.

ਕੀ ਸਿੱਖ ਲੀਡਰਾਂ ਨੇ ਪਤਾਲਪੁਰੀ ਵਿੱਚ ਮੁਰਦੇ ਦੀਆਂ ਹੱਡੀਆਂ ਪਾਉਣ ਦੀ ਸਿਖਿਆ ਹਰਦੁਆਰੀ ਪਾਂਡਿਆਂ ਤੋਂ ਲਈ ਹੈ ਜਾਂ ਡੇਰਾਵਾਦੀ ਸਾਧਾਂ ਤੋਂ?

ਪਤਾਲਪੁਰੀ (ਕੀਰਤਪੁਰ ਸਾਹਿਬ) ਜਾਂ ਗੋਇੰਦਵਾਲ ਸਾਹਿਬ ਵਿਖੇ ਸ਼ਪੈਸ਼ਲ ਮੁਰਦਾਘਾਟ ਬਣਾ ਕੇ, ਮੁਰਦੇ ਦੀਆਂ ਹੱਡੀਆਂ (ਅਸਤੀਆਂ) ਦਾਨ ਦਸ਼ਨਾਂ ਸਮੇਤ ਪਾਉਣ ਦੀ ਕਰਮਕਾਂਡੀ ਸਿਖਿਆ ਸਾਡੇ ਸਿੱਖ ਲੀਡਰਾਂ ਨੇ ਕਿਸੇ ਬ੍ਰਾਹਮਣ, ਡੇਰਾਵਾਦੀ ਸਾਧ ਜਾਂ ਸੰਪ੍ਰਦਾਈ ਟਕਸਾਲੀਆਂ ਤੋਂ ਲਈ ਲਗਦੀ ਹੈ ਵਰਨਾ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਵਿਖੇ ਇਵੇਂ ਕਰਨ ਦੀ ਕੋਈ ਰੀਤ ਨਹੀਂ ਹੈ। ਮੁਰਦੇ ਦੀਆਂ ਹੱਡੀਆਂ ਰਾਖ ਸਮੇਤ ਕਿਤੇ ਵੀ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕੀਤੀਆਂ ਜਾ ਸਕਦੀਆਂ ਹਨ ਜਾਂ ਕਿਤੇ ਵੀ ਧਰਤੀ ਵਿੱਚ ਦੱਬੀਆਂ ਜਾ ਸਕਦੀਆਂ ਹਨ। ਆਓ ਇਸ ਬਾਰੇ ਹੋਰ ਵਿਸਥਾਰ ਨਾਲ ਵਿਾਰ ਕਰੀਏ! ਸਿੱਖ-ਸਿੱਖਣਵਾਲਾ, ਲੀਡਰ-ਆਗੂ, ਪਤਾਲਪੁਰੀ-ਪਤਾਲ ਦੀ ਨਗਰੀ, ਮੁਰਦੇ-ਮਰ ਚੁੱਕੇ, ਹੱਡੀਆਂ-ਅਸਤੀਆਂ, ਹਰਦੁਵਾਰ-ਹਿੰਦੂਆਂ ਦੀਆਂ ਸੱਤ ਪਵਿਤਰ ਨਗਰੀਆਂ ਚੋਂ ਇੱਕ ਨਗਰੀ, ਪਾਂਡੇ-ਵਹੀ ਖਾਤੇ ਲਿਖਣ ਅਤੇ ਧਰਮ-ਕਰਮ ਦੀਆਂ ਰਸਮਾਂ ਨਿਭਾਉਣ ਵਾਲੇ ਬ੍ਰਾਹਮਣ, ਡੇਰਾਵਾਦੀ ਸਾਧ-ਧਰਮ ਦੇ ਨਾਂ ਤੇ ਵੱਖਰੇ ਡੇਰੇ ਪੈਦਾ ਕਰਕੇ ਜਨਤਾ ਨੂੰ ਲੁੱਟਣ ਵਾਲੇ ਭੇਖੀ ਆਦਿਕ। ਪ੍ਰਾਣੀ ਦੇ ਚਾਰ ਸੰਸਕਾਰ ਮੰਨੇ ਗਏ ਹਨ। ਪਹਿਲਾ ਜਨਮ, ਦੂਜਾ ਅੰਮ੍ਰਿਤ ਸੰਸਕਾਰ, ਤੀਜਾ ਅਨੰਦ ਸੰਸਕਾਰ ਅਤੇ ਚੌਥਾ ਮ੍ਰਿਤਕ ਸੰਸਕਾਰ ਆਦਿਕ। ਸਿੱਖ ਇੱਕ ਵੱਖਰੀ (ਵਿਲੱਖਣ) ਕੌਮ ਹੈ ਅਤੇ ਇਸ ਦੇ ਜਨਮ ਤੋਂ ਮਰਨ ਤੱਕ ਸਾਰੇ ਧਰਮ-ਕਰਮ-ਕਾਰਨਾਮੇ-ਸੰਸਕਾਰ ਵੀ ਵਿਲੱਖਣ ਹਨ। ਇਨ੍ਹਾਂ ਚੌਹਾਂ ਸੰਸਕਾਰਾਂ ਦੀ ਵਿਆਖਿਆ ਸਿੱਖ ਰਹਿਤ ਮਰਯਾਦਾ ਵਿੱਚ ਵੀ ਕੀਤੀ ਹੋਈ ਹੈ।

ਜਨਮ ਸੰਸਕਾਰ-ਭਾਵ ਜਦ ਸਿੱਖ ਦੇ ਘਰ ਕਿਸੇ ਬੱਚੇ ਜਾਂ ਬੱਚੀ ਦਾ ਜਨਮ ਹੋਵੇ, ਜਦ ਮਾਂ ਤੁਰਨ-ਫਿਰਨ ਅਤੇ ਇਸ਼ਨਾਨ ਕਰਨਯੋਗ ਹੋ ਜਾਵੇ (ਕਿਸੇ ਚਾਲੀ ਦਿਨਾਂ ਦੇ ਚਾਲੀਸੇ ਦੀ ਕੋਈ ਲੋੜ ਨਹੀਂ) ਤਾਂ ਟੱਬਰ ਅਤੇ ਸਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦ ਲੈ ਕੇ ਜਾਣ, ਗੁਰਬਾਣੀ ਦਾ ਪਾਠ, ਕੀਰਤਨ ਜਾਂ ਵਿਖਿਆਣ ਤੋਂ ਬਾਅਦ ਅਰਦਾਸ ਕਰਕੇ, ਗੁਰੂ ਗ੍ਰੰਥ ਸਾਹਿਬ ਚੋਂ ਹੁਕਮਨਾਮਾ ਲਿਆ ਜਾਵੇ ਅਤੇ ਸ਼ਬਦ ਦੇ ਪਹਿਲੇ ਅੱਖਰ ਤੋਂ ਨਾਮ ਰੱਖਿਆ ਜਾਵੇ। ਜੇ ਲੜਕਾ ਹੈ ਤਾਂ ਨਾਮ ਨਾਲ ਸਿੰਘ ਜੇ ਲੜਕੀ ਹੈ ਤਾਂ ਕੌਰ ਪਦ ਦੀ ਵਰਤੋਂ ਕੀਤੀ ਜਾਵੇ। ਜਨਮ ਦੇ ਸਬੰਧ ਵਿੱਚ ਖਾਣ-ਪੀਣ ਵਿੱਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ ਕਿਉਂਕਿ-ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥ (472)

ਅੰਮ੍ਰਿਤ ਸੰਸਕਾਰ-ਭਾਵ ਜਦ ਬੱਚਾ ਜਾਂ ਬੱਚੀ ਸੁਰਤ ਸੰਭਾਲ ਕੇ ਆਪਣੀ ਕਿਰਿਆ-ਕਰਮ ਕਰਨ ਦੇ ਯੋਗ ਹੋ ਜਾਣ ਤਾਂ ਉਨ੍ਹਾਂ ਨੂੰ ਗੁਰਮੁਖੀ ਅੱਖਰ ਸਿਖਾ ਕੇ ਗੁਰਬਾਣੀ ਪੜ੍ਹਨੀ ਵਿਚਾਰਨੀ ਸਿਖਾਈ ਜਾਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮੁਖ ਪਿਆਰੇ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਲੈ ਕੇ, ਗੁਰਮਤਿ ਮਰਯਾਦਾ ਦ੍ਰਿੜ ਕਰਵਾਈ ਜਾਵੇ ਅਤੇ ਦੱਸਿਆ ਜਾਵੇ ਕਿ ਅੱਜ ਤੋਂ ਤੁਹਾਡਾ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਗੁਰੂ ਤੋਂ ਬਿਨਾਂ ਹੋਰ ਕਿਸੇ ਜਣੇ-ਖਣੇ ਸਾਧ-ਸੰਤ ਨੂੰ ਮੱਥਾ ਨਹੀਂ ਟੇਕਣਾ ਸਗੋਂ ਸਭ ਨੂੰ ਫਤਹਿ ਹੀ ਬੁਲਾਉਣੀ ਹੈ। ਕਿਸੇ ਪਾਖੰਡੀ ਸਾਧ ਦੇ ਡੇਰੇ ਜਾਂ ਮੜੀ-ਮੱਟ ਤੇ ਨਹੀਂ ਜਾਣਾ ਸਗੋਂ ਗੁਰਬਾਣੀ ਨੇਮ ਨਾਲ ਪੜਨੀ ਵਿਚਾਰਨੀ ਅਤੇ ਉਸ ਅਨੁਸਾਰ ਅਮਲੀ ਜੀਵਨ ਜੀਣਾ ਹੈ।

ਅਨੰਦ ਸੰਸਕਾਰ-ਭਾਵ ਜਦ ਲੜਕਾ ਜਾਂ ਲੜਕੀ ਮਨ, ਕਰਮ, ਅਤੇ ਸਰੀਰ ਕਰਕੇ ਯੋਗ ਹੋ ਜਾਣ ਤਾਂ ਉਨ੍ਹਾਂ ਦੀ ਵਿਦਿਆ, ਆਯੂ ਅਤੇ ਆਰਥਕ ਬਰਾਬਰਤਾ ਆਦਿਕ ਗੁਣ ਦੇਖ ਕੇ ਜਾਤ-ਪਾਤ ਤੋਂ ਉਪਰ ਉੱਠ ਕੇ ਰਿਸ਼ਤਾ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਨੰਦ ਕਾਰਜ ਵਿਆਹ ਕਰਨਾ ਚਾਹੀਦਾ ਹੈ। ਵਿਆਹ ਵੇਲੇ ਜੈ ਮਾਲਾ ਪੌਣੀ ਜਾਂ ਵੇਦੀ ਦੁਆਲੇ ਫੇਰੇ ਕਰਨੇ ਮਨਮਤ ਹਨ। ਵਿਆਹ ਵੇਲੇ ਸ਼ਰਾਬ ਆਦਿਕ ਨਸ਼ੇ ਵਰਤਨੇ ਅਤੇ ਦਾਜ-ਦਹੇਜ ਮੰਗਣਾ, ਇਸ ਦਾ ਵਿਖਾਲਾ ਕਰਨਾ ਵੀ ਭਾਰੀ ਮਨਮਤ ਹੈ। ਪਤੀ-ਪਤਨੀ ਆਪਣੇ ਆਪ ਨੂੰ ਸਮਾਜਿਕ ਤੌਰ ਤੇ ਬਰਾਬਰ ਸਮਝਣ ਅਤੇ ਅਕਾਲ ਪੁਰਖ ਦੀ ਰਹਿਮਤ ਸਦਕਾ ਪ੍ਰਵਾਰਕ ਵਾਧੇ ਵਿੱਚ ਲੜਕੀ-ਲੜਕੇ ਨੂੰ ਬਰਾਬਰ ਸਮਝਿਆ ਜਾਵੇ ਕਿਉਂਕਿ ਧੀਆਂ-ਪੁੱਤ ਸਭ ਕਰਤੇ ਦੀ ਦਾਤ ਹਨ।

ਮ੍ਰਿਤਕ ਸੰਸਕਾਰ-ਭਾਵ ਮੁਰਦਾ ਦੇਹ ਨੂੰ ਬਿਲੇ ਲਾਉਣ ਦਾ ਕਿਰਿਆਕਰਮ, ਸਿੱਖ ਰਹਿਤ ਮਰਯਾਦਾ ਅਨੁਸਾਰ (ੳ) ਜੇ ਪ੍ਰਾਣੀ ਮਰਨ ਵੇਲੇ ਮੰਜੇ ਤੇ ਹੋਵੇ ਤਾਂ ਹੇਠ ਨਹੀਂ ਉਤਾਰਨਾ, ਦੀਵਾ-ਵੱਟੀ, ਗਊ ਮਣਸਾਉਣਾ ਜਾਂ ਹੋਰ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਹੀ ਉਚਾਰਣ ਕਰਨਾ ਹੈ। (ਅ) ਪ੍ਰਾਣੀ ਦੇ ਦੇਹ ਤਿਆਗਣ ਤੇ ਧਾਹ ਨਹੀਂ ਮਾਰਨੀ, ਪਿੱਟਣਾ ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਜਾਪ ਹੀ ਚੰਗਾ ਹੈ। (ੲ) ਪ੍ਰਾਣੀ ਭਾਵੇਂ ਛੋਟੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ। ਜਿੱਥੇ ਸਸਕਾਰ ਦਾ ਪ੍ਰਬੰਦ ਨਾਂ ਹੋ ਸਕੇ ਓਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਨ ਤੋਂ ਸ਼ੰਕਾ ਨਹੀਂ ਕਰਨੀ। (ਸ) ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ। (ਹ) ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾਕੇ ਸੁਵੱਸ਼ ਬਸਤ੍ਰ ਪਾਏ ਜਾਣ ਤੇ ਕਕਾਰ ਜੁਦਾ ਨਾਂ ਕੀਤੇ ਜਾਣ। ਫਿਰ ਤਖਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧ ਕੇ ਅਰਥੀ ਨੂੰ ਸ਼ਮਸ਼ਾਨ ਭੁਮੀ ਵੱਲ ਲਿਜਾਂਦੇ ਸਮੇਂ ਵੈਰਾਗਮਈ ਸ਼ਬਦਾਂ ਦਾ ਉਚਾਰਣ ਕੀਤਾ ਜਾਵੇ। ਸਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚਕੇ ਸਰੀਰ ਨੂੰ ਅਗਨ ਭੇਂਟ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁੱਝ ਵਿੱਥ ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰਾਂ ਬਲ ਉੱਠੇ ਤਾਂ ਸੋਹਿਲੇ ਦਾ ਪਾਠ ਕਰ, ਅਰਦਾਸਾ ਸੋਧ, ਸੰਗਤ ਮੁੜ ਆਵੇ (ਕੋਈ ਕਪਾਲ ਕਿਰਿਆ-ਮੁਰਦੇ ਦੇ ਸਿਰ ਸੋਟਾ ਮਾਰਨਾ ਕਿ ਬ੍ਰਹਮਰੁੰਦਰ ਫੋੜਿਆ ਹੈ ਆਦਿ ਨਹੀਂ ਕਰਨੀ) ਘਰ ਆ ਕੇ ਜਾਂ ਲਾਗੇ ਦੇ ਗੁਰਦੁਆਰੇ ਪ੍ਰਾਣੀ ਨਮਿਤ ਵਿੱਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ, ਪਾਠ ਦੇ ਦਿਨਾਂ ਦੀ ਗਿਣਤੀ ਮੁਕਰਰ ਨਹੀਂ, ਪ੍ਰਵਾਰ ਅਤੇ ਸਬੰਧੀ ਰਲ ਕੇ ਪਾਠ ਕਰਨ। ਜੇ ਹੋ ਸਕੇ ਤਾਂ ਹਰ ਰੋਜ ਰਾਤ ਨੂੰ ਕੀਰਤਨ ਭੀ ਹੋਵੇ, ਇਸ ਪਿੱਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿ ਜਾਂਦੀ। (ਕ) ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਜਲ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਓਥੇ ਹੀ ਦਬਾ ਦਿੱਤੀ ਜਾਵੇ। ਸਸਕਾਰ ਅਸਥਾਨ ਤੇ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾਂ ਹੈ। (ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਨੋਟ-ਅੰਗੀਠੇ ਵਿੱਚੋਂ ਫੁੱਲ ਚੁਗ ਕੇ (ਹਡੀਆਂ ਇਕੱਠੀਆਂ ਕਰਕੇ) ਗੰਗਾ, ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਣੇ ਭਾਰੀ ਮਨਮਤ ਹੈ। (ਸਿੱਖ ਰਹਿਤ ਮਰਯਾਦਾ)

ਉਪ੍ਰੋਕਤ ਹਵਾਲਾ ਦਾਸ ਨੇ ਸਿੱਖ ਰਹਿਤ ਮਰਯਾਦਾ ਚੋਂ ਦਿੱਤਾ ਹੈ ਪਰ ਜਦੋਂ ਅਸੀਂ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ-ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥ 3॥ (1160) ਮ੍ਰਿਤਕ ਸਰੀਰ ਨੂੰ ਬਿਲੇ ਲੌਣ ਦੇ ਕਈ ਤਰੀਕੇ ਹਨ-ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ 2॥ (648) ਜਿਵੇਂ ਦਾਹ ਸਸਕਾਰ ਕਰਨਾ, ਪਾਣੀ ਵਿੱਚ ਪ੍ਰਵਾਹ ਕਰ ਦੇਣਾ, ਕੁਤੇ ਆਦਿਕ ਪਸ਼ੂਆਂ ਨੂੰ ਖਵਾ ਦੇਣਾ, ਖੂਹ ਵਿੱਚ ਸੁੱਟ ਦੇਣਾਂ ਅਤੇ ਮਿੱਟੀ ਵਿੱਚ ਦਬਾ ਦੇਣਾ ਆਦਿਕ। ਦਾਹ ਸਸਕਾਰ ਦਾ ਤਰੀਕਾ ਸਭ ਤੋਂ ਵਧੀਆ ਹੈ, ਇਸ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਅਤੇ ਬਦਬੂ ਅਤੇ ਬੀਮਾਰੀਆਂ ਵੀ ਨਹੀਂ ਫੈਲਦੀਆਂ। ਮੁਰਦਾ ਸਰੀਰ ਤਾਂ ਮਿੱਟੀ ਦੀ ਢੇਰੀ ਹੈ ਭਾਵੇਂ ਉਸ ਤੇ ਚੰਦਨ ਚੜ੍ਹਾ ਦਿੱਤਾ ਜਾਵੇ ਤੇ ਭਾਵੇਂ ਵਿਸ਼ਟਾ ਆਦਿਕ ਗੰਦ ਵਿੱਚ ਸੁੱਟ ਦਿੱਤਾ ਜਾਵੇ, ਮੁਰਦਾ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ। ਬ੍ਰਾਹਮਣਾਂ ਨੇ ਆਪਣੀ ਪੇਟ ਪੂਰਤੀ ਲਈ ਹਿੰਦੂ ਜਨਤਾ ਵਿੱਚ ਇਸ ਭਰਮ ਦਾ ਪ੍ਰਚਾਰ ਕਰ ਦਿੱਤਾ ਸੀ ਕਿ ਮ੍ਰਿਤਕ ਪ੍ਰਾਣੀ ਦੀਆਂ ਅਸਤੀਆਂ (ਫੁੱਲ) ਹਰਦੁਆਰ ਪਾ ਕੇ ਬ੍ਰਾਹਮਣ ਨੂੰ ਦਾਨ ਦਸ਼ਣਾ ਦੇਣ ਨਾਲ ਮ੍ਰਿਤਕ ਪ੍ਰਾਣੀ ਦੀ ਮੁਕਤੀ ਹੋ ਜਾਂਦੀ ਹੈ। ਗੁਰਮਤਿ ਦਾ ਸਿਧਾਂਤ ਮਰਨ ਬਾਅਦ ਮੁਕਤੀ ਨੂੰ ਨਹੀਂ ਮੰਨਦਾ-ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮਕਤਿ ਕਿਨਿ ਪਾਈ॥ (93) ਭਗਤ ਨਾਮਦੇਵ ਜੀ ਵੀ ਫੁਰਮਾਂਦੇ ਹਨ-ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕਇਲਾ॥ (1292) ਗੁਰਮਤਿ ਦਾ ਸਿਧਾਂਤ ਤਾਂ ਜਿੰਦੇ ਜੀਅ ਜੀਵਨ ਮੁਕਤ ਹੋਣ ਦਾ ਹੈ-ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆਂ, ਖੇਲੰਦਿਆਂ, ਪੈਨੰਦਿਆਂ, ਖਾਵੰਦਿਆਂ ਵਿਚੇ ਹੋਵੇ ਮੁਕਿਤ॥ (522) ਗੁਰਮਤਿ ਕਿਸੇ ਵਿਸ਼ੇਸ਼ ਥਾਂ ਨੂੰ ਰੱਬ ਦਾ ਘਰ ਜਾਂ ਪਵਿਤ੍ਰ ਨਹੀਂ ਮੰਨਦੀ। ਸੰਸਾਰੀ ਗ੍ਰਿਹਸਤ ਵਿੱਚ ਰਹਿੰਦਿਆਂ ਦਸਾਂ ਨੌਹਾਂ ਦੀ ਕਿਰਤ ਕਮਾਈ ਕਰ, ਵੰਡ ਛਕ, ਨਾਮ ਜਪ (ਰੱਬ ਨੂੰ ਸਦਾ ਯਾਦ ਰੱਖ) ਹਸਦੇ, ਖੇਡਦੇ, ਖਾਂਦੇ, ਪੀਂਦੇ ਘਰ ਪ੍ਰਵਾਰ ਵਿੱਚ ਵਿਚਰਦੇ ਹੋਏ, ਮੋਹ ਮਾਇਆ ਅਤੇ ਵਿਸ਼ੇ ਵਿਕਾਰਾਂ ਤੋਂ ਮੁਕਤ ਹੋਣਾ ਹੀ ਗੁਰਮਤਿ ਦੀ ਜੀਵਨ ਮੁਕਤੀ ਹੈ।

ਜਿਵੇਂ ਹਰਦੁਆਰੀ ਬ੍ਰਾਹਮਣ ਹਿੰਦੂ ਜਨਤਾ ਨੂੰ ਫੋਕਟ ਕਰਮਕਾਂਡਾ ਵਿੱਚ ਪਾ ਕੇ ਲੁਟਦੇ ਸਨ ਉਵੇਂ ਹੀ ਕਾਂਸ਼ੀ ਤੋਂ ਪੜ੍ਹ ਕੇ ਆਏ ਨਿਰਮਲੇ, ਉਦਾਸੀ, ਡੇਰੇਦਾਰ, ਸੰਪ੍ਰਦਾਈ ਸੰਤ ਬਾਬਿਆਂ ਅਤੇ ਉਨ੍ਹਾਂ ਦੇ ਲਿਖਾਰੀਆਂ ਨੇ ਸਿੱਖ ਧਰਮ ਵਿੱਚ ਵੀ ਬ੍ਰਾਹਮਣੀ ਕਰਮਕਾਂਡ ਘਸੋੜ ਦਿੱਤੇ, ਹਰਦਵਾਰ ਦੀ ਥਾਂ ਕੀਰਤਪੁਰ ਪਤਾਲਪੁਰੀ ਬਣਾ ਲਈ, ਕਰਤਾਰਪੁਰ ਅਤੇ ਗੋਇੰਦਵਾਲ ਸਾਹਿਬ ਵਿਖੇ ਵੀ ਡੇਰੇ ਲਾ ਕੇ ਸਿੱਖਾਂ ਨੂੰ ਫੁੱਲ ਪ੍ਰਵਾਹ ਦੇ ਨਾਂ ਤੇ ਲੁੱਟਣਾਂ ਸ਼ੁਰੂ ਕਰ ਦਿੱਤਾ। ਜਿੱਥੇ ਫੁੱਲ ਪਾਏ ਜਾਂਦੇ ਹਨ ਓਥੇ ਨਾਲ-ਨਾਲ ਸੋਨਾ, ਚਾਦੀ, ਰੁਪਿਆ ਪੈਸਾ ਅਤੇ ਬਸਤ੍ਰ-ਭਾਂਡੇ ਵੀ ਅਰਪਨ ਕੀਤੇ ਜਾ ਰਹੇ ਹਨ। ਤੁਸੀਂ ਓਥੋਂ ਹੀ ਖ੍ਰੀਦ ਕੇ ਓਥੇ ਹੀ ਭੇਟ ਕਰ ਸਕਦੇ ਹੋ। ਸਾਡੇ ਵੱਡੇ-ਵੱਡੇ ਸੰਤ ਬਾਬੇ ਅਤੇ ਸਿੱਖ ਲੀਡਰ ਜਲੂਸ ਦੀ ਸ਼ਕਲ ਵਿੱਚ ਪ੍ਰਦਰਸ਼ਨੀ ਕਰਦੇ ਹੋਏ ਮੁਰਦੇ ਦੀਆਂ ਹੱਡੀਆਂ (ਫੁੱਲਾਂ) ਨੂੰ ਮਹਿੰਗੇ-ਮਹਿੰਗੇ ਕਲਸਾਂ ਵਿੱਚ ਪਾ ਕੇ ਲੈ ਜਾਂਦੇ ਹਨ। ਇੱਕ ਪਾਸੇ ਕਹਿੰਦੇ ਹਨ “ਹਮ ਹਿੰਦੂ ਨਹੀ” ਸਾਡੀ ਵੱਖਰੀ ਕੌਮ ਅਤੇ ਵੱਖਰੇ ਰਸਮੋਂ ਰਿਵਾਜ ਹਨ। ਗੁਰਬਾਣੀ ਵੀ ਫੁਰਮਾਂਦੀ ਹੈ-ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ (1136) ਬਹੁਤੇ ਗੁਰਦੁਆਰਿਆਂ ਵਿੱਚ ਗੁਰਬਾਣੀ ਨੂੰ ਡੀਪਲੀ ਵਿਚਾਰਨ ਤੀ ਥਾਂ ਤੋਤਾ ਰਟਨੀ ਪਾਠ ਪੂਜਾ ਅਤੇ ਥੋਥੇ ਕਰਮਕਾਂਡ ਹੀ ਕੀਤੇ-ਕਰਵਾਏ ਜਾ ਰਹੇ ਹਨ। ਪੁੰਨਿਆਂ, ਮਸਿਆ, ਪੰਚਕਾਂ, ਹੋਲੀਆਂ ਅਤੇ ਲੋਹੜੀਆਂ ਵੀ ਗੁਰਦੁਆਰਿਆਂ ਵਿੱਚ ਮਨਾਈਆਂ ਜਾ ਰਹੀਆਂ ਹਨ। ਇੱਥੋਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਨੇ ਮੁਰਦੇ ਦੇ ਹੱਡ (ਫੁੱਲ) ਪਤਾਲਪੁਰੀ ਵਿੱਚ ਪਾਉਣੇ ਹਰਦੁਆਰੀ ਪਾਂਡਿਆਂ ਅਤੇ ਸੰਪ੍ਰਦਾਈ ਡੇਰੇਦਾਰ ਸਾਧਾਂ ਕੋਲੋਂ ਹੀ ਸਿੱਖੇ ਹਨ, ਗੁਰੂ ਸਾਹਿਬ ਨੇ ਸਾਨੂੰ ਸੰਤ-ਸਿਪਾਹੀ ਬਣਾ ਕੇ ਸਿੰਘ ਅਤੇ ਕੌਰ ਦਾ ਲਕਬ ਦਿੱਤਾ ਸੀ, ਗਿਦੜਾਂ ਤੋਂ ਸ਼ੇਰ ਬਣਾਇਆ ਸੀ ਪਰ ਅੱਜ ਸਾਡੇ ਖੋਤੇਨੁਮਾਂ ਅਖੋਤੀ ਸੰਤਾਂ, ਪ੍ਰਚਾਰਕਾਂ ਅਤੇ ਲੀਡਰਾਂ ਨੇ ਖੱਲ (ਬਾਣਾ) ਸ਼ੇਰਾਂ ਵਾਲੀ ਪਾਈ ਹੋਈ ਹੈ ਅਤੇ ਕਰਮ ਖੋਤਿਆਂ (ਕਰਮਕਾਂਡੀਆਂ) ਵਾਲੇ ਕਰ ਰਹੇ ਹਨ। ਅੱਜ ਸਾਨੂੰ ਖੋਤੇ ਅਤੇ ਸ਼ੇਰ, ਕੇਸਾਧਾਰੀ ਬ੍ਰਾਹਮਣ ਅਤੇ ਗੁਰਸਿੱਖ ਦੀ ਪਛਾਣ ਗੁਰਬਾਣੀ ਦੇ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਦੀ ਕਸਵੱਟੀ ਤੇ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਭੇਖੀ ਅਤੇ ਮਾਇਆਧਾਰੀ ਸੰਤ ਬਾਬੇ, ਪ੍ਰਚਾਰਕ ਅਤੇ ਲੀਡਰ ਸਿੱਖਾਂ ਨੂੰ ਵੀ ਬ੍ਰਾਹਮਣ ਵਾਂਗ ਕਰਮਕਾਂਡੀ ਸਿੱਖ ਬਣਾ ਕੇ ਸਦਾ ਲੁਟਦੇ ਰਹਿੰਣਗੇ ਅਤੇ ਸਿੱਖ ਰਹੁਰੀਤਾਂ ਅਤੇ ਸਿਧਾਂਤਾਂ ਦਾ ਭਗਵਾਕਰਣ ਕਰ ਦੇਣਗੇ। ਅਕਾਸ਼ ਅਸੀਂ ਗੁਰੂ ਸਿਧਾਤਾਂ ਨੂੰ ਕਦੇ ਸਮਝਾਂਗੇ ਵੀ ਜਾਂ ਕੇਵਲ ਪਾਠ ਕਰਾ ਕੇ, ਭੇਟਾ ਚੜ੍ਹਾ ਕੇ, ਫੋਕੇ ਮੱਥੇ ਹੀ ਟੇਕੀ ਜਾਂਵਾਂਗੇ।

ਅਵਤਾਰ ਸਿੰਘ ਮਿਸ਼ਨਰੀ




.