.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘ਕੀ ਹੱਥ ਰੱਬ ਜੀ ਨੇ ਕੁਤਰਿਆ ਹੈ`?


ਨਿਊਜ਼ੀਲੈਂਡ ਦੀ ਰਾਜਧਾਨੀ ਗੁਰਦੁਆਰਾ ਵਲਿੰਗਟਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੋਰਤਾ ਸੰਬੰਧੀ ਵਿਚਾਰ ਕਰਨ ਲਈ ੨੫-੦੭-੦੯ ਨੂੰ ਸਵੇਰੇ ਲਗ-ਪਗ ਅੱਠ ਕੁ ਵਜੇ ਹੀ ਪਹੁੰਚ ਗਏ ਸੀ। ਸਾਰਾ ਦਿਨ ਚੱਲ-ਸੁ-ਚੱਲ ਰਹੀ ਹੋਣ ਕਰਕੇ ਰਾਤ ਨੂੰ ਦੇਰ ਨਾਲ ਡੇਢ ਕੁ ਵਜੇ ਨਾਲ ਸੁੱਤੇ ਸੀ। ਥਕਾਵਟ ਹੋਣ ਕਰਕੇ ਨੀਂਦ ਬਹੁਤ ਜ਼ਿਆਦਾ ਆਈ ਹੋਈ ਸੀ। ਤੜਕੇ ਸਾਢੇ ਕੁ ਤਿੰਨ ਵਜੇ ਹੱਥ ਵਾਲੇ ਟੈਲੀਫ਼ੂਨ ਦੀ ਘੰਟੀ ਖੜਕੀ ਅਚਾਨਕ ਮੇਰੀ ਜਾਗ ਖੁਲ੍ਹ ਗਈ। ਟੈਲੀਫ਼ੂਨ ਮੇਰੇ ਬੇਟੇ ਸੁਖਬੀਰ ਸਿੰਘ ਦਾ ਸੀ। ਮੈਨੂੰ ਸਮਝਣ ਵਿੱਚ ਕੋਈ ਬਹੁਤੀ ਦੇਰ ਨਾ ਲੱਗੀ ਕਿਉਂਕਿ ਮੈਨੁੰ ਪਤਾ ਹੈ ਕਿ ਰਾਤ ਸੁੱਤੇ ਪਿਆਂ ਉਸ ਨੇ ਕਦੇ ਵੀ ਟੈਲੀਫ਼ੂਨ ਨਹੀਂ ਕੀਤਾ। ਉਸ ਦੀ ਅਵਾਜ਼ ਵਿੱਚ ਰੁੱਗ ਭਰਿਆ ਹੋਇਆ ਸੀ। ਮੈਨੂੰ ਕਹਿੰਦਾ “ਮੈਂ ਪਹਿਲਾਂ ਵੀ ਤੁਹਾਨੂੰ ਦੋ ਵਾਰ ਕਾਲ ਕੀਤੀ ਸੀ ਜਾਪਦਾ ਹੈ ਤੁਸੀਂ ਸੁਣੀ ਨਹੀਂ”। ਮੈਂ ਕਿਹਾ, “ਨੀਂਦ ਜ਼ਿਆਦਾ ਆਈ ਹੋਣ ਕਰਕੇ ਹੋ ਸਕਦਾ ਹੈ ਕਾਲ ਨਾ ਸੁਣੀ ਹੋਵੇ”। ਦੂਸਰਾ ਸੁਆਲ ਕੀਤਾ, ਕਿ, “ਕੀ ਕੋਈ ਭਾਣਾ ਤਾਂ ਨਹੀਂ ਵਾਪਰ ਗਿਆ”। ਅੱਗੋਂ ਭਰੇ ਹੋਏ ਗੱਚ ਨਾਲ ਕਹਿੰਦਾ, ਪਿੰਡ ਵਾਲੇ ਪਰਮਿੰਦਰ ਸਿੰਘ ਦਾ ਹੱਥ ਟੋਕੇ ਵਿੱਚ ਆ ਕੇ ਕੁਤਰਿਆ ਗਿਆ ਜੇ ਉਹਦੀ ਜ਼ਿੰਦਗੀ ਬਰਬਾਦ ਹੋ ਗਈ ਜੇ”।
ਸੁਖਬੀਰ ਸਿੰਘ ਨੇ ਕੁਦਰਤੀ ਪਿੰਡ ਆਉਣਾ ਸੀ। ਮੇਰਾ ਪਿੰਡ ਪੰਨਵਾਂ ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਜਦ ਕਿ ਮੈਂ ਪਿੱਛਲੇ ਪੈਂਤੀ ਕੁ ਸਾਲ ਤੋਂ ਲੁਧਿਆਣੇ ਸ਼ਹਿਰ ਵਿੱਚ ਰਹਿ ਰਿਹਾ ਹਾਂ। ਉਸ ਦੱਸਿਆ ਕਿ ਮੈਂ ਬਟਾਲੇ ਬੱਚਿਆਂ ਨੂੰ ਨਾਨਕੇ ਛੱਡਣ ਲਈ ਆਇਆ ਹੋਇਆ ਸੀ। ਤੇ ਹੁਣ ਮੈਂ ਸਿੱਧਾ ਅੰਮ੍ਰਿਤਸਰ ਅਮਨ ਹਸਪਤਾਲ ਆ ਗਿਆ ਹਾਂ। ਮੇਰੀ ਕੋਈ ਗੱਲ ਉਸ ਨੇ ਨਹੀਂ ਸੁਣੀ ਆਪੇ ਇੱਕ ਦਮ ਕਈ ਗੱਲਾਂ ਕਰ ਗਿਆ, ਕਹਿੰਦਾ, “ਫਿਲਹਾਲ ਉਹਦੀ ਜ਼ਿੰਦਗੀ ਤਬਾਹ ਹੋ ਗਈ ਹੈ। ਉਹਦੇ ਮਨ ਦੇ ਕਈ ਅਰਮਾਨ ਵਿਚੇ ਹੀ ਰਹਿ ਗਏ। ਪਤਾ ਨਹੀਂ ਉਹਨੇ ਕਿਹੜੀਆਂ ਕਿਹੜੀਆਂ ਬੁਲੰਦੀਆਂ ਨੂੰ ਛੂਹਣਾ ਸੀ”। ਪਰਮਿੰਦਰ ਸਿੰਘ ਦੇ ਦਰਦਾਂ ਭਰੀ ਚੀਸ ਉਹਦੀ ਜ਼ਬਾਨ ਵਿਚਦੀ ਸਾਫ਼ ਦਿਖਾਈ ਦੇ ਰਹੀ ਸੀ। ਮੈਂ ਸੁਖਬੀਰ ਸਿੰਘ ਨੂੰ ਕਿਹਾ, “ਘਬਰਾਉਣ ਦੀ ਲੋੜ ਨਹੀਂ ਹੈ। ਇਸ ਦੁਰਘਟਨਾ ਨੂੰ ਇੱਕ ਚਨੌਤੀ ਵਜੋਂ ਲਓ”। ਮੈਂ ਬਹੁਤ ਕੋਸ਼ਿਸ਼ ਕੀਤੀ ਮੈਨੂੰ ਨੀਂਦ ਆ ਜਾਏ, ਕਦੇ ਅੱਖ ਲੱਗ ਜਾਏ ਕਦੇ ਅੱਖ ਨਾ ਲੱਗੇ। ਮੇਰੇ ਪਾਸ ਹੋਂਸਲੇ ਦੇ ਦੋ ਸ਼ਬਦ ਸਨ ਜੋ ਮੈਂ ਪਰਮਿੰਦਰ ਸਿੰਘ ਦੀ ਰੋਂਦੀ ਹੋਈ ਮਾਂ ਨੂੰ ਦੇਣ ਦੇ ਯਤਨ ਕੀਤੇ। ਓਦੋਂ ਤਾਂਈ ਉਹ ਦੀ ਮਾਂ ਰਣਜੀਤ ਕੌਰ ਨੂੰ ਕੋਈ ਗਿਆਨ ਨਹੀਂ ਸੀ ਕਿ ਮੇਰੇ ਬੇਟੇ ਦਾ ਸਾਰਾ ਹੱਥ ਹੀ ਕੁਤਰਿਆ ਗਿਆ ਹੈ। ਕਹਿੰਦੀ ਭਾਅ ਜੀ, “ਮੈਂ ਸੋਚਦੀ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀਆਂ ਉਂਗਲ਼ਾਂ ਜੁੜ ਜਾਣ”। ਉਹਨੂੰ ਕੇਵਲ ਇਤਨਾ ਕੁ ਹੀ ਦੱਸਿਆ ਸੀ ਕਿ ਬੱਸ ਉਂਗਲ਼ਾਂ ਹੀ ਕਟੀਆਂ ਗਈਆਂ ਨੇ। ਕੋਈ ਫਿਕਰ ਵਾਲੀ ਗੱਲ ਨਹੀਂ ਜੁੜ ਜਾਣਗੀਆਂ।
ਅਸੀਂ ਚਾਰ ਭਰਾ ਤੇ ਦੋ ਭੈਣਾਂ ਵਾਲਾ ਪਰਵਾਰ ਹਾਂ। ਸਭ ਨਾਲੋਂ ਮੈਂ ਵੱਡਾ ਹਾਂ ਪਰ ਅਜੇ ਤਾਂਈ ਸਾਰੇ ਭਰਾ ਪਿਤਾ ਵਾਂਗ ਹਰ ਸਲਾਹ ਨੂੰ ਸਾਂਝੀ ਕਰ ਲੈਂਦੇ ਹਨ। ਇਹਨਾਂ ਦੀਆਂ ਘਰਵਾਲੀਆਂ ਵੱਡੇ ਭਰਾ ਵਾਂਗ ਤੇ ਪਿਤਾ ਵਾਂਗ ਸਤਿਕਾਰ ਦੇਂਦੀਆਂ ਹਨ। ਇਹਨਾਂ ਦੇ ਸਾਰੇ ਬੱਚੇ ਤਾਇਆ ਤਾਂ ਮੈਨੂੰ ਸਮਝਦੇ ਹੀ ਨਹੀਂ ਦੋਸਤ ਵੱਧ ਜਾਣਦੇ ਹਨ। ਮੇਰੇ ਦੋ ਭਰਾ ਮਸਕਟ ਤੇ ਇੱਕ ਡਬਈ ਮਿਹਨਤ ਮਜ਼ਦੂਰੀ ਕਰਕੇ ਆਪੋ ਆਪਣੀ ਜ਼ਿੰਮੇਵਾਰੀ ਦੀ ਪੰਡ ਉਠਾਈ ਫਿਰਦੇ ਹਨ। ਮੈਂ ਪੰਝੀ ਜੂਨ ਨੂੰ ਪਿੰਡ ਗਿਆ ਹੋਇਆ ਸੀ। ਪਿਤਾ ਜੀ ਦੀ ਮੌਤ ਤੋਂ ਬਾਅਦ ਪਿੱਛਲੇ ਪੰਦਰ੍ਹਾਂ ਕੁ ਸਾਲ ਤੋਂ ਸਾਡੇ ਪਿੰਡੋਂ ਹੀ ਭਾਈ ਇੰਦਰ ਸਿੰਘ ਤਿੰਨਾਂ ਮੱਝਾਂ ਨੂੰ ਪੱਠੇ ਪਾ ਦੇਂਦਾ ਸੀ। ਹੁਣ ਉਹ ਬਜ਼ੁਰਗ ਹੋ ਗਿਆ ਸੀ ਤੇ ਪਿੱਛਲੇ ਦੋ ਸਾਲ ਤੋਂ ਕੰਮ ਛੱਡਣ ਦੀ ਗੱਲ ਕਰਦਾ ਸੀ। ਬੱਚੇ ਨਿਆਣੇ ਹੋਣ ਕਰਕੇ ਉਸ ਨੂੰ ਹਰ ਵਾਰੀ ਕਿਹਾ ਜਾਂਦਾ ਸੀ ਕਿ ਜਿੰਨਾ ਕੁ ਕੰਮ ਹੁੰਦਾ ਹੈ ੳਤਨਾ ਕੁ ਹੀ ਕਰ ਲਿਆ ਕਰ ਅਜੇ ਸਰੀ ਜਾਂਦਾ ਹੈ। ਸਾਰੇ ਬੱਚਿਆਂ ਨਾਲ ਉਹਦਾ ਪਿਆਰ ਸੀ ਰੋਟੀ ਪਾਣੀ ਵਲੋਂ ਕੋਈ ਹੀਲ ਹੁਜੱਤ ਨਹੀਂ ਸੀ। ਉਹ ਵੀ ਘਰ ਦਾ ਮੈਂਬਰ ਹੋਣ ਵਾਂਗ ਵਿਚਰਦਾ ਰਿਹਾ ਹੈ। ਬੱਚੇ ਉਹਨੂੰ ਮਖੌਲ ਵੀ ਕਰਦੇ ਰਹਿੰਦੇ ਸੀ ਤੇ ਉਹ ਵੀ ਅੱਗੋਂ ਉਹਨਾਂ ਨਾਲ ਨਿਆਣਿਆਂ ਵਾਂਗ ਹੋੜੇ ਮਿਹਣੇ ਭਿੜਦਾ ਰਹਿੰਦਾ।
ਇੰਦਰ ਸਿੰਘ ਭਾਵੇਂ ਕੰਮ ਕਰਨ ਤੋਂ ਹੱਟ ਗਿਆ ਸੀ। ਪਰ ਫਿਰ ਵੀ ਰਣਜੀਤ ਕੌਰ ਮੇਰੇ ਸਾਹਮਣੇ ਕਹਿਣ ਲੱਗੀ ਭਾਅ ਜੀ ਤੁਸਾਂ ਸਾਡੇ ਘਰ ਦਾ ਕੰਮ ਬਹੁਤ ਕੀਤਾ ਹੈ ਜਦੋਂ ਮਰਜ਼ੀ ਹੋਵੇ ਪ੍ਰਸ਼ਾਦਾ ਪਾਣੀ ਛੱਕ ਜਾਇਆ ਕਰਿਆ ਜੇ। ਕੰਮ ਛੱਡਣ ਤੋਂ ਉਪਰੰਤ ਵੀ ਅੱਜ ਤਾਂਈ ਰੋਟੀ ਪਾਣੀ ਓਸੇ ਤਰ੍ਹਾਂ ਹੀ ਉਸ ਦਾ ਚਲਦਾ ਹੈ। ਚਲੋ ਜੇ ਤੁਸੀਂ ਨਹੀਂ ਆ ਸਕਦੇ ਤਾਂ ਬੱਚੇ ਮੱਝਾਂ ਨੂੰ ਆਪ ਹੀ ਪੱਠੇ ਪਾ ਲਿਆ ਕਰਨਗੇ। ਉਦੋਂ ਘਰ ਬੈਠਿਆਂ ਮੈਂ ਕਿਹਾ ਕਿ ਇੰਜਣ ਵਾਲਾ ਟੋਕਾ ਹੈ ਜਿੰਨਾ ਚਿਰ ਤੁਹਾਡੇ ਵਿੱਚ ਕੋਈ ਜਣੀ ਓੱਥੇ ਨਾ ਹੋਵੇ ਟੋਕੇ ਨਾਲ ਬੱਚਿਆਂ ਨੂੰ ਪੱਠੇ ਨਾ ਕੁਤਰਨ ਦਿਆ ਜੇ। ਮੈਨੂੰ ਪਤਾ ਸੀ ਕਿ ਬੱਚੇ ਹੌਲ਼ੀ ਉਮਰ ਦੇ ਹਨ। ਇੰਜਣ ਵਾਲੇ ਟੋਕੇ ਨਾਲ ਇਹਨਾਂ ਦਾ ਵਾਹ ਵਾਸਤਾ ਨਹੀਂ ਹੈ। ਬੱਚਿਆਂ ਨੇ ਹਿੰਮਤ ਕਰਕੇ ਲੱਗ-ਪੱਗ ਪੱਠਿਆਂ ਦਾ ਕੰਮ ਸਾਂਭ ਲਿਆ ਸੀ। ਪਰ ਅਜੇ ਉਹਨਾਂ ਨੂੰ ਕੋਈ ਬਹੁਤਾ ਤਜਰਬਾ ਨਹੀਂ ਸੀ।
ਬੱਚੇ ਸਕੂਲੋਂ ਆ ਕੇ ਹਰ ਰੋਜ਼ ਦੀ ਤਰ੍ਹਾਂ ਪੱਠੇ ਲੈਣ ਲਈ ਚਲੇ ਗਏ। ਸੋਚਦੇ ਸੀ ਕਿ ਮੰਮੀਆਂ ਤੇ ਆਉਣ ਤੋਂ ਪਹਿਲਾਂ ਪਹਿਲਾਂ ਪੱਠੇ ਵੱਢ ਕੇ ਵਿਹਲੇ ਹੋ ਜਾਵਾਂਗੇ ਤੇ ਸ਼ਾਮ ਨੂੰ ਖੇਡਣ ਲਈ ਸਾਨੂੰ ਖੁਲ੍ਹਾ ਸਮਾਂ ਮਿਲ ਜਾਏਗਾ। ਇਹਨਾਂ ਵਿੱਚ ਦੋ ਬੱਚੇ ਚੌਦਾਂ ਤੋਂ ਪੰਦਰ੍ਹਾਂ ਸਾਲਾਂ ਦੇ ਸਨ ਤੇ ਦੋ ਬੱਚੇ ਦਸ ਤੋ ਬਾਰ੍ਹਾਂ ਸਾਲਾਂ ਦੇ ਸਨ। ਪੱਠੇ ਕੁਤਰਦਿਆਂ ਇੱਕ ਰੁੱਗ ਅੜ ਗਿਆ। ਪਰਮਿੰਦਰ ਸਿੰਘ ਨੇ ਜਿਉਂ ਹੀ ਉਸ ਰੁੱਗ ਨੂੰ ਅਗਾਂਹ ਧੱਕਿਆ ਨਾਲ ਹੀ ਹੱਥ ਅਗਾਂਹ ਚੱਲਿਆ ਗਿਆ। ਪੱਠਿਆਂ ਦੇ ਨਾਲ ਹੀ ਸੈਕਿੰਟਾਂ ਵਿੱਚ ਨਿੱਕੇ ਨਿੱਕੇ ਹੱਥਾਂ ਦੀਆਂ ਨਿੱਕੀਆਂ ਨਿੱਕੀਆਂ ਉਂਗਲ਼ਾਂ ਕੁਤਰਦੀਆਂ ਗਈਆਂ। ਪਰਮਿੰਦਰ ਸਿੰਘ ਨੇ ਜ਼ੋਰ ਦੀ ਕਿਹਾ ਕੇ ਗੁਰਜੰਟ ਮੇਰਾ ਚੀਰਨੀ ਵਿੱਚ ਆ ਗਿਆ ਈ। ਗੁਰਜੰਟ, ਪਰਮਿੰਦਰ ਨੂੰ ਚੀਰਨੀਆਂ ਫੜਾ ਰਿਹਾ ਸੀ। ਗੁਰਜੰਟ ਨੇ ਇੱਕ ਦਮ ਪਰਮਿੰਦਰ ਦੀ ਬਾਂਹ ਫੜ ਕੇ ਖਿਚਣੀ ਸ਼ੁਰੂ ਕੀਤੀ ਤਾਂ ਕੇ ਅੱਗੋਂ ਬਾਂਹ ਟੋਕੇ ਵਿੱਚ ਨਾ ਸਕੇ। ਉਹ ਇਸ ਕੰਮ ਵਿੱਚ ਕਾਮਯਾਬ ਹੋ ਗਿਆ। ਚਲਦੇ ਇੰਜਣ ਤੋਂ ਛੋਟੇ ਅਜੇਪਾਲ ਸਿੰਘ ਨੇ ਪਟਾ ਲਾਹਿਆ ਪਰ ਹੌਲ਼ਾ ਹੋਣ ਕਰਕੇ ਨਾਲ ਹੀ ਧੂਇਆ ਚਲਿਆ ਸੀ, ਬਚਾ ਹੋ ਗਿਆ। ਟੋਕੇ ਦਾ ਪੁੱਠਾ ਗੇੜਾ ਦਿੱਤਾ ਤੇ ਖੂਨ ਦੀ ਤਤੀਰੀ ਵਾਲੀ ਬਾਂਹ ਦੇਖ ਕੇ ਪਰਮਿੰਦਰ ਡਿੱਗ ਪਿਆ। ਅਜੇਪਾਲ ਸਿੰਘ ਨੇ ਬੇਹੋਸ਼ ਹੋਏ ਵੀਰ ਦੇ ਮੂੰਹ ਵਿਚ, ਆਡ ਵਿੱਚ ਖਲੋਤੇ ਹੋਏ ਪਾਣੀ ਨੂੰ ਮੂੰਹ ਵਿੱਚ ਪਾਉਣਾ ਸ਼ੁਰੂ ਕੀਤਾ। ਕੁੱਝ ਚੁਲ਼ੀਆਂ ਸਿਰ ਵਿੱਚ ਵੀ ਪਾਈਆਂ ਕਿ ਇਸ ਨੂੰ ਹੋਸ਼ ਆ ਜਾਏ। ਨਿਆਣੇ ਦੇਖ ਕੇ ਘਾਬਰ ਗਏ, ਰੌਲ਼ਾ ਪੈ ਗਿਆ।
ਪਾਣੀ ਵਾਲੀ ਮੋਟਰ ਤੇ ਪੱਠੇ ਕੁਤਰਨ ਵਾਲਾ ਟੋਕਾ ਨੇੜੇ ਨੇੜੇ ਹੀ ਹਨ। ਪਿੰਡ ਦੇ ਬਾਹਰਵਾਰ ਬੰਬੀ ਹੋਣ ਕਰਕੇ ਨਹਾਉਣ ਲਈ ਵੀਰ ਆਉਂਦੇ ਜਾਂਦੇ ਹੀ ਰਹਿੰਦੇ ਹਨ। ਨਹਾਉਣ ਆਏ ਸੁੱਖੇ ਨੇ ਨਿਆਣਿਆਂ ਦਾ ਰੌਲ਼ਾ ਸੁਣਿਆਂ ਤੇ ਉੱਚੀ ਅਵਾਜ਼ ਵਿੱਚ ਦਬਕਾ ਮਾਰ ਬੋਲਿਆ, “ਓਏ ਕਿਉਂ ਲੜਦੇ ਜੇ”। ਗੁਰਜੰਟ ਨੇ ਉੱਚੀ ਅਵਾਜ਼ ਵਿੱਚ ਆਖਿਆ, ਕਿ “ਵੀਰ ਜੀ ਪਰਮਿੰਦਰ ਦਾ ਹੱਥ ਟੋਕੇ ਵਿੱਚ ਆ ਗਿਆ ਜੇ ਭੱਜ ਕੇ ਆਇਆ ਜੇ”। ਸੁੱਖੇ ਹੁਰਾਂ ਦਾ ਘਰ ਬੰਬੀ ਦੇ ਸਾਹਮਣੇ ਹੀ ਹੈ। ਸੁੱਖਾ ਪੰਜਾਬ ਪੁਲੀਸ ਵਿੱਚ ਨੌਕਰੀ ਕਰਦਾ ਹੈ। ਉਸ ਨੂੰ ਐਕਸੀਡੈਂਟ ਕੇਸਾਂ ਬਾਰੇ ਮੇਰੇ ਖ਼ਿਆਲ ਅਨੁਸਾਰ ਪੂਰਾ ਗਿਆਨ ਹੈ। ਸੁੱਖੇ ਨੇ ਆਪਣੇ ਤਜਰਬੇ ਅਨੁਸਾਰ ਹੱਥ ਨੂੰ ਓਸੇ ਵੇਲੇ ਆਪਣੇ ਹੀ ਤੌਲੀਏ ਵਿੱਚ ਲੁਕਾ ਦਿੱਤਾ। ਨਾਲ ਹੀ ਬੋਬੀ ਨੂੰ ਟੈਲੀਫੂਨ ਕਰ ਦਿੱਤਾ ਕਿ ਤੂੰ ਕਿੱਥੇ ਹੈਂ। ਬੋਬੀ ਕਾਲੇ ਅਫ਼ਗਾਨੇ ਦੇ ਅੱਡੇ ਵਿੱਚ ਦੁਕਾਨ ਕਰਦਾ ਹੈ। ਕੁਦਰਤੀ ਪਿੰਡ ਆਇਆ ਹੋਇਆ ਸੀ। ਸੁੱਖੇ ਨੇ ਪਰਮਿੰਦਰ ਸਿੰਘ ਨੂੰ ਆਪ ਚੁੱਕਿਆ ਤੇ ਨਾਲ ਹੀ ਮੇਰੇ ਤੋਂ ਛੋਟੇ ਸੁਖਦੇਵ ਸਿੰਘ ਦੇ ਘਰ ਲੈ ਗਿਆ। ਪੰਜ ਕੁ ਮਿੰਟ ਦੇ ਵਿੱਚ ਹੀ ਬੋਬੀ ਆਪਣੀ ਕਾਰ ਲੈ ਕੇ ਆ ਗਿਆ। ਪਰਮਿੰਦਰ ਥੋੜਾ ਜੇਹਾ ਹੋਸ਼ ਵਿੱਚ ਆ ਗਿਆ। ਰੌਲ਼ਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਸੁੱਖੇ ਨੇ ਪਰਮਿੰਦਰ ਨੂੰ ਕਿਹਾ, ਕੇ “ਦੂਜੇ ਪਾਸੇ ਜ਼ਰਾ ਕੁ ਦੇਖ ਖਾਂ”। ਨਾਲ ਹੀ ਇੱਕ ਬੀਬੀ ਦੀ ਸਿਰ ਵਾਲੀ ਚੁੰਨੀ ਲੈ ਕੇ ਜ਼ੋਰ ਨਾਲ ਗੁੱਟ ਲਾਗੇ ਘੁੱਟ ਕੇ ਪੀਡੀ ਗੰਢ ਦੇ ਦਿੱਤੀ ਤਾਂ ਕੇ ਖੂਨ ਨਾ ਨਿਕਲੇ।
ਸਾਡੇ ਫੁੱਫੜ ਜੀ ਦੀ ਚੜ੍ਹਾਈ ਕਰ ਗਏ ਸੀ, ਉਹਨਾਂ ਦੀ ਅੰਤਮ ਅਰਦਾਸ ੨੫ ਜੁਲਾਈ ਦੀ ਸੀ। ਸਾਰੀਆਂ ਬੀਬੀਆਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਗਈਆਂ ਹੋਈਆਂ ਸਨ। ਅਜੇ ਘਰ ਵਾਪਸ ਆਈਆਂ ਹੀ ਸਨ ਕੇ ਰੌਲ਼ਾ ਪੈ ਗਿਆ। ਮੇਰੀ ਸਿੰਘਣੀ ਤੇ ਗੁਰਜੰਟ ਨੇ ਪਿਛਲੀ ਸੀਟ `ਤੇ ਬੈਠ ਕੇ ਪਰਮਿੰਦਰ ਨੂੰ ਗੋਦ ਵਿੱਚ ਪਾ ਲਿਆ, ਬੈਠਦਿਆਂ ਬੈਠਦਿਆਂ ਸੁੱਖੇ ਨੇ ਭੱਜ ਕੇ ਆਪਣੇ ਘਰੋਂ ਪੈਸਿਆਂ ਵਾਲਾ ਬਟਵਾ ਚੁੱਕਿਆ ਅਗਲੀ ਸੀਟ `ਤੇ ਬੈਠ ਗਿਆ। ਸੁੱਖੇ ਨੇ ਏਨੀ ਕਾਹਲ ਵਿੱਚ ਇਹ ਸਾਰਾ ਕੰਮ ਕੀਤਾ ਕਿ ਕਿਸੇ ਨੂੰ ਵੀ ਪੱਕਾ ਇਹ ਪਤਾ ਨਾ ਲੱਗ ਸਕਿਆ ਕੇ ਹੱਥ ਕਿੰਨਾ ਕੁ ਕੁਤਰਿਆ ਗਿਆ ਹੈ।
ਸੁਖੇ ਨੂੰ ਇਹ ਵੀ ਪਤਾ ਸੀ ਐਕਸੀਡੈਂਟ ਵਾਲੇ ਕੇਸ ਕਿਹੜੇ ਹਸਪਤਾਲ ਵਿੱਚ ਲੈ ਕੇ ਜਾਈਦੇ ਹਨ। ਬਿਨਾਂ ਕਿਸੇ ਦੀ ਸਲਾਹ ਲਿਆਂ ਸੁੱਖੇ ਨੇ ਕਾਰ ਅੰਮ੍ਰਿਤਸਰ ਵਲ ਨੂੰ ਪਾ ਲਈ। ਪਰਮਿੰਦਰ ਨੂੰ ਵੀ ਅਜੇ ਪੂਰਾ ਪਤਾ ਨਹੀਂ ਸੀ ਕਿ ਮੇਰਾ ਪੂਰਾ ਹੱਥ ਹੀ ਕੱਟਿਆ ਗਿਆ ਹੈ। ਰਾਹ ਵਿੱਚ ਸਿਰੜੀ ਪਰਮਿੰਦਰ ਆਪਣੀ ਤਾਈ ਨੂੰ ਪੁੱਛਦਾ ਹੈ, ਕਿ “ਤਾਈ ਜੀ ਮੇਰੀਆਂ ਉਂਗਲ਼ਾਂ ਜੁੜ ਜਾਣਗੀਆਂ ਨਾ” ਪਰਮਿੰਦਰ ਦਾ ਦਰਦ ਦੇਖ ਕੇ ਆਪਣੇ ਅੱਥਰੂਆਂ ਭਰੀ ਭੁੱਬ ਨੂੰ ਰੋਕ ਕੇ ਕਹਿੰਦੀ, ਪੁੱਤ ਤੇਰੇ ਹੱਥ ਦੀਆਂ ਉਂਗਲਾਂ ਨੂੰ ਡਾਕਟਰਾਂ ਨੇ ਜੋੜ ਦੇਣਾ ਹੈ”। ਪਰ ਬੱਚੇ ਦਾ ਦਰਦ ਦੇਖ ਕੇ ਅੰਦਰਲੀ ਚੀਸ ਨੂੰ ਵਿਚੇ ਹੀ ਪੀ ਗਈ। ਸੁੱਖੇ ਨੇ ਰਾਹ ਵਿਚੋਂ ਥੋੜਾ ਦਰਦ ਦਾ ਟੀਕਾ ਲਵਾਇਆ ਤੇ ਅੰਮ੍ਰਿਤਸਰ ਹਸਪਤਾਲ ਪਹੁੰਚ ਗਏ। ਡਾਕਟਰਾਂ ਦੀ ਟੀਮ ਨੇ ਸਮੇਂ ਅਨੁਸਾਰ ਬਾਂਹ ਦਾ ਕੁੱਝ ਹਿੱਸਾ ਹੋਰ ਕੱਟ ਕੇ ਅਪਰੇਸ਼ਨ ਕਰ ਦਿੱਤਾ। ਪਰ ਪਰਮਿੰਦਰ ਸਿੰਘ ਨੂੰ ਇਸ ਸਬੰਧੀ ਕੋਈ ਗਿਆਨ ਨਹੀਂ ਸੀ ਕਿ ਮੇਰਾ ਹੱਥ ਕੱਟਿਆ ਗਿਆ ਹੈ। ਮੇਰੇ ਪਿੰਡ ਦੀ ਭਾਈਚਾਰਕ ਸਾਂਝ ਬਹੁਤ ਪਿਆਰੀ ਹੈ। ਬਿਨਾ ਭਿੰਨ ਭਾਵ ਦੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ। ਪਿੰਡ ਵਿੱਚ ਬੱਚੇ ਨਾਲ ਅਜੇਹਾ ਹਾਦਸਾ ਵਾਪਰਿਆ ਦੇਖ ਕੇ ਕਿਸੇ ਦਾ ਵੀ ਰੋਟੀ ਖਾਣ ਨੂੰ ਚਿੱਤ ਨਾ ਕਰੇ।
ਮੈਂ ਦੇਖਿਆ ਹੈ ਕਿ ਅਜੇਹੇ ਮੌਕਿਆ `ਤੇ ਕਿਸੇ ਦਾ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੁੰਦਾ। ਲਗ-ਪਗ ਸਾਰਾ ਪਿੰਡ ਤੇ ਰਿਸ਼ਤੇਦਾਰ ਰਾਤ ਤਾਂਈ ਅੰਮ੍ਰਿਤਸਰ ਪਹੁੰਚ ਗਏ। ਪਰਮਿੰਦਰ ਹੱਦ ਦਰਜੇ ਸੰਗਾਊ ਸੁਭਾਅ ਦਾ ਹੈ ਪਰ ਨੇੜਤਾ ਹਰੇਕ ਨਾਲ ਰੱਖਦਾ ਹੈ। ਗਲ਼ੀ ਗਵਾਂਢ ਵਿੱਚ ਆਮ ਸਾਰਿਆਂ ਦੇ ਨਿੱਕੇ ਮੋਟੇ ਕੰਮ ਕਰਦਾ ਰਹਿੰਦਾ ਹੈ। ਸਭ ਤੋਂ ਛੋਟੇ ਭਰਾ ਦੀ ਘਰਵਾਲੀ ਹਰਜੀਤ ਕੌਰ ਨੇ ਕੁਤਰੇ ਹੋਏ ਪੱਠਿਆਂ ਵਿਚੋਂ ਧਾਂਈਂ ਮਾਰਦੀ ਨੇ ਉਂਗਲ਼ਾਂ ਦੇ ਕੁਤਰਿਆਂ ਨੂੰ ਇਕੱਠਾ ਕੀਤਾ ਤੇ ਜਲਦੀ ਜਲਦੀ ਸੁਖਜਿੰਦਰ ਕੌਰ ਨੂੰ ਨਾਲ ਲੈ ਕੇ ਦੂਸਰੀ ਗੱਡੀ ਰਾਂਹੀ ਅੰਮ੍ਰਿਤਸਰ ਨੂੰ ਚੱਲ ਪਈਆਂ। ਪਰ ਡਾਕਟਰਾਂ ਨੇ ਕਿਹਾ ਕੇ ਹੱਥ ਦੇ ਏੰਨੇ ਬਰੀਕ ਟੁਕੜਿਆਂ ਦੇ ਕੁੱਤਰੇ ਨੂੰ ਜੋੜਿਆ ਨਹੀਂ ਜਾ ਸਕਦਾ।
ਪਿੱਛੋਂ ਪਰਮਿੰਦਰ ਦੀ ਮੰਮੀ ਆਪਣੇ ਭਰਾ ਸੁੱਖੇ ਨਾਲ ਅੰਮ੍ਰਿਤਸਰ ਆਈ ਤੇ ਕਹਿਣ ਲੱਗੀ, “ਮੈਨੂੰ ਪਰਮਿੰਦਰ ਦਿਖਾਓ ਖ਼ਾਂ”। ਰਣਜੀਤ ਕੌਰ ਨੂੰ ਪਰਮਿੰਦਰ ਸਿੰਘ ਦਿਖਾਇਆ ਤੇ ਦੱਸਿਆ ਗਿਆ ਹੁਣ ਠੀਕ ਹੈ ਤੇ ਸੌਂ ਗਿਆ ਹੈ। ਅਜੇ ਤਾਂਈ ਰਣਜੀਤ ਕੌਰ ਨੂੰ ਕੋਈ ਪਤਾ ਨਹੀਂ ਸੀ ਕਿ ਉਹਦਾ ਹੱਥ ਕੁਤਰਿਆ ਗਿਆ ਹੈ। ਰਣਜੀਤ ਕੌਰ ਨੂੰ ਅਗਲ਼ੇ ਦਿਨ ਜਾ ਕੇ ਦੱਸਿਆ ਗਿਆ ਕਿ ਪਰਮਿੰਦਰ ਸਿੰਘ ਦਾ ਤਾਂ ਗੁੱਟ ਤੋਂ ਹੱਥ ਕੁਤਰਿਆ ਗਿਆ ਹੈ। ਰਣਜੀਤ ਕੌਰ ਦੇ ਅਥਰੂਆਂ ਦਾ ਹੜ੍ਹ ਵਗ ਤੁਰਿਆ ਜੋ ਰੁਕਿਆਂ ਵੀ ਨਹੀਂ ਰੁਕ ਰਿਹਾ ਸੀ। ਭਾਂਵੇ ਸਾਰੇ ਦਿਲਾਸਾ ਦੇ ਰਹੇ ਸੀ ਪਰ ਸਾਹਮਣੇ ਪਰਮਿੰਦਰ ਸੁੱਤਾ ਹੋਇਆ ਦਿਸ ਰਿਹਾ ਸੀ। ਅਜੇਹਾ ਸਮਾਂ ਸੀ ਕਿ ਸਾਰਿਆਂ ਦੀ ਅੱਖਾਂ ਵਿੱਚ ਅਥਰੂਆਂ ਦਾ ਦਰਿਆ ਵਹਿ ਰਿਹਾ ਸੀ। ਹਸਪਤਾਲ ਦੇ ਬਾਹਰ ਸਾਰਾ ਪਿੰਡ, ਰਿਸ਼ਤੇਦਾਰ ਤੇ ਮਿੱਤਰ ਦੋਸਤ ਇਕੱਠੇ ਹੋਏ ਸਨ ਜੋ ਪਰਵਾਰ ਨੂੰ ਦਿਲਾਸਾ ਦੇ ਰਹੇ ਸੀ। ਮਨੁੱਖੀ ਭਾਈਚਾਰੇ ਦੀ ਇਹ ਅਪਣੱਤ ਤੇ ਹਮਦਰਦੀ ਅੰਦਰਲੇ ਦਰਦ ਨੂੰ ਘਟਾਉਂਦੀ ਹੈ।
ਪਰਮਿੰਦਰ ਸਿੰਘ ਨੂੰ ਤੀਜੇ ਦਿਨ ਦੱਸਿਆ ਗਿਆ ਕਿ ਤੇਰਾ ਹੱਥ ਕੱਟਿਆ ਗਿਆ ਹੈ। ਵਿਚਾਰਾ ਰੋਅ ਰਾਅ ਕੇ ਚੁੱਪ ਕਰ ਗਿਆ। ਬੈਡ ਤੇ ਪਏ ਦੀ ਮਸੂਮੀਅਤ ਦੇਖ ਕੇ ਹਰ ਅੱਖ ਨਮ ਹੋ ਜਾਂਦੀ ਸੀ। ਉਹਨੂੰ ਝੂਠਾ ਧਰਵਾਸ ਦਿੱਤਾ ਗਿਆ ਕਿ ਤੇਰਾ ਤਾਇਆਂ ਨਿਊਜ਼ੀਲੈਂਡ ਤੋਂ ਨਵਾਂ ਹੱਥ ਲੈ ਕੇ ਆਏਗਾ। ਮੇਰੀ ਪਰਮਿੰਦਰ ਨਾਲ ਗੱਲ ਕਰਾਈ ਗਈ। ਕਹਿੰਦਾ ਤਾਇਆ ਜੀ ਮੈਂ ਮੋਟਰ ਸਾਇਕਲ ਚਲਾ ਲਵਾਂਗਾ। ਮੈਂ ਕਿਹਾ ਕੋਈ ਗੱਲ ਨਹੀਂ ਤੂੰ ਸਾਰੇ ਹੀ ਕੰਮ ਕਰਿਆ ਕਰੇਂਗਾ।
ਮੈਂ ਨਿਊਜ਼ੀਲੈਂਡ ਤੋਂ ਵਾਪਸ ਆ ਕੇ ਪਿੰਡ ਗਿਆ। ਪਰਮਿੰਦਰ ਸਿੰਘ ਨੂੰ ਮਿਲਿਆ, ਪਰਵਾਰ ਦੇ ਸਾਰੇ ਜੀਅ ਇਕੱਠੇ ਹੋਏ, ਰਣਜੀਤ ਕੌਰ ਕਹਿਣ ਲੱਗੀ ਭਾਅ ਜੀ ਰੱਬ ਜੀ ਨੂੰ ਏਵੇਂ ਹੀ ਮਨਜੂਰ ਸੀ। ਸਾਡੇ ਪਿਛਲੇ ਮਾੜੇ ਕਰਮ ਅੱਗੇ ਆਏ ਹਨ। ਕੀ ਪਤਾ ਅਸੀਂ ਕਿਹੜੇ ਮਾੜੇ ਕਰਮ ਕੀਤੇ ਸੀ। ਆਮ ਸਾਡੇ ਪੇਂਡੂ ਸੁਭਾਅ ਵਿੱਚ ਜੋ ਗੱਲਾਂ ਸਨ ਉਹ ਸਾਰੀਆਂ ਸੁਣੀਆਂ। ਮੈਂ ਸੁਣਦਾ ਰਿਹਾ ਤੇ ਕਿਹਾ ਕਿ ਰਣਜੀਤ ਕੌਰ ਜੀ ਰੱਬ ਜੀ ਨੇ ਹੱਥ ਨਹੀਂ ਕੁਤਰਿਆ। ਇਹ ਮਨੁੱਖੀ ਗਲਤੀਆਂ ਸਾਡੇ ਅੱਗੇ ਆਈਆਂ ਹਨ। ਮਨੁੱਖੀ ਗਲਤੀਆਂ ਨੂੰ ਸਮੇਂ ਸਿਰ ਸੁਧਾਰਨ ਦਾ ਅਸਾਂ ਯਤਨ ਨਹੀਂ ਕੀਤਾ। ਅਸੀਂ ਕੁਦਰਤੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਮੈਂ ਤੁਹਾਨੂੰ ਪੰਝੀ ਜੂਨ ਨੂੰ ਜਨੀ ਕਿ ਦੋ ਮਹੀਨੇ ਪਹਿਲਾਂ ਕਹਿ ਕੇ ਗਿਆ ਸੀ ਕਿ ਪੱਠੇ ਕੁਤਰਨ ਦਾ ਕੰਮ ਇਹਨਾਂ ਬੱਚਿਆਂ ਦੇ ਵੱਸ ਤੋਂ ਬਾਹਰ ਦਾ ਹੈ ਕਿਉਂ ਕਿ ਇੰਝਣ ਵਾਲੇ ਟੋਕੇ ਤੇ ਚੀਰਨੀਆਂ ਲਾਉਣੀਆਂ ਇਹਨਾਂ ਬੱਚਿਆਂ ਦੀ ਉਮਰ ਨਾਲੋਂ ਵੱਡਾ ਕੰਮ ਹੈ, ਜੋ ਇਹ ਬੱਚੇ ਕਰ ਨਹੀਂ ਸਕਦੇ ਸਨ। ਦੂਸਰਾ ਮੈਂ ਤੁਹਾਨੂੰ ਕਹਿ ਕਿ ਗਿਆ ਸੀ, ਕਿ ਜੇ ਤੁਸਾਂ ਮੱਝਾਂ ਰੱਖਣੀਆਂ ਹਨ ਤਾਂ ਉਹਨਾਂ ਨੂੰ ਪੱਠੇ ਪਾਉਣ ਲਈ ਬੰਦੇ ਦਾ ਇੰਤਜ਼ਾਮ ਕਰੋ ਜੇ ਬੰਦੇ ਦਾ ਇੰਤਜ਼ਾਮ ਨਹੀਂ ਹੁੰਦਾ ਤਾਂ ਪੱਠੇ ਕੁਤਰਨ ਲੱਗਿਆਂ ਤੁਹਾਨੂੰ ਇਹਨਾਂ ਬੱਚਿਆਂ ਨੂੰ ਸਹਿਜੋਗ ਦੇਣ ਲਈ ਆਪ ਕੰਮ ਕਰਨਾ ਪੈਣਾ ਹੈ। ਤੇਜ਼ ਟੋਕੇ ਦਾ ਮੁਕਾਬਲਾ ਇਹ ਨਿਆਣੇ ਨਹੀਂ ਕਰ ਸਕਦੇ ਸਨ ਕਿਉਂਕਿ ਇਹਨਾਂ ਨੂੰ ਤਜੁਰਬਾ ਕੋਈ ਨਹੀਂ ਸੀ। ਇਹ ਗੱਲਾਂ ਮੈਂ ਤੁਹਾਨੂੰ ਸਾਰੀਆਂ ਕਹਿ ਕੇ ਗਿਆ ਸੀ। ਮੈਨੂੰ ਇਹ ਸਾਰਾ ਹਾਦਸਾ ਪ੍ਰਤੱਖ ਦਿਸ ਰਿਹਾ ਸੀ। ਪਰ ਤੁਸਾਂ ਮੇਰੀ ਗੱਲ ਵਲ ਧਿਆਨ ਨਹੀਂ ਦਿੱਤਾ। ਇਹ ਹਾਦਸਾ ਮਨੁੱਖੀ ਗਲਤੀ ਹੈ ਰੱਬ ਜੀ ਤਾਂ ਨਿਰਵੈਰ ਹਨ। ਰੱਬ ਜੀ ਦਾ ਇਸ ਬੱਚੇ ਨਾਲ ਕੋਈ ਵੀ ਵੈਰ ਨਹੀਂ ਸੀ। ਤੁਹਾਡੇ ਕਹਿਣ ਨਾਲ ਇੰਜ ਲੱਗਦਾ ਹੈ ਜਿਵੇਂ ਰੱਬ ਜੀ ਨੇ ਕੋਈ ਬਦਲਾ ਲਿਆ ਹੋਵੇ।
ਰਣਜੀਤ ਕੌਰ ਕਹਿਣ ਲੱਗੀ ਕਿ ਭਾਅ ਜੀ ਸਾਨੂੰ ਤਾਂ ਹੁਣ ਹਨੇਰਾ ਹੀ ਲੱਗਦਾ ਹੈ। ਇਸ ਦਾ ਭਵਿੱਖਤ ਕੋਈ ਵਧੀਆ ਨਹੀਂ ਲੱਗਦਾ। ਇਹ ਠੀਕ ਹੈ ਕਿ ਤੁਸੀਂ ਸਾਨੂੰ ਕਿਹਾ ਜ਼ਰੂਰ ਸੀ ਪਰ ਇਹ ਬੱਚੇ ਵੀ ਨਹੀਂ ਮੰਨਦੇ ਸਨ ਕਿ ਅਸੀਂ ਇਹਨਾਂ ਦੇ ਕੋਲ ਖੜੀਆਂ ਹੋਈਏ। ਇਹ ਕਹਿੰਦੇ ਸੀ ਕਿ ਜੇ ਤੁਸਾਂ ਟੋਕੇ ਦੇ ਨੇੜੇ ਜਾਣਾ ਹੈ ਤਾਂ ਫਿਰ ਅਸੀਂ ਕੰਮ ਨਹੀਂ ਕਰਨਾ। ਮੈਂ ਸਮਝਾਉਣ ਦਾ ਯਤਨ ਕੀਤਾ ਕਿ ਰੱਬ ਜੀ ਦੀ ਨਿਯਮਾਵਲੀ ਇਕਸਾਰ ਚੱਲਦੀ ਹੈ ਉਸ ਵਿੱਚ ਕਰਮ ਸਾਡਾ ਹੈ। ਹੁਣ ਇਸ ਬੱਚੇ ਨੂੰ ਹੌਂਸਲਾ ਦੇ ਕੇ ਕਿ ਇਸ ਨੂੰ ਜ਼ਿੰਦਗੀ ਵਿੱਚ ਆਪਾਂ ਸਾਰੇ ਰਲ਼ ਮਿਲ ਕੇ ਕਾਮਯਾਬ ਕਰਨ ਦਾ ਯਤਨ ਕਰੀਏ। ਇਸ ਦੀ ਪੜ੍ਹਾਈ ਵਲ ਧਿਆਨ ਦੇਣ ਦੀ ਲੋੜ ਹੈ। ਕਈ ਮਿਸਾਲਾਂ ਮਿਲਦੀਆਂ ਹਨ ਕਿ ਜਿੰਨ੍ਹਾਂ ਨੇ ਇੱਕ ਇੱਕ ਹੱਥ ਨਾਲ ਵੀ ਤਰੱਕੀਆਂ ਕੀਤੀਆਂ ਨੇ। ਕਈ ਵਾਰੀ ਦੋਹਾਂ ਹੱਥਾਂ ਵਾਲਿਆਂ ਵੀ ਕੋਈ ਚੰਗੇ ਕਰਮ ਨਹੀਂ ਕੀਤੇ। ਇਹ ਠੀਕ ਹੈ ਕਿ ਸਾਡੀ ਗਲਤੀ ਦੀ ਸਜਾਅ ਇਹ ਬੱਚਾ ਭੁਗਤ ਰਿਹਾ ਹੈ ਪਰ ਇਸ ਨੂੰ ਬੜਾ ਬਣਾਉਣਾ ਵੀ ਸਾਡਾ ਹੀ ਫ਼ਰਜ਼ ਹੈ।
ਹੁਣ ਉਸ ਨੂੰ ਚੰਡੀਗੜ੍ਹ ਤੋਂ ਮਕੈਨੀਕਲ ਹੱਥ ਲਗਵਾ ਕਿ ਦਿੱਤਾ ਹੈ। ਮੋਟਰ ਸਾਇਕਲ ਚਲਾ ਲੈਂਦਾ ਹੈ। ਖੱਬੇ ਹੱਥ ਨਾਲ ਲਿਖ ਲੈਂਦਾ ਹੈ। ਅਜੇ ਆਪਣੇ ਕੇਸਾਂ ਨੂੰ ਆਪ ਕੰਘਾ ਨਹੀਂ ਕਰਦਾ ਪਰ ਪੱਗ ਬੰਨ੍ਹ ਲੈਂਦਾ ਹੈ।




.