ਅਖੌਤੀ ਅਕਾਲ-ਤਖਤ ਬਨਾਮ ਪੁਜਾਰੀਵਾਦ
ਮੌਜੂਦਾ ‘ਅਕਾਲ ਤਖਤ’ ਵਿਵਸਥਾ ਦੇ ਸੰਦਰਭ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ
‘ਪੁਜਾਰੀਵਾਦ’ ਸ਼ਬਦ ਦੀ ਵਰਤੋਂ ਬੜੇ ਉਚੇਚ ਨਾਲ ਕੀਤੀ ਜਾ ਰਹੀ ਹੈ। ਇਹ ਵਿਦਵਾਨ ਸੱਜਣ ਅਸਲ ਵਿੱਚ
‘ਅਕਾਲ ਤਖਤ’ ਦੇ ਨਾਮ ਤੇ ਅਖੌਤੀ ‘ਜੱਥੇਦਾਰ’ ਦੀ ਪਦਵੀ ਦੀ ਵਰਤੋਂ-ਦੁਰਵਰਤੋਂ ਰਾਹੀਂ ਪਿਛਲੇ ਅੱਠ
ਦਹਾਕਿਆਂ ਤੋਂ ਬਣੀ ਹੋਈ ਸਿਖ ਮੱਤ ਵਿਚਲੀ ਵਿਸ਼ੇਸ਼ ਵਿਵਸਥਾ ਦੇ ਆਲੋਚਕ ਹਨ ਅਤੇ ਉਹ ਇਸ ਵਿਵਸਥਾ
ਵਿੱਚੋਂ ਸਿਖ ਮੱਤ ਸਬੰਧੀ ਉਪਜਦੀਆਂ ਸਮਸਿੱਆਵਾਂ ਨੂੰ ‘ਜਥੇਦਾਰ’ ਦੇ ਅਹੁਦੇ ਨਾਲ ਜੋੜਦੇ ਹੋਏ ਇਸ
ਨੂੰ ਪੁਜਾਰੀਵਾਦ ਦਾ ਨਾਮ ਦਿੰਦੇ ਹਨ। ਦੂਸਰੇ ਸ਼ਬਦਾਂ ਵਿੱਚ ਅਜਿਹੇ ਵਿਦਵਾਨ ਸੱਜਣ ਸਮਝਦੇ ਹਨ ਕਿ
ਸਿੱਖਾਂ ਦੇ ਕੌਮੀ ਮਸਲਿਆਂ ਸਬੰਧੀ ‘ਅਕਾਲ ਤਖਤ’ ਦੇ ‘ਅਖੌਤੀ’ ਜਥੇਦਾਰ ਅਤੇ ਬਾਕੀ ‘ਤਖਤਾਂ’ ਦੇ
‘ਅਖੌਤੀ’ ਜਥੇਦਾਰਾਂ ਵੱਲੋਂ ਮਿਲ ਕੇ ਨਿਭਾਈ ਜਾ ਰਹੀ ਭੂਮਿਕਾ ਸਿਖ ਧਰਮ ਵਿੱਚ ਪੁਜਾਰੀਵਾਦ ਦੇ ਅੰਸ਼
ਦਾ ਪ੍ਰਗਟਾਵਾ ਹੈ। ਅਜਿਹੀ ਧਾਰਨਾਂ ਦੀ ਪੜਚੋਲ ਲਈ ਇਸ ਭੂਮਿਕਾ ਦੀ ਅਸਲੀਅਤ ਨੂੰ ਜਾਣਨਾ ਬਹੁਤ
ਜ਼ਰੂਰੀ ਹੋ ਜਾਂਦਾ ਹੈ।
ਪੁਜਾਰੀਵਾਦ
ਪੁਜਾਰੀ ਉਹ ਸ਼ਖਸ ਹੁੰਦਾ ਹੈ ਜੋ ਇੱਕ ਪਾਸੇ ਮਨੁੱਖੀ ਜੀਵਾਂ ਅਤੇ ਦੂਸਰੇ
ਪਾਸੇ ਦੇਵੀ-ਦੇਵਤਿਆਂ ਜਾਂ ਪਰਮਾਤਮਾਂ ਦੀਆਂ ਬਣਦੀਆਂ ਦੋ ਧਿਰਾਂ ਵਿਚਕਾਰ ਵਿਚੋਲਗੀਰੀ ਦੀ ਭੂਮਿਕਾ
ਨਿਭਾਉਂਦਾ ਹੋਇਆ ਕਿਸੇ ਵਿਸ਼ੇਸ਼ ਫਿਰਕੇ ਦੇ ਧਾਰਮਿਕ ਸਥਾਨਾਂ ਦੇ ਅੰਦਰਵਾਰ ਜਾਂ ਕਿਸੇ ਹੋਰ ਥਾਂ ਤੇ
ਵੱਖ-ਵੱਖ ਤਰ੍ਹਾਂ ਦੀਆਂ ਪੂਜਾ-ਵਿਧੀਆਂ, ਕਰਮ-ਕਾਂਡਾਂ ਅਤੇ ਧਾਰਮਿਕ ਰਹੁ-ਰੀਤਾਂ ਨੂੰ ਸਿਰੇ
ਚੜ੍ਹਾਉਂਦਾ ਹੈ। ਜਦੋਂ ਕਿਸੇ ਧਰਮ ਨਾਲ ਸਬੰਧਤ ਸਮੁੱਚਾ ਪੁਜਾਰੀ ਵਰਗ ਕਿਸੇ ਸੰਸਥਾਗਤ ਢਾਂਚੇ ਵਿੱਚ
ਸੰਗਠਿਤ ਹੋ ਕੇ ਦਰਜਾਬੰਦ ਜੱਥੇਬੰਦੀ (
hierarchy)
ਦਾ ਰੂਪ ਲੈ ਲਵੇ ਤਾਂ ਇਹ ਵਿਵਸਥਾ ਪੁਜਾਰੀਵਾਦ ਅਖਵਾਵੇਗੀ। ਅਜਿਹੀ ਵਿਵਸਥਾ ਵਿੱਚ ਅੱਗੇ ਜਾ ਕੇ
ਪੁਜਾਰੀ ਵਰਗ ਵੱਲੋਂ ਸ਼ਾਸਕ ਵਰਗ ਦੀ ਸਰਪ੍ਰਸਤੀ ਵੀ ਹਾਸਲ ਕਰ ਲਈ ਜਾਂਦੀ ਹੈ ਅਤੇ ਦੋਵੇਂ ਵਰਗ
ਕ੍ਰਮਵਾਰ ਧਾਰਮਿਕ ਭਾਵਨਾਵਾਂ ਅਤੇ ਸਿਆਸੀ ਖੇਤਰ ਵਿੱਚ ਆਪਣੀ-ਆਪਣੀ ਪਕੜ ਮਜ਼ਬੂਤ ਕਰਨ ਹਿਤ ਇੱਕ
ਦੂਸਰੇ ਨੂੰ ਵਰਤਦੇ ਰਹਿੰਦੇ ਹਨ। ਇਸ ਤਰ੍ਹਾਂ ਪੁਜਾਰੀਵਾਦ ਸ਼ਾਸਕ ਵਰਗ ਨਾਲ ਗੱਠ-ਜੋੜ ਕਰਕੇ ਆਮ
ਲੋਕਾਂ ਦੇ ਧਾਰਮਿਕ, ਸਮਾਜਿਕ ਅਤੇ ਰਾਜਸੀ ਜੀਵਨ ਵਿੱਚ ਖੂਬ ਦਖਲਅੰਦਾਜ਼ੀ ਕਰੰਦਾ ਹੈ। ਅਜਿਹੇ
ਗੱਠ-ਜੋੜ ਦਾ ਸਾਂਝਾ ਨਿਸ਼ਾਨਾ ਆਮ ਲੋਕਾਂ ਦੀ ਆਰਥਿਕ ਲੁੱਟ ਦੇ ਨਾਲ-ਨਾਲ ਲੋਕਾਂ ਦੇ ਮਨਾਂ ਉਤੇ ਜਮਾਏ
ਆਪਣੇ-ਆਪਣੇ ਗਲਬੇ ਰਾਹੀਂ ਆਪਣੀ-ਆਪਣੀ ਹਉਮੈਂ ਦੀ ਭਾਵਨਾਂ ਨੂੰ ਸੰਤੁਸ਼ਟ ਕਰਨਾਂ ਵੀ ਹੁੰਦਾ ਹੈ।
ਪਰੰਤੂ ਪੁਜਾਰੀਵਾਦ ਵਿਵਸਥਾ ਦੀ ਹੋਂਦ ਲਈ ਮੁੱਢਲੇ ਤੌਰ ਤੇ ਜ਼ਰੂਰੀ ਹੈ ਕਿ ਸਬੰਧਤ ਧਾਰਮਿਕ ਫਿਰਕੇ
ਵਿਚਲੇ ਪੁਜਾਰੀਆਂ ਦੀ ਦਰਜਾਬੰਦ ਜੱਥੇਬੰਦੀ ਮੌਜੂਦ ਹੋਵੇ।
ਪੁਜਾਰੀਵਾਦ ਅਤੇ ਸਿਖ ਮੱਤ
ਸਿਧਾਂਤਕ ਤੌਰ ਤੇ ਤਾਂ ਸਿਖ ਮੱਤ ਵਿੱਚ ਪੁਜਾਰੀ ਦੀ ਪਦਵੀ ਦੀ ਕੋਈ ਹੋਂਦ ਹੀ
ਨਹੀਂ ਕਿਉਂਕਿ ਸਿਖ ਮੱਤ ਵਿੱਚ ਪੂਜਾ-ਵਿਧਾਨ, ਕਰਮ-ਕਾਂਡ ਅਤੇ ਧਾਰਮਿਕ ਰਹੁ-ਰੀਤ ਦੀ ਕੋਈ ਜਗਹ
ਨਹੀਂ। ਸਿਖ ਗੁਰੁ ਸਾਹਿਬਾਨ ਵੱਲੋਂ ਸਿਖ ਮੱਤ ਦੇ ਰੂਪ ਵਿੱਚ ਪੂਜਾ-ਵਿਧਾਨ, ਕਰਮ-ਕਾਂਡਾਂ ਅਤੇ
ਧਾਰਮਿਕ ਰਹੁ-ਰੀਤਾਂ ਰਹਿਤ ਇੱਕ ਮੱਤ ਸਥਾਪਤ ਕਰਨਾਂ ਮਨੁੱਖਤਾ ਨੂੰ ਨਿਵੇਕਲੀ ਅਤੇ ਵੱਡੀ ਦੇਣ ਸੀ।
ਨਾਂ ਹੀ ਸਿਖ ਮੱਤ ਵਿੱਚ ਪੁਜਾਰੀ ਵਿਵਸਥਾ ਦੀ ਕੋਈ ਮੌਜੂਦਗੀ ਹੈ ਕਿਉਂਕਿ ਗੁਰੁ ਸਾਹਿਬਾਨ ਨੇ ਸਿਖ
ਮੱਤ ਵਿਚਲੇ ਧਾਰਮਿਕ ਪ੍ਰਬੰਧ ਵਿੱਚ ਕੋਈ ਧਾਰਮਿਕ ‘ਅਹੁਦਾ’ ਕਾਇਮ ਹੀ ਨਹੀਂ ਕੀਤਾ ਜਿਵੇਂ ਕਿ ਬਾਕੀ
ਧਰਮਾਂ ਵਿੱਚ ਪਰਚਲਤ ਰਿਹਾ ਹੈ। ਇਸਾਈ ਮੱਤ ਵਿੱਚ ਪਾਦਰੀ, ਬਿਸ਼ਪ ਅਤੇ ਪੋਪ ਵਰਗੇ ਅਹੁਦੇ ਮੌਜੂਦ ਹਨ,
ਇਸਲਾਮ ਵਿੱਚ ਮੁੱਲਾਂ ਤੋਂ ਲੈ ਕੇ ਉਲੇਮਾਂ ਅਤੇ ਇਮਾਮ ਤਕ ਦੇ ਅਹੁਦੇ ਕਾਇਮ ਹਨ, ਬੁੱਧ ਮੱਤ ਵਿੱਚ
ਭਿਕਸ਼ੂ, ਲਾਮਾ, ਕਰਾਮਪਾ ਅਤੇ ਦਲਾਈ ਲਾਮਾ ਵਰਗੇ ਅਹੁਦੇ ਮੌਜੂਦ ਹਨ ਅਤੇ ਹਿੰਦੂ ਮੱਤ ਵਿੱਚ ਪੁਜਾਰੀ,
ਸੰਤ-ਬਾਬੇ, ਮੱਠਾਧੀਸ਼ ਅਤੇ ਸ਼ੰਕਰਾਚਾਰੀਆ ਵਰਗੀਆਂ ਪਦਵੀਆਂ ਬਣੀਆਂ ਹੋਈਆਂ ਹਨ। ਸਿਖ ਮੱਤ ਵਿੱਚ ਤਾਂ
ਅਜੋਕੇ ਰੂਪ ਵਿੱਚ ਚੱਲ ਰਹੇ ਗੁਰਦੁਆਰੇ ਦਾ ਵੀ ਕੋਈ ਸੰਕਲਪ ਮੌਜੂਦ ਨਹੀਂ ਜਿਸ ਵਿੱਚ ਗ੍ਰੰਥੀ ਨੂੰ
‘ਪੁਜਾਰੀ’ ਦੇ ਤੌਰ ਤੇ ਕਾਰਜ ਕਰਨਾਂ ਹੁੰਦਾ ਹੈ ਅਤੇ ਜਿਸ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਨਿਯਮਾਂ ਵਿੱਚ ਮਿਨਿਸਟਰ (
minister )
ਸ਼ਬਦ ਦਾ ਪਰਯੋਗ ਕੀਤਾ ਹੋਇਆ ਹੈ ਜਿਸਦਾ ਅਰਥ ‘ਪੁਜਾਰੀ’ ਹੀ ਹੁੰਦਾ ਹੈ (ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਨਿਯਮ ਅੰਗਰੇਜ਼ ਸਰਕਾਰ ਦੀ ਦੇਖ-ਰੇਖ ਅਧੀਨ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਗਏ ਸਨ
ਅਤੇ ਇਹਨਾਂ ਵਿੱਚ ਇਸਾਈ ਧਰਮ ਸਬੰਧੀ ਪਰਚਲਤ ਸ਼ਬਦਾਵਲੀ ਹੀ ਵਰਤੀ ਗਈ। ਇਸਾਈ ਮੱਤ ਵਿੱਚ ਧਾਰਮਿਕ
ਰਹੁ-ਰੀਤਾਂ ਨੂੰ ਨਿਭਾਉਣ ਵਾਲੇ ਵਿਅਕਤੀ ਨੂੰ ਮਿਨਿਸਟਰ ਕਿਹਾ ਜਾਂਦਾ ਹੈ ਅਤੇ ਇਹ ਸ਼ਬਦ ਸਰਕਾਰੀ
ਢਾਂਚੇ ਵਿਚਲੇ ‘ਵਜ਼ੀਰ’ ਦੇ ਅਰਥ ਵਾਲੇ ਸ਼ਬਦ ‘ਮਿਨਿਸਟਰ’ ਤੋਂ ਵੱਖਰਾ ਹੈ।)
ਸਿਖ ਮੱਤ ਨਾਲ ਸਬੰਧਤ ਧਾਰਮਿਕ ਸਥਾਨ ਵਿੱਚ ਕੇਵਲ ਤਿੰਨ ਹੀ ਕਾਰਵਾਈਆਂ
ਹੋਣੀਆਂ ਹੁੰਦੀਆਂ ਹਨ:
1. ਗੁਰਬਾਣੀ ਦੀ ਕਥਾ/ਵਿਆਖਿਆ।
2. ਕੀਰਤਨ।
3. ਮਨੁੱਖੀ ਭਲਾਈ ਦਾ ਕੋਈ ਕਾਰਜ।
ਉਪਰੋਕਤ ਤਿੰਨਾਂ ਤੋਂ ਇਲਾਵਾ ਹੋਰ ਕੋਈ ਵੀ ਰਹੁ-ਰੀਤ ਸਿੱਖ ਮੱਤ ਦੇ ਧਾਰਮਿਕ
ਸ਼ਥਾਨ ਦੇ ਪ੍ਰਬੰਧ ਦਾ ਹਿੱਸਾ ਨਹੀਂ ਬਣਦੀ। ਸਿਖ ਮੱਤ ਨਾਲ ਸਬੰਧਤ ਅਜਿਹੇ ਸਥਾਨ ਵਾਸਤੇ ਪਹਿਲਾ
ਪਰਚਲਤ ਨਾਮ ‘ਧਰਮਸਾਲ’ ਸੀ। ਇਸ ਧਰਮਸਾਲ ਦੀ ਸਾਂਭ-ਸੰਭਾਲ ਕਰਨ ਵਾਲੇ ਸੇਵਾਦਾਰ ਦਾ ਅਹੁਦਾ ਸਿਖ ਮੱਤ
ਦੇ ਧਾਰਮਿਕ ਢਾਂਚੇ ਦਾ ਇਕੋ-ਇਕ ਅਹੁਦਾ ਸੀ। ਸੋ ਇਕੋ-ਇਕ ਜ਼ਿੰਮੇਵਾਰੀ ਦੀ ਪਦਵੀ ਜੋ ਸ੍ਰੀ ਗੁਰੁ
ਅਰਜਨ ਦੇਵ ਜੀ ਨੇ ਪੈਦਾ ਕੀਤੀ ਉਹ ਧਰਮਸਾਲ ਦੀ ਸਾਂਭ-ਸੰਭਾਲ ਕਰਨ ਵਾਲੇ ਸੇਵਾਦਾਰ ਦੀ ਪਦਵੀ ਸੀ।
ਅਮਲੀ ਤੌਰ ਤੇ ਇਹ ਪਦਵੀ ਪੁਜਾਰੀ ਦੀ ਨਾ ਹੋਕੇ ਇੱਕ ਪ੍ਰਬੰਧਕ ਦੀ ਸੀ। ਇਸ ਪਦਵੀ ਤੇ ਗੁਰੁ ਜੀ
ਵੱਲੋਂ ਨਿਯੁਕਤ ਕੀਤੇ ਜਾਣ ਵਾਲੇ ਸਭ ਤੋਂ ਪਹਿਲੇ ਵਿਅਕਤੀ ਬਾਬਾ ਬੁੱਢਾ ਜੀ ਸਨ। ਅਸਲ ਵਿੱਚ ਸਿਖ
ਮੱਤ ਦਾ ਟੀਚਾ ਤਾਂ ਹਰ ਘਰ ਨੂੰ ਧਰਮਸਾਲ ਬਣਾਉਣ ਦਾ ਸੀ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ
ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।
ਭਾਵ
ਹਰ
ਘਰ ਨੂੰ ਧਰਮਸਾਲ ਬਣਾ ਦੇਣ ਨਾਲ ਤਾਂ ਬਾਹਰੋਂ ਲਿਆ
ਕੇ ਕਿਸੇ ਸੇਵਾਦਾਰ ਨੂੰ ਵੀ ਨਿਯੁਕਤ ਕਰਨ ਦੀ ਲੋੜ ਨਹੀਂ ਰਹਿੰਦੀ। ਘਰ-ਪਰਿਵਾਰ ਦੇ ਜੀ ਹੀ ਇਸ
ਪ੍ਰਬੰਧਕੀ ਕਾਰਜ ਵਿੱਚ ਲੋੜੀਂਦਾ ਯੋਗਦਾਨ ਪਾ ਸਕਦੇ ਹਨ।
ਦਰਬਾਰ ਸਾਹਿਬ ਅਤੇ ਗੁਰਦੁਆਰੇ
ਦਰਬਾਰ ਸਾਹਿਬ ਅੰਮ੍ਰਿਤਸਰ ਸਭ ਤੋਂ ਪਹਿਲੀ ਸਿਖ ਧਰਮਸਾਲ ਸੀ ਅਤੇ ਪੰਜਵੇਂ
ਗੁਰੁ ਜੀ ਵੱਲੋਂ ਇਸ ਵਿੱਚ ਕੀਤੀ ਗਈ ਸੇਵਾਦਾਰ ਦੀ ਨਿਯੁਕਤੀ ਨੇ ਸਿਖ ਮੱਤ ਵਿੱਚ ਪੁਜਾਰੀ ਵਿਵਸਥਾ
ਦਾ ਉਥਾਨ ਨਹੀਂ ਹੋਣ ਦਿੱਤਾ। ਅਠਾਰਵ੍ਹੀਂ ਸਦੀ ਈਸਵੀ ਵਿੱਚ ਸਿੱਖਾਂ ਦੇ ਪ੍ਰਮੁੱਖ ਸਥਾਨਾਂ ਦੇ ਕੀ
ਹਾਲਾਤ ਰਹੇ ਇਹ ਕਿਸੇ ਤੋਂ ਛੁਪੇ ਹੋਏ ਨਹੀਂ। ਪਰੰਤੂ ਇੱਥੇ ਉਦਾਸੀਆਂ ਅਤੇ ਨਿਰਮਲਿਆਂ ਦਾ ਗਲਬਾ ਹੋਣ
ਤੇ ਵੀ ਸਿਖ ਮੱਤ ਵਿੱਚ ਪੁਜਾਰੀਵਾਦ ਦੀਆਂ ਜੜ੍ਹਾਂ ਨਾ ਲੱਗ ਸਕੀਆਂ। ਮਹਾਂਰਾਜਾ ਰਣਜੀਤ ਸਿੰਘ ਦੇ
ਸਮੇਂ ਮਿਸਲ ਸ਼ਹੀਦਾਂ ਦੇ ਮੁੱਖੀ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਦੇ ਸਮੁੱਚੇ ਸਿਖ ਸਥਾਨਾਂ (ਦੂਰ ਦੇ
ਵੀ ਕਈ ਸਥਾਨਾਂ ਸਮੇਤ) ਦੀ ਸਾਂਭ-ਸ਼ੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ। ਉਹਨਾਂ ਵੇਲੇ ਦਰਬਾਰ
ਸਾਹਿਬ ਵਿੱਚ ਕੇਵਲ ਸੇਵਾਦਾਰ ਹੀ ਕਾਰਜਸ਼ੀਲ ਹੋਇਆ ਕਰਦਾ ਸੀ ਅਤੇ ਅਕਾਲ ਬੁੰਗਾ ਵਿੱਚ ਕੋਈ ਨਿਵੇਕਲੇ
ਤੌਰ ਤੇ ਸੇਵਾਦਾਰ ਵੀ ਨਿਯੁਕਤ ਨਹੀਂ ਸੀ। 1823 ਈਸਵੀ ਵਿੱਚ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਤੋਂ
ਪਿੱਛੋਂ ਮਹਾਂਰਾਜਾ ਰਣਜੀਤ ਸਿੰਘ ਦੀ ਮਿਹਰਬਾਨੀ ਸਦਕਾ ਨਾਂ ਕੇਵਲ ਦਰਬਾਰ ਸਾਹਿਬ ਵਿਖੇ ‘ਪੁਜਾਰੀ’
ਦੀ ਨਿਯੁਕਤੀ ਕਰ ਦਿੱਤੀ ਗਈ (ਇਹ ਲਕਬ ਦਰਬਾਰ ਸਾਹਿਬ ਦੇ ਸੇਵਾਦਾਰ ਲਈ ਤੌਰ ਵਿਸ਼ੇਸ਼ ਤੌਰ ਤੇ ਚੁਣਿਆ
ਗਿਆ) ਸਗੋਂ ਅਕਾਲ ਬੁੰਗੇ ਵਿੱਚ ਵੀ ਇੱਕ ਨਿਰਮਲੇ ਪਰਿਵਾਰ ਵਿੱਚੋਂ ਇਸ ਢੰਗ ਨਾਲ ਪੁਜਾਰੀ ਨਿਯੁਕਤ
ਕੀਤਾ ਗਿਆ ਕਿ ਇਹ ਪਦਵੀ ਅੱਗੇ ਪੀੜ੍ਹੀ ਦਰ ਪੀੜ੍ਹੀ ਚਲਦੀ ਰਵ੍ਹੇ। ਭਾਵ ਇਸ ਤਰੀਕੇ ਨਾਲ ਅਕਾਲ
ਬੁੰਗੇ ਨੂੰ ਇੱਕ ਮੱਠ ਜਾਂ ਡੇਰੇ ਦਾ ਰੂਪ ਦਿੰਦੇ ਹੋਏ ਸਿਖ ਮੱਤ ਵਿੱਚ ਪੁਜਾਰੀਵਾਦ ਦੀ ਨੀਂਹ ਰੱਖਣ
ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਇਹ ਯੋਜਨਾ ਉਨ੍ਹੀਵੀਂ ਸਦੀ ਵਿੱਚ ਉੱਠੀ ਸਿੰਘ ਸਭਾ ਲਹਿਰ ਦੇ ਕਰਕੇ
ਢਹਿ ਢੇਰੀ ਹੋ ਗਈ।
ਉਨ੍ਹੀਵੀ ਸਦੀ ਈਸਵੀ ਦੇ ਦੂਸਰੇ ਅੱਧ ਵਿੱਚ ਹੱਥ-ਲਿਖਤ ਬੀੜਾਂ ਉਪਲਭਦ ਹੋਣ
ਲਗੀਆਂ ਅਤੇ ਮੁੱਢਲੀ ਧਰਮਸਾਲ (ਦਰਬਾਰ ਸਾਹਿਬ ਅੰਮ੍ਰਿਤਸਰ) ਦੀ ਤਰਜ਼ ਤੇ ਸਿਖ ਇਤਹਾਸਕ ਸਥਾਨਾਂ ਅਤੇ
ਪਿੰਡਾਂ-ਸ਼ਹਿਰਾਂ ਵਿੱਚ ਹੋਰਨਾਂ ਥਾਵਾਂ ਤੇ ਧਰਮਸਾਲਾਂ ਬਣਨ ਲੱਗੀਆਂ। ਇਹਨਾਂ ਧਰਮਸਾਲਾਂ ਵਾਸਤੇ
‘ਗੁਰਦੁਆਰਾ’ ਸ਼ਬਦ ਹੋਂਦ ਵਿੱਚ ਆ ਗਿਆ ਕਿਉਂਕਿ ਹਰ ਧਰਮਸਾਲ ਵਿੱਚ ਸ੍ਰੀ ਗ੍ਰੰਥ ਜੀ ਦਾ ਪਰਕਾਸ਼ ਵੀ
ਕਰ ਦਿੱਤਾ ਗਿਆ ਜਿਸ ਰਾਹੀਂ ਇਸ ਸਥਾਨ ਨੂੰ ਗਿਆਰ੍ਹਵੇਂ ਗੁਰੁ ਜੀ ਨਾਲ ਜੋੜਦੇ ਹੋਏ ‘ਗੁਰੁ ਦਾ
ਦੁਆਰਾ’ ਸ਼ਬਦਾਂ ਨੂੰ ਇਕੱਠੇ ਕਰ ਕੇ ਅੱਗੇ ‘ਗੁਰਦੁਆਰਾ’ ਸ਼ਬਦ ਬਣਾ ਲਿਆ ਗਿਆ। ਇਸ ਸਥਿਤੀ ਵਿੱਚ ਵੀ
ਨਿਰਮਲਿਆਂ ਅਤੇ ਉਦਾਸੀ ਮੱਤ ਦੇ ਅਨੁਯਾਈਆਂ ਦੇ ਸਿੱਧੇ ਦਖਲ ਰਾਹੀਂ ਗੁਰਦੁਆਰੇ ਵਿੱਚ ਸ੍ਰੀ ਗ੍ਰੰਥ
ਜੀ ਦੀ ਬੀੜ ਨੂੰ ਮੂਰਤੀ ਵਾਂਗ ਸਜਾ ਕੇ ਕਰਮ-ਕਾਂਡ ਹੀ ਕੀਤੇ ਜਾਂਦੇ ਰਹੇ ਅਤੇ ਸੇਵਾਦਾਰ ਦੀ ਭੂਮਿਕਾ
ਪੁਜਾਰੀ ਵਾਲੀ ਹੀ ਬਣੀ ਰਹੀ। ਪਰੰਤੂ ਇਸ ਗੁਰਦੁਆਰਾ ਪ੍ਰਣਾਲੀ ਰਾਹੀਂ ਵੀ ਸਿਖ ਮੱਤ ਵਿੱਚ
ਪੁਜਾਰੀਵਾਦ ਜੜ੍ਹ ਨਹੀਂ ਸੀ ਪਕੜਦਾ ਕਿਉਂਕਿ ਇਸ ਨਾਲ ਸਬੰਧਿਤ ਉਸ ਵੇਲੇ ਦੇ ਪੁਜਾਰੀ ਵਰਗ ਵਿੱਚ ਕੋਈ
ਸੰਗਠਿਤ ਢਾਂਚਾ ਸਥਾਪਤ ਨਾਂ ਹੋ ਸਕਿਆ ਜਿਸ ਰਾਹੀਂ ਕੋਈ ਉਚੇਰੇ ਅਹੁਦੇ ਹੋਂਦ ਵਿੱਚ ਆਉਂਦੇ ਅਤੇ
ਉਹਨਾਂ ਰਾਹੀਂ ਅੰਗਰੇਜ਼ਾਂ ਦਾ ਸ਼ਾਸਕ ਵਰਗ ਸਿਖ ਮੱਤ ਵਿੱਚ ਪੁਜਾਰੀਵਾਦ ਖੜ੍ਹਾ ਕਰਕੇ ਉਸ ਨੂੰ ਆਪਣੇ
ਹਿਤਾਂ ਲਈ ਵਰਤ ਸਕਦਾ। ਅੰਗਰੇਜ਼ਾਂ ਨੇ ਮਹੰਤਾਂ ਅਤੇ ਸਰਬਰਾਹਾਂ ਰਾਹੀਂ ਸਿਖ ਅਸਥਾਨਾਂ ਦੇ ਪੂਰੇ
ਦੁਰਉਪਯੋਗ ਦਾ ਮਾਹੌਲ ਬਣਾਈ ਰਖਿੱਆ ਪਰੰਤੂ ਮਹੰਤ ਪ੍ਰਥਾ ਇੱਕ ਗੈਰ-ਧਾਰਮਿਕ ਵਿਵਸਥਾ ਹੋਣ ਕਰਕੇ ਅਤੇ
ਸਰਬਰਾਹ ਦੇ ਸਰਕਾਰੀ ਕਰਮਚਾਰੀ ਹੋਣ ਕਰਕੇ ਇਹ ਦੋਵੇਂ ਅਹੁਦੇ ਸਿਖ ਮੱਤ ਵਿੱਚ ਪੁਜਾਰੀਵਾਦ ਨੂੰ
ਸਥਾਪਤ ਕਰਨ ਵਿੱਚ ਸਹਾਈ ਨਾ ਹੋ ਸਕੇ। ਵੀਹਵੀਂ ਸਦੀ ਈਸਵੀ ਦੇ ਅਰੰਭ ਵਿੱਚ ਉੱਠੀ ਗੁਰਦੁਆਰਾ ਸੁਧਾਰ
ਲਹਿਰ ਦੇ ਜ਼ੋਰ ਪੈਣ ਤੇ ਇਹਨਾਂ ਦੋਵਾਂ ਅਹੁਦਿਆਂ ਦੀ ਵੀ ਸਮਾਪਤੀ ਹੋ ਗਈ। ਗੁਰਦੁਆਰਾ ਸੁਧਾਰ ਲਹਿਰ
ਦੀ ਇਸ ਤੋਂ ਅਗਲੀ ਹੋਰ ਵੱਡੀ ਪਰਾਪਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਂਦ ਵਿੱਚ ਆਉਣਾ
ਸੀ।
ਜੱਥੇਦਾਰ ਦੇ ਅਹੁਦੇ ਦਾ ਉਤਪਤੀ-ਕਾਂਡ
ਉਨ੍ਹੀਵੀਂ ਸਦੀ ਈਸਵੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਹੱਥ-ਲਿਖਤ ਬੀੜਾਂ ਦੀ
ਉਪਲਭਦੀ ਹੋ ਜਾਣ ਨਾਲ ਅਤੇ ਅਤੇ ਉਹਨਾਂ ਦੀ ਧਰਮਸਾਲਾਂ ਵਿੱਚ ਸਥਾਪਤੀ ਨਾਲ ਇਹ ਧਰਮਸਾਲਾਂ
ਗੁਰਦੁਆਰਿਆਂ ਵਿੱਚ ਤਾਂ ਵਟ ਗਈਆਂ ਪਰੰਤੂ ਇਹਨਾਂ ਵਿਚਲੇ ਸੇਵਾਦਾਰਾਂ ਲਈ ‘ਪੁਜਾਰੀ’ ਦਾ ਲਕਬ ਹੀ
ਵਰਤਿਆ ਜਾਣਾ ਜਾਰੀ ਰਿਹਾ। ਅੰਮ੍ਰਿਤਸਰ ਸਥਿਤ ਸਮੂਹ ਸਿੱਖ ਸਥਾਨਾਂ ਦੇ ਪ੍ਰਬੰਧ ਲਈ ਅੰਗਰੇਜ਼ ਸਰਕਾਰ
ਵੱਲੋਂ ਸਰਬਰਾਹ ਦੀ ਨਿਯੁਕਤੀ ਕੀਤੀ ਜਾਣੀ ਜਾਰੀ ਰਹੀ ਅਤੇ ਦਰਬਾਰ ਸਾਹਿਬ ਸਮੇਤ ਸਾਰੇ ਸਿਖ ਧਾਰਮਿਕ
ਸਥਾਨਾਂ ਵਿੱਚ ‘ਪੁਜਾਰੀ’ ਹੀ ਤਾਇਨਾਤ ਰਹੇ। 1920 ਈਸਵੀ ਤਕ ਵੀ ਦਰਬਾਰ ਸਾਹਿਬ ਵਿੱਚ ਅਤੇ
ਗੁਰਦੁਆਰਾ ਅਕਾਲ ਬੁੰਗਾ ਵਿੱਚ ਪੁਜਾਰੀ ਹੀ ਤਾਇਨਾਤ ਸਨ। ਗੁਰਦੁਆਰਾ ਅਕਾਲ ਬੁੰਗਾ ਵਿੱਚ 1920 ਤੋਂ
ਲੈ ਕੇ ਪੁਜਾਰੀ ਦੀ ਨਿਯੁਕਤੀ ਬੰਦ ਹੋ ਗਈ ਅਤੇ ਇਸ ਸਥਾਨ ਦੀ ਸੇਵਾ-ਸੰਭਾਲ ਤੇਜਾ ਸਿੰਘ ਭੁੱਚਰ ਦੀ
ਅਗਵਾਈ ਵਿੱਚ 17 ਸਿਖ ਸੇਵਾਦਾਰਾਂ ਦੇ ਜੱਥੇ ਨੂੰ ਸੌਂਪੀ ਗਈ। ਕਿਉਂਕਿ ਤੇਜਾ ਸਿੰਘ ਭੁੱਚਰ ਗੜਗੱਜ
ਖਾਲਸਾ ਦੀਵਾਨ ਵਾਲੇ ਜੱਥੇ ਦੇ ਮੁੱਖੀ ਸਨ ਅਤੇ ਉਹਨਾਂ ਨੂੰ ਪਹਿਲਾਂ ਹੀ ‘ਜਥੇਦਾਰ’ ਕਹਿ ਕੇ
ਪੁਕਾਰਿਆ ਜਾਂਦਾ ਸੀ ਇਸ ਤਰ੍ਹਾਂ ਉਹਨਾਂ ਨੂੰ ਗੁਰਦੁਆਰਾ ਅਕਾਲ ਬੁੰਗਾ ਦੇ ਸੇਵਾਦਾਰ ਜੱਥੇ ਦੇ
ਮੁੱਖੀ ਦੇ ਤੌਰ ਤੇ ਵੀ ‘ਜਥੇਦਾਰ’ ਹੀ ਕਿਹਾ ਜਾਣ ਲੱਗਾ। ਵਕਤ ਨੇ ਫੇਰ ਪਲਟਾ ਖਾਧਾ। ਸਿਖ
ਗੁਰਦੁਆਰਾਜ਼ ਐਕਟ 1925 ਪਾਸ ਹੋ ਗਿਆ ਅਤੇ ਇਸ ਦੇ ਨਿਯਮਾਂ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਹੋਂਦ ਵਿੱਚ ਆ ਗਈ। ਪਰੰਤੂ ਭਾਣਾ ਇਹ ਵਰਤਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਗੁਰਦੁਆਰਿਆਂ ਦੀ ਸੂਚੀ ਵਿੱਚ ਗੁਰਦੁਆਰਾ ਅਕਾਲ ਬੁੰਗਾ ਨੂੰ ਧੋਖੇ ਨਾਲ ਗੁਰਦੁਆਰਾ ‘ਸ੍ਰੀ ਅਕਾਲ ਤਖਤ
ਸਾਹਿਬ’ ਕਰਕੇ ਲਿਖ ਦਿੱਤਾ ਗਿਆ। ਉਧਰ ਨਾਲ ਹੀ ਇਸ ਗੁਰਦੁਆਰੇ ਲਈ ਪੁਜਾਰੀ ਦਾ ਅਹੁਦਾ ਫਿਰ ਤੋਂ
ਸੁਰਜੀਤ ਕਰ ਦਿੱਤਾ ਗਿਆ ਭਾਵੇਂ ਕਿ ਨਿਯਮਾਂ ਵਿੱਚ ਇਸ ਅਹੁਦੇ ਨੂੰ ‘ਗ੍ਰੰਥੀ’ ਦਾ ਨਾਮ ਦੇ ਦਿੱਤਾ
ਗਿਆ ਕਿਉਂਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਵਿੱਚ
‘ਪੁਜਾਰੀ’ ਨੂੰ ‘ਗ੍ਰੰਥੀ’ ਦਾ ਲਕਬ ਦੇ ਦਿੱਤਾ ਗਿਆ ਸੀ। ਦਰਬਾਰ ਸਾਹਿਬ ਵਿੱਚ ਗ੍ਰੰਥੀਆਂ ਦੀ ਜ਼ਿਆਦਾ
ਗਿਣਤੀ ਵਿੱਚ ਲੋੜ ਹੋਣ ਕਰਕੇ ਹੈਡ-ਗ੍ਰੰਥੀ ਦੀ ਅਸਾਮੀ ਬਣਾਈ ਗਈ ਪਰੰਤੂ ਗੁਰਦੁਆਰਾ ‘ਸ੍ਰੀ ਅਕਾਲ
ਤਖਤ ਸਾਹਿਬ’ (ਪਹਿਲਾ ਨਾਮ ਗੁਰਦੁਆਰਾ ਅਕਾਲ ਬੁੰਗਾ) ਵਿੱਚ ਲੋੜ ਨਾ ਹੋਣ ਤੇ ਵੀ ਹੈਡ-ਗ੍ਰੰਥੀ ਦੀ
ਅਸਾਮੀ ਬਣਾ ਲਈ ਗਈ। ਕਿਉਂਕਿ ਤੇਜਾ ਸਿੰਘ ਭੁੱਚਰ ਵਾਂਗ ਤੇਜਾ ਸਿੰਘ ਅੱਕਰਪੁਰੀ, ਊਧਮ ਸਿੰਘ
ਨਾਗੋਕੇ, ਅੱਛਰ ਸਿੰਘ, ਦੀਦਾਰ ਸਿੰਘ ਅਤੇ ਜਵਾਹਰ ਸਿੰਘ ਵੀ 1920 ਤੋਂ 1926 ਈਸਵੀ ਦੇ ਸਮੇਂ ਅਕਾਲ
ਬੁੰਗਾ ਗੁਰਦੁਆਰੇ ਦੇ ਸੇਵਾਦਾਰ ਜੱਥੇ ਦੇ ਮੁੱਖੀ ਹੋਣ ਕਰਕੇ ‘ਜੱਥੇਦਾਰ’ ਅਖਵਾਉਂਦੇ ਰਹੇ ਸਨ ‘ਸ੍ਰੀ
ਅਕਾਲ ਤਖਤ ਸਾਹਿਬ’ ਦੇ ਨਵੇਂ ਨਾਮ ਹੇਠ ਘੋਸ਼ਿਤ ਕੀਤੇ ਗਏ ਇਸ ਗੁਰਦੁਆਰੇ ਦੇ ਪ੍ਰਬੰਧ ਵਿੱਚ
ਮੁੱਖ-ਗ੍ਰੰਥੀ ਦੀ ਨਵੀਂ ਬਣੀ ਅਸਾਮੀ ਤੇ ਨਿਯੁਕਤ ਹੋਣ ਵਾਲੇ ਵਿਅਕਤੀ ਨੂੰ ਵੀ ‘ਜਥੇਦਾਰ’ ਦਾ ਲਕਬ
ਦੇ ਦਿੱਤਾ ਗਿਆ। ਇਸ ਦਾ ਤਤਕਾਲ ਕਾਰਨ ਇਹ ਸੀ ਕਿ ਇਸ ਅਸਾਮੀ ਉਤੇ ਪਹਿਲੀ ਨਿਯੁਕਤੀ (1926 ਤੋਂ
1930 ਈਸਵੀ ਤਕ) ਅਕਾਲ ਬੁੰਗਾ ਗੁਰਦੁਆਰੇ ਦੇ ਸੇਵਾਦਾਰ ਜੱਥੇ ਦੇ (1921 – 1923 ਈਸਵੀ ਵਿਚ)
ਪਹਿਲਾਂ ਰਹਿ ਚੁੱਕੇ ਮੁੱਖੀ ਤੇਜਾ ਸਿੰਘ ਅੱਕਰਪੁਰੀ ਦੀ ਕੀਤੀ ਗਈ। ਇਸ ਤਰ੍ਹਾਂ ਉਹਨਾਂ ਨੂੰ ਪਹਿਲਾਂ
ਤੋਂ ਮਿਲਿਆ ਹੋਇਆ ‘ਜੱਥੇਦਾਰ’ ਦਾ ਲਕਬ ਅਕਾਲ ਬੁੰਗਾ ਗੁਰਦੁਆਰੇ (ਹੁਣ ‘ਗੁਰਦੁਆਰਾ ਸ੍ਰੀ ਅਕਾਲ ਤਖਤ
ਸਾਹਿਬ’ ) ਦੇ ਮੁੱਖ-ਗ੍ਰੰਥੀ ਦੇ ਤੌਰ ਤੇ ਵੀ ਜਾਰੀ ਰਿਹਾ ਅਤੇ ਇਸ ਤੋਂ ਅੱਗੇ ‘ਜੱਥੇਦਾਰ’ ਦਾ ਲਕਬ
ਅਕਾਲ ਬੁੰਗਾ ਗੁਰਦੁਆਰੇ (ਹੁਣ ‘ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ’ ) ਦੇ ਮੁੱਖ-ਗ੍ਰੰਥੀ ਦੇ ਪਦ
ਨਾਲ ਪੱਕੇ ਤੌਰ ਤੇ ਜੋੜ ਦਿੱਤਾ ਗਿਆ। ਇੱਥੇ ਇਹ ਵਰਣਨਯੋਗ ਹੈ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਿਰ
ਮਾਰਚ 1930 ਤੋਂ ਲੈਕੇ ਮਾਰਚ 1931 ਤਕ ‘ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ’ (ਪਹਿਲਾ ਨਾਮ
ਗੁਰਦੁਆਰਾ ਅਕਾਲ ਬੁੰਗਾ) ਦੇ ਮੱਖ-ਗ੍ਰੰਥੀ ਦੀ ਪਦਵੀ ਤੇ ਤਾਇਨਾਤ ਰਹੇ ਪਰੰਤੂ ਉਹਨਾਂ ਨੂੰ ਵੀ
ਅਖੌਤੀ ਅਕਾਲ-ਤਖਤ ਦੇ ਉਸ ਸਮੇਂ ਦੇ ‘ਜੱਥੇਦਾਰ’ ਦੇ ਤੌਰ ਤੇ ਹੀ ਪਰਚਾਰਿਆ ਜਾਂਦਾ ਹੈ।
ਇਸ ਤਰ੍ਹਾਂ ਅਖੌਤੀ ਅਕਾਲ-ਤਖਤ ਦੇ ‘ਅਖੌਤੀ’ ਜੱਥੇਦਾਰ ਦੇ ਅਹੁਦੇ ਦਾ
ਉਤਪਤੀ-ਕਾਂਡ ਹੇਠ ਦਿੱਤੇ ਅਨੁਸਾਰ ਬਣਦਾ ਹੈ:
1. ਛੇਵੇਂ ਗੁਰੁ ਜੀ ਦੇ ਤਖਤ ਦੀ ਉਸਾਰੀ (ਸਤਾਰ੍ਹਵੀਂ ਸਦੀ ਈਸਵੀ ਦੇ ਅਰੰਭ
ਵਿੱਚ --- ਛੇਵੇਂ ਗੁਰੁ ਜੀ ਦੇ ਤਖਤ ਦਾ ਨਾਮ ‘ਅਕਾਲ ਤਖਤ’ ਨਹੀਂ ਸੀ ਰਖਿੱਆ ਗਿਆ।)
2. ਛੇਵੇਂ ਗੁਰੁ ਜੀ ਦੇ ਤਖਤ ਤੋਂ ‘ਅਕਾਲ ਬੁੰਗਾ’। (ਸਤਾਰ੍ਹਵੀਂ ਸਦੀ ਦੇ
ਦੂਸਰੇ ਅੱਧ ਦੇ ਕਰੀਬ --- ਛੇਵੇਂ ਗੁਰੂ ਜੀ ਦਾ ਤਖਤ ਅਲੋਪ।)
3.’ਅਕਾਲ ਬੁੰਗਾ’ ਤੋਂ ‘ਗੁਰਦੁਆਰਾ ਅਕਾਲ ਬੁੰਗਾ’। (ਉਨ੍ਹੀਵੀਂ ਸਦੀ ਈਸਵੀ
ਦੇ ਦੂਸਰੇ ਅੱਧ ਵਿੱਚ --- ਪੁਜਾਰੀ ਤਾਇਨਾਤ)।
4.’ਗੁਰਦੁਆਰਾ ਅਕਾਲ ਬੁੰਗਾ’ ਤੋਂ ‘ਗੁਰਦੁਆਰਾ ਤਖਤ ਅਕਾਲ ਬੁੰਗਾ’। (1920
ਈਸਵੀ ਵਿੱਚ --- ਪੁਜਾਰੀ ਦੇ ਨਾਲ ਸੇਵਾਦਾਰ ਜੱਥਾ ਵੀ ਤਾਇਨਾਤ)।
5.’ਗੁਰਦੁਆਰਾ ਤਖਤ ਅਕਾਲ ਬੁੰਗਾ’ ਤੋਂ ‘ਗੁਰਦੁਆਰਾ ਸ੍ਰੀ ਅਕਾਲ ਤਖਤ
ਸਾਹਿਬ’। (1926 ਈਸਵੀ ਤੋਂ --- ਗ੍ਰੰਥੀ/ਮੁੱਖ-ਗ੍ਰੰਥੀ ਤਾਇਨਾਤ ਅਤੇ ਮੁੱਖ-ਗ੍ਰੰਥੀ ਦੇ ਅਹੁਦੇ
ਨੂੰ ‘ਜਥੇਦਾਰ’ ਦੇ ਲਕਬ ਦੀ ਪਰਾਪਤੀ)
6.’ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ’ ਤੋਂ ‘ਸ੍ਰੀ ਅਕਾਲ ਤਖਤ ਸਾਹਿਬ’।
(1930 ਈਸਵੀ ਤੋਂ ਬਾਦ ਵਿੱਚ --- ‘ਜੱਥੇਦਾਰ’ ਨੂੰ ਵਿਵੇਸ਼ ਅਧਿਕਾਰ, ਸਹੂਲਤਾਂ ਆਦਿਕ ਪਰਦਾਨ ਅਤੇ
ਉਸਦੇ ਕਾਰਜ-ਸਥਾਨ ਦੇ ਤੌਰ ਤੇ ‘ਸਕਤਰੇਤ’ ਦੀ ਉਤਪਤੀ।)
ਅਣਅਧਿਕਾਰਤ ਸ਼ਕਤੀਆਂ
ਅਖੌਤੀ ਅਕਾਲ-ਤਖਤ ਦੀ ਅਜੋਕੀ ਵਿਵਸਥਾ ਅਸਲ ਵਿੱਚ ਉਪਰੋਕਤ ਨੰਬਰ 6. ਵਾਲੀ
ਵਿਵਸਥਾ ਹੈ ਅਤੇ ਪਹਿਲੀਆਂ ਪੰਜ ਸਥਿਤੀਆਂ ਰਾਹੀਂ ਇਸ ਅਜੋਕੀ ਵਿਵਸਥਾ ਤਕ ਪਹੁੰਚਣ ਦੀ ਗਾਥਾ
ਭਲੀ-ਭਾਂਤ ਸਪਸ਼ਟ ਹੋ ਜਾਂਦੀ ਹੈ। ਇਸ ਦੌਰਾਨ ਚਾਰ ਹੋਰ ਤਖਤ ਵੀ ਹੋਂਦ ਵਿੱਚ ਆ ਗਏ ਅਤੇ ਉਥੇ ਵੀ
‘ਜੱਥੇਦਾਰ’ ਪਰਗਟ ਹੋ ਗਏ। ਪੰਜ ਜੱਥੇਦਾਰਾਂ ਨੂੰ ਅਖੌਤੀ ਅਕਾਲ-ਤਖਤ ਦੇ ਜੱਥੇਦਾਰ ਦੀ ਅਗਵਾਈ ਵਿੱਚ
ਸਿਖ ਮੱਤ ਨਾਲ ਸਬੰਧਤ ਕਿਸੇ ਵੀ ਮਸਲੇ ਉਤੇ ਫੈਸਲਾ ਲੈਣ ਅਤੇ ਹੁਕਮਨਾਮਾ (
edict) ਜਾਰੀ ਕਰਨ ਦਾ ਹੱਕ ਪਰਾਪਤ ਹੋ ਗਿਆ।
ਕਿਸੇ ਮੀਟਿੰਗ ਵਿੱਚ ਦੂਰੀ ਤੇ ਸਥਿਤ ਕਿਸੇ ‘ਤਖਤ’ ਦੇ ‘ਅਖੌਤੀ’ ਜਥੇਦਾਰ ਦੇ ਗੈਰਹਾਜ਼ਰ ਹੋਣ ਤੇ
ਪੰਜਾਂ ਦੀ ਗਿਣਤੀ ਪੂਰੀ ਕਰਨ ਹਿਤ ਕਿਸੇ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਨੂੰ ਸ਼ਾਮਲ ਕਰ ਲਿਆ ਜਾਣ
ਲੱਗਾ ਭਾਵੇਂ ਕਿ ਚਲਦੀ ਅਖੌਤੀ ‘ਜਥੇਦਾਰਾਂ’ ਦੀ ਹੀ ਰਹੀ। ਪਰੰਤੂ ਇਸ ਸਮੁੱਚੀ ਜੱਥੇਦਾਰੀ ਵਿਵਸਥਾ
ਦਾ ਪੁਜਾਰੀਵਾਦ ਨਾਲ ਕੋਈ ਸਬੰਧ ਨਹੀਂ ਬਣਦਾ। ਇਸ ਸਬੰਧੀ ਪਹਿਲੀ ਗੱਲ ਤਾਂ ਇਹ ਹੈ ਕਿ ਅਖੌਤੀ
ਜਥੇਦਾਰ ਕੋਈ ਪੁਜਾਰੀ ਨਹੀਂ ਹੁੰਦਾ ਕਿਉਂਕਿ ਉਹ ਸਿਖ ਮੱਤ ਨਾਲ ਸਬੰਧਿਤ ਕਿਸੇ ਧਾਰਮਿਕ ਰਸਮ ਦੇ
ਨਿਭਾ ਵਿੱਚ ਬਾਕਾਇਦਾ ਤੌਰ ਤੇ (on regular basis)
ਸ਼ਾਮਲ ਨਹੀਂ ਹੁੰਦਾ। ਇਹ ਅਹੁਦਾ ਕੋਈ ਸਿੱਖ ਮੱਤ ਦਾ ਮਾਨਤਾਪਰਾਪਤ ਧਰਮਤੰਤਰੀ (hierarchical
) ਅਹੁਦਾ ਨਹੀਂ, ਨਾ ਹੀ ਇਸ ਤੋਂ ਉਪਰ ਅਤੇ ਨਾ ਹੀ
ਇਸ ਤੋਂ ਹੇਠਾਂ ਕੋਈ ਧਾਰਮਿਕ ਅਹੁਦਾ ਮੌਜੂਦ ਹੈ। ਪਰੰਤੂ ਇਹ ਸਿਖ ਮੱਤ ਦਾ ਕੋਈ ਸਰਵਉੱਚ ਧਾਰਮਿਕ (ecclesiastical)
ਅਹੁਦਾ ਵੀ ਨਹੀਂ। ਸਿਖ ਗੁਰਦੁਆਰਾਜ਼ ਐਕਟ 1925 ਅਧੀਨ ਗੁਰਦੁਆਰਾ ਪ੍ਰਬੰਧ ਲਈ ਬਣੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਵਿੱਚ ‘ਜਥੇਦਾਰ’ ਦੇ ਅਹੁਦੇ ਦਾ ਕੋਈ ਇੰਤਜ਼ਾਮ ਹੀ ਨਹੀਂ।
ਇਹਨਾ ਨਿਯਮਾਂ ਵਿੱਚ ਕੇਵਲ ਗੁਰਦੁਆਰਾ ਅਕਾਲ ਬੁੰਗਾ (ਬਦਲਿਆ ਹੋਇਆ ਨਾਮ ‘ਗੁਰਦੁਆਰਾ ਸ੍ਰੀ ਅਕਾਲ
ਤਖਤ ਸਾਹਿਬ’ ) ਦੇ ਹੈੱਡ-ਗ੍ਰੰਥੀ ਦਾ ਅਹੁਦਾ ਮੌਜੂਦ ਹੈ। ਇਸ ਤਰ੍ਹਾਂ ਜੱਥੇਦਾਰ ਦਾ ਅਹੁਦਾ ਪੁਜਾਰੀ
ਦਾ ਅਹੁਦਾ ਨਹੀਂ ਬਣਦਾ ਅਤੇ ਨਿਯਮਾਂ ਪੱਖੋਂ ਇਹ ਗੈਰਕਾਨੂੰਨੀ (ultra-vires
) ਵੀ ਹੈ। ਫਿਰ ਅਜਿਹੇ ਅਹੁਦੇ ਦੀ ਵਰਤੋਂ ਜਾਂ
ਦੁਰਵਰਤੋਂ ‘ਪੁਜਾਰੀਵਾਦ’ ਕਿਵੇਂ ਹੋਈ? ਸਿਖ ਮੱਤ ਵਿੱਚ ਸਾਰੇ ਵਿਅਕਤੀ ਬਰਾਬਰ ਹਨ, ਕੋਈ ਵੱਡਾ ਜਾਂ
ਛੋਟਾ ਨਹੀਂ, ਕੋਈ ਦਰਜਾਬੰਦੀ ਨਹੀਂ। ਸਿਖ ਮੱਤ ਵਿੱਚ ਕਿਸੇ ਨੂੰ ਧਾਰਮਿਕ ਕੁਤਾਹੀ ਹੋ ਜਾਣ ਤੇ ਕਿਸੇ
ਧਾਰਮਿਕ ‘ਅਧਿਕਾਰੀ’ ਵੱਲੋਂ ਕਿਸੇ ਨੂੰ ਤਲਬ ਕਰਨ, ਧਾਰਮਿਕ ਸਜ਼ਾ ਦੇਣ ਅਤੇ ਸਿਖ ਮੱਤ ਵਿੱਚੋਂ ਛੇਕਣ
ਦੀ ਕੋਈ ਵਿਵਸਥਾ ਨਹੀਂ। ਨਾ ਹੀ ਸਿਖ ਮੱਤ ਵਿੱਚ ਕੋਈ ਹੁਕਮਨਾਮਾ ਜਾਰੀ ਕਰਨ ਦੀ ਕੋਈ ਵਿਵਸਥਾ ਹੈ;
ਇਹ ਅਧਿਕਾਰ ਕੇਵਲ ਗੁਰੁ ਸਾਹਿਬਾਨ ਕੋਲ ਹੀ ਸੀ। ਭਾਰਤੀ ਕਾਨੂੰਨ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਨਿਯਮਾਂ ਵਿੱਚ ਵੀ ਕੋਈ ਅਜਿਹਾ ਇੰਤਜ਼ਾਮ ਮੌਜੂਦ
ਨਹੀਂ। ਇਸ ਤਰ੍ਹਾਂ ਅਖੌਤੀ ‘ਜੱਥੇਦਾਰ’ ਵੱਲੋਂ
ਵਰਤੇ ਜਾ ਰਹੇ ਸਾਰੇ ਅਧਿਕਾਰ ਅਣਅਧਿਕਾਰਤ ਹਨ। ਉਸ ਵੱਲੋਂ ਨਿਭਾਈ ਜਾ ਰਹੀ ਸਾਰੀ ਕਾਰਗੁਜ਼ਾਰੀ
ਗੈਰਕਾਨੂੰਨੀ ਹੈ ਅਤੇ ਸਿਖ ਸ਼ਰਧਾਲੂਆਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝਿਆਂ ਕਰਨ ਵਾਲੀ
ਕਾਰਵਾਈ ਬਣਦੀ ਹੈ। ਇਥੇ ਇਹ ਵਰਨਣਯੋਗ ਹੈ ਕਿ ਸਿਖ ਲਹਿਰ ਮੁੱਢਲੇ ਤੌਰ ਤੇ ਮਾਨਵਵਾਦ-- ਮਨੁੱਖੀ ਸ਼ਾਨ
(dignity),
ਮਨੁੱਖੀ ਭਲਾਈ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ—ਦੇ ਸੰਕਲਪ ਤੇ ਅਧਾਰਿਤ ਸੀ ਪਰੰਤੂ ਇੱਥੇ ਤਾਂ
ਸਾਰੀ ਕਹਾਣੀ ਹੀ ਇਸ ਆਸ਼ੇ ਦੇ ਬਿਲਕੁਲ ਵਿਪਰੀਤ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਅਖੌਤੀ
‘ਜੱਥੇਦਾਰ’ ਦੀ ਪਦਵੀ ਭਾਵੇਂ ਮੁੱਢਲੇ ਤੌਰ ਤੇ ਮੁੱਖ-ਗ੍ਰੰਥੀ ਦੀ ਹੈ ਪਰੰਤੂ ਸਿਖ ਮੱਤ ਵਿੱਚ ਕੋਈ
ਸੰਸਥਾਗਤ ਪੁਜਾਰੀ-ਢਾਂਚਾ ਮੌਜੂਦ ਨਹੀਂ ਜਿਸ ਦਾ ਹਿੱਸਾ ਅਖੌਤੀ ‘ਜੱਥੇਦਾਰ’ (ਨਿਯਮਾਂ ਅਧੀਨ ਜਾਂ
ਕਾਰਗੁਜ਼ਾਰੀ ਦੇ ਤੌਰ ਤੇ) ਦਾ ਇਹ ਅਹੁਦਾ ਬਣਦਾ ਹੋਵੇ। ਇਸ ਕਰਕੇ ਅਖੌਤੀ ‘ਜਥੇਦਾਰ’ ਦੀ ਪਦਵੀ ਨੂੰ
ਪੁਜਾਰੀ ਦੀ ਪਦਵੀ ਨਹੀਂ ਕਿਹਾ ਜਾ ਸਕਦਾ ਅਤੇ ਉਸ ਦੀ ਕਾਰਗੁਜ਼ਾਰੀ (ਚੰਗੀ ਜਾਂ ਮਾੜੀ) ਨੂੰ
ਪੁਜਾਰੀਵਾਦ ਨਹੀਂ ਕਿਹਾ ਜਾ ਸਕਦਾ। ਜੋ ਦਖਲ ਅਖੌਤੀ ‘ਜਥੇਦਾਰ’ ਵੱਲੋਂ ਲੋਕਾਂ ਦੇ ਧਾਰਮਿਕ ਜੀਵਨ
ਵਿੱਚ ਦਿੱਤਾ ਜਾ ਰਿਹਾ ਹੈ ਉਹ ਕਿਸੇ ਸੰਸਥਾਗਤ ਢਾਂਚੇ ਦੇ ਹਿੱਸੇ ਦੇ ਤੌਰ ਤੇ ਨਹੀਂ ਹੈ ਸਗੋਂ ਉਸਦਾ
ਸਬੰਧ ਫਰਜ਼ੀ ਅਹੁਦੇ ਤੇ ਬੈਠ ਕੇ ਸਿਆਸੀ ਵਰਗ ਦੇ ਮੁਹਰੇ ਵਜੋਂ ਕਾਰਜਸ਼ੀਲ ਹੁੰਦੇ ਹੋਏ ਲੋਕਾਂ ਦੀਆਂ
ਧਾਰਮਿਕ ਭਾਵਨਾਵਾਂ ਦੇ ਸ਼ੋਸ਼ਣ ਕਰਨ ਨਾਲ ਹੈ। ਇਸ ਵਿੱਚ ਉਸਦੇ ਪਦਾਰਥਕ ਲਾਹਾ ਲੈਣ ਅਤੇ ਹਉਮੈ ਨੂੰ
ਸੰਤੁਸ਼ਟ ਕਰਨ ਦੇ ਜਾਤੀ ਮੁਫਾਦ ਮੁੱਖ ਤੌਰ ਤੇ ਸ਼ਾਮਲ ਹਨ ਪਰੰਤੂ ਇਹ ਮੁਫਾਦ ਤਾਂ ਇੱਕ ਆਮ ਬੰਦੇ ਵਾਲੇ
ਹੀ ਹਨ। ਇਸ ਤਰ੍ਹਾਂ ਅਖੌਤੀ ‘ਜਥੇਦਾਰ’ ਇੱਕ ਪੁਜਾਰੀ ਵਜੋਂ ਕਾਰਜਸ਼ੀਲ ਨਹੀਂ ਹੁੰਦਾ ਸਗੋਂ ਇੱਕ
ਮੌਕਾਪ੍ਰਸਤ ਸ਼ਖਸ ਵਾਂਗ ਵਿਚਰਦਾ ਹੈ ਜਿਸ ਦੇ ਪੈਰਾਂ ਹੇਠ ਬਟੇਰਾ ਆ ਗਿਆ ਹੋਵੇ ਅਤੇ ਮੂੰਹ ਨੂੰ ਖੂਨ
ਲੱਗ ਗਿਆ ਹੋਵੇ।
ਫਰੇਬਵਾਦ
ਅਖੌਤੀ ‘ਜੱਥੇਦਾਰ’ ਦੇ ਅਹੁਦੇ ਰਾਹੀਂ ਅਖੌਤੀ ਅਕਾਲ-ਤਖਤ ਦੇ ਨਾਮ ਹੇਠ ਹੋ
ਰਹੀ ਸਾਰੀ ਕਾਰਗੁਜ਼ਾਰੀ ਪੁਜਾਰੀਵਾਦ ਨਹੀਂ ‘ਫਰੇਬਵਾਦ’ ਹੈ। ਅੰਗਰੇਜ਼ਾਂ ਦੀ ਕੋਸ਼ਿਸ਼ ਸਦਾ ਸਿਖ ਮੱਤ
ਵਿੱਚ ਪੁਜਾਰੀਵਾਦ ਸਥਾਪਤ ਕਰਨ ਦੀ ਰਹੀ ਪਰੰਤੂ ਇਹ ਕੋਸ਼ਿਸ਼ ਸਦਾ ਹੀ ਨਾਕਾਮਯਾਬ ਹੁੰਦੀ ਰਹੀ। ਇਸ
ਪਾਸੇ ਉਹਨਾਂ ਦਾ ਆਖਰੀ ਹਥਿਆਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਵੇਲੇ ਗੁਰਦੁਆਰਾ
ਅਕਾਲ ਬੁੰਗਾ ਦੀ ਥਾਂ ਤੇ ਗੁਰਦੁਆਰਾ ‘ਸ਼੍ਰੀ ਅਕਾਲ ਤਖਤ ਸਾਹਿਬ’ ਕਾਇਮ ਕਰਵਾ ਕੇ ਉਥੇ
‘ਹੈਡ-ਗ੍ਰੰਥੀ’ ਦਾ ਇੱਕ ਗੈਰਜ਼ਰੂਰੀ ਅਹੁਦਾ ਕਾਇਮ ਕਰਵਾਉਣਾ ਸੀ। ਇਹ ਯੋਜਨਾਬੰਦੀ ਬੜੀ ਹੀ ਸੋਚ ਸਮਝ
ਕੇ ਕੀਤੀ ਗਈ ਸੀ ਕਿਉਂਕਿ ਨਾਲ ਹੀ ਇਹ ਝੂਠਾ ਪਰਚਾਰ ਵੀ ਕੀਤਾ ਗਿਆ ਕਿ ਅਕਾਲ ਬੁੰਗਾ ਹੀ
‘ਅਕਾਲ-ਤਖਤ’ ਸੀ, ਇੱਥੇ ਸ਼ੁਰੂ ਤੋਂ ਹੀ ‘ਜੱਥੇਦਾਰ’ ਨਿਯੁਕਤ ਹੁੰਦਾ ਆਇਆ ਸੀ, ਸਿਖ ਜੱਥੇ ਇਸ ‘ਤਖਤ’
ਦੇ ਸਾਹਮਣੇ ਸਰਬੱਤ ਖਾਲਸਾ ਇਕੱਠ ਕਰਿਆ ਕਰਦੇ ਸਨ, ਇੱਥੇ ‘ਜੱਥੇਦਾਰ’ ਗੁਰਮਤਾ ਪੜ੍ਹ ਕੇ ਸੁਣਾਇਆ
ਕਰਦਾ ਸੀ, ਅਕਾਲੀ ਫੂਲਾ ਸਿੰਘ ਵੀ ਇਹੋ ਜਹਾ ਹੀ ਇੱਕ ‘ਜਥੇਦਾਰ’ ਸੀ ਅਤੇ ਹੁਣ ਵਾਲੀ ‘ਜੱਥੇਦਾਰ’ ਦੀ
ਪਦਵੀ (ਅਸਲ ਵਿੱਚ ਗੁਰਦੁਆਰਾ ਅਕਾਲ ਬੁੰਗਾ ਦੇ ਮੁੱਖ-ਗ੍ਰੰਥੀ ਦੀ ਪਦਵੀ) ਉਸ ਪਹਿਲੇ ਵਾਲੇ
‘ਜੱਥੇਦਾਰ’ ਦੀ ਪਦਵੀ ਦਾ ਸੁਰਜੀਤੀਕਰਨ ਹੀ ਸੀ। ਭੋਲੇ-ਭਾਲੇ ਸਿਖ ਸ਼ਰਧਾਲੂ ਤਾਂ ਇੱਕ ਪਾਸੇ, ਚੰਗੇ
ਪੜ੍ਹੇ-ਲਿਖੇ ਅਤੇ ਵਿਦਵਾਨ ਕਹਾਉਂਦੇ ਸੱਜਣ ਵੀ ਇਸ ਝੂਠ ਨੂੰ ਸੱਚ ਕਰਕੇ ਮੰਨੀਂ ਜਾ ਰਹੇ ਹਨ। ਸਿਖ
ਮੱਤ ਵਿੱਚ ਪੁਜਾਰੀਵਾਦ ਸਥਾਪਤ ਕਰਨ ਵਿੱਚ ਅਸਫਲ ਰਹਿਣ ਪਿੱਛੋਂ ਅੰਗਰੇਜ਼ਾਂ ਦੀ ਚਾਲ ਤਾਂ ਇਤਨੀ ਹੀ
ਸੀ ਕਿ ਸਿਖ ਕੌਮ ਵਿੱਚ ਵੰਡੀਆਂ ਪਾ ਦਿੱਤੀਆਂ ਜਾਣ। ਅਜਿਹਾ ਕਰਨ ਹਿਤ ਉਹਨਾਂ ਨੇ ਦਰਬਾਰ ਸਾਹਿਬ ਦੇ
ਐਨ ਸਾਹਮਣੇ ਕੁੱਝ ਗਜ਼ਾਂ ਦੀ ਦੂਰੀ ਤੇ ਇੱਕ ਹੋਰ ਗੁਰਦੁਆਰਾ ਸਥਾਪਤ ਕਰਵਾ ਕੇ ਉਸਦਾ ਨਾਮ ‘ਸ੍ਰੀ
ਅਕਾਲ ਤਖਤ ਸਾਹਿਬ’ ਰਖਵਾ ਦਿੱਤਾ ਭਾਵ ਦਰਬਾਰ ਸਾਹਿਬ ਦਾ ਇੱਕ ਸ਼ਰੀਕ ਖੜ੍ਹਾ ਕਰ ਦਿੱਤਾ ਗਿਆ। ਨਾਲ
ਹੀ ਦਰਬਾਰ ਸਾਹਿਬ ਦੇ ਹੈਡ-ਗ੍ਰੰਥੀ ਦੇ ਬਰਾਬਰ ਗੁਰਦੁਆਰਾ ਅਕਾਲ ਬੁੰਗਾ (ਬਾਦ ਵਿੱਚ ‘ਸ੍ਰੀ ਅਕਾਲ
ਤਖਤ ਸਾਹਿਬ’ ) ਵਿੱਚ ਵੀ ਹੈਡ-ਗ੍ਰੰਥੀ ਦੀ ਅਸਾਮੀ ਕਾਇਮ ਕਰਵਾ ਦਿੱਤੀ ਗਈ। ਮਕਸਦ ਸਿਖ ਮੱਤ ਨੂੰ ਦੋ
ਹਿਸਿਆਂ ਵਿੱਚ ਵੰਡਣ ਦਾ ਸੀ ਜਿਵੇਂ ਕਿ ਬਾਦ ਵਿੱਚ ਅੰਗਰੇਜ਼ਾਂ ਨੇ ਅਜ਼ਾਦੀ ਦੇਣ ਵੇਲੇ ਹਿੰਦੁਸਤਾਨ
ਨੂੰ ਦੋ ਹਿਸਿਆਂ ਵਿੱਚ ਵੰਡ ਕੇ ਰੱਖ ਦਿੱਤਾ ਸੀ। ਪਰੰਤੂ ਸਿਖ ਲੋਕ ਅੰਗਰੇਜ਼ਾਂ ਦੀ ਇਹ ਚਾਲ ਸਮਝ ਨਾ
ਸਕੇ ਅਤੇ ਨਾ ਸਿਰਫ ‘ਜੱਥੇਦਾਰ’ ਦੇ ਨਕਲੀ ਅਹੁਦੇ ਨੂੰ ਮਾਨਤਾ ਦੇ ਬੈਠੇ ਸਗੋਂ ਸ੍ਰੀ ਗੁਰੁ ਗ੍ਰੰਥ
ਜੀ ਦੇ ਮੁਕਾਬਲੇ ਤੇ ‘ਜੱਥੇਦਾਰ’ ਦੇ ਰੂਪ ਵਿੱਚ ਸ਼ਖਸੀ ਗੁਰੁ ਦੀ ਸਥਾਪਤੀ ਕਰਵਾਉਣ ਵੱਲ ਰੁਚਿਤ ਹੋ
ਗਏ। ਇਸ ਤਰ੍ਹਾਂ ਸਿਖ ਲੋਕ ਫਰੇਬਵਾਦ ਦੀ ਚੁੰਗਲ ਵਿੱਚ ਬੁਰੀ ਤਰ੍ਹਾਂ ਫਸ ਗਏ ਹੋਏ ਹਨ।
ਵਿਅਕਤੀ ਕਿ ਵਿਵਸਥਾ?
ਇਹ ਤਾਂ ਸਪਸ਼ਟ ਹੀ ਹੈ ਕਿ ਫਰੇਬਵਾਦ ਦੀ ਇਸ ਨਵੀਂ ਬਣੀ ਵਿਵਸਥਾ ਵਿੱਚ ਕੇਵਲ
ਉਹ ਲੋਕ ਹੀ ਸ਼ਾਮਲ ਹੋਣਗੇ ਜਿਹਨਾਂ ਦਾ ਪੂਰਨ ਰੂਪ ਵਿੱਚ ਨੈਤਿਕ ਪਤਨ ਹੋ ਚੁੱਕਾ ਹੋਵੇ। ਇਸ ਸਥਿਤੀ
ਦੀ ਉਦਾਹਰਣ ਇਸ ਗੱਲ ਵਿੱਚੋਂ ਹੀ ਮਿਲ ਜਾਂਦੀ ਹੈ ਕਿ ਅਖੌਤੀ ਸਿਖ ਤਖਤਾਂ ਦੇ ਅਖੌਤੀ ਜਥੇਦਾਰਾਂ
ਵਿੱਚੋਂ ਲਗ-ਭਗ ਸਾਰੇ ਹੀ ਆਰ. ਐਸ. ਐਸ. ਵਰਗੀ ਜੱਥੇਬੰਦੀ ਦੇ ਹੱਥੀਂ ਵਿਕੇ ਹੋਏ ਹਨ ਜੋ ਸਿਖ ਮੱਤ
ਨੂੰ ਉੱਕਾ ਹੀ ਮਲੀਆਮੇਟ ਕਰ ਦੇਣਾ ਚਾਹੁੰਦੀ ਹੈ। ਅਜਿਹਾ ਅਖੌਤੀ ਦਸਮ ਗ੍ਰੰਥ, ਨਾਨਕਸ਼ਾਹੀ ਕੈਲੰਡਰ,
ਡੇਰੇਦਾਰਾਂ/ਬਾਬਿਆਂ ਦੀ ਭੂਮਿਕਾ ਵਰਗੇ ਮਸਲਿਆਂ ਸਬੰਧੀ ਉਹਨਾਂ ਦੀ ਪਹੁੰਚ ਵਿੱਚੋਂ ਭਲੀ-ਭਾਂਤ ਸਾਬਤ
ਹੋ ਰਿਹਾ ਹੈ। ਉਹਨਾਂ ਨੂੰ ਇਸ ਗੱਲ ਦੀ ਪਰਵਾਹ (ਸ਼ਰਮ) ਵੀ ਨਹੀਂ ਕਿ ਸਾਰਾ ਸਿਖ ਜਗਤ ਉਹਨਾਂ ਬਾਰੇ
ਇਸ ਸਚਾਈ ਤੋਂ ਜਾਣੂ ਹੋ ਚੁੱਕਾ ਹੈ। ਅੱਜ ਇਹਨਾਂ ਅਖੌਤੀ ‘ਜੱਥੇਦਾਰਾਂ’ ਦੇ ਹੱਥਾਂ ਵਿੱਚ ਲੱਡੂ ਹੀ
ਲੱਡੂ ਹਨ: ਇਹ ਅੰਨ੍ਹੇਂ ਸ਼ਰਧਾਲੂਆਂ ਨੂੰ ਵੀ ਲੁਟਦੇ ਹਨ (ਵਿਸ਼ੇਸ਼ ਕਰਕੇ ਵਿਦੇਸ਼ਾਂ ਵਿੱਚ ਜਾ ਕੇ),
ਸਰਕਾਰ ਅਤੇ ਗੁਰਦੁਆਰਾ ਪ੍ਰਬੰਧ ਦੀਆਂ ਉੱਚ-ਪੱਧਰੀ ਤਨਖਾਹਾਂ ਅਤੇ ਸਹੂਲਤਾਂ ਵੀ ਮਾਣਦੇ ਹਨ ਅਤੇ ਆਰ
ਐਸ. ਐਸ. ਵਰਗੀਆਂ ਜੱਥੇਬੰਦੀਆਂ ਤੋਂ ਵੀ ਮੋਟੇ ਗੱਫੇ ਪਰਾਪਤ ਕਰਦੇ ਹਨ। ਇਸ ਨਵੀਂ ਬਣੀ ਵਿਵਸਥਾ ਦੇ,
ਵਿਸ਼ੇਸ਼ ਕਰਕੇ ਸਿਆਸੀ ਦਖਲਅੰਦਾਜ਼ੀ ਰਾਹੀਂ, ਸਾਹਮਣੇ ਆਏ ਸਿਖ ਮੱਤ ਲਈ ਮਾਰੂ ਸਿੱਟਿਆਂ ਨੂੰ ਵੇਖਦੇ
ਹੋਏ ਕੁੱਝ ਵਿਦਵਾਨ ਸੱਜਣਾਂ ਨੇ ‘ਪੁਜਾਰੀਵਾਦ’ ਦਾ ਹਊਆ ਖੜ੍ਹਾ ਕਰ ਦਿੱਤਾ ਹੈ। ਸਪਸ਼ਟ ਰੂਪ ਵਿੱਚ
ਇੱਥੇ ਸਮਸਿੱਆ ਪੁਜਾਰੀਵਾਦ ਦੀ ਨਹੀਂ, ਸਗੋਂ ਫਰੇਬ ਰਾਹੀਂ ਪੈਦਾ ਕੀਤੀ ਗਈ ਇੱਕ ਅਤਿ-ਘਿਨਾਉਣੀ
ਵਿਵਸਥਾ ਦੀ ਹੈ। ਅਜਿਹੀ ਨਿੱਘਰੀ ਹੋਈ ਵਿਵਸਥਾ ਵਿੱਚ ਨਿੱਘਰੇ ਹੋਏ ਕਿਰਦਾਰ ਵਾਲੇ ਵਿਅਕਤੀ ਹੀ
ਚੌਧਰੀ ਬਣਨਗੇ। ਅਖੇ, ਉੱਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ। ਕਈ ਵਿਦਵਾਨ ਸੱਜਣ ਇਸ ਸਥਿਤੀ ਦੀ
ਜ਼ਿੰਮੇਵਾਰੀ ‘ਵਿਅਕਤੀਆਂ’ ਤੇ ਸੁੱਟਦੇ ਹੋਏ ਇਸ ਵਿਵਸਥਾ ਵਿੱਚ ਸੁਧਾਰ ਕੀਤੇ ਜਾਣ ਦੀਆਂ ਸੰਭਾਵਨਾਵਾਂ
ਤਲਾਸ਼ਣ ਤੇ ਜ਼ੋਰ ਦਿੰਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਅੱਕ ਦੇ ਪੌਦੇ ਦਾ ਜਿਤਨਾ ਮਰਜ਼ੀ ਸੁਧਾਰ ਕਰ
ਲਵੋ ਨਾਂ ਹੀ ਇਸ ਨੂੰ ਅੰਬ ਲੱਗਣ ਲੱਗੇ ਹਨ ਅਤੇ ਨਾਂ ਹੀ ਕੇਲੇ। ਕੱਲ੍ਹ ਨੂੰ ਜੇ ਅੱਜ ਵਾਲੇ ਅਖੌਤੀ
‘ਜੱਥੇਦਾਰਾਂ’ ਦੀ ਜਗਹ ਤੇ ਕੋਈ ਹੋਰ ਵਿਅਕਤੀ ਆ ਲੱਗਣਗੇ ਤਾਂ ਉਹਨਾਂ ਦਾ ਇਖਲਾਕੀ ਪੱਧਰ ਵੀ
ਪਹਿਲਿਆਂ ਜਿਤਨਾਂ ਹੀ ਨੀਵਾਂ ਹੋਵੇਗਾ ਜਾਂ ਉਹਨਾਂ ਤੋਂ ਵੀ ਬਦਤਰ। ਕੁੱਝ ਹੋਰ ਵਿਦਵਾਨ ਸੱਜਣ ਇਹ
ਸੁਝਾ ਦੇ ਰਹੇ ਹਨ ਕਿ ਅਖੌਤੀ ਅਕਾਲ-ਤਖਤ ਦੇ ਅਖੌਤੀ ‘ਜੱਥੇਦਾਰ’ ਦੇ ਅਹੁਦੇ ਨੂੰ ਪੂਰੀ-ਸੂਰੀ ਮਾਨਤਾ
ਦਿਵਾਕੇ ਇਸ ਪਦਵੀ ਉਤੇ ਹੋਣ ਵਾਲੀ ਨਿਯੁਕਤੀ ਅਤੇ ਇਸ ਨਾਲ ਜੁੜੇ ਅਧਿਕਾਰਾਂ ਸਬੰਧੀ ਪੱਕੇ ਨਿਯਮ ਬਣਾ
ਦੇਣੇ ਚਾਹੀਦੇ ਹਨ। ਇਸ ਸੁਝਾ ਦੇ ਅਮਲੀ ਰੂਪ ਰਾਹੀਂ ਤਾਂ ਉਹ ਕੁੱਝ ਸੰਭਵ ਹੋ ਜਾਵੇਗਾ ਜੋ ਅੰਗਰੇਜ਼ਾਂ
ਨੇ ਵੀ ਨਹੀਂ ਸੀ ਸੋਚਿਆ ਹੋਇਆ ਕਿਉਂਕਿ ਇਸ ਨਾਲ ਨਾ ਸਿਰਫ ਸਿਖ ਮੱਤ ਵਿੱਚ ‘ਪੁਜਾਰੀਵਾਦ’ ਦੀ
ਸਥਾਪਤੀ ਦੀ ਪੂਰੀ-ਸੂਰੀ ਸੰਭਾਵਨਾਂ ਬਣ ਜਾਵੇਗੀ ਸਗੋਂ ਇਸ ਰਾਹੀਂ ਸਿਖ ਮੱਤ ਵਿੱਚ ਸ਼ਖਸੀ ਗੁਰੁ ਦੀ
ਪ੍ਰਵਾਨਗੀ ਦਾ ਰਸਤਾ ਵੀ ਆਪਣੇ ਆਪ ਹੀ ਖੁਲ੍ਹ ਜਾਵੇਗਾ। ਸਪਸ਼ਟ ਹੈ ਕਿ ਅਖੌਤੀ ਅਕਾਲ-ਤਖਤ ਦੀ ਵਿਵਸਥਾ
ਵਿਚਲੇ ਫਰੇਬਵਾਦ ਦੀ ਸਮਸਿੱਆ ਦਾ ਹਲ ਵਿਅਕਤੀਆਂ ਜਾਂ ਨਿਯਮਾਂ ਦੇ ਸੁਧਾਰ ਵਿੱਚ ਨਹੀਂ। ਇੱਕੋ-ਇਕ ਹਲ
ਫਰੇਬਵਾਦ ਤੇ ਅਧਾਰਿਤ ਇਸ ਵਿਵਸਥਾ ਨੂੰ ਮੂਲੋਂ ਹੀ ਖਤਮ ਕਰ ਦੇਣ ਵਿੱਚ ਹੈ।
ਉਪਰੋਕਤ ਵਿਚਾਰਾਂ ਨੂੰ ਸਾਹਮਣੇ ਰੱਖਦੇ ਹੋਏ ਵਿਦਵਾਨ ਸੱਜਣਾਂ ਨੂੰ ਨਿਮਰਤਾ
ਸਹਿਤ ਸਲਾਹ ਦੇਣੀ ਬਣਦੀ ਹੈ ਕਿ ਉਹ ਅਖੌਤੀ ਅਕਾਲ-ਤਖਤ ਦੀ ਵਿਵਸਥਾ ਦੇ ਰੂਪ ਵਿੱਚ ਸਿਖ ਮੱਤ ਵਿੱਚ
ਸਥਾਪਤ ਹੋਏ ਫਰੇਬਵਾਦ ਨੂੰ ਜੜ੍ਹੋਂ ਪੁੱਟਣ ਲਈ ਕੋਈ ਵਿਵਹਾਰਕ ਸੁਝਾ ਅਤੇ ਕਾਰਜ-ਯੋਜਨਾ ਲੈ ਕੇ ਅੱਗੇ
ਆਉਣ ਨਾ ਕਿ ‘ਪੁਜਾਰੀਵਾਦ’ ਦਾ ਰੋਣਾ ਰੋਂਦੇ ਹੋਏ ਫਰੇਬਵਾਦ ਨਾਲ ਸਮਝੌਤਾ ਕਰੀ ਰੱਖਣ ਦੀ ਆਦਤ ਬਣਾਈ
ਰੱਖਣ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ।
ਸੰਪਰਕ ਲਈ ਫੋਨ ਨੰ. 9317910734, 0172-5077510
ਈ-ਮੇਲ ਐਡਰੈੱਸ:
drisdhillon@yahoo.com