.

“ਪੂਤਾ! ਮਾਤਾ ਕੀ ਆਸੀਸ…”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਅਸੀਸਾਂ ਜਾਂ ਬਦਅਸੀਸਾਂ ਕੀ ਹਨ? -ਭਾਰਤ `ਚ ਆਪਣੇ ਬੱਚਿਆਂ ਤੇ ਲਾਡਲਿਆਂ ਨੂੰ ਅਸੀਸਾਂ ਦੇਣ ਦਾ ਰਿਵਾਜ ਬਹੁਤ ਪੁਰਾਨਾ ਹੈ। ਕੇਵਲ ਆਪਣੇ ਬੱਚੇ ਹੀ ਨਹੀਂ ਜਦੋਂ ਕਿਸੇ ਅਨਜਾਣ ਦਾ ਬੱਚਾ ਵੀ ਆਪਣੇ ਤੋਂ ਕਿਸੇ ਵੱਡੇ ਲਈ ਉਸ ਦੇ ਅਉਖੇ ਸਮੇਂ ਕੰਮ ਆਉਂਦਾ ਹੈ, ਉਸ ਦੀ ਮਦਦ ਕਰਦਾ ਹੈ, ਉਸ ਨੂੰ ਕਿਸੇ ਮੁਸ਼ਕਲ ਜਾਂ ਦੁਬਿਧਾ `ਚੋਂ ਬਾਹਿਰ ਕਢਦਾ ਹੈ ਤਾਂ ਉਨ੍ਹਾਂ ਬਜ਼ੁਰਗਾਂ ਤੇ ਵੱਡਿਆਂ ਦੇ ਕੇਵਲ ਮੁਹੋਂ ਹੀ ਨਹੀਂ ਬਲਕਿ ਬਹੁਤ ਵਾਰੀ ਤਾਂ ਉਨ੍ਹਾਂ ਦੇ ਧੂ-ਹਿਰਦੇ `ਚੋਂ ਵੀ ਅਜਿਹੇ ਬੱਚਿਆਂ ਲਈ ਅਸੀਸਾਂ ਨਿਕਲਦੀਆਂ ਹਨ। ਮਿਸਾਲ ਵੱਜੋਂ ਇੱਕ ਅੰਨੇ ਮਨੁੱਖ ਨੇ ਜਾਂ ਕਿਸੇ ਕਾਰਨ ਕਿਸੇ ਸਰੀਰਕ ਦਿੱਕਤ ਦਾ ਸ਼ਿਕਾਰ ਮਨੁੱਖ ਨੂੰ, ਜੇ ਕੋਈ ਅਣਜਾਣ ਵੀ ਸੜਕ ਪਾਰ ਕਰਵਾ ਦਿੰਦਾ ਹੈ ਜਾਂ ਇਸੇ ਤਰ੍ਹਾਂ ਕੋਈ ਅਜਿਹੀ ਸੇਵਾ ਕਰਦਾ ਹੈ ਤਾਂ ਸੰਬਧਤ ਮਨੁੱਖ ਲਈ, ਉਸ ਮਨੁੱਖ ਦੇ ਮੂੰਹੋਂ ਅਚਣਚੇਤ ਹੀ ਅਸੀਸਾਂ ਨਿਕਲਦੀਆਂ ਹਨ।

ਤਸਵੀਰ ਦਾ ਦੂਜਾ ਰੁਖ- ਜਦਕਿ ਇਸੇ ਤਸਵੀਰ ਦਾ ਦੂਜਾ ਰੁਖ ਵੀ ਹੈ। ਜਦੋਂ ਕੋਈ ਇਨਸਾਨ, ਕਿਸੇ ਨੂੰ ਦੁਖ ਪਹੁਚਾਉਂਦਾ ਹੈ ਜਾਂ ਉਸ ਦਾ ਨੁਕਸਾਨ ਕਰਦਾ ਹੈ ਤਾਂ ਸਾਧਾਰਣ ਅਵਸਥਾ ਵਾਲਾ ਬੰਦਾ ਉਸ ਨੂੰ ਬਦ-ਅਸੀਸ਼ਾਂ ਵੀ ਦਿੰਦਾ ਹੈ। ਅਜਿਹੀ ਹਾਲਤ’ ਚ ਅਸੀਸਾਂ ਦੇ ਉਲਟ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਦੂਜੇ ਪਾਸੇ ਜਿਸ ਨੂੰ ਉਹ ਬਦਅਸੀਸਾਂ ਜਾਂ ਬਦਦੁਆਵਾਂ ਦੇ ਰਿਹਾ ਹੈ ਉਹ ਬੱਚਾ ਹੈ ਜਾਂ ਬਿਰਧ। ਜਦਕਿ ਅਸੀਸਾਂ ਹਮੇਸ਼ਾ ਆਪਣੇ ਤੋਂ ਛੋਟਿਆਂ ਨੂੰ ਜਾਂ ਵਧ ਤੋਂ ਵਧ ਬਰਾਬਰ ਵਾਲਿਆਂ ਨੂੰ ਹੀ ਦਿੱਤੀਆਂ ਜਾਂਦੀਆਂ ਹਨ, ਆਪਣੇ ਤੋਂ ਵੱਡਿਆਂ ਨੂੰ ਨਹੀਂ। ਇਹ ਵੱਖਰੀ ਗੱਲ ਹੈ ਗੁਰਬਾਣੀ ਦੇ ਰੰਗ `ਚ ਰੰਗੇ ਹੋਏ ਉੱਤਮ ਆਤਮਕ ਅਵਸਥਾ ਵਾਲੇ ਮਨੁੱਖ ਦੇ ਮੂਹੋਂ ਕਿਸੇ ਵਾਸਤੇ ਅਸੀਸ਼ਾਂ ਤੇ ਅਸ਼ੀਰਵਾਦ ਹੀ ਨਿਕਲਦੇ ਹਨ; ਉਸ ਦੇ ਮੁਹੋਂ ਕਿਸੇ ਵੀ ਹਾਲਤ `ਚ ਕਿਸੇ ਲਈ ਬਦ-ਅਸੀਸਾਂ ਜਾਂ ਬਦ-ਦੁਆਵਾਂ ਤਾਂ ਨਿਕਲਦੀਆਂ ਹੀ ਨਹੀਂ।

ਇਥੋਂ ਤੱਕ ਕਿ ਗੁਰਬਾਣੀ ਗਿਆਨ ਰਾਹੀਂ ਤਿਆਰ ਹੋਏ ਉੱਤਮ ਆਤਮਕ ਅਵਸਥਾ ਵਾਲੇ ਜੀਵਨ ਨੂੰ ਚਾਹੇ ਕੋਈ ਜ਼ਾਲਮ ਵੱਡੇ ਤੋਂ ਵੱਡੇ ਤਸੀਹੇ ਦੇ ਕੇ ਸ਼ਹੀਦ ਵੀ ਕਰ ਦੇਵੇ ਤਾਂ ਵੀ ਉਸ ਦੇ ਮੂਹੋਂ ਕਿਸੇ ਵਾਸਤੇ ਬਦਦੁਆਵਾਂ ਜਾਂ ਬਦਅਸੀਸਾਂ ਨਹੀਂ ਨਿਕਲਦੀਆਂ। ਪੰਜ ਜਾਮਿਆਂ ਤੱਕ ਮਨੁੱਖਤਾ ਦੀ ਤਿਆਰੀ ਕਰਵਾਉਣ ਤੋਂ ਬਾਅਦ, ਸੰਸਾਰ ਤੱਲ `ਤੇ ਇਸ ਸਚਾਈ ਦੀ ਮਿਸਾਲ ਸਭ ਤੌ ਪਹਿਲਾਂ ਜੇ ਕਰ ਕਿਸੇ ਪੇਸ਼ ਕੀਤੀ ਤਾਂ ਉਹ ਪੰਜਵੇਂ ਪਾਤਸ਼ਾਹ ਹੀ ਸਨ। ਫ਼ਿਰ ਉਸ ਤੋਂ ਬਾਅਦ ਇਸ ਦੇ ਪੂਰਨੇ ਨੌਵੇਂ ਪਾਤਸ਼ਾਹ ਨੇ ਪਾਏ। ਜਦਕਿ ਉਸ ਤੋਂ ਬਾਅਦ ਤਾਂ ਭਾਈ ਮਤੀਦਾਸ, ਭਾਈ ਸਤੀ ਦਾਸ, ਭਾਈ ਇਆਲਾ ਜੀ ਤੋਂ ਅਰੰਭ ਕਰਕੇ ਅਜਿਹੀਆਂ ਉੱਚੀਆਂ ਆਤਮਾਵਾਂ ਤੇ ਸ਼ਹੀਦਾਂ ਨਾਲ ਸਿੱਖ ਇਤਿਹਾਸ ਹੀ ਭਰਿਆ ਪਿਆ ਹੈ। ਵੱਡੇ ਤੋਂ ਵੱਡੇ ਕਸ਼ਟ ਤਾਂ ਆਪਣੇ ਸਰੀਰਾਂ `ਤੇ ਸਹਿਨ ਕਰ ਲਏ ਪਰ ਕਿਸੇ ਨੂੰ ਬਦ-ਅਸੀਸ ਜਾਂ ਬਦ-ਦੁਆ ਨਹੀਂ ਦਿੱਤੀ।

ਅਸੀਸਾਂ ਤੇ ਬਦਅਸੀਸਾਂ ਹਰੇਕ ਸਭਿਅਤਾ `ਚ-ਇਸ ਤੋਂ ਬਾਅਦ ਇਹ ਵੀ ਦੇਖਣਾ ਹੈ ਕਿ ਅਸੀਸਾਂ ਵਾਲਾ ਵਿਸ਼ਾ ਕੇਵਲ ਪੰਜਾਬੀ ਜਾਂ ਭਾਰਤੀ ਸਭਿਅਤਾ ਤੱਕ ਹੀ ਸੀਮਿਤ ਨਹੀਂ ਬਲਕਿ ਸੰਸਾਰ ਭਰ ਦੀ ਹਰੇਕ ਸਭਿਅਤਾ ਤੇ ਹਰੇਕ ਵਰਗ ਨਾਲ ਵੀ ਸਬੰਧਤ ਹੈ। ਇਹੀ ਕਾਰਨ ਹੈ ਕਿ ਇਸ ਵਿਸ਼ੇ ਨਾਲ ਸਬੰਧਤ ਸ਼ਬਦਾਵਲੀ ਹਰੇਕ ਭਾਸ਼ਾ ਤੇ ਸਭਿਅਤਾ `ਚ ਸੌਖੇ ਹੀ ਮਿਲ ਜਾਂਦੀ ਹੈ। ਇਸਲਾਮੀ ਮੁਲਕਾਂ ਤੇ ਉਨ੍ਹਾਂ ਦੀਆਂ ਭਾਸ਼ਾਵਾਂ `ਚ ਇਨ੍ਹਾਂ ਅਸੀਸਾਂ ਲਈ ਹੀ ਦੁਆਂਵਾਂ ਤੇ ਬਦ-ਦੁਆਂਵਾਂ ਆਦਿ ਲਫ਼ਜ਼ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਅੰਗ੍ਰੇਜ਼ੀ ਭਾਸ਼ਾ `ਚ ਇਨ੍ਹਾਂ ਲਈ ਹੀ ਬਲੈਸਿੰਗਸ ਤੇ ਕਰਸ ਆਦਿ (Blessings & Curses etc) ਸ਼ਬਦਾਵਲੀ ਦਾ ਇਸਤੇਮਾਲ ਹੁੰਦਾ ਹੈ।

ਵਰ ਤੇ ਸਰਾਪ ਕੀ ਹਨ? -ਫ਼ਿਰ ਇਨ੍ਹਾਂ ਹੀ ਅਸੀਸਾਂ ਤੇ ਬਦਅਸੀਸਾਂ ਦਾ ਵਿਸ਼ੇਸ਼ ਕਰ ਭਾਰਤ `ਚ ਇੱਕ ਕਾਲਾ ਪੱਖ ਹੋਰ ਵੀ ਹੈ। ਭਾਰਤੀ ਸੰਸਕ੍ਰਿਤੀ ਤੇ ਖਾਸਕਰ ਪੁਰਾਤਨ ਬ੍ਰਾਹਮਣੀ ਰਚਨਾਵਾਂ `ਚ ਇਨ੍ਹਾਂ ਅਸੀਸਾਂ ਤੇ ਬਦਅਸੀਸਾਂ ਨੂੰ ਹੀ ਵਰਾਂ ਤੇ ਸਰਾਪਾਂ ਦਾ ਰੂਪ ਦਿੱਤਾ ਹੋਇਆ ਹੈ। ਇਸ ਤਰ੍ਹਾਂ ਉਨ੍ਹਾਂ ਫ਼ਰਜ਼ੀ ਵਰਾਂ, ਸਰਾਪਾਂ ਨੂੰ ਆਧਾਰ ਬਣਾ ਕੇ ਮਿਥਿਹਾਸ `ਚ ਸੈਂਕੜੇ ਕਹਾਣੀਆਂ ਮਿਲਦੀਆਂ ਹਨ। ਜਿਵੇਂ ਦੁਰਬਾਸਾ ਰਿਸ਼ੀ ਵੱਲੋਂ ਯਾਦਵਾਂ ਨੂੰ ਸਰਾਪ ਦੇਣ ਦੀ ਗੱਲ ਤੇ ਉਸ ਦਾ ਨਤੀਜਾ ਕ੍ਰਿਸ਼ਨ ਜੀ ਸਮੇਤ ਸੰਪੂਰਣ ਯਾਦਵ ਕੁਲ ਦਾ ਨਾਸ। ਇਸ ਮਿਸਾਲ ਨੂੰ ਗੁਰਬਾਣੀ `ਚ ਨਾਮਦੇਵ ਜੀ ਨੇ ਵੀ ਇਸ ਤਰ੍ਹਾਂ ਵਰਤਿਆ ਹੈ ਜਿਵੇਂ “ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ” (ਪੰ: ੬੯੨) ਕਿਉਂਕਿ ਉਥੇ ਉਸ ਸ਼ਬਦ `ਚ ਵਿਸ਼ਾ ਚੱਲ ਰਿਹਾ ਸੰਸਾਰਕ ਪ੍ਰਾਪਤੀਆਂ ਤੇ ਤਾਕਤਾਂ ਦੇ ਹੰਕਾਰ ਦਾ। ਇਸੇ ਲਈ ਉਸ਼ ਸ਼ਬਦ `ਚ ਰਹਾਉ ਦਾ ਬੰਦ ਹੈ “ਕਾਹੇ ਰੇ ਨਰ ਗਰਬੁ ਕਰਤ ਹਹੁ, ਬਿਨਸਿ ਜਾਇ ਝੂਠੀ ਦੇਹੀ”। ਇਸ ਤਰ੍ਹਾਂ ਪੁਰਾਤਨ ਬ੍ਰਾਹਮਣੀ ਰਚਨਾਵਾਂ `ਚ ਅਜਿਹੇ ਵਰਾਂ ਤੇ ਸਰਾਪਾਂ ਨਾਲ ਭਰਪੂਰ ਇੱਕ ਦੋ ਨਹੀਂ, ਬੇਅੰਤ ਕਹਾਣੀਆਂ ਮਿਲਦੀਆਂ ਹਨ।

ਇਸੇ ਵਿਚਾਰਧਾਰਾ ਦਾ ਹੀ ਨਤੀਜਾ ਹੈ, ਜਿਸ ਨੇ ਭਾਰਤੀ ਸਮਾਜ ਨੂੰ ਇਤਨਾ ਵਧ ਕਮਜ਼ੋਰ ਕੀਤਾ ਹੈ। ਲੋਕਾਈ ਦੇ ਮਨੋਬਲ ਨੂੰ ਡੇਗਿਆ ਹੈ। ਹੋਰ ਤਾਂ ਹੋਰ ਅੱਜ ਤੱਕ ਬੰਦਾ ਇਨ੍ਹਾਂ ਵਰਾਂ ਦਾ ਚਾਹਵਾਨ ਤੇ ਸਰਾਪਾਂ ਤੋਂ ਡਰਿਆ ਹੋਇਆ ਹੈ। ਅੱਜ ਵੀ ਬੇਅੰਤ ਘਟਣਾਵਾਂ ਵਾਪਰਦੀਆਂ ਹਨ ਜਦੋਂ ਕੁੱਝ ਠੱਗ ਤੇ ਭੇਖੀ ਕਿਸਮ ਦੇ ਲੋਕ ਇਨ੍ਹਾਂ ਵਰਾਂ ਤੇ ਸਰਾਪਾਂ ਦਾ ਜਾਲ ਵਿਛਾ ਕੇ ਸਾਧਾਰਣ ਲੋਕਾਈ ਨੂੰ ਚੂਸਦੇ ਤੇ ਡਰਾਉਂਦੇ ਹਨ। ਇਹ ਲੋਕ ਫੋਕਟ ਵਰ ਦਿੰਦੇ ਹਨ ਜਾਂ ਸਰਾਪਾਂ ਦਾ ਡਰ ਪਾ ਕੇ ਭੋਲੇ ਭਾਲੇ ਅਗਿਆਨੀ ਲੋਕਾਂ ਨੂੰ ਲੁੱਟ ਲੈਂਦੇ ਹਨ। ਹਜ਼ਾਰਾਂ ਸਾਲਾਂ ਤੋਂ ਚਲਦਾ ਆ ਰਿਹਾ ਉਨ੍ਹਾਂ ਮਿਥਿਹਾਸਕ ਘਟਣਾਵਾਂ ਤੇ ਕਹਾਣੀਆਂ ਦਾ ਹੀ ਅਸਰ ਹੈ ਕਿ ਸਾਧਾਰਨ ਭਾਰਤੀ ਦਾ ਮਨੋਬਲ ਅੱਜ ਵੀ ਇਤਨਾ ਵਧ ਗਿਰਿਆ ਹੋਇਆ ਹੈ ਕਿ ਅਣਪੜ੍ਹ ਤਾਂ ਅਣਪੜ੍ਹ, ਬਥੇਰੇ ਪੜ੍ਹੇ ਲਿਖੇ ਅਖਵਾਉਣ ਵਾਲੇ ਵੀ ਨਿੱਤ ਉਨ੍ਹਾਂ ਦੇ ਜਾਲ ਵਿੱਚ ਫ਼ਸਦੇ ਤੇ ਆਪਣਾ ਆਪ ਲੁਟਾਉਂਦੇ ਹਨ।

ਗੁਰਮੱਤ ਅਨੁਸਾਰ ਵਰ ਸਰਾਪ- ਇਸ ਸਾਰੇ ਦਾ ਹੱਲ ਹੈ ਕੇਵਲ ਤੇ ਕੇਵਲ ਗੁਰਬਾਣੀ ਗਿਆਨ ਦਾ ਪ੍ਰਕਾਸ਼। ਕਿਉਂਕਿ ਗੁਰਬਾਣੀ ਗਿਆਨ ਨਾਲ ਮਨ ਕਰਕੇ ਜਾਗ੍ਰਿਤ ਮਨੁੱਖ, ਇਨ੍ਹਾਂ ਠੱਗੀਆਂ ਦਾ, ਬਿਲਕੁਲ ਵੀ ਸ਼ਿਕਾਰ ਨਹੀਂ ਹੁੰਦਾ ਫ਼ਿਰ ਭਾਵੇਂ ਉਹ ਸੰਸਾਰਕ ਤੌਰ `ਤੇ ਅਨਪੜ੍ਹ ਹੋਵੇ ਜਾਂ ਪੜਿਆ-ਲਿਖਿਆ। ਕਿਉਂਕਿ ਗੁਰਮੱਤ-ਗੁਰਬਾਣੀ ਦੀ ਮਾਮੂਲੀ ਜਿਨੀਂ ਸੋਝੀ ਰਖਣ ਵਾਲਾ ਵੀ ਜਾਣਦਾ ਹੈ ਕਿ ਗੁਰੂ ਸਾਹਿਬ ਨੇ ਇਸ ਵਰਾਂ-ਸਰਾਪਾਂ ਵਾਲੇ ਸੋਚਣੀ ਨੂੰ ਜੜ੍ਹ ਤੋਂ ਹੀ ਨਕਾਰਿਆ ਹੈ। ਗੁਰਬਾਣੀ `ਚ ਇੱਕ ਜਾਂ ਦੋ ਵਾਰੀ ਨਹੀਂ ਬਲਕਿ ਹਜ਼ਾਹਾਂ ਵਾਰੀ ਸਪਸ਼ਟ ਕੀਤਾ ਹੌਇਆ ਹੈ ਕਿ ਅਜਿਹੇ ਵਰਾਂ-ਸਰਾਪਾਂ ਦਾ, ਪ੍ਰਭੂ ਦੀ ਰਚਨਾ ਤੇ ਖੇਡ `ਚ ਕੌਡੀ ਮੁਲ਼ ਨਹੀਂ। ਇਹ ਦੋਵੇਂ, ਵਰ ਵੀ ਤੇ ਸਰਾਪ ਵੀ, ਮਨੁੱਖ ਦੀ ਅਗਿਆਨਤਾ ਦੀ ਉਪਜ ਤੇ ਪ੍ਰਗਟਾਵਾ ਹਨ। ਵਰਾਂ-ਸਰਾਪਾਂ ਦਾ ਤਾਣਾ-ਬਾਣਾ ਬੁਣ ਕੇ ਲੋਕਾਂ ਨੂੰ ਲੁਟਣ ਤੇ ਡਰਾਉਣ ਵਾਲੇ ਲੋਕ ਭੇਖੀ ਤੇ ਢੌਗੀ ਹੁੰਦੇ ਹਨ ਜਦਕਿ ਲੁਟਿਆ ਜਾਣ ਵਾਲਾ ਅਗਿਆਨੀ ਤੇ ਜਾਹਿਲ।

ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ” (ਪੰ: ੨੮੬)। ਇਸੇ ਤਰ੍ਹਾਂ “ਕਰਣ ਕਾਰਣ ਸਮਰਥ ਅਪਾਰਾ, ਅਵਰੁ ਨਾਹੀ ਰੇ ਕੋਈ” (ਪੰ: ੩੮੦) ਪੁਨਾ “ਤੂ ਆਪੇ ਆਪਿ ਨਿਰੰਕਾਰੁ ਹੈ, ਕੋ ਅਵਰਿ ਨ ਬੀਆ॥ ਤੂ ਕਰਣ ਕਾਰਣ ਸਮਰਥੁ ਹੈ, ਤੂ ਕਰਹਿ ਸੁ ਥੀਆ” (ਪੰ: ੫੮੫) ਇਸ ਤਰ੍ਹਾਂ ਜਦੋਂ ਮਨੁੱਖ ਦੇ ਹੱਥ `ਚ ਹੈ ਹੀ ਕੁੱਝ ਨਹੀਂ ਤਾਂ ਮਨੁੱਖ ਰਾਹੀਂ ਵਰਾਂ ਜਾਂ ਸਰਾਪਾਂ ਦਾ ਕੀ ਮੁੱਲ? ਇਨ੍ਹਾਂ ਵਰਾ-ਸਰਾਪਾਂ ਦਾ ਮੁੱਲ ਕੇਵਲ ਅਜਿਹੇ ਲੋਕਾਂ ਲਈ ਹੁੰਦਾ ਹੈ ਜੋ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੇ ਹਨ। ਕੇਵਲ ਉਹੀ ਲੋਕ ਜੋ ਪੁਰਾਤਨ ਬ੍ਰਾਹਮਣੀ ਪ੍ਰਭਾਵਾਂ `ਚ ਜੀਅ ਰਹੇ ਹੁੰਦੇ ਹਨ। ਕਿਉਂਕਿ ਅਜਿਹੇ ਲੋਕ ਮਨੁੱਖਾ ਜੀਵਨ ਦੇ ਸੱਚ ਨੂੰ ਨਹੀਂ ਪਹਿਚਾਣਦੇ। ਇਸ ਤੋਂ ਵਧ ਦੁਖਦਾਈ ਗੱਲ ਤਾਂ ਉਹ ਹੁੰਦੀ ਹੈ ਜਦੋਂ ਸਾਡੇ ਹੀ ਅਖਵਾਉਣ ਵਾਲੇ ਕੁੱਝ ਕੱਚੇ ਪਿਲੇ ਤੇ ਅਣ-ਅਧੀਕਾਰੀ ਪ੍ਰਚਾਰਕ, ਸਾਡੀਆਂ ਹੀ ਗੁਰਦੁਆਰਾ ਸਟੇਜਾਂ ਤੋਂ ਸਿੱਖ ਇਤਿਹਾਸ `ਚ ਸ਼ਰਾਰਤੀਆਂ ਰਾਹੀਂ ਦਾਖ਼ਲ ਕੀਤੀਆਂ ਅਜਿਹੀਆਂ ਕਹਾਣੀਆਂ ਨੂੰ ਸਾਖੀਆਂ ਦੇ ਨਾਂ `ਤੇ ਸੁਣਾ ਸੁਣਾ ਕੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ। ਮਿਸਾਲ ਵਜੋਂ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਨਾਲ ਸੰਬੰਧਤ ਬਾਬਾ ਬੁਢਾ ਜੀ ਵੱਲੋਂ ਵਰ-ਸਰਾਪ ਵਾਲੀ ਕਹਾਣੀ। ਉਪ੍ਰੰਤ ਨੌਵੇ ਪਾਤਸ਼ਾਹ ਦੀ ਅੰਮ੍ਰਿਸਰ ਫ਼ੇਰੀ ਨਾਲ ਜੋੜੀ ਹੋਈ “ਮਾਈਆਂ ਰਬ ਰਜ਼ਾਈਆਂ ਤੇ ਅੰਮ੍ਰਿਸਰੀਏ ਅੰਦਰ ਸੜੀਏ” ਵਾਲੀ ਬੇਸਿਰਪੈਰ ਵਰ-ਸਰਾਪ ਵਾਲੀ ਕਹਾਣੀ। ਇਸੇ ਤਰ੍ਹਾਂ ਸਿੱਖ ਇਤਿਹਾਸ `ਚ ਕਈ ਹੋਰ ਗੁਰਮੱਤ ਵਿਰੁਧ ਅਜਿਹੀਆਂ ਬੇਸਿਰਪੈਰ ਕਹਾਣੀਆਂ ਮਿਲ ਰਹੀਆਂ ਹਨ।

ਮਾਤਾ ਪਿਤਾ, ਔਲਾਦ ਤੇ ਅਸੀਸਾਂ- ਇਸ `ਚ ਸ਼ੱਕ ਨਹੀਂ ਕਿ ਹਰੇਕ ਮਾਤਾ ਪਿਤਾ ਦੇ ਮਨ ਤੇ ਮੂੰਹ ਤੋਂ ਆਪਣੀ ਔਲਾਦ ਲਈ ਅਸੀਸਾਂ ਹੀ ਨਿਕਲਦੀਆ ਹਨ ਅਤੇ ਇਹ ਗ਼ਲਤ ਵੀ ਨਹੀਂ ਹੈ। ਗੁਰਬਾਣੀ ਦਾ ਗੁਣ ਹੈ ਕਿ ਗੁਰਦੇਵ ਨੇ ਮਨੁੱਖਾ ਜੀਵਨ ਦੇ ਇਸ ਹੱਕ ਤੇ ਕਰਣੀ ਨੂੰ ਨਕਾਰਿਆ ਨਹੀਂ, ਫ਼ਿਰ ਚਾਹੇ ਉਹ ਮਨੁੱਖ, ਜੀਵਨ ਦੇ ਕਿਸੇ ਵੀ ਆਤਮਕ ਤੱਲ `ਤੇ ਜੀਅ ਰਿਹਾ ਹੋਵੇ। ਬਲਕਿ ਉਸ ਦੇ ਜੀਵਨ ਦੇ ਉਸੇ ਆਤਮਕ ਤੱਲ ਤੋਂ ਚੁੱਕ ਕੇ, ਉਸ ਦੇ ਜੀਵਨ ਨੂੰ ਘੜਿਅ, ਸਵਾਰਿਆ ਤੇ ਸੰਭਾਲਿਆ ਹੈ। ਉਸ ਦੇ ਜੀਵਨ ਨੂੰ ਉਸੇ ਤੱਲ ਤੋਂ ਚੁੱਕ ਕੇ, ਜਿਸ `ਤੇ ਉਹ ਵਿਚਰ ਰਿਹਾ ਹੁੰਦਾ ਹੈ, ਉਥੋਂ ਹੀ ਉਸ ਨੂੰ ਸਿਧਾ ਕਰਤੇ ਅਕਾਲਪੁਰਖ ਨਾਲ ਵੀ ਜੋੜਿਆ ਹੈ। ਸੱਜਨ ਠੱਗ ਤੋਂ ਸੱਜਨ ਪ੍ਰਚਾਰਕ, ਭੂਮੀਏ ਚੋਰ ਤੋਂ ਉੱਚੇ ਮਰਤਬੇ ਤੇ ਉੱਚੇ ਆਤਮਕ ਜੀਵਨ `ਚ ਵਿਚਰਣ ਵਾਲਾ ਇਨਸਾਨ ਬਣਾ ਦੇਣਾ ਅਤੇ ਇਸੇ ਤਰ੍ਹਾਂ ਬੇਅੰਤ ਰੂਹਾਂ ਹਨ, ਜਿਹੜੇ ਕਿ ਅਰੰਭ `ਚ ਜੀਵਨ ਦੇ ਬਹੁਤ ਹਲਕੇ ਤੱਲ਼ `ਤੇ ਜੀਅ ਰਹੇ ਸਨ ਪਰ ਗੁਰਬਾਣੀ ਜੀਵਨ ਦੀ ਕਮਾਈ ਨਾਲ ਸਰਬ ਉੱਤਮ ਆਤਮਕ ਰੁਤਬਿਆਂ ਨੂੰ ਪ੍ਰਾਪਤ ਹੋਏ।

ਇਸ ਤੋਂ ਵੱਧ, ਗੁਰਦੇਵ ਨੇ ਕਈ ਵਾਰ ਤਾਂ ਮਨੁੱਖ ਦੀ ਸਾਧਾਰਣ ਜੀਵਨ ਰਹਿਣੀ ਨੂੰ ਕੇਵਲ ਮਿਸਾਲ ਬਣਾ ਕੇ ਹੀ ਵਰਤਿਆ ਤੇ ਉਸੇ ਤੋਂ ਮਨੁੱਖ ਦੇ ਜੀਵਨ ਨੂੰ ਆਤਮਕ ਉਚਾਈਆਂ ਤੱਕ ਪਹੁੰਚਾ ਦਿੱਤਾ। ਇਸੇ ਤਰ੍ਹਾਂ ਇਸ ਪੱਖੋਂ ਗੁਰਦੇਵ ਨੇ ਜਦੋਂ ਦੁਨਿਆਵੀ ਮਾਤਾ-ਪਿਤਾ ਦੀ ਗੱਲ ਕੀਤੀ ਤਾਂ ਉਨ੍ਹਾਂ ਦੇ ਹਿਰਦੇ ਅੰਦਰ ਜੋ ਆਪਣੀ ਔਲਾਦ ਲਈ ਕੁਦਰਤੀ ਪਿਆਰ ਹੁੰਦਾ ਹੈ ਉਸ ਨੂੰ ਕੱਚਾ ਜਾਂ ਗ਼ਲਤ ਨਹੀਂ ਆਖਿਆ। ਇਹ ਨਹੀਂ ਕਿਹਾ ਕਿ ਇਹ ਐ ਇਨਸਾਨ! ਤੂੰ ਆਪਣੀ ਔਲਾਦ ਨਾਲ ਪਿਆਰ ਕਿਉਂ ਕਰਦਾ ਹੈਂ? ਕਿਉਂਕਿ ਤੈਨੂੰ ਤਾਂ ਪ੍ਰਭੂ ਪ੍ਰਮਾਤਮਾ ਨਾਲ ਪਿਆਰ ਕਰਣਾ ਚਾਹੀਦਾ ਹੈ ਨਾ ਕਿ ਕਿਸੇ ਮਨੁੱਖ ਨਾਲ। ਅਜਿਹਾ ਵਿਸ਼ਾ ਗੁਰਬਾਣੀ `ਚ ਕਿਧਰੇ ਵੀ ਨਹੀਂ।

ਬਲਕਿ ਮਾਤਾ ਤੇ ਪਿਤਾ ਦੇ ਹਿਰਦੇ ਤੱਲ ਅੰਦਰ ਆਪਣੀ ਔਲਾਦ ਲਈ ਉਸੇ ਪਿਆਰ ਤੇ ਔਲਾਦ ਦੇ ਜੀਵਨ ਅੰਦਰਲੀਆਂ ਘਾਟਾਂ ਨੂੰ “ਰਾਮਈਆ ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ਅਵਗਨੁ ਮੇਰਾ” ਦੀਆਂ ਉਚਾਈਆਂ ਤੱਕ ਪਹੁੰਚਾ ਦਿੱਤਾ। ਇਸ ਤਰ੍ਹਾਂ ਮਾਤਾ ਜਾਂ ਪਿਤਾ ਦੀ ਮਿਸਾਲ ਦੇਣ ਸਮੇਂ, ਉਨ੍ਹਾਂ ਦੇ ਹਿਰਦੇ ਅੰਦਰ ਜੋ ਔਲਾਦ ਲਈ ਕੁਦਰਤੀ ਪਿਆਰ ਹੋਣਾ ਹੈ, ਉਸ ਦੀ ਮਿਸਾਲ ਦੇਣ ਸਮੇਂ ਗੁਰਦੇਵ ਨੇ ਇਹ ਹਿਸਾਬ ਨਹੀਂ ਲਗਾਇਆ ਕਿ ਕਿਸੇ ਦੇ ਮਾਤਾ ਜਾਂ ਪਿਤਾ ਦੀ ਨਿਜੀ ਜੀਵਨ ਰਹਿਣੀ ਚੰਗੀ ਹੈ ਜਾਂ ਮਾੜੀ, ਕਿਉਂਕਿ ਉਥੇ ਤਾਂ ਗੁਰਦੇਵ ਨੇ ਉਨ੍ਹਾਂ ਰਿਸ਼ਤਿਆਂ ਨੂੰ ਕੇਵਲ ਮਿਸਾਲ ਵਜੋਂ ਹੀ ਵਰਤਿਆ ਹੈ। ਇਸ ਲਈ ਇਸ ਸਬੰਧ `ਚ ਹੱਥਲੇ ਵਿਸ਼ੇ `ਤੇ ਅਸੀਂ ਗੁਰਬਾਣੀ ਵਿੱਚੋਂ ਕੇਵਲ ਦੋ ਮਿਸਾਲਾਂ ਹੀ ਲੈਣੀਆਂ ਚਾਹਾਂਗੇ ਇੱਕ ਮਾਤਾ ਦੇ ਪੱਖ ਤੋਂ ਤੇ ਦੂਸਰੀ ਪਿਤਾ ਦੇ ਪੱਖ ਤੋਂ

ਪਹਿਲੀ ਮਿਸਾਲ ਲੈਂਦੇ ਹਾਂ ਮਾਤਾ ਦੇ ਪੱਖ ਤੋਂ ਫ਼ੁਰਮਾਨ ਹੈ “ਸੁਤੁ ਅਪਰਾਧ ਕਰਤ ਹੈ ਜੇਤੇ॥ ਜਨਨੀ ਚੀਤਿ ਨ ਰਾਖਸਿ ਤੇਤੇ॥ ੧॥ ਰਾਮਈਆ ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ਅਵਗਨੁ ਮੇਰਾ॥ ੧॥ ਰਹਾਉ॥ ਜੇ ਅਤਿ ਕ੍ਰੋਪ ਕਰੇ ਕਰਿ ਧਾਇਆ॥ ਤਾ ਭੀ ਚੀਤਿ ਨ ਰਾਖਸਿ ਮਾਇਆ” (ਪੰ: ੪੭੮) ਉਪ੍ਰੰਤ ਦੂਜੀ ਮਿਸਾਲ ਲੈਂਦੇ ਹਾਂ ਪਿਤਾ ਦੇ ਪੱਖ ਤੋਂ ਜਿਵੇਂ “ਜੈਸਾ ਬਾਲਕੁ ਭਾਇ ਸੁਭਾਈ, ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ, ਬਹੁੜਿ ਪਿਤਾ ਗਲਿ ਲਾਵੈ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ, ਆਗੈ ਮਾਰਗਿ ਪਾਵੈ” (ਪੰ: ੬੨੪) ਇਨ੍ਹਾਂ ਦੋਨਾਂ ਗੁਰਬਾਣੀ ਪ੍ਰਮਾਣਾਂ `ਚ ਅਜਿਹੀ ਉੱਕਾ ਸ਼ਰਤ ਨਹੀਂ ਕਿ ਇਹ ਸੰਸਾਰਕ ਮਾਤਾ ਜਾਂ ਪਿਤਾ ਲਈ ਜ਼ਰੂਰੀ ਹੈ ਕਿ ਉਹ ਬਹੁਤ ਉੱਤਮ ਤੇ ਉੱਚੀ ਆਤਮਕ ਅਵਸਥਾ ਵਾਲੇ ਹੋਣ ਤੇ ਤਾਂ ਹੀ ਉਨ੍ਹਾਂ `ਤੇ ਇਹ ਗੁਰਬਾਣੀ ਪ੍ਰਮਾਣ ਲਾਗੂ ਹੋਣਗੇ। ਇਸੇ ਤਰ੍ਹਾਂ ਨਾ ਔਲਾਦ ਲਈ ਵੀ ਇਹ ਸ਼ਰਤ ਲਾਗੂ ਨਹੀਂ ਕੀਤੀ ਗਈ ਕਿ ਉਹ ਔਲਾਦ ਉੱਚ ਆਚਰਣ ਵਾਲੀ ਤੇ ਉੱਤਮ ਜੀਵਨ ਵਾਲੀ ਹੋਵੇ ਤੇ ਤਾਂ ਹੀ ਔਲਾਦ ਲਈ ਇਹ ਪ੍ਰਮਾਣ ਲਗੂ ਹੋਣੇ ਹਨ, ਨਹੀਂ ਤਾਂ ਲਾਗੂ ਨਹੀਂ ਹੋਣੇ।

ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੋਨਾਂ ਪ੍ਰਮਾਣਾ ਨੂੰ ਆਧਾਰ ਬਣਾ ਕੇ ਜਦੋ ਪ੍ਰਭੂ ਚਰਨਾਂ `ਚ ਜੀਵਨ ਦੀ ਸੰਭਾਲ ਲਈ ਜੋਦੜੀ ਕੀਤੀ ਹੈ ਤਾਂ ਉਹ ਦੋਨਾਂ ਪ੍ਰਮਾਣਾ `ਚ ਇਕੋ ਤੇ ਮਿਲਵੇਂ ਅਰਥਾਂ `ਚ ਹੀ ਹੈ ਜਿਵੇਂ “ਰਾਮਈਆ ਹਉ ਬਾਰਿਕੁ ਤੇਰਾ॥ ਕਾਹੇ ਨ ਖੰਡਸਿ ਅਵਗਨੁ ਮੇਰਾ” ਅਤੇ “ਪਿਛਲੇ ਅਉਗੁਣ ਬਖਸਿ ਲਏ ਪ੍ਰਭੁ, ਆਗੈ ਮਾਰਗਿ ਪਾਵੈ” ਸਪਸ਼ਟ ਹੈ ਕਿ ਇਥੇ ਕੇਵਲ ਸਾਧਾਰਣ ਦੁਨਿਆਵੀ ਰਿਸ਼ਤਿਆਂ ਦੀ ਗੱਲ ਹੀ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਮਿਸਾਲ ਬਣਾ ਕੇ ਹੀ ਵਰਤਿਆ ਗਿਆ ਹੈ। ਕਿਉਂਕਿ ਮਾਤਾ ਜਾਂ ਪਿਤਾ ਚਾਹੇ ਕੈਸੇ ਵੀ ਹੋਣ ਪਰ ਆਪਣੀ ਔਲਾਦ ਲਈ ਪਿਆਰ ਤੇ ਉਸ ਦੀਆ ਗਲਤੀਆਂ ਨੂੰ ਵਿਸਾਰਣ ਵਾਲਾ ਸਿਧਾਂਤ ਲਗਭਗ ਹਰੇਕ ਮਾਤਾ ਤੇ ਹਰੇਕ ਪਿਤਾ `ਤੇ ਲਾਗੂ ਹੁੰਦਾ ਹੈ ਫ਼ਿਰ ਉਨ੍ਹਾਂ ਦਾ ਜੀਵਨ ਚੰਗਾ ਹੋਵੇ ਜਾਂ ਮਾੜਾ ਤੇ ਦੂਜੇ ਪਾਸੇ ਔਲਾਦ ਵੀ ਭਾਵੇਂ ਚੰਗੀ ਹੋਵੇ ਜਾਂ ਮਾੜੀ।

ਇਸ ਦੇ ਬਾਵਜੂਦ (ੳ) “ਸੁਤੁ ਅਪਰਾਧ ਕਰਤ ਹੈ ਜੇਤੇ” …… (ਅ) “ਜਨਨੀ ਚੀਤਿ ਨ ਰਾਖਸਿ ਤੇਤੇ” … (ੲ) “ਜੇ ਅਤਿ ਕ੍ਰੋਪ ਕਰੇ ਕਰਿ ਧਾਇਆ॥ ਤਾ ਭੀ ਚੀਤਿ ਨ ਰਾਖਸਿ ਮਾਇਆ” … (ਸ) “ਜੈਸਾ ਬਾਲਕੁ ਭਾਇ ਸੁਭਾਈ, ਲਖ ਅਪਰਾਧ ਕਮਾਵੈ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ” …… (ਹ) “ਬਹੁੜਿ ਪਿਤਾ ਗਲਿ ਲਾਵੈ” ਇਸ ਤਰ੍ਹਾਂ ਗੁਰਦੇਵ ਨੇ ਇਨ੍ਹਾਂ ਪ੍ਰਮਾਣਾ `ਚ ਜੀਵਨ ਦੇ ਦੋ ਪੱਖਾਂ ਨੂੰ ਹੀ ਉਭਾਰਿਆ ਹੈ। ਪਹਿਲਾ ਇਹ ਕਿ ਸੰਸਾਰ ਤੱਲ `ਤੇ ਮਾਤਾ ਹੋਵੇ ਜਾਂ ਪਿਤਾ ਉਸ ਨੂੰ ਆਪਣੀ ਔਲਾਦ ਪਿਆਰੀ ਹੁੰਦੀ ਹੈ। ਫ਼ਿਰ ਔਲਾਦ ਚਾਹੇ ਕਿਤਨੀ ਵੀ ਗ਼ਲਤ ਹੋਵੇ ਪਰ ਮਾਤਾ ਜਾਂ ਪਿਤਾ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਵਿਸਾਰ ਕੇ ਫ਼ਿਰ ਵੀ ਆਪਣੇ ਗਲ ਨਾਲ ਲਗਾ ਲੈਂਦੀ ਤੇ ਲਗਾ ਲੈਂਦਾ ਹੈ। ਇਸੇ ਲਈ ਅਸਾਂ ਇਹ ਦੋਨੋਂ ਗੁਰਬਾਣੀ ਪ੍ਰਮਾਣ ਇੱਕ ਮਾਤਾ ਦੇ ਪੱਖੋਂ ਲਿਆ ਹੈ ਤੇ ਦੂਜਾ ਪਿਤਾ ਦੇ ਪੱਖੋ ਤਾਕਿ ਵਿਸ਼ਾ ਪੂਰੀ ਤਰ੍ਹਾਂ ਸਮਝ `ਚ ਆ ਸਕੇ।

“ਸੁਤੁ ਅਪਰਾਧ ਕਰਤ ਹੈ ਜੇਤੇ” -ਇਸ ਦੇ ਨਾਲ ਨਾਲ ਗੁਰਬਾਣੀ ਵਿਚਾਰ ਸਮੇਂ ਅਸਾਂ ਇਹ ਵੀ ਚੇਤੇ ਰਖਣਾ ਹੈ ਕਿ ਸੰਸਾਰ ਤੱਲ `ਤੇ ਜਿਨੇਂ ਵੀ ਦੋਹਰੇ ਰਿਸ਼ਤੇ ਹਨ ਗੁਰਬਾਣੀ `ਚ ਜਦੋਂ ਇੱਕ ਦੀ ਗੱਲ ਹੋਵੇ ਤਾਂ ਲੋੜ ਤੇ ਪ੍ਰਕਰਣ ਅਨੁਸਾਰ ਦੂਜਾ ਰਿਸ਼ਤਾ ਉਸ `ਚ ਆਪਣੇ ਆਪ ਸ਼ਾਮਲ ਹੁੰਦਾ ਹੈ। ਇਸ ਤਰ੍ਹਾਂ ਜਦੋ ਗੁਰਦੇਵ ਨੇ ਸੁਤ ਕਿਹਾ ਹੈ ਤਾਂ ਉਸ ਦਾ ਅਰਥ ਕੇਵਲ ਪੁੱਤਰ ਹੀ ਨਹੀਂ ਬਲਕਿ ਉਸ `ਚ ਪੁਤ੍ਰੀ ਭਾਵ ਧੀ ਵੀ ਪ੍ਰਕਰਣ ਤੇ ਲੋੜ ਅਨੁਸਾਰ ਆਪਣੇ ਆਪ ਸ਼ਾਮਲ ਹੋਵੇਗੀ ਇਕੱਲਾ ਪੁੱਤਰ ਨਹੀਂ। ਇਹ ਵੱਖਰੀ ਗੱਲ ਹੈ ਕਿ ਉਪਰ ਵਰਤੇ ਦੋਨਾਂ ਪ੍ਰਮਾਣਾ `ਚ ਕੇਵਲ ਮਾਤਾ ਜਾਂ ਪਿਤਾ ਵਾਸਤੇ ਹੀ ਗੱਲ ਆਈ ਹੈ ਤਾਂ ਪ੍ਰਕਰਣ ਅਨੁਸਾਰ ਉਥੇ ਇਸ ਦੀ ਲੋੜ ਨਹੀਂ।

ਇਸ ਸਬੰਧ `ਚ ਦੋਹਰੇ ਰਿਸ਼ਤੇ ਵਾਲੀ ਗੱਲ ਨੂੰ ਸਪਸ਼ਟ ਕਰਣ ਲਈ ਗੁਰਬਾਣੀ ਵਿੱਚੋਂ ਅਸੀਂ ਇਥੇ ਕੁੱਝ ਹੋਰ ਪ੍ਰਮਾਣ ਵੀ ਲੈਣੇ ਚਾਹਾਂਗੇ। ਜਿਵੇਂ “ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ, ਸਦਾ ਰਹਤ ਸੰਗ ਲਾਗੀ॥ ਜਬ ਹੀ ਹੰਸ ਤਜੀ ਇਹ ਕਾਂਇਆ, ਪ੍ਰੇਤ ਪ੍ਰੇਤ ਕਰਿ ਭਾਗੀ” (ਪੰ: ੬੩੪) ਜਿਸਦੇ ਅਰਥ ਹਨ ਕਿ ਜਦੋਂ ਪਤੀ ਕਾਲਵੱਸ ਹੋ ਜਾਵੇ ਤਾਂ ਪਤਨੀ ਨੂੰ ਵੀ ਕਹਿਣਾ ਪੈਂਦਾ ਹੈ ਕਿ ਇਹ ਹੁਣ ਗੁਜ਼ਰ ਚੁੱਕਾ ਹੈ ਇਸ ਲਈ ਮੈਂ ਵੀ ਇਸ ਦਾ ਸਾਥ ਨਹੀਂ ਨਿਭਾਅ ਸਕਦੀ। ਧਿਆਣ ਦੇਣਾ ਹੈ ਕਿ ਗੁਰਬਾਣੀ `ਚ ਸੰਸਾਰ ਭਰ ਦੇ ਸਾਰੇ ਰਿਸ਼ਤਿਆਂ ਵਿੱਚੋਂ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਹੀ ਸਭ ਤੋਂ ਨਜ਼ਦੀਕੀ ਤੇ ਉੱਤਮ ਰਿਸ਼ਤਾ ਬਿਆਨਿਆਂ ਤੇ ਮੰਨਿਆ ਹੈ।

ਇਥੋਂ ਤੱਕ ਹੁੰਦਾ ਹੈ ਕਿ ਪਤੀ ਜਾਂ ਪਤਨੀ ਵਿੱਚੋਂ ਜਦੋਂ ਕੋਈ ਵੀ ਇੱਕ ਕਾਲਵੱਸ ਹੋ ਜਾਵੇ ਤਾਂ ਕੁਦਰਤੀ ਤੌਰ `ਤੇ ਬਾਕੀ ਸਾਰੇ ਰਿਸ਼ਤਿਆਂ ਦੇ ਕਾਇਮ ਹੁੰਦੇ ਹੋਏ ਵੀ ਦੂਜੇ ਵਾਸਤੇ ਬਾਕੀ ਜ਼ਿੰਦਗੀ ਦੂਭਰ ਹੋ ਜਾਂਦੀ ਹੈ। ਇਸ ਤਰ੍ਹਾਂ ਇਸ ਪ੍ਰਮਾਣ `ਚ ਜਦੋਂ ਗੁਰਦੇਵ ਪਤਨੀ ਦੀ ਗੱਲ ਕਰ ਰਹੇ ਹਨ ਤਾਂ ਇਹ ਗੱਲ ਆਪਣੇ ਆਪ ਦੂਜੇ ਪਾਸੇ ਪਤਨੀ ਦੇ ਕਾਲਵੱਸ ਹੋਣ `ਤੇ, ਪਤੀ `ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦੀ ਹੈ ਅਤੇ “ਪ੍ਰੇਤ ਪ੍ਰੇਤ ਕਰਿ ਭਾਗੀ” ਪ੍ਰੇਤ ਪ੍ਰੇਤ ਦੇ ਅਰਥ ਹਨ “ਜੋ ਹੁਣ ਨਹੀਂ ਹੈ ਤੇ ਗੁਜ਼ਰ ਚੁੱਕਾ ਹੈ।

ਬਲਕਿ ਗੁਰਬਾਣੀ `ਚ ਤਾਂ ਸੰਸਾਰ ਤੱਲ `ਤੇ ਵੀ ਜਦੋਂ ਪ੍ਰਭੂ ਪ੍ਰਾਪਤੀ ਦੀ ਗੱਲ ਕਹੀ ਹੈ ਤਾਂ ਉਥੇ ਵੀ “ਸਭਨਾ ਪਿਰੁ ਵਸੈ ਸਦਾ ਨਾਲੇ॥ ਗੁਰ ਪਰਸਾਦੀ ਕੋ ਨਦਰਿ ਨਿਹਾਲੇ” (ਪੰ: ੧੧੨) “ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ” (ਪੰ: ੫੯੧) “ਸਭਨਾ ਖਸਮੁ ਏਕੁ ਹੈ, ਗੁਰਮੁਖਿ ਜਾਣੀਐ” (ਪੰ: ੧੨੯੦), “ਭਨਤਿ ਨਾਨਕੁ, ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ, ਸਾ ਸੋਹਾਗਣਿ ਹੋਇ” (ਪੰ: ੩੫੧) ਆਦਿ ਅਨੇਕਾਂ ਪ੍ਰਮਾਣ ਹਨ ਜਦੋਂ ਪ੍ਰਭੂ ਪ੍ਰਮਾਤਮਾ ਨੂੰ ਇਕੋ ਇੱਕ ਪੁਰਖ (ਪਤੀ) ਤੇ ਬਾਕੀ ਸਾਰੇ ਸੰਸਾਰ ਦੇ ਮਨੁੱਖ ਹੋਣ ਜਾਂ ਇਸਤ੍ਰੀਆਂ, ਸਾਰਿਆਂ ਨੂੰ ਉਸ ਪਤੀ ਪ੍ਰਮਾਤਮਾ ਦੀਆਂ ਜੀਵ ਇਸਤ੍ਰੀਆਂ ਹੀ ਬਿਆਣਿਆ ਹੈ। ਇਸ ਦਾ ਸਪਸ਼ਟ ਮਤਲਬ ਹੈ ਕਿ ਸੰਸਾਰ ਭਰ ਦੇ ਰਿਸ਼ਤਿਆਂ ਵਿੱਚੋਂ ਗੁਰਮੱਤ ਨੇ ਪਤੀ ਤੇ ਪਤਂਨੀ ਦੇ ਰਿਸ਼ਤੇ ਨੂੰ ਹੀ ਸਾਰਿਆਂ ਰਿਸ਼ਤਿਆਂ ਤੋਂ ਉਪਰ ਬਿਆਣਿਆ ਹੈ।

ਤਾਂ ਤੇ ਦੋਹਰੇ ਰਿਸ਼ਤਿਆਂ ਦੇ ਵਿਸ਼ੇ `ਤੇ ਕੁੱਝ ਹੋਰ ਪ੍ਰਮਾਣ “ਉਛਲਿਆ ਕਾਮੁ, ਕਾਲ ਮਤਿ ਲਾਗੀ, ਤਉ ਆਨਿ ਸਕਤਿ ਗਲਿ ਬਾਂਧਿਆ” (ਪੰ: ੯੩) ਅਰਥ ਹਨ ਕਿ ਜਦੋਂ ਮਨੁੱਖ `ਤੇ ਜੁਆਨੀ ਆਉਂਦੀ ਹੈ ਤਾਂ ਉਸ ਅੰਦਰ ਕਾਮ ਉਛਾਲੇ ਮਾਰਦਾ ਹੈ। ਇਸ ਤਰ੍ਹਾਂ ਮਨੁੱਖ ਨੂੰ ਕੁਕਰਮਾਂ ਤੋਂ ਬਚਾਉਣ ਲਈ ਉਸ ਨੂੰ ਇਸਤ੍ਰੀ (ਸਕਤਿ) ਲਿਆ ਦਿੱਤੀ ਜਾਂਦੀ ਹੈ ਪਰ ਅਗਿਆਨੀ ਮਨੁੱਖ ਇਸਤ੍ਰੀ ਵੱਸ ਹੋ ਕੇ ਪ੍ਰਭੂ ਨੂੰ ਵੀ ਭੁਲਾਅ ਦਿੰਦਾ ਹੈ ਤੇ ਉਸੇ ਇਸਤ੍ਰੀ ਲਈ ਹੀ ਹੋ ਕੇ ਰਹਿ ਜਾਂਦਾ ਹੈ। ਹੁਣ ਗੁਰਬਾਣੀ ਨਿਯਮਾਂ ਅਨੁਸਾਰ ਇਹੀ ਗੱਲ ਦੂਜੇ ਪਾਸੇ ਲੜਕੀ `ਤੇ ਵੀ ਉਸੇ ਤਰ੍ਹਾਂ ਹੀ ਆਪਣੇ ਆਪ ਲਾਗੂ ਹੋ ਜਾਵੇਗੀ ਜਿਵੇਂ ਇਥੇ ਮਿਸਾਲ ਲੜਕੇ ਲਈ ਵਰਤੀ ਗਈ ਹੈ। ਇਸੇ ਤਰ੍ਹਾਂ “ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ” (ਪੰ: ੧੧੬੫) ਇਥੇ ਨਾਮਦੇਵ ਜੀ ਜਿਹੜੀ ਗੱਲ ਮਨੁੱਖ ਵਾਸਤੇ ਕਹਿ ਰਹੇ ਹਨ ਉਹੀ ਗੱਲ ਇਸਤ੍ਰੀ `ਤੇ ਵੀ ਆਪਣੇ ਆਪ ਲਾਗੂ ਹੋ ਜਾਵੇਗੀ। ਇਹ ਨਹੀਂ ਕਿ ਗੁਰਬਾਣੀ ਅਨੁਸਾਰ ਇਹ ਪਾਬੰਦੀ ਕੇਵਲ ਆਦਮੀ ਲਈ ਹੀ ਹੈ ਤੇ ਇਸਤ੍ਰੀ `ਤੇ ਨਹੀਂ। ਇਸੇ ਤਰ੍ਹਾਂ ਦੂਜੇ ਪਾਸੇ “ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ” (ਪੰ: ੮੫) ਅਥਵਾ “ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ॥ ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ” (ਪੰ: ੬੫੨)।

ਦੇਖਣਾ ਇਹ ਹੈ ਕਿ ਇਨ੍ਹਾਂ ਦੋਨਾਂ ਪ੍ਰਮਾਣਾ `ਚ ਵਿਸ਼ਾ ਚਾਹੇ ਪ੍ਰਭੂ ਪ੍ਰਮਾਤਮਾ ਤੇ ਜੀਵ ਇਸਤ੍ਰੀ ਦਾ ਚੱਲ ਰਿਹਾ ਹੈ। ਉਹ ਜੀਵ ਇਸਤ੍ਰੀ, ਜਿਸ ਗਿਣਤੀ `ਚ ਅਸੀਂ ਸਾਰੇ ਹੀ ਆ ਜਾਂਦੇ ਹਾਂ। ਇਸ ਦੇ ਬਾਵਜੂਦ ਜੋ ਮਿਸਾਲ ਹੈ ਉਹ ਸੰਸਾਰ ਤੱਲ ਤੋਂ ਹੀ ਲਈ ਤੇ ਫ਼ੁਰਮਾਇਆ ਹੈ “ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ” (ਪੰ: ੮੫)। ਇਸ ਲਈ ਇਹ ਗੱਲ ‘ਕੁਲਖਣੀ’ ਤੇ ‘ਕੁਨਾਰਿ’ ਲਈ ਕਹੀ ਜਾ ਰਹੀ ਤਾਂ ਉਸ ਸਮੇਂ ਇਹ ਪ੍ਰਮਾਣ ਉਸ ਮਨੁੱਖ `ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ ਜਿਸ ਲਈ ਫ਼ੁਰਮਾਇਆ ਹੈ “ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ” (ਪੰ: ੧੧੬੫)। ਇਸ ਲਈ ਚੇਤੇ ਰਖਣਾ ਹੈ ਕਿ ਸੰਸਾਰ ਤੱਲ `ਤੇ ਜਿਨੇਂ ਵੀ ਦੋਹਰੇ ਰਿਸ਼ਤੇ ਹਨ ਜਦੋਂ ਇੱਕ ਦੀ ਗੱਲ ਹੋਵੇ ਤਾਂ ਲੋੜ ਤੇ ਪ੍ਰਕਰਣ ਅਨੁਸਾਰ ਦੂਜਾ ਉਸ `ਚ ਆਪਣੇ ਆਪ ਸ਼ਾਮਲ ਹੁੰਦਾ ਹੈ। ਜਦਕਿ ਉਪਰਲੇ ਦੋਨਾਂ ਪ੍ਰਮਾਣਾਂ `ਚ ਜਨਨੀ ਭਾਵ ਜਨਮ ਦੇਣ ਵਾਲੀ ਮਾਤਾ ਜਿਵੇਂ “ਜਨਨੀ ਚੀਤਿ ਨ ਰਾਖਸਿ ਤੇਤੇ” ਤੇ ਦੂਜੇ ਪ੍ਰਮਾਣ “ਬਹੁੜਿ ਪਿਤਾ ਗਲਿ ਲਾਵੈ” `ਚ ਗੱਲ ਹੀ ਕੇਵਲ ਮਾਤਾ ਜਾਂ ‘ਪਿਤਾ’ ਦੀ ਹੈ। ਇਸ ਲਈ ਪ੍ਰਕਰਣ ਤੇ ਵਿਸ਼ੇ ਅਨੁਸਾਰ ਇਥੇ ਜੁੜਵੇਂ ਰਿਸ਼ਤੇ ਨੂੰ ਵਿੱਚ ਲਿਆਉਣ ਵਾਲੀ ਗੱਲ ਹੀ ਨਹੀਂ। ਜਦਕਿ ਸੁਤ ਦੇ ਵਿਸ਼ੇ `ਤੇ ਪੁਤ੍ਰੀ ਵੀ ਵਿੱਚੇ ਹੀ ਸ਼ਾਮਲ ਹੈ।

ਪ੍ਰਚਲਤ ਸੰਸਾਰਕ ਅਸੀਸਾਂ ਤੇ ਗਪੌੜ? - ਦੇਖ ਚੁੱਕੇ ਹਾਂ ਕਿ ਵੱਡਿਆਂ ਵੱਲੋਂ ਛੋਟਿਆਂ, ਆਪਣੇ ਪਿਆਰਿਆਂ ਤੇ ਲਾਡਲਿਆਂ ਆਦਿ ਨੂੰ ਅਸੀਸਾਂ ਦੇਣ ਵਾਲੀ ਪਿੜਤ, ਕੇਵਲ ਭਾਰਤ `ਚ ਹੀ ਨਹੀਂ ਬਲਕਿ ਸੰਸਾਰ ਭਰ `ਚ ਬਹੁਤ ਪੁਰਾਣੀ ਤੇ ਲਗਭਗ ਆਦਿ ਕਾਲ ਤੋਂ ਹੀ ਹੈ। ਫ਼ਿਰ ਵੀ ਕਈ ਵਾਰੀ ਅਸੀਸਾਂ ਦੇਣ ਸਮੇਂ ਬਹੁਤਿਆਂ ਵੱਲੌਂ ਸ਼ਬਦਾਵਲੀ ਉਹ ਵਰਤ ਦਿੱਤੀ ਜਾਂਦੀ ਹੈ ਜਿਸ ਦਾ ਜੀਵਨ ਦੀ ਸਚਾਈ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਬਲਕਿ ਜਿਨ੍ਹਾਂ ਅਸੀਸਾਂ ਤੇ ਦੁਆਵਾਂ `ਚ ਗਪੋੜ ਵੱਧ ਹੁੰਦੇ ਹਨ ਤੇ ਸਚਾਈ ਹੁੰਦੀ ਹੀ ਨਹੀਂ। ਜਿਵੇਂ ਕੋਈ ਇਹ ਕਹਿੰਦਾ ਹੈ ਕਿ ‘ਤੁਸੀਂ ਜੁਗ ਜੁਗ ਜੀਓੁ’ ‘ਤੁਹਾਡੀ ਉਮਰ ਲੰਮੀ ਹੋਵੇ’ ਆਦਿ। ਹੋਰ ਤਾਂ ਹੋਰ ਜਦੋਂ ਇਹੀ ਚੀਜ਼ ਫ਼ਿਲਮਾ ਵਾਲਿਆਂ ਦੀ ਬੋਲੀ `ਚ ਪ੍ਰਗਟ ਹੋ ਕੇ ਬਾਹਰ ਆਈ ਤਾਂ ਬਿਨਾ ਸੋਚੇ ਲੋਕਾਈ `ਚ ਵੀ ਅਸੀਸਾਂ ਤੇ ਦੁਆਵਾਂ ਨੇ ਜੋ ਰੂਪ ਲੈ ਲਿਆ ਉਹ ਹੈ “ਤੁਮ ਜੀਓ ਹਜ਼ਾਰੋਂ ਸਾਲ, ਸਾਲ ਕੇ ਦਿਨ ਹੋਂ ਪਚਾਸ ਹਜ਼ਾਰ”।

ਇਸ ਸਾਰੇ ਦਾ ਮੂਲ ਕਾਰਨ ਹੁੰਦਾ ਕਿ ਮਨੁੱਖ ਨੂੰ ‘ਮਨੁੱਖਾ ਜੀਵਨ ਦੀ ਸਚਾਈ ਕੀ ਹੈ ਤੇ ਨਾਸ਼ਵਰਤਾ ਕੀ ਹੈ?’ ‘ਮਨੁੱਖਾ ਜਨਮ ਦਾ ਮਕਸਦ ਤੇ ਸਫ਼ਲਤਾ ਕੀ ਹੈ ਤੇ ਇਸ ਨੂੰ ਬਿਰਥਾ ਕਰਣਾ ਕੀ ਹੈ?’ ‘ਮਨੁੱਖਾ ਜਨਮ ਨੂੰ ਵਡਭਾਗੀ, ਸਚਿਆਰਾ. ਸੁਭਾਗਾ, ਜੀਵਨ ਮੁਕਤ ਤੇ ਭਾਗਠ ਬਨਾਉਣਾ ਕੀ ਹੈ ਤੇ ਅਭਾਗਾ’ ਜਾਂ ‘ਭਾਗਹੀਣ’ ਰਹਿ ਕੇ ‘ਜਮ ਪਾਸਿ’ ਭਾਵ ਫ਼ਿਰ ਤੋਂ ਜਨਮ ਮਰਣ ਦੇ ਗੇੜ `ਚ ਪੈ ਜਾਣਾ ਕੀ ਹੈ?’ ਇਸ ਤੋਂ ਬਾਅਦ ਕਿਸੇ ਦੇ ਕਹਿਣ `ਤੇ ਕਿਸੇ ਦੀ ਉਮਰ ਵਧ-ਘਟ ਵੀ ਸਕਦੀ ਹੈ ਜਾਂ ਨਹੀਂ। ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ” (ਪੰ: ੧੪੭) ਕਿਉਂਕਿ ਉਥੇ ਤਾਂ ਸੁਆਸਾਂ ਦੀ ਪੂੰਜੀ ਮੁੱਕਣ ਤੇ ਕਿਸੇ ਦਾ ਇੱਕ ਸੁਆਸ ਵੀ ਵਧ ਘਟ ਨਹੀਂ ਸਕਦਾ। ਤਾਂ ਫ਼ਿਰ ਇਸ ਰੱਬੀ ਸਚਾਈ ਸਾਹਮਣੇ ਕਿਸੇ ਦੀ ਇਸ ਅਸੀਸ ਦਾ ਕੀ ਮੁੱਲ ਕਿ “ਤੁਹਾਡੀ ਉਮਰ ਬਹੁਤ ਲੰਮੀ ਹੋਵੇ ਤੇ ਬਾਕੀ ਜੁਗ ਜੁਗ ਤੇ ਹਜ਼ਾਰਾਂ ਸਾਲਾਂ ਵਾਲੇ ਗਪੌੜ”।

ਜੀਵਨ ਦੀਆਂ ਇਨ੍ਹਾਂ ਸਚਾਈਆਂ ਦਾ ਜੇਕਰ ਪਤਾ ਲਗਣਾ ਸੀ ਤਾਂ ਉਹ ਕੇਵਲ ਗੁਰਬਾਣੀ ਗਿਆਨ ਤੋਂ, ਉਸ ਤੋਂ ਬਿਨਾ ਨਹੀਂ। ਜੇਕਰ ਗੁਰਬਾਣੀ ਸੋਝੀ ਹੋਵੇ ਤੇ ਉਸ ਤੋਂ ਮਨੁੱਖ ਨੂੰ ਘਟੋਘਟ ਇਨਾਂ ਹੀ ਪਤਾ ਹੋਵੇ ਕਿ “ਦੇਨਿੑ ਦੁਆਈ ਸੇ ਮਰਹਿ, ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨ ਜਾਪਈ, ਕਿਥੈ ਜਾਇ ਸਮਾਹਿ” (ਪੰ: ੧੨੮੬) ਭਾਵ ‘ਦੁਆਵਾਂ ਤੇ ਅਸੀਸਾਂ ਦੇਣ ਵਾਲਿਆਂ ਨੇ ਵੀ ਨਹੀਂ ਰਹਿਣਾ, ਉਪ੍ਰੰਤ ਜਿਨ੍ਹਾਂ ਨੂੰ ਅਸੀਸ਼ਾਂ ਤੇ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੇ ਵੀ ਨਹੀਂ ਰਹਿਣਾ’। ਤਾਂ ਵੀ ਮਨੁੱਖ ਦੀ ਬੋਲੀ `ਚ ਅਸੀਸਾਂ ਤੇ ਦੁਆਵਾਂ ਹੋਣ ਗੀਆਂ ਤਾਂ ਸਹੀ ਪਰ ਉਨ੍ਹਾਂ ਦੀ ਬੋਲੀ ਤੇ ਅਸੀਸਾਂ `ਚ ਇਹੋ ਜਿਹੇ ਗਪੋੜ, ਝੂਠ ਤੇ ਕੱਚੀਆਂ ਗੱਲਾਂ ਨਹੀਂ ਹੋਣਗੀਆਂ।

ਕਿਉਂਕਿ ਗੁਰਬਾਣੀ ਸੋਝੀ ਵਾਲਾ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ‘ਜੁਗ ਜੁਗ ਜੀਊਣ ਤੇ ਹਜ਼ਾਰਾਂ-ਲਖਾਂ ਸਾਲ ਜੀਊਣ ਵਾਲੀਆਂ ਗੱਲਾਂ ਤਾਂ ਦੂਰ ਉਥੇ ਤਾਂ ਮੌਤ ਦਾ ਸਮਾਂ ਆਉਣ `ਤੇ “ਚਲੁ ਦਰਹਾਲੁ ਦੀਵਾਨਿ ਬੁਲਾਇਆ॥ ਹਰਿ ਫੁਰਮਾਨੁ ਦਰਗਹ ਕਾ ਆਇਆ” (ਪੰ: ੭੯੨) ਅਤੇ “ਕੋ ਰਹੈ ਨ ਭਰੀਐ ਪਾਈਐ” (ਪੰ: ੪੬੫) ਪੁਨਾ “ਸੰਬਤਿ ਸਾਹਾ ਲਿਖਿਆ” (ਪੰ: ੧੨) ਜਾਂ “ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ” (ਪੰ: ੧੪੭) ਆਦਿ ਬੇਅੰਤ ਗੁਰਬਾਣੀ ਪ੍ਰਮਾਣ ਇਸ ਇਲਾਹੀ ਸੱਚ ਦਾ ਸਬੂਤ ਹਨ ਕਿ ਹਰੇਕ ਕੋਲ ਸੁਆਸਾਂ ਦੀ ਪੂੰਜੀ ਆਪਣੀ ਆਪਣੀ ਹੈ ਤੇ ਕਿਸੇ ਦਾ ਇੱਕ ਵੀ ਸ੍ਰੁਆਸ ਘਟ ਜਾਂ ਵਧ ਨਹੀਂ ਸਕਦਾ।

ਪ੍ਰਚਲਤ ਸੰਸਾਰਕ ਤੇ ਗੁਰਮੱਤ ਅਸੀਸਾਂ ਦਾ ਫ਼ਰਕ- ਚੰਗੀ ਤਰ੍ਹਾਂ ਦੇਖ ਚੁੱਕੇ ਹਾਂ ਕਿ ਸੰਸਾਰਕ ਤੇ ਪ੍ਰਚਲਤ ਅਸੀਸਾਂ ਤੇ ਦੁਆਵਾਂ `ਚ ਕਈ ਵਾਰੀ ਕਿਤਨੇ ਕਿਤਨੇ ਵੱਡੇ ਝੁਠ ਤੇ ਗਪੋੜ ਵੀ ਹੁੰਦੇ ਹਨ। ਇਸ ਦਾ ਇਹ ਮਤਲਬ ਵੀ ਨਹੀਂ ਕਿ ਗੁਰਬਾਣੀ ਅਥਵਾ ਗੁਰੂ ਸਾਹਿਬ ਨੇ ਇਨ੍ਹਾਂ ਅਸੀਸ਼ਾਂ ਤੇ ਦੁਆਵਾਂ ਵਾਲੀ ਪਿੜਤ ਨੂੰ ਨਕਾਰਿਆ ਹੈ। ਉਥੇ ਤਾਂ ਗੁਰਦੇਵ ਨੇ ਸਾਬਤ ਕੀਤਾ ਹੈ ਕਿ ਉਹੀ ਮਨੁੱਖ ਜਦੋਂ ਗੁਰਬਾਣੀ ਜੀਵਨ ਦੀ ਕਮਾਈ ਕਰਦਾ ਹੈ ਤਾਂ ਉਸ ਦੀ ਬੋਲੀ ਰਹਿਣੀ ਤੇ ਚਲਣ ਆਦਿ `ਚ ਹਰ ਪੱਖੋਂ ਫ਼ਰਕ ਆ ਜਾਂਦਾ ਹੈ। ਉਪ੍ਰੰਤ ਫ਼ਰਕ ਵੀ ਅਜਿਹਾ ਹੁੰਦਾ ਹੈ ਕਿ ਅਜਿਹੇ ਗੁਰਮੁਖ ਪਿਆਰੇ ਦੀ ਬੋਲੀ, ਵਿਹਾਰ, ਵਿਚਾਰ, ਚਲਣ ਭਾਵ ਸਭਕੁਝ ਰੱਬੀ ਸੱਚ `ਚ ਗੜੁਚ ਹੁੰਦਾ ਹੈ। ਉਥੇ ਕਚਾਪਣ ਤੇ ਵਾਧੂ ਗਪੌੜ ਨਹੀਂ ਰਹਿ ਜਾਂਦੇ।

ਵਿਚਾਰਣ ਦਾ ਵਿਸ਼ਾ ਹੈ ਕਿ ਸੰਸਾਰ ਦੀ ਲਗਭਗ ਹਰੇਕ ਮਾਂ ਆਪਣੇ ਬੱਚੇ ਨੂੰ ਜਦੋਂ ਸੁਆਂਦੀ ਵੀ ਹੈ ਤਾਂ ਵੀ ਉਸ ਦੇ ਮੂਹੋਂ ਆਪਣੇ ਬੱਚੇ ਲਈ ਲੋਰੀਆਂ ਦੇ ਰੂਪ `ਚ ਅਸੀਸਾਂ ਹੀ ਨਿਕਲਦੀਆਂ ਹਨ। ਗੁਰਦੇਵ ਇਸ ਬਾਰੇ ਫ਼ੈਸਲਾ ਦਿੰਦੇ ਹਨ ਕਿ ਸਚਮੁਚ ਜੇ ਕਰ ਮਾਂ ਦਾ ਜੀਵਨ ਵੀ ਗੁਰਬਾਣੀ ਰੰਗ `ਚ ਰੰਗਿਆ ਹੋਵੇ ਤਾਂ ਮਮਤਾ ਦੀ ਮਾਰੀ ਮਾਂ, ਬੇਸ਼ਕ ਆਪਣੇ ਬੱਚੇ ਨੂੰ ਅਸੀਸਾਂ ਤਾਂ ਉਹ ਵੀ ਦੇਵੇਗੀ ਤੇ ਦੇਣੀਆਂ ਵੀ ਹਨ। ਫ਼ਰਕ ਇਹ ਪਵੇਗਾ ਕਿ ਅਜਿਹੀ ਹਾਲਤ `ਚ ਅਜਿਹੀ ਗੁਰਸਿੱਖ ਮਾਤਾ ਵੱਲੌਂ ਆਪਣੇ ਬੱਚੇ ਨੂੰ ਕਿਹੋ ਜਿਹੀ ਅਸੀਸ ਹੋਵੇਗੀ ਅਤੇ ਜੋ ਹੋਣੀ ਵੀ ਚਾਹੀਦੀ ਹੈ ਪਰ ਮਾਤਾ ਦੀ ਬੋਲੀ `ਚ ਗੁਰਦੇਵ ਫ਼ੁਰਮਾਉਂਦੇ ਤੇ ਸੰਸਾਰ ਨੂੰ ਇਸ ਬਾਰੇ ਜਾਚ ਸਿਖਾਉਂਦੇ ਹਨ।

ਸ਼ਬਦ ਹੈ- ਗੂਜਰੀ ਮਹਲਾ ੫॥ ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ, ਪਿਤਰੀ ਹੋਇ ਉਧਾਰੋ॥ ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ, ਜਾ ਕਾ ਅੰਤੁ ਨ ਪਾਰੋ॥ ੧॥ ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮੑ ਕਉ ਹਰਿ ਹਰਿ, ਸਦਾ ਭਜਹੁ ਜਗਦੀਸ॥ ੧॥ ਰਹਾਉ॥ ਸਤਿਗੁਰੁ ਤੁਮੑ ਕਉ ਹੋਇ ਦਇਆਲਾ, ਸੰਤਸੰਗਿ ਤੇਰੀ ਪ੍ਰੀਤਿ॥ ਕਾਪੜੁ ਪਤਿ ਪਰਮੇਸਰੁ ਰਾਖੀ, ਭੋਜਨੁ ਕੀਰਤਨੁ ਨੀਤਿ॥ ੨॥ ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ, ਹਰਿ ਸਿਮਰਤ ਅਨਦ ਅਨੰਤਾ॥ ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਬਿਆਪੈ ਚਿੰਤਾ॥ ੩॥ ਭਵਰੁ ਤੁਮਾੑਰਾ ਇਹੁ ਮਨੁ ਹੋਵਉ, ਹਰਿ ਚਰਣਾ ਹੋਹੁ ਕਉਲਾ॥ ਨਾਨਕ ਦਾਸੁ ਉਨਿ ਸੰਗਿ ਲਪਟਾਇਓ, ਜਿਉ ਬੂੰਦਹਿ ਚਾਤ੍ਰਿਕੁ ਮਉਲਾ॥ ੪(ਪੰ: ੪੯੬)

ਇਸ ਸ਼ਬਦ ਦੇ ਅਰਥ ਵਿਚਾਰ ਹਨ “ਹੇ ਪੁੱਤਰ! ਤੈਨੂੰ ਤੇਰੀ ਮਾਂ ਦੀ ਇਹ ਅਸੀਸ ਹੈ ਕਿ ਤੈਨੂੰ ਅੱਖ ਝਮਕਣ ਜਿਨੇਂ ਸਮੇ ਲਈ ਵੀ ਪ੍ਰਮਾਤਮਾ ਕਦੇ ਨਾ ਵਿਸਰੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ ਸਲਾਹ (ਨਾਮ) ਨਾਲ ਜੁੜਿਆ ਰਵੇਂ। ੧। ਰਹਾਉ।

ਹੇ ਪੁੱਤਰ! ਜਿਸ ਪ੍ਰਭੂ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਜੀਵਨ `ਚ ਉਖਾੜ ਨਹੀਂ ਰਹਿੰਦੇ। ਇਥੋਂ ਤੱਕ ਕਿ ਜੇਕਰ ਤੂੰ ਇਸ ਸੱਚ ਦੇ ਮਾਰਗ `ਤੇ ਚਲੇਗਾਂ ਤਾਂ ਇਸ ਨਾਲ ਸਾਡਾ (ਤੇਰੇ ਵੱਡਿਆਂ, ਤੇਰੇ ਮਾਤਾ ਪਿਤਾ ਆਦਿ ਦੇ ਜੀਵਨ) ਦਾ ਵੀ ਉਧਾਰ ਹੋ ਜਾਵੇਗਾ। ਇਸ ਲਈ ਹੇ ਮੇਰੇ ਬੱਚੇ! ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦੀ ਸਿਫ਼ਤ ਸਲਾਹ `ਚ ਜੁੜਿਆ ਰਵੇਂ।

ਧਿਆਨ ਰਹੇ ਚੂੰਕਿ ਇਹ ਅਸੀਸ ਮਾਤਾ ਵੱਲੋਂ ਹੈ ਇਸ ਲਈ ਇਥੇ ਪਿਤ੍ਰੀਂ ਦਾ ਅਰਥ ਕਿਸੇ ਤਰ੍ਹਾਂ ਗੁਜ਼ਰ ਚੁੱਕੇ ਵੱਡੇ ਵਡੇਰੇ ਅਥਵਾ ਉਹ ਪਿਤ੍ਰ ਨਹੀਂ ਹਨ। ਬਲਕਿ ਇਥੇ ਪਿਤ੍ਰੀ ਦਾ ਅਰਥ “ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ” (ਬਾਣੀ ਜਪੁ) ਅਨੁਸਾਰ ਇਥੇ ਪਿਤ੍ਰੀ ਦਾ ਅਰਥ ਬੱਚੇ ਨੂੰ ਅਸੀਸਾਂ ਦੇਵ ਵਾਲੇ ਮਾਪਿਆਂ ਤੇ ਪ੍ਰਵਾਰ `ਚ ਵੱਡਿਆਂ ਤੋਂ ਹੀ ਹੈ। ੧।

ਤਾਂ ਤੇ ਬਾਕੀ ਪਦਿਆਂ ਦੇ ਅਰਥ ਹਨ ਕਿ “ਹੇ ਮੇਰੇ ਪੁੱਤਰ! ਸਤਿਗੁਰੂ ਤੇਰੇ `ਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ, ਜਿਵੇਂ ਕੱਪੜਾ, ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ ਅਕਾਲਪੁਰਖ ਵੀ ਤੇਰੀ ਇੱਜ਼ਤ ਰੱਖੇ। ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਤੇਰੀ ਆਤਮਾ ਦੀ ਖ਼ੁਰਾਕ ਬਣੀ ਰਹੇ। ੨। ਤੂੰ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਪ੍ਰਮਾਤਮਾ ਦਾ ਸਿਮਰਨ ਕੀਤਿਆਂ ਤੇਰੇ ਜੀਵਨ `ਚ ਅਮੁੱਕ ਆਨੰਦ ਬਣਿਆ ਰਵੇ। ਇਸ ਤੋਂ ਆਤਮਕ ਖ਼ੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਅਤੇ ਸਭ ਆਸਾਂ ਪੂਰੀਆਂ ਹੁੰਦੀਆਂ ਹਨ, ਚਿੰਤਾ ਨੇੜੇ ਨਹੀਂ ਪਾ ਆਊਂਦੀ। ਇਥੇ “ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਬਿਆਪੈ ਚਿੰਤਾ” ਵੀ ਠੀਕ ਉਸੇ ਤਰ੍ਹਾਂ ਹੈ ਜਿਵੇਂ “ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ।। ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ” (ਪੰ: ੫੨੨)। ੩।

ਇਸ ਲਈ ਹੇ ਮੇਰੇ ਪੁੱਤਰ! ਤੇਰਾ ਇਹ ਮਨ ਪ੍ਰਭੂ ਚਰਨਾਂ ਦਾ ਭੌਰਾ ਬਣਿਆ ਰਹੇ। ਪ੍ਰਮਾਤਮਾ ਦੇ ਚਰਨ ਹੀ ਤੇਰੇ ਮਨ-ਭੌਰੇ ਲਈ ਕਮਲ ਦੇ ਫੁੱਲ ਬਣੇ ਰਹਿਣ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਗੁਰਸਿੱਖ ਮਾਤਾ ਦੀ ਆਪਣੇ ਬੱਚੇ ਲਈ ਇਹੀ ਅਸੀਸ ਹੋਵੇ ਕਿ ਮੇਰਾ ਇਹ ਬੱਚਾ ਅਕਾਲਪੁਰਖ ਦਾ ਸੇਵਕ ਰਹਿ ਕੇ, ਪ੍ਰਭੂ ਦੇ ਉਨਾਂ ਚਰਨਾਂ ਨਾਲ ਇਸ ਤਰ੍ਹਾਂ ਲਿਪਟਿਆ ਰਵੇ ਜਿਵੇਂ ਪਪੀਹਾ ਵਰਖਾ ਦੀ ਬੂੰਦ ਲਈ ਉਤਾਵਲਾ ਰਹਿੰਦਾ ਹੈ। ੪।

“ਰਾਮ ਰਸਾਇਣੁ ਨਿਤ ਉਠਿ ਪੀਵਹੁ” - ਇਸੇ ਤਰ੍ਹਾਂ ਮਾਪਿਆਂ ਵੱਲੋਂ ਇਸੇ ਅਸੀਸ ਦੀ ਤਰਜ਼ `ਤੇ ਪੰ: ੧੧੩੮ `ਤੇ ਗੁਰਬਾਣੀ `ਚ ਇੱਕ ਹੋਰ ਸ਼ਬਦ ਵੀ ਆਉਂਦਾ ਹੈ ਜੋ ਇਸ ਪ੍ਰਕਾਰ ਹੈ- “ਭੈਰਉ ਮਹਲਾ ੫॥ ਸਾਚ ਪਦਾਰਥੁ ਗੁਰਮੁਖਿ ਲਹਹੁ॥ ਪ੍ਰਭ ਕਾ ਭਾਣਾ ਸਤਿ ਕਰਿ ਸਹਹੁ॥ ੧ ॥ ਜੀਵਤ ਜੀਵਤ ਜੀਵਤ ਰਹਹੁ॥ ਰਾਮ ਰਸਾਇਣੁ ਨਿਤ ਉਠਿ ਪੀਵਹੁ॥ ਹਰਿ ਹਰਿ ਹਰਿ, ਹਰਿ ਰਸਨਾ ਕਹਹੁ॥ ੧ ॥ ਰਹਾਉ॥ ਕਲਿਜੁਗ ਮਹਿ ਇੱਕ ਨਾਮਿ ਉਧਾਰੁ॥ ਨਾਨਕੁ ਬੋਲੈ ਬ੍ਰਹਮ ਬੀਚਾਰੁ॥ ੨ ॥” ਜਦਕਿ ਇਹ ਸ਼ਬਦ ਮਾਤਾ ਜਾਂ ਪਿਤਾ ਵੱਲੋਂ ਆਪਣੇ ਬੱਚੇ ਜਾਂ ਬੱਚੀ ਨੂੰ ਕੇਵਲ ਅਸੀਸ ਵੱਜੋਂ ਨਹੀਂ ਬਲਕਿ ਸੰਪੂਰਣ ਮਨੁੱਖ ਮਾਤ੍ਰ ਨੂੰ ਉਪਦੇਸ਼ ਰੂਪ `ਚ ਹੈ ਕਿ ਉਸ ਨੇ ਆਪਣੇ ਜੀਵਨ ਦੀ ਸਭੰਾਲ ਕਿਵੇਂ ਕਰਣੀ ਹੈ? ਫ਼ਿਰ ਵੀ ਚੂੰਕਿ ਇਹ ਸ਼ਬਦ ਵੀ ਬਹੁਤਾ ਕਰਕੇ ਸਾਡੇ ਕੀਰਤਨੀ, ਰਾਗੀ ਸੱਜਨਾ ਉਪ੍ਰੰਤ ਕਥਾਵਾਚਕਾਂ ਵੱਲੋਂ ਵੀ ਉਸੇ ਹੀ ਪ੍ਰਭਾਵ `ਚ ਲਿਆ ਤੇ ਗਾਇਆ ਜਾਂਦਾ ਹੈ ਜਿਨ੍ਹਾਂ ਅਰਥਾਂ `ਚ “ਪੂਤਾ ਮਾਤਾ ਕੀ ਆਸੀਸ” ਵਾਲਾ ਸ਼ਬਦ। ਇਸ ਲਈ ਯੋਗ ਭਾਸਦਾ ਹੈ ਕਿ ਚਲਦੇ ਪ੍ਰਕਰਣ ਦੇ ਨਾਲ ਹੀ ਇਸ ਸ਼ਬਦ ਨੂੰ ਵੀ ਸਮਝਣ ਦਾ ਯਤਣ ਕੀਤਾ ਜਾਵੇ। ਤਾਂ ਤੇ ਇਸ ਸ਼ਬਦ ਦੀ ਅਰਥ ਵਿਚਾਰ ਇਸ ਤਰ੍ਹਾਂ ਹੈ:-

ਇਥੇ ਗੁਰਦੇਵ ਪ੍ਰੇਰਣਾ ਕਰਦੇ ਹਨ ਕਿ “ਹੇ ਭਾਈ! ਤੂੰ ਸਦਾ ਆਪਣੀ ਜੀਭਾ ਨਾਲ ਪ੍ਰਮਾਤਮਾ ਦੀ ਸਿਫ਼ਤ ਸਲਾਹ (ਨਾਮ) ਕਰਿਆ ਕਰ। ਤਾਂ ਤੇ ਐ ਪ੍ਰਾਣੀ! ਤੂੰ ਆਹਰ ਤੇ ਉੱਦਮ ਕਰਕੇ ਸਦਾ ਸਾਰੇ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਪੀਂਦਾ ਰਹਿ। ਇਸ ਤਰ੍ਹਾਂ ਜੀਵਨ ਦੇ ਹਰ ਪਲ `ਚ ਤੂੰ ਆਤਮਕ ਜੀਵਨ ਦਾ ਆਨੰਦ ਮਾਣਦਾ ਰਵੇਂ। ੧। ਰਹਾਉ।

ਗੁਰਦੇਵ ਦ੍ਰਿੜ ਕਰਵਾਉਂਦੇ ਹਨ ਕਿ ਐ ਭਾਈ! ਗੁਰੂ ਦੀ ਸ਼ਰਨ `ਚ ਪੈ ਕੇ ਭਾਵ ਗੁਰੂ ਦੇ ਆਦੇਸ਼ਾਂ ਦੀ ਕਮਾਈ ਕਰੇਂ। ਇਸ ਤੋਂ ਤੂੰ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਧਨ ਭਾਵ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਧਨ ਨੂੰ ਹਾਸਲ ਕਰੇਂ। ਉਹ ਨਾਮ ਧਨ ਜਿਸ ਦੇ ਲਈ ਗੁਰਬਾਣੀ `ਚ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ “ਖਾਵਹਿ ਖਰਚਹਿ ਰਲਿ ਮਿਲਿ ਭਾਈ।। ਤੋਟਿ ਨ ਆਵੈ ਵਧਦੋ ਜਾਈ” (ਪੰ: ੧੬੨)। ਇਸ ਲਈ ਇਸ ਢੰਗ ਨਾਲ ਤੂੰ ਆਪਣੇ ਜੀਵਨ ਅੰਦਰ ਅਕਾਲਪੁਰਖ ਦੀ ਰਜ਼ਾ `ਚ ਜੀਊਣ ਵਾਲੀ ਦ੍ਰਿੜਤਾ ਪੈਦਾ ਕਰ ਸਕੇਂ। ੧।

ਤੂੰ ਚੇਤੇ ਰਖ! ਹਰਿ-ਨਾਮ ਭਾਵ ਪ੍ਰਭੂ ਦੀ ਸਿਰਫ਼ ਸਲਾਹ ਰਾਹੀਂ ਹੀ ਮੋਹ, ਮਾਇਆ, ਤ੍ਰਿਸ਼ਨਾ, ਭੁਟਕਣਾ ਤੇ ਵਿਕਾਰਾਂ ਅਉਗੁਣਾ (ਕਲਜੁਗ) ਆਦਿ ਵਾਲੇ ਜੀਵਨ ਤੋਂ ਛੁਟਕਾਰਾ ਹੋ ਸਕਦਾ ਹੈ, ਉਸ ਤੋਂ ਬਿਨਾ ਨਹੀਂ। ਇਸ ਲਈ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਣ ਲਈ ਤੇ ਪ੍ਰਭੂ ਮਿਲਾਪ ਲਈ, ਗੁਰੂ ਨਾਨਕ ਪਾਤਸ਼ਾਹ ਆਪਣੇ ਵੱਲੋਂ ਹੋ ਕੇ ਫ਼ੁਰਮਾਉਂਦੇ ਹਨ ਕਿ ਇਹੀ ਇਕੋ ਇੱਕ ਤਰੀਕਾ ਹੈ ਜੀਵਨ ਦੀ ਸੰਭਾਲ ਕਰਣ ਦਾ। ਇਹ ਵੀ ਠੀਕ ਉਸੇ ਤਰ੍ਹਾਂ ਹੈ ਜਿਵੇਂ ਗੁਰਦੇਵ ਨੇ “ਪੂਤਾ ਮਾਤਾ ਕੀ ਆਸੀਸ” ਵਾਲੇ ਸ਼ਬਦ `ਚ ਗੁਰਸਿੱਖ ਮਾਤਾ ਦੇ ਮੂੰਹ ਤੋਂ ਬੱਚੇ ਨੂੰ ਅਸੀਸ ਦੇ ਰੂਪ `ਚ ਅਖਵਾਇਆ ਹੈ)। ੨। ਨੋਟ: ਇਸੇ ਨਾਲ ਹੋਰ ਸਬੰਧਤ ਵੇਰਵੇ ਲਈ ਗੁਰਮੱਤ ਪਾਠ ਨਂ: ੩੬ “ਦੇਹੁ ਸਜਣ ਅਸੀਸੜੀਆ” ਪ੍ਰਾਪਤ ਹੈ ਜੀ ਇਸ ਲਈ ਇਸ ਗੁਰਮੱਤ ਪਾਠ ਨੂੰ ਉਸ ਨਾਲ ਮਿਲਾ ਕੇ ਪੜ੍ਹਣਾ ਹੌਰ ਵੀ ਲਾਭਦਾਇਕ ਹੋਵੇਗਾ ਜੀ। #035s011.02s011#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 35

“ਪੂਤਾ ਮਾਤਾ ਕੀ ਆਸੀਸ…”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.