.

ਜਿਨ੍ਹਾ ਪਿਆਰੇ ਨੇਹ

ਗੁਰਬਾਣੀ ਵਿੱਚ ਪ੍ਰੇਮ, ਪਿਆਰ, ਪ੍ਰੀਤਿ ਅਤੇ ਨੇਹੁ ਸ਼ਬਦ ਆਏ ਹਨ ਜਿਨ੍ਹਾਂ ਦਾ ਭਾਵ ਇਕੋ ਹੀ ਹੈ। ਪ੍ਰੇਮ ਅਦ੍ਰਿਸ਼ਟ ਮਨ ਦੀ ਇੱਕ ਹਾਲਤ ਹੈ ਜਿਸਨੂੰ ਅਨੁਭਵ ਤਾਂ ਕੀਤਾ ਜਾ ਸਕਦਾ ਹੈ ਪਰ ਵੇਖਿਆ ਵਖਾਇਆ ਜਾਂ ਛੋਹਿਆ ਨਹੀ ਜਾ ਸਕਦਾ। ਆਮ ਤੌਰ ਤੇ ਮੋਹ ਨੂੰ ਹੀ ਪਿਆਰ ਸਮਝਣ ਦੀ ਭੁੱਲ ਹੋ ਜਾਂਦੀ ਹੈ ਇਸ ਲਈ ਪਹਿਲਾਂ ਇਸਨੂੰ ਜਾਨਣ ਦੀ ਥੋੜੀ ਲੋੜ ਹੈ। ਸੰਸਾਰ ਦੀ ਹਰ ਵਸਤੂ ਬਿਨਸਨਹਾਰ ਹੈ ਤੇ ਬਿਨਸਨਹਾਰ ਵਸਤੂ ਨਾਲ ਲਗਾਉ ਮੋਹ ਹੈ ਕਿਉਂਕਿ ਉਹ ਸਦੀਵੀ ਨਹੀ ਹੈ। ਉਹ ਕੱਚੇ ਧਾਗੇ ਦੀ ਤਰਾਂ ਹੈ। ਅੱਜ ਜਿਸ ਨਾਲ ਅਤਿ ਨੇਹੁ ਹੈ, ਕ੍ਹਲ ਨੂੰ ਕਿਸੇ ਕਾਰਨ ਘਟ ਵੀ ਸਕਦਾ ਹੈ ਜਾਂ ਟੁੱਟ ਵੀ ਸਕਦਾ ਹੈ। ਮੋਹ ਵਿੱਚ ਲੈਣ ਦੇਣ ਛੁਪਿਆ ਹੋਇਆ ਹੈ ਜਿਵੇਂ ਕੋਈ ਕਿਸੇ ਨਾਲ ਪਿਆਰ (ਜੋ ਅਸਲ ਵਿੱਚ ਮੋਹ ਹੈ) ਕਰਦਾ ਹੈ ਤੇ ਬਦਲੇ ਵਿੱਚ ਦੂਸਰੇ ਤੋਂ ਵੀ ਪਿਆਰ ਦੀ ਆਸ ਰੱਖਦਾ ਹੈ। ਜਿਸ ਕਿਰਿਆ ਨਾਲ ਕੋਈ ਕਾਰਨ ਜਾਂ ਸ਼ਰਤ ਜੁੜੀ ਹੋਵੇ ਉਹ ਤਾਂ ਇੱਕ ਵਾਪਾਰਕ ਕਿਰਿਆ ਹੀ ਸਮਝੀ ਜਾ ਸਕਦੀ ਹੈ। ਨਿਰਜਿੰਦ ਵਸਤੂਆਂ ਨਾਲ ਮਨੁੱਖ ਦਾ ਮੋਹ ਇੱਕ ਸੋਨੇ ਦੀ ਜ਼ੰਜੀਰ ਦੇ ਬੰਧਨ ਵਾਙੂੰ ਹੈ ਜਿਸ ਤੋਂ ਛੁਟਕਾਰਾ ਕੋਈ ਵਿਰਲਾ ਹੀ ਪਾ ਸਕਦਾ ਹੈ। ਇਸ ਲਈ ਨਾਸਵੰਤ ਜਗਤ ਦਾ ਪਿਆਰ (ਜੋ ਅਸਲੀਅਤ ਵਿੱਚ ਮੋਹ ਹੈ) ਇੱਕ ਖੁਦਗਰਜ਼ (ਸੁਆਰਥੀ) ਤੇ ਝੂਠਾ ਹੈ। ਗੁਰਬਾਣੀ ਕਥਨ ਹੈ:

ਜਗਤ ਮੈ ਝੂਠੀ ਦੇਖੀ ਪ੍ਰੀਤਿ। ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ॥ (536)। ਭਾਵ: ਹੇ ਭਾਈ, ਦੁਨੀਆਂ ਵਿੱਚ ਮੈ ਪਿਆਰ ਝੂਠਾ ਹੀ ਵੇਖਿਆ ਹੈ। ਚਾਹੇ ਇਸਤ੍ਰੀ ਹੈ ਚਾਹੇ ਮਿਤ੍ਰ ਹਨ, ਸਾਰੇ ਆਪੋ ਆਪਣੇ ਸੁਖ ਦੀ ਖਾਤਰ ਇੱਕ ਦੂਜੇ ਨਾਲ ਤੁਰੇ ਫਿਰਦੇ ਹਨ। ਇਹ ਝੂਠਾ ਪਿਆਰ ਹੀ ਮੋਹ ਹੈ। ਬਾਬੇ ਫਰੀਦ ਜੀ ਦਾ ਬਚਨ ਹੈ: ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ (1378)। ਭਾਵ: ਹੇ ਫਰੀਦ, ਜੇ ਰੱਬ ਦੇ ਪਿਆਰ ਵਿੱਚ ਕਿਸੇ ਹੋਰ ਦੁਨਿਆਵੀ ਵਸਤੂ ਦਾ ਲਾਲਚ ਹੈ ਤਾਂ ਰੱਬ ਨਾਲ ਸੱਚਾ ਪਿਆਰ ਨਹੀ ਹੈ, ਜਦ ਤੱਕ ਕਿਸੇ ਹੋਰ ਵਸਤੂ ਦਾ ਲਾਲਚ ਹੈ ਤਦ ਤੱਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ ਜਦੋਂ ਦੁਨੀਆਂ ਵਾਲੀ ਗਰਜ਼ ਪੂਰੀ ਨਾ ਹੋਈ ਤਾਂ ਪਿਆਰ ਟੁੱਟ ਜਾਵੇਗਾ) ਸੋ ਇਹ ਸੁਆਰਥੀ ਪਿਆਰ ਅਸਲੀਅਤ ਵਿੱਚ ਮੋਹ ਦਾ ਹੀ ਰੂਪ ਹੈ ਜਿਸਨੇ ਨਾਲ ਨਹੀ ਨਿਭਣਾ:

ਗੁਰਮੁਖਿ ਨਾਮੁ ਸਮਾਲਿ ਪ੍ਰਾਣੀ ਅੰਤੇ ਹੋਇ ਸਖਾਈ॥ ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ॥ (77)। ਭਾਵ: ਹੇ ਪ੍ਰਾਣੀ, ਗੁਰੂ ਦੀ ਸ਼ਰਨ ਪੈ ਕੇ (ਗੁਰੂ ਦੀ ਸਿਖਿਆ ਤੇ ਚਲ ਕੇ) ਨਾਮ (ਗੁਰਬਾਣੀ) ਆਪਣੇ ਹਿਰਦੇ ਵਿੱਚ ਵਸਾਈ ਰੱਖ ਕਿਉਂਕਿ ਇਹੀ ਅਖੀਰ ਸਮੇ ਸਾਥੀ ਬਣਦਾ ਹੈ। ਮਾਇਆ ਦਾ ਇਹ ਮੋਹ ਤੇਰੇ ਨਾਲ ਨਹੀ ਜਾ ਸਕਦਾ, ਤੇ ਤੂੰ ਇਸ ਨਾਲ ਝੂਠਾ ਪਿਆਰ ਹੀ ਪਾਇਆ ਹੋਇਆ ਹੈ। ਪਰਮਾਤਮਾ ਤੋਂ ਬਿਨਾ ਕਿਸੇ ਬਿਨਸਨਹਾਰ ਵਸਤੂ ਜਾਂ ਜੀਵ ਨਾਲ ਪਿਆਰ ਇੱਕ ਝੂਠਾ ਹੀ ਪਿਆਰ (ਮੋਹ) ਹੈ। ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ॥ ਵਾਟ ਵਟਾਊ ਅਇਆ ਨਿਤ ਚਲਦਾ ਸਾਥੁ ਵੇਖੁ॥ (61) ਭਾਵ: ਇਹ ਨਾਸਵੰਤ ਮੋਹ ਨੂੰ ਨਾ ਵੇਖ, ਇਹ ਦ੍ਰਿਸ਼ਟਮਾਨ ਸਭ ਨਾਸ ਹੋ ਜਾਏਗਾ। ਜੀਵ ਇਥੇ ਰਸਤੇ ਦਾ ਮੁਸਾਫਿਰ ਬਣ ਕੇ ਆਇਆ ਹੈ ਤੇ ਇਹ ਸਾਰਾ ਸਾਥ ਨਿਤ ਚਲਣ ਵਾਲਾ ਸਮਝ। ਬਿਨਸਨਹਾਰ ਵਸਤੂ ਨਾਲ ਸਦੀਵੀ ਪਿਆਰ ਨਹੀ ਹੋ ਸਕਦਾ ਕਿਉਂਕਿ ਉਹ ਚਲਾਇਮਾਨ ਹੈ (ਅੱਜ ਹੈ, ਕ੍ਹਲ ਨਹੀ ਹੋਵੇਗਾ), ਇਸ ਲਈ ਜਿਸਨੂੰ ਮਨੁੱਖ ਪਿਆਰ ਸਮਝ ਬੈਠਾ ਹੈ ਉਹ ਅਸਲ ਵਿੱਚ ਵਕਤੀ ਮੋਹ ਹੀ ਹੈ ਜਿਸਨੇ ਸਾਥ ਨਹੀ ਨਿਭਣਾ ਤੇ ਜਿਸ ਨੇ ਇਹ ਗਲ ਸਮਝ ਲਈ, ਉਸਤੋਂ ਗੁਰੂ ਵੀ ਬਲਿਹਾਰੇ ਜਾਂਦਾ ਹੈ। ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ॥ ਨਾਨਕ ਜਿਨੀ ਇਵ ਕਰਿ ਬੁਝਿਆ ਤਿਨਾ ਵਿਟਹੁ ਕੁਰਬਾਣੁ॥ 1410 ਭਾਵ: ਹੇ ਭੋਲੀਏ, ਨਾਸਵੰਤ ਪਸਾਰੇ ਨਾਲ ਮੋਹ ਨਹੀ ਕਰਨਾ ਚਾਹੀਦਾ। ਹੇ ਨਾਨਕ, ਜਿਨ੍ਹਾ ਨੇ (ਆਤਮਕ ਜੀਵਨ ਦੇ ਭੇਤ ਨੂੰ) ਇਸ ਤਰਾਂ ਸਮਝਿਆ ਹੈ, ਮੈ ਉਹਨਾ ਤੋਂ ਬਲਿਹਾਰ ਜਾਂਦਾ ਹਾਂ। ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਜਗਤ ਵਿੱਚ ਕਿਸੇ ਵੀ ਨਾਸਵੰਤ ਵਸਤੂ ਜਾਂ ਜੀਵ ਨਾਲ ਪਿਆਰ ਅਸਲ ਵਿੱਚ ਮੋਹ ਦਾ ਹੀ ਰੂਪ ਹੈ। ਅਗਰ ਬਿਨਸਨਹਾਰ ਨਾਲ ਪ੍ਰੀਤ ਮੋਹ ਹੈ ਤਾਂ ਪਿਆਰ ਫਿਰ ਅਬਿਨਾਸੀ (ਜੋ ਕੇਵਲ ਪਰਮਾਤਮਾ ਹੀ ਹੈ- (ਓਹ ਅਬਿਨਾਸੀ ਅਲਖ ਅਭੇਵਾ) ਨਾਲ ਹੀ ਹੋ ਸਕਦਾ ਹੈ। ਗੁਰਬਾਣੀ ਦਾ ਕਥਨ ਹੈ:

ਸਾਚੀ ਪਰੀਤਿ ਹਮ ਤੁਮ ਸਿਉ ਜੋਰੀ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (658)। ਭਾਵ: ਹੇ ਪ੍ਰਭੂ ਮੈ ਤੇਰੇ ਨਾਲ ਪੱਕਾ (ਸੱਚਾ) ਪਿਆਰ ਪਾ ਲਿਆ ਹੈ। ਤੇਰੇ ਨਾਲ ਪਿਆਰ ਪਾ ਕੇ ਮੈ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ। ਸੋ, ਅਸਲੀ ਤੇ ਸੱਚਾ ਪਿਆਰ ਕੇਵਲ ਅਬਿਨਾਸੀ ਪਰਮਾਤਮਾ ਨਾਲ ਹੀ ਹੋ ਸਕਦਾ ਹੈ ਜੋ ਸਦੀਵੀਂ ਨਾਲ ਨਿਭਣ ਵਾਲਾ ਹੈ। ਆਦਿ ਮਧਿ ਜੋ ਅੰਤਿ ਨਿਬਾਹੈ॥ ਸੋ ਸਾਜਨੁ ਮੇਰਾ ਮਨੁ ਚਾਹੈ॥ ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ॥ ਦਇਆਲ ਪੁਰਖ ਪੂਰਨ ਪ੍ਰਤਿਪਾਲੈ॥ (240)। ਭਾਵ: ਹੇ ਭਾਈ, ਮੇਰਾ ਮਨ ਉਸ ਸੱਜਣ-ਪ੍ਰਭੂ ਨੂੰ ਸਦਾ (ਮਿਲਣ ਲਈ) ਲੋਚਦਾ ਹੈ ਜਿਹੜਾ ਸਦਾ ਹੀ ਹਰ ਵੇਲੇ ਮਨੁੱਖ ਨਾਲ ਸਾਥ ਦਿੰਦਾ ਹੈ। ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤ ਸਦਾ ਮਨੁੱਖ ਦੇ ਨਾਲ ਨਿਭਦੀ ਹੈ। ਉਹ ਦਇਆ ਦਾ ਘਰ ਸਰਬ- ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ ਪਾਲਣਾ ਕਰਦਾ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਕੇਵਲ ਪਰਮਾਤਮਾ ਨਾਲ ਹੀ ਸੱਚਾ ਤੇ ਸਦੀਵੀ ਪਿਆਰ ਪਾਉਣ ਲਈ ਪ੍ਰੇਰਦੀ ਹੈ ਕਿਉਂਕਿ ਇਹ ਸਦਾ ਨਾਲ ਨਿਭਣ ਵਾਲਾ ਹੈ। : ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ (44)। ਭਾਵ: ਹੇ ਮੇਰੇ ਮਨ ਕੇਵਲ ਪਰਮਾਤਮਾ ਨਾਲ ਚਿਤ ਜੋੜ (ਪਿਆਰ ਪਾ) ਕਿਉਂਕਿ ਇੱਕ ਪਰਮਾਤਮਾ ਦੇ ਪਿਆਰ ਤੋਂ ਬਿਨਾ ਸਭ ਕੁੱਝ ਮਾਇਆ ਦਾ ਮੋਹ ਤੇ ਜੰਜਾਲ (ਬੰਧਨ) ਹੀ ਹੈ। ਗੁਰਬਾਣੀ ਇਸ ਨੂੰ ਸਪਸ਼ਟ ਕਰਦੀ ਹੈ:

ਅਬਿਨਾਸੀ ਪ੍ਰਭੁ ਮਨ ਮਹਿ ਰਾਖੁ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ॥ (283)। ਭਾਵ: ਹੇ ਭਾਈ, ਆਪਣੇ ਮਨ ਵਿੱਚ ਪਰਮਾਤਮਾ ਨੂੰ ਪ੍ਰੋ ਰੱਖ (ਪਰਮਾਤਮਾ ਨਾਲ ਪਿਆਰ ਪਾ) ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇ। ਸਪਸ਼ਟ ਹੈ ਕਿ ਸੱਚਾ ਤੇ ਸਦੀਵੀ ਪਿਆਰ ਕੇਵਲ ਪਰਮਾਤਮਾ ਨਾਲ ਹੀ ਹੋ ਸਕਦਾ ਹੈ ਬਾਕੀ ਸਭ ਮੋਹ ਹੀ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਦ੍ਰਿਸ਼ਟਮਾਨ (ਜੋ ਦਿਸਦਾ ਹੈ) ਨਾਲ ਤਾਂ ਪਿਆਰ ਪੈ ਸਕਦਾ ਹੈ ਪਰ ਜੋ ਅਦ੍ਰਿਸ਼ਟ ਹੈ ਉਸ ਨਾਲ ਪਿਆਰ ਕਿਵੇਂ ਪਵੇ? ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ॥ ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ॥ ਸਹ ਦੇਖੇ ਬਿਨ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਹਿ॥ ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ॥ (83)। ਭਾਵ: ਜਦ ਤਕ ਪ੍ਰਮਾਤਮਾ ਨਾਲ ਪ੍ਰੀਤ ਨਹੀ ਪੈਂਦੀ ਤਦ ਤਕ ਹੋਰ ਪਿਆਰ ਸਭ ਮਾਇਆ ਦਾ ਮੋਹ ਹੀ ਹੈ ਜਿਸ ਵਿੱਚ ਗ੍ਰਸਿਆ ਇਹ ਮਨ (ਪ੍ਰਭੂ ਨੂੰ) ਨਾ ਵੇਖ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ। ਅੰਨ੍ਹਾ ਮਨ ਕਰੇ ਵੀ ਕੀ? ਪ੍ਰਭੂ ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀ ਹੋ ਸਕਦੀ। ਹੇ ਨਾਨਕ, ਜਿਸ ਪ੍ਰਭੂ ਨੇ (ਮੋਹ ਮਾਇਆ ਵਿੱਚ ਫਸਾ ਕੇ) ਅੰਨ੍ਹਾ ਕੀਤਾ ਹੈ, ਉਹੀ ਮੁੜ ਅੱਖਾਂ ਦਿੰਦਾ ਹੈ। ਪ੍ਰਭੂ ਨੂੰ ਵੇਖਣ ਵਾਲੀ ਅੱਖ ਧਿਆਨ ਹੀ ਹੈ (ਜਿਸ ਨੂੰ ਤੀਜਾ ਨੇਤ੍ਰ ਵੀ ਕਿਹਾ ਜਾਂਦਾ ਹੈ) ਕਿਉਂਕਿ ਧਿਆਨ ਤੋਂ ਬਿਨਾ ਸਾਰੀਆਂ ਸਰੀਰਕ ਇੰਦ੍ਰੀਆਂ ਨਾਕਾਮ ਹੋ ਜਾਂਦੀਆਂ ਹਨ। ਇਸ ਲਈ ਜੇ ਧਿਆਨ ਸਦਾ ਮੋਹ ਮਾਇਆ ਵਿੱਚ ਹੀ ਰੁੱਝਾ ਰਹਿੰਦਾ ਹੈ ਤਾਂ ਨਾ ਹੀ ਇਹ ਪ੍ਰਮਾਤਮਾ ਨੂੰ ਵੇਖ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਅਤੇ ਨਾ ਹੀ ਉਸ ਨਾਲ ਪਿਆਰ ਪੈ ਸਕਦਾ ਹੈ। ਜਦੋਂ ਪਰਮਾਤਮਾ ਗੁਰੂ ਦੇ ਗਿਆਨ ਰਾਹੀਂ ਧਿਆਨ ਨੂੰ ਮੋਹ ਮਾਇਆ ਵਲੋਂ ਹਟਾ ਦੇਵੇਗਾ ਤਾਂ ਉਹ ਧਿਆਨ ਦੀ ਅੱਖ, ਕੰਨ ਤੇ ਪਿਆਰ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਨਾਲ ਉਸ ਪ੍ਰਭੂ ਨੂੰ ਵੇਖਿਆ, ਸੁਣਿਆ ਤੇ ਪਿਆਰ ਪਾਇਆ ਜਾ ਸਕਦਾ ਹੈ। ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥ ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ॥ (60)। ਭਾਵ: ਜਿਸ ਮਨੁੱਖ ਨੇ ਗੁਰੂ ਦੀ ਮਤ ਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ ਉਸਦੇ ਅੰਦਰ (ਪਰਮਾਤਮਾ ਦਾ ਪਿਆਰ) ਪੈਦਾ ਹੋ ਜਾਂਦਾ ਹੈ। ਹੇ ਨਾਨਕ, ਜਿਸਨੂੰ ਗੁਰੂ ਦਾ ਸ਼ਬਦ ਪ੍ਰਭੂ ਨਾਲ ਮਿਲਾ ਦਿੰਦਾ ਹੈ (ਪਿਆਰ ਪਾ ਦਿੰਦਾ ਹੈ) ਉਸਨੂੰ ਫਿਰ ਪ੍ਰਭੂ ਕਦੇ ਨਹੀ ਭੁਲਦਾ। ਗੁਰੂ ਦਾ ਇਹ ਫੈਸਲਾ ਹੈ ਕਿ ਜਦ ਤੱਕ ਮਨੁੱਖ ਦਾ ਪਿਆਰ (ਮੋਹ) ਮੋਹ ਮਾਇਆ ਦੇ ਰਸਾਂ ਨਾਲ ਹੈ ਤਦ ਤਕ ਉਸ ਪ੍ਰਭੂ ਨਾਲ ਪਿਆਰ ਨਹੀ ਪੈ ਸਕਦਾ। ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ (15)। ਦੁਨਿਆਵੀ ਪਿਆਰ (ਮੋਹ) ਤਾਂ ਇੰਦ੍ਰੀ ਰਸ ਤੇ ਨਿਰਭਰ ਹੈ ਪਰ (ਪ੍ਰਭੂ ਨਾਲ) ਆਤਮਕ ਪਿਆਰ ਆਤਮਕ ਗੁਣਾਂ ਤੇ ਨਿਰਭਰ ਹੈ। ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ॥ ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ॥ (27)। ਭਾਵ: ਜਿਨ੍ਹਾ ਮਨੁਖਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈ, ਪਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵਸਦਾ ਹੈ (ਭਾਵ ਉਹਨਾ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ) ਪਰ ਜਿਨ੍ਹਾ ਨੇ ਅਉਗਣ ਵਿਹਾਝੇ ਹਨ, ਉਹਨਾ ਨੂੰ ਕਿਤੇ ਦੂਰ ਵਸਦਾ ਜਾਪਦਾ ਹੈ ਤੇ ਉਹ ਆਪਣੇ ਮਨ ਵਿੱਚ ਝੁਰਦੇ ਰਹਿੰਦੇ ਹਨ॥ ਇਸੇ ਲਈ ਗੁਰੂ ਦੀ ਤਾਕੀਦ ਹੈ:

ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ॥ ਸੁਖਦਾਤਾ ਤੇਰੇ ਮਨਿ ਵਸੈ ਹਉਮੈ ਜਾਇ ਅਭਿਮਾਨੁ॥ (851)। ਭਾਵ: ਹੇ ਮਨ, ਗੁਰੂ ਦੀ ਸਿਖਿਆ ਨੂੰ ਆਪਣੇ ਮਨ ਵਿੱਚ ਵਸਾ ਕੇ ਤੂੰ ਗੁਣਾਂ ਦੇ ਖਜ਼ਾਨੇ (ਪ੍ਰਭੂ) ਨੂੰ ਲੱਭ ਲਵੇਂਗਾ (ਭਾਵ ਉਸ ਨਾਲ ਪਿਆਰ ਪਾ ਲਵੇਂਗਾ)। ਸੁੱਖਾਂ ਦਾ ਦਾਤਾ ਤੇਰੇ ਅੰਦਰ ਵਸਦਾ ਦਿਸ ਪਵੇਗਾ (ਅਨੁਭਵ ਹੋ ਜਾਵੇਗਾ) ਤੇ ਹਉਮੈ ਅਹੰਕਾਰ ਦੂਰ ਹੋ ਜਾਵੇਗਾ। ਇਹ ਗਲ ਤਾਂ ਦੁਨਿਆਵੀ ਤੌਰ ਤੇ ਵੀ ਵੇਖੀ ਜਾ ਸਕਦੀ ਹੈ ਕਿ ਜਦੋਂ ਕਿਸੇ ਵਿਅਕਤੀ ਨਾਲ ਗੁਣਾਂ ਦੀ ਸਾਂਝ ਹੋ ਜਾਵੇ ਤਾਂ ਉਸ ਨਾਲ ਵਕਤੀ ਲਗਾਉ (ਮੋਹ) ਹੋ ਜਾਂਦਾ ਹੈ, ਦੋਸਤੀ ਪੈ ਜਾਂਦੀ ਹੈ, ਉਸ ਦੀ ਹਰ ਗਲ ਨੂੰ ਮੰਨਣ ਵਿੱਚ ਕੋਈ ਮੁਸ਼ਕਿਲ ਨਹੀ ਹੁੰਦੀ, ਇਸੇ ਤਰਾਂ ਅਬਿਨਾਸੀ ਦੇ ਗੁਣਾਂ ਦੀ ਸਾਂਝ ਉਸ ਨਾਲ ਸਦੀਵੀ ਪਿਆਰ ਪਾ ਦਿੰਦੀ ਹੈ ਤੇ ਫਿਰ ਉਸਦਾ ਕਿਹਾ, ਕੀਤਾ ਤੇ ਦਿੱਤਾ ਸਭ ਬਿਨਾ ਕਿਸੇ ਇਤਰਾਜ਼ ਜਾਂ ਗਿਲੇ ਤੋਂ ਪ੍ਰਵਾਨ ਹੋ ਜਾਂਦਾ ਹੈ, ਮਿੱਠਾ ਲਗਦਾ ਹੈ, ਮੋੜਿਆ ਨਹੀ ਜਾ ਸਕਦਾ, ਸਭ ਕਬੂਲ ਹੋ ਜਾਂਦਾ ਹੈ। ਉਸਦੇ ਗੁਣਾਂ ਨੂੰ ਧਾਰਨ ਕਰਦਾ ਕਰਦਾ ਮਨੁੱਖ ਉਸੇ ਜੇਹਾ ਹੀ ਹੋ ਜਾਂਦਾ ਹੈ। ਪਰਮਾਤਮਾ ਦੇ ਗੁਣਾਂ ਦੀ ਸਾਂਝ “ਖਾਲਿਕੁ ਖਲਕ ਖਲਕ ਮਹਿ ਖਾਲਿਕ ਪੂਰਿ ਰਹਿਉ ਸ੍ਰਬ ਠਾਈ” (1350) ਸੂਚਤ ਕਰੇਗੀ ਕਿ ਉਹ ਸਰਭ ਵਿਆਪੀ ਹੈ ਤੇ “ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” ਕਿਸੇ ਨਾਲ ਕੋਈ ਵਿਤਕਰਾ ਨਹੀ ਕਰਨ ਦੇਵੇਗਾ। “ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਿਛੁ ਹੋਈ” ਦੇ ਗੁਣ ਦੀ ਸਾਂਝ ਉਸਦੇ ਕੀਤੇ ਜਾਂ ਦਿੱਤੇ ਨਾਲ ਕੋਈ ਸ਼ਿਕਵਾ ਜਾਂ ਗਿਲਾ ਨਹੀ ਉੱਠਣ ਦੇਵੇਗੀ ਤੇ ਫਿਰ “ਹੁਕਮ ਰਜਾਈ ਚਲਣ” ਵਿੱਚ ਕੋਈ ਮੁਸ਼ਕਿਲ ਨਹੀ ਆਵੇਗੀ। “ਸੋ ਸਤਿਗੁਰ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ” (589) ਦੇ ਗੁਣ ਦੀ ਸਾਂਝ ਸਭ ਨਾਲ ਮਿੱਤ੍ਰਤਾ ਤੇ ਪਿਆਰ ਕਰਨ ਲਈ ਪ੍ਰ੍ਰੇਨਾ ਕਰੇਗੀ। “ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤ ਸਭੁ ਕੋਇ” (300) ਦੇ ਗੁਣ ਦੀ ਸਾਂਝ ਸਭਨਾ ਤੇ ਮਿਹਰਵਾਨ ਤੇ ਸਭਨਾ ਨੂੰ ਇਕੋ ਨਜ਼ਰ ਨਾਲ ਵੇਖਣ ਲਈ ਪ੍ਰੇਰਤ ਕਰੇਗੀ। ਅਗਰ ਇਹਨਾਂ ਗੁਣਾਂ ਦੀ ਸਾਂਝ ਨੇ ਮਨ ਵਿੱਚ ਬਦਲਾਉ ਨਹੀ ਲਿਆਂਦਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਨਾਲ ਅਜੇ ਪਿਆਰ ਨਹੀ ਪਿਆ। ਪਿਆਰ ਨਿਜੀ ਹੈ ਤੇ ਇਸ ਲਈ ਸਦਾ ਇੱਕ ਪੱਖੀ, ਬਿਨਾ ਕਾਰਨ ਤੇ ਬਿਨਾ ਸ਼ਰਤ ਹੀ ਵਾਪਰਦਾ ਹੈ। ਪਿਆਰ ਵਿੱਚ ਕੇਵਲ ਦੇਣਾ ਹੀ ਹੁੰਦਾ ਹੈ, ਲੈਣਾ ਨਹੀ। ਜਿਥੇ ਮੰਗ ਜਾਂ ਸ਼ਰਤ ਖੜੀ ਹੈ ਉਥੇ ਪਿਆਰ ਨਹੀ ਹੋ ਸਕਦਾ। ਗੁਰਬਾਣੀ ਪਰਮਾਤਮਾ ਨਾਲ ਪ੍ਰੀਤਿ ਪਾਉਣੀ ਸਿਖਾਂਦੀ ਹੈ:

1. ਰੇ ਮਨ ਅੇਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥

2. ਰੇ ਮਨ ਅੇਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ॥

3. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ॥

4. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ॥

5. ਰੇ ਮਨ ਅੇਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ॥ (60)

ਉਪਰੋਕਤ ਦਿਤੀਆਂ ਪ੍ਰੀਤਾਂ ਇੱਕ ਪੱਖੀ ਹੀ ਹਨ ਤੇ ਗੁਰੂ ਐਸੀ ਪ੍ਰੀਤ ਕਰਨ ਲਈ ਹੀ ਪ੍ਰੇਰਨਾ ਦਿੰਦਾ ਹੈ। ਪਰਮਾਤਮਾ (ਗੁਰੂ) ਵਲੋਂ ਪ੍ਰੀਤ (ਦੇ ਉੱਤਰ) ਨੂੰ ਨਹੀ ਉਡੀਕਣਾ (ਉਹ ਕਰੇ ਜਾਂ ਨਾ ਕਰੇ) ਪਰ ਮਨੁੱਖ ਦੀ (ਪ੍ਰਭੂ ਨਾਲ) ਪ੍ਰੀਤ ਦੀ ਤੀਬਰਤਾ ਉਪਰ ਲਿਖੀਆਂ (ਕਮਲ, ਮੱਛੀ, ਚਾਤ੍ਰਿਕ ਤੇ ਚਕਵੀ) ਵਾਙੂੰ ਹੀ ਹੋਣੀ ਚਾਹੀਦੀ ਹੈ। ਕਮਲ ਦੀ ਜਾਂ ਮੱਛੀ ਦੀ ਪ੍ਰੀਤ ਜਲ ਨਾਲ ਹੋ ਸਕਦੀ ਹੈ (ਕਿਉਂਕਿ ਉਹ ਉਹਨਾਂ ਦਾ ਜੀਵਨ ਆਧਾਰ ਹੈ) ਪਰ ਜਲ ਦੀ ਉਹਨਾ ਪ੍ਰਤੀ ਕੋਈ ਪ੍ਰੀਤ ਨਹੀ। ਪ੍ਰੀਤ ਕੋਈ ਖਤੋ ਖਤਾਵਤ ਜਾਂ ਲੈਣ ਦੇਣ ਦੀ ਕਿਰਿਆ ਨਹੀ ਹੈ। ਆਮ ਤੌਰ ਤੇ ਦੁਨਿਆਵੀ ਪ੍ਰੀਤ ਦੋ ਪ੍ਰੇਮੀਆਂ ਵਿੱਚ ਮੰਨੀ ਜਾਂਦੀ ਹੈ (ਇਕ ਪ੍ਰੇਮ ਕਰਨ ਵਾਲਾ ਤੇ ਦੂਜਾ ਜਿਸ ਨਾਲ ਪ੍ਰੇਮ ਹੈ) ਜੋ ਦੋ ਪੱਖੀ ਹੈ, ਪਰ ਆਤਮਕ ਪ੍ਰੀਤ ਸਦਾ ਇੱਕ ਪੱਖੀ ਹੀ ਹੋਵੇਗੀ ਕਿਉਂਕਿ ਇਹਨਾਂ ਦੋ ਪ੍ਰੇਮੀਆਂ ਨੂੰ ਅਲੱਗ ਨਹੀ ਕੀਤਾ ਜਾ ਸਕਦਾ। ਜਿਵੇਂ ਸਮੁੰਦਰ ਤੇ ਉਸਦੀ ਛਲ, ਕਹਿਣ ਨੂੰ ਦੋ ਸਰੂਪ ਲਗਦੇ ਹਨ ਪਰ ਅਸਲ ਵਿੱਚ ਇਕੋ ਸਮੁੰਦਰ ਹੀ ਹੈ ਤਿਵੇਂ ਜੀਵ-ਆਤਮਾ ਤੇ ਪਰਮਾਤਮਾ ਕਹਿਣ ਨੂੰ ਹੀ ਦੋ ਹਨ ਪਰ ਅਸਲ ਵਿੱਚ ਇਕੋ ਪਰਮਾਤਮਾ ਹੀ ਹੈ। ਇਸ ਲਈ ਜੀਵ-ਆਤਮਾ (ਮਨੁੱਖ) ਦੀ ਪਰਮਾਤਮਾ ਨਾਲ ਪ੍ਰੀਤ ਆਪੇ ਨਾਲ ਪ੍ਰੀਤ ਹੀ ਹੈ ਤੇ ਇਹ ਇੱਕ ਪੱਖੀ ਹੈ। ਇਸ ਪ੍ਰੀਤ ਵਿਚਕਾਰ ਕੇਵਲ ਅਗਿਆਨਤਾ ਦਾ ਹੀ ਪੜਦਾ ਹੈ ਜਿਸਦੇ ਦੂਰ ਹੁੰਦਿਆ ਪਰਮਾਤਮਾ ਨਾਲ ਸੱਚਾ ਤੇ ਸਦੀਵੀ ਪਿਆਰ ਪੈ ਸਕਦਾ ਹੈ। ਬਿਨੁ ਭਾਗਾ ਸਤਿਗੁਰੁ ਨ ਮਿਲੈ ਘਰਿ ਬੈਠਿਆਂ ਨਿਕਟਿ ਨਿਤ ਪਾਸਿ॥ ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ॥ (40)। ਭਾਵ: ਚੰਗੀ ਕਿਸਮਤ (ਉਦਮ ਕੀਤੇ) ਬਿਨਾ ਗੁਰੂ ਨਹੀ ਮਿਲਦਾ (ਤੇ ਗੁਰੂ ਬਿਨਾ ਪਰਮਾਤਮਾ ਨਾਲ ਮੇਲ ਨਹੀ ਭਾਵੇਂ) ਸਾਡੇ ਹਿਰਦੇ ਵਿੱਚ ਬੈਠਾ ਸਾਡੇ ਨੇੜੇ, ਸਾਡੇ ਕੋਲ (ਸਾਡੇ ਨਾਲ ਇੱਕ ਮਿਕ) ਹੈ। ਜਿਸ ਜੀਵ ਦੇ ਅੰਦਰ ਅਗਿਆਨਤਾ ਟਿਕੀ ਹੈ, ਮੋਹ ਮਾਇਆ ਦੀ ਭਟਕਣਾ ਹੈ, ਉਸਦੇ ਅੰਦਰ ਮੋਹ ਮਾਇਆ ਦੀ ਭਟਕਣਾ ਦਾ ਪੜਦਾ ਬਣਿਆ ਰਹਿੰਦਾ ਹੈ ਤੇ ਅੰਦਰ ਵਸਦੇ ਪ੍ਰਭੂ ਨਾਲੋਂ ਦੂਰੀ ਪਈ ਰਹਿੰਦੀ ਹੈ। ਇਹ ਮੋਹ ਮਾਇਆ ਦਾ ਪੜਦਾ ਹੀ ਪ੍ਰਭੂ ਦਾ ਅਨੁਭਵ ਨਹੀ ਹੋਣ ਦਿੰਦਾ, ਉਸ ਨਾਲ ਪ੍ਰੀਤ ਨਹੀ ਪੈਣ ਦਿੰਦਾ, । ਸ਼ਬਦ ਗੁਰੂ, ਗਿਆਨ ਰਾਹੀਂ ਇਸ ਭਰਮ ਦੇ ਪੜਦੇ ਨੂੰ ਚੁੱਕ ਦਿੰਦਾ ਹੈ ਤੇ ਪ੍ਰਭੂ ਨਾਲ ਸੱਚੀ ਤੇ ਸਦੀਵੀ ਪ੍ਰੀਤ ਪੈ ਜਾਂਦੀ ਹੈ। ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥ ਤਜਿ ਕਾਮੁ ਕਾਮਿਨੀ ਮੋਹ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ॥ (141)। ਭਾਵ: ਅਗਰ ਮਨੁੱਖ ਕਾਮ, ਕ੍ਰੋਧ, ਝੂਠ, ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ ਦੂਰ ਕਰ ਲਵੇ, ਜੇ ਇਸਤ੍ਰੀ ਦਾ ਮੋਹ (ਇਸਤ੍ਰੀ ਨਹੀ) ਤਿਆਗ ਦੇਵੇ ਤਾਂ ਮੋਹ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਮਾਇਆ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਸਮੁੱਚਾ ਭਾਵ ਇਹੀ ਹੈ ਕਿ ਮੋਹ ਮਾਇਆ ਦਾ ਪੜਦਾ ਚੁਕਦਿਆਂ ਹੀ ਪ੍ਰਭੂ ਨਾਲ ਸੱਚੀ ਤੇ ਸਦੀਵੀ ਪ੍ਰੀਤ ਪੈ ਜਾਵੇਗੀ। ਇਸ ਸੱਚੀ ਤੇ ਸਦੀਵੀ ਪ੍ਰੀਤ ਦਾ ਇਕੋ ਇੱਕ ਰਾਹ ਹੈ:

ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ॥ ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ॥ (59)। ਭਾਵ: ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ ਇਕ) ਰਤਨ ਹੈ ਤੇ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ। ਆਪਣਾ ਮਨ ਗੁਰੂ ਦੇ ਹਵਾਲੇ ਕਰਨ ਨਾਲ (ਭਾਵ ਉਸ ਦੀ ਮੱਤ ਤੇ ਚਲਣ ਨਾਲ) ਪ੍ਰਭੂ ਮਿਲਾਪ ਹੋ ਜਾਵੇਗਾ (ਭਾਵ ਉਸ ਪ੍ਰਭੂ ਨਾਲ ਪਿਆਰ ਪੈ ਜਾਵੇਗਾ)। ਪ੍ਰਭੂ ਨਾਲ ਪਿਆਰ ਦੀ ਇਹੀ ਨਿਸ਼ਾਨੀ ਹੋਵੇਗੀ ਕਿ ਉਸਦਾ ਸਮੁਚਤਾ ਨਾਲ ਪਿਆਰ ਪੇ ਜਾਵੇਗਾ ਕਿਉਂਕਿ ਪਰਮਾਤਮਾ ਸਮੁਚਤਾ ਵਿੱਚ ਹੀ ਵਸਦਾ ਹੈ। ਪਰਮਾਤਮਾ (ਗੁਰੂ) ਨਾਲ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਦੁਨਿਆਵੀ ਪਿਆਰ ਜਤਾਉਣ ਵਾਲਿਆਂ ਪਿਆਰ ਦਾ ਦ੍ਹਾਵਾ ਕਰਨ ਵਾਲਿਆਂ ਨਾਲ ਤਾਂ ਧਰਮ ਅਸਥਾਨ ਭਰੇ ਪਏ ਹਨ ਪਰ ਅਸਲੀ ਪ੍ਰੇਮ ਦੀ ਖੇਡ ਖੇਡਣ ਵਾਲੇ, “ਸਿਰ ਧਰ ਤਲੀ” ਉਸ ਦੀ “ਗਲੀ” ਜਾਣ ਵਾਲੇ, ਉਸਨੂੰ ਆਪਾ ਸੌਂਪਣ ਵੇਲੇ ਤੇ “ਕਾਣ ਨ ਕੀਜੈ”, ਉਸ ਦੀ ਸਿਖਿਆ ਤੇ ਚਲ ਕੇ ਉਸ ਨਾਲ ਸਦੀਵੀ ਤੇ ਸੱਚਾ ਪਿਆਰ ਕਰਨ ਵਾਲੇ ਵਿਰਲੇ ਹੀ ਹਨ। ਵਿਰਲੇ ਕੇਈ ਪਾਈਅਨਿ ਜਿਨ੍ਹਾ ਪਿਆਰੇ ਨੇਹ॥ (1382)।

ਦਰਸ਼ਨ ਸਿੰਘ

ਵੁਲਵਰਹੈਂਪਟਨ ਯੂ. ਕੇ.
.