.

ਭੁਲੇਖਾ

ਮੁਹਿੰਦਰ ਸਿੰਘ ਅੱਜ ਕਾਫ਼ੀ ਦੇਰ ਬਾਅਦ ਇਸ ਸ਼ਹਿਰ ਵਿੱਚ ਆਇਆ ਸੀ। ਜਿਸ ਕੰਮ-ਕਾਰ ਦੇ ਸੰਬੰਧ ਵਿੱਚ ਉਹ ਆਇਆ ਸੀ ਉਹ ਜਲਦੀ ਹੀ ਸਿਰੇ ਚੜ੍ਹ ਗਿਆ। ਉਸ ਨੇ ਸੋਚਿਆ ਕਿ ਕਿਉਂ ਨਾ ਗੁਰਦੁਆਰੇ ਜਾ ਕੇ ਸਤਿਗੁਰਾਂ ਦਾ ਧੰਨਵਾਦ ਕੀਤਾ ਜਾਵੇ। ਰਾਹ ਵਿੱਚ ਹੀ ਡੇਰਾ ਨੁਮਾ ਗੁਰਦੁਆਰਾ ਸੀ। ਜਦ ਉਹ ਉੱਥੇ ਪਹੁੰਚਾ ਤਾਂ ਕਾਰ ਪਾਰਕ ਵਿੱਚ ਉਸ ਨੂੰ ਅਚਾਨਕ ਹੀ ਅੱਜ ਤੋਂ ਕਈ ਸਾਲ ਪਹਿਲਾਂ ਉਹਦੇ ਨਾਲ਼ ਫੈਕਟਰੀ ਵਿੱਚ ਕੰਮ ਕਰਦਾ ਜਰਨੈਲ ਸਿੰਘ ਮਿਲ ਪਿਆ। ਪਹਿਲਾਂ ਤਾਂ ਉਹ ਜਰਨੈਲ ਸਿੰਘ ਨੂੰ ਪਛਾਣ ਨਾ ਸਕਿਆ ਕਿਉਂਕਿ ਮੁਹਿੰਦਰ ਸਿੰਘ ਨੇ ਉਸ ਨੂੰ ਪਹਿਲਾਂ ਕਦੇ ਵੀ ਚਿੱਟੇ ਕੁੜਤੇ ਪਜਾਮੇ ਅਤੇ ਖੁੱਲ੍ਹ੍ਹੇ ਦਾੜ੍ਹੇ ਵਿੱਚ ਨਹੀਂ ਸੀ ਦੇਖਿਆ। ਵੈਸੇ ਵੀ ਜਰਨੈਲ ਸਿੰਘ ਉਦੋਂ ਘੋਨ-ਮੋਨ ਹੁੰਦਾ ਸੀ। ਉਹਦੇ ਮੱਥੇ ਉੱਪਰ ਜ਼ਖ਼ਮ ਦਾ ਇੱਕ ਵੱਡਾ ਸਾਰਾ ਨਿਸ਼ਾਨ ਸੀ। ਇਸੇ ਨਿਸ਼ਾਨ ਤੋਂ ਹੀ ਮੁਹਿੰਦਰ ਸਿੰਘ ਨੇ ਉਸ ਨੂੰ ਪਛਾਣ ਲਿਆ ਸੀ।
ਜਰਨੈਲ ਸਿੰਘ ਦੇ ਪੁੱਛਣ `ਤੇ ਮੁਹਿੰਦਰ ਸਿੰਘ ਨੇ ਕਿਹਾ, “ਕਾਰੋਬਾਰ ਦੇ ਸਬੰਧ ਵਿੱਚ ਆਇਆ ਸਾਂ ਤੇ ਮੈਂ ਸੋਚਿਆ ਕਿ ਜਾਂਦਾ ਜਾਂਦਾ ਬਾਬਾ ਜੀ ਨੂੰ ਨਮਸਕਾਰ ਹੀ ਕਰ ਚਲਾਂ, ਨਾਲ਼ੇ ਇਸੇ ਬਹਾਨੇ ਏਨੇ ਸਾਲਾਂ ਬਾਅਦ ਆਪ ਜੀ ਦੇ ਵੀ ਦਰਸ਼ਨ ਹੋਣੇ ਸਨ”।
“ਚਲੋ ਆਹ ਵੀ ਚੰਗਾ ਹੋਇਆ, ਅਸੀਂ ਸਬੱਬ ਨਾਲ਼ ਹੀ ਕਿਸੇ ਸ਼ਰਧਾਲੂ ਦੇ ਘਰ ਲੰਗਰ ਛਕਣ ਚੱਲੇ ਆਂ, ਤੁਸੀਂ ਵੀ ਸਾਡੇ ਨਾਲ਼ ਚਲੋ, ਉੱਥੇ ਹੀ ਬਾਬਾ ਜੀ ਦੇ ਦਰਸ਼ਨ ਵੀ ਹੋ ਜਾਣਗੇ।” ਜਰਨੈਲ ਸਿੰਘ ਨੇ ਪ੍ਰੋਗਰਾਮ ਦੱਸਿਆ।
ਮੁਹਿੰਦਰ ਸਿੰਘ ਨੇ ਬੜੀ ਨਾਂਹ-ਨੁੱਕਰ ਕੀਤੀ ਪਰ ਉਹਦੀ ਕੋਈ ਪੇਸ਼ ਨਾ ਗਈ ਤੇ ਮਜਬੂਰ ਹੋ ਕੇ ਉਹਨੇ ਆਪਣੀ ਕਾਰ ਜਰਨੈਲ ਸਿੰਘ ਦੀ ਕਾਰ ਦੇ ਪਿੱਛੇ ਲਾ ਲਈ। ਪੰਜਾਂ ਕੁ ਮਿੰਟਾਂ ਵਿੱਚ ਹੀ ਉਹ ਇੱਕ ਬੜੇ ਆਲੀਸ਼ਾਨ ਮਕਾਨ ਦੇ ਅੱਗੇ ਰੁਕੇ। ਅੰਦਰ ਵੱਡੇ ਸਾਰੇ ਕਮਰੇ ਵਿੱਚ ਪੈਂਤੀ ਚਾਲ਼ੀ ਬੰਦੇ ਇੱਕ ਬਜ਼ੁਰਗ਼ ਵਲੋਂ ਕੀਤੀ ਜਾ ਰਹੀ ਕਥਾ-ਵਿਚਾਰ ਸੁਣ ਰਹੇ ਸਨ। ਜਰਨੈਲ ਸਿੰਘ ਨੇ ਅਤੇ ਉਹਦੇ ਨਾਲ਼ ਦੇ ਸਾਥੀਆਂ ਨੇ ਲੰਮੇ ਪੈ ਕੇ ਬਾਬੇ ਨੂੰ ਡੰਡਾਉਤ ਕੀਤੀ।
ਮੁਹਿੰਦਰ ਸਿੰਘ ਦੀ ਗੱਜ ਕੇ ਬੁਲਾਈ ਹੋਈ ਫਤਿਹ ਦਾ ਕਿਸੇ ਨੇ ਵੀ ਜਵਾਬ ਨਾ ਦਿੱਤਾ।
ਕਥਾ ਵਿਚਾਰ ਤੋਂ ਬਾਅਦ ਸਭ ਨੂੰ ਪਰਸ਼ਾਦਾ ਛਕਣ ਲਈ ਬੇਨਤੀ ਕੀਤੀ ਗਈ। ਬਹੁਤੇ ਲੋਕਾਂ ਨੂੰ ਤਾਂ ਉਸੇ ਕਮਰੇ ਵਿੱਚ ਹੀ ਬਿਠਾ ਦਿਤਾ ਗਿਆ ਪਰ ਅੱਠ ਦਸ ਬੰਦਿਆਂ ਨੂੰ ਇੱਕ ਅਲੱਗ ਕਮਰੇ ਵਿੱਚ ਲਿਜਾਇਆ ਗਿਆ ਜਿਨ੍ਹਾਂ ਵਿੱਚ ਜਰਨੈਲ ਸਿੰਘ ਅਤੇ ਮੁਹਿੰਦਰ ਸਿੰਘ ਵੀ ਸਨ।
ਬਾਬੇ ਨੂੰ ਬੜੇ ਆਦਰ ਸਹਿਤ ਇਸ ਕਮਰੇ ਵਿੱਚ ਲਿਆਂਦਾ ਗਿਆ। ਜਦੋਂ ਸਾਰੇ ਬੈਠ ਗਏ ਤਾਂ ਪਹਿਲਾਂ ਬਾਬੇ ਦੇ ਹੱਥ ਧੁਆਏ ਗਏ ਤੇ ਫਿਰ ਇੱਕ ਸੇਵਾਦਾਰ ਨੇ ਲੰਗਰ ਦਾ ਥਾਲ਼ਾ ਲਿਆਕੇ ਬਾਬੇ ਦੇ ਅੱਗੇ ਰੱਖ ਦਿਤਾ। ਬਾਬੇ ਨੇ ਹਰੇਕ ਚੀਜ਼ ਵਿਚੋਂ ਇੱਕ ਇਕ, ਦੋ ਦੋ ਬੁਰਕੀਆਂ ਖਾਧੀਆਂ ਅਤੇ ਸੇਵਾਦਾਰ ਥਾਲ਼ ਵਾਪਿਸ ਲੈ ਗਿਆ। ਇੱਕ ਸੇਵਾਦਾਰ ਨੇ ਥਾਲ਼ ਵਿਚਲੇ ਭੋਜਨ ਨੂੰ ਟੇਬਲ ਉੱਪਰ ਪਏ ਹੋਏ ਪਤੀਲਿਆਂ ਵਿੱਚ ਮਿਲ਼ਾ ਦਿਤਾ ਤੇ ਫਿਰ ਥਾਲ਼ਾਂ ਵਿੱਚ ਪਾਕੇ ਦੋ ਸੇਵਾਦਾਰਾਂ ਨੇ ਵਰਤਾਉਣਾ ਸ਼ੁਰੂ ਕਰ ਦਿੱਤਾ। ਜਦੋਂ ਮੁਹਿੰਦਰ ਸਿੰਘ ਦੇ ਅੱਗੇ ਥਾਲ਼ ਰੱਖਿਆ ਗਿਆ ਤਾਂ ਉਸ ਨੇ ਨਾਲ਼ ਬੈਠੇ ਜਰਨੈਲ ਸਿੰਘ ਨੂੰ ਇਸ ਬਾਰੇ ਹੌਲ਼ੀ ਜਿਹੀ ਪੁੱਛਿਆ ਤਾਂ ਉਹ ਬੋਲਿਆ, “ਇਹ ਬਾਬਾ ਜੀ ਦਾ ਸੀਤ ਪ੍ਰਸ਼ਾਦ ਐ ਜੀ, ਛਕੋ ਪਿਆਰ ਨਾਲ਼, ਇਹ ਆਮ ਬੰਦਿਆਂ ਨੂੰ ਕਿੱਥੇ ਨਸੀਬ ਹੁੰਦਾ ਜੀ”।
“ਮਾਫ਼ ਕਰਨਾ ਜੀ, ਦਾਸ ਇਹ ਸੀਤ ਪ੍ਰਸ਼ਾਦ ਨਹੀਂ ਛਕ ਸਕਦਾ” ਮੁਹਿੰਦਰ ਸਿੰਘ ਨੇ ਬੜੀ ਹਲੀਮੀ ਨਾਲ਼ ਕਿਹਾ।
ਬਾਬੇ ਦੀ ਨਜ਼ਰ ਵੀ ਹੁਣ ਇਸ ਪਾਸੇ ਹੀ ਸੀ। ਉਸ ਨੇ ਖ਼ਤਰਾ ਭਾਂਪ ਲਿਆ ਸੀ ਕਿ ਇਹ ਨਵਾਂ ਵਿਅਕਤੀ ਜ਼ਰੂਰ ਬਾਹਰ ਜਾ ਕੇ ਗੱਲਾਂ ਕਰੇਗਾ, ਉਹਨੇ ਮੁਹਿੰਦਰ ਸਿੰਘ ਵਲ ਇੱਕ ਰੋਹ ਭਰੀ ਨਿਗਾਹ ਸੁੱਟੀ ਤੇ ਝੱਟ ਮੌਕਾ ਸੰਭਾਲਦਿਆਂ ਆਪਣੇ ਚੇਲਿਆਂ ਨੂੰ ਮੁਖਾਤਿਬ ਹੋ ਕੇ ਬੋਲਿਆ, “ਸਿੰਘੋਂ, ਤੁਹਾਨੂੰ ਕਿੰਨੀ ਵਾਰੀ ਕਿਹੈ ਪਈ ਇਸ ਤਰ੍ਹਾਂ ਦੇ ਫਜ਼ੂਲ ਕੰਮ ਨਾ ਕਰਿਆ ਕਰੋ ਪਰ ਤੁਸੀਂ ਹਟਦੇ ਨਈਂ”।
ਤੇ ਬਾਬੇ ਨੇ ਇੱਕ ਵਰਤਾਵੇ ਸਿੰਘ ਨੂੰ ਇਸ਼ਾਰਾ ਕੀਤਾ ਕਿ ਉਹ ਦੂਸਰੇ ਕਮਰੇ ਵਿਚੋਂ ਇਸ ਸਿੰਘ ਲਈ ਪ੍ਰਸ਼ਾਦਾ ਪੁਆ ਲਿਆਵੇ।
ਪ੍ਰਸ਼ਾਦਾ ਛਕਣ ਤੋਂ ਬਾਅਦ ਮੁਹਿੰਦਰ ਸਿੰਘ ਨੇ ਜਾਣ ਦੀ ਆਗਿਆ ਲਈ। ਜਰਨੈਲ ਸਿੰਘ ਨੇ ਵੀ ਉਸ ਨੂੰ ਰੋਕਣ ਦੀ ਬਹੁਤੀ ਕੋਸ਼ਿਸ਼ ਨਾ ਕੀਤੀ।
ਵਾਪਿਸ ਜਾਂਦਿਆਂ ਮਹਿੰਦਰ ਸਿੰਘ ਇਹੀ ਸੋਚੀ ਜਾ ਰਿਹਾ ਸੀ ਕਿ ਜਰਨੈਲ ਸਿੰਘ ਕਿਉਂ ਉਸ ਨੂੰ ਬਾਬੇ ਦੇ ਖ਼ਾਸ ਚੇਲਿਆਂ ਦੇ ਟੋਲੇ ਵਿੱਚ ਲੈ ਕੇ ਗਿਆ ਸੀ। ਫਿਰ ਉਸ ਨੂੰ ਆਪਣੇ ਅੰਦਰੋਂ ਹੀ ਜਵਾਬ ਮਿਲ ਗਿਆ ਕਿ ਕਿਉਂਕਿ ਉਸਨੇ ਜਰਨੈਲ ਸਿੰਘ ਨੂੰ ਕਿਹਾ ਜੁ ਸੀ ਕਿ ਉਹ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਸੀ। ਉਹਨੇ ਤਾਂ ਬਾਬਾ ਜੀ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਵਰਤਿਆ ਸੀ ਪਰ ਜਰਨੈਲ ਸਿੰਘ ਨੇ ਭੁਲੇਖੇ ਨਾਲ ਸਮਝ ਲਿਆ ਸੀ ਕਿ ਮੁਹਿੰਦਰ ਸਿੰਘ ਸ਼ਾਇਦ ਡੇਰੇ ਦੇ ਸਾਧ ਦੇ ਦਰਸ਼ਨਾਂ ਵਾਸਤੇ ਆਇਆ ਸੀ।

ਨਿਰਮਲ ਸਿੰਘ ਕੰਧਾਲਵੀ
.