.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 31)

ਵਿਗਿਆਨ ਦੀ ਅਣਹੋਂਦ ਕਾਰਨ ਪ੍ਰਾਚੀਨ ਸਮੇਂ ਵਿੱਚ ਮਨੁੱਖ ਸਰੀਰਕ ਰੋਗਾਂ ਨੂੰ ਗ਼ੈਬੀ ਸ਼ਕਤੀ ਦੀ ਕਰੋਪੀ ਦਾ ਪ੍ਰਤੀਕ ਮੰਨਦਾ ਸੀ। ਇਸ ਧਾਰਨਾ ਕਾਰਨ ਹੀ ਸਰੀਰਕ ਰੋਗ ਲਗਣ `ਤੇ ਅਜਿਹੀ ਸ਼ਕਤੀ ਦੀ ਕਰੋਪੀ ਤੋਂ ਬਚਣ ਲਈ ਜੰਤ੍ਰ ਮੰਤਰ ਆਦਿ ਕੀਤੇ ਜਾਂਦੇ ਸਨ। ਇਸ ਧਾਰਨਾ ਨੇ ਹੀ ਮਨੁੱਖ ਨੂੰ ਅੰਧ-ਵਿਸ਼ਵਾਸ ਦੀ ਡੂੰਘੀ ਖੱਡ ਵਿੱਚ ਅਜਿਹਾ ਧਕੇਲਿਆ ਕਿ ਮਨੁੱਖ ਇਸ ਵਿਚੋਂ ਅੱਜ ਤੱਕ ਵੀ ਸੰਪੂਰਨ ਰੂਪ ਵਿੱਚ ਬਾਹਰ ਨਹੀਂ ਨਿਕਲ ਸਕਿਆ। ਇਸ ਅੰਧ-ਵਿਸ਼ਵਾਸ ਦੀ ਦਲਦਲ ਵਿੱਚ ਅਨਪੜ੍ਹ ਵਰਗ ਹੀ ਨਹੀਂ ਸਗੋਂ ਪੜ੍ਹਿਆ ਲਿਖਿਆ ਵਰਗ ਵੀ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
ਗੁਰੂ ਸਾਹਿਬਾਨ ਨੇ ਸਰੀਰਕ ਰੋਗਾਂ ਸਬੰਧੀ ਪਸਰੀ ਹੋਈ ਇਸ ਤਰ੍ਹਾਂ ਦੀ ਅਗਿਆਨਤਾ ਨੂੰ ਵੀ ਦੂਰ ਕਰਦਿਆਂ ਹੋਇਆਂ ਅਜਿਹੀ ਸਥਿੱਤੀ ਵਿੱਚ ਯੋਗ ਇਲਾਜ ਕਰਾਉਣ ਦੀ ਪ੍ਰੇਰਨਾ ਕੀਤੀ ਹੈ, ਪਰੰਤੂ ਗੁਰੂ ਸਾਹਿਬਾਨ ਬਾਰੇ ਲਿਖਣ ਵਾਲਿਆਂ ਨੇ ਗੁਰੂ ਸਾਹਿਬਾਨ ਨਾਲ ਹੀ ਅਜਿਹੀਆਂ ਮਨ-ਘੜਤ ਸਾਖੀਆਂ ਜੋੜ ਦਿੱਤੀਆਂ, ਜਿਨ੍ਹਾਂ ਨੂੰ ਅਸੀਂ ਅੱਜ ਤੀਕ ਸੱਚੀਆਂ ਮੰਨੀ ਬੈਠੇ ਹਾਂ। ਉਦਾਹਰਣ ਵਜੋਂ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਵਰਣਨ ਕੀਤੀ ਹੋਈ ਤੇਈਏ ਤਾਪ ਦੀ ਸਾਖੀ। ਸਾਖੀਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਤੇਈਏ ਤਾਪ ਨੂੰ ਬਾਲਕ ਦਾ ਰੂਪ ਬਣਾ ਕੇ, ਇਸ ਦੇ ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਕੇ ਪਿੰਜਰੇ ਵਿੱਚ ਬੰਦ ਕਰ ਦਿੱਤਾ। ਭਾਈ ਲਾਲੋ ਜਦ ਹਜ਼ੂਰ ਦੇ ਦਰਸ਼ਨ ਕਰਨ ਆਇਆ ਤਾਂ ਉਸ ਨੇ ਗੁਰੂ ਸਾਹਿਬ ਨੂੰ ਇਸ ਨੂੰ ਆਜ਼ਾਦ ਕਰਨ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਭਾਈ ਲਾਲੋ ਨੂੰ ਇਸ ਬਾਰੇ ਦੱਸਿਆ ਕਿ ਜੇਕਰ ਇਸ ਨੂੰ ਛੱਡ ਦੇਵਾਂਗੇ ਤਾਂ ਇਹ ਲੋਕਾਂ ਦਾ ਲਹੂ ਪੀਵੇਗਾ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਲਾਲੋ ਕਹਿਣ ਲੱਗਾ ਮਹਾਰਾਜ ਇਸ ਨੂੰ ਮੈਂ ਆਪਣੇ ਘਰ ਲੈ ਜਾਂਦਾ ਹਾਂ। ਤੁਹਾਡੀ ਕਿਰਪਾ ਨਾਲ ਮੇਰੇ ਘਰ ਦੁੱਧ ਘਿਉ ਬਹੁਤ ਹੈ, ਮੈਂ ਇਸ ਨੂੰ ਇਹ ਛਕਾਇਆ ਕਰਾਂਗਾ। ਗੁਰੂ ਸਾਹਿਬ ਨੇ ਭਾਈ ਲਾਲੋ ਦੀ ਗੱਲ ਮੰਨ ਕੇ ਤੇਈਏ ਤਾਪ ਨੂੰ ਇਸ ਦੇ ਹਵਾਲੇ ਕਰ ਦਿੱਤਾ। ਜਦ ਭਾਈ ਸਾਹਿਬ ਇਸ ਨੂੰ ਆਪਣੇ ਘਰ ਲੈ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਇਸ ਬਾਲਕ (ਤਾਪ) ਨੇ ਭਾਈ ਸਾਹਿਬ ਨੂੰ ਕਿਹਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ, ਕੁੱਛ ਖਾ ਕੇ ਹੁਣੇ ਵਾਪਸ ਆਉਂਦਾ ਹਾਂ। ਭਾਈ ਸਾਹਿਬ ਨੂੰ ਇਤਨਾ ਆਖ ਕੇ ਇਹ ਪਾਸ ਹੀ ਕਪੜੇ ਧੋ ਰਹੇ ਧੋਬੀ ਨੂੰ ਜਾ ਚੜ੍ਹਿਆ। ਉਸ ਦੇ ਲਹੂ ਦਾ ਖੱਪਰ ਭਰ ਕੇ ਭਾਈ ਸਾਹਿਬ ਦੇ ਪਾਸ ਲੈ ਕੇ ਆ ਗਿਆ। ਭਾਈ ਸਾਹਿਬ ਦੇ ਦੇਖਦਿਆਂ ਦੇਖਦਿਆਂ ਹੀ ਇਹ ਲਹੂ ਨੂੰ ਪੀ ਗਿਆ। ਭਾਈ ਲਾਲੋ ਇਹ ਦੇਖ ਕੇ ਬਹੁਤ ਹੀ ਭੈ ਭੀਤ ਹੋਏ। ਆਪ ਨੇ ਇਸ ਬਾਲਕ (ਤਾਪ) ਨੂੰ ਕਿਹਾ ਕਿ ਮੈਂ ਤੈਨੂੰ ਵਾਪਸ ਸਤਿਗੁਰੂ ਜੀ ਕੋਲ ਹੀ ਛੱਡ ਆਉਂਦਾ ਹਾਂ। ਇਹ ਸੁਣ ਕੇ ਬਾਲਕ (ਤਾਪ) ਭਾਈ ਸਾਹਿਬ ਦੇ ਚਰਨੀ ਪੈ ਕੇ ਬੇਨਤੀ ਕਰਨ ਲੱਗਾ ਕਿ ਮੈਨੂੰ ਗੁਰੂ ਜੀ ਪਾਸ ਨਾ ਲੈ ਕੇ ਜਾਵੋ, ਮੈਂ ਤੁਹਾਡੇ ਹਰੇਕ ਹੁਕਮ ਨੂੰ ਮੰਨਾਂਗਾ। ਜਦ ਵੀ ਕੋਈ ਤੁਹਾਡੇ ਅਰ ਮੇਰੇ ਮਿਲਾਪ ਦੀ ਕਥਾ ਸੁਣਾਵੇਗਾ ਅਤੇ ਤੁਹਾਡਾ ਨਾਮ ਲਵੇਗਾ, ਮੈਂ ਉਸ ਨੂੰ ਛੱਡ ਦੇਵਾਂਗਾ, ਆਦਿ।
ਅੱਜ ਵੀ ਕਈ ਥਾਈਂ ਇਹ ਤਾਪ ਚੜ੍ਹਨ ਦੀ ਸੂਰਤ ਵਿੱਚ ਇਹ ਕਥਾ ਸੁਣਾ ਕੇ ਭਾਈ ਲਾਲੋ ਦੇ ਨਾਮ ਦੀ ਦੁਹਾਈ ਦਿੱਤੀ ਜਾਂਦੀ ਹੈ। ਇਹ ਸਾਖੀ ਆਮ ਤੌਰ `ਤੇ ਕਈ ਗੁਰਦੁਆਰਾ ਸਾਹਿਬਾਨ ਵਿਖੇ ਸੇਵਾ ਨਿਭਾਉਣ ਵਾਲੇ ਜ਼ੁੰਮੇਵਾਰ ਸੱਜਨਾਂ ਵਲੋਂ ਸੁਣਾਈ ਜਾਂਦੀ ਹੈ। ਨੋਟ: ਤੇਈਆ ਤਾਪ
(Tertian Fever) ਇਕ ਦਿਨ ਚੜ੍ਹਦਾ ਹੈ, ਦੂਜੇ ਦਿਨ ਨਹੀਂ, ਫਿਰ ਤੀਜੇ ਦਿਨ ਅਸਰ ਕਰਦਾ ਹੈ।
ਨੋਟ: ਗੋਇੰਦਵਾਲ ਸਾਹਿਬ ਵਿਖੇ ਹਵੇਲੀ ਸਾਹਿਬ ਦੇ ਸਾਹਮਣੇ ਇੱਕ ਕੋਠੜੀ ਹੈ, ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਤੇਈਏ ਤਾਪ ਨੂੰ ਇੱਥੇ ਕੈਦ ਕੀਤਾ ਸੀ। ਇਸ ਸੂਚਨਾ ਨੂੰ ਪੜ੍ਹ ਕੇ ਜਾਗਰੂਕ ਗੁਰਸਿੱਖਾਂ ਦੇ ਮੁੱਖੋਂ ਆਪ-ਮੁਹਾਰੇ ਇਹ ਸ਼ਬਦ ਨਿਕਲ ਜਾਂਦੇ ਹਨ ਕਿ ਧੰਨ ਸਿੱਖਾਂ ਦੇ ਆਗੂ, ਜਿਹੜੇ ਇਹੋ ਜਿਹੀਆਂ ਮਨ-ਘੜਤ ਕਹਾਣੀਆਂ ਦੀ ਅਸਲੀਅਤ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ ਦੀ ਥਾਂ, ਇਨ੍ਹਾਂ ਨੂੰ ਪਰਚਾਰ ਰਹੇ ਹਨ। ਧੰਨ ਗੁਰੂ ਕੇ ਸਿੱਖ ਜਿਹੜੇ ਇਨ੍ਹਾਂ ਮਨ-ਘੜਤ ਕਹਾਣੀਆਂ ਨੂੰ ਸੁਣ ਕੇ ਸਤਿ ਬਚਨ ਆਖ ਕੇ ਸਿਰ ਨਿਵਾ ਦੇਂਦੇ ਹਨ!
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਹਰੇਕ ਤਰ੍ਹਾਂ ਦੇ ਵਹਿਮ-ਭਰਮ ਤੋਂ ਉਪਰ ਉਠਾਉਂਦੀ ਹੈ। ਪਰ ਕਈ ਸੱਜਨ ਬਾਣੀ ਨੂੰ ਹੀ ਇਸ ਤਰ੍ਹਾਂ ਦੇ ਵਹਿਮ-ਭਰਮ ਫੈਲਾਉਣ ਲਈ ਵਰਤ ਰਹੇ ਹਨ। ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਦਾ ਵੱਖ ਵੱਖ ਮਹਾਤਮ ਦਰਸਾਉਣ ਵਾਲੇ ਬਾਣੀ ਦਾ ਸਤਿਕਾਰ ਨਹੀਂ ਬਲਕਿ ਨਿਰਾਦਰ ਕਰ ਰਹੇ ਹਨ। ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨਾਲੋਂ ਤੋੜ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਰੇਕ ਸ਼ਬਦ ਹੀ ਮਨੁੱਖ ਲਈ ਕਲਿਆਣਕਾਰੀ ਹੈ; ਪਰੰਤੂ ਮੰਤਰ ਰੂਪ ਵਿੱਚ ਨਹੀਂ, ਸਗੋਂ ਇਸ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਅਤੇ ਆਪਣਾ ਜੀਵਨ ਇਸ ਅਨੁਸਾਰ ਬਣਾਉਣ ਨਾਲ ਹੀ ਕਲਿਆਣ ਸੰਭਵ ਹੈ।
‘ਸ਼ਰਧਾ ਪੂਰਨ ਗ੍ਰੰਥ` ਦਾ ਕਰਤਾ ਬਾਣੀ ਦੇ ਵੱਖ ਵੱਖ ਸ਼ਬਦਾਂ ਦਾ ਭਿੰਨ ਭਿੰਨ ਮਹਾਤਮ ਦਰਸਾਉਣ ਵਾਲੀਆਂ ਧਿਰਾਂ ਵਿਚੋਂ ਪਹਿਲੀ ਕਤਾਰ `ਚ ਖੜਾ ਹੋ ਕੇ ਇਹ ਪਾਰਟ ਅਦਾ ਕਰਦਾ ਹੋਇਆ ਦੇਖਿਆ ਜਾ ਸਕਦਾ ਹੈ। ਜਪੁਜੀ ਦੀ ਹਰੇਕ ਪਉੜੀ ਦਾ ਜਿਸ ਤਰ੍ਹਾਂ ਦਾ ਲੇਖਕ ਮਹਾਤਮ ਦਰਸਾ ਰਿਹਾ ਹੈ, ਪਾਠਕ ਇਸ ਦੀ ਝਲਕ ਦੇਖ ਚੁਕੇ ਹਨ। ਪੁਸਤਕ ਕਰਤਾ ਵਲੋਂ ਜਪੁਜੀ ਦੀ ੩੦ਵੀਂ ਪਉੜੀ ਨੂੰ ਸਿੱਧ ਕਰਨ ਦੀ ਵਿਧੀ ਅਤੇ ਇਸ ਦੇ ਲਿਖੇ ਹੋਏ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ।। ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ।। ਅਰਥ:- (ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ।। ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।। ਅਰਥ:- (ਪਰ ਅਸਲ ਗੱਲ ਇਹ ਹੈ ਕਿ) ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ, (ਇਹਨਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁੱਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ।
ਆਦੇਸੁ ਤਿਸੈ ਆਦੇਸੁ।। ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ।। ੩੦।। ਅਰਥ:- (ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। (ਇਹੀ ਹੈ ਵਸੀਲਾ ਉਸ ਪ੍ਰਭੂ ਨਾਲੋਂ ਵਿੱਥ ਦੂਰ ਕਰਨ ਦਾ)। ੩੦।
ਭਾਵ:- ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪਰਬੰਧ ਚਲਾ ਰਹੀਆਂ ਹਨ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿੱਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। ੩੦। (ਪੰਨਾ ੭)
ਪਰੰਤੂ ਅਖੌਤੀ ‘ਸ਼ਰਧਾ ਪੂਰਨ ਗ੍ਰੰਥ` ਦਾ ਕਰਤਾ ਇਸ ਪਉੜੀ ਦਾ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਇਉਂ ਲਿਖਦਾ ਹੈ, “ਇਸ ਪਉੜੀ ਦਾ ਸ਼ੁਕਰਵਾਰ ਤੋਂ ਲੈ ਕੇ ਇਕਤਾਲੀ ਸੌ ਪਾਠ ਕਰਨਾ। ਇਸ ਸਿੱਧ ਕੀਤੀ ਹੋਈ ਪਉੜੀ ਦਾ ਜਿਸ ਇਸਤ੍ਰੀ ਨੂੰ ਪਾਣੀ ਮੰਤਰ ਕੇ ਦੇਵੇ ਉਸ ਦਾ ਅਠਰਾਹ ਤਥਾ ਸੋਕੜਾ ਰੋਗ ਦੂਰ ਹੋਵੇ, ਜੇਕਰ ਕਿਸੇ ਨੂੰ ਸੇਤੀ ਸਰੋਂ ਦੇ ਦਾਣੇ ਮੰਤਰ ਕੇ ਉਸ ਦੇ ਕੰਨ ਨਾਲ ਬੰਨ੍ਹ ਦੇਵੇ ਤਾਂ ਭੂਤ ਦਾ ਛਾਇਆ ਦੂਰ ਹੋਵੇ।” ਨੋਟ: ਅਠਰਾਹ ਦਾ ਅਰਥ ਹੈ: ਮ੍ਰਿਤਵਤਸਾ ਬੰਧਯਾ ਦੋਸ਼। ਜਨਮ ਤੋਂ ਅੱਠਵੇਂ ਅਥਵਾ ਅਠਾਰਵੇਂ ਦਿਨ, ਅਤੇ ਅਠਾਰਾਂ ਮਹੀਨਿਆ ਵਿੱਚ ਸੰਤਾਨ ਦੀ ਮੌਤ ਹੋਣ ਕਰਕੇ ਪ੍ਰਸਿੱਧ ਨਾਉਂ ਅਠਰਾਹਾ ਹੋ ਗਿਆ ਹੈ। ਅਰ ਤੰਤ੍ਰ ਸ਼ਾਸਤ੍ਰ ਵਾਲੇ ਅੱਠ ਜੋਗੀਆਂ ਦੇ ਅਸਰ ਤੋਂ ਇਹ ਰੋਗ ਹੋਣਾ ਮੰਨਦੇ ਹਨ, ਪਰ ਇਹ ਬਾਤ ਸਹੀ ਨਹੀਂ ਕਿ ਅੱਠ ਦੀ ਗਿਣਤੀ ਤੋਂ ਹੀ ਮੌਤ ਆਉਂਦੀ ਹੈ। (ਮਹਾਨ ਕੋਸ਼)
ਪੁਸਤਕ ਕਰਤਾ ਨੇ ਪਿਛਲੀ ਪਉੜੀ ਦਾ ਮਹਾਤਮ ਲਿਖਿਆ ਹੈ ਕਿ ਇਸ ਦੇ ਪਾਠ ਕਰਨ ਨਾਲ ਸਰਬੱਤ ਰੋਗ ਦੂਰ ਹੋਵਣ, ਪਰ ਇਸ ਪਉੜੀ ਦੇ ਮਹਾਤਮ ਵਿੱਚ ਕੇਵਲ ਅਠਰਾਹ ਤਥਾ ਸੋਕੜਾ ਰੋਗ ਦੂਰ ਹੋਣ ਦੀ ਹੀ ਗੱਲ ਕਰ ਰਿਹਾ ਹੈ। ਲੇਖਕ ਦੀ ਦ੍ਰਿਸ਼ਟੀ ਤੋਂ ਦੇਖਣਾ ਹੋਵੇ ਤਾਂ ਪਿਛਲੀ ਪਉੜੀ ਦਾ ਵਧੇਰੇ ਮਹਾਤਮ ਹੈ; ਚੂੰਕਿ ਉਸ ਦੇ ਪੜ੍ਹਨ ਨਾਲ ਸਾਰੇ ਰੋਗਾਂ ਤੋਂ ਹੀ ਛੁਟਕਾਰਾ ਮਿਲ ਜਾਂਦਾ ਹੈ। ਪਰ ਇਸ ਪਉੜੀ ਨਾਲ ਕੇਵਲ ਅਠਰਾਹਾ ਰੋਗ ਹੀ ਦੂਰ ਹੁੰਦਾ ਹੈ। ਲੇਖਕ ਅਨੁਸਾਰ ਇਸ ਪਉੜੀ ਨੂੰ ਸਿੱਧ ਕਰਨ ਨਾਲ ਆਪਣੇ ਆਪ ਨਹੀਂ, ਬਲਕਿ ਦੂਜਿਆਂ ਨੂੰ ਹੀ ਲਾਭ ਪਹੁੰਚਾ ਕੇ ਪਰਉਪਕਾਰ ਕਰ ਸਕੀਦਾ ਹੈ!
ਲੇਖਕ ਵਲੋਂ ਇਸ ਪਉੜੀ ਦੇ ਮਹਾਤਮ ਤੋਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਲੇਖਕ ਇਸ ਪਉੜੀ ਨੂੰ ਇਸ ਤਰ੍ਹਾਂ ਦੀ ਵਿਧੀ ਅਤੇ ਇਸ ਤਰ੍ਹਾਂ ਦਾ ਮਹਾਤਮ ਦਰਸਾ ਕੇ ਆਮ ਮਨੁੱਖ ਨੂੰ ਤਾਂਤ੍ਰਿਕ ਬਣਨ ਦੀ ਜੁਗਤੀ ਦ੍ਰਿੜ ਕਰਵਾ ਰਿਹਾ ਹੈ। ਲੇਖਕ ਅਨੁਸਾਰ ਇਸ ਪਉੜੀ ਨੂੰ ਇਸ ਤਰ੍ਹਾਂ ਦੀ ਵਿਧੀ ਨਾਲ ਆਪਣੇ ਆਪ ਨੂੰ ਨਹੀਂ, ਦੂਜਿਆਂ ਦੀ ਸੇਵਾ ਕਰਨ ਦੇ ਯੋਗ ਹੋ ਜਾਈਦਾ ਹੈ। ਇਹੋ ਜਿਹੇ ਲੇਖਕਾਂ ਸਦਕਾ ਹੀ ਸਿੱਖ ਜਗਤ ਵਿੱਚ ਇਸ ਤਰ੍ਹਾਂ ਦੀ ਸੇਵਾ ਕਰਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ-ਦਿਨ ਵੱਧਦੀ ਹੀ ਜਾ ਰਹੀ ਹੈ!
ਭਾਈ ਕਾਨ੍ਹ ਸਿੰਘ ਨਾਭਾ ਗੁਰੁਮਤ ਮਾਰਤੰਡ ਵਿੱਚ ਲਿਖਦੇ ਹਨ, “ਤਾਂਤ੍ਰਿਕਾਂ ਦੇ ਪ੍ਰਭਾਵ ਨਾਲ ਕਈ ਸਿੱਖ ਉਤਾਰਾ (ਅੰਨ, ਵਸਤ੍ਰ, ਨਕਦੀ ਅਤੇ ਮੁਰਗਾ, ਬਕਰਾ ਆਦਿ ਜੀਵ, ਕਿਸੇ ਰੋਗੀ ਅਥਵਾ ਵਿਪਦਾ ਗ੍ਰਸਿਤ ਦੇ ਸਿਰ ਉਪਰੋ ਵਾਰ ਕੇ ਕਿਸੇ ਨੂੰ ਦਾਨ ਕਰਨਾ ਜਾਂ ਕਿਸੇ ਖ਼ਾਸ ਥਾਂ ਰੱਖਣਾ, ਨੂੰ ‘ਉਤਾਰਾ` ਆਖੀਦਾ ਹੈ), ਹੱਥ ਹੌਲਾ (ਮੋਰ ਪੰਖ ਜਾਂ ਕਿਸੇ ਦਰਖਤ ਦੀ ਟਾਹਣੀ ਮੰਤ੍ਰ ਜਪ ਕਰਦੇ ਹੋਏ, ਰੋਗੀ ਆਦਿ ਉਤੇ ਫੇਰਨੀ ‘ਹੱਥ ਹੌਲਾ` ਸੱਦੀਦਾ ਹੈ), ਝਾੜਾ ਫੂਕਾ (ਲੋਹੇ ਦੀ ਸੀਖ ਜਾਂ ਕਿਸੇ ਖ਼ਾਸ ਕਿਸਮ ਦੀ ਲਕੜੀ ਮੰਤ੍ਰ ਪੜ੍ਹਕੇ ਬੀਮਾਰ ਤੇ ਫੇਰਕੇ ਫੂਕਾਂ ਮਾਰਣੀਆਂ ‘ਝਾੜਾ ਫੂਕਾ` ਹੈ) ਕਰਦੇ ਦੇਖੀਦੇ ਹਨ, ਜੋ ਗੁਰੁਮਤ ਅਨੁਸਾਰ ਤਨਖਾਹੀਏ ਹਨ।”
ਅਗਿਆਨ ਵਸ ਕਈ ਸਿੱਖ ਵੀ ਕਿਸੇ ਵਿਸ਼ੇਸ਼ ਵਿਅਕਤੀ ਤੋਂ ਤਬੀਤ/ਤਾਵੀਜ਼ ਜਾਂ ਰੱਛਿਆ ਆਦਿ ਲੈ ਕੇ ਪਹਿਨਦੇ ਹਨ। ਗੁਰਬਾਣੀ ਦੇ ਕਿਸੇ ਸ਼ਬਦ ਨੂੰ ਇਸ ਮਨੋਰਥ ਲਈ ਲਿਖ ਕੇ ਦੇਣ ਵਾਲੇ ਅਤੇ ਪਹਿਣਨ ਵਾਲੇ ਦੋਵੇਂ ਹੀ ਗੁਰਮਤਿ ਦੀ ਰਹਿਣੀ ਤੋਂ ਅਣਜਾਣ ਕਹੇ ਜਾ ਸਕਦੇ ਹਨ। ਚੂੰਕਿ ਗੁਰਬਾਣੀ ਤਾਵੀਜ਼ ਜਾਂ ਰੱਛਿਆ/ਰੱਖ ਆਦਿ ਬਣਾ ਕੇ ਗਲ ਜਾਂ ਬਾਹਵਾਂ ਨਾਲ ਬਣਨ ਲਈ ਨਹੀਂ ਹੈ, ਹਿਰਦੇ ਵਿੱਚ ਵਸਾਉਣ ਲਈ ਹੈ। ਇਹ ਗਲ ਜਾਂ ਡੌਲਿਆਂ ਦਾ ਸ਼ਿੰਗਾਰ ਨਹੀਂ ਹੈ; ਇਹ ਤਾਂ ਹਿਰਦੇ ਦਾ ਸ਼ਿੰਗਾਰ ਹੈ। ਕਈ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਘੋਲ ਕੇ ਪੀਂਦੇ ਹਨ। ਪਰ ਇਹ ਸਭ ਕੁੱਝ ਇਸ ਗੱਲ ਦਾ ਹੀ ਲਖਾਇਕ ਹੈ ਕਿ ਅਸੀਂ ਅਜੇ ਗੁਰਮਤਿ ਦੀ ਰਹਿਣੀ ਤੋਂ ਬਹੁਤ ਦੂਰ ਹਾਂ।
ਜੇਕਰ ਕੋਈ ਪ੍ਰਾਣੀ ਇਸ ਰੋਗ ਦਾ ਸ਼ਿਕਾਰ ਹੈ ਤਾਂ ਉਸ ਨੂੰ ਯੋਗ ਡਾਕਟਰ ਪਾਸੋਂ ਇਲਾਜ ਕਰਾਉਣ ਦੀ ਲੋੜ ਹੈ। ਬਾਣੀ ਤਾਂ ਸਿੱਖ ਨੇ ਹਰੇਕ ਪ੍ਰਸਿੱਥਤੀ ਵਿੱਚ ਪੜ੍ਹਨੀ ਹੈ ਕਿਉਂ ਕਿ ਬਾਣੀ `ਚੋਂ ਹੀ ਸਾਨੂੰ ਆਤਮਕ ਬਲ ਮਿਲਦਾ ਹੈ। ਗੁਰਬਾਣੀ ਵਿਚੋਂ ਹੀ ਵਾਹਿਗੁਰੂ ਦੇ ਹੁਕਮ ਨੂੰ ਸਮਝ ਕੇ ਹੁਕਮੀ ਬੰਦਾ ਬਣ ਸਕੀਦਾ ਹੈ। ਇਸ ਸੋਝੀ ਦੀ ਬਰਕਤ ਨਾਲ ਆਤਮਕ ਕਮਜ਼ੋਰੀ ਅਥਵਾ ਰੋਗ ਮਨੁੱਖ ਦੇ ਨੇੜੇ ਨਹੀਂ ਆਉਂਦੇ। ਨਾ ਹੀ ਕਿਸੇ ਤਰ੍ਹਾਂ ਦੇ ਮਾਨਸਿਕ ਰੋਗ ਦਾ ਸ਼ਿਕਾਰ ਹੋ ਸਕੀਦਾ ਹੈ।
ਜਿੱਥੋਂ ਤੱਕ ਪੁਸਤਕ ਕਰਤਾ ਵਲੋਂ ਇਸ ਪਉੜੀ ਨੂੰ ਸੇਤੀ ਸਰੋਂ ਦੇ ਦਾਣੇ ਮੰਤਰ ਕੇ ਭੂਤ ਦੇ ਛਾਏ ਵਾਲੇ ਦੇ ਕੰਨ ਨਾਲ ਬਨਣ ਦੀ ਗੱਲ ਦਾ ਸਵਾਲ ਹੈ, ਇਹ ਲੇਖਕ ਦੀ ਆਪਣੀ ਹੀ ਕਲਪਣਾ ਦਾ ਨਤੀਜਾ ਹੈ। ਭੂਤ ਛਾਇਆ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ, “ਮਨੁੱਖ ਨੂੰ ਵਹਿਮਾਂ-ਭਰਮਾਂ ਵਿੱਚ ਉਲਝਾ ਕੇ ਧਨ ਬਟੋਰਨ ਵਾਲਿਆਂ ਨੇ ਮਾਨਸਿਕ ਰੋਗੀਆਂ ਨੂੰ ਭੂਤ-ਪ੍ਰੇਤ ਦੀ ਛਾਇਆ ਦਾ ਭਰਮ ਪਾ ਕੇ ਉਨ੍ਹਾਂ ਦੀ ਕਮਜ਼ੋਰੀ ਦਾ ਖ਼ੂਬ ਲਾਭ ਉਠਾਇਆ ਹੈ। (ਨੋਟ: “ਛਾਇਆ ਦਾ ਅਰਥ ਹੈ: ਭੂਤ ਪ੍ਰੇਤ ਦਾ ਆਵੇਸ਼; ਭਰਮੀ ਲੋਕਾਂ ਦਾ ਮੰਨਿਆ ਹੋਇਆ ਭੂਤ ਪ੍ਰੇਤਾਦਿਕ ਦਾ ਕਿਸੇ ਸ਼ਰੀਰ ਵਿੱਚ ਪ੍ਰਵੇਸ਼।” (ਮਹਾਨ ਕੋਸ਼)
ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਸੁਣਨ ਵਾਲਿਆਂ ਨੂੰ ਇਸ ਤਰ੍ਹਾਂ ਵਹਿਮ-ਭਰਮ ਤੋਂ ਮੁਕਤੀ ਮਿਲ ਜਾਂਦੀ ਹੈ। ਇਸ ਲਈ ਇਹ ਭੂਤ ਛਾਇਆ ਆਦਿ ਦੇ ਭਰਮ ਦਾ ਸ਼ਿਕਾਰ ਨਹੀਂ ਹੁੰਦੇ।
ਸੋ, ਸਾਨੂੰ ਗੁਰਬਾਣੀ ਦੇ ਕਿਸੇ ਸ਼ਬਦ ਨੂੰ ਸਿੱਧ ਕਰਨ ਦੇ ਖ਼ਿਆਲ ਨਹੀਂ ਸਗੋਂ ਇਸ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਇਸ ਤਰ੍ਹਾਂ ਨਾਲ ਹੀ ਅਸੀਂ ਗੁਰਬਾਣੀ ਦਾ ਸਹੀ ਅਰਥਾਂ ਵਿੱਚ ਲਾਭ ਉਠਾ ਸਕਾਂਗੇ। ਇਸ ਵਿਧੀ ਨਾਲ ਹੀ ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਸਮਝ ਕੇ ਇਸ ਦੇ ਧਾਰਨੀ ਹੋ ਸਕਾਂਗੇ।
ਜਸਬੀਰ ਸਿੰਘ ਵੈਨਕੂਵਰ




.