.

ਅਖੌਤੀ ਅਕਾਲ-ਤਖਤ ਵਿਵਸਥਾ ਅਤੇ ਸਿਖ-ਮਾਨਸਿਕਤਾ

ਸਿਖ ਮੱਤ ਦਾ ਇੱਕ ਥੋੜ੍ਹ-ਚਿਰਾ ਅਤੇ ਅਦਭੁਤ ਘਟਨਾਵਾਂ ਨਾਲ ਭਰਪੂਰ ਇਤਹਾਸ ਹੈ। ਪਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਸਿਖ ਮੱਤ ਦੇ ਇਸ ਸੰਖੇਪ ਜਿਹੇ ਇਤਹਾਸ ਨੂੰ ਵੀ ਉਚਿਤ ਢੰਗ ਨਾਲ ਕਲਮਬੰਦ ਨਹੀਂ ਕੀਤਾ ਜਾ ਸਕਿਆ। ਇਸ ਸਥਿਤੀ ਦੇ ਕਈ ਵਾਜਬ ਕਾਰਨ ਮੌਜੂਦ ਹਨ ਜਿਹਨਾਂ ਵਿੱਚੋਂ ਇੱਕ ਸਿਖ-ਮਾਨਸਿਕਤਾ ਵੀ ਹੈ। ਇਹਨਾਂ ਹਾਲਤਾਂ ਵਿੱਚ ਕਈ ਮਨਘੜਤ ਕਹਾਣੀਆ ਸਿਖ ਇਤਹਾਸ ਨਾਲ ਜੁੜ ਗਈਆਂ ਹਨ। ਸਿੱਟੇ ਵੱਜੋਂ ਸਿਖ ਇਤਹਾਸ ਵਿੱਚ ਤੱਥ ਘਟ ਅਤੇ ਮਿਥਹਾਸ ਦੀ ਮਾਤਰਾ ਜ਼ਿਆਦਾ ਹੋ ਗਈ ਹੈ। ਇਸ ਸਥਿਤੀ ਦਾ ਸਿਖ-ਮਾਨਸਿਕਤਾ ਉੱਤੇ ਵਿਆਪਕ ਪਰਭਾਵ ਹੋਣਾ ਲਾਜ਼ਮੀ ਹੈ। ਅਖੌਤੀ ਅਕਾਲ-ਤਖਤ ਵਿਵਸਥਾ ਨੂੰ ਆਨੇ-ਬਹਾਨੇ ਸਿਖ ਮੱਤ ਵਿੱਚ ਜ਼ਰਾ ਜ਼ਿਆਦਾ ਹੀ ਮਹੱਤਤਾ ਦੇ ਦਿੱਤੀ ਗਈ ਹੈ। ਇਸ ਲਈ ਸਿਖ ਇਤਹਾਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਵਿਵਸਥਾ ਵਿਸ਼ੇਸ਼ ਅਤੇ ਸਿਖ-ਮਾਨਸਿਕਤਾ ਦੇ ਆਪਸੀ ਸਬੰਧ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋ ਜਾਂਦਾ ਹੈ।

ਮਾਨਸਿਕਤਾ

ਮਨੁੱਖੀ ਮਨ ਸੋਚ ਅਤੇ ਭਾਵਨਾਵਾਂ ਦਾ ਸੁਮੇਲ ਹੁੰਦਾ ਹੈ। ਕਿਸੇ ਵਿਅਕਤੀ ਦੀਆਂ ਕਿਸੇ ਵਿਸ਼ੇਸ਼ ਸਥਿਤੀ ਪ੍ਰਤੀ ਬਣੀਆਂ ਉਸ ਦੀਆਂ ਧਾਰਨਾਵਾਂ ਅਤੇ ਉਹਨਾਂ ਨਾਲ ਜੁੜੀਆਂ ਹੋਈਆਂ ਉਸ ਦੀਆਂ ਭਾਵਨਾਵਾਂ ਉਸ ਦੀ ਮਾਨਸਿਕਤਾ ਨੂੰ ਨਿਰਧਾਰਤ ਕਰਦੀਆਂ ਹਨ। ਜਿਵੇਂ ਸਾਡੇ ਆਪਣੇ ਦੇਸ਼ ਦੇ ਕਿਸੇ ਵਿਰੋਧੀੇ ਦੇਸ਼ ਨਾਲ ਹੋ ਰਹੇ ਯੁੱਧ ਵਿੱਚ ਸ਼ਾਮਲ ਸਾਡੇ ਦੇਸ਼ ਦਾ ਫੌਜੀ ਸਾਡੇ ਲਈ ‘ਦੇਸ਼-ਭਗਤ ਯੋਧਾ’ ਹੈ ਪਰੰਤੂ ਵਿਰੋਧੀ ਦੇਸ਼ ਲਈ ਉਹ ‘ਖਤਰਨਾਕ ਦੁਸ਼ਮਣ’ ਹੈ। ਇਸ ਤਰ੍ਹਾਂ ਇੱਕੋ ਹੀ ਸਥਿਤੀ ਪ੍ਰਤੀ ਦੋ ਧਿਰਾਂ ਦੀ ਮਾਨਸਿਕਤਾ ਵਿੱਚ ਫਰਕ ਹੈ। ਪੰਜਾਬੀ ਅਖਾਣ “ਘਰ ਦਾ ਜੋਗੀ ਜੋਗੜਾ `ਤੇ ਬਾਹਰ ਦਾ ਜੋਗੀ ਸਿੱਧ” ਵੀ ਇੱਕ ਵਿਸ਼ੇਸ਼ ਮਾਨਸਿਕਤਾ ਵੱਲ ਇਸ਼ਾਰਾ ਕਰਦਾ ਹੈ। ਮਾਨਸਿਕਤਾ ਦੋ ਪੱਧਰ ਤੇ ਵਿਅਕਤ ਹੁੰਦੀ ਹੈ, ਵਿਅਕਤੀਗਤ ਪੱਧਰ ਤੇ ਅਤੇ ਸਮੂਹਿਕ ਪੱਧਰ ਤੇ। ਉਦਾਹਰਣ ਵਜੋਂ ਆਪਣੇ ਘਰ ਦੀ ਸਫਾਈ ਕਰਨ ਉਪਰੰਤ ਜੇਕਰ ਅਸੀਂ ਆਪਣੇ ਘਰ ਦਾ ਕੂੜਾ ਗਲੀ ਵਿੱਚ ਸੁੱਟ ਦਿੰਦੇ ਹਾਂ ਤਾਂ ਵਿਅਕਤੀਗਤ ਪੱਧਰ ਤੇ ਤਾਂ ਅਸੀਂ ਸਫਾਈ-ਪਸੰਦ ਹਾਂ ਪਰੰਤੂ ਸਮੂਹਿਕ ਪੱਧਰ ਤੇ ਅਸੀਂ ਗੰਦਗੀ-ਪਸੰਦ ਵੀ ਹਾਂ (ਕਿਉਂਕਿ ਬਾਕੀਆਂ ਨੂੰ ਵੀ ਅਸੀਂ ਅਕਸਰ ਅਜਿਹਾ ਕਰਦੇ ਵੇਖਦੇ ਹਾਂ)। ਇੱਥੇ ਜਨਤਕ ਯਾਦਾਸ਼ਤ ਦੀ ਉਦਾਹਰਣ ਵੀ ਕਾਫੀ ਢੁੱਕਦੀ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਆਪਣੇ ਨਾਲ ਵਿਅਕਤੀਗਤ ਤੌਰ ਤੇ ਵਾਪਰੀਆਂ ਘਟਨਾਵਾਂ ਨੂੰ ਅਸੀਂ ਸਦਾ ਯਾਦ ਰੱਖਦੇ ਹਾਂ ਪਰੰਤੂ ਸਾਡੇ ਆਪਣੇ ਸਮਾਜਿਕ ਜਾਂ ਧਾਰਮਿਕ ਵਰਗ ਨਾਲ ਵਾਪਰੀਆਂ ਘਟਨਾਵਾਂ ਨੂੰ ਅਸੀਂ ਥੋੜੇ ਸਮੇਂ ਬਾਦ ਭੁੱਲ-ਭੁਲਾ ਜਾਂਦੇ ਹਾਂ। ਮਾਨਸਿਕਤਾ ਦੀ ਗੱਲ ਕਰਦਿਆਂ ਬਿਮਾਰ ਮਾਨਸਿਕਤਾ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਆਉਂਦਾ ਹੈ। ਮਨੋਵਿਗਿਆਨਕ ਪੱਖੋਂ ਨਾਂਹ-ਪੱਖੀ ਅਤੇ ਗੁਲਾਮ ਬਿਰਤੀ ਨੂੰ ਬਿਮਾਰ ਮਾਨਸਿਕਤਾ ਦਾ ਨਾਮ ਦੇ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹਾਂ-ਪੱਖੀ ਅਤੇ ਸਵੈ-ਭਰੋਸਗੀ ਵਾਲੀ ਬਿਰਤੀ ਸਿਹਤਮੰਦ ਮਾਨਸਿਕਤਾ ਕਹਿਲਾਵੇਗੀ। ਗੁਰਮੱਤ ਮਨੁੱਖ ਨੂੰ ਸਿਹਤਮੰਦ ਮਾਨਸਿਕਤਾ ਪਰਦਾਨ ਕਰਦੀ ਹੈ ਜਾਂ ਇਸ ਨੂੰ ਇਓਂ ਕਹਿ ਲਵੋ ਕਿ ਗੁਰਮੱਤ ਤੇ ਅਧਾਰਿਤ ਜੀਵਨ-ਜਾਚ ਅਪਣਾਉਣ ਵਾਲਾ ਵਿਅਕਤੀ ਕਦੀ ਵੀ ਬਿਮਾਰ ਮਾਨਸਿਕਤਾ ਦਾ ਸ਼ਿਕਾਰ ਨਹੀਂ ਹੋਵੇਗਾ।

ਸਿਖ-ਮਾਨਸਿਕਤਾ

ਸਿਖ-ਮਾਨਸਿਕਤਾ ਦੇ ਰੰਗ ਬੜੇ ਨਿਰਾਲੇ ਹਨ। ਇਸ ਦੇ ਬਾਰੇ ਬਹੁਤ ਵਿਸਥਾਰ ਵਿੱਚ ਲਿਖਿਆ ਜਾ ਸਕਦਾ ਹੈ ਪਰੰਤੂ ਇੱਥੇ ਸਿਖ-ਮਾਨਸਿਕਤਾ ਦੇ ਉਹ ਪਹਿਲੂ ਹੀ ਵਿਚਾਰੇ ਜਾ ਸਕਣਗੇ ਜਿਹੜੇ ਅਖੌਤੀ ਅਕਾਲ-ਤਖਤ ਵਿਵਸਥਾ ਦੇ ਸੰਦਰਭ ਸਬੰਧੀ ਪ੍ਰਸੰਗਕ ਹਨ। ਸਿੱਖਾਂ ਕੋਲ ਇਤਹਾਸਿਕ ਅਤੇ ਦਾਰਸ਼ਨਿਕ ਪੱਖੋਂ ਇੱਕ ਲਾਸਾਨੀ ਧਾਰਮਿਕ ਵਿਰਸਾ ਹੈ ਪਰੰਤੂ ਲੰਬੇ ਸਮੇਂ ਤੋਂ ਲੈਕੇ ਸਿੱਖ-ਮਾਨਸਿਕਤਾ ਉਸ ਵਿਰਸੇ ਦੀ ਅਨੁਸਾਰੀ ਨਹੀਂ ਰਹੀ। ਵਿਅਕਤੀਗਤ ਪੱਧਰ ਤੇ ਸਿਖ ਲੋਕ ਗੁਰਮੱਤ ਅਨੁਸਾਰ ਆਦਰਸ਼ਕ ਜੀਵਨ-ਜਾਚ ਅਪਣਾਉਣ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ। ਆਮ ਕਰਕੇ ਹਰ ਕੋਈ ਦੂਸਰੇ ਨੂੰ ਇਸ ਸਬੰਧੀ ਸਿਖਿਆ ਤਾਂ ਦਿੰਦਾ ਹੈ ਪਰੰਤੂ ਆਪਣੇ ਲਈ ਕਦਮ-ਕਦਮ ਤੇ ਛੋਟਾਂ ਦਾ ਹੱਕ ਮੰਗਦਾ ਹੈ। ਕੋਈ ਵਿਰਲਾ-ਟਾਵਾਂ ਹੀ ਅਜਿਹਾ ਸਿਖ ਹੋਵੇਗਾ ਜੋ ਆਪਣੇ ਜੀਵਨ ਨੂੰ ਸੰਪੂਰਨ ਤੌਰ ਤੇ ਗੁਰਮੱਤ ਅਨੁਸਾਰ ਨਿਭਾ ਰਿਹਾ ਹੋਵੇ। ਬਹੁਤੇ ਸਿਖ ਤਾਂ ਫੋਕੀਆਂ ਅਤੇ ਮਨਮੱਤੀ ਰਹੁ-ਰੀਤਾਂ ਵਿੱਚ ਫਸੇ ਹੋਏ ਹਨ ਅਤੇ ਨਾਲ ਹੀ ਜਨਤਕ ਵਿਖਾਵੇ ਵਾਲੇ ਕਰਮ-ਕਾਂਡਾਂ ਵਿੱਚ ਹਿੱਸਾ ਲੈਣ ਲਈ ਤੱਤਪਰ ਰਹਿੰਦੇ ਹਨ। ਉਹ ਕਰਾਮਾਤੀ ਸਾਖੀਆਂ ਅਤੇ ਮਿੱਥਾਂ ਵਿੱਚ ਪੂਰਾ ਯਕੀਨ ਰੱਖਦੇ ਹਨ (ਭਾਵੇਂ ਕਿ ਗੁਰਮੱਤ ਸਿਧਾਂਤ ਕਰਾਮਾਤ ਅਤੇ ਮਿੱਥ ਦਾ ਖੰਡਨ ਕਰਦਾ ਹੈ) ਅਤੇ ਸ਼ਰਧਾ ਵੱਸ ਝੂਠ ਨੂੰ ਵੀ ਸੱਚ ਮੰਨਣ ਤੋਂ ਗੁਰੇਜ਼ ਨਹੀਂ ਕਰਦੇ। ਉਹ ਸ੍ਰੀ ਗ੍ਰੰਥ ਜੀ ਅਗੇ ਮੱਥਾ ਇਸ ਲਈ ਟੇਕਦੇ ਹਨ ਕਿ ਉਹਨਾਂ ਦੀ ਕੋਈ ਪਦਾਰਥਕ ਪਰਾਪਤੀ ਲਈ ਅਰਦਾਸ ਸੁਣੀ ਜਾਵੇਗੀ ਜਾਂ ਫਿਰ ਆਲੇ–ਦੁਆਲੇ ਵਿੱਚ ਉਹਨਾਂ ਦੀ ਸਿੱਖੀ-ਸ਼ਰਧਾ ਦਾ ਭਰਮ-ਭਾ ਬਣਿਆਂ ਰਹੇਗਾ (ਉਂਜ ਬਹੁਤੇ ਸਿਖ ਲੋਕ ਮੰਦਰਾਂ ਜਾਂ ਡੇਰਿਆਂ ਤੇ ਵੀ ਹਾਜ਼ਰੀ ਲੁਆ ਆਉਂਦੇ ਹਨ)। ਗੁਰਬਾਣੀ ਦਾ ਕੀ ਸੰਦੇਸ਼ ਹੈ ਇਸ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ। ਪਰੰਤੂ ਸਮੂਹਿਕ ਪੱਧਰ ਤੇ ਸਿਖ ਬੜੇ ਹੀ ਸੰਵੇਦਨਸ਼ੀਲ ਹਨ। ਜੇਕਰ ਉਹਨਾਂ ਨੂੰ ਇਹ ਸੋ ਮਿਲ ਜਾਵੇ ਕਿ ਸਿੱਖੀ ਨੂੰ ਖਤਰਾ ਪੈਦਾ ਹੋ ਗਿਆ ਹੈ ਤਾਂ ਉਹ ਭਾਵੁਕ ਹੋਕੇ ਬਿਨਾਂ ਕਾਰਨ ਜਾਣੇ ਝਟ ਹੀ ਤਲਵਾਰਾਂ ਸੂਤ ਲੈਂਦੇ ਹਨ। ਸਿੱਖਾਂ ਦੀ ਦੂਸਰੀ ਸਮੂਹਿਕ ਪਰਵਿਰਤੀ ਅੰਨੀਂ ਸ਼ਰਧਾ ਦੀ ਹੈ ਭਾਵ ਸਿਖ ਪੂਰੇ ਲਾਈਲੱਗ ਹਨ ਅਤੇ ਗੁਰੂਆਂ ਦਾ ਨਾਮ ਜੋੜ ਦਿੱਤੇ ਜਾਣ ਤੇ ਉਹ ਕਿਸੇ ਵੀ ਵਸਤੂ ਜਾਂ ਸਥਾਨ ਦੇ ਅੱਗੇ ਮੱਥੇ ਰਗੜਨ ਲੱਗ ਪੈਂਦੇ ਹਨ। ਅਜਿਹੀ ਸਥਿਤੀ ਵਿੱਚ ਉਹ ਸਹੀ ਇਤਹਾਸਿਕ ਪਿਛੋਕੜ, ਤਰਕ ਜਾਂ ਗੁਰਮੱਤ ਦੀ ਕਸਵੱਟੀ ਰਾਹੀਂ ਹੋ ਸਕਦੀ ਪਰਖ ਨੂੰ ਕੋਈ ਮਹੱਤਵ ਨਹੀਂ ਦੇਣਗੇ। ਤੀਸਰੇ ਨੰਬਰ ਤੇ ਸਿਖ ਆਪਣੇ ਮੱਤ ਪ੍ਰਤੀ ਬਣ ਚੁੱਕੀਆਂ ਪ੍ਰੰਪਰਾਵਾਂ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਕਿ ਉਹ ਜਿਨੀਆਂ ਮਰਜ਼ੀ ਗੁਰਮੱਤ ਦੇ ਵਿਰੁਧ ਹੋਣ। ਚੌਥਾ, ਸਿਖ ਲੋਕ ਆਪਣੇ ਧਰਮ ਵਿਚੋਂ ਛੇਕੇ ਜਾਣ ਤੋਂ ਬਹੁਤ ਡਰਦੇ ਹਨ (ਹਾਲਾਂਕਿ ਸਿਖ ਮੱਤ ਵਿੱਚ ‘ਛੇਕ ਦੇਣ’ ਦਾ ਕੋਈ ਨਿਯਮ ਮੌਜੂਦ ਹੀ ਨਹੀਂ ਐਨ ਉਸੇ ਤਰ੍ਹਾਂ ਜਿਵੇਂ ਕਿਸੇ ਨੂੰ ਸਿਖ ਮੱਤ ਵਿੱਚ ਜ਼ਬਰਦਸਤੀ ਸ਼ਾਮਲ ਨਹੀਂ ਕੀਤਾ ਜਾ ਸਕਦਾ)।

ਇਥੇ ਅਜੋਕੇ ਸਿਖ ਵਿਦਵਾਨਾਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਜਿਹਨਾਂ ਦੀ ਮਾਨਸਿਕਤਾ ਸਮੂਹਿਕ ਪੱਧਰ ਤੇ ਵਿਅਕਤ ਹੁੰਦੀ ਗਿਣੀ ਜਾਵੇਗੀ। ਉਹ ਸਿੱਖੀ ਵਿੱਚ ਆਏ ਨਿਘਾਰ ਅਤੇ ਸਿੱਖੀ ਨੂੰ ਦੁਸ਼ਮਣਾਂ ਤੋਂ ਖਤਰੇ ਸਬੰਧੀ ਖੂਬ ਵਾ-ਵੇਲਾ ਕਰਦੇ ਹਨ ਪਰੰਤੂ ਉਹ ਆਪ ਅੱਗੇ ਆ ਕੇ ਵਿਵਹਾਰਕ ਤੌਰ ਤੇ ਕੁੱਝ ਨਹੀਂ ਕਰਨਾ ਚਾਹੁੰਦੇ। ਉਹ ਸਿਖ ਮੱਤ ਪ੍ਰਤੀ ਕਿਸੇ ਨਵੇਂ ਮਸਲੇ ਨੂੰ ਉੱਠਣ ਨਹੀਂ ਦੇਣਾ ਚਾਹੁੰਦੇ ਭਾਵੇਂ ਉਹ ਕਿੰਨਾਂ ਵੀ ਮਹੱਤਵਪੂਰਨ ਕਿਉਂ ਨਾਂ ਹੋਵੇ; ਅਖੇ, ਪਹਿਲਾਂ ਹੀ ਬੜੇ ਮਸਲੇ ਹਨ। ਉਹ ਸਿਖ ਮੱਤ ਵਿੱਚ ਸਥਾਪਤ ਹੋ ਚੁੱਕੀਆ ਮਨਮੱਤੀ ਵਿਵਸਥਾਵਾਂ ਨੂੰ ਬਦਲਣ ਦਾ ਵਿਰੋਧ ਕਰਦੇ ਹਨ; ਬਹਾਨਾ, ਹੁਣ ਇਹ ਪੰਥ-ਪ੍ਰਵਾਨਤ ਹੋ ਚੁੱਕੀਆਂ ਹਨ। ਉਹ ਸਿਖ ਮੱਤ ਦੇ ਗੰਭੀਰ ਮਸਲਿਆਂ ਬਾਰੇ ਜਨਤਕ ਤੌਰ ਤੇ ਵਿਚਾਰ-ਚਰਚਾ ਕਰਨ ਦੇ ਹੱਕ ਵਿੱਚ ਨਹੀਂ। ਉਹ ਤੱਥ, ਸੱਚ ਅਤੇ ਤਰਕ ਤੇ ਅਧਾਰਿਤ ਗੱਲ ਕਰਨ ਵਾਲੇ ਆਪਣੇ ਹੀ ਸਾਥੀਆਂ ਦਾ ਹਰ ਹੱਥ-ਕੰਡਾ ਵਰਤਦੇ ਹੋਏ ਡੱਟਵਾਂ ਵਿਰੋਧ ਕਰਨ ਵਿੱਚ ਖੁਸ਼ੀ ਲੈਂਦੇ ਹਨ ਅਤੇ ਅਜਿਹਾ ਕਰਦੇ ਸਮੇਂ ਉਹ ਗਲਤਬਿਆਨੀ ਕਰਨ ਤੋਂ ਵੀ ਨਹੀਂ ਝਿਜਕਦੇ। ਉਂਜ ਉਹਨਾਂ ਵਿਚੋਂ ਬਹੁਤਿਆਂ ਦੀ ਆਪਣੀ ਲੇਖਣੀ ਹਲਕੀ ਪੱਤਰਕਾਰੀ ਦੇ ਪੱਧਰ ਦੀ ਹੀ ਹੁੰਦੀ ਹੈ। ਕੁੱਲ ਮਿਲਾ ਕੇ, ਵਿਅਕਤੀਗਤ ਅਤੇ ਸਮੂਹਿਕ ਦੋਵਾਂ ਪੱਧਰਾਂ ਤੇ ਸਿਖ ਮਾਨਸਿਕਤਾ ਪਿਛਾਂਹ-ਖਿੱਚੂ ਕਿਸਮ ਦੀ ਹੈ ਅਤੇ ਇਹ ਵਿਆਪਕ ਤੌਰ ਤੇ ਜਾਗਰੂਕਤਾ ਨੂੰ ਰੱਦ ਕਰਦੀ ਹੈ ਭਾਵੇਂ ਕਿ ਗੁਰਮੱਤ ਅਨੁਸਾਰ ਇੱਕ ਸਿਖ ਦਾ ਜਾਗਰੂਕ ਹੋਣਾ ਲਾਜ਼ਮੀ ਹੈ।

ਹੁਣ ਅਸੀਂ ਅਖੌਤੀ ਅਕਾਲ-ਤਖਤ ਵਿਵਸਥਾ ਬਾਰੇ ਸਿਖ-ਮਾਨਸਿਕਤਾ ਦੇ ਸੰਦਰਭ ਵਿੱਚ ਵਿਚਾਰ ਕਰਾਂਗੇ।

ਉਤਪਤੀ

ਅਖੌਤੀ ਅਕਾਲ-ਤਖਤ ਵਿਵਸਥਾ ਸਿਖ ਮੱਤ ਨਾਲ ਸਬੰਧਿਤ ਮਿਥਹਾਸ ਦਾ ਅਹਿਮ ਹਿੱਸਾ ਹੈ। ਇਸਦਾ ਕੋਈ ਤੱਥ-ਅਧਾਰਿਤ ਇਤਹਾਸਿਕ ਪਿਛੋਕੜ ਮੌਜੂਦ ਨਹੀਂ। ਸਿਖ ਮੱਤ ਦੇ ਇਤਹਾਸ ਦੀ ਫੋਲਾ-ਫਾਲੀ ਤੋਂ ਇਹ ਸਚਾਈ ਤਾਂ ਸਾਹਮਣੇ ਆਉਂਦੀ ਹੈ ਕਿ ਛੇਵੇਂ ਗੁਰੁ ਜੀ ਨੇ ਸਿਖ ਮੱਤ ਵਿੱਚ ਮੀਰੀ ਦਾ ਪੱਖ ਉਜਾਗਰ ਕਰਨ ਹਿਤ ਗੁਰਗੱਦੀ ਗ੍ਰਹਿਣ ਕਰਨ ਦੇ ਸਮੇਂ ਤੋਂ ਲੈਕੇ ਹੀ ਬਾਦਸ਼ਾਹੀ ਜੀਵਨ-ਜਾਚ ਅਪਣਾ ਲਈ ਸੀ ਜਿਸ ਨਾਲ ਮਨੁੱਖੀ ਹੱਕਾਂ ਦੀ ਬਹਾਲੀ-ਰਖਵਾਲੀ ਲਈ ਹਥਿਆਰਬੰਦ ਸੰਘਰਸ਼ ਦਾ ਤਰੀਕਾ ਵੀ ਅਖਤਿਆਰ ਕੀਤਾ ਜਾ ਸਕੇ। ਅਜਿਹੀ ਜੀਵਨ-ਜਾਚ ਲਈ ਬਾਕੀ ਅੰਸ਼ਾਂ ਦੇ ਨਾਲ-ਨਾਲ ਇੱਕ ਤਖਤ ਦਾ ਹੋਣਾ ਵੀ ਜ਼ਰੂਰੀ ਸੀ। ਪਰੰਤੂ ਇਸ ਮਨੋਰਥ ਲਈ ਛੇਵੇਂ ਗੁਰੂ ਜੀ ਵੱਲੋਂ ਉਸਾਰੇ ਗਏ ਤਖਤ ਦਾ ਨਾਮ ‘ਅਕਾਲ ਤਖਤ’ ਨਹੀਂ ਰਖਿੱਆ ਗਿਆ ਸੀ। ਗੁਰੁ ਜੀ ਨੇ ਆਪਣਾ ਟੀਚਾ ਸਫਲਤਾ ਨਾਲ ਪਰਾਪਤ ਕੀਤਾ ਅਤੇ ਉਹਨਾਂ ਨੇ 1635 ਈਸਵੀ ਵਿੱਚ ਕੀਰਤਪੁਰ ਵਿਖੇ ਪੱਕਾ ਟਿਕਾਣਾ ਬਣਾ ਲਿਆ। ਉਸ ਪਿੱਛੋਂ ਉਹ ਕਦੀ ਵੀ ਅੰਮ੍ਰਿਤਸਰ ਵਿਖੇ ਨਹੀਂ ਆਏ। ਸਤਾਰ੍ਹਵੀਂ ਸਦੀ ਦੇ ਅੱਧ ਤੋਂ ਲੈਕੇ ਅੰਮ੍ਰਿਤਸਰ ਦੇ ਸਿਖ ਸਥਾਨਾਂ ਦਾ ਪ੍ਰਬੰਧ ਦੋਖੀਆਂ ਦੇ ਹੱਥ ਚਲਾ ਗਿਆ ਅਤੇ ਉਹਨਾਂ ਨੇਂ ਗੁਰੂ ਸਾਹਿਬਾਨ ਦਾ ਇਥੇ ਪਧਾਰਨਾਂ ਵੀ ਮੁਸ਼ਕਲ ਕਰ ਦਿੱਤਾ। ਇਸੇ ਦੌਰਾਨ ਤਖਤ ਅਲੋਪ ਹੋ ਗਿਆ ਅਤੇ ਉਸ ਦੀ ਜਗਹ ਤੇ ਦੋਖੀਆਂ ਵੱਲੋਂ ਇੱਕ ਦੋ-ਮੰਜ਼ਿਲਾ ਬੁੰਗਾ ਉਸਾਰ ਦਿੱਤਾ ਗਿਆ। ਅਠਾਰ੍ਹਵੀਂ ਸਦੀ ਈਸਵੀ ਵਿੱਚ ਕਿਸੇ ਦੋਖੀ ਧਿਰ ਵੱਲੋਂ ਲਿਖੀ ਗਈ ਮਨਮੱਤੀ ਪੁਸਤਕ ‘ਗੁਰਬਿਲਾਸ ਪਾਤਸ਼ਾਹ 6’ ਵਿੱਚ ਇਸ ਬੁੰਗੇ ਦਾ ਨਾਮ ‘ਅਕਾਲ ਬੁੰਗਾ’ ਵਿਖਾਇਆ ਗਿਆ। ਇਸ ਪੁਸਤਕ ਦੇ ਅਧਾਰ ਤੇ ਇਹ ਝੂਠਾ ਪਰਚਾਰ ਕੀਤਾ ਜਾਂਦਾ ਰਿਹਾ ਕਿ ਅਕਾਲ ਬੁੰਗਾ ਛੇਵੇਂ ਗੁਰੁ ਜੀ ਨੇ ਆਪ ਬਣਵਾਇਆ ਸੀ। ਛੇਵੇਂ ਗੁਰੁ ਜੀ ਦੇ ਉਸਾਰੇ ਤਖਤ ਨੂੰ ਅਲੋਪ ਕਰ ਦੇਣ ਦੀ ਕਾਰਵਾਈ ਤੇ ਪਰਦਾ ਪਾਉਣ ਲਈ ਇਹ ਦਾਵਾ ਕੀਤਾ ਜਾਂਦਾ ਰਿਹਾ ਕਿ ਅਕਾਲ ਬੁੰਗਾ ਨਾਮੀ ਇਮਾਰਤ ਹੀ ਛੇਵੇਂ ਗੁਰੁ ਜੀ ਦਾ ਤਖਤ ਸੀ ਜਿਸ ਦੇ ਫਲਸਰੂਪ ਲਾਈ-ਲੱਗ ਸਿਖ ਸ਼ਰਧਾਲੂਆਂ ਨੇਂ ਅਕਾਲ ਬੁੰਗੇ ਵਿੱਚ ਵੀ ਸ਼ਰਧਾ ਬਣਾਈ ਰੱਖੀ। ਉਹਨਾਂ ਦੀ ਸ਼ਰਧਾ ਭਾਵਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹੀਵੀਂ ਸਦੀ ਈਸਵੀ ਦੇ ਅੰਤ ਤੇ ਜਾਕੇ ਅਕਾਲ ਬੁੰਗੇ ਨੂੰ ਗੁਰਦੁਆਰਾ ਬਣਾ ਦਿੱਤਾ ਗਿਆ। ਫਿਰ ਇਸ ਗੁਰਦੁਆਰੇ ਦੇ ਨਾਮ ਦੇ ਨਾਲ ‘ਤਖਤ’ ਸ਼ਬਦ ਵੀ ਜੋੜਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਸ ਤੋਂ ਅੱਗੇ 1926 ਈਸਵੀ ਵਿੱਚ ‘ਗੁਰਦੁਆਰਾ’ ਸ਼ਬਦ ਅਲੋਪ ਕਰਕੇ ਸਿੱਧਾ ਹੀ ‘ਸ੍ਰੀ ਅਕਾਲ ਤਖਤ ਸਾਹਿਬ’ ਪਰਗਟ ਕਰ ਦਿੱਤਾ ਗਿਆ ਅਤੇ ਸਿੱਖ ਸ਼ਰਧਾਲੂ ‘ਧੰਨ-ਧੰਨ’ ਕਰ ਉਠੇ। ਸੋ ਅਖੌਤੀ ਅਕਾਲ-ਤਖਤ ਦੀ ਉਤਪਤੀ ਲਈ ਜਿੱਥੇ ਦੋਖੀ ਧਿਰਾਂ ਜ਼ਿੰਮੇਵਾਰ ਹਨ ਉਥੇ ਇਸ ਲਈ ਸਿੱਖਾਂ ਦੀ ਅੰਨੀਂ ਸ਼ਰਧਾ ਵਾਲੀ ਅਤੇ ਲਾਈਲੱਗ ਹੋਣ ਦੀ ਮਾਨਸਿਕਤਾ ਜ਼ਿਆਦਾ ਜ਼ਿੰਮੇਵਾਰ ਜਾਪਦੀ ਹੈ।

ਸਥਾਪਤੀ

ਅਖੌਤੀ ਅਕਾਲ-ਤਖਤ ਵਿਵਸਥਾ ਦੀ ਸਥਾਪਤੀ ਲਈ ਵੀ ਸਿਖ ਮਾਨਸਿਕਤਾ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਜਦੋਂ ਕੋਈ ਵਿਵਸਥਾ ਪੰਥ-ਪ੍ਰਵਾਨਿਤ ਹੋ ਜਾਂਦੀ ਹੈ ਤਾਂ ਸਿਖ ਕੌਮ ਉਸ ਨੂੰ ਘੁੱਟ ਕੇ ਜੱਫਾ ਮਾਰ ਲੈਂਦੀ ਹੈ ਭਾਵੇਂ ਉਹ ਵਿਵਸਥਾ ਕਿੰਨੀ ਵੀ ਮਨਮੱਤੀ ਕਿਸਮ ਦੀ ਹੋਵੇ। ਗੁਰੂਆਂ ਦੇ ਨਾਮ ਤੇ ਮਸ਼ਹੂਰ ਕਰ ਦਿੱਤੀ ਗਈ ‘ਅਕਾਲ-ਤਖਤ’ ਵਿਵਸਥਾ ਦੇ ਇਤਹਾਸਿਕ ਪਿਛੋਕੜ ਵਿੱਚ ਤਾਂ ਕੀ ਕਿਸੇ ਨੇ ਕੀ ਜਾਣਾ ਸੀ ਸਗੋਂ ਇਸ ਦੇ ਨਾਲ ਮਨਘੜਤ ਕਹਾਣੀਆਂ ਜੋੜ ਦਿੱਤੀਆਂ ਜਾਂਦੀਆਂ ਰਹੀਆਂ ਹਨ। ਪਹਿਲੀ ਕਹਾਣੀ ਤਾਂ ਇਹ ਜੋੜੀ ਗਈ ਕਿ ਤਖਤ ਉਸਾਰਨ ਵੇਲੇ ਛੇਵੇਂ ਗੁਰੁ ਜੀ ਖੁਦ ਅਤੇ ਉਹਨਾਂ ਨਾਲ ਕੇਵਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸ਼ਾਮਲ ਸਨ ਅਤੇ ਉਹਨਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਕਾਰਜ ਵਿੱਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਇਹ ਕਹਾਣੀ ਘੜਨ ਵਾਲਿਆਂ ਨੂੰ ਇਸ ਗੱਲ ਦਾ ਖਿਆਲ ਨਹੀਂ ਰਿਹਾ ਕਿ ਤਖਤ ਦੇ ਵੀ ਦੋ ਹਿੱਸੇ ਹੁੰਦੇ ਹਨ: ਇੱਕ ਥੜ੍ਹਾ-ਨੁਮਾ ਚਬੂਤਰਾ ਅਤੇ ਦੂਸਰਾ ਇਸ ਥੜ੍ਹੇ ਦੇ ਉੱਤੇ ਰੱਖਿਆ ਹੋਇਆ ਇੱਕੋ ਸ਼ਖਸ ਦੇ ਬੈਠਣ ਵਾਲਾ (one-seater ) ਸੋਫਾ-ਨੁਮਾ ਆਸਣ। ਇਸ ਲਈ ਉਹ ਇਹ ਦੱਸਣਾ ਭੁੱਲ ਗਏ ਕਿ ਗੁਰੁ ਜੀ ਦੇ ਆਸਣ ਨੂੰ ਤਿਆਰ ਕਰਨ ਵਿੱਚ ਕੌਣ-ਕੌਣ ਸ਼ਾਮਲ ਸਨ। ਦੂਸਰੇ ਪਾਸੇ ਇੱਕ ਹੋਰ ਕਿਸਮ ਦੀ ਕਹਾਣੀ ਘੜੀ ਗਈ ਕਿ ਛੇਵੇਂ ਗੁਰੁ ਜੀ ਨੇ ਅਕਾਲ ਬੁੰਗਾ ਉਸਾਰਿਆ ਸੀ ਅਤੇ ਇਹ ਹੀ ਉਹਨਾਂ ਦਾ ਤਖਤ ਸੀ। ਇਹ ਤਾਂ ਮੋਰ ਨੂੰ ਘੋੜਾ ਕਹਿਣ ਵਾਲੀ ਗੱਲ ਹੋ ਗਈ। ਕੀ ਦੁਨੀਆਂ ਭਰ ਵਿੱਚੋਂ ਕੋਈ ਇੰਜਨੀਅਰ ਇਹ ਸਾਬਤ ਕਰ ਦੇਵੇਗਾ ਕਿ ਕੋਈ ਥੜ੍ਹਾ ਜਾਂ ਕੋਈ ਆਸਣ ਇੱਕ ਇਮਾਰਤ ਹੁੰਦਾ ਹੈ ਜਾਂ ਦੋਵੇਂ ਮਿਲ ਕੇ ਇੱਕ ਇਮਾਰਤ ਬਣ ਜਾਣਗੇ? ਪਰੰਤੂ ਸਿਖ ਲੋਕ ਗੁਰੂ ਦੇ ਨਾਮ ਤੇ ਇਮਾਰਤ ਨੂੰ ਹੀ ਤਖਤ ਮੰਨਦੇ ਆ ਰਹੇ ਹਨ ਭਾਵ ਘੋੜੇ ਨੂੰ ਹੀ ਮੋਰ ਮੰਨਦੇ ਆ ਰਹੇ ਹਨ। (ਕਲ੍ਹ ਨੂੰ ਜੇਕਰ ਕੋਈ ਇਹ ਕਹਾਣੀ ਫੈਲਾ ਦੇਵੇ ਕਿ ਛੇਵੇਂ ਗੁਰੁ ਜੀ ਕੀਰਤਪੁਰ ਰਵਾਨਾ ਹੋਣ ਵਾਲੇ ਦਿਨ ਕਰਾਮਾਤ ਰਾਹੀਂ ਤਖਤ ਅਤੇ ਆਸਣ ਨੂੰ ਦੋ-ਮੰਜ਼ਿਲੀ ਇਮਾਰਤ ਵਿੱਚ ਤਬਦੀਲ ਕਰ ਗਏ ਸਨ ਤਾਂ ਇੱਕੀਵੀਂ ਸਦੀ ਦੇ ਸਿਖ ਸ਼ਰਧਾਲੂ ਵੀ ‘ਵਾਹਿਗੁਰੂ-ਵਾਹਿਗੁਰੂ’ ਕਹਿੰਦੇ ਹੋਏ ਇਸ ਕਹਾਣੀ ਨੂੰ ਸੱਚ ਮੰਨ ਲੈਣਗੇ।) ਉਨ੍ਹੀਵੀਂ ਸਦੀ ਈਸਵੀ ਵਿੱਚ ਅਕਾਲ ਬੁੰਗੇ ਨੂੰ ਗੁਰਦੁਆਰੇ ਵਿੱਚ ਤਬਦੀਲ ਕਰਕੇ ਅਤੇ ਇਸਦੇ ਨਾਮ ਵਿੱਚ ‘ਤਖਤ’ ਸ਼ਬਦ ਜੋੜ ਕੇ ਇਹ ਕਹਾਣੀ ਫੈਲਾ ਦਿੱਤੀ ਗਈ ਕਿ ‘ਤਖਤ ਅਕਾਲ’ ਤੋਂ ਭਾਵ ਹੈ ਕਿ ਇਹ ਗੁਰਦੁਆਰਾ ਅਕਾਲ-ਪੁਰਖ ਭਾਵ ਪਰਮਾਤਮਾਂ ਦਾ ਤਖਤ ਹੈ। ਮਨਸ਼ਾ ਇਹ ਸੀ ਕਿ ਕੋਈ ਛੇਵੇਂ ਗੁਰੁ ਜੀ ਦੇ ਅਸਲੀ ਤਖਤ ਬਾਰੇ ਸਵਾਲ ਨਾ ਕਰ ਦੇਵੇ। ਸਿਖ ਸ਼ਰਧਾਲੂਆਂ ਨੇ ‘ਸੱਤ-ਬਚਨ’ ਕਹਿ ਕੇ ਇਹ ਕਹਾਣੀ ਵੀ ਸਵੀਕਾਰ ਕਰ ਲਈ।

ਵੀਹਵੀਂ ਸਦੀ ਈਸਵੀ ਵਿੱਚ ਪਰਗਟ ਹੋਈ ਇਸ ਅਖੌਤੀ ਅਕਾਲ-ਤਖਤ ਵਿਵਸਥਾ ਦੀ ਸਥਾਪਤੀ ਲਈ ਹੋਰ ਵੀ ਉਪਰਾਲੇ ਕੀਤੇ ਪਏ। ਪਹਿਲਾਂ ਤਾਂ ਇਹ ਝੂਠਾ ਪਰਚਾਰ ਕੀਤਾ ਗਿਆ ਕਿ ਅਖੌਤੀ ਅਕਾਲ-ਤਖਤ ਦੇ ਸਾਹਮਣੇ ਅਠਾਰ੍ਹਵੀਂ ਸਦੀ ਈਸਵੀ ਤੋਂ ਸਰਬੱਤ-ਖਾਲਸਾ ਇਕੱਠ ਹੁੰਦੇ ਆਏ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਗੁਰਮਤਾ ਕਰਨ ਹਿਤ ਅੰਮ੍ਰਿਤਸਰ ਵਿਖੇ ਜੁਝਾਰੂ ਸਿੱਖਾਂ ਦੇ ਅਠਾਰ੍ਹਵੀਂ ਸਦੀ ਈਸਵੀ ਵਿੱਚ ਇੱਕਾ-ਦੁੱਕਾ ਇੱਕਠ (ਸਰਬੱਤ-ਖਾਲਸਾ) ਹੀ ਹੋਏ ਅਤੇ ਉਹ ਵੀ ਦਰਬਾਰ ਸਾਹਿਬ ਦੇ ਸਾਹਮਣੇ ਹੋਏ ਸਨ ਨਾ ਕਿ ਅਕਾਲ ਬੁੰਗੇ ਦੇ ਸਾਹਮਣੇ (ਉਂਜ ਛੇਵੇਂ ਗੁਰੁ ਜੀ ਦੇ ਅਲੋਪ ਹੋ ਚੁੱਕੇ ਤਖਤ ਦੀ ਜਗਹ ਵੀ ਨੇੜੇ ਹੀ ਪੈਂਦੀ ਸੀ ਭਾਵੇਂ ਕਿ ਇਹ ਜਗਹ ਅਕਾਲ ਬੁੰਗੇ ਦੀਆਂ ਨੀਹਾਂ ਹੇਠਾਂ ਦੱਬੀ ਪਈ ਸੀ।) ਅਜਿਹੇ ਇਕੱਠ ਲੋੜ ਅਤੇ ਸਹੂਲਤ ਅਨੁਸਾਰ ਅੰਮ੍ਰਿਤਸਰ ਤੋਂ ਬਾਹਰ ਵੀ ਆਮ ਹੀ ਕਰ ਲਏ ਜਾਂਦੇ ਸਨ। ਦੂਸਰਾ, ਗੁਰਦੁਆਰਾ ‘ਸ੍ਰੀ ਅਕਾਲ ਤਖਤ’ ਦੇ ਮੁੱਖ-ਗ੍ਰੰਥੀ ਨੂੰ ਭੁਲੇਖੇ ਨਾਲ ਮਿਲੇ ‘ਜਥੇਦਾਰ’ ਦੇ ਲਕਬ ਨੂੰ ਪਕਿੱਆਂ ਕਰਨ ਹਿਤ ਇਹ ਝੂਠਾ ਪਰਚਾਰ ਕੀਤਾ ਗਿਆ ਕਿ ਸਤਾਰ੍ਹਵੀਂ ਸਦੀ ਈਸਵੀ ਤੋਂ ਅਖੌਤੀ ਅਕਾਲ-ਤਖਤ ਦਾ ਜੱਥੇਦਾਰ ਨਿਯੁਕਤ ਹੁੰਦਾ ਆਇਆ ਹੈ (ਜਦੋਂ ਕਿ 1926 ਈਸਵੀ ਤਕ ਅਖੌਤੀ ਅਕਾਲ-ਤਖਤ ਸਬੰਧੀ ‘ਜੱਥੇਦਾਰ’ ਦੀ ਕੋਈ ਪਦਵੀ ਨਹੀਂ ਰਹੀ। ਉਂਜ ਵੀ ‘ਜੱਥੇਦਾਰ’ ਤਾਂ ਕਿਸੇ ਜੱਥੇ ਦੇ ਮੁਖੀ ਨੂੰ ਕਿਹਾ ਜਾਵੇਗਾ, ਕਿਸੇ ਥੜ੍ਹੇ, ਕੁਰਸੀ ਜਾਂ ਇਮਾਰਤ ਦਾ ‘ਜੱਥੇਦਾਰ’ ਕਿਵੇਂ ਹੋ ਸਕਦਾ ਹੈ?) ਅਖੌਤੀ ਅਕਾਲ-ਤਖਤ ਲਈ ਅਣ-ਅਧਿਕਾਰਤ ਤੌਰ ਤੇ ‘ਜਥੇਦਾਰ’ ਦੀ ਪਦਵੀ ਕਾਇਮ ਹੋ ਜਾਣ ਤੇ ਇਹ ਵੀ ਖੂਬ ਪਰਚਾਰ ਕੀਤਾ ਗਿਆ ਦਰਬਾਰ ਸਾਹਿਬ ਦੇ ਐਨ ਸਾਹਮਣੇ ਹੋਂਦ ਵਿੱਚ ਆਇਆ ਵੀਹਵੀਂ ਸਦੀ ਈਸਵੀ ਦਾ ਅਕਾਲ-ਤਖਤ ਸਿਖ ਕੌਮ ਲਈ ‘ਸਰਵਉੱਚ’ ਹੈ ਭਾਵੇਂ ਕਿ ਇਸ ਦਾ ਅਸਲੀ ਮਨੋਰਥ ਦਰਬਾਰ ਸਾਹਿਬ ਦੀ ਪਦਵੀ ਨੂੰ ਨੀਵਾਂ ਕਰਨ ਦਾ ਸੀ। ਇਹ ਝੂਠਾ ਪਰਚਾਰ ਵੀ ਕੀਤਾ ਗਿਆ ਕਿ ਅਖੌਤੀ ਅਕਾਲ-ਤਖਤ ਤੋਂ ਹੁਕਮਨਾਮੇ ਜਾਰੀ ਹੁੰਦੇ ਰਹੇ ਹਨ ਜਦੋਂ ਕਿ ਹੁਕਮਨਾਮੇ ਜਾਰੀ ਕਰਨ ਦਾ ਅਧਿਕਾਰ ਕੇਵਲ ਗੁਰੁ ਸਾਹਿਬਾਨ ਕੋਲ ਹੀ ਸੀ ਅਤੇ 1635 ਈਸਵੀ ਤੋਂ ਲੈ ਕੇ 1926 ਈਸਵੀ ਤਕ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਤੋਂ ਜਾਂ ਇਸ ਤਖਤ ਵਾਲੀ ਜਗਹ ਤੋਂ ਕਦੀ ਵੀ ਕੋਈ ਹੁਕਮਨਾਮਾ ਜਾਰੀ ਨਹੀਂ ਸੀ ਹੋਇਆ। ਇਸ ਦੌਰਾਨ ਚਾਰ ਹੋਰ ਤਖਤ ਵੀ ਹੋਂਦ ਵਿੱਚ ਆ ਗਏ ਅਤੇ ਉਥੇ ਵੀ ‘ਜਥੇਦਾਰ’ ਨਿਯੁਕਤ ਹੋ ਗਏ। ਪੰਜ ਪਿਆਰਿਆਂ ਦੀ ਮਨ-ਲੁਭਾਉਣੀ ਪਰੰਤੂ ਅਣਅਧਿਕਾਰਤ ਰਵਾਇਤ ਦੇ ਅਧੀਨ ਅਖੌਤੀ ਅਕਾਲ-ਤਖਤ ਦੇ ਜਥੇਦਾਰ ਦੀ ਅਗਵਾਈ ਹੇਠ ਜੱਥੇਦਾਰਾਂ ਨੂੰ ਸਿਖ ਮਸਲਿਆਂ ਸਬੰਧੀ ਹੁਕਮਨਾਮੇ ਜਾਰੀ ਕਰਨ, ਸਿੱਖਾਂ ਨੂੰ ਤਲਬ ਕਰਨ, ਸਜ਼ਾ ਦੇਣ ਅਤੇ ਛੇਕ ਦੇਣ ਦੇ ਅਧਿਕਾਰ ਪਰਦਾਨ ਕਰ ਦਿੱਤੇ ਗਏ। ਅਖੌਤੀ ਜਥੇਦਾਰਾਂ ਨੂੰ ਮਿਲੀਆਂ ਇਹ ਅਣਕਿਆਸੀਆਂ ਸ਼ਕਤੀਆਂ ਨਾਂ ਤਾਂ ਗੁਰਮੱਤ ਦੇ ਅਨੁਸਾਰੀ ਸਨ ਅਤੇ ਨਾ ਹੀ ਕਾਨੂੰਨੀ ਤੌਰ ਤੇ ਮਾਨਤਾਪਰਾਪਤ ਸਨ। ਉਪਰੋਕਤ ਸਾਰਾ ਕੂੜ-ਪਰਚਾਰ ‘ਜੱਥੇਦਾਰਾਂ’, ਗ੍ਰੰਥੀਆਂ, ਪਰਚਾਰਕਾਂ, ਅੰਨੇਂ ਸ਼ਰਧਾਲੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਕਰਵਾਇਆ ਜਾਂਦਾ ਰਿਹਾ। ਕਿਸੇ ਨੇ ਵੀ ਗੁਰਦੁਆਰਾ ਅਕਾਲ ਬੁੰਗਾ ਦਾ ਨਾਮ ਬਦਲਣ, ਅਖੌਤੀ ਜਥੇਦਾਰ ਦਾ ਅਹੁਦਾ ਕਾਇਮ ਕਰਨ ਅਤੇ ਜੱਥੇਦਾਰ ਨੂੰ ਅਨਮੱਤੀ ਅਤੇ ਅਣਅਧਿਕਾਰਤ ਸ਼ਕਤੀਆਂ ਸਬੰਧੀ ਕਾਨੂੰਨੀ ਸਥਿਤੀ ਦੀ ਜਾਂਚ-ਪੜਤਾਲ ਨਾਂ ਕੀਤੀ। ਸਿਖ ਸ਼ਰਧਾਲੂਆਂ ਦੇ ਮਨਾਂ ਉੱਤੇ ਉਪਰੋਕਤ ਪਰਚਾਰ ਦਾ ਇਤਨਾ ਅਸਰ ਹੋਇਆ ਕਿ ਉਹਨਾਂ ਨੇ ਜਲਦੀ ਹੀ ਇਸ ਵਿਵਸਥਾ ਅੱਗੇ ਆਤਮ-ਸਮਰਪਣ ਕਰ ਦਿੱਤਾ ਅਤੇ ਨਾ ਸਿਰਫ ਅਖੌਤੀ ਅਕਾਲ-ਤਖਤ ਦੀ ਸਥਾਪਤੀ ਹੋ ਗਈ ਸਗੋਂ ਇਸ ਨਾਲ ਸਬੰਧਿਤ ਵਿਵਸਥਾ ਸਿਖ ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਘਰ ਕਰ ਗਈ

ਤਰਫਦਾਰੀ

ਵੀਹਵੀਂ ਸਦੀ ਈਸਵੀ ਵਿੱਚ ਅਖੌਤੀ ‘ਜੱਥੇਦਾਰਾਂ’ ਦੀ ਸਿਖ ਕੌਮ ਲਈ ਮਾੜੀ ਸਾਬਿਤ ਹੋਈ ਕਾਰਗੁਜ਼ਾਰੀ ਅਤੇ ਉਹਨਾਂ ਵੱਲੋਂ ਪਹਿਲਾਂ ਸਿਆਸਤਦਾਨਾਂ ਦੇ ਅਤੇ ਫਿਰ ਆਰ. ਐਸ. ਐਸ. ਦੇ ਹੱਥ-ਠੋਕੇ ਬਣ ਜਾਣ ਤੇ ਅਜੋਕੇ ਸਮੇਂ ਦੇ ਕੁੱਝ ਵਿਦਵਾਨ ਕਹਾਉਂਦੇ ਸੱਜਣ ‘ਜੱਥੇਦਾਰ’ ਵਿਵਸਥਾ ਦੇ ਖਿਲਾਫ ਤਾਂ ਖੁੱਲ੍ਹ ਕੇ ਅਵਾਜ਼ ਉਠਾਉਣ ਲੱਗ ਪਏ ਹਨ ਪਰੰਤੂ ਉਹਨਾਂ ਨੇ ਹਾਲੇ ਤਕ ਅਖੌਤੀ ਅਕਾਲ-ਤਖਤ ਵਿਵਸਥਾ ਦੀ ਅਸਲੀਅਤ ਨੂੰ ਨਹੀਂ ਪਛਾਣਿਆਂ। ਜਿਹੜੇ ਇਸ ਅਸਲੀਅਤ ਨੂੰ ਪਛਾਣਦੇ ਵੀ ਹੋਣਗੇ ਉਹ ‘ਛੇਕੇ ਜਾਣ’ ਦੇ ਡਰੋਂ ਮੂੰਹ ਨਹੀਂ ਖੋਲ੍ਹਣਾ ਚਾਹੁੰਦੇ। ‘ਜੱਥੇਦਾਰਾਂ’, ਗ੍ਰੰਥੀਆਂ, ਪਰਚਾਰਕਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਭਲਾ ਇਸ ਵਿਵਸਥਾ ਦਾ ਵਿਰੋਧ ਕਰਨਾ ਹੀ ਕੀ ਸੀ, ਉਹਨਾਂ ਲਈ ਤਾਂ ਇਹ ਵਿਵਸਥਾ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਜੁ ਸਾਬਤ ਹੋਈ ਹੈ। ਇਸ ਵਿਵਸਥਾ ਦੀ ਅਸਲੀਅਤ ਜ਼ਾਹਰ ਕੀਤੇ ਜਾਣ ਤੇ ਕੁੱਝ ਅੰਨੇਂ ਸ਼ਰਧਾਲੂ ਭਾਵੁਕ ਹੋਕੇ ਧਮਕੀਆਂ ਤੇ ਉੱਤਰ ਆਉਂਦੇ ਹਨ। ਦੂਸਰੇ ਪਾਸੇ ਵਿਦਵਾਨ ਕਹਾਉਂਦੇ ਸਿੱਖ ਹਾਲੇ ਤਕ ਇਸ ਵਿਵਸਥਾ ਦੀ ਬੇਲੋੜੀ ਤਰਫਦਾਰੀ ਕਰਦਿਆਂ ਬੇਥਵ੍ਹੀਆਂ ਦਲੀਲਾਂ ਘੜਨ ਵੱਲ ਰੁਚਿਤ ਹਨ। ਜੇਕਰ ਇੱਕ ਵਿਦਵਾਨ ਇਹ ਕਹਿੰਦਾ ਹੈ ਕਿ ਤਖਤ ਗੁਰੁ ਜੀ ਵੱਲੋਂ ਉਸਾਰਿਆ ਨਹੀਂ ਗਿਆ ਸੀ ‘ਪਰਗਟ’ ਕੀਤਾ ਗਿਆ ਸੀ ਉਥੇ ਦੂਸਰਾ ਵਿਦਵਾਨ ਕਹਿੰਦਾ ਹੈ ਕਿ ਇਹ ਤਖਤ ਪਰਮਾਤਮਾ ਦਾ ਤਖਤ ਹੈ। ਕੋਈ ਹੋਰ ਸੱਜਣ ਕਹਿ ਉਠਦਾ ਹੈ ਕਿ ਇਹ ਤਖਤ ਸਦੀਵੀ ਹੈ। ਜੇਕਰ ਇਹ ਪੁੱਛੋ ਕਿ ਫਿਰ ਉਹ ਤਖਤ ਨਜ਼ਰ ਕਿਉਂ ਨਹੀਂ ਆਉਂਦਾ ਤਾਂ ਕੁੱਝ ਵਿਦਵਾਨ ਲੋਕ ਇਹ ਦਾਵਾ ਕਰਨ ਲੱਗ ਪੈਂਦੇ ਹਨ ਕਿ ‘ਅਕਾਲ-ਤਖਤ’ ਇਮਾਰਤ ਨਹੀਂ (ਇਮਾਰਤ ਉਂਜ ਵੀ ਤਖਤ ਨਹੀਂ ਹੁੰਦੀ), ਸਿਧਾਂਤ ਹੈ, ਫਲਸਫਾ ਹੈ। ਜੇਕਰ ਉਹਨਾਂ ਤੋਂ ਪੁੱਛੋ ਕਿ ਅਖੌਤੀ ਅਕਾਲ-ਤਖਤ ਦਾ ਉਹ ਸਿਧਾਂਤ/ਫਲਸਫਾ ਕੀ ਹੈ, ਕਿਸੇ ਕੋਲ ਕੋਈ ਸਪਸ਼ਟ ਜਵਾਬ ਨਹੀਂ। “ਜਿੰਨੇਂ ਮੂੰਹ ਉਤਨੀਆਂ ਗੱਲਾਂ” ਦੇ ਅਖਾਣ ਵਾਂਗ ਜਿੰਨੇ ਵਿਦਵਾਨ ਉਤਨੇ ਹੀ ‘ਅਕਾਲ-ਤਖਤ’ ਦੇ ਸਿਧਾਂਤ/ਫਲਸਫੇ। ਭਾਵ ਹਾਲੇ ਤਕ ਕੋਈ ਵੀ ਸੱਜਣ ਅਖੌਤੀ ਅਕਾਲ-ਤਖਤ ਦਾ ਕੋਈ ਠੋਸ ਪ੍ਰਮਾਣਿਕ ਸਿਧਾਂਤ/ਫਲਸਫਾ ਪੇਸ਼ ਨਹੀਂ ਕਰ ਸਕਿਆ (ਵੇਖੋ ਲੇਖਕ ਦਾ ਸਿਖਮਾਰਗ ਵੈਬਸਾਈਟ ਤੇ ਆ ਚੁੱਕਾ ਲੇਖ ‘ਅਖੌਤੀ ਅਕਾਲ-ਤਖਤ ਅਤੇ ਸਿਧਾਂਤ ਦਾ ਮੁੱਦਾ’ ; ਲੇਖ-ਲੜੀ ਚੌਥੀ)। ਜੇਕਰ ਕਿਸੇ ਨੇ ਅਜਿਹੇ ਸਿਧਾਂਤ/ਫਲਸਫੇ ਦੇ ਨਾਮ ਤੇ ਕੋਈ ਵਿਆਖਿਆਂ ਦਿੱਤੀ ਹੈ ਉਹ ਅਤਕਥਨੀਆਂ ਨਾਲ ਭਰਪੂਰ ਹੈ ਅਤੇ ਭੰਬਲਭੂਸਾ ਪੈਦਾ ਕਰਨ ਵਾਲੀ ਹੈ। ਨਮੂਨੇ ਵਜੋਂ ਇੱਥੇ ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਦਿੱਤੀ ‘ਅਕਾਲ-ਤਖਤ’ ਦੇ ਸਿਧਾਂਤ/ਫਲਸਫੇ ਬਾਰੇ ਉਹਨਾਂ ਦੀ ਦਲੀਲ ਉਹਨਾਂ ਦੇ ਹੀ ਸ਼ਬਦਾਂ ਵਿੱਚ ਹੇਠਾਂ ਪੇਸ਼ ਹੈ:

“ਅਕਾਲ ਤਖਤ ਸਾਹਿਬ ਦਾ ਫਲਸਫਾ ਦੁਨੀਆਂ ਵਿੱਚ ਸਭ ਤੋਂ ਵੱਧ ਲਾਸਾਨੀ ਹੈ। ਦੁਨੀਆਂ ਦੇ ਕਿਸੇ ਧਰਮ, ਕਿਸੇ ਕੌਮ ਕੋਲ ਤਾਕਤ ਦਾ ਇਹੋ ਜਿਹਾ ਮਰਕਜ਼ ਨਹੀਂ ਹੈ। ਗੁਰੁ ਸਾਹਿਬ ਨੇ ਇਹ ਇੱਕ ਅਜਿਹੀ ਇੰਸਟੀਚਿਊਸ਼ਨ ਪੈਦਾ ਕੀਤੀ ਹੈ ਜਿਸ ਨਾਲ ਸਿਖ ਕੌਮ ਨੂੰ ਮੀਰੀ-ਪੀਰੀ ਦਾ ਮਰਕਜ਼ ਅਤੇ ਦਰਬਾਰ ਹਾਸਿਲ ਹੋ ਗਿਆ ਹੈ। ਅਕਾਲ ਤਖਤ ਨੂੰ ਇਸ਼ਟ ਮੰਨਣ ਵਾਲਾ ਸਿਖ ਆਪਣੇ ਆਪ ਅਕਾਲ ਪੁਰਖ ਦੀ ਫੌਜ ਦਾ ਹਿੱਸਾ ਬਣ ਜਾਂਦਾ ਹੈ। ਅਕਾਲ ਤਖਤ ਸਾਹਿਬ ਸਿਖ ਦੀ ਸ਼ਾਨ ਹੈ, ਆਨ ਹੈ, ਮਾਣ ਹੈ ਤੇ ਜਾਨ ਵੀ। ਇਸ ਤਖਤ ਨਾਲ ਸਬੰਧਿਤ ਹੋਣਾ ਅਕਾਲ ਪੁਰਖ ਦੀ ਯਾਨਿ ਉਚੇਰੀ ਦੁਨੀਆਂ ਦਾ ਸ਼ਹਿਰੀ ਹੋਣਾ ਹੈ। ਮੁਢ ਕਦੀਮ ਤੋਂ ਦੁਨੀਆਂ ਭਰ ਵਿੱਚ ਫਿਲਾਸਫਰ (ਸਣੇ ਸੁਕਰਾਤ, ਅਰਸਤੂ, ਪਲੈਟੋ, ਮੈਕਿਆਵਲੀ, ਲਾਸਕੀ, ਮਾਰਕਸ, ਚਾਣਕਯ ਵਗੈਰਾ) ਧਾਰਮਿਕ ਅਤੇ ਸਿਆਸੀ ਖੇਤਰਾਂ ਵਿਚ, ਮਾਅਰਕਾ-ਖੇਜ਼ ਸਿਧਾਂਤ ਘੜਦੇ ਆ ਰਹੇ ਹਨ ਪਰ ਉਹਨਾਂ ਦਾ ਸੁਝਾਇਆ ਕੋਈ ਸਿਧਾਂਤ ਵੀ ਅਕਾਲ ਤਖਤ ਦੇ ਫਲਸਫੇ ਦੇ ਨੇੜੇ ਨਹੀਂ ਪਹੁੰਚ ਸਕਿਆ ਕਿਉਂਕਿ ਇਹ ‘ਆਖਰੀ’ ਫਲਸਫਾ ਹੈ। ਸੱਚ ਤਾਂ ਇਹ ਹੈ ਕਿ ਦੁਨੀਆਂ ਦੇ ਵੱਖ-ਵੱਖ ਧਰਮਾਂ ਦੇ ਅੱਲਾਮਾਂ ਅਜੇ ਤਕ ਤਾਂ ਮੀਰੀ ਤੇ ਪੀਰੀ ਦੀ ਏਕਤਾ ਨੂੰ ਸਮਝ ਹੀ ਨਹੀਂ ਸਕੇ।

ਅਕਾਲ ਤਖਤ ਸਾਹਿਬ ਸਤਾਰ੍ਹਵੀਂ ਸਦੀ ਦਾ ਜਾਂ ਇੱਕੀਵੀਂ ਸਦੀ ਦਾ ਨਹੀਂ ਬਲਕਿ ਸਦੀਵੀ ਫਲਸਫਾ ਹੈ। ਇਸ ਤੋਂ ਅਗਲੇਰੀ ਗੱਲ ਕਦੇ ਵੀ ਨਹੀਂ ਕੀਤੀ ਜਾ ਸਕੇਗੀ। ਇਸ ਨੂੰ ਅਪਣਾਏ ਬਿਨਾਂ ਇਨਸਾਨ ਫਾਸ਼ੀ ਸੋਚ, ਅਖੌਤੀ ਮੁਲਕ-ਪ੍ਰਸਤੀ, ਨਾਜ਼ੀ ਜ਼ਿਹਨੀਅਤ, ਫਿਰਕਾ ਪ੍ਰਸਤੀ ਵਗੈਰਾ ਤੋਂ ਨਿਜਾਤ ਨਹੀਂ ਪਾ ਸਕਦਾ। ਮਾਰਕਸ ਦੀ ਸਟੇਟਲੈਸ ਸੁਸਾਇਟੀ, ਰੂਸੋ ਦੀ ਮਨੁੱਖੀ ਅਜ਼ਾਦੀ ਜਾਂ ਸੁਪਰ ਅਜ਼ਾਦੀ, ਨਿਤਸ਼ੇ ਦੀ ਦੁਨੀਆਂ ਦੀ ਸੋਚ ਜੇ ਇੱਕ ਥਾਏਂ ਇਕੱਠੀ ਵੀ ਕਰ ਲਈਏ ਤਾਂ ਵੀ ਉਹ ਅਕਾਲ ਤਖਤ ਸਾਹਿਬ ਦੇ ਫਲਸਫੇ ਦਾ ਮੁਕਾਬਲਾ ਨਹੀਂ ਕਰ ਸਕਦੀ। ਸੱਚ ਤਾਂ ਇਹ ਹੈ ਕਿ ਇੱਕ ਆਮ ਆਦਮੀ ਵਿੱਚ ਇਸ ਫਲਸਫੇ ਨੂੰ ਸਮਝਣ ਦੀ ਪਾਇਆ ਵੀ ਨਹੀਂ” (ਮਹਿੰਦਰ ਸਿੰਘ ਜੋਸ਼ ਰਚਿਤ ‘ਸ੍ਰੀ ਅਕਾਲ ਤੱਖਤ ਸਾਹਿਬ ਤੇ ਇਸਦਾ ਜਥੇਦਾਰ’, ਪੰਨਾਂ 59-60)।

ਇਸ ਤੋਂ ਵੱਡਾ ਗੱਪ ਹੋਰ ਕੋਈ ਹੋ ਨਹੀਂ ਸਕਦਾ। ਉਪਰੋਕਤ ਦੋ ਪੈਰਿਆਂ ਵਿੱਚ ਡਾ. ਦਿਲਗੀਰ ਨੇ ਆਪਣੇ ‘ਅਕਾਲ-ਤਖਤ’ ਦਾ ਕੋਈ ਸਿਧਾਂਤ/ਫਲਸਫਾ ਨਹੀਂ ਦਿੱਤਾ। ਉਨਾਂ ਨੇ ਇਸ ਨੂੰ ਕੇਵਲ ‘ਮੀਰੀ-ਪੀਰੀ ਦਾ ਮਰਕਜ਼ ਅਤੇ ਦਰਬਾਰ’ ਬਿਆਨਿਆਂ ਹੈ ਪਰੰਤੂ ਮੀਰੀ-ਪੀਰੀ ਕੀ ਹੈ ਅਤੇ ਇਹ ‘ਤਖਤ’ ਮੀਰੀ-ਪੀਰੀ ਦਾ ਕੇਂਦਰ ਅਤੇ ਦਰਬਾਰ ਕਿਵੇਂ ਹੈ ਇਸ ਦਾ ਵਿਸਥਾਰ ਉਹਨਾਂ ਨੇਂ ਆਪਣੇ ਪੂਰੇ ਲੇਖ ਵਿੱਚ ਨਹੀਂ ਦਿੱਤਾ। ਅਜਿਹਾ ਵਿਸਥਾਰ ਉਹਨਾਂ ਦੀ ‘ਅਕਾਲ-ਤਖਤ’ ਦੇ ਵਿਸ਼ੇ ਤੇ ਲਿਖੀਆਂ ਹੋਈਆਂ ਪੁਸਤਕਾਂ ਵਿੱਚ ਵੀ ਨਹੀਂ ਮਿਲਦਾ। ਉਥੇ ਉਹ ਮੀਰੀ-ਪੀਰੀ ਨੂੰ ਦੁਨਿਆਵੀ (temporal) ਅਤੇ ਪਰਾ-ਭੌਤਿਕ (transcendental) ਦਾ ਮਸਲਾ ਕਹਿ ਕੇ ਚੁੱਪ ਕਰ ਗਏ ਹਨ। ਉਹ ਫਲਸਫਾ ਹੀ ਕੀ ਹੋਇਆ ਜਿਸ ਨੂੰ ਦੁਨੀਆਂ ਭਰ ਦੇ ਧਰਮਾਂ ਦੇ ‘ਅੱਲਾਮਾਂ’ ਵੀ ਨਹੀਂ ਸਮਝ ਸਕਦੇ ਅਤੇ ਇੱਕ ਆਮ ਆਦਮੀ ਵਿੱਚ ਵੀ ਇਸ ਨੂੰ ਸਮਝਣ ਦੀ ‘ਪਾਇਆਂ’ ਨਹੀਂ! ਗੁਰਬਾਣੀ ਵਿਚਲੇ ਫਲਸਫੇ ਬਾਰੇ ਤਾਂ ਅਸੀਂ ਅਜਿਹਾ ਬੇਤੁੱਕਾ ਦਾਵਾ ਪੇਸ਼ ਨਹੀਂ ਕਰ ਸਕਦੇ ਅਤੇ ਮੀਰੀ-ਪੀਰੀ ਦਾ ਸੰਕਲਪ ਤਾਂ ਸ੍ਰੀ ਗ੍ਰੰਥ ਜੀ ਵਿੱਚ ਪਹਿਲਾਂ ਹੀ ਮੌਜੂਦ ਹੈ। ਉਪਰੋਕਤ ਦੋ ਪੈਰਿਆਂ ਵਿੱਚ ਡਾ. ਦਿਲਗੀਰ ਜੀ ‘ਅਕਾਲ-ਤਖਤ’ ਪ੍ਰਤੀ ਅਤਿਕਥਨੀਆਂ ਅਤੇ ਫੋਕੀਆਂ ਫੜ੍ਹਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਜੀ ਅਤੇ ਦਰਬਾਰ ਸਾਹਿਬ ਨੂੰ ਅਣਗੌਲਿਆਂ ਕਰ ਰਹੇ ਹਨ ਅਤੇ ਉਹ ਅਜਿਹੀ ਵਿਵਸਥਾ ਦੀ ਤਰਫਦਾਰੀ ਕਰ ਰਹੇ ਹਨ ਜੋ ਸਿਖ ਕੌਮ ਲਈ ਪੂਰੀ ਤਰ੍ਹਾਂ ਘਾਤਕ ਹੈ। ਡਾ. ਦਿਲਗੀਰ ਜੀ ਵਰਗੇ ਹੋਰ ਵੀ ਬਹੁਤ ਸਾਰੇ ਵਿਦਵਾਨ ਹਨ ਜੋ ਪੰਥ-ਪ੍ਰਵਾਨਿਕਤਾ ਦੀ ਆੜ ਥੱਲੇ ਅਖੌਤੀ ਅਕਾਲ-ਤਖਤ ਵਿਵਸਥਾ ਦੀ ਪਿੱਠ ਠੋਕਣ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਨ। ਉਹ ਸਿਖ ਕੌਮ ਲਈ ਇਸ ਅਤੀ ਹਾਨੀਕਾਰਕ ਵਿਵਸਥਾ ਨੂੰ ਨੰਗਿਆਂ ਕੀਤੇ ਜਾਣ ਦੇ ਯਤਨਾਂ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ ਸੁਝਾਵਾਂ ਦਾ ਬੜੇ ਯੋਜਨਾਬੱਧ ਤਰੀਕੇ ਨਾਲ ਵਿਰੋਧ ਕਰਨ ਵਿੱਚ ਰੁੱਝੇ ਹੋਏ ਹਨ।

ਪਰਭਾਵ

ਜਿੱਥੇ ਇੱਕ ਪਾਸੇ ਸਿਖ-ਮਾਨਸਿਕਤਾ ਹੀ ਮੁੱਖ ਤੌਰ ਤੇ ਅਖੌਤੀ ਅਕਾਲ-ਤਖਤ ਵਿਵਸਥਾ ਦੀ ਉਤਪਤੀ, ਸਥਾਪਤੀ ਅਤੇ ਤਰਫਦਾਰੀ ਦੀ ਜ਼ਿੰਮੇਵਾਰ ਹੈ ਉਥੇ ਦੂਸਰੇ ਪਾਸੇ ਇਸ ਵਿਵਸਥਾ ਨੇ ਸਿਖ-ਮਾਨਸਿਕਤਾ ਨੂੰ ਬਹੁਤ ਬੁਰੀ ਤਰ੍ਹਾਂ ਪਰਭਾਵਿਤ ਕੀਤਾ ਹੈ। ਇਸ ਵਿਵਸਥਾ ਦਾ ਸਭ ਤੋਂ ਪਹਿਲਾ ਅਸਰ ਗੁਰਦੁਆਰਾ ਪ੍ਰਬੰਧ ਤੇ ਹੋਇਆ ਹੈ। ਦੇਸ਼-ਵਿਦੇਸ਼ ਦੇ ਹਰ ਗੁਰਦੁਆਰੇ ਦਾ ਰੋਲ-ਮਾਡਲ ਦਰਬਾਰ ਸਾਹਿਬ ਨਹੀਂ ਅਖੌਤੀ ਅਕਾਲ-ਤਖਤ ਵਿਵਸਥਾ ਹੈ। ਗੁਰਦੁਆਰਾ ਪ੍ਰਬੰਧ ਵਿੱਚ ਸੇਵਾਦਾਰ ਤੋਂ ਲੈਕੇ ਕਮੇਟੀ ਮੈਨੇਜਰ ਤਕ ਹਰ ਕੋਈ ਕਾਰਿੰਦਾ ‘ਅਕਾਲ-ਤਖਤ’ ਦੇ ਜਥੇਦਾਰ ਵਾਂਗ ਵਰਤਾਰਾ ਕਰਦਾ ਹੈ। ਅੱਜ ਦੇ ਗੁਰਦੁਆਰਿਆਂ ਵਿੱਚ ਨਿਮਰਤਾ, ਹਲੀਮੀ, ਮਿਠਾਸ ਦਾ ਕੋਈ ਮਾਹੌਲ ਨਹੀਂ। ਕਈ ਗੁਰਦੁਆਰਿਆਂ ਵਿੱਚ ਤਾਂ ਨਿੱਤ ਡਾਂਗਾਂ ਖੜਕਦੀਆਂ ਹਨ ਅਤੇ ਤਲਵਾਰਾਂ ਲਹਿਰਾਈਆਂ ਜਾਂਦੀਆਂ ਹਨ। ਇਹ ਵਰਤਾਰਾ ‘ਅਕਾਲ-ਤਖਤ’ ਦੀ ਹੀ ਦੇਣ ਹੈ।

ਦੂਸਰਾ, ਸਿਖ ਕੌਮ ਵਿੱਚ ਅੱਤਵਾਦ ਦਾ ਆਗਮਨ ਅਤੇ ਉਥਾਨ ‘ਅਕਾਲ-ਤਖਤ’ ਵਿਵਸਥਾ ਵਿੱਚੋਂ ਹੋਇਆ ਹੈ। ਮੀਰੀ ਦੇ ਪੱਖ ਨੂੰ ਸਿੱਖਾਂ ਨੇ ਲੜਾਕੇਪਣ, ਹੈਂਕੜਬਾਜ਼ੀ ਅਤੇ ਅੱਪਹੁਦਰੇਪਣ ਦੇ ਤੌਰ ਤੇ ਹੀ ਅਪਣਾਇਆ ਹੈ ਮਨੁੱਖੀ ਹੱਕਾਂ ਦੀ ਰਾਖੀ ਨੂੰ ਸਮਰਪਿਤ ਸੰਘਰਸ਼ ਦੇ ਤੌਰ ਤੇ ਨਹੀਂ। ਸਿੱਖਾਂ ਵਿੱਚ ਫੈਲੀ ਹੋਈ ਖਰ੍ਹਵਾਪਣ, ਖਾੜਕੂਪੁਣਾ ਅਤੇ ਸਜ਼ਾ ਦੇਣ (ਸੋਧ ਦੇਣ) ਦੀ ਪ੍ਰਵਿਰਤੀ ‘ਅਕਾਲ-ਤਖਤ’ ਵਿਵਸਥਾ ਦੀ ਹੀ ਦੇਣ ਹੈ। ਅੱਤਵਾਦ ਹਮੇਸ਼ਾ ਅਜਿਹੀ ਮਾਨਸਿਕਤਾ ਵਿੱਚੋਂ ਹੀ ਜਨਮ ਲੈਂਦਾ ਹੈ। ਗੁਰਬਾਣੀ ਤਾਂ ਮਿਠਾਸ, ਨਿਮਰਤਾ ਅਤੇ ਪਰੇਮ ਦੀ ਸਿਖਿੱਆ ਦਿੰਦੀ ਹੈ ਪਰੰਤੂ ਅੱਜ ਅਜਿਹੇ ਗੁਣ-ਚੰਗਿਆਈਆਂ ਤੱਤ ਸਿਖ-ਮਾਨਸਿਕਤਾ ਵਿੱਚੋਂ ਗਾਇਬ ਹਨ। ਇਸੇ ਤਰ੍ਹਾਂ ਮੀਰੀ ਦੇ ਪੱਖ ਨੂੰ ਰਾਜ ਸਥਾਪਤੀ ਦੇ ਸੰਕਲਪ ਨਾਲ ਜੋੜੇ ਜਾਣ ਕਰਕੇ ‘ਖਾਲਿਸਤਾਨ’ ਦੀ ਲਾਲਸਾ ਵੀ ‘ਅਕਾਲ-ਤਖਤ’ ਵਿਵਸਥਾ ਵਿੱਚੋਂ ਹੀ ਉਪਜਦੀ ਹੈ। ਉਂਜ ਅੱਤਵਾਦ ਅਤੇ ਖਾਲਿਸਤਾਨ ਦੇ ਦੋਵੇਂ ਸੰਕਲਪ ਗੁਰਮੱਤ ਦੇ ਅਨੁਸਾਰੀ ਨਹੀਂ।

ਤੀਸਰਾ, ਅਖੌਤੀ ਅਕਾਲ-ਤਖਤ ਵਿਵਸਥਾ ਰਾਹੀਂ ਸਿਖ ਮੱਤ ਵਿੱਚ ਡੇਰਾਵਾਦ ਅਤੇ ਸ਼ਖਸੀ ਗੁਰੂ ਦੀ ਪਰੰਪਰਾ ਦਾ ਉਥਾਨ ਹੋਇਆ ਹੈ। ਅਕਾਲ ਬੁੰਗੇ ਵਿੱਚ ਡੇਰਾਵਾਦ ਦੀ ਨੀਂਹ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰੱਖ ਦਿੱਤੀ ਗਈ ਸੀ ਪਰੰਤੂ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਕਰਕੇ ਉਹ ਯੋਜਨਾ ਪੂਰੀ ਤਰ੍ਹਾਂ ਸਿਰੇ ਨਾਂ ਚੜ੍ਹ ਸਕੀ। 1926 ਈਸਵੀ ਤੋਂ ਪਿੱਛੋਂ ‘ਜੱਥੇਦਾਰ’ ਨੂੰ ਸ਼ਖਸੀ ਗੁਰੂ ਵਜੋਂ ਉਭਾਰਦੇ ਹੋਏ ਅਕਾਲ ਬੁੰਗੇ ਨੂੰ ਪੂਰੀ ਤਰ੍ਹਾਂ ਇੱਕ ਡੇਰੇ ਦਾ ਰੂਪ ਦੇ ਦਿੱਤਾ ਗਿਆ ਹੈ। ਹੁਣ ਡੇਰਾਵਾਦ ਸਿਖ-ਮਾਨਸਿਕਤਾ ਦਾ ਹਿੱਸਾ ਹੀ ਬਣ ਗਿਆ ਹੈ ਅਤੇ ਤਕਰੀਬਨ ਹਰ ਡੇਰੇ ਵਿੱਚ ਅੰਮ੍ਰਿਤਧਾਰੀ ਸਿਖ ਚੱਕਰ ਕਟਦੇ ਵੇਖੇ ਜਾ ਸਕਦੇ ਹਨ।

ਚੌਥਾ, ਅਖੌਤੀ ‘ਅਕਾਲ-ਤਖਤ’ 1635 ਈਸਵੀ ਤੋਂ ਪਿੱਛੋਂ ਲਗਾਤਾਰ ਮਨਮੱਤ ਦਾ ਅੱਡਾ ਬਣਿਆਂ ਹੋਇਆ ਹੈ। ਇਸ ਜਗਹ ਤੇ ‘ਜੱਥੇਦਾਰ’ ਵਿਵਸਥਾ ਸ਼ੁਰੂ ਹੋਣ ਤੇ ਤਾਂ ਨਿੱਤ ਹੀ ਝੂਠ ਅਤੇ ਪਖੰਡ ਦੀ ਨੰਗੀ-ਚਿੱਟੀ ਖੇਡ ਖੇਡੀ ਜਾਂਦੀ ਹੈ। ਇੱਥੋਂ ਤਕ ਕਿ ਅਕਾਲ ਬੁੰਗਾ ਇਮਾਰਤ ਵਿੱਚ ਪੰਜਵੀਂ ਮੰਜ਼ਿਲ ਉੱਤੇ ਅਖੌਤੀ ਦਸਮ ਗ੍ਰੰਥ ਦਾ ‘ਪਰਕਾਸ਼’ ਵੀ ਹੁੰਦਾ ਦਸਿੱਆ ਜਾਂਦਾ ਹੈ। ਅਜੋਕਾ ‘ਜੱਥੇਦਾਰ’ ਖੁਦ ਇਸ ਕੂੜ ਗ੍ਰੰਥ ਦਾ ਪਰਚਾਰਕ ਹੈ। ਇਸ ਤੋਂ ਪਹਿਲੇ ‘ਜੱਥੇਦਾਰ’ ਨੇ ਅਨਮੱਤੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦੀ ਸੰਪਾਦਨਾਂ ਵੀ ਕਰ ਵਿਖਾਈ ਸੀ। ਇੱਕ ਹੋਰ ਅਜਿਹੇ ‘ਜੱਥੇਦਾਰ’ ਨੇਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦਸਿੱਆ ਸੀ। ‘ਜੱਥੇਦਾਰ’ ਦਾ ਅਹੁਦਾ ਕਾਇਮ ਕਰਨਾ ਆਪਣੇ-ਆਪ ਵਿੱਚ ਇੱਕ ਅਨਮੱਤੀ ਕਾਰਵਾਈ ਹੈ ਕਿਉਂਕਿ ਗੁਰਮੱਤ ਅਨੁਸਾਰ ਸਾਰੇ ਸਿਖ ਬਰਾਬਰ ਹਨ ਅਤੇ ਸਿੱਖਾਂ ਵਿੱਚ ਕੋਈ ਦਰਜਾਬੰਦੀ ਨਹੀਂ ਹੋ ਸਕਦੀ।

ਪੰਜਵਾਂ, ਅਖੌਤੀ ਅਕਾਲ-ਤਖਤ ਵਿਵਸਥਾ ਦੇ ਕਰਕੇ ਹੀ ਸਿਖ ਕੌਮ ਨੂੰ 1984 ਈਸਵੀ ਵਿੱਚ ਦੋ ਵੱਡੇ ਸਾਕੇ ਸਹਿਣੇ ਪਏ ਹਨ। ਪਰੰਤੂ ਅਸੀਂ ਕਦੀ ਨਹੀਂ ਸੋਚਿਆ ਕਿ ਜਰਨੈਲ ਸਿੰਘ ਭਿੰਡਰਾਂਵਾਲੇ (ਜੋ ਖੁਦ ਹੀ ਇੱਕ ਅਨਮੱਤੀ ਡੇਰੇ ਦੇ ਮੁੱਖੀ ਸਨ) ਵੱਲੋਂ ਕੀਤੀ ਗਈ ‘ਅਕਾਲ-ਤਖਤ’ ਦੀ ‘ਵਰਤੋਂ’ ਗੁਰਮੱਤ ਅਨੁਸਾਰ ਹੈ ਸੀ ਜਾਂ ਨਹੀਂ ਅਤੇ ਇਸੇ ਸਥਿਤੀ ਦੇ ਹਿੱਸੇ ਦੇ ਤੌਰ ਤੇ ਬੇਅੰਤ ਸਿੰਘ (ਜੋ ਕਿ ਪ੍ਰਧਾਨ ਮੰਤਰੀ ਦੇ ਅੰਗਰਖਿਅਕ ਵਜੋਂ ਸੇਵਾ ਵਿੱਚ ਸੀ) ਵੱਲੋਂ ਆਪਣੀ ਨੌਕਰੀ ਦੇ ਫਰਜ਼ਾਂ ਨੂੰ ਭੁਲਾਉਂਦੇ ਹੋਏ ਇੱਕ ਨਿਹੱਥੀ ਔਰਤ (ਭਾਵੇਂ ਉਹ ਸਿੱਖ ਕੌਮ ਲਈ ਕਿੱਡੀ ਵੀ ਵੱਡੀ ‘ਪਾਪਣ’ ਸੀ) ਨੂੰ ਮਾਰ ਮੁਕਾਉਣਾ ਸਿਖ ਸਿਧਾਂਤਾਂ ਦੇ ਅਨੁਸਾਰ ਬਣਦਾ ਸੀ ਕਿ ਨਹੀਂ। ਪਰੰਤੂ ਸਿਖ ਮਾਨਸਿਕਤਾ ਅਨੁਸਾਰ ਤਾਂ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਬੇਅੰਤ ਸਿੰਘ ‘ਕੌਮੀ ਸ਼ਹੀਦ’ ਹਨ।

ਛੇਵਾਂ, ਅਖੌਤੀ ਅਕਾਲ-ਤਖਤ ਵਿਵਸਥਾ ਹੋਂਦ ਵਿੱਚ ਆਉਣ ਤੇ ਗਿਆਰ੍ਹਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਜੀ ਅਤੇ ਦਰਬਾਰ ਸਾਹਿਬ ਦੀ ਪ੍ਰਤਿਸ਼ਠਾ ਨੂੰ ਠੇਸ ਵੱਜੀ ਹੈ। ਅਸਲ ਵਿੱਚ ਇਸ ਵਿਵਸਥਾ ਨੂੰ ਕਾਇਮ ਕਰਨ ਦਾ ਮੁੱਖ ਉਦੇਸ਼ ਹੀ ਸ੍ਰੀ ਗੁਰੂ ਗ੍ਰੰਥ ਜੀ ਅਤੇ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਢਾ ਲਾਉਣਾ ਸੀ ਅਤੇ ਦੋਖੀਆਂ ਨੂੰ ਇਸ ਵਿੱਚ ਕਾਮਯਾਬੀ ਵੀ ਮਿਲੀ ਹੈ। ਉਧਰ ਡਾ. ਦਿਲਗੀਰ ਵਰਗੇ ਵਿਦਵਾਨ ਵੀ ਆਪਣੇ ‘ਅਕਾਲ-ਤਖਤ’ ਨੂੰ ‘ਕੇਂਦਰ ਅਤੇ ਦਰਬਾਰ’ ਦਾ ਦਰਜਾ ਦੇ ਰਹੇ ਹਨ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਜੀ ਸਿਖ ਮੱਤ ਦਾ ਕੇਂਦਰ ਨਹੀਂ ਅਤੇ ਦਰਬਾਰ ਸਾਹਿਬ ਸਿਖ ਮੱਤ ਲਈ ਦਰਬਾਰ ਨਹੀਂ। ਉਂਜ ਵੀ ਹਰ ਕੋਈ ‘ਅਕਾਲ-ਤਖਤ’ ਨੂੰ ਹੀ ‘ਸਰਵਉੱਚ’ ਦਰਸਾਈ ਜਾ ਰਿਹਾ ਹੈ। ਅੱਜ ਸਿਖ ਲੋਕ ਦਰਬਾਰ ਸਾਹਿਬ ਵਿੱਚ ਮੰਨਤਾਂ ਮੰਨਣ ਅਤੇ ਸ਼ੁਕਰਾਨੇ ਕਰਨ ਜਾਂਦੇ ਹਨ ਨਾਂ ਕਿ ਸਿੱਖੀ ਦੇ ‘ਸਰਵਉੱਚ’ ਸੋਮੇ ਤੋਂ ਪਰੇਰਣਾ ਲੈਣ ਲਈ; ਬਹੁ-ਗਿਣਤੀ ਉਹਨਾਂ ਦੀ ਹੈ ਜੋ ਉਥੇ ਹੇਮ-ਕੁੰਟ ਵਾਂਗੂ ਤੀਰਥ-ਯਾਤਰਾ ਕਰਨ ਜਾਂ ਫਿਰ ਕੇਵਲ ਫੈਸ਼ਨ ਵਜੋਂ ਹੀ ਭੀੜ ਕਰੀ ਫਿਰਦੇ ਹਨ।

ਸੱਤਵਾਂ, ਅਖੌਤੀ ਅਕਾਲ-ਤਖਤ ਵਿਵਸਥਾ ਰਾਹੀਂ ਸਿਖ ਲੋਕਾਂ ਵਿੱਚ ਝੂਠ ਬੋਲਣ ਦੀ ਪ੍ਰਵਿਰਤੀ ਪਨਪੀ ਹੈ। ਲਾਈਲੱਗਪੁਣੇ ਅਧੀਨ ਝੂਠ ਨੂੰ ਸੱਚ ਮੰਨ ਲੈਣਾ ਵੀ ਝੂਠੇ ਹੋਣ ਦੇ ਬਰਾਬਰ ਹੀ ਹੁੰਦਾ ਹੈ। ਪਰੰਤੂ ਕੀ ਜਾਣ-ਬੁੱਝ ਕੇ ਝੂਠ ਬੋਲਣਾਂ (ਉਹ ਵੀ ‘ਜਾਗਰੂਕ’ ਕਹਾਉਂਦੇ ਸਿੱਖਾਂ ਵੱਲੋਂ) ਮਹਾਂ-ਪਾਪ ਨਹੀਂ? ਅੱਜ ਸਿੱਖਾਂ ਵੱਲੋਂ ਇਹ ਦੋ ਝੂਠ ਸ਼ਰੇਆਮ ਹੀ ਬੋਲੇ ਜਾ ਰਹੇ ਹਨ: ਪਹਿਲਾ ਕਿ ਛੇਵੇਂ ਗੁਰੁ ਜੀ ਦੇ ਤਖਤ ਦਾ ਨਾਮ ‘ਅਕਾਲ’ ਤਖਤ ਸੀ ਅਤੇ ਦੂਸਰਾ ਇਹ ਕਿ ਅਕਾਲ ਬੁੰਗਾ ਇਮਾਰਤ ਇੱਕ ਤਖਤ ਹੈ। ਤੀਸਰਾ ਵੱਡਾ ਝੂਠ ‘ਅਕਾਲ-ਤਖਤ’ ਦੇ ਸਿਧਾਂਤ/ਫਲਸਫੇ ਬਾਰੇ ਹੈ; ਹੁਣ ਤਕ ਕੋਈ ਵੀ ਵਿਦਵਾਨ ਸੂਤਰ ਰੂਪ ਵਿੱਚ ‘ਅਕਾਲ-ਤਖਤ’ ਦਾ ਕੋਈ ਸਿਧਾਂਤ/ਫਲਸ਼ਫਾ ਪੇਸ਼ ਨਹੀਂ ਕਰ ਸਕਿਆ ਭਾਵੇਂ ਕਿ ਅਜਿਹੇ ਸਿਧਾਂਤ/ਫਲਸਫੇ ਦੇ ਮੌਜੂਦ ਹੋਣ ਦਾ ਦਾਵਾ ਸਾਰੇ ਹੀ ਕਰੀ ਜਾ ਰਹੇ ਹਨ। ਅਜਿਹੇ ਝੂਠਾਂ ਦੀ ਸੂਚੀ ਕਾਫੀ ਲੰਬੀ ਹੈ। ਇਸ ਸਾਰੇ ਕੁੱਝ ਤੋਂ ਤਾਂ ਇੰਜ ਲਗਦਾ ਹੈ ਕਿ ਸਿਖ ਕੌਮ ਝੂਠਿਆਂ ਦੀ ਕੌਮ ਹੈ।

ਸਿਖ-ਮਾਨਸਿਕਤਾ ਵਿੱਚ ਭਾਵੇਂ ਅਠਾਰ੍ਹਵੀਂ ਸਦੀ ਈਸਵੀ ਦੇ ਅੰਤ ਤੋਂ ਪਿੱਛੇ ਨੂੰ ਦੂਜੇ-ਤੀਜੇ ਦਹਾਕੇ ਤੋਂ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਸੀ ਪਰੰਤੂ ਅਖੌਤੀ ਅਕਾਲ-ਤਖਤ ਵਿਵਸਥਾ ਨੇ ਇਸ ਨੂੰ ਪੂਰੀ ਤਰ੍ਹਾਂ ਬਿਮਾਰ ਕਰ ਦਿੱਤਾ ਹੋਇਆ ਹੈ। ਹੁਣ, ਉਹ ਵਿਅਕਤੀ ਜੋ ਜਾਗਰੂਕ ਨਹੀਂ ਅਤੇ ਜਿਸਦੀ ਮਾਨਸਿਕਤਾ ਬਿਮਾਰ ਹੈ ਸਿਖ ਅਖਵਾਉਣ ਦਾ ਹੱਕਦਾਰ ਨਹੀਂ ਕਿਉਂਕਿ ਗੁਰਮੱਤ ਦੀ ਸਭ ਤੋਂ ਵੱਡੀ ਬਖਸ਼ਿਸ਼ ਹੀ ਜਾਗਰੂਕਤਾ ਅਤੇ ਸਿਹਤਮੰਦ ਮਾਨਸਿਕਤਾ ਹੈ। ਚਾਹੀਦਾ ਤਾਂ ਇਹ ਸੀ ਕਿ ਇੱਕੀਵੀਂ ਸਦੀ ਤਕ ਪਹੁੰਚਦਿਆਂ ਅਸੀਂ ਸੰਸਾਰ ਦੇ ਸਾਹਮਣੇ ਸਿਖ ਮੱਤ ਨੂੰ ਇੱਕ ਆਧੁਨਿਕ, ਵਿਵਹਾਰਕ ਅਤੇ ਨਿਵੇਕਲੇ ਮੱਤ ਦੇ ਤੌਰ ਤੇ ਪਰਦਰਸ਼ਿਤ ਕਰਦੇ ਪਰੰਤੂ ਹੋਇਆ ਇਹ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਅਖੌਤੀ ਅਕਾਲ-ਤਖਤ ਵਰਗੀਆਂ ਵਿਵਸਥਾਵਾਂ ਦੀ ਗੁਲਾਮ ਬਣਾ ਕੇ ਨਮੋਸ਼ੀ ਹੀ ਨਮੋਸ਼ੀ ਖੱਟੀ ਹੈ। ਪਰੰਤੂ ਢੀਠ ਅਸੀਂ ਇਤਨੇ ਹੋ ਗਏ ਹਾਂ ਕਿ ਹਾਲੇ ਵੀ ਸੜਕਾਂ ਉੱਤੇ ਗੱਤਕਾ ਖੇਡਦੇ ਫਿਰਦੇ ਹਾਂ।

ਆਓ, ਵੇਲਾ ਸੰਭਾਲ ਲਈਏ! !

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਸੰਪਰਕ ਲਈ ਫੋਨ ਨੰ. 9317910734, 0172-5077510

ਈ-ਮੇਲ ਐਡਰੈੱਸ: drisdhillon@yahoo.com




.