.

“ਅਖੀ ਦੇਖੈ ਜਿਹਵਾ ਬੋਲੈ…”

(ਭਾਗ ਪਹਿਲਾ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਠੀਕ ਹੈ ਕਿ ਇਸ ਤੋਂ ਪਹਿਲਾਂ ਅਸੀਂ ਗੁਰਮੱਤ ਪਾਠ ਨੰ: ੨੧੬ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ…” ਵੀ ਦੇ ਚੁੱਕੇ ਹਾਂ ਅਤੇ ਇਸ ਗੁਰਮੱਤ ਪਾਠ ਨੰ: ੨੧੭ ਦਾ ਸਿਰਲੇਖ ਹੈ “ਅਖੀ ਦੇਖੈ ਜਿਹਵਾ ਬੋਲੈ …”। ਜ਼ਾਹਿਰਾ ਤੌਰ `ਤੇ ਇਹ ਦੋਵੇਂ ਸਿਰਲੇਖ ਸਵੈ ਵਿਰੋਧੀ ਮਹਿਸੂਸ ਹੁੰਦੇ ਹਨ ਪਰ ਸਚਾਈ ਇਹ ਨਹੀਂ। ਇਸ ਦੇ ਉਲਟ ਜਦੋਂ ਸਾਨੂੰ ਇਹ ਪਤਾ ਹੋਵੇ ਕਿ ਸੰਪੂਰਣ ਗੁਰਬਾਣੀ ਦਾ ਮੂਲ ਸਿਧਾਂਤ ਹੀ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਹੈ ਤਾਂ ਅਜਿਹਾ ਧੋਖਾ ਜਾਂ ਅਜਿਹੀ ਸੋਚਣੀ ਦਾ ਅਸੀਂ ਕਦੇ ਵੀ ਸ਼ਿਕਾਰ ਨਹੀਂ ਹੋਵਾਂਗੇ। ਬਾਕੀ ਰਹੀ ਗੱਲ ਕਿ ਜਿਵੇਂ ਜਿਵੇਂ ਇਨ੍ਹਾਂ ਦੋਨਾਂ ਗੁਰਮੱਤ ਪਾਠਾਂ ਨੂੰ ਵੱਖ ਵੱਖ ਕਰਕੇ ਪੜ੍ਹਾਂਗੇ ਤਾਂ ਸਾਡਾ ਅਜਿਹਾ ਭੁਲੇਖਾ ਵੀ ਆਪਣੇ ਆਪ ਖ਼ਤਮ ਹੋ ਜਾਵੇਗਾ।

ਉਪ੍ਰੰਤ ਦੇਖਣਾ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਵਾਰਾਂ ਦੀ ਕੁਲ ਗਿਣਤੀ ਬਾਈ ਹੈ ਅਤੇ ਇਨ੍ਹਾਂ ਬਾਈ ਵਾਰਾਂ ਵਿੱਚੋਂ ਵੀ ਵੀਹ (੨੦) ਵਾਰਾਂ ਵਿੱਚ ਪਉੜੀਆਂ ਤੋਂ ਪਹਿਲਾਂ ਸਲੋਕ ਦਰਜ ਹੋਏ ਹਨ। ਪਉੜੀਆਂ ਤੋਂ ਪਹਿਲਾਂ ਸਲੋਕਾਂ ਵਾਲੀ ਵਰਤੋਂ ਪੰਜਵੇਂ ਪਾਤਸ਼ਾਹ ਨੇ ਆਦਿ ਬੀੜ ਦੀ ਸੰਪਾਦਨਾ ਤੇ ਉਸ ਨੂੰ ਤਰਤੀਬ ਦੇਣ ਸਮੇਂ ਆਪ ਕੀਤੀ ਹੈ। ਦੋ ਵਾਰਾਂ ਨਾਲ ਸਲੋਕ ਦਰਜ ਨਹੀਂ ਹੋਏ। ਇਹ ਦੋ ਵਾਰਾਂ ਹਨ ਰਾਮਕਲੀ ਰਾਗ `ਚ ‘ਸਤੇ ਬਲਵੰਡਿ ਕੀ ਵਾਰ’ (ਪੰ: ੯੬੬) ਅਤੇ ‘ਬਸੰਤ ਕੀ ਵਾਰ’ ਮ: ੫। ‘ਬਸੰਤ ਕੀ ਵਾਰ ਮ: ੫’ `ਚ ਕੇਵਲ ਤਿੰਨ ਪਉੜੀਆਂ ਹੀ ਹਨ। ਵਿਦਵਾਨਾਂ ਅਨੁਸਾਰ ਉਚੇਚੇ ਤੌਰ `ਤੇ ਪਾਤਸ਼ਾਹ ਰਾਹੀਂ ਇੰਨੀ ਛੋਟੀ ਵਾਰ ਦੇਣੀ ਤੇ ਬਾਕੀ ਵਾਰਾਂ ਦੀ ਤਰ੍ਹਾਂ ਉਸ ਦੀਆਂ ਪਉੜੀਆਂ ਨਾਲ ਸਲੋਕਾਂ ਦੀ ਵਰਤੋਂ ਨਾ ਕਰਣਾ, ਸਾਹਿਬਾਂ ਰਾਹੀਂ ਵਾਰਾਂ ਦੇ ਸ਼ੁਧ ਸਰੂਪ ਨੂੰ ਪ੍ਰਗਟ ਕਰਣਾ ਹੀ ਸਾਬਤ ਕਰਦਾ ਹੈ।

ਸਾਡੇ ਹੱਥਲੇ ਗੁਰਮੱਤ ਪਾਠ ਨੰ: ੨੧੭ ਨਾਲ ਸਬੰਧਤ ਟੂਕ “ਅਖੀ ਦੇਖੈ ਜਿਹਵਾ ਬੋਲੈ …” ਵੀ ਮਾਝ ਕੀ ਵਾਰ ਪਉੜੀ ਨੰ: ਦੋ ਦੇ ਪਹਿਲੇ ਸਲੋਕ ਵਿੱਚੋਂ ਲਈ ਗਈ ਹੈ। ਜਦਕਿ ਪੂਰਾ ਸਲੋਕ ਇਸ ਤਰ੍ਹਾਂ ਹੈ “ਸਲੋਕ ਮ: ੧॥ ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ॥ ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ॥ ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈੑ ਖਾਇ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ॥ ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ॥ ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ॥ ੧॥” (ਪੰ: ੧੩੮)

ਵਿਸ਼ੇ ਵੱਲ ਵਧਣ ਤੋਂ ਪਹਿਲਾਂ ਅਸੀਂ ਇਹ ਪਹਿਚਾਣ ਵੀ ਕਰਣੀ ਚਾਹਾਂਗੇ ਕਿ ਗੁਰਬਾਣੀ `ਚ ਹੀ ਗੁਰਮੁਖ ਤੇ ਮਨਮੁਖ ਦੇ ਜੀਵਨ ਦੇ ਘਟੋਘਟ ਦੋ-ਦੋ ਮੂਲ ਤੇ ਵੱਖ ਵੱਖ ਪਹਿਲੂ ਗਿਣਵਾਏ ਗਏ ਹਨ ਜਿਨ੍ਹਾਂ ਨੂੰ ਗੁਰਬਾਣੀ ਵਿੱਚੋਂ ਹੀ ਸਮਝਣ ਦੀ ਲੋੜ ਹੈ ਤਾ ਕਿ ਹੱਥਲਾ ਵਿਸ਼ਾ ਪੂਰੀ ਤਰ੍ਹਾਂ ਸਮਝ `ਚ ਆ ਸਕੇ। ਮਨਮੁਖ ਅਤੇ ਗੁਰਮੁਖ ਦੇ ਜੀਵਨ ਦੇ ਇਹ ਦੋ-ਦੋ ਪਹਿਲੂ ਕੀ ਹਨ? ਇਨ੍ਹਾਂ `ਤੇ ਕੁੱਝ ਓਪਰੀ ਝਾਤ ਇਸ ਪ੍ਰਕਾਰ ਹੈ:-

ਮਨਮੁਖ ਜੀਵਨ ਦੇ ਦੋ ਪਹਿਲੂ- ਗੁਰਬਾਣੀ ਅਨੁਸਾਰ ਮਨਮੁਖ ਦੇ ਜੀਵਨ ਦੇ ਦੋ ਪਹਿਲੂ ਹਨ। ਪਹਿਲਾ ਇਹ ਕਿ ਮਨਮੁਖ ਸੁਭਾਅ ਕਰਕੇ ਜੀਉਂਦੇ ਜੀਅ ਵੀ ਪਲ ਪਲ ਜਨਮ-ਮਰਣ ਤੇ ਭਿੰਨ ਭਿੰਨ ਜੂਨਾਂ ਦੇ ਗੇੜ `ਚ ਹੀ ਫ਼ਸਿਆ ਰਹਿੰਦਾ ਹੈ ਜਿਵੇਂ “ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ॥ ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ” (ਪੰ: ੯੭੧) ਜਾਂ “ਇਕਨਾ ਮਰਣੁ ਨ ਚਿਤਿ, ਆਸ ਘਣੇਰਿਆ॥ ਮਰਿ ਮਰਿ ਜੰਮਹਿ ਨਿਤ, ਕਿਸੈ ਨ ਕੇਰਿਆ” (ਪੰ: ੧੪੩)। ਇਸ ਤਰ੍ਹਾਂ ਮਨਮੁਖ ਜਦੋਂ ਤੱਕ ਆਪਣੇ ਜੀਵਨ `ਚ “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ” (ਪੰ: ੯੪੦) ਵਾਲੀ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਲੈਂਦਾ, ਉਦੋਂ ਤੱਕ ਉਸ ਦਾ ਜੀਵਨ ਤ੍ਰਿਸ਼ਨਾ, ਚਿੰਤਾਵਾਂ, ਭਟਕਣਾ, ਵਿੱਤਕਰਿਆਂ, ਸਹਿਮਾ-ਭਰਮਾਂ, ਹਉਮੈ, ਵਿਕਾਰਾਂ, ਅਉਗੁਣਾ ਆਦਿ ਨਾਲ ਹੀ ਭਰਪੂਰ ਰੰਹਿਦਾ ਹੈ। ਫ਼ਿਰ ਭਾਵੇਂ ਜ਼ਾਹਿਰਾ ਉਹ ਕੁਕਰਮੀ ਹੋਵੇ ਜਾਂ ਧਰਮੀ ਕਿਉਂਕਿ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਜਪੁ) ਹਰੇਕ ਦੇ ਜੀਵਨ ਦਾ ਇਹ ਵਾਧਾ-ਘਾਟਾ ਪਲ-ਪਲ ਕਰਕੇ ਤੇ ਨਾਲੋ ਨਾਲ ਹੀ ਸੁਆਸ ਸੁਆਸ ਚਲਦਾ ਰਹਿੰਦਾ ਹੈ।

ਉਪ੍ਰੰਤ ਮਨਮੁਖ ਦੇ ਜੀਵਨ ਦਾ ਹੀ ਦੂਸਰਾ ਪਹਿਲੂ ਹੈ ਕਿ ਮਨਮੁਖ, ਸਰੀਰ ਤਿਆਗਣ ਬਾਅਦ ਵੀ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ `ਚ ਹੀ ਪੈਂਦਾ ਹੈ। ਇਸ ਸੱਚ ਨੂੰ ਸਪਸ਼ਟ ਕਰਣ ਲਈ ਵੀ ਗੁਰਬਾਣੀ `ਚ ਬੇਅੰਤ ਪ੍ਰ੍ਰਮਾਣ ਹਨ ਜਿਵੇਂ “ਉਦਮ ਕਰਹਿ ਅਨੇਕ, ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ, ਮਰਿ ਜਨਮਹਿ ਆਵਹੀ॥ ਪਸੂ, ਪੰਖੀ, ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ, ਕੀਆ ਅਪਣਾ ਪਾਵਏ” (ਪੰ: ੭੦੫)

ਇਸਦੇ ਨਾਲ ਹੀ ਗੁਰਦੇਵ ਫ਼ੈਸਲਾ ਤੇ ਉਸ ਦਾ ਕਾਰਨ ਵੀ ਦਿੰਦੇ ਹਨ ਕਿ “ਰਤਨ ਜਨਮੁ ਹਾਰੰਤ ਜੂਐ, ਪ੍ਰਭੂ ਆਪਿ ਨ ਭਾਵਹੀ” (ਪੰ: ੭੦੫) ਭਾਵ ਜੀਵ ਨੂੰ ਜੋ ਅਮੋਲਕ ਮਨੁੱਖਾ ਜਨਮ ਮਿਲਿਆ ਸੀ ਉਸ ਨੇ, ਉਸ ਨੂੰ ਆਪਣੀ ਮੈਂ, ਹਉਮੈ `ਚ ਹੀ ਗੁਆ ਦਿੱਤਾ ਤੇ ਪ੍ਰਭੂ ਦੇ ਦਰ `ਤੇ ਪ੍ਰਵਾਣ ਨਹੀਂ ਹੋਇਆ ਭਾਵ ਫ਼ਿਰ ਤੋਂ ਜੂਨਾਂ ਜਨਮਾਂੑ ਦੇ ਗੇੜ `ਚ ਪੈ ਗਿਆ। ਇਸੇ ਤਰ੍ਹਾਂ “ਮੀਨ ਨਿਵਾਸ ਉਪਜੈ ਜਲ ਹੀ ਤੇ, ਸੁਖ ਦੁਖ ਪੁਰਬਿ ਕਮਾਈ” (ਪੰ: ੧੨੭੩) ਅਨੁਸਾਰ ਜਨਮਾਂ-ਜੂਨਾਂ ਮਨਮੁਖ ਲਈ ਸਰੀਰਕ ਮੌਤ ਤੋਂ ਬਾਅਦ ਫ਼ਿਰ ਤੋਂ ਜਨਮਾਂ, ਜੂਨਾਂ, ਗਰਭਾਂ ਵਾਲਾ ਚਕਰ ਚਾਲੂ ਹੋ ਜਾਂਦਾ ਹੈ। ਇਸ ਤਰ੍ਹਾਂ ਇਸ ਵਿਸ਼ੇ ਤੇ ਹੋਰ ਵੀ ਅਨੇਕ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਜਦਕਿ ਇਸ ਸਾਰੇ ਦਾ ਧੁਰਾ ਮਨੁੱਖਾ ਜਨਮ ਸਮੇਂ ਮਨੁੱਖ ਨੂੰ ਪ੍ਰਾਪਤ ‘ਮਨ’ ਅਧੀਨ ਗਿਆਨ ਤੇ ਕਰਮ ਇੰਦ੍ਰਆਂ ਦੀ ਕੁਵਰਤੋਂ ਹੀ ਹੁੰਦੀ ਹੈ। ਉਪ੍ਰ੍ਰੰਤ ਉਸ ‘ਮਨ’ ਜੋ ਕਿ ਕੀਤੇ ਜਾ ਚੁੱਕੇ ਸੰਸਕਾਰਾਂ-ਕਰਮਾਂ ਦਾ ਸਮੂਹ ਹੀ ਹੁੰਦਾ ਹੈ ਉਸ ਦਾ ਅੰਤ ਵੀ ਪ੍ਰਭੂ ਦੀ ਬਖ਼ਸ਼ਿਸ਼ ਨਾਲ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜਨਮ ਸਮੇਂ ਹੀ ਸੰਭਵ ਹੈ, ਬਾਕੀ ਜੂਨਾਂ ਸਮੇਂ ਨਹੀਂ। ਉਦੋਂ ਤੱਕ ਜੀਵ ਜਨਮਾਂ ਜੂਨਾ ਦੇ ਦੁਖ-ਸੁਖ ਹੀ ਸਹਿੰਦਾ ਰਹਿੰਦਾ ਹੈ।

ਗੁਰਮੁਖ ਜੀਵਨ ਦੇ ਦੋ ਪਹਿਲੂ- ਇਸੇ ਤਰ੍ਹਾਂ ਗੁਰਬਾਣੀ ਅਨੁਸਾਰ ਗੁਰਮੁਖ ਜੀਵਨ ਦੇ ਵੀ ਦੋ ਪਹਿਲੂ ਹਨ। ਪਹਿਲਾ ਇਹ ਕਿ ਗੁਰਮੁਖ ਜੀਉਂਦੇ ਜੀਅ “ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ” (ਪੰ: ੨੭੮) ਅਨੁਸਾਰ ਇਲਾਹੀ ਗੁਣਾ ਨਾਲ ਭਰਪੂਰ ਸੰਤੋਖੀ, ਟਿਕਾਅ ਵਾਲਾ ਅਤੇ ਕਰਤੇ `ਚ ਅਭੇਦ ਹੋ ਕੇ ਵਿਕਾਰ ਰਹਿਤ ਜੀਵਨ ਬਤੀਤ ਕਰਦਾ ਹੈ।

ਗੁਰਮੁਖ ਦੇ ਇਸੇ ਉੱਤਮ ਤੇ ਸ਼੍ਰੇਸ਼ਟ ਜੀਵਨ ਲਈ ਹੀ ਭਗਤ ਰਵੀਦਾਸ ਜੀ ਫ਼ੁਰਮਾਅ ਰਹੇ ਹਨ “ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਨਾਂ ਤਸਵੀਸ ਖਿਰਾਜੁ ਨ ਮਾਲੁ॥ ਖਉਫੁ ਨ ਖਤਾ ਨ ਤਰਸੁ ਜਵਾਲੁ…” (ਪੰ: ੩੪੫) ਇਤਿਆਦ।

ਉਪ੍ਰੰਤ ਗੁਰਮੁਖ ਜੀਵਨ ਦਾ ਹੀ ਗੁਰਬਾਣੀ ਅਨੁਸਾਰ ਦੂਸਰਾ ਪਹਿਲੂ ਵੀ ਹੈ ਕਿ ਗੁਰਮੁਖ, ਸਰੀਰ ਤਿਆਗਣ ਬਾਅਦ ਵੀ ਜਨਮਾਂ-ਜੂਨਾਂ-ਗਰਭਾਂ `ਚ ਨਹੀਂ ਅਉਂਦਾ ਅਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦਾ ਹੈ। ਫ਼ੁਰਮਾਨ ਹੈ “ਅਨਹਤ ਸੁੰਨਿ ਰਤੇ ਸੇ ਕੈਸੇ॥ ਜਿਸ ਤੇ ਉਪਜੇ ਤਿਸ ਹੀ ਜੈਸੇ॥ ਓਇ ਜਨਮਿ ਨ ਮਰਹਿ ਨ ਆਵਹਿ ਜਾਹਿ॥ ਨਾਨਕ ਗੁਰਮੁਖਿ ਮਨੁ ਸਮਝਾਹਿ” (ਪੰ: ੯੪੩) ਜਾਂ “ਗੁਰਮੁਖਿ ਜਨਮੁ ਸਕਾਰਥਾ, ਨਿਰਮਲੁ ਮਲੁ ਖੋਈ॥ ਨਾਨਕ ਜੀਵਦਾ ਪੁਰਖੁ ਧਿਆਇਆ, ਅਮਰਾ ਪਦੁ ਹੋਈ” (ਪ: ੧੨੪੭) ਅਤੇ ਇਸ ਵਿਸ਼ੇ `ਤੇ ਹੋਰ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ।

“ਤਤੁ ਚੁਗਹਿ ਮਿਲਿ ਏਕਸੇ” - ਗੁਰਬਾਣੀ ਵਿੱਚੋਂ ਹੀ ਗੁਰਮੁਖ ਤੇ ਮਨਮੁਖ ਵਾਲੀਆਂ ਇਨ੍ਹਾਂ ਦੋ ਵਿਰੋਧੀ ਜੀਵਨ ਰਹਿਣੀਆਂ ਨੂੰ ਸਮਝਣ ਲਈ ਇੱਕ ਹੋਰ ਗੁਰਬਾਣੀ ਫ਼ੁਰਮਾਨ ਦੇਣਾ ਚਾਹਾਂਗੇ। ਰਾਮਕਲੀ ਰਾਗ `ਚ ਪਹਿਲੇ ਪਾਤਸ਼ਾਹ ਦਾ ਫ਼ੁਰਮਾਨ ਹੈ “ਤਰਵਰੁ ਕਾਇਆ ਪੰਖਿ ਮਨੁ, ਤਰਵਰਿ ਪੰਖੀ ਪੰਚ॥ ਤਤੁ ਚੁਗਹਿ ਮਿਲਿ ਏਕਸੇ, ਤਿਨ ਕਉ ਫਾਸ ਨ ਰੰਚ॥ ਉਡਹਿ ਤ ਬੇਗੁਲ ਬੇਗੁਲੇ, ਤਾਕਹਿ ਚੋਗ ਘਣੀ॥ ਪੰਖ ਤੁਟੇ ਫਾਹੀ ਪੜੀ, ਅਵਗੁਣਿ ਭੀੜ ਬਣੀ” (ਪੰ: ੯੩੪) ਅਰਥ ਹਨ, ਜੇ ਕਰ ਮਨੁੱਖਾ ਸਰੀਰ ਨੂੰ ਇੱਕ ਪੇੜ ਮਨ ਲਿਆ ਜਾਵੇ ਤਾਂ ਇਸ ਪੇੜ `ਤੇ ਇੱਕ ‘ਮਨ’ ਰੂਪੀ ਪੰਛੀ ਵੀ ਬੈਠਾ ਹੈ। ਫ਼ਿਰ ਇਸੇ ਬਿਰਖ `ਤੇ ਇਸ ‘ਮਨ’ ਪੰਛੀ ਦੇ ਅਧੀਨ, ਪੰਜ ਪੰਛੀ (ਗਿਆਨ ਇੰਦ੍ਰੇ) ਹੋਰ ਵੀ ਰਹਿੰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਇਹ ਗਿਆਨ ਇੰਦ੍ਰੇ (ਪੰਜ ਪੰਛੀ) ਇਕੋ-ਇੱਕ ਪ੍ਰਭੂ ਨਾਲ ਮਿਲ ਕੇ ‘ਨਾਮ’ -ਰੂਪ ਫਲ ਖਾਂਦੇ ਹਨ, ਉਨ੍ਹਾਂ ਨੂੰ ਮਾਇਆ ਦੀ ਫਾਹੀ ਨਹੀਂ ਪੈਂਦੀ।

ਪਰ ਦੂਜੇ ਪਾਸੇ ਜਦੋਂ ਇਹੀ ਗਿਆਨ ਇੰਦ੍ਰੇ (ਪੰਜ ਪੰਛੀ) ਕਾਹਲੀ ਕਾਹਲੀ ਉੱਡਦੇ ਤੇ ਬਹੁਤੇ ਪਦਾਰਥ ਤੱਕਦੇ ਫਿਰਦੇ ਹਨ ਭਾਵ ਹਰ ਸਮੇਂ ਤ੍ਰਿਸ਼ਨਾ ਦੀ ਅੱਗ `ਚ ਹੀ ਸੜਦੇ ਤੇ ਉਡਦੇ ਰਹਿੰਦੇ ਹਨ। ਇਥੋਂ ਤੱਕ ਕਿ ਅਰੁਕ ਤੇ ਕਾਹਲੀ-ਕਾਹਲੀ ਉਡਦੇ ਇੱਕ ਦਿਨ ਉਨ੍ਹਾਂ ਦੇ ਖੰਭ ਵੀ ਟੁੱਟ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲਗਦਾ ਕਿ ਇਸ ਉਡਾਰੀ ਦੌਰਾਨ ਕਦੋਂ ਉਨ੍ਹਾਂ ਨੂੰ ਮੌਤ ਵੀ ਆ ਜਾਂਦੀ ਹੈ। ਅਜਿਹੀ ਹਾਲਤ `ਚ ਉਸ ਸਮੇਂ ਤੱਕ ਉਨ੍ਹਾਂ ਦੇ ਜੀਵਨ ਅੰਦਰ ਅਉਗੁਣ ਹੀ ਅਉਗੁਣ ਭਰ ਚੁੱਕੇ ਹੁੰਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਆਪਣਾ ਜੀਵਨ ਤਾਂ ਬਿਰਥਾ ਕਰਦੇ ਹੀ ਹਨ ਪਰ ਇਸ ਦੇ ਨਾਲ ਆਪਣਾ ਪ੍ਰਲੋਕ ਵੀ ਵਿਗਾੜ ਕੇ ਹੀ ਜਾਂਦੇ ਹਨ।

“ਮਾਟੀ ਕੋ ਪੁਤਰਾ ਕੈਸੇ ਨਚਤੁ ਹੈ” - ਹੱਥਲੇ “ਅਖੀ ਦੇਖੈ ਜਿਹਵਾ ਬੋਲੈ. .” ਵਾਲੇ ਵਿਸ਼ੇ ਨੂੰ ਸਮਝਣ ਲਈ ਅਸੀਂ ਭਗਤ ਰਵੀਦਾਸ ਜੀ ਦਾ ਵੀ ਇੱਕ ਸ਼ਬਦ ਲੈਣਾ ਚਾਹਾਂਗੇ। ਇਹ ਸ਼ਬਦ ਹੈ “ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ॥ ੧॥ ਰਹਾਉ॥ ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥ ਮਾਇਆ ਗਈ ਤਬ ਰੋਵਨੁ ਲਗਤੁ ਹੈ॥ ੧॥ ਮਨ ਬਚ ਕ੍ਰਮ ਰਸ ਕਸਹਿ ਲੁਭਾਨਾ॥ ਬਿਨਸਿ ਗਇਆ ਜਾਇ ਕਹੂੰ ਸਮਾਨਾ॥ ੨॥ ਕਹਿ ਰਵਿਦਾਸ ਬਾਜੀ ਜਗੁ ਭਾਈ॥ ਬਾਜੀਗਰ ਸਉ ਮ+ਹਿ ਪ੍ਰੀਤਿ ਬਨਿ ਆਈ”॥ ੩॥ ੬(ਪੰ: ੪੮੭) ਇਸ ਸ਼ਬਦ `ਚ ਭਗਤ ਜੀ ਮਨੁੱਖ ਦੀ ਉਸ ਅਗਿਆਨਤਾ ਨੂੰ ਉਜਾਗਰ ਕਰ ਰਹੇ ਹਨ ਜਿਸ `ਚ ਵਿਚਰਦਾ ਹੋਇਆ ਮਨੁੱਖ, ਮਨੁੱਖਾ ਜੂਨ `ਚ ਹੁੰਦਾ ਹੋਇਆ ਵੀ ਆਪਣਾ ਜਨਮ ਬਿਰਥਾ ਕਰਦਾ ਅਤੇ ਦੂਜੀਆਂ ਜੂਨੀਆਂ ਵਾਂਗ ਹੀ ਬਤੀਤ ਕਰ ਰਿਹਾ ਹੁੰਦਾ ਹੈ।

ਭਗਤ ਜੀ ਫ਼ੁਰਮਾਉਂਦੇ ਹਨ ਕਿ ਪ੍ਰਭੂ ਦਾ ਕੈਸਾ ਅਜਬ ਤਮਾਸ਼ਾ ਹੈ। ਮਨੁੱਖ ਹੈ ਤਾਂ ਕੇਵਲ ਇੱਕ ਮਿੱਟੀ ਦਾ ਪੁਤਲਾ। ਜੀਵਨ ਦੀ ਅਸਲੀਅਤ ਤੋਂ ਅਨਜਾਣ ਇਹ ਕਰਤਾਰ ਵੱਲੋਂ ਪ੍ਰਾਪਤ ਇਸ ਮਨੁੱਖਾ ਜਨਮ ਅਤੇ ਇਸ ਜਨਮ ਦੀ ਸੰਭਾਲ ਲਈ ਇਸ ਜਨਮ `ਚ ਪ੍ਰਾਪਤ, ਗਿਆਨ ਤੇ ਕਰਮ ਇੰਦ੍ਰਿਆਂ ਸਮੇਤ ਪ੍ਰਭੂ ਦੀਆਂ ਦਾਤਾਂ ਦੀ ਅਸਲੀਅਤ ਨੂੰ ਸਮਝਦਾ ਹੀ ਨਹੀਂ।

ਜਦੋਂ ਤੱਕ ਇਸ ਦੇ ਸਰੀਰ ਅੰਦਰ ਪ੍ਰਭੂ ਦਾ ਨੂਰ ਮੌਜੂਦ ਰਹਿੰਦਾ ਹੈ ਇਹ ਪ੍ਰਭੂ ਨੂੰ ਤਾਂ ਪਹਿਚਾਣਦਾ ਨਹੀਂ ਪਰ ਇਸੇ ਉਸ ਦੇ ਬਖ਼ਸ਼ੇ ਹੋਏ ਸਰੀਰ ਅਤੇ ਗਿਆਨ ਇੰਦ੍ਰਿਆਂ ਰਾਹੀਂ ਹਰ ਸਮੇਂ ਜੀਵਨ ਦੀ ਉਲਟੀ ਦੌੜ `ਚ ਹੀ ਲਗਾ ਰਹਿੰਦਾ ਹੈ। ਮਨੁੱਖ ਨਚਦਾ ਵੀ ਹੈ ਭਾਵ ਹਰ ਸਮੇਂ ਇਸ ਸਰੀਰ ਦੀ ਬੇਅੰਤ ਤੇ ਹੋਰ ਹੋਰ ਆਹਿਰਾਂ ਲਈ ਵਰਤੋਂ ਕਰਦਾ ਹੈ ਜਦਕਿ ਹੋਰ ਹੋਰ ਆਹਿਰਾਂ ਤੋਂ ਭਾਵ ਹੈ ਪ੍ਰਭੂ ਨੂੰ ਵਿਸਾਰ ਕੇ ਜੀਵਨ ਦੇ ਆਹਿਰ ਕਰਣੇ। ਇਨ੍ਹਾਂ ਗਿਆਨ ਤੇ ਕਰਮ ਇੰਦ੍ਰਆਂ ਕਾਰਨ ਇਹ ਦੇਖਦਾ ਵੀ ਹੈ ਸੁਣਦਾ ਤੇ ਬੋਲਦਾ ਵੀ ਹੈ ਪਰ “ਨਾਨਕ ਮੁਸੈ ਗਿਆਨ ਵਿਹੂਣੀ…” (ਪੰ: ੪੬੫) ਅਗਿਆਨਤਾ `ਚ ਫ਼ਸਿਆ ਮਨੁੱਖ ਸਮਝਣ ਦਾ ਯਤਣ ਨਹੀਂ ਕਰਦਾ ਕਿ ਮਨੁੱਖਾ ਜਨਮ ਸਮੇਤ ਉਸ ਨੂੰ ਪ੍ਰਭੂ ਨੇ ਇਹ ਗਿਆਨ ਤੇ ਕਰਮ ਇੰਦ੍ਰਿਆਂ ਵਰਗੀਆਂ ਅਮੁਲੀਆਂ ਦਾਤਾਂ ਬਖ਼ਸ਼ੀਆਂ ਹਨ ਤਾਂ ਕਿਉਂ?

ਉਸੇ ਦਾ ਨਤੀਜਾ, ਜੇ ਕੁੱਝ ਪ੍ਰਾਪਤ ਕਰ ਲੈਂਦਾ ਹੈ ਤਾਂ ਹੰਕਾਰਿਆ ਜਾਂਦਾ ਹੈ ਤੇ ਜੇ ਕੁੱਝ ਇਸ ਕੋਲੋਂ ਖੁਸ ਜਾਂਦਾ ਹੈ ਤੇ ਰੌਣ ਲਗ ਜਾਂਦਾ ਹੈ। ਦਰਅਸਲ ਇਹ ਮਨੁੱਖ ਇਨ੍ਹਾਂ ਗਿਆਨ ਤੇ ਕਰਮ ਇਦ੍ਰਿਆਂ ਦੇ ਰਸਾਂ `ਚ ਇਤਨਾ ਵੱਧ ਡੁੱਬਾ ਰਹਿੰਦਾ ਹੈ ਕਿ ਇਸ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਕਿ ਕਦੋਂ ਤੇ ਕਿਸ ਸਮੇਂ ਇਸ ਨੇ ਖੁਦ ਵੀ ਬਿਨਸ ਜਾਣਾ ਹੈ ਤੇ ਕਿੱਥੇ ਚਲੇ ਜਾਣਾ ਹੈ? ਉਸ ਸਮੇਂ ਇਸ ਦਾ ਇਹ ਸਾਰਾ ਖਿਲਾਰਾ ਇਥੇ ਹੀ ਧਰਿਆ-ਧਰਾਇਆ ਰਹਿ ਜਾਂਦਾ ਹੈ।

ਉਪ੍ਰੰਤ ਭਗਤ ਜੀ ਕਹਿੰਦੇ ਹਨ ਇਹ ਸਾਰੀ ਖੇਡ ਤਾਂ ਕਰਤਾਰ ਦੀ ਬਨਾਈ ਹੋਈ ਹੈ ਪਰ ਮਨੁੱਖ ਆਪਣੇ ਅੰਦਰ ਵੱਸ ਰਹੇ ਕਰਤਾਰ ਨੂੰ ਵਿਸਾਰ ਕੇ ਉਸ ਦੀ ਖੇਡ `ਚ ਹੀ ਗੁੰਮ ਹੋਇਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਆਪਣਾ ਸਾਰਾ ਜੀਵਨ ਬਰਬਾਦ ਕਰ ਲੈਂਦਾ ਹੈ।

ਅੰਤ `ਚ ਭਗਤ ਜੀ ਫ਼ੁਰਮਾਉਂਦੇ ਹਨ ਕਿ ਮੈਂ (ਰਵਿਦਾਸ ਨੇ) ਤਾਂ ਆਪਣਾ ਸਿਧਾ ਰਿਸ਼ਤਾ ਹੀ ਉਸ ਕਰਤਾਰ ਨਾਲ ਜੋੜ ਰਖਿਆ ਹੈ ਇਸ ਲਈ ਮੇਰੇ ਇਸ ਸਰੀਰ ਦੀ ਕੁਵਰਤੋਂ ਹੋ ਹੀ ਨਹੀਂ ਸਕਦੀ। ਇਸ ਤਰ੍ਹਾਂ ਭਗਤ ਜੀ ਮਨੁੱਖ ਨੂੰ ਸੁਚੇਤ ਕਰ ਰਹੇ ਹਨ ਕਿ ਐ ਮਨੁੱਖ! ਆਪਣੇ ਇਸ ਮਨੁੱਖਾ ਜਨਮ ਤੇ ਇਸ ਦੀ ਅਮੁਲਤਾ ਨੂੰ ਸਮਝਦਾ ਹੋਇਆ ਪ੍ਰਭੂ ਰਾਹੀਂ ਇਸ `ਚ ਬਖਸ਼ੇ ਹੋਏ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਪ੍ਰਭੁ ਨਾਲ ਸੁਰਤ ਜੋੜ ਕੇ ਵਰਤੇਂਗਾ ਤਾਂ ਇਨ੍ਹਾਂ ਦੀ ਕਦੇ ਤੇ ਕਿਸੇ ਤਰ੍ਹਾਂ ਵੀ ਕੁਵਰਤੋਂ ਨਹੀਂ ਹੋਵੇਗੀ ਅਤੇ ਜੀਵਨ ਆਪਣੇ ਆਪ ਸਿਧੇ ਰਾਹ `ਤੇ ਟੁਰੇਗਾ।

“ਆਜੁ ਮਿਲਾਵਾ ਸੇਖ ਫਰੀਦ…” -ਇਸੇ ਵਿਸ਼ੇ ਨੂੰ ਸ਼ੇਖ਼ ਫ਼ਰੀਦ ਜੀ ਆਸਾ ਰਾਗ `ਚ ਇਸ ਤਰ੍ਹਾਂ ਬਿਆਣ ਕਰਦੇ ਹਨ। ਅਸਲ `ਚ ਫ਼ਰੀਦ ਸਾਹਿਬ ਦਾ ਇਹ ਸ਼ਬਦ ਕਾਫ਼ੀ ਲੰਮਾਂ ਹੈ ਪਰ ਪ੍ਰਕਰਣ ਤੇ ਲੋੜ ਅਨੁਸਾਰ ਇਥੇ ਸ਼ਬਦ ਦੇ ਕੇਵਲ ਕੁੱਝ ਹਿੱਸਿਆਂ ਨੂੰ ਹੀ ਲਿਆ ਜਾ ਰਿਹਾ ਹੈ ਜਿਵੇਂ “ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ॥ ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ॥ ੧॥ ਆਜੁ ਮਿਲਾਵਾ ਸੇਖ ਫਰੀਦ, ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ…. . ਸੇਖ, ਹੈਯਾਤੀ ਜਗਿ, ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ, ਕੇਤੇ ਬੈਸਿ ਗਇਆ ……. ਚਲੇ ਚਲਣਹਾਰ, ਵਿਚਾਰਾ ਲੇਇ ਮਨੋ॥ ਗੰਢੇਦਿਆਂ ਛਿਅ ਮਾਹ, ਤੁੜੰਦਿਆ ਹਿਕੁ ਖਿਨੋ॥ ੭॥ ਜਿਮੀ ਪੁਛੈ ਅਸਮਾਨ, ਫਰੀਦਾ ਖੇਵਟ ਕਿੰਨਿ ਗਏ॥ ਜਾਲਣ ਗੋਰਾਂ ਨਾਲਿ, ਉਲਾਮੇ ਜੀਅ ਸਹੇ” (ਪੰ: ੪੬੭)

ਇੱਥੇ ਫ਼ਰੀਦ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਕੇ ਉੱਤਮ ਪੁਰਖ `ਚ ਫ਼ੁਰਮਾਅ ਰਹੇ ਹਨ ੍ਹਿਕ “ਹੇ ਸ਼ੇਖ ਫ਼ਰੀਦ ਤੂੰ ਚੇਤੇ ਰਖ! ਕਿ ਤੇਰਾ ਇਹ ਸਰੀਰ ਇੱਕ ਦਿਨ ਨੀਵੀਂ ਕਬਰ ਦੇ ਵਿੱਚ ਪੈ ਕੇ ਮਿੱਟੀ ਦਾ ਢੇਰ ਹੋ ਜਾਵੇਗਾ। ਜਦਕਿ ਆਜ ਭਾਵ ਇਸ ਮਨੁੱਖਾ ਜਨਮ `ਚ ਹੀ ਤੇਰਾ ਰੱਬ ਜੀ ਨਾਲ ਮੇਲ ਵੀ ਹੋ ਸਕਦਾ ਹੈ। ਬੱਸ ਰੱਬ ਜੀ ਨਾਲ ਆਪਣੇ ਮਿਲਾਪ ਵਾਸਤੇ ਤੂੰ ਕੇਵਲ ਇਹ ਕਰ ਕਿ ਤੇਰੇ ਸਰੀਰ ਅੰਦਰਲੇ ‘ਮਨ’ ਨੂੰ ਮਚਾਉਣ ਵਾਲੇ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਇਸ ‘ਮਨ’ ਦੇ ਕਾਬੂ `ਚ ਰੱਖ। ਇਸ ਦੇ ਲਈ ‘ਮਨ’ ਨੂੰ ਇਸ ਤਰ੍ਹਾਂ ਪੱਕਾ ਕਰ ਕਿ ਹੇ ਮੇਰੇ ਪਿਆਰੇ ‘ਮਨ’! ਤੈਨੂੰ ਮਨੁੱਖਾ ਜਨਮ ਮਿਲਿਆ ਹੀ ਇਸ ਲਈ ਹੈ ਕਿ ਇਸ ਦੌਰਾਨ ਤੂੰ ਰੱਬ ਦੇ ਚਰਨਾਂ ਨਾਲ ਜੁੜ ਕੇ ਰਹਿ।

ਉਪ੍ਰੰਤ ਸ਼ਬਦ ਦੇ ਅਗਲੇ ਹਿੱਸੇ `ਚ ਸ਼ੇਖ ਫ਼ਰੀਦ ਜੀ ਕਹਿ ਰਹੇ ਹਨ “ਹੇ ਸ਼ੇਖ਼ ਫ਼ਰੀਦ! ਇਸ ਸੰਸਾਰ `ਚ ਕੋਈ ਵੀ ਮਨੁੱਖ ਸਦਾ ਲਈ ਨਹੀਂ ਜੀਅ ਸਕਿਆ। ਤੂੰ ਵੀ ਚੇਤੇ ਰਖ! ਇਸ ਧਰਤੀ ਦੇ ਜਿਸ ਥਾਂ `ਤੇ ਅਸੀਂ ਹੁਣ ਬੈਠੇ ਹੋਏ ਹਾਂ ਇਸ ਥਾਂ `ਤੇ ਤਾਂ ਸਾਡੇ ਤੋਂ ਪਹਿਲਾਂ ਵੀ ਕਈ ਬੈਠ ਕੇ ਜਾ ਚੁੱਕੇ ਹਨ … …

ਇਸ ਲਈ ਹੇ ਮੇਰੇ ‘ਮਨ’! ਵਿਚਾਰ ਕੇ ਦੇਖ, ਜਿਸ ਸਰੀਰ ਦੇ ਬਣਨ ਲਈ (ਮਾਤਾ ਦੇ ਗਰਭ ਅੰਦਰ) ਛੇ ਮਹੀਨੇ ਲੱਗਦੇ ਹਨ ਪਰ ਉਸੇ ਸਰੀਰ ਦੇ ਨਾਸ ਹੁੰਦਿਆਂ ਕੇਵਲ ਇੱਕ ਪਲ ਹੀ ਲੱਗਦਾ ਹੈ …. ਤਾਂ ਤੇ ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਤੇ ਅਸਮਾਨ ਵੀ ਗਵਾਹ ਹਨ ਕਿ ਬੇਅੰਤ ਉਹ ਬੰਦੇ ਵੀ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ। ਇਹ ਸਰੀਰ ਤਾਂ ਅੰਤ ਕਬਰਾਂ `ਚ ਹੀ ਗਲ ਜਾਂਦੇ ਹਨ, ਪਰ ਇਸ ਤੋਂ ਬਾਅਦ ਜ਼ਿੰਦਗੀ ਦੋਰਾਨ ਕੀਤੇ ਕਰਮਾਂ ਦੀ ਔਖ-ਸੌਖ ਤੇ ਲੇਖਾ-ਜੌਖਾ ਜਿੰਦ ਨੂੰ ਹੀ ਸਹਾਰਣਾ ਪੈਂਦਾ ਹੈ।

(ਨੋਟ-ਜਿਹੜੇ ਸੱਜਨ ਅਜੇ ਵੀ ਹਠ ਕਰਦੇ ਹਨ ਕਿ ਗੁਰਮੱਤ ਅਨੁਸਾਰ ਇਸ ਸਰੀਰ ਦਾ ਅੱਗਾ-ਪਿਛਾ ਹੈ ਹੀ ਨਹੀਂ। ਉਨ੍ਹਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਕ੍ਰਿਪਾ ਕਰਕੇ ਨਿਰੋਲ ਗੁਰਮੱਤ ਅਨੁਸਾਰ ਅਤੇ ਗੁਰਬਾਣੀ ਦੇ ਸਤਿਕਾਰ ਨੂੰ ਸਰਵੋਪਰੀ ਰਖਦਿਆਂ ਇਸ ਪੰਕਤੀ ਦੇ ਸਪਸ਼ਟ ਅਰਥਾਂ ਨੂੰ ਜ਼ਰੂਰ ਤੇ ਗਹਿਰਾਈ ਤੋਂ ਵਿਚਾਰਣ। ਵਿਚਾਰਣ ਕਿ ਜਦੋ ਇਹ ਸਰੀਰ ਤਾਂ ਕਬਰਾਂ ਦੀ ਮਿੱਟੀ ਬਣ ਗਿਆ ਤਾਂ ਫ਼ਿਰ ਗੁਰਮੱਤ ਅਨੁਸਰ ਮਨੁੱਖ ਦੀ ਉਹ ਕਿਹੜੀ ਜਿੰਦ ਹੈ “ਜਿਸ ਨੂੰ ਜ਼ਿੰਦਗੀ ਦੋਰਾਨ ਕੀਤੇ ਕਰਮਾਂ ਦੀ ਔਖ-ਸੌਖ ਤੇ ਲੇਖਾਂ ਜੌਖਾ ਸਹਾਰਣਾ ਪੈਂਦਾ ਹੈ”।

ਦਰਅਸਲ ਗੁਰਬਾਣੀ ਅਨੁਸਾਰ ਮਨਮੁਖ ਦੇ ਸਰੀਰ ਅੰਦਰੋ, ਸਰੀਰ ਦੇ ਨਾਸ ਹੋਣ ਬਾਅਦ ਕੇਵਲ ਉਸ ਦੇ ਕਰਮਾਂ ਸੰਸਕਾਰਾਂ ਦੇ ਸਮੂਹ ‘ਮਨ’ ਦੀ ਹੋਂਦ ਹੀ ਬਾਕੀ ਰਹਿ ਜਾਂਦੀ ਹੈ। ਇਹ ‘ਮਨ’ ਹੀ ਹੁੰਦਾ ਹੈ ਜਿਸ ਰਾਹੀਂ ਇਸ ਨੂੰ ਜ਼ਿੰਦਗੀ ਦੌਰਾਨ ਕੀਤੇ ਕਰਮਾਂ-ਸੰਸਕਾਰਾਂ ਦਾ ਲੇਖਾ ਜੋਖਾ ਭੁਗਤਾਉਣਾ ਹੀ ਹੁੰਦਾ ਹੈ। ਇਸ ‘ਮਨ’ ਦੇ ਕਾਰਨ ਹੀ ਮਨੁੱਖ ਨੂੰ ਬਾਰ ਬਾਰ ਦੀਆਂ ਜੂਨਾਂ ਤੇ ਭਿੰਨ ਭਿੰਨ ਸਰੀਰ ਭੋਗਣੇ ਪੈਂਦੇ ਹਨ। ਇਹ ਉਦੋਂ ਤੱਕ ਭੋਗਣੇ ਪੈਂਦੇ ਹਨ ਜਦੋ ਤੱਕ ਕਿ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: ੪੪੧) ਅਨੁਸਾਰ ਫ਼ਿਰ ਤੋਂ ਕਿਸੇ ਮਨੁੱਖਾ ਜਨਮ ਸਮੇਂ ਇਸ ‘ਮਨ’ ਵਾਲੀ ਬਣ ਚੁੱਕੀ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਮੁੱਕ ਹੀ ਨਾ ਜਾਵੇ। ਕੇਵਲ ਇਹੀ ਨਹੀਂ ਬਲਕਿ “…. . ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ” (ਪੰ: ੪੭੮) ਅਥਵਾ “ਗਏ ਸਿਗੀਤ ਪੁਕਾਰੀ ਧਾਹ॥ ਉਡਿਆ ਹੰਸੁ ਦਸਾਏ ਰਾਹ” (ਪੰ: ੧੩੮) ਆਦਿ ਇਸੇ ਵਿਸ਼ੇ `ਤੇ ਗੁਰਬਾਣੀ ਵਿੱਚੋਂ ਹਜ਼ਾਰਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਜੋ ਸਰੀਰ ਦਾ ਅੱਗਾ-ਪਿਛਾ ਤੇ ਇਸ ਦੇ ਵਰਤਮਾਨ ਨੂੰ ਵੀ ਖੁੱਲ ਕੇ ਸਪਸ਼ਟ ਕਰਦੇ ਹਨ)

“ਪਤਿ ਵਿਣੁ ਪਾਰਿ ਨ ਪਾਇ” - ਇਸ ਤੋਂ ਬਾਅਦ ਅਸੀਂ ਸੰਬੰਧਤ ਵਿਸ਼ੇ ਵੱਲ ਵੱਧਨ ਲਈ ਕੁੱਝ ਹੋਰ ਯਤਨ ਕਰਾਂਗੇ। ਵਿਚਾਰ ਅਧੀਨ ਵਿਸ਼ਾ ਹੈ “ਅਖੀ ਦੇਖੈ, ਜਿਹਵਾ ਬੋਲੈ” ਅਤੇ ਇਹ ਪੂਰਾ ਸਲੋਕ ਇਸ ਤਰ੍ਹਾਂ ਹੈ “ਸਲੋਕ ਮ: ੧॥ ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ॥ ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ॥ ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈੑ ਖਾਇ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ॥ ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ॥ ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ॥ ੧॥

ਇਹ ਸਲੋਕ, ਪਹਿਲੇ ਪਾਤਸ਼ਾਹ ਦੀ ਰਚਨਾ ਹੈ। ਗਹਿਰਾਈ ਤੋਂ ਸਮਝਣ ਦਾ ਵਿਸ਼ਾ ਇਹ ਹੈ ਕਿ ਗੁਰਦੇਵ ਇਥੇ ਇਹ ਨਹੀਂ ਕਹਿ ਰਹੇ ਕਿ ਮਨੁੱਖ ਅੱਖਾਂ ਨਾਲ ਦੇਖਦਾ ਕਿਉਂ ਹੈ? ਜਾਂ ਪੈਰਾਂ ਨਾਲ ਸੰਸਾਰ `ਚ ਵਿਚਰਦਾ ਤੇ ਹੱਥਾਂ ਨਾਲ ਖਾਂਦਾ ਪੀਂਦਾ ਪਹਿਣਦਾ ਅਤੇ ਅਨੇਕਾਂ ਕਰਮ ਕਿਉਂ ਕਰਦਾ ਹੈ? ਇਸ ਤਰ੍ਹਾਂ ਉਥੋਂ ਤੱਕ ਇਹ ਸਭ ਹੈਣ ਹੀ ਵਰਤਣ ਲਈ ਅਤੇ ਕਰਤਾਰ ਨੇ ਇਹ ਸਾਰੇ ਇੰਦਰੇ ਬਖ਼ਸ਼ੇ ਵੀ ਹਨ ਤਾਂ ਇਸੇ ਲਈ। ਦੇਖਣਾ ਤਾਂ ਇਹ ਹੈ ਕਿ ਗੱਲ `ਚ ਫ਼ਿਰ ਫ਼ਰਕ ਕਿੱਥੇ ਹੈ?

ਦਰਅਸਲ ਇਹ ਸਾਰਾ ਫ਼ਰਕ ਹੀ ਇਥੇ ਹੈ ਕਿ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ” ਭਾਵ ਇਨ੍ਹਾਂ ਇੰਦ੍ਰਿਆਂ ਨੂੰ ਵਰਤਦੇ ਸਮੇਂ ਮਨੁੱਖ ਦੀ ਸੋਚ `ਚ ਬਹੁਤਾ ਕਰਕੇ ਇਹ ਹੁੰਦਾ ਹੀ ਨਹੀਂ ਕਿ ਕਰਤਾਰ ਨੇ ਉਸ ਨੂੰ ਅਨੰਤ ਜੂਨਾਂ `ਚੋਂ ਕਢ ਕੇ ਜੋ ਮਨੁੱਖਾ ਜਨਮ ਬਖ਼ਸ਼ਿਆ ਹੈ ਤਾਂ ਇਸ ਜੂਨ ਦਾ ਕੁੱਝ ਖ਼ਾਸ ਮਕਸਦ ਵੀ ਹੈ। ਉਹ ਮਕਸਦ ਹੈ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮)। ਇਸੇ ਲਈ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਵਰਤਣ ਸਮੇਂ ਵੀ ਇਸ ਦੇ ‘ਮਨ’ ਦੀ ਤਿਆਰੀ ਤੇ ਇਨ੍ਹਾਂ ਦੀ ਵਰਤੋਂ ਸਮੇਂ ਇਸ ਦੀ ਸੁਰਤ `ਚ ਫ਼ਰਕ ਹੋਣਾ ਜ਼ਰੂਰੀ ਹੈ।

ਦੂਜੀਆਂ ਜੂਨੀਆਂ ਦੇ ਮੁਕਾਬਲੇ ਇਥੇ ਫ਼ਰਕ ਹੋਣਾ ਹੈ ਕਿ ਦੂਜੀਆਂ ਜੂਨੀਆਂ ਤਾਂ ਕੇਵਲ ਉਸ ਤੋਂ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਦਾ ਲੇਖਾ-ਜੋਖਾ ਤੇ ਸਜ਼ਾਵਾਂ ਲਈ ਵੱਖ ਵੱਖ ਕੋਠੜੀਆਂ ਮਾਤ੍ਰ ਹੀ ਹੁੰਦੀਆਂ ਹਨ। ਜਦਕਿ ਮਨੁੱਖਾ ਜੂਨ ਉਸ ਤਰੀਕੇ ਦੀ ਬੇ-ਮਕਸਦ ਜੂਨ ਨਹੀਂ। ਇਸ ਲਈ ਮਨੁੱਖਾ ਜੀਵਨ ਦੀ ਸਫ਼ਲਤਾ ਵਾਲਾ ਮਕਸਦ ਵੀ ਸਰੀਰ ਸਮੇਤ ਇਨ੍ਹਾਂ ਗਿਆਨ ਤੇ ਕਰਮ ਇਦ੍ਰਿਆਂ ਦੀ ਵਰਤੋਂ ਸਮੇਂ ਮਨੁੱਖ ਦੀ ਸੁਰਤ `ਚ ਹੋਣਾ ਜ਼ਰੂਰੀ ਹੈ। ਕਿਉਂਕਿ ਮਨੁੱਖਾ ਜਨਮ ਸਮੇਂ ਪ੍ਰਭੂ ਨੇ ਸਾਨੂੰ ‘ਮਨ’ ਤੇ ਇਸ ਦੇ ਅਧੀਨ ਇਹ ਕਰਮ ਤੇ ਗਿਆਨ ਇੰਦ੍ਰੇ ਕੇਵਲ ਜੀਵਨ ਕੱਟੀ ਲਈ ਨਹੀਂ ਬਖ਼ਸ਼ੇ ਹੁੰਦੇ, ਜਿਵੇਂ ਕਿ ਦੂਜੀਆਂ ਜੂਨਾਂ ਸਮੇਂ ਹੁੰਦਾ ਹੈ। ਇਥੇ ਤਾਂ ਇਨ੍ਹਾਂ ਨਾਲ ਨਾਲ ਇਨ੍ਹਾਂ ਦੀ ਸੁਵਰਤੋਂ ਕਰਕੇ ਜੀਵਨ ਦੇ ਮਕਸਦ ਦੀ ਪ੍ਰਾਪਤੀ ਵੀ ਕਰਣੀ ਹੁੰਦੀ ਹੈ।

ਇਸ ਤਰ੍ਹਾਂ ਜਦੋਂ ਮਨੁੱਖਾ ਜਨਮ ਹੀ ਬੇਮਕਸਦ ਨਹੀਂ ਤਾਂ ਸਪਸ਼ਟ ਹੈ ਪ੍ਰਭੂ ਨੇ ਇਸ ਮਨੁੱਖਾ ਜੂਨ ਸਮੇਂ ਇਸ ਸਰੀਰ ਨੂੰ ਚਲਾਉਣ ਲਈ ਜੋ ਗਿਆਨ ਤੇ ਕਰਮ ਇੰਦਰੇ ਉਪ੍ਰੰਤ ਉਨ੍ਹਾਂ ਦੇ ਨਾਲ ਨਾਲ ਜੋ ਦਿਮਾਗ਼ ਬਖ਼ਸ਼ਿਆ ਹੈ ਉਹ ਸਭ ਬਿਨਾ ਮਕਸਦ ਜਾਂ ਹੋਰ ਜੂਨੀਆਂ ਵਾਂਗ ਕੇਵਲ ਜ਼ਿੰਦਗੀ ਨੂੰ ਟਪਾਉਣ ਵਾਸਤੇ ਨਹੀਂ ਹਨ, ਇਥੇ ਇਨ੍ਹਾਂ ਦਾ ਵੀ ਨਿਵੇਕਲਾ ਤੇ ਖ਼ਾਸ ਮਕਸਦ ਹੈ।

ਇਸ ਤੋਂ ਇਲਾਵਾ ਮਨੁੱਖ ਨੂੰ ਕਰਤੇ ਨੇ ਇਸ ਜੂਨੀ `ਚ ਇਸ ਸਾਰੀ ਸੰਭਾਲ ਤੇ ਜੀਵਨ ਨੂੰ ਸਿਧੇ ਰਾਹ ਪਾ ਕੇ ਸਫ਼ਲ ਕਰਣ ਲਈ ‘ਮਨ’ ਵਾਲਾ ਵਾਧਾ ਵੀ ਬਖ਼ਸ਼ਿਆ ਹੋਇਆ ਹੈ। ਜਦਕਿ ਮਨੁੱਖਾ ਜੂਨ ਸਮੇਂ ਮਨੁੱਖ ਵੀ ਬਹੁਤਾ ਕਰਕੇ “ਅਖੀ ਦੇਖੈ, ਜਿਹਵਾ ਬੋਲੈ, ਕੰਨੀ ਸੁਰਤਿ ਸਮਾਇ॥ ਪੈਰੀ ਚਲੈ, ਹਥੀ ਕਰਣਾ, ਦਿਤਾ ਪੈਨੈੑ ਖਾਇ” ਪਰਜਿਨਿ ਰਚਿ ਰਚਿਆ, ਤਿਸਹਿ ਨ ਜਾਣੈ” ਅਤੇ “ਅੰਧਾ ਅੰਧੁ ਕਮਾਇ” ਭਾਵ ਆਪਣੇ ਸਰੀਰ ਤੇ ‘ਮਨ’ ਸਮੇਤ ਇਨ੍ਹਾਂ ਸਾਰੇ ਗਿਆਨ ਤੇ ਕਰਮ ਇੰਦ੍ਰਿਆਂ ਨੂੰ ਅਗਿਆਨਤਾ ਦੇ ਹਨੇਰੇ `ਚ ਫ਼ਸਿਆ ਜੀਵਨ ਨੂੰ ਧੱਕਾ ਹੀ ਦੇ ਰਿਹਾ ਹੁੰਦਾ ਹੈ।

ਗੁਰਦੇਵ ਫ਼ੁਰਮਾਉਂਦੇ ਹਨ ਕਿ ਮਨੁੱਖਾ ਜੂਨ ਪਾ ਕੇ ਤਾਂ ਇਸ ਨੂੰ ਚੇਤੇ ਰਹਿਣਾ ਚਾਹੀਦਾ ਹੈ ਕਿ ਇਹ ਜਿਸ ਜੂਨ `ਚ ਵਿਚਰ ਰਿਹਾ ਹੈ ਇਹ ਮਨੁੱਖ ਦੀ ਜੂਨ ਹੈ ਜੋ ਇਸ ਲਈ ਹੈ ਕਿ “ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ, ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ (ਪੰ: ੧੩) ਤਾ ਕਿ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ” (ਪੰ: ੬੫੧) ਵਾਲੀ ਹਾਲਤ ਮੁੱਕ ਜਾਵੇ ਤੇ ਇਸ ਨੂੰ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਨਾ ਪੈਣਾ ਪਵੇ।

ਸ਼ੱਕ ਨਹੀਂ ਕਿ ਅਰਬਾਂ-ਖਰਬਾਂ ਹੋਰ ਹੋਰ ਜੂਨਾਂ ਸਮੇਂ ਤਾਂ ਇਹ ਜੀਵ, ਪ੍ਰਭੂ ਨਿਯਮ `ਚ ਹੀ ਅਗਿਆਨਤਾ ਦਾ ਹਨੇਰਾ ਢੋਣ ਲਈ ਮਜਬੂਰ ਸੀ। ਇਸ ਲਈ ਉਸ ਸਮੇਂ ਤਾਂ ਇਸ ਨੂੰ ਇਨ੍ਹਾਂ ਕਰਮ ਤੇ ਗਿਆਨ ਇੰਦ੍ਰਿਆਂ ਦੀ ਸੁਵਰਤੋਂ-ਕੁਵਰਤੋਂ ਸਬੰਧੀ ਸੋਝੀ ਨਹੀਂ ਸੀ। ਉਥੇ ਤਾਂ ਜਿਸ ਜੂਨੀ ਸਮੇਂ ਜਿਸ ਸੀਮਾਂ `ਚ ਵਰਤਣ ਲਈ ਇਸ ਨੂੰ ਜਿਸ ਜਿਸ ਤਰ੍ਹਾਂ ਦੇ ਸਰੀਰ ਤੇ ਇੰਦ੍ਰੇ ਮਿਲਦੇ ਹਨ, ਇਹ ਉਨ੍ਹਾਂ ਨੂੰ ਉਸੇ ਸੀਮਿਤ ਰਹਿਣੀ ਤੋਂ ਬਾਹਿਰ ਜਾ ਕੇ ਨਹੀਂ ਵਰਤ ਸਕਦਾ। ਜਦਕਿ ਹੁਣ ਮਨੁੱਖਾ ਜੂਨ ਸਮੇਂ ਤਾਂ ਉਹ ਗੱਲ ਨਹੀਂ। ਇਥੇ ਤਾਂ ਇਹ ਆਪਣੀ ਸੰਭਾਲ ਕਰਕੇ “ਬਹੁਰਿ ਨ ਹੋਇਗੋ ਫੇਰਾ” ਵਾਲੀ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਪਰ ਤਾਂ ਵੀ ਇਹ “ਅੰਧਾ ਅੰਧੁ ਕਮਾਇ” ਵਾਲੀ ਅਵਸਥਾ `ਚ ਹੀ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ।

ਇਸ ਲਈ ਘਟੋਘਟ ਮਨੁੱਖਾ ਜੂਨ ਸਮੇਂ ਤਾਂ ਇਸ ਨੂੰ ਇਹ ਸੋਝੀ ਹੋਣੀ ਚਾਹੀਦੀ ਹੈ ਕਿ ਉਸ ਨੂੰ ਜੋ ਮਨੁੱਖਾ ਸਰੀਰ ਮਿਲਿਆ ਹੋਇਆ ਹੈ ਇਹ ਕੇਵਲ ਇੱਕ ਮਿੱਟੀ ਦਾ ਭਾਂਡਾ ਹੀ ਹੈ ਅਤੇ ਇਸ ਤੋਂ ਵਧ ਇਸ ਦਾ ਆਪਣਾ ਕੋਈ ਵਜੂਦ ਹੈ ਹੀ ਨਹੀਂ। ਇਹ ਸਰੀਰ ਤਾਂ ਕੇਵਲ “ਜਾ ਭਜੈ ਤਾ ਠੀਕਰੁ ਹੋਵੈ” ਭਾਵ ਇੱਕ ਵਾਰੀ ਟੁੱਟ ਜਾਣ ਤੋਂ ਬਾਅਦ ਨਾ ਮਨੁੱਖ ਇਸ ਨੂੰ ਦੋਬਾਰਾ ਬਣਾ ਸਕਦਾ ਹੈ ਤੇ ਨਾ ਹੀ ਇਸ ਨੂੰ ਇਸ ਦੀ ਸੁਘੜ ਤੇ ਵਿਉਂਤਬੰਦ ਵਰਤੋਂ `ਚ ਵਾਪਿਸ ਹੀ ਲਿਆ ਸਕਦਾ ਹੈ।

ਬਾਕੀ ਜੂਨਾਂ ਸਮੇਂ ਤਾਂ ਨਹੀਂ, ਪਰ ਮਨੁੱਖਾ ਜੂਨ ਹੋਣ ਦੇ ਨਾਤੇ ਇਸ ਨੂੰ ਇਹ ਸੋਝੀ ਤਾਂ ਰਹਿਣੀ ਹੀ ਚਾਹੀਦੀ ਹੈ ਕਿ ਇਸ ਦਾ ਇਹ ਸਰੀਰ ਆਪਣੇ ਆਪ ਨਹੀਂ ਬਣ ਗਿਆ ਤੇ ਨਾ ਹੀ ਸਰੀਰ ਸਮੇਤ ਇਸ ਦੇ ਹੱਥ, ਪੈਰ, ਅੱਖਾਂ, ਕੰਨ, ਸੁਰਤ ਆਦਿ ਆਪਣੇ ਆਪ ਕੰਮ ਕਰ ਰਹੇ ਹਨ। ਇਸ ਦੇ ਸਰੀਰ ਦੀ ਸਮੂਚੀ ਹੋਂਦ ਕੇਵਲ ਇਸ ਲਈ ਹੈ ਕਿ “ਜੀਉ ਪਾਇ ਤਨੁ ਸਾਜਿਆ, ਰਖਿਆ ਬਣਤ ਬਣਾਇ” ; ਪ੍ਰਭੂ ਨੇ ਖ਼ੁਦ ਸਾਡੇ ਇਸ ਸਰੀਰ ਨੂੰ ਘੜਿਆ ਤੇ ਇਸ `ਚ ਜੀਉ ਪਾਇ” ਆਪਣੀ ਹੋਂਦ ਤੇ ਸਤਿਆ ਭਾਵ ਜੋਤ ਵੀ ਟਿਕਾਈ ਹੋਈ ਹੈ।

ਇਤਨਾ ਹੀ ਨਹੀਂ ਬਲਕਿ ਜਦੋਂ ਤੱਕ ਮਿਟੀ ਦੇ ਬਣੇ ਹੋਏ ਇਸ ਸਰੀਰ ਵਾਲੇ ਠੀਕਰੇ ਨੂੰ ਪ੍ਰਭੂ ਖ਼ੁਦ ਨਹੀਂ ਤੋੜਦਾ, ਉਦੋਂ ਤੱਕ “ਤਨੁ ਸਾਜਿਆ, ਰਖਿਆ ਬਣਤ ਬਣਾਇ” ਭਾਵ ਪ੍ਰਭੂ ਇਸ ਦੀ ਸੰਭਾਲ ਵੀ ਆਪ ਹੀ ਕਰਦਾ ਹੈ। ਇਸ ਦੀਆਂ ਲੋੜਾਂ ਵੀ ਆਪ ਪੂਰੀਆਂ ਕਰ ਰਿਹ ਹੁੰਦਾ ਹੈ। ਜਦਕਿ ਮਨੁੱਖ ਤਾਂ ਕੇਵਲ ਇੱਕ ਠੀਕਰਾ ਮਾਤ੍ਰ ਹੈ ਜਿਸ ਦੇ ਇੱਕ ਵਾਰੀ ਟੁੱਟ ਜਾਣ ਤੋਂ ਬਾਅਦ, ਇਹ ਖ਼ੁਦ ਉਸ ਨੂੰ ਨਾ ਵਾਪਿਸ ਜੋੜ ਸਕਦਾ ਹੈ ਤੇ ਨਾ ਹੀ ਪਹਿਲੇ ਦੀ ਤਰ੍ਹਾਂ ਚਾਲੂ ਕਰ ਸਕਦਾ ਹੈ।

ਇਸ ਤਰ੍ਹਾਂ ਇਹ ਤਾਂ “ਕਬੀਰ ਨਾ ਹਮ ਕੀਆ ਨ ਕਰਹਿਗੇ, ਨਾ ਕਰਿ ਸਕੈ ਸਰੀਰੁ॥ ਕਿਆ ਜਾਨਉ ਕਿਛੁ ਹਰਿ ਕੀਆ, ਭਇਓ ਕਬੀਰੁ ਕਬੀਰੁ” (ਪੰ: ੧੩੬੭) ਅਨੁਸਾਰ ਮਨੁੱਖ ਨਾ ਆਪਣੇ ਆਪ `ਚ ਕੁੱਝ ਹੈ ਤੇ ਨਾ ਹੀ ਇਸ ਦਾ ਆਪਣਾ ਕੋਈ ਵਜੂਦ ਹੀ ਹੈ, ਇਸ ਦਾ ਵਜੂਦ ਹੈ ਤਾਂ ਕੇਵਲ ਇਸ ਅੰਦਰ ਵੱਸ ਰਹੇ ਪ੍ਰਭੂ ਦੇ ਨੂਰ ਤੇ ਉਸ ਰਾਹੀਂ ਇਸ ਦੀ ਕੀਤੀ ਜਾ ਰਹੀ ਸੰਭਾਲ ਕਾਰਨ।

ਇਸੇ ਲਈ ਗੁਰਦੇਵ ਸਲੋਕ ਦੀ ਸਮਾਪਤੀ `ਤੇ ਸਪਸ਼ਟ ਫ਼ੈਸਲਾ ਵੀ ਦੇ ਰਹੇ ਹਨ ਕਿ ਜਾ ਭਜੈ ਤਾ ਠੀਕਰੁ ਹੋਵੈ, ਘਾੜਤ ਘੜੀ ਨ ਜਾਇ” ਤਾਂ ਤੇ ਐ ਮਨੁੱਖ! ਇਹ ਜੋ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਇਸ ਰਾਹੀਂ ਤੈਨੂੰ ਸੋਝੀ ਵੀ ਰਹਿਣੀ ਚਾਹੀਦੀ ਹੈ ਕਿ “ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ” ਭਾਵ ਇਸ ਮਨੁੱਖਾ ਜੂਨ ਤੇ ਇਸ ਵਿਸ਼ੇਸ਼ ਜਨਮ ਦੀਆਂ ਸਫ਼ਲ ਤੇ ਅਸਫ਼ਲ ਦੋ ਵੱਖ ਵੱਖ ਵਿਰੋਧੀ ਦਿਸ਼ਾਵਾਂ ਵੀ ਹਨ।

ਇਸ ਲਈ ਇਸ ਮਨੁੱਖਾ ਜਨਮ ਸਮੇਂ ਤੈਨੂੰ ਸੋਝੀ ਤੇ ਚੇਤਣਤਾ ਵੀ ਰਹੇ ਕਿ ਤੇਰੇ ਕੋਲ ਜੋ ਇਹ ਮਨੁੱਖਾ ਸਰੀਰ ਅਤੇ ਉਸ `ਚ ਹੱਥ, ਪੈਰ, ਅੱਖਾਂ, ਕੰਨ, ਜਿਹਵਾ ਆਦਿ ਕਰਮ ਤੇ ਗਿਆਨ ਇੰਦ੍ਰੇ ਹਨ, ਬਾਕੀ ਬੇਅੰਤ ਜੂਨੀਆਂ ਦੇ ਉਲਟ, ਇਥੇ ਇਨ੍ਹਾਂ ਦਾ ਕੁੱਝ ਵਿਸ਼ੇਸ਼ ਮਕਸਦ ਹੈ ਅਤੇ ਉਹ ਮਕਸਦ ਗੁਰੂ-ਗੁਰਬਾਣੀ ਗਿਆਨ ਦੀ ਆਗਿਆ `ਚ ਇਨ੍ਹਾਂ ਦੀ ਯੋਗ ਵਰਤੋਂ ਕਰਕੇ ਪ੍ਰਾਪਤ ਜਨਮ ਨੂੰ ਸਫ਼ਲਾ ਕਰਨਾ।

ਇਸ ਲਈ ਤੂੰ ਤਾਂ ਸਰੀਰ ਵਿਚਲੇ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਸੁਵਰਤੋਂ ਕਰਕੇ ਜੀਵਨ ਨੂੰ ਸਫ਼ਲ ਕਰਨਾ ਹੈ ਤਾਕਿ ਜੀਉਂਦੇ ਜੀਅ ਵੀ ਇਸ ਜੀਵਨ ਅੰਦਰ ਸੰਤੋਖ, ਪਰ-ੳਪਕਾਰ, ਦਇਆ, ਧਰਮ ਆਦਿ ਸਦਗੁਣ ਪੈਦਾ ਹੋਣ, ਜੀਵਨ `ਤੇ ਵਕਾਰ ਭਾਰੂ ਨਾ ਹੋਣ ਤੇ ਸਰੀਰ ਤਿਆਗਣ ਬਾਅਦ ਵੀ ਤੈਨੂੰ ਜਨਮਾਂ-ਜੂਨਾਂ-ਗਰਭਾਂ ਤੋਂ ਨਿਜਾਤ ਮਿਲ ਜਾਵੇ।

ਦਰਅਸਲ ਬਾਣੀ `ਚ ਹੋਰ ਵੀ ਅਨੇਕਾਂ ਜਗ੍ਹਾ `ਤੇ ਇਸੇ ਸਚਾਈ ਨੂੰ ਦ੍ਰਿੜ ਕਰਵਾਇਆ ਹੈ ਕਿ ਐ ਜੀਵ, ਮਨੁੱਖਾ ਜੂਨ ਪਾਉਣ ਤੋਂ ਬਾਅਦ ਤੈਨੂੰ ਸਪਸ਼ਟ ਹੋਵੇ ਕਿ ਤੇਰਾ ਇਹ ਸਰੀਰ ਕੇਵਲ “ਮਾਟੀ ਅੰਧੀ ਸੁਰਤਿ ਸਮਾਈ॥ ਸਭ ਕਿਛੁ ਦੀਆ ਭਲੀਆ ਜਾਈ॥ ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ” (ਪੰ: ੧੦੦) ਭਾਵ ਜਿਸ ਮਿੱਟੀ `ਚ ਸੁਰਤ ਪਾ ਕੇ ਪ੍ਰਭੂ ਨੇ ਤੈਨੂੰ ਸਭ ਕੁੱਝ ਬਖ਼ਸ਼ਿਆ ਤੇ ਇਸ ਸਾਰੇ ਦੇ ਯੋਗ ਬਨਾਇਆ ਹੈ ਤੂੰ ਚੇਤੇ ਰੱਖ ਕਿ ਖਾਲੀ! “ਅਨਦ ਬਿਨੋਦ ਚੋਜ ਤਮਾਸੇ” ਹੀ ਨਹੀਂ ਹਨ ਬਲਕਿ ਇਸ ਦੇ ਅੱਗੇ ਕੁੱਝ ਹੋਰ ਵੀ ਹੈ। ਕਿਉਂਕਿ ਇਸ ਜੀਵਨ ਅੰਦਰ ਤੂੰ ਇਨ੍ਹਾਂ ਗਿਆਨ ਤੇ ਕਰਮ ਇੰਦ੍ਰਿਆਂ ਦੀ ਤੂੰ ਸੁਵਰਤੋਂ ਕਰ ਰਿਹਾ ਹੈ ਜਾਂ ਕੁਵਰਤੋਂ, ਇਸ ਦਾ ਨਿਪਟਾਰਾ ਤੇ ਨਿਆਂ ਵੀ “ਤੁਧੁ ਭਾਵੈ ਸੋ ਹੋਣਾ ਜੀਉ” ਇਸ ਸਰੀਰ ਨੂੰ ਬਨਾਉਣ ਵਾਲੇ ਪ੍ਰਭੂ ਦੇ ਆਪਣੇ ਹੱਥ `ਚ ਹੀ ਹੈ ਮਨੁੱਖ ਦੇ ਆਪਣੇ ਹੱਥ `ਚ ਨਹੀਂ।

ਤਾਂ ਤੇ ਲੋੜ ਇਹੀ ਹੈ ਕਿ ਮਨੁੱਖ ਇਨ੍ਹਾਂ ਇੰਦ੍ਰਿਆਂ ਦੀ ਵਰਤੋਂ ਵੀ ਅਕਾਲਪੁਰਖ ਦੇ ਨਿਰਮਲ ਭਉ `ਚ ਰਹਿ ਕੇ ਹੀ ਕਰ। ਠੀਕ ਇਸੇ ਤਰ੍ਹਾਂ ਜਿਵੇਂ ਮਨੁੱਖਾ ਜਨਮ ਸਮੇਂ ਇਸ ਸਰੀਰ ਤੇ ਇਸ ਵਿਚਲੇ ਗਿਆਨ ਤੇ ਕਰਮ ਇਦ੍ਰਿਆਂ ਦੀ ਵਰਤੋਂ ਬਾਰੇ ਅਸੀਂ ਰਵੀਦਾਸ ਜੀ ਦੇ ਸ਼ਬਦ “ਮਾਟੀ ਕੋ ਪੁਤਰਾ ਕੈਸੇ ਨਚਤੁ ਹੈ. .” ਤੇ ਫ਼ਰੀਦ ਸਹਿਬ ਦੇ ਸ਼ਬਦ “ਬੋਲੈ ਸੇਖ ਫਰੀਦੁ, ਪਿਆਰੇ ਅਲਹ ਲਗੇ॥ ਇਹੁ ਤਨੁ ਹੋਸੀ ਖਾਕ, ਨਿਮਾਣੀ ਗੋਰ ਘਰੇ"ੇ ਰਾਹੀਂ ਵੀ ਸਮਝ ਚੁੱਕੇ ਹਾਂ।

ਉਪ੍ਰੰਤ ਉਹੀ ਗੱਲ ਇਸ ਹੱਥਲੇ ਸਲੋਕ `ਚ ਵੀ ਦ੍ਰਿੜ ਕਰਵਾਈ ਹੈ ਕਿ ਐ ਮਨੁੱਖ! ਤੂੰ ਪ੍ਰਭੂ ਵੱਲੋਂ ਬਖ਼ਸ਼ੇ ਇਸ ਸਰੀਰ ਤੇ ਇਸ ਵਿਚਲੇ ਕੰਨ, ਅੱਖਾਂ, ਜਿਹਵਾ ਆਦਿ ਕਰਮ ਤੇ ਗਿਆਨ ਇੰਦ੍ਰਿਆਂ ਨੂੰ ਵਰਤ ਤਾਂ ਰਿਹਾਂ ਪਰ ਨਾਲ ਹੀ ਨਾਲ ਇਨ੍ਹਾਂ ਨੂੰ ਵਰਤਣ ਸਮੇਂ ਤੇਰੀ ਹਾਲਤ ਇਹ ਨਾ ਬਣੀ ਰਵੇ ਕਿ “ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ”। ਇਸ ਦੇ ਨਾਲ ਤੈਨੂੰ ਸੁਆਸ ਸੁਆਸ ਇਹ ਵੀ ਚੇਤਾ ਰਵੇ ਕਿ ਪ੍ਰਭੂ ਦੇ ਨੂਰ ਤੋਂ ਬਿਨਾ ਇਸ ਸਰੀਰ ਦਾ ਆਪਣਾ ਕੁੱਝ ਵੀ ਵਜੂਦ ਨਹੀਂ। ਇਹ ਕੇਵਲ ਮਿੱਟੀ ਦਾ ਇੱਕ ਠੀਕਰਾ ਹੈ ਜਦੋਂ ਪ੍ਰਭੂ ਦੇ ਹੁਕਮ `ਚ “ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ” ਇੱਕ ਵਾਰੀ ਟੁੱਟ ਜਾਂਦਾ ਹੈ ਤਾਂ ਮਨੁੱਖ ਅੰਦਰ ਸਮ੍ਰਥਾ ਨਹੀਂ ਕਿ ਉਹ ਇਸ ਨੂੰ ਦੋਬਾਰਾ ਜੋੜ ਸਕੇ। ਇਸ ਸਮੇਂ ਇਹ ਜੋ ਚੱਲ ਰਿਹਾ ਹੈ ਉਹ ਕੇਵਲ ਇਸ ਲਈ ਇਸ ਅੰਦਰ ਪ੍ਰਭੂ ਦਾ ਨੂਰ ਤੇ ਜੋਤ ਵਰਤ ਰਹੀ ਹੈ।

ਇਸ ਦੇ ਨਾਲ ਇਹ ਵੀ ਸੱਚ ਹੈ ਕਿ ਜਦੋਂ ਤੱਕ ਇਸ ਦੇ ਅੰਦਰ ਪ੍ਰਭੂ ਦਾ ਨੂਰ ਕਾਇਮ ਹੈ ਤੇ ਮਨੁੱਖ ਇਸ ਦੀ ਵਰਤੋਂ ਕਰ ਰਿਹਾ ਹੈ ਤਾਂ ਉਸ ਦੀ ਚੰਗੀ ਜਾਂ ਮਾੜੀ ਅਥਵਾ ਯੋਗ ਜਾਂ ਅਯੋਗ ਕੀਤੀ ਜਾ ਰਹੀ ਵਰਤੋਂ ਬਾਰੇ ਨਿਬੇੜਾ ਵੀ ਇਸ ਨੂੰ ਘੜਣ ਵਾਲੇ ਅਕਾਲਪੁਰਖ ਦੇ ਸੱਚੇ ਨਿਆਂ `ਚ ਨਾਲ ਹੀ ਨਾਲ ਤੇ ਸੁਆਸ ਸੁਆਸ ਹੋ ਰਿਹਾ ਹੈ। ਇਸ ਲਈ “ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ” ਇਸ ਜੀਵਨ ਦੀ ਸਫ਼ਲਤਾ ਤਾਂ ਹੀ ਹੋਵੇਗੀ ਜੇ ਕਰ ਮਨੁੱਖ ਜੀਵਨ ਦੀ ਕਮਾਈ ਗੁਰੂ-ਗੁਰਬਾਣੀ ਦੇ ਆਦੇਸ਼ਾ ਤੇ ਆਗਿਆ `ਚ ਕਰੇਗਾ ਨਹੀਂ ਤਾਂ ਇਸ ਦਾ ਇਹ ਜੀਵਨ ਤੇ ਇਹ ਮਨੁੱਖਾ ਜਨਮ ਬਿਰਥਾ ਹੀ ਜਾਵੇਗਾ ਅਤੇ ਇਸ ਨੂੰ ਫ਼ਿਰ ਤੋਂ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਣਾ ਪਵੇਗਾ।

ਸਬੰਧਤ ਸਲੋਕ ਦੇ ਸਰਲ ਅਰਥ-ਇਸ ਤੋਂ ਬਾਅਦ ਅਸੀਂ ਚਾਹਾਂਗੇ ਸਲੋਕ ਦੇ ਸਿਧੇ ਅਰਥਾਂ `ਤੇ ਵੀ ਇੱਕ ਵਾਰੀ ਨਜ਼ਰ ਮਾਰ ਲਵੀਏ ਤਾ ਕਿ ਸੰਖੇਪ `ਚ ਵੀ ਸਾਰਾ ਵਿਸ਼ਾ ਫ਼ਿਰ ਤੋਂ ਸਪਸ਼ਟ ਹੋ ਜਾਵੇ। ਤਾਂ ਤੇ ਸਲੋਕ ਦੇ ਸਿਧੇ ਅਰਥ ਹਨ “ਪ੍ਰਭੂ ਨੇ ਜਿੰਦ ਪਾ ਕੇ ਮਨੁੱਖ ਦਾ ਸਰੀਰ ਬਣਾਇਆ ਹੈ ਅਤੇ ਇਸ ਸਰੀਰ ਦੀ ਸੋਹਣੀ ਘਾੜਤ ਘੜੀ ਹੋਈ ਹੈ। ਮਨੁੱਖ ਅੱਖਾਂ ਨਾਲ ਦੇਖਦਾ ਹੈ, ਜੀਭ ਨਾਲ ਬੋਲਦਾ ਹੈ, ਇਸ ਦੇ ਕੰਨਾਂ `ਚ ਸੁਣਨ ਦੀ ਸੱਤਿਆ ਵੀ ਮੌਜੂਦ ਹੈ। ਇਹ ਪੈਰਾਂ ਨਾਲ ਤੁਰਦਾ ਵੀ ਹੈ ਅਤੇ ਹੱਥਾਂ ਨਾਲ ਕੰਮ-ਕਾਰ ਕਰਦਾ ਤੇ ਪ੍ਰਭੂ ਦਾ ਦਿੱਤਾ ਹੋਇਆ ਸਭਕੁਝ ਖਾਂਦਾ ਪਹਿਣਦਾ ਤੇ ਵਰਤਦਾ ਵੀ ਹੈ।

ਫ਼ਿਰ ਵੀ ਜਿਸ ਪ੍ਰਭੂ ਨੇ ਇਸ ਦੇ ਇਸ ਸਰੀਰ ਨੂੰ ਬਣਾਇਆ ਸੁਆਰਿਆ ਹੈ, ਉਸੇ ਸਰੀਰ ਦੀ ਵਰਤੋਂ `ਚ ਹੀ ਮਸਤ ਹੋਇਆ ਰਹਿੰਦਾ ਹੈ। ਇਹ ਮਨੁੱਖ, ਬਨਾਉਣ ਵਾਲੇ ਉਸ ਪ੍ਰਭੂ ਨੂੰ (ਜਿਹੜਾ ਕਿ ਜੋਤ ਰੂਪ ਹਰ ਸਮੇਂ ਇਸ ਦੇ ਅੰਦਰ ਮੌਜੂਦ ਹੈ ਤੇ ਜਿਸ ਦੇ ਕਾਰਨ ਇਸ ਦਾ ਇਹ ਸਰੀਰ ਚੱਲ-ਫ਼ਿਰ ਰਿਹਾ ਹੈ) ਉਸ ਨੂੰ ਪਹਿਚਾਣਦਾ ਤੱਕ ਨਹੀਂ। ਅੰਨ੍ਹਾ ਭਾਵ ਅਗਿਆਨੀ ਮਨੁੱਖ ਆਤਮਕ ਜੀਵਨ ਵਲੋਂ ਬੇ-ਸਮਝ ਹੋਣ ਕਾਰਨ ਅੰਨ੍ਹਿਆਂ ਵਾਲੇ ਕੰਮ ਹੀ ਕਰਦਾ ਤੇ ਔਝੜੇ ਪਿਆ ਭਟਕਦਾ ਰਹਿੰਦਾ ਹੈ ਭਾਵ ਜੀਵਨ ਦੇ ਉਲਟੇ ਰਾਹ ਪਿਆ ਰਹਿੰਦਾ ਹੈ।

ਇਸ ਤਰ੍ਹਾਂ ਚਲਦੇ ਚਲਦੇ ਜਦੋਂ ਇਹ ਸਰੀਰ-ਰੂਪ ਭਾਂਡਾ ਟੁੱਟ ਜਾਂਦਾ ਹੈ, ਤਾਂ ਇਹ ਵਿਅਰਥ ਜਿਹਾ ਇੱਕ ਠੀਕਰਾ ਹੀ ਹੋ ਜਾਂਦਾ ਹੈ ਅਤੇ ਉਸ ਸਮੇਂ ਇਹ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ। ਇਸ ਦੇ ਇੱਕ ਵਾਰੀ ਟੁੱਟ ਜਾਣ ਤੋਂ ਬਾਅਦ ਮੁੜ ਇਹ ਸਰੀਰਕ ਬਣਤਰ ਬਣ ਵੀ ਨਹੀਂ ਸਕਦੀ। ਇਸ `ਤੇ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਅੰਨ੍ਹਾ-ਅਗਿਆਨੀ ਮਨੁੱਖ ਗੁਰੂ ਦੀ ਸ਼ਰਨ `ਚ ਆਉਣ ਤੋਂ ਬਿਨਾ, ਭਾਵ ਗੁਰਬਾਣੀ-ਗੁਰੂ ਦੀ ਆਗਿਆਂ `ਚ ਜੀਵਨ ਦੀ ਕਮਾਈ ਕੀਤੇ ਬਿਨਾ ਪ੍ਰਭੂ ਦੀ ਬਖ਼ਸ਼ਿਸ਼ ਤੋਂ ਵਾਂਝਾ ਹੀ ਰਹਿ ਜਾਂਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ ਇਸ ਸੰਸਾਰ ਸਮੁੰਦਰ ‘ਤੋਂ ਪਾਰ ਨਹੀਂ ਹੋ ਸਕਦਾ। ਭਾਵ ਇਸ ਪ੍ਰਾਪਤ ਮਨੁੱਖਾ ਜਨਮ ਨੂੰ ਪਾ ਕੇ ਵੀ ਇਸ ਨੂੰ ਅਸਫ਼ਲ ਤੇ ਬਿਰਥਾ ਕਰ ਦਿੰਦਾ ਹੈ ਜਿਸ ਦਾ ਨਤੀਜਾ ਇਹ ਨੂੰ ਫ਼ਿਰ ਤੋਂ ਜਨਮ-ਮਰਣ ਦੇ ਚੱਕਰ `ਚ ਹੀ ਪੈਂਦਾ ਹੈ” #217-Is11.03s11# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 217

ਅਖੀ ਦੇਖੈ ਜਿਹਵਾ ਬੋਲੈ…” (ਭਾਗ ਪਹਿਲਾ)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org

 
.