.

ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਜੀਵਨ-ਮੁਕਤ ਹੋਣ ਲਈ ਕੇਵਲ ਤੇ ਕੇਵਲ ਗੁਰਬਾਣੀ ਵਿੱਚ ਦਰਸਾਈ ਜੀਵਨ-ਜੁਗਤ ਨੂੰ ਅਪਣਾਉਣ ਦੀ ਹੀ ਲੋੜ ਹੈ। ਗੁਰੂ ਕਾਲ ਵਿੱਚ ਵੀ ਇਹੀ ਸ਼ਰਤ ਸੀ, ਹੁਣ ਵੀ ਇਹੀ ਹੈ ਅਤੇ ਭਵਿੱਖ ਵਿੱਚ ਵੀ ਇਹੀ ਰਹੇਗੀ। ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਬਣਨ ਅਥਵਾ ਅਖਵਾਉਣ ਲਈ ਹਰੇਕ ਪ੍ਰਾਣੀ ਲਈ ਇੱਕ ਨਿਯਮ ਦੀ ਪਾਲਣਾ ਕਰਨਾ ਜ਼ਰੂਰੀ ਸੀ। ਉਹ ਨਿਯਮ ਸੀ ਕਿ ਹਰੇਕ ਵਿਅਕਤੀ ਨੂੰ ਗੁਰਬਾਣੀ ਦੀ ਜੀਵਨ-ਜੁਗਤ ਨੂੰ ਅਪਣਾਉਣ ਦੇ ਨਾਲ ਨਾਲ ਸਾਰੇ ਹੀ ਗੁਰੂ ਸਾਹਿਬਾਨ ਨੂੰ ਇਕੋ ਜੋਤ ਅਤੇ ਜੁਗਤ ਦੇ ਧਾਰਨੀ ਸਮਝਣਾ। ਇਸ ਧਾਰਨਾ ਅਨੁਸਾਰ ਜਦ ਕਿਸੇ ਗੁਰੂ ਸਾਹਿਬ ਨੇ ਦੂਜੇ ਗੁਰੂ ਸਾਹਿਬ ਨੂੰ ਗੁਰਗੱਦੀ ਦੀ ਜ਼ੁੰਮੇਵਾਰੀ ਸੌਂਪੀ, ਸਿੱਖ ਲਈ ਗੁਰੂ ਵਲੋਂ ਥਾਪੇ ਹੋਏ ਗੁਰ ਨਾਨਕ ਦੀ ਜੋਤ ਦੇ ਉਸ ਸਰੂਪ ਨੂੰ ਗੁਰੂ ਨਾਨਕ ਸਾਹਿਬ ਦਾ ਹੀ ਜ਼ਾਹਰਾ ਸਰੂਪ ਸਮਝ ਕੇ, ਉਨ੍ਹਾਂ ਦੇ ਹਰੇਕ ਅਦੇਸ਼ ਦੀ ਪਾਲਣਾ ਕਰਨਾ ਬਣਦਾ ਸੀ।
ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਸ ਕਿਸੇ ਨੇ ਵੀ ਇਸ ਨਿਯਮ ਦੀ ਪਾਲਣਾ ਨਹੀਂ ਕੀਤੀ, ਉਹ ਗੁਰ ਨਾਨਕ ਸਾਹਿਬ ਦੇ ਸਿੱਖ ਵਜੋਂ ਆਪਣੀ ਪਛਾਣ ਗਵਾ ਬੈਠਾ। ਉਹ ਵਿਅਕਤੀ ਸਿੱਖ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਿਆ। ਇੱਥੋਂ ਤੱਕ ਕਿ ਜੇਕਰ ਗੁਰੂ ਸਾਹਿਬਾਨ ਦੀ ਸੰਤਾਨ ਨੇ ਵੀ ਇਸ ਨਿਯਮ ਦੀ ਉਲੰਘਣਾ ਕੀਤੀ, ਤਾਂ ਵੀ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਤੋਂ ਅਲੱਗ-ਥਲੱਗ ਹੋ ਕੇ ਰਹਿ ਗਏ।
ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਤਾਂ ਗੁਰੂ ਮੰਨਿਆ ਸੀ ਪਰ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਰੂਪ ਮੰਨਣ ਲਈ ਤਿਆਰ ਨਹੀਂ ਸੀ ਹੋਏ। ਸ੍ਰੀ ਚੰਦ ਅਤੇ ਲਖਮੀ ਚੰਦ ਨੇ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਨੂੰ ਹਜ਼ੂਰ ਦੇ ਜੋਤੀ ਜੋਤ ਸਮਾਉਣ ਉਪਰੰਤ ਹੀ ਸਮਝਿਆ ਸੀ। ਜੇਕਰ ਇਨ੍ਹਾਂ ਨੇ ਸਤਿਗੁਰੂ ਜੀ ਨੂੰ ਪਹਿਲਾਂ ਹੀ ਸਮਝਿਆ ਹੁੰਦਾ, ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਪ੍ਰਤੀ ਅਜਿਹਾ ਲਿਖਿਆ ਹੋਇਆ ਨਾ ਮਿਲਦਾ: ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ॥ (ਪੰਨਾ ੯੬੭) ਅਰਥ: (ਸਤਿਗੁਰੂ ਜੀ ਦੇ) ਪੁਤ੍ਰਾਂ ਨੇ ਬਚਨ ਨ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਹੀ (ਹੁਕਮ) ਮੋੜਦੇ ਰਹੇ।
ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਦੀ ਅਠੱਤਵੀਂ ਪਉੜੀ ਵਿੱਚ ਇਨ੍ਹਾਂ ਬਾਰੇ ਇਉਂ ਹੀ ਲਿਖਿਆ ਹੈ: ਪੁਤਰੀ ਕਉਲੁ ਨਾ ਪਾਲਿਆ ਮਨਿ ਖੋਟੇ ਆਕੀ ਨਸਿਆਰਾ। ਅਰਥ: ਪੁੱਤਰਾਂ ਨੇ ਬਚਨ ਨੂੰ ਨਾ ਮੰਨਿਆ, ਖੋਟੇ ਮਨ, ਆਕੀ ਤੇ ਨਸਣ ਵਾਲੇ ਹੋ ਗਏ।
ਭਾਵੇਂ ਸ੍ਰੀ ਚੰਦ ਜੀ ਅਤੇ ਲਖਮੀ ਚੰਦ ਜੀ ਨੇ ਗੁਰਦੇਵ ਦੇ ਜੋਤੀ ਜੋਤ ਸਮਾਉਣ ਉਪਰੰਤ ਹੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਰੂਪ ਵਿੱਚ ਸਵੀਕਾਰ ਕੀਤਾ ਸੀ, ਫਿਰ ਵੀ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਆਸ਼ੇ ਨੂੰ ਅਪਣਾਉਣ ਦੀ ਲੋੜ ਨਹੀਂ ਸੀ ਸਮਝੀ। ਇਸ ਲਈ ਇਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਦੇ ਰੂਪ ਵਿਚ, ਗੁਰੂ ਸਾਹਿਬ ਵਲੋਂ ਦਰਸਾਈ ਹੋਈ ਜੀਵਨ-ਜੁਗਤ ਦੀ ਅਹਿਮੀਅਤ ਨੂੰ ਸਮਝ ਕੇ ਨਹੀਂ, ਸਗੋਂ ਗੁਰੂ ਪੁੱਤਰ ਹੋਣ ਦਾ ਦਾਅਵਾ ਕਰਕੇ, ਆਪਣੀ ਪੂਜਾ ਪ੍ਰਤਿਸ਼ਟਾ ਕਰਾਉਣ ਦੀ ਭਾਵਨਾ ਨਾਲ ਸੀ। ਸ੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦੇ ਮਤ ਨਾਲੋਂ ਆਪਣਾ ਵੱਖਰਾ ਉਦਾਸੀ ਮਤ ਚਲਾ ਲਿਆ ਸੀ। ਸ੍ਰੀ ਚੰਦ, ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦਾ ਵਿਰੋਧ ਕਰਦੇ ਰਹੇ। ਗੁਰੂ ਰਾਮਦਾਸ ਸਾਹਿਬ ਦੇ ਸਮੇਂ ਆਪ ਜੀ ਦਾ ਕਰੋਧ ਸ਼ਾਂਤ ਹੋਇਆ ਅਤੇ ਆਪ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲੇ। ਉਦਾਸੀ ਮਤ ਨਾਲ ਸਬੰਧ ਰੱਖਣ ਵਾਲਿਆਂ ਨੇ ਸ੍ਰੀ ਚੰਦ ਅਤੇ ਗੁਰੂ ਸਾਹਿਬ ਨਾਲ ਸਬੰਧਤ ਕੁੱਝ ਸਾਖੀਆਂ ਪਰਚਾਰੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ। ਉਦਾਹਰਣ ਵਜੋਂ ਬਾਬਾ ਗੁਰਦਿੱਤਾ ਜੀ ਨੂੰ ਸ੍ਰੀ ਚੰਦ ਜੀ ਨੇ ਸੇਲੀ ਟੋਪੀ ਦੇ ਕੇ ਗੁਰੂ ਹਰਿਗੋਬਿੰਦ ਜੀ ਨੂੰ ਕਿਹਾ ਕਿ ਗੁਰ ਗੱਦੀ ਤਾਂ ਅੱਗੇ ਹੀ ਤੁਹਾਡੇ ਪਾਸ ਹੈ, ਸਾਡੇ ਪਾਸ ਥੋੜ੍ਹਾ ਜਿਹਾ ਤਪ ਤੇ ਫਕੀਰੀ ਸੀ, ਇਹ ਵੀ ਲੈ ਲਵੋ। ਕੀ ਜਿਹੋ ਜਿਹੇ ਤਪ ਅਤੇ ਫਕੀਰੀ ਦੇ ਸ੍ਰੀ ਚੰਦ ਜੀ ਧਾਰਨੀ ਸਨ, ਉਸ ਦਾ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਸਥਾਨ ਹੈ? ਨਿਰਸੰਦੇਹ ਇਨ੍ਹਾਂ ਦਾ ਉੱਤਰ ਨਾਂ ਵਿੱਚ ਹੀ ਹੈ। ਦੂਜੀ ਇਹਿਾਸਕ ਸਚਾਈ ਇਹ ਹੈ ਕਿ ਜਿਸ ਸਮੇਂ ਸ੍ਰੀ ਚੰਦ ਜੀ ਦਾ ਅਕਾਲ ਚਲਾਣਾ ਹੋਇਆ, ਉਸ ਸਮੇਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੀ ਨਹੀਂ ਸੀ ਹੋਇਆ ਹੋਇਆ। ਆਪ ਜੀ ਦਾ ਜਨਮ ਸ੍ਰੀ ਚੰਦ ਜੀ ਦੇ ਅਕਾਲ ਚਲਾਣਾ ਕਰਨ ਪਿੱਛੋਂ ਲਗਭਗ ਤੇਰ੍ਹਾਂ ਕੇ ਮਹੀਨਿਆਂ ਬਾਅਦ ਹੋਇਆ ਸੀ।
ਗੁਰੂ ਅੰਗਦ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ: ਦਾਤੂ ਜੀ ਅਤੇ ਦਾਸੂ ਜੀ, ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਨੂੰ ਤਾਂ ਗੁਰੂ ਮੰਨਦੇ ਸਨ ਪਰੰਤੂ ਗੁਰੂ ਅਮਰਦਾਸ ਜੀ ਨੂੰ ਨਹੀਂ ਸੀ ਮੰਨਦੇ। ਇਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਅਥਵਾ ਗੁਰੂ ਅੰਗਦ ਸਾਹਿਬ ਦਾ ਰੂਪ ਨਹੀਂ ਸੀ ਮੰਨਿਆ। ਇਸ ਲਈ ਹੀ ਇਨ੍ਹਾਂ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕੀਤਾ। ਦਾਤੂ ਜੀ ਨੇ ਤਾਂ ਗੁਰੂ ਅਮਰਦਾਸ ਜੀ ਨੂੰ ਸਿੰਘਾਸਨ `ਤੇ ਬੈਠੇ ਹੋਇਆਂ ਨੂੰ ਲੱਤ ਵੀ ਕੱਢ ਮਾਰੀ ਸੀ। ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਨੂੰ ਛੱਡ ਕੇ ਬਾਸਰ ਕੇ ਚਲੇ ਜਾਣ ਮਗਰੋਂ, ਦਾਤੂ, ਗੁਰੂ ਸਾਹਿਬ ਦੇ ਸਿੰਘਾਸਨ ਤੇ ਬੈਠ ਕੇ, ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਹੋਣ ਦਾ ਢੰਢੋਰਾ ਦੇਂਦੇ ਰਹੇ ਪਰੰਤੂ ਸਿੱਖ ਸੰਗਤਾਂ ਨੇ ਦਾਤੂ ਜੀ ਨੂੰ ਮੂੰਹ ਨਹੀਂ ਲਾਇਆ। ਸੰਗਤਾਂ ਦਾਤੂ ਜੀ ਦਾ ਗੁਰੂ ਪੁੱਤਰ ਹੋਣ ਕਰਕੇ ਸਤਿਕਾਰ ਤਾਂ ਕਰਦੀਆਂ ਸਨ ਪਰੰਤੂ ਇਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਵੀਕਾਰ ਕਰਨ ਲਈ ਕਿਸੇ ਵੀ ਕੀਮਤ `ਤੇ ਤਿਆਰ ਨਹੀਂ ਸਨ। ਚੂੰਕਿ ਸੰਗਤਾਂ ਨੇ ਗੁਰੂ ਅੰਗਦ ਸਾਹਿਬ ਦੇ ਹੁਕਮ ਅਨੁਸਾਰ ਕੇਵਲ ਗੁਰੂ ਅਮਰਦਾਸ ਜੀ ਨੂੰ ਹੀ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਦਾਤੂ ਜੀ ਨੇ ਜਦ ਦੇਖਿਆ ਕਿ ਸਿੱਖ ਸੰਗਤਾਂ ਨੂੰ ਉਨ੍ਹਾਂ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਰਹੀਆਂ ਹਨ ਤਾਂ ਨਿਰਾਸ ਹੋ ਕੇ ਗੁਰੂ ਘਰ ਦਾ ਜੋ ਮਾਲ ਅਸਬਾਬ ਹੱਥ ਲੱਗਾ, ਉਸ ਨੂੰ ਸਮੇਟ ਕੇ ਵਾਪਸ ਖਡੂਰ ਆ ਗਏ ਸਨ।
ਗੁਰੂ ਅਮਰਦਾਸ ਜੀ ਦੇ ਦੋਹਾਂ ਪੁੱਤਰਾਂ ਵਿਚੋਂ ਮੋਹਰੀ ਜੀ ਨੇ ਹੀ ਪਿਤਾ ਗੁਰਦੇਵ ਦੇ ਹੁਕਮ ਨੂੰ ਮੰਨਦਿਆਂ ਹੋਇਆਂ, ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸਵੀਕਾਰ ਕਰਕੇ ਸੀਸ ਝੁਕਾਇਆ ਸੀ। ਦੂਜੇ ਪੁੱਤਰ ਮੋਹਨ ਜੀ ਨੇ ਸਵੀਕਾਰ ਨਹੀਂ ਸੀ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਮਨ ਲਿਖਤ ਫ਼ਰਮਾਨ ਇਸ ਪਹਿਲੂ ਉੱਤੇ ਰੋਸ਼ਨੀ ਪਾਉਂਦਾ ਹੈ:- ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥ (ਪੰਨਾ ੯੨੪) ਅਰਥ: ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।
ਪ੍ਰਿਥੀ ਚੰਦ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੀਕ ਤਾਂ ਗੁਰੂ ਮੰਨਦੇ ਸੀ ਪਰ ਗੁਰੂ ਅਰਜਨ ਸਾਹਿਬ ਨੂੰ ਨਹੀਂ ਸੀ ਮੰਨਦੇ। ਪ੍ਰਿਥੀ ਚੰਦ ਕਈ ਚਿਰ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਉਤਰਾਧਿਕਾਰੀ ਪਰਚਾਰਦੇ ਰਹੇ। ਇਸੇ ਤਰ੍ਹਾਂ ਮਿਹਰਵਾਨ ਆਦਿਕ ਦੀ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਅਜਿਹੀ ਹੀ ਧਾਰਨਾ ਰਹੀ ਹੈ।
ਧੀਰਮਲ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਤਾਂ ਗੁਰੂ ਮੰਨਦੇ ਸਨ ਪਰ ਗੁਰੂ ਹਰਿ ਰਾਏ ਸਾਹਿਬ ਨੂੰ ਨਹੀਂ ਸੀ ਮੰਨਦੇ। ਇਸੇ ਤਰ੍ਹਾਂ ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਪੁੱਤਰ ਰਾਮ ਰਾਏ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿ ਰਾਏ ਸਾਹਿਬ ਤੱਕ ਤਾਂ ਗੁਰੂ ਸਾਹਿਬਾਨ ਨੂੰ ਗੁਰੂ ਮੰਨਦੇ ਸਨ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰੂ ਨਹੀਂ ਸੀ ਮੰਨਦੇ। ਉਹ ਆਪਣੇ ਪਿਛਲਗਾਂ ਦੁਆਰਾ ਸਿੱਖ ਸੰਗਤਾਂ ਵਿੱਚ ਇਹ ਪਰਚਾਰ ਕਰਾਉਂਦੇ ਰਹੇ ਕਿ ਪਿਤਾ ਗੁਰਦੇਵ ਤੋਂ ਬਾਅਦ ਗੁਰ ਗੱਦੀ ਉੱਤੇ ਹੁਣ ਉਹ ਹੀ ਬਿਰਾਜਮਾਨ ਹਨ। ਇਹ ਗੱਲ ਵੱਖਰੀ ਹੈ ਕਿ ਰਾਮਰਾਏ ਆਮ ਸਿੱਖ ਸੰਗਤਾਂ ਨੂੰ ਆਪਣੇ ਮਗਰ ਲਾਉਣ ਵਿੱਚ ਕਾਮਯਾਬ ਨਾ ਹੋ ਸਕੇ। ਜਦ ਰਾਮਰਾਏ ਹੁਰਾਂ ਨੂੰ ਉਨ੍ਹਾਂ ਦੇ ਆਪ ਸਥਾਪਤ ਕੀਤੇ ਮਸੰਦ ਤੰਗ ਕਰਨ ਲਗੇ ਤਾਂ ਰਾਮ ਰਾਏ ਹੁਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ, ਅਤੇ ਹਜ਼ੂਰ ਨੇ ਤੁਰੰਤ ਹੀ ਰਾਮਰਾਏ ਦੀ ਇਸ ਇੱਛਾ ਨੂੰ ਪੂਰਿਆਂ ਕਰ ਦਿੱਤਾ ਸੀ।
ਧਿਆਨ ਰਹੇ ਕਿ ਇਸ ਤੋਂ ਪਹਿਲਾਂ ਰਾਮਰਾਏ ਹੁਰਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਨਹੀਂ ਸੀ ਹੋਇਆ। ਉਹ ਤਾਂ ਇਹ ਹੀ ਸਮਝਦੇ ਰਹੇ ਕਿ ਗੁਰਬਾਣੀ ਦੇ ਸੱਚ ਨੂੰ ਲੁਕਾ ਕੇ ਉਨ੍ਹਾਂ ਨੇ ਕੁੱਝ ਵੀ ਗ਼ਲਤ ਨਹੀਂ ਕੀਤਾ। ਜੇਕਰ ਰਾਮਰਾਏ ਸ਼ੁਰੂ ਵਿੱਚ ਹੀ ਆਪਣੀ ਭੁੱਲ ਨੂੰ ਸਵੀਕਾਰ ਕਰ ਲੈਂਦੇ ਤਾਂ ਗੁਰੂ ਸਾਹਿਬ ਉਨ੍ਹਾਂ ਨੂੰ ਜ਼ਰੂਰ ਮੁਆਫ਼ ਕਰ ਦੇਂਦੇ। ਪਰੰਤੂ ਇਸ ਦਾ ਇਹ ਭਾਵ ਨਹੀਂ, ਕਿ ਉਸ ਨੂੰ ਗੁਰ ਗੱਦੀ ਦੀ ਜ਼ੁੰਮੇਵਾਰੀ ਸੌਂਪ ਦੇਂਦੇ। ਐਸਾ ਤਾਂ ਨਹੀਂ ਪਰ ਉਸ ਨੂੰ ਪੁੱਤਰ ਦੇ ਰੂਪ ਵਿੱਚ ਅਵੱਸ਼ ਸਵੀਕਾਰ ਕਰ ਲੈਂਦੇ ਅਤੇ ਉਨ੍ਹਾਂ ਨਾਲੋਂ ਨਾਤਾ ਨਾ ਤੋੜਦੇ। ਪਰ ਰਾਮ ਰਾਏ ਨੇ ਆਪਣੀ ਭੁੱਲ ਨੂੰ ਮੰਨਿਆ ਹੀ ਨਹੀਂ ਸੀ। ਉਨ੍ਹਾਂ ਨੂੰ ਤਾਂ ਇੰਜ ਹੀ ਪ੍ਰਤੀਤ ਹੁੰਦਾ ਰਿਹਾ ਕਿ ਉਨ੍ਹਾਂ ਨੇ ਅਜਿਹਾ ਕਦਮ ਉਠਾ ਕੇ ਔਰੰਗਜ਼ੇਬ ਦੀ ਕਰੋਪੀ ਤੋਂ ਗੁਰੂ ਘਰ ਨੂੰ ਬਚਾ ਲਿਆ ਹੈ। ਪਰੰਤੂ ਜਿਉਂ ਹੀ ਉਨ੍ਹਾਂ ਨੇ ਆਪਣੀ ਭੁੱਲ ਦਾ ਅਹਿਸਾਸ ਕਰਕੇ ਆਪਣੀ ਭੁੱਲ ਨੂੰ ਸੁਧਾਰਨਾ ਚਾਹਿਆ ਤਾਂ ਗੁਰੂ ਸਾਹਿਬ ਨੇ ਬਾਹਾਂ ਉਲਾਰ ਕੇ ਰਾਮ ਰਾਏ ਨੂੰ ਆਪਣੇ ਗਲ ਨਾਲ ਲਾ ਲਿਆ।
ਇਹ ਤੱਥ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਜੇਕਰ ਗੁਰੂ ਸਾਹਿਬਾਨ ਦੇ ਸਪੁੱਤਰਾਂ ਨੇ ਵੀ ਗੁਰੂ ਸਾਹਿਬ ਵਲੋਂ ਕੀਤੀ ਚੋਣ ਨੂੰ ਮੰਨਣ ਤੋਂ ਇਨਕਾਰ ਕੀਤਾ, ਤਾਂ ਉਹ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦਾ ਹਿੱਸਾ ਨਾ ਬਣ ਸਕੇ। ਭਾਈ ਗੁਰਦਾਸ ਜੀ ਵੀ ਇਸ ਸਬੰਧ ਵਿੱਚ ਲਿਖਦੇ ਹਨ:
ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ। ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ। ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ। ਮੋਹਣੁ ਕਮਲਾ ਹੋਇਆ ਚਉਬਾਰੀ ਮੋਹਰੀ ਮਨਾਇਆ। ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ। ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ। ਚੰਦਨ ਵਾਸੁ ਨ ਵਾਸ ਬੋਹਾਇਆ। (ਵਾਰ ੨੬, ਪਉੜੀ ੩੩)
ਅਰਥ:-ਸਿਰੀ ਚੰਦ (ਗੁਰੁ ਨਾਨਕ ਦਾ ਵੱਡਾ ਪੁੱਤਰ) ਬਾਲ ਜਤੀ ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ ਬਾਬਾਣਾ ਦੇਹੁਰਾ (ਅਰਥਾਤ ਗੁਰੁ ਨਾਨਕ ਦਾ ਦੇਹੁਰਾ ਰਾਵੀ ਦੇ ਕੰਢੇ) ਬਣਵਾ ਕੇ ਬੈਠ ਗਿਆ (ਭਾਵ ਗੁਰੂ ਕੀ ਆਗਿਆ ਦੇਹੁਰਾ ਬਣਾਉਣ ਦੀ ਨਹੀਂ ਸੀ)। ਦੂਜੇ ਪੁੱਤਰ ਲਖਮੀ ਦਾਸ (ਜੋ ਗ੍ਰਿਹਸਥ ਮਾਰਗ ਵਿਖੇ ਸੀ) ਦਾ ਪੁੱਤਰ ਧਰਮ ਚੰਦ (ਗੁਰੂ ਨਾਨਕ ਸਾਹਿਬ ਦਾ) ਪੋਤਾ ਅਖਾ ਕੇ ਆਪਣਾ ਆਪ ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛੱਡਿਆ)। ਦਾਸੂ ਨੂੰ (ਗੋਇੰਦਵਾਲ) ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ ਸਿੱਧਾਸਨ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)। ਮੋਹਨ ਕਮਲਾ ਹੋ ਗਿਆ, ਅਤੇ ਮੋਹਰੀ ਚਉਬਾਰੇ ਦੀ ਟਹਿਲ ਕਰਨ ਲੱਗਾ। ਪ੍ਰਿਥੀਆ ‘ਮੀਣਾ’ (ਅਰਥਾਤ ਕਪਟੀ) ਨਿਕਲਿਆ, ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾ ਚਲਾ ਦਿੱਤਾ (ਝੂਠੇ ਹੁਕਮਨਾਮੇ ਲਿਖ ਭੇਜੇ)। ਮਹਾ ਦੇਉ (ਗੁਰੂ ਅਰਜਨ ਸਾਹਿਬ ਦੇ ਭਰਾਤਾ; ਆਪ ਹਜ਼ੂਰ ਤੋਂ ਵੱਡੇ ਅਤੇ ਪ੍ਰਿਥੀਚੰਦ ਤੋਂ ਛੋਟੇ ਸਨ) ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰਕੇ ਕੁੱਤੇ ਵਾਂਗ ਭਉਕਾਇਆ। (ਪਰ ਗੁਰੂ ਰੂਪ) ਚੰਦਨ ਦੀ ਵਾਸ਼ਨਾ ਨਾਲ ਵਾਂਸ (ਭਾਵ ਗੁਰੂ ਪੁੱਤਰ) ਸੁਗੰਧਤ ਨਾ ਹੋਇਆ।
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੇ ਹੁਕਮ ਤੋਂ ਆਕੀ ਹੋਏ ਗੁਰ ਪੁੱਤਰਾਂ ਅਤੇ ਇਨ੍ਹਾਂ ਦੇ ਪਿੱਛਲਗਾਂ ਵਲੋਂ ਗੁਰੂ ਸਾਹਿਬਾਨ ਬਾਰੇ ਗੁਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਨੂੰ ਸੁਚੇਤ ਕਰਦਿਆਂ ਹੋਇਆਂ ਇਹ ਵੀ ਸਪਸ਼ਟ ਕੀਤਾ ਕਿ ਸਾਰੇ ਹੀ ਗੁਰੂ ਸਾਹਿਬਾਨ ਇਕੋ ਹੀ ਜੋਤ ਅਤੇ ਜੁਗਤ ਦੇ ਧਾਰਨੀ ਹਨ ਅਤੇ ਗੁਰੂ ਨਾਨਕ ਸਾਹਿਬ ਦੇ ਆਸ਼ੇ ਨੂੰ ਹੀ ਗੁਰੂ ਸਾਹਿਬ ਦੇ ਉਤਰਾਧਿਕਾਰੀ ਪਰਚਾਰ ਰਹੇ ਹਨ:
ਬਾਬਾਣੀ ਪੀੜੀ ਚਲੀ ਗੁਰ ਚੇਲੇ ਪਰਚਾ ਪਰਚਾਇਆ। ਗੁਰੁ ਅੰਗਦੁ ਗੁਰੁ ਅੰਗ ਤੇ ਗੁਰੁ ਚੇਲਾ ਗੁਰੁ ਭਾਇਆ। ਅਮਰਦਾਸੁ ਗੁਰ ਅੰਗਦਹੁ ਸਤਿਗੁਰੁ ਤੇ ਸਤਿਗੁਰੂ ਸਦਾਇਆ। ਗੁਰੁ ਅਮਰਹੁ ਗੁਰੁ ਰਾਮਦਾਸੁ ਗੁਰ ਸੇਵਾ ਗੁਰੁ ਹੋਇ ਸਮਾਇਆ। ਰਾਮਦਾਸਹੁ ਅਰਜਣੁ ਗੁਰੂ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲ ਲਾਇਆ। ਹਰਿਗੋਬਿੰਦੁ ਗੁਰੁ ਅਰਜਨਹੁਂ ਆਦਿ ਪੁਰਖ ਆਦੇਸ ਕਰਾਇਆ। ਸੁਝੈ ਸੁਝ ਨ ਲੁਕੈ ਲੁਕਾਇਆ। (ਵਾਰ ੨੬, ਪਉੜੀ ੩੪)
ਅਰਥ:-ਬਾਬੇ (ਗੁਰੂ ਨਾਨਕ) ਦੀ ਸੰਪ੍ਰਦਾਯ ਤੁਰੀ, ਜਿਸ ਵਿੱਚ ਗੁਰੂ ਅਤੇ ਚੇਲਾ ਦਾ ਪਰਚਾਰ ਹੋਇਆ। ਗੁਰੂ ਅੰਗਦ ਗੁਰੂ (ਨਾਨਕ ਦੇ) ਅੰਗ ਥੋਂ ਚੇਲਾ ਅਤੇ ਗੁਰੂ ਇੱਕ ਜੋਤ ਹੋਏ। ਗੁਰੂ ਅੰਗਦ ਥੋਂ ਗੁਰੂ ਅਮਰਦਾਸ ਹੋਏ, ਸਤਿਗੁਰ ਤੋਂ ਸਤਿਗੁਰ ਸਦਾਏ। ਭਾਵ ਸਤਿਗੁਰੂ ਨੇ ਵੀ ਸਤਿਗੁਰੂ ਕਿਹਾ)। ਗੁਰੂ ਅਮਰ ਤੋਂ ਗੁਰੂ ਰਾਮਦਾਸ ਗੁਰੂ ਦੀ ਸੇਵਾ ਕਰਕੇ ਗੁਰੂ ਰੂਪ ਹੋ (ਗੁਰੂ ਵਿਚ) ਸਮਾਏ, ਭਿੰਨ ਭੇਦ ਰੰਚਕ ਨਹੀਂ ਰਿਹਾ। ਰਾਮਦਾਸ ਥੋਂ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਬ੍ਰਿੱਛ ਥੋਂ ਅੰਮ੍ਰਿਤ ਫਲ ਹੀ ਲਗਾ। ਗੁਰੂ ਅਰਜਨੋਂ ਗੁਰੂ ਹਰਿਗੋਬਿੰਦ ਹੋਏ; ਆਦਿ ਪੁਰਖ ਨੂੰ ਹੀ ਇਨ੍ਹਾਂ ਨੇ ਆਦੇਸ਼ ਕਰਾਇਆ (ਭਾਵ ਇੱਕ ਅਕਾਲ ਪੁਰਖ ਦਾ ਧਿਆਨ ਦ੍ਰਿੜ ਕਰਕੇ ਹੋਰ ਪੰਥ ਦੂਰ ਹੀ ਰੱਖੇ)। ਸੂਰਜ ਦਿਸਦਾ ਹੈ ਕਿਸੇ ਦਾ ਲੁਕਾਇਆ ਲੁਕਦਾ ਨਹੀਂ।
ਰਹਿਤਨਾਮਿਆਂ ਵਿੱਚ ਭਾਵੇਂ ਗੁਰਮਤਿ ਦੇ ਆਸ਼ੇ ਤੋਂ ਉਲਟ ਬਹੁਤ ਕੁੱਝ ਲਿਖਿਆ ਹੋਇਆ ਹੈ, ਅਤੇ ਕਈ ਥਾਈਂ ਸਵੈ-ਵਿਰੋਧ ਵੀ ਹੈ। ਪਰ ਫਿਰ ਵੀ ਕਿਤੇ ਕਿਤੇ ਇਨ੍ਹਾਂ ਰਹਿਤਨਾਮਿਆਂ ਵਿੱਚ ਗੁਰੂ ਸਾਹਿਬ ਦੇ ਆਸ਼ੇ ਨੂੰ ਵੀ ਦ੍ਰਿੜ ਕਰਵਾਇਆ ਹੋਇਆ ਹੈ। ਗੁਰ ਵੰਸ਼ੀ ਸਾਹਿਬਜ਼ਾਦਿਆਂ ਬਾਰੇ ਭਾਈ ਚਉਪਾ ਸਿੰਘ ਦੇ ਰਹਿਤਨਾਮੇ ਵਿੱਚ ਨਿਮਨ ਲਿਖਤ ਸ਼ਬਦ ਬੜੇ ਭਾਵ ਪੂਰਤ ਹਨ, “ਜੋ ਗੁਰੂ ਕਾ ਸਿਖ ਹੋਵੈ ਪੰਜਾਂ ਨਾਲਿ ਨਾਤਾ ਨ ਕਰੈ। ਵਰਤਣ ਭੀ ਨਾ ਕਰੈ-ਪਹਿਲੇ ਮੀਣੇ, ਦੂਜੇ ਰਾਮਰਾਈਏ, ਤੀਜੇ ਕੁੜੀਮਾਰ, ਚਉਥੇ ਭੱਦਣੀ, ਪੰਜਵੇਂ ਮਸੰਦ। ਭਾਵੇਂ ਗੁਰੂ ਕੇ ਸਰਬੰਧੀ ਹੈਨਿ, ਤਾਂ ਭੀ ਇਹ ਨਿੰਦਾ ਕਰਕੇ ਦੁਸ਼ਟ ਹੋਏ ਹੈਨਿ। ਜੈਸੇ ਦਰਖਤ ਵਿਚਹੁੰ ਫਲ ਪਤ੍ਰ ਟਾਸ ਨਿਕਸਦੇ ਹੈਨਿ ਅਤੇ ਕੰਡੇ ਭੀ ਵਿਚਹੁੰ ਹੀ ਨਿਕਸਦੇ ਹੈਨਿ। ਸੋ ਏਹੁ ਕੰਡੇ ਹੈਨਿ।” (ਭਾਈ ਚਉਪਾ ਸਿੰਘ) ਅਸੀਂ ਇਹ ਸ਼ਬਦ ਫਿਰ ਦੁਹਰਾਉਣਾ ਚਾਹੁੰਦੇ ਹਾਂ ਕਿ ਪ੍ਰਿਥੀਚੰਦ ਅਤੇ ਧੀਰਮਲ ਆਦਿ ਗੁਰੂ ਨਾਨਕ ਸਾਹਿਬ ਅਤੇ ਬਾਅਦ ਦੇ ਗੁਰੂ ਸਾਹਿਬਾਨ ਨੂੰ ਤਾਂ ਗੁਰੂ ਮੰਨਦੇ ਸਨ ਪਰ ਆਪਣੇ ਸਮੇਂ ਦੇ ਗੁਰੂਆਂ ਨੂੰ ਗੁਰੂ ਮੰਨਣ ਤੋਂ ਆਕੀ ਸਨ। ਇਸ ਲਈ ਇਹ ਅਤੇ ਇਨ੍ਹਾਂ ਦੇ ਪੈਰੋਕਾਰ ਨਿਰਮਲ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਏ ਸਨ।
ਸਿੱਖ ਰਹਿਤ ਮਰਯਾਦਾ ਵਿੱਚ ਜਿਨ੍ਹਾਂ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਨਾਲ ਤਨਖਾਹੀਏ ਹੋ ਜਾਈਦਾ ਹੈ, ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਵਰਣਨ ਹੈ ਉਹ ਗੁਰ ਵੰਸ਼ੀ ਸਾਹਿਬਜ਼ਾਦੇ ਹੀ ਹਨ, ‘ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ. . ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ।’ ਮਸੰਦਾਂ ਤੋਂ ਛੁੱਟ ਬਾਕੀ ਸਾਰੇ ਹੀ ਗੁਰੂ ਕੀ ਸੰਤਾਨ ਦੇ ਹੀ ਪੈਰੋਕਾਰ ਹਨ। ਜਿਨ੍ਹਾਂ ਨੇ ਵੀ ਗੁਰੂ ਸਾਹਿਬਾਨ ਦੇ ਆਦੇਸ਼ ਦੀ ਪਾਲਣਾ ਕਰਨ ਦੀ ਬਜਾਏ ਇਨ੍ਹਾਂ ਭਾਵ, ਮੀਣੇ, ਧਰਿਮਲੀਏ ਆਦਿ, ਵਿਚੋਂ ਕਿਸੇ ਇੱਕ ਦੀ ਸਿੱਖੀ ਸੇਵਕੀ ਪ੍ਰਵਾਨ ਕੀਤੀ ਹੋਈ ਹੈ, ਉਨ੍ਹਾਂ ਨਾਲ ਹੀ ਰੋਟੀ ਬੇਟੀ ਦੀ ਸਾਂਝ ਤੋਂ ਵਰਜਿਆ ਗਿਆ ਹੈ। --ਚਲਦਾ
ਜਸਬੀਰ ਸਿੰਘ ਵੈਨਕੂਵਰ




.