.

ਅਖੌਤੀ ਅਕਾਲ-ਤਖਤ ਅਤੇ ਸਿਧਾਂਤ ਦਾ ਮੁੱਦਾ

‘ਅਕਾਲ ਤਖਤ’ ਦੀ ਸਥਿਤੀ ਬਾਰੇ ਵਿਚਾਰ-ਚਰਚਾ ਦੌਰਾਨ ‘ਸਿਧਾਂਤ’ ਦਾ ਮੁੱਦਾ ਵਾਰ-ਵਾਰ ਉਭਰਦਾ ਹੈ। ਅਖੌਤੀ ਅਕਾਲ-ਤਖਤ ਦੀ ਵਿਵਸਥਾ ਦਾ ਪੱਖ ਪੂਰਨ ਵਾਲੇ ਸੱਜਣ ਇਹ ਦਾਵਾ ਕਰਦੇ ਨਹੀਂ ਥੱਕਦੇ ਕਿ ‘ਅਕਾਲ-ਤਖਤ’ ਕੋਈ ਬਿਲਡਿੰਗ ਨਹੀਂ ਇਹ ਇੱਕ ਸਿਧਾਂਤ ਹੈ। ਉੱਧਰ, ਇਸ ਵਿਵਸਥਾ ਨੂੰ ਨਕਾਰਨ ਵਾਲੇ ਪੁੱਛਦੇ ਹਨ ਕਿ ਆਖਰ ਉਹ ਸਿਧਾਂਤ ਹੈ ਕੀ। ਇਸ ਲੇਖ ਦਾ ਵਿਸ਼ਾ ਇਸ ਉਲਝਣ ਬਾਰੇ ਵਿਚਾਰ ਕਰਨਾ ਹੈ।

‘ਸਿਧਾਂਤ’ ਤੋਂ ਮਤਲਬ ਹੈ ਕਿਸੇ ਹੋਂਦ (phenomenon) ਦੀ ਰਚਨਾ ਦੇ ਮਕਸਦ ਅਤੇ ਇਸ ਦੀ ਹੋਣ ਵਾਲੀ ਭੂਮਿਕਾ ਸਬੰਧੀ ਨਿਯਮ ਜੋ ਸੂਤਰ ਰੂਪ ਵਿੱਚ ਪ੍ਰਗਟਾਏ ਗਏ ਹੋਣ। ਸਾਦੇ ਸ਼ਬਦਾਂ ਵਿੱਚ ਜੇਕਰ ਕਿਸੇ ਹੋਂਦ ਨੂੰ ਪੈਦਾ ਕੀਤੇ ਜਾਣ ਦੇ ਮਨੋਰਥ ਅਤੇ ਉਸ ਦੇ ਹੋਣ ਵਾਲੇ ਲਾਭ-ਹਾਣ ਦੇ ਵਿਚਾਰ ਨੂੰ ਦੋ-ਚਾਰ ਵਾਕਾਂ ਵਿੱਚ ਵਿਧੀਵਤ ਢੰਗ ਨਾਲ ਪ੍ਰਗਟਾ ਦਿੱਤਾ ਜਾਵੇ ਤਾਂ ਇਹ ਵਿਚਾਰ ਉਸ ਹੋਂਦ ਦਾ ਸਿਧਾਂਤ ਹੋਵੇਗਾ।

ਅਖੌਤੀ ਅਕਾਲ-ਤਖਤ ਦੇ ਸਿਧਾਂਤ ਦੀ ਗੱਲ ਕਰਦਿਆਂ ਸਾਨੂੰ ਇਸ ਦੇ ਹੇਠ ਲਿਖੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ:

1. ਹੋਂਦ (phenomenon ) ਭਾਵ ਅਖੌਤੀ ਅਕਾਲ-ਤਖਤ ਕੀ ਹੈ।

2. ਰਚਨਾ ਭਾਵ ਅਖੌਤੀ ਅਕਾਲ-ਤਖਤ ਹੋਂਦ ਵਿੱਚ ਕਿਵੇਂ ਆਇਆ।

3. ਰਚਨਾ ਦਾ ਮਕਸਦ ਭਾਵ ਅਖੌਤੀ ਅਕਾਲ-ਤਖਤ ਕਿਉਂ ਹੋਂਦ ਵਿੱਚ ਆਇਆ।

4. ਰਚਨਾ ਦੀ ਭੂਮਿਕਾ ਭਾਵ ਅਖੌਤੀ ਅਕਾਲ-ਤਖਤ ਦੀ ਭੂਮਿਕਾ ਸਬੰਧੀ ਕੀ ਯੋਜਨਾ ਚਿਤਵੀ ਗਈ ਹੋਵੇਗੀ।

5. ਨਿਯਮ ਭਾਵ ਸੂਤਰ ਰੂਪ ਵਿੱਚ ਅਖੌਤੀ ਅਕਾਲ-ਤਖਤ ਦੇ ਨਿਯਮ ਨੂੰ ਕਿਵੇਂ ਪੇਸ਼ ਕੀਤਾ ਜਾਵੇਗਾ।

ਪਹਿਲਾਂ ਅਸੀਂ ਅਖੌਤੀ ਅਕਾਲ-ਤਖਤ ਦੇ ‘ਸਿਧਾਂਤ’ ਬਾਰੇ ਹੁਣ ਤਕ ਪਰਗਟ ਕੀਤੇ ਗਏ ਵੱਖ-ਵੱਖ ਬਿਆਨਾਂ ਦਾ ਵਿਸ਼ਲੇਸ਼ਣ ਕਰਾਂਗੇ। ਇਥੇ ਅਜਿਹੇ ਬਿਆਨਾਂ ਦੀਆਂ ਪੰਜ ਉਦਾਹਰਣਾਂ ਲਈਆਂ ਗਈਆਂ ਹਨ; ਪਹਿਲੀ ਇੱਕ ਮੁੱਖ ਇਨਸਾਈਕਲੋਪੀਡੀਆ ਵਿੱਚੋਂ ਹੈ ਜੋ ਅਸਲ ਵਿੱਚ ਸਿਰਦਾਰ ਕਪੂਰ ਸਿੰਘ ਦੀ ਲਿਖਤ ਦਾ ਉਤਾਰਾ ਹੈ। ਅਗਲੇ ਦੋ ਬਿਆਨ ਉਹਨਾਂ ਵਿਦਵਾਨਾਂ ਦੇ ਹਨ ਜਿਹਨਾਂ ਨੇ ਇਸ ਵਿਸ਼ੇ ਤੇ ਪੁਸਤਕਾਂ ਲਿਖੀਆਂ ਹੋਈਆਂ ਹਨ। ਦੋ ਬਿਆਨ ਉਹਨਾਂ ਵਿਦਵਾਨਾਂ ਦੇ ਹਨ ਜਿਹਨਾਂ ਨੇ ਸਿਖਮਾਰਗ ਵੈਬਸਾਈਟ ਉੱਤੇ ‘ਅਕਾਲ ਤਖਤ’ ਦੇ ਵਿਸ਼ੇ ਤੇ ਚੱਲੀ ਵਿਚਾਰ-ਚਰਚਾ ਵਿੱਚ ਅੱਗੇ ਵਧ ਕੇ ਭਾਗ ਲਿਆ ਹੈ।

1.”ਅਕਾਲ ਤਖਤ ਸਿੱਖ ਧਾਰਮਿਕ ਸ਼ਕਤੀ ਦਾ ਮੁੱਢਲਾ ਸਥੱਲ ਅਤੇ ਸਿੱਖ ਰਾਜਨੀਤਕ ਇਕੱਤਰਤਾ ਦਾ ਕੇਂਦਰੀ ਸਥਾਨ ਹੈ। ਹੁਕਮਨਾਮਿਆਂ ਰਾਹੀਂ ਇਹ ਐਸੇ ਧਾਰਮਿਕ ਆਦੇਸ਼ ਜਾਰੀ ਕਰ ਸਕਦਾ ਹੈ ਜੋ ਸਿੱਖ ਮੱਤ ਦੇ ਸਿਧਾਂਤਕ ਜਾਂ ਅਮਲੀ ਪੱਖਾਂ ਸਬੰਧੀ ਇਸ ਅੱਗੇ ਪੇਸ਼ ਕੀਤੇ ਗਏ ਕਿਸੇ ਨੁਕਤੇ ਬਾਰੇ ਅਗਵਾਈ ਜਾਂ ਸਪਸ਼ਟੀਕਰਨ ਪਰਦਾਨ ਕਰਦੇ ਹੋਣ, ਅਜਿਹੇ ਵਿਅਕਤੀਆਂ ਨੂੰ ਸਜ਼ਾ ਸੁਣਾ ਸਕਦਾ ਹੈ ਜਿਹਨਾਂ ਉੱਤੇ ਧਾਰਮਿਕ ਅਨੁਸਾਸ਼ਣ ਭੰਗ ਕਰਨ ਜਾਂ ਸਿੱਖ ਹਿਤਾਂ ਜਾਂ ਇਕਮੁੱਠਤਾ ਵਿਰੁਧ ਕਿਸੇ ਇਤਰਾਜ਼ਯੋਗ ਕਾਰਵਾਈ ਕਰਨ ਦੇ ਦੋਸ਼ੀ ਹੋਣ ਅਤੇ ਉਹਨਾਂ ਵਿਅਕਤੀਆਂ ਲਈ ਪ੍ਰਸ਼ੰਸਾ-ਪੱਤਰ ਪਰਦਾਨ ਕਰ ਸਕਦਾ ਹੈ ਜਿਹਨਾਂ ਨੇ ਸਿੱਖ ਮੱਤ ਜਾਂ ਸਿੱਖ ਅਨੁਯਾਈਆਂ ਦੇ ਹਿਤਾਂ ਦੀ ਰਖਵਾਲੀ ਕਰਦਿਆਂ ਵਰਨਣਯੋਗ ਸੇਵਾਂਵਾਂ ਜਾਂ ਕੁਰਬਾਨੀਆਂ ਕੀਤੀਆਂ ਹੋਣ”।

ਇਨਸਾਈਕਲੋਪੀਡੀਆ ਔਫ ਸਿਖਿੱਜ਼ਮ

(ਐਡੀਟਰ-ਇਨ-ਚੀਫ: ਹਰਬੰਸ ਸਿੰਘ)

ਨੋਟ: ਇਹ ਬਿਆਨ ਸਿਰਦਾਰ ਕਪੂਰ ਸਿੰਘ ਦੇ ਅੰਗਰੇਜ਼ੀ ਵਿੱਚ ਲਿਖੇ ਹੋਏ ਲੇਖ ‘ਅਕਾਲ ਤਖਤ’ ਵਿੱਚੋਂ ਹੂਬਹੂ ਉਤਾਰਿਆ ਗਿਆ ਹੋਇਆ ਹੈ।

ਉਪਰੋਕਤ ਬਿਆਨ ਵਿੱਚ ਢੇਰ ਸਾਰੀਆਂ ਅਸੰਗਤੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਛੇਵੇਂ ਗੁਰੂ ਜੀ ਨੇ ਜੋ ਤਖਤ ਉਸਾਰਿਆ ਸੀ ਉਸਦਾ ਨਾਮ ‘ਅਕਾਲ ਤਖਤ’ ਨਹੀਂ ਰੱਖਿਆ ਸੀ। ਉਹਨਾਂ ਵੱਲੋਂ ਅੰਮ੍ਰਿਤਸਰ ਵਿਖੇ 1606 ਈਸਵੀ ਵਿੱਚ ਉਸਾਰੇ ਗਏ ਤਖਤ ਨੇ ਉਹਨਾਂ ਵੱਲੋਂ ਸਿੱਖ ਮੱਤ ਵਿਚਲੇ ਮੀਰੀ ਦੇ ਪੱਖ ਨੂੰ ਉਜਾਗਰ ਕਰਨ ਹਿਤ ਅਪਣਾਈ ਗਈ ਵਿਸ਼ੇਸ਼ ਜੀਵਨ-ਸ਼ੈਲੀ ਵਿੱਚ ਕੇਵਲ ਇੱਕ ਅੰਸ਼ ਦੇ ਤੌਰ ਤੇ ਭੂਮਿਕਾ ਨਿਭਾਈ ਸੀ। ਦੂਸਰਾ, ਸਿੱਖ ਧਾਰਮਿਕ ਸ਼ਕਤੀ ਦਾ ਮੁੱਢਲਾ ਸਥੱਲ ਤਾਂ ਸ੍ਰੀ ਗੁਰੂ ਗ੍ਰੰਥ ਜੀ ਬਣਦਾ ਹੈ ਜਿਸ ਨੂੰ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਹੋਣ ਦਾ ਦਰਜਾ ਪਰਾਪਤ ਹੈ। ਸਿੱਖ ਇਤਹਾਸ ਵਿੱਚ ਕਿਸੇ ਸਿੱਖ ਰਾਜਨੀਤਕ ਇਕੱਤਰਤਾ ਦੀ ਕਦੀ ਕੋਈ ਰਵਾਇਤ ਨਹੀਂ ਰਹੀ। ਅਠਾਰ੍ਹਵੀਂ ਸਦੀ ਵਿੱਚ ਵੱਖ-ਵੱਖ ਜੁਝਾਰੂ ਜਥਿੱਆਂ (ਬਾਦ ਵਿੱਚ ਮਿਸਲਾਂ) ਦੇ ਨੁਮਾਇੰਦਿਆਂ ਦੇ ਜਿਹੜੇ ਇਕੱਠ ਅੰਮ੍ਰਿਤਸਰ ਵਿਖੇ ਹੁੰਦੇ ਰਹੇ ਹਨ ਉਹ ਦਰਬਾਰ ਸਾਹਿਬ ਦੇ ਸਾਹਮਣੇ ਹੋਏ ਜਿਥੇ ਛੇਵੇਂ ਗੁਰੂ ਜੀ ਦੇ ਅਲੋਪ ਹੋ ਚੁੱਕੇ ਤਖਤ ਦੀ ਜਗਹ ਨੇੜੇ ਹੀ ਪੈਂਦੀ ਸੀ (ਅਤੇ ਜਿਸ ਉੱਤੇ ‘ਅਕਾਲ ਬੁੰਗਾ’ ਨਾਮੀ ਰਿਹਾਇਸ਼ਗਾਹ ਉੱਸਰ ਚੁੱਕੀ ਹੋਈ ਸੀ)। ਅਖੌਤੀ ਅਕਾਲ-ਤਖਤ ਦੇ ਨਾਮ ਤੇ ਕਿਸੇ ਨੂੰ ਵੀ ਕਿਸੇ ਧਾਰਮਿਕ, ਰਾਜਨੀਤਕ, ਜਾਂ ਸਰਕਾਰੀ ਸੰਸਥਾ ਵੱਲੋਂ ਹੁਕਮਨਾਮੇ ਰਾਹੀਂ ਧਾਰਮਿਕ ਆਦੇਸ਼ ਜਾਰੀ ਕਰਨ ਦਾ ਅਧਿਕਾਰ ਪਰਾਪਤ ਨਹੀਂ (ਇਹ ਹੱਕ ਕੇਵਲ ਗੁਰੂ ਸਾਹਿਬਾਨ ਪਾਸ ਹੀ ਸੀ ਅਤੇ ਅੱਜ ਵੀ ਗਿਆਰ੍ਹਵੇਂ ਗੁਰੂ ਸ੍ਰੀ ਗੁਰ੍ਹ ਗ੍ਰੰਥ ਜੀ ਪਾਸ ਹੈ।)

ਇਸ ਤਰ੍ਹਾਂ ਉਪਰੋਕਤ ਬਿਆਨ ਵਿੱਚ ਅਖੌਤੀ ਅਕਾਲ-ਤਖਤ ਸਬੰਧੀ ਕੋਈ ਵੀ ਤਰਕ-ਸੰਗਤ ਸਿਧਾਂਤ ਪ੍ਰਗਟਾਇਆ ਹੋਇਆ ਨਹੀਂ ਮਿਲਦਾ।

2.”ਅਕਾਲ ਤਖਤ ਇੱਕ ਸੰਕਲਪ ਹੈ, ਇਸ ਦੀ ਰਚਨਾ ਇਸ ਫਲਸਫੇ ਦਾ ਪ੍ਰਗਟਾਵਾ ਹੈ ਕਿ ਸਾਰੇ ਮਨੁੱਖ ਅਕਾਲ ਭਾਵ ਪ੍ਰਮਾਤਮਾਂ ਦੀ ਪਰਜਾ ਹਨ ਅਤੇ ਕੇਵਲ ਪ੍ਰਮਾਤਮਾਂ ਦਾ ਤਖਤ ਹੀ ਅਸਲੀ, ਸਦੀਵੀ ਅਤੇ ਸਰਵਉੱਚ ਹੈ। ਪਰਮਾਤਮਾਂ ਹੀ ਇੱਕ ਅਜਿਹੀ ਸ਼ਕਤੀ ਹੈ ਜੋ ਦੁਨਿਆਵੀ ਅਤੇ ਅਧਿਆਤਮਕ ਦੋਵ੍ਹਾਂ ਖੇਤਰਾਂ ਉੱਤੇ ਰਾਜ ਕਰਦੀ ਹੈ ਅਤੇ ਮਨੁੱਖ ਵਾਸਤੇ ਕੇਵਲ ਇਕੋ ਪਾਤਸ਼ਾਹ ਭਾਵ ਪਰਮਾਤਮਾਂ ਅੱਗੇ ਸਿਰ ਝੁਕਾਉਣਾ ਬਣਦਾ ਹੈ ਭਾਵ ਸਾਰੇ ਮਨੁੱਖਾਂ ਨੂੰ ਕੇਵਲ ਇੱਕ ਪ੍ਰਤੀ (ਪਰਮਾਤਮਾ ਪ੍ਰਤੀ) ਵਫਾਦਾਰੀ ਨਿਭਾਉਣੀ ਚਾਹੀਦੀ ਹੈ। …………. . ਸਿੱਖ ਸਮਾਜ ਦੇ ਧਰਮਤਾਂਤਰਿਕ ਤਰਤੀਬ ਵਿੱਚ ਅਕਾਲ ਤਖਤ ਦਾ ਸਥਾਨ ਸਰਵਉੱਚ ਹੈ ਅਤੇ ਇਹ ਸਿੱਖ ਕੌਮ ਦੀ ਪਹਿਲੇ ਦਰਜੇ ਦੀ ਅਤੇ ਅੰਤਿਮ ਸ਼ਕਤੀ (authority ) ਹੈ”।

ਡਾ. ਹਰਜਿੰਦਰ ਸਿੰਘ ਦਿਲਗੀਰ

ਨੋਟ: ਇਹ ਬਿਆਨ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘Akal Takht: Conept and Role’ ਵਿੱਚੋਂ ਲਿਆ ਗਿਆ ਹੈ।

ਉਪਰੋਕਤ 2. ਨੰਬਰ ਤੇ ਦਰਜ ਬਿਆਨ ਵੀ ਅਸੰਗਤੀਆਂ ਨਾਲ ਭਰਪੂਰ ਹੈ।

ਅੰਮ੍ਰਿਤਸਰ ਵਿਖੇ ਛੇਵੇਂ ਗੁਰੂ ਜੀ ਵੱਲੋਂ ਉਸਾਰੇ ਗਏ ਤਖਤ ਦੇ ਨਾਮ ਅਤੇ ਇਸ ਦੀ ਇਤਹਾਸਿਕ ਭੂਮਿਕਾ ਸਬੰਧੀ ਉੱਪਰ 1. ਤੇ ਸੰਖੇਪ ਵਿੱਚ ਦਸਿੱਆ ਗਿਆ ਹੈ। ਜੋ ਫਲਸਫਾ ਇਸ ਬਿਆਨ ਵਿੱਚ ਅਖੌਤੀ ਅਕਾਲ-ਤਖਤ ਨਾਲ ਜੋੜਿਆ ਗਿਆ ਹੈ ਉਹ ਤਾਂ ਸ੍ਰੀ ਗ੍ਰੰਥ ਸਾਹਿਬ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ। ਕੀ ਅਸੀਂ ਗੁਰੂ ਨਾਨਕ ਦੇਵ ਜੀ ਵੱਲੋਂ ‘ਜਪੁ’ ਦੇ ਅਰੰਭ ਵਿੱਚ ਦਿੱਤੇ ਗਏ ਪਰਮਾਤਮਾਂ ਸਬੰਧੀ ਸੰਕਲਪ ਤੋਂ ਸੰਤੁਸ਼ਟ ਨਹੀਂ ਹਾਂ? ਜੇਕਰ ਅਸੀਂ ਸੰਤੁਸ਼ਟ ਹਾਂ ਤਾਂ ਫਿਰ ਇਸ ਫਲਸਫੇ ਨੂੰ ਕਿਸੇ ਅਖੌਤੀ ਅਕਾਲ-ਤਖਤ ਵਿੱਚੋਂ ਲੱਭਣ ਦੀ ਕੀ ਲੋੜ ਹੈ, ਉਹ ਵੀ ਇਸ ਵਿੱਚ ਫੇਰ-ਬਦਲ ਕਰਕੇ? (ਪਰਮਾਤਮਾਂ ਦੇ ਰੂਪ ਦਾ ‘ਕਰਤਾ ਪੁਰਖ’ ਵਾਲਾ ਪੱਖ ਛੱਡ ਦਿੱਤਾ ਗਿਆ ਹੈ।) ਅਖੌਤੀ ਅਕਾਲ-ਤਖਤ ਨੂੰ ‘ਸਰਵਉੱਚ’ ਕਿਹਾ ਗਿਆ ਹੈ। ਇਥੇ ਇਹ ਪੁੱਛਣਾ ਬਣਦਾ ਹੈ ਕੀ ਸ੍ਰੀ ਗੁਰੂ ਗ੍ਰੰਥ ਜੀ ਸਰਵਉੱਚ ਨਹੀਂ ਹਨ? ਸ੍ਰੀ ਗੁਰੂ ਗ੍ਰੰਥ ਜੀ ਤਾਂ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਜੀ ਹਨ। ਉਹਨਾਂ ਦੇ ਸਾਹਮਣੇ ਅਖੌਤੀ ਅਕਾਲ-ਤਖਤ ਸਿੱਖ ਕੌਮ ਲਈ ਸਰਵਉੱਚ, ਪਹਿਲੇ ਦਰਜੇ ਦੀ ਅਤੇ ਆਖਰੀ ਸ਼ਕਤੀ (authority ) ਕਿਵੇਂ ਬਣ ਗਿਆ?

ਸਪਸ਼ਟ ਹੈ ਕਿ ਨੰਬਰ 2. ਵਾਲਾ ਬਿਆਨ ਵੀ ਅਖੌਤੀ ਅਕਾਲ-ਤਖਤ ਸਬੰਧੀ ਕੋਈ ਨਿਸਚਤ ਸਿਧਾਂਤ ਪੇਸ਼ ਨਹੀਂ ਕਰ ਸਕਿਆ।

3.”ਜੇ ਸਤਿਗੁਰੂ ਅਰਜਨ ਪਾਤਿਸ਼ਾਹ ਨੇ ਦਰਬਾਰ ਸਾਹਿਬ ਨੂੰ ਸਿੱਖੀ ਦੇ ਕੇਂਦਰ ਵਜੋਂ ਸਥਾਪਤ ਕੀਤਾ, ਤਾਂ ਇਸ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਹੋਏ ਹੀ, ਸਤਿਗੁਰੂ ਹਰਗੋਬਿੰਦ ਪਾਤਿਸ਼ਹ ਨੇ ਸਿੱਖੀ ਦਾ ਮੀਰੀ ਦਾ ਕੇਂਦਰ, ਅਕਾਲ ਬੁੰਗਾ, ਇਸ ਦੇ ਐਨ ਸਾਹਮਣੇ ਸਥਾਪਤ ਕਰਕੇ ਇਹ ਸਪਸ਼ਟ ਸੁਨੇਹਾ ਦੇ ਦਿਤਾ ਕਿ ਸਿੱਖ ਧਰਮ ਕੋਈ ਪੂਜਾ ਦਾ ਧਰਮ ਨਹੀਂ ਅਤੇ ਇਥੇ ਸ਼ੁਭ ਗੁਣਾਂ `ਤੇ ਅਧਾਰਿਤ, ਨਿਰਮਲ ਜੀਵਨ ਜੁਗਤਿ ਰੂਪੀ ਭਗਤੀ ਅਤੇ ਇਨ੍ਹਾਂ ਅਨਮੋਲ ਸਿਧਾਂਤਾਂ ਦੀ ਰਖਿਆ ਵਾਸਤੇ ਸ਼ਕਤੀ ਦੀ ਵਰਤੋਂ ਦਾ ਇੱਕ ਲਾਜੁਆਬ ਸੁਮੇਲ ਹੈ। ………………. ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਅਜ਼ਾਦ ਹਸਤੀ ਦਾ ਵੀ ਪ੍ਰਤੀਕ ਹੈ। ਸੋ ਅਕਾਲ ਤਖਤ ਕੇਵਲ ਇੱਕ ਇਮਾਰਤ ਨਹੀਂ ਬਲਕਿ ਫਲਸਫਾ ਹੈ, ਸਿਧਾਂਤ ਹੈ, ਇਮਾਰਤ ਤਾਂ ਕੇਵਲ ਸੰਕੇਤ ਹੈ”।

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ) ਸ਼੍ਰੋਮਣੀ ਖਾਲਸਾ ਪੰਚਾਇਤ

ਨੋਟ: ਇਹ ਬਿਆਨ ਰਾਜਿੰਦਰ ਸਿੰਘ ਦੀ ਸਿਖਮਾਰਗ ਵੈਬਸਾਈਟ ਅਤੇ ਖਾਲਸਾਨਿਊਜ਼ ਵੈਬਸਾਈਟ ਤੇ ਆਈ ਲੇਖ-ਲੜੀ ‘ਅਕਾਲ ਤਖਤ ਸਾਹਿਬ ਅਤੇ ਅਖੌਤੀ ਜਥੇਦਾਰ ਦਾ ਅਹੁਦਾ’ ਵਿੱਚੋਂ ਲਿਆ ਗਿਆ ਹੈ। ਇਹ ਲੇਖ -ਲੜੀ ਰਾਜਿੰਦਰ ਸਿੰਘ ਦੀ ਪੁਸਤਕ ‘ਮਹੱਤਵਪੂਰਨ ਸਿੱਖ ਮੁੱਦੇ’ ਵਿੱਚ ਵੀ ਸ਼ਾਮਲ ਕੀਤੀ ਜਾ ਚੁੱਕੀ ਹੈ।

ਉਪਰੋਕਤ ਨੰਬਰ 3. ਵਾਲੇ ਬਿਆਨ ਵਿੱਚ ਅਨੇਕਾਂ ਅਤਿਕਥਨੀਆਂ ਸ਼ਾਮਲ ਹਨ।

ਪਹਿਲੀ ਗੱਲ ਇਹ ਹੈ ਕਿ ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ ਤਖਤ ਬਣਾਇਆ ਸੀ ‘ਅਕਾਲ ਬੁੰਗਾ’ ਨਹੀਂ। ਬੁੰਗਾ ਤਾਂ ਇੱਕ ਸਰਾਂ ਜਾਂ ਹੋਸਟਲ ਦੀ ਤਰਜ਼ ਤੇ ਨਿਰਮਾਣ ਕੀਤੀ ਗਈ ਇੱਕ ਰਿਹਾਇਸ਼ਗਾਹ ਨੂੰ ਕਿਹਾ ਜਾਦਾ ਰਿਹਾ ਹੈ। ਦੂਸਰਾ, ਗੁਰੂ ਜੀ ਨੇ ਮੀਰੀ ਦਾ ਕੋਈ ਕੇਂਦਰ ਨਹੀਂ ਬਣਾਇਆ, ਉਹਨਾਂ ਨੇ ਤਾਂ ਸਿੱਖ ਜੀਵਨ-ਜਾਚ ਵਿੱਚ ਮੀਰੀ ਦਾ ਪੱਖ ਸ਼ਾਮਲ ਕਰ ਕੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਸਫਲਤਾ ਨਾਲ ਸਥਾਪਤ ਕੀਤਾ ਅਤੇ ਇਸ ਮਕਸਦ ਲਈ ਕਈ ਅੰਸ਼ਾਂ ਦੀ ਵਰਤੋਂ ਕੀਤੀ। ਗੁਰੂ ਜੀ ਵੱਲੋਂ ਅੰਮ੍ਰਿਤਸਰ ਵਿਖੇ ਉਸਾਰਿਆ ਗਿਆ ਤਖਤ ਉਹਨਾਂ ਬਹੁਤ ਸਾਰੇ ਅੰਸ਼ਾਂ ਵਿਚੋਂ ਇੱਕ ਸੀ। ਇਹਨਾਂ ਕਈ ਅੰਸ਼ਾਂ ਵਿੱਚੋਂ ਕੇਵਲ ਇੱਕ ਅੰਸ਼ ਮੀਰੀ ਦਾ ਕੇਂਦਰ ਕਿਵੇਂ ਬਣ ਗਿਆ? ਅਖੌਤੀ ਅਕਾਲ-ਤਖਤ (ਜਿਸ ਨੂੰ ਇਥੇ ‘ਅਕਾਲ ਬੁੰਗਾ’ ਕਿਹਾ ਗਿਆ ਹੈ) ਦੇ ਬਣਨ ਨਾਲ ਦਰਬਾਰ ਸਾਹਿਬ ਦੀ ਮਹੱਤਤਾ ਵਧਦੀ ਨਹੀ ਸਗੋਂ ਇਸ ਨੂੰ ਤਾਂ ਖੋਰਾ ਲਗਦਾ ਹੈ। ਸਮਾਂ ਪਾ ਕੇ ਇਸ ਹੋਸਟਲ (ਬੁੰਗੇ) ਨੂੰ ਗੁਰਦੁਆਰੇ ਵਿੱਚ ਤਬਦੀਲ ਕਰਕੇ ਦਰਬਾਰ ਸਾਹਿਬ ਦੇ ਐਨ ਸਾਹਮਣੇ ਅਤੇ ਇਤਨਾ ਨੇੜੇ ਇੱਕ ਸ਼ਰੀਕ ਖੜ੍ਹਾ ਕਰ ਦਿੱਤਾ ਗਿਆ। ਜਿਸ (ਮੀਰੀ-ਪੀਰੀ ਦੇ) ਸੁਨੇਹੇ ਦੀ ਗੱਲ ‘ਇਥੇ’ ਕਹਿ ਕੇ ਕੀਤੀ ਗਈ ਹੈ ਉਹ ਸੁਨੇਹਾ ਛੇਵੇਂ ਗੁਰੂ ਜੀ ਨੇ ਆਪਣੀ ਜੀਵਨ-ਸ਼ੈਲੀ ਰਾਹੀਂ ਦਿੱਤਾ ਸੀ ਨਾ ਕਿ ਇੱਕ ਭਵਨ ਜਾਂ ਇੱਕ ਤਖਤ ਰਾਹੀਂ। ‘ਅਕਾਲ ਬੁੰਗਾ’ ਨਾਮੀ ਭਵਨ ਦੀ ਛੇਵੇਂ ਗੁਰੂ ਜੀ ਦੇ ਜੀਵਨ-ਕਾਲ ਵਿੱਚ ਕੋਈ ਭੂਮਿਕਾ ਨਹੀਂ ਰਹੀ। ਇਹ ਵੀ ਅਤਿਕਥਨੀ ਹੈ ਕਿ ਅਖੌਤੀ ਅਕਾਲ-ਤਖਤ ਦੀ ਵਿਵਸਥਾ ‘ਸਿੱਖ ਕੌਮ ਦੀ ਅਜ਼ਾਦ ਹਸਤੀ ਦਾ ਪ੍ਰਤੀਕ’ ਹੈ। ਕੇਵਲ ਸਿੱਖ ਕੌਮ ਨੂੰ ਅਜ਼ਾਦ ਹਸਤੀ ਕਰ ਕੇ ਪੇਸ਼ ਕਰਨਾ ਗੁਰਮੱਤ ਦੇ ਅਨੁਕੂਲ ਨਹੀਂ। ਗੁਰੂ ਸਾਹਿਬਾਨ ਨੇ ਹਰ ਮਨੁੱਖ ਦੀ ਅਜ਼ਾਦੀ ਦੀ ਗੱਲ ਕੀਤੀ ਹੈ ਅਤੇ ਉਹਨਾਂ ਨੇ ਮਨੁੱਖੀ ਹੱਕਾਂ ਦੀ ਰਖਿੱਆ ਲਈ ਝੰਡਾ ਬੁਲੰਦ ਕਰਦੇ ਹੋਏ ਸਾਰੀ ਮਨੁੱਖਤਾ ਦੀ ਬਰਾਬਰੀ ਅਤੇ ਭਲਾਈ ਦੀ ਗੱਲ ਕੀਤੀ ਹੈ। ਕੇਵਲ ‘ਸਿੱਖ ਕੌਮ ਦੀ ਅਜ਼ਾਦ ਹਸਤੀ’ ਦੀ ਗੱਲ ਕਰਨ ਵਾਲਾ ਕੋਈ ਵੀ ਪ੍ਰਤੀਕ ਗੁਰਮੱਤ ਅਨੁਸਾਰੀ ਨਹੀਂ ਹੋ ਸਕਦਾ।

ਸਪਸ਼ਟ ਹੈ ਕਿ ਉਪਰੋਕਤ ਬਿਆਨ ਰਾਹੀਂ ਅਖੌਤੀ ਅਕਾਲ-ਤਖਤ ਨਾਲ ਸਬੰਧਿਤ ਕੋਈ ਸਪਸ਼ਟ ਸਿਧਾਂਤ ਪੇਸ਼ ਨਹੀਂ ਕੀਤਾ ਜਾ ਸਕਿਆ।

4.”ਅਕਾਲ ਤਖਤ ਇੱਕ ਸਿਧਾਂਤ ਹੈ। ਦਰਬਾਰ ਸਾਹਿਬ ਸਿਰਫ ਅਤੇ ਸਿਰਫ ਅਧਿਆਤਮਕ ਸੇਧ ਦੇਣ ਦਾ ਜਰੀਆ ਹੈ। …………ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਤੋਂ ਵੱਖਰਾ ਪਰ ਇਸ ਦੇ ਨਾਲ ਜੁੜਿਆ ‘ਤਖਤ’ ਦਾ ਸਿਧਾਂਤ ਹੋਂਦ ਵਿੱਚ ਲਿਆਂਦਾ। ਜਿੱਥੇ ਗੁਰਮਤਿ ਨਾਲ ਜੁੜੇ ਸਿੱਖਾਂ ਨੂੰ/ਸਿੱਖ ਪੰਥ ਨੂੰ ਸਰਕਾਰੀ ਜਾਂ ਬਾਹਰਲੇ ਹੋਰ ਕਿਸੇ ਕਿਸਮ ਦੇ ਦਖਲ ਨਾਲ ਨਿਪਟਣ ਲਈ ਸੇਧ ਮਿਲਣ ਲੱਗੀ। ਮੁੱਖ ਤੌਰ ਤੇ ਅਕਾਲ ਤਖਤ ਦਾ ਇਹੀ ਸਿਧਾਂਤ ਹੈ. . ……. . ਅਕਾਲ ਤਖਤ ਗੁਰਮਤਿ ਸਿਧਾਂਤ ਦੀ ਰਾਖੀ ਲਈ ਹੋਂਦ ਵਿੱਚ ਆਇਆ ਸੀ”।

ਜਸਵੀਰ ਸਿੰਘ (ਕੈਲਗਿਰੀ)

ਨੋਟ: ਉਪਰੋਕਤ ਬਿਆਨ ਸਿਖਮਾਰਗ ਵੈਬਸਾਈਟ ਉੱਤੇ ਜਸਵੀਰ ਸਿੰਘ (ਕੈਲਗਿਰੀ) ਦੇ 17. 04. 2011 ਨੂੰ ਪਾਏ ਗਏ ਪੱਤਰ ਵਿੱਚੋਂ ਲਿਆ ਗਿਆ ਹੈ।

ਨੰਬਰ 4 ਤੇ ਦਰਜ ਉਪਰੋਕਤ ਬਿਆਨ ਵੀ ਅਤਿਕਥਨੀਆਂ ਨਾਲ ਭਰਪੂਰ ਹੈ।

‘ਅਕਾਲ ਤਖਤ’ ਇੱਕ ਫਰਜ਼ੀ ਵਿਵਸਥਾ ਹੈ। ਗੁਰੂ ਜੀ ਦਾ ਆਪਣਾ ਉਸਾਰਿਆ ਹੋਇਆ ਤਖਤ ਸਤਾਰ੍ਹਵੀਂ ਸਦੀ ਤੋਂ ਹੀ ਅਲੋਪ ਹੈ। ‘ਅਕਾਲ-ਤਖਤ’ ਦੀ ਵਿਵਸਥਾ ਤਾਂ ਕਲਪਿਤ ਵਿਵਸਥਾ ਹੈ ਅਤੇ ਇਸੇ ਕਰਕੇ ਇਹ ‘ਅਖੌਤੀ’ ਹੈ। ਫਿਰ ਇੱਕ ਕਲਪਿਤ ਵਿਵਸਥਾ ਸਿਧਾਂਤ ਕਿਵੇਂ ਹੋਈ? ਗੁਰੂ ਜੀ ਨੇ ਤਖਤ ਜ਼ਰੂਰ ਉਸਾਰਿਆ ਸੀ ਪਰੰਤੂ ਇਹ ਤਖਤ ਸਤਾਰ੍ਹਵੀਂ ਸਦੀ ਵਿੱਚ ਹੀ ਅਲੋਪ ਹੋ ਗਿਆ ਸੀ। ਇਹ ਕਹਿਣਾ ਸਰਾਸਰ ਗਲਤ ਹੈ ਕਿ “ਦਰਬਾਰ ਸਾਹਿਬ ਸਿਰਫ ਅਤੇ ਸਿਰਫ ਅਧਿਆਤਮਕ ਸੇਧ ਦੇਣ ਦਾ ਜਰੀਆ ਹੈ”। ਦਰਬਾਰ ਸਾਹਿਬ ਤਾਂ ਸਿੱਖ ਮੱਤ ਦਾ ਸਰਵਉੱਚ ਧਾਰਮਿਕ ਕੇਂਦਰ ਹੈ। ਸਿੱਖਿਆ ਦਾ ਜਰੀਆ ਤਾਂ ਸ੍ਰੀ ਗ੍ਰੰਥ ਜੀ ਹੈ ਜਿਸ ਦਾ ਸਭ ਤੋਂ ਪਹਿਲਾ ਪਰਕਾਸ਼ 1604 ਈਸਵੀ ਵਿੱਚ ਦਰਬਾਰ ਸਾਹਿਬ ਵਿੱਚ ਹੋਇਆ ਸੀ। ਪੰਤੂ ਦਰਬਾਰ ਸਾਹਿਬ ਆਪਣੇ-ਆਪ ਵਿੱਚ ਕੋਈ ਸਿਧਾਂਤ ਨਹੀਂ ਜਿਸ ਦਾ ਟਾਕਰਾ ਕਿਸੇ ਹੋਰ ਸਿਧਾਂਤ ਨਾਲ ਕੀਤਾ ਜਾ ਸਕੇ। ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਿਖੇ 1606 ਈਸਵੀ ਵਿੱਚ ਉਸਾਰੇ ਗਏ ਤਖਤ ਦੀ ਭੂਮਿਕਾ ਬਾਰੇ ਤਾਂ ਸਥਿਤੀ ਇਹ ਹੈ ਕਿ ਉਹਨਾਂ ਦਾ ਇਹ ਤਖਤ ਉਹਨਾਂ ਬਹੁਤ ਸਾਰੇ ਅੰਸ਼ਾਂ ਵਿਚੋਂ ਇੱਕ ਸੀ ਜਿਹਨਾਂ ਦੀ ਵਰਤੋਂ ਰਾਹੀਂ ਉਹਨਾਂ ਨੇ ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਫਲਤਾ ਨਾਲ ਉਜਾਗਰ ਕੀਤਾ। ਇਸ ਭੂਮਿਕਾ ਦਾ ਦਰਬਾਰ ਸਾਹਿਬ ਦੀ ਭੂਮਿਕਾ ਨਾਲ ਕੋਈ ਮੇਲ ਨਹੀਂ ਬਣਦਾ। ਇਥੇ ਅਖੌਤੀ ਅਕਾਲ-ਤਖਤ ਦਾ ਮੁੱਖ ਸਿਧਾਂਤ ਸਿੱਖ ਭਾਈਚਾਰੇ ਨੂੰ “ਸਰਕਾਰੀ ਜਾਂ ਬਾਹਰਲੇ ਹੋਰ ਕਿਸੇ ਕਿਸਮ ਦੇ ਦਖਲ ਨਾਲ ਨਿਪਟਣ ਲਈ” ਸੇਧ ਦੇਣਾ ਵੀ ਦੱਸਿਆ ਗਿਆ ਹੈ। ਛੇਵੇਂ ਗੁਰੂ ਜੀ ਦੇ ਤਖਤ ਦਾ ਤਾਂ ਅਜਿਹਾ ਕੋਈ ਮਨੋਰਥ ਨਹੀਂ ਸੀ। ਇਸ ਦਾ ਮਨੋਰਥ ਤਾਂ ਗੁਰੂ ਜੀ ਵੱਲੋਂ ਸਿੱਖ ਮੱਤ ਵਿਚਲੇ ਮੀਰੀ ਦੇ ਪੱਖ ਨੂੰ ਉਜਾਗਰ ਕਰਨ ਹਿਤ ਅਪਣਾਈ ਗਈ ਵਿਸ਼ੇਸ਼ ਜੀਵਨ-ਸ਼ੈਲੀ ਵਿੱਚ ਕੇਵਲ ਇੱਕ ਅੰਸ਼ ਦੇ ਤੌਰ ਤੇ ਭੂਮਿਕਾ ਨਿਭਾਉਣਾ ਸੀ। 1926 ਈਸਵੀ ਤੋਂ ਲੈ ਕੇ ਹੋਂਦ ਵਿੱਚ ਆਈ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੇ ਕਦੀ ਵੀ ਸਿਖ ਸਭਿਆਚਾਰ ਵਿੱਚ ਕਿਸੇ ਸਰਕਾਰੀ ਜਾਂ ਬਾਹਰਲੇ ਦਖਲ ਨਾਲ ਨਿਪਟਣ ਸਬੰਧੀ ਕੋਈ ਹਾਂ-ਪੱਖੀ ਭੂਮਿਕਾ ਨਹੀਂ ਨਿਭਾਈ। ਸਗੋਂ ਪਿਛਲੇ ਅੱਠ ਦਹਾਕਿਆਂ ਵਿੱਚ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੂੰ ਸਿਖ ਸਭਿਆਚਾਰ ਵਿੱਚ ਸਰਕਾਰੀ ਅਤੇ ਬਾਹਰੀ ਦਖਲ ਦੇ ਸਾਧਨ ਤੌਰ ਤੇ ਖੂਬ ਵਰਤਿਆ ਜਾ ਗਿਆ ਹੈ। ਦੂਸਰੇ ਪਾਸੇ ਇਹ ਵੀ ਕਹਿ ਦਿੱਤਾ ਗਿਆ ਹੈ ਕਿ “ਅਕਾਲ ਤਖਤ ਗੁਰਮਤਿ ਸਿਧਾਂਤ ਦੀ ਰਾਖੀ ਲਈ ਹੋਂਦ ਵਿੱਚ ਆਇਆ ਸੀ”। ਇਹ ਤਾਂ ਅਖੌਤੀ ਅਕਾਲ-ਤਖਤ ਦੀ ਵਿਵਸਥਾ ਸਬੰਧੀ ਉੱਪਰੋਕਤ ਦਾਵੇ ਤੋਂ ਬਿਲਕੁਲ ਵੱਖਰਾ ਦਾਵਾ ਬਣ ਜਾਂਦਾ ਹੈ। ਇੱਕੋ ਸਥਿਤੀ ਲਈ ਦੋ ਵੱਖ-ਵੱਖ ਦਾਵੇ ਤਾਂ ਸਵੈ-ਵਿਰੋਧ ਨੂੰ ਪਰਗਟ ਕਰਦੇ ਹਨ। ਬਾਕੀ ਇਤਹਾਸ ਗਵਾਹ ਹੈ ਕਿ ਸਤਾਰ੍ਹਵੀਂ ਸਦੀ ਵਿੱਚ ਛੇਵੇਂ ਗੁਰੂ ਜੀ ਦੇ ਉਸਾਰੇ ਹੋੇਏ ਤਖਤ ਦੇ ਅਲੋਪ ਹੋਣ ਉਪਰੰਤ ਹੋਂਦ ਵਿੱਚ ਆਏ ਅਕਾਲ ਬੁੰਗੇ ਵੱਲੋਂ ਗੁਰਮਤਿ ਸਿਧਾਂਤ ਦੀ ਰਾਖੀ ਕਰਨ ਦਾ ਇਤਹਾਸ ਵਿੱਚ ਕੋਈ ਹਵਾਲਾ ਨਹੀਂ ਮਿਲਦਾ ਅਤੇ 1926 ਈਸਵੀ ਤੋਂ ਹੋਂਦ ਵਿੱਚ ਆਈ ਅਖੌਤੀ ਅਕਾਲ-ਤਖਤ ਦੀ ਵਿਵਸਥਾ ਨੇ ਗੁਰਮੱਤ ਸਿਧਾਂਤ ਨੂੰ ਖੋਰਾ ਲਾਉਣ ਵਿੱਚ ਕੋਈ ਕਸਰ ਹੀ ਨਹੀਂ ਛੱਡੀ।

ਸਪਸ਼ਟ ਹੈ ਕਿ ਚੌਥੇ ਬਿਆਨ ਰਾਹੀਂ ਵੀ ਅਖੌਤੀ ਅਕਾਲ-ਤਖਤ ਨਾਲ ਸਬੰਧਿਤ ਕੋਈ ਸਿਧਾਂਤ ਪੇਸ਼ ਨਹੀਂ ਕੀਤਾ ਜਾ ਸਕਿਆ।

5.”ਅਕਾਲ ਤਖਤ ਇੱਕ ਫਲਸਫੇ ਦਾ ਨਾਮ ਹੈ ਜਿਸ ਨੂੰ ਇੱਕ ਪ੍ਰਤੀਕ (ਦਰਬਾਰ ਸਾਹਿਬ ਸ੍ਹਾਮਣੇ ਗੁਰੂ ਉਸਾਰਿਆ ਤਖਤ) ਰਾਹੀਂ ਮਨੁੱਖਤਾ ਨੂੰ (ਸ) ਮਝਾਇਆ ਗਿਆ ਹੈ। …………ਅਕਾਲ ਤਖਤ ਸ਼ਬਦ ਗੁਰੂ ਦੀ ਇਸ ਸਿੱਖਿਆ ਦਾ ਪਤ੍ਰੀਕਾਤਮਕ ਪ੍ਰਗਟਾਵਾ ਹੈ ਕਿ ਅਕਾਲ ਦੇ ਤਖਤ (ਪਰਮਾਤਮਾ) ਦਾ ਇਨਸਾਫ ਹੀ ਸਰਵੁੱਚ ਹੈ ਜਿਸ ਦੇ ਅਨੁਰੂਪ ਹੀ ਮਨੁੱਖ ਨੂੰ ਹੱਕ ਮੰਗਣਾ ਅਤੇ ਹੱਕ ਦੇਣਾ ਚਾਹੀਦਾ ਹੈ ਨਾਲ ਹੀ ਇਹ ਗੱਲ ਹਰ ਨਿਰੁੰਕਸ਼ ਮਾਨਸਿਕਤਾ ਨੂੰ ਸਮਝਣੀ ਚਾਹੀਦੀ ਹੈ। ਛੇਵੇਂ ਗੁਰੂ ਜੀ ਨੇ ਇਸੇ ਬਾਣੀ ਦੇ ਸਿਧਾਂਤ ਹੇਠ ਅਕਾਲ ਤਖਤ ਪ੍ਰਤੀਕ ਦੀ ਵਰਤੋਂ ਕੀਤੀ………………. . ਨਿਰਸੰਦੇਹ ਅਕਾਲ ਤਖਤ ਉਸਾਰੀ ਦੇ ਪਿਛੇ ਦੀ ਵਿਚਾਰਧਾਰਾ ਬਾਣੀ ਅਨੁਰੂਪ ਸੀ”।

ਹਰਦੇਵ ਸਿੰਘ ਜੰਮੂ

ਨੋਟ: ਉਪਰੋਕਤ ਬਿਆਨ ਸਿਖਮਾਰਗ ਵੈਬਸਾਈਟ ਤੇ ਹਰਦੇਵ ਸਿੰਘ ਜੰਮੂ ਦੇ 17. 04. 2011 ਨੂੰ ਪਾਏ ਗਏ ਪੱਤਰ ਵਿੱਚੋਂ ਲਿਆ ਗਿਆ ਹੈ।

ਉਪਰੋਕਤ ਬਿਆਨ ਵਿੱਚ ‘ਅਕਾਲ ਤਖਤ’ ਅਤੇ ‘ਗੁਰੂ ਉਸਾਰਿਆ ਤਖਤ’ ਨੂੰ ਦੋ ਵੱਖਰੀਆਂ ਹੋਂਦਾਂ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ: ‘ਅਕਾਲ ਤਖਤ’ ਨੂੰ ਇੱਕ ਫਲਸਫੇ ਦੇ ਤੌਰ ਤੇ ਅਤੇ ‘ਗੁਰੂ ਉਸਾਰੇ ਤਖਤ’ ਨੂੰ ਇੱਕ ਪ੍ਰਤੀਕ ਦੇ ਤੌਰ ਤੇ। ਇਥੇ ਪਹਿਲਾਂ ਤਾਂ ਸ਼ਬਦ ਗੁਰੂ ਭਾਵ ਗੁਰਬਾਣੀ ਦੀ ਸਿਖਿੱਆ ਦਾ ਜ਼ਿਕਰ ਕੀਤਾ ਗਿਆ ਹੈ ਜੋ ਹੇਠ ਦਿੱਤੇ ਅਨਸਾਰ ਹੈ:

“ਅਕਾਲ ਦੇ ਤਖਤ (ਪਰਮਾਤਮਾ) ਦਾ ਇਨਸਾਫ ਹੀ ਸਰਵੁੱਚ ਹੈ ਜਿਸ ਦੇ ਅਨੁਰੂਪ ਹੀ ਮਨੁੱਖ ਨੂੰ ਹੱਕ ਮੰਗਣਾ ਅਤੇ ਹੱਕ ਦੇਣਾ ਚਾਹੀਦਾ ਹੈ ਨਾਲ ਹੀ ਇਹ ਗੱਲ ਹਰ ਨਿਰੁੰਕਸ਼ ਮਾਨਸਿਕਤਾ ਨੂੰ ਸਮਝਣੀ ਚਾਹੀਦੀ ਹੈ। “(ਇਹ ਦਸਿੱਆ ਨਹੀਂ ਗਿਆ ਕਿ ਇਹ ਸਿਖਿੱਆ ਗੁਰਬਾਣੀ ਦੇ ਕਿਸ ਹਿੱਸੇ ਵਿੱਚ ਦਰਜ ਹੈ।)

ਫਿਰ ਛੇਵੇਂ ਗੁਰੂ ਜੀ ਦੇ ਉਸਾਰੇ ਤਖਤ (ਹੁਣ ‘ਤਖਤ’ ਦੀ ਜਗਹ ਤੇ ‘ਅਕਾਲ ਤਖਤ’ ਵਰਤ ਲਿਆ ਗਿਆ ਹੈ) ਨੂੰ ਇਸ ਸਿੱਖਿਆ (ਸਿਧਾਂਤ) ਦੇ ਪ੍ਰਤੀਕ ਦੇ ਤੌਰ ਤੇ ਦਰਸਾਇਆ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਗੁਰਬਾਣੀ ਵਿੱਚ ਦਰਜ ਸਿੱਖਿਆ (ਸਿਧਾਂਤ) ਦੇ ਕਿਸੇ ‘ਪ੍ਰਤੀਕ’ ਦੀ ਵਰਤੋਂ ਕਿਵੇਂ ਕਰਨਗੇ। ਕਿਸੇ ਵਸਤੂ ਦੀ ਵਰਤੋਂ ਦੋ ਪਰਕਾਰ ਨਾਲ ਹੋ ਸਕਦੀ ਹੈ:

1. ਜਿਸ ਮਕਸਦ ਲਈ ਉਸ ਵਸਤੂ ਦੀ ਆਮ ਕਰਕੇ ਵਰਤੋਂ ਹੁੰਦੀ ਹੈ। ਇਥੇ ਤਖਤ ਦੀ ਵਰਤੋਂ ਬਾਦਸ਼ਾਹਤ ਦੇ ਹਿੱਸੇ ਵਜੋਂ ਹੋਵੇਗੀ। ਛੇਵੇਂ ਗੁਰੂ ਜੀ (ਸਿੱਖ ਮੱਤ ਵਿੱਚ ਮੀਰੀ ਦਾ ਪੱਖ ਉਜਾਗਰ ਕਰਨ ਹਿਤ) ਬਾਦਸ਼ਾਹ ਵਾਂਗ ਵਿਚਰਦੇ ਸਨ ਅਤੇ ਤਖਤ ਦੀ ਵਰਤੋਂ ਕਰਦੇ ਸਨ।

2. ਪ੍ਰਤੀਕ ਦੇ ਤੌਰ ਤੇ। ਜਿਵੇਂ ਫੁੱਲ ਨੂੰ ਆਮ ਕਰਕੇ ਸਜਾਵਟ ਵਾਸਤੇ ਵਰਤਿਆ ਜਾਂਦਾ ਹੈ ਪ੍ਰੰਤੂ ਕਿਸੇ ਪੂਜਾ ਅਸਥਾਨ ਤੇ ਭੇਂਟ ਕੀਤਾ ਗਿਆ ਫੁੱਲ ਧਾਰਮਿਕ ਸ਼ਰਧਾ ਦਾ ਪ੍ਰਤੀਕ ਬਣ ਜਾਂਦਾ ਹੈ। ਛੇਵੇਂ ਗੁਰੂ ਜੀ ਦੇ ਆਪਣੇ ਹੱਥੀਂ ਉਸਾਰੇ ਤਖਤ ਦੇ ਉੱਤੇ ਚੁਪ-ਚਾਪ ਰਹਿ ਕੇ ਬਿਰਾਜਮਾਨ ਹੁੰਦਿਆਂ ਹੋਇਆਂ ਉਹਨਾਂ ਦੇ ਮਨ ਵਿੱਚ ਵਸੀ ਗੁਰਬਾਣੀ ਦੀ ਉਪਰੋਕਤ ਸਿੱਖਿਆ ਤਖਤ ਰਾਹੀਂ ਕਿਵੇਂ ਅਭੀਵਿਅਕਤ ਹੋ ਜਾਂਦੀ ਸੀ ਇਹ ਤਾਂ ਸਮਝਿਆ ਅਤੇ ਸਮਝਾਇਆ ਨਹੀਂ ਜਾ ਸਕਦਾ। ਜੇਕਰ ਇਹ ਕਿਹਾ ਜਾਵੇ ਕਿ ਗੁਰੂ ਜੀ ਤਖਤ ਉਤੇ ਬਿਰਾਜਮਾਨ ਹੋ ਕੇ ਫੈਸਲੇ/ਹੁਕਮਨਾਮੇ ਗੁਰਬਾਣੀ ਦੀ ਉਪਰੋਕਤ ਸਿਖਿਆ ਅਨੁਸਾਰ ਜਾਰੀ ਕਰਦੇ ਸਨ ਤਾਂ ਇੱਕ ਸਵਾਲ ਇਹ ਹੋਵੇਗਾ ਕਿ ਕੀ ਤਖਤ ਤੋਂ ਥੱਲੇ ਉਤਰ ਕੇ ਉਹ ਇਸ ਸਿੱਖਿਆ ਨੂੰ ਵਿਸਾਰ ਦਿੰਦੇ ਸਨ? ਦੂਸਰਾ ਸਵਾਲ ਇਹ ਹੋਵੇਗਾ ਕਿ ਕੀ ਗੁਰੂ ਜੀ ਨੂੰ ਗੁਰਬਾਣੀ ਦੀ ਸਿਖਿੱਆ ਨੂੰ ਅਮਲੀ ਰੂਪ ਦੇਣ ਲਈ ਕਿਸੇ ਪ੍ਰਤੀਕ ਦੇ ਸਹਾਰੇ ਦੀ ਲੋੜ ਸੀ? ਅਮਲੀ ਰੂਪ ਤਾਂ ਕਾਰਵਾਈਆਂ ਰਾਹੀਂ ਸਿਰੇ ਚੜ੍ਹਦਾ ਹੈ ਪ੍ਰਤੀਕਾਂ ਦੀ ਵਰਤੋਂ ਰਾਹੀਂ ਨਹੀਂ। ਤੀਸਰਾ ਸਵਾਲ ਇਹ ਹੋਵੇਗਾ ਕਿ ਕੀ ਗੁਰਬਾਣੀ ਦੀ ਸਮੁੱਚੀ ਸਿਖਿੱਆ ਨੂੰ ਅਮਲੀ ਰੂਪ ਦੇਣ ਲਈ ਪ੍ਰਤੀਕਾਂ ਦੀ ਲੋੜ ਪਵੇਗੀ? ਗੁਰਮੱਤ ਅਨੁਸਾਰ ਤਾਂ ਪ੍ਰਤੀਕਾਂ ਦੀ ਵਰਤੋਂ ਕਰਨਾ ਉਂਜ ਹੀ ਕਰਮਕਾਂਡ ਵਿੱਚ ਸ਼ਾਮਲ ਹੈ। ਇਸ ਲਈ ਚੌਥਾ ਸਵਾਲ ਹੋਵੇਗਾ ਕਿ ਕੀ ਗੁਰੂ ਜੀ ਖੁਦ ਇੱਕ ਪ੍ਰਤੀਕ ਦੀ ਵਰਤੋਂ ਕਰਕੇ ਕਰਮਕਾਂਡ ਤਾਂ ਨਹੀਂ ਸੀ ਨਿਭਾ ਰਹੇ? ਅਤੇ ਪੰਜਵਾਂ ਸਵਾਲ ਇਹ ਹੋਵੇਗਾ ਕਿ ਅੱਜ ਅਸੀਂ ਅਖੌਤੀ ਅਕਾਲ-ਤਖਤ ਨੂੰ ਇੱਕ ਪ੍ਰਤੀਕ ਵਜੋਂ ਦਰਸਾ ਕੇ ਸਿੱਖ ਮੱਤ ਵਿੱਚ ਕਰਮ-ਕਾਂਡ ਨੂੰ ਸਥਾਪਤ ਤਾਂ ਨਹੀਂ ਕਰ ਰਹੇ? (ਉਂਜ ਪ੍ਰਤੀਕ-ਪ੍ਰਣਾਲੀ ਦੇ ਮੁਦੱਈਆਂ ਦੇ ਮਨ ਵਿੱਚ ਵਸੀ ਰੂਪ-ਰੇਖਾ ਉਲੀਕਣੀ ਹੋਵੇ ਤਾਂ ਉਹ ਇਸ ਪਰਕਾਰ ਹੋਵੇਗੀ: ਗੁਰਬਾਣੀ ਦਾ ਪ੍ਰਤੀਕ ਤਖਤ, ਤਖਤ ਦਾ ਪ੍ਰਤੀਕ ਅਕਾਲ-ਬੁੰਗਾ, ਅਕਾਲ-ਬੁੰਗਾ ਦਾ ਪ੍ਰਤੀਕ ਅਕਾਲ-ਤਖਤ, ਅਕਾਲ-ਤਖਤ ਦਾ ਪ੍ਰਤੀਕ ਜਥੇਦਾਰ, ਜਥੇਦਾਰ ਦਾ ਪ੍ਰਤੀਕ ਗਿਆਰਵ੍ਹਾਂ ਗੁਰੂ। ਸਿੱਟਾ: ਜਥੇਦਾਰ = ਗਿਆਰ੍ਹਵਾਂ ਗੁਰੂ)

ਅਖੌਤੀ ਅਕਾਲ-ਤਖਤ ਦੀ ਉਸਾਰੀ ਦੇ ਪਿੱਛੇ ‘ਬਾਣੀ ਅਨੁਰੂਪ’ ਵਿਚਾਰਧਾਰਾ ਕੀ ਸੀ ਇਹ ਗੁਰਬਾਣੀ ਦੇ ਹਵਾਲੇ ਨਾਲ ਸਪਸ਼ਟ ਨਹੀਂ ਕੀਤਾ ਗਿਆ। ਇਹ ਵੀ ਨਹੀਂ ਦਸਿੱਆ ਗਿਆ ਕਿ ਕਿਸੇ ਗੁਰਬਾਣੀ ਅਧਾਰਿਤ ਸਿਖਿੱਆ ਨੂੰ ਗੁਰੂ ਜੀ ਸਿੱਧਾ ਹੀ ਕਿਉਂ ਨਹੀਂ ਸੀ ਅਮਲ ਵਿੱਚ ਲਿਆ ਸਕਦੇ। ਛੇਵੇਂ ਗੁਰੂ ਜੀ ਦੇ ਤਖਤ ਦੀ ਉਹਨਾਂ ਵੱਲੋਂ ਸਿੱਖ ਮੱਤ ਵਿੱਚ ਮੀਰੀ ਦੇ ਪੱਖ ਨੂੰ ਸਥਾਪਤ ਕਰਨ ਵਿੱਚ ਕੀ ਭੂਮਿਕਾ ਸੀ, ਇਸ ਤੱਥ ਦਾ ਉਪਰੋਕਤ ਬਿਆਨ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਸਪਸ਼ਟ ਹੈ ਕਿ ਉਪਰੋਕਤ ਬਿਆਨ ਅਖੌਤੀ ਅਕਾਲ-ਤਖਤ ਦੇ ਕਥਿਤ ਸਿਧਾਂਤ ਦੀ ਕੋਈ ਸਪਸ਼ਟ ਤਸਵੀਰ ਪੇਸ਼ ਨਹੀਂ ਕਰ ਸਕਿਆ।

ਉਪਰੋਕਤ ਪੰਜੇ ਬਿਆਨਾਂ ਦੇ ਕੀਤੇ ਗਏ ਵਿਸ਼ਲੇਸ਼ਣ ਵਿੱਚੋਂ ਹੇਠ ਲਿਖੇ ਦਿਲਚਸਪ ਤੱਥ ਉਜਾਗਰ ਹੁੰਦੇ ਹਨ:

1. ਉਪਰੋਕਤ ਬਿਆਨਾਂ ਵਿੱਚੋਂ ਕਿਸੇ ਵਿਚਲਾ ਵੀ ਅਖੌਤੀ ਅਕਾਲ-ਤਖਤ ਦਾ ਸੰਕਲਪ ਕਿਸੇ ਦੂਸਰੇ ਬਿਆਨ ਦੇ ਸੰਕਲਪ ਨਾਲ ਮੇਲ ਨਹੀਂ ਖਾਂਦਾ। ਭਾਵ ਹਰੇਕ ਬਿਆਨ ਵਿੱਚ ਅਖੌਤੀ ਅਕਾਲ-ਤਖਤ ਦਾ ਇੱਕ ਵੱਖਰਾ ਸੰਕਲਪ ਦਿੱਤਾ ਹੋਇਆ ਹੈ। ਇਸ ਤੋਂ ਪਰਤੱਖ ਹੈ ਕਿ ਅਖੌਤੀ ਅਕਾਲ-ਤਖਤ ਦਾ ਕੋਈ ਨਿਸਚਤ ਸੰਕਲਪ ਕਦੇ ਮੌਜੂਦ ਹੀ ਨਹੀਂ ਰਿਹਾ।

2. ਉਪਰੋਕਤ ਸਾਰੇ ਬਿਆਨ ਵੀਹਵੀਂ ਸਦੀ ਦੇ ਦੂਸਰੇ ਅੱਧ ਵਿੱਚ ਜਾਂ ਇਕੀਵੀਂ ਸਦੀ ਵਿੱਚ ਪਰਗਟ ਕੀਤੇ ਗਏ ਹਨ। ਭਾਵ ਕੋਈ ਵੀ 1920-25 ਈਸਵੀ ਦੇ ਸਮੇਂ ਦਾ ਅਜਿਹਾ ਬਿਆਨ ਉਪਲਭਦ ਨਹੀਂ ਜਿਸ ਰਾਹੀਂ ਉਸ ਸੰਕਲਪ ਦੀ ਨਿਸ਼ਾਨਦੇਹੀ ਹੋ ਸਕੇ ਜਿਸ ਦੇ ਅਧਾਰ ਤੇ 1926 ਈਸਵੀ ਤੋਂ ਅਖੌਤੀ ਅਕਾਲ-ਤਖਤ ਦੀ ਵਿਵਸਥਾ ਹੋਂਦ ਵਿੱਚ ਆਈ ਸੀ। (ਜੇਕਰ ਕੋਈ ਪਾਠਕ ਅਜਿਹਾ ਬਿਆਨ ਪੇਸ਼ ਕਰ ਸਕੇ ਤਾਂ ਉਸ ਦਾ ਸਵਾਗਤ ਹੈ।)

3. ਉਪਰੋਕਤ ਸਾਰੇ ਬਿਆਨ ਅਤਿਕਥਨੀਆਂ ਅਤੇ ਅਸੰਗਤੀਆਂ ਨਾਲ ਭਰਪੂਰ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਸੂਤਰ ਰੂਪ ਵਿੱਚ ਅਖੌਤੀ ਅਕਾਲ-ਤਖਤ ਦੀ ਹੋਂਦ, ਰਚਨਾ, ਮਕਸਦ ਅਤੇ ਭੂਮਿਕਾ ਸਬੰਧੀ ਕੋਈ ਸਪਸ਼ਟ ਜਾਣਕਾਰੀ ਦੇਣ ਦੇ ਸਮਰੱਥ ਨਹੀਂ। ਸਿੱਟੇ ਦੇ ਤੌਰ ਤੇ ਉਪਰੋਕਤ ਬਿਆਨਾਂ ਦੇ ਅਧਾਰ ਤੇ ਅਖੌਤੀ ਅਕਾਲ-ਤਖਤ ਬਾਰੇ ਸੂਤਰ ਰੂਪ ਵਿੱਚ ਕੋਈ ਸਿਧਾਂਤ ਪੇਸ਼ ਨਹੀਂ ਕੀਤਾ ਜਾ ਸਕਦਾ।

ਹਣ ਸਾਡੇ ਕੋਲ ਇਸ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਕਿ ਅਸੀਂ ਅਖੌਤੀ ਅਕਾਲ-ਤਖਤ ਦੇ ਅਸਲ਼ੀ ਸਿਧਾਂਤ ਦੀ ਗੱਲ ਕਰੀਏ। ਇਸ ਸਿਧਾਂਤ ਦੇ ਸਾਰੇ ਪੱਖ ਇਕ-ਇਕ ਕਰਕੇ ਹੇਠ ਦਿੱਤੇ ਅਨੁਸਾਰ ਪੇਸ਼ ਕੀਤੇ ਜਾ ਰਹੇ ਹਨ:

1. ਹੋਂਦ: ਅਖੌਤੀ ਅਕਾਲ-ਤਖਤ ਇੱਕ ਕਲਪਿਤ ਵਿਵਸਥਾ ਹੈ। ਇਹ ਵਿਵਸਥਾ ਅੰਮ੍ਰਿਤਸਰ ਸਥਿਤ ‘ਗੁਰਦੁਆਰਾ ਅਕਾਲ ਬੁੰਗਾ’ (1926 ਈਸਵੀ ਤੋਂ ਸਿੱਖ ਗੁਰਦੁਆਰਾ ਅੇਕਟ 1925 ਤਹਿਤ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਵਿੱਚ ਬਦਲ ਕੇ ਦਰਜ ਕੀਤਾ ਨਾਮ ‘ਗੁਰਦੁਆਰਾ ਅਕਾਲ ਤਖਤ’ ) ਦੇ ਨੇੜੇ ਦਫਤਰੀ ਕਮਰਿਆਂ (ਸਕੱਤਰੇਤ) ਵਿੱਚੋਂ ਚਲਾਈ ਜਾ ਰਹੀ ਹੈ।

2. ਰਚਨਾ: ਅਖੌਤੀ ਅਕਾਲ-ਤਖਤ ਵਿਵਸਥਾ ਧੋਖੇ ਨਾਲ 1926 ਈਸਵੀ ਤੋਂ ਹੋਂਦ ਵਿੱਚ ਆਈ ਹੈ। ਅੰਦਰੂਨੀ ਤੌਰ ਤੇ ਇਹ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਤਹਿਤ ਇੱਕ ਗੁਰਦੁਆਰੇ ਦੇ ਤੌਰ ਤੇ ਦਰਜ ਹੈ। ਪਰੰਤੂ ਬਾਹਰੀ ਤੌਰ ਤੇ ਗੁਰਦੁਆਰੇ ਦੇ ਇੱਕ ਗ੍ਰੰਥੀ ਨੂੰ ਨਿਯਮਾਂ ਤੋਂ ਬਾਹਰਾ (extra-constitutional) ‘ਜਥੇਦਾਰ’ ਦਾ ਅਹੁਦਾ ਦੇ ਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਜੀ ਦੇ ਬਰਾਬਰ ਸਿੱਖਾਂ ਦਾ ਸ਼ਖਸੀ ਗੁਰੂ ਥਾਪਣ ਦਾ ਯਤਨ ਕੀਤਾ ਗਿਆ ਹੈ। ‘ਗੁਰਦੁਆਰਾ ਅਕਾਲ ਬੁੰਗਾ’ ਨੂੰ ਦਰਬਾਰ ਸਾਹਿਬ ਦੇ ਸਾਹਵੇਂ ਅਤੇ ਐਨ ਨੇੜੇ ਬਰਾਬਰ ਦਾ ਸ਼ਰੀਕ ਬਣਾ ਕੇ ਉਭਾਰਨ ਦਾ ਯਤਨ ਵੀ ਇਸ ਵਿਵਸਥਾ ਦਾ ਹਿੱਸਾ ਹੈ।

3. ਮਕਸਦ: ਅਖੌਤੀ ਅਕਾਲ-ਤਖਤ ਦੀ ਵਿਵਸਥਾ ਦਾ ਮਕਸਦ ਗੁਰਮੱਤ ਨੂੰ ਢਾ ਲਾਉਣੀ, ਸਿੱਖ ਮੱਤ ਵਿੱਚ ਮਨਮੱਤ ਦੀ ਸਥਾਪਤੀ ਕਰਨੀ, ਦਰਬਾਰ ਸਾਹਿਬ ਦੀ ਮਹੱਤਤਾ ਨੂੰ ਘਟਾਉਣਾ, ਗੁਰਦੁਆਰਾ ਪ੍ਰਬੰਧ ਲਈ ਅਯੋਗ ਮਾਡਲ ਪੇਸ਼ ਕਰਨਾ, ਸਿੱਖ ਭਾਈਚਾਰੇ ਵਿੱਚ ਅਰਾਜਕਤਾ ਫੈਲਾਉਣੀ ਆਦਿਕ ਹੈ। ਇਹ ਵਿਵਸਥਾ ਅਸਲ ਵਿੱਚ ਕਿਸੇ ਬਾਹਰੀ ਏਜੰਸੀ ਦੀ ਸ਼ਾਖ ਦੀ ਤਰਜ਼ ਤੇ ਕੰਮ ਕਰਦੀ ਲਗਦੀ ਹੈ ਜੋ ਕਿ ਇੱਕ ਵਿਸ਼ੇਸ਼ ਏਜੰਡੇ ਤਹਿਤ ਦਰਬਾਰ ਸਾਹਿਬ ਇਲਾਕੇ ਵਿੱਚ ਪਲਾਂਟ ਕੀਤੀ ਹੋਈ ਹੋ ਸਕਦੀ ਹੈ।

4. ਭੂਮਿਕਾ: ਇੱਕ ਪਾਸੇ ‘ਅਕਾਲ ਤਖਤ’ ਦਾ ਨਾਮ ਦੇ ਕੇ ਅਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਦੇ ਅਧੀਨ ਲਿਆ ਕੇ ਅਖੌਤੀ ਅਕਾਲ-ਤਖਤ ਵਿਵਸਥਾ ਨੂੰ ‘ਪੰਥ-ਪਰਵਾਨਿਕਤਾ’ ਦੀ ਪ੍ਰਾਪਤੀ ਰਾਹੀਂ ਇਸ ਦੀ ਵੱਡੀ ਅਤੇ ਖਤਰਨਾਕ ਭੂਮਿਕਾ ਉਲੀਕੀ ਗਈ ਹੋਈ ਲਗਦੀ ਹੈ। ਫਲਸਰੂਪ ਇਹ ਵਿਵਸਥਾ ਸ਼ੁਰੂ ਤੋਂ ਹੀ ਆਪਣੇ ਮਿਸ਼ਨ ਅਨੁਸਾਰ ਪੂਰੀ ਕਾਮਯਾਬੀ ਨਾਲ ਚੱਲ ਰਹੀ ਹੈ। ਪਿਛਲੇ ਅੱਠ ਦਹਾਕਿਆਂ ਦਾ ਇਤਹਾਸ ਇਸ ਗੱਲ ਦਾ ਗਵਾਹ ਹੈ। ਨੇੜ ਭਵਿਖ ਵਿੱਚ ਸਿੱਖ ਸਭਿਆਚਾਰ ਨੂੰ ਇਸ ਵਿਵਸਥਾ ਤੋਂ ਛੁਟਕਾਰਾ ਮਿਲਣ ਦੀ ਉਮੀਦ ਨਹੀਂ ਕਿਉਂਕਿ ਸਿਖ ਮਾਨਸਿਕਤਾ ਨੂੰ ਨੀਂਦ ਵਿੱਚੋਂ ਜਾਗਣ ਲਈ ਹਾਲੇ ਬਹੁਤ ਲੰਬਾ ਸਮਾਂ ਲਗੇਗਾ।

5. ਨਿਯਮ: ਅਖੌਤੀ ਅਕਾਲ-ਤਖਤ ਸਿੱਖ ਕੌਮ ਉਤੇ 1926 ਈਸਵੀ ਤੋਂ ਲੈ ਕੇ ਧੋਖੇ ਨਾਲ ਥੋਪੀ ਗਈ ਇੱਕ ਨੁਕਸਾਨਦੇਹ ਵਿਵਸਥਾ ਹੈ ਜੋ ਸਿੱਖ ਮਾਨਸਿਕਤਾ ਵਿੱਚ ਘਰ ਕਰੀ ਬੈਠੀ ਹੈ ਪਰੰਤੂ ਸਿੱਖ ਕੌਮ ਨੂੰ ਗੁਰਮੱਤ ਦੀਆਂ ਲੀਹਾਂ ਤੇ ਤੋਰੀ ਰੱਖਣ ਹਿਤ ਇਸ ਵਿਵਸਥਾ ਤੋਂ ਪਿੱਛਾ ਛੁਡਾਉਣਾ ਅਤਿਅੰਤ ਜ਼ਰੂਰੀ ਹੈ।

---- 0 ----

ਇਕਬਾਲ ਸਿੰਘ ਢਿੱਲੋਂ (ਡਾ.)

ਚੰਡੀਗੜ੍ਹ।

ਸੰਪਰਕ ਲਈ ਫੋਨ: 09317910734, 01725077510

E-Mail ID: drisdhillon@yahoo.com




.