.

ਬਿਨ ਗੁਰ ਸਬਦ ਨ ਛੂਟੀਐ

ਗੁਰਮਤ ਵਿੱਚ ਸਭ ਨਾਲੋਂ ਉੱਤਮ ਕਰਮ ਸ਼ਬਦ (ਗੁਰਬਾਣੀ) ਵੀਚਾਰ ਮੰਨਿਆਂ ਜਾਂਦਾ ਹੈ ਜਿਵੇਂ ਗੁਰ ਫੁਰਮਾਨ ਹੈ: ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ ਸਗਲੀ ਛਾਰੁ॥ (904)। ਭਾਵ: ਸਾਰੀਆਂ ਵੀਚਾਰਾਂ ਤੋਂ ਸ੍ਰੇਸ਼ਟ ਵੀਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ (ਗੁਰਬਾਣੀ ਅਨੁਕੂਲ ਚੱਲੇ)। ਮੈਂ ਹੋਰ ਕਿਸੇ ਗਲ ਦੀ ਪ੍ਰਵਾਹ ਨਹੀ ਕਰਦਾ ਕਿਉਂਕਿ ਹੋਰ ਸਾਰੀਆਂ ਵੀਚਾਰਾਂ ਵਿਅਰਥ ਹਨ। ਅਤਿ ਨਿਰਮਲੁ ਗੁਰ ਸਬਦ ਵੀਚਾਰ॥ ਨਾਨਕ ਨਾਮਿ ਸਵਾਰਣਹਾਰ॥ (361)। ਭਾਵ: ਹੇ ਨਾਨਕ, ਗੁਰੂ ਦੇ ਸ਼ਬਦ ਦੀ ਵੀਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦਿੰਦੀ ਹੈ। ਪ੍ਰਭੂ ਨਾਮ (ਹੁਕਮ, ਗੁਰਬਾਣੀ) ਵਿੱਚ ਜੁੜਕੇ ਮਨੁੱਖ ਹੋਰਨਾ ਦਾ ਜੀਵਨ ਵੀ ਸਵਾਰਨ ਜੋਗਾ ਹੋ ਜਾਂਦਾ ਹੈ। ਸਾਚਿ ਵਸਿਐ ਸਾਚੀ ਸਭ ਕਾਰ॥ ਊਤਮ ਕਰਣੀ ਸਬਦ ਬੀਚਾਰ॥ (157)। ਭਾਵ: ਜੇ ਪਰਮਾਤਮਾ ਜੀਵ ਦੇ ਮਨ ਵਿੱਚ ਆ ਵਸੇ ਤਾਂ ਪਰਮਾਤਮਾ ਦੀ ਸਿਫਤ ਸਾਲਾਹ ਉਸਦੀ ਨਿੱਤ ਦੀ ਸ੍ਰੇਸ਼ਟ ਕਾਰ ਬਣ ਜਾਂਦੀ ਹੈ। ਗੁਰੂ ਦੇ ਸ਼ਬਦ ਦੀ ਵੀਚਾਰ ਉਸਦੇ ਮਨ ਵਿੱਚ ਟਿਕ ਜਾਂਦੀ ਹੈ। ਸਿਫਤਿ ਸਾਲਾਹਨ ਤੋਂ ਭਾਵ ਉਸਦੇ ਹੁਕਮ ਵਿੱਚ ਚੱਲਣਾ ਹੈ “ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ॥”। ਇਹੀ ਕਾਰਨ ਹੈ ਕਿ ਗੁਰੂ ਚਿਤਾਵਨੀ ਦਿੰਦਾ ਹੈ ਕਿ: ਬਿਨ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ॥ (229)। ਭਾਵ: ਵੀਚਾਰ ਕੇ ਵੇਖ ਲਵੋ ਕਿ ਗੁਰੂ ਦੇ ਸਬਦ (ਗੁਰਬਾਣੀ) ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਛੁਟਕਾਰਾ ਨਹੀ ਹੋ ਸਕਦਾ। ਹੇ ਭਾਈ, ਜੇ ਤੂੰ ਲੱਖਾਂ ਹੀ ਕਰਮ ਧਰਮ ਕਰਦਾ ਰਹੇਂ ਤਾਂ ਵੀ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ ਨਹੀ ਜਾਏਗਾ।

ਇਹ ਆਤਮਕ ਹਨੇਰਾ ਹੀ ਕਾਰਨ ਹੈ ਜਿਸ ਦੁਆਰਾ ਸਿੱਖ ਜਗਤ ਵਿਅਰਥ ਰੀਤਾਂ ਰਸਮਾ ਤੇ ਕਰਮ ਕਾਂਡਾਂ ਦਾ ਸ਼ਿਕਾਰ ਹੈ। ਅੱਜ ਇਹ ਕਰਮ ਧਰਮ ਸਭ ਦਿਖਾਵੇ ਮਾਤਰ ਲੋਕ ਪਚਾਰਾ ਹੀ ਰਹਿ ਗਿਆ ਹੈ। ਬਾਹਰਲੀਆਂ ਦੁਨਿਆਵੀ ਉਧਾਰਨਾ ਦੇ ਸੰਕੇਤਾਂ ਦੁਆਰਾ ਗੁਰਬਾਣੀ ਸਦਾ ਹੀ ਮਨ ਨੂੰ ਸਾਧਾਰਨ ਦੀ, ਗਿਆਨ ਪ੍ਰਦਾਨ ਕਰਨ ਦੀ ਗਲ ਕਰਦੀ ਹੈ ਕਿਉਂਕਿ ਇਸੇ ਦੁਆਰਾ ਹੀ ਵਿਛਾਏ ਗਏ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਮੱਕੜ ਜਾਲ ਤੋਂ ਬਚਿਆ ਜਾ ਸਕਦਾ ਹੈ। ਬਾਹਰ ਜੈਕਾਰਿਆਂ ਦੀਆਂ ਗੂੰਜਾਂ ਨਾਲ ਕੱਢੇ ਜਾਂਦੇ ਜਲੂਸ, ਚਲ ਰਹੇ ਟਰੱਕਾਂ ਵਿੱਚ ਕੀਤੇ ਜਾਂਦੇ ਨਗਰ ਕੀਰਤਨ, ਬਿਨਾ ਸਮਝੇ ਕੀਤੀਆਂ ਪਾਠਾਂ ਦੀਆਂ ਲੜੀਆਂ, ਮਾਇਆ ਖਾਤਰ ਕੀਤੀਆਂ ਜਾ ਰਹੀਆਂ ਆਰਤੀਆਂ ਸੁਅਦਲੇ ਪਕਵਾਨਾਂ ਦੇ ਲੰਗਰ, ਅਗਿਆਨਤਾ ਵਿੱਚ ਕੀਤੇ ਜਾ ਰਹੇ ਤੀਰਥ ਰੱਟਣ, ਇਸ਼ਨਾਨ, ਦਾਨ, ਪੁੰਨ, ਸੇਵਾ. . ਆਦਿਕ ਨੇ ਅੱਜ ਤਕ ਮਨ ਦਾ ਕੀ ਸਵਾਰਿਆ ਹੈ? ਜਿਸ, ਗੁਰੂ ਦੇ ਆਤਮਕ ਗਿਆਨ ਨੇ, ਇਸ ਹਨੇਰੇ ਵਿਚੋਂ ਕੱਢ ਕੇ ਮਨੁੱਖਾ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਨਾਉਣਾ ਸੀ ਓਸੇ ਨੂੰ ਹੀ ਗੁਰਦੁਆਰਿਆਂ ਵਿਚੋਂ ਨਿਕਾਲਾ ਦੇ ਦਿੱਤਾ ਗਿਆ ਹੈ। ਆਪਣੇ ਜੀਵਨ ਦੇ ਆਤਮਕ ਸੁੱਖ ਨੂੰ ਆਪ ਹੀ ਲੱਤ ਮਾਰ ਦਿੱਤੀ ਹੈ। ਗੁਰੂ ਦੇ ਸ਼ਬਦ ਦੀ ਵੀਚਾਰ ਤੋਂ ਕੋਹਾਂ ਦੀ ਦੂਰੀ ਹੋ ਗਈ ਹੈ। ਅਗਰ ਕੋਈ ਬੱਧਾ ਰੁੱਧਾ ਗੁਰੂ ਦੇ ਸਬਦ ਦੀ ਵੀਚਾਰ ਕਰਦਾ ਵੀ ਹੈ ਤਾਂ ਉਹ ਓਪਰੀ ਜੇਹੀ ਤੇ ਅੱਖਰੀ ਅਰਥ (ਜੋ ਕੇਵਲ ਦੁਬਿਧਾ ਹੀ ਪੈਦਾ ਕਰਦੇ ਹਨ) ਕਰਕੇ ਵਕਤ ਲੰਘਾ ਦਿੰਦਾ ਹੈ ਪਰ ਗੁਰ ਫੁਰਮਾਨ ਹੈ:

ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲੰਘਾਏ ਪਾਰਿ॥ (465) ਭਾਵ: ਜਿਨ੍ਹਾ ਨੇ ਗੁਰਮਤਿ ਸਿਖ ਲਈ, ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਾਆਰਾ ਉਹਨਾ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਯਾਦ ਰਹੇ ਜੋ ਬੀਜਿਆ ਹੈ ਉਹੀ ਉੱਗੇਗਾ ਤੇ ਗੁਰੁ ਪੈਰ ਪੈਰ ਤੇ ਚਿਤਾਵਨੀ ਦਿੰਦਾ ਹੈ: ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥ ਹੰਢੈ ਉਂਨ ਕਤਾਇਂਦਾ ਪੈਧਾ ਲੋੜੈ ਪਟੁ॥ (1379)। ਭਾਵ: ਹੇ ਫਰੀਦਾ, (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿੱਕਰ ਬੀਜਦਾ ਹੈ ਪਰ (ਬਿਜੌਰ ਦੇ ਇਲਾਕੇ ਦਾ ਛੋਟਾ) ਅੰਗੂਰ ਖਾਣਾ ਚਹੁੰਦਾ ਹੈ, (ਸਾਰੀ ਉਮਰ) ਉਂਨ ਕਤਾਂਦਾ ਫਿਰਦਾ ਹੈ ਪਰ ਪਹਿਨਣਾ ਰੇਸ਼ਮ ਚਹੁੰਦਾ ਹੈ। ਭਾਵ ਕਹਿਣ ਤੋਂ ਇਹੀ ਹੈ ਕਿ ਜੋ ਬੀਜਿਆ ਹੈ ਓਸੇ ਦਾ ਹੀ ਫਲ ਪ੍ਰਾਪਤ ਹੋਵੇਗਾ। ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਨਿਆ॥ (24)।

ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਬੀਜ ਕੇ ਸੁੱਖ ਦੀ ਆਸ ਕਰਨੀ ਵੀ ਉਤਨੀ ਹੀ ਵਿਅਰਥ ਤੇ ਨਿਸਫਲ ਹੈ ਜਿਤਨੀ ਕਿੱਕਰ ਬੀਜ ਕੇ ਅੰਗੂਰਾਂ ਦੀ ਆਸ ਕਰਨੀ ਹੈ। ਸ਼ਬਦ ਵੀਚਾਰ ਹੀ ਅਤਾਮਕ ਗਿਆਨ ਦੀ ਪ੍ਰਾਪਤੀ ਹੈ, ਰੱਬ ਦੀ ਬੰਦਗੀ ਹੈ, ਜਿਸ ਤੋਂ ਬਿਨਾ ਭਰਮ ਭੁਲੇਖਿਆਂ ਤੇ ਅੰਧਵਿਸ਼ਵਾਸ ਤੋਂ ਬਚਿਆ ਨਹੀ ਜਾ ਸਕਦਾ। ਇਹ ਰੀਤਾਂ ਰਸਮਾਂ ਤੇ ਕਰਮ ਕਾਂਡ ਉਹ ਧਰਮ ਦੇ ਕਰਮ ਹਨ ਜਿਨ੍ਹਾਂ ਨੂੰ (ਅਗਿਆਨਤਾ ਕਾਰਨ) ਸੱਚ ਕਰਕੇ ਮੰਨ ਲਿਆ ਗਿਆ ਹੈ ਪਰ ਜੋ, ਸ਼ਬਦ (ਗੁਰਬਾਣੀ) ਵੀਚਾਰ ਅਨੁਸਾਰ, ਭਰਮ ਭੁਲੇਖਿਆਂ ਤੋਂ ਬਿਨਾ ਹੋਰ ਕੁਛ ਵੀ ਨਹੀ। ਪਰ ਗੁਰਸ਼ਬਦ ਵੀਚਾਰ ਬਿਨਾ, ਮਨੁੱਖ ਗੁਰੂ ਦੇ ਦੱਸੇ, ਸੱਚ ਦੇ ਮਾਰਗ ਨੂੰ ਨਾ ਸਮਝ ਸਕਦਾ ਹੈ ਤੇ ਨਾ ਹੀ ਉਸਤੇ ਚਲ ਸਕਦਾ ਹੈ। :

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ॥ (229)। ਭਾਵ: ਜਿਨ੍ਹਾ ਬੰਦਿਆਂ ਨੂੰ ਮੋਹ ਮਾਇਆ ਨੇ ਅੰਨ੍ਹਾ ਕਰ ਦਿੱਤਾ ਹੈ, ਉਹਨਾ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀ। ਗੁਰੂ ਦੀ ਸ਼ਰਨ (ਗੁਰਬਾਣੀ ਤੇ ਚੱਲੇ) ਬਿਨਾ ਉਹਨਾ ਨੂੰ ਜੀਵਨ ਦਾ ਸਹੀ ਰਸਤਾ ਲੱਭ ਹੀ ਨਹੀ ਸਕਦਾ। ਸਹੀ ਜੀਵਨ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰਾਂ ਵੀ ਸਾਥ ਨਹੀ ਨਿਭ ਸਕਦਾ। ਇਸ ਲਈ ਜਿਨ੍ਹਾ ਨੇ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਹੀ ਸੱਚ ਕਰਕੇ ਮੰਨ ਲਿਆ ਹੈ ਉਹਨਾਂ ਦੀ ਕਦੇ ਵੀ ਸੱਚ ਦੇ ਪਾਂਧੀਆਂ ਨਾਲ ਨਹੀ ਨਿਭ ਸਕਦੀ ਕਿਉਂਕਿ ਦੋਨਾਂ ਦੇ ਰਸਤੇ ਹੀ ਅਲੱਗ ਅਲੱਗ ਹਨ। ਉਹ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਾਲੇ ਹੀ ਸਨ ਜਿਨ੍ਹਾਂ ਨੇ ਸੱਚ ਦੇ ਪਾਂਧੀਆਂ ਨੂੰ ਸੂਲੀ ਚ੍ਹਾੜ ਦਿੱਤਾ, ਤਸੀਹੇ ਦੇ ਕੇ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ, ਅੱਗਾਂ ਵਿੱਚ ਸਾੜ ਦਿੱਤਾ, ਚਰਖੜੀਆਂ ਤੇ ਚ੍ਹਾੜ ਦਿੱਤਾ, ਕਤਲ ਕਰ ਦਿੱਤਾ ਤੇ ਜ਼ਹਿਰ ਪਿਆਲੇ ਪੀਣ ਲਈ ਮਜਬੂਰ ਕਰ ਦਿੱਤਾ। ਅੱਜ ਦੀ ਸਥਿੱਤੀ ਵੀ ਉਹੀ ਹੈ ਕਿ ਰੀਤਾਂ ਰਸਮਾਂ ਤੇ ਕਰਮ ਕਾਂਡ ਫੈਲਾਉਣ ਵਾਲੇ ਧਰਮ ਦੇ ਆਗੂ, ਗੁਰਸ਼ਬਦ ਵੀਚਾਰ ਰੱਖਣ ਵਾਲਿਆਂ ਨੂੰ ਧਮਕੀਆਂ, ਡਰਾਵੇ ਤੇ ਮਾਰ ਕੁਟਾਈ ਦੇ ਹਮਲਿਆਂ ਨਾਲ ਕੁਚਲ ਦੇਣਾ ਚਹੁੰਦੇ ਹਨ। ਗੁਰਸ਼ਬਦ ਵੀਚਾਰ ਉਹਨਾਂ ਨੂੰ ਨਹੀ ਭਾਉਂਦੀ ਤੇ ਉਹ ਉਲਟੀਆਂ ਹੀ ਗੱਲਾਂ ਕਰਦੇ ਹਨ। ਅਗਿਆਨਤਾ ਵਸ ਹੋਏ ਉਹ:

ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ (229)। ਭਾਵ: ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ, ਜੋ ਪ੍ਰਭੂ ਦੀ ਦਰਗਾਹ ਵਿੱਚ ਮੁਲ ਨਹੀ ਪਾਉਂਦਾ, ਅਸਲੀ ਧਨ ਆਖਦਾ ਹੈ ਪਰ ਅਸਲ (ਨਾਮ) ਧਨ ਦੀ ਕਦਰ ਨਹੀ ਜਾਣਦਾ। ਮਾਇਆ ਵਿੱਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਕਹਿ ਰਿਹਾ ਹੈ। ਇਹ ਅਸਚਰਜ ਚਾਲ ਹੈ ਦੁਨੀਆਂ ਦੀ ਸਮੇ ਦੀ। ਰੀਤਾਂ ਰਸਮਾਂ ਤੇ ਕਰਮ ਕਾਂਡਾਂ (ਜਿਨ੍ਹਾ ਦਾ ਪ੍ਰਭੂ ਦਰਗਾਹ ਵਿੱਚ ਕੋਈ ਮੁੱਲ ਨਹੀ ਪੈਣਾ) ਨੂੰ ਅਸਲੀ ਧਨ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਪਰ ਅਸਲ ਧਨ, ਗੁਰਸ਼ਬਦ ਵੀਚਾਰ, ਦੀ ਕੋਈ ਕਦਰ ਹੀ ਨਹੀ ਜਾਣਦਾ। ਅਗਿਆਨੀਆਂ ਦੀ ਟੋਲੀ ਜੋ ਅਸ਼ਲੀਲ ਕਿਤਾਬਾਂ (ਖੋਟੇ) ਨੂੰ ਗੁਰੂ ਕ੍ਰਿਤ (ਖਰਾ) ਕਹਿ ਰਹੀ ਹੈ ਪਰ ਗੁਰਸ਼ਬਦ (ਗੁਰਬਾਣੀ) ਵੀਚਾਰ (ਖਰੇ) ਦੀ ਕੋਈ ਕਦਰ ਹੀ ਨਹੀ। ਜੋ ਗੁਰਸ਼ਬਦ ਵੀਚਾਰ ਤੋਂ ਅਗਿਆਤ (ਅੰਧੇ) ਹਨ ਤੇ ਗੁਰ ਬਿਲਾਸ ਪਾ: 6 ਜੈਸੀ ਗੁਰਮਤਿ ਵਿਰੁੱਧ ਪੁਸਤਕ ਪ੍ਰਕਾਸ਼ਨ ਕਰਦੇ ਹਨ ਉਹਨਾ ਨੂੰ ਸਿਆਣੇ ਕਿਹਾ ਜਾ ਰਿਹਾ ਹੈ। “ਅਕਲੀਂ ਬਾਹਰਿਆਂ” ਨੂੰ ਸਿਰੋਪਾਉ ਦੇ ਕੇ ਨਿਵਾਜਿਆ ਜਾ ਰਿਹਾ ਹੈ ਤੇ ਵਿਚਾਰਵਾਨਾਂ ਦੀ ਕੋਈ ਕਦਰ ਹੀ ਨਹੀ। ਕੈਸੀ ਅਸਚਰਜ ਚਾਲ ਹੈ ਧਰਮ ਤੋਂ ਅੰਧੇ ਆਗੂਆਂ ਦੀ।

ਸੂਤੇ ਕਉ ਜਾਗਤੁ ਕਹੇ ਜਾਗਤ ਕੋ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ (229)। ਭਾਵ: ਮੋਹ ਮਾਇਆ (ਅਗਿਆਨਤਾ) ਦੀ ਨੀਂਦ ਵਿੱਚ ਸੁੱਤੇ ਹੋਏ ਨੂੰ ਜਗਤ ਜਾਗਦਾ ਤੇ ਸੁਚੇਤ ਕਹਿ ਰਿਹਾ ਹੈ ਪਰ ਜੋ ਮਨੁੱਖ ਗੁਰਸ਼ਬਦ ਵੀਚਾਰ (ਗਿਆਨ) ਰਾਹੀਂ ਜਾਗਦਾ ਤੇ ਸੁਚੇਤ ਹੈ ਉਸਨੂੰ ਸੁੱਤਾ ਪਿਆ ਕਿਹਾ ਜਾ ਰਿਹਾ ਹੈ। ਗੁਰਸ਼ਬਦ ਵੀਚਾਰ ਦੁਆਰਾ ਜਿਉਂਦੇ ਆਤਮਕ ਜੀਵਨ ਵਾਲੇ ਮਨੁੱਖ ਨੂੰ ਜਗਤ ਮੋਇਆ ਜਾਣਦਾ ਹੈ ਪਰ ਗੁਰਸ਼ਬਦ ਹੀਣ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀ ਕਰਦਾ। ਅਗਿਆਨਤਾ ਵਿੱਚ ਸੁੱਤੇ ਪਏ ਤੇ ਗੁਰਸ਼ਬਦ ਵੀਚਾਰ ਹੀਣ ਮਨੁੱਖ ਦੀ ਇਹ ਕੈਸੀ ਉਲਟੀ ਸੋਚ ਹੈ।

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਆਪੁਨੀ ਕਹੈ ਆਪੁਨੋ ਨਹੀ ਭਾਇਆ॥ (229)। ਭਾਵ: (ਗੁਰਸ਼ਬਦ ਵੀਚਾਰ ਦੁਆਰਾ) ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਗਿਆ ਗੁਜ਼ਰਿਆ ਆਖ ਰਿਹਾ ਹੈ ਪਰ (ਅਗਿਆਨਤਾ ਦੁਆਰਾ) ਪ੍ਰਭੂ ਵਲੋਂ ਗਏ ਗੁਜ਼ਰੇ ਦਾ ਜਗਤ ਵਿੱਚ ਆਉਣਾ ਸਫਲ ਕਹਿ ਰਿਹਾ ਹੈ। ਪਹਿਲਾਂ ਤੋਂ ਹੀ ਪਰਾਈ, ਮੋਹ ਮਾਇਆ, ਨੂੰ ਜਗਤ ਆਪਣੀ ਆਖਦਾ ਹੈ ਪਰ ਜੋ ਪਰਮਾਤਮਾ ਅਸਲ ਵਿੱਚ ਪਹਿਲਾਂ ਹੀ ਆਪਣਾ ਹੈ (ਪਰਾਇਆ ਹੋ ਹੀ ਨਹੀ ਸਕਦਾ) ਉਹ ਇਸ ਨੂੰ ਚੰਗਾ ਨਹੀ ਲਗਦਾ। ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਪਏ ਮਨੁੱਖ ਨੂੰ ਧਰਮੀ (ਗੁਰੂ ਵਾਲਾ) ਤੇ ਉਹਦਾ ਆਉਣਾ ਸਫਲ ਮੰਨਿਆ ਜਾ ਰਿਹਾ ਹੈ ਪਰ ਜੋ ਸ਼ਬਦ ਦੀ ਵੀਚਾਰ ਦਾ ਧਨੀ ਹੈ ਉਸਨੂੰ ਧਰਮ ਤੋਂ ਥਿੜਕਿਆ ਅਧਰਮੀ (ਨਾਸਤਕ) ਤੇ ਨਿਗੁਰੇ ਦਾ ਖਿਤਾਬ ਦਿੱਤਾ ਜਾਂਦਾ ਹੈ। ਇਹ ਮਨੁੱਖ ਦੀ ਫਿਤਰਤ ਹੈ ਕਿ ਆਪਣੀ ਨਾਲੋਂ ਉਸਨੂੰ ਪਰਾਈ ਵਸਤੂ ਹੀ ਚੰਗੀ ਲਗਦੀ ਤੇ ਇਹੀ ਉਸਦੀ ਅਸੰਤੁਸ਼ਟੀ ਦਾ ਕਾਰਨ ਹੈ ਪਰ ਜੋ ਸਹਿਜ ਅਵਸਥਾ ਦੇ ਰੂਪ ਵਿੱਚ ਆਪ ਅੰਦਰ ਬੈਠਾ ਹੈ ਉਸਦੀ ਕੋਈ ਕਦਰ ਹੀ ਨਹੀ ਕਿਉਂਕਿ ਆਪਾ ਚੀਨੇ ਬਿਨਾ ਉਸ ਨਾਲ ਸਾਂਝ ਨਹੀ ਪੈਂਦੀ।

ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ॥ ਆਪੁ ਪਛਾਣੈ ਬੂਝੈ ਸੋਇ॥ (25)। ਜਿਸ ਗੁਰਸ਼ਬਦ ਵੀਚਾਰ ਦੁਆਰਾ ਆਪਣੇ ਤੇ ਪਰਾਏ ਦੀ ਸੂਝ ਬੂਝ ਜਾਂ ਪਛਾਣ ਹੋਣੀ ਸੀ, ਅੰਦਰ ਬੈਠੇ ਪ੍ਰਭੂ ਨਾਲ ਸਾਂਝ ਪੈਣੀ ਸੀ ਤੇ ਪਰਾਈ ਮੋਹ ਮਾਇਆ ਨਾਲੋਂ ਨਾਤਾ ਟੁੱਟਣਾ ਸੀ ਉਸਨੂੰ ਹੀ ਪਰਾਇਆ ਕਰ ਦਿੱਤਾ, ਕਦੇ ਜਾਨਣ ਦੀ ਕੋਸ਼ਿਸ਼ ਵੀ ਨਹੀ ਕੀਤੀ, ਤੇ ਮਾਇਆ, ਜੋ ਸਦਾ ਹੀ ਪਰਾਈ ਹੈ, ਨੂੰ ਆਪਣਾ ਮੰਨ ਲਿਆ।

ਆਪਨ ਰਾਮੁ ਨ ਚੀਨੋ ਖਿਨੂਆ॥ ਜੋ ਪਰਾਈ ਸੁ ਅਪਨੀ ਮਨੂਆ॥ (715)। ਭਾਵ: ਹੇ ਭਾਈ, ਪਰਮਾਤਮਾ (ਜੋ ਅਸਲੀ ਸਾਥੀ ਕਦੇ ਵਿਛਿੜਿਆ ਹੀ ਨਹੀ ਤੇ ਨਾ ਹੀ ਵਿਛੜ ਸਕਦਾ ਹੈ) ਨਾਲ ਜਾਣ ਪਛਾਣ ਜਾਂ ਸਾਂਝ ਤਾਂ ਕਦੇ ਪਾਈ ਨਹੀ ਪਰ ਮਾਇਆ (ਜੋ ਨਾ ਕਿਸੇ ਦੀ ਹੋਈ ਹੈ ਤੇ ਨਾ ਹੀ ਹੋਵੇਗੀ) ਨਾਲ ਤੂੰ ਚਿੱਤ ਜੋੜਿਆ ਹੋਇਆ ਹੈ। ਇਹ ਗੁਰਸ਼ਬਦ ਵੀਚਾਰ ਨਾਲੋਂ ਟੁੱਟਣ ਦਾ ਹੀ ਨਤੀਜਾ ਹੈ ਕਿ ਮਨੁੱਖ ਦੀ ਸੋਚ ਗੁਰੂ ਦੀ ਸੋਚ ਨਾਲੋਂ ਬਿਲਕੁਲ ਉਲਟੀ ਹੋ ਗਈ ਹੈ।

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ (229)। ਭਾਵ: ਗੁਰਬਾਣੀ (ਨਾਮ) ਵੀਚਾਰ ਦੇ ਮਿੱਠੇ ਰਸ ਨੂੰ ਜਗਤ ਕੌੜਾ ਕਹਿ ਰਿਹਾ ਹੈ ਪਰ ਵਿਸ਼ਿਆਂ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ – ਮੋਹ ਮਾਇਆ) ਦੇ ਰਸ (ਜੋ ਅੰਤ ਨੂੰ ਦੁਖਦਾਈ ਸਾਬਤ ਹੁੰਦੇ ਹਨ) ਨੂੰ ਸੁਆਦਲੇ ਮੰਨੀ ਬੈਠਾ ਹੈ। ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ (ਗੁਰਸ਼ਬਦ ਵੀਚਾਰ ਰੱਖਣ ਵਾਲਿਆਂ) ਦੀ ਜਗਤ ਨਿੰਦਾ ਕਰਦਾ ਹੈ॥ ਜਗਤ ਵਿੱਚ ਇਹ ਅਜਬ ਤਮਾਸ਼ਾ ਵੇਖਣ ਵਿੱਚ ਆ ਰਿਹਾ ਹੈ। ਮਨੁੱਖ ਦੀਆਂ ਇੰਦ੍ਰੀਆਂ ਕੇਵਲ ਬਾਹਰਲੇ ਦੁਨਿਆਵੀ ਰਸਾਂ ਤੋਂ ਹੀ ਜਾਣੂ ਹਨ ਤੇ ਇਹਨਾਂ ਨੂੰ ਹੀ ਮਿੱਠਾ ਕਰਕੇ ਜਾਣਦੀਆਂ ਹਨ ਪਰ ਗੁਰੂ ਸੁਚੇਤ ਕਰਦਾ ਹੈ ਕਿ ਇਹਨਾਂ ਦੁਨਿਆਵੀ ਰਸਾਂ ਨਾਲੋ ਇੱਕ ਹੋਰ ਉੱਤਮ ਰਸ ਵੀ ਹੈ: ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ॥ (101)। ਭਾਵ: ਹੇ ਮਨ, (ਦੁਨੀਆਂ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈ ਵੇਖ ਲਏ, ਪਰਮਾਤਮਾ ਦੇ ਨਾਮ (ਹੁਕਮ) ਦਾ ਸੁਆਦ ਹੋਰ ਸਭਨਾ ਤੋਂ ਮਿੱਠਾ ਹੈ। ਪਰ ਅਫਸੋਸ, ਕਿ ਜਿਸ ਗੁਰਸ਼ਬਦ ਵੀਚਾਰ ਨਾਲ ਇਸ ਉੱਤਮ ਰਸ ਦੀ ਪ੍ਰਾਪਤੀ ਹੋਣੀ ਸੀ ਉਸਨੂੰ ਤਾਂ ਧਰਮ ਅਸਥਾਨਾਂ ਤੋਂ ਨਿਕਾਲਾ ਹੀ ਦੇ ਦਿੱਤਾ ਗਿਆ ਹੈ ਤੇ ਫੋਕੀਆਂ, ਵਿਅਰਥ ਤੇ ਬੇਰਸੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਅਪਨਾ ਲਿਆ ਗਿਆ ਹੈ।

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ (229)। ਭਾਵ: ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਲੋਕ ਖੁਸ਼ਾਮਦ ਕਰ ਰਹੇ ਹਨ ਪਰ ਉਸਦਾ ਮਾਲਿਕ ਕਿਸੇ ਨੂੰ ਦਿਸਦਾ ਹੀ ਨਹੀ। (ਮੋਹ ਮਾਇਆ ਵਿਚੋਂ ਸੁੱਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ ਹੈ) ਛੱਪੜ ਦੇ ਪਾਣੀ ਨੂੰ ਰਿੜਕਣ ਨਾਲ ਉਸ ਵਿਚੋਂ ਮੱਖਣ ਨਹੀ ਨਿਕਲ ਸਕਦਾ। ਧਰਮ (ਜੋ ਅਸਲ ਵਿੱਚ ਮਨ ਦੀ ਸਾਧਨਾ ਹੇ) ਨੂੰ ਰੀਤਾਂ ਰਸਮਾਂ ਦਾ ਰੂਪ ਦੇ ਕੇ ਇੱਕ ਵਾਪਾਰ ਬਣਾ ਦਿੱਤਾ ਗਿਆ ਹੈ ਤੇ ਇਹੀ ਚੇਰੀ (ਮਾਇਆ) ਦੀ ਸੇਵਾ ਹੈ ਜਿਸ ਵਿੱਚ ਉਲਝ ਕੇ ਠਾਕੁਰ ਨਾਲ ਸਾਂਝ ਨਹੀ ਪੈ ਸਕਦੀ। ਪਾਣੀ ਨੂੰ ਰਿੜਕ ਕੇ (ਰੀਤਾਂ ਰਸਮਾਂ ਤੇ ਕਰਮ ਕਾਂਡ ਕਰਕੇ) ਮੱਖਣ ਦੀ ਆਸ (ਪਰਮਾਤਮਾ ਨਾਲ ਸਾਂਝ) ਇੱਕ ਭਰਮ ਭੁਲੇਖਾ ਹੀ ਹੈ। ਧਰਮ (ਮਨ ਦੀ ਸਾਧਨਾ) ਵਿਕਾਊ ਨਹੀ ਹੈ ਤੇ ਸਭ ਨੂੰ ਆਪ ਕਮਾਉਣਾ (ਕਰਨਾ) ਪੈਂਦਾ ਹੈ। ਕੀਤਾ ਕਤਾਇਆ ਕਿਤੋਂ ਨਹੀ ਮਿਲਦਾ। ਇਸ ਲਈ ਜੋ (ਕਰਮ ਧਰਮ) ਮਾਇਆ ਨਾਲ ਖਰੀਦਿਆ ਜਾ ਸਕੇ ਜਾਂ ਕਰਾਇਆ ਜਾ ਸਕੇ ਉਹ ਧਰਮ ਦਾ ਕਰਮ ਨਹੀ ਹੋ ਸਕਦਾ। ਗੁਰਬਾਣੀ ਆਪ ਹੀ ਪੜ੍ਹਨੀ, ਸੁਣਨੀ ਪੈਣੀ ਹੈ, ਗੁਰਸ਼ਬਦ ਵੀਚਾਰ ਆਪ ਹੀ ਕਰਨੀ ਪੈਣੀ ਹੈ, ਗੁਰਬਾਣੀ ਤੇ ਆਪ ਹੀ ਚੱਲ ਕੇ ਸ਼ੁਭ ਗੁਣਾਂ ਦਾ ਧਾਰਨੀ ਬਣਨਾ ਪੈਣਾ ਹੈ। ਹੋਰ ਕੋਈ ਚਾਰਾ ਨਹੀ ਹੈ। ਇਹ ਇੱਕ ਜਾਤੀ ਤਜਰਬਾ ਹੈ ਕਿ ਕਿਸੇ ਵਿਰਲੇ ਹੀ ਕੀਰਤਨੀਏ, ਕਥਾਕਾਰ ਜਾਂ ਪ੍ਰਚਾਰਕ ਨੂੰ ਛੱਡ ਕੇ ਬਾਕੀ ਬਹੁਤ ਗੁਰਮਤਿ ਤੋਂ ਸੱਖਣੇ ਹੀ ਹਨ ਤੇ ਗੁਰਸ਼ਬਦ ਵੀਚਾਰ ਤੋਂ ਜਾਂ ਕਿਸੇ ਸ਼ੰਕੇ ਦੀ ਨਵਿਰਤੀ ਲਈ ਪੁੱਛੇ ਸਵਾਲ ਤੋਂ ਉਹਨਾ ਨੂੰ ਘਬਰਾਹਟ ਹੋ ਜਾਂਦੀ ਹੈ ਤੇ ਝੱਟ ਪੁਛਣ ਵਾਲੇ ਨੂੰ “ਨਿਸ਼ਰਧਕ” ਤੇ “ਨਿਗੁਰੇ” ਹੋਣ ਦਾ ਫਤਵਾ ਜੜ ਦਿੰਦੇ ਹਨ।

ਅੱਜ ਗੁਰਸ਼ਬਦ ਵੀਚਾਰ ਦੀ ਸਾਰੀ ਸਮਗਰੀ ਇੰਟਰਨੈਟ ਤੇ ਉਪਲਭਦ ਹੈ ਤੇ ਕਿਸੇ ਦੀਆਂ ਮਿੰਨਤਾਂ ਤਰਲੇ ਕਰਨ ਦੀ ਕੋਈ ਲੋੜ ਨਹੀ ਰਹਿ ਗਈ। ਮੋਹ ਮਾਇਆ ਦੀ ਨੀਂਦ ਵਿਚੋਂ ਜਾਗਣ ਲਈ, ਅਗਿਆਨਤ ਦੇ ਹਨੇਰੇ ਵਿੱਚ ਗਿਆਨ (ਗੁਰਬਾਣੀ) ਦਾ ਦੀਪ ਜਗਾਉਣ ਲਈ, ਫੋਕੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਬਚਣ ਲਈ, ਅਖੌਤੀ ਸਾਧਾਂ ਸੰਤਾਂ ਤੇ ਬਾਬਿਆਂ ਦੇ ਗੁਲਾਮੀ ਸੰਗਲ ਤੋੜਨ ਲਈ, ਆਪਣੇ ਤੇ ਹੋਰਨਾਂ ਦੇ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਤ ਬਨਾਉਣ ਲਈ ਗੁਰਬਾਣੀ ਨੂੰ ਆਪ ਹੀ ਪੜ੍ਹ, ਸੁਣ ਤੇ ਵੀਚਾਰ ਕੇ ਉਸ ਉੱਤੇ ਚੱਲਣ ਦੀ ਲੋੜ ਹੈ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥ (127)। ਧਰਮ ਦੀ ਹਰ ਪੜ੍ਹੀ, ਸੁਣੀ ਗਲ ਨੂੰ ਗੁਰਬਾਣੀ ਦੀ ਕਸਵੱਟੀ ਤੇ ਆਪ ਪਰਖਣ ਦੀ ਲੋੜ ਹੈ। ਇਸ ਤਰਾਂ ਗੁਰਸ਼ਬਦ ਨਾਲ ਸਾਂਝ ਪੈ ਜਾਵੇਗੀ ਤੇ ਫੋਕੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਛੁਟਕਾਰਾ ਹੋ ਜਾਵੇਗਾ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.