.

‘ਜਾਗਰੂਕਤਾ ਦੀ ਜਿੰਮੇਦਾਰੀ ਅਤੇ ਵਿਸ਼ਵਸਨਿਯਤਾ`

ਜਾਗਰੂਕਤਾ ਇੱਕ ਵੱਡਮੁੱਲੀ ਗੱਲ ਹੈ। ਜੋ ਜਾਗਰੂਕ ਨਹੀਂ ਹੁੰਦੇ ਉਹ ਸੁੱਤੇ ਹੁੰਦੇ ਹਨ। ਜਾਗਰੂਕਾਂ ਦਾ ਕੰਮ ਹੈ ਵਿਚਾਰਕ ਤੋਰ ਤੇ ਸੁੱਤਿਆਂ ਨੂੰ ਜਗਾਉਂਣਾ। ਜਾਗਰੂਕਤਾ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ! ਪਰ ਜਾਗਰੂਕਤਾ ਦਾ ਨਿਯਮ ਹੈ ਜਿੰਮੇਦਾਰੀ ਦੇ ਭਾਵ ਨਾਲ ਵੱਧਣਾ ਨਾ ਕਿ ਖਮੀਰ ਮਾਰਦੇ ਹੋਏ ਫ਼ੁੱਲਣਾ!

ਜਾਗਰੂਕ ਬੰਦਿਆਂ ਦੇ ਕੰਮ ਦਾ ਮਹੱਤਵ ਇਸ ਵਾਸਤਵਿਕਤਾ ਵਿੱਚ ਹੈ ਕਿ ਉਹ ਸੁੱਤੇ ਹੋਏ ਬੰਦਿਆਂ ਨੂੰ ਜਗਾ ਕੇ ਦਿੰਦੇ ਕੀ ਹਨ? ਗੁਰਮਤਿ ਜਾਂ ਮਨਮਤਿ? ਜੇ ਕਰ ਸੁੱਤੇ ਹੋਏ ਬੰਦੇ ਨੂੰ ਜਗਾ ਕੇ ਬੇਹੋਸ਼ ਕਰਨ ਜਾ ਮਾਰਨ ਦੀ ਦਵਾ ਦੇਣੀ ਹੈ ਤਾਂ ਉਹ ਉਪਰਾਲਾ ‘ਮਤਿ` ਲਈ ਜਾਨਲੇਵਾ ਹੈ। ਇਹ ਮਤਿ ਮਾਰਨ ਵਰਗੀ ਗੱਲ ਹੈ! ਐਸੀ ਜਾਗਰੂਕਤਾ ਤੋਂ ਹੋਣ ਵਾਲੇ ਨੁਕਸਾਨ ਦੇ ਜਾਈਜ਼ੇ ਦੀ ਪੜਚੋਲ ਵੀ ਜ਼ਰੂਰੀ ਹੈ ਤਾਂ ਕਿ ਭਵਿੱਖ ਵਿੱਚ ਕਿੱਧਰੇ ਦੱਸ ਪੈਸੇ ਦਾ ਫ਼ਾਇਦਾ ਅਤੇ ਨੱਬੇ ਪੈਸੇ ਦਾ ਨੁਕਸਾਨ ਨਾ ਪੱਲੇ ਪੈ ਜਾਏ।

ਬਾਬਿਆਂ ਦਾ, ਨਾਟਕ ਗ੍ਰੰਥ ਆਦਿ ਦਾ ਵਾਜਬ ਵਿਰੋਧ ਨਿਰਸੰਦੇਹ ਠੀਕ ਹੈ! ਪਰ ‘ਕੁੱਝ ਜਾਗਰੂਕਾਂ` ਨੇ ਇਨ੍ਹਾਂ ਦੇ ਵਿਰੋਧ ਨੂੰ ਆਪਣੀ ਕੁੱਝ ਯੱਬਲਿਆਂ ਦੀ ‘ਕਥਿਤ ਸੱਤਯਤਾ` ਦਾ ਵੀ ਲਾਈਸੇਂਸ ਬਣਾ ਲਿਆ ਹੈ। ਉਹ ਆਪ ਮੁੱਡਲੇ ਸਿਧਾਂਤਾਂ ਤੋਂ ਹੀ ਅਸਹਿਮਤ ਹੋਂਣ ਤਾਂ ਖੋਜ! ਜੇ ਕੋਈ ਉਨ੍ਹਾਂ ਦਿਆਂ ਯੱਬਲਿਆਂ ਤੋਂ ਅਸਹਿਮਤਿ ਹੋਵੇ ਤਾਂ ਭਾਵਨਾਵਾਂ ਦੀ ਉਕਸਾਹਟ! ਬਾਬਿਆਂ ਨੇ ਬੜੀ ਮਨਮਤਿ ਕੀਤੀ ਪਰ ਮੂਲ ਸਿਧਾਂਤ ਨਹੀਂ ਬਦਲ ਸਕੇ। ਪਰ ‘ਕੁੱਝ` ਦੀ ਜਾਗਰੂਕਤਾ, ਕਈ ਥਾਂ ਮੁੱਡਲੇ ਸਿਧਾਂਤਾਂ ਨੂੰ ਹੀ ਬਦਲਣ ਦੇ ਚੱਕਰ ਵਿੱਚ ਭਟਕ ਗਈ ਹੈ। ਕਈਆਂ ਨੇ ਸਿੱਖੀ ਦੇ ਬੂਟੇ ਦੇ ਪੱਤੇ ਝਾੜੇ, ਟਹਣੀਆਂ ਛਾਂਗੀਆਂ ਪਰ ‘ਕੁੱਝ` ਜਾਗਰੂਕ, ਕੁੱਝ ਪੱਖੋਂ, ਬੂਟੇ ਦਿਆਂ ਜੜਾਂ ਹੀ ਖੋਦਣ ਲੱਗ ਪਏ ਹਨ। ਕੀ ਐਸੀਆਂ ਨਾਸਮਝੀਆਂ ਦਾ ਸਮਰਥਨ ਕੇਵਲ ਇਸ ਅਧਾਰ ਤੇ ਕਰ ਦੇਈਏ ਕਿ ਉਹ ਇਹ ਸਭ ਕੁੱਝ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋੱਚਤਾ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ‘ਦਾਵੇ` ਨਾਲ ਕਰਦੇ ਹਨ? ਨਿਰਸੰਦੇਹ ਨਹੀਂ!

ਮਰਜ਼ੀ ਆਏ ਤਾਂ ਗੁਰੂ ਤੇ ਕਿੰਤੂ, ਲੋੜ ਪਵੇ ਤਾਂ ਗੁਰੂ ਦਾ ਹੀ ਸਹਾਰਾ! ਨਾਟਕ ਗ੍ਰੰਥ ਤੇ ਉਨ੍ਹਾਂ ਦਾ ਨਿਰਨਾ ਅੰਤਿਮ ਹੈ ਪਰ ਸ਼ਬਦ ਗੁਰੂ ਗ੍ਰੰਥ ਬਾਰੇ ਕੋਮ ਦਾ ਨਿਰਨਾ ਉਨ੍ਹਾਂ ਲਈ ਅੰਤਿਮ ਨਹੀਂ। ਉਸ ਤੇ ਬਹਿਸ ਦੀ ਲੋੜ/ਗੁੰਜਾਇਸ਼ ਹੈ! ਇਹ ਕਿਹੜੀ ਜਾਗਰੂਕਤਾ ਹੈ? ਉਹ ਗੁਰਮਤਿ ਨੂੰ ‘ਆਪਣੀ ਕਸਵਟੀ` ਤੇ ਪਰਖਣ ਲੱਗ ਪਏ ਹਨ। ਉਹ ਗੁਰੂਆਂ ਦੇ ਕੁੱਝ ਨਿਰਨਿਆਂ ਨੂੰ ਆਪਣੇ ਕਟਘਰੇ ਵਿੱਚ ਖੜਾ ਕਰਕੇ ਸਿਧਾਂਤਕ ਪਹਿਰੇਦਾਰੀ ਦਾ ਭੁੱਲੇਖਾ ਪਾਲ ਬੈਠੇ ਹਨ।

ਐਸੀ “ਜਾਗਰੂਕਤਾ” ਸੁੱਤਿਆਂ ਨੂੰ ਜਗਾ ਕੇ ਲੰਭੀ ਬੇਹੋਸ਼ੀ ਵਿੱਚ ਲਿਟਾ ਦਵੇਗੀ ਜਾਂ ਫ਼ਿਰ ਹੋ ਸਕਦਾ ਹੈ ਕਿ ਉਹ ਸੁੱਤੀ ਮਾਨਸਿਕਤਾ ਦੀ ਜਾਨ ਹੀ ਲੇ ਲਵੇ ਅਤੇ ਫ਼ਿਰ ਜਾਗਣ ਦੀ ਸੰਭਾਵਨਾ ਹੀ ਨਾ ਬਚੇ। ਖਮੀਰ ਭਰੀ ਐਸੀ “ਜਾਗਰੂਕਤਾ” ਤੋਂ ਜਾਗਰੂਕਾਂ ਨੂੰ ਸਪਸ਼ਟਤਾ ਨਾਲ ਅਸਹਿਮਤਿ ਹੋਣ ਦੀ ਲੋੜ ਹੈ। ਇਹ ਸਿੱਖੀ ਦੇ ਮੁੱਡਲੇ ਸਿਧਾਂਤਾਂ ਦੇ ਆਲੇ ਦੂਆਲੇ ਬਦਬੂ ਮਾਰਨ ਲਗ ਪਈ ਹੈ। ਐਸਾ ਨਹੀਂ ਕਿ ਜਾਗਰੂਕਤਾ ਆਪ ਪੜਚੋਲ ਦਾ ਵਿਸ਼ਾ ਨਹੀਂ। ਜਾਗਰੂਕਤਾ ਨੂੰ ਜਾਗਰੂਕਤਾ ਦੇ ਮਯਾਰ ਵੀ ਪਰਖਣੇ ਪੇਂਣ ਗੇ।

‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ` ਦੇ ਹੱਕ ਵਿੱਚ ‘ਹਾਅ` ਦਾ ਨਾਰਾ ਮਾਰਦੇ ਕੀਤੀ ਜਾਣ ਵਾਲੀ ਨੁਕਸਾਨਦੇਹ ਮਨਮਤਿ/ਨਾਸਮਝੀ ਤੋਂ ਅਸਹਿਮਤਿ ਹੋਣਾ ਹੀ ਪਵੇਗਾ। ਸੁਹਿਰਦ ਜਾਗਰੂਕ ਕਿੱਧਰੇ ਗਲਤੀ ਖਾ ਸਕਦੇ ਹਨ ਪਰ ਉਹ ਨਾਸਮਝੀ ਜਾਂ “ਸ਼ੌਹਰਤ”/ “ਪੋਜ਼ੀਸ਼ਨ” ਪ੍ਰਾਪਤੀ ਆਦਿ ਦੇ ਇਸ ਹੱਥਕੰਡੇ ਤੋਂ ਸਹਿਮਤ ਨਹੀਂ ਹੋ ਸਕਦੇ। ਨਾਟਕ ਗ੍ਰੰਥ ਆਦਿ ਦੇ ਵਾਜਬ ਵਿਰੋਧ ਦੀ ਕੀਮਤ ਸਿੱਖੀ ਦੇ ਮੁੱਡਲੇ ਸਿਧਾਤਾਂ ਦੀ ਬਲੀ ਰਾਹੀਂ ਨਹੀਂ ਚੁਕਾਈ ਜਾ ਸਕਦੀ।

ਬੋਲਣ ਦਾ ਹੱਕ ਕਿਸੇ ਇੱਕੋ ਲਈ ਰਾਖਵਾਂ ਨਹੀਂ ਅਤੇ ਨਾ ਹੀ ਸੁੱਚਜੀ ਗੱਲ ਕਰਨਾ ਕਿਸੇ ਇੱਕੋ ਦੀ ਹੀ ਜਿੰਮੇਦਾਰੀ! ਬੋਲਣ ਦੇ ਅਧਿਕਾਰ ਦਾ ਅਰਥ ਕਿਸੇ ਦੀ ਅਜ਼ਮਤ ਨੂੰ ਨਾਜਾਯਜ਼ ਹੱਥ ਪਾਉਂਣਾ ਨਹੀਂ। ਬੇਚੱਜੇ ਬੋਲਾਂ ਤੋਂ ਅਸਹਿਮਤੀ ਵੀ ਤਾਂ ਕਿਸੇ ਦਾ ਅਧਿਕਾਰ/ਫ਼ਰਜ਼ ਹੋ ਸਕਦਾ ਹੈ। ਗਲਤ ਵਿਚਾਰ ਨੂੰ ਜੇ ਕੋਈ ਗਲਤ ਬੰਦਾ, ਗਲਤ ਕਹਿ ਦੇਵੇ ਤਾਂ ਗਲਤ ਵਿਚਾਰ ਸਹੀ ਨਹੀਂ ਹੋ ਜਾਂਦਾ ਬਲਕਿ ਉਹ ਗਲਤ ਹੀ ਰਹਿੰਦਾ ਹੈ। ਸੁਹਿਰਦ ਭਾਸ਼ਾ ਵਿੱਚ ਪੇਸ਼ ਗਲਤ ਵਿਚਾਰ ਸੱਚ ਜਾਂ ਠੀਕ ਨਹੀਂ ਹੋ ਜਾਂਦਾ ਬਲਕਿ ਗਲਤ ਹੀ ਰਹਿੰਦਾ ਹੈ! ਸੁਹਿਰਦ ਭਾਸ਼ਾ ਸ਼ਿਸ਼ਟਾਚਾਰ ਦੀ ਜ਼ਰੂਰਤ ਹੈ ਪਰ ਸੱਚ ਦੀ ਗਾਰੰਟੀ ਨਹੀਂ।

ਜਾਗਰੂਕਤਾ ਦੇ ਅੰਦਰ ਮਨਮਤਿ ਦੀ ਪਛਾਂਣ ਅਤੇ ਉਸ ਤੋਂ ਅਸਹਿਮਤਿ ਜਰੂਰੀ ਹੈ ਤਾਂ ਕਿ ਜਾਗਰੂਕਤਾ ਵਰਗੀ ਵੱਡਮੁੱਲੀ ਗੱਲ ਆਪਣਾ ਮੂਲ, ਆਪਣਾ ਵਿਸ਼ਵਾਸ ਨਾ ਗੁਆ ਬੈਠੇ। ਅਸਹਿਮਤੀ ਦੇ ਇਸ ਉਪਰਾਲੇ ਦਾ ਤਰੀਕਾ ਸੁਚੱਜਾ ਸੰਵਾਦ/ਵਿਚਾਰਕ ਕਿਨਾਰਾਕਸ਼ੀ ਹੈ ਤਾਂ ਕਿ ਜਾਗਰੂਕਤਾ ਦੀ ਵਿਸ਼ਵਸਨਿਯਤਾ ਬਣੀ ਰਹੇ। ਇਸ ਜਿੰਮੇਦਾਰੀ ਨੂੰ ਸਮਝਣ ਦੀ ਲੋੜ ਹੈ।

ਹਰਦੇਵ ਸਿੰਘ, ਜੰਮੂ




.