.

ਗੁਰਸਿਖ ਮੀਤ ਚਲਹੁ ਗੁਰ ਚਾਲੀ

ਧਰਮ ਇੱਕ ਸੱਚ ਦਾ ਰਾਹ, ਪੰਥ ਜਾਂ ਮਾਰਗ ਹੈ ਜੋ ਮਨੁੱਖ ਨੂੰ ਮਾਨਸਕ ਤੌਰ ਤੇ ਮੁਕਤ ਕਰਾ ਕੇ ਇੱਕ ਸ਼ਾਂਤਮਈ, ਸੁਖੀ ਤੇ ਅਨੰਦਤ ਜੀਵਨ ਜਿਉਣ ਦੀ ਜਾਚ ਸਿਖਾਉਂਦਾ ਹੈ। ਇਸ ਮਾਰਗ ਨੂੰ “ਅਵਘਟ ਘਾਟੀ”, “ਬਿਖੜਾ ਪੰਥ”, “ਬਿਖਮ ਡਰਾਵਣਾ” ਜਾਂ “ਖੰਡੇਧਾਰ ਗਲੀ ਅਤਿ ਭੀੜੀ” ਵੀ ਕਿਹਾ ਗਿਆ ਹੈ ਕਿਉਂਕਿ ਦੁਨਿਆਵੀ ਰਸਤਿਆਂ ਵਾਂਗ ਇਸ ਦੀ ਕੋਈ ਦਿਸਦੀ ਲੀਹ ਜਾਂ ਰੇਖਾ ਨਹੀ ਹੈ ਤੇ ਰਸਤਾ ਆਪ ਹੀ ਲੱਭਣਾ ਤੇ ਬਨਾਉਣਾ ਪੈਂਦਾ ਹੈ ਜਿਵੇਂ: ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ॥ (525)। ਭਾਵ: ਜਿਵੇਂ ਆਕਾਸ਼ ਵਿੱਚ ਪੰਛੀ ਉਡਦਾ ਹੈ ਪਰ ਉਸਦੇ ਉੱਡਣ ਵਾਲੇ ਰਸਤੇ ਦਾ ਖੁਰਾ ਖੋਜ ਵੇਖਿਆ ਨਹੀ ਜਾ ਸਕਦਾ, ਜਿਵੇਂ ਮੱਛੀ ਪਾਣੀ ਵਿੱਚ ਤਰਦੀ ਹੈ ਪਰ ਉਸਦਾ ਰਾਹ ਵੇਖਿਆ ਨਹੀ ਜਾ ਸਕਦਾ। ਇਸੇ ਤਰਾਂ ਧਰਮ ਦਾ (ਨਿਰਆਕਾਰ) ਰਾਹ ਵੀ ਅੱਖਾਂ ਨਾਲ ਨਹੀ ਦਿਸਦਾ ਤੇ ਆਪ ਹੀ ਬਨਾਉਣਾ ਪੈਂਦਾ ਹੈ।

ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥ (71)। ਭਾਵ: ਮੈਨੂੰ ਸਮਝ ਨਹੀ ਕਿ ਪਰਮਾਤਮਾ ਨੂੰ ਕਿਹੜੀ ਗਲ ਚੰਗੀ ਲਗਦੀ ਹੈ (ਭਾਵ ਕਿ ਧਰਮ ਦੇ ਰਸਤੇ ਦਾ ਪਤਾ ਨਹੀ)। ਹੇ ਮਨ, ਤੂੰ ਉਹ ਰਸਤਾ ਲੱਭ। ਧਰਮ ਦੇ ਸੂਝਵਾਨਾਂ ਕੋਲੋਂ ਜਾਣਕਾਰੀ ਤਾਂ ਲਈ ਜਾ ਸਕਦੀ ਹੈ ਪਰ ਰਸਤਾ ਆਪ ਹੀ ਬਨਾਉਣਾ (ਉਸਤੇ ਆਪ ਹੀ ਚਲਣਾ) ਪੈਂਦਾ ਹੈ ਤੇ ਇਸੇ ਲਈ ਇਸਨੂੰ ਔਖਾ ਤੇ ਬਿਖੜਾ ਦੱਸਿਆ ਹੈ।

ਸਤਿਗੁਰ ਮਿਲੇ ਤ ਮਾਰਗੁ ਦਿਖਾਇਆ॥ ਜਗਤ ਪਿਤਾ ਮੇਰੈ ਮਨ ਭਾਇਆ॥ (476) ਸਤਿਗੁਰ ਮਾਰਗ ਦਿਖਾ ਸਕਦਾ ਹੈ, ਜਾਣਕਾਰੀ ਦੇ ਸਕਦਾ ਹੈ ਪਰ ਚਲਨਾ ਮਨੁੱਖ ਨੂੰ ਆਪ ਹੀ ਪੈਂਦਾ ਹੈ। ਮਨੁੱਖ ਦੀ ਫਿਤਰਤ ਹੈ ਕਿ ਉਹ ਹਰ ਕੰਮ ਲਈ ਸਦਾ ਛੋਟਾ ਤੇ ਸੁਖੱਲਾ ਰਾਹ ਲੱਭਦਾ ਹੈ ਤੇ ਇਹੀ ਇਸਨੇ ਧਰਮ (ਸਚ) ਦੇ ਰਾਹ ਲਈ ਕੀਤਾ। ਅਦ੍ਰਿਸ਼ਟ ਮਨ ਨੂੰ ਸੋਧਣ (ਸੱਚ ਦੇ ਮਾਰਗ ਤੇ ਚੱਲਣ) ਦੇ “ਬਿਖੜੇ ਪੰਥ” ਨੂੰ ਛੋਟਾ ਤੇ ਸੌਖਾ ਕਰਨ ਲਈ ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਵਿੱਚ ਬਦਲ ਕੇ ਇਨਾ ਪ੍ਰਚਲਤ ਕਰ ਦਿੱਤਾ ਕਿ ਸੱਚ ਦੇ ਮਾਰਗ ਦੀ ਪਛਾਣ ਹੀ ਗੁਆਚ ਗਈ। ਇਸ ਲਈ ਕਬੀਰ ਜੀ ਨੂੰ ਕਹਿਣਾ ਪੈ ਗਿਆ: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ॥ ਇੱਕ ਅਵਘਟ ਘਾਟੀ ਰਾਮ ਕੀ ਤਿਹ ਚੀੜ ਰਹਿਓ ਕਬੀਰ॥ (1373)। ਭਾਵ: ਹੇ ਕਬੀਰ, ਜਿਸ ਰਸਤੇ ਉਤੇ ਪੰਡਿਤ ਤੁਰ ਰਹੇ ਹਨ (ਇਹ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦਾ ਰਾਹ ਕਿਉਂਕਿ ਸੌਖਾ ਦਿਸਦਾ ਹੈ) ਬੜੇ ਲੋਕ ਉਹਨਾਂ ਦੇ ਪਿੱਛੇ ਪਿੱਛੇ ਲੱਗੇ ਹੋਏ ਹਨ ਪਰ ਸੱਚ ਦਾ ਮਾਰਗ ਕਿਉਂਕਿ ਇੱਕ ਔਖਾ ਪਹਾੜੀ ਰਸਤਾ ਹੈ ਕਬੀਰ ਪੰਡਤਾਂ ਦੇ ਸੌਖੇ ਪਰ ਔਝੜ ਰਾਹ ਨੂੰ ਛੱਡ ਕੇ ਸੱਚ ਦੇ ਮਾਰਗ ਤੇ ਚੱਲ ਰਿਹਾ ਹੈ। ਇਹਨਾਂ ਧਰਮਾਂ ਦੇ ਆਗੂਆਂ ਨੇ ਹੀ ਸਵਾਰਥੀ ਮਨੋਰਥਾਂ ਲਈ ਧਰਮ ਦੀ ਰੂਪ ਰੇਖਾ “ਸੱਚ ਦੇ ਮਾਰਗ” ਨੂੰ ਬੜੀਆਂ ਸੌਖੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾ ਦੇ ਜਾਲ ਵਿੱਚ ਬਦਲਨ ਦਾ ਵਡ੍ਹਾ ਅਪਰਾਧ ਕੀਤਾ (ਤੇ ਕਰ ਰਹੇ ਹਨ) ਜਿਸਤੋਂ ਅਜੇ ਤਕ ਮਨੁੱਖਤਾ ਚੌਕਸ ਨਹੀ ਹੋਈ।

ਬਾਬੇ ਨਾਨਕ ਨੇ ਉਸ ਸੱਚ ਦੇ ਮਾਰਗ (ਧਰਮ) ਨੂੰ ਨਿਖੇੜ ਕੇ ਜਦੋਂ ਜਗਤ ਦੇ ਸਾਹਮਣੇ ਰਖਿਆ ਸੀ ਤਾਂ ਸਭ ਨਾਲੋਂ ਪਹਿਲਾਂ ਉਸਦਾ ਵਿਰੋਧ ਇਹਨਾਂ ਧਰਮ ਦੇ ਆਗੂਆਂ ਨੇ ਹੀ ਕੀਤਾ ਸੀ। ਸੱਚ ਦਾ ਮਾਰਗ ਸਭਨਾਂ ਲਈ ਸਾਂਝਾ ਹੈ ਤੇ ਇਸ ਤੇ ਚੱਲੇ ਬਿਨਾ ਕੋਈ ਵੀ ਧਰਮੀ ਨਹੀ ਅਖਵਾ ਸਕਦਾ। ਬਾਬੇ ਨਾਨਕ ਨੇ ਕਿਸੇ ਵੀ ਧਰਮ ਨੂੰ ਖੰਡਨ ਨਹੀ ਕੀਤਾ ਪਰ ਉਹਨਾਂ ਵਿੱਚ ਪ੍ਰਚਲਤ ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ (ਜੋ ਅੱਜ ਸਿੱਖ ਜਗਤ ਵਿੱਚ ਘਰ ਕਰ ਚੁੱਕੇ ਹਨ) ਹੀ ਗਿਆਨ ਦੁਆਰਾ ਖੰਡਨ ਕੀਤਾ ਸੀ। ਜਿਹੜੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਕਰਕੇ ਪੰਡਿਤ ਆਪਣੇ ਆਪ ਨੂੰ ਧਰਮੀ ਅਖਵਾਂਦਾ ਸੀ ਉਹਨਾਂ ਨੂੰ ਹੀ ਗੁਰੂ ਨੇ ਨਕਾਰਿਆ ਸੀ: ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ॥ ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ॥ ਕਥਨੀ ਝੂਠੀ ਜਗੁ ਭਵੇ ਰਹਿਣੀ ਸਬਦੁ ਸੁ ਸਾਰੁ॥ (56)। ਭਾਵ: ਪੰਡਿਤ ਲੋਕ ਧਾਰਮਕ ਪੁਸਤਕਾਂ ਪੜ੍ਹਦੇ ਹਨ (ਪਰ ਅੰਦਰੋਂ ਗੁਣ-ਹੀਣ ਹੋਣ ਕਰਕੇ ਉਹਨਾਂ ਪੁਸਤਕਾਂ ਦੀ) ਵਿਚਾਰ ਨਹੀ ਸਮਝਦੇ, ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ। ਉਹਨਾਂ ਦਾ ਇਹ ਸਾਰਾ ਉੱਦਮ ਮਾਇਆ ਕਮਾਉਣ ਲਈ ਵਾਪਾਰ ਹੀ ਬਣਿਆ ਰਹਿ ਜਾਂਦਾ ਹੈ। ਧਰਮ ਕਿਉਂਕਿ ਵਾਪਾਰ ਨਹੀ ਇਸ ਲਈ ਇਹ ਵਾਪਾਰਕ ਕਰਮ ਕਾਂਡ (ਜੋ ਅੱਜ ਪੂਰੇ ਜ਼ੋਰਾਂ ਤੇ ਹੈ) ਨੂੰ ਗੁਰੂ ਨੇ ਪਰਵਾਨ ਨਹੀ ਕੀਤਾ। ਇਹ ਸਿਖਿਆ ਪੰਡਿਤ ਨੂੰ ਨਹੀ ਦਿੱਤੀ ਪਰ “ਸੱਚ ਦੇ ਮਾਰਗ” ਤੇ ਚਲਣ ਵਾਲੇ ਹਰ ਪਾਂਧੀ ਲਈ ਹੈ ਤੇ ਖਾਸ ਕਰਕੇ ਸਿੱਖ ਲਈ। ਹੁਣ ਵੇਖਿਆ ਜਾ ਸਕਦਾ ਹੈ ਕਿ ਗੁਰਦੁਆਰਿਆਂ ਵਿੱਚ ਉਹੀ ਹੋ ਰਿਹਾ ਹੈ ਜੋ ਪੰਡਿਤ ਕਰਦੇ ਸਨ। ਉਪਰੋਕਤ ਪੰਗਤੀਆਂ ਦੇ ਭਾਵ-ਅਰਥ ਵਿੱਚ ਪੰਡਿਤ ਦੀ ਜਗ੍ਹਾ “ਸਿੱਖ” ਲਾ ਕੇ ਪੜ੍ਹਨ ਨਾਲ ਸ਼ਾਇਦ ਮਨ ਨੂੰ ਕਿਤੇ ਠੋਕਰ ਲੱਗ ਹੀ ਜਾਵੇ। ਜੇ ਧਰਮ ਦੇ ਸਾਰੇ (ਪੇਸ਼ਾਵਰੀ) ਕਰਮ ਧਨ ਦੀ ਖਾਤਰ ਹੀ ਹੋ ਰਹੇ ਹਨ ਤਾਂ ਇਹ ਵਾਪਾਰ ਨਹੀ ਤਾਂ ਕੀ ਹੈ? ਕੁਛ ਕਰਨ ਦੀ ਕੀਮਤ ਵਸੂਲਣੀ ਹੀ ਤਾਂ ਵਾਪਾਰ ਹੈ। ਧਰਮ ਕਿੱਤਾ ਜਾਂ ਵਪਾਰ ਨਹੀ ਹੋ ਸਕਦਾ। ਧਰਮ ਮਨ ਦੀ ਸਾਧਨਾ ਹੈ ਜੋ ਖਰੀਦੀ ਜਾਂ ਕੀਤੀ ਕਤਾਈ ਨਹੀ ਮਿਲ ਸਕਦੀ। ਧਰਮੀ ਹੋਣ ਦਾ ਰਾਹ ਹੀ ਇਕੋ ਹੈ ਤੇ ਸਭ ਨੂੰ ਉਸ ਤੇ ਆਪ ਹੀ ਚੱਲਣਾ ਪੈਂਦਾ ਹੈ:

ਸੋ ਪੰਡਿਤੁ ਜੋ ਮਨੁ ਪਰਬੋਧੈ॥ ਰਾਮ ਨਾਮੁ ਆਤਮ ਮਹਿ ਸੋਧੈ॥ (274) ਭਾਵ: (ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿਖਿਆ ਦਿੰਦਾ (ਸਮਝਾਂਦਾ ਜਾਂ ਸੋਧਦਾ) ਹੈ ਅਤੇ ਪ੍ਰਭੂ ਦੇ ਨਾਮ (ਹੁਕਮ) ਨੂੰ ਆਪਣੇ ਮਨ ਵਿੱਚ ਭਾਲਦਾ ਹੈ। ਇਸ ਲਈ ਅਸਲੀ ਸਿੱਖ ਵੀ ਉਹੀ ਹੋ ਸਕਦਾ ਹੈ ਜੋ ਆਪਣੇ ਮਨ ਨੂੰ (ਗੁਰ) ਸਿਖਿਆ ਦਿੰਦਾ ਹੈ ਅਤੇ ਪਰਮਾਤਮਾ (ਗੁਰੂ) ਦੇ ਹੁਕਮ ਦੀ ਆਪਣੇ ਮਨ ਵਿੱਚ ਵੀਚਾਰ ਕਰਦਾ ਹੈ।

ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲਿ ਤੇ ਧੋਵੈ॥ (1084)। ਭਾਵ: (ਅਸਲ) ਮੁਸਲਮਾਨ ਉਹ ਹੈ ਜੋ ਮੋਮ ਵਰਗੇ ਨਰਮ ਦਿਲ ਵਾਲਾ ਹੋਵੇ ਅਤੇ ਜਿਸ ਨੇ ਆਪਣੇ ਦਿਲ ਤੋਂ ਅੰਦਰਲੀ (ਵਿਕਾਰਾਂ ਦੀ) ਮੈਲ ਨੂੰ ਧੋ ਦਿੱਤਾ ਹੋਵੇ। ਸਪਸ਼ਟ ਹੈ ਕਿ ਮਨ ਦੀ ਪਵਿਤ੍ਰਤਾ ਹੀ ਸਚ ਦੇ ਮਾਰਗ ਦੀ ਕਸਵੱਟੀ ਹੈ। ਜਿਨ੍ਹਾਂ ਰੀਤਾਂ ਰਸਮਾਂ ਨੂੰ ਕਰਨ ਨਾਲ ਇੱਕ ਮੁਸਲਮਾਨ ਆਪਣੇ ਆਪ ਨੂੰ ਧਰਮੀ ਕਹਿਲਾਂਦਾ ਸੀ, ਉਸ ਬਾਰੇ ਗੁਰ ਫੁਰਮਾਨ ਹੈ: ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ (140)। ਭਾਵ: (ਲੋਕਾਂ ਉਤੇ) ਤਰਸ ਦੀ ਮਸੀਤ (ਬਣਾਉ), ਸ਼ਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਉ)। ਵਿਕਾਰਾਂ ਤੋਂ ਰੁਕਣ ਨੂੰ ਸੁੰਨਤ ਤੇ ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰਾਂ (ਹੇ ਭਾਈ) ਮੁਸਲਮਾਨ ਬਣ। ਉੱਚਾ ਆਚਰਨ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ। ਜੋ ਗਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ ਅਜੇਹੇ (ਮੁਸਲਮਾਨ) ਦੀ ਰੱਬ ਲਾਜ ਰੱਖਦਾ ਹੈ। ਬਾਹਰਲੀਆਂ ਰੀਤਾਂ ਰਸਮਾਂ ਨੂੰ ਖੰਡਨ ਕਰਕੇ ਅੰਦਰ ਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਸਰਬ ਸਾਂਝਾ ਹੈ ਤੇ ਸਭ ਧਰਮੀ ਅਖਵਾਉਣ ਵਾਲਿਆਂ ਤੇ ਲਾਗੂ ਹੁੰਦਾ ਹੈ, ਪਰ ਖਾਸ ਕਰਕੇ ਗੁਰੂ ਦੇ ਸਿੱਖ ਤੇ। ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥ (662) ਭਾਵ: ਉਹੀ ਮਨੁੱਖ ਅਕਲਮੰਦ ਹੈ ਜੋ ਆਪਣੇ ਦਿਲ ਵਿੱਚ ਟਿਕੀ ਹੋਈ ਬੁਰਾਈ ਨੂੰ ਦੂਰ ਕਰਦਾ ਹੈ। ਉਹੀ ਮੁਸਲਮਾਨ ਹੈ ਜੋ ਮਨ ਵਿਚੋਂ ਵਿਕਾਰਾਂ ਦੀ ਮੈਲ ਦੂਰ ਕਰਦਾ ਹੈ। ਇਹ ਸਿਖਿਆ ਸਰਬ ਸਾਂਝੀ ਹੈ ਕਿ ਬਾਹਰਲੀਆਂ ਰੀਤਾਂ ਰਸਮਾਂ ਦੇ ਕੂੜ ਕਰਕਟ ਨੂੰ ਛੱਡ ਕੇ (ਗੁਰੂ ਦੇ ਸ਼ਬਦ ਦੁਆਰਾ) ਮਨ ਦੀ ਸਾਧਨਾ ਕਰਨ ਨਾਲ ਹੀ ਧਰਮੀ ਹੋਇਆ ਜਾ ਸਕਦਾ ਹੈ, ਮਨ ਨਿਰਮਲ ਹੋ ਸਕਦਾ ਹੈ ਪਰ ਕਿਉਂਕਿ ਇਹ ਮਾਰਗ ਔਖਾ ਲਗਦਾ ਹੈ ਇਸ ਲਈ ਕੋਈ ਵਿਰਲਾ ਹੀ ਇਸ ਤੇ ਚਲਦਾ ਹੈ। ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ॥ (600)। ਭਾਵ: ਹੇ ਭਾਈ, ਪਰਮਾਤਮਾ ਦੇ ਮਿਲਾਪ ਦਾ ਰਸਤਾ ਬੜ ਕਠਨ ਹੈ ਤੇ ਗੁਰੂ ਦੀ ਸ਼ਬਦ ਵੀਚਾਰ ਦੁਆਰਾ ਕੋਈ ਵਿਰਲਾ ਹੀ ਇਸ ਰਸਤੇ ਤੇ ਚਲਦਾ ਹੈ। ਇਸ ਮਹਾਨ ਸੰਸਾਰ (ਜੰਗਲ) ਦੇ ਅੰਧੇਰੇ ਵਿਚੋਂ ਗੁਰੂ (ਗੁਰਸਬਦ)) ਹੀ ਸਿੱਧਾ ਰਾਹ ਦਿਖਾ ਸਕਦਾ ਹੈ। ਬਾਰਿ ਜਾਉ ਗੁਰ ਅਪੁਨੇ ਊਪਰਿ ਜਿਨ ਹਰਿ ਹਰਿ ਨਾਮੁ ਦ੍ਰਿੜਾਯਾ॥ ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਇਆ। (672)। ਨਾਮ ਦਾ ਦ੍ਰਿੜਾਉਣਾ ਮਨ ਵਿੱਚ ਗੁਰ ਸਿਖਿਆ ਨੂੰ ਪੱਕਾ ਕਰਨਾ ਹੀ ਹੈ ਕਿਉਂਕਿ ਇਸ ਗਿਆਨ ਨੇ ਹੀ “ਮਹਾ ਉਦਿਆਨ” (ਅਗਿਆਨਤਾ) ਦਾ ਅੰਧੇਰਾ ਦੂਰ ਕਰਨਾ ਹੈ। ਅਸਲ ਵਿੱਚ ਗੁਰੂ ਨੇ ਤਾਂ ਨਿਬੇੜਾ ਹੀ ਕਰ ਦਿੱਤਾ: ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ (558)। ਹੇ ਭਾਈ, ਜਿਤਨਾ ਚਿਰ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਹੈ ਉਤਨਾ ਚਿਰ ਮਨੁੱਖ ਜੋ ਵੀ ਕਰਦਾ ਹੈ ਸਭ ਕੁੱਝ ਵਿਕਾਰ ਹੀ ਕਰਦਾ ਹੈ ਤੇ ਸਰੀਰ ਨੂੰ ਇਸ਼ਨਾਨ ਕਰਾਉਣ ਨਾਲ ਮਨ ਪਵਿੱਤਰ ਨਹੀ ਹੋ ਸਕਦਾ। ਜੀਅਹੁ ਮੈਲੇ ਬਾਹਰਹੁ ਨਿਰਮਲ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥ (919)। ਭਾਵ: (ਨਿਰੇ ਬਾਹਰੋਂ ਧਾਰਮਕ ਦਿਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿੱਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ। ਜਿਹੜੇ ਬੰਦੇ ਬਾਹਰੋਂ ਪਵਿਤ੍ਰ ਦਿਸਣ, ਪਰ ਮਨੋ ਵਿਕਾਰੀ ਹੋਵਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਜਿਵੇਂ ਕੋਈ ਜੁਆਰੀ ਜੂਏ ਵਿੱਚ ਧਨ ਹਾਰ ਜਾਂਦਾ ਹੈ। ਇਸ ਲਈ ਬਾਹਰੋਂ ਧਰਮੀ ਲੱਗਣਾ ਸਚ ਦਾ ਮਾਰਗ ਨਹੀ, ਕੇਵਲ ਮਨ ਦੀ ਸਾਧਨਾ ਹੀ “ਸਚ ਦਾ ਮਾਰਗ” ਹੈ। (ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥ 342) ਤੇ ਇਸ ਨੂੰ ਪਵਿੱਤਰ ਕਰਨ ਲਈ ਇਕੋ ਇੱਕ ਰਾਹ ਹੈ: ਮਨ ਮੈਲੈ ਸੂਚਾ ਕਿਉ ਹੋਇ॥ ਸਾਚਿ ਮਿਲੈ ਪਾਵੈ ਪਤਿ ਸੋਇ॥ (686)। ਭਾਵ: ਮੈਲਾ ਮਨ ਪਵਿੱਤਰ ਕਿਵੇਂ ਹੋ ਸਕਦਾ ਹੈ? ਜਿਹੜਾ ਮਨੁੱਖ ਪਰਮਾਤਮਾ ਵਿੱਚ ਲੀਨ ਹੁੰਦਾ ਹੈ ਉਸਦਾ ਮਨ ਹੀ ਪਵਿੱਤਰ ਹੁੰਦਾ ਹੈ ਤੇ ਉਹੀ ਪਰਮਾਤਮਾ ਦੇ ਦਰ ਸੋਭਾ ਪਾਉਂਦਾ ਹੈ। ਗੁਰੂ ਤੋਂ ਬਿਨਾ ਪਰਮਾਤਮਾ ਨਾਲ ਮੇਲ ਨਹੀ ਹੋ ਸਕਦਾ, ਇਸ ਲਈ ਗੁਰੂ ਨਾਲ ਮੇਲ ਹੀ ਪਰਮਾਤਮਾ ਨਾਲ ਮੇਲ ਹੈ। ਇਹ ਉਸ “ਸਚ ਦੇ ਮਾਰਗ” ਤੇ ਚਲਣ ਦਾ ਅਸੂਲ ਹੈ ਜਿਸ ਤੋਂ ਮੁਨਕਰ ਹੋ ਕੇ ਸਫਲਤਾ ਪ੍ਰਾਪਤ ਨਹੀ ਹੋ ਸਕਦੀ। ਹਰ ਧਰਮ ਦੇ ਪਾਂਧੀ ਆਪਣੇ ਆਪਣੇ ਬਾਹਰਲੇ ਪਹਿਰਾਵਿਆਂ, ਧਰਮ ਸੰਕੇਤਾਂ (ਸ਼ਿੰਗਾਰਾਂ), ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ ਜੁੜੇ ਹੋਏ ਹਨ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਇਹ ਸਚ ਦੇ ਮਾਰਗ ਦੇ ਸਹਾਇਕ ਹਨ ਪਰ ਗੁਰਮਤਿ ਵਿੱਚ ਇਹਨਾਂ ਦੀ ਕੋਈ ਮਹੱਤਤਾ ਨਹੀ ਹੈ। ਗੁਰ ਫੁਰਮਾਨ ਹੈ: ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸੁ ਰਹੀ॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ॥ (785)। ਭਾਵ: ਹੇ ਲੋਕੋ, ਮੈ (ਨਿਰੀ) ਸੂਹੇ ਵੇਸ ਵਾਲੀ ਹੀ ਹਾਂ, ਮੈ ਨਿਰੇ ਸੂਹੇ ਕਪੜੇ ਹੀ ਪਾਂਦੀ ਹਾਂ, ਪਰ (ਨਿਰੇ) ਵੇਸਾਂ ਨਾਲ ਖਸਮ (ਪ੍ਰਭੂ) ਨਹੀ ਮਿਲਦਾ। ਮੈ (ਨਿਰੇ) ਵੇਸ ਕਰ ਕਰ ਕੇ ਥੱਕ ਗਈ ਹਾਂ। ਹੇ ਨਾਨਕ, ਖਸਮ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੇ ਸਤਿਗੁਰ ਦੀ ਸਿਖਿਆ ਸੁਣੀ ਹੈ। ਜਦੋਂ ਜੀਵ ਇਸਤ੍ਰੀ ਨੂੰ ਪ੍ਰਭੂ ਦੀ ਰਜ਼ਾ ਭਾ ਜਾਵੇ ਤਦੋਂ (ਇਸ ਤਰਾਂ) ਉਸਨੂੰ ਖਸਮ-ਪ੍ਰਭੂ ਦਾ ਮਿਲਾਪ ਹੁੰਦਾ ਹੈ। ਇਥੇ ਸੂਹਾ ਵੇਸ ਵਿਕਾਰਾਂ ਦੀ ਖਿੱਚ ਦਾ ਪ੍ਰਤੀਕ ਹੈ। ਵਿਕਾਰਾਂ ਦੀ ਮੈਲ ਵਿੱਚ ਫਸੇ ਮਨੁੱਖ ਦਾ ਕਿਸੇ ਵੀ ਧਰਮੀ ਪਹਿਰਾਵੇ ਨਾਲ ਧਰਮੀ ਹੋਣ ਦਾ ਦਾਹਵਾ ਇੱਕ ਸੂਹਾ ਵੇਸ ਹੀ ਹੈ। ਸਚ ਦੇ ਮਾਰਗ ਦਾ ਬਾਹਰਲਾ ਪਹਿਰਾਵਾ ਕੋਈ ਨਹੀ ਹੈ ਕਿਉਂਕਿ ਇਹ ਮਾਰਗ ਹੀ ਅੰਦਰੂਨੀ ਨਿਰਆਕਾਰ ਮਨ ਦਾ ਹੈ, ਸਾਰੇ ਮਿਥੇ ਬਾਹਰਲੇ ਧਾਰਮਕ ਪਹਿਰਾਵੇ ਲੋਕ ਦਿਖਾਵਾ ਹੀ ਹਨ, (ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ॥ 1205) ਪਰ ਗੁਰੂ ਦੀ ਸਿਖਿਆ ਤੇ ਚਲ ਕੇ ਮਨ ਨੂੰ ਪ੍ਰਭੂ ਦੀ ਰਜ਼ਾ ਵਿੱਚ ਚਲਣ ਲਈ ਸਾਧਨਾ ਹੀ ਇਸ ਮਾਰਗ ਦਾ ਅੰਦਰੂਨੀ ਨਿਰਆਕਾਰ ਪਹਿਰਾਵਾ ਜ਼ਰੂਰ ਹੈ। ਬਾਹਰਲੇ ਦੁਨਿਆਵੀ ਧਾਰਮਕ ਪਹਿਰਾਵੇ ਤੇ ਸੰਕੇਤ ਇਥੇ ਹੀ ਸੜ ਬਲ ਜਾਣੇ ਹਨ ਪਰ ਅੰਦਰੂਨੀ ਨਿਰਆਕਾਰ ਪਹਿਰਾਵਾ ਸਦਾ ਨਾਲ ਨਿਭਣ ਵਾਲਾ ਹੈ ਤੇ ਕੇਵਲ ਇਹੀ ਗੁਰੂ ਨੂੰ ਪ੍ਰਵਾਨ ਹੈ। ਮੌਜੂਦਾ ਸਚ ਦੇ ਮਾਰਗ, ਗੁਰੂ ਦੇ ਮਾਰਗ, (ਧਰਮ) ਨੂੰ ਬਾਹਰਲੇ ਸਰੂਪਾਂ ਤੇ ਸੰਕੇਤਾਂ ਤੇ ਹੀ ਨਿਰਭਰ ਕੀਤਾ ਜਾ ਰਿਹਾ ਹੈ ਜੋ ਗੁਰਮਤਿ ਅਨੁਕੂਲ ਨਹੀ ਹੈ। ਕਰਿ ਕਰਿ ਵੇਸ ਖਪਹਿ ਜਲਿ ਜਾਵਹਿ॥ ਸਾਚੈ ਸਾਚੇ ਸਚਿ ਸਮਾਵਹਿ॥ (839)। ਭਾਵ: ਸਚ ਦੇ ਮਾਰਗ ਤੇ ਚਲਣ ਵਾਲੇ ਸਦਾ-ਥਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਪਰ ਧਾਰਮਕ ਭੇਖ ਕਰਨ ਵਾਲੇ (ਜੋ ਮਨ ਦੀ ਸਾਧਨਾ ਬਿਨਾ ਬਾਹਰੋਂ ਵੇਸਾਂ ਦੁਆਰਾ ਧਰਮੀ ਹੋਣ ਦਾ ਲੋਕ ਦਿਖਾਵਾ ਹੀ ਕਰਦੇ ਹਨ) ਖਪ ਖਪ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਹੀ ਰਹਿੰਦੇ ਹਨ। ਜਿਹੜਾ ਵੇਸ ਗੁਰੂ ਨੂੰ ਪ੍ਰਵਾਨ ਹੈ ਉਹ ਕੋਈ ਵਿਰਲਾ ਹੀ ਕਰ ਪਾਉਂਦਾ ਹੈ: ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥ ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥ (1384)। ਭਾਵ: ਨਿਉਣਾ ਅੱਖਰ ਹੈ, ਸਹਾਰਨਾ ਗੁਣ ਹੈ ਤੇ ਮਿੱਠਾ ਬੋਲਣਾ ਸ਼ਰੋਮਣੀ ਮੰਤ੍ਰ ਹੈ। ਜੇ ਇਹ ਤਿੰਨ ਵੇਸ ਧਾਰਨ ਕਰਿ ਲਏਂ (ਮੇਰਾ) ਖਸਮ (ਤੇਰੇ) ਵੱਸ ਵਿੱਚ ਆ ਜਾਵੇਗਾ। ਬਾਹਰਲੇ ਮਿਥੇ ਹੋਏ ਧਾਰਮਕ ਵੇਸਾਂ ਨੂੰ ਤਾਂ ਹਰ ਕੋਈ ਅਪਨਾਈ ਫਿਰਦਾ ਹੈ ਪਰ ਇਸ ਬਿਖੜੇ “ਸਚ ਦੇ ਮਾਰਗ” ਦੇ ਬਿਖੜੇ ਵੇਸ ਨੂੰ ਕੋਈ ਵਿਰਲਾ ਗੁਰੂ ਦੁਲਾਰਾ ਹੀ ਧਾਰਨ ਕਰਦਾ ਹੈ। ਉਹ ਪਹਿਲਾਂ ਗੁਰੂ ਨੂੰ ਪੁਛਦਾ ਹੈ: ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ ਕਿਉ ਚਾਲਹ ਗੁਰ ਚਾਲੀ॥ ਮੋਹ ਮਾਇਆ ਵਿੱਚ ਅੰਨ੍ਹੇ ਹੋਏ ਤੇ ਮਾਇਕ ਪਦਾਰਥਾਂ ਦੀ ਜ਼ਹਿਰ ਵਿੱਚ ਮਗਨ ਹੋਏ ਸਚ ਦੇ ਮਾਰਗ ਤੇ ਕਿਵੇਂ ਚਲ ਸਕਦੇ ਹਾਂ? ਤਾਂ ਗੁਰੂ ਉਸ “ਸਚ ਦੇ ਮਾਰਗ” ਦਾ ਰਾਹ ਦਸਦਾ ਹੈ: ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ (667)। ਭਾਵ: ਹੇ ਗੁਰਸਿੱਖ ਮਿੱਤਰੋ, ਗੁਰੂ ਦੇ ਦੱਸੇ ਹੋਏ ਜੀਵਨ-ਰਾਹ “ਸਚ ਦੇ ਮਾਰਗ” ਤੇ ਤੁਰੋ। ਜੋ ਕੁੱਝ ਗੁਰੂ ਆਖਦਾ ਹੈ ਇਸ ਨੂਂ (ਆਪਣੇ ਵਾਸਤੇ) ਭਲਾ ਸਮਝੋ (ਕਿਉਂਕਿ) ਪ੍ਰਭੂ ਦੀ ਸਿਫਤਿ ਸਾਲਾਹ (ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ॥) ਅਨੋਖੀ ਹੈ ਤੇ ਜੀਵਨ ਵਿੱਚ ਤਬਦੀਲੀ ਪੈਦਾ ਕਰਿ ਦਿੰਦੀ ਹੈ। ਪਰਮਾਤਮਾ ਦੀ ਸਿਫਤਿ ਸਾਲਾਹ ਉਸਦੇ (ਗੁਰੂ ਦੇ) ਹੁਕਮ ਦੀ ਤਾਮੀਲ ਹੈ ਇਸ ਲਈ ਗੁਰੂ (ਗੁਰਬਾਣੀ) ਦੇ “ਹੁਕਮ ਰਜਾਈ ਚਲਣਾ” ਤੇ ਗੁਣਾਂ ਨੂੰ ਧਾਰਨ ਕਰਨਾ ਹੀ “ਸਚ ਦਾ ਮਾਰਗ” ਹੈ ਜਿਸ ਤੇ ਚਲਿਆਂ ਬਾਹਰਲਾ ਪਹਿਰਾਵਾ ਨਹੀ ਬਲਿਕੇ ਕਰਣੀ ਬਦਲ ਜਾਵੇਗੀ, ਜੀਵਨੀ ਬਦਲ ਜਾਵੇਗੀ। ਮਨ ਰੇ ਗ੍ਰਹਿ ਹੀ ਮਾਹਿ ਉਦਾਸੁ॥ ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਏ ਪਰਗਾਸੁ॥ (26)। ਭਾਵ: ਹੇ (ਮੇਰੇ) ਮਨ, ਗ੍ਰਿਹਸਤ ਵਿੱਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ ਰਹੁ। (ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸ਼ਰਨ ਪੈ ਕੇ (ਗੁਰ ਸਿਖਿਆ ਤੇ ਚਲ ਕੇ) ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਵਿਕਾਰਾਂ ਵਲੋਂ ਸੰਕੋਚ ਕਰਦਾ ਹੈ। ਇਹੀ ਜ਼ਿੰਦਗੀ ਦਾ ਬਦਲਾਉ ਹੈ ਤੇ ਇਹੀ ਸਚ ਦਾ ਮਾਰਗ ਹੈ ਜਿਸਨੂੰ ਗੁਰਬਾਣੀ ਉਤਮ ਮੰਨਦੀ ਹੈ: ਮਨ ਮੇਰੇ ਗੁਰਮਤਿ ਕਰਣੀ ਸਾਰੁ॥ ਸਦਾ ਸਦਾ ਹਰਿ ਪ੍ਰਭੁ ਰਵਹਿ ਤ ਪਾਵਹਿ ਮੋਖ ਦੁਆਰੁ॥ (559)।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.