.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 29)

ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨਾ ਸੁਣਨਾ ਹੈ ਤਾਂ ਕਿ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝ ਕੇ ਇਸ ਨੂੰ ਅਪਣਾਇਆ ਜਾ ਸਕੇ। ਪਰੰਤੂ ਆਮ ਤੌਰ `ਤੇ ਗੁਰਬਾਣੀ ਨੂੰ ਰਸਮੀ ਤੌਰ ਤੇ ਪੜ੍ਹਨ ਸੁਣਨ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਇਤਨਾ ਹੀ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਪਾਠ ਕਰਨ ਨਾਲ ਹੀ ਤਰ੍ਹਾਂ ਤਰ੍ਹਾਂ ਦੇ ਫਲ ਦੀ ਕਲਪਣਾ ਵੀ ਕੀਤੀ ਹੋਈ ਹੈ। ਇਸ ਸੋਚ ਸਦਕਾ ਹੀ ਅਖੰਡ ਪਾਠਾਂ ਦਾ ਰਿਵਾਜ ਦਿਨ-ਪ੍ਰਤਿਦਿਨ ਵਧਦਾ ਜਾ ਰਿਹਾ ਹੈ। ਕਈ ਸੱਜਣਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਵਿਧੀ ਅਤੇ ਇਸ ਦਾ ਫਲ ਵੀ ਭਿੰਨ ਭਿੰਨ ਦਰਸਾਇਆ ਜਾ ਰਿਹਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਭਾਵੇਂ ਸਹਿਜ ਪਾਠ ਅਤੇ ਅਖੰਡ ਪਾਠ ਦਾ ਹੀ ਜ਼ਿਕਰ ਹੈ ਪਰੰਤੂ ਪਿੱਛਲੇ ਕੁੱਝ ਸਮੇਂ ਤੋਂ ਕੁੱਝ ਸੰਸਥਾਵਾਂ ਵਲੋਂ ਤਾਂਤ੍ਰਿਕ ਵਿਧੀ ਅਨੁਸਾਰ ਸੰਪਟ ਪਾਠ ਦੀ ਰੀਤ ਪ੍ਰਚਲਤ ਕੀਤੀ ਹੋਈ ਹੈ। ਹੁਣ ਅਖੰਡ ਪਾਠ ਦੀ ਵਿਧੀ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ਪੰਝੀ ਸਿੰਘਾਂ ਵਲੋਂ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ। ਪੰਜ ਅਖੰਡ ਪਾਠੀ, ਪੰਜ ਜਪੁਜੀ ਦਾ ਪਾਠ ਕਰਨ ਵਾਲੇ, ਪੰਜ ਧੂਪੀਏ, ਪੰਜ ਚੋਬਦਾਰ, ਪੰਜ ਲਾਂਗਰੀ (ਨੋਟ: ਪੰਜ ਚੌਰ ਕਰਨ ਵਾਲੇ ਵੀ ਹੁੰਦੇ ਹਨ, ਪਰ ਇਨ੍ਹਾਂ ਦੀ ਗਿਣਤੀ ਇਨ੍ਹਾਂ ਪੰਝੀ ਸਿੰਘਾਂ ਵਿੱਚ ਨਹੀਂ ਕੀਤੀ ਜਾਂਦੀ)।
ਇਨ੍ਹਾਂ ਵਿਚੋਂ ਪੰਜ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਨ ਅਤੇ ਪੰਜ ਜਪੁਜੀ ਦਾ ਪਾਠ ਕਰਦੇ ਹਨ, ਪਰੰਤੂ ਚੋਬਦਾਰ ਨੂੰ ਵਾਹਿਗੁਰੂ ਦਾ ਜਾਪ ਕਰਨ ਅਤੇ ਦੇਗ ਦੀ ਸੇਵਾ ਕਰਨ ਵਾਲਿਆਂ ਨੂੰ ਮੂਲ ਮੰਤਰ ਦਾ ਪਾਠ ਕਰਨ ਦੀ ਹਿਦਾਇਤ ਹੁੰਦੀ ਹੈ। ਨੋਟ: ਅਖੰਡ ਪਾਠ ਦੀ ਇਸ ਤਰ੍ਹਾਂ ਦੀ ਵਿਧੀ ਦਾ ਪਰਚਾਰ ਕਰਨ ਵਾਲਿਆਂ ਵਲੋਂ ਇਹ ਪਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਾਠ ਦੀ ਇਹ ਮਰਯਾਦਾ ਤੋਰੀ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਧਾਰਮਕ ਪੁਸਤਕਾਂ/ਗ੍ਰੰਥਾਂ ਦੇ ਕੇਵਲ ਪੜ੍ਹਨ/ਸੁਣਨ ਨਾਲ ਹੀ ਕਿਸੇ ਤਰ੍ਹਾਂ ਦੇ ਆਤਮਕ ਲਾਭ ਹੋਣ ਦੀ ਧਾਰਨਾ ਤੋਂ ਇਨਕਾਰ ਕੀਤਾ ਹੈ। ਪਰੰਤੂ ਗੁਰਬਾਣੀ ਵਿੱਚ ਦਰਸਾਈ ਇਸ ਸਚਾਈ ਬਾਰੇ ਸਾਡੀ ਇਹ ਧਾਰਨਾ ਹੈ ਕਿ ਇਹ ਤਾਂ ਦੂਜੇ ਧਰਮਾਂ ਦੇ ਧਰਮ-ਗ੍ਰੰਥਾਂ ਸਬੰਧੀ ਆਖਿਆ ਹੈ। ਇਸ ਧਾਰਨਾ ਕਾਰਨ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋਏ ਵੀ ਰਸਮੀ ਧਰਮ ਕਰਮਾਂ ਨੂੰ ਧਰਮ ਦਾ ਅਤੁੱਟ ਅੰਗ ਮੰਨਿਆ ਹੋਇਆ ਹੈ। ਇਸ ਲਈ ਹੀ ਸਾਲਾਂ ਬੱਧੀ ਗੁਰਬਾਣੀ ਦਾ ਪਾਠ ਕਰਦੇ ਹੋਏ ਵੀ ਅਸੀਂ ਗੁਰਬਾਣੀ ਵਿਚਲੀ ਜੀਵਨ-ਜੁਗਤ ਨੂੰ ਸਮਝਣੋਂ ਅਸਮਰਥ ਰਹਿੰਦੇ ਹਾਂ। ਜੇਕਰ ਅਸੀਂ ਗੁਰਬਾਣੀ ਦੀ ਨਿਮਨ ਲਿਖਤ ਪੰਗਤੀ ਨੂੰ ਧਿਆਨ ਨਾਲ ਪੜ੍ਹਾਂਗੇ ਤਾਂ ਫਿਰ ਸ਼ਾਇਦ ਸਾਨੂੰ ਅਜਿਹਾ ਆਖਣ ਦਾ ਹੀਆ ਨਾ ਪਵੇ: ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥’ (ਪੰਨਾ ੬੪੭) ਅਰਥ:-ਮਹਾਂ ਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਵਿੱਚ ਵਿੱਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਸਬੰਧੀ ਸਿੱਖ ਰਹਿਤ ਮਰਯਾਦਾ ਵਿੱਚ ਇਉਂ ਹਿਦਾਇਤ ਕੀਤੀ ਗਈ ਹੈ, “ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ। ਟੱਬਰ ਦੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮਕਰੱਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੀ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇੱਕਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ।” ਪਰ ਦਿਨੋ-ਦਿਨ ਰਸਮੀ ਪਾਠਾਂ ਦਾ ਰਿਵਾਜ ਵਧਦਾ ਜਾ ਰਿਹਾ ਹੈ। ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਕਮਰੇ ਵਿੱਚ ਪਾਠ ਰੱਖਿਆ ਹੁੰਦਾ ਹੈ, ਕੇਵਲ ਪਾਠੀ ਸਿੰਘ/ਸਿੰਘਣੀ ਆਪ ਹੀ ਪਾਠ ਕਰ ਰਹੇ ਹੁੰਦੇ ਹਨ। ਦੂਜੇ ਪਾਸੇ ਪਾਠ ਕਰਨ ਵਾਲੇ ਵੀ (ਜ਼ਿਆਦਾਤਰ) ਇਤਨੇ ਪ੍ਰੋਫੈਸਨਲ ਹੋ ਗਏ ਹਨ ਕਿ ਜੇਕਰ ਕੋਈ ਭੁੱਲੇ-ਭੁਲੇਖੇ ਪਾਠ ਸੁਣਨ ਲਈ ਬੈਠ ਜਾਵੇ ਤਾਂ ਬਹੁਤ ਔਖਆਈ ਮਹਿਸੂਸ ਕਰਨ ਲੱਗ ਪੈਂਦੇ ਹਨ।
ਸਾਡੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਸੱਜਣ ਵੀ ਆਮ ਸੰਗਤਾਂ ਨੂੰ ਘਰ ਬੈਠੇ ਹੀ, ਪਾਠ ਦੀ ਮੁਕਰੱਰ ਭੇਟਾ ਦੇ ਕੇ, ਡਾਕ ਦੁਆਰਾ ਹੁਕਮ (ਹੁਕਮਨਾਮਾ) ਪ੍ਰਾਪਤ ਕਰਕੇ ਪਾਠ ਦਾ ਮਹਾਤਮ ਖ਼ਰੀਦਨ ਲਈ ਉਤਸ਼ਾਹਤ ਕਰ ਰਹੇ ਹਨ।
ਸਾਡੇ ਰੁਝੇਵੇਂ ਇਤਨੇ ਜ਼ਿਆਦਾ ਵੱਧ ਗਏ ਹਨ ਕਿ ਸਾਡੇ ਕੋਲ ਗੁਰਬਾਣੀ ਨੂੰ ਆਪ ਪੜ੍ਹਣ ਸੁਣਨ ਦਾ ਸਮਾਂ ਹੀ ਨਹੀਂ ਹੈ। ਸਾਡੀ ਇਸ ਕਮਜ਼ੋਰੀ ਦਾ ਲਾਭ ਉਠਾਦਿਆਂ ਹੀ ਕਈ ਥਾਂਈ ਕੀਤੇ ਕਰਾਏ ਪਾਠਾਂ ਦਾ ਫਲ ਖ਼ਰੀਦ ਲੈਣ ਦਾ ਅਡੰਬਰ ਵੀ ਰਚਿਆ ਜਾ ਰਿਹਾ ਹੈ। ਅਜਿਹਾ ਅਡੰਬਰ ਰਚਣ ਵਾਲਿਆਂ ਵਲੋਂ ਪਾਠ ਕਰਾਉਣ ਵਾਲੇ ਸੱਜਣਾਂ/ਪਰਵਾਰਾਂ ਨੂੰ ਆਖਿਆ ਜਾਂਦਾ ਹੈ ਕਿ ਅਸੀਂ ਪਾਠ ਕੀਤੇ ਹੋਏ ਹਨ; ਤੁਸੀਂ ਮੁਕਰੱਰ ਭੇਟਾ ਅਤੇ ਰੁਮਾਲਾ ਆਦਿ ਅਰਪਣ ਕਰ ਦੇਵੋ, ਪਾਠ ਦਾ ਭੋਗ ਹੁਣੇ ਹੀ ਪਾ ਦੇਂਦੇ ਹਾਂ। (ਨੋਟ: ਆਮ ਤੌਰ `ਤੇ ਅਜਿਹੇ ਪਾਠ ਕੀਤੇ ਹੀ ਨਹੀਂ ਹੁੰਦੇ ਹਨ। ਜੇਕਰ ਕੀਤੇ ਵੀ ਹੋਣ ਤਾਂ ਵੀ ਗੁਰਮਤਿ ਦੀ ਰਹਿਣੀ ਦਾ ਅੰਗ ਨਹੀਂ ਹਨ। ਮਾਇਆ ਨਾਲ ਇਸ ਤਰ੍ਹਾਂ ਪਾਠ ਦਾ ਮਹਾਤਮ ਖ਼ਰੀਦਿਆ ਨਹੀਂ ਜਾ ਸਕਦਾ ਹੈ। ਇਸ ਕਰਕੇ ਇਸ ਤਰ੍ਹਾਂ ਦਾ ਅਡੰਬਰ ਠੱਗ ਲੀਲ੍ਹਾ ਦਾ ਹੀ ਭਾਗ ਹੈ।)
ਗੁਰਬਾਣੀ ਨੂੰ ਮੰਤਰ ਰੂਪ ਵਿੱਚ ਪੜ੍ਹ ਕੇ ਇਸ ਤਰ੍ਹਾਂ ਦੇ ਫਲ ਹਾਸਲ ਕਰਨ ਦੀ ਪ੍ਰੇਰਨਾ ਕਰਨ ਵਾਲਿਆਂ ਨੇ ਸਿੱਖ ਸੰਗਤਾਂ ਨੂੰ ਸੁਵਿਧਾ ਮੁਹੱਈਆ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਮਹਾਤਮ ਹਾਸਲ ਕਰਨ ਲਈ ਬਹੁਤ ਹੀ ਸੌਖਾ ਤਰੀਕਾ ਦਸਣਾ ਸ਼ੁਰੂ ਕਰ ਦਿੱਤਾ ਹੈ। ਜਪੁਜੀ ਦਾ ਢਾਈ ਸੌ ਪਾਠ ਕਰਨ ਨਾਲ, ਸੁਖਮਨੀ ਦੇ ਪੰਜਾਹ ਪਾਠ ਕਰਨ ਨਾਲ, ਜਪੁਜੀ ਦੀ ਪਹਿਲੀ ਪਉੜੀ ਦੀਆਂ ਛੇ ਮਾਲਾ (੧੦੮ ਮਣਕਿਆਂ ਵਾਲੀ) ਰੋਜ਼ਾਨਾ ਇੱਕ ਮਹੀਨਾ ਫੇਰਨ ਨਾਲ, ਵਾਹਿਗੁਰੂ ਸ਼ਬਦ ਦੀਆਂ ੮੦ ਮਾਲਾ ਇੱਕ ਮਹੀਨਾ ਫੇਰਨ ਨਾਲ ਅਤੇ ਰਾਮ ਅੱਲਾ ਸ਼ਬਦ ਦੀਆਂ ੧੬੦ ਮਾਲਾ ਫੇਰਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾਉਣ ਵਾਲਿਆਂ ਬਾਰੇ ਕਈ ਪ੍ਰਾਣੀਆਂ ਦਾ ਇਹ ਕਹਿਣਾ ਹੈ ਕਿ ਅਸਲ ਵਿੱਚ ਐਸਾ ਕਹਿਣਾ ਵਾਲੇ ਤਾਂ ਬਹਾਨੇ ਨਾਲ ਮਨੁੱਖ ਨੂੰ ਬਾਣੀ ਨਾਲ ਜੋੜਦੇ ਹਨ। ਸੰਗਤਾਂ ਬਹਾਨੇ ਨਾਲ ਬਾਣੀ ਪੜ੍ਹਨ ਲੱਗ ਜਾਂਦੀਆਂ ਹਨ। ਪਰ ਆਮ ਦੇਖਣ ਵਿੱਚ ਇਹ ਆਉਂਦਾ ਹੈ ਕਿ ਅਜਿਹੇ ਵਿਅਕਤੀਆਂ ਦੀ ਅਜਿਹੀ ਪ੍ਰੇਰਨਾ ਨਾਲ ਬਾਣੀ ਪੜ੍ਹਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ, ਅਜਿਹੀਆਂ ਵਿਧੀਆਂ ਦਸਣ ਵਾਲਿਆਂ ਨਾਲ ਹੀ ਜੁੜੇ ਹੁੰਦੇ ਹਨ। ਗੁਰਬਾਣੀ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨਾਲੋਂ ਉਨ੍ਹਾਂ ਨੂੰ ਆਪਣੇ ਮਹਾਂ ਪੁਰਸ਼ ਵਲੋਂ ਦਰਸਾਈ ਹੋਈ ਜੀਵਨ-ਜੁਗਤ `ਚ ਵਧੇਰੇ ਵਿਸ਼ਵਾਸ ਹੁੰਦਾ ਹੈ। ਚੌਗਿਰਦੇ ਵਲ ਨਜ਼ਰ ਮਾਰਿਆਂ ਇਸ ਦੀਆਂ ਸਾਨੂੰ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਗੁਰਬਾਣੀ ਨਾਲ ਜੁੜਿਆ ਪ੍ਰਾਣੀ ਵਹਿਮਾਂ-ਭਰਮਾਂ ਦਾ ਸ਼ਿਕਾਰ ਨਹੀਂ ਹੋ ਸਕਦਾ ਹੈ; ਕਰਮ ਕਾਂਡ ਨੂੰ ਧਰਮ ਦਾ ਅਤੁੱਟ ਅੰਗ ਨਹੀਂ ਸਵੀਕਾਰ ਕਰ ਸਕਦਾ। ਗੁਰਬਾਣੀ ਦੇ ਸਿਧਾਂਤ ਨੂੰ ਛੱਡ ਕੇ ਉਹ ਵਿਸ਼ੇਸ਼ ਵਿਅਕਤੀ ਦਾ ਪੁਜਾਰੀ ਨਹੀਂ ਬਣ ਸਕਦਾ ਹੈ।
ਜਦ ਕੋਈ ਮਨੁੱਖ ਗੁਰਬਾਣੀ ਨੂੰ ਇਸ ਖ਼ਿਆਲ ਨਾਲ ਪੜ੍ਹਦਾ ਹੈ ਤਾਂ ਨਿਰਸੰਦੇਹ ਉਸ ਦਾ ਧਿਆਨ ਬਾਣੀ ਨੂੰ ਸਮਝ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝਣਾ ਨਹੀਂ ਹੁੰਦਾ ਹੈ। ਗੁਰਬਾਣੀ ਪੜ੍ਹਨ ਵਾਲੇ ਦੀ ਜਦ ਅਜਿਹੀ ਭਾਵਨਾ ਹੀ ਨਹੀਂ ਹੈ ਤਾਂ ਇਸ ਵਿਚਲੀ ਜੀਵਨ-ਜੁਗਤ ਨੂੰ ਅਪਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਗੁਰਬਾਣੀ ਦੀ ਜੀਵਨ-ਜੁਗਤ ਦੀ ਸਮਝ ਰਸਮੀ ਪਾਠ ਕਰਨ ਨਾਲ ਨਹੀਂ, ਇਸ ਨੂੰ ਵਿਚਾਰ ਸਹਿਤ ਪੜ੍ਹਣ ਸੁਣਨ ਨਾਲ ਹੀ ਆਉਂਦੀ ਹੈ। ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨ ਸੁਣਨ ਦੀ ਰੁਚੀ ਨਾ ਹੋਣ ਕਾਰਨ ਹੀ ਇਹ ਆਮ ਹੀ ਦੇਖਣ ਵਿੱਚ ਆਉਂਦਾ ਹੈ ਕਿ ਇਸ ਭਾਵਨਾ ਨਾਲ ਗੁਰਬਾਣੀ ਪੜ੍ਹਨ ਵਾਲੇ ਸੱਜਣ ਵਹਿਮਾਂ-ਭਰਮਾਂ ਤੋਂ ਛੁਟਕਾਰਾ ਹਾਸਲ ਕਰਨ ਦੀ ਥਾਂ ਹੋਰ ਜ਼ਿਆਦਾ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਰਮ ਕਾਂਡਾਂ ਤੋਂ ਉਪਰ ਉਠਨ ਦੀ ਬਜਾਏ ਹੋਰ ਜ਼ਿਆਦਾ ਕਰਮ ਕਾਂਡੀ ਬਣ ਜਾਂਦੇ ਹਨ। ਗੁਰਬਾਣੀ ਦੇ ਅਜਿਹੇ ਪ੍ਰੇਮੀਆਂ ਨੂੰ ਦੇਖ ਕੇ ਜਨ-ਸਾਧਾਰਨ ਇਹ ਪ੍ਰਭਾਵ ਕਬੂਲਦਾ ਹੈ ਕਿ ਸ਼ਾਇਦ ਇਹੋ ਜਿਹੀ ਜੀਵਨ-ਜੁਗਤ ਗੁਰਬਾਣੀ ਵਿਚਲੀ ਜੀਵਨ-ਜੁਗਤ ਦਾ ਹੀ ਹਿੱਸਾ ਹੈ। ਹਜ਼ੂਰ ਨੇ ਇਸੇ ਲਈ ਇਸ ਸਬੰਧ ਵਿੱਚ ਸਪਸ਼ਟ ਅਤੇ ਨਿਰਣਾਇਕ ਫ਼ੈਸਲਾ ਦੇਂਦਿਆਂ ਫ਼ਰਮਾਇਆ ਹੈ ਕਿ ‘ਬਿਨੁ ਬੂਝੇ ਸਭ ਹੋਇ ਖੁਆਰ’। (ਪੰਨਾ ੭੯੧) ਗੁਰਬਾਣੀ ਨੂੰ ਵਿਚਾਰ ਸਹਿਤ ਨਾ ਪੜ੍ਹਨ ਕਾਰਨ ਹੀ ਅਸੀਂ ਬਾਣੀ ਪੜ੍ਹਦੇ ਸੁਣਦੇ ਹੋਏ ਵੀ ਖ਼ੁਆਰਪੁਣੇ ਦਾ ਸ਼ਿਕਾਰ ਹੋਏ ਰਹਿੰਦੇ ਹਾਂ। ਭਾਈ ਗੁਰਦਾਸ ਜੀ ਇਸ ਹਕੀਕਤ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ:-
ਪੂਛਤ ਪਥਿਕ ਤਿਹ ਮਾਰਗਿ ਨ ਧਾਰੈ ਪਗੁ ਪ੍ਰੀਤਮ ਕੇ ਦੇਸ ਕੈਸੇ ਬਾਤਨ ਕੈ ਜਾਈਐ॥ ਪੂਛਤ ਹੈ ਬੈਦ ਖਾਤ ਅਉਖਧਿ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਜਿ ਸਮਾਈਐ॥ ਪੂਛਤ ਸੁਹਾਗਨਿ ਕਰਮ ਹੈ ਦੁਹਾਗਨਿ ਕੈ ਰਿਦੈ ਬਿਭਚਾਰ ਕਤ ਸਿਹਜਾ ਬੁਲਾਈਐ॥ ਗਾਏ ਸੁਨੈ ਆਂਖੇ ਮੀਚੈ ਪਾਈਐ ਨ ਪਰਮ ਪਦੁ ਗੁਰ ਉਪਦੇਸੁ ਗਹਿ ਜਉ ਨ ਕਮਾਈਐ॥
ਅਰਥ:-ਪ੍ਰੀਤਮ-ਦਰ ਦੇ ਪਾਂਧੀਆਂ ਨੂੰ ਪ੍ਰੀਤਮ ਦੇ ਦਰ ਦਾ ਰਾਹ ਤਾਂ ਪੁਛਦਾ ਹੈ ਪਰ ਉਸ ਰਾਹ `ਤੇ ਪੈਰ ਨਹੀ ਧਰਦਾ। ਉਸੇ ਰਾਹੇ ਤੁਰੇ ਬਿਨਾਂ ਪ੍ਰੀਤਮ-ਪਿਆਰੇ ਦੇ ਦੇਸ ਨਿਰੀਆਂ ਗੱਲਾਂ ਬਾਤਾਂ ਕਹਿਣ ਸੁਣਨ ਨਾਲ ਕਿਵੇਂ ਅਪੜ ਸਕੀਦਾ ਹੈ। ਵੈਦ-ਸਤਿਗੁਰੂ ਨੂੰ ਹਉਮੈ ਰੋਗ ਨੂੰ ਮਿਟਾਣ ਦਾ ਦਾਰੂ ਤਾਂ ਪੁਛਦਾ ਹੈ, ਪਰ ਵੈਦ-ਸਤਿਗੁਰੂ ਦੀ ਦੱਸੀ ਦਵਾਈ ਨੂੰ ਪੂਰੇ ਪਥ-ਪਰਹੇਜ਼ ਨਾਲ ਖਾਂਦਾ ਨਹੀਂ, ਤਾਂ ਫਿਰ ਹਉਮੈ ਦਾ ਰੋਗ ਕਿਵੇਂ ਦੂਰ ਹੋ ਸਕਦਾ ਹੈ ਅਤੇ ਆਤਮ-ਸੁਖ ਵਿੱਚ ਸਮਾਈ ਹੋ ਸਕਦੀ ਹੈ। ਵਾਹਿਗੁਰੂ ਨੂੰ ਪਿਆਰੀਆਂ ਗੁਰਮੁਖੀ ਸੁਹਾਗਣਾਂ ਨੂੰ ਪ੍ਰਭੂ ਮਿਲਾਪ ਦੀ ਜੁਗਤੀ ਤਾਂ ਪੁਛਦਾ ਹੈ, ਪਰ ਕਰਮ-ਕਰਤੂਤ ਵਾਹਿਗੁਰੂ ਤੋਂ ਦੁਰਕਾਰੀਆਂ ਦੁਹਾਗਣਾਂ ਵਾਲੇ ਹਨ ਅਤੇ ਹਿਰਦੇ ਵਿੱਚ ਦੁਰਾਚਾਰ (ਖੋਟ) ਹੈ, ਤਾਂ ਫਿਰ ਪ੍ਰਭੂ-ਮਿਲਾਪ ਲਈ ਪਿਆਰੇ ਪ੍ਰੀਤਮ ਦੀ ਸੇਜਾ `ਤੇ ਕਿਵੇਂ ਬੁਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਹਿਰਦੇ ਵਿੱਚ ਵਸਾਏ ਬਿਨਾਂ ਦਿਖਾਵੇ ਮਾਤਰ ਪ੍ਰੀਤਮ ਦੇ ਗੀਤ ਗਾਉਣ, ਕਥਾ ਵਾਰਤਾ ਸੁਣਨ ਅਤੇ ਅੱਖਾਂ ਮੀਟ ਕੇ ਧਿਆਨ ਲਾਉਣ ਨਾਲ ਉੱਚੇ ਆਤਮ-ਪਦ ਨੂੰ ਨਹੀਂ ਪਾਇਆ ਜਾ ਸਕਦਾ, ਜਦ ਤਕ ਕਿ ਗੁਰ-ਉਪਦੇਸ਼ ਨੂੰ ਦ੍ਰਿੜ ਕਰ ਕੇ, ਉਸ ਦੀ ਕਮਾਈ ਨਹੀਂ ਕੀਤੀ ਜਾਂਦੀ।
ਗੁਰਬਾਣੀ ਨੂੰ ਮੰਤਰ ਰੂਪ ਵਿੱਚ ਪੜ੍ਹਨ ਦੀ ਪ੍ਰੇਰਨਾ ਕਰਨ ਵਾਲਿਆਂ ਦਾ ਸਰੋਤ ਨਿਰਸੰਦੇਹ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਵਰਗੀਆਂ ਪੁਸਤਕਾਂ ਹੀ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ ਪੁਸਤਕ ਤੋਂ ਬਾਅਦ ਹੀ ਇਸ ਤਰ੍ਹਾਂ ਦੀਆਂ ਹੋਰ ਪੁਸਤਕਾਂ ਛਾਪਣ ਦਾ ਲੇਖਕਾਂ ਦਾ ਹੀਆ ਪਿਆ ਹੈ। ਇਸ ਪੁਸਤਕ ਦੇ ਲੇਖਕ ਨੇ ਆਪਣਾ ਨਾਮ ਲਿਖਣ ਦੀ ਥਾਂ ਭਾਈ ਮਨੀ ਸਿੰਘ ਦਾ ਨਾਮ ਵਰਤਿਆ ਹੈ ਪਰ ਹੁਣ ਦੇ ਲਿਖਾਰੀਆਂ ਨੂੰ ਆਪਣਾ ਨਾਮ ਲਿਖਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਕੋਚ ਨਹੀਂ ਹੈ। ਚੂੰਕਿ ਉਨ੍ਹਾ ਨੇ ਦੇਖ ਲਿਆ ਹੈ ਕਿ ਸਿੱਖ ਸੰਗਤਾਂ ਨੂੰ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਦਾ ਮਹਾਤਮ ਸਵੀਕਾਰ ਕਰ ਲਿਆ ਹੋਇਆ ਹੈ।
‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਵਲੋਂ ਜਪੁਜੀ ਦੀ ਹਰੇਕ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਅਤੇ ਉਸ ਦੇ ਮਹਾਤਮ ਬਾਰੇ ਜਿਸ ਤਰ੍ਹਾਂ ਦੀਆਂ ਕਲਪਣਾ ਕੀਤੀ ਹੋਈ ਹੈ, ਉਸ ਦੀ ਅਸੀਂ ਜਪੁਜੀ ਦੀਆਂ ਪਹਿਲੀਆਂ ਸਤਾਈ ਪਉੜੀਆਂ ਵਿੱਚ ਚਰਚਾ ਕਰ ਚੁਕੇ ਹਾਂ। ਇਸ ਤੋਂ ਅਗਲੀਆਂ ਪਉੜੀਆਂ ਸਬੰਧੀ ਪੁਸਤਕ ਕਰਤਾ ਨੇ ਜਿਸ ਤਰ੍ਹਾਂ ਦੀਆਂ ਕਿਆਸ-ਅਰਾਈਆਂ ਕੀਤੀਆਂ ਹਨ, ਕਰਮ ਵਾਰ ਉਨ੍ਹਾਂ ਦਾ ਵਰਣਨ ਕਰ ਰਹੇ ਹਾਂ।
ਲੇਖਕ ਵਲੋਂ ਜਪੁਜੀ ਦੀ ਅਠਾਈਵੀਂ ਪਉੜੀ ਦੇ ਕਥਿਤ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਅਰਥ:- (ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ), ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)।
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ ੨੮॥ ਅਰਥ:- ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)। (ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। ੨੮।
ਭਾਵ:- ਜੋਗ-ਮਤ ਦੇ ਖਿੰਥਾ, ਮੁੰਦਰਾ, ਝੋਲੀ ਆਦਿਕ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਜੋਗੇ ਨਹੀਂ ਹਨ। ਜਿਉਂ ਜਿਉਂ ਸਦਾ-ਥਿਰ ਪ੍ਰਭੂ ਦੀ ਯਾਦ ਵਿੱਚ ਜੁੜੋਗੇ, ਸੰਤੋਖ ਵਾਲਾ ਜੀਵਨ ਬਣੇਗਾ, ਤੇ ਸਾਰੀ ਖ਼ਲਕਤ ਵਿੱਚ ਉਹ ਪ੍ਰਭੂ ਵੱਸਦਾ ਦਿੱਸੇਗਾ। ੨੮। (ਪੰਨਾ ੬)
ਪਰੰਤੂ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦਾ ਲੇਖਕ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਬਾਰੇ ਇਉਂ ਲਿਖਦਾ ਹੈ, “ਇਸ ਪਉੜੀ ਦਾ ਪੰਜ ਹਜ਼ਾਰ ਪਾਠ ਕਰਨਾ, ਸੰਧਿਆ ਸਮੇਂ ਤੋਂ ਬਿਨਾਂ ਸਰਬ ਸਮੇਂ ਪੜ੍ਹਨਾ, ਐਤਵਾਰ ਪਹਿਰ ਦਿਨ ਚੜ੍ਹੇ ਪਾਠ ਕਰੇ ਤਾਂ ਅਤੀਸਾਰ ਦਾ ਰੋਗ ਦੂਰ ਹੋਵੇ। ਕਿਸੇ ਦੂਸਰੇ ਰੋਗੀ ਨੂੰ ਦੇਣਾ ਹੋਵੇ ਤਾ ਪਾਣੀ ਮੰਤਰ ਕੇ ਦੇਣਾ।”
ਨੋਟ: ਅਤਿਸਾਰ/ਅਤੀਸਾਰ ਰੋਗ ‘ਹਾਜ਼ਮਾ ਵਿਗੜਨ ਤੋਂ ਹੁੰਦਾ ਹੈ। ਜੋ ਲੋੜ ਤੋਂ ਵੱਧ ਅਥਵਾ ਮਲੀਨ ਭੋਜਨ ਕਰਦੇ ਹਨ, ਕੱਚੇ ਅਥਵਾ ਬਹੁਤ ਪੱਕੇ ਅਤੇ ਸੜੇ ਹੋਏ ਫਲ ਖਾਂਦੇ ਹਨ, ਲੇਸਦਾਰ ਭਾਰੀ ਚੀਜ਼ਾਂ ਦਾ ਸੇਵਨ ਕਰਦੇ ਹਨ, ਸਿਲ੍ਹੀ ਥਾਂ ਤੇ ਸੌਂਦੇ ਹਨ, ਮੈਲਾ ਪਾਣੀ ਪੀਂਦੇ ਹਨ, ਉਹ ਇਸ ਰੋਗ ਦਾ ਸ਼ਿਕਾਰ ਹੁੰਦੇ ਹਨ। ਖਾਧੀ ਗ਼ਿਜ਼ਾ ਚੰਗੀ ਤਰ੍ਹਾਂ ਪਚਦੀ ਨਹੀਂ। ਦਸਤ ਲਗਾਤਾਰ ਆਉਂਦੇ ਰਹਿੰਦੇ ਹਨ। (ਮਹਾਨ ਕੋਸ਼)
ਗੁਰੂ ਨਾਨਕ ਸਾਹਿਬ ਇਸ ਪਉੜੀ ਵਿੱਚ ਜਿਸ ਜੀਵਨ-ਜੁਗਤ ਦਾ ਵਰਣਨ ਕਰ ਰਹੇ ਹਨ, ਲੇਖਕ ਰੰਚ-ਮਾਤਰ ਵੀ ਉਸ ਦਾ ਜ਼ਿਕਰ ਨਹੀਂ ਕਰ ਰਿਹਾ ਹੈ। ਜੇਕਰ ਕਿਸੇ ਨੂੰ ਇਸ ਤਰ੍ਹਾਂ ਦਾ ਰੋਗ ਹੈ ਤਾਂ ਉਸ ਨੂੰ ਇਸ ਰੋਗ ਦੇ ਮਾਹਰ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ ਨਾ ਕਿ ਇਹੋ ਜਿਹੀਆਂ ਵਿਧੀਆਂ ਦੇ ਮੁਦਈਆਂ ਦੀ ਵਿਧੀਆਂ ਨੂੰ, ਜਿਨ੍ਹਾਂ ਨੂੰ ਸਰੀਰਕ ਵਗਿਆਨ ਦੇ ਉੜੇ ਐੜੇ ਦਾ ਵੀ ਨਹੀਂ ਪਤਾ। ਰੱਬੀ ਰਜ਼ਾ ਨੂੰ ਸਮਝ ਕੇ ਆਤਮਕ ਬਲ ਹਾਸਲ ਕਰਨ ਲਈ ਬਾਣੀ ਨੂੰ ਵਿਚਾਰ ਸਹਿਤ ਜਿਤਨਾ ਵੀ ਅਸੀਂ ਪੜ੍ਹ/ਸੁਣ ਸਕੀਏ ਉਤਨਾ ਹੀ ਥੋਹੜਾ ਹੈ। ਪਰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਨ ਨਾਲ ਅਸੀਂ ਬਾਣੀ ਤੋਂ ਉਹ ਲਾਭ ਨਹੀਂ ਉਠਾ ਸਕਾਂਗੇ ਜੋ ਬਾਣੀ ਨੂੰ ਪੜ੍ਹਿਆਂ ਵਿਚਾਰਿਆਂ ਸਾਨੂੰ ਮਿਲਦਾ ਹੈ।
ਜਸਬੀਰ ਸਿੰਘ ਵੈਨਕੂਵਰ
.