.

ਨਿਆਰਾ ਖਾਲਸਾ
ਰਾਮ ਸਿੰਘ, ਗ੍ਰੇਵਜੈਂਡ

ਭਾਈ ਗੁਰਦਾਸ ਜੀ ਦੇ ਇਸ ਕਥਨ, ‘‘ਸ਼ਬਦ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ”। ( ੧- ੧੩ ) ਅਨੁਸਾਰ ਖਾਲਸਾ ਪੰਥ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਅਤੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਕਰ ਕਮਲਾਂ ਦੁਆਰਾ ਇਹ ਨਿਰਾਲਾ ਪੰਥ ਵਿਲੱਖਣ ਰੂਪ ਵਿਚ ਪ੍ਰਵਾਨ ਚੜ੍ਹਿਆਂ। ਇਸ ਪੰਥ ਦੀ ਗੁਰਮਤਿ ਚਾਲ ਵੀ ਭਾਈ ਗੁਰਦਾਸ ਜੀ ਨੇ ਅਗਲੇ ਕਥਨ, ‘‘ਡਗਮਗ ਚਾਲ ਸੁਢਾਲ ਹੈ ਗੁਰਮਤਿ ਨਿਰਾਲੀ”।( ੧੩-੬ ) ਅਨੁਸਾਰ ਨਿਰਾਲੀ ਹੈ। ਪਰ ਨਾਲ ਦੀ ਨਾਲ ਇਹ ਨਿਰਾਲਾ ਤੇ ਨਿਰਮਲ ਪੰਥ ਦੁਨਿਆਵੀ ਲਾਜ ਕੁਲਾਜ ਦੀ ਪ੍ਰਵਾਹ ਨਾ ਕਰਦਾ ਹੋਇਆ ਪਰ ਗੁਰੂ ਹੁਕਮਾਂ ਨੂੰ ਕਮਾਉਂਦਾ ਹੋਇਆ, ਭਾਈ ਗੁਰਦਾਸ ਦੇ ਇਸ ਵਾਕ, ‘‘ਵਾਲਹੁ ਨਿਕਾ ਆਖੀਐ ਗੁਰ ਪੰਥ ਨਿਰਾਲਾ”। (੧੩-੭) ਦੀ ਰੋਸ਼ਨੀ ਵਿਚ ਤੇ ਕਬੀਰ ਜੀ ਦੇ ਕਥਨ ਅਨੁਸਾਰ, ‘‘ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ”। (ਪੰਨਾ ੧੩੭੩) ਔਖੀ ਘਾਟੀ ਦਾ ਮੁਸਾਫਿਰ ਗੁਰੂ ਹੁਕਮਾਂ ਨੂੰ ਕਮਾਉਣਾ ਦੀ ਖੁਸ਼ੀ ਦੀ ਮਸਤੀ ਵਿਚ ਨਿਰਾਲੇ ਢੰਗ ਨਾਲ ਅਗਾਂਹ ਵਧਦਾ ਜਾ ਰਿਹਾ ਹੈ।
ਪਰ ਸਿੱਖ ਪੰਥ ਭਾਵ ਖਾਲਸਾ ਪੰਥ - ਹੋਰਨਾਂ ਮੱਤਾਂ ਅਨੁਸਾਰ ਸਿਰਫ ਮਰਦਾਂ ਦੀ ਕਰਨੀ ਆਦਿ ਨੂੰ ਹੀ ਪ੍ਰਵਾਨਦਾ ਹੈ ਜਾਂ ਮਰਦ ਤੇ ਔਰਤ ਨੂੰ ਬਰਾਬਰ ਦਾ ਦਰਜਾ ਦੇ ਕੇ ਸਮੁੱਚੀ ਸਿੱਖ ਜਾਤੀ (ਸਿੰਘਾਂ ਤੇ ਸਿੰਘਣੀਆਂ) ਨੂੰ ਪੰਥ ਗਰਦਾਨਦਾ ਹੈ? ਸਿੱਖ ਪੰਥ ਤਾਂ ਸਗੋਂ ਇਸ ਤੋਂ ਵੀ ਉਤਾਂਹ ਉੱਠ ਕੇ ਸਾਰੀ ਮਾਨਵਤਾ ਨੂੰ ਅਪਣੀ ਲਪੇਟ ਵਿਚ ਲੈਂਦਾ ਹੈ। ਤੇ ‘‘ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ” ਅਤੇ ‘‘ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਿਉ ਸਾਂਝਾ”। (ਪੰਨਾ ੭੪੭) ਅਨੁਸਾਰ ਸੰਸਾਰ ਦੇ ਹਰ ਮਰਦ ਇਸਤਰੀ ਨੂੰ ਇਸ ਉਤਮ ਸਿਖਿਆਂ ਤੋਂ ਲਾਭ ਉਠਾਉਣ ਲਈ ਪ੍ਰੇਰਦਾ ਹੈ। (ਗੁਰੂ ਸਾਹਿਬ) ਕਬੀਰ ਜੀ ਦੇ ਇਸ ਮੁਖਵਾਕ, ‘‘ਸੁਨਤਿ ਕੀਏ ਤੁਰਕੇ ਜੇ ਹੋਇਗਾ ਅਉਰਤ ਕਾ ਕਿਆ ਕਰੀਐ।। ਅਰਧ ਸਰੀਰੀ ਨਾਰਿ ਨਾ ਛੋਡੈ ਤਾ ਤੇ ਹਿੰਦੂ ਹੀ ਰਹੀਐ।।” (ਪੰ.੪੭੭) ਅਨੁਸਾਰ ਸਿੱਖ ਪੰਥ ਦੀ ਅੱਧੀ ਆਬਾਦੀ ਭਾਵ ਇਸਤਰੀ ਜਾਤੀ ਨੂੰ ਕਿਸੇ ਵੀ ਪੱਖੋਂ ਬੇਦਖਲ ਨਹੀਂ ਕਰਨਾ ਚਾਹੁੰਦਾ। ਸੋ ਇਹ ਸਾਬਤ ਹੋ ਜਾਂਦਾ ਹੈ ਕਿ ਸਿੱਖ ਪੰਥ ਵਿਚ ਜੋ ਭੀ ਹੁਕਮ ਜਾਂ ਸਿਖਿਆ ਹੈ ਉਹ ਪੰਥ ਦੇ ਕਿਸੇ ਇਕ ਵਰਗ ਜਾਂ ਲਿੰਗ ਜਾਤੀ ਲਈ ਨਹੀਂ, ਸਮੁੱਚੀ ਸਿੱਖ ਵਸੋਂ (ਮਰਦ-ਇਸਤਰੀ, ਨੌਜਵਾਨ, ਬੁੱਢੇ ਆਦਿ) ਲਈ ਹੈ। ਜਿਸ ਦਾ ਪ੍ਰਚਾਰ ਸਭ ਉਘੇ ਪ੍ਰਚਾਰਕ ਕਰਦੇ ਹਨ ਕਿ ਖੰਡੇ ਦਾ ਅੰਮ੍ਰਿਤ, ਰਹਿਤਾਂ ਆਦਿ ਹਰ ਸਿੱਖ ਮਰਦ ਅਤੇ ਇਸਤਰੀ ਲਈ ਸਮਾਨ ਹਨ। ਜਿਵੇਂ ਅੰਮ੍ਰਿਤ ਛਕਾਉਣ ਸਮੇਂ ਜੈਕਾਰਾ ਬੀਬੀਆਂ ਲਈ ਵੀ, ‘‘ਵਾਹਿਗੁਰੂ ਜੀ ਕਾ ਖਾਲਸਾ” ਹੀ ਹੈ ਨਾ ਕਿ ‘‘ਵਾਹਿਗੁਰੂ ਜੀ ਕੀ ਖਾਲਸੀ।।”
ਸੋ ਗੁਰੂ ਨਾਨਕ ਦੇਵ ਜੀ ਨੇ ਇਸ ਨਿਆਰੇ ਤੇ ਨਿਰਾਲੇ ਪੰਥ ਦੀ ਨੀਂਹ ਹੀ ਨਿਰਾਲੇ ਢੰਗ ਨਾਲ ਰੱਖੀ। ਕਿਵੇਂ? ਇਸ ਤਰ੍ਹਾ ਕਿ ਦੂਸਰੇ ਮਤ ਇਸਤਰੀ ਜਾਤੀ ਨੂੰ ਹਰ ਧਾਰਮਿਕ ਖੇਤਰ ਵਿਚੋਂ ਬਾਹਰ ਰੱਖਦੇ ਹਨ, ਗੁਰੂ ਜੀ ਨੇ ਇਸਨੂੰ ਸਗੋਂ ਅਗਾਂਹ ਰੱਖਿਆ। ਹਰ ਤਰਾਂ ਦੇ ਰਿਵਾਜ ਤੇ ਰੀਤਾਂ ਆਦਿ ਵੀ ਹੋਰਨਾਂ ਮੱਤਾਂ ਨਾਲੋਂ ਵਿਲੱਖਣ ਪਰ ਸਿੱਧੇ ਸਾਦੇ ਤੇ ਸੁਭਾਵਕ ਨਿਭਾਏ ਜਾਣ ਵਾਲੇ ਹੋਣ ਕਰਕੇ ਨਿਭਾਉਣ ਵਾਲਿਆਂ ਲਈ ਆਸਾਨ ਪਰ ਦੂਜਿਆਂ, ਲੋਕ ਲਾਜ ਦੇ ਭਾਰ ਹੇਠਾਂ ਦੱਬੇ, ਲੋਕਾਂ ਲਈ ਬਹੁਤ ਕਠਿਨ ਦਿਖਾਈ ਦਿੰਦੇ ਹਨ। ਖੈਰ ਇਥੇ ਖਾਸ ਵਿਚਾਰ ਖਾਲਸਾ ਰਹਿਤ ਦੀ ਕਰਨੀ ਹੈ ਜਿਸ ਨੇ ਖਾਲਸਾ ਪੰਥ ਨੂੰ ਨਿਰਾਲੀ ਸ਼ਾਨ ਬਖਸ਼ ਕੇ ਨਿਰਾਲਾ ਤੇ ਨਿਆਰਾ ਬਣਾਇਆ ਹੈ।
ਇਹ ਨਿਆਰੀ ਤੇ ਨਿਰਾਲੀ ਰਹਿਤ ਗੁਰੂ ਨਾਨਕ ਦੇਵ ਜੀ ਨੇ ਹੀ ਪ੍ਰਚਲਿਤ ਕਰ ਦਿੱਤੀ ਸੀ ਜਦ ਕਿ ਅਦਿ ਗੁਰੂ ਜੀ ਨੇ ਕੇਸਾਂ ਦੀ ਖਾਸ ਮਹਤੱਤਾਂ ਦਰਸਾਉਂਦੇ ਹੋਏ ਭੁੱਲੇ ਭਟਕੇ ਜੀਵ ਨੂੰ ਪ੍ਰਮਾਤਮਾ ਦਾ ਨਿੱਜ ਰੂਪ ਦਰਸਾ ਕੇ ਉਸ ਨਿੱਜ ਰੂਪ ਵਰਗਾ ਹੋਣ ਲਈ ਮਨ ਵਿਚ ਤਾਂਘ ਪੈਦਾ ਕਰ ਦਿੱਤੀ ਜਿਵੇਂ ‘‘ਮਨ ਤੂ ਜੋਤਿ ਸਰੂਪ ਹੈ।।”(ਪੰ.੪੪੧) ਦਾ ਸਬਕ ਦੇ ਕੇ ਪੱਕਿਆਂ ਕਰਦੇ ਹੋਏ ਸਾਬਤ ਸੁਚੇਤ ਰਹਿਣ ਦੀ ਸਿੱਖਿਆ ਦਿੱਤੀ। ਇਸਨੂੰ ਪੰਜਵੇਂ ਜਾਮੇ ਵਿਚ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਅੰਕਿਤ ਕਰ ਦਿੱਤਾ, ‘‘ਸਾਬਤ ਸੂਰਤ ਦਸਤਾਰ ਸਿਰਾ”। (ਪੰਨਾ.੧੦੮੪) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਹਰ ਮਾਈ ਭਾਈ ਨੌਜਵਾਨ ਬੁੱਢੇ ਆਦਿ ਲਈ ਸਿਖਿਆ ਤੇ ਹੁਕਮ ਵਜੋਂ ਸ਼ਾਮਲ ਹੈ। ਸੋ ਸਭ ਲਈ ਕੇਸ ਜੋ ਪ੍ਰਮਾਤਮਾ ਦਾ ਨਿੱਜ ਰੂਪ ਹੋਣ ਕਰਕੇ ਬਹੁਤ ਜ਼ਰੂਰੀ ਤੇ ਪਵਿੱਤਰ ਦਾਤ ਹਨ, ਸੰਭਾਲਣੇ ਜ਼ਰੂਰੀ ਕਰਾਰ ਦੇ ਦਿੱਤੇ ਗਏ। ਐਸੀ ਰਹਿਣੀ ਰਹਿਣ ਲਈ ਕਿਸੇ ਹੋਰ ਪੈਗੰਬਰ ਨੇ ਕਦੇ ਜ਼ੋਰ ਨਹੀਂ ਸੀ ਦਿੱਤਾ। ਪਰ ਗੁਰੂ ਜੀ ਅਸਲੀ ਅਰਥਾਂ ਵਿਚ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਸੂਰਤ ਨੂੰ ਕਾਇਮ ਦਾਇਮ ਰੱਖਣ ਲਈ ਪ੍ਰੇਰਦੇ ਹਨ। ਕਿਉਂ? ਤਾਂ ਕਿ ਪ੍ਰਮਾਤਮਾ ਦੀ ਨੇੜਤਾਂ ਪ੍ਰਾਪਤ ਕਰਨੀ ਆਸਾਨ ਹੋ ਸਕੇ। ਕਿੰਨੀ ਸਰਲ ਪਰ ਮਹੱਤਵਪੂਰਨ ਸਿਖਿਆ ਹੈ ਇਹ। ਦਸਵੇਂ ਜਾਮੇ ਵਿਚ ਗੁਰੂ ਜੀ ਨੇ ਖੰਡੇ ਦੀ ਰਹਿਤ ਦ੍ਰਿੜਾ ਕੇ ਹੁਕਮ ਕਰ ਦਿੱਤਾ ਕਿ, ‘‘ਸੋ ਸਿਖ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚ ਆਵੈ।। ਆਪਣੇ ਭਾਣੇ ਜੋ ਚਲੇ ਭਾਈ ਵਿਛੜਿ ਚੋਟਾ ਖਾਵੈ।।” (ਪੰਨਾ. ੬੦੧-੨) ਤੇ ਨਾਲ ਚਿਤਾਵਨੀ ਕਰ ਦਿੱਤੀ , ‘‘ਜਬ ਲਗ ਖਾਲਸਾ ਰਹੇ ਨਿਆਰਾ।। ਤਬ ਲਗ ਤੇਜ ਦੀਉ ਮੈ ਸਾਰਾ।। ਜਬ ਇਹ ਗਹੈ ਬਿਪਰਨ ਕੀ ਰੀਤਿ।। ਮੈ ਨ ਕਰੂੰ ਇਨਕੀ ਪ੍ਰਤੀਤ।।”
ਅੰਮ੍ਰਿਤ ਛਕਾਉਣ ਸਮੇਂ ਜੋ ਰਹਿਤਾਂ ਤੇ ਕੁਰਹਿਤਾਂ ਦ੍ਰਿੜਾਈਆਂ ਜਾਂਦੀਆਂ ਹਨ ਉਨ੍ਹਾਂ ਦਾ ਪਾਲਣ ਕਰਨਾ ਹਰ ਅੰਮ੍ਰਿਤ ਛਕਣ ਵਾਲੇ ਇਸਤਰੀ ਮਰਦ (ਸਿੰਘਣੀ-ਸਿੰਘ) ਲਈ ਜ਼ਰੂਰੀ ਹੈ। ਸਭ ਤੋਂ ਸਰੇਸ਼ਟ ਰਹਿਤ ਤੇ ਹੁਕਮ, ‘ਹੁਕਮਾਂ ਸਿਰ ਹੁਕਮ` ਨਾਮ ਜਪਣਾ ਹੈ। ਅਤੇ ਨਾਮ ਜਪਣ ਵਿਚ ਸਹਾਇਕ ਤੇ ਆਤਮਾ ਦੀ ਉੱਨਤੀ ਲਈ ਵਾੜ ਵਜੋਂ ਅਤੇ ਸਿੱਖ ਪੰਥ ਦਾ ਅੰਗ ਹੋਣ ਵਜੋਂ ਬਾਹਰੀ ਰਹਿਤ ਦਾ ਪਾਲਣਾ ਵੀ ਉਨਾ ਹੀ ਜ਼ਰੂਰੀ ਦ੍ਰਿੜਾਇਆ ਗਿਆ, ਤੇ ਜਾਂਦਾ ਹੈ ਅਤੇ ਕਿਸੇ ਤਰ੍ਹਾਂ ਦੀ ਢਿੱਲ ਨੂੰ ਆਪਣੇ ਭਾਣੇ ਜੋ ਚਲੈ ਭਾਈ ਵਿਛੜਿ ਚੋਟਾ ਖਾਵੈ।।” ਦੀ ਚਿਤਾਵਨੀ ਰਾਹੀਂ ਖਬਰਦਾਰ ਕਰ ਦਿੱਤਾ। ਚਾਰ ਕੁਰਹਿੱਤਾਂ ਦੇ ਨਾਲ ਨਾਲ ਜੋ ਪੰਜ ਰਹਿਤਾਂ ਹਨ ਉਹ ਖਾਸ ਮਹਤੱਤਾ ਰੱਖਦੀਆਂ ਹਨ, ਖਾਲਸਾ ਪੰਥ ਨੂੰ ਨਿਰਾਲਾ ਤੇ ਨਿਆਰਾ ਬਣਾਉਣ ਵਿਚ ਤੇ ਉਨ੍ਹਾਂ ਵਿਚੋਂ ਦਸਤਾਰ ਭਾਵ ਕੇਸਕੀ ਹੋਰ ਵੀ ਖਾਸ ਮਹਤੱਤਾ ਰੱਖਦੀ ਹੈ ਕਿੳਂਕਿ ਇਸ ਤੋਂ ਬਿਨਾਂ ਤਾਂ ਨਿਰਾਲਾਪਨ ਦੂਜੇ ਲੋਕਾਂ ਵਿੱਚ ਪ੍ਰਗਟਾਉਣਾ ਸੰਭਵ ਨਹੀਂ। ਜੇ ਸਿੱਖ ਅੰਮ੍ਰਿਤਧਾਰੀ ਬੀਬੀਆਂ ਅਨਮਤੀ ਬੀਬੀਆਂ ਵਾਂਗ ਸਿਰ ਤੇ ਕਸਿਕੀ ਦੀ ਬਜਾਏ ਚੁੰਨੀ ਹੀ ਪਹਿਨਣ ਤਾਂ ਉਹ ਨਾ ਤਾਂ ਪਹਿਚਾਣ ਹੋ ਸਕਦੀਆਂ ਹਨ ਤੇ ਖਾਸ ਕਰਕੇ ਨਾ ਨਿਰਾਲੀਆਂ ਹੀ ਲੱਗ ਸਕਦੀਆਂ ਚੁੰਨੀ ਤਾਂ ਪਲ ਪਲ ਸਿਰ ਤੋਂ ਖਿਸਕਦੀ ਰਹਿੰਦੀ ਹੈ। ਤਦ ਸਾਰਾ ਸਿੱਖ ਪੰਥ ਨਿਰਾਲਾ ਕਿਵੇਂ ਹੋਵੇਗਾ। ਫਿਰ ਜਦ ਕਿ ਗੁਰੂ ਜੀ ਨੇ ਸਾਰੇ ਸਿੱਖ ਪੰਥ ਨੂੰ ਨਿਰਾਲਾ ਬਣਾਇਆ ਹੈ।
ਉੱਪਰ ਸਾਬਤ ਹੋ ਚੁਕਾ ਹੈ ਕਿ ਖਾਲਸਾ ਪੰਥ ਵਿਚ ਦੋਵੇਂ ਇਸਤਰੀ ਮਰਦ ਸ਼ਾਮਿਲ ਹਨ ਨਾ ਕਿ ਸਿਰਫ ਮਰਦ। ਸੋ ਜੋ ਹੁਕਮ ਖਾਲਸਾ ਪੰਥ ਪ੍ਰਤੀ ਗੁਰੂ ਸਾਹਿਬ ਵਲੋਂ ਤੇ ਹੁਣ ਪੰਜਾਂ ਪਿਆਰਿਆਂ ਵਲੋਂ ਹੁੰਦਾ ਹੈ ਉਹ ਸਭ ਇਸਤਰੀ ਮਰਦ ਵਾਸਤੇ ਸਾਮਾਨ ਹੈ। ਦੋਹਾਂ ਨੇ ਉਸ ਨੂੰ ਮੰਨਣਾਂ, ਉਸਤੇ ਚਲਣਾ ਤੇ ਉਸ ਤੇ ਫੁੱਲ ਚੜ੍ਹਾਉਣੇ ਹਨ। ਸਿੱਖ ਧਰਮ ਵਿਚ ਰਹਿਤਨਾਮਿਆਂ ਤੇ ਰਹਿਤ ਮਰਿਆਦਾ ਤੋਂ ਵੀ ਉਪਰ ਰਹਿਤ ਮਰਿੜਾਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜੇ ਬਾਣੀ ਹੁਕਮ ਕਰਦੀ ਹੈ ਕਿ ‘‘ਸਾਬਤ ਸੂਰਤ ਦਸਤਾਰ ਸਿਰਾ”। (ਪੰਨਾ ੧੦੮੪) ਤਾਂ ਕੀ ਅਸੀਂ ਇਹ ਕਦੀ ਸੋਚ ਸਕਦੇ ਹਾਂ ਕਿ ਗੁਰੂ ਸਾਹਿਬ ਜਿਹਨਾਂ ਨੇ ਇਹ ਬਾਣੀ ਰਚੀ ਉਹ ਆਪ ਹੀ ਇਸ ਤੇ ਨਹੀਂ ਚੱਲੇ। ਕਦੇ ਵੀ ਨਹੀਂ। ਕਿਉਂਕਿ ਜੇ ਗੁਰਬਾਣੀ ਵਿਚ, ‘‘ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ।।” (ਪੰਨਾ ੭੫੭) ਮਹਾਂਵਾਕ ਦਰਜ ਹੈ ਤਾਂ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਆਦਿ ਦੇ ਕਸ਼ਟ ਸਹਾਰ ਕੇ ਸ਼ਹੀਦੀ ਦਿੱਤੀ ਤਾਂ ਸਿੱਖ ਪੁੱਤਰਾਂ ਨੂੰ ਇਸ ਤਰ੍ਹਾਂ ਦੇ ਮੌਕਿਆਂ ਲਈ ਤਿਆਰ ਰਹਿਣ ਲਈ ਇਸ਼ਾਰਾ ਕਰ ਦਿੱਤਾ। ਇਨ ਬਿਨ ਹੀ ਸਾਰੀ ਦੀ ਸਾਰੀ ਬਾਣੀ ਸਿੱਖ ਪੁੱਤਰਾਂ (ਇਸਤਰੀ-ਮਰਦ) ਲਈ ਹੁਕਮ ਤੇ ਸਿਖਿਆ ਹੈ। ਸੋ ਜੇ ਗੁਰਬਾਣੀ ਵਿਚ ਅੰਕਿਤ, ‘‘ਹਰਿ ਜਨ ਐਸਾ ਚਾਹਿਐ ਜੈਸਾ ਹਰਿ ਹੀ ਹੋਏ।।” (ਪੰਨਾ ੧੩੭੨) ਹੁਕਮ ਅਨੁਸਾਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਿੱਖ ਬੱਚਿਆਂ ਨੂੰ ਕੇਸਾਂ ਦੀ ਮਹਾਨਤਾ ਤੇ ਮਹਤੱਤਾ, ਰਹਿਤਾਂ ਦੇ ਤੌਰ ਤੇ ਨਹੀਂ, ਰੱਬੀ ਦਾਤ ਵਜੋਂ, ਦਾ ਸਬਕ ਸਿਖਾ ਕੇ ਕੇਸਾਧਾਰੀ ਕਰਦੇ ਆਏ ਤਾਂ ਕੀ ‘‘ਸਾਬਤ ਸੂਰਤ ਦਸਤਾਰ ਸਿਰਾ” ਦੇ ਹੁਕਮ ਨੂੰ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਅੰਤਿਮ ਸ਼ਕਲ ਦੇਣ ਸਮੇਂ ਲਾਗੂ ਨਾ ਸੀ ਕਰਨਾ ?ਇਹ ਤਾਂ ਸਗੋਂ ਬਹੁਤ ਜ਼ਰੂਰੀ ਸੀ ਕਿਉਂਕਿ ਬਾਕੀ ਦੇ ਚਾਰ ਬਾਹਰੀ ਕਕਾਰਾਂ ਵਾਂਗ ਇਸ ਪੰਜਵੇ ਕਕਾਰ ਨਾਲ ‘‘ਹਰਿ ਜਨ” ਨੂੰ ‘‘ਹਰਿ ਜੈਸਾ” ‘‘ਖੂਬ ਤੇਰੀ ਪਗਰੀ...।।” (ਪੰਨਾ ੭੨੭) ਦੇ ਰੂਪ ਵਿਚ ਸਿੰਗਾਰ ਬਣਾ ਕੇ ਦੁਨੀਆ ਦੇ ਸਾਹ੍ਹਮਣੇ ਨਿਰਾਲੇ ਤੇ ਨਿਆਰੇ ਰੂਪ ਵਿਚ ਪੇਸ਼ ਕਰਨਾ ਸੀ। ਸੋ ਨਿਆਰੇ ਤੇ ਨਿਰਾਲੇ ਪੰਥ ਦੀ ਨੀਂਹ ‘‘ਖੂਬ ਤੇਰੀ ਪਗਰੀ..।।” ਨੂੰ ਅਮਲੀ ਰੂਪ ਦੇ ਕੇ ਐਸਾ ਪ੍ਰਪੱਕ ਕੀਤਾ ਕਿ ਜੋ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸਮੇਂ ਆਪਣੇ ਆਪ ਨੂੰ ਲੁਕੋ ਨਾ ਸਕਣ।
ਕਈ ਸੱਜਣ, ਵੀਰ, ਭਰਾ ਇਸ ਤੇ ਕਿੰਤੂ ਕਰਦੇ ਹਨ ਕਿ ਪੰਜਵਾਂ ਕਕਾਰ, ਰਹਿਤ ਵਜੋਂ ‘‘ਕੇਸ” ਹਨ ਕੇਸਕੀ ਨਹੀ। ਪਰ ਇਥੇ ਅਸੀਂ ਇਹ ਭੁੱਲ ਕਰਦੇ ਹਾਂ ਕਿ ਕੇਸ ਗੁਰੂ ਜੀ ਨੇ ਨਹੀਂ ਬਖਸੇ ਇਹ ਪ੍ਰਮਾਤਮਾ ਨੇ ਸਭ ਨੂੰ ਦਾਤ ਵਜੋਂ ਬਖਸ਼ੇ ਹਨ। ਗੁਰੂ ਜੀ ਨੇ ਤਾਂ ਸਾਰੀਆਂ ਬਾਹਰੀ ਰਹਿਤਾਂ ਕਕਾਰਾਂ ਵਜੋਂ ਬਖਸ਼ੀਆਂ ਹਨ ਅਤੇ ਪਵਿੱਤਰ ਰੱਬੀ ਦਾਤ, ਕੇਸਾਂ ਨੂੰ ਸੰਭਾਲਣ ਲਈ ਦੋ ਕਕਾਰ ਬਖਸ਼ੇ ‘‘ਕੰਘਾ ਤੇ ਕੇਸਕੀ” ਅਤੇ ਖਾਲਸੇ ਨੂੰ ਆਪਣਾ ਰੂਪ ਬਖਸ਼ ਕੇ ‘‘ਖਾਲਸਾ ਮੇਰੋ ਰੂਪ ਹੈ ਖਾਸ।।” ਦੀ ਪੱਦਵੀ ਦਿੱਤੀ। ਉਸ ਰੂਪ ਤੋਂ ਬਿਨਾਂ ਸਿੱਖ ਅੰਮ੍ਰਿਤਧਾਰੀ ਬੀਬੀਆਂ ਕਿਵੇਂ ਗੁਰੂ ਜੀ ਦਾ ਰੂਪ ਜਾਂ ਗੁਰੂ ਜੀ ਦੇ ਨਿੱਜ ਰੂਪ ਦੇ ਨੇੜੇ ਕਿਵੇਂ ਪੁੱਜ ਸਕਦੀਆਂ ਹਨ? ਇਸ ਸੰਬੰਧ ਵਿਚ ਇਹ ਗੱਲ ਖਾਸ ਮਹਤੱਵਪੂਰਨ ਹੈ ਕਿ ਜੋ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮਿਸਟਰ ਕਨਿੰਘਮ ਆਪਣੀ ਪ੍ਰਸਿਧ ਪੁਸਤਕ, ‘‘ਹਿਸਟਰੀ ਆਫ ਦੀ ਸਿਖਜ਼” ਵਿਚ ਆਪਣੇ ਅੱਖੀ ਡਿੱਠੇ ਅਨੁਸਾਰ ਸਿੱਖ ਬੀਬੀਆਂ ਬਾਰੇ (ਮਰਦਾਂ ਬਾਰੇ ਨਹੀਂ, ਉਨ੍ਹਾਂ ਬਾਰੇ ਤਾਂ ਉਹ ਜਾਣਦਾ ਹੀ ਸੀ) ਲਿਖਦਾ ਹੈ,
‘‘The Sikh women are distinguished from Hindus of their sex by some variety of dress chiefly by a higher top knot of hair” ਭਾਵ ‘‘ਸਿੱਖ ਇਸਤਰੀਆਂ ਹਿੰਦੂ ਇਸਤਰੀਆਂ ਨਾਲੋਂ ਆਪਣੇ ਪਹਿਰਾਵੇ ਵਿਚ ਖਾਸ ਵਿਲੱਖਣਤਾ ਰੱਖਦੀਆਂ ਹਨ ਜੋ ਕਿ ਉਨ੍ਹਾ ਦੇ ਸਿਰ ਉੱਤੇ (ਭਾਵ ਦਸਮ ਦੁਆਰ ਤੇ) ਕੇਸਾਂ ਦੇ ਜੂੜੇ ਤੋਂ ਸਪਸ਼ਟ ਤੌਰ ਤੇ ਪ੍ਰਗਟ ਹੁੰਦਾ ਹੈ”। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਮਿਸਟਰ ਕਨਿੰਘਮ ਨੇ ਇਸ ਪਹਿਰਾਵੇ ਵਿਚ ਦੇਖਿਆ ਕਿ ਉਹ ਅਪਣੀ ਖੁਸ਼ੀ ਤੇ ਮਰਜ਼ੀ ਨਾਲ ਹੀ ਸਿਰ ਤੇ ਜੂੜਾ ਕਰਕੇ ਦਸਤਾਰ ਦਾ ਵਿਲੱਖਣ ਪਹਿਰਾਵਾ ਪਹਿਨਦੀਆਂ ਸਨ ਜਦ ਕਿ ਅੱਜ ਬਹੁਤ ਗਿਣਤੀ ਵਿਚ ਬੀਬੀਆਂ ਇਸ ਹੁਕਮ (ਮਰਜ਼ੀ ਤਾਂ ਇਕ ਪਾਸੇ ਰਹੀਂ) ਦੇ ਘੇਰੇ ਵਿਚ ਵੀ ਨਹੀਂ ਆਉਣਾ ਚਾਹੁੰਦੀਆਂ ? ਇਹ ਜ਼ਰੂਰ ਗੁਰੂ ਜੀ ਦਾ ਹੁਕਮ ਸੀ ਜੋ ਸੀਨਾ ਬਸੀਨਾ ਚਲਿਆ ਆ ਰਿਹਾ ਸੀ, ਇਸਤਰੀ ਮਰਦ ਦੀ ਇੱਕ ਸਮਾਨ ਰਹਿਤ ਦੇ ਰੂਪ ਵਿਚ, ਖਾਲਸਾ ਪੰਥ ਨੂੰ ਨਿਆਰਾ ਪ੍ਰਗਟਾਉਣ ਲਈ ਤਾਹੀਉਂ ਤਾਂ ਭਾਈ ਚੌਂਪਾ ਸਿੰਘ ਜੀ ਦੇ ਰਹਿਤਨਾਮੇ ਵਿਚ ਇਹ ਇਸ ਤਰ੍ਹਾਂ ਅੰਕਿਤ ਹੈ, ‘‘ਕਛ, ਕੜਾ, ਕਿਰਪਤਨ, ਕੰਘਾ, ਕੇਸਕੀ। ਪੰਜ ਕਕਾਰੀ ਰਹਿਤ ਧਾਰੇ ਸਿਖ ਸੋਈ”।
ਸੋ ਜੋ ਖਾਲਸਾ ਜੀ ਦੀ ਨਿਆਰੇ ਤੇ ਨਿਰਾਲੇ ਪੰਥ ਰਾਹੀਂ ਪਛਾਣ ਹਜ਼ਾਰਾਂ ਲੱਖਾਂ ਵਿਚੋਂ ਦੂਰੋਂ (ਨੇੜਿਉਂ ਹੀ ਨਹੀਂ) ਗੁਰੂ ਜੀ ਨੇ ਆਖੀ ਸੀ ਉਹ ਦੋਵੇਂ ਇਸਤਰੀ-ਮਰਦ ਤੇ ਲਾਗੂ ਹੁੰਦੀ ਹੈ। ਅਤੇ ਸਿੱਖ ਅੰਮ੍ਰਿਤਧਾਰੀ (ਖਾਲਸਾ ਸਿੰਘਣੀਆਂ ਭੀ) ਸਿੰਘਾਂ ਵਾਂਗ ਦੂਰੋਂ ਹੀ ਪਛਾਣੀਆਂ ਜਾਣੀਆਂ ਚਾਹੀਦੀਆਂ ਹਨ, ਇਹ ਗੁਰੂ ਜੀ ਦੀ ਆਸ਼ਾ ਸੀ। ਕਿਉਂਕਿ ਹਰ ਹੁਕਮ ਖਾਲਸਾ ਰੂਪ ਵਿਚ ਦੋਨੋਂ ਲਿੰਗਾਂ ਤੇ ਲਾਗੂ ਹੁੰਦਾ ਹੈ।ਇਸ ਪੱਖੋਂ ਇਤਿਹਾਸ ਵੀ ਗਵਾਹ ਹੈ ਕਿ ਕੇਸਕੀ ਧਾਰੀ ਸਿੰਘਣੀਆਂ, ਮਾਈ ਭਾਗੋਂ, ਬੀਬੀ ਸਤਵੰਤ ਕੌਰ, ਬੀਬੀ ਸੁੰਦਰ ਕੌਰ , ਸ਼ਰਨ ਕੌਰ ਆਦਿ ਨੇ ਸਿੱਖੀ ਦੀ ਆਨ ਸ਼ਾਨ ਲਈ ਵੱਧ ਚੜ੍ਹ ਕੇ ਤੇਗਾਂ ਵਾਹੀਆਂ। ਭਾਈ ਵੀਰ ਸਿੰਘ ਜੀ ਦੇ ਇਤਿਹਾਸਕ ਨਾਵਲ, ਲਾਹੌਰ ਕਿਲੇ ਤੇ ਕਲਕੱਤਾ ਅਜਾਇਬ ਘਰ ਦੇ ਸਿੰਘਣੀਆਂ ਦੇ ਕੇਸਕੀ ਸਜੇ ਚਿਤੱਰ ਇਸ ਗੱਲ ਦੀ ਹੋਰ ਗਵਾਹੀ ਭਰਦੇ ਹਨ। ਇਸ ਪਹਿਰਾਵੇ ਤੇ ਕਕਾਰੀ ਰਹਿਤ ਵਿਚ ਢਿੱਲ ਸਿੱਖਾਂ ਵਿਚ ਸੁਖ ਰਹਿਣੀ ਤੇ ਸਿੰਘਾਂ ਵਲੋਂ ਬੀਬੀਆਂ ਨੂੰ ਹਾਰ ਸ਼ਿੰਗਾਰ ਕਰਕੇ ਗੁੱਡੀਆਂ ਪਟੋਲੇ ਦੀ ਸ਼ਕਲ ਵਿਚ ਵੇਖਣ ਤੇ ਬੀਬੀਆਂ ਵਿਚ ਮਨਮਤੀਆਂ ਵਾਂਗ ਆਪੂੰ ਵੀ ਹਾਰ ਸ਼ਿੰਗਾਰ ਦੇ ਚਸਕੇ ਅਧੀਨ ਫੈਸ਼ਨਪ੍ਰਸਤੀ ਦੀ ਬੀਮਾਰੀ ਕਾਰਨ ਸ਼ੁਰੂ ਹੋਈ ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੇ ਅਕਾਲ ਤਖਤ ਦਾ ਜਥੇਦਾਰ ਬਣਨ ਸਮੇਂ ਇਸ ਰਹਿਤ ਭਾਵ ਕਕਾਰ ਨੂੰ ਧਾਰਨ ਜਾਂ ਨਾ ਧਾਰਨ ਕਰਨ ਦੀ ਸ਼ਕਲ ਦੇ ਕੇ ਢਿਲਤਾਈ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਤੇ ਰਹਿਤ ਮਰਿਯਾਦਾ ਵਿਚ ‘‘ਕੇਸਕੀ” ਦੀ ਥਾਂ ‘‘ਕੇਸ” ਰੱਖ ਕੇ ਦਸਤਾਰ ਨੂੰ ਉਂਜ ਮਾਮੂਲੀ ਧਾਰਾ ਥੱਲੇ ਕਹਿ ਦਿੱਤਾ ਕਿ ਸੰਘਣੀ ਦਸਤਾਰ ਸਜਾਵੇ ਜਾਂ ਨਾ ਸਜਾਵੇ। ਤਾਜ ਨੂੰ ਸਿਰੋਂ ਆਪਣੇ ਹੱਥੀਂ ਲਾਹ ਕੇ ਥੱਲੇ ਵਗਾਹ ਮਾਰਿਆ। ਸੋਚਿਆ ਜਾਵੇ ਕਿ ਦਸਤਾਰ ਸਜੇ ਸਿੰਘ ਸਿੰਘਣੀਆਂ ਨਾਲ ਖਾਲਸੇ ਦੀ ਸ਼ਾਨ ਵਧਦੀ ਹੈ ਜਾਂ ਅਨਮਤੀਆਂ ਦੇ ਭੇਸ ਵਿਚ ਅੱਧੀ ਖਾਲਸਾ ਕੌਮ ਦੀ ਲਹਿੰਦੀ ਡਿੱਗਦੀ ਚੁੱੰਨੀ ਨਾਲ? ਸਿੱਖੀ ਨੂੰ ਹਰ ਤਰ੍ਹਾ ਦੀ ਢਾਹ ਲਾਉਣ ਵਾਲੇ ਇਸ ਨੂੰ ਆਪਣੇ ਹੱਥੀਂ ਲਾਹ ਕੇ ਭੁੰਜੇ ਸੁੱਟ ਗਏ ਤਾਜ ਤੇ ਬੜੇ ਖੁਸ਼ ਹਨ ਕਿਉਂਕਿ ਇਸ ਤਾਜ ਭਾਵ ਕੇਸਕੀ ਦੇ ਸਿਰ ਤੇ ਸਜੇ ਹੋਣ ਕਰਕੇ ਦੇਖਣ ਵਾਲੇ ਨੂੰ ਵੀ ਤੇ ਕੇਸਕੀ ਸਜਾਏ ਸਿੰਘ ਸਿੰਘਣੀ ਨੂੰ ਮਹਿਸੂਸ ਹੁੰਦਾ ਸੀ ਇਥੇ ਸਿੱਖੀ ਹੈ। ਗੰਭੀਰਤਾ ਨਾਲ ਸੋਚਣ ਵਾਲੀ ਗੱਲ ਇਹ ਐਵੇਂ ਕਿਸੇ ਤੇ ‘‘ਮੈਂ ਨਾ ਮਾਨੂੰ” ਦੇ ਵਹਿਣ ਵਿਚ ਉਂਗਲੀ ਚੁੱਕਣੀ ਨੁਕਸਾਨਦੇਹ ਹੀ ਹੈ।
ਕਿਉਂਕਿ ਜੋ ਸਿੰਘ ਸਿੰਘਣੀਆਂ ਕੇਸਕੀ ਨੂੰ ਰਹਿਤ ਵਜੋਂ ਸਜਉਂਦੇ ਹਨ ਉਹ ਗੁਰੂ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਇਸ ਨੂੰ ਪੰਜਵੇਂ ਕਕਾਰ ਦੇ ਰੂਪ ਵਿਚ ਸਜਾਉਂਦੇ ਹਨ। ਕੇਸਕੀ ਸਜਾਉਣ ਸਮੇਂ ਕੇਸੀ ਇਸ਼ਨਾਨ ਕਰਕੇ ਕੰਘਾ ਕਰਕੇ ਉਚ ਦੁਮਾਲੜਾ ਭਾਵ ਤਾਜ ਸਿਰ ਤੇ ਰੱਖਦੇ ਹਨ। ਇਸਦੇ ਪਿੱਛੇ ਕੋਈ ਕਿਸੇ ਤਰ੍ਹਾ ਦਾ ਸਵਾਰਥ ਨਹੀਂ, ਸਿਰਫ ਗੁਰੂ ਹੁਕਮਾਂ ਤੇ ਪਹਿਰਾ ਦੇ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ। ਇਸਦੇ ਨਾਲ ‘‘ਹੁਕਮਾਂ ਸਿਰ ਹੁਕਮ” ਜਿੰਨਾਂ ਵੀ ਹੋ ਸਕੇ ਨਾਮ ਜਪਣ ਤੇ ਬਾਣੀ ਪੜ੍ਹਨ ਵਿਚ ਸਮਾਂ ਲਾਉਣ ਲਈ ਤਾਂਘਦੇ ਰਹਿੰਦੇ ਹਨ। ਸੋ ਇਸ ਕਕਾਰ ਨੂੰ ਉਹ ਗੁਰੂ ਜੀ ਵਲੋਂ ਬਖਸ਼ਿਆ ਤਾਜ ਸਮਝ ਕੇ ਸੀਸ ਸਜਾਉਂਦੇ ਹਨ ਤੇ ਖਾਲਸਾ ਪੰਥ ਦੀ ਸ਼ਾਨ ਵਧਾਉਂਦੇ ਤੇ ਸਮਾਂ ਪੈਣ ਤੇ ਪੰਥ ਲਈ ਜਿੰਨੀ ਹੋ ਸਕੇ, ਕੁਰਬਾਨੀ ਕਰਨ ਲਈ ਵੀ ਹਾਜ਼ਰ ਰਹਿੰਦੇ ਹਨ, ਜਿਵੇਂ ੧੯੭੮ ਦੀ ਵੈਸਾਖੀ ਤੇ ਗੁਰਬਚਨੇ ਤੇ ਹੋਰ ਨਿਰੰਕਰੀਆਂ ਨੂੰ ਸੋਧਣ ਲਈ ਕੀਤੀ ਗਈ। ਦਸਤਾਰਧਾਰੀ ਬੀਬੀਆਂ ਤਾਂ ਸਿੰਘਾਂ ਦੇ ਨਾਲ ਨਾਲ ਨਿਆਰੇ ਨਿਰਾਲੇ ਹੋਣ ਦੀ ਪਛਾਣ ਦੁਆਰਾ ਸਿਰ ਵਿੱਚ ਮਿੱਟੀ ਘੱਟਾ ਪੈਣ ਤੋਂ ਪਵਿੱਤਰ ਕੇਸਾਂ ਨੂੰ ਬਚਾਉਂਦੀਆਂ ਹਨ ਪਰ ਨੰਗੇ ਸਿਰ ਜਾਂ ਸਿਰ ਤੋਂ ਲਹਿੰਦੀ ਡਿਗਦੀ ਚੁੱੰਨੀ ਪਹਿਨਣ ਵਾਲੀਆਂ ਬੀਬੀਆਂ ਨਾ ਤਾਂ ਨਿਆਰੇ ਖਾਲਸੇ ਦੀ ਪਛਾਣ ਕਰਵਾ ਸਕਦੀਆਂ ਹਨ ਤੇ ਨਾਂ ਹੀ ਸਿਰ ਵਿਚ ਮਿੱਟੀ ਘੱਟਾ ਪੈਣ ਤੋਂ ਪਵਿੱਤਰ ਕੇਸਾਂ ਨੂੰ ਬਚਾ ਸਕਦੀਆਂ ਹਨ। ਉਹ ਤਾਂ ਮਨਮਤੀ ਬੀਬੀਆਂ ਵਿਚ ਹੀ ਮਿਲਗੋਭਾ ਨਜ਼ਰ ਆਉਂਦੀਆਂ ਹਨ। ਨਿਰਾਲਾਪਨ ਜਾਂ ਇਨ੍ਹਾਂ ਚੁੱੰਨੀ ਪਹਿਨਣ ਵਾਲੀਆਂ ਬੀਬੀਆਂ ਨੇ, ਕੀ ਪ੍ਰਗਟ ਕਰਨਾ ਲੱਖਾ ‘ਚੋਂ, ਇਹ ਤਾਂ ਕਿਸੇ ਤਰ੍ਹਾਂ ਦੀ ਸਵਾਰੀ ਕਰਨ ਸਮੇਂ ਚੁੱੰਨੀ ਨੂੰ ਕਿਵੇਂ ਸਿਰ ਤੇ ਰੱਖ ਕੇ ਗੁਰੂ ਹੁਕਮ ਅਨੁਸਾਰ ਸਿਰ ਨੂੰ ਢੱਕ ਕੇ ਰੱਖ ਸਕਦੀਆਂ ਹਨ? ਗੁਰੂ ਜੀ ਦਾ ਹੁਕਮ ਮੰਨਣਾ ਤਾ ਜ਼ਰੂਰੀ ਹੈ ਜਾਂ ਨਾ ਮੰਨਣਾ, ‘‘ਵਿਛੁੱੜ ਚੋਟਾ ਖਾਏ” ਗੁਰੂ ਜੀ ਦੀ ਚੇਤਾਵਨੀ ਹੈ।
ਸੋ ਸਿੱਖੀ ਨੂੰ ਸਿੱਖੀ ਰੂਪ ਵਿਚ ਪੇਸ਼ ਕਰਨ ਤੇ ਸਿੱਖੀ ਦੀ ਢਹਿੰਦੀ ਕਲਾ ਨੂੰ ਚੜ੍ਹਦੀ ਕਲਾ ਵਿਚ ਕਰਨ ਹਿਤ ਪਹਿਲਾਂ ਇਹ ਸਮਝਣਾ ਜਰੂਰੀ ਹੈ ਕਿ ਇਨਸਾਨੀ ਸੀਸ (ਸਿਰ) ਐਸਾ ਕੀਮਤੀ ਅੰਗ ਹੈ ਕਿ ਇਸਦੀ ਰਖਿਆ ਤੇ ਬਚਾ ਕਰਨਾ ਹਰ ਇਕ ਇਨਸਾਨ ਦਾ ਮੁਖ ਖਿਆਲ ਹੁੰਦਾ ਹੈ ਤੇ ਹੋਣਾ ਚਾਹੀਦਾ ਹੈ। ਕਿਉਂਕਿ ਇਸ ਦੇ ਨਾਲ ਇਨਸਾਨ ਹੋਰ ਜੀਵਾਂ ਨਾਲੋਂ ਹੀ ਉੱਤਮ ਨਹੀਂ ਗਿਣਿਆਂ ਜਾਂਦਾ, ਸਗੋਂ ਵਰਨ ਵੰਡ ਕਰਨ ਵਾਲਿਆਂ ਨੇ ਆਪਣੇ ਆਪ ਨੂੰ ‘‘ਸਿਰ” (ਭਾਵ ਸਭ ਤੋਂ ਸ੍ਰੇਸ਼ਟ ਤੇ ਉੱਤਮ ) ਹੋਣ ਦਾ ਦਰਜਾ ਦੇ ਕੇ ਹੋਰਨਾਂ ਨੂੰ ਸਿਰਫ ਬਾਹਾਂ, ਸਰੀਰ ਤੇ ਪੈਰ ਹੋਣ ਦਾ ਹੀ ਦਰਜਾ ਦਿੱਤਾ ਹੋਇਆ ਹੈ। ਇਸ ਸਾਰੇ ਦਾ ਭਾਵ ਹੈ ਕਿ ਸੀਸ (ਸਿਰ) ਬਹੁਤ ਹੀ ਉੱਤਮ ਤੇ ਕੀਮਤੀ ਅੰਗ ਹੈ ਜਿਸਦੀ ਰੱਖਿਆ ਕਰਨਾ ਦੁਨਿਆਵੀ ਕਾਰਜਾਂ ਲਈ ਹੀ ਨਹੀਂ ਪ੍ਰਮਾਤਮਾ ਦੀ ਗੋਦ ਦਾ ਨਿੱਘ ਮਾਨਣ ਲਈ ਵੱਧ ਤੰਦਰੁਸਤ, ਠੀਕ ਤੇ ਤਕੜੀ ਹਾਲਤ ਵਿਚ ਰੱਖਣਾ ਜ਼ਰੂਰੀ ਹੈ।
ਗੁਰਮਤਿ ਅਨੁਸਾਰ ਹਰ ਇਨਸਾਨ ਭਾਵ ਮਰਦ ਤੇ ਇਸਤਰੀ ਬਰਾਬਰ ਹੈ, ਕੋਈ ਭੀ ਜਾਤ ਪਾਤ, ਲਿੰਗ, ਰੰਗ ਆਦਿ ਕਰਕੇ ਉੱਚਾ ਨੀਵਾਂ ਨਹੀਂ। ਸੋ ਗੁਰਮਤਿ ਅਨੁਸਾਰ ਹਰ ਕੋਈ ਮਰਦ ਇਸਤਰੀ ਅੰਮ੍ਰਿਤ ਪਾਨ ਕਰਕੇ, ਨਾਮ ਜਪ ਕੇ ਤੇ ਸ਼ੁਭ ਕੰਮ ਕਰਕੇ ਪ੍ਰਮਾਤਮਾ ਦੇ ਚਰਨ ਕਮਲਾਂ ਦਾ ਅਨੰਦ ਮਾਣ ਸਕਦਾ ਹੈ। ਗੱਲ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਰ ਹੁਕਮ ਹਰ ਅੰਮ੍ਰਿਤਧਾਰੀ ਮਰਦ ਇਸਤਰੀ ਲਈ ਖਾਸ ਕਰਕੇ ਤੇ ਹੋਰ ਸਭ ਲਈ ਆਮ ਕਰਕੇ ਸਾਂਝਾ ਤੇ ਮੰਨਣ ਯੋਗ ਹੈ, ਅਤੇ ਮੰਨ ਕੇ ਗੁਰੂ ਜੀ ਦੀਆਂ ਖੁਸ਼ੀਆਂ ਦੀ ਪ੍ਰਾਪਤੀ ਹੈ। ਗੁਰੂ ਗ੍ਰੰਥ ਸਾਹਿਬ ਵਲੋਂ ‘‘ਸਾਬਤ ਸੂਰਤ ਦਸਤਾਰ ਸਿਰਾ” ਹੁਕਮ ਖਾਲਸਾ ਪੰਥ ਲਈ ਖਾਸ ਮਹੱਤਤਾ ਰੱਖਦਾ ਹੈ। ਕਿਉਂਕਿ ਇਸ ਹੁਕਮ ਰਾਹੀਂ ਗੁਰੂ ਸਾਹਿਬ ਨੇ ਸਿੱਖ ਮਰਦ ਇਸਤਰੀ ਦੇ ਸੀਸ ਦੀ ਉਹ ਮਹੱਤਤਾ ਬਣਾ ਦਿੱਤੀ ਜੋ ਦੁਨੀਆਂ ਵਿਚ ਕਿਸੇ ਭੀ ਕੌਮ ਦੇ ਸਿਰਾਂ ਦੀ ਅੱਜ ਤੱਕ ਨਾ ਹੋਈ ਹੈ ਤੇ ਨਾ ਕਦੇ ਸੁਣੀ ਗਈ ਹੈ, ਅਤੇ ਲਗਦਾ ਹੈ ਕਿ ਨਾ ਕਦੇ ਹੋਵੇਗੀ। ਇਹ ਹੀ ਕਾਰਨ ਸੀ ਕਿ ਅਠਾਰਵੀਂ ਸਦੀ ਵਿਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਐਸੇ ਸ਼ੁਰੂ ਹੋਏ ਕਿ ਮਰਦਾਂ ਦੇ ਨਾਲ ਨਾਲ ਨੌਜਵਾਨ ਬੀਬੀਆਂ, ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਹੋਈਆਂ ਸਨ, (ਜਿਨ੍ਹਾਂ ਦੀ ਸ਼ਾਹਦੀ ਅੰਗ੍ਰੁੇਜ਼ ਲਿਖਾਰੀ ਕੈਪਟਨ ਡੈਵਿਡ ਕਨਿੰਘਮ ਭੀ ਭਰਦਾ ਹੈ) ਦੇ ਸੀਸ ਕੱਟ ਕੇ ਮੁੱਲ ਵਸੂਲ ਕੀਤੇ ਜਾਂਦੇ ਸਨ। ਸਿਰਾਂ ਦੇ ਮੁੱਲ ਤਾਂ ਉਦੋਂ ਦੇ ਪੈਸੇ ਐਸੇ ਸ਼ੁਰੂ ਹੋਇ ਕਿ ਹੁਣ ਤੱਕ ਪਈ ਹੀ ਜਾਂਦੇ ਹਨ ਅਤੇ ਸਿੱਖੀ ਤੋਂ ਅਨਜਾਣ ਸਿੱਖ ਨੌਜਵਾਨ ਡਰਦੇ ਹੋਏ ਆਪ ਹੀ ਗੁਰੂੁ ਜੀ ਦੇ ਹੁਕਮ ਦੀ ਪਾਲਣਾ ਕਰਨ ਦੀ ਥਾਂ ਅਨਮਤੀਆਂ ਦੀ ਭੇਢ ਚਾਲ ਵਾਲੀ ਲੰਬੀ ਕਤਾਰ ਵਿੱਚ ਸ਼ਾਮਲ ਹੋਈ ਜਾਂਦੇ ਹਨ। ਕੀ ਇਹ ਨੌਜਵਾਨ ਦਸਤਾਰ ਦੀ ਥਾਂ ਲੋਹ-ਟੋਪ ਅਤੇ ਟੋਪੀ ਨੂੰ ਤਰਜੀਹ ਦੇਣਾ ਚਾਹੁੰਦੇ ਹਨ। ਲਗਦਾ ਤਾਂ ਇੱਦਾਂ ਹੀ ਹੈ ਤੇ ਇਹ ਗੁਰੂ ਜੀ ਦੇ ਹੁਕਮ ਤੋਂ ਮੁਨਕਰ ਹੋਣਾ ਠੀਕ ਸਮਝਦੇ ਹਨ। ਇਹ ਹੀ ਨਹੀਂ ਹਾਕੀ ਦੇ ਕੋਚ ਤੇ ਕ੍ਰਿਕਟ ਦੇ ਖਿਲਾੜੀ ਸਿੱਖ ਨੌਜਵਾਨ ਭੀ ਇਸ ਹੀ ਕਤਾਰ ਵਿਚ ਸ਼ਾਮਲ ਹੋਣ ਨੂੰ ਸ਼ਾਨ ਸਮਝ ਰਹੇ ਹਨ! ਹੋ ਸਕਦਾ ਹੈ ਕਿ ਇਨ੍ਹਾਂ ਸਭ ਨੂੰ ਗੁਰੂ ਸਾਹਿਬਾਨ ਦਾ ਹੁਕਮ ਦਾ ਪਤਾ ਨਹੀਂ!!
ਪਤਾ ਕਿਉਂ ਨਹੀਂ, ਇਸ ਲਈ ਕਿ ਇਕ ਪਾਸੇ ਤਾਂ ਅਠਾਰਵੀਂ ਸਦੀ ਵਿੱਚ ਉਸ ਵੇਲੇ ਦੇ ਹੁਕਮਰਾਨ (ਜਿਨ੍ਹਾਂ ਨੂੰ ਸਿੱਖ ਨਾ ਹੁੰਦੇ ਹੋਏ ਭੀ ਗੁਰੂ ਦੇ ਹੁਕਮ ਦਾ ਪਤਾ ਸੀ) ‘‘ਸਾਬਤ ਸੂਰਤ ਅਤੇ ਦਸਤਾਰ” ਨੂੰ ਕਰੜੇ ਹੁਕਮ ਰਾਹੀਂ ਸਿਰ ਤੋਂ ਉਤਾਰਨ ਲਈ ਮੌਤ ਦੇ ਘਾਟ ਉਤਾਰ ਰਹੇ ਸਨ, ਪਰ ਇਸ ਸਮੇਂ ਸਰਕਾਰ (ਗੁਰੂ ਸਾਹਿਬ ਦੇ ਹੁਕਮ ਨੂੰ ਜਾਣੇ ਅਨਜਾਣੇ) ‘‘ਸਾਬਤ ਸੂਰਤ ਅਤੇ ਦਸਤਾਰ” ਨੂੰ ਸਿੱਖਾਂ ਦੇ ਸਿਰ ਤੇ ਰੱਖਣ ਲਈ ਹੁਕਮ ਦੇ ਰਹੇ ਹਨ। ਇਹ ਹੁਕਮ ਤਾਂ ਗੁਰੂ ਸਾਹਿਬਾਨ ਦੇ ਹੁਕਮ ਦੀ ਕਦਰ ਕਰਨ ਵਜੋਂ (ਸੂਝ, ਸਮਝ ਤੇ ਦੂਰ ਅੰਦੇਸ਼ੀ ਰਾਹੀਂ) ਸਵੀਕਾਰ ਕਰਕੇ ਹਰ ਸਿੱਖ (ਮਰਦ ਤੇ ਇਸਤਰੀ) ਨੂੰ, ਮੋਟਰ ਸਾਈਕਲ ਜਾ ਸਕੂਟਰ ਚਲਾਉਣ ਲਈ ਹੀ ਸਹੀ, ਸਾਬਤ ਸੂਰਤ ਬਣ ਕੇ ਦਸਤਾਰ ਸੀਸ ਤੇ ਸਜਾ ਲੈਣੀ ਚਾਹੀਦੀ ਹੈ, ਕਿਉਂਕਿ ਜੇ ਪਹਿਲੀ ਤੇ ਦੂਸਰੀ ਸੰਸਾਰ ਜੰਗ ਵਿੱਚ ਸਿੱਖ ਸਿਪਾਹੀਆਂ, ਨੌਜਵਾਨਾਂ ਤੇ ਅਫਸਰਾਂ ਨੇ ਸੀਸ ਤੇ ਦਸਤਾਰ ਸਜਾ ਕੇ ਲੋਹ-ਟੋਪ ਤੋਂ ਛੋਟ ਲਈ ਸੀ ਤਾਂ ਹੁਣ ਮੋਟਰ ਸਾਈਕਲ ਤੇ ਸਕੂਟਰ ਆਦਿ ਚਲਾਉਣ ਵਾਲੇ ਹਰ ਸਿੱਖ ਮਰਦ ਤੇ ਇਸਤਰੀ ਨੂੰ ਕਿਸੇ ਕਿੰਤੂ ਪ੍ਰੰਤੂ ਕੀਤੇ ਬਿਨਾਂ ਸਾਬਤ ਸੂਰਤ ਹੋ ਕੇ ਦਸਤਾਰ ਸਜਾ ਕੇ ਲੋਹ-ਟੋਪ ਤੋਂ ਛੋਟ ਲੈਣੀ ਚਾਹੀਦੀ ਹੈ। ਫਿਰ ਤਾਂ ਕਿਸੇ ਤਰਾਂ ਦਾ ਰੋਸ ਕਰਨ ਜਾਂ ਮੰਗ ਮੰਗਣ ਦੀ ਥਾਂ ਸ੍ਰਦਾਰੀ ਵਾਲੇ ਰੁਹਬ ਭਰੇ ਦਬਦਬੇ ਨਾਲ ਹੀ ਮੋਟਰ ਸਾਈਕਲ, ਸਕੂਟਰ ਆਦਿ ਚਲਾਇਆ ਜਾ ਸਕਦਾ ਹੈ।
ਗੱਲ ਕੀ, ਜੇ ਸ੍ਰਕਾਰ ਸਿੱਖਾਂ ਨੂੰ ਅਸਲੀ ਸਿੱਖੀ ਰੂਪ ਵਿੱਚ ਸਿੱਖ ਦੇਖਣਾ ਚਾਹੁੰਦੀ ਹੈ ਤੇ ਖਾਸ ਕਰਕੇ ਗੁਰੂ ਸਾਹਿਬਾਨ ਵਲੋਂ ਬਖਸ਼ੀ ਬੀਬੀਆਂ ਨੂੰ ਸ੍ਰਦਾਰੀ ਵਾਲੇ ਰੁਤਬੇ ਰਾਹੀਂ ਸਿੱਖੀ ਸਰੂਪ ਵਿਚ ਦੇਖਣਾ ਚਾਹੁੰਦੀ ਹੈ ਤਾਂ ਸਿੱਖ ਕੌਮ ਲਈ ਤਾਂ ਇਹ ਬਿਨਾਂ ਮੋਰਚੇ ਆਦਿ ਦੇ ਇਕ ਵੱਡੀ ਪ੍ਰਾਪਤੀ ਹੈ – ਸੋਚਣ ਦਾ, ਨਾ ਕਿ ਜੋਸ਼ ਦਾ ਇਹ ਵਿਸ਼ਾ ਹੈ। ਜੇ ਜਨਣੀ ਅਪਣੇ ਅਸਲੀ ਸਰੂਪ ਵਿੱਚ ਆ ਜਾਵੇ ਤਾਂ ਉਸ ਕੌਮ ਦੀ ਪ੍ਰਮਾਤਮਾ ਚੜ੍ਹਦੀ ਕਲਾ ਕਰਨਾ ਚਾਹੁੰਦਾ ਹੈ। ਕਿ ਇਹ ਠੀਕ ਨਹੀਂ? ਜ਼ੀ ਟੀ ਵੀ ਤੇ ‘ਓਅੰਕਾਰ` ‘‘ਦਸਤਾਰ ਸਜਾਓ” ਪ੍ਰੋਗਰਾਮ ਵਿਚ ਨੌਜਵਾਨ ਬੀਬੀਆਂ ਵਲੋਂ ਦਸਤਾਰ (ਕੇਸਕੀ) ਨੂੰ ਖਾਸ ਸਲਾਹਿਆ ਗਿਆ ਅਤੇ ਸਭ ਸਿਖ ਬੀਬੀਆਂ ਨੂੰ ਦਸਤਾਰ ਸਜਾਉਣ ਤੇ ਜ਼ੋਰ ਦਿੱਤਾ ਗਿਆ। ਗੁਰੂ ਸਹਾਈ ਹੋਵੇ ਇਸ ਮਹਾਨ ਕਾਰਜ ਵਿਚ, ਭਾਵ ਖਾਲਸਾ ਨੂੰ ਨਿਆਰਾ ਰਹਿਣ ਅਤੇ ਰੱਖਣ ਵਿਚ।




.