.

ਗ਼ਲਤ ਅਰਦਾਸ

ਸਾਡੇ ਮੇਜ਼ਬਾਨ ਨੇ ਬਹੁਤ ਜ਼ੋਰ ਲਾਇਆ ਕਿ ਉਹ ਆਪਣੀ ਕਾਰ ਅੱਗੇ ਲਾ ਕੇ ਸਾਨੂੰ ਸਾਡੇ ਰਿਸ਼ਤੇਦਾਰਾਂ ਦੇ ਘਰ ਤੱਕ ਛੱਡ ਆਵੇਗਾ ਪਰ ਅਸੀਂ ਉਸ ਨੂੰ ਹੋਰ ਵਾਧੂ ਦੀ ਖੇਚਲ ਨਹੀਂ ਸਾਂ ਦੇਣੀ ਚਾਹੁੰਦੇ। ਮੈਂ ਉਸ ਨੂੰ ਦੱਸਿਆ ਕਿ ਸਾਡੇ ਪਾਸ ਲੰਡਨ ਦਾ ਨਕਸ਼ਾ ਹੈ ਸੀ। ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਅਜੇ ਸੈਟ-ਨੈਵ ਨਹੀਂ ਸਨ ਆਏ।
ਅਸੀਂ ਉਹਨਾਂ ਤੋਂ ਛੁੱਟੀ ਲਈ ਅਤੇ ਨਕਸ਼ੇ ਮੁਤਾਬਿਕ ਗੱਡੀ ਸੜਕ `ਤੇ ਪਾ ਦਿੱਤੀ।
ਬਸ ਉਹੋ ਗੱਲ ਹੋਈ ਫੇਰ। ਇਕ ਤਾਂ ਲੰਡਨ ਦੀ ਸੰਘਣਾ ਇਲਾਕਾ ਤੇ ਉਪਰੋਂ ਥਾਂ ਥਾਂ `ਤੇ ਸੜਕਾਂ ਦੀ ਮੁਰੰਮਤ ਹੋਣ ਕਰਕੇ ਟਰੈਫ਼ਿਕ ਨੂੰ ਹੋਰਨਾਂ ਸੜਕਾਂ ਵਲ ਨੂੰ ਮੋੜਿਆ ਹੋਇਆ ਤੇ ਹੋਰ ਸਿਤਮ ਕਿ ਕਈ ਸੜਕਾਂ `ਤੇ ਵੰਨ-ਵੇਅ ਟਰੈਫ਼ਿਕ ਹੋਣ ਕਰ ਕੇ ਅਸੀ ਚੌਰਾਸੀ ਦੇ ਗੇੜ `ਚ ਫਸ ਗਏ। ਨਕਸ਼ਾ ਵਿਚਾਰਾ ਚੱਲੇ ਹੋਏ ਕਰਤੂਸ ਵਾਂਗ ਬੇਹਿੱਸ ਜਿਹਾ ਪਿਆ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਅਸੀਂ ਹੁਣ ਉਹਦੇ ਉੱਤੇ ਬਹੁਤੀ ਆਸ ਨਾ ਰੱਖੀਏ।
ਦੋ ਕੁ ਵਾਰੀ ਤਾਂ ਇੰਜ ਹੋਇਆ ਕਿ ਅਸੀਂ ਜਿੱਥੋਂ ਕੁ ਤੁਰੇ, ਤਿੰਨ ਚਾਰ ਮੀਲ ਦਾ ਸਫ਼ਰ ਕਰਕੇ ਉੱਥੇ ਹੀ ਫੇਰ ਆ ਵਾਪਿਸ ਆ ਗਏ।
ਐਤਵਾਰ ਦੀ ਸਵੇਰ ਹੋਣ ਕਰ ਕੇ ਸੜਕਾਂ ਇੰਜ ਖ਼ਾਲੀ ਸਨ ਜਿਵੇਂ ਰਾਤ ਨੂੰ ਭੂਤ ਗੇੜਾ ਕੱਢ ਗਿਆ ਸੀ। ਰਾਹ ਵਿੱਚ ਇੱਕ ਦੋ ਵਿਅਕਤੀ ਟੱਕਰੇ ਪਰ ਸਾਨੂੰ ਰਾਹੇ ਪਾਉਣ ਵਿੱਚ ਉਹ ਵੀ ਕੋਈ ਮਦਦ ਨਾ ਕਰ ਸਕੇ। ਇਹਨਾਂ ਮੁਲਕਾਂ ਵਿੱਚ ਤਾਂ ਲੋਕਾਂ ਨੂੰ ਆਪਣੇ ਗੁਆਂਢੀ ਬਾਰੇ ਨਹੀਂ ਪਤਾ ਹੁੰਦਾ, ਉਹ ਕਿਸੇ ਭੁੱਲੇ-ਭਟਕੇ ਰਾਹੀ ਨੂੰ ਰਾਹ ਕਿਵੇਂ ਦੱਸ ਸਕਣਗੇ?
ਹੁਣ ਮੈਂ ਪਛਤਾ ਰਿਹਾ ਸਾਂ ਕਿ ਆਪਣੇ ਮੇਜ਼ਬਾਨ ਦਾ ਕਹਿਣਾ ਕਿਉਂ ਨਾ ਮੰਨਿਆਂ।
ਤਦੇ ਅਚਾਨਕ ਮੇਰੀ ਨਿਗਾਹ ਇੱਕ ਛੋਟੇ ਜਿਹੇ ਨਿਸ਼ਾਨ ਸਾਹਿਬ `ਤੇ ਪਈ ਤੇ ਇੱਕ ਗਲ਼ੀ ਵਿਚੋਂ ਇੱਕ ਔਰਤ ਅਤੇ ਪਟਕਿਆਂ ਵਾਲ਼ੇ ਦੋ ਬੱਚੇ ਨਜ਼ਰੀਂ ਪਏ ਪਰ ਉਹ ਇੱਕ ਦਮ ਹੀ ਕਿਧਰੇ ਛਾਂਈਂ ਮਾਂਈਂ ਹੋ ਗਏ। ਮੈਂ ਗੁਰਦੁਆਰਾ ਸਾਹਿਬ ਦੀ ਸੇਧ ਵਿੱਚ ਗੱਡੀ ਮੋੜ ਲਈ ਤਾਂ ਕਿ ਉੱਥੋਂ ਕਿਸੇ ਕੋਲੋਂ ਰਾਹ ਪੁੱਛ ਸਕੀਏ। ਆਪਣੇ ਸਤਿਗੁਰਾਂ ਦੀ ਸੋਚ ਦੇ ਮੈਂ ਬਲਿਹਾਰੇ ਜਾ ਰਿਹਾ ਸਾਂ ਜਿਹਨਾਂ ਨੇ ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਝੁਲਵਾ ਕੇ ਭੁੱਲੇ-ਭਟਕੇ ਰਾਹੀ ਮੁਸਾਫ਼ਿਰਾਂ ਨੂੰ ਰਾਹ ਦਰਸਾਉਣ ਦਾ ਕੇਹਾ ਵਧੀਆ ਪ੍ਰਬੰਧ ਕਰ ਦਿੱਤਾ ਸੀ।
ਛੋਟਾ ਜਿਹਾ ਗੁਰਦੁਆਰਾ ਸੀ ਇਹ। ਬਾਹਰ ਸੜਕ `ਤੇ ਗੱਡੀ ਖੜ੍ਹੀ ਕਰ ਕੇ ਜਦ ਮੈਂ ਅੰਦਰ ਗਿਆ ਤਾਂ ਅਰਦਾਸ ਹੋ ਰਹੀ ਸੀ ਤੇ ਸੰਗਤ ਹਾਲ ਤੋਂ ਬਾਹਰ ਜੋੜਾ-ਘਰ ਤੱਕ ਖੜ੍ਹੀ ਸੀ। ਸੂਝਵਾਨ ਪ੍ਰਬੰਧਕਾਂ ਨੇ ਬਾਹਰ ਜੋੜਾ-ਘਰ ਦੇ ਕੋਲ਼ ਵੀ ਇੱਕ ਛੋਟਾ ਜਿਹਾ ਸਪੀਕਰ ਰੱਖਿਆ ਹੋਇਆ ਸੀ ਤਾਂ ਕਿ ਉੱਥੇ ਖੜ੍ਹੀ ਸੰਗਤ ਵੀ ਅੰਦਰ ਦਾ ਪ੍ਰੋਗਰਾਮ ਸੁਣ ਸਕੇ।
ਮੈਂ ਕਿਸੇ ਸ਼ਰਧਾਲੂ ਦੀ ਅਰਦਾਸ ਵਿੱਚ ਵਿਘਨ ਨਹੀਂ ਸਾਂ ਪਾਉਣਾ ਚਾਹੁੰਦਾ ਸੋ ਮੈਂ ਵੀ ਅੱਖਾਂ ਬੰਦ ਕਰ ਕੇ ਅਰਦਾਸ ਵਿੱਚ ਅੰਤਰ-ਧਿਆਨ ਹੋ ਗਿਆ। ਮੇਰੇ ਬਿਲਕੁਲ ਨਾਲ ਹੀ ਦੋ ਸੱਜਣ ਹੋਰ ਖੜ੍ਹੇ ਸਨ। ਜਦੋਂ ਗ੍ਰੰਥੀ ਨੇ ਅਖੰਡ ਪਾਠ ਦੀ ਸੇਵਾ ਕਰਵਾਉਣ ਵਾਲੇ ਸੱਜਣ ਦਾ ਨਾਮ ਲਿਆ ਤਾਂ ਮੇਰੇ ਨਾਲ਼ ਖੜ੍ਹਾ ਬੰਦਾ ਦੂਜੇ ਨੂੰ ਕਹਿਣ ਲੱਗਾ, “ਓਏ, ਭਾਈ ਅਰਦਾਸ ਈ ਗ਼ਲਤ ਕਰੀ ਜਾਂਦੈ”
“ਕਿਉਂ, ਕੀ ਹੋਇਐ? ਦੂਸਰੇ ਨੇ ਉਤਸੁਕਤਾ ਨਾਲ਼ ਪੁੱਛਿਆ।
‘ਖੰਡ ਪਾਠ ਕਰਵਾਉਣੇ ਵਾਲੇ ਦਾ ਨਾਂ ਗਲਤ ਬੋਲਿਐ ਉਹਨੇ’ ਪਹਿਲਾ ਬੋਲਿਆ।
“ਨਹੀਂ ਯਾਰ, ਮੈਂ ਸੁਣਿਐਂ ਚੰਗੀ ਤਰ੍ਹਾਂ, ਭਾਈ ਨੇ ……………ਸਿੰਘ ਦੀ ਅਰਦਾਸ ਕੀਤੀ ਐ, ਤੈਨੂੰ ਈ ਭੁਲੇਖਾ ਲੱਗਿਆ ਲਗਦੈ”। ਦੂਸਰੇ ਨੇ ਕਹਾ।
“ਏਸੇ ਲਈ ਤਾਂ ਮੈਂ ਕਹਿੰਨਾ ਪਈ ਭਾਈ ਨੇ ਅਰਦਾਸ ਗਲਤ ਕੀਤੀ ਐ” ਪਹਿਲਾ ਬੋਲਿਆ।
“ਯਾਰ, ਬੁਝਾਰਤਾਂ ਨਾ ਪਾਈ ਜਾਹ, ਸਿੱਧੀ ਸਿੱਧੀ ਗੱਲ ਕਰ” ਦੂਸਰਾ ਹੁਣ ਥੋੜ੍ਹਾ ਜਿਹਾ ਖਿਝ ਕੇ ਬੋਲਿਆ।
“ਅਰਦਾਸ ਤਾਂ ਸੋਸ਼ਲ ਸਕਿਉਰਿਟੀ ਵਾਲਿਆਂ ਦੀ ਹੋਣੀ ਚਾਹੀਦੀ ਐ, ਜਿਹਨਾਂ ਦੇ ਪੈਸੇ ਲੱਗੇ ਐ ‘ਖੰਡ ਪਾਠ `ਤੇ। ਇਹ ਸਹੁਰੀ ਦਾ ਤਾਂ ਜਿਉਂ ਇੰਡੀਆ ਤੋਂ ਆਇਐ, ਇੱਕ ਦਿਨ ਵੀ ਕੰਮ ਨਹੀਂ ਕੀਤਾ ਇਹਨੇ, ਬੈਠਾ ਈ ਬੈਨੀਫਿਟ ਖਾਂਦੈ” ਪਹਿਲਾ ਬੋਲਿਆ।
“ਓਏ, ਇਹ ਬਿਮਾਰ ਠਮਾਰ ਰਹਿੰਦੈ” ਦੂਸਰੇ ਨੇ ਸਫ਼ਾਈ ਪੇਸ਼ ਕੀਤੀ।
“ਚੁੱਪ ਕਰ ਓਏ, ਖਵਾਜੇ ਦਾ ਗੁਆਹ ਡੱਡੂ! ਸਾਬਤਾ ਈ ਕੁੱਕੜ ਚੱਬ ਜਾਂਦੈ ਤੇ ਦਾਰੂ ਦੀ ਪੂਰੀ ਬੋਤਲ ਨੂੰ ਫੂਕ ਮਾਰ ਦਿੰਦੈ ਤੇਰਾ ਇਹ ਬਿਮਾਰ ਠਮਾਰ” ਪਹਿਲੇ ਨੇ ਭੇਤ ਖੋਲ੍ਹਿਆ।
ਦੂਸਰੇ ਬੰਦੇ ਨੇ ਵੀ ਕੁੱਝ ਕਿਹਾ ਪਰ ਅੰਦਰੋਂ ਆ ਰਹੇ ਜੈਕਾਰਿਆਂ ਦੀ ਗੂੰਜ ਵਿੱਚ ਉਸ ਦੀ ਆਵਾਜ਼ ਦੱਬ ਕੇ ਰਹਿ ਗਈ।
ਨਿਰਮਲ ਸਿੰਘ ਕੰਧਾਲਵੀ
.