.

ਦੇਵੀਆਂ ਦੇਵਤੇ

ਅਤੇ

ਸਿੱਖ ਧਰਮ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਿੱਖ ਧਰਮ ਅਨੁਸਾਰ ਦੇਵੀਆਂ ਦੇਵਤੇ? ਸਮਝਣ ਦਾ ਵਿਸ਼ਾ ਇਹ ਹੈ ਕਿ ਗੁਰਬਾਣੀ ਅਨੁਸਾਰ ਸਾਰੀ ਰਚਨਾ ਦਾ ਕਰਤਾ, ਧਰਤਾ ਤੇ ਪਾਲਣਹਾਰ ਭਾਵ ਸਭਕੁਝ ਕੇਵਲ ਤੇ ਕੇਵਲ ਇਕੋ ਇੱਕ ਅਕਾਲਪੁਰਖ ਹੀ ਹੈ ਅਤੇ ਉਸ ਤੋਂ ਬਗ਼ੈਰ ਹੋਰ ਕੋਈ ਨਹੀਂ। ਬਲਕਿ ਇਥੇ ਤਾਂ ਬੇਅੰਤ ਵਾਰੀ ਇਹ ਵੀ ਸਪਸ਼ਟ ਕੀਤਾ ਹੈ ਕਿ “ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧) ਅਥਵਾ ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ” (ਪੰ: ੪੭੦) ਭਾਵ ਇੱਕ ਕਰਤਾਰ ਦਾ ਲੜ ਛੱਡ ਕੇ ਕਿਸੇ ਹੋਰ ਦੀ ਪੂਜਾ ਅਰਚਾ `ਚ ਉਲਝਣਾ, ਮਨੁੱਖ ਦੀ ਕੇਵਲ ਅਗਿਆਨਤਾ ਹੀ ਹੈ ਅਤੇ ਇਸ ਤਰ੍ਹਾਂ ਮਨੁੱਖ ਆਪਣਾ ਮਨੁੱਖਾ ਜਨਮ ਹੀ ਜ਼ਾਇਆ ਕਰਕੇ ਜਾਂਦਾ ਹੈ। ਸਿਰਜਣਹਾਰ ਕੇਵਕ ਇਕੋ ਹੀ ਹੈ ਇਸ ਸਬੰਧ `ਚ ਕੁੱਝ ਗੁਰਬਾਣੀ ਪ੍ਰਮਾਣ:-

(ੳ) “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ” (ਪੰ: ੨੭੬)

(ਅ) “ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ” (ਪੰ: ੧੨੯੧)

(ੲ) “ਜੇਤਾ ਸਬਦੁ ਸੁਰਤਿ ਧੁਨਿ ਤੇਤੀ, ਜੇਤਾ ਰੂਪੁ ਕਾਇਆ ਤੇਰੀ॥ ਤੂੰ ਆਪੇ ਰਸਨਾ, ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥ ੧ ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ” (ਪੰ: ੩੫੦)

(ਸ) “ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲੁ ਕਰਤਾ ਸੋਈ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੁ ਹੋਈ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ, ਤੁਧੁ ਆਪੇ ਸਿਰਜਿ ਸਭ ਗੋਈ” (ਪੰ: ੩੪੮)

(ਹ) “ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ ਕੀਟ ਪਤੰਗਮ, ਘਟਿ ਘਟਿ ਰਾਮੁ ਸਮਾਨਾ ਰੇ॥ ੧ ਏਕਲ ਚਿੰਤਾ ਰਾਖੁ ਅਨੰਤਾ, ਅਉਰ ਤਜਹੁ ਸਭ ਆਸਾ ਰੇ॥ ਪ੍ਰਣਵੈ ਨਾਮਾ ਭਏ ਨਿਹਕਾਮਾ, ਕੋ ਠਾਕੁਰੁ ਕੋ ਦਾਸਾ ਰੇ” (ਪੰ: ੯੮੮)

(ਕ) ਅਲਹੁ ਗੈਬੁ ਸਗਲ ਘਟ ਭੀਤਰਿ, ਹਿਰਦੈ ਲੇਹੁ ਬਿਚਾਰੀ॥ ਹਿੰਦੂ ਤੁਰਕ ਦੁਹੂੰ ਮਹਿ ਏਕੈ, ਕਹੈ ਕਬੀਰ ਪੁਕਾਰੀ” (ਪੰ: ੪੮੩)

(ਖ) “ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥ ੧ ॥ ਲੋਗਾ ਭਰਮਿ ਨ ਭੂਲਹੁ ਭਾਈ॥ ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ” (ਪੰ: ੧੩੪੯)

ਇਸ ਤਰ੍ਹਾਂਤੋਂ ਅਰੰਭ ਕਰਕੇ “ਤਨੁ ਮਨੁ ਥੀਵੈ ਹਰਿਆ” ਤੱਕ ਸੰਪੂਰਣ ਗੁਰਬਾਣੀ `ਚ ਗੁਰਦੇਵ ਨੇ ਇਸੇ ਇਲਾਹੀ ਸੱਚ ਨੂੰ ਇੱਕ ਜਾਂ ਦੋ ਵਾਰੀ ਨਹੀਂ ਬਲਕਿ ਹਜ਼ਾਰਹਾਂ ਵਾਰੀ ਦ੍ਰਿੜ ਕਰਵਾਇਆ ਹੈ।

ਦੇਵੀ ਦੇਵਤਾ ਵਾਦ ਕੀ ਹੈ? - ਬ੍ਰਾਹਮਣ ਮੱਤ ਅਨੁਸਾਰ ਤੇਤੀ ਕਰੋੜ ਤੋਂ ਵੱਧ ਦੇਵੀਆਂ ਦੇਵਤੇ ਅਤੇ ਭਗਵਾਨ ਮਿੱਥੇ ਗਏ ਹਨ। ਇਸ ਤਰ੍ਹਾਂ ਬ੍ਰਾਹਮਣ ਮੱਤ ਅਨੁਸਾਰ ਜਿਤਨੇ ਵੀ ਦੇਵੀਆਂ ਦੇਵਤੇ ਮਿਥੇ ਗਏ ਹਨ। ਇਨ੍ਹਾਂ ਸਾਰੇ ਦੇਵੀਆਂ ਤੇ ਦੇਵਤਿਆਂ ਦੇ ਵਾਹਨ ਵੀ ਵੱਖੋ-ਵੱਖਰੇ ਦੱਸੇ ਗਏ ਹਨ। ਜਿਵੇਂ ਵਿਸ਼ਨੂੰ ਦਾ ਗਰੁੜ, ਬ੍ਰਹਮਾ ਦਾ ਹੰਸ, ਸ਼ਿਵਜੀ ਦਾ ਚਿੱਟਾ ਬਲਦ, ਭੈਰੋਂ ਦਾ ਕਾਲਾ ਕੁੱਤਾ, ਨਰਮਦਾ ਦਾ ਮਗਰਮੱਛ, ਦੁਰਗਾ ਦਾ ਸ਼ੇਰ, ਸੀਤਲਾ ਦਾ ਖੋਤਾ ਆਦਿ। ਇਸੇ ਤਰ੍ਹਾਂ ਸਭ ਦੀ ਪਸੰਦ ਵੀ ਵੱਖ-ਵੱਖ ਮਿਥੀ ਗਈ ਹੈ ਤੇ ਉਨ੍ਹਾਂ ਤੋਂ ਕਾਮਨਾ ਵੀ ਵੱਖੋ-ਵੱਖਰੀ ਹੀ ਹੁੰਦੀ ਹੈ। ਇਨਾਂ ਹੀ ਨਹੀਂ, ਉਨ੍ਹਾਂ ਦੀ ਪੂਜਾ ਤੇ ਮੰਨਤ ਦੇ ਦਿਨ ਤੇ ਢੰਗ ਵੀ ਵੱਖ ਵੱਖ ਹਨ। ਮਿਸਾਲ ਵਜੋਂ ਸ਼ਨੀ ਦੇਵਤੇ ਦੀ ਪੂਜਾ ਦਾ ਦਿਨ ਹੈ ਸਨੀਵਾਰ-ਉਸ ਦੀ ਭੇਟਾ ਮਾਂਹ, ਛੋਲੇ, ਸਰਸੋਂ ਦਾ ਤੇਲ ਤੇ ਲੋਹਾ-ਕਾਮਨਾ ਤਾਪ ਤੇ ਕਲੇਸ਼ ਹਰਣ ਦੀ। ਹਨੂਮਾਨ ਦੀ ਪੂਜਾ ਦਾ ਦਿਨ ਮੰਗਲ-ਚੜ੍ਹਾਵਾ ਬੂੰਦੀ ਬਰਫੀ ਅਤੇ ਕਾਮਨਾ ਬਲ ਪ੍ਰਾਪਤੀ। ਲੱਛਮੀ ਦੀ ਪੂਜਾ ਲਈ ਦਿਵਾਲੀ ਤੇ ਉਸ ਤੋਂ ਕਾਮਨਾ ਧਨ ਦੀ ਪ੍ਰਾਪਤੀ। ਏਸੇ ਤਰ੍ਹਾਂ ਕਰਤੇ ਦੀਆਂ ਅਨੇਕਾਂ ਦਾਤਾਂ ਤੇ ਸ਼ਕਤੀਆਂ ਨੂੰ ਹੀ, ਵੱਖੋ-ਵੱਖਰੇ ਦੇਵਤੇ ਮਿਥ ਲਿਆ ਗਿਆ। ਇਨ੍ਹਾਂ `ਚੋਂ ਹੀ ਕੁੱਝ ਵਿਸ਼ੇਸ਼ ਹਨ ਅਗਨੀ ਦੇਵਤਾ, ਪਾਣੀ ਭਾਵ ਵਰੁਣ ਦੇਵਤਾ ਅਤੇ ਵਾਯੂ, ਸੂਰਜ, ਚੰਦ੍ਰਮਾ ਦੇਵਤਾ ਆਦਿ। ਇਨ੍ਹਾਂ ਦੇਵੀ ਦੇਵਤਿਆਂ ਦੇ ਰੂਪ ਵੀ ਵੱਖ ਵੱਖ ਦੱਸੇ ਹਨ ਤੇ ਉਨ੍ਹਾਂ ਨੂੰ ਮੂਰਤੀਮਾਨ ਵੀ ਕੀਤਾ ਹੋਇਆ ਹੈ।

“ਦੇਵੀ ਦੇਵਾ ਪੂਜਹਿ ਡੋਲਹਿ” - ਅਸਲ `ਚ ਦੇਵਤਾ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ ‘ਦੇਣ ਵਾਲਾ’ ਜਾਂ ਕੰਟ੍ਰੋਲਰ। ਇੱਕ ਕਰਤੇ ਪ੍ਰਭੂ ਬਾਰੇ ਨਾਸਮਝ ਮਨੁੱਖ, ਕਰਤੇ ਦੀਆਂ ਅਨੇਕਾਂ ਦਾਤਾਂ-ਹਵਾ, ਪਾਣੀ, ਅਗਨੀ, ਜੀਵਨ, ਮੌਤ, ਪਾਲਨਾ, ਰੰਗ, ਰੂਪ, ਤਾਕਤ ਆਦਿ ਦੇ ਅਨੇਕਾਂ ਹੀ ਦੇਵਤੇ ਅਥਵਾ ਕੰਟ੍ਰੋਲਰ ਮਿਥ ਬੈਠਾ। ਮਨੁੱਖ, ਇੱਕੋ ਇੱਕ ਪਰਮ ਪਿਤਾ-ਪ੍ਰਮਾਤਮਾ ਨੂੰ ਨਾ ਸਮਝ ਕੇ, ਅਨੇਕਾਂ ਦੀ ਪੂਜਾ-ਅਰਚਾ `ਚ ਉਲਝਦਾ ਗਿਆ। ਪੁਜਾਰੀ ਸ਼੍ਰੇਣੀ ਵੀ ਆਪਣਾ ਉਲੂ ਸਿੱਧਾ ਕਰਣ ਲਈ ਉਸ ਨੂੰ ਹੋਰ ਤੇ ਹੋਰ ਉਲਝਾਂਦੀ ਗਈ। ਉਨ੍ਹਾਂ ਦੇ ਅਜੀਬੋ-ਗਰੀਬ ਰੂਪ ਅਤੇ ਉਨ੍ਹਾਂ ਬਾਰੇ ਸਵੈ ਵਿਰੋਧੀ ਅਨੇਕਾਂ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਪੁਰਸ਼ ਵਾਚਕ ਸ਼ਕਤੀਆਂ ਨੂੰ ਦੇਵਤੇ ਤੇ ਇਸਤ੍ਰੀ ਲਿੰਗ ਸ਼ਕਤੀਆਂ ਨੂੰ ‘ਦੇਵੀਆਂ’ ਦੇ ਨਾਮ ਦਿੱਤੇ ਗਏ। ਨਤੀਜਾ, ਜਿਸ ਮਨੁੱਖ ਨੇ ਪਰ-ਉਪਕਾਰੀ ਅਤੇ ਮਨੁੱਖੀ ਭਰਾਤ੍ਰੀਭਾਵ ਵਾਲਾ ਬਨਣਾ ਸੀ, ਉਹੀ ਮਨੁੱਖ ਨਿਹਿਤ ਆਪਣੀਆਂ ਹੀ ਕਾਮਨਾਵਾਂ-ਮੰਗਾਂ ਦਾ ਗੁਲਾਮ ਬਣਦਾ-ਬਣਦਾ ਨਿਪਟ ਸੁਆਰਥੀ ਬਣਦਾ ਗਿਆ। ਇਸ ਤਰ੍ਹਾਂ ਨਾ ਮਨੁੱਖ ਆਪਣੇ ਮਨੁਖੀ ਫ਼ਰਜ਼ਾਂ ਨੂੰ ਸਮਝ ਸਕਿਆ ਤੇ ਨਾ ਹੀ ਕਰਤੇ ਪ੍ਰਮੇਸ਼ਵਰ ਨੂੰ।

ਇਸੇ `ਤੇ ਗੁਰਬਾਣੀ `ਚ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ “ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ ਲਪਟਾਨਾ” (ਪੰ: ੩੩੨) ਅਰਥ ਹਨ ਕਿ ਐ ਭਾਈ! ਤੂੰ ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦਾ ਹੈ ਤੇ ਮਨ ਕਰਕੇ ਉਖੜਿਆ ਤੇ ਡੋਲਿਆ ਵੀ ਰਹਿੰਦਾ ਹੈਂ। ਇਸ ਸਾਰੇ ਦਾ ਕਾਰਨ ਇੱਕੋ ਹੀ ਹੈ ਕਿ ਤੈਨੂੰ ਉਸ ਦੇਣਹਾਰ ਅਜੂਨੀ ਤੇ ਸੈਭੰ ਪ੍ਰਭੁ ਦੀ ਸਮਝ ਹੀ ਨਹੀਂ ਆਈ। ਉਪ੍ਰੰਤ ਇਸੇ ਦਾ ਨਤੀਜਾ ਹੈ ਕਿ ਤੂੰ ਜੀਵਨ ਭਰ ਬਿਨਸਨਹਾਰ ਪਦਾਰਥਾਂ ਦੀ ਪੱਕੜ `ਚ ਰਹਿ ਕੇ ਆਸਾ, ਮਨਸਾ, ਕਾਮਨਾ, ਤ੍ਰਿਸ਼ਨਾ ਆਦਿ ਦਾ ਸ਼ਿਕਾਰ ਹੋਇਆ ਰਹਿੰਦਾ ਹੈਂ।

ਇਸੇ ਦੇਵੀ ਦੇਵਤਾ ਵਾਦ ਦਾ ਹੀ ਨਤੀਜਾ ਹੈ, ਮਨੁੱਖ ਦਾ ਪਰ-ਉਪਕਾਰੀ ਬਨਣਾ ਤਾਂ ਦੂਰ, ਸੁਆਰਥ ਦੀ ਇਤਨੀ ਗਹਿਰੀ ਖੱਡ `ਚ ਜਾ ਡਿੱਗਾ ਕਿ ਪੜੋਸੀ ਦੇ ਬੱਚੇ ਦੀ ਭਾਵੇਂ ਬਲੀ ਹੀ ਕਿਉਂ ਨਾ ਦੇਣੀ ਪਵੇ, ਬਦਲੇ `ਚ ਆਪਣੇ ਘਰ ਬੱਚਾ ਜਰੂਰ ਪੈਦਾ ਹੋਵੇ। ਪੜੋਸੀ ਭਾਵੇਂ ਕੰਗਲਾ ਹੋ ਜਾਵੇ ਪਰ ਉਸ ਦੀ ਕੀਮਤ `ਤੇ ਦੌਲਤ ਮੇਰੇ ਘਰ ਆ ਜਾਵੇ। ਅਨੇਕਾਂ ਸ਼ਾਪ-ਕ੍ਰੋਪੀਆਂ, ਮੰਤ੍ਰ ਜਾਪ, ਟੂਣੇ-ਤਵੀਤ, ਜੰਤ੍ਰ-ਤੰਤ੍ਰ, ਸਗਨ-ਅਪਸਗਨ, ਵਹਿਮ-ਭਰਮ, ਸੁੱਚਾਂ-ਭਿਟਾਂ, ਸਵੇਰ-ਸ਼ਾਮ, ਮੰਗਲ-ਸਨੀਚਰ, ਰਾਹੂ-ਕੇਤੂ ਦੇ ਡਰ, ਸ਼ਰਾਧ-ਨਰਾਤੇ, ਸੰਗ੍ਰਾਂਦਾਂ-ਮਸਿਆਵਾਂ-ਪੂਰਨਮਾਸ਼ੀਆਂ ਆਦਿ, ਸਭ ਇਸੇ ਦੇਵੀ ਦੇਵਤਾਵਾਦ ਦੀ ਹੀ ਉਪਜ ਹਨ। ਇਹ ਸਾਰੇ ਵਿਸ਼ਵਾਸ ਤਾਂ “ਦੇਵੀ ਦੇਵਾ ਮੂਲੁ ਹੈ ਮਾਇਆ” ਅਨੁਸਾਰ ਮਨੁੱਖ ਦੀ ਕਲਪਣਾ ਤੇ ਨਾਸਮਝੀ ਤੋਂ ਹੀ ਪੈਦਾ ਹੋਏ ਦੇਵੀ-ਦੇਵਤਿਆਂ ਦੀ ਪੈਦਾਵਾਰ ਸਨ। ਇੱਕ ਕਰਤੇ ਨੂੰ ਭੁੱਲ ਚੁੱਕਾ ਮਨੁੱਖ ਅਨੇਕਾਂ ਦੀ ਪੂਜਾ ਦਾ ਗ਼ੁਲਾਮ ਹੁੰਦਾ ਗਿਆ ਜਦਕਿ ਇਨ੍ਹਾਂ ਵਿਚੋਂ ਕਰਤਾ ਇੱਕ ਵੀ ਨਹੀਂ ਸੀ।

ਸੁੱਚਾਂ ਭਿੱਟਾਂ ਤੇ ਐਂਟੀਸੈਪਟਿਕ- ਗੁਰੂ ਪਤਾਸ਼ਾਹ ਰਾਹੀਂ ਬਖਸ਼ੇ ਸੁਅੱਛ ਜੀਵਨ, ਸੁਅੱਛ ਪਹਿਰਾਵੇ, ਪ੍ਰਭਾਤੇ ਜਾਗਣਾ ਤੇ ਪ੍ਰਭਾਤੇ ਦੇ ਇਸ਼ਨਾਨ ਵਾਲਾ ਨਿਯਮ; ਇਹ ਸਭ ਅਜੋਕੇ ਕੀਟ-ਨਾਸ਼ਕ ਤੇ ਸੇਹਤ-ਸਫ਼ਾਈ (Antiseptic) ਦੀ ਲੋੜ ਨੂੰ ਸਾਰੀ ਦੁਨੀਆਂ ਦੇ ਡਾਕਟਰ ਵੀ ਅਪਣਾ ਚੁੱਕੇ ਹਨ। ਦੂਜੇ ਪਾਸੇ, ਸੁੱਚਾਂ-ਭਿਟਾਂ ਦਾ ਸ਼ੈਦਾਈ ਅਜੇ ਤੀਕ ਭਿੰਨ ਭਿੰਨ ਤੀਰਥ ਇਸ਼ਨਾਨਾਂ, ਚਂੌਕੇ-ਕਾਰਾਂ ਤੇ ਗੋਬਰ ਦੇ ਲੇਪਾਂ ਤੀਕ ਹੀ ਫਸਿਆ ਪਿਆ ਹੈ। ਮਨੁੱਖ, ਮਨੁੱਖ ਕੋਲੋਂ ਭਿੱਟਿਆ ਜਾ ਰਿਹਾ ਹੈ; ਕਿਸੇ ਦਾ ਹੱਥ ਲੱਗਣਾ ਤਾਂ ਦੂਰ ਕੇਵਲ ਪ੍ਰਛਾਵਾਂ ਪੈਣਾ ਹੀ ਉਸ ਦੇ ਭੋਜਨਾਂ ਨੂੰ ਭ੍ਰਿਸ਼ਟ ਤੇ ਨਾ ਛਕਣ ਯੋਗ ਬਣਾ ਦਿੰਦਾ ਹੈ। ਘੋਖਿਆ ਜਾਵੇ ਤਾਂ ਅਸਲ `ਚ ਇਹ ਬ੍ਰਾਹਮਣੀ ਸੁੱਚਾਂ-ਭਿਟਾਂ ਵੀ ਇਸੇ ਦੇਵੀ-ਦੇਵਤਾ ਵਾਦ ਦੀ ਹੀ ਦੇਣ ਹਨ, ਜਿਨ੍ਹਾਂ ਨੂੰ ਗੁਰਮੱਤ ਨੇ ਉੱਕਾ ਪ੍ਰਵਾਣ ਨਹੀਂ ਕੀਤਾ।

“ਦੇਵੀ ਦੇਵਾ ਪੂਜੀਐ ਭਾਈ” - ਗੁਰਬਾਣੀ ਦਾ ਫੁਰਮਾਣ ਹੈ “ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ” (ਪੰ: 637) ਕਿ ਐ ਮਨੁੱਖ! ਤੂੰ ਮੰਗਦਾ ਕੁੱਝ ਹੈਂ ਤੇ ਤੈਨੂੰ ਮਿਲਦਾ ਕੋਝ ਹੋਰ ਹੈ। ਫਿਰ ਵੀ ਤੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਕਰ ਕੀ ਰਿਹਾ ਹੈਂ? ਕਿਤਨੀ ਅਜੀਬ ਖੇਡ ਹੈ, ਸੀਤਲਾ ਦੇ ਪੁਜਾਰੀ, ਚੇਚਕ ਨੂੰ ਸੀਤਲਾ ਮਾਤਾ ਮੰਣਦੇ, ਇਸ ਦੀ ਪੂਜਾ ਰਾਹੀਂ ਇਸ ਤੋਂ ਆਪਣਾ ਛੁਟਕਾਰਾ ਮੰਗਦੇ ਰਹੇ। ਫ਼ਿਰ ਵੀ ਜਦੋਂ ਕਦੇ ਇਹ ਮਹਾਮਾਰੀ ਫੁਟਦੀ ਤਾਂ ਲੱਖਾਂ ਮਰਦੇ। ਇਸ ਦੇ ਸ਼੍ਰਧਾਲੂ ਇਸਦੀ ਪੂਜਾ ਮਾਣਤਾ ਤਾਂ ਬਹੁਤ ਕਰਦੇ ਪਰ ਸੀਤਲਾ ਭਾਵ ਚੇਚਕ ਵਾਲੀ ਕ੍ਰੋਪੀ ਫ਼ਿਰ ਵੀ ਨਾ ਟਲਦੀ। ਜਦਕਿ ਕੇਵਲ ਇੱਕ ਵੇਕਸੀਨੇਸ਼ਨ ਦੀ ਖੋਜ ਨੇ ਹੀ ਸੀਤਲਾ ਨੂੰ ਸਾਰੀ ਦੁਨੀਆਂ `ਚੋਂ ਖ਼ਤਮ ਕਰ ਦਿੱਤਾ। ਕਿਉਂਕਿ ਇਹ ਮਾਤਾ ਜਾਂ ਦੇਵੀ ਨਹੀਂ ਬਲਕਿ ਬਰਸਾਤੀ ਤੇ ਮੋਸਮੀ ਬਿਮਾਰੀ ਸੀ। ਇਸ ਬਾਰੇ ਖੋਜ ਤੇ ਇਲਾਜ ਦੀ ਲੋੜ ਸੀ। ਇਸ ਸਚਾਈ ਨੂੰ ਸਭ ਤੋਂ ਪਹਿਲਾਂ ਸੰਸਾਰ ਸਾਹਮਣੇ ਪ੍ਰਗਟ ਕੀਤਾ ਤਾਂ ਗੁਰਬਾਣੀ ਨੇ।

ਲੱਛਮੀ ਦੇ ਪੁਜਾਰੀ ਹਰ ਸਾਲ ਦਿਵਾਲੀਆਂ ਮਣਾ ਮਣਾ ਕੇ ਲੱਛਮੀ ਦੀ ਪੂਜਾ ਕਰਦੇ ਰਹੇ ਪਰ ਕੰਗਾਲਤਾ ਫ਼ਿਰ ਵੀ ਵਧਦੀ ਗਈ। ਅੱਜ ਵੀ ਹਰੇਕ ਦਿਵਾਲੀ ਨੂੰ ਅਨੇਕਾਂ ਦੇ ਦਿਵਾਲੇ ਤੱਕ ਪਿੱਟਦੇ ਹਨ। ਦਿਵਾਲੀ ਆਉਂਦੀ ਹੈ ਤੇ ਪਟਾਕਿਆਂ-ਆਤਿਸ਼ਬਾਜ਼ੀਆਂ ਕਾਰਨ ਹਜ਼ਾਰਾਂ ਅੱਗਾ ਲਗਦੀਆਂ ਹਨ। ਵਾਤਾਵਰਣ ਗੰਦਾ ਹੁੰਦਾ ਹੈ। ਕਈ ਕੀਮਤੀ ਜਾਨਾਂ ਜਾਂਦੀਆਂ ਹਨ ਤੇ ਪਤਾ ਨਹੀਂ ਕਿਤਨੀ ਸੰਪਤੀ ਦਾ ਨੁਕਸਾਨ ਹੁੰਦਾ ਹੈ। ਦੀਵਾਲੀ ਦੀ ਰਾਤ ਜੂਆ ਖੇਡਣ ਵਾਲਾ ਅੰਧਵਿਸ਼ਵਾਸ, ਦਿਕੋ ਰਾਤ `ਚ ਕਿਤਣਿਆਂ ਦੇ ਘਰ-ਪ੍ਰਵਾਰ ਉਜਾੜ ਦਿੰਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਹੀ ਸੌਖਾ ਨਹੀਂ। ਇਸਦੇ ਉਲਟ ਧਨ ਦੇਵਤਾ ਕੁਬੇਰ ਤੇ ਧੰਨ ਦੀ ਦੇਵੀ ਲਛਮੀ ਤਾਂ ਉਸ ਅਮ੍ਰੀਕਾ ਵਰਗੇ ਦੇਸ਼ਾਂ `ਚ ਵਧਦਾ ਤੇ ਵਧਦੀ ਜਾ ਰਹੀ ਹੈ ਜਿੱਥੇ ਧਨ ਨੂੰ ਕੋਈ ‘ਦੇਵੀ’ ਜਾਂ ‘ਦੇਵਤਾ’ ਕਰ ਕੇ ਜਾਣਦਾ ਤੱਕ ਵੀ ਨਹੀਂ। ਵਿਚਾਰਣ ਦੀ ਗੱਲ ਇਹ ਵੀ ਹੈ ਕਿ ਮਨੁੱਖ ਜਦੋਂ ਆਪ ਹੀ ਧਨ ਦਾ ਪੁਜਾਰੀ ਬਣ ਗਿਆ ਤਾਂ ਉਥੇ ਮਨੁੱਖੀ ਸਾਂਝ-ਪਿਆਰ, ਪਰ-ਉਪਕਾਰ, ਭਰਾਤ੍ਰੀ ਭਾਵ ਤੇ ਸਾਂਝੀਵਾਲਤਾ ਜਿਥੋਂ ਕਿ ਧਰਮ ਨਿਰਪੱਖਤਾ (Secularism) ਨੇ ਜਨਮ ਲੈਣਾ ਹੈ, ਅਜਿਹੀਆਂ ਨਿਆਮਤਾਂ ਦਾਖ਼ਲ ਹੋਣਗੀਆਂ ਵੀ ਤਾਂ ਕਿਸ ਰਸਤੇ?

ਸਰਸਵਤੀ ਦੇ ਪੁਜਾਰੀ ਨਿੱਤ ਵਹਿਮਾਂ-ਭਰਮਾਂ-ਜਹਾਲਤਾਂ, ਦੀ ਭੱਠੀ `ਚ ਸੜ ਰਹੇ ਹਨ। ਇਨ੍ਹਾਂ ਜਹਾਲਤਾਂ `ਚ ਫ਼ਸਿਆਂ ਨੂੰ ਲੁਟੇਰੇ-ਠੱਗ-ਧੋਖੇਬਾਜ਼ ਤਾਂ ਜਹਾਲਤਾਂ ਵਹਿਮਾਂ-ਭਰਮਾਂ ਦਾ ਨਿੱਤ ਨਵਾਂ ਤਾਨਾ-ਬਾਣਾ ਬੁੰਣ ਕੇ ਲੁੱਟ ਰਹੇ ਹਨ, ਜਦਕਿ ਸਰਸਵਤੀ ਦੇਵੀ, ਆਪਣੇ ਭਗਤਾਂ ਦਾ ਵੀ ਸ਼ੋਸ਼ਨ ਨਹੀਂ ਰੋਕ ਸਕਦੀ ਤਾਂ ਕਿਉ? ਕਿਉਂਕਿ ਇਹ ਸ਼ੋਸ਼ਣ ਤਾਂ ਮਨੁੱਖੀ ਮਨਾਂ ਦਾ ਸੀ ਜੋ ਪ੍ਰਭੂ ਗਿਆਨ ਵਾਲੇ ਪਾਸੇ ਜਾਗ ਕੇ ਹੀ ਰੁਕਣਾ ਸੀ। ਇਸ ਦੇ ਲਈ ਰਸਤਾ ਸੀ ਗੁਰਬਾਣੀ ਗਿਆਨ ਵਾਲਾ, ਨਾ ਕਿ ਵਹਿਮਾਂ ਭਰਮਾਂ ਵਾਲਾ। ਕਰਵਾ ਚੌਥ, ਪੂਰਨਮਾਸ਼ੀ ਦੇ ਵਰਤ ਰੱਖਣ ਵਾਲੇ ਚੰਦ੍ਰਮਾ ਦੀ ਪੂਜਾ ਕਰਦੇ ਰਹਿ ਗਏ ਤੇ ਦੂਜੇ ਚੰਦ `ਤੇ ਅਨੁਸੰਧਾਨ ਅਥਵਾ ਖੋਜ ਕੇਂਦਰ (Research Centre) ਕਾਇਮ ਕਰ ਕੇ ਉਥੇ ਸੈਰਾਂ ਵੀ ਕਰ ਆਏ।

ਇਸ ਦੇ ਉਲਟ ਅੱਜ ਵੀ ਚੰਦ੍ਰਮਾ ਨੂੰ ਦੇਵਤਾ ਮੰਨ ਕੇ ਕਰਵਚੌਥ ਦਾ ਵਰਤ ਰਖਣ ਵਾਲੀਆਂ ਸੁਹਾਗਨਾਂ ਤੇ ਰਖਵਾਉਣ ਵਾਲਿਆਂ ਦਾ ਘਾਟਾ ਨਹੀਂ। ਜੇ ਸਚਮੁਚ ਚੰਦ੍ਰਮਾ ਕੋਈ ਦੇਵਤਾ ਹੀ ਹੈ ਤਾਂ ਘਟੋ-ਘਟ, ਉਨ੍ਹਾਂ ਸੁਹਾਗਨਾਂ ਦੇ ਪਤੀ ਤਾਂ ਉਨ੍ਹਾਂ ਦੇ ਜੀਉਂਦੇ ਜੀਅ ਨਹੀਂ ਸਨ ਮਰਨੇ ਚਾਹੀਦੇ। ਉਨ੍ਹਾਂ ਦੇ ਸੁਹਗਨਾਂ ਦੇ ਪਤੀ, ਜਿਹੜੀਆਂ ਕਿ ਹਰ ਸਾਲ ਕਰਵਾਚੌਥ ਦਾ ਵਰਤ ਰਖਦੀਆਂ ਹਨ। ਇਸ ਤੋਂ ਇਲਾਵਾ ਬੇਅ ਵਟਾ ਕੇ ਚੰਦ੍ਰਮਾਂ (ਦੇਵਤੇ) ਦੀ ਪੂਜਾ ਇਸ ਲਈ ਕਰਦੀਆਂ ਹਨ ਕਿ ਉਨ੍ਹਾਂ ਦੇ ਸੁਹਾਗਾਂ ਦੀ ਲੰਮੀ ਉਮਰ ਹੋਵੇ। ਇਸ ਲਈ ਦੂਜਿਆਂ ਦੀ ਗੱਲ ਤਾਂ ਫ਼ਿਰ ਵੀ ਵੱਖਰੀ ਹੈ ਪਰ ਜਦੋਂ ਅਨੇਕਾਂ ਕਰਵਾਚੌਥ ਦਾ ਵਰਤ ਰਖਣ ਵਾਲੀਆਂ ਤੇ ਰਖ ਰਹੀਆਂ ਪਤਨੀਆਂ ਦੇ ਪਤੀ ਦੇਵ ਉਨ੍ਹਾਂ ਦੇ ਜੀਉਂਦਿਆਂ ਹੀ ਕਾਲ ਵੱਸ ਹੋ ਜਾਂਦੇ ਹਨ ਤਾਂ ਕਿਉਂ? ਜੇ ਕਰ ਚੰਦ੍ਰਮਾਂ ਸਚਮੁਚ ਹੀ ਦੇਵਤਾ ਹੈ ਤਾਂ ਘਟੋ ਘਟ ਉਸ ਨੂੰ ਆਪਣੇ ਸ਼੍ਰਧਾਲੂਆਂ ਤੇ ਭਗਤਾਂ ਦੀ ਪਹਿਚਾਣ ਤਾਂ ਹੋਣੀ ਹੀ ਚਾਹੀਦੀ ਹੈ। ਅਜਿਹੀਆਂ ਸੁਹਾਗਨਾਂ ਦੇ ਪਤੀ, ਉਨ੍ਹਾਂ ਦੇ ਜੀਉਂਦੇ ਜੀਅ ਤਾਂ ਕਾਲਵੱਸ ਨਹੀਂ ਹੋਣੇ ਚਾਹੀਦੇ। ਖ਼ੂਬੀ ਇਹ ਕਿ ਇਸ ਤਰ੍ਹਾਂ ਜਦੋਂ ਉਨ੍ਹਾਂ ਦੇ ਪਤੀ ਕਾਲਵੱਸ ਹੋ ਜਾਂਦੇ ਹਨ ਤਾਂ ਮਜਬੂਰਨ ਉਹ ਕਰਵਾਚੌਥ ਦਾ ਵਰਤ ਰਕਣਾ ਵੀ ਬੰਦ ਕਰ ਦਿੰਦੀਆਂ ਹਨ। ਦਰਅਸਲ ਇਹ ਵੀ ਗੁਰਬਾਣੀ ਗਿਆਨ ਤੋਂ ਹੀ ਸਮਝ ਆਵੇਗੀ ਕਿ ਸਚਾਈ ਕੀ ਹੈ?

ਇਹ ਤਾਂ ਪ੍ਰਭੂ ਵੱਲੋਂ ਹਰੇਕ ਕੋਲ ਆਪਣੇ ਆਪਣੇ ਸੁਆਸਾਂ ਦੀ ਪੂੰਜੀ ਹੈ ਜਿਸ ਵਿੱਚੌਂ ਵੀ ਵਧਾ ਘਾਟਾ ਨਹੀਂ ਹੋ ਸਕਦਾ ਅਤੇ ਇਥੇ ਤਾਂ “ਮੁਹਤੁ ਨ ਚਸਾ ਵਿਲੰਮੁ, ਭਰੀਐ ਪਾਈਐ” (ਪੰ: ੧੪੭) ਭਾਵ ਜਿਸ ਸਮੇਂ ਕਿਸੇ ਦਾ ਸਮਾਂ ਪੁਗ ਜਾਂਦਾ ਹੈ ਤਾਂ ਉਸ ਸਰੀਰ ਦੇ ਬਿਨਸਨ `ਚ ਪਲ ਭਰ ਦਾ ਵਾਧੂ ਸਮਾਂ ਵੀ ਨਹੀਂ ਲਗਦਾ। ਫ਼ਿਰ ਚਾਹੇ ਵਰਤ ਰਖੋ ਜਾਂ ਕੁੱਝ ਵੀ ਕਰੋ। ਦਰਅਸਲ ਸਚਾਈ ਇਹੀ ਹੈ ਕਿ “ਦੇਵੀ ਦੇਵਾ ਪੂਜਹਿ ਡੋਲਹਿ, ਪਾਰਬ੍ਰਹਮ ਨਹੀ ਜਾਨਾ॥ ਕਹਤ ਕਬੀਰ ਅਕੁਲੁ ਨਹੀ ਚੇਤਿਆ, ਬਿਖਿਆ ਸਿਉ ਲਪਟਾਨਾ” (ਪੰ: ੩੩੨) ਅਨੁਸਾਰ ਇਨ੍ਹਾਂ ਹੀ ਅੰਧ ਵਿਸ਼ਵਾਸਾਂ ਦਾ ਸਿੱਟਾ ਸੀ ਕਿ ਮਨੁੱਖ ਤੇਤੀ ਕਰੋੜ ਦੇਵੀ-ਦੇਵਤਿਆਂ ਤੇ ਅਨੇਕਾਂ ਭਗਵਾਨਾਂ ਤੋਂ ਵੀ ਟੱਪ ਕੇ ਪਸ਼ੂਆਂ, ਪੰਛੀਆਂ, ਜਾਨਵਰਾਂ, ਮੜ੍ਹੀਆਂ-ਕਬਰਾਂ, ਨਦੀਆਂ, ਪੱਥਰਾਂ, ਮੰਜੀਆਂ-ਪੀੜਿਆਂ, ਚੋਲਿਆਂ ਤੇ ਪਤਾ ਨਹੀਂ ਕਿਸ ਕਿਸ ਨਿਗੁਣੀ ਚੀਜ਼ ਤੱਕ ਦਾ ਵੀ ਪੁਜਾਰੀ ਹੋ ਕੇ ਰਹਿ ਗਿਆ। ਜੇਕਰ ਮਨੁੱਖ ਨੂੰ ਸਚਮੁਚ “ਪੂਰਿ ਰਹਿਆ ਸ੍ਰਬ ਠਾਇ, ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ, ਦੂਜਾ ਨਾਹਿ ਕੋਇ” (ਪੰ: ੩੯੮) ਵਾਲੀ ਸਮਝ ਆਈ ਹੁੰਦੀ ਤਾਂ ਮਨੁੱਖ ਇਸ ਤਰ੍ਹਾਂ ਕਦੇ ਨਾ ਭਟਕਦਾ। ਉਪ੍ਰੰਤ ਇਸ ਤਰ੍ਹਾਂ ਬਿਖਿਆ ਸਿਉ ਲਪਟਾਨਾ” (ਪੰ: ੩੩੨) ਭਾਵ ਕੁਰਾਹੇ ਪੈਂਦਾ ਹੀ ਕਿਉਂ?

ਦੇਵੀ ਦੇਵਤਿਆ ਸਬੰਧੀ ਗੁਰਬਾਣੀ ਦਾ ਸਪਸ਼ਟ ਫੈਸਲਾ ਹੈ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯) ਭਾਵ ਸਾਰੇ ਦੇਵੀਆਂ ਦੇਵਤੇ ਕੇਵਲ ਕਲਪਨਾ ਮਾਤ੍ਰ ਹਨ ਤੇ ਮਨੁੱਖ ਨੇ ਆਪਣੀਆਂ ਲੋੜਾਂ ਨੂੰ ਮੁੱਖ ਰੱਖ ਕੇ, ਇਨ੍ਹਾਂ ਨੂੰ ਕਲਪਿਆ ਹੈ। ਸਿਮ੍ਰਿਤੀਆਂ-ਸ਼ਾਸਤ੍ਰ ਆਦਿ ਰਚਨਾਵਾਂ ਹੀ ਇਨ੍ਹਾਂ ਦੀਆਂ ਜਨਮਦਾਤਾ ਹਨ। ਇਸੇ ਤਰ੍ਹਾਂ ਗੁਰਬਾਣੀ `ਚ ਕਬੀਰ ਸਾਹਿਬ ਫ਼ੁਰਮਾਉਂਦੇ ਹਨ “ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ” (ਪੰ: ੧੧੬੩) ਅਰਥ ਹਨ ਕਿ ਮੈਨੂੰ ਤਾਂ ਕੇਵਲ ਦਿਕੋ ਅਕਾਲਪੁਰਖ ਦੀ ਸਿਫ਼ਤ ਸਲਾਹ ਦੀ ਹੀ ਲੋੜ ਹੈ ਅਤੇ ਮੇਰਾ ਹੋਰ ਕਿਸੇ ਪ੍ਰਕਾਰ ਦੇ ਦੇਵੀ-ਦੇਵਤਿਆਂ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ।

ਪੰਜਵੇਂ ਪਾਤਸ਼ਾਹ ਸਮੇਂ ਸੀਤਲਾ (ਚੇਚਕ) - ਸੰਨ 1597 ਸੀ ਜਦੋਂ ਲਾਹੌਰ `ਚ ਭਿਅੰਕਰ ਕਾਲ ਪਿਆ ਤੇ ਉਸ ਤੋਂ ਬਾਅਦ ਉਥੇ ਚੇਚਕ ਵੀ ਫੁੱਟ ਪਈ। ਉਸ ਸਮੇਂ ਅਕਬਰ ਦਾ ਰਾਜ ਸੀ। ਹਾਲਾਤ ਇਤਨੇ ਭਿਅੰਕਰ ਸਨ ਕਿ ਵੱਕਤ ਦੀ ਹਕੂਮਤ ਵੀ ਇਸ ਤੋਂ ਘਬਰਾ ਗਈ। ਗਲੀਆਂ ਬਜ਼ਾਰ ਲਾਸ਼ਾਂ ਦਾ ਢੇਰ ਬਣਦੇ ਗਏ। ਅਜਿਹੇ ਭਿਅੰਕਰ ਹਾਲਾਤਾਂ `ਚ ਗੁਰੂ ਅਰਜਨ ਪਾਤਸ਼ਾਹ, ਆਪਣੇ ਲਗਭਗ ਦੋ ਸਾਲ ਦੇ ਇਕਲੋਤੇ ਸੁਪੁਤ੍ਰ (ਗੁਰੂ) ਹਰਿਗੋਬਿੰਦ ਜੀ ਨੂੰ ਨਾਲ ਲੈ ਕੇ ਸੰਗਤਾਂ ਸਮੇਤ ਉਚੇਚੇ ਲਾਹੋਰ ਗਏ ਅਤੇ ਉਥੇ ਲੋਕ ਸੇਵਾ `ਚ ਜੁੱਟ ਗਏ। ਖੂਬੀ ਇਹ ਕਿ ਇਨ੍ਹਾਂ ਮਰਨ ਵਾਲਿਆਂ `ਚ ਹਿੰਦੂਆਂ ਦੇ ਚਾਰੇ ਵਰਣਾ ਦੇ ਲੋਕ, ਉਪ੍ਰੰਤ ਮੁਸਲਮਾਨਾਂ ਸਮੇਤ ਹਰੇਕ ਕੌਮ, ਧਰਮ ਤੇ ਮਜ਼੍ਹਬ ਦੇ ਲੋਕ ਵੀ ਸਨ। ਜਦਕਿ ਇਧਰ ਗੁਰਦੇਵ ਨੇ ਗੁਰੂ ਕੀਆਂ ਸੰਗਤਾਂ ਦੇ ਮਨਾਂ `ਚੋਂ ਜਾਤ-ਪਾਤ, ਸੁੱਚ-ਭਿੱਟ ਤੇ ਬ੍ਰਾਹਮਣ-ਸ਼ੂਦਰ ਵਾਲੇ ਫ਼ਰਕ ਵੀ ਮੁਕਾਏ ਤੇ ਮਿਟਾਏ ਹੋਏ ਸਨ। ਇਸੇ ਕਾਰਨ ਲੋਕਾਈ ਦੀ ਇਹ ਸੇਵਾ ਵੀ ਬਿਨਾ ਵਿਤਕਰਾ ਹੋਕੀ ਨਹੀਂ ਤਾਂ ਇਹ ਸੰਭਵ ਹੀ ਨਹੀਂ ਸੀ।

ਗੁਰਦੇਵ ਚੇਚਕ ਦੇ ਇਸ ਪ੍ਰਕੋਪ ਸਮੇਂ ਲਗਾਤਾਰ ਅੱਠ ਮਹੀਨੇ ਲਾਹੌਰ `ਚ ਰਹੇ ਤੇ ਇਸ ਅਣਥੱਕ ਲੋਕ ਸੇਵਾ `ਚ ਜੁਟੇ ਰਹੇ। ਆਪ ਨੇ ਲੋਕਾਈ ਦਾ ਹੱਥੀਂ ਦਵਾ-ਦਾਰੂ, ਬਿਸਤਰੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੇਵਾ, ਖਾਣ-ਪੀਣ ਦਾ ਪ੍ਰਬੰਧ, ਲਾਸ਼ਾਂ ਦਾ ਸਸਕਾਰ ਜਾਂ ਦਫ਼ਨਾਉਣਾ ਆਦਿ ਸਭਕੁਝ ਕੀਤਾ। ਚੇਚਕ (ਸੀਤਲਾ) ਚੂੰਕਿ ਛੂਤ ਦੀ ਬਿਮਾਰੀ ਹੈ, ਬਾਲਕ ਹਰਗੋਬਿੰਦ `ਤੇ ਇਸ ਦਾ ਮਾਰੂ ਅਸਰ ਵੀ ਹੋ ਸਕਦਾ ਸੀ। ਪਰ ਮਨੁੱਖਤਾ ਦੇ ਦਰਦੀ, ਗੁਰਦੇਵ ਨੇ ਇਸ ਪਖੋਂ ਆਪਣੇ ਇਕਲੌਤੇ ਤੇ ਸਹਿਕਵੇਂ ਸਪੁਤ੍ਰ ਦੀ ਜਾਨ ਦੀ ਵੀ ਰਤਾ ਪ੍ਰਵਾਹ ਨਹੀਂ ਕੀਤੀ।

ਉਸੇ ਦਾ ਨਤੀਜਾ ਸੀ ਕਿ ਗੁਰਦੇਵ ਜਦੋਂ ਵਾਪਿਸ ਅੰਮ੍ਰਿਤਸਰ ਪੁੱਜੇ ਤਾਂ ਬਾਲ ਹਰਿਗੋਬਿੰਦ ਨੂੰ ਵੀ ਸੀਤਲਾ (ਚੇਚਕ) ਨਿਕਲ ਆਈ। ਜਹਾਲਤਾਂ `ਚ ਫਸੇ ਵਹਿਮੀ ਲੋਕਾਂ ਨੇ ਗੁਰਦੇਵ ਨੂੰ ‘ਸੀਤਲਾ ਮਾਤਾ’ ਦੀ ਪੂਜਾ ਲਈ ਸਲਾਹਵਾਂ ਦਿੱਤੀਆਂ। ਭਾਵੇਂ ਕਿ ਉਨ੍ਹਾਂ ਦੀਆਂ ਇਹ ਸਲਾਹਵਾਂ, ਉਨ੍ਹਾਂ ਦੇ ਮਨਾਂ `ਚ ਗੁਰੂ ਪ੍ਰਵਾਰ ਨਾਲ ਹਮਦਰਦੀ ਵੱਜੋਂ ਸਨ ਫ਼ਿਰ ਵੀ ਹੈਣ ਤਾਂ ਅਗਿਆਨਤਾ ਵੱਸ ਹੀ ਸਨ। ਇਸ `ਤੇ ਪਾਤਸ਼ਾਹ ਨੇ ਉਨ੍ਹਾਂ ਨੂੰ ਸਮਝਾਇਆ ਕਿ ਸੀਤਲਾ ਜਾਂ ਚੇਚਕ ਕੋਈ ਮਾਤਾ ਜਾਂ ਦੇਵੀ ਨਹੀਂ ਬਲਕਿ ਮੌਸਮੀ ਬਿਮਾਰੀ ਹੈ, ਇਸ ਦੇ ਇਲਾਜ ਦੀ ਲੋੜ ਹੈ। ਇਸ ਸਬੰਧ `ਚ ਪਾਤਸਾਹ ਨੇ ਗੁਰਬਾਣੀ `ਚ, ਕੁੱਝ ਸ਼ਬਦਾਂ ਦਾ ਉਚਾਰਣ ਵੀ ਕੀਤਾ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਦਰਜ ਹਨ।

“ਭੈ ਵਿਚਿ ਪਵਣੁ ਵਹੈ ਸਦਵਾਉ” -ਬਾਣੀ “ਆਸਾ ਕੀ ਵਾਰ” ਰਾਹੀਂ ਪਾਤਸ਼ਾਹ ਸਾਨੂੰ ਰੋਜ਼ ਚੇਤਾ ਸਾਨੂੰ ਕਰਵਾਉਂਦੇ ਹਨ “ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥ ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥ ਭੈ ਵਿਚਿ ਇੰਦੁ ਫਿਰੈ ਸਿਰ ਭਾਰਿ॥ ਭੈ ਵਿਚਿ ਰਾਜਾ ਧਰਮੁ ਦੁਆਰੁ॥ ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਅੰਤੁ …. . ਭੈ ਵਿਚਿ ਆਵਹਿ ਜਾਵਹਿ ਪੂਰ॥ ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ” (ਪੰ: ੪੬੪) ਭਾਵ “ਐ ਮਨੁੱਖ! ਸੂਰਜ, ਚੰਦ, ਹਵਾ, ਪਾਣੀ, ਅਗਨੀ, ਅਨੇਕਾਂ ਨਦੀਆਂ ਤੇ ਦਰਿਆਂ ਆਦਿ ਜਿਨ੍ਹਾਂ ਨੁੰ ਤੂੰ ਦੇਵੀਆਂ ਦੇਵਤੇ, ਭਗਵਾਨ ਤੇ ਪੂਜਨ ਜੋਗ ਮੰਨ ਕੇ ਤੂੰ ਉਨ੍ਹਾਂ ਦੀ ਪੂਜਾ ਕਰ ਰਿਹਾ ਹੈਂ। ਇਹ ਸਾਰੇ ਕਰਤੇ ਦੇ ਹੁਕਮ ਦੀ ਹੀ ਖੇਡ ਅਤੇ ਕਿਰਤਮ ਭਾਵ ਕਰਤਾਰ ਦੇ ਹੀ ਬਣਾਏ ਹੋਏ ਹਨ। ਇਨ੍ਹਾਂ ਸਾਰਿਆਂ ਦਾ ਕਰਤਾ ਕੇਵਲ ਇਕੋ-ਇੱਕ ਅਕਾਲਪੁਰਖੁ ਹੀ ਹੈ। ਇਸ ਲਈ ਤੂੰ ਇਨ੍ਹਾਂ ਦਾ ਪੁਜਾਰੀ ਨਹੀਂ ਬਨਣਾ ਬਲਕਿ ਤੂੰ ਕੇਵਲ ਉਸ ਅਕਾਲਪੁਰਖ ਨਾਲ ਹੀ ਜੁੜਣਾ ਹੈ ਜਿਸ ਨੇ ਇਨ੍ਹਾਂ ਨੂੰ ਤੇ ਤੈਨੂੰ ਵੀ ਘੜਿਆ ਤੇ ਬਨਾਇਆ ਹੈ।

ਇਸ ਵਿਸ਼ੇ `ਤੇ ਗੁਰਬਾਣੀ ਅਜਿਹੇ ਅਨੇਕਾਂ ਪ੍ਰਮਾਣਾਂ ਨਾਲ ਭਰਪੂਰ ਹੈ ਜੋ ਸਾਬਤ ਕਰਦੇ ਹਨ ਕਿ ਨਾ ਹੀ ਤਾਂ ਇਨ੍ਹਾਂ ਦੇਵੀ ਦੇਵਤਿਆਂ ਦਾ ਕੋਈ ਵਜੂਦ ਹੈ ਤੇ ਨਾ ਹੀ ਗੁਰੂ ਕੇ ਸਿੱਖ ਨੇ ਇਨ੍ਹਾਂ ਦੀ ਅਰਚਾ ਪੂਜਾ ਹੀ ਕਰਣੀ ਹੈ। ਇਸੇ ਤਰ੍ਹਾਂ ਬਾਣੀ ਜਪੁ ਦੀ ਪੰਜਵੀ ਪਉੜੀ `ਚ ਗੁਰਦੇਵ ਰੋਜ਼ ਫ਼ੁਰਮਾਉਂਦੇ ਹਨ “ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ॥ ਨਾਨਕ ਗਾਵੀਐ ਗੁਣੀ ਨਿਧਾਨੁ॥ ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥ ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ” ਜਿਸ ਦੇ ਅਰਥ ਹਨ ਕਿ ਕਰਤਾ ਨਾ ਹੀ ਤਾਂ ਮਾਤਾ ਦੇ ਗਰਭ `ਚ ਆਉਂਦਾ ਹੈ ਤੇ ਨਾ ਹੀ ਸ਼ਿਵਾਲਿਆਂ-ਮੰਦਿਰਾਂ ਆਦਿ `ਚ ਮੂਰਤੀਆਂ ਦੇ ਬਣਾ ਕੇ ਉਸ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਪ੍ਰਭੂ ਮਾਇਆ ਤੋਂ ਨਿਰਲੇਪ ਤੇ ਆਪਣੇ ਆਪ ਤੋਂ ਹੈ, ਪ੍ਰਭੂ ਅਜੂਨੀ ਵੀ ਹੈ ਤੇ ਸੈਭੰ ਵੀ। ਇਸ ਲਈ ਮਨੁੱਖਾ ਜੂਨ ਪ੍ਰਾਪਤ ਹੋਣ ਤੋਂ ਬਾਅਦ ਮਨੁੱਖ ਨੇ ਕੇਵਲ ਇਕੋ ਇੱਕ ਕਰਤੇ ਦੀ ਸਿਫ਼ਤ ਸਲਾਹ ਹੀ ਸੁਨਣੀ ਹੈ ਤੇ ਕਰਣੀ ਵੀ ਹੈ ਉਹ ਕਰਤਾ ਦਾ ਸਾਰੀ ਰਚਨਾ ਦਾ ਕਰਣਹਾਰ ਹੈ।

ਇਹੀ ਇੱਕ ਢੰਗ ਹੈ ਜਿਸ ਤੋਂ ਕਿ ਮਨੁੱਖ ਦੇ ਜੀਵਨ ਅੰਦਰ ਕਿਸੇ ਪ੍ਰਕਾਰ ਦਾ ਵੀ ਉਖਾੜ ਨਹੀਂ ਰਹਿੰਦਾ। ਮਨੁੱਖ ਜੀਵਨ ਭਰ ਮਾਨਸਿਕ ਅਨੰਦ, ਸ਼ਾਂਤੀ ਤੇ ਟਿਕਾਅ ਨੂੰ ਹਾਸਲ ਹੁੰਦਾ ਹੈ। ਇਸ ਤਰ੍ਹਾਂ ਜਿਹੜੇ ਉਸ ਇਕੋ ਇੱਕ ਪ੍ਰਭੂ ਦੇ ਲੜ ਲਗਦੇ ਹਨ ਉਹ ਲੋਕ ਇਸ ਲੋਕ ਭਾਵ ਇਸ ਜੀਵਨ `ਚ ਵੀ ਸਰਬ ਉੱਤਮ ਆਤਮਕ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ ਤੇ ਪ੍ਰਲੋਕ `ਚ ਪ੍ਰਭੂ ਦੇ ਦਰ `ਤੇ ਪ੍ਰਵਾਣ ਹੋ ਜਾਂਦੇ ਹਨ। ਇਸ ਤਰ੍ਹਾਂ ਜੀਉਂਦੇ ਜੀਅ ਵੀ ਪ੍ਰਭੂ `ਚ ਅਭੇਦ ਹੋ ਕੇ ਜੀਵਨ ਬਤੀਤ ਕਰਦੇ ਹਨ ਤੇ ਸਰੀਰਕ ਮੌਤ ਬਾਅਦ ਵੀ “ਨਾਨਕ ਤਤੁ ਤਤ ਸਿਉ ਮਿਲਿਆ, ਪੁਨਰਪਿ ਜਨਮਿ ਨ ਆਹੀ” (ਪੰ: ੧੬੨) ਭਾਵ ਪ੍ਰਭੂ `ਚ ਹੀ ਸਮਾ ਜਾਂਦੇ ਹਨ ਤੇ ਮੁੜ ਜਨਮਾਂ ਦੇ ਗੇੜ `ਚ ਨਹੀਂ ਆਉਂਦੇ।

ਇਸ ਲਈ ਗੁਰਬਾਣੀ ਅਨੁਸਾਰ ਗੁਰੂ ਦੇ ਸਿੱਖ ਲਈ ਜ਼ਰੂਰੀ ਹੈ ਕਿ ਉਸ ਨੇ ਕੇਵਲ ਤੇ ਕੇਵਲ ਗੁਰਬਾਣੀ-ਗੁਰੂ ਦੀ ਆਗਿਆ-ਸਿਖਿਆ `ਚ ਹੀ ਜੀਵਨ ਨੂੰ ਬਤੀਤ ਕਰਨਾ ਹੈ। ਇਹੀ ਹੈ ਉਸ ਲਈ “ਗੁਰਮੁਖਿ ਨਾਦੰ, ਗੁਰਮੁਖਿ ਵੇਦੰ, ਗੁਰਮੁਖਿ ਰਹਿਆ ਸਮਾਈ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ” ਭਾਵ ਇਹੀ ਹੈ ਉਸ ਲਈ ਯੋਗ ਮੱਤ ਅਨੁਸਾਰ ਪ੍ਰਚਲਤ ਅਨਹਤ ਨਾਦ, ਇਹੀ ਹੈ ਉਸ ਲਈ ਵੇਦਾਂ ਦਾ ਗਿਆਨ। ਇਹੀ ਹੈ ਉਸ ਲਈ ਬ੍ਰਹਮਾ, ਵਿਸ਼ਨੂੰ ਮਹੇਸ਼ ਆਦਿ ਦੇਵਤਿਆਂ ਦੀ ਪੂਜਾ ਤੇ ਇਹੀ ਹੈ ਉਸ ਲਈ ਸਮਸਤ (ਸੋਲਹ) ਦੇਵੀਆਂ ਦੀ ਹੇਤੂ ਪਾਰਬਤੀ ਦੇਵੀ ਦੀ ਪੂਜਾ ਵੀ। ਸਪਸ਼ਟ ਹੈ ਕਿ ਗੁਰੂ ਕੇ ਸਿੱਖ ਨੇ ਗੁਰੂ ਗੁਰਬਾਣੀ ਦੀ ਸਿਖਿਆ ਤੋਂ ਬਾਹਰ ਜਾ ਕੇ ਕਿਸੇ ਯੋਗ ਮੱਤ, ਵੇਦਾਂ ਜਾਂ ਦੇਵੀ-ਦੇਵਤਿਆਂ ਆਦਿ `ਤੇ ਵਿਸ਼ਵਾਸ ਨਹੀਂ ਰਖਣਾ। ਗੁਰਸਿੱਖ ਲਈ ਉਹ ਪ੍ਰਭੂ ਹੀ ਇਕੋ ਇੱਕ ਅਜਿਹੀ ਹਸਤੀ ਹੈ ਜਿਸਦਾ ਨਾ ਉਰਵਾਰ ਹੈ ਤੇ ਨਾ ਪਾਰ। ਅੰਤ ਗੁਰਦੇਵ ਅਰਦਾਸ ਰੂਪ `ਚ ਵਰਨਣ ਕਰਦੇ ਹਨ “ਗੁਰਾ ਇੱਕ ਦੇਹਿ ਬੁਝਾਈ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ” ਭਾਵ ਹੇ ਸਤਿਗੁਰੂ! ਮੇਰੇ `ਤੇ ਇਕੋ ਬਖ਼ਸ਼ਿਸ਼ ਕਰ ਤੇ ਸੋਝੀ ਬਖ਼ਸ਼ ਕਿ ਉਹ ਅਕਾਲਪੁਰਖ ਜੋ ਸਾਰੇ ਜੀਵਾਂ ਦਾ ਦਾਤਾ ਤੇ ਮੇਰੇ ਸਰੀਰ ਸਮੇਤ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਹ ਮੈਨੂੰ ਕਦੇ ਨਾ ਵੀਸਰੇ।

‘ਏਕ ਕ੍ਰਿਸਨੰ ਸਰਬ ਦੇਵਾ’ - ਬਾਣੀ ਆਸਾ ਕੀ ਵਾਰ `ਚ ਇੱਕ ਸਲੋਕ ਆਉਂਦਾ ਹੈ ਜੋ ਇਸ ਤਰ੍ਹਾਂ ਹੈ “ਏਕ ਕ੍ਰਿਸਨੰ ਸਰਬ ਦੇਵਾ, ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ, ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ” (ਪੰ: ੪੬੯) ਜਿਸ ਦੇ ਅਰਥ ਹਨ “ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਤੇ ਸਾਰੀ ਰਚਨਾ ਦਾ ਧੁਰਾ ਕੇਵਲ ਇਕੋ ਅਕਾਲਪੁਰਖੁ (ਏਕ ਕ੍ਰਿਸਨੰ) ਹੀ ਹੈ। ਜਦਕਿ ਬਾਕੀ ਸਾਰੇ ਮਨੁੱਖ ਹੀ ਦੇਵਤੇ ਹਨ। ਜੇ ਫ਼ਿਰ ਵੀ ਕੋਈ ਕਹਿੰਦਾ ਤੇ ਮੰਣਦਾ ਹੈ ਕਿ ਮਨੁੱਖ ਤੋਂ ਉੱਤੇ ਵੀ ਪ੍ਰਭੂ ਤੋਂ ਬਿਨਾ ਕੋਈ ਹੋਰ ਦੇਵੀਆਂ-ਦੇਵਤੇ ਹਨ ਤਾਂ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਮੰਨੇ ਜਾਂਦੇ ਦੇਵਤਿਆਂ ਅੰਦਰ ਵੀ ਆਤਮਾ ਤਾਂ ਉਸੇ ਪ੍ਰਮਾਤਮਾ ਦੀ ਹੀ ਹੈ, ਜਿਹੜੀ ਆਤਮਾ ਕਿ ਸਾਰੇ ਮਨੁੱਖਾਂ ਅੰਦਰ ਹੈ। ਤਾਂ ਫ਼ਿਰ ਐ ਮਨੁੱਖ! ਤੂੰ ਵਿਚਾਰ ਤਾਂ ਸਹੀ ਕਿ ਤੂੰ ਪੂਜਾ ਕਿਸ ਦੀ ਕਰ ਰਿਹਾਂ ਹੈ?

ਇਸ ਤੋਂ ਅੱਗੇ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਲੋੜ ਕੇਵਲ ਇਸ ਗੱਲ ਦੀ ਹੈ ਕਿ ਮਨੁੱਖ ਆਤਮਾ ਤੇ ਪ੍ਰਮਾਤਮਾ (ਬਾਸੁਦੇਵਸਿ੍ਯ੍ਯ) ਦੇ ਇਸ ਮੂਲ ਭੇਦ ਨੂੰ ਸਮਝੇ। ਉਪ੍ਰੰਤ ਗੁਰਦੇਵ ਫ਼ੈਸਲਾ ਦਿੰਦੇ ਹਨ ਕਿ ਮੈ ਤਾਂ ਕੇਵਲ ਉਸ ਅਕਾਲਪੁਰਖ ਦਾ ਹੀ ਦਾਸ ਹਾਂ, ਉਹ ਅਕਾਲਪੁਰਖ ਦਾ ਜਿਹੜਾ ਸਾਰਿਆਂ `ਚ ਵੱਸਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਹੈ ਤੇ ਜੋ ਹਰ ਸਮੇਂ ਪ੍ਰਕਾਸ਼ਮਾਣ ਵੀ ਹੈ।

ਇਸ ਤਰ੍ਹਾਂ ਗੁਰਦੇਵ ਇਥੇ ਉਪਦੇਸ਼ ਕਰ ਰਹੇ ਹਨ ਕਿ ਅਸਲ `ਚ ਦੇਵੀਆਂ-ਦੇਵਤੇ ਹੀ ਨਹੀਂ ਬਲਕਿ ਹਰੇਕ ਲਈ ਜ਼ਰੂਰੀ ਹੈ ਕਿ ਉਹ ਆਪਣੇ ਇਕੋ ਇੱਕ ਕਰਤੇ ਦੀ ਪਹਿਚਾਣ ਕਰੇ। ਉਸ ਅਕਾਲਪੁਰਖ ਦੀ ਪਹਿਚਾਣ ਕਰੇ ਜਿਸ ਦੀ ਆਤਮਾ ਅਥਵਾ ਨੂਰ ਕੇਵਲ ਮਨੁੱਖ `ਚ ਹੀ ਨਹੀਂ ਬਲਕਿ “ਜਲਿ ਥਲਿ ਮਹੀਅਲਿ ਪੂਰਿਆ, ਸੁਆਮੀ ਸਿਰਜਨਹਾਰੁ॥ ਅਨਿਕ ਭਾਂਤਿ ਹੋਇ ਪਸਰਿਆ, ਨਾਨਕ ਏਕੰਕਾਰੁ” (ਪੰ: ੨੯੬) ਭਾਵ ਉਹ ਅਕਾਲਪੁਰਖ ਜੋ ਸਾਰੇ ਜੀਵਾਂ ਅਤੇ ਸੰਪੂਰਣ ਰਚਨਾ `ਚ ਵਿਆਪਕ ਹੈ।

‘ਏਕ ਕ੍ਰਿਸਨੰ’ ਅਤੇ ਬਾਸੁਦੇਵਸਿ੍ਯ੍ਯ? ਦੇਖਣ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ ਮਨੁਖ ਨੂੰ ਭਿੰਨ-ਭਿੰਨ ਭਗਵਾਨਾਂ ਤੇ ਦੇਵੀ-ਦੇਵਤਿਆਂ ਦੀ ਪੂਜਾ ਅਰਚਾ `ਚ ਉਲਝਾਇਆ ਗਿਆ ਸੀ। ਸ੍ਰੀ ਕ੍ਰਿਸ਼ਨ, ਸ੍ਰੀ ਰਾਮ ਨੂੰ ਭਗਵਾਨ ਤੇ ਤੇਤੀ ਕਰੋੜ ਦੇਵਤੇ ਜਿਨ੍ਹਾਂ `ਚੋਂ ਬ੍ਰਹਮਾ, ਵਿਸ਼ਨੂੰ, ਮਹੇਸ਼, ਹਵਾ, ਪਾਣੀ, ਅਗਨੀ, ਅੰਨ ਆਦਿ ਕੁੱਝ ਮੁੱਖ ਦੇਵਤੇ ਦਸੇ ਤੇ ਕਹੇ ਜਾਂਦੇ ਹਨ। ਇਸ ਤਰ੍ਹਾਂ ਇਹ ਭਗਵਾਨਾਂ ਤੇ ਪ੍ਰਚਲਤ ਇਨ੍ਹਾਂ ਤੇਤੀ ਕਰੋੜ ਦੇਵੀ-ਦੇਵਤਿਆਂ ਵਾਲਾ ਪ੍ਰਭਾਵ ਵੀ ਮਨੁੱਖ ਦੇ ਮਨ `ਤੇ ਪ੍ਰਬਲ ਸੀ। ਜਦਕਿ ਦੇਖ ਚੁੱਕੇ ਹਾਂ ਕਿ ਗੁਰਮੱਤ ਅਜਿਹੇ ਕਿਸੇ ਵੀ ਦੇਵੀ-ਦੇਵਤੇ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ। ਇਸੇ ਤਰ੍ਹਾਂ ਗੁਰਮੱਤ ਨਾ ਹੀ ਭਾਵ ਇਕੋ ਇੱਕ ਅਕਾਲਪੁਰਖ ਤੋਂ ਇਲਾਵਾ ਕਿਸੇ ਹੋਰ ਨੂੰ ਰੱਬ ਜਾਂ ਭਗਵਾਨ ਹੀ ਮੰਣਦੀ ਹੈ। ਸਚਾਈ ਪ੍ਰਗਟ ਕਰਣ ਲਈ ਗੁਰਦੇਵ ਨੇ ਸਬੰਧਤ ਗੁਰਬਾਣੀ ਫ਼ੁਰਮਾਨ `ਚ ਬਹੁਤ ਸੁਆਦਲਾ, ਅਲੌਕਿਕ ਤੇ ਦਲੀਲ ਭਰਪੂਰ ਢੰਗ ਵਰਤਿਆ ਹੈ। ਇਥੇ ਗੁਰਦੇਵ ਨੇ ਮਿਥਿਹਾਸਕ ‘ਕ੍ਰਿਸ਼ਨ’ ਤੇ ਉਨ੍ਹਾਂ ਦੇ ਪਿਤਾ ‘ਵਾਸੁਦੇਵ’ ਦੇ ਨਾਂ ਤਾਂ ਵਰਤੇ ਹਨ ਪਰ ਬਿਲਕੁਲ ਨਿਵੇਕਲੇ ਤੇ ਬਦਲਵੇਂ ਅਰਥਾਂ `ਚ। ਇਥੇ ਕ੍ਰਿਸ਼ਨ ਨਹੀਂ ਬਲਕਿ ‘ਏਕ ਕ੍ਰਿਸਨੰ’ ਦੇ ਅਰਥ ਹਨ, ਕੇਵਲ ਇਕੋ-ਇੱਕ ਪ੍ਰਮਾਤਮਾ ਜੋ ਸਾਰੀ ਰਚਨਾ ਦਾ ਧੁਰਾ ਹੈ। ਇਸੇ ਤਰ੍ਹਾਂ ਬਾਸੁਦੇਵਸਿ੍ਯ੍ਯ ਦੇ ਅਰਥ ਵੀ ਜਸੋਦਾ ਪੁਤ੍ਰ ਕ੍ਰਿਸ਼ਨ ਦਾ ਪਿਤਾ ਜਾਂ ਕ੍ਰਿਸ਼ਨ ਨਹੀਂ ਬਲਕਿ ਸਾਰੀ ਰਚਨਾ ਦਾ ਪਾਲਣਹਾਰ ਅਕਾਲਪੁਰਖ।

ਇਸ ਤਰ੍ਹਾਂ ਗੁਰਦੇਵ ਨੇ ਮਨੁੱਖ ਨੂੰ ਸੁਚੇਤ ਕੀਤਾ ਤੇ ਫ਼ੁਰਮਾਇਆ ਹੈ ਕਿ ਐ ਮਨੁਖ! ਸੰਸਾਰ ਦੇ ਰਚਨਹਾਰੇ ਜਾਂ ਭਗਵਾਨ ਅਨੇਕਾਂ ਨਹੀਂ ਹਨ। ਸਾਰੀਆਂ ਤਾਕਤਾਂ ਤੇ ਸਾਰੀ ਰਚਨਾ ਦਾ ਧੁਰਾ ਇਕੋ-ਇੱਕ ਪ੍ਰਮਾਤਮਾ ਹੀ ਹੈ। ਇਸੇ ਤਰ੍ਹਾਂ ਜੋ ਤੂੰ ਅਨੇਕਾਂ ਦੇਵੀ-ਦੇਵਤਿਆਂ ਦੀ ਪੂਜਾ `ਚ ਉਲਝਿਆਂ ਪਿਆ ਹੈਂ, ਸੱਚੀ ਗੱਲ ਇਹ ਹੈ ਕਿ ਉਨ੍ਹਾਂ ਦੀ ਆਪਣੀ ਹੋਂਦ ਹੈ ਹੀ ਨਹੀਂ। ਮੂਲ ਰੂਪ `ਚ ਸਾਰੇ ਮਨੁੱਖ ਹੀ ਦੇਵਤੇ ਹਨ ਕਿਉਂਕਿ ਸਾਰਿਆਂ ਅੰਦਰ ਉਸ ਕਰਤੇ ਦਾ ਹੀ ਨੂਰ ਹੈ। ਕਿਉਂਕਿ ਅਜਿਹੇ ਵਿਸ਼ਵਾਸ ਤੈਨੂੰ ਲੰਮੇ ਸਮੇਂ ਤੋਂ ਦਿੱਤੇ ਜਾ ਰਿਹੇ ਹਨ। ਇਸ ਲਈ ਜੇਕਰ ਫਿਰ ਵੀ ਤੈਨੂੰ ਯਕੀਣ ਨਹੀਂ ਆਉਂਦਾ, ਤਾਂ ਵੀ ਤੂੰ ਵਿਚਾਰ ਕਿ ਜਿਹੜੀ ਆਤਮਾ ਤੇ ਪ੍ਰਭੂ ਦਾ ਅੰਸ਼ ਅਥਵਾ ਨੂਰ ਤੇਰੇ ਅੰਦਰ ਹੈ। ਪ੍ਰਭੂ ਦਾ ਉਹ ਨੂਰ ਜਿਸ ਤੋਂ ਤੇਰਾ ਜੀਵਨ ਚੱਲ ਰਿਹਾ ਹੈ, ਦਰਅਸਲ ਉਹੀ ਆਤਮਾ ਤੇਰੇ ਰਾਹੀਂ ਉਨ੍ਹਾਂ ਸਥਾਪਤ ਕੀਤੇ ਤੇ ਮੰਨੇ ਜਾਂਦੇ ਉਨ੍ਹਾਂ ਦੇਵੀ-ਦੇਵਤਿਆਂ ਤੇ ਭਗਵਾਨਾਂ `ਚ ਵੀ ਹੈ।

ਤਾਂ ਤੇ ਤੂੰ ਦੱਸ! ਕਿ ਇਸ ਤਰ੍ਹਾਂ ਅਗਿਆਨਤਾ ਵੱਸ ਤੂੰ ਪੂਜਾ ਕਿਸ ਦੀ ਕਰ ਰਿਹਾ ਹੈਂ? ਆਪਣੀ ਖ਼ੁਦ ਦੀ ਜਾਂ ਕਰਤਾਰ ਦੀ? ਇਸ ਲਈ ਤੈਨੂੰ ਆਤਮਾ ਤੇ ਪ੍ਰਮਾਤਮਾ ਦੇ ਇਸ ਅਸਲ ਭੇਦ ਨੂੰ ਸਮਝਣ ਦੀ ਲੋੜ ਹੈ। ਪ੍ਰਭੂ ਇਕੋ ਹੈ ਤੇ ਬੇਅੰਤ ਹੈ; ਸਾਰਿਆਂ ਅੰਦਰ ਉਸੇ ਦਾ ਹੀ ਨੂਰ ਹੈ।

“ਜੁਗਹ ਜੁਗਹ ਕੇ ਰਾਜੇ ਕੀਏ” -ਇਸ ਤਰ੍ਹਾਂ ਗੁਰਦੇਵ ਫ਼ੁਰਮਾਅ ਰਹੇ ਹਨ ਕਿ ਮਨੁੱਖ ਨੂੰ ਕਿਸੇ ਦੇਵੀ-ਦੇਵਤਾ ਵਾਦ ਜਾਂ ਭਗਵਾਨ ਵਾਦ ਅਥਵਾ ਵਿਸ਼ਨੂ ਮਹੇਸ਼ ਆਦਿ ਜਾਂ ਰਾਮ, ਕ੍ਰਿਸ਼ਨ ਆਦਿ ਦੀ ਪੂਜਾ-ਅਰਚਾ `ਚ ਪੈਣ ਦੀ ਲੋੜ ਨਹੀਂ। ਗੁਰਦੇਵ ਦਾ ਫ਼ੁਰਮਾਨ ਹੈ “ਚਾਰੇ ਵੇਦ ਬ੍ਰਹਮੇ ਕਉ ਦੀਏ, ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ, ਨਰਕਿ ਸੁਰਗਿ ਅਵਤਾਰੀ॥ ੬ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ॥ ੭ ॥ ਤੂੰ ਸਚਾ, ਤੇਰਾ ਕੀਆ ਸਭੁ ਸਾਚਾ, ਦੇਹਿ ਤ ਸਾਚੁ ਵਖਾਣੀ॥ ਜਾ ਕਉ ਸਚੁ ਬੁਝਾਵਹਿ ਅਪਣਾ, ਸਹਜੇ ਨਾਮਿ ਸਮਾਣੀ” (ਪੰ: ੪੨੩)

ਇਸੇ ਤਰ੍ਹਾਂ ਇਸ ਬਾਰੇ ਇੱਕ ਹੋਰ ਗੁਰਬਾਣੀ ਫ਼ੁਰਮਾਨ “ਬੇਦ ਪੜੇ ਪੜਿ ਬ੍ਰਹਮੇ ਹਾਰੇ, ਇਕੁ ਤਿਲੁ ਨਹੀ ਕੀਮਤਿ ਪਾਈ॥ ਸਾਧਿਕ ਸਿਧ ਫਿਰਹਿ ਬਿਲਲਾਤੇ, ਤੇ ਭੀ ਮੋਹੇ ਮਾਈ॥ ੨ ॥ ਦਸ ਅਉਤਾਰ ਰਾਜੇ ਹੋਇ ਵਰਤੇ, ਮਹਾਦੇਵ ਅਉਧੂਤਾ॥ ਤਿਨੑ ਭੀ ਅੰਤੁ ਨ ਪਾਇਓ ਤੇਰਾ, ਲਾਇ ਥਕੇ ਬਿਭੂਤਾ” (ਪੰ: ੭੪੭) ਇਸ ਲਈ ਹੇ ਅਕਾਲਪੁਰਖ! ਕੇਵਲ ਤੇ ਕੇਵਲ ਤੂੰ ਹੀ ਇਕੋ-ਇੱਕ ਅਜਿਹੀ ਹਸਤੀ ਹੈਂ ਜਿਸ ਬਾਰੇ ਕਿਹਾ ਜਾ ਸਕਦਾ ਹੈ ਕਿ “ਤੂੰ ਸਚਾ, ਤੇਰਾ ਕੀਆ ਸਭੁ ਸਾਚਾ” (ਪੰ: ੪੨੩) ਤੂੰ ਸਦਾ ਥਿਰ ਰਹਿਣ ਵਾਲਾ ਹੈਂ। ਇਤਨਾ ਹੀ ਨਹੀਂ ਇਹ ਵੀ ਸੱਚ ਹੈ ਕਿ ਕੇਵਲ ਤੂੰ ਹੀ ਇੱਕ ਅਜਿਹੀ ਹਸਤੀ ਹੈ ਜਿਸਦੇ ਕੀਤੇ `ਚ ਉੱਕਾ ਖੋਟ ਨਹੀਂ ਹੁੰਦੀ।

ਇਸ ਤੋਂ ਅੱਗੇ ਗੁਰਦੇਵ ਇਸ ਇਲਾਹੀ ਸੱਚ ਨੂੰ ਇਥੋਂ ਤੱਕ ਸਪਸ਼ਟ ਕਰਦੇ ਹਨ ਕਿ ਬੇਸ਼ੱਕ “ਜਾ ਕਉ ਸਚੁ ਬੁਝਾਵਹਿ ਅਪਣਾ, ਸਹਜੇ ਨਾਮਿ ਸਮਾਣੀ” (ਪੰ: ੪੨੩) ਇਸ ਲਈ ਜਿਸ ਮਨੁੱਖ ਨੂੰ ਇੱਕ ਵਾਰੀ ਇਸ ਰੱਬੀ ਸੱਚ ਬਾਰੇ ਸੋਝੀ ਹੋ ਜਾਂਦੀ ਹੈ ਤਾਂ ਉਹ ਕਰਤੇ ਦਾ ਲੜ ਛੱਡ ਕੇ ਕਦੇ ਵੀ ਇਧਰ ਉਧਰ ਨਹੀਂ ਭਟਕਦਾ।

“ਆਨ ਦੇਵ ਬਦਲਾਵਨਿ ਦੈ ਹਉ” - ਇਸੇ ਤਰ੍ਹਾਂ ਰਾਗ ਗੋਂਡ `ਚ ਪੰਨਾਂ ੮੭੪ `ਤੇ ਨਾਮਦੇਵ ਜੀ ਦਾ ਇੱਕ ਸ਼ਬਦ ਹੈ ਜੋ ਇਸ ਪ੍ਰਕਾਰ ਹੈ ਭੈਰਉ ਭੂਤ ਸੀਤਲਾ ਧਾਵੈ॥ ਖਰ ਬਾਹਨੁ ਉਹੁ ਛਾਰੁ ਉਡਾਵੈ॥ ੧॥ ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ॥ ੧॥ ਰਹਾਉ॥ ਸਿਵ ਸਿਵ ਕਰਤੇ ਜੋ ਨਰੁ ਧਿਆਵੈ॥ ਬਰਦ ਚਢੇ ਡਉਰੂ ਢਮਕਾਵੈ॥ ੨॥ ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ ੩॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ੪॥ ਗੁਰਮਤਿ ਰਾਮ ਨਾਮ ਗਹੁ ਮੀਤਾ॥ ਪ੍ਰਣਵੈ ਨਾਮਾ ਇਉ ਕਹੈ ਗੀਤਾ॥ ੫॥” ਇਥੇ ਦੇਵੀ ਦੇਵਤਿਆਂ ਬਾਰੇ ਭਗਤ ਜੀ ਰਹਾਉ ਦੇ ਬੰਦ `ਚ ਫ਼ੁਰਮਾਉਂਦੇ ਹਨ “ਹਉ ਤਉ ਏਕੁ ਰਮਈਆ ਲੈ ਹਉ॥ ਆਨ ਦੇਵ ਬਦਲਾਵਨਿ ਦੈ ਹਉ” ਕਿ ਐ ਪੰਡਿਤ ਜੀ! ਮੈਨੂੰ ਤਾਂ ਕੇਵਲ ਇਕੋ ਰਮਈਆ ਰਾਮ ਦੀ ਲੋੜ ਹੈ। ਉਹ ਰਾਮ ਜੋ ਸਰਿਆਂ `ਚ ਵਿਆਪਕ ਹੈ ਅਤੇ ਉਸ ਰਮਈਆ ਰਾਮ ਦੇ ਬਦਲੇ ਤੁਹਾਡੇ ਜਿੰਨੇ ਵੀ ਦੇਵੀਆਂ ਤੇ ਦੇਵਤੇ ਹਨ, ਮੈਂ ਤੁਹਾਨੂੰ ਵਾਪਿਸ ਕਰਦਾ ਹਾਂ ਭਾਵ ਮੈਨੂੰ ਉਨ੍ਹਾਂ ਦੀ ਲੋੜ ਨਹੀਂ। ਇਸ ਤਰ੍ਹਾਂ ਇਸ ਸ਼ਬਦ `ਚ ਭਗਤ ਜੀ ਨੇ ਜਿਨ੍ਹਾਂ ਦੇਵੀ-ਦੇਵਤਿਆਂ ਦੀ ਮਿਸਾਲ ਵਰਤੀ ਹੈ ਉਹ ਹਨ ਭੈਰਉ, ਸੀਤਲਾ, ਸ਼ਿਵਜੀ ਤੇ ਦੁਰਗਾ। ਇਸੇ ਤਰ੍ਹਾਂ ਗੁਰਬਾਣੀ ਦੇ ਇੱਕ ਹੋਰ ਸ਼ਬਦ `ਚ ਵੀ ਭਗਤ ਨਾਮਦੇਵ ਜੀ ਹੀ ਕਹਿੰਦੇ ਹਨ “. . … … ਰੰਗੀ ਲੇ ਜਿਹਬਾ ਹਰਿ ਕੈ ਨਾਇ॥ ਸੁਰੰਗ ਰੰਗੀਲੇ ਹਰਿ ਹਰਿ ਧਿਆਇ॥ ੧॥ ਰਹਾਉ॥” ਅਰਥ ਹਨ ਕਿ ਹੇ ਮੇਰੀ ਜੀਭਾ ਤੂੰ ਪ੍ਰਭੂ ਦੇ ਰੰਗ `ਚ ਰੰਗੀ ਰਹੁ ਤੇ ਚੇਤੇ ਰਖ ਕਿ ਪ੍ਰਭੂ ਰੰਗ ਤੋਂ ਬਿਨਾ “ਮਿਥਿਆ ਜਿਹਬਾ ਅਵਰੇਂ ਕਾਮ॥ ਨਿਰਬਾਣ ਪਦੁ ਇਕੁ ਹਰਿ ਕੋ ਨਾਮੁ॥ ੨॥ ਅਸੰਖ ਕੋਟਿ ਅਨ ਪੂਜਾ ਕਰੀ॥ ਏਕ ਨ ਪੂਜਸਿ ਨਾਮੈ ਹਰੀ॥ ੩॥ … “(ਪੰ: ੧੧੬੩)।

ਜਿਸ ਦੇ ਅਰਥ ਹਨ ਕਿ ਐ ਭਾਈ! … ਭਾਵੇਂ ਤੂੰ ਅਸੰਖਾਂ-ਕਰੋੜਾਂ ਦੇਵੀ-ਦੇਵਤਿਆਂ ਦੀ ਪੂਜਾ ਕਰ ਅਤੇ ਭਾਵੇਂ ਕਰੋੜਾਂ ਆਹਿਰਾਂ `ਚ ਲਗਾ ਰਹਿ ਪਰ ਇਸ ਨਾਲ ਤੈਨੂੰ ਜੀਵਨ ਦੀ ਸਫ਼ਲਤਾ ਪ੍ਰਾਪਤ ਨਹੀਂ ਹੋ ਸਕਦੀ। ਜੀਵਨ ਦੀ ਸਫ਼ਲਤਾ ਉਦੋਂ ਹੀ ਹੋਵੇਗੀ ਜਦੋਂ ਤੂੰ ਮਾਇਆ ਤੋਂ ਨਿਰਲੇਪ ਕਰਣ ਵਾਲੇ, ਕਰਣ ਹਾਰ ਕਰਤਾਰ ਨਾਲ ਆਪਣੇ ਜੀਵਨ ਨੂੰ ਜੋੜੇਂਗਾ ਤਾਂ; ਕਿਉਂਕਿ ਉਸ ਤੋਂ ਬਿਨਾ ਅਜਿਹਾ ਸੰਭਵ ਹੀ ਨਹੀਂ। ਇਸ ਲਈ ਜ਼ਰੂਰੀ ਹੈ ਕਿ ਤੂੰ ਆਪਣੇ ਜੀਵਨ ਨੂੰ ਪ੍ਰਭੂ ਦੇ ਰੰਗ `ਚ ਰੰਗ। ਇਸ ਤਰ੍ਹਾਂ ਇਸ ਸਬੰਧ `ਚ ਕੁੱਝ ਹੋਰ ਗੁਰਬਾਣੀ ਪ੍ਰਮਾਣ ਇਸ ਤਰ੍ਹਾਂ ਹਨ:-

“ਕੋਟਿ ਸੂਰ ਜਾ ਕੈ ਪਰਗਾਸ॥ ਕੋਟਿ ਮਹਾਦੇਵ ਅਰੁ ਕਬਿਲਾਸ॥

ਦੁਰਗਾ ਕੋਟਿ ਜਾ ਕੈ ਮਰਦਨੁ ਕਰੈ॥ ਬ੍ਰਹਮਾ ਕੋਟਿ ਬੇਦ ਉਚਰੈ॥ ੧ 

ਜਉ ਜਾਚਉ ਤਉ ਕੇਵਲ ਰਾਮ॥ ਆਨ ਦੇਵ ਸਿਉ ਨਾਹੀ ਕਾਮ॥ ੧ ॥ ਰਹਾਉ॥

ਕੋਟਿ ਚੰਦ੍ਰਮੇ ਕਰਹਿ ਚਰਾਕ॥ ਸੁਰ ਤੇਤੀਸਉ ਜੇਵਹਿ ਪਾਕ॥

ਨਵ ਗ੍ਰਹ ਕੋਟਿ ਠਾਢੇ ਦਰਬਾਰ॥ ਧਰਮ ਕੋਟਿ ਜਾ ਕੈ ਪ੍ਰਤਿਹਾਰ….” (ਪੰ: ੧੧੬੩)

“ਭਰਮੇ ਸੁਰਿ ਨਰ ਦੇਵੀ ਦੇਵਾ॥ ਭਰਮੇ ਸਿਧ ਸਾਧਿਕ ਬ੍ਰਹਮੇਵਾ” (ਪੰ: ੨੫੮)

“ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥ ੨ 

ਕਿਸਨੁ ਸਦਾ ਅਵਤਾਰੀ ਰੂਧਾ ਕਿਤੁ ਲਗਿ ਤਰੈ ਸੰਸਾਰਾ॥

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ॥” (ਪੰ: ੫੫੯)

ਇਸ ਤਰ੍ਹਾਂ ਗੁਰਬਾਣੀ `ਚੋਂ ਇਸ ਸਬੰਧ `ਚ ਅਨੇਕਾਂ ਫ਼ੁਰਮਾਨ ਪ੍ਰਗਟ ਕੀਤੇ ਜਾ ਸਕਦੇ ਹਨ। ਗੁਰਬਾਣੀ `ਚ ਤੋਂ “ਤਨੁ ਮਨੁ ਥੀਵੈ ਹਰਿਆ” ਭਾਵ ਆਦਿ ਤੋਂ ਅੰਤ ਤੱਕ ਇਹੀ ਸਪਸ਼ਟ ਕੀਤਾ ਗਿਆ ਹੈ ਕਿ ਸਿੱਖ ਨੇ ਕੇਵਲ ਤੇ ਕੇਵਲ ਇਕੋ ਇੱਕ ਸਿਰਜਣਹਾਰ ਅਕਾਲਪੁਰਖ ਨਾਲ ਜੁੜਣਾ ਹੈ। ਗੁਰੂ ਅਥਵਾ ਗੁਰਬਾਣੀ ਦੇ ਸਿੱਖ ਨੇ ਭਾਵ ਇੱਕ ਅਕਾਲਪੁਰਖ ਦਾ ਲੜ ਛੱਡ ਕੇ ਰਤੀ ਭਰ ਵੀ ਦੇਵੀਆਂ-ਦੇਵਤੇ ਪ੍ਰਚਲਤ ਭਗਵਾਨਵਾਦ ਤੇ ਹੋਰ ਕਿਸੇ ਪਾਸੇ ਨਹੀਂ ਭਟਕਣਾ। #34s79.11s11#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ.

Including this Self Learning Gurmat Lesson No 34

ਦੇਵੀਆਂ ਦੇਵਤੇ ਅਤੇ

ਸਿੱਖ ਧਰਮ?

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.