.

ਆਸਾ ਬੰਧਿ ਚਲਾਈਐ

ਹਰ ਮਨੁੱਖ ਦੀ ਜ਼ਿੰਦਗੀ ਵਿੱਚ ਅਨੇਕਾਂ ਆਸਾਂ, ਉਮੰਗਾਂ, ਕਾਮਨਾਵਾਂ ਜਾਂ ਇਛਾਵਾਂ ਤਾਂ ਹੁੰਦੀਆਂ ਹਨ ਪਰ ਇਹਨਾਂ ਸਾਰੀਆਂ ਦਾ ਮਨੋਰਥ ਆਖਰ ਸੁੱਖ ਨੂੰ ਹਾਸਲ ਕਰਨਾ ਹੀ ਹੁੰਦਾ ਹੈ। ਮਨੁੱਖ ਉਸ ਦੁਨਿਆਵੀ ਸੁੱਖ ਨੂੰ ਤਾਂ ਜਾਣਦਾ ਹੈ ਜੋ ਨਿੱਤ ਵਾਪਰਦਾ ਹੈ ਪਰ ਉਸ ਆਤਮਕ, ਪਰਮ ਤੇ ਸਦੀਵੀ ਸੁੱਖ ਦੀ ਸਾਰ ਕਿਸੇ ਵਿਰਲੇ ਨੂੰ ਹੀ ਹੈ। ਆਮ ਤੌਰ ਤੇ ਦੁਨਿਆਵੀ ਸੁੱਖ, ਜੋ ਦੁਨਿਆਵੀ ਦੁੱਖ ਨਾਲੋਂ ਅਲੱਗ ਨਹੀ ਹੋ ਸਕਦਾ (ਇਕੋ ਹੀ ਸਿੱਕੇ ਦੇ ਦੋ ਪਾਸੇ ਹਨ), ਦੀ ਹੀ ਆਸ (ਮੰਗ) ਕੀਤੀ ਜਾਂਦੀ ਹੈ ਇਸ ਲਈ ਸੁਭਾਵਕ ਹੀ ਸੁੱਖ ਦੇ ਨਾਲ ਨਾਲ ਦੁੱਖ ਜੀ ਵੀ ਪਧਾਰ ਆਉਂਦੇ ਹਨ। ਗੁਰਬਾਣੀ ਫੁਰਮਾਨ ਹੈ: ਸੁਖੁ ਮਾਂਗਤ ਦੁਖੁ ਆਗਲ ਹੋਇ॥ ਸਗਲ ਵਿਕਾਰੀ ਹਾਰੁ ਪਰੋਇ॥ (222)। ਭਾਵ: (ਪ੍ਰਭੂ ਦਾ ਨਾਮ ਵਿਸਾਰ ਕੇ) ਸੁੱਖ ਦੀ ਆਸ ਕੀਤਿਆਂ (ਮੰਗਿਆਂ) ਬਹੁਤਾ ਦੁੱਖ ਵੱਧਦਾ ਹੈ ਕਿਉਂਕਿ ਮਨੁੱਖ ਸਾਰੇ ਵਿਕਾਰਾਂ (ਕਾਮ, ਕ੍ਰੌਧ, ਲੋਭ, ਮੋਹ, ਅਹੰਕਾਰ) ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾ ਲੈਂਦਾ ਹੈ। ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਗਿਆ ਭਾਵੈ॥ (330)। ਭਾਵ: ਮੈਨੂੰ ਉਸ ਸੁੱਖ ਦੇ ਮੰਗਣ ਦੀ ਕੋਈ ਲੋੜ ਨਹੀ ਜਿਸਦੇ ਮੰਗਿਆਂ ਦੁੱਖ ਮਿਲਦਾ ਹੈ। ਗੁਰੂ ਸੂਚਤ ਕਰਦਾ ਹੈ ਕਿ ਜਿਸ ਦੁਨਿਆਵੀ ਸੁੱਖ ਨੂੰ ਮਨੁੱਖ ਨਿੱਤ ਲੋੜਦਾ (ਆਸ ਕਰਦਾ) ਹੈ ਉਹ ਅਸਲੀ ਸੁੱਖ ਨਹੀ ਹੈ ਕਿਉਂਕਿ ਉਸਦੇ ਨਾਲ ਦੁੱਖ ਵੀ ਬੱਝਾ ਹੋਇਆ ਹੈ ਪਰ ਜੋ ਆਤਮਕ, ਪਰਮ ਤੇ ਸਦੀਵੀ ਸੁੱਖ ਹੈ ਉਸਨੂੰ ਪ੍ਰਾਪਤ ਕਰਨ ਲਈ ਨਿਰਆਸ ਹੋਣਾ ਪਵੇਗਾ। ਗੁਰ ਫੁਰਮਾਨ ਹੈ: ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ॥ ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ॥ (1249)। ਭਾਵ: ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਆਸਾ ਵਿੱਚ ਚਿੱਤ ਜੋੜਦਾ ਹੈ (ਭਾਵ ਆਸਾਂ ਬਣਾਂਦਾ ਰਹਿੰਦਾ ਹੈ ਪਰ) ਆਸਾਂ ਵਿੱਚ ਬਹੁਤ ਦੁੱਖ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ, ਉਹ (ਗੁਰਮੁਖਿ) ਆਸਾਂ ਨਹੀ ਚਿਤਵਦੇ ਇਸ ਵਾਸਤੇ ਉਨਾ ਨੂੰ ਬਹੁਤ ਉੱਚਾ (ਆਤਮਕ, ਪਰਮ ਤੇ ਸਦੀਵੀ) ਸੁੱਖ ਮਿਲਦਾ ਹੈ। ਇਸ ਤੋਂ ਇਹੀ ਭਾਵ ਹੈ ਕਿ ਫਲ ਦੀ ਆਸ (ਪਕੜ) ਨਹੀ ਕਰਨੀ। ਪਰ ਮਨੁਖ ਦੀ ਇਸ ਪਰਮ ਸੁੱਖ ਬਾਰੇ ਅਗਿਆਨਤਾ ਹੋਣ ਕਾਰਨ ਆਮ ਤੌਰ ਤੇ ਦੁਨਿਆਵੀ ਸੁੱਖ ਦੀ ਹੀ ਆਸ (ਮੰਗ) ਕੀਤੀ ਜਾਂਦੀ ਹੈ ਸਾਰਾ ਜਗਤ ਹੀ ਇਸ ਆਸ ਦੀ ਜਕੜ ਵਿੱਚ ਬੱਝਾ ਹੋਇਆ ਹੈ ਤੇ ਕੋਈ ਵਿਰਲਾ ਹੀ ਇਸ ਤੋਂ ਮੁਕਤੀ ਪਾ ਕੇ ਆਪਣੇ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਣਾਉਂਦਾ ਹੈ।

ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ॥ ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ॥ (956)। ਭਾਵ: ਹਰ ਜੀਵ ਆਸਾਂ ਵਿੱਚ ਫਸਿਆ ਪਿਆ ਹੈ ਤੇ ਕੋਈ ਵਿਰਲਾ ਹੀ ਇਹਨਾ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ, ਜੋ ਮਨੁੱਖ ਆਸਾਂ ਤੋਂ ਮੁਕਤੀ ਪਾ ਲੈਂਦਾ ਹੈ ਉਸਦਾ ਹੀ ਆਉਣਾ ਸਫਲ ਹੈ। ਇਹ ਆਸ ਜਨਮ ਤੋਂ ਹੀ ਮਨੁੱਖ ਦੀ ਝੋਲੀ ਵਿੱਚ ਪਾਈ ਜਾਂਦੀ ਹੈ ਤੇ ਉਹ ਸਾਰੀ ਉਮਰ ਇਸ ਦੇ ਬੰਧਨ ਤੋਂ ਮੁਕਤ ਨਹੀ ਹੋ ਪਾਉਂਦਾ। ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ॥ ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ॥ (61)। ਭਾਵ: ਜੀਵ ਆਸਾ ਦਾ ਬੱਧਾ ਹੋਇਆ ਜਨਮ ਲੈਂਦਾ ਹੈ, ਆਸਾ ਦੇ ਪ੍ਰਭਾਵ ਹੇਠ ਹੀ (ਮਿੱਠੇ) ਕਸੈਲੇ ਰਸਾਂ ਵਾਲੇ ਪਦਾਰਥ ਖਾਂਦਾ ਹੈ, ਅੇਸੇ ਪਦਾਰਥਾਂ ਦੇ ਬੰਧਨਾਂ ਵਿੱਚ ਫਸਿਆ ਹੀ ਇਥੋਂ ਤੁਰ ਜਾਂਦਾ ਹੈ ਤੇ ਮੁੜ ਮੁੜ ਮੂੰਹ ਉਤੇ ਚੋਟਾਂ ਖਾਂਦਾ (ਦੁੱਖ ਸਹਾਰਦਾ) ਹੈ। ਪੈਦਾ ਹੁੰਦੇ ਹੀ ਭੁੱਖ ਮਿਟਾਉਣ ਦੀ ਆਸ ਬਿਆਕੁਲ ਕਰ ਦਿੰਦੀ ਹੈ ਤੇ ਫਿਰ ਜਿਉਂ ਜਿਉਂ ਵਡ੍ਹਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਨਿੱਤ ਨਵੀਆਂ ਆਸਾਂ ਦੇ ਬੰਧਨਾ ਵਿੱਚ ਫੱਸਦਾ ਜਾਂਦਾ ਹੈ। ਜ਼ਿੰਦਗੀ ਵਿੱਚ ਹਰ ਮਨੁੱਖ ਦਾ ਪਰਮਾਤਮਾ ਨਾਲ ਗਿਲਾ ਹੀ ਰਹਿੰਦਾ ਹੈ ਕਿਉਂਕਿ ਮਨੁੱਖ ਉਹ ਬਣਨਾ ਲੋਚਦਾ ਹੈ ਜੋ ਉਹ ਹੈ ਨਹੀ ਤੇ ਇਹੀ ਪਰਮਾਤਮਾ ਨਾਲ ਸਿੱਧਾ ਵਿਰੋਧ ਹੈ। ਜਿਹੋ ਜਿਹਾ ਪਰਮਾਤਮਾ ਨੇ ਉਸਨੂੰ ਬਣਾਇਆ ਹੈ, ਜੋ ਕੁੱਝ ਵੀ ਉਸਨੇ ਦਿੱਤਾ ਹੈ ਜਾਂ ਜੋ ਕੁੱਝ ਵੀ ਉਸਨੇ ਕੀਤਾ ਹੈ ਇਹਨਾਂ ਵਿਚੋਂ ਕੁੱਝ ਵੀ ਮਨੁੱਖ ਨੂੰ ਕਬੂਲ ਨਹੀ ਤੇ ਉਸਦੀ ਆਸ ਸਦਾ ਉਹ ਬਣਨ ਤੇ ਕਰਨ ਵਿੱਚ ਲੱਗੀ ਰਹਿੰਦੀ ਹੈ ਜੋ ਉਹ ਹੈ ਨਹੀ। ਇਹ ਆਸ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਮਨ ਦੀ ਅਸ਼ਾਂਤੀ, ਬੰਧਨ, ਦੁੱਖ, ਮੋਹ ਤੇ ਭਰਮ ਭੁਲੇਖੇ ਪੈਦਾ ਕਰਕੇ ਉਸਨੂੰ ਸਾਰਾ ਜੀਵਨ ਟਿਕਣ ਨਹੀ ਦਿੰਦੀ ਤੇ ਕਾਮਨਾਵਾਂ ਨੂੰ ਪੂਰੀਆਂ ਕਰਨ ਵਿੱਚ ਦੁੜਾਈ ਰਖਦੀ ਹੈ। ਕਿਤਨੀ ਹੈਰਾਨਗੀ ਦੀ ਗਲ ਹੈ ਕਿ ਜਿਸ ਦੁਨਿਆਵੀ ਸੁੱਖ ਦੀ ਆਸ ਕੀਤੀ ਜਾਂਦੀ ਹੈ ਉਹੀ ਦੁੱਖ ਦਾ ਕਾਰਨ ਹੈ ਪਰ ਫੇਰ ਵੀ ਨਿੱਤ (ਅਰਦਾਸਾਂ ਵਿਚ) ਇਸੇ ਸੁੱਖ ਨੂੰ ਹੀ ਮੰਗਿਆ ਜਾਂਦਾ ਹੈ। ਇਸ ਸੁੱਖ ਦੀ ਆਸ ਨੂੰ ਪੂਰੀ ਕਰਦਾ ਕਰਦਾ ਮਨੁੱਖ ਪੂਰਾ ਹੋ ਜਾਂਦਾ ਹੈ ਪਰ ਇਹ ਆਸ ਕਦੇ ਪੂਰੀ ਨਹੀ ਹੁੰਦੀ। ਮਨ ਦੀ ਦੁਨਿਆਵੀ ਮੁਰਾਦ ਪੂਰੀ ਹੋ ਜਾਣ ਨਾਲ ਆਸਾ ਪੂਰੀ ਨਹੀ ਹੁੰਦੀ (ਮਰਦੀ, ਮੁਕਦੀ) ਬਲਿਕੇ ਹੋਰ ਵੱਧ ਜਾਂਦੀ ਹੈ ਪਰ ਪਰਮਾਤਮਾ ਨਾਲ ਸਾਂਝ ਪਾਉਣ ਨਾਲ ਇਸ ਦਾ ਅੰਤ ਹੋ ਜਾਂਦਾ ਹੈ, ਪੂਰੀ ਹੋ ਜਾਂਦੀ ਹੈ ਭਾਵ ਮਰ ਜਾਂਦੀ ਹੈ। ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ॥ ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ॥ (517)। ਭਾਵ: ਜਗਤ ਆਸਾਂ ਕਰ ਕਰ ਕੇ ਮਰ ਜਾਂਦਾ ਹੈ ਪਰ ਇਹ ਆਸ ਕਦੇ ਨਹੀ ਮਰਦੀ। ਹੇ ਨਾਨਕ, ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਚਿੱਤ ਜੋੜਿਆਂ ਇਹ ਆਸ ਪੂਰੀ ਹੋ ਜਾਂਦੀ ਹੈ (ਮਰ ਜਾਂਦੀ ਹੈ)। ਮਾਨੁੱਖ ਦੀ ਸੁੱਖ ਲਈ ਆਸ ਪੂਰੀ ਨਾ ਹੋਣ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ ਜਿਸ ਸੁੱਖ ਦੀ ਭਾਲ ਇਹ ਬਾਹਰੋਂ ਕਰਦਾ ਹੈ ਉਹ ਅਸਲ ਵਿੱਚ ਅੰਦਰ ਹੀ ਹੈ, ਜਿਵੇਂ ਕਸਤੂਰੀ ਮਿਰਗ ਦੇ ਅੰਦਰ ਹੀ ਹੁੰਦੀ ਹੈ ਪਰ ਉਹ ਸਦਾ ਉਸਨੂੰ ਬਾਹਰੋਂ ਹੀ ਭਾਲਣ ਵਿੱਚ ਭਟਕਦਾ ਰਹਿੰਦਾ ਹੈ। ਸੁੱਖ ਕਿਸੇ ਬਾਹਰਲੀ ਵਸਤੂ ਤੇ ਨਿਰਭਰ ਨਹੀ ਪਰ ਫੇਰ ਵੀ ਦੁਨੀਆਂ ਦੀ ਦੌੜ ਸੁੱਖ ਨੂੰ ਬਾਹਰਲੇ ਪਦਾਰਥਾਂ ਵਿਚੋਂ ਪਾਉਣ ਵਿੱਚ ਹੀ ਲੱਗੀ ਹੋਈ ਹੈ। ਸੁੱਖ ਦੀ ਅਮੁੱਕ ਦੌੜ ਵਿੱਚ ਹੀ ਵਰਤਮਾਨ ਦਾ ਸੁੱਖ ਗਵਾਚ ਜਾਂਦਾ ਹੈ। ਮਨੁੱਖ ਧਨ ਦੀ ਆਸ ਕਰਦਾ ਹੈ ਕਿਉਂਕਿ ਉਹ ਸਮਝਦਾ ਹੈ ਕਿ ਧਨ ਸਾਰੇ ਸੁੱਖਾਂ ਨੂੰ ਖਰੀਦ ਸਕਦਾ ਹੈ ਪਰ ਅਕਸਰ ਧਨਵਾਨ ਵੀ ਆਮ ਮਨੁੱਖ ਨਾਲੋਂ ਬਹੁਤੇ ਦੁਖੀ ਦੇਖੇ ਗਏ ਹਨ। ਕੋਈ ਪੁਤਰਾਂ ਦੀ ਆਸ ਕਰਦਾ ਹੈ ਕਿ ਬੁਢਾਪੇ ਵਿੱਚ ਉਹ ਸੁੱਖ ਦਾ ਸਾਧਨ ਬਣਨਗੇ ਪਰ ਜਦੋਂ ਉਹ ਵੀ ਇੱਛਾ ਅਨੁਸਾਰੀ ਨਹੀ ਹੁੰਦੇ ਤਾਂ ਬੜਾ ਦੁੱਖ ਲਗਦਾ ਹੈ। ਕੋਈ ਮਹਿਲ ਮਾੜੀਆਂ ਦੀ ਪ੍ਰਾਪਤੀ ਵਿੱਚ ਸੁੱਖ ਲੱਭਦਾ ਹੈ ਪਰ ਜਦੋਂ ਇਹ ਖੁੱਸ ਜਾਣ ਤਾਂ ਦਿਲ ਦੇ ਦੌਰੇ ਦਾ ਕਾਰਨ ਬਣ ਜਾਂਦੇ ਹਨ। ਮਨੁੱਖ ਮੜ੍ਹੀਆਂ ਮਸਾਣਾਂ, ਡੇਰਿਆਂ, ਟਕਸਾਲਾਂ, ਠਾਠਾਂ ਤੇ ਹੋਰ ਧਰਮ ਅਸਥਾਨਾਂ ਤੇ ਵੀ ਕਿਸੇ ਨ ਕਿਸੇ ਆਸ ਦੀ ਪੂਰਤੀ ਲਈ ਹੀ ਜਾਂਦਾ ਹੈ, ਉਥੇ ਪੂਜਾ ਤੇ ਦਾਨ ਪੁੰਨ ਤੇ ਇਸ਼ਨਾਨ ਦਾ ਮਨੋਰਥ ਵੀ ਕਿਸੇ ਆਸ ਨੂੰ ਪੂਰੀ ਕਰਨ ਦਾ ਹੀ ਹੁੰਦਾ ਹੈ। ਹੈਰਾਨਗੀ ਹੁੰਦੀ ਹੈ ਜਦੋਂ ਗੁਰਦੁਆਰਿਆਂ ਵਿੱਚ ਉਸ ਗੁਰੂ ਅਗੇ, ਖਲੋ ਕੇ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸਾਂ (ਆਸਾਂ) ਕੀਤੀਆਂ ਜਾਂਦੀਆਂ ਹਨ, ਜੋ ਇਹ ਕਹਿ ਰਿਹਾ ਹੈ: ਆਸਾ ਬੰਧੀ ਮੂਰਖ ਦੇਹ॥ ਕਾਮ ਕ੍ਰੋਧ ਲਪਟਿੳ ਅਸਨੇਹ॥ (178)। ਭਾਵ: ਮੂਰਖ ਮਨੁੱਖ ਦਾ ਸਰੀਰ (ਭਾਵ ਹਰੇਕ ਗਿਆਨ ਇੰਦ੍ਰਾ ਮੋਹ ਮਾਇਆ ਦੀਆਂ) ਆਸਾਂ ਨਾਲ ਹੀ ਜਕੜਿਆ ਰਹਿੰਦਾ ਹੈ, ਮੂਰਖ ਮਨੁੱਖ ਕਾਮ ਕ੍ਰੋਧ, ਮੋਹ ਦੇ ਬੰਧਨਾਂ ਵਿੱਚ ਹੀ ਫਸਿਆ ਰਹਿੰਦਾ ਹੈ। ਇਸ ਤਰਾਂ ਹੋਰ ਵੀ ਅਨੇਕ ਬਾਹਰਲੇ ਦੁਨਿਆਵੀ ਨਾਸਵੰਤ ਪਦਾਰਥਾਂ ਦੇ ਰਸਾਂ ਵਿਚੋਂ ਸੁੱਖ ਦੀ ਆਸ ਵਿੱਚ ਦੌੜਦਾ ਮਨੁੱਖ ਵਰਤਮਾਨ ਸਮੇ ਦੇ ਉਪਲਭਦ ਸੁਖਾਂ ਤੋਂ ਵੀ ਹੱਥ ਧੋ ਬੈਠਦਾ ਹੈ। ਆਸਾ ਤੋਂ ਹੀ ਚਿੰਤਾ ਪੈਦਾ ਹੁੰਦੀ ਹੈ ਤੇ ਚਿੰਤਾ ਹੀ ਮੌਜੂਦਾ ਸਮੇ ਵਿੱਚ ਮਨ ਦੇ ਤਨਾਉ (ਥਕੇਂਵੇਂ) ਦੀ ਪ੍ਰਸਿੱਧ ਬਿਮਾਰੀ (ਡਿਪਰੈਸ਼ਨ) ਹੈ। ਸੁੱਖ ਦੀ ਆਸ ਤੋਂ ਉੱਠੀ ਚਿੰਤਾ ਹੀ ਮਨੁੱਖ ਦੇ ਸੁੱਖ ਦੀ ਪੱਕੀ ਵੈਰਨ ਹੈ ਤੇ ਰਾਤ ਦਿਨ ਬੇਚੈਨ ਕਰੀ ਰੱਖਦੀ ਹੈ।

ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ॥ ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ॥ (877)। ਭਾਵ: ਜਦ ਤਕ (ਜੀਵ ਦੇ ਮਨ ਵਿਚ) ਆਸਾਂ ਦੀ ਭੀੜ ਹੈ ਤਦ ਤਕ ਸਹਿਮ, ਚਿੰਤਾਵਾਂ ਪਿੱਛਾ ਨਹੀ ਛਡਦੀਆਂ ਤੇ ਇਹਨਾ ਦੇ ਹੁੰਦਿਆਂ ਪਰਮਾਤਮਾ ਨਾਲ ਸਾਂਝ ਨਹੀ ਪੈ ਸਕਦੀ। ਜਦੋਂ ਮਨੁੱਖ ਆਸਾਂ ਵਿੱਚ ਰਹਿੰਦਾ ਹੋਇਆ ਵੀ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ (ਦੁਨਿਆਵੀ ਪਦਾਰਥਾਂ ਨੂੰ ਭੋਗਦਾ ਹੋਇਆ ਵੀ ਉਹਨਾ ਦੀ ਪਕੜ ਜਾਂ ਮੋਹ ਨੂੰ ਛੱਡ ਦਿੰਦਾ ਹੈ) ਤਾਂ ਪਰਮਾਤਮਾ ਨਾਲ ਸਾਂਝ ਪੈ ਜਾਂਦੀ ਹੈ। ਮੋਹ ਮਾਇਆ ਵਿੱਚ ਰਹਿੰਦਿਆਂ ਇਸ (ਆਸਾ) ਤੋਂ ਨਿਰਲੇਪ ਹੋ ਜਾਣਾ (ਪਕੜ ਛੱਡ ਦੇਣੀ) ਹੀ ਆਸਾ ਤੋਂ ਮੁਕਤ ਹੋ ਜਾਣਾ ਹੈ ਪਰ ਇਹ ਕੋਈ ਵਿਰਲਾ ਹੀ ਕਰ ਪਾਉਂਦਾ ਹੈ ਕਿਉਂਕਿ ਦੁਨੀਆਂ ਤਾਂ ਜਿਉਂਦੀ ਹੀ ਆਸ ਤੇ ਹੈ।

ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ॥ ਝੂਠੁ ਸਮਗ੍ਰੀ ਮਨਿ ਵਸੀ ਪਾਰਬ੍ਰਹਮੁ ਨ ਜਾਨਾ॥ (815)। ਭਾਵ: ਮਨੁੱਖ ਦੁਨਿਆਵੀ ਆਸਾਂ, ਵਹਿਮ, ਵਿਕਾਰ ਤੇ ਮਾਇਆ ਦੇ ਮੋਹ ਵਿੱਚ ਹੀ ਫਸਿਆ ਰਹਿੰਦਾ ਹੈ। ਜਿਸ ਮਾਇਆ ਦਾ ਸਾਥ ਤੋੜ ਨਹੀ ਨਿਭਣਾ, ਉਹੀ ਇਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਤੇ ਪਰਮਾਤਮਾ ਨਾਲ ਸਾਂਝ ਨਹੀ ਪੈਂਦੀ। ਇਸ ਲਈ ਜਿਤਨੀ ਦੇਰ ਤਕ ਮਨੁੱਖ ਆਸਾ ਤੋਂ ਛੁਟਕਾਰਾ ਨਹੀ ਪਾਉਂਦਾ ਉਤਨੀ ਦੇਰ ਤਕ ਇਸਦੀ ਸਾਂਝ ਪਰਮਾਤਮਾ ਨਾਲ ਨਹੀ ਪੈ ਸਕਦੀ, ਪਰ ਅਫਸੋਸ ਕਿ, ਇਹ ਸਚਾਈ ਧਰਮ ਅਸਥਾਨਾਂ ਤੇ ਨਹੀ ਰੱਖੀ ਜਾ ਸਕਦੀ ਕਿਉਂਕਿ ਉਹਨਾ ਦਾ ਆਧਾਰ ਹੀ ਇਸ ਅਗਿਆਨਤਾ ਭਰਪੂਰ ਆਸਾਂ (ਮੰਗਾਂ, ਅਰਦਾਸਾਂ) ਤੇ ਖੜਾ ਹੈ ਤੇ ਉਹ ਇਸ ਨਿਰਆਸ ਹੋਣ ਦੀ ਸਚਾਈ ਨੂੰ ਪ੍ਰਗਟ ਕਰਨਾ ਕਦੇ ਬਰਦਾਸ਼ਤ ਨਹੀ ਕਰਨਗੇ। ਇਹੀ ਕਾਰਨ ਹੈ ਕਿ ਧਰਮ ਅਸਥਾਨਾਂ ਤੋਂ ਗੁਰਮਤ ਨੂੰ ਨਿਕਾਲਾ ਹੀ ਦੇ ਦਿੱਤਾ ਗਿਆ ਹੈ। ਬਾਬੇ ਨਾਨਕ ਨੂੰ ਵੀ ਇਹ ਸਵਾਲ ਪੁਛਿਆ ਗਿਆ ਕਿ ਆਸਾ ਤੋਂ ਮੁਕਤ (ਨਿਰਇਛਤ) ਕਿਵੇ ਹੋਇਆ ਜਾ ਸਕਦਾ ਹੈ? ਕਿਤੁ ਬਿਧਿ ਪੁਰਖਾ ਜਨਮੁ ਵਟਾਇਆ॥ ਕਾਹੇ ਕਉ ਤੁਝੁ ਇਹੁ ਮਨੁ ਲਾਇਆ॥ ਕਿਤੁ ਬਿਧਿ ਆਸਾ ਮਨਸਾ ਖਾਈ॥ ਕਿਤੁ ਬਿਧਿ ਜੋਤਿ ਨਿਰੰਤਰਿ ਪਾਈ॥ ਭਾਵ: ਹੇ ਪੁਰਖਾ ਤੂੰ ਆਪਣੀ ਜ਼ਿੰਦਗੀ ਕਿਵੇਂ ਪਲਟ ਲਈ ਹੈ? ਤੂੰ ਆਪਣਾ ਇਹ ਮਨ ਕਿਸ ਨਾਲ ਜੋੜਿਆ ਹੈ? ਮਨ ਦੀਆਂ ਆਸਾਂ ਤੇ ਫੁਰਨੇ ਤੂੰ ਕਿਵੇਂ ਮੁਕਾ ਲਏ? ਰੱਬੀ ਪ੍ਰਕਾਸ਼ ਤੈਨੂੰ ਇਕ-ਰਸ ਕਿਵੇਂ ਮਿਲਿਆ? ਤਾਂ ਬਾਬੇ ਨਾਨਕ ਦਾ ਜਵਾਬ ਇਹ ਸੀ: ਸਤਿਗੁਰ ਕੈ ਜਨਮੇ ਗਵਨੁ ਮਿਟਾਇਆ॥ ਅਨਹਤਿ ਰਾਤੇ ਇਹੁ ਮਨੁ ਲਾਇਆ॥ ਮਨਸਾ ਆਸਾ ਸਬਦਿ ਜਲਾਈ॥ ਗੁਰਮੁਖਿ ਜੋਤਿ ਨਿਰੰਤਰਿ ਪਾਈ॥ (940)। ਭਾਵ: ਜਿਉਂ ਜਿਉਂ ਸਤਿਗੁਰ ਦੀ ਸਿਖਿਆ ਤੇ ਤੁਰੇ ਤਿਉਂ ਤਿਉਂ ਮਨ ਦੀ ਭਟਕਣਾ ਮੁਕਦੀ ਗਈ। ਜਿਉਂ ਜਿਉਂ ਪ੍ਰਭੂ ਨਾਲ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ। ਮਨ ਦੇ ਫੁਰਨੇ ਤੇ ਦੁਨਿਆਵੀ ਆਸਾਂ ਗੁਰੂ ਦੇ ਸ਼ਬਦ ਦੇ ਰਾਹੀਂ ਸਾੜੀਆਂ ਹਨ ਤੇ ਗੁਰੂ ਦੇ ਸਨਮੁਖ ਹੋਇਆਂ ਹੀ ਇਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ। ਸਪਸ਼ਟ ਹੈ ਕਿ ਗੁਰੂ ਦੀ ਅਮੋਲਕ ਸਿਖਿਆ (ਗੁਰਬਾਣੀ), ਜਿਸਨੂੰ ਧਰਮ ਅਸਥਾਨਾਂ ਵਿਚੋਂ ਨਿਕਾਲਾ ਦਿੱਤਾ ਜਾ ਰਿਹਾ ਹੈ, ਤੇ ਚਲੇ ਬਿਨਾ ਆਸਾ ਤੋਂ ਮੁਕਤ ਨਹੀ ਹੋਇਆ ਜਾ ਸਕਦਾ ਤੇ ਨਾ ਹੀ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ। ਦਵਾਈ (ਗੁਰਬਾਣੀ) ਦੀ ਵਰਤੋਂ ਕੀਤੇ ਬਿਨਾ ਰੋਗ (ਆਸਾ) ਤੋਂ ਮੁਕਤੀ ਨਹੀ ਮਿਲ ਸਕਦੀ। ਅੱਜ ਲੋੜ ਹੈ ਕਿ ਇਸ ਪਿਉ ਦਾਦੇ ਦੇ ਆਤਮਕ ਖਜ਼ਾਨੇ (ਤੇ ਮਾਨਸਕ ਦਵਾ ਖਾਨੇ) ਦੀ ਸੰਭਾਲ ਤੇ ਵਰਤੋਂ ਕੀਤੀ ਜਾਵੇ ਨਹੀ ਤਾਂ ਇਹ ਫਜ਼ੂਲ ਦੀਆਂ ਰੀਤਾਂ ਰਸਮਾ ਤੇ ਕਰਮ ਕਾਂਡਾਂ ਵਿੱਚ ਹੀ ਢਕਿਆ ਜਾਣਾ ਹੈ। ਗੁਰਦਵਾਰਿਆਂ ਵਿੱਚ ਕੇਵਲ ਤੇ ਕੇਵਲ ਗੁਰਬਾਣੀ ਦਾ ਹੀ ਪ੍ਰਚਾਰ ਹੋਣਾ ਚਾਹੀਦਾ ਹੈ। ਭਗਤਿ ਭੰਡਾਰ ਗੁਰਬਾਣੀ ਲਾਲ॥ ਗਾਵਤ ਸੁਨਤ ਕਮਾਵਤ ਨਿਹਾਲ॥ (376)। ਗਾਉਣ ਤੇ ਸੁਣਨ ਤੇ ਨਹੀ ਰੁਕ ਜਾਣਾ, (ਇਹ ਤਾਂ ਸਭ ਕਰਦੇ ਹਨ) ਕਮਾਉਣ ਨਾਲ ਹੀ ਸਫਲਤਾ (ਆਸਾ ਤੋਂ ਮੁਕਤੀ) ਪ੍ਰਾਪਤ ਹੋਵੇਗੀ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.