ ਦੇ ਜਿਨ੍ਹਾਂ ਬੇਅੰਤ ਗੁਣਾਂ ਨਾਲ ਜੀਵਨ ਦੀ ਸਾਂਝ ਬਣਦੀ ਜਾਵੇ, ਪ੍ਰਭੂ ਦੇ ਉਹ ਗੁਣ ਮਨੁੱਖ ਜੀਵਨ ਦਾ ਹਿੱਸਾ ਵੀ ਬਣਦੇ ਜਾਣ। ਪ੍ਰਭੂ ਦੇ ਉਨ੍ਹਾਂ ਗੁਣਾਂ ਦੀ ਚਮਕ ਤੇ ਪ੍ਰਭਾਵ ਮਨੁੱਖ ਦੇ ਨਿਜ ਜੀਵਨ ਅੰਦਰੋਂ ਵੀ ਪ੍ਰਗਟ ਹੁੰਦਾ ਜਾਵੇ।

ਇਸੇ ਤਰ੍ਹਾਂ “ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ” (ਪੰ: ੧੧੮੮) ਭਾਵ ਜਿਹੜਾ ਮਨੁੱਖ ਆਪਣੇ ਹਿਰਦੇ `ਚ ਇਹ ਦ੍ਰਿੜ ਕਰ ਲੈਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ, ਪ੍ਰਭੂ ਦਾ ਗੁਣ ਗਾਣ ਹੀ ਮਨੁੱਖ ਦਾ ਇਕੋ ਇੱਕ ਧਰਮ ਹੈ, ਉਹ ਇਨਸਾਨ ਗੁਰੂ ਦੀ ਮੱਤ ਦਾ ਆਸਰਾ ਲੈ ਕੇ ਸਦਾ ਲਈ ਵਿਕਾਰਾਂ ਦੇ ਟਾਕਰੇ ਲਈ ਮਨ ਕਰਕੇ ਮਜ਼ਬੂਤ ਹੋ ਜਾਂਦਾ ਹੈ। ਅਜਿਹਾ ਮਨੁੱਖ ਸੁਰਤ ਟਿਕਾਅ ਕੇ ਅਬਿਨਾਸੀ ਪ੍ਰਭੂ `ਚ ਮਨ ਕਰਕੇ ਲੀਣ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਦੀ ਸ਼ਰਨ `ਚ ਪੈ ਕੇ ਭਾਵ ਗੁਰੂ ਗੁਰਬਾਣੀ ਦੀ ਸਿਖਿਆ `ਤੇ ਅਮਲ ਕਰਕੇ ਅਜਿਹਾ ਮਨੁੱਖ ਹਰ ਸਮੇਂ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦੇ ਦਰਸ਼ਨ ਕਰਣ ਯੋਗ ਹੋ ਜਾਂਦਾ ਹੈ।

ਇਸ ਦੇ ਲਈ ਗੁਰਦੇਵ ਨੇ ਇਹ ਵੀ ਫ਼ੁਰਮਾਇਆ ਹੈ “ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ” (ਪੰ: ੬੨) ਭਾਵ ਸਾਰੀ ਰਚਨਾ ਪ੍ਰਭੂ ਦੀ ਹੀ ਘੜੀ ਹੋਈ ਹੈ। ਇਸ ਲਈ ਇਹ ਸਾਰੀ ਰਚਨਾ ਉਸ ਪ੍ਰਭੂ ਦੇ ਹੀ ਅਧੀਨ ਹੈ ਤੇ ਬਾਕੀ ਸਭਕੁਝ ਉਸ ਤੋਂ ਬਾਅਦ ਹੈ। ਫ਼ਿਰ ਵੀ ਇੱਕ ਚੀਜ਼ ਪ੍ਰਭੂ ਤੋਂ ਉਪਰ ਹੈ ਅਤੇ ਉਹ ਹੈ ਮਨੁੱਖ ਦੇ ਜੀਵਨ ਅੰਦਰ ਉਨ੍ਹਾਂ ਪ੍ਰਭੂ ਗੁਣਾਂ ਦੀ ਵਰਤੋਂ। ‘ਸਚੁ’ ਦੇ ਅਰਥ ਹਨ ਕਰਣ ਕਾਰਣ, ਸਦਾ ਥਿਰ ਅਕਾਲਪੁਰਖ ਤੇ “ਆਚਾਰੁ” ਦੇ ਅਰਥ ਹਨ ਸਦਾ ਥਿਰ ਅਕਾਲਪੁਰਖ ਦੇ ਗੁਣਾਂ ਨੂੰ ਜੀਵਨ `ਚ ਅਮਲਾਉਣਾ ਤੇ ਵਰਤੋਂ `ਚ ਲਿਆਉਣਾ।

“ਸਚੁ ਆਚਾਰੁ” ਨੂੰ ਗੁਰਬਾਣੀ `ਚ “ਸੁਕ੍ਰਿਤ ਕਰਣੀ” ਵੀ ਕਿਹਾ ਹੈ। ਮਨੁੱਖਾ ਜੀਵਨ ਦੇ ਇਸੇ ਸੱਚ ਨੂੰ ਕਿ ਸਾਰੇ ਮਨੁੱਖਾਂ ਦਾ ਮੂਲ ਰੂਪ `ਚ ਪ੍ਰਭੂ ਵੱਲੌਂ ਇਕੋ ਹੀ ਧਰਮ ਨਿਯਤ ਕੀਤਾ ਹੋਇਆ ਹੈ ਗੁਰਬਾਣੀ `ਚ ਇਸ ਨੂੰ ਇਸ ਤਰ੍ਹਾਂ ਵੀ ਬਿਆਣਿਆ ਹੈ ਜਿਵੇਂ “ਸਰਬ ਸਬਦੰ ਏਕ ਸਬਦੰ” (ਪੰ: ੪੬੯) ਸਬਦੰ ਦੇ ਅਰਥ ਹਨ ਧਰਮ। ਭਾਵ ਸਾਰੇ ਮਨੁੱਖਾਂ ਦਾ ਪ੍ਰਭੂ ਵੱਲੋਂ ਇਕੋ ਹੀ ਧਰਮ ਨਿਯਤ ਹੈ, ਮਨੁੱਖ ਮਨੁੱਖ ਦੇ ਭਿੰਨ ਭਿੰਨ ਧਰਮ ਨਹੀਂ ਹਨ ਅਤੇ ਉਹ ਹੈ ਸੱਚ ਧਰਮ।

ਇਸ ਤਰ੍ਹਾਂ ਮਨੁੱਖ ਦੇ ਇਸ “ਸਚੁ ਧਰਮ” ਨੂੰ ਹੀ ਇਲਾਹੀ ਤੇ ਰੱਬੀ ਧਰਮ ਵੀ ਕਿਹਾ ਜਾਂਦਾ ਹੈ। ਉਪ੍ਰੰਤ ਗੁਰਬਾਣੀ `ਚ ‘ਸਿੱਖ’ ਦਾ ਮਤਲਬ ਵੀ ਸੈਂਕੜੇ ਵਾਰੀ ਸਪਸ਼ਟ ਕੀਤਾ ਗਿਆ ਹੈ ਭਾਵ ਗੁਰਬਾਣੀ ਸਿੱਖਿਆ `ਤੇ ਅਮਲ ਕਰਣ ਵਾਲਾ ਤੇ ਚਲਣ ਵਾਲਾ ਮਨੁੱਖ ਅਥਵਾ ਜੀਵਨ `ਚ ‘ਸ਼ਬਦ ਗੁਰੂ’ ਦਾ ਕਮਾਈ ਕਰਣ ਵਾਲਾ ਮਨੁੱਖ ਹੀ ਸਿੱਖ ਹੈ। ਦੂਜੇ ਲਫ਼ਜ਼ਾਂ `ਚ ਗੁਰਬਾਣੀ ਅਨੁਸਾਰ, ਗੁਰਬਾਣੀ ਗੁਰੂ ਰਾਹੀਂ ਪ੍ਰਕਟ ਇਕੋ ਇੱਕ ‘ਸੱਚ ਧਰਮ’ ਦੀ ਸਿਖਿੳਾ `ਤੇ ਚਲਣ ਵਾਲਾ ਹੀ ਸਿੱਖ ਹੈ, ਦੂਜਾ ਨਹੀਂ।

ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਬਾਣੀ `ਚ, ਸਾਰੇ ਮਨੁੱਖ ਮਾਤ੍ਰ ਨੂੰ ਕੁਲ ਦੋ ਹਿਸਿਆਂ `ਚ ਹੀ ਵੰਡਿਆ ਗਿਆ ਹੈ। ਇੱਕ ਉਹ ਹਨ ਜੋ ਉਸ ਇਲਾਹੀ, ਰੱਬੀ ਤੇ ਸੱਚ ਧਰਮ ਦੇ ਮਾਰਗ `ਤੇ ਚਲਣ ਵਾਲੇ ਹਨ ਤੇ ਦੂਜੇ ਉਹ ਹਨ ਜੋ ਆਪਣੇ ਮਨ ਦੇ ਪਿਛੇ ਚਲਣ ਵਾਲੇ ਹਨ, ਗੁਰੂ ਗੁਰਬਾਣੀ ਦੀ ਸਿਖਿਆ ਤੇ ਨਹੀਂ ਚਲਦੇ। ਪਹਿਲੀ ਕਿਸਮ ਦੇ ਮਨੁੱਖਾਂ ਨੂੰ ‘ਗੁਰਮੁਖ’ ਤੇ ਦੂਜੇ ਮਨ ਦੇ ਪਿਛੇ ਚਲਣ ਵਾਲਿਆਂ ਨੂੰ ਹੀ “ਮਨਮੁਖ” ਕਿਹਾ ਹੈ। ਗੁਰਬਾਣੀ `ਚ ਜਿਥੋਂ ਵੀ ਤੇ ਜਿਸ ਵੀ ਸ਼ਬਦ ਦੇ ਦਰਸ਼ਨ ਤੇ ਅਰਥ ਕਰ ਲਵੋ ਸਮੂਚੇ ਮਨੁੱਖ ਮਾਤ੍ਰ ਲਈ ਇਹੀ ‘ਗੁਰਮੁਖ’ ਤੇ “ਮਨਮੁਖ” ਵਾਲੀ ਵੰਡ ਹੀ ਮਿਲੇਗੀ, ਦੂਜੀ ਨਹੀਂ।

“ਗੁਰਮੁਖਿ ਉਬਰੇ, ਮਨਮੁਖ ਪਤਿ ਖੋਈ” - –ਉਪ੍ਰੰਤ ਗੁਰਬਾਣੀ ਜਿੱਥੇ ਇੱਕ ਪਾਸੇ ਹਰੇਕ ਨੂੰ ‘ਗੁਰਮੁਖ’ ਜੀਵਨ ਜੀਊਣ ਲਈ ਪ੍ਰੇਰਦੀ ਹੈ ਉਥੇ ਨਾਲ ਹੀ ਕਦਮ ਕਦਮ `ਤੇ ਇਹ ਵੀ ਪੱਕਾ ਕੀਤਾ ਗਿਆ ਹੈ ਕਿ ਮਨੁੱਖਾ ਜਨਮ ਲੈ ਕੇ ਜਿਨ੍ਹਾਂ ਨੇ ‘ਗੁਰਮੁਖ’ ਵਾਲਾ ਜੀਵਨ ਜੀਵਿਆ ਹੈ। ਸ਼ਬਦ ਗੁਰੂ ਦੀ ਕਮਾਈ ਕੀਤੀ ਹੈ ਉਨ੍ਹਾਂ ਦਾ ਹਲਤ ਤੇ ਪਲਤ ਦੋਵੇਂ ਸੰਵਰ ਜਾਂਦੇ ਹਨ। ਅਜਿਹੇ ਸੱਜਨ ਹਲਤ ਭਾਵ ਇਸ ਜਨਮ `ਚ ਵੀ ਪ੍ਰਭੂ ਨਾਲ ਇੱਕ ਮਿਕ ਹੋ ਕੇ ਸੰਤੋਖੀ, ਟਿਕਾਅ ਤੇ ਮਾਨਸਿਕ ਸ਼ਾਂਤੀ ਵਾਲਾ ਜੀਵਨ ਬਤੀਤ ਕਰਦੇ ਹਨ। ਹਉਮੈ ਆਦਿ ਵਿਕਾਰ ਉਨ੍ਹਾਂ ਦੇ `ਤੇ ਹਾਵੀ ਨਹੀਂ ਹੁੰਦੇ। ਚਿੰਤਾ ਝੋਰੇ, ਭਟਕਣਾ, ਤ੍ਰਿਸ਼ਨਾ, ਆਸਾ-ਮਨਸਾ ਦੀ ਜਕੜ ਤੋਂ ਬਚੇ ਰਹਿੰਦੇ ਹਨ। ਅਜਿਹੇ ਜੀਊੜੇ ‘ਸਫ਼ਲ ਜੀਵਨ’ ਤੇ ਵਡਭਾਗੀ ਹੁੰਦੇ ਹਨ ਤੇ ਅਤੇ ਪਲਤ ਭਾਵ ਸਰੀਰ ਤਿਆਗਣ ਬਾਅਦ ਵੀ ਮੁੜ ਜਨਮ ਮਰਣ `ਚ ਨਹੀਂ ਆਉਂਦੇ।

ਜਦਕਿ ਦੂਜੇ ਪਾਸੇ ਮਨ ਦੇ ਪਿਛੇ ਚਲਣ ਵਾਲੇ ਮਨੁੱਖ ਬਾਹਿਰੋਂ ਧਾਰਮਿਕ ਹੋ ਕੇ ਵੀ ਕਰਮਕਾਂਡੀ ਜੀਵਨ ਹੀ ਬਤੀਤ ਕਰਦੇ ਹਨ। ਉਨ੍ਹਾਂ ਦੇ ਜੀਵਨ ਮਨਮਤਾਂ, ਦੁਰਮੱਤਾ, ਹੂੜਮੱਤਾਂ ਤੇ ਵਿਕਾਰਾਂ `ਚ ਹੀ ਡੁਬਦੇ ਜਾਂਦੇ ਹਨ। ਚਿੰਤਾ, ਤ੍ਰਿਸ਼ਨਾ ਉਨ੍ਹਾਂ ਦੇ ਜੀਵਨ ਨੂੰ ਨਿਗ਼ਲਦੀ ਜਾਂਦੀ ਹੈ ਤੇ ਉਨ੍ਹਾਂ ਨੂੰ ਇਸ ਦੀ ਪਹਿਚਾਣ ਵੀ ਨਹੀਂ ਆਉਂਦੀ। ਮਨ ਦਾ ਉਖਾੜ, ਭਟਕਣਾ, ਭਰਮ-ਭੁਲੇਖੇ, ਜੀਵਨ `ਚ ਅਸਥਿਰਤਾ, ਡਰ ਤੇ ਸਹਿਮ ਆਦਿ ਇਨ੍ਹਾਂ ਨੂੰ ਹਰ ਸਮੇਂ ਪ੍ਰੇਸ਼ਾਨ ਕਰਦੇ ਹਨ। ਇਨ੍ਹਾਂ ਦੇ ਮਨ ਹਰ ਸਮੇਂ ਆਸਾ-ਮਨਸਾ ਦੇ ਗ਼ੁਲਾਮ ਰਹਿੰਦੇ ਹਨ ਉਪ੍ਰੰਤ ਜੀਵਨ ਅੰਦਰ ਇਸੇ ਆਸਾ-ਮਨਸਾ ਦੇ ਅਗਲੇ ਪੜਾਅ ਹੀ ਕਈ ਵਾਰੀ ਅਉਗੁਣਾਂ, ਜੁਰਮਾਂ ਤੇ ਸਕੈਂਡਲਾਂ ਆਦਿ ਵਾਲੇ ਭਿਅੰਕਰ ਰੂਪ ਵੀ ਧਾਰਣ ਕਰ ਲੈਂਦੇ ਜਾਂਦੇ ਹਨ ਪਰ ਬੰਦਾ ਉਨ੍ਹਾਂ ਸਾਹਮਣੇ ਹੋਰ ਤੇ ਹੋਰ ਬੇਵੱਸ ਹੁੰਦਾ ਜਾਂਦਾ ਹੈ।

ਅਜਿਹੇ ਜੀਵਨ ਜੇ ਕਰ ਸ਼ਬਦ ਗੁਰੂ ਦੀ ਕਮਾਈ ਕਰਕੇ ਸੰਭਲਣ ਲਈ ਅੱਗੇ ਨਹੀਂ ਵਧਦੇ ਤਾਂ ਆਪਣਾ ਜਨਮ ਹੀ ਗੰਦਾ ਕਰਦੇ ਹਨ। ਇਤਨਾ ਹੀ ਨਹੀਂ ਬਲਕਿ ਇਸ ਦੇ ਨਾਲ ਸਰੀਰਕ ਮੌਤ ਬਾਅਦ ਵੀ ਫ਼ਿਰ ਤੋਂ ਜਨਮਾਂ, ਜੂਨਾਂ ਤੇ ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਮਨੁੱਖਾ ਜੀਵਨ ਪ੍ਰਾਪਤ ਕਰਕੇ ਵੀ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹਨ। ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਲਈ ਹੀ ਗੁਰਦੇਵ ਸਪਸ਼ਟ ਕਰਦੇ ਹਨ “ਗੁਰਮੁਖਿ ਉਬਰੇ, ਮਨਮੁਖ ਪਤਿ ਖੋਈ” (ਪ: ੧੭੬)। ਭਾਵ ਇਸ ਤਰ੍ਹਾਂ ‘ਗੁਰਮੁਖ’ ਆਪਣੇ ਜੀਵਨ ਨੂੰ ਸਫ਼ਲ ਕਰਕੇ ਜਾਂਦੇ ਹਨ। ਜਦਕਿ ਦੂਜੇ ਪਾਸੇ ‘ਮਨਮੁਖ’ ਪ੍ਰ੍ਰਭੂ ਦੇ ਦਰ ਤੋਂ ਦੁਰਕਾਰੇ ਜਾਂਦੇ ਹਨ। “ਪਤਿ ਖੋਈ” ਦੇ ਅਰਥ ਹਨ ਕਿ ਪ੍ਰਭੂ ਦੇ ਨਿਆਂ `ਚ ਉਨ੍ਹਾਂ ਦੇ ਜੀਵਨ ਪ੍ਰਵਾਣ ਨਹੀਂ ਹੁੰਦੇ। ਗੁਰਬਾਣੀ ਅਨੁਸਾਰ ਅਜਿਹੇ ਜੀਵ ਫ਼ਿਰ ਤੋਂ ਜਨਮਾਂ-ਜੂਨਾਂ ਦੇ ਗੇੜ `ਚ ਹੀ ਪਾ ਦਿੱਤੇ ਜਾਣਾ। ਗੁਰਬਾਣੀ `ਚ ਉਨ੍ਹਾਂ ਅਭਾਗੇ ਤੇ ਭਾਗਹੀਨ ਵੀ ਜਿਹਾ ਹੈ।

“ਮਨਮੁਖ ਖਾਧੇ, ਗੁਰਮੁਖਿ ਉਬਰੇ”-ਇਸੇ ਤਰ੍ਹਾਂ ਇਸ ਵਿਸ਼ੇ `ਤੇ ਗੁਰਦੇਵ ਫ਼ੁਰਮਾਉਂਦੇ ਤੇ ਪੱਕਾ ਕਰਦੇ ਹਨ ਕਿ ਸੰਸਾਰ `ਚ ਦੋ ਪ੍ਰਕਾਰ ਦੇ ਜੀਵਨ ਹੀ ਹੁੰਦੇ ਹਨ। ਫ਼ੁਰਮਾਨ ਹੈ “ਮਾਇਆ ਮਮਤਾ ਮੋਹਣੀ, ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ, ਗੁਰਮੁਖਿ ਉਬਰੇ, ਜਿਨੀ ਸਚਿ ਨਾਮਿ ਚਿਤੁ ਲਾਇਆ” (ਪੰ: ੬੪੩) ਭਾਵ ਜਿਹੜੇ ਪ੍ਰਭੂ ਦੀਆਂ ਦਾਤਾਂ ਤੇ ਮਾਇਕ ਪਦਾਰਥਾਂ ਲਈ ਆਪਣੇ ਜੀਵਨ ਅੰਦਰ ਇਤਨੀ ਵੱਧ ਪਕੜ ਬਣਾ ਲੈਂਦੇ ਹਨ ਕਿ ਉਨ੍ਹਾਂ ਨੂੰ ਦਾਤਾਂ ਬਖ਼ਸ਼ਨ ਵਾਲਾ ਦਾਤਾ ਹੀ ਭੁਲਿਆ ਰਹਿੰਦਾ ਹੈ। ਨਤੀਜਾ ਹੁੰਦਾ ਹੈ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਇਸ ਪਦਾਰਥਕ ਮਮਤਾ ਕਾਰਨ ਕਦੋਂ ਉਨ੍ਹਾਂ ਦੇ ਚੰਗੇ ਭਲੇ ਜੀਵਨ ਨੂੰ ਵਿਕਾਰ ਗੰਦਾ ਤੇ ਬਰਬਾਦ ਕਰ ਦਿੰਦੇ ਹਨ।

ਇਸ ਤਰ੍ਹੑਾਂ ਪ੍ਰਭੂ ਦੀਆਂ ਦਾਤਾਂ ਤਾਂ ਭਾਵੇਂ ਗੁਰਮੁਖਾਂ ਤੇ ਮਨਮੁਖਾਂ ਭਾਵ ਦੋਨਾਂ ਲਈ ਉਹੀ ਹੁੰਦੀਆਂ ਹਨ। ਫ਼ਰਕ ਹੁੰਦਾ ਹੈ ਕਿ ‘ਮਨਮੁਖ’ ਉਨ੍ਹਾਂ ਦਾਤਾਂ `ਚ ਹੀ ਉਲਝ ਕੇ ਰਹਿ ਜਾਂਦਾ ਤੇ ਆਪਣੇ ਜੀਵਨ ਨੂੰ ਗੰਦਾ ਤੇ ਬਰਬਾਦ ਕਰ ਲੈਂਦਾ ਹੈ। ਇਥੋਂ ਤੱਕ ਕਿ ਸਰੀਰਕ ਮੌਤ ਬਾਅਦ ਵੀ ਮੁੜ ਜਨਮਾਂ ਦੇ ਗੇੜ `ਚ ਪੈਂਦਾ ਹੈ। ਉਪ੍ਰੰਤ ਦੂਜੇ ਪਾਸੇ ਉਨ੍ਹਾਂ ਹੀ ਦਾਤਾਂ ਨੂੰ ਪ੍ਰਭੂ ਦੇ ਸ਼ੁਕਰਾਣੇ `ਚ ਵਰਤਣ ਵਾਲਾ ‘ਗੁਰਮੁਖ’, ਆਪਣੇ ਇਸ ਜਨਮ ਨੂੰ ਵੀ ਹਰ ਪੱਖੋ ਸੌਖਾ ਤੇ ਪ੍ਰਭੂ ਨਾਲ ਇੱਕ ਮਿਕ ਹੋ ਕੇ ਬਿਤਾਉਂਦਾ ਹੈ। ਉਪ੍ਰੰਤ ਸਰੀਰਕ ਤਿਆਗਣ ਬਾਅਦ ਮੁੜ ਜਨਮ ਮਰਣ ਦੇ ਗੇੜ `ਚ ਵੀ ਨਹੀਂ ਪੈਂਦਾ, ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ।

“ਮਨਮੁਖੁ ਜੇ ਸਮਝਾਈਐ, ਭੀ ਉਝੜਿ ਜਾਏ” - ਇਤਨਾ ਹੀ ਨਹੀਂ ਗੁਰਦੇਵ ਫ਼ੁਰਮਾਉਂਦੇ ਹਨ ਕਿ ਬਹੁਤੇ ‘ਮਨਮੁਖਾਂ’ ਦੇ ਜੀਵਨ ਅੰਦਰ ਕਈ ਵਾਰ ਹਉਮੈ ਕਾਰਨ ਹੂੜਮੱਤ ਆਦਿ ਇਤਨੀ ਪ੍ਰਬਲ ਹੋ ਜਾਂਦੀ ਹੈ ਕਿ “ਮਨਮੁਖੁ ਜੇ ਸਮਝਾਈਐ, ਭੀ ਉਝੜਿ ਜਾਏ॥ ਬਿਨੁ ਹਰਿ ਨਾਮ ਨ ਛੂਟਸੀ, ਮਰਿ ਨਰਕ ਸਮਾਏ॥ ੫ ॥ ਜਨਮਿ ਮਰੈ ਭਰਮਾਈਐ, ਹਰਿ ਨਾਮੁ ਨ ਲੇਵੈ॥ ਤਾ ਕੀ ਕੀਮਤਿ ਨਾ, ਪਵੈ ਬਿਨੁ ਗੁਰ ਕੀ ਸੇਵੈ” (ਪੰ: ੪੨੦) ਅਰਥ ਹਨ ਜੇ ਕਰ ਉਨ੍ਹਾਂ ‘ਮਨਮੁਖਾਂ’ ਨੂੰ ਸੱਚ ਦੇ ਜੀਵਨ ਨਾਲ ਜੋੜਣ ਦਾ ਯਤਣ ਵੀ ਕਰੋ ਤਾਂ ਵੀ ਉਹ ਨਹੀਂ ਸਮਝਦੇ। ਪ੍ਰਕਰਣ ਅਨੁਸਾਰ ਇਥੇ “ਭਰਮਾਈਐ” ਦਾ ਅਰਥ ਹੈ ਕਿ ਇਸ ਜਨਮ `ਚ ਵੀ ਭਰਮਾਂ-ਭੁਲੇਖਿਆਂ `ਚ ਫ਼ਸੇ ਰਹਿਕੇ ਜੀਵਨ ਦੇ ਉਲਟੇ ਰਾਹ ਚਲਦੇ ਹਨ। ਇਸ ਤੋਂ ਬਾਅਦ ਪ੍ਰਕਰਣ ਅਨੁਸਾਰ ਹੀ ਇਥੇ “ਮਰਿ ਨਰਕ” ਦੇ ਅਰਥ ਹਨ ਕਿ ਅਜਿਹੇ ‘ਮਨਮੁਖ’ ਸਰੀਰਕ ਮੌਤ ਬਾਅਦ ਵੀ ਜੂਨਾਂ-ਜਨਮਾਂ `ਚ ਪੈਂਦੇ ਤੇ ਬਾਰ ਬਾਰ ਦੇ ਗਰਭ ਹੀ ਭੋਗਦੇ ਹਨ।

ਇਸ ਸਾਰੇ ਦਾ ਕਾਰਨ ਇੱਕੋ ਹੀ ਹੁੰਦਾ ਹੈ ਕਿ ਜਿਸ ਮਕਸਦ ਲਈ ਉਨ੍ਹਾਂ ਨੂੰ ਮਨੁੱਖਾ ਜਨਮ ਮਿਲਿਆ ਹੁੰਦਾ ਹੈ, ਗੁਰੂ ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਕੇ, ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜਦੇ ਤੇ ਜੀਵਨ ਦੇ ਪੁਠੇ ਰਾਹ ਪਿਆਂ ਹੀ ਜੀਵਨ ਬਤੀਤ ਕਰ ਦਿੰਦੇ ਹਨ। ਉੇਪ੍ਰੰਤ ਇਸ ਪ੍ਰਥਾਏ “ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ” (ਪੰ: ੬੪) ਭਾਵ ‘ਮਨਮੁਖ’ ਤਾਂ ਵਿਕਾਰਾਂ `ਚ ਡੁੱਬੇ ਰਹਿ ਕੇ ਹੀ ਜੀਵਨ ਬਰਬਾਦ ਕਰਕੇ ਜਾਂਦੇ ਹਨ ਜਦਕਿ ‘ਗੁਰਮੁਖ’ ਉਸੇ ਸੰਸਾਰ ਸਮੁੰਦਰ ਤੋ ਸੌਖੇ ਪਾਰ ਹੋ ਜਾਂਦੇ ਹਨ, ਵਿਕਾਰ ਤੇ ਅਉਗੁਣ ਆਦਿ ਉਨ੍ਹਾਂ ਦੇ ਜੀਵਨ `ਤੇ ਭਾਰੂ ਨਹੀਂ ਹੋ ਸਕਦੇ। ਜਦਕਿ ‘ਮਨਮੁਖ’ ਦਾ ਡੁਬਣਾ ਕੀ ਹੈ ਤੇ ‘ਗੁਰਮੁਖ’ ਦਾ ਤਰਨਾ ਕੀ ਹੈ? ਇਨ੍ਹਾਂ ਦੋਨਾਂ ਵਿਸ਼ਿਆਂ `ਤੇ ਵੇਰਵਾ ਦੇ ਚੁੱਕੇ ਹਾਂ ਇਥੇ ਬਾਰ ਬਾਰ ਦੌਰਾਨ ਦੀ ਲੋੜ ਨਹੀਂ। ਉਂਝ ਇਸੇ ਤਰ੍ਹਾਂ ਇਸ ਵਿਸ਼ੇ `ਤੇ ਗੁਰਬਾਣੀ `ਚ ਹੋਰ ਵੀ ਬੇਅੰਤ ਗੁਰਬਾਣੀ ਫ਼ੁਰਮਾਣ ਹਨ।

“ਗੁਰਿ ਮਿਲਿਐ ਮਨੁ ਰਹਸੀਐ” - ਹੁਣ ਗੱਲ ਕਰਦੇ ਹਾਂ ਸਬੰਧਤ ਸਲੋਕ ਦੀ ਜਿੱਥੋਂ ਇਸ ਵਿਚਾਰ ਦਾ ਅਰੰਭ ਕੀਤਾ ਸੀ। ਗੁਰਮੱਤ ਪਾਠ ਦੇ ਅਰੰਭ `ਚ ਦਿੱਤੇ ਹੋਏ ਇਸ ਸਲੋਕ `ਚ ਤੀਜੇ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਮਨੁੱਖਾ ਜੀਵਨ ਦੇ ਦੋ ਵਿਰੋਧੀ ਰਾਹ ਹੁੰਦੇ ਹਨ।

ਜੀਵਨ ਅੰਦਰੋਂ ਅਜਿਹੇ ‘ਗੁਰੂ’ ਦੇ ਪ੍ਰਗਟ ਹੋਣ ਦੀ ਪਛਾਣ ਹੁੰਦੀ ਹੈ ਕਿ ਅਜਿਹੇ ਮਨੁੱਖ ਦਾ ਮਨ ਇਉਂ ਖਿੜ ਪੈਂਦਾ ਹੈ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਹੋ ਜਾਂਦੀ ਹੈ। ਧਰਤੀ ਹਰੀ ਭਰੀ ਹੋ ਜਾਂਦੀ ਹੈ, ਸਰੋਵਰ ਤੇ ਤਲਾਬ ਨਕਾ ਨਕ ਪਾਣੀ ਨਾਲ ਭਰ ਜਾਂਦੇ ਹਨ। ਇਸੇ ਤਰ੍ਹਾਂ ਉਨ੍ਹਾਂ ਮਨੁੱਖਾਂ ਦੇ ਮਨ ਵੀ, ਜਿਨ੍ਹਾਂ ਦੇ ਜੀਵਨ ਅੰਦਰੋਂ ਗੁਰੂ ਪ੍ਰਗਟ ਹੋ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਪਿਆਰ ਨਾਲ ਭਰ ਜਾਂਦੇ ਹਨ। ਉਨ੍ਹਾਂ ਦੇ ਜੀਵਨ ਪ੍ਰਭੂ ਪਿਆਰ ਨਾਲ ਇਸ ਤਰ੍ਹਾਂ ਰੰਗੇ ਜਾਂਦੇ ਹਨ ਜਿਵੇਂ ਮਜੀਠ ਦਾ ਪੱਕਾ ਰੰਗ ਜੋਕਿ ਉਤਰਦਾ ਹੀ ਨਹੀਂ। ਅਜਿਹੇ ਮਨੁੱਖਾਂ ਦਾ ਹਿਰਦਾ ਰੂਪੀ ਕਉਲ ਫੁਲ ਖਿੜ ਪੈਂਦਾ ਹੈ, ਸੱਚਾ ਪ੍ਰਭੂ ਉਨ੍ਹਾਂ ਦੇ ਮਨ `ਚ ਆ ਵੱਸਦਾ ਹੈ ਤੇ ਗੁਰੂ ਦੇ ਸ਼ਬਦ ਦੀ ਕਮਾਈ ਕਾਰਨ ਉਹ ਸਦਾ ਪ੍ਰਸੰਨ ਚਿੱਤ ਰਹਿੰਦੇ ਹਨ। ਉਨ੍ਹਾਂ ਦੇ ਮਨ ਅੰਦਰ ਸਦਾ ਖੇੜਾ ਤੇ ਅਨੰਦ ਹੀ ਬਣਿਆ ਰਹਿੰਦਾ ਹੈ।

ਇਹ ਤਾਂ ਹਨ ਪਹਿਲੀ ਕਿਸਮ ਦੇ ਮਨੁੱਖ ਭਾਵ ਗੁਰਮੁਖ ਜਨ। ਇਸ ਤਰ੍ਹਾਂ “ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰਿ ਨਿਹਾਲਿ” ਇਸ ਦੇ ਉਲਟ ਦੂਜੇ ਪਾਸੇ ਉਹ ਵੀ ਹੁੰਦੇ ਹਨ ਜਿਹੜੇ ਆਪਣੇ ਮਨ ਦੇ ਪਿਛੇ ਟੁਰਦੇ ਹਨ। ਗੁਰਦੇਵ ਫ਼ੁਰਮਾਉਂਦੇ ਹਨ ਕਿ ਅਜਿਹੇ ਲੋਕਾਂ ਦੇ ਜੀਵਨ ਨੂੰ ਵੀ ਗਹੁ ਨਾਲ ਦੇਖਣ ਦੀ ਲੋੜ ਹੈ। ਮਨ ਦੇ ਪਿੱਛੇ ਟੁਰਨ ਵਾਲੇ ਦੀ ਹਾਲਤ ਬਿਲਕੁਲ ਪਹਿਲੇ ਦੇ ਉਲਟ ਹੁੰਦੀ ਹੈ। ਜਿਵੇਂ ਸ਼ਿਕਾਰੀ ਦੇ ਜਾਲ `ਚ ਫ਼ਸਿਆ ਮਿਰਗ ਹਰ ਸਮੇਂ ਡਰਿਆ ਤੇ ਸਹਿਮਿਆ ਰਹਿੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਹੁਣ ਉਸ ਦੀ ਮੌਤ ਅਵੱਸ਼ ਹੈ ਕਿਉਂਕਿ ਉਹ ਸ਼ਿਕਾਰੀ ਦੀ ਫਾਹੀ `ਚ ਫ਼ਸਿਆ ਹੋਇਆ ਹੈ। ਇਸ ਲਈ ਇਹ ਤਾਂ ਹੁਣ ਸ਼ਿਕਾਰੀ `ਤੇ ਹੀ ਹੈ ਤੇ ਜਦੋਂ ਚਾਹੇ ਉਸ ਨੂੰ ਮਾਰ ਦੇਵੇਗਾ। ਫ਼ਿਰ ਵੀ ਨਿਕਲਣ ਲਈ ਉਸ ਦਾ ਵੱਸ ਨਹੀਂ ਚਲਦਾ।

ਇਸੇ ਤਰ੍ਹਾਂ ਮਨ ਦੇ ਪਿੱਛੇ ਟੁਰਨ ਵਾਲਾ ਮਨੁੱਖ ਹਰ ਸਮੇਂ ਆਤਮਕ ਮੌਤੇ ਮਰਿਆ ਰਹਿੰਦਾ ਹੈ। ਫਾਹੀ `ਚ ਫ਼ਸੇ ਮਿਰਗ ਵਾਂਙ ਹਰ ਸਮੇਂ ਡਰਿਆ ਤੇ ਸਹਿਮਿਆ ਰਹਿੰਦਾ ਹੈ। ਇਹ ਮਨੁੱਖਾ ਜੀਵਨ ਦਾ ਹੀ ਦੂਜਾ ਪਾਸਾ ਹੁੰਦਾ ਹੈ। ਜਮਕਾਲ, ਭਾਵ ਆਤਮਕ ਮੌਤੇ ਮਰਿਆ ਹੋਇਆ ਇਹ ਮਨੁੱਖ ਹਰ ਸਮੇਂ ਤ੍ਰਿਸ਼ਨਾ ਦਾ ਭੁਖ ਦਾ ਮਾਰਿਆ, ਨਿੰਦਾ ਬਖੀਲੀ, ਵਿਕਰਾਲ ਕ੍ਰੋਧ ਆਦਿ ਵਿਕਾਰਾਂ ਦੇ ਦਬਾਅ `ਚ ਜੀਵਨ ਨੂੰ ਧੱਕਾ ਦੇ ਕੇ ਖ਼ਤਮ ਕਰ ਰਿਹਾ ਹੁੰਦਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਮਨੁੱਖਾ ਜਨਮ ਲੈ ਕੇ ਵੀ ਇਸ ਜਨਮ ਨੂੰ ਸਫ਼ਲ ਕਰਣ ਦੀ ਬਜਾਏ ਇਹ ਪਲ ਪਲ ਦੀ ਮੌਤ ਨੂੰ ਸਹਾਰਦਾ ਹੋਇਆ, ਫ਼ਿਰ ਤੋਂ ਜਨਮਾਂ, ਜੂਨਾਂ, ਗਰਭਾਂ ਦੇ ਗੇੜ ਵੱਲ ਹੀ ਵਧ ਰਿਹਾ ਹੁੰਦਾ ਹੈ।

ਇਤਨਾ ਹੋਣ ਦੇ ਬਾਵਜੂਦ ਉਸ ਦੀ ਮਾਨਸਿਕ ਹਾਲਤ ਇਹ ਹੁੰਦੀ ਹੈ ਕਿ ਇਨ੍ਹਾਂ ਸਰੀਰਕ ਅੱਖਾਂ ਨਾਲ, ਜੀਵਨ ਦੇ ਇਸ ਉਖਾੜ ਤੇ ਤਬਾਹੀ ਦੀ ਉਸ ਨੂੰ ਪਛਾਣ ਨਹੀਂ ਆਉਂਦੀ। ਉਸੇ ਦਾ ਨਤੀਜਾ ਹੁੰਦਾ ਹੈ ਕਿ ਜਿਤਨਾ ਇਹ ਇਸ ਤ੍ਰਿਸ਼ਨਾ ਭਟਕਣਾ ਡਰ ਸਹਿਮ ਆਦਿ `ਚੋਂ ਨਿਕਲਣ ਦਾ ਯਤਣ ਕਰਦਾ ਹੈ, ਹੋਰ ਤੇ ਹੋਰ ਫ਼ਸਦਾ ਜਾਂਦਾ ਹੈ। ਕਿਉਂਕਿ ਇਸ ਜੰਜਾਲ ਦੇ ਕਾਰਨਾਂ ਨੂੰ ਪਛਾਨਣ ਤੇ ਇਸ `ਚੋਂ ਨਿਕਲਣ ਦਾ ਇਕੋ ਹੀ ਤਰੀਕਾ ਸੀ, ਸ਼ਬਦ ਗੁਰੂ ਦੀ ਵਿਚਾਰ ਤੇ ਕਮਾਈ ਕਰਣੀ ਜੋਕਿ ਉਹ ਇਹ ਕੁੱਝ ਕਰ ਹੀ ਨਹੀਂ ਰਿਹਾ।

ਇਸ ਤਰ੍ਹਾਂ ਗੁਰੂ ਗੁਰਬਾਣੀ ਦੀ ਸਿਖਿਆ ਆਦੇਸ਼ਾਂ `ਤੇ ਚਲਿਆਂ ਭਾਵ ਗੁਰੂ ਹੁਕਮਾਂ ਦੀ ਪਉੜੀ `ਤੇ ਚੜਿਆਂ ਅਕਾਲਪੁਰਖ ਦੀ ਸਿਫ਼ਤ ਸਲਾਹ ਵਾਲਾ ਜਹਾਜ਼ ਮਿਲ ਜਾਂਦਾ ਹੈ। ਜਿਸ ਤੋਂ ਇਹ ਸਾਰੇ ਮਾਇਕ ਬੰਧਨ ਟੁੱਟ ਜਾਂਦੇ ਤੇ ਮਨੁੱਖ ਦੇ ਜੰਜਾਲ ਮੁੱਕ ਜਾਂਦੇ ਹਨ। ਜੀਵਨ ਆਪਣੇ ਮੂਲ, ਪ੍ਰਭੂ ਨਾਲ ਜੁੜ ਜਾਂਦਾ ਹੈ। ਤਾਂ ਤੇ ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦਿੰਦੇ ਹਨ ਕਿ ਜੋ ਜੀਵ-ਇਸਤ੍ਰੀ ਇਸ ‘ਗੁਰੂ ਗਿਆਨ’ ਰੂਪ ਪਉੜੀ ਨੂੰ ਸੰਭਾਲ ਲੈਂਦੀ ਹੈ ਉਹ ਜੀਵਨ ਦੀ ਅਸਲੀਅਤ ਲੱਭ ਲੈਂਦੀ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਉਸ ਦੇ ਮਨ `ਚ ਸਦਾ ਲਈ ਵਾਸਾ ਹੋ ਜਾਂਦਾ ਹੈਂ। ੧।

ਗੁਰੂ, ਗੁਰਮੁਖ ਤੇ ਮਨਮੁਖ- ਦਰਅਸਲ ਗੁਰਬਾਣੀ `ਚ ਅਕਾਲਪੁਰਖ ਤੋਂ ਬਾਅਦ, ਮਨੁੱਖਾ ਜੀਵਨ ਨਾਲ ਸਬੰਧਤ ਤਿੰਨ ਪ੍ਰਮੁੱਖ ਵਿਸ਼ੇ ਦੱਸੇ ਹਨ। ਇਹ ਤਿੰਨ ਵਿਸ਼ੇ ਹਨ ‘ਗੁਰੂ’,’ ਗੁਰਮੁਖ’ ਤੇ ‘ਮਨਮੁੱਖ’। ਇਸ ਲਈ ਸਾਡੇ ਹੱਥਲੇ ਗੁਰਮੱਤ ਪਾਠ ਨੰ: ੭੪ “ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰਿ ਨਿਹਾਲਿ” ਦਾ ਮੂਲ ਆਧਾਰ ਤੇ ਮਕਸਦ ਹੀ “ਮਨਮੁਖਿ ਕਰਮ ਕਰਹਿ ਨਹੀ ਬੂਝਹਿ, ਬਿਰਥਾ
ਜਨਮੁ ਗਵਾਏ।। ਗੁਰਬਾਣੀ ਇਸੁ ਜਗ ਮਹਿ ਚਾਨਣੁ, ਕਰਮਿ ਵਸੈ ਮਨਿ ਆਏ” (
ਪੰ: ੬੭)
ਅਨੁਸਾਰ ਸੰਗਤਾਂ ਦੀ ਬਿਰਤੀ ਨੂੰ ਇਨ੍ਹਾਂ ਤਿੰਨਾਂ ਪੱਖਾਂ ਵੱਲ ਆਕਰਖਤ ਕਰਣਾ ਤੇ ਇਸ ਮੂਲ ਵਿਸ਼ੇ ਨੂੰ ਸਮਝਣਾ ਹੈ ਤਾਕਿ ਜੇ ਕਰਤੇ ਦੀ ਬਖ਼ਸ਼ਿਸ਼ ਹੋ ਜਾਵੇ ਤਾਂ ਅਸੀਂ ਆਪਣੇ ਜੀਵਨ ਦੀ ਸੰਭਾਲ ਕਰ ਲਵੀਏ।

ਇਨ੍ਹਾਂ ਤਿਨਾਂ `ਚੋਂ ਵੀ ਖਾਸ ਤੌਰ `ਤੇ ਗੁਰਬਾਣੀ ਅਨੁਸਾਰ ਪ੍ਰਗਟ ‘ਗੁਰੂ’ ਹੀ ਇੱਕ ਅਜਿਹੀ ਹਸਤੀ ਹੈ ਕਿ ਜਦੋਂ ਤੱਕ ਉਸ ਬਾਰੇ ਸਿੱਖ ਅਥਵਾ ਜਗਿਆਸੂ ਦਾ ਮਨ ਸਪਸ਼ਟ ਨਾ ਹੌ ਜਾਵੇ, ਗੁਰਬਾਣੀ ਵਿਚਲੇ ਸਰਵ ਪ੍ਰਮੁਖ ਅਗਲੇ ਦੋ ਵਿਸ਼ੇ ‘ਗੁਰਮੁਖ’ ਤੇ ‘ਮਨਮੁੱਖ’ ਵੀ ਸਪਸ਼ਟ ਨਹੀਂ ਹੋ ਸਕਦੇ। ਉਪ੍ਰੰਤ ਗੁਰਬਾਣੀ ਵਿਚਲੇ ਇਨ੍ਹਾਂ ਤਿੰਨਾਂ ਮੁੱਖ ਪਦਾਂ ਦੀ ਪਛਾਣ ਕੀਤੇ ਬਿਨਾ, ਗੁਰਬਾਣੀ ਅਰਥਾਂ ਤੇ ਵਿਚਾਰਧਾਰਾ ਨੂੰ ਇਸ ਦੇ ਠੀਕ ਪਰੀਪੇਖ `ਚ ਸਮਝਣਾ ਹੀ ਸੰਭਵ ਨਹੀਂ ਜਦਕਿ ਅਮਲ ਤਾਂ ਉਸ ਤੋਂ ਅਗਲੀ ਪਉੜੀ ਹੈ।

ਇਥੇ ‘ਗੁਰੂ’ ਪਦ ਜਿਸ ਦੇ ਲਈ ਇਹ ਵੀ ਫ਼ੁਰਮਾਇਆ ਹੈ ਗੁਰਬਾਣੀ ਇਸੁ ਜਗ ਮਹਿ ਚਾਨਣੁ” `ਚ ਲਫ਼ਜ਼ ਗੁਰਬਾਣੀ ਦੇ ਅਰਥ ਵੀ ਉਹੀ ਗੁਰੂ ਹਨ। ਉਹ ਗੁਰੂ ਜਿਨ੍ਹਾਂ ਅਰਥਾਂ `ਚ ਗੁਰੂ ਪਦ ਮਨੁੱਖਾ ਜੀਵਨ ਦੀ ਸੰਭਾਲ ਵਾਸਤੇ ਸੰਪੂਰਣ ਗੁਰਬਾਣੀ `ਚ ਆਇਆ ਹੈ। ਉਹ ‘ਗੁਰੂ’ ਜੋ ਕੇਵਲ ਤੇ ਕੇਵਲ ਅਕਾਲਪੁਰਖ ਦਾ ਮਿਲਾਵਾ ਹੈ। ਉਹ ‘ਗੁਰੂ’ ਜਿਹੜਾ ਸਦਾ ਥਿਰ ਹੈ, ਜੋ ਜਨਮ ਮਰਣ `ਚ ਨਹੀਂ ਆਉਂਦਾ। ਉਸੇ ਗੁਰੂ ਨੂੰ ‘ਸਤਿਗੁਰੂ’, ‘ਸ਼ਬਦ ਗੁਰੂ’, ‘ਵਿਵੇਕ ਬੁਧ’ ਬਲਕਿ ਇਥੇ ਕੇਵਲ ‘ਗੁਰਬਾਣੀ’ ਕਹਿਕੇ ਵੀ ਸੰਬੋਧਨ ਕੀਤਾ ਹੈ। ਉਸੇ ਤਰ੍ਹਾਂ ਜਿਵੇਂ ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ” ਬਲਕਿ ਇਥੋਂ ਤੱਕ ਕਿ “ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ” ਵੀ ਕਿਹਾ ਹੈ ਤੇ ਜਿਸ ਗੁਰੂ ਦੀ ਗੱਲ ਸੰਪੂਰਣ ਗੁਰਬਾਣੀ `ਚ ਪੱਕੀ ਕੀਤੀ ਗਈ ਹੈ।

ਇਸ ਤਰ੍ਹਾਂ ਜੇ ਕਰ ਗੁਰਬਾਣੀ ਆਦੇਸ਼ਾਂ ਨੂੰ ਸਮਝਣਾ ਹੈ ਤਾਂ ਗੁਰਬਾਣੀ ਵਿਚਲੇ ਅਜਿਹੇ ਕਿਸੇ ਵੀ ਪ੍ਰਕਰਣ ਅਨੁਸਾਰ ਵਰਤੇ ਗਏ ਗੁਰੂ ਪਦ `ਤੇ ਪੁਰਾਤਨ, ਬ੍ਰਾਹਮਣੀ ਜਾਂ ਪ੍ਰਚਲਤ ਅਰਥ ਉਹ ਅਰਥ ਜਿਹੜੇ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਸੰਸਕ੍ਰਿਤੀ `ਚ ਵਰਤੇ ਜਾ ਰਹੇ ਹਨ, ਉੱਕਾ ਲਾਗੂ ਨਹੀਂ ਹੋਣਗੇ। ਇਸ ਲਈ ਜਦੋਂ ਤੱਕ ਜਗਿਆਸੂ ਨੂੰ ਗੁਰਬਾਣੀ ਵਿਚਲਾ ਇਹ ਵਿਸ਼ੇਸ਼ ਗੁਰੂ ਪਦ ਹੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋਵੇਗਾ, ਜਗਿਆਸੂ ਗੁਰਬਾਣੀ ਵਿਚਲੇ ਇਸ ਨਾਲ ਸਬੰਧਤ ਦੂਜੇ ਦੋਨਾਂ ਮੁੱਖ ਪਦਾਂ ਭਾਵ ਗੁਰਮੁਖ ਤੇ ਮਨਮੁਖ ਨੂੰ ਵੀ ਨਹੀਂ ਸਮਝ ਪਾਵੇਗਾ ਤੇ ਇਸ ਤਰ੍ਹਾਂ ਗੁਰਬਾਣੀ ਦਾ ਸ਼ਰਧਾਲੂ, ਪ੍ਰਚਾਰਕ ਬਲਕਿ ਖ਼ੁਦ ਨੂੰ ਸਿੱਖ ਅਖਵਾਉਣ ਵਾਲਾ ਵੀ ਜੀਵਨ ਕਰਕੇ ਕੁਰਾਹੇ ਹੀ ਪਿਆ ਰਵੇਗਾ। #74s011.02.911#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 74

“ਮਨਮੁਖ ਦੂਜੀ ਤਰਫ ਹੈ

ਵੇਖਹੁ ਨਦਰਿ ਨਿਹਾਲਿ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org
.