.

ੴਸਤਿਗੁਰਪ੍ਰਸਾਦਿ ॥

ਇਕ ਅਦੁੱਤੀ ਬਖਸ਼ਿਸ਼

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

ਕਿਸ਼ਤ ਛੇਵੀਂ

ਪਾਹੁਲ ਤਿਆਰ ਕਰਨ ਦੀ ਮਰਯਾਦਾ

ਹਰ ਸੰਸਥਾ ਨੂੰ ਇੱਕ ਨੇਮ ਵਿੱਚ ਬੰਨਣਾ ਜ਼ਰੂਰੀ ਹੁੰਦਾ ਹੈ, ਇਸ ਲਈ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਈ ਵੀ ਇੱਕ ਨੇਮਬੱਧ ਮਰਯਾਦਾ ਬਣਾਈ ਗਈ ਹੈ। ਇਸ ਮਰਯਾਦਾ ਨੂੰ ਲੜੀ ਵਾਰ ਵਿਚਾਰਣ ਤੋਂ ਪਹਿਲਾਂ ਮੈਂ ਇੱਕ ਗੱਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ, ਕਿ ਇਹ ਮਰਯਾਦਾ, ਸਿੱਖ ਰਹਿਤ ਮਰਯਾਦਾ ਦਾ ਹਿੱਸਾ ਹੈ ਅਤੇ ਸਿੱਖ ਰਹਿਤ ਮਰਯਾਦਾ ਬਨਾਉਣ ਵਾਲੀ ਰਹੁ ਰੀਤ ਕਮੇਟੀ ਦੁਆਰਾ ਹੀ ਤਿਆਰ ਕੀਤੀ ਗਈ ਹੈ। ਇਹ ਕਹਿਣਾ ਕਿ ਇਹ ਮਰਯਾਦਾ ਇੰਨ ਬਿੰਨ ਉਹੀ ਹੈ, ਜੋ ਪਾਹੁਲ ਦੀ ਬਖਸ਼ਿਸ਼ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਿਭਾਈ ਸੀ ਅਤੇ ਸੀਨਾ ਬਸੀਨਾ ਚਲੀ ਆਉਂਦੀ ਹੈ, ਉਤਨਾ ਹੀ ਗ਼ਲਤ ਹੈ, ਜਿਤਨਾ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਬਾਰੇ ਕੀਤੇ ਜਾਂਦੇ ਦਾਹਵੇ, ਜਿਨ੍ਹਾਂ ਬਾਰੇ ਅਸੀਂ ਉਪਰ ਵਿਸਥਾਰ ਨਾਲ ਵਿਚਾਰ ਚੁੱਕੇ ਹਾਂ। ਬੇਸ਼ਕ ਇਸ ਨੂੰ ਬਨਾਉਣ ਸਮੇਂ ਕਮੇਟੀ ਨੇ ਇਹ ਕੋਸ਼ਿਸ਼ ਕੀਤੀ ਹੋਵੇਗੀ ਕਿ ਇਸ ਦਾ ਸਰੂਪ ਉਹੀ ਹੋਵੇ ਜੋ ਸਤਿਗੁਰੂ ਨੇ ਬਣਾਇਆ ਸੀ, ਪਰ ਇਸ ਦੀਆਂ ਕਈ ਮੱਦਾਂ ਤੋਂ ਉਨ੍ਹਾਂ ਉਪਰ ਭਾਰਤੀ ਬ੍ਰਾਹਮਣਵਾਦੀ ਮਹੌਲ ਦਾ ਅਸਰ ਅਤੇ ਪੁਰਾਤਨ ਕਹੀਆਂ ਜਾਣ ਵਾਲੀਆਂ ਰਹਿਤ ਮਰਯਾਦਾਵਾਂ ਦਾ ਅਸਰ ਸਪੱਸ਼ਟ ਨਜ਼ਰ ਆਉਂਦਾ ਹੈ ਅਤੇ ਇਸ ਮਰਯਾਦਾ ਦੀਆਂ ਕੁੱਝ ਮੱਦਾਂ ਨੂੰ ਸਾਡੇ ਡੇਰਿਆਂ, ਸੰਪਰਦਾਵਾਂ ਅਤੇ ਸਨਾਤਨੀ ਸੋਚ ਵਾਲੇ ਸਿੱਖਾਂ ਨੇ ਆਪਣੀ ਸਮਝ ਮੁਤਾਬਕ ਬ੍ਰਾਹਮਣੀ ਰੰਗਤ ਵਿੱਚ ਰੰਗ ਲਿਆ ਹੈ।

ਪਾਹੁਲ ਛਕਾਉਣ ਦੀ ਤਿਆਰੀ ਦੀ ਮਰਯਾਦਾ ਬਾਰੇ ਅਸੀਂ ਕੇਵਲ ਉਨ੍ਹਾਂ ਮੱਦਾਂ ਦੀ ਵਿਚਾਰ ਕਰਾਂਗੇ, ਜਿਨ੍ਹਾਂ ਦੀ ਗੁਰਮਤਿ ਦੀ ਕਸਵੱਟੀ ਤੇ ਘੋਖ ਕਰਨ ਦੀ ਲੋੜ ਹੈ, ਜਿਵੇਂ ਸਿੱਖ ਰਹਿਤ ਮਰਯਾਦਾ ਦੇ ਪੰਨਾ 24 ਤੇ ਪੰਥਕ ਰਹਿਣੀ ਦੇ ਭਾਗ ਅੰਮ੍ਰਿਤ ਸੰਸਕਾਰ ਦੇ (ਸ) ਮਦ ਵਿੱਚ ਪੰਕਤੀ ਹੈ, ‘ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀਂ ਇਸ਼ਨਾਨ ਕੀਤਾ ਹੋਵੇ` …. ।

ਇਸ ਵਿੱਚ ਕੋਈ ਸ਼ਕ ਨਹੀਂ ਕਿ ਜਿਥੇ ਸਿੱਖ, ਬਲਕਿ ਮੈਂ ਕਹਾਂਗਾ ਹਰ ਮਨੁੱਖ ਨੂੰ ਨੇਮ ਨਾਲ ਰੋਜ਼ ਇਸ਼ਨਾਨ ਕਰਨਾ ਚਾਹੀਦਾ ਹੈ, ਉਥੇ ਸਿੱਖ ਨੂੰ ਹਰ 5-6 ਦਿਨਾਂ ਬਾਅਦ (ਘੱਟੋ ਘੱਟ ਹਫਤੇ ਵਿੱਚ ਇੱਕ ਵਾਰੀ) ਕੇਸੀਂ ਇਸ਼ਨਾਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਇਹ ਇਸ਼ਨਾਨ ਸ਼ਰੀਰ ਨੂੰ ਸੁਚੇਤ ਅਤੇ ਸਵਸਥ ਰੱਖਣ ਲਈ ਜ਼ਰੂਰੀ ਹੈ। ਗੁਰਬਾਣੀ ਦਾ ਵੀ ਫੁਰਮਾਣ ਹੈ:

“ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ।। “ {ਸੋਰਠਿ ਮਹਲਾ ੫, ਪੰਨਾ ੬੧੧}

(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ।

ਉਪਰੋਕਤ ਪੰਕਤੀਆਂ ਤੋਂ ਗੱਲ ਬੜੀ ਸਪੱਸ਼ਟ ਹੈ ਕਿ ਨੇਮ ਨਾਲ ਇਸ਼ਨਾਨ ਕੀਤਿਆਂ ਸਰੀਰ ਅਰੋਗ ਰਹੇਗਾ ਅਤੇ ਅਕਾਲ ਪੁਰਖ ਦੀ ਸਿਫਤਿ ਸਾਲਾਹ ਵਿੱਚ ਜੁੜਿਆਂ ਮਨ ਆਰੋਗ ਰਹੇਗਾ। ਬ੍ਰਾਹਮਣ-ਵਾਦੀ ਵਿਚਾਰਧਾਰਾ ਵਿੱਚ ਇਸ਼ਨਾਨ ਕਰਨ ਨੂੰ ਪਵਿਤ੍ਰਤਾ ਹੀ ਸਮਝਿਆ ਜਾਂਦਾ ਸੀ, ਪਰ ਸਤਿਗੁਰੂ ਨੇ ਇਸ ਵਿਚਾਰ ਨੂੰ ਪੂਰਨਤਾ ਰੱਦ ਕਰ ਦਿੱਤਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:

“ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ।। ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ।। ੨।। “ {ਮਃ ੧, ਪੰਨਾ ੪੭੨}

ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ। ੨।

“ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ।। “ {ਸੋਰਠਿ ਮਹਲਾ ੧, ਪੰਨਾ ੬੩੭}

ਹੇ ਭਾਈ! ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ ਤਾਂ ਭੀ ਸਰੀਰ ਮੈਲਾ ਹੀ ਰਹਿੰਦਾ ਹੈ।

ਭਗਤ ਕਬੀਰ ਜੀ ਤਾਂ ਪਾਣੀ ਨਾਲ ਨਹਾ ਕੇ ਆਪਣੇ ਆਪ ਨੂੰ ਪਵਿੱਤਰ ਸਮਝਣ ਵਾਲਿਆਂ ਨੂੰ ਇਸ ਤਰ੍ਹਾਂ ਸਮਝਾਉਂਦੇ ਹਨ:

“ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ।। ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ।। “ {ਆਸਾ ਕਬੀਰ ਜੀ, ਪੰਨਾ ੪੮੪}

ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।

“ਸੰਧਿਆ ਪ੍ਰਾਤ ਇਸਨਾਨੁ ਕਰਾਹੀ।। ਜਿਉ ਭਏ ਦਾਦੁਰ ਪਾਨੀ ਮਾਹੀ।। “ {ਗਉੜੀ ਕਬੀਰ ਜੀ, ਪੰਨਾ ੩੨੪}

(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ (ਤੇ ਸਮਝਦੇ ਹਨ ਕਿ ਅਸੀ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿੱਚ ਡੱਡੂ ਵੱਸ ਰਹੇ ਹਨ। ੧।

ਅਸਲ ਵਿੱਚ ਪਹਿਲਾਂ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਮੈਲ ਕਿਹੜੀ ਲੱਗੀ ਹੈ ਅਤੇ ਕਿੱਥੇ ਲੱਗੀ ਹੈ? ਇਹ ਸੱਮਝ ਲੱਗ ਜਾਵੇ, ਤਾਂ ਫਿਰ ਹੀ ਇਹ ਵੀ ਵਿਚਾਰਿਆ ਜਾ ਸਕਦਾ ਹੈ ਕਿ ਉਸ ਮੈਲ ਨੂੰ ਸਾਫ ਕਰਨ ਦਾ ਤਰੀਕਾ ਕੀ ਹੈ? ਸਤਿਗੁਰੂ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਹਨ:

“ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ।। ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ।। “ {ਆਸਾ ਮਹਲਾ ੫, ਪੰਨਾ ੪੫੮}

ਹੇ ਪ੍ਰਭੂ! ਭਟਕਣਾ ਵਿੱਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, (ਇਸ ਵਾਸਤੇ) ਮੌਤ ਮੈਨੂੰ ਚੇਤੇ ਨਹੀਂ ਆਉਂਦੀ। ਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿੱਚ ਮਾਇਆ ਦੇ ਮੌਜ-ਮੇਲਿਆਂ ਵਿੱਚ (ਗ਼ਰਕ ਹਾਂ), ਮੈਨੂੰ ਅਗਿਆਨਤਾ ਚੰਬੜੀ ਹੋਈ ਹੈ।

ਇਹ ਹੈ ਉਹ ਵਿਕਾਰਾਂ ਦੀ ਮੈਲ, ਜਿਸ ਦੇ ਕਾਰਨ ਮਨ ਗੰਦਗੀ ਨਾਲ ਭਰਿਆ ਪਿਆ ਹੈ ਅਤੇ ਸਤਿਗੁਰੂ ਸਮਝਾਉਂਦੇ ਹਨ ਕਿ ਇਹ ਮੈਲ ਤਨ ਦੇ ਧੋਣ ਨਾਲ ਨਹੀਂ ਸਾਫ ਹੋਣੀ। ਗੁਰਬਾਣੀ ਦੇ ਫੁਰਮਾਨ ਹਨ:

“ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ।। ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ।। “ {ਵਡਹੰਸੁ ਮਹਲਾ ੩, ਪੰਨਾ ੫੫੮}

ਹੇ ਭਾਈ! ਜੇ ਮਨੁੱਖ ਦਾ ਮਨ (ਵਿਕਾਰਾਂ ਦੀ) ਮੈਲ ਨਾਲ ਭਰਿਆ ਰਹੇ (ਤਾਂ ਉਤਨਾ ਚਿਰ ਮਨੁੱਖ ਜੋ ਕੁੱਝ ਕਰਦਾ ਹੈ। ਸਭ ਕੁੱਝ ਵਿਕਾਰ ਹੀ ਕਰਦਾ ਹੈ, ਸਰੀਰ ਨੂੰ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ। ਪਰ ਇਹ ਸੰਸਾਰ (ਇਸ਼ਨਾਨ ਤੋਂ ਮਨ ਦੀ ਪਵਿਤ੍ਰਤਾ ਮਿਲ ਜਾਣ ਦੇ) ਭੁਲੇਖੇ ਵਿੱਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ। ਕੋਈ ਵਿਰਲਾ ਮਨੁੱਖ (ਇਸ ਸੱਚਾਈ ਨੂੰ) ਸਮਝਦਾ ਹੈ।

“ਦੇਹੀ ਧੋਇ ਨ ਉਤਰੈ ਮੈਲੁ।। ਹਉਮੈ ਬਿਆਪੈ ਦੁਬਿਧਾ ਫੈਲੁ।। “ {ਰਾਮਕਲੀ ਮਹਲਾ ੫, ਪੰਨਾ ੮੯੩}

ਹੇ ਸੰਤ ਜਨੋ! ਸਰੀਰ ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ, (ਸਗੋਂ ਇਹ) ਹਉਮੈ ਆਪਣਾ ਦਬਾਉ ਪਾ ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ)।

ਸਰੀਰ ਨੂੰ ਧੋ ਕੇ ਆਪਣੇ ਆਪ ਨੂੰ ਪਵਿੱਤਰ ਸਮਝਣ ਵਾਲਿਆਂ ਨੂੰ ਸਤਿਗੁਰੂ ਸਮਝਾਉਂਦੇ ਹਨ, ਕਿ ਅਸਲ ਲੋੜ ਤਾਂ ਮਨ ਨੂੰ ਪਵਿਤਰ ਕਰਨ ਦੀ ਹੈ। ਜੇ ਮਨ ਮੈਲਾ ਹੈ, ਤੇ ਤਨ ਨੂੰ ਧੋ ਕੇ ਤੁਸੀਂ ਪਵਿਤਰ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਆਪਣਾ ਜੀਵਨ ਅਜਾਈਂ ਗੁਆ ਕੇ ਸੰਸਾਰ ਤੋਂ ਚਲੇ ਜਾਓਗੇ। ਪਾਵਨ ਗੁਰਵਾਕ ਹੈ:

“ਜੀਅਹੁ ਮੈਲੇ ਬਾਹਰਹੁ ਨਿਰਮਲ।। ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ।। “ {ਰਾਮਕਲੀ ਮਹਲਾ ੩ ਅਨੰਦੁ, ਪੰਨਾ ੯੧੯}

(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿੱਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ। ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿੱਚ ਧਨ ਹਾਰ ਆਉਂਦਾ ਹੈ।

ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਹਨ, ਜੋ ਅਸਲ ਵਿੱਚ ਗੁਰਬਾਣੀ ਦੇ ਗਿਆਨ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਪ੍ਰੇਰਨਾ ਦੇਂਦੇ ਹਨ, ਪਰ ਅਸੀਂ ਸ਼ਬਦ ਦੇ ਅਸਲ ਭਾਵ ਨੂੰ ਸਮਝੇ ਬਗੈਰ, ਉਸ ਦੇ ਅਰਥ ਸਰੀਰਕ ਇਸ਼ਨਾਨ ਕਰਨ ਦੇ ਕੱਢ ਲੈਂਦੇ ਹਾਂ, ਜਿਵੇਂ:

“ਰਾਮਦਾਸ ਸਰੋਵਰਿ ਨਾਤੇ।। ਸਭਿ ਉਤਰੇ ਪਾਪ ਕਮਾਤੇ।। “ {ਸੋਰਠਿ ਮਹਲਾ ੫, ਪੰਨਾ ੬੨੫}

ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ (ਸਾਧ ਸੰਗਤਿ ਵਿੱਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ।

ਅਕਸਰ ਸ਼ਬਦ ਦਾ ਭਾਵ ਸਮਝੇ ਬਗੈਰ ਅਸੀਂ ਇਹ ਸਮਝ ਲੈਂਦੇ ਹਾਂ ਕਿ ਰਾਮਦਾਸ ਸਤਿਗੁਰੂ ਜੀ ਦੇ ਸਰੋਵਰ ਭਾਵ ਦਰਬਾਰ ਸਾਹਿਬ ਅੰਮਿਤ੍ਰਸਰ ਦੇ ਸਰੋਵਰ ਦੀ ਗੱਲ ਹੋ ਰਹੀ ਹੈ। ਇਸ ਗੱਲ ਨੂੰ ਹੋਰ ਸਪੱਸ਼ਟ ਕਰਨ ਲਈ ਸਤਿਗੁਰੂ ਨੇ ਇਸੇ ਸ਼ਬਦ ਦੇ ਅਗਲੇ ਪਦੇ ਵਿੱਚ ਬਖਸ਼ਿਸ਼ ਕੀਤੀ ਹੈ:

“ਸਾਧ ਸੰਗਿ ਮਲੁ ਲਾਥੀ।। ਪਾਰਬ੍ਰਹਮੁ ਭਇਓ ਸਾਥੀ।। “ {ਸੋਰਠਿ ਮਹਲਾ ੫, ਪੰਨਾ ੬੨੫}

ਹੇ ਭਾਈ! ਸਾਧ ਸੰਗਤਿ ਵਿੱਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ।

“ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸਨਾਨੁ।। “ {ਪੰਨਾ ੧੪੦੨}

ਕਈ ਮਨੁੱਖ (ਗੁਰੂ ਦਾ ਜਸ) ਪੜ੍ਹਦੇ ਹਨ, ਸੁਣਦੇ ਹਨ ਤੇ ਗਾਉਂਦੇ ਹਨ ਤੇ (ਉਸ ‘ਜਸ`-ਰੂਪ ਜਲ ਵਿਚ) ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ।

“ਗੁਰਮਤਿ ਸਤਸਰਿ ਹਰਿ ਜਲਿ ਨਾਇਆ।। ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ।। “ {ਆਸਾ ਮਹਲਾ ੩, ਪੰਨਾ ੩੬੨}

ਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿੱਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ, ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ।

ਮਨ ਨੂੰ ਧੋਣ ਦੀ ਜਾਚ ਸਤਿਗੁਰੂ ਗੁਰਬਾਣੀ ਵਿੱਚ ਇੰਝ ਦਸਦੇ ਹਨ:

“ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ।। “ {ਰਾਮਕਲੀ ਮਹਲਾ ੩ ਅਨੰਦੁ, ਪੰਨਾ ੯੧੯}

(ਹੇ ਭਾਈ!) ਗੁਰੂ ਦੇ ਸ਼ਬਦ ਵਿੱਚ ਜੁੜੋ, ਪਰਮਾਤਮਾ ਦੇ ਚਰਨਾਂ ਵਿੱਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।

“ਗੁਰਬਾਣੀ ਸੁਣਿ ਮੈਲੁ ਗਵਾਏ।। ਸਹਜੇ ਹਰਿ ਨਾਮੁ ਮੰਨਿ ਵਸਾਏ।। “ {ਧਨਾਸਰੀ ਮਹਲਾ ੩, ਪੰਨਾ ੬੬੫}

ਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ। (ਇਹ ਬਾਣੀ) ਆਤਮਕ ਅਡੋਲਤਾ ਵਿੱਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਦੇਂਦੀ ਹੈ।

ਗੁਰਬਾਣੀ ਦੇ ਉਪਰੋਕਤ ਪ੍ਰਮਾਣਾਂ ਤੋਂ ਗੱਲ ਬੜੀ ਸਪੱਸ਼ਟ ਹੈ ਕਿ ਐਸੀ ਸ਼ਰੀਰਕ ਪਵਿੱਤ੍ਰਤਾ ਦਾ ਗੁਰਮਤਿ ਵਿੱਚ ਕੋਈ ਸਥਾਨ ਨਹੀਂ, ਇਸ਼ਨਾਨ ਕਰਨਾ ਕੋਈ ਪਵਿਤ੍ਰਤਾ ਨਹੀਂ, ਸਰੀਰਕ ਸਵੱਛਤਾ(Hygene) ਹੈ। ਪਵਿੱਤ੍ਰਤਾ ਤਾਂ ਹੈ, ਮਨ ਦਾ ਵਿਕਾਰਾਂ ਤੋਂ ਮੁਕਤ ਹੋ ਜਾਣਾ, ਜੇ ਮਨ ਪਵਿੱਤ੍ਰ ਹੋ ਗਿਆ ਤਾਂ ਸਰੀਰ ਵੀ ਪਾਪ ਕਰਮਾਂ ਤੇ ਅਉਗੁਣਾਂ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਵੇਗਾ।

ਆਓ ਹੁਣ ਇਤਿਹਾਸਕ ਪੱਖੋਂ ਵੀ ਵੇਖੀਏ, ਜਦੋਂ ਸਤਿਗੁਰੂ ਨੇ 1699 ਦੀ ਵਿਸਾਖੀ ਨੂੰ ਕੌਮੀ ਇਕੱਠ ਸੱਦਿਆ, ਕੀ ਕਿਸੇ ਨੂੰ ਪਤਾ ਸੀ ਕਿ ਸਤਿਗੁਰੂ ਨੇ ਕੀ ਖੇਡ ਵਰਤਾਉਣੀ ਹੈ? ਕੀ ਇਹ ਜ਼ਰੂਰੀ ਹੈ ਕਿ ਸੀਸ ਭੇਟ ਕਰਨ ਵਾਲੇ ਪੰਜ ਪਿਆਰੇ ਜ਼ਰੂਰ ਉਸ ਦਿਨ ਕੇਸੀ ਇਸ਼ਨਾਨ ਕਰ ਕੇ ਹੀ ਆਏ ਹੋਣਗੇ। ਕਿਸੇ ਵੀ ਪੁਰਾਤਨ ਲਿਖਾਰੀ ਦੀ ਕਿਸੇ ਵੀ ਲਿਖਤ ਤੋਂ ਐਸਾ ਕੋਈ ਸੰਕੇਤ ਨਹੀਂ ਮਿਲਦਾ ਕਿ ਸਤਿਗੁਰੂ ਨੇ ਪਹਿਲਾਂ ਉਨ੍ਹਾਂ ਨੂੰ ਕੇਸੀ ਇਸ਼ਨਾਨ ਕਰਾਇਆ। ਹਾਂ! ਅੱਜ ਕੋਈ ਆਪਣੀਆਂ ਭਾਵਨਾਵਾਂ ਨੂੰ ਸੱਚਾ ਸਾਬਤ ਕਰਨ ਲਈ, ਕੋਈ ਐਸੀ ਯਭਲੀ ਮਾਰ ਦੇਵੇ ਤਾਂ ਇਹ ਉਸ ਦੀ ਅੰਧੀ-ਭਾਵਨਾ ਹੀ ਕਹੀ ਜਾ ਸਕਦੀ। ਅੱਜ ਇਸ ਗੱਲ ਨੂੰ ਮੁੜ ਵਿਚਾਰ ਕੇ ਆਪਣੀ ਮਰਯਾਦਾ ਵਿੱਚ ਗੁਰਮਤਿ ਅਨੁਸਾਰ ਸੋਧ ਕਰ ਲੈਣੀ ਚਾਹੀਦੀ ਹੈ।

ਸਿੱਖ ਰਹਿਤ ਮਰਯਾਦਾ ਦੇ ਪੰਨਾ 25 ਤੇ ਪੰਥਕ ਰਹਿਣੀ ਦੇ ਭਾਗ ਅੰਮ੍ਰਿਤ ਸੰਸਕਾਰ ਦੇ (ਘ) ਮਦ ਦੇ ਸ਼ੁਰੂ ਵਿੱਚ ਪੰਕਤੀ ਹੈ, ‘ਬਾਟੇ ਵਿੱਚ ਸਵੱਛ ਜਲ ਤੇ ਪਤਾਸੇ ਪਾਏ ਜਾਣ……. . । `

ਇਸ ਪੰਕਤੀ ਵਿੱਚ ਵਿਚਾਰਣ ਯੋਗ, ਇਤਰਾਜ ਯੋਗ ਜਾਂ ਗੁਰਮਤਿ ਵਿਰੋਧੀ ਕੋਈ ਗੱਲ ਨਹੀਂ, ਪਰ ਜਿਵੇਂ ਉਪਰ ਬੇਨਤੀ ਕੀਤੀ ਸੀ, ਕਿ ਸਾਡੇ ਕੁੱਝ ਸਨਾਤਨੀ ਸੋਚ ਵਾਲੇ ਲੋਕਾਂ ਨੇ ਕੁੱਝ ਮੱਦਾਂ ਨੂੰ ਬ੍ਰਾਹਮਣੀ ਰੰਗਤ ਵਿੱਚ ਰੰਗ ਲਿਆ ਹੈ, ਇਸ ਤਰ੍ਹਾਂ ਹੀ ਪਤਾਸਿਆਂ ਬਾਰੇ ਵੀ ਕੁੱਝ ਸਮਾਂ ਪਹਿਲੇ ਇੱਕ ਪਖੰਡ ਕੀਤਾ ਗਿਆ। ਕੁੱਝ ਲੋਕਾਂ ਵਲੋਂ ਇਹ ਪ੍ਰਚਾਰਿਆ ਗਿਆ ਕਿ ਅੰਮ੍ਰਿਤ ਤਿਆਰ ਕਰਨ ਵਾਸਤੇ ਪਤਾਸਿਆਂ ਨੂੰ ਪਵਿੱਤਰ ਕਰਨ ਲਈ ਗੰਨੇ ਦੇ ਖੇਤਾਂ ਵਿੱਚ ਅਖੰਡ ਪਾਠ ਅਤੇ ਕੀਰਤਨ ਕਰਾਇਆ ਜਾਵੇਗਾ। ਅਤਿ ਦੁਖ ਅਤੇ ਹੈਰਾਨਗੀ ਦੀ ਗੱਲ ਹੈ ਕਿ ਇਸ ਪਖੰਡ ਨੂੰ ਕਰਨ ਵੇਲੇ, ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਅਖੌਤੀ ਜਥੇਦਾਰ, ਜੋਗਿੰਦਰ ਸਿੰਘ ਵੇਦਾਂਤੀ ਵੀ ਇਸ ਵਿੱਚ ਸ਼ਾਮਲ ਸਨ। ਜਿਨ੍ਹਾਂ ਉਤੇ ਕੌਮ ਨੂੰ ਗੁਮਰਾਹ ਹੋਣ ਤੋਂ ਬਚਾਉਣ ਦੀ ਜ਼ਿਮੇਂਵਾਰੀ ਹੈ, ਉਹ ਆਪ ਭੋਲੇ ਭਾਲੇ ਸਿੱਖਾਂ ਨੂੰ ਗੁਮਰਾਹ ਕਰਨ ਦੇ ਪਾਪ ਕਰਮ ਵਿੱਚ ਪਖੰਡੀਆਂ ਦਾ ਸਾਥ ਦੇ ਰਹੇ ਹਨ। ਸਤਿਗੁਰੂ ਤਾਂ ਸਮਝਾਉਂਦੇ ਹਨ:

“ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ।। ਰਾਮ ਰੰਗਿ ਨਿਰਮਲ ਪਰਤਾਪੁ।। “ {ਗਉੜੀ ਮਹਲਾ ੫, ਪੰਨਾ ੧੯੮}

(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿੱਚ ਕੋਈ ਪਾਪ ਨਹੀਂ ਪੈਦਾ ਹੁੰਦਾ। ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ)। ੨।

“ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ।। “ {ਗਉੜੀ ਮਹਲਾ ੫, ਪੰਨਾ ੧੯੯}

(ਹੇ ਭਾਈ!) ਉਹ ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗੇ।

ਉਮਰ ਭਰ ਗੁਰਬਾਣੀ ਸੁਣਨ ਨਾਲ ਵੀ ਜਿਨ੍ਹਾਂ ਵਿਅਕਤੀਆਂ ਦੇ ਹਿਰਦੇ ਨਿਰਮਲ ਨਹੀਂ ਹੋ ਸਕੇ, ਅਜ ਵੀ ਪਾਪ ਨਾਲ ਭਰੇ ਹੋਏ ਹਨ, ਕਿਉਂਕਿ ਸਤਿਗੁਰੂ ਦਾ ਉਪਦੇਸ਼ ਕਮਾਏ ਬਗੈਰ ਹਿਰਦਾ ਪਵਿੱਤ੍ਰ ਨਹੀਂ ਹੋ ਸਕਦਾ, ਉਹ ਗੰਨਿਆਂ ਨੂੰ ਗੁਰਬਾਣੀ ਸੁਣਾ ਕੇ ਪਵਿੱਤਰ ਕਰ ਰਹੇ ਹਨ। ਸੂਝਵਾਨ ਸੰਗਤ ਆਪ ਹੀ ਵਿਚਾਰ ਲਵੇ ਕਿ ਕੀ ਗੰਨਿਆਂ ਨੂੰ ਗੁਰਬਾਣੀ ਸੁਨਾਉਣ ਨਾਲ ਉਹ ਜੜ੍ਹ ਪਵਿੱਤਰ ਹੋ ਜਾਣਗੇ?

ਇਸ ਤੋਂ ਅਗਲੇ (ਙ) ਮੱਦ ਵਿੱਚ ਬਾਣੀਆਂ ਪੜ੍ਹਨ ਬਾਰੇ ਆਦੇਸ਼ ਹੈ। ਇਸ ਵਿਸ਼ੇ ਨੂੰ ਉਪਰ, ‘ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ? ` ਸਿਰਲੇਖ ਹੇਠ ਵਿਸਥਾਰ ਨਾਲ ਵਿਚਾਰਿਆ ਜਾ ਚੁੱਕਾ ਹੈ।

ਇਸ ਦੇ ਭਾਗ (ਝ) ਵਿੱਚ ਇਹ ਪੰਕਤੀਆਂ ਅੰਕਤ ਹਨ, ……। ‘ਫਿਰ ਪੰਜ ਛੱਟੇ ਅੰਮ੍ਰਿਤ ਦੇ ਨੇਤ੍ਰਾਂ ਪਰ ਲਾਏ ਜਾਣ। ਫੇਰ ਪੰਜ ਛੱਟੇ ਕੇਸਾਂ ਵਿੱਚ ਪਾਏ ਜਾਣ`। ………।

ਇਹ ਆਖਿਆ ਜਾਂਦਾ ਹੈ ਕਿ ਅੱਖਾਂ ਵਿੱਚ ਛੱਟੇ ਇਸ ਵਾਸਤੇ ਮਾਰੇ ਜਾਂਦੇ ਹਨ ਕਿ ਪਹਿਲਾਂ ਮੰਦਾ ਚੰਗਾ ਵੇਖਿਆ ਸਭ ਸਾਫ ਹੋ ਜਾਵੇ ਅਤੇ ਨੇਤ੍ਰ ਪਵਿੱਤਰ ਕਰ ਦਿੱਤੇ ਜਾਣ। ਇਹ ਸਮਝਣ ਵਾਸਤੇ ਕਿ ਨੇਤ੍ਰ ਪਵਿਤ੍ਰ ਕਿਵੇਂ ਹੁੰਦੇ ਹਨ, ਪਹਿਲਾਂ ਇਹ ਵੇਖਣਾ ਪਵੇਗਾ ਕਿ ਨੇਤ੍ਰਾਂ ਨੂੰ ਮੱਲ ਕਿਸ ਚੀਜ਼ ਦੀ ਲੱਗੀ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:

“ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ।। “ {ਮਃ ੧, ਪੰਨਾ ੪੭੨}

ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਅਪਵਿਤ੍ਰਤਾ) ਚੰਬੜਿਆ ਹੋਇਆ ਹੈ।

ਉਪਰੋਕਤ ਪ੍ਰਮਾਣ ਵਿੱਚ ਸਤਿਗੁਰੂ ਨੇ ਸਾਨੂੰ ਇਹ ਸਮਝਾਇਆ ਹੈ ਕਿ ਅਖਾਂ ਪਰਾਇਆ ਧਨ, ਪਰਾਈਆਂ ਇਸਤ੍ਰੀਆਂ ਅਤੇ ਉਨ੍ਹਾਂ ਦਾ ਰੂਪ ਦੇਖ ਕੇ ਅਪਵਿੱਤਰ ਹੋਈਆਂ ਪਈਆਂ ਹਨ। ਜਿਨ੍ਹਾਂ ਅੱਖਾਂ ਨੇ ਸਤ ਸੰਗੀਆਂ ਦੇ ਦਰਸ਼ਨ ਕਰਨੇ ਬੰਦ ਕਰ ਦਿੱਤੇ, ਉਨ੍ਹਾਂ ਦਾ ਭਟਕ ਜਾਣਾ ਅਤੇ ਵਿਕਾਰੀ ਹੋ ਜਾਣਾ ਸੁਭਾਵਕ ਹੈ। ਸਤਿਗੁਰੂ ਫੁਰਮਾਂਉਂਦੇ ਹਨ:

“ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ।। “ (ਫੁਨਹੇ ਮਹਲਾ ੫, ਪੰਨਾ ੧੩੬੨)

ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ।

ਸਮਝਣ ਵਾਲੀ ਗੱਲ ਇਹ ਹੈ ਕਿ ਇਲਾਜ ਤਾਂ ਰੋਗ ਦਾ ਹੋਣਾ ਚਾਹੀਦਾ ਹੈ। ਜੋ ਅੱਖਾਂ ਸਤਿਸੰਗਤ ਤੋਂ ਟੁੱਟਣ ਕਾਰਨ ਵਿਕਾਰੀ ਹੋ ਗਈਆਂ ਹਨ, ਉਨ੍ਹਾਂ ਨੂੰ ਵਿਕਾਰ ਰਹਿਤ ਕਰਨ ਦਾ ਤਰੀਕਾ ਸਤਿਗੁਰੂ ਬਾਣੀ ਵਿੱਚ ਇਹ ਦਸ ਰਹੇ ਹਨ:

“ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ।। “ {ਬਿਹਾਗੜਾ ਮਹਲਾ ੪, ਪੰਨਾ ੫੪੦}

ਹੇ ਮੇਰੀ ਸੋਹਣੀ ਜਿੰਦੇ! ਉਹ ਅੱਖਾਂ ਭਲੀਆਂ ਹਨ ਸਫਲ ਹਨ ਜੋ ਗੁਰੂ ਦਾ ਦਰਸਨ ਕਰਦੀਆਂ ਰਹਿੰਦੀਆਂ ਹਨ।

ਗੁਰਬਾਣੀ ਗੁਰੂ ਦੇ ਦਰਸ਼ਨ ਕੀਤਿਆਂ, ਭਾਵ ਬਾਣੀ ਦਾ ਉਪਦੇਸ਼ ਹਿਰਦੇ ਵਿੱਚ ਧਾਰਣ ਕਰਨ ਨਾਲ ਹੀ ਨੇਤ੍ਰ ਵਿਕਾਰਾਂ ਤੋਂ ਮੁਕਤ ਹੋ ਕੇ, ਪਵਿਤ੍ਰ ਹੋ ਜਾਣਗੇ। ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਅੰਦਰ ਹੋਰ ਵੀ ਐਸੇ ਬਹੁਤ ਪ੍ਰਮਾਣ ਹਨ, ਜੋ ਸਾਨੂੰ ਸਮਝਾਉਂਦੇ ਹਨ ਕਿ ਨੇਤ੍ਰ ਕਿਵੇਂ ਪਵਿੱਤਰ ਹੁੰਦੇ ਹਨ:

“ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ।। ੧।। “ {ਸਲੋਕੁ ਮਃ ੧, ਪੰਨਾ ੪੭੨}

ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿੱਚ ਪਿਆਂ) ਸੂਤਕ (ਅਪਵਿਤ੍ਰਤਾ) ਮਨ ਤੋਂ ਨਹੀਂ ਉਤਰਦੀ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ

“ਨੇਤ੍ਰ ਪੁਨੀਤ ਪੇਖਤ ਹੀ ਦਰਸ।। “ {ਗਉੜੀ ਮਹਲਾ ੫, ਪੰਨਾ ੨੦੧}

(ਹੇ ਭਾਈ!) ਗੋਬਿੰਦ ਦਾ ਦਰਸਨ ਕਰਦਿਆਂ ਹੀ ਅੱਖਾਂ ਪਵਿਤ੍ਰ ਹੋ ਜਾਂਦੀਆਂ ਹਨ (ਵਿਕਾਰ-ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ)।

“ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ।। ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ।। “ {ਧਨਾਸਰੀ ਮਹਲਾ ੫, ਪੰਨਾ ੬੮੦}

ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿੱਚ ਆ ਵੱਸ। ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ, ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ। ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ)। ੧।

ਗੁਰਬਾਣੀ ਦੇ ਇਤਨੇ ਸਪੱਸ਼ਟ ਪ੍ਰਮਾਣਾਂ ਤੋਂ ਬਾਅਦ ਇਸ ਗੱਲ ਵਿੱਚ ਕੋਈ ਸ਼ੱਕ ਹੀ ਨਹੀਂ ਬਚਦਾ, ਕਿ ਇਹ ਨੇਤ੍ਰਾਂ ਵਿੱਚ ਪਾਹੁਲ ਦੇ ਛੱਟੇ ਮਾਰਨ ਵਾਲਾ ਕੰਮ ਗੁਰਮਤਿ ਅਨੁਸਾਰ ਨਹੀਂ। ਆਓ ਜ਼ਰਾ ਕੇਸਾਂ ਵਿੱਚ ਪਾਹੁਲ ਦੇ ਚੁਲੇ ਪਾਉਣ ਵਾਲੀ ਗੱਲ ਨੂੰ ਵੀ ਗੁਰਮਤਿ ਦੀ ਕਸਵੱਟੀ ਤੇ ਪਰਖ ਲਈਏ।

ਇਸ ਬਾਰੇ ਵੀ ਅਕਸਰ ਇਹੀ ਆਖਿਆ ਜਾਂਦਾ ਹੈ ਕਿ ਕਿਉਂਕਿ ਮਤਿ ਸਿਰ ਵਿੱਚ ਹੁੰਦੀ ਹੈ, ਇਸ ਲਈ ਕੇਸਾਂ ਵਿੱਚ ਚੁਲੇ ਮਤਿ ਨੂੰ ਪਵਿੱਤਰ ਕਰਨ ਲਈ ਪਾਏ ਜਾਂਦੇ ਹਨ। ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਕਿ ਮਤਿ ਕਿਵੇਂ ਪਵਿੱਤਰ ਹੁੰਦੀ ਹੈ ਤਾਂ ਸਤਿਗੁਰੂ ਜਪੁ ਬਾਣੀ ਦੀ ਵੀਹਵੀਂ ਪਉੜੀ ਵਿੱਚ ਸਮਝਾਉਂਦੇ ਹਨ:

“ਭਰੀਐ ਮਤਿ ਪਾਪਾ ਕੈ ਸੰਗਿ।। ਓਹੁ ਧੋਪੈ ਨਾਵੈ ਕੈ ਰੰਗਿ।। “ (ਪੰਨਾ ੪)

ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਅਸਲ ਵਿੱਚ ਮਤਿ ਮਲੀਨ ਉਦੋਂ ਹੁੰਦੀ ਹੈ, ਜਦੋਂ ਗੁਰੂ ਨੂੰ ਛੱਡ ਕੇ ਮਨ ਦੇ ਮਗਰ ਲੱਗ ਜਾਵੇ, ਇਸੇ ਵਾਸਤੇ ਗੁਰਬਾਣੀ ਵਿੱਚ ਇਸ ਨੂੰ ਮਨਮਤਿ ਆਖਿਆ ਗਿਆ ਹੈ। ਸਤਿਗੁਰੂ ਸਾਨੂੰ ਬਾਰਬਾਰ ਇਸ ਮਨ ਦੀ ਮਤਿ ਨੂੰ ਤਿਆਗਣ ਦਾ ਉਪਦੇਸ਼ ਕਰਦੇ ਹਨ। ਗੁਰਬਾਣੀ ਜਿਥੇ ਮਨਮਤਿ ਨੂੰ ਤਿਆਗਣ ਦੀ ਗੱਲ ਕਰਦੀ ਹੈ, ਇਸ ਨੂੰ ਤਿਆਗਣ ਦੀ ਜਾਚ ਵੀ ਸਿਖਾਉਂਦੀ ਹੈ:

“ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ।। ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ।। “ {ਬਿਲਾਵਲੁ ਮਹਲਾ ੫, ਪੰਨਾ ੮੧੪}

ਹੇ ਭਾਈ! ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, (ਯਕੀਨ ਜਾਣੋ ਕਿ) ਉਸ (ਮਨੁੱਖ) ਦੇ ਹਿਰਦੇ ਵਿੱਚ ਸੁਖ ਨੇ ਪਰਵੇਸ਼ ਕਰ ਲਿਆ।

“ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ।। ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ।। “ {ਬਿਲਾਵਲੁ ਮਹਲਾ ੪, ਪੰਨਾ ੮੦੦}

ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿੱਚ ਤੁਰੋ), ਪਰ ਇਹ ਗੱਲ ਹੈ ਬੜੀ ਹੀ ਔਖੀ। ਇਸ ਵਾਸਤੇ ਹਰ ਵੇਲੇ ਪਰਮਾਤਮਾ ਨੂੰ ਯਾਦ ਰਖੋ ਅਤੇ ਗੁਰੂ ਪਾਤਿਸ਼ਾਹ ਦੀ ਮਤਿ ਗ੍ਰਹਿਣ ਕਰੋ।

ਉਪਰੋਕਤ ਪ੍ਰਮਾਣਾਂ ਵਿੱਚ ਸਤਿਗੁਰੂ ਨੇ ਨਿਰਣਾ ਦਿੱਤਾ ਹੈ ਕਿ ਮਲੀਨ ਮਤਿ ਨੂੰ ਪਵਿਤਰ ਕਰਨ ਦਾ ਤਰੀਕਾ ਇਹ ਹੈ ਕਿ ਗੁਰੂ ਦੀ ਮਤਿ ਲੈ ਕੇ ਉਸ ਅਨੁਸਾਰ ਚਲਿਆ ਜਾਵੇ।

ਕੁਝ ਇਹ ਕਹਿੰਦੇ ਹਨ ਕਿ ਸਿਰ ਵਿੱਚ ਚੁਲੇ, ਪਾਹੁਲ ਨੂੰ ਦਸਮ ਦੁਆਰ ਤੱਕ ਪਹੁੰਚਾਉਣ ਲਈ ਪਾਏ ਜਾਂਦੇ ਹਨ। ਸਾਡੇ ਕੋਲ ਹਰ ਗੱਲ ਦਾ ਨਿਖੇੜਾ ਕਰਨ ਲਈ ਗੁਰਬਾਣੀ ਦੀ ਹੀ ਕਸਵੱਟੀ ਹੈ। ਆਓ ਇਹ ਅਗਵਾਈ ਵੀ ਗੁਰਬਾਣੀ ਤੋਂ ਹੀ ਲੈਂਦੇ ਹਾਂ ਕਿ ਕੀ ਇੰਝ ਸਿਰ ਵਿੱਚ ਪਾਏ ਚੁਲੇ ਦਸਮ ਦੁਆਰ ਤੱਕ ਪਹੁੰਚ ਜਾਣਗੇ। ਗੁਰੂ ਅਮਰ ਦਾਸ ਪਾਤਿਸ਼ਾਹ ਨੇ ਸਰੀਰ ਦੀ ਰਚਨਾ ਬਾਰੇ ਅਨੰਦੁ ਬਾਣੀ ਵਿੱਚ ਲਿਖਿਆ ਹੈ:

“ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ।। ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ।। “ {ਰਾਮਕਲੀ ਮਹਲਾ ੩, ਪੰਨਾ ੯੨੨}

ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ। ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।

ਹੁਣ ਆਪ ਹੀ ਸੋਚ ਲਈਏ ਕਿ ਜਿਸ ਦਸਮ ਦੁਆਰ ਨੂੰ ਸਤਿਗੁਰੂ ਨੇ ਗੁਪਤ ਰਖਿਆ ਹੈ, ਜਿਸ ਦਾ ਰਾਹ ਹੀ ਪ੍ਰਗਟ ਨਹੀਂ, ਕੀ ਕੇਸਾਂ ਵਿੱਚ ਪਾਏ ਪਾਹੁਲ ਦੇ ਚੁਲੇ ਉਸ ਵਿੱਚ ਪਹੁੰਚ ਜਾਣਗੇ? ਸਤਿਗੁਰੂ ਨੇ ਨਾਲ ਹੀ ਅਗਲੀ ਪੰਕਤੀ ਵਿੱਚ, ਇਸ ਦਸਮ ਦੁਆਰ ਤੱਕ ਪਹੁੰਚਣ ਦਾ ਰਾਹ ਵੀ ਦਸ ਦਿੱਤਾ ਹੈ:

“ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ।। “

ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ।

ਭਾਵ ਜੋ ਸਤਿਗੁਰੂ ਦੇ ਲੜ ਲੱਗ ਗਏ, ਸਤਿਗੁਰੂ ਦਾ ਗਿਆਨ ਪ੍ਰਾਪਤ ਕਰ ਕੇ ਉਨ੍ਹਾਂ ਦਾ ਦਸਵਾਂ ਦੁਆਰ ਪ੍ਰਗਟ ਹੋ ਗਿਆ। ਬ੍ਰਾਹਮਣੀ ਪ੍ਰਭਾਵ ਅਧੀਨ, ਦਸਮ ਦੁਆਰ ਬਾਰੇ ਸਿੱਖ ਕੌਮ ਵਿੱਚ ਬਹੁਤ ਭੁਲੇਖੇ ਪਾਏ ਜਾਂਦੇ ਹਨ ਪਰ ਜੇ ਅਸੀਂ ਨਿਰੋਲ ਗੁਰਬਾਣੀ ਤੋਂ ਅਗਵਾਈ ਲੈਣ ਦੀ ਕੋਸ਼ਿਸ਼ ਕਰੀਏ ਤਾਂ ਕਿਸੇ ਕਿਸਮ ਦਾ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਹੇਠਲੇ ਸ਼ਬਦਾਂ ਵਿੱਚ ਵੀ ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:

“ਪਉਣੈ ਪਾਣੀ ਅਗਨੀ ਕਾ ਮੇਲੁ।। ਚੰਚਲ ਚਪਲ ਬੁਧਿ ਕਾ ਖੇਲੁ।। ਨਉ ਦਰਵਾਜੇ ਦਸਵਾ ਦੁਆਰੁ।। ਬੁਝੁ ਰੇ ਗਿਆਨੀ ਏਹੁ ਬੀਚਾਰੁ।। “ {ਗਉੜੀ ਮਹਲਾ ੧, ਪੰਨਾ ੧੫੨}

ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ, ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)। (ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿੱਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ)।

“ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ।। ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ।। “ {ਮਹਲਾ੧, ਪੰਨਾ ੫੪}

ਜਿਸ ਨੇ ਆਪਣੇ ਦਸਵੇਂ ਦੁਆਰ (ਦਿਮਾਗ਼, ਚਿੱਤ-ਆਕਾਸ਼) ਨੂੰ (ਪਤੀ-ਪ੍ਰਭੂ ਦੇ ਰਹਿਣ ਲਈ) ਸੋਹਣਾ ਘਰ ਬਣਾਇਆ ਹੈ, ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਹਿਰਦੇ ਨੂੰ) ਹੁਲਾਰੇ ਵਿੱਚ ਲਿਆਂਦਾ ਹੈ (ਤੇ, ਇਹ, ਮਾਨੋ, ਉਸ ਨੇ ਹਿਰਦੇ ਵਿਚ) ਦੀਵਾ (ਜਗਾਇਆ ਹੈ), ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਦਾ ਹਾਰ ਬਣਾ ਲਿਆ ਹੈ।

“ਇਸੁ ਕਾਇਆ ਅੰਦਰਿ ਵਸਤੁ ਅਸੰਖਾ।। ਗੁਰਮੁਖਿ ਸਾਚੁ ਮਿਲੇ ਤਾ ਵੇਖਾ।। ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ।। “ {ਮਾਝ ਮਹਲਾ ੩, ਪੰਨਾ ੧੧੦}

ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ, ਤਦੋਂ ਮਨੁੱਖ ਨੌਂ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵੇਂ ਦੁਆਰ ਵਿੱਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ।

“ਸਤਿਗੁਰ ਮਿਲਿਐ ਧਾਵਤੁ ਥੰਮਿੑਆ ਨਿਜ ਘਰਿ ਵਸਿਆ ਆਏ।। ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ।। ਧਾਵਤੁ ਥੰਮਿੑਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ।। “ {ਆਸਾ ਮਹਲਾ ੩, ਪੰਨਾ ੪੪੧}

(ਹੇ ਭਾਈ!) ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਇਹ ਪ੍ਰਭੂ-ਚਰਨਾਂ ਵਿੱਚ ਆ ਟਿਕਦਾ ਹੈ। (ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿੱਚ ਲੀਨ ਰਹਿੰਦਾ ਹੈ। (ਹੇ ਭਾਈ! ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ)।

“ਪੂਜਾ ਪ੍ਰੇਮ ਮਾਇਆ ਪਰਜਾਲਿ।। ਏਕੋ ਵੇਖਹੁ ਅਵਰੁ ਨ ਭਾਲਿ।। ਚੀਨੈੑ ਤਤੁ ਗਗਨ ਦਸਦੁਆਰ।। ਹਰਿ ਮੁਖਿ ਪਾਠ ਪੜੈ ਬੀਚਾਰ।। “ {ਆਸਾ ਮਹਲਾ ੧, ਪੰਨਾ ੩੫੫}

(ਨਾਮ ਵਿੱਚ ਜੁੜ ਕੇ) ਮਾਇਆ ਦਾ ਮੋਹ (ਆਪਣੇ ਅੰਦਰੋਂ) ਚੰਗੀ ਤਰ੍ਹਾਂ ਸਾੜ ਦੇ—ਇਹੀ ਹੈ ਦੇਵ-ਪੂਜਾ। ਹਰ ਥਾਂ ਇੱਕ ਪਰਮਾਤਮਾ ਨੂੰ ਵੇਖ, (ਹੇ ਪਾਂਡੇ!) ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾਹ ਲੱਭਦਾ ਰਹੁ। ਜੇਹੜਾ ਮਨੁੱਖ ਹਰ ਥਾਂ ਵਿਆਪਕ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੇ ਮਾਨੋ ਦਸਵੇਂ ਦੁਆਰ ਵਿੱਚ ਸਮਾਧੀ ਲਾਈ ਹੋਈ ਹੈ। ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮੂੰਹ ਵਿੱਚ ਰੱਖਦਾ ਹੈ (ਉਚਾਰਦਾ), ਉਹ (ਧਾਰਮਿਕ ਪੁਸਤਕਾਂ ਦੇ) ਵਿਚਾਰ ਪੜ੍ਹ ਰਿਹਾ ਹੈ।

“ਦਦਾ ਦੇਖਿ ਜੁ ਬਿਨਸਨਹਾਰਾ।। ਜਸ ਅਦੇਖਿ ਤਸ ਰਾਖਿ ਬਿਚਾਰਾ।। ਦਸਵੈ ਦੁਆਰਿ ਕੁੰਚੀ ਜਬ ਦੀਜੈ।। ਤਉ ਦਇਆਲ ਕੋ ਦਰਸਨੁ ਕੀਜੈ।। “ {ਰਾਗੁ ਗਉੜੀ ਪੂਰਬੀ, ਬਾਵਨ ਅਖਰੀ ਕਬੀਰ ਜੀਉ ਕੀ, ਪੰਨਾ ੩੪੧}

ਜੋ ਇਹ ਸੰਸਾਰ (ਇਹਨਾਂ ਅੱਖਾਂ ਨਾਲ) ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ, (ਹੇ ਭਾਈ!) ਤੂੰ ਸਦਾ ਪ੍ਰਭੂ ਵਿੱਚ ਸੁਰਤ ਜੋੜ, ਜੋ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਹੈ (ਭਾਵ, ਜੋ ਦਿੱਸਦੇ ਤ੍ਰਿਗੁਣੀ ਸੰਸਾਰ ਨਾਲੋਂ ਵੱਖਰਾ ਭੀ ਹੈ)। ਪਰ, ਉਸ ਦਿਆਲ ਪ੍ਰਭੂ ਦਾ ਦੀਦਾਰ ਤਦੋਂ ਹੀ ਕੀਤਾ ਜਾ ਸਕਦਾ ਹੈ, ਜਦੋਂ (ਗੁਰਬਾਣੀ-ਰੂਪ) ਕੁੰਜੀ ਦਸਵੇਂ ਦੁਆਰ ਵਿੱਚ ਲਾਈਏ, (ਭਾਵ, ਜਦੋਂ ਮਨ ਨੂੰ ਸਤਿਗੁਰੂ ਦੀ ਬਾਣੀ ਨਾਲ ਜੋੜੀਏ)।

ਇਥੇ ਇਤਨੇ ਪ੍ਰਮਾਣ ਦੇਣ ਦੀ ਲੋੜ ਇਸ ਵਾਸਤੇ ਪਈ ਹੈ, ਕਿਉਂਕਿ ਗੁਰਬਾਣੀ ਨੂੰ ਧਿਆਨ ਨਾਲ ਵਿਚਾਰੇ ਬਗੈਰ ਦਸਮ ਦੁਆਰ ਬਾਰੇ ਸਮਝ ਨਹੀਂ ਆ ਸਕਦੀ। ਇਨ੍ਹਾਂ ਪ੍ਰਮਾਣਾਂ ਤੋਂ ਬਿਲਕੁਲ ਸਪੱਸ਼ਟ ਹੈ ਕਿ ਦਸਵਾਂ ਦੁਆਰ ਆਤਮਕ ਜੀਵਨ ਦੀ ਸੂਝ ਦਾ ਦੁਆਰ ਹੈ ਅਤੇ ਕੇਵਲ ਸਤਿਗੁਰੂ ਦੇ ਇਲਾਹੀ ਗਿਆਨ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਹੀ ਪ੍ਰਗਟ ਹੁੰਦਾ ਹੈ। ਇਹ ਸੋਚਣਾ ਕਿ ਕੇਸਾਂ ਵਿੱਚ ਪਾਹੁਲ ਦੇ ਚੁਲੇ ਪਾਉਣ ਨਾਲ ਇਹ ਦਸਮ ਦੁਆਰ ਤੱਕ ਪਹੁੰਚ ਜਾਣਗੇ, ਇੱਕ ਅੰਧੀ ਭਾਵਨਾ ਹੀ ਹੋ ਸਕਦੀ ਹੈ।

ਸੋ ਇਹ ਨੇਤ੍ਰਾਂ ਵਿੱਚ ਛਟੇ ਮਾਰਨ ਅਤੇ ਕੇਸਾਂ ਵਿੱਚ ਚੁਲੇ ਪਾਉਣ ਦੀ ਕਿਰਿਆ ਗੁਰਮਤਿ ਅਨੁਸਾਰ ਨਹੀਂ ਹੈ ਅਤੇ ਲੋੜ ਹੈ ਕਿ ਇਸ ਮਰਯਾਦਾ ਵਿੱਚ ਵੀ ਸੋਧ ਕਰ ਲਈ ਜਾਵੇ। ਕਈ ਲੋਕ ਆਖਣਗੇ, ਇਹ ਸ਼ਰਧਾ ਅਤੇ ਵਿਸ਼ਵਾਸ ਦੀ ਗੱਲ ਹੈ, ਇਸ ਉਤੇ ਕਿੰਤੂ ਨਹੀਂ ਕਰਨਾ ਚਾਹੀਦਾ। ਮੈਂ ਸਨਿਮਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਿੱਖ ਧਰਮ ਗਿਆਨ ਅਧਾਰਤ ਧਰਮ ਹੈ, ਇਥੇ ਗਿਆਨ ਅਧਾਰਤ ਸ਼ਰਧਾ ਹੀ ਪ੍ਰਵਾਨ ਹੈ, ਅੰਧੀ ਸ਼ਰਧਾ ਵਾਸਤੇ ਸਿੱਖੀ ਵਿੱਚ ਕੋਈ ਸਥਾਨ ਨਹੀਂ। ਸਿੱਖ ਕੌਮ ਦਾ ਹਰ ਸੰਸਕਾਰ ਗੁਰਮਤਿ ਅਨੁਸਾਰ ਹੀ ਹੋਣਾ ਚਾਹੀਦਾ ਹੈ।

ਚਲਦਾ….
.