.

ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ

(ਭਾਗ ਦੂਜਾ)

ਗੁਰ ਇਤਿਹਾਸ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਜਿਸ ਨੂੰ ਗੁਰੂ ਸਾਹਿਬ ਨੇ ਗੁਰ ਗੱਦੀ ਦੀ ਜ਼ੁੰਮੇਵਾਰੀ ਬਖ਼ਸ਼ੀ, ਸੰਗਤਾਂ ਨੇ ਉਨ੍ਹਾਂ ਨੂੰ ਹੀ ਗੁਰੂ ਨਾਨਕ ਸਰੂਪ ਸਮਝ ਕੇ, ਉਨ੍ਹਾਂ ਦੀ ਅਗਵਾਈ ਨੂੰ ਕਬੂਲਿਆ। ਜਦ ਕੁੱਝ ਕੁ ਗੁਰ ਪੁੱਤਰਾਂ ਨੇ ਗੁਰੂ ਸਾਹਿਬ ਦੀ ਇਸ ਚੋਣ ਨੂੰ ਚੈਲੰਜ ਕਰਦਿਆਂ ਹੋਇਆਂ ਆਪਣੇ ਆਪ ਨੂੰ ਗੁਰੂ ਘੋਸ਼ਿਤ ਕੀਤਾ ਤਾਂ ਸਿੱਖ ਸੰਗਤਾਂ ਨੇ ਇਨ੍ਹਾਂ ਨੂੰ ਗੁਰੂ ਦੇ ਰੂਪ ਵਿੱਚ ਮੰਨਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਪਿਤਾ ਗੁਰਦੇਵ ਤੋਂ ਆਕੀ ਹੋਏ ਗੁਰ ਪੁੱਤਰਾਂ ਨੇ ਸਿੱਖ ਸੰਗਤਾਂ ਨੂੰ ਆਪਣਾ ਪੱਖੀ ਬਣਾਉਣ ਲਈ ਕਈ ਤਰ੍ਹਾਂ ਦੇ ਹੱਥਕਡੇ ਅਪਣਾਏ ਪਰ ਫਿਰ ਵੀ ਇਹ ਸਿੱਖ ਸੰਗਤਾਂ ਨੂੰ ਆਪਣੇ ਮਗਰ ਲਗਾਉਣ ਵਿੱਚ ਕਾਮਯਾਬ ਨਾ ਹੋ ਸਕੇ।
ਭਾਈ ਗੁਰਦਾਸ ਜੀ ਨੇ ਆਪਣੀ ੩੬ਵੀਂ ਵਾਰ ਦੀਆਂ ਇੱਕ ਤੋਂ ਵਧੀਕ ਪਉੜੀਆਂ ਵਿੱਚ ਪਿਤਾ ਗੁਰਦੇਵ ਤੋਂ ਆਕੀ ਹੋਏ ਗੁਰ ਪੁੱਤਰਾਂ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਹੈ। ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਦਰ ਨੂੰ ਛੱਡ ਕੇ, ਗੁਰੂ ਘਰ ਦੇ ਆਕੀਆਂ ਦੀ ਸੰਗਤ ਕਰਨ ਵਾਲਿਆਂ ਨੂੰ ਸੁਚੇਤ ਕਰਦਿਆਂ ਹੋਇਆਂ ਕਿਹਾ ਕਿ ਪਾਖੰਡੀਆਂ ਦੇ ਪਿੱਛੇ ਲਗ ਕੇ ਆਖ਼ਰ ਪਛੁਤਾਉਣਾ ਪੈਂਦਾ ਹੈ। ਭਾਈ ਸਾਹਿਬ ਦੀਆਂ ਨਿਮਨ ਲਿਖਤ ਦੋ ਪਉੜੀਆਂ ਵਿਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਹਰਿ ਚੰਦਉਰੀ ਦੇਖਿਕੈ ਕਰਦੇ ਭਰਵਾਸਾ। ਥਲ ਵਿੱਚ ਤਪਨ ਭਠੀਆ ਕਿਉ ਲਹੈ ਪਿਆਸਾ। ਸੁਹਣੇ ਰਾਜੁ ਕਮਾਈਐ ਕਰਿ ਭੰਗ ਬਿਲਾਸਾ। ਛਾਇਆ ਬਿਰਖੁ ਨ ਰਹੈ ਥਿਰੁ ਪੁਜੈ ਕਿਉ ਆਸਾ। ਬਾਜੀਗਰ ਦੀ ਖੇਡ ਜਿਉ ਸਭੁ ਕੂੜੁ ਤਮਾਸਾ। ਰਲੈ ਜੁ ਸੰਗਤਿ ਮੀਣਿਆ ਉਠਿ ਚਲੈ ਨਿਰਾਸਾ। (ਵਾਰ ੩੬, ਪਉੜੀ ੭) ਅਰਥ: ਹਰੀ ਚੰਦ ਦੀ ਨਗਰੀ ਅਰਥਾਤ ਧੂੰਏ ਧਾਰ ਨੂੰ ਨਗਰ ਦੇ ਅਕਾਰ ਵਾਗੂੰ ਵੇਖਕੇ ਭਰੋਸਾ ਕਰਦੇ ਹਨ ਕਿ ਇਹ ਸੱਚਾ ਹੈ ਨਗਰ ਵਸਦਾ ਹੈ। ਜਿਸ ਥਲ ਵਿਖੇ ਭੱਠ ਤਪਣ ਅਰਥਾਤ ਕਹਿਰ ਦੀ ਧੁੱਪ ਪੈਂਦੀ ਹੋਵੇ, ਉੱਥੇ ਕਿੱਕੁਰ ਤੇਹ ਲਹਿੰਦੀ ਹੈ? ਭਾਵ ਮ੍ਰਿਗ ਤ੍ਰਿਸ਼ਨਾ ਦਾ ਜਲ ਸੱਚ-ਮੁੱਚ ਦਾ ਜਲ ਕਿੱਥੋਂ ਹੋ ਸਕਦਾ ਹੈ। ਸੁਫਨੇ ਵਿਖੇ ਰਾਜ ਕਰੀਏ ਅਰ ਨਾਨਾ ਭੋਗ ਬਿਲਾਸ ਕਰੀਏ ਤਦ ਪੱਲੇ ਕੀ ਬੱਝਦਾ ਹੈ? ਭਾਵ ਕੁਛ ਵੀ ਹੱਥ ਪੱਲੇ ਨਹੀਂ ਪੈਂਦਾ। ਬ੍ਰਿੱਛ ਦੀ ਛਾਂ ਥਿਰ ਨਹੀਂ ਰਹਿੰਦੀ, ਆਸਾ ਕਿਵੇਂ ਪੂਰਨ ਹੋਵੇ, ਭਾਵ ਭੋਜਨ ਅਜੇ ਵਿਚੇ ਹੀ ਰਹਿੰਦਾ ਹੈ ਕਿ ਸਿਰ ਤੇ ਧੁਪ ਆ ਜਾਂਦੀ ਹੈ। ਬਾਜੀਗਰ ਦੀ ਖੇਡ ਵਾਂਗੂੰ ਬੇਮੁਖਾਂ ਦੇ ਸਭ ਕੂੜੇ ਹੀ ਤਮਾਸ਼ੇ ਹਨ। ਮੀਣਿਆਂ ਅਰਥਾਤ ਬੇਮੁਖਾਂ ਦੀ ਸੰਗਤ ਵਿਖੇ ਜੋ ਮਿਲ ਬੈਠਦਾ ਹੈ ਉਹ ਨਿਰਾਸ ਹੋ ਕੇ ਅੰਤ ਨੂੰ ਉਠ ਤੁਰਦਾ ਹੈ।
(ਅ) ਉੱਚਾ ਲੰਮਾ ਝੰਟੁਲਾ ਵਿਚਿ ਬਾਗ ਦਿਸੰਦਾ। ਮੋਟਾ ਮੁਢੁ ਪਤਾਲ ਜੜਿ ਬਹੁ ਗਰਬ ਕਰੰਦਾ। ਪਤ ਸੁਪਤਰ ਸੋਹਣੇ ਵਿਸਥਾਰੁ ਬਣੰਦਾ। ਫੁਲ ਰਤੇ ਫਲ ਬਕਬਕੇ ਹੋਇ ਅਫਲ ਫਲੰਦਾ। ਸਾਵਾ ਤੋਤਾ ਚੁਹਚੁਹਾ ਤਿਸੁ ਦੇਖਿ ਭੁਲੰਦਾ। ਪਿਛੇ ਦੇ ਪਛੁਤਾਇਦਾ ਓਹੁ ਫਲੁ ਨ ਲਹੰਦਾ। (ਵਾਰ ੩੬, ਪਉੜੀ ੧੦) ਅਰਥ: ਸੰਘਣਾਂ (ਸਿੰਮਲ ਦਾ ਬੂਟਾ) ਬਾਗ ਵਿਖੇ ਸੁੰਦਰ ਦਿੱਸਦਾ ਹੈ। ਮੁੱਢ ਮੋਟਾ ਹੈ ਜੜ੍ਹ ਵੱਡੀ ਡੂੰਘੀ ਮਾਨੋਂ ਪਤਾਲ ਗਈ ਹੋਈ ਹੈ। ਹੰਕਾਰ ਵੱਡਾ ਕਰਦਾ ਹੈ ਕਿ ਮੈਂ ਸਭਨਾ ਨਾਲੋਂ ਦ੍ਰਿੜ ਅਰ ਵਿਸਥਾਰ ਵਾਲਾ ਹਾਂ। ਪੱਤ ਸਾਵੇ ਤੇ ਸੋਹਣੇ ਹਨ, ਲੰਮੇ ਚੌੜੇ ਫੇਲਾਉ ਵਿਖੇ ਪਸਰਿਆ ਹੋਇਆ ਹੈ। ਫੁੱਲ ਲਾਲ ਪਰੰਤੂ ਫਲ ਉਸ ਦੇ ਬਕਬਕੇ ਹੁੰਦੇ ਹਨ, ਇਸ ਲਈ ਫਲਦਾ ਹੋਇਆ ਵੀ ਅਫੱਲ ਹੈ, ਕਿਉਂ ਜੋ ਸਾਵੇ ਰੰਗ ਦੇ ਤੋਤੇ ਚੁਹ ਚੁਹ ਕਰਕੇ ਚੀਕਦੇ ਹੋਏ ਉਸ ਦੇ ਫਲਾਂ ਪਰ ਭੁੱਲਦੇ ਹਨ। ਪਿੱਛੋਂ ਨੂੰ ਉਹ ਪੱਛੋਤਾਪ ਕਰਕੇ ਮੁੜ ਜਾਂਦੇ ਹਨ, ਕਿਉਂ ਜੋ ਉਹ ਅਨੰਦ ਦਾਇਕ ਫਲ ਨਹੀਂ ਪਾ ਸਕੇ।
ਗੁਰ ਇਤਿਹਾਸ ਵਿਚੋਂ ਇੱਕ ਹੋਰ ਗੱਲ ਸਪਸ਼ਟ ਹੁੰਦੀ ਹੈ ਕਿ ਆਪੂੰ ਬਣੇ ਗੁਰੂ, ਗੁਰੂ ਨਾਨਕ ਸਰੂਪ ਗੁਰ ਸ਼ਖ਼ਸ਼ੀਅਤ ਨਾਲੋਂ ਨਾ ਤਾਂ ਗੁਰੂ ਸਾਹਿਬ ਨਾਲ ਸਬੰਧਤ ਕੋਈ ਵਿਸ਼ੇਸ਼ ਸਥਾਨ ਅਤੇ ਨਾ ਹੀ ਗੁਰੂ ਸਾਹਿਬਾਨ ਨਾਲ ਸਬੰਧਤ ਕੋਈ ਵਿਸ਼ੇਸ਼ ਵਸਤੂ ਨੂੰ ਹਥਿਆ ਕੇ, ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਵਲੋਂ ਟਿੱਕੇ ਹੋਏ ਗੁਰੂ ਨਾਨਕ ਸਰੂਪ ਨਾਲੋਂ ਤੋੜ ਕੇ ਆਪਣੇ ਪਿੱਛੇ ਲਗਾਉਣ ਵਿੱਚ ਕਾਮਯਾਬ ਹੋ ਸਕੇ।
ਇਤਿਹਾਸ ਵਿੱਚ ਜੇਕਰ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਅੰਗਦ ਸਾਹਿਬ ਦੇ ਖਡੂਰ ਆ ਕੇ ਗੁਪਤਵਾਸ ਹੋ ਜਾਣ; ਦਾਤੂ ਵਲੋਂ ਗੁਰ ਗੱਦੀ ਦਾ ਦਾਅਵਾ ਕਰਨ `ਤੇ ਗੁਰੂ ਅਮਰਦਾਸ ਜੀ ਦਾ ਗੋਇੰਦਵਾਲ ਤੋਂ, ਬਿਨਾਂ ਕਿਸੇ ਨੂੰ ਦੱਸਿਆਂ ਬਾਸਰ ਕੇ ਚਲੇ ਜਾਣ ਅਤੇ ਆਪਣੇ ਆਪ ਨੂੰ ਇੱਕ ਕੋਠੇ ਵਿੱਚ ਬੰਦ ਕਰ ਲੈਣ; ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲੇ ਵਿਖੇ ਆਪਣੇ ਆਪ ਨੂੰ ਪ੍ਰਗਟ ਨਾ ਕਰਨ ਦਾ ਵਰਣਨ ਹੈ, ਤਾਂ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਕਿ ਗੁਰੂ ਸਾਹਿਬਾਨ ਇਨ੍ਹਾਂ ਆਪੂੰ ਬਣੇ ਗੁਰੂਆਂ ਦੀਆਂ ਆਪਹੁਦਰੀਆਂ ਨੂੰ ਦੇਖ ਕੇ ਅਣਡਿੱਠ ਕਰ ਰਹੇ ਸਨ। ਗੁਰੂ ਸਾਹਿਬਾਨ ਆਪਣੀਆਂ ਜ਼ੁੰਮੇਵਾਰੀਆਂ ਨੂੰ ਭਲੀ ਪ੍ਰਕਾਰ ਸਮਝਦੇ ਸਨ। ਇਸ ਲਈ ਆਪ ਨੇ ਆਪਣੀ ਹਰੇਕ ਜ਼ੁੰਮੇਵਾਰੀ ਨੂੰ ਬੜੀ ਬਾਖ਼ੂਬੀ ਨਾਲ ਨਿਭਾਇਆ ਸੀ। ਇਸ ਲਈ ਗੁਰੂ ਸਾਹਿਬਾਨ ਕਿਸੇ ਵੀ ਕੀਮਤ `ਤੇ ਸਿੱਖ ਸੰਗਤਾਂ ਨੂੰ ਇਨ੍ਹਾਂ ਆਪੂੰ ਬਣੇ ਗੁਰੂਆਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੁਚੇਸ਼ਟਾ ਨੂੰ ਦੇਖ ਕੇ ਨਜ਼ਰ-ਅੰਦਾਜ਼ ਨਹੀਂ ਸਨ ਕਰ ਸਕਦੇ। ਗੁਰਦੇਵ ਇਸ ਗੱਲ ਤੋਂ ਅਣਜਾਣ ਨਹੀਂ ਸਨ ਕਿ ਅਜਿਹੀ ਸਥਿੱਤੀ ਵਿੱਚ ਉਨ੍ਹਾਂ ਦੀ ਖ਼ਾਮੌਸ਼ੀ, ਆਪੂੰ ਬਣੇ ਗੁਰੂਆਂ ਦੇ ਪਾਖੰਡ ਨੂੰ ਬੜਾਵਾ ਦੇਣ ਦਾ ਕਾਰਨ ਬਣੇਗੀ। ਗੁਰੂ ਸਾਹਿਬਾਨ ਨੇ ਤਾਂ ਅਜਿਹਾ ਦਾਅਵਾ ਕਰਨ ਵਾਲਿਆਂ ਦੇ ਹਰੇਕ ਹੱਥਕੰਡੇ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਮਨ ਲਿਖਤ ਫ਼ਰਮਾਨ ਇਸ ਗੱਲ ਦੇ ਹੀ ਲਖਾਇਕ ਹਨ ਕਿ ਗੁਰਦੇਵ ਸੰਗਤਾਂ ਨੂੰ ਦੰਭੀਆਂ ਪਾਖੰਡੀਆਂ ਵਲੋਂ ਆਮ ਲੋਕਾਈ ਨੂੰ ਆਪਣੇ ਪਿੱਛੇ ਲਗਾਉਣ ਦੀ ਕੁਚੇਸ਼ਟਾ ਪ੍ਰਤੀ ਸੁਚੇਤ ਕਰਦੇ ਹਨ:
(ੳ) ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ ਓਨਾੑ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥ (ਪੰਨਾ ੩੦੪) ਅਰਥ: ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ (ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿੱਚ ਸਮਾ ਜਾਂਦਾ ਹੈ)। ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ), ਉਹਨਾਂ ਦੇ ਹਿਰਦੇ ਵਿੱਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿੱਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ।
(ਅ) ਅੰਧੇ ਗੁਰੂ ਤੇ ਭਰਮੁ ਨ ਜਾਈ॥ ਮੂਲੁ ਛੋਡਿ ਲਾਗੇ ਦੂਜੈ ਭਾਈ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ॥ (ਪੰਨਾ ੨੩੨) ਅਰਥ: ਹੇ ਭਾਈ! ਮਾਇਆ ਦੇ ਮੋਹ ਵਿੱਚ ਆਪ) ਅੰਨ੍ਹੇ ਹੋਏ ਹੋਏ ਗੁਰੂ ਪਾਸੋਂ (ਸਰਨ ਆਏ ਸੇਵਕ ਦੇ ਮਨ ਦੀ) ਭਟਕਣਾ ਦੂਰ ਨਹੀਂ ਹੋ ਸਕਦੀ। (ਅਜੇਹੇ ਗੁਰੂ ਦੀ ਸਰਨ ਪੈ ਕੇ ਤਾਂ ਮਨੁੱਖ ਸਗੋਂ) ਜਗਤ ਦੇ ਮੂਲ-ਕਰਤਾਰ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਫਸਦੇ ਹਨ। (ਆਤਮਕ ਮੌਤ ਪੈਦਾ ਕਰਨ ਵਾਲੀ ਮਾਇਆ ਦੇ) ਜ਼ਹਰ ਵਿੱਚ ਮਸਤ ਹੋਇਆ ਮਨੁੱਖ ਉਸ ਜ਼ਹਰ ਵਿੱਚ ਹੀ ਮਗਨ ਰਹਿੰਦਾ ਹੈ।
ਇਸ ਲਈ ਜੇਕਰ ਗੁਰੂ ਸਾਹਿਬਾਨ ਕੁੱਝ ਸਮੇਂ ਲਈ ਖ਼ਾਮੌਸ਼ ਰਹਿੰਦੇ ਸਨ ਜਾਂ ਸੰਗਤਾਂ ਤੋਂ ਕੁੱਝ ਸਮੇਂ ਲਈ ਕਿਨਾਰਾ ਕਰ ਲੈਂਦੇ ਸਨ ਤਾਂ ਇਸ ਦਾ ਕਦਾਚਿਤ ਇਹ ਭਾਵ ਨਹੀਂ ਸੀ ਕਿ ਆਪ ਆਪਣੀ ਜ਼ੁੰਮੇਵਾਰੀ ਤੋਂ ਮੂੰਹ ਮੋੜ ਲੈਂਦੇ ਸਨ। ਗੁਰਦੇਵ ਤਾਂ ਅਜਿਹੇ ਕਦਮ ਉਠਾ ਕੇ ਸੰਗਤਾਂ ਨੂੰ ਆਪਣੀ ਜ਼ੁੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦੇ ਸਨ ਅਤੇ ਸਿੱਖ ਸੰਗਤਾਂ ਨੇ ਵੀ ਆਪਣੇ ਫ਼ਰਜ਼ ਨੂੰ ਬੜੀ ਹੀ ਬਾਖ਼ੂਬੀ ਨਾਲ ਨਿਭਾਇਆ ਸੀ। ਸਿੱਖ ਸੰਗਤਾਂ ਦੀ ਜਾਗਰੂਕਤਾ ਕਾਰਨ ਹੀ ਅਜਿਹੀਆਂ ਪਰਿਸਥਿੱਤੀਆਂ ਵਿੱਚ ਵੀ ਗੁਰ ਪੁੱਤਰ ਸੰਗਤਾਂ ਨੂੰ ਆਪਣੇ ਮਗਰ ਲਾਉਣ ਵਿੱਚ ਕਾਮਯਾਬ ਨਾ ਹੋ ਸਕੇ। ਸਿੱਖ ਸੰਗਤਾਂ ਨੇ ਗੁਰੂ ਘਰ ਦਾ ਵਿਰੋਧ ਕਰ ਰਹੀਆਂ ਤਾਕਤਾਂ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਉਹ ਕੇਵਲ ਤੇ ਕੇਵਲ ਉਨ੍ਹਾਂ ਨੂੰ ਹੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪਰਵਾਨ ਕਰ ਸਕਦੀਆਂ ਹਨ, ਜਿਨ੍ਹਾਂ ਨੂੰ ਗੁਰੂ ਕਿਆਂ ਨੇ ਇਹ ਜ਼ੁੰਮੇਵਾਰੀ ਬਖ਼ਸ਼ੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਹਕੀਕਤ ਨੂੰ ਇਉਂ ਦਰਸਾਇਆ ਗਿਆ ਹੈ:
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ॥ ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ॥ ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ॥ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ॥ ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ॥ (ਪੰਨਾ ੩੦੯) ਅਰਥ: ਜਿਸ ਮਨੁੱਖ ਨੂੰ ਸਤਿਗੁਰੂ ਨੇ ਆਪ ਹੁੰਦਿਆਂ ਬਹਿ ਕੇ (ਭਾਵ, ਆਪਣੀ ਜ਼ਿੰਦਗੀ ਵਿੱਚ ਆਪਣੀ ਹੱਥੀਂ) ਤਿਲਕ ਦਿੱਤਾ ਹੋਵੇ, ਉਸ ਦੀ ਬਹੁਤ ਸੋਭਾ ਹੁੰਦੀ ਹੈ। ਉਸ ਦੇ ਅੱਗੇ ਸਾਰਾ ਸੰਸਾਰ ਨਿਊਂਦਾ ਹੈ ਤੇ ਉਸ ਦੀ ਚਰਨੀਂ ਲੱਗਦਾ ਹੈ, ਉਸ ਦੀ ਸੋਭਾ ਸਾਰੇ ਜਗਤ ਵਿੱਚ ਖਿੱਲਰ ਜਾਂਦੀ ਹੈ। ਜਿਸ ਦੇ ਮਥੇ ਤੇ ਪੂਰੇ ਸਤਿਗੁਰੂ ਨੇ ਹੱਥ ਰੱਖਿਆ ਹੋਵੇ (ਭਾਵ, ਜਿਸ ਦੀ ਸਹਾਇਤਾ ਸਤਿਗੁਰੂ ਨੇ ਕੀਤੀ) ਉਹ (ਸਭ ਗੁਣਾਂ ਵਿਚ) ਪੂਰਨ ਹੋ ਗਿਆ ਤੇ ਸਭ ਖੰਡਾਂ-ਬ੍ਰਹਮੰਡਾਂ ਦੇ ਜੀਆ-ਜੰਤ ਉਸ ਨੂੰ ਨਮਸਕਾਰ ਕਰਦੇ ਹਨ। ਸਤਿਗੁਰੂ ਦੀ ਵਡਿਆਈ ਦਿਨੋ-ਦਿਨ ਵਧਦੀ ਹੈ, ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ, (ਕਿਉਂਕਿ) ਆਪਣੇ ਸੇਵਕ ਨਾਨਕ ਨੂੰ ਸਿਰਜਨਹਾਰ ਪ੍ਰਭੂ ਨੇ ਆਪ ਮਾਣ ਬਖ਼ਸ਼ਿਆ ਹੈ, (ਇਸ ਕਰਕੇ) ਪ੍ਰਭੂ ਆਪ ਲਾਜ ਰੱਖਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਖ਼ਾਲਸਾ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ ਸਨ। ਜਿਨ੍ਹਾਂ ਨੇ ਦਸਮੇਸ਼ ਪਾਤਸ਼ਾਹ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਹੋਇਆਂ, ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ, ਉਹੀ ਇਸ ਲਹਿਰ ਦਾ ਅਤੁੱਟ ਅੰਗ ਬਣੇ ਰਹੇ। ਪਰੰਤੂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਤੋਂ ਇਨਕਾਰ ਕਰ ਦਿੱਤਾ, ਉਹ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਏ।
ਜਦ ਪਾਲਕ ਪੁੱਤਰ ਅਜੀਤ ਸਿੰਘ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਸੀ ਤਾਂ ਮਾਤਾ ਸੁੰਦਰੀ ਜੀ ਨੇ ਇਸ ਨਾਲੋਂ ਸਬੰਧ ਤੋੜ ਲਏ ਸਨ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਵੀ ਕਈਆਂ ਨੇ ਗ਼ਲਤ ਅਫ਼ਵਾਹਾਂ ਫੈਲਾਅ ਕੇ ਪੰਥ ਦੇ ਕਈ ਹਲਕਿਆਂ ਵਿੱਚ ਗ਼ਲਤ ਫਹਿਮੀ ਪੈਦਾ ਕਰ ਦਿੱਤੀ ਸੀ ਕਿ ਉਹ ਆਪਣੇ ਆਪ ਨੂੰ ਗਿਆਰਵਾਂ ਗੁਰੂ ਕਹਿਲਾਉਂਦੇ ਹਨ। ਭਾਵੇਂ ਇਸ ਵਿੱਚ ਕੋਈ ਸਚਾਈ ਨਹੀਂ ਸੀ, ਚੂੰਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਮੇਸ਼ਾਂ ਆਪਣੇ ਆਪ ਨੂੰ ਗੁਰੂ ਦੇ ਇੱਕ ਨਿਮਾਣੇ ਸਿੱਖ ਦੀ ਹੈਸੀਅਤ ਦੇ ਰੂਪ ਵਿੱਚ ਹੀ ਪ੍ਰਗਟ ਕੀਤਾ ਸੀ। ਪਰ ਫਿਰ ਵੀ ਮਾਤਾ ਸੁੰਦਰੀ ਜੀ ਨੇ ਸਿੱਖ ਸੰਗਤਾਂ ਨੂੰ ਸਪਸ਼ਟ ਰੂਪ ਵਿੱਚ ਇਹ ਹਿਦਾਇਤ ਕੀਤੀ ਸੀ, “. . ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਸੁਚੇਤ ਬਿਬੇਕ ਬੁਧ ਚਾਹੀਏ ਜੋ ਸਿਵਾਏ ਅਕਾਲ ਪੁਰਖ ਦੂਜੇ ਨੋ ਜਾਨੈ ਨਾਹੀ। ਦਸਮ ਪਾਤਸਾਹੀਆਂ ਤਕ ਜਾਮੇ ਪੈਧੇ। ਯਾਰਵੀਂ ਬਾਰਵੀਂ ਬੰਦਾ ਚੌਬੰਦਾ ਅਜੀਤਾ ਵਗੈਰਾ ਤੇ ਇਤਕਾਦ ਲੈ ਆਵਨਾ ਹੱਤਿਆ ਹੈ। ਹੋਰ ਹਤਿਆ ਗੁਰੂ ਜਪਣ ਨਾਲ ਦੂਰ ਹੋਸਣ ਪਰ ਇਹ ਹਤਿਆ ਗੁਨਾਹ ਬਖਸੀਐਗਾ ਨਹੀਂ ਜੋ ਮਨੁੱਖ ਕੇ ਜਾਮੇ ਉਪਰ ਏਤਕਾਦ ਕਰੇਂਗਾ। … ਖਾਲਸਾ ਜੀ ਤੁਸਾਂ ਸਿਵਾਏ ਅਕਾਲ ਦੂਜੇ ਨੋ ਮੰਨਣਾ ਨਾਹੀ। ਸਬਦ ਦਸਵੀਂ ਪਾਤਸਾਹੀ ਤਕ ਖੋਜਣਾ। ‘ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ।’ ਗੁਰੂ ਕਾ ਨਿਵਾਸ ਸਬਦ ਵਿੱਚ ਹੈ. .” (ਨੋਟ: ਇਹ ਹੁਕਮਨਾਮਾ ਹੁਣ ਵੀ ਬਠਿੰਡਾ ਜ਼ਿਲੇ ਦੇ ਭਾਈ ਰੂਪਾ ਪਿੰਡ ਵਿੱਚ ਭਾਈ ਚੇਤ ਸਿੰਘ ਹੋਰਾਂ ਦੇ ਘਰ ਮੌਜੂਦ ਹੈ। (ਅਰਦਾਸ ਦਰਸ਼ਨ, ਰੂਪ ਤੇ ਅਭਿਆਸ-ਜਸਵੰਤ ਸਿੰਘ ਨੇਕੀ)
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਗੁਰੂ ਸਾਹਿਬ ਵਲੋਂ ਦਿੱਤੀ ਗੁਰਤਾ ਗੱਦੀ ਨੂੰ ਚੈਲੰਜ ਕੀਤਾ, ਉਹ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਿਆ। ਵੀਹਵੀਂ ਸਦੀ ਦੇ ਪੰਜਵੇ ਦਹਾਕੇ ਦੇ ਸ਼ੁਰੂ ਵਿੱਚ ਜਦ ਕੂਕਿਆਂ/ਨਾਮਧਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਅਲਗ-ਅਲਗ ਕਰਕੇ ਇੱਕ ਇੱਕ ਪੰਨੇ ਦਾ ਪਾਠ ਕਰਨ ਦਾ ਐਲਾਣ ਕੀਤਾ ਤਾਂ ਖ਼ਾਲਸਾ ਪੰਥ ਨੇ ‘ਕੂਕਾ ਕੁਫ਼ਰ ਤੋੜ’ ਕਾਨਫਰੰਸ ਕਰਕੇ ਕੂਕਿਆਂ ਵਲੋਂ ਇਸ ਹਰਕਤ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ। ਭਾਵੇਂ ਇਸ ਘਟਨਾ ਮਗਰੋਂ ਵੀ ਪੰਥਕ ਨਾਮਧਾਰੀਆਂ ਨੂੰ ‘ਆਲ ਪਾਰਟੀਜ਼ ਸਿੱਖ ਕਾਨਫਰੰਸ’ `ਚ ਸਿੱਖ ਪੰਥ ਦੇ ਅੰਗ ਵਜੋਂ ਬੁਲਾਉਂਦੇ ਰਹੇ। ਇਸ ਨੂੰ ਪੰਥਕ ਆਗੂਆਂ ਦੀ ਅਣਗਹਿਲੀ ਜਾਂ ਫ਼ਰਾਖ-ਦਿਲੀ ਸਮਝ ਲਈਏ, ਪਰ ਇਹ ਸਿਲਸਿਲਾ ਜ਼ਿਆਦਾ ਦੇਰ ਜਾਰੀ ਨਹੀਂ ਸੀ ਰਿਹਾ। ੧੯੪੭ ਤੋਂ ਬਾਅਦ ਨਾਮਧਾਰੀ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਏ। ਭਾਵੇਂ ਨਾਮਧਾਰੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਸ ਹੀ ਗੁਰੂ ਸਾਹਿਬਾਨ ਨੂੰ ਗੁਰੂ ਰੂਪ ਮੰਨਦੇ ਹਨ, ਪਰ ਇਸ ਦੇ ਨਾਲ ਹੀ ਉਹ ਯਾਰ੍ਹਵਾਂ ਬਾਰ੍ਹਵਾਂ ਤੇਰ੍ਹਵਾਂ ਚੌਦ੍ਹਵਾਂ ਅਤੇ ਪੰਦ੍ਹਰਵਾਂ ਗੁਰੂ ਵੀ ਮੰਨਦੇ ਹਨ। ਨਾਮਧਾਰੀ ਗੁਰਬਾਣੀ ਪੜ੍ਹਦੇ ਹਨ, ਗੁਰਬਾਣੀ ਦਾ ਹੀ ਕੀਰਤਨ ਕਰਦੇ ਹਨ ਅਤੇ ਖੰਡੇ ਦੀ ਪਾਹੁਲ ਵੀ ਲੈਂਦੇ ਹਨ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਰਮਾਨ ਦੀ ਉਲੰਘਣਾ ਕਰਨ ਕਾਰਨ ਇਹ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਏ।
ਧਿਆਨ ਰਹੇ ਬਾਬਾ ਰਾਮ ਸਿੰਘ ਜੀ ਨੇ ਆਪਣੇ ਜਿਊਂਦੇ ਜੀਅ ਕਦੀ ਵੀ ਕੋਈ ਅਜਿਹੀ ਕਾਰਵਾਈ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨਹੀਂ ਸੀ ਕੀਤੀ, ਜਿਸ ਤੋਂ ਇਹ ਪ੍ਰਗਟ ਹੁੰਦਾ ਹੋਵੇ ਕਿ ਉਹ ਆਪਣੇ ਆਪ ਨੂੰ ਬਾਰ੍ਹਵਾਂ ਗੁਰੂ ਸਮਝਦੇ ਸਨ। ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਸਨ। ਕੂਕਿਆਂ/ਨਾਮਧਾਰੀਆਂ ਵਲੋਂ ਗੁਰੂ ਡੰਮ ਦਾ ਪ੍ਰਚਾਰ ੧੯੨੦ ਦੇ ਲਗਭਗ ਵਿੱਚ ਪ੍ਰਾਰੰਭ ਹੋਇਆ ਸੀ।
ਸਮੇਂ ਸਮੇਂ ਨਾਲ ਭਾਵੇਂ ਕਈ ਵਿਅਕਤੀਆਂ ਨੇ ਆਪਣੇ ਆਪ ਨੂੰ ਆਮ ਸਿੱਖਾਂ ਨਾਲੋਂ ਸਰਬ ਸ੍ਰੇਸ਼ਟ ਸਮਝ ਕੇ ਆਪਣੀ ਪੂਜਾ ਪ੍ਰਤਿਸ਼ਟਾ ਕਰਾਉਣਾ ਚਾਹੀ ਅਤੇ ਕਰਵਾ ਵੀ ਰਹੇ ਹਨ ਪਰ ਅਜਿਹਾ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਰਬ ਸ੍ਰੇਸ਼ਟਤਾ ਨੂੰ ਚੈਲੰਜ ਨਹੀਂ ਕੀਤਾ। ਉਂਜ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਇਨ੍ਹਾਂ ਨੇ ਸਿੱਖ ਸੰਗਤਾਂ ਨੂੰ ਗੁਰੂ ਦੇ ਨਹੀਂ ਸਗੋਂ ਆਪਣੇ ਹੀ ਲੜ ਲਾਇਆ ਹੈ ਅਤੇ ਲਗਾ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਇਹ ਡੇਰੇ ਖ਼ਾਲਸਾ ਪੰਥ ਲਈ ਬਹੁਤ ਹੀ ਮਾਰੂ ਸਾਬਤ ਹੋਣਗੇ। ਪਰ ਜੇਕਰ ਸਿੱਖ ਸੰਗਤਾਂ ਸੁਚੇਤ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਦਾਮਨ ਘੁੱਟ ਕੇ ਪਕੜੀ ਰੱਖਣਗੀਆਂ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਤੋੜ ਨਹੀਂ ਸਕੇਗੀ। ਸ਼ਾਇਦ ਇਸ ਲਈ ਹੀ ਪੰਥ ਵਿਰੋਧੀ ਤਾਕਤਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਰਬ ਸ੍ਰੇਸ਼ਟਤਾ ਨੂੰ ਚੈਲੰਜ ਕਰਨ ਲਈ ਅਜਿਹੀ ਚਾਲ ਚਲੀ ਹੈ ਕਿ ਜਨ ਸਾਧਾਰਨ ਇਸ ਚਾਲ ਦਾ ਸ਼ਿਕਾਰ ਹੋ ਜਾਵੇ। ਪਰੰਤੂ ਇਹ ਸਾਜ਼ਸ਼ ਹੁਣ ਜੱਗ ਜ਼ਾਹਰ ਹੋ ਗਈ ਹੈ ਕਿ ਕਿਸ ਤਰ੍ਹਾਂ ਨਾਲ ਇਨ੍ਹਾਂ ਤਾਕਤਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਅਖੌਤੀ ਦਸਮ ਗ੍ਰੰਥ ਨੂੰ ਲੈ ਆਂਦਾ ਹੈ। ਇਹ ਪੁਸਤਕ ਜਿਸ ਨੂੰ ਪਹਿਲਾਂ ‘ਬਚਿਤ੍ਰ ਨਾਟਕ ਗ੍ਰੰਥ, ਫਿਰ ‘ਦਸਮ ਗ੍ਰੰਥ’ ਅਤੇ ਹੁਣ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ’ ਦੇ ਨਾਮ ਨਾਲ ਪੁਕਾਰਿਆ ਜਾਣ ਲੱਗ ਪਿਆ ਹੈ।
ਕਥਿਤ ਦਸਮ ਗ੍ਰੰਥ ‘ਮਾਰਕੰਡੇ ਪੁਰਾਣ, ਸ੍ਰੀਮਦ ਭਗਵਤ ਪੁਰਾਣ ਅਤੇ ਸ਼ਿਵ ਪੁਰਾਣ `ਤੇ ਅਧਾਰਤ ਹੈ। ਇਸ ਵਿਚਲਾ ਤ੍ਰਿਯਾ ਚਰਿਤ੍ਰ ਵਾਲਾ ਭਾਗ, ਸ਼ਿਵ ਪੁਰਾਣ `ਚ ਲਿਖੇ ‘ਨਾਰਦ ਤੇ ਇੱਕ ਅਪਸਰਾ’ ਦੀ ਵਾਰਤਾਲਾਪ `ਤੇ ਅਧਾਰਤ ਹੈ। ਇਸ ਗ੍ਰੰਥ ਨੂੰ ਪਿਛਲੇ ਕੁੱਝ ਸਮੇਂ ਤੋਂ ਕੁੱਝ ਸੰਸਥਾਵਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਉਬਾਰਿਆ ਜਾ ਰਿਹਾ ਹੈ।

ਜਸਬੀਰ ਸਿੰਘ ਵੈਨਕੂਵਰ
.