.

ਯੋਗ ਦੀ ਵਿਆਖਿਆ, ਗੁਰਮਤਿ ਅਤੇ ਅਜੋਕੇ ਨਵੀਨ ਯੋਗੀ ਦਾ ਸਟੰਟ

ਅਵਤਾਰ ਸਿੰਘ ਮਿਸ਼ਨਰੀ (5104325827)

ਸਮੁੱਚੇ ਸੰਸਾਰ ਦਾ ਰੱਬੀ ਧਰਮ ਇੱਕ ਹੀ ਹੈ ਪਰ ਮੱਤ (ਮਜ਼ਹਬ) ਬਹੁਤ ਹਨ ਜਿਵੇਂ ਜੈਨ ਮੱਤ, ਬੁੱਧ ਮੱਤ, ਯਹੂਦੀ ਮੱਤ, ਈਸਾਈ ਮੱਤ, ਇਸਲਾਮ ਮੱਤ ਅਤੇ ਸਿੱਖ ਮੱਤ (ਗੁਰਮੱਤ) ਆਦਿਕ ਕਈ ਹੋਰ ਮੱਤ ਵੀ ਹਨ। ਇਵੇਂ ਹੀ ਇੱਕ ਯੋਗਮੱਤ ਵੀ ਹੈ, ਇਸਦੇ ਆਪਣੇ ਵੱਖਰੇ ਨਿਯਮ-ਸਾਧਨ ਹਨ, ਜਿਨ੍ਹਾਂ ਦਾ ਅੱਜ ਕੱਲ੍ਹ ਇੰਗਲਿਸ਼ ਦੇ ਵਰਡ “ਯੋਗਾ” ਟਾਈਟਲ ਹੇਠ ਪ੍ਰਚਾਰ ਹੋ ਰਿਹਾ ਹੈ। ਆਓ ਆਪਾਂ ਇਸ ਬਾਰੇ ਵਿਚਾਰ-ਵਿਟਾਂਦਰਾ ਕਰੀਏ-ਮਹਾਨਕੋਸ਼ ਅਨੁਸਾਰ ਜੋਗ ਪੰਜਾਬੀ ਅਤੇ ਯੋਗ ਸੰਸਕ੍ਰਿਤ ਦੇ ਲਫਜ਼ ਹਨ, ਪ੍ਰਕਰਣ ਅਨੁਸਾਰ ਅਰਥ ਹਨ-ਜੋਗ-ਨੂੰ, ਕੋ, ਪ੍ਰਤਿ, ਤਾਈਂ ਜਿਵੇਂ-ਲਿਖਤਮ ਉੱਤਮ ਸਿੰਘ ਜੋਗ ਭਾਈ ਗੁਰਮੁਖ ਸਿੰਘ ਅਤੇ “ਤਿਤੁ ਮਹਲੁ ਜੋ ਸ਼ਬਦੁ ਹੋਆ ਸੋ ਪੋਥੀ ਗੁਰਿ ਅੰਗਦ ਜੋਗੁ ਮਿਲੀ” ਜੋਗ-ਲੀਏ, ਵਾਸਤੇ, ਲਈ-ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ (੧੪੧੨) ਜੋਗ-ਉਚਿੱਤ, ਲਾਇਕ, ਕਾਬਲ-ਨਾਨਕ ਸਦਾ ਧਿਆਈਐ ਧਿਆਵਨ ਜੋਗ (੨੬੯) ਜੋਗ-ਮੇਲ, ਜੁੜਨਾ, ਜੋਗ-ਸਮਰੱਥ-ਪ੍ਰਭੁ ਸਭਨਾ ਗਲਾ ਜੋਗਾ ਜੀਉ (੧੦੮) ਯੋਗਾ-ਪਤੰਜਲਿ ਰਿਖੀ ਨਾਲ ਸਬੰਧਤ ਹੈ ਅਤੇ ਇਸਦੇ ਹਠਯੋਗ ਨਾਲ ਚਿੱਤ ਨੂੰ ਇਕਾਗਰ ਕਰਨ ਦੇ ਸਾਧਨ ਹਨ।

ਗੁਰਮਤਿ ਮਾਰਤੰਡ ਅਨੁਸਾਰ ਯੋਗ ਦੋ ਪ੍ਰਕਾਰ ਦਾ ਹੈ-ਹਠਯੋਗ ਅਤੇ ਸਹਜਯੋਗ। ਹਠਯੋਗ-ਜੋਗੀਆਂ, ਨਾਥਾਂ ਦਾ ਮਾਰਗ ਅਤੇ ਸਹਜਯੋਗ ਭਗਤਾਂ ਆਦਿਕ ਗੁਰਮੱਤ ਅਵਿਲੰਬੀਆਂ ਦਾ ਮਾਰਗ ਹੈ। ਹਠਯੋਗ ਵਿੱਚ ਸਰੀਰ ਨੂੰ ਗੈਰ-ਕੁਦਰਤੀ ਕਸ਼ਟ ਵੀ ਦਿੱਤੇ ਜਾਂਦੇ ਹਨ ਪਰ ਸਹਜਯੋਗ ਵਿੱਚ ਗ੍ਰਹਿਸਤ ਵਿੱਚ ਰਹਿੰਦਿਆ ਪ੍ਰੇਮਾਂ-ਭਗਤੀ ਕਰਕੇ ਮਨ ਸ਼ਾਂਤ ਕੀਤਾ ਜਾਂਦਾ ਹੈ। ਮੁੱਖ ਤੌਰ ਤੇ ਚਿੱਤ-ਬਿਰਤੀਆਂ ਨੂੰ ਰੋਕਣ ਦਾ ਨਾਉਂ ਯੋਗ ਹੈ ਪਰ ਯੋਗੀ ਲੋਕ ਇਸ ਵਾਸਤੇ ਹਠਯੋਗ ਕਰਦੇ ਹਨ। ਹਠਯੋਗ ਦੇ ਅੱਠ ਅੰਗ ਹਨ-੧. ਯਮ (ਅਹਿੰਸਾ, ਸਤਯ, ਪਰ-ਧਨ, ਪਰ-ਇਸਤ੍ਰੀ ਦਾ ਤਿਆਗ, ਨੰਮ੍ਰਤਾ ਅਤੇ ਧੀਰਯ ੨. ਨਿਯਮ (ਪਵਿਤ੍ਰਤਾ, ਸੰਤੋਖ, ਤਪ, ਵਿਦਿਆ ਅਭਿਆਸ, ਹੋਮ, ਦਾਨ ਅਤੇ ਸ਼ਰਧਾ ੩. ਆਸਣ-ਯੋਗੀਆਂ ਨੇ ੮੪ ਲੱਖ ਮੰਨੀ ਗਈ ਜੀਵਾਂ ਦੀ ਬੈਠਕ ਵਿੱਚੋਂ ਚੁਣ ਕੇ ੮੪ ਆਸਨ ਪੁਸਤਕਾਂ ਵਿੱਚ ਲਿਖੇ ਹਨ ਜਿਨ੍ਹਾਂ ਵਿੱਚੋਂ ਕੂਰਮਾਸਨ, ਮਯੂਰਾਸਨ, ਮਾਂਡੂਕਾਸਨ, ਹੰਸਾਸਨ, ਵੀਰਾਸਨ ਆਦਿਕ ਪਰ ਅਭਿਆਸੀ ਵਾਸਤੇ ਸਿੱਧਾਸਨ ਅਤੇ ਮਦਮਾਸਨ ਦੋ ਹੀ ਸ਼੍ਰੋਮਣੀ ਮੰਨੇ ਹਨ। ਸਿੱਧਾਸਨ-ਗੁਦਾ ਅਤੇ ਲਿੰਗ ਦੇ ਵਿੱਚਕਾਰ ਜੋ ਨਾੜੀ ਹੈ ਉਸ ਨੂੰ ਖੱਬੇ ਪੈਰ ਦੀ ਅੱਡੀ ਨਾਲ ਦਬਾਉਣਾ, ਸੱਜੇ ਪੈਰ ਦੀ ਅੱਡੀ ਪੇਂਡੂ ਉੱਤੇ ਰੱਖਣੀ, ਦੋਹਾਂ ਪੈਰਾਂ ਦੇ ਅੰਗੂਠੇ ਲੱਤਾਂ ਹੇਠ ਲੁਕੋ ਲੈਣੇ, ਛਾਤੀ ਤੋਂ ਚਾਰ ਉਂਗਲ ਦੀ ਵਿੱਥ ਰੱਖ ਕੇ ਠੋਡੀ ਨੂੰ ਅਚੱਲ ਕਰਨਾ, ਨੇਤ੍ਰਾਂ ਦੀ ਟਕ ਭੌਹਾਂ ਦੇ ਮੱਧ ਟਿਕਾਉਣੀ, ਤਲੀਆਂ ਉੱਤੇ ਨੂੰ ਕਰਕੇ ਦੋਵੇਂ ਹੱਥ ਪੱਟਾਂ ਉੱਪਰ ਅਡੋਲ ਰੱਖਣੇ। ਪਦਮਾਸਨ-ਖੱਬੇ ਪੱਟ ਉੱਤੇ ਸੱਜਾ ਪੈਰ, ਸੱਜੇ ਉੱਤੇ ਖੱਬਾ ਪੈਰ ਰੱਖਣਾ, ਕਮਰ ਦਾ ਵਲ ਕੱਢ ਕੇ ਸਿੱਧਾ ਬੈਠਣਾ, ਦੋਵੇਂ ਹੱਥ ਗੋਡਿਆਂ ਤੇ ਰੱਖਣੇ, ਠੋਡੀ ਛਾਤੀ ਨਾਲ ਲਾ ਕੇ, ਨੇਤ੍ਰਾਂ ਦੀ ਟਕ ਨੱਕ ਦੀ ਨੋਕ ਉੱਤੇ ਠਹਿਰਾਉਣੀ। ਜੇ ਪਿੱਠ ਪਿਛੋਂ ਦੀ ਬਾਹਾਂ ਲੈ ਜਾ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅਤੇ ਖੱਬੇ ਹੱਥ ਨਾਲ ਖੱਬੇ ਪੈਰ ਅੰਗੂਠਾ ਪਕੜ ਲਿਆ ਜਾਏ ਤਾਂ ਇਸ ਦਾ ਨਾਂ ਬੱਧਪਦਮਾਸਨ ਹੈ ੪. ਪ੍ਰਾਣਾਯਾਮ-ਸਵਾਸਾਂ ਦੀ ਗਤੀ ਨੂੰ ਠਹਿਰਾਉਣ ਦਾ ਨਾਂ ਪ੍ਰਾਯਾਮ ਹੈ। ਯੋਗੀਆਂ ਨੇ ਸਰੀਰ ਵਿੱਚ ੭੨੦੦੦ ਨਾੜੀਆਂ ਮੰਨੀਆਂ ਹਨ ਜਿਨ੍ਹਾਂ ਵਿੱਚੋਂ ੧੦ ਨਾੜੀਆਂ ਪ੍ਰਾਣ ਅਭਿਆਸ ਦੀਆਂ ਸਹਾਇਕ ਦੱਸੀਆਂ ਹਨ (ਪਾਨ, ਅਪਾਨ, ਸਮਾਨ, ਉਦਾਨ, ਵਯਾਨ, ਕੂਰਮ, ਕ੍ਰਿਕਲ, ਦੇਵਦੱਤ, ਧਨੰਜਯ ਇਹ ੧੦ ਪ੍ਰਾਣ ਕਲਪੇ ਹਨ ਜਿਨ੍ਹਾਂ ਚੋਂ ਪਹਿਲੇ ਪੰਜਾਂ ਦਾ ਅਭਿਆਸ ਯੋਗੀ ਕਰਦੇ ਹਨ)

ਪ੍ਰਾਣਯਾਮ ਦੇ ਕਠਿਨ ਪ੍ਰਕਾਰ ਬੇਅੰਤ ਹਨ ਪਰ ਪ੍ਰਮੁੱਖ ਦੋ ਹਨ-ਚੰਦ੍ਰਾਂਗ ਅਤੇ ਸੂਰਯਾਂਗ। ਚੰਦ੍ਰਾਂਗ-ਜੋਗੀ ਇੜਾ ਨਾੜੀ ਦੇ ਰਸਤੇ ੧੨ ਵਾਰ ਓਅੰ ਮੰਤ੍ਰ ਜਪ ਕੇ ਹੌਲੀ-੨ ਸੁਵਾਸਾਂ ਨੂੰ ਅੰਦਰ ਖਿੱਚਣਾ (ਪੂਰਕ ਕਰਨਾ) ੧੬ ਵਾਰ ਓਅੰ ਜਪ ਨਾਲ ਸਵਾਸਾਂ ਨੂੰ ਰੋਕਣਾ (ਕੁੰਭਕ ਕਰਨਾ) ਅਤੇ ੧੦ ਵਾਰ ਓਅੰ ਜਪੁ ਨਾਲ ਸਵਾਸ ਬਾਹਰ ਛੱਡਣੇ (ਰੇਚਕ ਕਰਨਾ) ਦੂਜਾ ਸੂਰਯਾਂਗ ਪ੍ਰਾਣਾਯਾਮ-ਪਿੰਗਲਾ ਦੇ ਰਸਤੇ (ਚੰਦ੍ਰਾਂਗ ਰੀਤੀ ਅਨੁਸਾਰ) ਪੂਰਕ ਅਤੇ ਕੁੰਭਕ ਪਿੱਛੋਂ ਇੜਾ ਨਾੜੀ ਦੁਆਰਾ ਰੇਚਕ ਕਰਨਾ ਫਿਰ ਇਸ ਅਭਿਆਸ ਨੂੰ ਵਧਾਉਂਦੇ ਹੋਏ ੩੬ ਵਾਰ ਓਅੰ ਜਪ ਕਰਕੇ ਰੇਚਕ ਕਰਨਾ। ਪ੍ਰਾਣਾਯਾਮ ਦੇ ਬਲ ਕਰਕੇ ਕੁੰਡਲਨੀ (ਭੁਝੰਗਮਾ) ਨਾੜੀ ਜਿਸ ਨੇ ਸੁਖਮਨਾ ਦਾ ਦਰਵਾਜਾ ਕਵਾੜ ਰੂਪ ਹੋ ਕੇ ਬੰਦ ਕੀਤਾ ਹੋਇਆ ਹੈ ਪਰੇ ਹਟ ਜਾਂਦੀ ਹੈ ਅਤੇ ਸੁਖਮਨਾ ਦੁਆਰਾ ਦਸਮ ਦੁਆਰ ਵਿੱਚ ਪ੍ਰਾਣ ਚਲਦੇ ਹਨ। ਇਸ ਤੋਂ ਇਲਾਵਾ ਇੱਕ ਹੰਸ ਪ੍ਰਾਣਾਯਾਮ ਵੀ ਹੈ ਜੋ ਇਕਾਗਰ ਮਨ ਹੋ ਕੇ ਸੁਵਾਸ ਦੇ ਬਾਹਰ ਜਾਣ ਪਰ “ਹੰ” ਅਰ ਅੰਦਰ ਜਾਣ ਪਰ “ਸਾ” ਦਾ ਸਿਮਰਨ ਕਰਨਾ ਇਵੇਂ ੬੦ ਘੜੀ ਵਿੱਚ ੨੧੬੦੦ ਵਾਰੀ ਜਾਪ ਹੋ ਜਾਂਦਾ ਹੈ। ਇਸ ਦਾ ਨਾਂ ਹੀ ਜੋਗਮੱਤ ਅਨੁਸਾਰ ਅਜਪਾ-ਜਾਪ ਜਾਂ ਅਜਪਾ ਗਾਯਤ੍ਰੀ ਹੈ ੫. ਪ੍ਰਤਯਾਹਾਰ-ਸ਼ਬਦ, ਸ਼ਪਰਸ਼, ਰੂਪ, ਰਸ, ਗੰਧ ਤੋਂ ਇੰਦ੍ਰੀਆਂ ਦੇ ਵੇਗ ਨੂੰ ਵਰਜ ਕੇ ਆਤਮ ਵਿਚਾਰ ਵਿੱਚ ਮਨ ਜੋੜਨ ਦਾ ਨਾਉਂ ਪ੍ਰਤਯਾਹਾਰ ਹੈ ੬. ਧਾਰਨਾ-ਚਿੱਤ ਨੂੰ ਇਕਾਗ੍ਰ ਕਰਨਾ ਅਤੇ ਕਿਸੇ ਖਾਸ ਅਸਥਾਨ ਅਰ ਵਸਤੁ ਵਿੱਚ ਜੋੜਨਾ ੭. ਧਿਆਨ-ਧੇਯ ਛੱਡ ਕੇ ਹੋਰ ਵੱਲ ਚਿੱਤ ਨਾਂ ਜਾਣਾ ੮. ਸਮਾਧਿ-ਸਾਰੇ ਸੰਕਲਪ ਮਿਟ ਕੇ ਧੇਯ ਵਿੱਚ ਬਿਰਤੀ ਦਾ ਲਿਵਲੀਨ ਹੋਣਾ ਅਤੇ ਉਸ ਦਾ ਸਾਖਯਾਤ ਭਾਸਣਾ ਸਮਾਧੀ ਕਹੀ ਜਾਂਦੀ ਹੈ। ਇਹ ਜੋਗ ਮੱਤ ਦੇ ਕਠਨ ਸਾਧਨ ਹਨ ਜੋ ਵਿਹਲੜ ਹੀ ਕਰ ਸਕਦੇ ਹਨ। ਹਾਂ ਕੁੱਝ ਕਸਰਤਾਂ ਜੋ ਸਰੀਰ ਦੀ ਵਰਜਿਸ਼ ਲਈ ਗੁਣਕਾਰੀ ਹਨ, ਕੀਤੀਆਂ ਜਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਗੁਰਦੁਆਰੇ ਅੰਦਰ “ਯੋਗਾ” ਨਹੀਂ ਕਿਹਾ ਜਾ ਸਕਦਾ।

ਜੋਗੀਆਂ ਦੇ ਮਨੁੱਖਤਾ ਤੋਂ ਗਿਰੇ ਕਰਮ-ਜੋਗਮੱਤ ਗ੍ਰਹਿਸਤ ਤੋਂ ਭਗੌੜਾ ਹੋ ਕੇ ਔਰਤ ਦੀ ਨਿੰਦਾ ਕਰਦਾ ਹੈ। ਗੋਰਖ ਨਾਥ ਔਰਤ ਨੂੰ ਬਘਿਆੜਣ ਕਹਿੰਦਾ ਹੈ-ਇਨ ਬਾਘਣ ਤ੍ਰੈਲੋਈ ਖਾਈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ-ਹੋਇ ਅਤੀਤ ਗ੍ਰਿਹਸਤ ਤਜ ਫਿਰਿ ਉਨਹੂੰ ਕੇ ਘਰਿ ਮੰਗਣ ਜਾਈ॥ ਜੋਗੀ ਸਰੀਰ ਤੇ ਸਵਾਹ ਮਲਦੇ, ਜਟਾਂ ਧਾਰਨ ਕਰਦੇ, ਕੰਨ ਪਾੜ ਕੇ ਮੁੰਦਰਾਂ ਪਾਉਂਦੇ, ਖਿੰਥਾ ਧਾਰਨ ਕਰਦੇ, ਅੱਕ ਧਤੂਰਾ ਖਾਂਦੇ, ਭੰਗ, ਸ਼ਰਾਬਾਂ, ਚਿਲਮਾਂ ਪੀਂਦੇ, ਸ਼ਿਵਜੀ ਦੇ ਪੁਜਾਰੀ, ਗੋਰਖ ਨਾਥ, ਭਰਥਰ ਨਾਥ ਅਤੇ ਪਤੰਜਲ ਰਿਖੀ ਨੂੰ ਮੰਨਦੇ ਹਨ। ਜਰਾ ਸੋਚੋ! ਜਿਨਾਂ ਲੋਕਾਂ ਲਈ ਨਸ਼ੇ ਵਿੱਚ ਗੜੁੱਚ ਹੋਣਾ ਹੀ ਮਨ-ਬਿਰਤੀ ਦਾ ਟਿਕਾਓ ਹੈ, ਉਹ ਕਿਧਰ ਦੇ ਯੋਗੀ ਹੋ ਸਕਦੇ ਹਨ? ਇਨ੍ਹਾਂ ਨਸ਼ਈ ਯੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਸ਼ਰਾਬ ਦਾ ਪਿਆਲਾ ਭੇਂਟ ਕੀਤਾ ਪਰ ਮੂੰਹ ਤੇ ਸੱਚੋ ਸੱਚ ਕਹਿਣ ਵਾਲੇ ਰਹਿਬਰ ਨੇ ਕਿਹਾ, ਅੰਮ੍ਰਿਤ ਦੇ ਵਾਪਰੀ, ਮਤ ਮਾਰੂ ਛੂਛੀ ਮਦ ਦਾ ਵਾਪਾਰ ਅਤੇ ਸੇਵਨ ਨਹੀਂ ਕਰਦੇ-ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥ . . ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੇ॥ ਕਹੁ ਨਾਨਕ ਸੁਣਿ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ (੩੬੦) ਨਸ਼ੇ ਪੀ ਕੇ ਰਿਧੀਆਂ-ਸਿੱਧੀਆਂ ਦੇ ਬਲ ਨਾਲ ਲੋਕਾਂ ਨੂੰ ਡਰਾ ਕੇ, ਆਪਣੀ ਪੂਜਾ ਕਰਾਉਣ ਵਾਲੇ, ਸਿੱਧਾਂ ਜੋਗੀਆਂ ਨੂੰ ਗੁਰੂ ਜੀ ਨੇ ਸ਼ਬਦ ਬਾਣ ਨਾਲ ਜਿੱਤ ਕੇ ਚਿੱਤ ਕੀਤਾ-ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪੁਨਾ ਪੰਥ ਨਿਰਾਲਾ॥ (ਭਾ. ਗੁ.)
ਗੁਰਮੱਤ ਦੇ ਜੋਗਮੱਤ ਬਾਰੇ ਵਿਚਾਰ-ਸਿੱਧਾਂ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ॥ ਮਨ ਕੀ ਮੈਲੁ ਨ ਉਤਰੈ ਹਉਂਮੈ ਮੈਲੁ ਨ ਜਾਇ (੫੫੮) ਸਿੱਧਾਂ-ਯੋਗੀਆਂ ਦੇ ਕਠਨ ਸਾਧਨਾਂ ਨਾਲ ਮਨ ਦੀ ਮੈਲ ਨਹੀਂ ਉੱਤਰਦੀ। . . ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ॥ ਜੋਗੁ ਨ ਦੇਸਿ ਦਿਸੰਤਰਿ ਭਵਿਐਂ ਜੋਗੁ ਨ ਤੀਰਥਿ ਨਾਈਐ॥ . . ਸਤਿਗੁਰੁ ਭੇਟੈ ਤਾਂ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ॥ . . ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ॥ . . ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਤਉ ਪਾਈਐ (੭੩੦) ਮੜੀਆਂ ਮਸਾਣਾਂ ਵਿੱਚ ਜਾ ਕੇ ਸਮਾਧੀਆਂ ਲਾਉਣੀਆਂ, ਦੇਸ਼ਾਂ ਦਾ ਭ੍ਰਮਣ ਕਰਨਾ ਅਤੇ ਪੁੰਨ ਕਰਮ ਲਈ ਤੀਰਥ ਨ੍ਹਾਉਣੇ ਨਿਰਾਥਕ ਕਰਮ ਹਨ। ਹੇ ਜੋਗੀਓ! ਜੇ ਸੱਚਾ ਗੁਰੂ ਮਿਲ ਜਾਏ ਤਾਂ ਭਰਮਾਂ ਦੇ ਪੜਦੇ ਤੁਟਦੇ ਹਨ ਅਤੇ ਮਨ ਦੀ ਮਾਇਆ ਵਾਲੀ ਦੌੜ ਮਿਟਦੀ ਹੈ। ਹੇ ਨਾਨਕ! ਜੀਂਵਦਿਆਂ ਹੀ ਅਜਿਹੇ ਫੋਕਟ ਕਰਮਾਂ ਅਤੇ ਵਿਕਾਰਾਂ ਵੱਲੋਂ ਮਨ ਨੂੰ ਮਾਰਨਾ ਹੀ ਜੋਗ ਹੈ। ਮਾਇਆ ਦੀ ਕਾਲਖ ਵਿਖੇ ਰਹਿੰਦੇ ਹੀ ਨਿਰਲੇਪ ਰਹਿਣਾ ਜੁਗਤੀ ਹੈ। ਏਹੁ ਜੋਗੁ ਨ ਹੋਵੈ ਜੋਗੀ ਜਿ ਕਟੰਬੁ ਛੋਡਿ ਪਰਭਵਣੁ ਕਰਹਿ (੯੦੯) ਇਹ ਜੋਗ ਨਹੀਂ ਕਿ ਘਰ-ਪ੍ਰਵਾਰ ਦੀ ਜਿਮੇਵਾਰੀ ਛੱਡ ਕੇ ਵਿਹਲੜਾਂ ਦੀ ਤਰ੍ਹਾਂ ਘੁੰਮੇਂ। ਜੋਗੁ ਨ ਭਗਵੀਂ ਕਪੜੀਂ ਜੋਗੁ ਨ ਮੈਲੇ ਵੇਸਿ॥ ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ (੧੪੨੧)

ਗੁਰਮੱਤ ਦਾ ਸਹਜ, ਭਗਤ, ਰਾਜ, ਬ੍ਰਹਮ ਅਤੇ ਤੱਤ ਜੋਗ-ਕਿਰਤ-ਵਿਰਤ ਕਰਦੇ ਹੋਰਨਾਂ ਲੋੜਵੰਦਾਂ ਨਾਲ ਵੰਡ ਛੱਕਣਾ ਅਤੇ ਪ੍ਰਭੂ ਪ੍ਰਮਾਤਮਾਂ ਨੂੰ ਸਦਾ ਯਾਦ ਰੱਖਣਾ ਹੀ ਸਹਿਜ ਸਮਾਧਿ ਭਾਵ ਮਨ ਦੀ ਇਕਾਗ੍ਰਤਾ ਹੈ-ਸਹਜਿ ਸਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ (੬੮) ਮਨ ਨੂੰ ਕਰਤਾਰ ਨਾਲ ਜੋੜ ਕੇ ਉਸ ਦੀ ਕੀਰਤੀ ਕਰਨੀ ਹੀ ਗੁਰਮੱਤ ਦਾ ਸਹਜ-ਜੋਗ ਹੈ-ਜੋਗੁ ਬਨਿਆ ਤੇਰਾ ਕੀਰਤਨੁ ਗਾਈ (੩੮੫) ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ (੪੯੬) ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵਲੋਂ ਮਾਰ ਦਿੱਤਾ ਹੈ ਇਹ ਹੀ ਸਿੱਖ ਦਾ ਸਹਜ-ਯੋਗ ਹੈ-ਗੁਰਿ ਮਨੁ ਮਾਰਿਓ ਕਰਿ ਸੰਜੋਗੁ॥ . . ਜਨ ਨਾਨਕ ਹਰਿ ਵਰੁ ਸਹਜ ਜੋਗੁ (੧੧੭੦) ਬ੍ਰਹਮਜੋਗ-ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ, ਹਰਿ ਪਾਈਐ ਸਤਸੰਗਤੀ, ਉਪਦੇਸਿ ਗੁਰੂ ਗੁਰ ਸੰਤ ਜਨਾ, ਖੋਲਿ ਖੋਲਿ ਕਪਾਟ॥ (੧੨੯੭) ਸੁਖਮਨਾ ਨਾੜੀ ਦੇ ਕਪਾਟ ਨਹੀਂ ਸਗੋਂ ਭ੍ਰਮ ਰੂਪ ਕਪਾਟ ਗਿਆਨ ਬਲ ਨਾਲ ਖੋਲ੍ਹ ਕੇ। ਇਸ਼ਨਾਨ, ਦਾਨ, ਨਾਮ ਅਤੇ ਸਤਸੰਗ ਹੀ ਗੁਰਮੱਤ ਦਾ ਭਗਤ ਜੋਗ ਹੈ ਅਤੇ ਇਸ ਦੇ ਇਹ ਅੰਗ ਹਨ-ਪ੍ਰਭੂ ਦੀ ਯਾਦ, ਸ਼ੁੱਧ ਰਹਿਣਾ, ਧਰਮ-ਕਿਰਤ ਕਰਕੇ ਵੰਡ ਛੱਕਣਾ ਅਤੇ ਸਦਾਚਾਰੀ ਗੁਰਮੁਖਾਂ ਦੀ ਸੰਗਤ ਕਰਨੀ। ਸਿੱਖ ਰਾਜ ਗੱਦੀ ਤੇ ਬੈਠਾ ਵੀ ਜੋਗੀ ਹੈ-ਰਾਜੁ ਜੋਗੁ ਰਸ ਰਲੀਆਂ ਮਾਣੈ। ਸਾਧਸੰਗਤਿ ਵਿਟਹੁ ਕੁਰਬਾਣੈ॥ ੧॥ (ਭਾ. ਗੁ.) ਤੱਤਜੋਗ-ਆਤਮਬਲ ਕਰਕੇ ਦੁਖ ਵਿੱਚ ਸੁੱਖ, ਬੁਰੇ ਵਿੱਚ ਭਲਾ, ਹਾਰ ਵਿੱਚ ਜਿਤ, ਅਤੇ ਸੋਗ ਵਿੱਚ ਹਰਖ ਜਾਣ ਕੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ-ਐਸੋ ਜਨੁ ਬਿਰਲੋ ਹੈ ਸੇਵਕੁ ਤਤ ਜੋਗ ਕਉ ਬੇਤੈ. . (੧੩੦੨) ਕਿਰਤੀ ਇਨਸਾਨ ਨੂੰ ਕਠਨ ਯੋਗਾ ਦੀ ਕੋਈ ਲੋੜ ਨਹੀਂ। ਹੱਡ ਭੰਨਵੀਂ ਮਿਹਨਤ ਕਰਨ ਵਾਲਿਆਂ ਦੀ ਕਸਰਤ ਆਪੇ ਹੀ ਹੁੰਦੀ ਰਹਿੰਦੀ ਹੈ। ਗੁਰਸਿੱਖ ਜਦ ਕਿਰਤ ਕਰਦਾ, ਵੰਡ ਛਕਦਾ ਅਤੇ ਨਾਮ ਜਪਦਾ ਭਾਵ ਰੱਬੀ ਯਾਦ ਵਿੱਚ ਰਹਿੰਦਾ ਹੈ ਉਹ ਅਸਲ ਯੋਗੀ ਹੈ।

ਬਾਬਿਆਂ ਦੇ ਸਟੰਟ-ਜੋਗ ਆਸਣਾਂ, ਦੇਸੀ ਦਵਾਈਆਂ ਅਤੇ ਧਰਮ ਲਿਬਾਸ ਰਾਹੀਂ ਲੋਕਾਂ ਵਿੱਚ ਮਸ਼ਹੂਰ ਹੋਇਆ ਬਾਬਾ ਰਾਮ ਦੇਵ, ਲੱਖਾਂ-ਕਰੋੜਾਂ ਦੀ ਸੰਪਤੀ ਦਾ ਮਾਲਕ ਕਿਵੇਂ ਬਣ ਗਿਆ? ਕਿਉਂਕਿ ਭਾਰਤੀ ਜਨਤਾ ਦੇ ਧਰਮ ਭੇਖੀ ਆਗੂਆਂ ਨੇ ਅੰਧ ਵਿਸ਼ਵਾਸ਼ ਦੀ ਸਿਖਿਆ ਵਧੇਰੇ ਦਿੱਤੀ ਹੈ। ਲੋਕਾਂ ਨੂੰ ਇਹ ਸਿਖਾ ਦਿੱਤਾ ਗਿਆ ਕਿ ਧਰਮ ਬਾਬੇ ਹੀ ਭਗਤ ਨੂੰ ਭਗਵਾਨ ਦਾ ਮਿਲਾਪ ਕਰਾ ਸਕਦੇ ਹਨ। ਆਂਮ ਜਨਤਾ ਧਰਮ ਕਰਮ ਅਤੇ ਧਰਮ ਗ੍ਰੰਥ ਨਹੀਂ ਪੜ੍ਹ ਸਕਦੀ-ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮਖਹੁ ਅਲਾਈ। (ਭਾ. ਗੁ.) ਇਸ ਕਰਕੇ ਭਾਰਤ ਵਿੱਚ ਇੱਕ ਦੂੰ ਇੱਕ ਚੜ੍ਹਦੇ ਤੋਂ ਚੜ੍ਹਦੇ ਧਰਮ ਬਾਬੇ ਪੈਦਾ ਹੋ ਕੇ, ਜਨਤਾ ਨੂੰ ਲੁੱਟ ਰਹੇ ਹਨ। ਅੱਜ ਇਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ ਹੈ। ਪਹਿਲੇ ਵੀ ਬ੍ਰਾਹਮਣ ਪ੍ਰੋਹਿਤ ਅਤੇ ਕਾਜ਼ੀ ਮੁਲਾਂ ਹਕੂਮਤ ਨਾਲ ਮਿਲ ਕੇ ਆਪਣੇ ਧਰਮ ਪਾਖੰਡਾਂ ਰਾਹੀਂ ਜਨਤਾ ਨੂੰ ਲੁੱਟਦੇ ਸਨ। ਅੱਜ ਤਾਂ ਇਹ ਰਾਜਨੀਤਕ ਪਾਰਟੀਆਂ ਦਾ ਵੋਟ ਬੈਂਕ ਹੀ ਬਣੇ ਹੋਏ ਹਨ। ਹੈਨ ਤਾਂ ਇਹ ਬਹੁਤਾਤ ਵਿੱਚ ਪਰ ਅੱਜ ਆਪਾਂ ਦੋ ਬਾਬਿਆਂ ਦੀ ਗੱਲ ਕਰਦੇ ਹਾਂ, ਬਾਬਾ ਰਾਮਦੇਵ ਅਤੇ ਸਤਿਆ ਸਾਂਈ ਬਾਬਾ। ਸਾਂਈ ਬਾਬਾ ਜਾਦੂ ਟ੍ਰਿਕਾਂ ਦਾ ਨਾਟਕ ਰਚਦਾ ਸੀ ਅਤੇ ਬਾਬਾ ਰਾਮਦੇਵ ਯੋਗਾ ਟ੍ਰਿਕਾਂ ਰਾਹੀਂ ਜਨਤਾ ਨੂੰ ਮਗਰ ਲਾਉਂਦਾ ਹੈ। ਸਾਂਈ ਬਾਬਾ ਜੋ ਲੋਕਾਂ ਨੂੰ ਭਵਿਖ ਦਸਦਾ ਸੀ, ਆਪਣਾ ਮਰਨ ਭਵਿਖ ਵੀ ਨਾਂ ਜਾਣ ਸੱਕਿਆ। ਮਰਨ ਉਪ੍ਰੰਤ ਜਦ ਸਰਕਾਰ ਨੇ ਕਾਲੇ ਧੰਨ ਦੇ ਸਬੰਧ ਵਿੱਚ ਛਾਪਾ ਮਾਰਿਆ ਤਾਂ ਮਾਇਆ ਮੋਹ ਤੋਂ ਨਿਰਲੇਪ ਰਹਿਣ ਦੀ ਸਿਖਿਆ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਬਾਬੇ ਦੇ ਆਸ਼ਰਮ ਘਰ ਵਿੱਚੋਂ ਸੋਨੇ, ਚਾਂਦੀ ਅਤੇ ਮਾਇਆ ਦੇ ਅੰਬਾਰ ਫੜੇ ਗਏ।

ਰਾਮਦੇਵ ਯੋਗਾ ਕਸਰਤ ਅਤੇ ਦੇਸੀ ਦਵਾਈਆਂ ਰਾਹੀਂ ਲੋਕਾਂ ਦੀ ਸੇਵਾ ਕਰਦਾ ਰਹਿੰਦਾ ਤਾਂ ਚੰਗਾ ਸੀ ਪਰ ਇਸ ਬਾਬੇ ਨੇ ਵੀ ਯੋਗ ਦੀ ਕੁੰਡੀ ਨਾਲ ਜਨਤਾ ਰੂਪੀ ਮਛੀ ਨੂੰ ਫੜਨਾ ਸ਼ੁਰੂ ਕਰ ਦਿੱਤਾ। ਕੁੱਝ ਸਮਾਜ ਸੇਵੀ ਸਾਧੂਆਂ ਕੋਲੋਂ ਜਨਤਾ ਦੀ ਸੇਵਾ ਲਈ ਦੇਸੀ ਨੁਕਸੇ ਸਿੱਖ ਕੇ ਦਵਾਈਆਂ ਦੀਆਂ ਫੈਕਟਰੀਆਂ ਲਾ ਲਈਆਂ ਅਤੇ ਯੋਗਾ ਦੀ ਪਾਉੜੀ ਰਾਹੀਂ ਵਾਪਾਰ ਦੀ ਟੀਸੀ ਤੇ ਚੜ੍ਹ ਗਿਆ। ਜੋਗੀ ਜੋ ਆਂਮ ਤੌਰ ਤੇ ਸੰਸਾਰੀ ਮੋਹ ਮਾਇਆ ਤੋਂ ਦੂਰ ਜੰਗਲਾਂ ਪਹਾੜਾਂ ਵਿੱਚ ਰਹਿੰਦੇ, ਅਲਖ ਨਿਰੰਜਨ ਦਾ ਜਾਪ ਕਰਦੇ, ਸਿਰ ਤੇ ਜਟਾਂ, ਕੰਨਾਂ ਵਿੱਚ ਮੁੰਦਰਾਂ, ਤੇੜ ਲੰਗੋਟੀ, ਗਲੇ ਕਫਨੀ, ਪੈਰੀਂ ਲਕੜ ਦੀਆਂ ਖੜਾਵਾਂ ਅਤੇ ਗ੍ਰਿਹਸਤੀਆਂ ਤੋਂ ਭੀਖ ਮੰਗਣ ਲਈ ਹੱਥ ਵਿੱਚ ਚਿੱਪੀ ਰੱਖਦੇ ਹਨ। ਇਸ ਸਭ ਕੁੱਝ ਦਾ ਤਿਆਗ ਕਰਕੇ ਬਾਬਾ ਜਨਤਾ ਨੂੰ ਆਪਣੇ ਕੌਤਕਾਂ ਨਾਲ ਲੁੱਟ ਕੇ ਅਰਬਾਂ ਖਰਬਾਂ ਦਾ ਮਾਲਕ ਬਣ ਗਿਆ। ਇਸ ਦਾ ਭਾਂਡਾ ਓਦੋਂ ਫੁੱਟ ਗਿਆ ਜਦੋਂ ਸਮਾਜ ਸੇਵੀ ਅੰਨਾ ਹਜਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਹਰਨ ਕਰਕੇ ਆਪ ਇਸ ਦਾ ਆਗੂ ਬਣ, ਰਾਮ ਲੀਲਾ ਦੇ ਮੈਦਾਨ ਤੇ ਮਰਨ ਵਰਤ ਰੱਖ ਕੇ ਸਰਕਾਰ ਦੀਆਂ ਡਾਂਗਾਂ ਤੋਂ ਡਰਦਾ ਹੋਇਆ, ਅਣੋਖੀ ਲੀਲਾ ਰਚ, ਔਰਤ ਦੇ ਲਿਬਾਸ ਵਿੱਚ ਭੱਜਾ ਜਾਂਦਾ ਫੜਿਆ ਗਿਆ ਅਤੇ 200 ਸਾਲ ਤੱਕ ਜੀਣ ਦੇ ਦਾਵੇ ਕਰਨ ਵਾਲਾ ਦੋ ਦਿਨ ਵੀ ਅਣਖ ਦੀ ਜਿੰਦਗੀ ਨਾਂ ਜੀਅ ਸਕਿਆ, ਜਾਨ ਬਚਾਈ ਲਈ ਆਪਣੇ ਭਾਈਵਾਲ ਸਿਰਕੱਢ ਲੀਡਰਾਂ ਰਾਹੀਂ ਜੂਸ ਪੀ ਕੇ ਮਰਨ ਵਰਤ ਤੋੜ ਗਿਆ।

ਸਾਡੇ ਰਾਜਨੀਤਕ ਲੀਡਰ ਵੀ ਕੋਈ ਘੱਟ ਨਹੀਂ ਜਦ ਉਹ ਚੋਣਾਂ ਹਾਰ ਜਾਂਦੇ ਹਨ ਤਾਂ ਫਿਰ ਅਜਿਹੇ ਬਾਬਿਆਂ ਨੂੰ ਅੱਗੇ ਲਾ ਕੇ, ਜਨਤਾ ਨੂੰ ਵਕਤੀ ਸਰਕਾਰ ਵਿਰੁੱਧ ਭੜਕਾ ਕੇ ਆਪਣਾਂ ਚੋਣਾਂ ਜਿੱਤਣ ਦਾ ਉਲੂ ਸਿੱਧਾ ਕਰਨ ਲਈ ਹਰ ਕਾਇਦੇ ਕਾਨੂਨੰ ਨੂੰ ਛਿੱਕੇ ਟੰਗ ਜੋਗੀ ਤੋਂ ਭੋਗੀ ਬਣੇ ਬਾਬਿਆਂ ਨੂੰ ਮੂਹਰੇ ਲਾ ਕੇ ਵਰਤਦੇ ਹਨ। ਪਾਠਕ ਜਨੋਂ! ਆਪ ਹੀ ਅੰਦਾਜਾ ਲਾਓ ਕਿ ਵਿਦੇਸ਼ਾਂ ਵਿੱਚਲੇ ਕਾਲੇ ਧੰਨ ਦੀ ਦੁਹਾਈ ਦੇਣ ਵਾਲੇ ਆਪਣੇ ਦੇਸ਼ ਵਿੱਚ ਹੀ, ਆਪੋ ਆਪਣੇ ਡੇਰਿਆਂ ਵਿੱਚ ਕਾਲੇ ਧੰਨ ਦੇ ਅੰਬਾਰ ਲਾਈ ਫਿਰਦੇ ਹਨ। ਕਾਸ਼! ਅੱਜ ਜੇ ਕੋਈ ਨੇਕਨੀਤੀ ਵਾਲੀ ਸਰਕਾਰ ਭਾਰਤ ਵਿਚਲੇ ਸਾਧਾਂ ਸੰਤਾਂ ਦੇ ਡੇਰਿਆਂ ਦੀ ਜਾਂਚ ਕਰੇ ਤਾਂ ਵਿਦੇਸ਼ਾਂ ਤੋਂ ਵੀ ਵੱਧ ਕਾਲਾ ਧੰਨ ਲੱਭ ਜਾਵੇਗਾ, ਜਿਸ ਨਾਲ ਦੇਸ਼ ਦੀ ਗਰੀਬੀ ਦੂਰ ਕੀਤੀ ਜਾ ਸਕੇਗੀ। ਅਜੇ ਰਾਜਨੀਤਕ ਲੋਕਾਂ ਨੇ ਜਨਤਾ ਨੂੰ ਇਨ੍ਹਾਂ ਨਹੀਂ ਲੁਟਿਆ ਜਿਨਾਂ ਇਨ੍ਹਾਂ ਜੋਗੀ ਤੋਂ ਭੋਗੀ ਹੋਏ ਸਾਧਾਂ ਨੇ ਲੁੱਟਿਆ ਹੈ। ਅੱਜ ਮੀਡੀਆ ਸਰਗਰਮ ਅਤੇ ਸਟਰੌਂਗ ਹੋਣ ਕਰਕੇ ਸਭ ਕੁੱਝ ਜਨਤਾ ਨੂੰ ਦਿਖਾਈ ਜਾ ਰਿਹਾ ਹੈ। ਦੇਸ਼ ਦੀ ਜਨਤਾ ਨੂੰ ਖੁਦ ਜਾਗਣਾ ਚਾਹੀਦਾ ਹੈ ਨਹੀਂ ਤਾਂ ਅਜਿਹੇ ਬਾਬਿਆਂ ਦੇ ਭੇਖ ਵਿੱਚ ਵੜੇ ਕੁਰੱਪਟੀ ਲੀਡਰ ਜਨਤਾ ਦਾ ਸ਼ੋਸਣ ਕਰਦੇ ਹੀ ਰਹਿਣਗੇ। ਇਨ੍ਹਾਂ ਲੋਕਾਂ ਨੇ ਧਰਮ ਨੂੰ ਕਮਾਈ ਦਾ ਵੱਡਾ ਸਾਧਣ ਬਣਾ ਲਿਆ ਹੈ। ਜਨਤਾ ਨੂੰ ਪੜ੍ਹੇ ਲਿਖੇ ਅਤੇ ਇਮਾਨਦਾਰ ਲੋਕਾਂ ਨੂੰ ਚੁਣਨਾਂ ਚਾਹੀਦਾ ਹੈ, ਜੋ ਭੇਖੀ ਸਾਧਾਂ ਅਤੇ ਚਾਲਬਾਜ ਲੀਡਰਾਂ ਦੀ ਧਰਮ ਅਤੇ ਸਮਾਜ ਸੇਵਾ ਦੇ ਨਾਂ ਤੇ ਕੀਤੀ ਜਾ ਰਹੀ ਲੁੱਟ ਨੂੰ ਰੋਕ ਕੇ, ਜਨਤਾ ਅਤੇ ਦੇਸ਼ ਨੂੰ ਖੁਸ਼ਹਾਲ ਕਰ ਸੱਕਣ। ਲਗਦਾ ਹੈ ਜਿਵੇਂ ਅਜਿਹੇ ਮਕਾਰੀ ਸਾਧਾਂ ਅਤੇ ਲੀਡਰਾਂ ਦੇ ਕਿੱਸੇ ਸਾਹਮਣੇ ਆ ਰਹੇ ਹਨ ਨੂੰ ਵਾਚ ਕੇ ਸਾਡੀ ਜਨਤਾ ਆਪਣਾ ਬਚਾ ਕਰ ਸੱਕੇ ਭਾਵ ਭੇਖੀ ਸਾਧਾਂ ਦੇ ਡੇਰਿਆਂ ਤੇ ਖੂਨ ਪਸੀਨੇ ਦੀ ਕਮਾਈ ਨੂੰ ਅੰਨ੍ਹੀ ਸ਼ਰਧਾਂ ਵਿੱਚ ਮੰਤ੍ਰ ਜਾਪਾਂ ਅਤੇ ਤੋਤਾ ਰਟਨੀ ਪਾਠਾਂ ਤੇ ਖਰਚਣੀ ਬੰਦ ਕਰ ਦੇਵੇ ਅਤੇ ਉਸ ਨਾਲ ਆਪਣੇ ਅਤੇ ਹੋਰ ਲੋੜਵੰਦ ਬੱਚਿਆਂ ਨੂੰ ਚੰਗੀ ਸਿਖਿਆ ਦੇ ਕੇ ਦੇਸ਼ ਦੇ ਚੰਗੇ ਨਾਗਰਿਕ ਬਣਾਇਆ ਜਾ ਸੱਕੇ।
.