.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਇਰੰਡ ਤੋਂ ਚੰਦਨ

ਗੁਰੂ ਨਾਨਕ ਸਾਹਿਬ ਜੀ ਸਿੱਧਾਂ ਦੇ ਇੱਕ ਜੁਆਬ ਵਿੱਚ ਫਰਮਾਉਂਦੇ ਹਨ ਕਿ ਮਨੁੱਖ ਦੀ ਤਰੱਕੀ ਦਾ ਰਾਜ਼ ਚੰਗੇਰੀ ਸੰਗਤ ਤੇ ਚੰਗੇਰੇ ਗਿਆਨ ਵਿੱਚ ਲੁਕਿਆ ਪਿਆ ਹੈ। ਮੈਨੂੰ ਵੀ ਰੱਬੀ ਗੁਣ ਤੇ ਉਸ ਦੀ ਸਦੀਵ ਕਾਲ ਨਿਯਮਾਵਲੀ ਵਿੱਚ ਚੱਲਣ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਨਹੀਂ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਖ਼ਿਆਲਾਂ ਨੂੰ ਆਪਣੇ ਸ਼ਬਦਾਂ ਵਿੱਚ ਕਲਮ ਬੰਦ ਕੀਤਾ ਹੈ।

ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।

ਭਾਈ ਗੁਰਦਾਸ ਜੀ (ਵਾਰ ੧ ਪਉੜੀ ੪੨)

ਕਹਿੰਦੇ ਨੇ ਮਨੁੱਖ ਦੇ ਬੱਚੇ ਨੂੰ ਜਨਮ ਉਪਰੰਤ ਮਨੁੱਖੀ ਸੰਗਤ ਨਾ ਮਿਲੇ ਤਾਂ ਉਸ ਬੱਚੇ ਦੀਆਂ ਆਦਤਾਂ ਬਿਲਕੁਲ ਜੰਗਲੀ ਜਨਵਰਾਂ ਵਰਗੀਆਂ ਹਣਗੀਆਂ। ਬੱਚੇ ਨੂੰ ਆਪਣੇ ਆਪ ਤੁਰਨਾ ਨਹੀਂ ਆਏਗਾ। ਤੁਰੇਗਾ ਤਾਂ ਆਪਣਿਆਂ ਹੱਥਾਂ ਦੀ ਵੀ ਵਰਤੋਂ ਕਰੇਗਾ। ਸਲੀਕੇ ਨਾਲ ਕਪੜੇ ਪਾਉਣੇ ਸਲੀਕੇ ਨਾਲ ਰੋਟੀ ਖਾਣੀ ਇਸ ਦੇ ਵਸ ਤੋਂ ਬਾਹਰ ਦੀ ਗੱਲ ਹੋਏਗੀ। ਜਨੀ ਕਿ ਇਸ ਦੀਆਂ ਸਾਰੀਆਂ ਆਦਤਾਂ ਜੰਗਲੀ ਜਨਵਰਾਂ ਵਰਗੀਆਂ ਹੀ ਹੋਣਗੀਆਂ। ਇਨਸਾਨ ਨੂੰ ਆਪਣੇ ਬੱਚੇ ਨੂੰ ਬੋਲਣ ਦੀ ਜਾਚ ਸਿਖਾਉਣ ਲਈ ਪਹਿਲਾਂ ਆਪ ਨਾਲ ਬੋਲਣਾ ਪੈਂਦਾ ਹੈ। ਤੁਰਨ ਦੀ ਜਾਚ ਸਿਖਾਉਣ ਲਈ ਆਪਣਿਆਂ ਪੈਰਾਂ `ਤੇ ਪੈਰ ਰਖਾਅ ਕੇ ਫਿਰ ਇਸ ਨੂੰ ਤੋਰਿਆ ਜਾਂਦਾ ਹੈ। ਗੱਲ ਕੀ ਇਨਸਾਨ ਬਣਨ ਲਈ ਚੰਗੇਰੀ ਸੰਗਤ ਤੇ ਚੰਗੇਰੇ ਗਿਆਨ ਦੀ ਜ਼ਰੂਰਤ ਹੈ।

ਸਿਆਣੇ ਮਾਪੇ ਆਪਣਿਆਂ ਬੱਚਿਆਂ ਦੀ ਸੰਗਤ ਵਲ ਉਚੇਚਾ ਧਿਆਨ ਦੇਂਦੇ ਹਨ। ਬਚਪਨ ਵਿੱਚ ਜੇਹੋ ਜੇਹੀ ਸੰਗਤ ਮਿਲਦੀ ਹੈ ਬੱਚੇ ਦੇ ਓਸੇ ਤਰ੍ਹਾਂ ਦੇ ਹੀ ਸੰਸਕਾਰ ਬਣ ਜਾਂਦੇ ਹਨ। ਭਗਤ ਰਵਿਦਾਸ ਜੀ ਨੇ ਰਾਗ ਆਸਾ ਵਿੱਚ ਇੱਕ ਸ਼ਬਦ ਰਾਂਹੀ ਬੜਾ ਪਿਆਰਾ ਉਪਦੇਸ਼ ਦਿੱਤਾ ਹੈ। ਅਸੀਂ ਇਰੰਡ ਵਰਗੇ ਹਾਂ ਪਰ ਚੰਦਨ ਗਿਆਨ ਦੇ ਨੇੜੇ ਰਹਿਣ ਕਰਕੇ ਉਸ ਵਾਂਗ ਸੁਗੰਧਤ ਭਾਵ ਸੂਝ ਵਾਲੇ ਹੋ ਸਕਦੇ ਹਾਂ:--

ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗਿ ਤੁਮਾਰੇ ਬਾਸਾ।।

ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ।। ੧।।

ਮਾਧਉ, ਸਤ ਸੰਗਤਿ ਸਰਨਿ ਤੁਮਾੑਰੀ।।

ਹਮ ਅਉਗਨ ਤੁਮੑ ਉਪਕਾਰੀ।। ੧।। ਰਹਾਉ।।

ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ ਕੀਰਾ।।

ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ।। ੨।।

ਜਾਤੀ ਓਛਾ, ਪਾਤੀ ਓਛਾ, ਓਛਾ ਜਨਮੁ ਹਮਾਰਾ।।

ਰਾਜਾ ਰਾਮ ਕੀ ਸੇਵ ਨ ਕੀਨੀੑ ਕਹਿ ਰਵਿਦਾਸ ਚਮਾਰਾ।। ੩।। ੩।।

ਰਾਗ ਆਸਾ ਬਾਣੀ ਭਗਤ ਰਵਿਦਾਸ ਜੀ ਕੀ ਪੰਨਾ ੪੮੬

ਰਹਾਉ ਦੀਆਂ ਤੁਕਾਂ---

ਮਾਧਉ, ਸਤ ਸੰਗਤਿ ਸਰਨਿ ਤੁਮਾੑਰੀ।।

ਹਮ ਅਉਗਨ ਤੁਮੑ ਉਪਕਾਰੀ।। ੧।। ਰਹਾਉ।।

ਅੱਖਰੀਂ ਅਰਥ:--- ਹੇ ਮਾਧੋ! ਮੈਂ ਤੇਰੀ ਸਾਧ ਸੰਗਤਿ ਦੀ ਓਟ ਫੜੀ ਹੈ (ਮੈਨੂੰ ਇਥੋਂ ਵਿਛੁੜਨ ਨਾਹ ਦੇਈਂ), ਮੈਂ ਮੰਦ-ਕਰਮੀ ਹਾਂ (ਤੇਰਾ ਸਤ-ਸੰਗ ਛੱਡ ਕੇ ਮੁੜ ਮੰਦੇ ਪਾਸੇ ਤੁਰ ਪੈਂਦਾ ਹਾਂ, ਪਰ) ਤੂੰ ਮਿਹਰ ਕਰਨ ਵਾਲਾ ਹੈਂ (ਤੂੰ ਫਿਰ ਜੋੜ ਲੈਂਦਾ ਹੈਂ)। ੧। ਰਹਾਉ।

ਭਾਵ ਅਰਥ:--- ਮਹਾਨ ਕੋਸ਼ ਵਿੱਚ ‘ਸਤ` ਦੇ ਅਰਥ ਬੱਤੀ ਦੇ ਕਰੀਬ ਆਏ ਹਨ। ਇੱਕ ਸਤ ਦੇ ਅਰਥ ਸਚ, ਪਵਿੱਤਰਤਾ ਤੇ ਪਰਮਾਤਮਾ ਲਈ ਵਰਤਿਆ ਹੈ ਜਦ ਕਿ ਸੰਗਤ ਦੇ ਅਰਥ ਹਨ ਮਜਲਿਸ, ਰਿਸ਼ਤਾ ਨਾਤਾ ਤੇ ਗੁਰਸਿੱਖਾਂ ਦੇ ਇਕੱਠ ਲਈ ਆਇਆ ਹੈ। ਇਸ ਦਾ ਸਮੁੱਚਾ ਭਾਵ ਬਣਿਆ ਸੱਚ ਦੀ ਸੰਗਤ ਨਾਲ ਨਾਤਾ ਜੋੜਨਾ ਤੇ ਗੁਰੂ ਦੇ ਗਿਆਨ ਵਿੱਚ ਚੱਲਣਾ ਹੀ ਰੱਬ ਜੀ ਦੀ ਸਰਣ ਹੈ। ਜਿੱਥੇ ਮਨੁੱਖ ਗਲਤੀਆਂ ਦਾ ਪਤਲਾ ਹੈ ਓੱਥੇ ਅਉਗੁਣਾਂ ਨਾਲ ਭਰਪੂਰ ਵੀ ਹੈ। ਸੱਚ ਦਾ ਗਿਆਨ ਹਮੇਸ਼ਾਂ ਸਾਡੇ `ਤੇ ਪਰ-ਉਪਕਾਰ ਕਰ ਰਿਹਾ ਹੈ ਪਰ ਇਸ ਦੀ ਵਰਤੋਂ ਅਸਾਂ ਨੇ ਕਰਨੀ ਹੈ। ਸੁਆਲਾਂ ਦਾ ਸੁਆਲ ਕੇ ਸਾਨੂੰ ਗੁਰੁਆਰਿਆਂ ਵਿਚੋਂ ਗਿਆਨ ਕਿਹੋ ਜੇਹਾ ਮਿਲ ਰਿਹਾ ਹੈ? ਸੰਗਤ ਤਾਂ ਜ਼ਰੂਰ ਕੀਤੀ ਜਾ ਰਹੀ ਹੈ ਪਰ ਗਿਆਨ ਦੀ ਥਾਂ `ਤੇ ਵਹਿਮ ਭਰਮ ਤੇ ਕਰਮ-ਕਾਂਡ ਵਰਗੀਆਂ ਸਿਖਿਆਵਾਂ ਗੁਰਦੁਆਰਿਆਂ ਵਿਚੋਂ ਮਿਲ ਰਹੀਆਂ ਹਨ। ਭਗਤ ਜੀ ਖ਼ਿਆਲ ਦੇ ਰਹੇ ਹਨ ਕਿ ਜੇ ਮੈਂ ਤੇਰੇ ਗਿਆਨ ਦੀ ਸੰਗਤ ਛੱਡ ਦਿਆਂ ਤਾਂ ਮੇਰਾ ਜੀਵਨ ਅਵਗੁਣਾਂ ਨਾਲ ਭਰਪੂਰ ਹੋ ਜਾਏਗਾ। ਅਸੀਂ ਸੰਗਤ ਗੁਰੂ ਦੀ ਕਰ ਰਹੇ ਹਾਂ ਤੇ ਬੋਲੀ ਕਿਸੇ ਹੋਰ ਦੀ ਬੋਲ ਰਹੇ ਹਾਂ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ `ਤੇ ਦੇਹ ਸ਼ਿਵਾ ਬਰ ਮੋਹਿ ਦਾ ਕੀਰਤਨ ਕਰ ਰਹੇ ਹੁੰਦੇ ਹਾਂ। ਜਾਂ ‘ਜਬ ਹੀ ਜਾਤ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਤਏ` ਦੀਆਂ ਪੰਕਤੀਆਂ ਦੀ ਵਿਆਖਿਆ ਕਰਦਿਆਂ ਗੁਰੂ ਤੇਗ ਬਹਾਦਰ ਜੀ ਕੋਲੋਂ ਪੰਡਤਾਂ ਨੂੰ ਦਾਨ ਦਿਵਾ ਕੇ ਚੱਲਦੇ ਬਣਦੇ ਹਾਂ। ਸ਼ਬਦ ਦਸ ਰਿਹਾ ਹੈ ਕਿ ਮੈਂ ਤੇਰੀ ਸਰਣ ਵਿੱਚ ਰਹਿਣਾ ਹੈ। ਕੀ ਅਸੀਂ ਵਾਕਿਆ ਹੀ ਗੁਰੂ ਦੀ ਸਰਣ ਵਿੱਚ ਹਾਂ?

ਸ਼ਬਦ ਦੇ ਪਹਿਲੇ ਬੰਦ ਵਿੱਚ ਚੰਦਨ ਤੇ ਇਰੰਡ ਦੀ ਮਸਾਲ ਦੇ ਕੇ ਸਮਝਾਇਆ ਗਿਆ ਹੈ:---

ਤੁਮ ਚੰਦਨ ਹਮ ਇਰੰਡ ਬਾਪੁਰੇ, ਸੰਗਿ ਤੁਮਾਰੇ ਬਾਸਾ।।

ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ।। ੧।।

ਅੱਖਰੀਂ ਅਰਥ:-- ਹੇ ਮਾਧੋ! ਤੂੰ ਚੰਦਨ ਦਾ ਬੂਟਾ ਹੈਂ, ਮੈਂ ਨਿਮਾਣਾ ਹਰਿੰਡ ਹਾਂ (ਪਰ ਤੇਰੀ ਮਿਹਰ ਨਾਲ) ਮੈਨੂੰ ਤੇਰੇ (ਚਰਨਾਂ) ਵਿੱਚ ਰਹਿਣ ਲਈ ਥਾਂ ਮਿਲ ਗਈ ਹੈ, ਤੇਰੀ ਸੋਹਣੀ ਮਿੱਠੀ ਵਾਸ਼ਨਾ ਮੇਰੇ ਅੰਦਰ ਵੱਸ ਪਈ ਹੈ, ਹੁਣ ਮੈਂ ਨੀਵੇਂ ਰੁੱਖ ਤੋਂ ਉੱਚਾ ਬਣ ਗਿਆ ਹਾਂ। ੧।

ਭਾਵ ਅਰਥ:--- ਚੰਦਨ ਆਪਣੀ ਸੁਗੰਧੀ ਨਾਲ ਆਲੇ ਦੁਆਲੇ ਦੀ ਬਨਸਪਤੀ ਨੂੰ ਸੁਗੰਧਤ ਕਰ ਦੇਂਦਾ ਹੈ। ਪਰ ਬਾਂਸ ਨੂੰ ਕਿਸੇ ਵੀ ਰੁੱਤ ਵਿੱਚ ਚੰਦਨ ਸੁਗੰਧਤ ਨਹੀਂ ਕਰਦਾ। ਬਾਂਸ ਨੂੰ ਤਾਂ ਭਾਂਵੇਂ ਪਤਾ ਨਾ ਹੋਵੇ ਪਰ ਅਸਾਂ ਇੱਕ ਪ੍ਰਤੀਕ ਜ਼ਰੂਰ ਲੈਣਾ ਹੈ। ਬਾਂਸ ਅੰਦਰੋਂ ਖਾਲੀ ਹੈ ਤੇ ਦੂਸਰਾ ਉੱਚਾ ਕਰਕੇ ਹੰਕਾਰਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਚੰਦਨ ਵਰਗਾ ਹੈ ਜੋ ਹਰ ਵੇਲੇ ਸੁਗੰਧੀ ਦੇਂਦਾ ਹੈ ਪਰ ਅਸੀਂ ਆਪਣੇ ਰੰਗ ਵਿੱਚ ਮਸਤ ਹਾਂ ਇਸ ਗਿਆਨ ਦੀ ਸੁਗੰਧੀ ਲੈਣ ਲਈ ਤਿਆਰ ਨਹੀਂ ਹਾਂ। ਸਾਡੇ ਜੀਵਨ ਵਿੱਚ ਸੁਗੰਧੀ ਆ ਸਕਦੀ ਹੈ ਜੇ ਗੁਰੂ ਦੇ ਗਿਆਨ ਨੂੰ ਵਰਤੋਂ ਵਿੱਚ ਲਿਆਂਗੇ ਤਾਂ। ਅਸੀਂ ਬਾਂਸ ਵਰਗੇ ਓਦੋਂ ਹੁੰਦੇ ਹਾਂ ਜਦੋਂ ਉਚੀਆਂ ਹੇਕਾਂ ਲਾ ਕੇ ਕਹਿ ਰਹੇ ਹੋਈਏ ‘ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ`।

ਉਂਜ ਅਸੀਂ ਕਹਿ ਰਹੇ ਹੁੰਦੇ ਹਾਂ ਕਿ ਤੂੰ ਉੱਚਾ ਏਂ ਅਸੀਂ ਬੜੇ ਨੀਵੇਂ ਹਾਂ ਪਰ ਬਰਸੀ ਬੜੇ ਮਹਾਂਰਾਜ ਦੀ ਮਨਾਈ ਜਾ ਰਹੀ ਹੈ, ਉਹ ਵੀ ਤੇਰੀ ਹਜ਼ੂਰੀ ਵਿਚ। ਕੀ ਵਾਕਿਆ ਹੀ ਅਸੀਂ ਗੁਰਬਾਣੀ ਗਿਆਨ ਲੈ ਕੇ ਸੁਗੰਧਤ ਹੋ ਗਏ ਹਾਂ?

ਸ਼ਬਦ ਦੇ ਦੂਜੇ ਬੰਦ ਵਿੱਚ ਕੁੱਝ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ।

ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ ਕੀਰਾ।।

ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ।। ੨।।

ਅਖਰੀਂ ਅਰਥ:--- ਹੇ ਮਾਧੋ! ਤੂੰ ਚਿੱਟਾ ਪੀਲਾ (ਸੋਹਣਾ) ਰੇਸ਼ਮ ਹੈਂ, ਮੈਂ ਨਿਮਾਣਾ (ਉਸ) ਕੀੜੇ ਵਾਂਗ ਹਾਂ (ਜੋ ਰੇਸ਼ਮ ਨੂੰ ਛੱਡ ਕੇ ਬਾਹਰ ਨਿਕਲ ਜਾਂਦਾ ਹੈ ਤੇ ਮਰ ਜਾਂਦਾ ਹੈ), ਮਾਧੋ! (ਮਿਹਰ ਕਰ) ਮੈਂ ਤੇਰੀ ਸਾਧ ਸੰਗਤ ਵਿੱਚ ਜੁੜਿਆ ਰਹਾਂ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿੱਚ (ਟਿਕੀਆਂ ਰਹਿੰਦੀਆਂ ਹਨ)। ੨।

ਭਾਵ ਅਰਥ:---ਰੇਸ਼ਮ ਦਾ ਕੀੜਾ ਰੇਸ਼ਮ ਤਿਆਰ ਕਰਦਾ ਹੈ ਜਿਉਂ ਹੀ ਰੇਸ਼ਮ ਤੋਂ ਬਾਹਰ ਨਿਕਲਦਾ ਹੈ ਵਿਚਾਰਾ ਮਰ ਜਾਂਦਾ ਹੈ। ਅਸੀਂ ਗੁਰਦੁਆਰੇ ਤਾਂ ਜ਼ਰੂਰ ਤਿਆਰ ਕਰਦੇ ਹਾਂ ਪਰ ਸਿਧਾਂਤ ਤੋਂ ਬਾਹਰ ਨਿਕਲੇ ਹੋਏ ਹਾਂ ਇਸ ਲਈ ਸਮਾਜਕ ਕੁਰੀਤੀਆਂ ਤੇ ਕਰਮ-ਕਾਂਡਾਂ ਵਿੱਚ ਫਸ ਕੇ ਆਤਮਕ ਮੌਤੇ ਮਰੇ ਪਏ ਹਾਂ। ਹਾਂ ਜੇ ਗੁਰਦੁਆਰੇ ਬਣਾਏ ਹਨ ਤਾਂ ਸਾਨੂੰ ਗੁਰਬਾਣੀ ਸਿਧਾਂਤ ਤੇ ਇਸ ਦੀ ਵਿਚਾਰਧਾਰਾ ਨਾਲ ਇੰਜ ਜੁੜ ਕੇ ਰਹਿਣਾ ਚਾਹੀਦਾ ਹੈ ਜਿਵੇਂ ਸ਼ੀਹਦ ਦੀਆਂ ਮੱਖੀਆਂ ਸ਼ਾਹਿਦ ਦੇ ਛੱਤੇ ਨਾਲ ਇੱਕ ਮਿਕ ਹੋ ਕੇ ਰਹਿੰਦੀਆਂ ਹਨ। ਜੇ ਏਦਾਂ ਰਹਿਣ ਲੱਗ ਪਏ ਤਾਂ ਕਮੇਟੀ ਅਤੇ ਗੋਲਕ `ਤੇ ਕਬਜ਼ਾ ਜਮਾਉਣ ਲਈ ਡਾਂਗ ਕੌਣ ਚਲਾਏਗਾ? ਅਖੀਰੀਲੀਆਂ ਤੁਕਾਂ ਵਿੱਚ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਜੇ ਮੈਂ ਤੇਰੇ ਗੁਣਾਂ ਨੂੰ ਨਾ ਸਮਝਿਆ ਤਾਂ ਮੈਂ ਅਧੂਰਾ ਹਾਂ ਜੇਹਾ ਕਿ:--

ਜਾਤੀ ਓਛਾ, ਪਾਤੀ ਓਛਾ, ਓਛਾ ਜਨਮੁ ਹਮਾਰਾ।।

ਰਾਜਾ ਰਾਮ ਕੀ ਸੇਵ ਨ ਕੀਨੀੑ ਕਹਿ ਰਵਿਦਾਸ ਚਮਾਰਾ।। ੩।। ੩।।

ਅਖਰੀਂ ਅਰਥ:-- ਰਵਿਦਾਸ ਚਮਿਆਰ ਆਖਦਾ ਹੈ— (ਲੋਕਾਂ ਦੀਆਂ ਨਜ਼ਰਾਂ ਵਿਚ) ਮੇਰੀ ਜਾਤਿ ਨੀਵੀਂ, ਮੇਰੀ ਕੁਲ ਨੀਵੀਂ, ਮੇਰਾ ਜਨਮ ਨੀਵਾਂ (ਪਰ, ਹੇ ਮਾਧੋ! ਮੇਰੀ ਜਾਤਿ, ਕੁਲ ਤੇ ਜਨਮ ਸੱਚ-ਮੁਚ ਨੀਵੇਂ ਰਹਿ ਜਾਣਗੇ) ਜੇ ਮੈਂ, ਹੇ ਮੇਰੇ ਮਾਲਕ ਪ੍ਰਭੂ! ਤੇਰੀ ਭਗਤੀ ਨਾਹ ਕੀਤੀ। ੩। ੩।

ਭਾਵ ਅਰਥ:-- ਬ੍ਰਾਹਮਣ ਦੀ ਬੋਲੀ ਵਿੱਚ ਮੇਰੀ ਜਾਤ, ਕੁਲ ਤੇ ਜਨਮ ਨੀਵਾਂ ਹੈ ਕਿਉਂ ਕਿ ਮੈਂ ਏਸੇ ਜਾਤ ਵਿੱਚ ਹੀ ਜਨਮ ਲਿਆ ਹੈ। ਦੁਨੀਆਂ ਵਿੱਚ ਜਨਮ ਲੈਣ ਦਾ ਤਰੀਕਾ ਇੱਕ ਹੀ ਹੈ ਫਿਰ ਜਨਮ ਕਰਕੇ ਮੈਂ ਨੀਵਾਂ ਕਿਵੇਂ ਹੋਇਆ? ਸਾਰੀ ਉਮਰ ਮੇਰੇ ਬਜ਼ੁਰਗਾਂ ਨੇ ਤੇਰੀ ਸੇਵਾ ਵਿੱਚ ਲਗਾ ਦਿੱਤੀ ਹੈ ਤੂੰ ਫਿਰ ਵੀ ਸਾਨੂੰ ਨੀਵਾਂ ਹੀ ਕਹੀ ਜਾਂਦੈਂ। ਸੁਣ ਅਸਲ ਨੀਵੀਂ ਜਾਤ ਦਾ ਉਹ ਮਨੁੱਖ ਹੈ ਜੋ ਨਕਲੀ ਦੁਆਵੀਆਂ ਵੇਚ ਰਿਹਾ ਹੈ। ਨੀਵੀਂ ਜਾਤ ਦਾ ਉਹ ਲੀਡਰ ਜੋ ਵੋਟਾਂ ਦੀ ਖਾਤਰ ਆਪਣੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਡੋਬ ਰਿਹਾ ਹੈ। ਨੀਵੀਂ ਜਾਤ ਦਾ ਉਹ ਸਾਰਕਾਰੀ, ਅਰਧ-ਸਰਕਾਰੀ ਅਫ਼ਸਰ ਜੋ ਕਰਪੱਸ਼ਨ ਨਾਲ ਲੱਥ-ਪੱਥ ਹੋਇਆ ਪਿਆ ਹੈ। ਭਗਤ ਜੀ ਫਰਮਾਉਂਦੇ ਹਨ ਕਿ ਜਿਹੜਾ ਤੇਰੀ ਭੈ-ਭਾਵਨੀ, ਸਦਾਚਾਰਕ, ਸਤ-ਸੰਤੋਖ, ਧੀਰਜ ਤੇ ਹੱਥੀਂ ਕਿਰਤ ਕਰਕੇ ਖਾਂਦਾ ਹੈ ਉਹ ਨੀਵੀਂ ਜਾਤ ਦਾ ਕਿਵੇਂ ਹੋਇਆ?
.