.

“ਅਖੀ ਦੇਖੈ ਜਿਹਵਾ ਬੋਲੈ…”

(ਭਾਗ ਦੂਜਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਲੜੀ ਜੋੜਣ ਲਈ ਇਸ ਨੂੰ ਭਾਗ-੧ ਨਾਲ ਮਿਲਾ ਕੇ ਪੜ੍ਹੋ ਜੀ)

ਗੁਰਬਾਣੀ ਰਚਨਾ ਦੇ ਕੁੱਝ ਆਪਣੇ ਨਿਯਮ ਹਨ ਜਿਵੇਂ ਕਿ ਇਸ ਦੇ ਪਹਿਲੇ ਭਾਗ `ਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਅੰਦਰ ਵਾਰਾਂ ਦੀ ਕੁਲ ਗਿਣਤੀ ਬਾਈ ਹੈ। ਇਸ ਤਰ੍ਹਾਂ ਇਨ੍ਹਾਂ ਵਾਰਾਂ `ਚ ਵੀ ਗੁਰਦੇਵ ਨੇ ਇੱਕ ਵਿਸ਼ੇਸ਼ ਨਿਯਮ ਹੋਰ ਵਰਤਿਆ ਹੈ। ਮੂਲ ਰੁਪ `ਚ ਹਰੇਕ ਵਾਰ ਦੀਆਂ ਸਾਰੀਆਂ ਪਉੜੀਆਂ ਇੱਕ ਲੜੀ `ਚ ਹਨ ਤੇ ਹਰੇਕ ਵਾਰ ਦਾ ਕੇਂਦ੍ਰੀ ਭਾਵ ਵੀ ਆਪਣਾ-ਆਪਣਾ ਤੇ ਵੱਖ-ਵੱਖ ਹੈ। ਇਸ ਤੋਂ ਵੱਡੀ ਹੈਰਾਣਕੁਣ ਗੱਲ ਇਹ ਹੈ ਕਿ ਜਦੋਂ ਇਨ੍ਹਾਂ ਵਾਰਾਂ ਵਿਚਕਾਰ ਪੰਜਵੇਂ ਪਾਤਸ਼ਾਹ ਨੇ ਅਦਿ ਬੀੜ ਦੇ ਸੰਪਾਦਨ ਤੇ ਉਸ ਨੂੰ ਤਰਤੀਬ ਦੇਣ ਲਈ ਕਿਸੇ ਵਾਰ ਦੀ ਪਉੜੀ ਤੋਂ ਪਹਿਲਾਂ ਸਲੋਕਾਂ ਦੀ ਵਰਤੋਂ ਕੀਤੀ ਤਾਂ ਉਥੇ ਵੀ ਕਮਾਲ ਕਰ ਦਿੱਤੀ।

ਹਰੇਕ ਵਾਰ ਦੇ ਆਪਣੇ-ਆਪਣੇ ਕੇਂਦਰੀ ਭਾਵ ਹੋਣ ਦੇ ਨਾਲ-ਨਾਲ ਗੁਰਦੇਵ ਨੇ ਜਦੋਂ ਪਉੜੀਆਂ ਨਾਲ ਸਲੋਕ ਵਰਤੇ ਤਾਂ ਵਾਰ ਦੇ ਮੂਲ਼ ਕੇਂਦ੍ਰੀ ਭਾਵ ਤੋਂ ਹੱਟ ਕੇ, ਹਰੇਕ ਪਉੜੀ ਦੇ ਕੇਂਦ੍ਰੀ ਭਾਵ ਨੂੰ ਮੁੱਖ ਰਖ ਕੇ, ਪਉੜੀਆਂ ਨਾਲ ਸਲੋਕਾਂ ਦੀ ਵਰਤੋਂ ਕੀਤੀ। ਜਿਸ ਦਾ ਸਪਸ਼ਟ ਮਤਲਬ ਹੈ ਕਿ ਜਦੋਂ ਵੀ ਅਸੀਂ ਕਿਸੇ ਪਉੜੀ ਦੇ ਮੂਲ ਅਰਥਾਂ ਨੂੰ ਸਮਝਣ ਦਾ ਯਤਣ ਕਰਦੇ ਹਾਂ ਤਾਂ ਉਸ ਪਉੜੀ ਨਾਲ ਜੁੜਵੇਂ ਸਲੋਕ ਅਮੁੱਕੀ ਪਉੜੀ `ਚ ਆਏ ਵਿਚਾਰ ਦੀ ਹੀ ਵਿਆਖਿਆ ਹੁੰਦੇ ਹਨ ਅਤੇ ਪਉੜੀ ਦੇ ਅਰਥਾਂ ਨੂੰ ਹੋਰ ਖੋਲਦੇ ਹਨ। ਇਸ ਲਈ ਹਰੇਕ ਵਾਰ ਦੀ ਕਿਸੇ ਵੀ ਇਕੱਲੀ-ਇਕੱਲੀ ਪਉੜੀ ਤੇ ਉਸ ਨਾਲ ਜੁੜਵੇਂ ਸਲੋਕ ਤੇ ਪਉੜੀ ਇੱਕ ਦੂਜੇ ਦੇ ਪੂਰਕ ਹੁੰਦੇ ਹਨ। ਇਹੀ ਗੱਲ ਹੱਥਲੇ ਸਲੋਕ “ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ …” ਦੀ ਵੀ ਹੈ। ਉਹ ਸਲੋਕ ਜਿਸ `ਚੋਂ ਅਸਾਂ ਗੁਰਮੱਤ ਪਾਠ ਨੰ: ੨੧੭ “ਅਖੀ ਦੇਖੈ ਜਿਹਵਾ ਬੋਲੈ….” ਵਾਲਾ ਸਿਰਲੇਖ ਲਿਆ ਹੈ। ਇਸ ਲਈ ਵਿਸ਼ੇ ਨੂੰ ਇਸ ਦੇ ਨਾਲ ਲਗਦੇ ਦੂਜੇ ਸਲੋਕ ਤੇ ਪਉੜੀ ਨੂੰ ਮਿਲਾ ਕੇ ਹੋਰ ਵੀ ਖੁੱਲ ਕੇ ਸਮਝਿਆ ਜਾ ਸਕਦਾ ਹੈ ਅਤੇ ਇਸ ਦੇ ਲਈ ਅਸਾਂ ਇੱਥੇ ਇੱਕ ਨਿਮਾਨਾ ਜਿਹਾ ਯਤਣ ਵੀ ਕਰਣਾ ਹੈ।

ਇਸ ਪਉੜੀ ਨਾਲ ਦੂਜਾ ਸਲੋਕ ਹੈ “ਮ: ੨॥ ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ॥ ਸੁਰਤਿ ਮਤਿ ਚਤੁਰਾਈ ਤਾ ਕੀ, ਕਿਆ ਕਰਿ ਆਖਿ ਵਖਾਣੀਐ॥ ਅੰਤਰਿ ਬਹਿ ਕੈ ਕਰਮ ਕਮਾਵੈ, ਸੋ ਚਹੁ ਕੁੰਡੀ ਜਾਣੀਐ॥ ਜੋ ਧਰਮੁ ਕਮਾਵੈ ਤਿਸੁ ਧਰਮੁ ਨਾਉ ਹੋਵੈ, ਪਾਪਿ ਕਮਾਣੈ ਪਾਪੀ ਜਾਣੀਐ॥ ਤੂੰ ਆਪੇ ਖੇਲ ਕਰਹਿ ਸਭਿ ਕਰਤੇ, ਕਿਆ ਦੂਜਾ ਆਖਿ ਵਖਾਣੀਐ॥ ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ ਕੋਈ ਕਿਛੁ ਕਰਹਿ, ਦਿਖਾ ਸਿਆਣੀਐ॥ ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ॥ ੨॥”

ਇਥੇ ਸਲੋਕ `ਚ ਗੁਰਦੇਵ ‘ਮਨ’ ਦੇ ਪਿੱਛੇ ਟੁਰਣ ਵਾਲੇ ਮਨੁੱਖ ਭਾਵ ਮਨਮੁਖ ਪ੍ਰਤੀ ਫ਼ੁਰਮਾਉਂਦੇ ਹਨ ਕਿ ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ॥ ਸੁਰਤਿ ਮਤਿ ਚਤੁਰਾਈ ਤਾ ਕੀ, ਕਿਆ ਕਰਿ ਆਖਿ ਵਖਾਣੀਐ” ਭਾਵ ਦਾਤਾਂ ਦੇਣ ਵਾਲੇ ਅਕਾਲਪੁਰਖ ਨਾਲੋਂ ਵੱਧ ਉਸ ਦੀਆਂ ਦਿੱਤੀਆਂ ਦਾਤਾਂ ਤੇ ਪਦਾਰਥਾਂ ਨਾਲ ਪਿਆਰ ਕਰਣ ਵਾਲੇ ਨੂੰ ਹੀ ਮਨਮੁਖ ਕਿਹਾ ਜਾਣਾ ਚਾਹੀਦਾ ਹੈ। ਅਜਿਹੇ ਮਨਮੁਖ ਦੀ ਸੂਝ, ਅਕਲ ਤੇ ਸਿਆਣਪ ਇਤਨੀ ਨੀਂਵੀ ਹੁੰਦੀ ਹੈ ਕਿ ਗੁਰਦੇਵ ਅਨੁਸਾਰ ਜਿਸ ਨੂੰ ਅੱਖਰਾਂ `ਚ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਅਜਿਹਾ ਮਨਮੁਖ ਭਾਵੇਂ “ਅੰਤਰਿ ਬਹਿ ਕੈ ਕਰਮ ਕਮਾਵੈ, ਸੋ ਚਹੁ ਕੁੰਡੀ ਜਾਣੀਐ॥ ਧਰਮੁ ਕਮਾਵੈ ਤਿਸੁ ਧਰਮੁ ਨਾਉ ਹੋਵੈ, ਪਾਪਿ ਕਮਾਣੈ ਪਾਪੀ ਜਾਣੀਐ” ਆਪਣੇ ਵਲੋਂ ਲੁੱਕ ਕੇ ਤੇ ਅੰਦਰ ਬਹਿ ਕੇ ਵੀ ਮੰਦੇ ਕਰਮ ਕਰਦਾ ਹੈ, ਤਾਂ ਵੀ ਆਪਣੇ ਵਤੀਰੇ, ਬੋਲਚਾਲ ਤੇ ਸੁਭਾਅ ਆਦਿ ਤੋਂ ਆਪਣੀ ਅਸਲੀਅਤ ਨੂੰ ਨਹੀਂ ਛੁਪਾਅ ਸਕਦਾ। ਅਜਿਹੇ ਮੰਦੇ ਸੁਭਾਅ ਤੇ ਰਹਿਣੀ ਵਾਲਾ ਮਨੁੱਖ ਆਪਣੀ ਅਜਿਹੀ ਸੋਚਣੀ, ਰਹਿਣੀ ਤੇ ਕਰਣੀ ਕਾਰਨ ਹਰ ਥਾਂਵੇ ਖ਼ੁਦ ਹੀ ਨਸ਼ਰ ਹੁੰਦਾ ਰਹਿੰਦਾ ਹੈ।

ਇਸੇ ਤਰ੍ਹਾਂ ਸੁਭਾਅ ਕਰਕੇ “ਜੋ ਧਰਮੁ ਕਮਾਵੈ ਤਿਸੁ ਧਰਮੁ ਨਾਉ ਹੋਵੈ” ਜੇ ਕੋਈ ਮਨੁੱਖ ਧਰਮੀ ਹੋਵੇ ਤਾਂ ਉਹ ਵੀ ਆਪਣੇ ਭਲਾਈ ਵਾਲੇ ਕੰਮਾਂ ਕਰਕੇ ਹੀ ‘ਧਰਮੀ’ ਕਰਕੇ ਜਾਣਿਆ ਜਾਂਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਇਹ ਤਾਂ ਸਭਕੁਝ ਸੰਸਾਰ ਪੱਧਰ `ਤੇ ਹੀ ਹੈ ਫ਼ਿਰ ਭਾਵੇਂ ਕੋਈ ਜ਼ਾਹਿਰਾ ਕੁਕਰਮੀ ਹੋਵੇ ਜਾਂ ਧਰਮੀ ਪਰ ਹੈਣ ਤਾਂ ਦੋਵੇ ਹੀ ਮਨਮੁਖਕਿਉਂਕਿ ਅੰਦਰ ਵੱਸ ਰਹੇ ਕਰਤੇ ਦੀ ਸੋਝੀ ਤਾਂ ਦੋਨਾਂ ਨੂੰ ਨਹੀਂ ਉਥੇ ਤਾਂ ਦੋਵੇਂ ਪਾਸੇ ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ॥ ਸੁਰਤਿ ਮਤਿ ਚਤੁਰਾਈ ਤਾ ਕੀ, ਕਿਆ ਕਰਿ ਆਖਿ ਵਖਾਣੀਐ” ਵਾਲਾ ਵਿਸ਼ਾ ਹੀ ਕੰਮ ਕਰ ਰਿਹਾ ਹੈ। ਇਥੇ ਤਾਂ ਦੋਵੇਂ ਪਾਸੇ “ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ" (ਪੰ: ੪੬੬) ਵਾਲੀ ਖੇਡ ਹੀ ਬਣੀ ਪਈ ਹੈ।

ਇਸ ਹਾਲਤ `ਚ ਜਦੋਂ ਤੱਕ ਦੋਨਾਂ `ਚੋਂ ਕਿਸੇ ਦੇ ਮਨ ਤੇ ਜੀਵਨ ਅੰਦਰ ਗਰੂ-ਗਿਆਨ ਰਾਹੀਂ ਜਾਗ੍ਰਿਤੀ ਹੀ ਨਾ ਆ ਜਾਵੇ ਉਦੋਂ ਤੱਕ ਦੋਵੇਂ ਹੀ ਮਨਮੁਖ ਹੁੰਦੇ ਹਨ। ਅਜਿਹੀ ਖੇਡ ਸਮੇਂ ਜਿਹੜਾ ਤਾਂ ਆਪਣੇ ਆਪ ਨੂੰ ਪਹਿਲਾਂ ਹੀ ਧਰਮੀ ਮੰਨ ਰਿਹਾ ਹੁੰਦਾ ਹੈ ਉਹ ਤਾਂ ਸੋਚੇਗਾ ਵੀ ਨਹੀਂ। ਜਦਕਿ ਦੂਜੇ ਪਾਸੇ ਜੋ ਹੈ ਹੀ ਕੁਕਰਮੀ ਤਾਂ ਉਹ ਜਦੋਂ ਕੋਈ ਕੁਕਰਮ ਕਰਦਾ ਹੈ ਤਾਂ ਉਸ ਦੇ ਮਨ ਦੀ ਅਵਸਥਾ ਵੀ “ਬਦਫੈਲੀ ਗੈਬਾਨਾ, ਖਸਮੁ ਨ ਜਾਣਈ॥ ਸੋ ਕਹੀਐ ਦੇਵਾਨਾ, ਆਪੁ ਨ ਪਛਾਣਈ॥ ਕਲਹਿ ਬੁਰੀ ਸੰਸਾਰਿ, ਵਾਦੇ ਖਪੀਐ॥ ਵਿਣੁ ਨਾਵੈ ਵੇਕਾਰਿ, ਭਰਮੇ ਪਚੀਐ” (ਪ: ੧੪੨) ਭਾਵ ਜੋ ਮਨੁੱਖ ਲੁੱਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ ਹਰ ਥਾਂ ਹਾਜ਼ਰ ਨਾਜ਼ਰ ਨਹੀਂ ਪਹਿਚਾਣਦਾ, ਉਸ ਨੂੰ ਪਾਗਲ ਹੀ ਕਹਣਾ ਚਾਹੀਦਾ ਹੈ ਕਿਉਂਕਿ ਉਹ ਵੀ ਤਾਂ ਆਪਣੇ ਅਸਲੇ ਨੂੰ ਨਹੀਂ ਪਛਾਣ ਰਿਹਾ। ਸੰਸਾਰ `ਚ ਵਿਕਾਰਾਂ ਦੀ ਬਿਖਾਂਧ ਐਸੀ ਚੰਦਰੀ ਤੇ ਭਿਆਣਕ ਹੈ ਕਿ ਵਿਕਾਰਾਂ `ਚ ਪਿਆ ਮਨੁੱਖ ਵਿਕਾਰਾਂ ਦੇ ਝੰਬੇਲੇ `ਚ ਹੀ ਜਦੋਂ ਤੱਕ ਉਸ ਦਾ ਜੀਵਨ ਵੀ ਕਿਸੇ ਸਬਸ਼ਬ ਸਿਧੇ ਪਾਸੇ ਨਾ ਟੁਰ ਪਵੇ, ਜੀਵਨ ਭਰ ਖਪਦਾ ਰਹਿੰਦਾ ਹੈ ਅਤੇ ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮਾਂ ਤੇ ਭਟਕਣਾ `ਚ ਹੀ ਖ਼ੁਆਰ ਹੁੰਦਾ ਹੰਦਾ ਹੈ।

ਅਜਿਹਾ ਕੁਕਰਮੀ ਸੁਭਾਅ ਵਾਲਾ ਮਨੁੱਖ ਜਦੋਂ ਲੋਕਾਂ ਤੋਂ ਛੁਪ ਕੇ ਕੁਕਰਮ ਕਰਦਾ ਹੈ ਤਾਂ ਉਸ ਦੀ ਹਾਲਤ “ਹਟ ਪਟਣ ਬਿਜ ਮੰਦਰ ਭੰਨੈ’ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ…” (ਪੰ: ੧੫੬) ਵਾਲੀ ਹੀ ਬਣੀ ਹੁੰਦੀ ਹੈ। ਇਸ ਦੇ ੳੇੁਲਟ, ਧਰਮੀ ਤਾਂ ਧਰਮੀ ਜੇ ਕਰ ਅਜਿਹੇ ਕੁਕਰਮੀ ਨੂੰ ਵੀ ਜਦੋਂ ਸੋਝੀ ਆ ਜਾਵੇ ਕਿ ਉਸ ਦਾ ਸਰੀਰ ਵੀ ਉਸ ਅੰਦਰ ਪ੍ਰਭੂ ਦੇ ਨੂਰ ਦੀ ਹੋਂਦ ਕਾਰਨ ਹੀ ਚੱਲ ਰਿਹਾ ਹੈ। ਇਸ ਲਈ ਉਹ ਦੁਨੀਆਂ ਕੋਲੋਂ ਤਾਂ ਆਪਣੇ ਕੁਕਰਮਾਂ ਨੂੰ ਛੁਪਾਅ ਲਵੇਗਾ ਪਰ ਅੰਦਰ ਬੈਠੇ ਪ੍ਰਭੂ ਕੋਲੋਂ ਕਿਸ ਤਰ੍ਹਾਂ ਛੁਪਾਵੇਗਾ? ਤਾਂ ਅਜਿਹੀ ਜਾਗ੍ਰਿਤੀ ਆ ਜਾਣ `ਤੇ ਉਸ ਦੀ ਸੁਰਤ ਵੀ ਤੁਝ ਤੇ ਕਹਾ ਛਪਾਵੈ” (ਪੰ: ੧੫੬) `ਚ ਬਦਲ ਜਾਵੇਗੀ। ਉਹ ਵੀ ਜੀਵਨ ਦੇ ਸਿਧੇ ਰਾਹ ਚੱਲ ਪਵੇਗਾ ਅਤੇ ਕੁਕਰਮਾਂ ਤੋਂ ਤੋਬਾ ਕਰ ਲਵੇਗਾ।

ਇਸ ਤਰ੍ਹਾਂ ਮਨੁੱਖ ਦੇ ਮਨ ਦੀ ਸਾਂਝ ਜਦੋਂ ਅੰਦਰ ਵੱਸ ਰਹੇ ਪ੍ਰਭੂ ਨਾਲ ਬਣ ਆਉਂਦੀ ਹੈ ਤਾਂ ਉਸ ਦਾ ਜੀਵਨ ਨਾ ਦਿਖਾਵੇ ਦਾ ਧਰਮੀ ਰਹਿੰਦਾ ਹੈ ਤੇ ਨਾ ਬੁਰਾਈਆਂ, ਅਉਗੁਣਾਂ, ਜੁਰਮਾਂ ਨਾਲ ਭਰਿਆ ਹੋਇਆ ਕੁਕਰਮੀ। ਬਲਕਿ ਜੀਵਨ ਦੀ ਅਜਿਹੀ ਉਭਰ ਚੁੱਕੀ ਅਵਸਥਾ ਸਮੇਂ ਮਨੁੱਖ ਨੂੰ ਹਰ ਸਮੇਂ ਆਪਣੀ ਚੰਗੀ ਜਾਂ ਮਾੜੀ ਕਰਣੀ ਨੂੰ ਵੀ ਘੋਖਣ ਦੀ ਲੋੜ ਨਹੀਂ ਰਹਿ ਜਾਂਦੀ। ਕਿਉਂਕਿ ਜੀਵਨ ਦੀ ਅਜਿਹੀ ਉਭਰ ਚੁੱਕੀ ਅਵਸਥਾ `ਚ ਮਨੁੱਖ ਦਾ ਜੀਵਨ ਹੀ “ਓਨੀੑ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ” (ਪੰ: ੪੬੭) ਭਾਵ ਆਪਣੇ ਆਪ ਹੀ ਉੱਚੀ ਅਵਸਥਾ ਵਾਲਾ ਬਣ ਜਾਂਦਾ ਹੈ।

ਇਥੇ ਪੁੱਜ ਕੇ ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਨ ਤੂੰ ਆਪੇ ਖੇਲ ਕਰਹਿ ਸਭਿ ਕਰਤੇ, ਕਿਆ ਦੂਜਾ ਆਖਿ ਵਖਾਣੀਐ” ਕਿ ਹੇ ਪ੍ਰਭੂ! ਅਸੀਂ ਜੀਵ ਕਿਸ ਨੂੰ ਚੰਗਾ ਜਾਂ ਮੰਦਾ ਮਨੁੱਖ ਆਖੀਏ; ਕਿਉਂਕਿ ਇਹ ਸਾਰੇ ਕੋਤਕ ਵੀ ਤੇਰੇ ਹੀ ਹਨ ਭਾਵ ਇਹ ਸਭ ਤੇਰੇ ਹੀ ਸੱਚੇ ਨਿਆਂ `ਚ ਹੋ ਰਿਹਾ ਹੈ। ਤੈਥੋਂ ਵੱਖਰਾ ਤਾਂ ਕੋਈ ਹੈ ਹੀ ਨਹੀਂ। ਮਤਲਬ ਇਹ, ਚੂੰਕਿ ਹਰੇਕ ਜੀਵ ਅੰਦਰ ਪ੍ਰਭੂ ਦਾ ਹੀ ਨੂਰ ਵੱਸ ਰਿਹਾ ਹੈ; ਇਸ ਲਈ ਜੀਵਾਂ ਅੰਦਰ ਜਿਤਨੀ ਦੇਰ ਉਸ ਦੀ ਜੋਤਿ ਮੌਜੂਦ ਰਹਿੰਦੀ ਹੈ ਉਤਨੀ ਦੇਰ ਹੀ ਇਹ ਬੋਲਦੇ, ਵਿਚਰਦੇ ਤੇ ਕਾਰਵਿਹਾਰ ਕਰਦੇ ਹਨ। ਉਪ੍ਰੰਤ ਜਦੋਂ ਜਿਸ ਕਿਸੇ ਜੀਵ ਅੰਦਰੋਂ ਉਸ ਦੀ ਜੋਤ ਅੱਡ ਹੋ ਜਾਂਦੀ ਹੈ, ਤਾਂ ਕੋਈ ਵੀ ਜੀਵ ਕੁੱਝ ਕਰਣ ਜੋਗਾ ਨਹੀਂ ਰਹਿੰਦਾ, ਅਤੇ ਮਿੱਟੀ ਦਾ ਢੇਰ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰਦੇਵ ਸਪਸ਼ਟ ਕਰਦੇ ਹਨ ਕਿ ਜੀਵ ਜਦੋਂ ਤੱਕ ਆਪਣੇ ਅੰਦਰ ਵੱਸ ਰਹੇ ਪ੍ਰਭੂ ਨੂੰ ਨਹੀਂ ਪਹਿਚਾਣਦਾ ਉਦੋਂ ਤੱਕ ਚੰਗਾ ਹੋਵੇ ਭਾਵੇਂ ਮਾੜਾ, ਧਰਮੀ ਹੋਵੇ ਭਾਵੇਂ ਕੁਕਰਮੀ ਪਰ ਵਿਵੇਕ ਬੁਧ ਤੋਂ ਬਿਨਾ ਅਸਲ `ਚ ਆਪਣੀ ਹਉਮੈ ਨੂੰ ਹੀ ਪੱਠੇ ਪਾ ਰਿਹਾ ਹੁੰਦਾ ਹੈ।

ਇਸ ਤਰ੍ਹਾਂ ਗੁਰਦੇਵ ਵੰਗਾਰ ਕੇ ਕਹਿੰਦੇ ਹਨ ਕਿ “ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ ਕੋਈ ਕਿਛੁ ਕਰਹਿ, ਦਿਖਾ ਸਿਆਣੀਐ” ਭਾਵ ਸਚਮੁਚ ਜੇਕਰ ਮਨੁੱਖ ਦੀ ਆਪਣੀ ਞੀ ਕੋਈ ਪਾਇਆਂ ਹੈ ਤਾਂ ਮਨੁੱਖ, ਪ੍ਰਭੂ ਦਾ ਨੂਰ ਅੱਡ ਹੋਣ ਬਾਅਦ ਪਿਛੇ ਰਹਿ ਚੁੱਕੀ ਮਿੱਟੀ ਨੂੰ ਹੀ ਪਹਿਲਾਂ ਵਾਂਗ ਚਲਦਾ ਫ਼ਿਰਦਾ ਤੇ ਵਿਹਾਰ ਕਰਦਾ ਬਣਾ ਕੇ ਦੱਸ ਦੇਵੇ ਤਾਂ ਹੀ ਉਸ ਨੂੰ ਸਿਆਣਾ ਕਿਹਾ ਤੇ ਮੰਨਿਆ ਜਾ ਸਕਦਾ ਹੈ। ਸਪਸ਼ਟ ਹੈ ਕਿ ਪ੍ਰਭੂ ਦੇ ਨੂਰ ਤੋਂ ਬਿਨਾ ਜੀਵ ਦੀ ਆਪਣੀ ਕੋਈ ਹਸਤੀ ਨਹੀਂ ਫ਼ਿਰ ਵੀ ਮਨਮੁਖ, ਜੀਵਨ ਦੀ ਇਸ ਸਚਾਈ ਨੂੰ ਨਾ ਪਹਿਚਾਣਨ ਕਰਕੇ ਅਗਿਆਨਤਾ ਵੱਸ ਆਪਣੇ ਅਮੁਲੇ ਮਨੁੱਖਾ ਜਨਮ ਨੂੰ ਅਜ਼ਾਈਂ ਗੁਆ ਦਿੰਦਾ ਹੈ।

ਤਾਂ ਤੇ ਸਮਝਣ ਦਾ ਵਿਸ਼ਾ ਇਹ ਹੈ ਕਿ ਭਾਵੇਂ ਕੋਈ ਮਨਮੁਖ ਹੋਵੇ ਜਾਂ ਗੁਰਮੁਖ ਉਨ੍ਹਾਂ ਸਾਰੀਆਂ ਦੀਆਂ ਜੀਵਨ ਖੇਡਾਂ ਤੇ ਚਲਣ ਕੇਵਲ ਉਤਨੀ ਦੇਰ ਹੀ ਹੁੰਦੇ ਹਨ ਜੱਦ ਤੱਕ ਕਿਸੇ ਸਰੀਰ ਅੰਦਰ ਪ੍ਰਭੂ ਦਾ ਨੂਰ ਮੌਜੂਦ ਰਹਿੰਦਾ ਹੈ। ਇਸੇ ਲਈ ਸਲੋਕ ਦੀ ਸਮਾਪਤੀ `ਤੇ ਗੁਰਦੇਵ ਸਪਸ਼ਟ ਕਰਦੇ ਹਨ ਕਿ ਗੁਰਮੁਖਿ ਨਦਰੀ ਆਇਆ, ਹਰਿ ਇਕੋ ਸੁਘੜੁ ਸੁਜਾਣੀਐ” ਭਾਵ ਕੇਵਲ ਗੁਰੂ ਦੀ ਸ਼ਰਨ ਆਏ ਗੁਰਮੁਖਾਂ ਨੂੰ ਹੀ ਸੋਝੀ ਆਉਂਦੀ ਹੈ ਕਿ ਹਰ ਥਾਂ ਇਕੋ ਸਿਆਣੇ ਤੇ ਸੁਜਾਨ ਪ੍ਰਭੂ ਦੀ ਹੀ ਖੇਡ ਵਰਤ ਰਹੀ ਹੈ ਜਦਕਿ ਮਨਮੁਖ ਨੂੰ ਜੀਵਨ ਦੇ ਇਸ ਸੱਚ ਦੀ ਸੋਝੀ ਨਹੀਂ ਹੁੰਦੀ। ੨।

ਵਿਸ਼ੇਸ਼ ਨੋਟ-ਇਥੋਂ ਇਹ ਵੀ ਸਮਝਣਾ ਹੈ ਕਿਉਂਕਿ ਬਹੁਤੀ ਵਾਰੀ ਕੁੱਝ ਸੱਜਨ ਸੁਆਲ ਤੇ ਸ਼ੰਕੇ ਵੀ ਪ੍ਰਗਟ ਕਰਦੇ ਹਨ। ਅਜਿਹੇ ਸੱਜਨ ਪੁਛਦੇ ਹਨ ਕਿ ਜਦੋਂ ਹਰੇਕ ਮਨੁੱਖ ਅੰਦਰ, ਜੋਤ ਰੂਪ ਹੋ ਕੇ ਪ੍ਰਭੂ ਆਪ ਵਰਤ ਰਿਹਾ ਹੈ ਤਾਂ ਫ਼ਿਰ ਮਨੁੱਖ-ਮਨੁੱਖ ਵਿਚਕਾਰ ਧਰਮੀ-ਕੁਕਰਮੀ, ਮਨਮੁਖ-ਗੁਰਮੁਖ ਵਾਲੇ ਫ਼ਰਕ ਕਿਉਂ ਹੁੰਦੇ ਹਨ? ਬਹੁਤੀ ਵਾਰ ਤਾਂ ਜਗਿਆਸੂ ਇਹ ਵੀ ਪੁਛ ਕਰਦੇ ਹਨ ਜਦੋਂ ਸਾਰਿਆਂ ਅੰਦਰ ਹੈ ਹੀ ਪ੍ਰਭੂ ਦਾ ਆਪਣਾ ਨੂਰ ਅਤੇ ਗੁਰਬਾਣੀ ਅਨੁਸਾਰ ਵੀ ਸਾਰੀ ਖੇਡ ਹੀ ਉਸ ਦੀ ਆਪਣੀ ਵਰਤ ਰਹੀ ਹੁੰਦੀ ਹੈ ਤਾਂ ਕੀਤੇ ਕੁਕਰਮਾਂ-ਜੁਰਮਾਂ ਲਈ ਮਨੁੱਖ ਕਸੂਰਵਾਰ ਕਿਵੇਂ? ਕਿਉਂਕਿ ਉਨ੍ਹਾਂ ਦੇ ਕਹਿਣ ਅਨੁਸਾਰ ਇਹ ਸਭਕੁਝ ਵੀ ਤਾਂ ਕਰਤਾ ਆਪ ਹੀ ਕਰਵਾ ਰਿਹਾ ਹੈ, ਬੰਦਾ ਆਪ ਤਾਂ ਕੁੱਝ ਵੀ ਨਹੀਂ ਕਰ ਰਿਹਾ।

ਦਰਅਸਲ ਇਥੇ ਇਸ ਵਿਸ਼ੇ ਨੂੰ ਸਮਝਣ `ਚ ਵੀ ਦੇਰ ਨਹੀਂ ਲਗੇਗੀ। ਵਿਸ਼ੇ ਅਨੁਸਾਰ ਜਦੋਂ ਹੁਣ ਤੱਕ ਇਹ ਸਮਝ ਹੀ ਚੁੱਕੇ ਹਾਂ ਕਿ ਮਨੁੱਖ ਦੇ ‘ਮਨ’ ਦੀ ਜਿਹੋ ਜਿਹੀ ਤਿਆਰੀ ਹੁੰਦੀ ਹੈ ਉਸੇ ਤਰ੍ਹਾਂ ਉਸ ਦੇ ਗਿਆਨ ਤੇ ਕਰਮ ਇੰਦ੍ਰੇ ਵੀ ਕਰਮ ਕਰਦੇ ਹਨ। ਇਸ ਤਰ੍ਹਾਂ ਸਾਡੇ ਸਰੀਰ ਅੰਦਰ ‘ਮਨ’ ਹੀ ਇੱਕ ਅਜਿਹਾ ਧੁਰਾ ਹੈ ਜਿਸ ਦੀ ਤਿਆਰੀ ਅਨੁਸਾਰ ਹੀ ਕੋਈ ਮਨੁੱਖ ਧਰਮੀ ਹੁੰਦਾ ਹੈ ਤੇ ਦੂਜਾ ਕੁਕਰਮੀ। ਇੱਕ ਮਨਮੁਖ ਹੁੰਦਾ ਹੈ ਤੇ ਦੂਜਾ ਗੁਰਮੁਖ

ਇਸ ਲਈ ਗੁਰਦੇਵ ਜਿੱਥੇ ਇਹੀ ਦ੍ਰਿੜ ਕਰਵਾ ਰਹੇ ਹਨ ਕਿ “ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ ਕੋਈ ਕਿਛੁ ਕਰਹਿ ਦਿਖਾ ਸਿਆਣੀਐ” ਅਥਵਾ “ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ”। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਬਿਨਾ ਪ੍ਰਭੂ ਦੇ ਨੂਰ ਦੇ ਸਰੀਰ ਤੇ ਸਰੀਰਕ ਇੰਦ੍ਰਿਆਂ ਦਾ ਆਪਣਾ ਕੋਈ ਵਜੂਦ ਨਹੀਂ। ਫ਼ਿਰ ਵੀ ਮਨੁੱਖ-ਮਨੁੱਖ ਵਿਚਕਾਰ ਧਰਮੀ ਤੇ ਕੁਕਰਮੀ ਜਾਂ ਗੁਰਮੁਖ ਤੇ ਮਨਮੁਖ ਆਦਿ ਵਾਲੀ ਜੋ ਵੰਡ ਬਣਦੀ ਹੈ ਉਹ ਵੀ ਉਦੋਂ ਤੱਕ ਜਦੋਂ ਤੱਕ ਕਿ ਇਸ ਸਰੀਰ ਰੂਪ ਠੀਕਰੇ ਅੰਦਰ ਪ੍ਰਭੂ ਦਾ ਨੂਰ ਵੱਸਦਾ ਹੈ ਤੇ ਇਸ ਦੀ ਅਵਸਥਾ ਵੀ “ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ…” ਵਾਲੀ ਬਣੀ ਹੁੰਦੀ ਹੈ, ਇਹ ਵੀ ਪ੍ਰ੍ਰਭੂ ਦੇ ਨੂਰ ਤੋਂ ਬਿਨਾ ਨਹੀਂ ਹੁੰਦੀ।

ਇਥੇ ਆ ਕੇ ਗੁਰਬਾਣੀ `ਚੋਂ ਦੋਵੇਂ ਨੁੱਕਤੇ ਵੱਖ ਵੱਖ ਉਘੜ ਆਉਂਦੇ ਹਨ। ਇੱਕ ਇਹ ਕਿ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਕਿ ਜਦੋਂ ਤੱਕ ਜੀਵ ਅੰਦਰ ਪ੍ਰਭੂ ਦੀ ਜੋਤ ਕਾਇਮ ਰਹਿੰਦੀ ਹੈ ਉਤਨੀ ਦੇਰ ਉਹ ਕੇਵਲ ਚਲਦਾ-ਫ਼ਿਰਦਾ, ਕਾਰ ਵਿਹਾਰ ਹੀ ਨਹੀਂ ਕਰਦਾ ਬਲਕਿ ਉਸ ਨਾਲ ਉਸ ਦੇ ਜੀਵਨ ਦੇ ਪਲ-ਪਲ ਤੇ ਸੁਆਸ-ਸੁਆਸ ਦਾ ਲੇਖਾ ਜੋਖਾ ਵੀ “ਵਡੀ ਵਡਿਆਈ ਜਾ ਸਚੁ ਨਿਆੳ” (ਪੰ: ੪੬੩) ਅਨੁਸਾਰ ਪ੍ਰਭੂ ਦੇ ਨਿਆਂ ਵਾਲਾ ਹਿਸਾਬ ਵੀ ਚੱਲ ਰਿਹਾ ਹੁੰਦਾ ਹੈ। ਦੂਜਾ ਨੁੱਕਤਾ ਇਹ ਕਿ ਉਦੋਂ ਤੱਕ ਸੰਸਾਰ ਅੰਦਰ ਜੋ ਉਸ ਦੀ ਹੋਂਦ ਬਣੀ ਹੋਈ ਹੈ ਕਿ ਉਸ ਅੰਦਰ ਪ੍ਰਭੂ ਦਾ ਨੂਰ ਮੌਜੂਦ ਹੈ ਇਸ ਕਾਰਨ ਉਹ ਵਿਚਰ ਰਿਹਾ ਹੈ ਤੇ ਕਾਰ-ਵਿਹਰ ਕਰ ਰਿਹਾ ਹੈ.

ਇਥੋਂ ਹੀ ਸਮਝ ਆ ਜਾਣੀ ਚਾਹੀਦੀ ਹੈ ਕਿ ਜਿੱਥੇ ਹਰੇਕ ਮਨੁੱਖ ਅੰਦਰ ਪ੍ਰਭੂ ਦਾ ਜਦੋਂ ਤੱਕ ਨੂਰ ਕਾਇਮ ਰਹਿੰਦਾ ਹੈ ਉਹ ਚਲਦਾ ਫ਼ਿਰਦਾ ਤੇ ਕਾਰ-ਵਿਹਾਰ ਕਰਦਾ ਹੈ। ਉਥੇ ਦੂਜਾ ਪੱਖ ਵੀ ਉਸ ਦੇ ਮਨ ਦੀ ਤਿਆਰੀ ਤੇ ਉਸ ਦੇ ਸਰੀਰ ਅੰਦਰ ਹੋ ਰਹੀ ਉਸ ਦੇ ਕਰਮ ਤੇ ਗਿਆਨ ਇੰਦ੍ਰਿਆਂ ਦੀ ਵੱਖੋ ਵੱਖ ਤਰੀਕਿਆਂ ਨਾਲ ਵਰਤੋਂ-ਸੁਵਰਤੋਂ-ਕੁਵਰਤੋਂ ਵੀ ਹੈ ਜਿੱਥੋਂ ਮਨੁੱਖ-ਮਨੁੱਖ ਦੇ ਵੱਖੋ ਵੱਖਰੇ ਜੀਵਨ ਵੀ ਪ੍ਰਭੂ ਦੇ ਨਿਆਂ `ਚ ਹੀ ਤਿਆਰ ਹੋ ਰਹੇ ਹਨ। ਉਸੇ ਤੋਂ ਉਸ ਦਾ ਜੀਵਨ ਗੁਰਮੁਖ ਵੀ ਤਿਆਰ ਹੋ ਰਿਹਾ ਤੇ ਮਨਮੁਖ ਵੀ।

“ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ …” ਇਸ ਲਈ ਵਿਸ਼ੇ ਨੂੰ ਕੁੱਝ ਹੋਰ ਖੁੱਲ ਕੇ ਸਮਝਣ ਲਈ ਇਨ੍ਹਾਂ ਦੋਨਾਂ ਸਲੋਕਾਂ ਨੂੰ ਆਹਮਣੇ ਸਾਹਮਣੇ ਰੱਖਣ ਦੀ ਵੀ ਲੋੜ ਹੈ। ਇੱਕ ਪਾਸੇ ਪਹਿਲੇ ਪਾਤਸ਼ਾਹ ਫ਼ੁਰਮਾਅ ਰਹੇ ਹਨ “ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ” ਜਦਕਿ ਦੂਜੇ ਸਲੋਕ `ਚ ਉਸੇ ਗੱਲ ਨੂੰ ਦੂਜੇ ਪਾਤਸ਼ਾਹ ਬਿਆਣ ਕਰ ਰਹ“ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ” ਇਸੇ ਤਰ੍ਹਾਂ ਪਹਿਲੇ ਸਲੋਕ `ਚ ਜਿਸ ਵਿਸ਼ੇ ਨੂੰ “ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ. .” ਭਾਵ ਜਿਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਲਈ ਅਗਿਆਨੀ ਮਨੁੱਖ ਨੂੰ ਉਨ੍ਹਾਂ ਸਰੀਰਕ ਇੰਦ੍ਰਿਆਂ ਦੇ ਨਾਮ ਲੈ ਲੈ ਕੇ ਚੇਤਾਇਆ ਹੈ ਉਸੇ ਵਿਸ਼ੇ ਨੂੰ ਦੂਜੇ ਸਲੋਕ `ਚ ਹੋਰ ਤੇ ਇਸ ਤਰ੍ਹਾਂ ਵੀ ਖੋਲਿਆਂ ਹੈ “… ਸੁਰਤਿ ਮਤਿ ਚਤੁਰਾਈ ਤਾ ਕੀ, ਕਿਆ ਕਰਿ ਆਖਿ ਵਖਾਣੀਐ॥ ਅੰਤਰਿ ਬਹਿ ਕੈ ਕਰਮ ਕਮਾਵੈ, ਸੋ ਚਹੁ ਕੁੰਡੀ ਜਾਣੀਐ॥ ਜੋ ਧਰਮੁ ਕਮਾਵੈ ਤਿਸੁ ਧਰਮੁ ਨਾਉ ਹੋਵੈ, ਪਾਪਿ ਕਮਾਣੈ ਪਾਪੀ ਜਾਣੀਐ”। ਉਪ੍ਰੰਤ ਪਹਿਲੇ ਸਲੋਕ `ਚ ਜਿਸ ਵਿਸ਼ੇ ਲਈ ਗੁਰਦੇਵ ਨੇ ਸ਼ਬਦਾਵਲੀ ਵਰਤੀ ਹੈ “ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ” ਦੂਜੇ ਸਲੋਕ `ਚ ਉਸੇ ਵਿਸ਼ੇ ਦੀ ਗੁਰਦੇਵ ਨੇ ਵਿਆਖਿਆ ਕੀਤੀ ਹੈ ਜਿਵੇਂ ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ, ਵਿਣੁ ਜੋਤੀ ਕੋਈ ਕਿਛੁ ਕਰਹਿ ਦਿਖਾ ਸਿਆਣੀਐ” ਇਤਿਆਦਿ।

“ਗੁਰਮਤੀ ਨਾਮੁ ਧਿਆਈਐ, ਸੁਖਿ ਰਜਾ ਜਾ ਤੁਧੁ ਭਾਇਆ” - ਹੁਣ ਇਸੇ ਵਿਸ਼ੇ ਨੂੰ ਜਦੋਂ ਅਸੀਂ ਪਉੜੀ ਵਿੱਚੋਂ ਲਵਾਂਗੇ ਤਾਂ ਜਗਿਆਸੂ ਨੂੰ ਵਿਸ਼ਾ ਹੋਰ ਵੀ ਸਪਸ਼ਟ ਹੋ ਜਾਵੇਗਾ। ਇਥੋਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਹੱਥਲੇ ਗੁਰਮੱਤ ਪਾਠ ਦੇ ਅਰੰਭ `ਚ ਅਸਾਂ ਜੋ ਗੁਰਮੁਖ ਤੇ ਮਨਮੁਖ ਦੇ ਜੀਵਨ ਸਬੰਧੀ ਜੋ ਦੋ-ਦੋ ਪਹਿਲੂਆਂ ਦੀ ਗੱਲ ਕੀਤੀ ਸੀ ਤਾਂ ਉਹ ਕੀ ਸੀ ਤੇ ਕਿਉਂ ਕੀਤੀ ਸੀ? ਉਂਝ ਤਾਂ ਹੁਣ ਤੱਕ ਇਹ ਦੋਵੇਂ ਵਿਸ਼ੇ ਕਾਫ਼ੀ ਹੱਦ ਤੱਕ ਇਨ੍ਹਾਂ ਦੋਨਾਂ ਸਲੋਕਾਂ ਰਾਹੀਂ ਹੀ ਗੁਰਦੇਵ ਨੇ ਸਪਸ਼ਟ ਕਰ ਦਿੱਤੇ ਹਨ ਫ਼ਿਰ ਵੀ ਇਸ ਵਿਸ਼ੇ ਨੂੰ ਜਿਤਨਾ ਵੱਧ ਪਉੜੀ `ਚ ਖੋਲਿਆ ਹੈ ਉਸ ਦਾ ਅਨੰਦ ਪਉੜੀ ਦੀ ਵਿਚਾਰ ਕਰਕੇ ਹੀ ਆਵੇਗਾ।

ਉਪ੍ਰੰਤ ਪਉੜੀ ਨੂੰ ਵੀ ਸੌਖਾ ਸਮਝਣ ਲਈ ਅਸਾਂ ਇਸ ਪਉੜੀ ਨੂੰ ਵੀ ਦੋ ਹਿਸਿਆਂ `ਚ ਵੰਡਣਾ ਹੈ ਤਾ ਕਿ ਪਉੜੀ ਤੇ ਸਲੋਕਾਂ ਵਿਚਲਾ ਮਨਮੁਖ ਤੇ ਗੁਰਮੁਖ ਵਾਲਾ ਤੇ ਉਸ ਦੇ ਨਾਲ ਨਾਲ ਚੱਲ ਰਿਹਾ ਕਰਮ ਤੇ ਗਿਆਨ ਇਦ੍ਰਿਆਂ ਵਾਲਾ ਵਿਸ਼ਾ ਹੋਰ ਵੀ ਸਾਫ਼ ਹੋ ਜਾਵੇ। ਇਸ ਤਰ੍ਹਾਂ ਪਹਿਲਾਂ ਤਾਂ ਇਹ ਪਉੜੀ ਹੈ ਪਉੜੀ॥ ਤੁਧੁ ਆਪੇ ਜਗਤੁ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ॥ ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ॥ ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ॥ ਕੁਲੁ ਉਧਾਰੇ ਆਪਣਾ, ਧਨੁ ਜਣੇਦੀ ਮਾਇਆ॥ ਸੋਭਾ ਸੁਰਤਿ ਸੁਹਾਵਣੀ, ਜਿਨਿ ਹਰਿ ਸੇਤੀ ਚਿਤੁ ਲਾਇਆ॥ ੨॥” (ਪੰ: ੧੩੮)।

ਹੁਣ ਦੇਖਣਾ ਇਹ ਹੈ ਕਿ ਇਸ ਪਉੜੀ ਅੰਦਰ ਦੋ ਵਿਸ਼ੇ ਖ਼ਾਸ ਤੌਰ `ਤੇ ਆਏ ਹਨ ਇਨ੍ਹਾਂ ਵਿੱਚੋਂ ਇੱਕ ਹੈ ‘ਧੰਦਾ’ ਤੇ ਦੂਜਾ ਹੈ ‘ਮੋਹ’ ਜਦਕਿ ਨਾਲ ਨਾਲ ਪਉੜੀ ਦੇ ਹੀ ਪਹਿਲੇ ਤੇ ਦੂਜੇ ਭਾਗ `ਚ ਮਨੁੱਖਾ ਜੀਵਨ ਦੀਆਂ ਦੋ ਵਿਰੋਧੀ ਅਵਸਥਾਵਾਂ ਨੂੰ ਵੀ ਵੱਖ ਵੱਖ ਬਿਆਣਿਆ ਹੈ। ਮਨੁੱਖਾ ਜੀਵਨ ਦੀਆਂ ਇਹ ਦੋ ਵਿਰੋਧੀ ਅਵਸਥਾਵਾਂ ਸਪਸ਼ਟ ਕੀਤੀਆਂ ਹਨ ‘ਮਨਮੁਖ” ਤੇ “ਗੁਰਮੁਖ”।

ਵਿਚਾਰਨ ਦਾ ਵਿਸ਼ਾ ਹੈ ਕਿ ਪਉੜੀ ਅੰਦਰ ਇੱਕ ਪਾਸੇ ਤਾਂ ਗੁਰਦੇਵ ਫ਼ੁਰਮਾਅ ਰਹੇ ਹਨ ਕਿ ਕਰਤਾਰ ਨੇ ਆਪ ਹੀ ਮੋਹ ਰੂਪੀ ਠੱਗ ਬੂਟੀ ਪਾਈ ਹੋਈ ਹੈ ਤੇ ਜੀਵਾਂ ਨੂੰ ਧੰਦਿਆਂ `ਚ ਉਲਝਾਇਆ ਹੋਇਆ ਹੈ ਤੇ ਇਨ੍ਹਾਂ ਦੀ ਜਕੜ `ਚ ਆਇਆ ਮਨੁੱਖ, ਮਨੁੱਖਾ ਜਨਮ ਲੈ ਕੇ ਵੀ “ਸਹਸਾ ਇਹੁ ਸੰਸਾਰੁ ਹੈ, ਮਰਿ ਜੰਮੈ ਆਇਆ ਜਾਇਆ” ਮਨੁੱਖ ਸਾਰੀ ਉਮਰ ਸਹਿਮਾਂ ਤੇ ਡਰਾਂ `ਚ ਪਿਆ ਰਹਿੰਦਾ ਹੈ ਤੇ ਸਰੀਰ ਤਿਆਗਣ ਬਾਅਦ ਵੀ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ `ਚ ਪੈ ਜਾਂਦਾ ਹੈ।

ਇਸ ਦੇ ਨਾਲ ਹੀ ਇਸੇ ਪਉੜੀ `ਚ ਅੱਗੇ ਜਾ ਕੇ ਗੁਰਦੇਵ ਇਹ ਵੀ ਸਪਸ਼ਟ ਕਰ ਰਹੇ ਕਿ ਸੰਸਾਰ `ਚ ਧੰਦੇ” ਵੀ ਉਹੀ ਹਨ ਤੇ ਮਾਇਆ ਵਾਲਾ “ਮੋਹ” ਤੇ ਇਸ “ਮੋਹ” ਤੌਂ ਪੈਦਾ ਹੋਣ ਵਾਲੀ ਅਸੀਮਤ “ਤ੍ਰਿਸ਼ਨ ਵਾਲੀ ਅੱਗ” ਵੀ ਉਹੀ ਹੈ ਫ਼ਿਰ ਵੀ ਜਿਹੜੇ ਮਨੁੱਖ ਗੁਰੂ (ਗੁਰਬਾਣੀ) ਦੀ ਸਿਖਿਆ, ਆਗਿਆ ਤੇ ਸ਼ਰਨ `ਚ ਆ ਜਾਂਦੇ ਹਨ ਉਹ ਆਪਣਾ ਜਨਮ ਸੁਆਰ ਲੈਂਦੇ ਹਨ। ਪ੍ਰਭੂ ਆਪ ਗੁਰੂ ਦੀ ਰਾਹੀਂ ਉਨ੍ਹਾਂ `ਤੇ ਮਿਹਰ ਕਰਕੇ ਉਨ੍ਹਾਂ ਅੰਦਰੋਂ ਮਾਇਆ ਵਾਲੇ ‘ਮੋਹ’ ਵਾਲਾ ਇਹ ਜਾਲ ਤੋੜ ਦਿੰਦਾ ਹੈ। .

ਬੱਸ ਇਹੀ ਹਨ ਮਨੁੱਖਾ ਜੀਵਨ ਦੇ ਫ਼ਰਕ ਇੱਕ ਮਨਮੁਖ ਜੀਵਨ ਤੇ ਦੂਜਾ ਗੁਰਮੁਖ ਜੀਵਨ ਅਥਵਾ ਮਨੁੱਖਾ ਜੀਵਨ ਵਿਚਲੇ ਦੋ ਵਿਰੋਧੀ ਪੱਖ। ਦੂਜੇ ਲਫ਼ਜ਼ਾਂ `ਚ ਸਫ਼ਲ ਤੇ ਅਸਫ਼ਲ ਜੀਵਨ, ਅਭਾਗਾ ਤੇ ਵਡਭਾਗੀ ਜੀਵਨ। ਜਦਕਿ ਸੰਸਾਰ ਵੀ ਉਹੀ ਹੈ ਸੰਸਾਰ `ਚ ਪ੍ਰਭੂ ਵੱਲੋਂ ਬਣਾਇਆ ਹੋਇਆ “ਧੰਦਿਆਂ” ਵਾਲਾ ਸਿਲਸਿਲਾ ਵੀ ਉਹੀ ਹੈ, ਇਥੇ “ਮੋਹ” ਵਾਲੀ ਠੱਗ ਬੂਟੀ ਵੀ ਉਹੀ ਹੈ ਅਤੇ ਇਸ “ਮੋਹ” ਤੌਂ ਪੈਦਾ ਹੋਣ ਵਾਲੀ ਅਸੀਮਤ “ਤ੍ਰਿਸ਼ਨ ਵਾਲੀ ਅੱਗ” ਵੀ ਉਹੀ ਹੈ। ਇਨ੍ਹਾਂ ਵੱਲੋਂ ਕਿਸੇ ਵੀ ਚੀਜ਼ `ਚ ਕਿਸੇ ਲਈ ਫ਼ਰਕ ਵੀ ਨਹੀਂ, ਫ਼ਿਰ ਵੀ ਗੁਰਬਾਣੀ ਅਨੁਸਾਰ ਹੀ ਇੱਕ ਪਾਸੇ ਪੂਰਾਂ ਦੇ ਪੂਰ ਜੀਵਨ ਬਿਰਥਾ ਕਰ ਕੇ ਜਾਂਦੇ ਹਨ।

ਅਜਿਹੇ ਲੋਕ ਜੀਵਨ ਭਰ ਮਨਮੁਖ ਹੀ ਰਹਿੰਦੇ ਹਨ ਅਤੇ ਇਨ੍ਹਾਂ ਮਨਮੁੱਖਾਂ ਲਈ “ਸਹਸਾ ਇਹੁ ਸੰਸਾਰੁ ਹੈ, ਮਰਿ ਜੰਮੈ ਆਇਆ ਜਾਇਆ” ਅਨੁਸਾਰ ਮਨੁੱਖਾ ਜਨਮ ਲੈਣ ਤੋਂ ਬਾਅਦ ਵੀ ਜਨਮ-ਮਰਨ ਦੇ ਗੇੜ ਤੇ ਜੂਨਾਂ-ਗਰਭਾਂ `ਚ ਪੈਂਦੇ ਹਨ। ਜਦਕਿ ਦੂਜੇ “ਗੁਰਮੁਖਿ ਕੋਈ, ਉਤਰੈ ਪਾਰਿ” (ਪੰ: ੧੪੫) ਭਾਵ ਵਿਰਲੇ ਹੀ ਗੁਰਮੁਖ ਹੁੰਦੇ ਹਨ ਜੋ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਅਤੇ ਗੁਰੂ ਦੀ ਚਰਨੀਂ ਲੱਗ ਕੇ ਜੀਵਨ ਨੂੰ ਸਫ਼ਲਾ ਕਰਕੇ ਜਾਂਦੇ ਹਨ। ਇਸੇ ਤਰ੍ਹਾਂ “ਦਰਸਨਿ ਰੂਪਿ ਅਥਾਹ, ਵਿਰਲੇ ਪਾਈਅਹਿ” (ਪੰ: ੧੪੬} ਜਦਕਿ ਅਜਿਹੇ ਗੁਰਮੁਖ ਜਨ ਵੀ (ਬੇਸ਼ਕ ਵਿਰਲੇ) ਇਸੇ ਸੰਸਾਰ `ਚ ਰਹਿੰਦੇ ਹੋਏ ਗੁਰੂ ਦੀ ਆਗਿਆ-ਸਿਖਿਆ ਅਨੁਸਾਰ ਜੀਵਨ ਦੀ ਕਮਾਈ ਕਰਕੇ ਆਪਣਾ ਜੀਵਨ ਸਫ਼ਲਾ ਕਰਕੇ ਜਾਂਦੇ ਹਨ। ਬੇਸ਼ੱਕ ਇਸ ਬਾਰੇ ਤੇ ਇਸੇ ਲਈ ਇਸ ਗੁਰਮੱਤ ਪਾਠ ਦੇ ਅਰੰਭ `ਚ ਮਨਮੁਖ ਤੇ ਗੁਰਮੁਖ ਦੇ ਜੀਵਨ ਦੇ ਵੱਖ ਵੱਖ ਅਤੇ ਦੋ-ਦੋ ਪਹਿਲੂਆਂ ਦੀ ਗੱਲ ਵੀ ਅਸੀਂ ਕਰ ਚੁੱਕੇ ਹਾਂ।

“ਮੋਹ ਠਗਉਲੀ ਪਾਇ ਕੈ…” ਵਿਸ਼ੇ ਨੂੰ ਸੌਖਾ ਸਮਝਣ ਲਈ ਅਸੀਂ ਪਉੜੀ ਨੂੰ ਇੱਥੇ ਦੋ ਭਾਗਾਂ `ਚ ਵੰਡ ਕੇ ਲੈ ਰਹੇ ਹਾਂ। ਇਸ ਲਈ ਸਾਡੀ ਵੰਡ ਅਨੁਸਾਰ ਪਉੜੀ ਦਾ ਪਹਿਲਾ ਭਾਗ ਇਸ ਤਰ੍ਹਾਂ ਹੈ। ਤੁਧੁ ਆਪੇ ਜਗਤੁ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ॥ ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ॥ ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ॥”

ਗੁਰਦੇਵ ਇਥੇ ਪਉੜੀ ਦੇ ਇਸ ਭਾਗ `ਚ ਫ਼ੁਰਮਾਅ ਰਹੇ ਹਨ “ਹੇ ਪ੍ਰਭੂ! ਤੂੰ ਆਪ ਹੀ ਜਗਤ ਪੈਦਾ ਕਰ ਕੇ ਤੇ ਜੀਵਾਂ ਨੂੰ ਆਹਿਰਾਂ-ਧੰਦਿਆਂ `ਚ ਲਗਾਇਆ ਹੋਇਆ ਹੈ। ਉਪ੍ਰੰਤ ਇਨ੍ਹਾਂ ਜੀਵਾਂ ਨੂੰ ਤੂੰ ਮਾਇਆ ਦੇ ਮੋਹ ਵਾਲੀ ਠਗ ਬੂਟੀ ਖੁਆ ਕੇ ਜਗਤ ਨੂੰ ਆਪਣੇ ਆਪ ਤੋਂ ਭਾਵ ਆਪਣੀ ਯਾਦ ਤੋਂ ਵੀ ਖੁੰਝਾਇਆ ਹੋਇਆ ਹੈ। ਇਸੇ ਤੋਂ ਸੰਸਾਰ ਅੰਦਰ ਹਰ ਸਮੇਂ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਇਸ ਵਾਸਤੇ ਮਾਇਆ ਦੀ ਤ੍ਰਿਹ ਤੇ ਭੁੱਖ ਦਾ ਮਾਰਿਆ ਮਨੁੱਖ ਕਦੇ ਰੱਜਦਾ ਹੀ ਨਹੀਂ। ਕਿਉਂਕਿ ਇਹ ਜਗਤ ਤਾਂ ਹੈ ਹੀ ਤੌਖ਼ਲਾ ਰੂਪ, ਇਸ ਤੌਖ਼ਲੇ `ਚ ਪਿਆ ਜੀਵ ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ `ਚ ਹੀ ਪਿਆ ਰਹਿੰਦਾ ਹੈ

ਪਰ ਇਸ ਦੇ ਨਾਲ ਸਚਾਈ ਵੀ ਇਹੀ ਹੈ ਕਿ ਸਤਿਗੁਰੂ ਦੀ ਸ਼ਰਨ `ਚ ਪਏ ਬਿਨਾ ਭਾਵ ਗੁਰੂ ਗਿਆਨ (ਗੁਰਬਾਣੀ) ਦੀ ਸਿਖਿਆ ਤੇ ਆਦੇਸ਼ਾਂ `ਤੇ ਚੱਲੇ ਬਿਨਾ ਇਹ ਮਾਇਆ ਵਾਲਾ ‘ਮੋਹ’ ਟੁਟ ਵੀ ਨਹੀਂ ਸਕਦਾ। ਇਸੇ ਲਈ ਜੀਵ ਬਹੁਤਾ ਕਰਕੇ ਹੋਰ ਹੋਰ ਧਾਰਮਿਕ ਆਦਿ ਕੰਮ ਕਰ-ਕਰ ਕੇ ਹਾਰ ਜਾਂਦੇ ਹਨ ਪਰ ਉਨ੍ਹਾਂ ਦੇ ਜੀਵਨ `ਚ ਟਿਕਾਅ ਨਹੀਂ ਆਉਂਦਾ”

ਜਿਵੇਂ ਕਿ ਦੇਖ ਵੀ ਚੁੱਕੇ ਹਾਂ ਕਿ ਇਸ ਦੇ ਨਾਲ ਹੀ ਇਸੇ ਪਉੜੀ ਦੇ ਬਾਕੀ ਹਿੱਸੇ `ਚ ਗੁਰਦੇਵ ਇਹ ਵੀ ਦੱਸ ਰਹੇ ਹਨ ਕਿ ਅਜਿਹੀ ਗੱਲ ਵੀ ਨਹੀਂ ਕਿ ਮਾਇਆ ਦਾ ਇਹ ‘ਮੋਹ’ ਟੁਟੱਣ ਵਾਲਾ ਹੀ ਨਹੀਂ। ਸਪਸ਼ਟ ਕਰ ਰਹੇ ਹਨ ਕਿ ਮਾਇਆ ਦਾ ਇਹ ‘ਮੋਹ’ ਹੈ ਤਾਂ ਟੁੱਟਣ ਵਾਲਾ “ਪਰ ਗੁਰੂ ਦੀ ਸ਼ਰਨ `ਚ ਆਏ ਬਿਨਾ ਇਹ ਨਹੀਂ ਟੁਟਦਾ”।

ਦੂਜੇ ਲਫ਼ਜ਼ਾਂ `ਚ, ਮਨੁੱਖ ਨੂੰ ਚਿੰਬੜਣ ਤੇ ਮਨੁੱਖ ਦੇ ਜੀਵਨ ਨੂੰ ਬਿਰਥਾ ਕਰਣ ਵਾਲਾ ਇਹ ਮਾਇਆ ਦਾ ‘ਮੋਹ’ ਤੇ ‘ਧੰਦੇ’ ਮਨੁੱਖ ਲਈ ਅਜਿਹੀ ਪਕੜ ਵੀ ਨਹੀਂ ਹਨ ਜਿਹੜੀ ਕਿ ਇਨ੍ਹਾਂ ਤੋਂ ਮਨੁੱਖ ਬੱਚ ਨਾ ਸਕਦਾ ਹੋਵੇ। ਲੋੜ ਹੈ ਤਾਂ ਜੀਵਨ ਦੇ ਰੁਖ ਨੂੰ ਬਦਲਣ ਤੇ ਗੁਰੂ ਦੀ ਸ਼ਰਨ `ਚ ਆ ਕੇ ਮਨੁੱਖਾ ਜੀਵਨ ਦੀ ਅਸਲੀਅਤ ਨੂੰ ਪਹਿਚਾਨਣ ਦੀ। ਗੁਰੂ (ਗੁਰਬਾਣੀ) ਦੀ ਆਗਿਆ ਤੇ ਸਿਖਿਆ `ਤੇ ਚੱਲ ਕੇ ਜੀਵਨ ਦੀ ਕਮਾਈ ਕਰਣ ਦੀ।

ਇਸ ਤਰ੍ਹਾਂ ਮਨੁੱਖ ਆਪਣੇ ਜੀਵਨ ਦੀ ਕੇਵਲ ਰਹਿਣੀ ਹੀ ਬਦਲ ਲਵੇ ਤਾਂ ਇਹ ਜੀਵ ਇਸ “ਮਾਇਆ ਦੇ ਮੋਹ” ਤੋਂ ਪੂਰੀ ਤਰ੍ਹਾਂ ਬੱਚ ਵੀ ਸਕਦਾ ਹੈ। ਮਾਇਆ ਦਾ ‘ਮੋਹ’ ਤੇ ਪਕੜ ਜੋ ਮਨੁੱਖ ਨੂੰ ਫ਼ਿਰ ਤੋਂ ਬਾਰ ਬਾਰ ਦੇ ਜਨਮਾਂ-ਜੂਨਾ ਵਾਲੇ ਗੇੜ `ਚ ਪਾ ਦਿੰਦੀ ਹੈ ਗੁਰਮੁਖ ਦੇ ਜੀਵਨ ਦਾ ਨੁਕਸਾਨ ਨਹੀਂ ਕਰ ਸਕਦੀ। ਉਹ ਜੀਉਂਦੇ ਜੀਅ ਪ੍ਰਭੂ `ਚ ਇੱਕ ਮਿਕ ਹੋ ਕੇ ਇਲਾਹੀ ਗੁਣਾਂ ਨਾਲ ਭਰਪੂਰ ਸਬਰ, ਸੰਤੋਖ, ਦਇਆ, ਪਰਉਪਕਾਰ ਤੇ ਟਿਕਾਅ ਆਦਿ ਵਾਲਾ ਜੀਵਨ ਬਤੀਤ ਕਰਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦਾ।

ਗੁਰਦੇਵ ਨੇ ਪਉੜੀ ਦੇ ਬਾਕੀ ਹਿੱਸੇ `ਚ ਗੁਰਮੁਖ ਦੇ ਜੀਵਨ ਨੂੰ ਹੀ ਪ੍ਰਗਟਾਇਆ ਹੈ ਜਿਸ ਨੂੰ ਅਸੀਂ ਅੱਗੇ ਚੱਲ ਕੇ ਲਵਾਂਗੇ ਪਰ ਪਹਿਲਾਂ ਇਸ ਪਉੜੀ ਦੇ ਪਹਿਲੇ ਹਿੱਸੇ `ਚ ਆਏ ‘ਮੋਹ’ ਤੇ ‘ਧੰਦਉਪ੍ਰੰਤ ਕਿਸੇ ਹੱਦ ਤੱਕ ‘ਤ੍ਰਿਸ਼ਨਾ ਦੀ ਅੱਗ’ ਵਾਲੇ ਵਿਸ਼ੇ ਨੂੰ ਹੀ ਥੋੜਾ ਗੁਰਬਾਣੀ ਆਧਾਰ `ਤੇ ਸਮਝਣ ਦਾ ਯਤਣ ਕਰਾਂਗੇ। ਇਸ ਪਉੜੀ ਅਨੁਸਾਰ ਵੀ ਮਨੁੱਖਾ ਜੀਵਨ ਦੇ ਇਹ ਉਹੀ ਦੋ ਵਿਰੋਧੀ ਪੱਖ ਹਨ ਜਿਨ੍ਹਾਂ ਕਾਰਨ ਮਨੁੱਖਾ ਜੀਵਨ ਅਸਫ਼ਲ ਵੀ ਹੁੰਦਾ ਹੈ ਤੇ ਸਫ਼ਲ ਵੀ। ਮਨੁੱਖ ‘ਮਨਮੁਖ’ ਰਹਿ ਕੇ ਜਨਮਾਂ ਦੇ ਗੇੜ `ਚ ਵੀ ਪੈਂਦਾ ਹੈ ਤੇ ਇਥੋਂ ਹੀ ਭਾਵ ਇਸੇ ਸੰਸਾਰ `ਚ ਰਹਿੰਦਾ ਵੀ ‘ਗੁਰਮੁਖ’ ਜੀਵਨ ਵਾਲਾ ਅਨੰਦ ਮਾਣਦਾ ਹੋਇਆ ਜੀਉਂਦੇ ਜੀਅ ਪ੍ਰਭੂ `ਚ ਅਭੇਦ ਵੀ ਹੋ ਜਾਂਦਾ ਹੈ।

ਮੋਹ’ ਤੇ ‘ਧੰਦਾ’ ਹਰੇਕ ਜੀਵਨ ਦਾ ਮੂਲ ਹਨ- ਹੁਣ ਇਸ ਪਉੜੀ ਦੇ ਪਹਿਲੇ ਭਾਗ `ਚ ਪ੍ਰਕਟ ਦੋ ਪੱਖਾਂ ‘ਮੋਹ’ ਤੇ ‘ਧੰਦੇ’ ਨੂੰ ਗੁਰਬਾਣੀ ਵਿੱਚੋ ਹੀ ਕੁੱਝ ਹੋਰ ਸਮਝਣਾ ਵੀ ਲਾਹੇਵੰਦ ਹੋਵੇਗਾ। ਪਉੜੀ `ਚ ਗੁਰਦੇਵ ਨੇ ਫ਼ੁਰਮਾਇਆ ਹੈ “… ਤੁਧੁ ਆਪੇ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ”। ਇਸ ਤਰ੍ਹਾਂ ਇਥੇ ਪਹਿਲਾਂ ਅਸੀਂ ‘ਮੋਹ’ ਵਾਲਾ ਵਿਸ਼ਾ ਲੈਂਦੇ ਹਾਂ ਪਰ ਅਤੀ ਸੰਖੇਪ `ਚ ਕੇਵਲ ਉਥੋਂ ਤੱਕ, ਜਿਥੋਂ ਤੱਕ ਅਸੀਂ ਵਿਸ਼ੇ ਨੂੰ ਸਮਝ ਸਕੀਏ। ਗੱਲ ਨੂੰ ਸਮਝਣ ਲਈ ਕੇਵਲ ਮਿਸਾਲ ਵਜੋਂ ਲੈਂਦੇ ਹਾਂ ਕਿ ਜਿਵੇਂ ਦੁਕਾਨਦਾਰ ਕੋਲ ਦੁਕਾਨ ਤਾਂ ਹੋਵੇ ਤੇ ਉਸ ਦੁਕਾਨ `ਚ ਗ੍ਰਾਹਕ ਦੀ ਲੋੜ ਅਨੁਸਾਰ ਵਸਤਾਂ ਹੀ ਨਾ ਹੋਣ। ਉਪ੍ਰੰਤ ਜੇ ਵਸਤਾਂ ਭਾਵ ਸਾਮਾਨ ਤਾਂ ਹੋਵੇ ਪਰ ਗ੍ਰਾਹਕ ਨੂੰ ਸਾਮਾਨ ਦੇਣ ਲਈ ਕਿਸੇ ਕਾਰਨ ਉਹ ਉੱਦਮ ਹੀ ਨਾ ਕਰ ਸਕਦਾ ਹੋਵੇ ਜਾਂ ਉਸ ਕੋਲ ਵਸਤਾਂ ਲਈ ਗ੍ਰਾਹਕ ਹੀ ਨਾ ਹੋਵੇ ਤਾਂ ਦੁਕਾਨਦਾਰ ਤੇ ਗ੍ਰਾਹਕ ਦੋਨਾਂ ਨੂੰ, ਨਾ ਉਸ ਦੁਕਾਨ ਦਾ ਲਾਭ ਮਿਲੇਗਾ ਤੇ ਨਾ ਉਸ ਸਾਰੇ ਦਾ ਕੁੱਝ ਮਤਲਬ ਹੀ ਰਹਿ ਜਾਵੇਗਾ।

ਠੀਕ ਇਸੇ ਤਰ੍ਹਾਂ ਜੀਵਨ ਚੰਗਾ ਹੋਵੇ ਜਾਂ ਮਾੜਾ, ਅਉਖਾ ਹੋਵੇ ਜਾਂ ਸੋਖਾ, ਸਰੀਰਕ ਦੁਖਾਂ ਦਾ ਮਾਰਿਆ ਹੋਵੇ ਜਾਂ ਅਰੋਗ ਪਰ ਬਿਨਾ ਵਿਤਕਰਾ ਹਰੇਕ ਜੂਨੀ `ਚ ਜੀਵ ਨੂੰ ਅਕਾਲਪੁਰਖ ਨੇ ਵੀ ਜੀਵਨ ਨੂੰ ਚਲਾਉਣ ਲਈ ਦੋ ਦਾਤਾਂ ਬਖ਼ਸ਼ੀਆਂ ਹੋਈਆਂ ਹਨ। ਪਹਿਲੀ ਇਹ ਕਿ ਜੀਵ ਦੇ ਸਰੀਰ ਦੇ ਵਾਧੇ ਲਈ ਹਰੇਕ ਜੂਨ ਮੁਤਾਬਕ ਉਸ ਜੀਵ ਨੂੰ ‘ਧੰਦਾ’। ਉਪ੍ਰੰਤ ਉਸ ‘ਧੰਦੇ’ ਲਈ ਸੰਬੰਧਤ ਸਰੀਰ ਨੂੰ ਜੋ ਖ਼ੁਰਾਕ ਚਾਹੀਦੀ ਹੈ ਉਸ ਅਨੁਸਾਰ ਰਿਜ਼ਕ। ਇਹ ਦੋ ਦਾਤਾਂ ਪ੍ਰਭੂ ਕਿਸੇ ਤੋਂ ਵੀ ਨਹੀਂ ਖੋਹਂਦਾ। ਇਹੀ ਕਾਰਨ ਹੈ ਕਿ ਮਨੁੱਖਾ ਜੂਨੀ ਸਮੇਂ ਵੀ ਪ੍ਰਭੂ ਦੀਆਂ ਇਹ ਦੋਵੇਂ ਦਾਤਾਂ ਗੁਰਮੁਖ ਨੂੰ ਵੀ ਪ੍ਰਾਪਤ ਹੁੰਦੀਆਂ ਹਨ ਤੇ ਮਨਮੁਖ ਨੂੰ ਵੀ; ਸਦਾਚਾਰੀ ਨੂੰ ਵੀ ਤੇ ਵਿਭਚਾਰੀ ਤੇ ਜ਼ਾਲਮ ਨੂੰ ਵੀ।

ਉਪ੍ਰੰਤ ਵੱਖ ਵੱਖ ਜੂਨੀਆਂ ਸਮੇਂ ਧੰਦੇ ਤੇ ਰਿਜ਼ਕ ਤੋਂ ਇਲਾਵਾ ਪ੍ਰਭੂ ਨੇ ਲੋੜ ਅਨੁਸਾਰ ਹਰੇਕ ਜੂਨੀ ਨੂੰ ‘ਮੋਹ’ ਵਾਲੀ ਦਾਤ ਵੀ ਬਖ਼ਸ਼ੀ ਹੋਈ ਹੁੰਦੀ ਹੈ। ਉਪ੍ਰੰਤ ਇਹ ‘ਮੋਹ’ ਵਾਲੀ ਦਾਤ ਵੀ ਹਰੇਕ ਜੂਨ `ਚ, ਜੂਨ ਅਨਸੁਾਰ ਆਪਣੀ ਆਪਣੀ ਸੀਮਾ `ਚ ਹੁੰਦੀ ਹੈ। ਜਦਕਿ ਇਹੀ ‘ਮੋਹ’ ਜਦੋਂ ਮਨੁੱਖਾ ਜੂਨੀ `ਚ ਅਸੀਮਤ ਹੋ ਜਾਂਦਾ ਹੈ ਤਾਂ ਇਸ ਨੂੰ ਗੁਰਬਾਣੀ `ਚ ‘ਮਮਤਾ’ ਵੀ ਕਿਹਾ ਹੈ। ਉਸੇ ਦਾ ਨਤੀਜਾ ਹੁੰਦਾ ਹੈ ਕਿ ਪ੍ਰਭੂ ਦੀਆਂ ਬਿਅੰਤ ਦਾਤਾਂ ਜੋ ਪ੍ਰਭੂ ਸਾਡੇ ਸਰੀਰ ਸਮੇਤ ਮਨੁੱਖਾ ਜਨਮ ਸਮੇਂ ਸਾਡੀ ਲੋੜ ਲਈ ਬਖ਼ਸ਼ਦਾ ਹੈ। ਅਗਿਆਨੀ ਮਨੁੱਖ ਉਨ੍ਹਾਂ ਨੂੰ ਹੀ ਆਪਣੇ ਲਈ ਪ੍ਰਭੂ ਬਖ਼ਸ਼ੇ ਸੀਮਤ ‘ਮੋਹ’ ਤੋਂ ਅਸੀਮਤ ਕਰਕੇ ‘ਮਮਤਾ’ `ਚ ਬਦਲ ਦਿੰਦਾ ਹੈ।

ਦੇਂਦੇ ਥਾਵਹੁ ਦਿਤਾ ਚੰਗਾ, ਮਨਮੁਖਿ ਐਸਾ ਜਾਣੀਐ” ਅਨੁਸਾਰ ਉਸੇ ਦਾ ਨਤੀਜਾ ਹੁੰਦਾ ਹੈ ਕਿ ਪ੍ਰਭੂ ਦੀਆਂ ਬਖ਼ਸ਼ੀਆਂ ‘ਮੋਹ’ ਤੇ ‘ਧੰਦੇ’ ਵਾਲੀਆਂ ਦਾਤਾਂ, ਜਿਨ੍ਹਾਂ ਤੋਂ ਬਿਨਾ ਮਨੁੱਖਾ ਜੀਵਨ ਚੱਲ ਹੀ ਨਹੀਂ ਸਕਦਾ; ਮਨਮੁੱਖ ਦੇ ਜੀਵਨ ਲਈ ਇਹੀ ਮਾਇਆ ਬਣ ਜਾਂਦੀਆ ਹਨ। ਉਂਝ ਗੁਰਬਾਣੀ ਅਨੁਸਾਰ ‘ਮਾਇਆ’ ਕੋਈ ਵੱਖਰੀ ਚੀਜ਼ ਨਹੀਂ ਬਲਕਿ ਪ੍ਰਭੂ ਨੂੰ ਵਿਸਾਰ ਕੇ ਪ੍ਰਭੂ ਦੀਆਂ ਦਾਤਾਂ `ਚ ਖੱਚਤ ਹੋ ਜਾਣਾ ਹੀ ਮਨੁੱਖ ਰਾਹੀਂ ਮੋਹ ਮਾਇਆ `ਚ ਖੱਚਤ ਹੋਣਾ ਹੈ। ਬਾਣੀ ਅਨੰਦ `ਚ ਗੁਰਦੇਵ ਫ਼ੁਰਮਾਉਂਦੇ ਹਨ ਏਹ ਮਾਇਆ ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧)। ਸਪਸ਼ਟ ਹੈ ਪ੍ਰਭੂ ਨੂੰ ਵਿਸਾਰ ਕੇ ਉਸ ਦੀਆਂ ਦਾਤਾਂ `ਚ ਉਲਝ ਜਾਣਾ, ਇਹੀ ਮਨੁੱਖ ਲਈ ਮਾਇਆ ਹੈ। ਅਜਿਹੇ ਮਾਇਕ ਪਦਾਰਥਾਂ `ਚ ਖਚਤ ਹੋ ਚੁੱਕੇ ਜੀਵਨ `ਤੇ ਹੀ ਅਚਣਚੇਤ ਵਿਕਾਰ ਵੀ ਹਾਵੀ ਹੋ ਜਾਂਦੇ ਹਨ ਜਿਸ ਤੋਂ ਚੰਗਾ ਭਲਾ ਜੀਵਨ ਵੀ ਬਿਰਥਾ, ਅਜ਼ਾਈਂ ਤੇ ਅਸਫ਼ਲ ਹੋ ਜਾਂਦਾ ਹੈ। ਇਨਸਾਨ ਗੁਰਮੁਖ ਬਨਣ ਦੀ ਬਜਾਏ ਮਨਮੁਖ ਬਣ ਕੇ ਹੀ ਰਹਿ ਜਾਂਦਾ ਹੈ।

ਸਪਸ਼ਟ ਹੈ ਕਿ ਜੀਵ ਦਾ ਨਾ ‘ਧੰਦੇ’ ਤੋਂ ਬਿਨਾ ਜੀਵਨ ਚੱਲ ਸਕਦਾ ਹੈ ਤੇ ਨਾ ‘ਰਿਜ਼ਕ’ ਤੋਂ ਬਿਨਾ, ਪ੍ਰਭੂ ਦੀਆਂ ਇਹ ਦੋਵੇਂ ਮਨੁੱਖ ਸਮੇਤ ਹਰੇਕ ਜੂਨ ਸਮੇਂ ਪ੍ਰਭੂ ਵੱਲੋਂ ਹਰੇਕ ਜੀਵਨ ਨਾਲ ਜੁੜੀਆਂ ਹੋਈਆਂ ਹਨ। ਫ਼ਰਕ ਹੈ ਤਾਂ ਮਨੁੱਖਾ ਜੂਨ ਸਮੇਂ ਇਨ੍ਹਾਂ ਦੀ ਵਰਤੋਂ ਦਾ। ਚੂੰਕਿ ਮਨੁੱਖਾ ਜੂਨ ਸਮੇਂ ਜੀਵਨ ਦੇ ਦੋ ਵਿਰੋਧੀ ਰਾਗ ਹੁੰਦੇ ਹਨ ਗੁਰਮੁਖ ਤੇ ਮਨਮੁਖਗੁਰਮੁਖ ਦੇ ਧੰਦੇ ਤੇ ਰਿਜ਼ਕ ਦਾ ਹੋਰ ਪੱਧਰ ਹੁੰਦਾ ਹੈ ਅਤੇ ਮਨਮੁਖ ਦੇ ਧੰਦੇ ਤੇ ਰਿਜ਼ਕ ਦਾ ਹੋਰ ਪੱਧਰ ਹੁੰਦਾ ਹੈ। ਜਦਕਿ ਬਾਕੀ ਜੂਨਾਂ `ਚ ਅਜਿਹਾ ਹੁੰਦਾ ਹੀ ਨਹੀਂ ਉਥੇ ਤਾਂ ਜੂਨ-ਜੂਨ ਅਨੁਸਾਰ ਜੋ ਕਿਸੇ ਦੇ ਧੰਦੇ ਦੀ ਸੀਮਾਂ ਹੈ, ਉਹ ਉਹੀ ਰੰਿਹੰਦਾ ਹੈ ਤੇ ਜੋ ਕਿਸੇ ਜੂਨ ਲਈ ਪ੍ਰਭੂ ਵੱਲੋ ਰਿਜ਼ਕ ਨਿਯਤ ਹੈ ਉਸ `ਚ ਵੀ ਤਬਦੀਲੀ ਨਹੀਂ ਹੋ ਸਕਦੀ।

ਇਸ ਲਈ ਹੁਣ ਤੱਕ ਦੀ ਵਿਚਾਰ ਤੋਂ ਇਹ ਤਾਂ ਭਲੀ ਭਾਂਤ ਦੇਖ ਚੁੱਕੇ ਹਾਂ ਕਿ ਮਨੁੱਖਾ ਜੂਨ `ਚ ਜੀਵ ਕੋਲ ‘ਮਨ’ ਵਾਲੀ ਵੱਖਰੀ ਤੇ ਨਿਵੇਕਲੀ ਦਾਤ ਹੈ। ਇਸੇ ‘ਮਨ’ ਦੀ ਵਿਰੋਧੀ ਤਿਆਰੀ ਤੋਂ ਹੀ ਜੀਵਨ ਦੀਆਂ ਵੀ ਦੋ ਵਿਰੋਧੀ ਦਿਸ਼ਾਵਾਂ ਬਣਦੀਆਂ ਹਨ। ਇਸ ਦੇ ਬਾਵਜੂਦ ਮਨਮੁਖ ਹੋਵੇ ਜਾਂ ਗੁਰਮੁਖ; ਧੰਦੇ ਵੀ ਸਾਰੇ ਕਰ ਰਹੇ ਹਨ ਉਪ੍ਰੰਤ ਰਿਜ਼ਕ ਦੀ ਵਰਤੋਂ ਵੀ ਸਾਰੇ ਕਰ ਰਹੇ ਹਨ ਪਰ ‘ਮਨ’ ਦੀ ਵਿਰੋਧੀ ਤਿਆਰੀ ਕਾਰਨ ਉਨ੍ਹਾਂ ਦੇ ‘ਧੰਦਿਆਂ’ ਤੇ ‘ਰਿਜ਼ਕ’ ਅੰਦਰ ਹੀ ਨਹੀਂ ਬਲਕਿ ਉਨ੍ਹਾਂ ਦੇ ਜੀਵਨ ਅੰਦਰ ਪ੍ਰਭੂ ਦੀ ਬਖ਼ਸ਼ੀ ਹੋਈ ‘ਮੋਹ’ ਵਾਲੀ ਦਾਤ ਦੀ ਵਰਤੋਂ `ਚ ਵੀ ਫ਼ਰਕ ਆ ਜਾਂਦਾ ਹੈ.

ਇਹ ਵੀ ਦੇਖ ਚੁੱਕੇ ਹਾਂ ਕਿ ‘ਗੁਰਮੁਖ’ ਹੋਵੇ ਜਾਂ ‘ਮਨਮੁਖ’, ਦੋਨਾਂ ਦੀ ਵਰਤੋਂ ਦਾ ਧੁਰਾ ਉਨ੍ਹਾਂ ਦੇ ਸਰੀਰ ਅੰਦਰਲਾ ‘ਮਨ’ ਅਤੇ ‘ਮਨ’ ਦੀ ਤਿਆਰੀ ਹੀ ਹੁੰਦਾ ਹੈ। ਉਪ੍ਰੰਤ ੳੇੁਥੇ ‘ਮਨ’ ਦੀ ਵੱਖ ਵੱਖ ਤਿਆਰੀ ਅਨੁਸਾਰ ਹੀ ਉਨ੍ਹਾਂ ਦੇ ਗਿਆਨ ਤੇ ਕਰਮ ਇੰਦ੍ਰਿਆਂ ਦੀ ਵਰਤੋਂ `ਚ ਵੀ ਉਸੇ ਤਰ੍ਹਾਂ ਦਾ ਫ਼ਰਕ ਆ ਜਾਂਦਾ ਹੈ। ਬੱਸ ਇਹੀ ਵਿਸ਼ਾ ਹੈ ਜੋ ਇਸ ਗੁਰਮੱਤ ਪਾਠ ਨੰ: ੨੧੭ “ਅਖੀ ਦੇਖੈ ਜਿਹਵਾ ਬੋਲੈ …” ਦੇ ਤਿਨਾਂ ਭਾਗਾਂ `ਚ ਚੱਲ ਰਿਹਾ ਹਠ ਅਤੇ ਇਸ ਤੋਂ ਪਹਿਲੇ ਦਿੱਤੇ ਜਾ ਚੁੱਕੇ ਗੁਰਮੱਤ ਪਾਠ ਨੰ: ੨੧੬ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ…” `ਚ ਵੀ ਸਮਝਣ ਦਾ ਯਤਣ ਕੀਤਾ ਹੈ ਤੇ ਇਨ੍ਹਾਂ ਗੁਰਮੱਤ ਪਾਠਾਂ ਰਾਹੀਂ ਸਪਸ਼ਟ ਵੀ ਕਰ ਚੁੱਕੇ ਹਾਂ।

“ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ” - ਤੀਜੇ ਪਾਤਸ਼ਾਹ ਨੇ ਬਾਣੀ ਅਨੰਦ ਸਾਹਿਬ `ਚ ਇਸੇ ‘ਮੋਹ’ ਵਾਲੇ ਵਿਸ਼ੇ ਨੂੰ ਸਪਸ਼ਟ ਕਰਦੇ ਹੋਏ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ ਜਾ ਤਿਸੁ ਭਾਣਾ ਤਾ ਜੰਮਿਆ, ਪਰਵਾਰਿ ਭਲਾ ਭਾਇਆ” (ਪੰ: ੯੨੧) ਭਾਵ ਇਥੇ ਗੁਰਦੇਵ ਸਪਸ਼ਟ ਕਰ ਰਹੇ ਹਨ ਕਿ ਪ੍ਰਭੂ ਰਾਹੀਂ ਜੀਵ ਨੂੰ ਬਖ਼ਸ਼ੀ ਹੋਈ ਇਹ ‘ਮੋਹ’ ਵਾਲੀ ਦਾਤ ਹੀ ਹੁੰਦੀ ਹੈ ਜੋ ਕਿ ਜਨਮ ਲੈਂਦੇ ਸਾਰ ਹੀ ਹਰੇਕ ਬੱਚੇ ਦੇ ਜੀਵਨ ਨੂੰ ਅੱਗੇ ਵਧਾਉਣ ਦਾ ਕਾਰਨ ਬਣਦੀ ਹੈ। ਮਨੁੱਖ ਜਨਮ ਤੇ ਲੈਂਦਾ ਹੈ ਪ੍ਰਭੂ ਦੀ ਰਜ਼ਾ `ਚ ਭਾਵ ਜੇਕਰ ਪ੍ਰਭੂ ਨੂੰ ਭਾਉਂਦਾ ਹੈ ਤਾਂ ਹੀ ਬੱਚੇ ਦਾ ਜਨਮ ਹੁੰਦਾ ਹੈ ਜਦਕਿ ਜਨਮ ਲੈਂਦੇ ਸਾਰ ਹੀ ਉਸ ਬੱਚੇ ਨੂੰ ਪ੍ਰਵਾਰ ਦਾ ‘ਮੋਹ’ ਪ੍ਰਾਪਤ ਹੋ ਜਾਂਦਾ ਹੈ। ਉਪ੍ਰੰਤ ਇਹੀ ‘ਮੋਹ’ ਉਸ ਬੱਚੇ ਦੇ ਜੀਵਨ ਨੂੰ ਅੱਗੇ ਵਧਾਉਂਦਾ ਹੈ। ਇਥੇ “ਪਰਵਾਰਿ ਭਲਾ ਭਾਇਆ” ਦਾ ਮਤਲਬ ਕਿਸੇ ਤਰ੍ਹਾਂ ਵੀ ਪ੍ਰਵਾਰ ਦਾ ਜੀਵਨ ਪੱਖੋਂ ਚੰਗਾ ਜਾਂ ਮਾੜਾ ਹੋਣਾ ਹੈ। ਇਥੇ “ਪਰਵਾਰਿ ਭਲਾ ਭਾਇਆ” ਦੇ ਅਰਥ ਹਨ ਕਿ ਜਨਮ ਲੈਂਦੇ ਸਾਰ ਬੱਚੇ ਨੂੰ ਸਾਰੇ ਪ੍ਰਵਾਰ ਦੇ ਜੀਆਂ ਵੱਲੋਂ ਆਪਣਾ ਪਣ, ਭਲਾਈ ਤੇ ‘ਮੋਹ’ ਵਾਲਾ ਬਣਿਆ ਬਣਾਇਆ ਰਿਸ਼ਤਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਹਰੇਕ ਜੀਵਨ ਦੇ ਅਰੰਭ ਤੋਂ ਪ੍ਰਭੂ ਦੀ ਇਹੀ ਦਾਤ ਹਰੇਕ ਬੱਚੇ ਦੇ ਜੀਵਨ ਨੂੰ ਅੱਗੇ ਵਧਾਉਂਦੀ ਹੈ, ਜਦੋਂ ਤੱਕ ਕਿ ਉਹ ਆਪ ਸੰਭਲਣ ਦੇ ਯੋਗ ਨਹੀਂ ਹੁੰਦਾ।

ਧਿਆਨ ਨਾਲ ਦੇਖਿਆ ਜਾਵੇ ਤਾਂ ਜਨਮ ਲੈਂਦੇ ਸਾਰ ਇਹ ਪ੍ਰਵਾਰਕ ਭਲਾਈ ਦਾ ਮੂਲ ਰੂਪ ਪ੍ਰਵਾਰਕ ‘ਮੋਹ’ ਹੀ ਹੁੰਦਾ ਹੈ, ਜਿਸ ਤੋਂ ਬੱਚੇ ਦੀ ਕੁਦਰਤੀ ਸੰਭਾਲ ਵੀ ਹੁੰਦੀ ਤੇ ਜੀਵਨ ਅੱਗੇ ਵੀ ਟੁਰਦਾ ਹੈ। ਫ਼ਿਰ ਜਨਮ ਲੈਂਦੇ ਸਾਰ ਇਹ ‘ਮੋਹ’ ਵਾਲਾ ਰਿਸ਼ਤਾ ਕੇਵਲ ਮਨੁੱਖਾ ਜੂਨ `ਚ ਹੀ ਨਹੀਂ ਬਲਕਿ ਹੋਰ ਵੀ ਕਈ ਜੂਨੀਆਂ `ਚ ਸਪਸ਼ਟ ਦੇਖਿਆ ਜਾ ਸਕਦਾ ਹੈ। ਇਸੇ ਸਿਲਸਿਲੇ `ਚ ‘ਸੂਈ ਕੁੱਤੀ’ ਵਾਲਾ ਮੁਹਾਵਰਾ ਤਾਂ ਅਸੀਂ ਸਰੇ ਹੀ ਜਾਣਦੇ ਹਾਂ।

ਮੋਹ ਤੋਂ ਮਮਤਾ ਤੱਕ? - ਮਨੁੱਖਾ ਜੂਨ ਸਮੇਂ ਵਿਸ਼ੇ ਨੂੰ ਹੋਰ ਸਪਸ਼ਟ ਸਮਝਣ ਲਈ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ” (ਪੰ: ੩੩੦) ਅਤੇ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ” (ਪੰ: ੧੧੨੮) ਵਾਲੇ ਗੁਰਵਾਕ ਤੇ ਇਨ੍ਹਾਂ ਵਾਕਾਂ ਨਾਲ ਸੰਬੰਧਤ ਦੋਵੇਂ ਸ਼ਬਦ ਖਾਸ ਧਿਆਨ ਮੰਗਦੇ ਹਨ। ਫ਼ਿਰ ਵੀ ਇਥੇ ਇਨ੍ਹਾਂ ਵਾਕਾਂ ਤੱਕ ਸੀਮਤ ਰਹਿ ਕੇ ਕੁੱਝ ਧਿਆਨ ਦੇਣ ਦੀ ਲੋੜ ਹੈ। ਇਹ ਵੀ ਦੇਖ ਚੁੱਕੇ ਹਾ ਕਿ ਮਨੁੱਖਾ ਜਨਮ `ਚ ਕਿਸੇ ਦੇ ‘ਮਨ’ ਦੀ ਮਾੜੀ ਜਾਂ ਚੰਗੀ ਤਿਆਰੀ ਦੇ ਆਧਾਰ `ਤੇ ਹੀ ‘ਮੋਹ’ ਵਾਲੀ ਦਾਤ ਦੇ ਵੀ ‘ਮੋਹ’ ਤੇ ‘ਮਮਤਾ’ ਵਾਲੇ ਦੋ ਰੂਪ ਬਣ ਜਾਂਦੇ ਹਨ। ਇੱਕ ਹੁੰਦਾ ਹੈ ‘ਮੋਹ’ ਦਾ ਸੁਧਰਿਆ ਪੱਖ ਜਦੋਂ ‘ਮੋਹ’ ਆਪਣੀ ਮੂਲ ਸੀਮਾ `ਚ ਰਹਿੰਦਾ ਹੈ ਤਾਂ ਇਹੀ ਸੀਮਾ `ਚ ਰਹਿ ਕੇ ਮਨੁੱਖ ਰਾਹੀਂ ਵਰਤੀ ਹੋਈ ‘ਮੋਹ’ ਵਾਲੀ ਪ੍ਰਭੂ ਦੀ ਦਾਤ ਹੀ ਮਨੁੱਖ ਨੂੰ ‘ਗੁਰਮੁਖ’ ਬਣਾ ਦਿੰਦੀ ਹੈ। ਉਪ੍ਰੰਤ ਦੂਜਾ ਹੈ ਇਸੇ ‘ਮੋਹ’ ਦਾ ਵਿਗੜਿਆ ਰੂਪ ਜਿਸ ਨਂੂੰ ਗੁਰਦੇਵ ਨੇ ਗੁਰਬਾਣੀ ‘ਬਹੁਤਾ ਕਰਕੇ ‘ਮਮਤਾ’ ਦਾ ਨਾਮ ਵੀ ਦਿੱਤਾ ਹੈ ਭਾਵ ‘ਮੋਹ’ ਦਾ ਹੀ ਅਸੀਮਤ ਹੋ ਕੇ ਫੈਲਦੇ ਜਾਣਾ।

ਦਰਅਸਲ ‘ਮਮਤਾ’ ਉਸ ਨੂੰ ਕਿਹਾ ਹੈ ਜਦੋਂ ਪ੍ਰਭੂ ਦੀਆਂ ਦਾਤਾਂ ਲਈ ਮਨੁੱਖ ਦੀ ਅਪਣਤ ਤੇ ਪਕੜ, ਇਸ ਦੀ ਮੂਲ ਸੀਮਾ ਤੋਂ ਟੱਪ ਜਾਂਦੀ ਹੈ। ਇਸ ਅਵਸਥਾ `ਚ ਜੀਵਨ ਦੀ ਅਸਲੀਅਤ ਤੋਂ ਅਨਜਾਣ ਤੇ ਕੁਰਾਹੇ ਪੈ ਚੁੱਕਾ ਮਨੁੱਖ ਦਾ ‘ਮਨ’ ਹੀ ਮਨੁੱਖ ਨੂੰ ‘ਮਨਮੁਖ’ ਬਣਾ ਦਿੰਦਾ ਹੈ। ਗੁਰਬਾਣੀ ਦੇ ਇਸੇ ਸੱਚ ਨੂੰ ਸਮਝਣ ਲਈ ਫ਼ੁਰਮਾਨ ਹੈ “ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭ+ਲਾਇਆ” (ਪੰ: ੧੧੨੮) ਭਾਵ ਕਰਤੇ ਨੇ ਤਾਂ ‘ਮੋਹ’ ਨੂੰ ਸੰਸਾਰ ਦਾ ਮੂਲ ਬਣਾਇਆ ਸੀ ਕਿਉਂਕਿ ਜੀਵਾਂ ਦੇ ਜੀਵਨ ਨੂੰ ਚਲਾਉਣ ਲਈ ਇਹ ‘ਮੋਹ’ ਜੀਵਾਂ ਦੇ ਜੀਵਨ ਦੀ ਮੂਲ ਲੋੜ ਸੀ। ਦੂਜੇ ਪਾਸੇ ਅਗਿਆਨੀ ਮਨੁੱਖ ਨੇ ਉਸੇ ‘ਮੋਹ’ ਨੂੰ ‘ਮਮਤਾ’ `ਚ ਬਦਲ ਲਿਆ।

ਇਸ ਤਰ੍ਹਾਂ ਮਨੁੱਖ ਅੰਦਰ ਬਿਨਸਨਹਾਰ ਪਦਾਰਥਾਂ ਦੀ ਪੱਕੜ, ਜਦੋਂ ਸੀਮਾਂ ਤੋਂ ਅੱਗੇ ਟੱਪ ਗਈ ਤਾਂ ਉਹ ‘ਮੋਹ’ ਨਾ ਰਹਿ ਕੇ ‘ਮਮਤਾ’ ਬਣ ਗਈ। ਮਨੁੱਖ ਅੰਦਰ ਪ੍ਰਭੂ ਦੀਆਂ ਦਾਤਾਂ ਲਈ ਪਕੜ ਇਤਨੀ ਵੱਧਦੀ ਗਈ ਕਿ ਬਦਲੇ `ਚ ਮਨੁੱਖ ਦਾਤਾਂ ਦੇਣ ਵਾਲੇ ਦਾਤੇ ਨੂੰ ਤਾਂ ਭੁਲਾ ਬੈਠਾ ਤੇ “ਸਾਚੁ ਧਰਮੁ ਨਹੀ ਭਾਵੈ ਡੀਠਾ॥ ਝੂਠ ਧੋਹ ਸਿਉ ਰਚਿਓ ਮੀਠਾ॥ ਦਾਤਿ ਪਿਆਰੀ ਵਿਸਰਿਆ ਦਾਤਾਰਾ॥ ਜਾਣੈ ਨਾਹੀ ਮਰਣੁ ਵਿਚਾਰਾ” (ਪੰ: ੬੭੬) ਭਾਵ ਪ੍ਰਭ ਦੀਆਂ ਬਖ਼ਸ਼ੀਆਂ ਦਾਤਾਂ ਵਾਸਤੇ ਹੀ ਰਹਿ ਗਿਆ ਅਤੇ ਮਨੁੱਖ ਦਾ ਜੀਵਨ ਕੁਰਾਹੇ ਪੈ ਗਿਆ। ਅਜਿਹਾ ਮਨੁੱਖ “ਨੰਗਾ ਦੋਜਕਿ ਲਿਆਮ ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ” (ਪੰ: ੪੭੧) ਅਨੁਸਾਰ ਮਨੁੱਖ, ਗੁਰਮੁਖ ਬਣਨ ਦੀ ਬਜਾਏ ਜਨਮ ਨੂੰ ਬਰਬਾਦ ਕਰਕੇ ਨੰਗਾ ਭਾਵ ਬਿਨਾ ਜੀਵਨ ਦੀ ਕਮਾਈ ਕੀਤੇ ਖਾਲੀ ਹੱਥ ਸੰਸਾਰ ਤੋਂ ਚਲਾ ਜਾਂਦਾ ਹੈ। ਉਪ੍ਰੰਤ ਜਦੋਂ ਹੋਰ ਹੋਰ ਜੂਨਾਂ-ਜਨਮਾਂ ਸਮੇਂ ਅਜਿਹੇ ਮਨਮੁਖ ਆਪਣੇ ਹੀ ਮਨੁੱਖਾ ਜਨਮ ਸਮੇਂ ਕੀਤੇ ਕਰਮ ਭੋਗਣੇ ਪੈਦੇ ਹਨ ਤਾਂ ਸਿਵਾਇ ਪਛਤਾਉਣ ਦੇ ਕੁੱਝ ਵੀ ਨਹੀਂ ਕਰ ਸਕਦਾ।

ਮਾਇਅ’, ਮੋਹ’, ਹਉਮੈ’, ਮਮਤਾ’ -ਇਸੇ ‘ਮਮਤਾ’ ਨੂੰ ਗੁਰਬਾਣੀ `ਚ ਬਹੁਤ ਵਾਰੀ ‘ਮਾਇਅ’ ‘ਮੋਹ’ ੇ ‘ਹਉਮੈ’ ਨਾਲ ਜੋੜ ਕੇ ਵੀ ਸਪਸ਼ਟ ਕੀਤਾ ਹੈ ਕਿਉਂਕਿ ਇਹ ਤਿੰਨੇ ਵਿਸ਼ੇ ਨ ਮਿਲਵੇਂ ਤੇ ਜੁੜਵੇਂ ਹਨ। ‘ਮੋਹ’ ਦਾ ਵਿਗੜਿਆ ਰੂਪ ਅਥਵਾ ਜੀਵਨ `ਚ ‘ਮੋਹ’ ਦੇ ਅਸੀਮਤ ਹੋ ਜਾਣ ਨੂੰ ਹੀ ਗੁਰਬਾਣੀ `ਚ ‘ਮਮਤਾ’ ਕਿਹਾ ਹੈ। ਉਪ੍ਰੰਤ ਇਹ ‘ਮਮਤਾ’ ਹੀ ਹੈ ਜਿਸ ਦਾ ਮੂਲ ਮਾਇਕ ਪਦਾਰਥਾਂ ਪ੍ਰਤੀ ਮਨੁੱਖ ਦੀ ਅਸੀਮਤ ਪਕੜ ਹੀ ਹੁੰਦੀ ਹੈ। ਇਹੀ ਨਹੀਂ ਮਾਇਕ ਪਦਾਰਥਾਂ ਪ੍ਰਤੀ ਅਸੀਮਤ ਪਕੜ ‘ਮਮਤਾ’ ਦਾ ਮੂਲ ਵੀ ਹਉਮੈ ਭਾਵ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਦਾ ਕਾਇਮ ਹੋ ਜਾਣਾ ਹੀ ਹੁੰਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ “ਏਹ ਮਾਇਆ ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧) ਵਾਲੇ ਗੁਰ ਫ਼ੁਰਮਾਨ ਰਾਹੀਂ ਸਮਝ ਵੀ ਚੁੱਕੇ ਹਾਂ ਕਿ ਮਾਇਆ ਦੀ ਆਪਣੀ ਕੋਈ ਹੋਂਦ ਨਹੀਂ। ਬਲਕਿ ਮਾਇਆ ਤਾਂ “ਜਿਤੁ ਹਰਿ ਵਿਸਰੈ” ਅਨੁਸਾਰ ਪ੍ਰਭੂ ਨੂੰ ਵਿਸਾਰ ਕੇ ਸਰੀਰ ਸਮੇਤ ਪ੍ਰਭੂ ਦੀਆਂ ਦਾਤਾਂ ਨੂੰ ਵਰਤਣ ਦਾ ਹੀ ਨਾਮ ‘ਮਾਇਆ’ ਹੈ ਤੇ ਉਸੇ ਲਈ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ “ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ॥ ਮਮਤਾ ਲਾਇ ਭਰਮਿ ਭ+ਲਾਇਆ” (ਪੰ: ੧੧੨੮) ਭਾਵ ‘ਮੋਹ’ ਦਾ ਅਸੀਮਤ ਹੋ ਜਾਣਾ ਹੀ ‘ਮਮਤਾ’ ਹੈ।

ਇਸੇ ਤਰ੍ਹਾਂ ਮਨਮੁਖ ਦੇ ਜੀਵਨ ਤੇ ਹਾਵੀ ਹੋ ਚੁੱਕੀ ਮਾਇਕ ਤੇ ਨਾਸ਼ਵਾਨ ਪਦਾਰਥਾਂ ਪ੍ਰਤੀ ‘ਮੋਹ’ ਵਾਲੀ ਪਕੜ ਅਥਵਾ ਅਪਣਤ ਨੂੰ ਹੀ ਗੁਰਬਾਣੀ `ਚ ਅਨੇਕਾਂ ਥਾਵੇਂ ਮਮਤਾ’ ਕਿਹਾ ਹੈ ਜਿਵੇਂ ਕੁੱਝ ਹੋਰ ਗੁਰਬਾਣੀ ਪ੍ਰਮਾਣ

“ਮਿਥਿਆ ਤਨੁ ਧਨੁ ਕੁਟੰਬੁ ਸਬਾਇਆ॥ ਮਿਥਿਆ ਹਉਮੈ ਮਮਤਾ ਮਾਇਆ” (ਪੰ: ੨੬੮) ਜਾਂ

“ਮੇਰਾ ਮਨੋ ਮੇਰਾ ਮਨੁ ਮਾਨਿਆ, ਨਾਮੁ ਸਖਾਈ ਰਾਮ॥ ਹਉਮੈ ਮਮਤਾ ਮਾਇਆ, ਸੰਗਿ ਨ ਜਾਈ ਰਾਮ” (ਪੰ: ੪੩੭) ਅਥਵਾ

“ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ” (ਪੰ: ੬੪੩) ਅਤੇ

“ਸਤਿਗੁਰੁ ਸੇਵਨਿ ਆਪਣਾ, ਤੇ ਵਿਰਲੇ ਸੰਸਾਰਿ॥ ਹਉਮੈ ਮਮਤਾ ਮਾਰਿ ਕੈ, ਹਰਿ ਰਾਖਿਆ ਉਰ ਧਾਰਿ” (ਪੰ: ੨੬)

ਆਦਿ ਅਨੇਕਾਂ ਗੁਰਬਾਣੀ ਪ੍ਰਮਾਣ ਹਨ ਅਤੇ ਇਸ ਸਾਰੇ ਦਾ ਕਾਰਨ ਵੀ ਇੱਕੋ ਹੀ ਦਿੱਤਾ ਹੈ ਕਿ ਸਤਿਗੁਰੂ ਦੇ ਗਿਆਨ ਤੋਂ ਟੁੱਟ ਕੇ ‘ਮਨਮੁਖਤ’ ਵਾਲਾ ਜੀਵਨ।

ਇਸ ਤਰ੍ਹਾਂ ਇਥੇ ਸੰਬੰਧਤ ਸਲੋਕਾਂ ਤੇ ਪਉੜੀ `ਚ ਵੀ ਗੁਰਦੇਵ ਨੇ ਮੂਲ ਰੂਪ `ਚ ਇਹੀ ਗੱਲ ਸਮਝਾਈ ਹੈ। ਇਸ ਤਰ੍ਹਾਂ ਪਉੜੀ ਦੇ ਅਰੰਭ `ਚ ‘ਮੋਹ’ ਤੋਂ ਬਾਅਦ `ਚ ਜੋ ਦੂਜਾ ਵਿਸ਼ਾ ਲਿਆ ਹੈ ਉਹ ਹੈ ‘ਧੰਦਾ’। ਉਪ੍ਰੰਤ ਇਸੇ ‘ਮੋਹ’ ਤੋਂ ਹੀ ਮਨੁੱਖ ਦੇ ਜੀਵਨ ਅੰਦਰ ‘ਤ੍ਰਿਸ਼ਨਾ’ ਜਨਮ ਲੈ ਲੈਂਦੀ ਹੈ ਜਿਸ ਦੇ ਭੜਕਣ ਦੀ ਗੱਲ ਕੀਤੀ ਹੈ ਜਿਵੇਂ

“ਤੁਧੁ ਆਪੇ ਜਗਤੁ ਉਪਾਇ ਕੈ, ਤੁਧੁ ਆਪੇ ਧੰਧੈ ਲਾਇਆ॥ ਮੋਹ ਠਗਉਲੀ ਪਾਇ ਕੈ, ਤੁਧੁ ਆਪਹੁ ਜਗਤੁ ਖੁਆਇਆ॥ ਤਿਸਨਾ ਅੰਦਰਿ ਅਗਨਿ ਹੈ, ਨਹ ਤਿਪਤੈ ਭੁਖਾ ਤਿਹਾਇਆ. .”

ਇਥੇ ਹੀ ਬੱਸ ਨਹੀਂ ਫ਼ਿਰ ਉਸ ਸਾਰੇ ਦਾ ਤੋੜ ਤੇ ਨਿਬੇੜਾ ਵੀ ਪਉੜੀ ਦੇ ਅਗਲੇ ਹਿੱਸੇ `ਚ ਸਪਸ਼ਟ ਕੀਤਾ ਹੈ ਜਿਵੇਂ “ਬਿਨੁ ਸਤਿਗੁਰ ਮੋਹੁ ਨ ਤੁਟਈ, ਸਭਿ ਥਕੇ ਕਰਮ ਕਮਾਇਆ॥ ਗੁਰਮਤੀ ਨਾਮੁ ਧਿਆਈਐ, ਸੁਖਿ ਰਜਾ ਜਾ ਤੁਧੁ ਭਾਇਆ…”। ਠੀਕ ਉਸੇ ਤਰ੍ਹਾਂ ਜਿਵੇਂ ਇੱਕ ਹੋਰ ਗੁਰਬਾਣੀ ਪ੍ਰਮਾਣ `ਚ “ਇਹੁ ਜਗਤੁ ਮਮਤਾ ਮੁਆ, ਜੀਵਣ ਕੀ ਬਿਧਿ ਨਾਹਿ॥ ਗੁਰ ਕੈ ਭਾਣੈ ਜੋ ਚਲੈ, ਤਾਂ ਜੀਵਣ ਪਦਵੀ ਪਾਹਿ” (ਪੰ: ੫੧੩) ਇਥੇ ਵੀ ਗੁਰਦੇਵ ਉਹੀ ਵਿਸ਼ਾਂ ਦੋਹਰਾ ਰਹੇ ਹਨ ਤੇ ਨਾਲ ਹੀ ਉਸ ਦਾ ਹੱਲ ਵੀ ਦੇ ਰਹੇ ਹਨ। ਜਦਕਿ ਇਸ ਪਉੜੀ ਦੇ ਦੂਜੇ ਤੇ ਬਾਕੀ ਹਿੱਸੇ ਨੂੰ ਅਸੀਂ ਕੁੱਝ ਹੋਰ ਅੱਗੇ ਚੱਲ ਕੇ ਲੈਵਾਂਗੇ। #217-IIs011.02s217II# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ- ਉਹ ਇਹ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 217-II

“ਅਖੀ ਦੇਖੈ ਜਿਹਵਾ ਬੋਲੈ…” (ਭਾਗ ਦੂਜਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.