.

ਪਾਟਿਆ ਹੋਇਆ ਕਲੰਡਰ

ਬਲਰਾਜ ਜਦੋਂ ਉੱਠ ਕੇ ਤੁਰਨ ਲੱਗਾ ਤਾਂ ਗੁਰਦੇਵ ਨੇ ਪੁੱਛਿਆ, “ਭਾ ਜੀ ਤੁਸੀਂ ਚੱਲੇ ਹੋ?”
“ਹਾਂ, ਯਾਰ ਮੈਂ ਅਜੇ ਘਰ ਜਾ ਕੇ ਕੰਪਿਊਟਰ `ਤੇ ਥੋੜ੍ਹਾ ਜਿਹਾ ਕੰਮ ਕਰਨੈ ਤੇ ਤੈਨੂੰ ਪਤਾ ਈ ਐ ਕਿ ਕੰਮ `ਤੇ ਜਾਣ ਲਈ ਵੀ ਮੈਨੂੰ ਘਰੋਂ ਸੁਵਖਤੇ ਨਿੱਕਲਣਾ ਪੈਂਦੈ” ਬਲਰਾਜ ਨੇ ਕਿਹਾ।
“ਜੇ ਤਕਲੀਫ਼ ਨਾ ਹੋਵੇ ਤਾਂ ਤੁਸੀਂ ਐਹ ਭਾ ਜੀ ਹੋਰਾਂ ਨੂੰ ਰਾਹ `ਚ ਲਾਹ ਦਿਉਂਗੇ? ਬਿਲਕੁਲ ਰਾਹ ਵਿੱਚ ਈ ਆ ਏਨ੍ਹਾਂ ਦਾ ਘਰ। ਇਹ ਭਾ ਜੀ ਸਰਦਾਰ ਭਗਵੰਤ ਸਿੰਘ ਜੀ ਨੇ। ਬੜੇ ਗੁਰਮੁਖ ਨੇ। ਜਿੱਥੇ ਰਹਿੰਦੇ ਆਏ ਐ ਉੱਥੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਏਹਨੀਂ। ਹੁਣ ਕੁੱਝ ਦੇਰ ਤੋਂ ਇਹ ਏਥੇ ਮੂਵ ਹੋਏ ਐ”। ਗੁਰਦੇਵ ਨੇ ਸੰਖੇਪ ਜਾਣਕਾਰੀ ਕਰਵਾਈ।
“ਲੈ ਯਾਰ, ਇਹ ਕਿਹੜੀ ਪੁੱਛਣ ਵਾਲੀ ਗੱਲ ਐ, ਆਉ ਜੀ ਸਰਦਾਰ ਭਗਵੰਤ ਸਿੰਘ ਜੀ” ਕਹਿ ਕੇ ਬਲਰਾਜ ਨੇ ਭਗਵੰਤ ਸਿੰਘ ਨੂੰ ਚੱਲਣ ਦਾ ਇਸ਼ਾਰਾ ਕੀਤਾ।
ਰਾਹ ਵਿੱਚ ਭਗਵੰਤ ਸਿੰਘ ਆਪਣੇ ਬਾਰੇ ਤੇ ਇੱਥੇ ਮੂਵ ਹੋਣ ਬਾਰੇ ਆਪ ਹੀ ਦੱਸਦਾ ਰਿਹਾ। ਉਸਦਾ ਬਹੁਤਾ ਜ਼ੋਰ ਆਪਣੇ ਨਵੇਂ ਖ਼ਰੀਦੇ ਹੋਏ ਘਰ ਬਾਰੇ ਸੀ ਜਿਸ ਨੂੰ ਉਹ ਵਾਰ ਵਾਰ ‘ਬਰੈਂਡ ਨੀਊ’ ਕਹਿ ਕੇ ਤੇ ਬੈੱਡਰੂਮਾਂ ਦੀ ਗਿਣਤੀ ਦੱਸ ਕੇ ਜਿਵੇਂ ਬਲਰਾਜ ਉੱਪਰ ਰੋਹਬ ਪਾ ਰਿਹਾ ਸੀ। ਬਲਰਾਜ ਨੂੰ ਬੜੀ ਕੋਫ਼ਤ ਹੋ ਰਹੀ ਸੀ ਪਰ ਸ਼੍ਰਿਸ਼ਟਾਚਾਰ ਦੇ ਨਾਤੇ ਉਹ ਹੂੰ ਹਾਂ ਕਰੀ ਜਾ ਰਿਹਾ ਸੀ।
ਮੁੱਖ ਸੜਕ ਤੋਂ ਥੋੜ੍ਹਾ ਜਿਹਾ ਹੀ ਹਟਵਾਂ ਸੀ ਇਹ ਘਰ। ਬਲਰਾਜ ਨੇ ਜਾਣ ਦੀ ਆਗਿਆ ਵਾਸਤੇ ਬਹੁਤ ਕਿਹਾ ਪਰ ਭਗਵੰਤ ਸਿੰਘ ਨੇ ਬਿਲਕੁਲ ਇਜਾਜ਼ਤ ਨਾ ਦਿੱਤੀ। ਉਹ ਸਮਝ ਗਿਆ ਕਿ ਹੁਣ ਭਗਵੰਤ ਸਿੰਘ ਘਰ ਦਿਖਾਏ ਬਿਨਾਂ ਉਸ ਨੂੰ ਨਹੀਂ ਜਾਣ ਦੇਵੇਗਾ।
ਗੱਡੀ ਪਾਰਕ ਕਰ ਕੇ ਉਹ ਅੰਦਰ ਗਏ। ਬਲਰਾਜ ਹਰੇਕ ਚੀਜ਼ ਨੂੰ ਬੜੀ ਘੋਖਵੀਂ ਨਜ਼ਰ ਨਾਲ ਦੇਖ ਰਿਹਾ ਸੀ। ਬੈਠਣ-ਕਮਰਾ ਕਾਫੀ ਖੁੱਲ੍ਹਾ ਸੀ। ਅੰਗੀਠੀ ਦੇ ਉੱਪਰ ਪਰਿਵਾਰ ਨੇ ਆਪਣੇ ਕਿਸੇ ਬਾਬੇ ਦੀ ਬਹੁਤ ਵੱਡੀ ਫੋਟੋ ਟੰਗੀ ਹੋਈ ਸੀ। ਬਲਰਾਜ ਨੇ ਅੰਦਾਜ਼ਾ ਲਾਇਆ ਕਿ ਉਸ ਫੋਟੋ ਦੇ ਫਰੇਮ ਉੱਪਰ ਜ਼ਰੂਰ ਹੀ ਸੌ ਡੇਢ ਸੌ ਪੌਂਡ ਲੱਗਿਆ ਹੋਵੇਗਾ। ਫੋਟੋ ਦੇ ਹੇਠਾਂ ਜੋਤ ਜਗਾਈ ਹੋਈ ਸੀ ਤੇ ਅਗਰਬੱਤੀ ਜਲ ਰਹੀ ਸੀ।
ਦੋ ਚਾਰ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ। ਭਗਵੰਤ ਸਿੰਘ ਬੜਾ ਬੇਚੈਨ ਜਿਹਾ ਬੈਠਾ ਸੀ। ਬਲਰਾਜ ਸਮਝ ਗਿਆ ਕਿ ਉਹ ਹੁਣ ਆਪਣਾ ਘਰ ਦਿਖਾਉਣ ਲਈ ਕਾਹਲ਼ਾ ਸੀ, ਉਹ ਬੋਲਿਆ, “ਵਾਕਿਆ ਈ ਜੀ, ਘਰ ਬਹੁਤ ਖੁੱਲ੍ਹਾ ਡੁੱਲ੍ਹਾ ਬਣਾਇਐ ਬਿਲਡਰਾਂ ਨੇ”
ਬੱਸ ਉਹਦੇ ਇੰਨਾ ਕਹਿਣ ਦੀ ਦੇਰ ਸੀ ਕਿ ਭਗਵੰਤ ਸਿੰਘ ਬੋਲ ਉੱਠਿਆ, “ਆਉ ਜੀ, ਤੁਹਾਨੂੰ ਘਰ ਦਿਖਾਵਾਂ” ਤੇ ਉਹਨੇ ਅੱਗੇ ਹੋ ਕੇ ਬਲਰਾਜ ਨੂੰ ਆਪਣੇ ਮਗਰ ਆਉਣ ਦਾ ਇਸ਼ਾਰਾ ਕੀਤਾ।
ਭਗਵੰਤ ਉਸ ਨੂੰ ਨਾਲ ਦੇ ਕਮਰੇ ਵਿੱਚ ਲੈ ਗਿਆ। ਇਹ ਵੀ ਇੱਕ ਕਿਸਮ ਦੀ ਬੈਠਕ ਹੀ ਸੀ। ਪਰ ਪਹਿਲੇ ਕਮਰੇ ਨਾਲ਼ੋਂ ਥੋੜ੍ਹਾ ਛੋਟਾ ਸੀ। ਇੱਥੇ ਵੀ ਉਸੇ ਬਾਬੇ ਦੀ ਉਤਨੀ ਹੀ ਵੱਡੀ ਫੋਟੋ ਲੱਗੀ ਹੋਈ ਸੀ ਤੇ ਉਸ ਦੇ ਹੇਠਾਂ ਵੀ ਜੋਤ ਜਗੀ ਹੋਈ ਸੀ ਤੇ ਧੂਫ਼ ਧੁਖ਼ ਰਹੀ ਸੀ।
ਬਲਰਾਜ ਨੂੰ ਡਰ ਸੀ ਕਿ ਕਿਤੇ ਭਗਵੰਤ ਉਸਨੂੰ ਘਰ ਦੇ ਬੈੱਡਰੂਮ ਦਿਖਾਉਣ ਲਈ ਨਾ ਲੈ ਤੁਰੇ।
ਸ਼ੁਕਰ ਸੀ ਕਿ ਭਗਵੰਤ ਨੇ ਬੈੱਡਰੂਮਾਂ ਦੇ ਸਾਈਜ਼ ਦੱਸ ਕੇ ਹੀ ਉਹਦਾ ਛੁਟਕਾਰਾ ਕਰ ਦਿੱਤਾ ਸੀ। ਫਿਰ ਉਹ ਉਸ ਨੂੰ ਕਿਚਨ ਵਿੱਚ ਲੈ ਗਿਆ ਤੇ ਕਿਚਨ ਬਾਰੇ ਇਉਂ ਜਾਣਕਾਰੀ ਦੇਣ ਲੱਗਾ ਜਿਵੇਂ ਉਹ ਕਿਸੇ ਕੰਪਨੀ ਦਾ ਏਜੰਟ ਹੋਵੇ ਤੇ ਬਲਰਾਜ ਨੇ ਉਸ ਪਾਸੋਂ ਕਿਚਨ ਫਿੱਟ ਕਰਵਾਉਣੀ ਹੋਵੇ।
ਕਿਚਨ ਦੇ ਨਾਲ਼ ਹੀ ਬੱਚਿਆਂ ਦੇ ਖੇਡਣ ਲਈ ਕਮਰਾ, ਯੂਟਿਲਟੀ ਰੂਮ ਤੇ ਇੱਕ ਛੋਟਾ ਜਿਹਾ ਸਟੋਰ ਰੂਮ ਸੀ। ਸਟੋਰ ਰੂਮ ਦੇ ਅੱਗੇ ਸ਼ੂ-ਰੈਕ ਵਿੱਚ ਸਾਰੇ ਪਰਿਵਾਰ ਦੀਆਂ ਜੁੱਤੀਆਂ ਟਿਕਾ ਕੇ ਰੱਖੀਆਂ ਹੋਈਆਂ ਸੀ। ਸ਼ੂ-ਰੈਕ ਤੋਂ ਥੋੜ੍ਹਾ ਜਿਹਾ ਉੱਪਰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲਾ ਇੱਕ ਪਾਟਿਆ ਹੋਇਆ ਕਲੰਡਰ ਲਟਕ ਰਿਹਾ ਸੀ।
ਗੁਰੂ ਸਾਹਿਬ ਜੀ ਦੀ ਪਾਟੀ ਹੋਈ ਤਸਵੀਰ ਤੇ ਉਹ ਵੀ ਇਹੋ ਜਿਹੀ ਜਗ੍ਹਾ ਟੰਗੀ ਹੋਈ ਦੇਖ ਕੇ ਬਲਰਾਜ ਦੇ ਅੰਦਰੋਂ ਇੱਕ ਹਉਕਾ ਨਿੱਕਲਿਆ ਤੇ ਉਹ ਜਾਣ ਲਈ ਜਲਦੀ ਜਲਦੀ ਬਾਹਰਲੇ ਦਰਵਾਜ਼ੇ ਵਲ ਨੂੰ ਵਧਿਆ।
ਭਗਵੰਤ ਸਿੰਘ ਚਾਹ-ਪਾਣੀ ਪੀ ਕੇ ਜਾਣ ਲਈ ਕਹਿ ਰਿਹਾ ਸੀ।
‘ਫੇਰ ਕਦੇ ਸਹੀ’ ਕਹਿ ਕੇ ਬਲਰਾਜ ਉੱਥੋਂ ਜਲਦੀ ਜਲਦੀ ਬਾਹਰ ਨਿੱਕਲ ਗਿਆ। ਜਾਂਦਿਆਂ ਹੋਇਆਂ ਉਹ ਇਹੀ ਸੋਚਦਾ ਜਾ ਰਿਹਾ ਸੀ ਕਿ ਭਗਵੰਤ ਸਿੰਘ ਕਿਹੜੀ ਸਿੱਖੀ ਦਾ ਪ੍ਰਚਾਰ ਕਰਦਾ ਹੈ।

ਨਿਰਮਲ ਸਿੰਘ ਕੰਧਾਲਵੀ
.