ਸਿਖ ਮੱਤ ਵਿੱਚ ਮੀਰੀ-ਪੀਰੀ ਦਾ ਸੰਕਲਪ
ਸਿਖ ਮੱਤ ਦੇ ਸੰਦਰਭ ਵਿੱਚ ‘ਮੀਰੀ-ਪੀਰੀ’ ਦੇ ਸੰਕਲਪ ਨੂੰ ਜ਼ਰਾ ਜ਼ਿਆਦਾ ਹੀ
ਉਭਾਰ ਕੇ ਦਰਸਾਉਣ ਦਾ ਰੁਝਾਨ ਪਰਚਲਤ ਹੈ। ਆਮ ਕਰਕੇ ਸਿਖ ਮੱਤ ਵਿੱਚ ਹੋਏ ਇਸ ਸੰਕਲਪ ਦੇ ਪ੍ਰਗਟਾਵੇ
ਨੂੰ ਛੇਵੇਂ ਗੁਰੂ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਉਹਨਾਂ ਵੱਲੋਂ 1606
ਈਸਵੀ ਵਿੱਚ ਅੰਮ੍ਰਿਤਸਰ ਵਿਖੇ ਗੁਰਗੱਦੀ ਗ੍ਰਹਿਣ ਕਰਨ ਦੇ ਮੌਕੇ ਉੱਤੇ ਇਕੱਠਿਆਂ ਹੀ ਦੋ ਤਲਵਾਰਾਂ
ਪਹਿਨ ਲੈਣ ਦੇ ਕਾਰਜ ਨੂੰ ਸਿਖ ਮੱਤ ਵਿੱਚ ਮੀਰੀ-ਪੀਰੀ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਕਾਰਵਾਈ ਦੇ
ਤੌਰ ਤੇ ਦਰਸਾਇਆ ਜਾਂਦਾ ਹੈ। ਅਖੌਤੀ ਅਕਾਲ-ਤਖਤ ਵਿਵਸਥਾ ਨੂੰ ਵੀ ਸਿਖ ਮੱਤ ਦੇ ‘ਮੀਰੀ-ਪੀਰੀ’ ਦੇ
ਪੱਖ ਦੇ ਪ੍ਰਗਟਾਵੇ ਦੇ ਤੌਰ ਤੇ ਪਰਚਾਰਿਆ ਜਾਂਦਾ ਹੈ। ਦੂਸਰੇ ਪਾਸੇ ਸਿਖ ਵਿਦਵਾਨ ‘ਮੀਰੀ-ਪੀਰੀ’ ਦੇ
ਸੰਕਲਪ ਦਾ ਸ੍ਰੀ ਗ੍ਰੰਥ ਜੀ ਵਿੱਚੋਂ ਵੀ ਪਰਗਟ ਹੁੰਦਾ ਹੋਣ ਦਾ ਦਾਵਾ ਕਰਦੇ ਹੋਏ ਗੁਰਬਾਣੀ ਵਿੱਚੋਂ
ਲਈਆਂ ਹੋਈਆਂ ਵੱਖ-ਵੱਖ ਟੂਕਾਂ ਦੇ ਅਧਾਰ ਤੇ ਇਸ ਸੰਕਲਪ ਦੀਆਂ ਅੱਡ-ਅੱਡ ਵਿਆਖਿਆਵਾਂ ਪੇਸ਼ ਕਰਦੇ ਹਨ।
ਪਰੰਤੂ ਵੱਖ-ਵੱਖ ਵਿਦਵਾਨਾਂ ਵੱਲੋਂ ਦਿੱਤੀਆਂ ਅਜਿਹੀਆਂ ਵਿਆਖਿਆਵਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ
ਅਤੇ ਇਹਨਾਂ ਵਿੱਚੋਂ ਕੁੱਝ ਕੁ ਜਟਿਲਤਾ ਵਿੱਚ ਉਲਝ ਕੇ ਰਹਿ ਜਾਂਦੀਆਂ ਹਨ ਜਾਂ ਵਿਸ਼ੇ ਤੋਂ ਬਹੁਤ ਦੂਰ
ਨਿਕਲ ਜਾਂਦੀਆਂ ਹਨ। ਇਸ ਸਾਰੇ ਕੁੱਝ ਰਾਹੀਂ ਇਸ ਸੰਕਲਪ ਸਬੰਧੀ ਭੰਬਲਭੂਸਾ ਹੀ ਬਣਿਆ ਹੈ ਅਤੇ ਹਾਲੇ
ਤਕ ਇਸ ਦੀ ਕੋਈ ਉੱਘੜਵੀਂ ਤਸਵੀਰ ਸਾਹਮਣੇ ਨਹੀਂ ਆ ਸਕੀ।
ਨਿਰੁਕਤੀ
‘ਮੀਰੀ’ ਅਤੇ ‘ਪੀਰੀ’ ਫਾਰਸੀ ਮੂਲ ਦੇ ਦੋ ਅਲੱਗ ਸ਼ਬਦ-ਰੂਪ ਹਨ। ਪੰਜਾਬੀ
ਬੋਲ-ਚਾਲ ਵਿੱਚ ਫਾਰਸੀ ਭਾਸ਼ਾ ਦੇ ਅਨੇਕਾਂ ਸ਼ਬਦ ਪਰਚਲਤ ਹੋ ਚੁੱਕੇ ਹੋਏ ਹਨ। ਇਸੇ ਤਰ੍ਹਾਂ ‘ਮੀਰੀ’
ਅਤੇ ‘ਪੀਰੀ’ ਵੀ ਫਾਰਸੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿੱਚ ਆਏ ਹੋਏ ਸ਼ਬਦ-ਰੂਪ ਹਨ। ‘ਮੀਰੀ’ ਸ਼ਬਦ-ਰੂਪ
ਫਾਰਸੀ ਸ਼ਬਦ-ਰੂਪ ‘ਅਮੀਰ’ (ਛੋਟਾ ਰੂਪ ‘ਮੀਰ’ ) ਤੋਂ ਬਣਿਆਂ ਹੋਇਆ ਇੱਕ ਵਿਸ਼ੇਸ਼ਣ-ਰੂਪ ਵੀ ਹੈ ਅਤੇ
ਇੱਕ ਨਾਂਵ-ਰੂਪ ਵੀ। ਫਾਰਸੀ ਸ਼ਬਦ ‘ਮੀਰ’ ਜਾਂ ‘ਅਮੀਰ’ ਦਾ ਅਰਥ ਹੈ ‘ਉੱਚ ਅਹੁਦੇਦਾਰ’ ਜਾਂ ਕਿਸੇ
ਵਿਵਸਥਾ ਦਾ ‘ਮੁੱਖੀਆ’। ‘ਮੀਰੀ’ ਨਾਂਵ-ਰੂਪ ਤੋਂ ਭਾਵ ਹੈ ਕਿਸੇ ਅਹੁਦੇ ਨਾਲ ਜੁੜੀ ਸ਼ਕਤੀ ਅਤੇ
ਸ਼ਾਨੋ-ਸ਼ੌਕਤ ਅਤੇ ‘ਮੀਰੀ’ ਵਿਸ਼ੇਸ਼ਣ-ਰੂਪ ਦਾ ਅਰਥ ਬਣਦਾ ਹੈ ‘ਵੱਡਾ’ ਜਾਂ ‘ਮੁੱਖ’ (
main)।
‘ਪੀਰੀ’ ਸ਼ਬਦ-ਰੂਪ ਫਾਰਸੀ ਸ਼ਬਦ ‘ਪੀਰ’ ਤੋਂ ਬਣਿਆ ਹੈ ਅਤੇ ਇਹ ਵੀ ਵਿਸ਼ੇਸ਼ਣ ਅਤੇ ਨਾਂਵ ਦੋਹਾਂ ਰੂਪਾਂ
ਵਿੱਚ ਵਰਤਿਆ ਜਾਂਦਾ ਹੈ। ਫਾਰਸੀ ਵਿੱਚ ‘ਪੀਰ’ ਦਾ ਅਰਥ ਉਂਜ ਤਾਂ ਵਡੇਰੀ ਉਮਰ ਦੇ ਵਿਅਕਤੀ ਤੋਂ ਹੈ
ਪਰੰਤੂ ਇਹ ਸ਼ਬਦ ਅਜਿਹੇ ਵਿਅਕਤੀ ਲਈ ਵੀ ਵਰਤਿਆਂ ਜਾਂਦਾ ਹੈ ਜੋ ‘ਉੱਚ ਅਧਿਆਤਮਕ ਬਿਰਤੀ ਵਾਲਾ’ ਹੋਵੇ
ਅਤੇ ਜਿਸ ਤੋਂ ਮਾਰਗ-ਦਰਸ਼ਨ ਪਰਾਪਤ ਕੀਤਾ ਜਾ ਸਕੇ। ਅਜਿਹੇ ਵਿਅਕਤੀ ਨੂੰ ਅਸੀਂ ਗੁਰੂ ਜਾਂ ਮੁਰਸ਼ਦ ਵੀ
ਕਹਿ ਲੈਂਦੇ ਹਾਂ। ਇਸ ਪੱਖੋਂ ‘ਪੀਰੀ’ ਨਾਂਵ-ਰੂਪ ਦਾ ਅਰਥ ਬਣਦਾ ਹੈ ‘ਉੱਚੀ ਰੂਹਾਨੀਅਤ’ ਜਾਂ
‘ਉੱਚ-ਅਧਿਆਤਮਕਤਾ’ ਅਤੇ ‘ਪੀਰੀ’ ਵਿਸ਼ੇਸ਼ਣ-ਰੂਪ ਤੋਂ ਭਾਵ ਹੈ ‘ਉੱਚ ਦਰਜੇ ਦੀ ਰੂਹਾਨੀ/ਅਧਿਅਤਮਕ
ਅਵਸ਼ਥਾ ਨਾਲ ਸਬੰਧਿਤ’। ਇੱਥੇ ਇਹ ਤੱਥ ਬੜਾ ਹੀ ਦਿਲਚਸਪ ਲਗੇਗਾ ਕਿ ਕਿਸੇ ਮੱਤ ਦੀ ਪੁਜਾਰੀ ਵਿਵਸ਼ਥਾ
ਦੀ ਦਰਜਾ-ਬੰਦੀ (hierarchy)
ਵਿੱਚ ਆਉਂਦੇ ਸਾਰੇ ਵੱਡੇ ਅਹੁਦੇ ਮੀਰੀ ਦੇ ਘੇਰੇ ਵਿੱਚ ਹੀ ਆਉਣਗੇ ਨਾਂ ਕਿ ਪੀਰੀ ਦੇ ਘੇਰੇ ਵਿੱਚ
ਕਿਉਂਕਿ ਇਹ ਸਾਰੇ ਅਹੁਦੇ ਹਾਕਿਮੀ ਸ਼ਕਤੀਆਂ ਦੇ ਲਖਾਇਕ ਹੀ ਹੁੰਦੇ ਹਨ। ਇਸ ਤਰ੍ਹਾਂ ਸਿਖ ਮੱਤ ਦੇ
ਅਖੌਤੀ ਅਕਾਲ-ਤਖਤ ਦਾ ਫਰਜ਼ੀ ਤੌਰ ਤੇ ਪੈਦਾ ਕੀਤਾ ਗਿਆ ‘ਜੱਥੇਦਾਰ’ ਦਾ ਅਹੁਦਾ ‘ਮੀਰੀ’ (ਨਕਲੀ ਤੌਰ
ਤੇ) ਦਾ ਅਹੁਦਾ ਬਣਦਾ ਹੈ ਨਾਂ ਕਿ ‘ਪੀਰੀ’ ਦਾ। (ਸਿਖ ਮੱਤ ਵਿੱਚ ਉਂਜ ਵੀ ਪੁਜਾਰੀਵਾਦ ਦੀ ਹੋਂਦ
ਮੌਜੂਦ ਨਹੀ।) ਉਧਰ ਸਿਖ ਮੱਤ ਦੇ ਸੰਦਰਭ ਵਿੱਚ ‘ਮੀਰੀ-ਪੀਰੀ’ ਸ਼ਬਦ-ਜੁੱਟ ਵਿੱਚ ਆਉਂਦੇ ਦੋਵੇਂ ਸ਼ਬਦ
ਨਾਂਵ-ਰੂਪ ਹਨ। ਇਸ ਤਰ੍ਹਾਂ ਤਾਂ ਇੱਥੇ ‘ਮੀਰੀ-ਪੀਰੀ’ ਦਾ (‘ਮੀਰੀ’ ਅਤੇ ‘ਪੀਰੀ’ ਦੇ ਉਪਰੋਕਤ
ਦਿੱਤੇ ਅਰਥਾਂ ਮੁਤਾਬਿਕ) ਅਰਥ ਬਣੇਂਗਾ ‘ਅਹੁਦੇਦਾਰੀ-ਅਧਿਆਤਮਕਤਾ’। ਸਪਸ਼ਟ ਤੌਰ ਤੇ ਇਹਨਾਂ ਅਰਥਾਂ
ਵਿੱਚ ਇਹ ਸ਼ਬਦ-ਜੁੱਟ ਕੋਈ ਤਰਕਸੰਗਤ ਭਾਸ਼ਾਈ ਸਰੰਚਨਾ ਸਾਬਤ ਨਹੀਂ ਹੁੰਦਾ। ਇਸ ਲਈ ਸਿਖ ਮੱਤ ਦੇ
ਸੰਦਰਭ ਵਿੱਚ ‘ਮੀਰੀ-ਪੀਰੀ’ ਸ਼ਬਦ-ਜੁੱਟ ਦੇ ਕਿਸੇ ਪ੍ਰਮਾਣਿਕ ਅਤੇ ਸੂਤਰ-ਰੂਪ ਵਿੱਚ ਅਰਥ-ਵਿਧਾਨ ਨੂੰ
ਪ੍ਰੀਭਾਸ਼ਤ ਕਰਨ ਦੀ ਸਖਤ ਲੋੜ ਹੈ।
ਸ਼ਬਦ-ਜੁੱਟ ‘ਮੀਰੀ-ਪੀਰੀ’ ਦੀ ਵਰਤੋਂ
ਵਿਦਵਾਨਾਂ ਵੱਲੋਂ ਆਮ ਕਰਕੇ ‘ਮੀਰੀ’ ਅਤੇ ‘ਪੀਰੀ’ ਨੂੰ ਮਨੁੱਖੀ ਹੋਂਦ ਦੇ
ਵੱਖ-ਵੱਖ ਪਹਿਲੂਆਂ ਤੇ ਲਾਗੂ ਹੁੰਦਾ ਵਿਖਾਇਆ ਜਾਂਦਾ ਹੈ ਜੋ ਆਪਸੀ ਟਾਕਰੇ ਦੀ ਸਥਿਤੀ ਵਿੱਚ ਪੇਸ਼
ਹੁੰਦੇ ਹਨ। ਇਹਨਾਂ ਪਹਿਲੂਆਂ ਵਿੱਚੋਂ ਕੁੱਝ ਕੁ ਹੇਠਾਂ ਪੇਸ਼ ਹਨ:
ਪੀਰੀ ………………………. . ਮੀਰੀ
ਅਧਿਆਤਮਕ ………………. . ਦੁਨਿਆਵੀ
ਪਰਾਭੌਤਿਕ …………………. . ਪਦਾਰਥਕ
ਗੁਰੂਤਾ ……………………… ਬਾਦਸ਼ਾਹਤ
ਉਦਾਸ ……………………… ਗ੍ਰਸਤ
ਪਰਉਪਕਾਰੀ …………………. ਯੋਧਾ
ਦੀਨ ………………………. . ਦੁਨੀ
ਪਰਾਲੌਕਿਕ …………………. . ਲੌਕਿਕ
ਨਿਰੰਜਨ ……………………. . ਅੰਜਨ
ਨਿਰਵਿਰਤੀ …………………. ਪਰਵਿਰਤੀ
ਧਰਮ ………………………. ਸੂਰਮਗਤੀ
ਸੰਗਤ ………………………. ਪੰਗਤ
ਸ਼ਾਸਤਰ ……………………. ਸ਼ਸਤਰ
ਜੋਗ ………………………… ਭੋਗ
ਦੇਗ ………………………… ਤੇਗ
ਸ਼ਾਂਤਿ ਰਸ……………………. ਬੀਰ ਰਸ
ਜੋਗ ………………………… ਜੰਗ
ਭਗਤੀ ……………………… ਸ਼ਕਤੀ
ਯੋਗ ……………………… … ਰਾਜ
ਸਿਮਰਨ ……………………. ਸੂਰਬੀਰੀ
ਫਕੀਰੀ …………………… … ਅਮੀਰੀ
ਪਲਤ ………………………. . ਹਲਤ
ਸੰਤ ………………………. . ਸਿਪਾਹੀ
ਮਸਤ ………………………. ਸ਼ਾਹਾਨਾ
ਸ਼ਾਂਤਮਈ ਸੰਦੇਸ਼ ……………. ਜ਼ੁਲਮ ਦਾ ਟਾਕਰਾ
ਕੁਰਬਾਨੀ …………. . ……… ਤਲਵਾਰ ਦੀ ਵਰਤੋਂ
ਦਰਵੇਸ਼ ……………………. . ਹਾਕਿਮ
ਨਿਮਰਤਾ ……………………. ਰੋਅਬ-ਦਾਬ
ਸਾਦਗੀ ……………………. . ਠਾਠ-ਬਾਠ
ਮਾਸੂਮੀਅਤ …………………. ਖਾੜਕੂਪੁਣਾਂ
ਧਾਰਮਿਕ ਗਤੀਵਿਧੀ …………. . ਰਾਜਸੀ ਗਤੀਵਿਧੀ
ਤਿਆਗ …………………… … ਲਾਲਸਾ
ਜਨਤਕ ਸੇਵਾ ……………… … ਅਹੁਦੇ ਦੀ ਚੇਸ਼ਟਾ
ਉਪਰੋਕਤ ਸਾਰਣੀ ਤੋਂ ਪਤਾ ਲੱਗਦਾ ਹੈ ਕਿ ‘ਮੀਰੀ-ਪੀਰੀ’ ਦੀ ਗੱਲ ਕਰਦਿਆਂ
ਮਨੁੱਖੀ ਜੀਵਨ ਦੇ ਅਨੇਕ ਪਹਿਲੂ ਆਪਸ ਵਿੱਚ ਟਕਰਾ ਦਿੱਤੇ ਜਾਂਦੇ ਹਨ। ਇਸ ਟਕਰਾਓ ਵਿੱਚੋਂ ਮਨੁੱਖੀ
ਜੀਵਨ ਦੀ ਇੱਕ ਬਹੁ-ਪਸਾਰੀ ਹੋਂਦ ਦੇ ਤੌਰ ਤੇ ਝਲਕ ਤਾਂ ਜ਼ਰੂਰ ਮਿਲਦੀ ਹੈ ਪਰੰਤੂ ਇਸ ਸਾਰੇ ਕੁੱਝ
ਨੂੰ ‘ਮੀਰੀ-ਪੀਰੀ’ (‘ਪੀਰੀ’ ਅਤੇ ‘ਮੀਰੀ’ ਦੇ ਉਪਰੋਕਤ ਦੂਸਰੇ ਪੈਰੇ ਵਿੱਚ ਦਿੱਤੇ ਅਰਥਾਂ ਨੂੰ ਲੈ
ਕੇ) ਦੇ ਘੇਰੇ ਵਿੱਚ ਨਹੀੇਂਂ ਲਿਆਂਦਾ ਜਾ ਸਕਦਾ।
‘ਮੀਰੀ-ਪੀਰੀ’ ਦੀ ਆਮਦ
ਸਿਖ ਮੱਤ ਦੇ ਸੰਦਰਭ ਵਿੱਚ ਪਹਿਲਾਂ-ਪਹਿਲ ‘ਪੀਰ’ ਅਤੇ ‘ਮੀਰ’ ਸ਼ਬਦਾਂ ਦੀ
ਵਰਤੋਂ ਸਤਾਰ੍ਹਵੀਂ ਸਦੀ ਦੇ ਢਾਡੀਆਂ ਅਬਦੁੱਲਾ ਅਤੇ ਨੱਥ ਮੱਲ ਵਲੋਂ ਮਿਲ ਕੇ ਗਾਈ ਜਾਂਦੀ ਹੇਠਾਂ
ਦਿੱਤੀ ਸਤਰ ਰਾਹੀਂ ਕੀਤੀ ਗਈ ਸੀ:
ਦੋ ਤਲਵਾਰੀਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ।
ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮਕਾਲੀ ਇਹਨਾਂ ਢਾਡੀਆਂ ਨੇਂ ਉਪਰੋਕਤ ਸਤਰ
ਵਾਲੀ ਆਪਣੀ ਵਾਰ ਵਿੱਚ ਛੇਵੇਂ ਗੁਰੁ ਜੀ ਦੇ ਮਿਸ਼ਨ ਦੀ ਮਹਿਮਾਂ ਗਾਈ ਹੈ ਅਤੇ ਉਹਨਾਂ ਦੇ ਸਾਹਮਣੇ
ਹਿੰਦੁਸਤਾਨ ਦੇ ਉਸ ਵੇਲੇ ਦੇ ਬਾਦਸ਼ਾਹ ਜਹਾਂਗੀਰ ਨੂੰ ਤੁੱਛ ਦਰਸਾਇਆ ਹੈ। ਸਾਰੀ ਵਾਰ ਹੇਠ ਦਿੱਤੇ
ਅਨੁਸਾਰ ਹੈ:
ਦੋ ਤਲਵਾਰੀਂ ਬੱਧੀਆਂ, ਇੱਕ ਮੀਰ ਦੀ ਇੱਕ ਪੀਰ ਦੀ।
ਇਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜੀਰ ਦੀ।
ਹਿੰਮਤ ਬਾਰਾਂਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਦੀ।
ਕਟਕ ਸਿਪਾਹੀ ਨੀਲ਼ ਨਲ, ਮਾਰ ਦੁਸ਼ਟਾਂ ਕਰੇ ਤਗੀਰ ਜੀ।
ਪੱਗ ਤੇਰੀ ਕੀ ਜਹਾਂਗੀਰ ਦੀ।
ਕਈ ਥਾਵਾਂ ਤੇ ਇਸ ਵਾਰ ਦੀ ਪਹਿਲੀ ਸਤਰ ਵਿੱਚ ‘ਮੀਰ’ ਅਤੇ ‘ਪੀਰ’ ਦੀ ਜਗਹ
ਤੇ ਕ੍ਰਮਵਾਰ ‘ਮੀਰੀ’ ਅਤੇ ‘ਪੀਰੀ’ ਸ਼ਬਦ-ਰੂਪ ਵਰਤੇ ਹੋਏ ਮਿਲਦੇ ਹਨ। ਪਰੰਤੂ ਗਹੁ ਨਾਲ ਵੇਖਿਆ ਜਾਵੇ
ਤਾਂ ਇੱਥੇ ‘ਮੀਰ’ ਅਤੇ ‘ਪੀਰ’ ਸ਼ਬਦ ਹੀ ਜ਼ਿਆਦਾ ਢੁੱਕਵੇਂ ਹਨ ਕਿਉਂਕਿ ਇਸ ਰਚਨਾਂ ਵਿੱਚ ਅਪਣਾਏ ਗਏ
ਤੁਕਾਂਤ ਦੀ ਇਹਯੋ ਹੀ ਮੰਗ ਬਣਦੀ ਹੈ।
ਕੁਝ ਵਿਦਵਾਨਾਂ ਨੇ ਖੁਦ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਗ੍ਰਹਿਣ
ਕਰਨ ਦੇ ਮੌਕੇ ਉੱਤੇ ਇਹ ਫੁਰਮਾਉਂਦੇ ਹੋਏ ਦਰਸਾਇਆ ਹੈ ਕਿ ਉਹ ਸੇਲ੍ਹੀ (ਗੁਰੂ/ਪੀਰ ਵੱਲੋਂ ਰਸਮੀਂ
ਤੌਰ ਤੇ ਪਹਿਨੇ ਜਾਣ ਵਾਲੀ ਰੱਸੀ-ਨੁਮਾ ਮਾਲਾ) ਦੀ ਜਗਹ ਤੇ ਦੋ ਗਾਤਰੇ ਪਹਿਨਣਗੇ, ਇੱਕ ਮੀਰੀ ਦੀ
ਕਿਰਪਾਨ ਦਾ ਅਤੇ ਦੂਸਰਾ ਪੀਰੀ ਦੀ ਕਿਰਪਾਨ ਦਾ। ਪਰੰਤੂ ਇਤਹਾਸ ਵਿੱਚੋਂ ਇਸ ਦਾਵੇ ਦਾ ਕੋਈ ਪੁਖਤਾ
ਸਬੂਤ ਨਹੀਂ ਮਿਲਦਾ। ਭਾਈ ਗੁਰਦਾਸ ਜੀ ਸ੍ਰੀ ਗੁਰੁ ਹਰਗੋਬਿੰਦ ਜੀ ਦੇ ਸਮਕਾਲੀ ਸਨ ਅਤੇ ਉਹਨਾਂ ਨੇ
ਆਪਣੀਆਂ ਵਾਰਾਂ ਵਿੱਚ ਕਈ ਪਉੜੀਆਂ ਛੇਵੇਂ ਗੁਰੂ ਜੀ ਸਬੰਧੀ ਲਿਖੀਆਂ ਸਨ। ਪਰੰਤੂ ਭਾਈ ਗੁਰਦਾਸ ਜੀ
ਨੇ ਛੇਵੇਂ ਗੁਰੂ ਜੀ ਵੱਲੋਂ ਗੁਰਗੱਦੀ ਗ੍ਰਹਿਣ ਕਰਨ ਦੇ ਸਮੇਂ ਅਜਿਹਾ ਕੁੱਝ ਫੁਰਮਾਉਣ ਬਾਰੇ ਕੁੱਝ
ਨਹੀਂ ਲਿਖਿਆ ਹੋਇਆ।
ਛੇਵੇਂ ਗੁਰੂ ਜੀ ਨੂੰ ਸਮਰਪਿਤ ਉਪਰੋਕਤ ਬੀਰ-ਰਸੀ ਵਾਰ ਆਪਣੇ ਸਮੇਂ ਇਤਨੀ
ਲੋਕ-ਪ੍ਰੀਅ ਹੋਈ ਕਿ ਇਸਦੇ ਬੋਲ ਪੰਜਾਬੀ ਲੋਕ-ਧਾਰਾ ਦਾ ਹਿੱਸਾ ਬਣ ਗਏ ਭਾਵੇਂ ਕਿ ਇਸ ਵਿਚਲੇ ‘ਮੀਰ’
ਅਤੇ ‘ਪੀਰ’ ਸ਼ਬਦ ਰੂਪਾਂ ਨੂੰ ਬਾਦ ਵਿੱਚ ਕਿਤੇ ਕ੍ਰਮਵਾਰ ‘ਮੀਰੀ’ ਅਤੇ ‘ਪੀਰੀ’ ਵਿੱਚ ਬਦਲ ਦਿੱਤਾ
ਗਿਆ। ਅਜਿਹਾ ਹੋ ਜਾਣਾ ਸੁਭਾਵਕ ਵੀ ਹੈ ਕਿਉਂਕਿ ਜਦੋਂ ਕੋਈ ਸਾਹਿਤਕ ਰਚਨਾਂ ਲੋਕ-ਗੀਤ ਦਾ ਦਰਜਾ
ਹਾਸਿਲ ਕਰ ਲੈਂਦੀ ਹੈ ਤਾਂ ਮੂਹੋਂ-ਮੂੰਹ ਚਲਦੀ ਰਹਿਣ ਕਰਕੇ ਇਸ ਦੇ ਪਾਠ ਵਿੱਚ ਕੁੱਝ ਤਬਦੀਲੀਆਂ ਆ
ਹੀ ਜਾਂਦੀਆਂ ਹਨ। ਇਹਨਾਂ ਦੋ ਬਦਲਵੇਂ ਸ਼ਬਦ-ਰੂਪਾਂ ਦੀ ਇੱਕੋ ਸਤਰ ਵਿੱਚ ਹੋਈ ਸਮੀਪੀ ਵਰਤੋਂ ਵਿੱਚੋਂ
ਸ਼ਬਦ-ਜੁੱਟ ‘ਮੀਰੀ-ਪੀਰੀ’ ਹੋਂਦ ਵਿੱਚ ਆ ਗਿਆ ਜਿਸਨੂੰ ਅੱਗੇ ਜਾ ਕੇ ਸ਼ਰਧਾ-ਭਾਵਨਾਂ ਅਧੀਨ ਛੇਵੇਂ
ਗੁਰੂ ਜੀ ਦੀਆਂ ਦੋ ਕਿਰਪਾਨਾਂ ਨਾਲ ਜੋੜ ਦਿੱਤਾ ਗਿਆ। ਇਸ ਤਰ੍ਹਾਂ ਵਿਚਾਰ-ਅਧੀਨ ਇਹ ਵਾਰ ਹੀ ਸਿਖ
ਮੱਤ ਦੇ ਸੰਦਰਭ ਵਿੱਚ ‘ਮੀਰੀ’ ਅਤੇ ‘ਪੀਰੀ’ ਦੇ ਸ਼ਬਦ-ਰੂਪਾਂ ਦੀ ਜੁੜਵੀਂ ਵਰਤੋਂ ਦੀ ਆਮਦ ਦਾ
ਪ੍ਰਮਾਣਿਕ ਸਰੋਤ ਬਣਦੀ ਹੈ ਅਤੇ ਇੱਥੋਂ ਹੀ ਇਹਨਾਂ ਸ਼ਬਦ-ਰੂਪਾਂ ਨੂੰ ਆਪਸ ਵਿੱਚ ਜੋੜਦੇ ਹੋਏ
‘ਮੀਰੀ-ਪੀਰੀ’ ਸ਼ਬਦ-ਜੁੱਟ ਦੀ ਪਰੰਪਰਾ ਹੋਂਦ ਵਿੱਚ ਆਈ ਹੈ।
ਗੁਰਬਾਣੀ ਵਿੱਚ ‘ਪੀਰੀ’ ਅਤੇ ‘ਮੀਰੀ’
ਗੁਰਬਾਣੀ ਵਿੱਚ ਵੀ ‘ਪੀਰ’ ਅਤੇ ‘ਮੀਰ’ ਦੋਵੇਂ ਸ਼ਬਦ ਵਰਤੇ ਹੋਏ ਮਿਲ ਜਾਂਦੇ
ਹਨ। ਇਸ ਸਬੰਧ ਵਿੱਚ ਸ੍ਰੀ ਗੁਰੂ ਨਾਨਕ
ਦੇਵ ਜੀ
ਦੀਆਂ ਰਚੀਆਂ ਹੋਈਆਂ ਪੰਕਤੀਆਂ ਜੋ ਲਗ-ਭਗ ਹਰੇਕ
ਵਿਦਵਾਨ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਹਨ ਉਹ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ
II
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ
II
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ
II
ਉਪਰੋਕਤ ਸਤਰਾਂ ਵਿੱਚ ਆਏ ਬਹੁ-ਵਚਨ ‘ਪੀਰ’ ਤੋਂ ਭਾਵ ਇਲਾਕੇ ਦੀਆਂ ਮੁੱਖ
ਧਾਰਮਿਕ ਹਸਤੀਆਂ ਤੋਂ ਹੈ ਅਤੇ ਇਕ-ਵਚਨ ‘ਮੀਰ’ ਤੋਂ ਭਾਵ ‘ਮੁਖੀਆ’ ਹੈ ਜਿਸ ਦੀ ਪਛਾਣ ਮੁਗਲ ਹਮਲਾਵਰ
ਬਾਬਰ ਤੋਂ ਕੀਤੀ ਜਾਂਦੀ ਹੈ। ਉਪਰੋਕਤ ਸਤਰਾਂ ਵਿੱਚ ਬਾਬਰ ਦੇ ਹਿੰਦੁਸਤਾਨ ਤੇ ਕੀਤੇ ਹਮਲੇ ਵੇਲੇ
ਸਥਾਨਕ ਰਾਜਿਆਂ ਦੀ ਦਰਦਨਾਕ ਦਸ਼ਾ ਅਤੇ ਧਾਰਮਿਕ ਹਸਤੀਆਂ ਦੀ ਮੰਤਰ-ਤੰਤਰ ਰਾਹੀਂ ਹਮਲਾਵਰਾਂ ਨੂੰ
ਭਾਂਜ ਦੇਣ (ਅੰਨ੍ਹੇਂ ਕਰਨ) ਵਿੱਚ ਹੋਈ ਨਾਕਾਮੀ ਦਾ ਜ਼ਿਕਰ ਹੈ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ
ਕਿ ਸ੍ਰੀ ਗ੍ਰੰਥ ਜੀ ਵਿੱਚ ਕਿਧਰੇ ਵੀ ‘ਮੀਰੀ-ਪੀਰੀ’ ਸ਼ਬਦ-ਜੁੱਟ ਦੀ ਵਰਤੋਂ ਹੋਈ ਨਹੀਂ ਮਿਲਦੀ ਜਿਸ
ਕਰਕੇ ਗੁਰਬਾਣੀ ਵਿੱਚੋਂ ਇਸ ਸ਼ਬਦ-ਜੁੱਟ ਦੇ ਸੂਤਰ-ਰੂਪ ਵਿੱਚ ਵਿਅਕਤ ਹੁੰਦੇ ਸੰਕਲਪ ਦੀ ਤਲਾਸ਼ ਕਰਨੀ
ਵਿਅਰਥ ਹੋਵੇਗੀ।
ਉੱਧਰ ਲਗ-ਭਗ ਸਾਰੇ ਹੀ ਵਿਦਵਾਨ ਸੱਜਣ ‘ਮੀਰੀ-ਪੀਰੀ’ ਦੇ ਸੰਕਲਪ ਨੂੰ
ਗੁਰਬਾਣੀ ਉੱਤੇ ਠੋਸਣ ਵੱਲ ਰੁਚਿਤ ਹਨ। ਉਹਨਾਂ ਵੱਲੋਂ ਦਿੱਤੀਆਂ ਇਸ ਸੰਕਲਪ ਸਬੰਧੀ ਵਿਆਖਿਆਵਾਂ ਲਈ
ਜੋ ਸਤਰਾਂ ਗੁਰਬਾਣੀ ਵਿੱਚੋਂ ਆਮ ਕਰਕੇ ਪੇਸ਼ ਕੀਤੀਆਂ ਜਾਂਦੀਆਂ ਹਨ ਉਹ ਸ੍ਰੀ ਗੁਰੂ ਨਾਨਕ ਦੇਵ ਜੀ
ਦੀਆਂ ਰਚੀਆਂ ਹੋਈਆਂ ਹਨ। ਇਹ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ
II
ਸਿਰੁ ਧਰਿ ਤਲੀ ਗਲੀ ਮੇਰੀ ਆਉ II
ਇਤੁ ਮਾਰਗਿ ਪੈਰੁ ਧਰੀਜੈ
II
ਸਿਰੁ ਦੀਜੈ ਕਾਣਿ ਨ ਕੀਜੈ II
ਉਪਰੋਕਤ ਸਤਰਾਂ ਦਾ ਭਾਵ-ਅਰਥ ਇਹ ਹੈ ਕਿ “ਮੈਂ ਤਾਂ ਪ੍ਰਭੂ-ਪ੍ਰੇਮ ਦੇ ਰਸਤੇ
ਤੇ ਚਲਿਆ ਹੋਇਆ ਹਾਂ। ਪਰੰਤੂ ਇਸ ਰਸਤੇ ਤੇ ਚਲਦਿਆਂ ਜਾਨ ਤਕ ਕੁਰਬਾਨ ਕਰਨੀ ਪੈਂਦੀ ਹੈ। ਜੇਕਰ
ਤੁਸੀਂ ਵੀ ਪ੍ਰਭੂ-ਪ੍ਰੇਮ ਦੇ ਇੱਛੁਕ ਹੋ ਤਾਂ ਫਿਰ ਆਪਣਾ ਸਿਰ ਤਲੀ ਤੇ ਰੱਖ ਕੇ ਹੀ ਆਉਣਾਂ।”
ਵਿਦਵਾਨ ਲੋਕ ‘ਪ੍ਰੇਮ’ ਦੇ ਅਰਥ ਆਪਣੀ ਮਰਜ਼ੀ ਅਨੁਸਾਰ ਕੱਢਣ ਦਾ ਯਤਨ ਕਰਦੇ ਹਨ ਜਿਵੇਂ ਪਰਮਾਤਮਾਂ
ਪ੍ਰਤੀ ਸ਼ਰਧਾ, ਪਰਮਾਤਮਾਂ ਨੂੰ ਪਾਉਣ ਦੀ ਚੇਸ਼ਟਾ, ਧਰਮ, ਸਚਿਆਈ, ਭਲਾਈ ਆਦਿਕ। ਕੁੱਝ ਵਿਦਵਾਨ
ਉਪਰੋਕਤ ਸਤਰਾਂ ਦੇ ਅਰਥ ਕੱਢਣ ਲਗਿਆਂ ‘ਸਿਰ ਤਲੀ ਤੇ ਧਰਨ’ ਨੂੰ ‘ਹਉਮੇਂ ਨੂੰ ਮਾਰਨ’ ਲਈ ਵਰਤਿਆ
ਹੋਇਆ ਵੀ ਦਰਸਾਉਂਦੇ ਹਨ। ਪਰੰਤੂ ਵਿਦਵਾਨ ਸੱਜਣ ਇਹ ਸਪਸ਼ਟ ਨਹੀਂ ਕਰਦੇ ਕਿ ਉਪਰੋਕਤ ਸਤਰਾਂ ਵਿੱਚ
ਮੀਰੀ ਅਤੇ ਪੀਰੀ ਦੇ ਅਰਥ ਕਿਸ ਤਰ੍ਹਾਂ ਵਿਅਕਤ ਹੁੰਦੇ ਹਨ। ਪ੍ਰਭੂ-ਪ੍ਰੇਮ ਜਾਂ ਹੋਰ ਕਿਸੇ ਸਦਾਚਾਰੀ
ਗੁਣ ਦੀ ਤਾਂ ਗੁਰਬਾਣੀ ਵਿੱਚ ਥਾਂ-ਥਾਂ ਤੇ ਪਰੋੜਤਾ ਕੀਤੀ ਹੋਈ ਮਿਲਦੀ ਹੈ ਅਤੇ ਅਜਿਹੇ ਗੁਣਾਂ ਨੂੰ
ਪੀਰੀ ਦੇ ਅੰਸ਼ਾਂ ਵਜੋਂ ਪੇਸ਼ ਕੀਤਾ ਜਾ ਸਕਦਾ ਹੈ ਪਰੰਤੂ ਜਾਨ ਕੁਰਬਾਨ ਕਰਨ ਜਾਂ ਹਉਮੈਂ ਨੂੰ ਮਾਰਨ
ਵਿੱਚ ਤਾਂ ਕੋਈ ਮੀਰੀ (‘ਮੀਰੀ’ ਦੇ ਉਪਰੋਕਤ ਦੂਸਰੇ ਪੈਰੇ ਵਿੱਚ ਦਿੱਤੇ ਅਰਥਾਂ ਨੂੰ ਲੈ ਕੇ) ਦਾ
ਲੱਛਣ ਨਹੀਂ ਸਮਾਇਆ ਹੋਇਆ। ਫਿਰ ਇਹਨਾਂ ਸਤਰਾਂ ਵਿੱਚ ਕੋਈ ‘ਮੀਰੀ-ਪੀਰੀ’ ਦਾ ਸੰਕਲਪ ਇਸ ਗੱਲ ਕਰਕੇ
ਹੀ ਕਿਵੇਂ ਵਿਅਕਤ ਹੋ ਗਿਆ ਸਮਝਿਆ ਜਾ ਸਕਦਾ ਹੈ ਕਿ ਪੀਰੀ ਦਾ ਅਨੁਸਰਨ ਕਰਨ ਲਈ ਜਾਨ ਦੀ ਕੁਰਬਾਨੀ
ਦੇਣੀ ਪੈ ਸਕਦੀ ਹੈ ਜਾਂ ਹਉਮੈਂ ਨੂੰ ਮਾਰਨਾ ਪਵੇਗਾ।
ਇਹੋ ਸਥਿਤੀ ਭਗਤ ਕਬੀਰ ਜੀ ਰਚਿਤ ਉਹਨਾਂ ਸਤਰਾਂ ਬਾਰੇ ਹੈ ਜੋ ਸ੍ਰੀ ਗ੍ਰੰਥ
ਜੀ ਵਿੱਚ ਸ਼ਾਮਲ ਹਨ ਅਤੇ ਗੁਰਬਾਣੀ ਵਿੱਚ ਮੌਜੂਦ ‘ਮੀਰੀ-ਪੀਰੀ’ ਦੇ ਸੰਕਲਪ ਪ੍ਰਗਟਾਉਣ ਹਿਤ ਆਮ ਕਰਕੇ
ਪੇਸ਼ ਕਰ ਦਿੱਤੀਆਂ ਜਾਂਦੀਆਂ ਹਨ। ਇਹ ਸਤਰਾਂ ਹੇਠਾਂ ਦਿੱਤੇ ਅਨੁਸਾਰ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
II
ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੈ ਖੇਤੁ
II
ਇੱਥੇ ਧਰਮ ਖਾਤਰ ਲੜਦਿਆਂ ਪੁਰਜ਼ਾ-ਪੁਰਜ਼ਾ ਹੋਕੇ ਕੱਟੇ ਜਾਣ, ਭਾਵ ਧਰਮ ਦੀ
ਰੱਖਿਆ ਕਰਦਿਆਂ ਜਾਨ ਕੁਰਬਾਨ ਕਰ ਦੇਣ ਦੀ ਗੱਲ ਕੀਤੀ ਗਈ ਹੈ। ਧਰਮ (ਇਸ ਸ਼ਬਦ-ਰੂਪ ਦੇ ਸਾਰੇ
ਪਰਵਾਨਿਤ ਅਰਥਾਂ ਵਿਚ) ਦੀ ਰੱਖਿਆ ਲਈ ਆਖਰੀ ਦਮ ਤਕ ਲੜਨਾਂ ਤਾਂ ਮੀਰੀ ਦਾ ਅਨੁਸਰਨ ਹੀ ਹੋਵੇਗਾ
ਪਰੰਤੂ ਇਸ ਕਾਰਵਾਈ ਵਿੱਚ ਕੋਈ ਪੀਰੀ (‘ਪੀਰੀ’ ਦੇ ਉਪਰੋਕਤ ਦੂਸਰੇ ਪੈਰੇ ਵਿੱਚ ਦਿੱਤੇ ਅਰਥਾਂ ਨੂੰ
ਲੈ ਕੇ) ਵਿਅਕਤ ਹੁੰਦੀ ਨਹੀਂ ਕਹੀ ਜਾ ਸਕਦੀ। ਇਸ ਤਰ੍ਹਾਂ ਇਹਨਾਂ ਸਤਰਾਂ ਵਿੱਚ ਵੀ ਕੋਈ
‘ਮੀਰੀ-ਪੀਰੀ’ ਦਾ ਸੰਕਲਪ ਵਿਅਕਤ ਹੁੰਦਾ ਨਹੀਂ ਗਿਣਿਆਂ ਜਾ ਸਕਦਾ।
ਉਂਜ ਗੁਰਬਾਣੀ ਵਿੱਚ ਕਿਧਰੇ ਵੀ ‘ਮੀਰੀ-ਪੀਰੀ’ ਨੂੰ ਵਿਸ਼ਾ ਬਣਾਕੇ ਕੀਤੀ ਕੋਈ
ਵਿਸ਼ੇਸ਼ ਰਚਨਾ ਸ਼ਾਮਲ ਹੋਈ ਨਹੀਂ ਮਿਲਦੀ। ਸ੍ਰੀ ਗ੍ਰੰਥ ਜੀ ਵਿੱਚ ਸ਼ਾਮਲ ਗੁਰਬਾਣੀ ਦਾ ਵਿਸ਼ਾ-ਵਸਤੂ
ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਹੈ ਅਤੇ ਇਸ ਵਿੱਚ ਪੀਰੀ ਵੀ ਸ਼ਾਮਲ ਹੈ ਅਤੇ
ਮੀਰੀ ਵੀ ਭਾਵੇਂ ਕਿ ਇਹਨਾਂ ਸ਼ਬਦ-ਰੂਪਾਂ ਦੇ ਉਪਰੋਕਤ ਸਾਰਣੀ ਵਿੱਚੋਂ ਕੋਈ ਵੀ ਅਰਥ ਕਿਉਂ ਨਾਂ ਕੱਢ
ਲਏ ਜਾਣ। ਪਰੰਤੂ ਇਹ ਕਹਿਣਾ ਸਹੀ ਨਹੀਂ ਕਿ ਗੁਰਬਾਣੀ ਵਿੱਚ ਕੋਈ ਸੁਚੇਤ ਤੌਰ ਤੇ ਨਿਸਚਤ ਕੀਤਾ ਹੋਇਆ
‘ਮੀਰੀ-ਪੀਰੀ’ ਦਾ ਸੰਕਲਪ ਵਿਅਕਤ ਹੁੰਦਾ ਹੈ। ਅਸਲ ਵਿੱਚ ਗੁਰਬਾਣੀ ਦੇ ਸੰਦਰਭ ਵਿੱਚ ‘ਮੀਰੀ-ਪੀਰੀ’
ਦੇ ਸੰਕਲਪ ਦਾ ਦਾਵਾ ਅਪ੍ਰਸੰਗਕ ਹੈ।
ਮੀਰੀ-ਪੀਰੀ ਦੀਆਂ ਕਿਰਪਾਨਾਂ
ਅਖੌਤੀ ‘ਅਕਾਲ ਤਖਤ’ ਵਾਂਗ ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਗੁਰਗੱਦੀ
ਗ਼੍ਰਹਿਣ ਕਰਨ ਦੇ ਮੌਕੇ ਤੇ ਪਹਿਨੀਆਂ ਦੋ ਕਿਰਪਾਨਾਂ ਨੂੰ ਮੀਰੀ-ਪੀਰੀ ਦੀਆਂ ਕਿਰਪਾਨਾਂ ਦਰਸਾਉਣ ਦੀ
ਕਹਾਣੀ ਵੀ ਸਿਖ ਮਿਥਹਾਸ ਦਾ ਹਿੱਸਾ ਹੀ ਭਾਸਦੀ ਹੈ। ਅਸੀਂ ਬਹੁਤ ਘਟ ਸੋਚਦੇ ਹਾਂ ਕਿ ਇਸ ਗਾਥਾ ਦੇ
ਪਰਚਾਰ ਰਾਹੀਂ ਤਾਂ ਛੇਵੇਂ ਗੁਰੂ ਜੀ ਦੀ ਪ੍ਰਤਿਸ਼ਠਾ ਨੂੰ ਢਾ ਲਗਦੀ ਹੈ। ਮੀਰੀ ਨਾਲ ਤਾਂ ਕਿਰਪਾਨ
ਸਹਿਜੇ ਹੀ ਜੋੜੀ ਜਾ ਸਕਦੀ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਹਰ ਵੱਡੇ ਅਹੁਦੇਦਾਰ ਤੋਂ ਲੈਕੇ
ਰਾਜੇ-ਮਹਾਂਰਾਜਿਆਂ ਤਕ ਸਭ ਅਧਿਕਾਰੀ ਕਿਰਪਾਨ-ਧਾਰੀ ਵੀ ਹੋਇਆ ਕਰਦੇ ਸਨ ਅਤੇ ਕਿਰਪਨ ਦੇ ਧਨੀ ਵੀ।
ਪਰੰਤੂ ਇਹ ਵੀ ਸੋਚਣਾ ਬਣਦਾ ਹੈ ਕਿ ਕੀ ਪੀਰੀ ਦੀ ਵੀ ਕੋਈ ਕਿਰਪਾਨ ਹੋਇਆ ਕਰਦੀ ਸੀ ਜਿਸ ਨੂੰ ਮੀਰੀ
ਦੀ ਕਿਰਪਾਨ ਨਾਲ ਜੋੜਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦਾ ਜੁੱਟ ਬਣਦਾ ਹੋਵੇ ਅਤੇ ਅਜਿਹਾ ਜੁੱਟ
ਛੇਵੇਂ ਗੁਰੂ ਜੀ ਨੇ ਗੁਰਗੱਦੀ ਗ਼੍ਰਹਿਣ ਕਰਨ ਦੇ ਸਮੇਂ ਪਹਿਨਿਆਂ ਹੋਵੇ। ਕੀ ਪਹਿਲੇ ਪੰਜ ਗੁਰੂ
ਸਾਹਿਬਾਨ ਵਿੱਚੋਂ ਕਿਸੇ ਨੇ ਵੀ ਕਦੀ ਕੋਈ ‘ਪੀਰੀ’ ਦੀ ਕਿਰਪਾਨ ਪਹਿਨੀ ਸੀ? ਕੀ ਬਾਬਾ ਫਰੀਦ ਜੀ,
ਭਗਤ ਕਬੀਰ ਜੀ ਜਾਂ ਭਗਤ ਰਵੀਦਾਸ ਜੀ ਵੀ ਕੋਈ ‘ਪੀਰੀ’ ਦੀ ਕਿਰਪਾਨ ਪਹਿਨਿਆਂ ਕਰਦੇ ਸਨ? ਇਹਨਾਂ
ਸਵਾਲਾਂ ਦੇ ਸਨਮੁੱਖ ਇਹ ਮੰਨਣ ਵਿੱਚ ਨਹੀਂ ਆਉਂਦਾ ਕਿ ਛੇਵੇਂ ਗੁਰੂ ਜੀ ਨੇ ਕੋਈ ‘ਪੀਰੀ’ ਦੀ
ਕਿਰਪਾਨ ਪਹਿਨੀ ਸੀ ਕਿਉਂਕਿ ਪੀਰੀ ਦੀ ਕੋਈ ਕਿਰਪਾਨ ਹੁੰਦੀ ਹੀ ਨਹੀਂ। ਅਸੀਂ ਵੇਖਾ-ਵੇਖੀ ਹੀ ਪੀਰੀ
ਦੀ ਕਿਰਪਾਨ ਦੀ ਰੱਟ ਲਗਾਈ ਜਾ ਰਹੇ ਹਾਂ।
ਇਹ ਤਾਂ ਇਤਹਾਸਿਕ ਸਚਾਈ ਹੈ ਕਿ ਪੰਜਵੇਂ ਗੁਰੂ ਜੀ ਦੀ ਇੱਛਾ ਅਨੁਸਾਰ ਛੇਵੇਂ
ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਇੱਕ ਤਖਤ ਦੀ ਉਸਾਰੀ ਕੀਤੀ, ਬਾਦਸ਼ਾਹਾਂ ਵਾਂਗ ਤਖਤ ਉਤੇ ਬਿਰਾਜਮਾਨ
ਹੋਕੇ ਦਰਬਾਰ ਲਗਾਉਣ ਲੱਗ ਪਏ, ਸ਼ਾਹੀ ਲਿਬਾਸ ਧਾਰਨ ਕਰ ਲਿਆ, ਸ਼ਸਤਰ ਸਜਾ ਲਏ, ਘੋੜੇ ਰੱਖਣੇ ਸ਼ੁਰੂ ਕਰ
ਦਿੱਤੇ, ਆਪਣੀ ਫੌਜ ਖੜੀ ਕਰ ਲਈ, ਕਿਲ੍ਹਾ ਬਣਾਇਆ, ਨਗਾਰਾ ਵਜਾਉਣਾ ਅਰੰਭ ਕਰ ਦਿੱਤਾ ਅਤੇ ਆਪਣਾ
ਝੰਡਾ ਗੱਡ ਲਿਆ। ਫਿਰ ਗੁਰੂ ਜੀ ਨੇ ਉਸ ਵੇਲੇ ਦੀ ਮੁਗਲ ਹਕੂਮਤ ਦੇ ਖਿਲਾਫ ਚਾਰ ਯੁੱਧ ਲੜੇ ਅਤੇ
ਇਹਨਾਂ ਸਾਰਿਆਂ ਵਿੱਚ ਜਿੱਤ ਪਰਾਪਤ ਕੀਤੀ। ਇਸ ਸਾਰੇ ਕੁੱਝ ਦਾ ਮਨੋਰਥ ਕੋਈ ਰਾਜ ਸਥਾਪਤ ਕਰਨਾਂ
ਨਹੀਂ ਸੀ ਸਗੋਂ ਜ਼ਾਲਮ ਧਿਰਾਂ ਅਤੇ ਹਕੂਮਤ ਨੂੰ ਇਹ ਸੰਦੇਸ਼ ਪਹੁੰਚਾਉਣਾ ਸੀ ਕਿ ਦੇਸ਼ ਦੇ ਇਸ ਹਿੱਸੇ
ਵਿੱਚ ਜ਼ੁਲਮ ਨਾਲ ਲੋਹਾ ਲੈਣ ਵਾਲੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸੰਘਰਸ਼ ਕਰਨ ਵਾਲੀ ਕੌਮ ਵੀ
ਹੋਂਦ ਵਿੱਚ ਆ ਚੁੱਕੀ ਹੈ। ਸਿਖ ਮੱਤ ਨੂੰ ਮਿਲੇ ਇਸ ਨਵੇਂ ਰੂਪ ਨੂੰ ਮੀਰੀ ਦਾ ਪੱਖ ਤਾਂ ਕਿਹਾ ਜਾ
ਸਕਦਾ ਹੈ ਜਿਸ ਦਾ ਪਰਤੀਕ ਕਿਰਪਾਨ ਹੋ ਸਕਦੀ ਹੈ। ਪਰੰਤੂ ਪੀਰੀ ਦੇ ਅੰਸ਼ ਦਾ ਪ੍ਰਗਟਾਵਾ ਤਾਂ ਗੁਰੁ
ਜੀ ਦੀ ਗੁਰੂਤਾ ਅਤੇ ਉਹਨਾਂ ਕੋਲੋਂ ਪਰਾਪਤ ਹੁੰਦੀ ਸਿਖਿਆ ਵਿੱਚ ਹੋਵੇਗਾ ਜਿਸ ਲਈ ਕਿਸੇ ਸ਼ਸਤਰ ਨੂੰ
ਪਰਤੀਕ ਬਣਾਉਣ ਦੀ ਲੋੜ ਨਹੀਂ ਪੈ ਸਕਦੀ। ਇਸ ਤਰ੍ਹਾਂ ‘ਮੀਰੀ-ਪੀਰੀ’ ਦਾ ਸੰਕਲਪ ਸਿਖ ਮੱਤ ਦਾ ਇੱਕ
ਨਿਵੇਕਲਾ ਪਹਿਲੂ ਤਾਂ ਹੋ ਸਕਦਾ ਹੈ ਪਰੰਤੂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਪੀਰੀ ਦੀ ਕਿਰਪਾਨ
ਪਹਿਨਣ ਦੀ ਇੱਛਾ ਕਰਦੇ ਵਿਖਾਉਂਦੇ ਹੋਏ ਅਸੀਂ ਉਹਨਾਂ ਨੂੰ ਪੀਰੀ ਦੇ ਅਰਥਾਂ ਤੋਂ ਅਣਜਾਣ ਅਤੇ ਸਿਖ
ਇਤਹਾਸ ਤੋਂ ਨਾਵਾਕਿਫ ਦਰਸਾ ਰਹੇ ਹੁੰਦੇ ਹਾਂ।
ਇਹ ਸੰਭਵ ਹੈ ਕਿ ਛੇਵੇਂ ਗੁਰੂ ਜੀ ਨੇ ਸ਼ਸਤਰ ਧਾਰਨ ਕਰਨ ਰਾਹੀਂ ਦਿੱਤੇ ਜਾਣ
ਵਾਲੇ ਮੀਰੀ ਦੇ ਸੰਦੇਸ਼ ਨੂੰ ਹੋਰ ਪਰਪੱਕ ਅਤੇ ਪ੍ਰਭਾਵਸ਼ਾਲੀ ਬਣਾਉਣ ਹਿਤ ਇੱਕ ਦੀ ਜਗਹ ਤੇ ਦੋ
ਤਲਵਾਰਾਂ ਪਹਿਨ ਲਈਆਂ ਹੋਣ ਜਾਂ ਇਹ ਕਿ ਗੁਰੂ ਜੀ ਲਈ ਇੱਕ ਤਲਵਾਰ ਮਨੁੱਖੀ ਹੱਕਾਂ ਦੀ ਰਖਵਾਲੀ ਕਰਨ
ਦਾ ਸੰਕੇਤ ਹੋਵੇ ਅਤੇ ਦੂਸਰੀ ਜ਼ੁਲਮ ਨਾਲ ਲੋਹਾ ਲੈਣ ਦਾ। ਪੀਰੀ ਦੀ ਰਖਵਾਲੀ ਵੀ ਇੱਕ ਮਨੁੱਖੀ ਹੱਕ
ਦੀ ਰਖਵਾਲੀ ਵਜੋਂ ਹੀ ਜਾਣੀ ਜਾਵੇਗੀ ਅਤੇ ਇਸ ਮਕਸਦ ਲਈ ਚੁੱਕੀ ਤਲਵਾਰ ਮੀਰੀ ਦੀ ਤਲਵਾਰ ਹੀ
ਹੋਵੇਗੀ। ਇਸ ਤਰ੍ਹਾਂ ਛੇਵੇਂ ਗੁਰੂ ਜੀ ਵੱਲੋਂ ਪਹਿਨੀਆਂ ਦੋ ਤਲਵਾਰਾਂ ਉਹਨਾਂ ਦੀ ਬਾਦਸ਼ਾਹੀ ਦਿੱਖ
ਦਾ ਹਿੱਸਾ ਹੋਣ ਸਦਕਾ ਮੀਰੀ ਦੀਆਂ ਤਲਵਾਰਾਂ ਹੀ ਸਨ। ਗੁਰੂ ਜੀ ਦੀ ਪੀਰੀ ਦੀ ਭੂਮਿਕਾ ਉਹਨਾਂ ਦੀ
ਗੁਰੂਤਾ ਅਤੇ ਉਹਨਾਂ ਵੱਲੋਂ ਗੁਰਬਾਣੀ ਦੇ ਫਲਸਫੇ ਦੇ ਮੁੱਖ-ਪਰਚਾਰਕ ਹੋਣ ਵਿੱਚ ਹੀ ਦ੍ਰਿਸ਼ਟਮਾਨ
ਹੁੰਦੀ ਸੀ। ਅਜਿਹੀ ਭੂਮਿਕਾ ਲਈ ਕਿਸੇ ਕਿਰਪਾਨ ਦੀ ਲੋੜ ਹੀ ਨਹੀਂ ਸੀ ਜਿਵੇਂ ਕਿ ਪਹਿਲੇ ਗੁਰੂ
ਸਾਹਿਬਾਨ ਵੇਲੇ ਵੀ ਹੁੰਦਾ ਰਿਹਾ ਸੀ। ਕਿਰਪਾਨ ਭਾਵੇਂ ਪਰਉਪਕਾਰ ਲਈ ਉਠਾਈ ਜਾਵੇ ਤੇ ਭਾਵੇਂ ਜ਼ੁਲਮ
ਲਈ, ਇਹ ਮੀਰੀ ਦਾ ਪਰਤੀਕ ਹੀ ਹੋਵੇਗੀ। ਕੁੱਝ ਵਿਦਵਾਨਾਂ ਵੱਲੋਂ ਮੱਧਕਾਲੀਨ ਸਮੇਂ ਦੇ ਇਸਾਈ ਮੱਤ ਦੇ
ਪੋਪ ਵੱਲੋਂ ਦੋ ਤਲਵਾਰਾਂ ਪਹਿਨਣ ਦਾ ਜ਼ਿਕਰ ਕੀਤਾ ਗਿਆ ਹੈ ਜੋ ਉਸ ਵੇਲੇ ਦੇ ਪੋਪ ਨੇ ਧਾਰਮਿਕ ਖੇਤਰ
ਦੇ ਨਾਲ-ਨਾਲ ਰਾਜਸੀ ਖੇਤਰ ਵਿੱਚ ਆਪਣੀ ਪ੍ਰਭੁਤਾ ਵਿਖਾਉਣ ਦੇ ਮਨਸ਼ੇ ਨਾਲ ਪਹਿਨੀਆਂ ਸਨ। ਪਰੰਤੂ
ਆਪਣੀ ਪ੍ਰਭੁਤਾ ਦਾ ਦਾਵਾ ਪਰਦਰਸ਼ਿਤ ਕਰਨ ਹਿਤ ਪਹਿਨੀਆਂ ਇਹ ਦੋ ਤਲਵਾਰਾਂ ਵੀ ਮੀਰੀ ਦੀਆਂ ਪਰਤੀਕ ਹੀ
ਹੋਣਗੀਆਂ ਅਤੇ ਇਹਨਾਂ ਵਿੱਚੋਂ ਕੋਈ ਇੱਕ ਪੀਰੀ (‘ਪੀਰੀ’ ਦੇ ਉਪਰੋਕਤ ਦੂਸਰੇ ਪੈਰੇ ਵਿੱਚ ਦਿੱਤੇ
ਅਰਥਾਂ ਮੁਤਾਬਿਕ) ਦੀ ਪਰਤੀਕ ਨਹੀਂ ਹੋ ਸਕਦੀ। ਪਰੰਤੂ ਛੇਵੇਂ ਗੁਰੂ ਜੀ ਦੀਆਂ ਤਲਵਾਰਾਂ ਦਾ ਮੀਰੀ
ਦੀਆਂ ਤਲਵਾਰਾਂ ਹੋਣ ਤੇ ਵੀ ਇਹਨਾਂ ਦਾ ਮਨੋਰਥ ਪਰਉਪਕਾਰ ਹੈ ਜਦ ਕਿ ਇਸਾਈ ਮੱਤ ਦੇ ਪੋਪ ਵੱਲੋਂ
ਪਹਿਨੀਆਂ ਦੋ ਤਲਵਾਰਾਂ ਦਾ ਮਨੋਰਥ ਸਵਾਰਥ ਹੈ।
ਨਿਸਚੇ ਹੀ ਅਬਦੁੱਲੇ ਅਤੇ ਨੱਥ ਮੱਲ ਢਾਡੀਆਂ ਨੇ ਗੁਰੂ-ਉਸਤਤ ਵਾਲੀ ਉਪਰੋਕਤ
ਵਾਰ ਵਿੱਚ ‘ਪੀਰ’ ਅਤੇ ‘ਮੀਰ’ ਸ਼ਬਦ-ਰੂਪ ਹੀ ਵਰਤੇ ਸਨ ਕਿਉਂਕਿ ਉਹਨਾਂ ਨੂੰ ਛੇਵੇਂ ਗੁਰੁ ਵਿੱਚੋਂ
ਇੱਕੋ ਵਕਤ ਪੀਰ ਅਤੇ ਮੀਰ ਦੇ ਦਰਸ਼ਨ ਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੀ ਕਾਵਿਕ ਰਚਨਾਂ ਵਿੱਚ ਗੁਰੂ
ਜੀ ਦੀ ਇੱਕ ਕਿਰਪਾਨ ਨੂੰ ਮੀਰ ਦੀ ਕਿਰਪਾਨ ਕਿਹਾ ਅਤੇ ਦੂਸਰੀ ਨੂੰ ਪੀਰ ਦੀ ਕਿਰਪਾਨ ਕਿਹਾ। ਇੱਥੇ
ਇਹ ਧਿਆਨਦੇਣ ਯੋਗ ਗੱਲ ਹੈ ਕਿ ਪੀਰ ਦੀ ਕਿਰਪਾਨ ਤਾਂ ਹੋ ਸਕਦੀ ਹੈ ਪਰੰਤੂ ‘ਪੀਰੀ’ ਦੀ ਕਿਰਪਾਨ
ਨਹੀਂ ਹੋ ਸਕਦੀ। ਕੋਈ ਪੀਰ ਆਪਣੇ ਬਚਾਓ ਹਿਤ ਆਪਣੀ ਪਹੁੰਚ ਵਿੱਚ ਕਿਰਪਾਨ ਤਾਂ ਰੱਖ ਸਕਦਾ ਹੈ ਭਾਵੇਂ
ਕਿ ਉਹ ਇਸ ਨੂੰ ਆਪਣੇ ਸਰੀਰ ਉੱਤੇ ਸਜਾਉਣਾ ਹਰਗਿਜ਼ ਪਸੰਦ ਨਹੀਂ ਕਰੇਗਾ, ਨਾਂ ਹੀ ਉਹ ਅਜਿਹੀ ਕਿਰਪਾਨ
ਨੂੰ ਕਦੇ ਕਿਸੇ ਨੂੰ ਜ਼ਖਮੀ ਕਰਨ ਜਾਂ ਜਾਨੋਂ ਮਾਰਨ ਹਿਤ ਵਰਤੇਗਾ ਭਾਵੇਂ ਅਜਿਹਾ ਪਰਉਪਕਾਰ ਵਜੋਂ ਹੀ
ਕੀਤਾ ਜਾਣਾ ਹੋਵੇ। ਦੂਸਰੇ ਪਾਸੇ ‘ਪੀਰੀ’ ਦੀ ਕਿਰਪਾਨ ਹੋਣ ਦਾ ਅਰਥ ਇਹ ਨਿਕਲਦਾ ਹੈ ਪੀਰ ਬਣਨ
ਵਾਸਤੇ ਬਾਕੀ ਗੱਲਾਂ ਦੇ ਨਾਲ-ਨਾਲ ਕਿਰਪਾਨਧਾਰੀ ਹੋਣਾ ਵੀ ਜ਼ਰੂਰੀ ਹੈ ਅਤੇ ਪੀਰ ਨੇ ਯੁੱਧ ਵੀ ਕਰਨੇ
ਹਨ, ਜੋ ਕਿ ਤਰਕਸੰਗਤ ਨਹੀਂ। ਇਥੇ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਜੀਵਨ ਦੀ ਬਹੁਤ ਹੀ ਢੁੱਕਵੀਂ
ਉਦਾਹਰਣ ਦਿੱਤੀ ਜਾ ਸਕਦੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨੌਵੇਂ ਗੁਰੂ ਬਣਨ ਤੋਂ ਪਹਿਲਾਂ
ਸ੍ਰੀ ਗੁਰੁ ਹਰਗੋਬਿੰਦ ਜੀ ਦੀ ਫੌਜ ਵਿੱਚ ਸਿਪਾਹੀ ਦੇ ਤੌਰ ਤੇ ਸ਼ਾਮਲ ਹੋਕੇ ਯੁੱਧ ਲੜੇ ਸਨ। ਉਸ
ਵੇਲੇ ਉਹਨਾਂ ਦੇ ਹੱਥ ਵਿੱਚ ਫੜ੍ਹੀ ਹੋਈ ਤਲਵਾਰ ‘ਮੀਰੀ’ ਦੀ ਤਲਵਾਰ ਸੀ ਭਾਵੇਂ ਕਿ ਉਹ ਜ਼ੁਲਮ ਨਾਲ
ਲੋਹਾ ਲੈ ਰਹੇ ਸਨ ਜਾਂ ਕਿ ਪੀਰ (ਛੇਵੇਂ ਗੁਰੁ ਜੀ) ਦੀ ਰੱਖਿਆ ਕਰ ਰਹੇ ਸਨ। ਨੌਵੇਂ ਗੁਰੁ ਬਣ ਜਾਣ
ਉਪਰੰਤ ਜਦੋਂ ਉਹ ਕਸ਼ਮੀਰੀ ਪੰਡਤ ਬਿਰਾਦਰੀ ਦੇ ਮਨੁੱਖੀ ਹੱਕਾਂ ਹਿਤ ਕੁਰਬਾਨੀ ਦੇਣ ਲਈ ਖੁਦ ਹੀ
ਦਿੱਲੀ ਵਲ ਚੱਲ ਪਏ ਸਨ ਤਾਂ ਉਹਨਾਂ ਦੀ ਹੈਸੀਅਤ ਇੱਕ ਪੀਰ ਦੀ ਸੀ ਅਤੇ ਉਹਨਾਂ ਨੇ ਹੱਥ ਵਿੱਚ ਕੋਈ
ਤਲਵਾਰ ਨਹੀਂ ਫੜ੍ਹੀ ਸੀ ਅਤੇ ਨਾਂ ਹੀ ਉਹ ਆਪਣੇ ਨਾਲ ਕੋਈ ਫੌਜ ਲੈਕੇ ਗਏ ਸਨ।
ਇਸ ਤਰ੍ਹਾਂ ‘ਪੀਰੀ’ ਦੀ ਕਿਰਪਾਨ ਦਾ ਸੰਕਲਪ ਪੂਰੀ ਤਰ੍ਹਾਂ ਤਰਕਹੀਣ ਸਾਬਤ
ਹੁੰਦਾ ਹੈ ਭਾਵੇਂ ਕਿ ਵਿਚਾਰ-ਅਧੀਨ ਵਾਰ ਵਿਚਲੇ ਸ਼ਬਦ-ਰੂਪ ‘ਮੀਰ’ ਅਤੇ ‘ਪੀਰ’ ਨੂੰ ਇਸਦੇ ਪਾਠ ਵਿੱਚ
ਕ੍ਰਮਵਾਰ ‘ਮੀਰੀ’ ਅਤੇ ‘ਪੀਰੀ’ ਦਾ ਰੂਪ ਮਿਲ ਜਾਣ ਦੀ ਸਥਿਤੀ ਹੀ ‘ਮੀਰੀ-ਪੀਰੀ’ ਸ਼ਬਦ-ਜੁੱਟ ਦਾ
ਸਰੋਤ ਬਣਦੀ ਹੈ। ਸਿਖ ਮੱਤ ਦੇ ਸੰਦਰਭ ਵਿੱਚ ਗਲਤੀ ਨਾਲ ਪਰਚਲਤ ਹੋਏ ‘ਮੀਰੀ-ਪੀਰੀ’ ਦੇ ਇਸ
ਸ਼ਬਦ-ਜੁੱਟ ਵਿੱਚੋਂ ਹੀ ‘ਪੀਰੀ’ ਦੀ ਤਲਵਾਰ ਇਜਾਦ ਕਰ ਲਈ ਗਈ ਅਤੇ ਵਿਦਵਾਨ ਸੱਜਣਾਂ ਨੇ
‘ਮੀਰੀ-ਪੀਰੀ’ ਦੀਆਂ ਤਲਵਾਰਾਂ ਦੇ ਅਧਾਰ ਤੇ ‘ਮੀਰੀ-ਪੀਰੀ’ ਦੇ ਸੰਕਲਪ ਦੇ ਫਲਸਫਾਈ ਕਿਲ੍ਹੇ ਉਸਾਰਨੇ
ਸ਼ੁਰੂ ਕਰ ਦਿੱਤੇ।
ਅਖੌਤੀ ਅਕਾਲ-ਤਖਤ ਅਤੇ ਮੀਰੀ-ਪੀਰੀ
ਜਿਵੇਂ ਕਿ ਉੱਪਰ ਦਰਸਾਇਆ ਗਿਆ ਹੈ ਛੇਵੇਂ ਗੁਰੂ ਜੀ ਵੱਲੋਂ ਅੰਮ੍ਰਿਤਸਰ
ਵਿਖੇ ਉਸਾਰੇ ਗਏ ਅਤੇ ਦਰਬਾਰ ਲਗਾਉਣ ਹਿਤ ਵਰਤੇ ਜਾਂਦੇ ਰਹੇ ਤਖਤ ਨਾਲ ਮੀਰੀ ਦੇ ਪੱਖ ਨੂੰ ਤਾਂ ਜੋੜ
ਕੇ ਵੇਖਿਆ ਜਾ ਸਕਦਾ ਹੈ (‘ਮੀਰੀ’ ਦੇ ਉਪਰੋਕਤ ਦੂਸਰੇ ਪੈਰੇ ਵਿੱਚ ਦਿੱਤੇ ਅਰਥਾਂ ਮੁਤਾਬਿਕ) ਪਰੰਤੂ
ਮੀਰੀ-ਪੀਰੀ ਸੰਕਲਪ ਨੂੰ ਅਖੌਤੀ ਅਕਾਲ ਤਖਤ ਵਿਵਸਥਾ ਨਾਲ ਜੋੜਨਾ ਤਰਕਸੰਗਤ ਨਹੀਂ ਭਾਵੇਂ ਕਿ ਕੁੱਝ
ਵਿਦਵਾਨ ਪੂਰੇ ਸਿਰੜ ਨਾਲ ਇਸ ਪਾਸੇ ਵੱਲ ਯਤਨਸ਼ੀਲ ਹਨ। ਇੱਥੋਂ ਤਕ ਕਿ ਮੀਰੀ-ਪੀਰੀ ਸੰਕਲਪ ਨੂੰ
ਨਿਰੋਲ ਅਖੌਤੀ ਅਕਾਲ-ਤਖਤ ਦੇ ਸਿਧਾਂਤ ਦੇ ਤੌਰ ਤੇ ਵੀ ਪਰੋਸਿਆ ਜਾ ਰਿਹਾ ਹੈ ਜਿਹਾ ਕਿ ਡਾ.
ਹਰਜਿੰਦਰ ਸਿੰਘ ਦਿਲਗੀਰ ਨੇ ‘ਅਕਾਲ-ਤਖਤ’ ਸਬੰਧੀ ਇਹ ਕਹਿੰਦਿਆਂ ਹੋਇਆਂ ਕੀਤਾ ਹੈ ਕਿ “ਗੁਰੂ ਸਾਹਿਬ
ਨੇ ਇਹ ਇੱਕ ਅਜਿਹੀ ਇੰਸਟੀਚਿਊਸ਼ਨ ਪੈਦਾ ਕੀਤੀ ਹੈ ਜਿਸ ਨਾਲ ਸਿਖ ਕੌਮ ਨੂੰ ਮੀਰੀ-ਪੀਰੀ ਦਾ ਮਰਕਜ਼
ਅਤੇ ਦਰਬਾਰ ਹਾਸਿਲ ਹੋ ਗਿਆ ਹੈ” (ਮਹਿੰਦਰ ਸਿੰਘ ਜੋਸ਼ ਰਚਿਤ ਪੁਸਤਕ ‘ਸ੍ਰੀ ਅਕਾਲ ਤੱਖਤ ਸਾਹਿਬ ਤੇ
ਇਸਦਾ ਜਥੇਦਾਰ’ ਵਿੱਚ ਸ਼ਾਮਲ ਲੇਖ ‘ਅਕਾਲ ਤਖਤ ਸਾਹਿਬ ਨੂੰ ਬਚਾਓ’, ਪੰਨਾਂ 59)। ਪਰੰਤੂ ਅਸੀਂ ਵੇਖ
ਚੁੱਕੇ ਹਾਂ ਕਿ ਅਖੌਤੀ ਅਕਾਲ-ਤਖਤ ਵਿੱਚ ਨਾਂ ਮੀਰੀ ਹੈ ਨਾਂ ਪੀਰੀ; ਇਹ ਤਾਂ ਆਪਣੇ-ਆਪ ਵਿੱਚ ਹੀ
ਇੱਕ ਧੋਖੇ ਨਾਲ ਹੋਂਦ ਵਿੱਚ ਲਿਆਂਦੀ ਗਈ ਵਿਵਸਥਾ ਹੈ। (ਵੇਖੋ, ਪਿੱਛੇ ਜਿਹੇ ਲੇਖਕ ਦੇ ਸਿਖਮਾਰਗ
ਵੈਬਸਾਈਟ ਉੱਤੇ ‘ਅਕਾਲ-ਤਖਤ’ ਦੇ ਵਿਸ਼ੇ ਉੱਤੇ ਆਏ ਛੇ ਲੇਖ।)
ਮੀਰੀ-ਪੀਰੀ ਦਾ ਸਿਧਾਂਤ
ਲੋੜ ਇਹ ਹੈ ਕਿ ਸਿਖ ਮੱਤ ਦੇ ਸੰਦਰਭ ਵਿੱਚ ਵਿਅਕਤ ਹੁੰਦਾ ਮੀਰੀ-ਪੀਰੀ ਦਾ
ਸਿਧਾਂਤ/ਸੰਕਲਪ ਸਰਲ ਭਾਸ਼ਾ ਵਿੱਚ ਅਤੇ ਸੂਤਰ-ਰੂਪ ਇਸ ਢੰਗ ਨਾਲ ਪੇਸ਼ ਕੀਤਾ ਜਾਵੇ ਕਿ ਇਹ ਗੁਰਬਾਣੀ
ਦੇ ਅਨੁਰੂਪ ਵੀ ਹੋਵੇ ਅਤੇ ਇੱਕ ਆਮ ਸਿਖ ਦੀ ਸਮਝ ਵਿੱਚ ਵੀ ਆ ਸਕੇ। ਅਸੀਂ ਵੇਖਿਆਂ ਹੈ ਕਿ ਗੁਰਬਾਣੀ
ਉਚੇਚੇ ਤੌਰ ਤੇ ਕਿਧਰੇ ਵੀ ‘ਮੀਰੀ-ਪੀਰੀ’ ਦੇ ਕਿਸੇ ਵਿਸ਼ੇਸ਼ ਸਿਧਾਂਤ/ਸੰਕਲਪ ਨੂੰ ਪੇਸ਼ ਨਹੀਂ ਕਰਦੀ।
ਇਸ ਲਈ ਸਾਨੂੰ ਅਜਿਹੇ ਸਿਧਾਂਤ ਦੀਆਂ ਪੇਚੀਦਾ ਅਤੇ ਬਹੁ-ਪਸਾਰੀ ਵਿਆਖਿਆਵਾਂ ਪੇਸ਼ ਕਰਨ ਦੀ ਬਜਾਏ ਕੋਈ
ਸਾਦਾ, ਇਕ-ਪਸਾਰੀ ਅਤੇ ਵਿਵਹਾਰਕ ਸਿਧਾਂਤ/ਸੰਕਲਪ ਪੇਸ਼ ਕਰਨਾ ਚਾਹੀਦਾ ਹੈ। ਜ਼ਰੂਰੀ ਹੈ ਕਿ ਅਜਿਹਾ
ਸਿਧਾਂਤ/ਸੰਕਲਪ ਉਪਰੋਕਤ ਦੂਸਰੇ ਪੈਰੇ ਵਿੱਚ ਦਿੱਤੇ ਗਏ ‘ਮੀਰੀ’ ਅਤੇ ‘ਪੀਰੀ’ ਸ਼ਬਦਾਂ ਦੇ ਅਰਥਾਂ
ਨੂੰ ਅਧਾਰ ਬਣਾ ਕੇ ਹੀ ਪੇਸ਼ ਕੀਤਾ ਜਾਵੇ। ਇਸ ਪੱਖੋਂ ‘ਮੀਰੀ-ਪੀਰੀ’ ਦੇ ਫਲਸਫੇ ਅਨੁਸਾਰ ਇੱਕ ਸਿਖ
ਦੇ ਮਨੁੱਖੀ ਜੀਵਨ ਦਾ ਮਨੋਰਥ ਕੇਵਲ ਨਿੱਜ ਦੇ ਪਦਾਰਥਕ ਲਾਭਾਂ ਲਈ ਜੀਵਨ-ਗੁਜ਼ਰ ਕਰਨਾ ਨਹੀਂ ਹੋਣਾ
ਚਾਹੀਦਾ। ਇੱਕ ਸਿਖ ਨੂੰ ਆਪਣੇ ਗੁਰੁ ਜੀ ਦੀ ਪੀਰੀ ਅਤੇ ਮੀਰੀ ਨੂੰ ਸਵੀਕਾਰਦੇ ਹੋਏ
ਉੱਚ-ਅਧਿਆਤਮਿਕਤਾ ਦੇ ਧਾਰਨੀ ਹੋਣ ਦੀ ਲੋੜ ਪਵੇਗੀ ਅਤੇ ਜ਼ੁਲਮ ਨਾਲ ਲੋਹਾ ਲੈਂਦੇ ਹੋਏ ਹਰ ਤਰ੍ਹਾਂ
ਦੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਜੂਝਣ ਲਈ ਵੀ ਤਿਆਰ ਰਹਿਣਾ ਪਵੇਗਾ। ਇੱਕ ਸਿਖ ਵਾਸਤੇ
ਅਧਿਆਤਮਕਤਾ ਉਹ ਹੈ ਜਿਸ ਦੀ ਸਿਖਿਆ ਗੁਰਬਾਣੀ ਵਿੱਚੋਂ ਮਿਲਦੀ ਹੈ -- ਪਰਮਾਤਮਾਂ ਨੂੰ ਹਰ ਵਕਤ ਮਨ
ਵਿੱਚ ਵਸਾ ਕੇ ਰੱਖਣਾ ਅਤੇ ਉਸ ਦੇ ਭਾਣੇ ਵਿੱਚ ਰਹਿਣਾਂ। ਜ਼ੁਲਮ ਨਾਲ ਲੋਹਾ ਲੈਣ ਅਤੇ ਮਨੁੱਖੀ ਹੱਕਾਂ
ਦੀ ਰਖਵਾਲੀ ਦੀ ਪਰੇਰਣਾ ਦਾ ਸੋਮਾਂ ਵੀ ਗੁਰਬਾਣੀ ਹੀ ਹੈ। ਇਸ ਲਈ ਇੱਕ ਸਿਖ ਵਾਸਤੇ ਮੀਰੀ ਅਤੇ ਪੀਰੀ
ਦਾ ਆਦਰਸ਼ ਗਿਆਰ੍ਹਵੇਂ ਗੁਰੁ ਜੀ ਸ੍ਰੀ ਗੁਰੁ ਗ੍ਰੰਥ ਜੀ ਹੀ ਹਨ। ਇੱਕ ਸਿਖ ਨੇ ਤਾਂ ਸਿਪਾਹੀ ਜਾਂ
ਵਲੰਟੀਅਰ ਦੇ ਰੂਪ ਵਿੱਚ ਇਹਨਾਂ ਗੁਣਾਂ ਨੂੰ ਸਾਕਾਰ ਕਰਨ ਨੂੰ ਹੀ ਆਪਣਾ ਜੀਵਨ-ਮਨੋਰਥ ਬਣਾਉਣਾ ਹੈ।
ਵਿਦਵਾਨ ਸੱਜਣਾਂ ਨੂੰ ਚਾਹੀਦਾ ਹੈ ਕਿ ‘ਮੀਰੀ-ਪੀਰੀ’ ਦੇ ਸਿਧਾਂਤ/ਸੰਕਲਪ
ਨੂੰ ਇਸ ਦੇ ਸਰਲ ਅਤੇ ਵਿਵਹਾਰਕ ਰੂਪ ਵਿੱਚ ਹੀ ਪਰਚਾਰਨ ਅਤੇ ਅਕਾਦਮਿਕ ਕਸਰਤਾਂ ਵਿੱਚ ਪੈਂਦੇ ਹੋਏ
ਇਸ ਨੂੰ ਜਟਿਲ ਅਤੇ ਬਹੁ-ਪਸਾਰੀ ਬਣਾਉਣ ਦੀ ਕਾਰਵਾਈ ਤੋਂ ਪਰਹੇਜ਼ ਕਰਨ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ
ਸੰਪਰਕ ਲਈ ਫੋਨ ਨੰ. 9317910734, 0172-5077510