.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 28)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ-ਜੁਗਤ ਦੇ ਧਾਰਨੀ ਬਣਨ ਲਈ ਬਾਣੀ ਦਾ ਅਭਿਆਸ ਜ਼ਰੂਰੀ ਹੈ। ਬਾਣੀ ਦੇ ਅਭਿਆਸ ਲਈ ਬਾਣੀ ਨੂੰ ਸਹਿਜ ਨਾਲ ਵਿਚਾਰ ਸਹਿਤ ਪੜ੍ਹਨ ਦੀ ਜ਼ਰੂਰਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਦਾ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਵਰਣਨ ਕੀਤਾ ਹੋਇਆ ਹੈ ਕਿ ਬਾਣੀ ਨੂੰ ਕੇਵਲ ਪੜ੍ਹਨ ਨਾਲ ਨਹੀਂ, ਇਸ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ ਆਤਮਕ ਲਾਭ ਉਠਾਇਆ ਜਾ ਸਕਦਾ ਹੈ। ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦਾ ਲੇਖਕ ਗੁਰਬਾਣੀ ਦਾ ਜਿਸ ਤਰ੍ਹਾਂ ਦਾ ਮਹਾਤਮ ਦਰਸਾ ਰਿਹਾ ਹੈ, ਬਾਣੀ ਵਿੱਚ ਇਸ ਦਾ ਰੰਚ-ਮਾਤਰ ਵੀ ਜ਼ਿਕਰ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਇਸ ਤਰ੍ਹਾਂ ਦੀਆਂ ਵਿਧੀਆਂ ਅਤੇ ਮਹਾਤਮ ਦਾ ਵਰਣਨ ਨਾ ਹੋਣਾ, ਇਸ ਗੱਲ ਦਾ ਹੀ ਲਖਾਇਕ ਹੈ ਕਿ ਇਸ ਤਰ੍ਹਾਂ ਦੀਆਂ ਵਿਧੀਆਂ ਅਤੇ ਮਹਾਤਮ ਗੁਰਬਾਣੀ ਵਿਚਲੀ ਜੀਵਨ-ਜੁਗਤ ਦਾ ਭਾਗ ਨਹੀਂ ਹਨ। ਗੁਰਬਾਣੀ ਨੂੰ ਧਿਆਨ ਨਾਲ ਪੜ੍ਹ, ਬੁੱਝ ਕੇ, ਇਸ ਵਿਚਲੇ ਭਾਵ ਨੂੰ ਹਿਰਦੇ ਵਿੱਚ ਵਸਾ ਕੇ ਹੀ ਇਸ ਜੀਵਨ-ਜੁਗਤ ਦੇ ਧਾਰਨੀ ਬਣ ਸਕੀਦਾ ਹੈ।
ਪਰੰਤੂ ਇਸ ਪੁਸਤਕ ਦਾ ਲੇਖਕ ਬਾਣੀ ਨੂੰ ਜਿਸ ਢੰਗ ਨਾਲ ਪੜ੍ਹਨ ਅਤੇ ਇਸ ਦੇ ਮਹਾਤਮ ਦੀ ਚਰਚਾ ਕਰ ਰਿਹਾ ਹੈ, ਨਿਰਸੰਦੇਹ ਇਹ ਲੇਖਕ ਦੀ ਆਪਣੀ ਹੀ ਕਲਪਣਾ ਦਾ ਨਤੀਜਾ ਹੈ। ਗੁਰਮਤਿ ਦੀ ਵਿਚਾਰਧਾਰਾ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਖ਼ੈਰ! ਅਸੀਂ ਪਾਠਕਾਂ ਦਾ ਇਸ ਪੁਸਤਕ ਕਰਤਾ ਵਲੋਂ ਜਪੁਜੀ ਦੀਆਂ ਪਹਿਲੀਆਂ ਛੱਬੀ ਪਉੜੀਆਂ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਨ ਅਤੇ ਇਨ੍ਹਾਂ ਦੇ ਕਥਿਤ ਮਹਾਤਮ ਵਲ ਧਿਆਨ ਦਿਵਾ ਚੁਕੇ ਹਾਂ। ਲੇਖਕ ਵਲੋਂ ਜਪੁਜੀ ਦੀ ਸਤਾਈਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ॥ ਅਰਥ:- ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ ਅਰਥ:- (ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ `ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ। ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥ ਅਰਥ:- (ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ। ਕਈ ਇੰਦਰ ਆਪਣੇ ਤਖ਼ਤ `ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ `ਤੇ ਤੈਨੂੰ ਸਲਾਹ ਰਹੇ ਹਨ।
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥ ਅਰਥ:- ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥ ਅਰਥ:- (ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿੱਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥ ਅਰਥ:- (ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥ ਅਰਥ:- (ਹੇ ਅਕਾਲ ਪੁਰਖ!) (ਅਸਲ ਵਿੱਚ ਤਾਂ) ਉਹੋ ਤੇਰੇ ਪ੍ਰੇਮ ਵਿੱਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ ਅਰਥ:- ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ। ਉਹ ਅਕਾਲ ਪੁਰਖ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ ਅਰਥ:- ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥ ੨੭॥ ਅਰਥ:- ਜੋ ਕੁੱਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ- ‘ਇਉਂ ਨ ਕਰੀਂ, ਇਉਂ ਕਰ’ )। ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿੱਚ ਰਹਿਣਾ (ਹੀ ਫਬਦਾ ਹੈ)। ੨੭।
ਨੋਟ:- ਪਉਣ, ਪਾਣੀ ਬੈਸੰਤਰ, ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ? ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿੱਚ ਤੁਰ ਰਹੇ ਹਨ। ਰਜ਼ਾ ਵਿੱਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਕਰਨੀ ਹੈ।
ਭਾਵ:- ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇੱਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਜਗਤ ਵਿੱਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ `ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ? ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ। ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿੱਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿੱਚ ਮਿਲੀ ਕਾਰ ਕਰੀ ਜਾ ਰਹੇ ਹਨ। ੨੭।
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਪਾਠ ਕਰਨ ਦੇ ਮਹਾਤਮ ਬਾਰੇ ਲਿਖਦਾ ਹੈ, “ਇਸ ਪਉੜੀ ਦਾ ਸੋਮਵਾਰ ਤੋਂ ਆਰੰਭ ਕਰਕੇ ਅੰਮ੍ਰਿਤ ਵੇਲੇ ਸਤਾਈ ਹਜ਼ਾਰ ਸਤਾਈ ਦਿਨਾਂ ਵਿੱਚ ਇਕਾਂਤ ਬੈਠਕੇ ਪਾਠ ਕਰਨਾ ਸੰਗ੍ਰਹਿਣੀ ਰੋਗ ਮਿਟੇ, ਕਸ਼ਟ ਦੂਰ ਹੋਵੇ, ਸੁਖ ਮਿਲੇ। ਆਰੰਭ ਵਿੱਚ ਦਿਤੀ ਸੂਚਨਾ ਅਨੁਸਾਰ ਰੋਗੀ ਨੂੰ ਇਸ ਸਿੱਧ ਕੀਤੀ ਹੋਈ ਪਉੜੀ ਦਾ ਪਾਣੀ ਮੰਤ੍ਰ ਕੇ ਮੰਗਲ ਵਾਰ ਤੋਂ ਸਤ ਦਿਨ ਸਵੇਰੇ ਦੇਣਾ। ਪਾਣੀ ਉਤੇ ਪੰਜ ਪਾਠ ਕਰਕੇ ਸਤਿਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਕੇ ਅਤੇ ਨਾਮ ਲੈ ਕੇ ਫੂਕ ਮਾਰ ਕੇ ਰੋਗੀ ਨੂੰ ਦੇਣਾ।” (ਨੋਟ: ਇਸ ਰੋਗ ਦੇ ਕਾਰਣ ਅਤੀਸਾਰ ਵਾਲੇ ਹੀ ਹਨ, ਇਹ ਰੋਗ ਅਕਸਰ ਅਤੀਸਾਰ ਜਾਂ ਪੇਚਿਸ਼ ਵਿਗੜਨ ਤੋਂ ਹੁੰਦਾ ਹੈ। ਸੰਗ੍ਰਹਣੀ ਦੇ ਰੋਗੀ ਨੂੰ ਅਣਪਚੀ ਮੈਲ ਝੜਦੀ ਹੈ, ਆਂਤ ਬੋਲਦੀ ਹੈ, ਮੂੰਹ ਤੋਂ ਲਾਲਾਂ ਆਉਂਦੀਆਂ ਹਨ, ਕਮਰ ਵਿੱਚ ਪੀੜ ਹੁੰਦੀ ਹੈ ਦਿਨ ਨੂੰ ਇਸ ਰੋਗ ਦਾ ਜ਼ੋਰ ਰਹਿੰਦਾ ਹੈ ਰਾਤ ਨੂੰ ਘੱਟ ਤਕਲੀਫ ਹੁੰਦੀ ਹੈ। ਜੇ ਸੰਗ੍ਰਹਣੀ ਵਾਲਾ ਚਾਲੀ ਦਿਨ ਅੰਨ ਜਲ ਛੱਡਕੇ ਕੇਵਲ ਗਊ ਅਥਵਾ ਬਕਰੀ ਦੇ ਦਹੀਂ ਦਾ ਅਧਰਿਕਾ ਅਥਵਾ ਲੱਸੀ ਥੋੜਾ ਨਮਕ, ਕਾਲੀ ਮਿਰਚਾਂ ਅਤੇ ਸੁੰਢ ਦਾ ਚੂਰਨ ਮਿਲਾਕੇ ਪੀਂਦਾ ਰਹੇ, ਤਾਂ ਕਿਸੇ ਦਵਾਈ ਤੋਂ ਬਿਨਾਂ ਹੀ ਆਰਾਮ ਹੋ ਜਾਂਦਾ ਹੈ। (ਮਹਾਨ ਕੋਸ਼)
ਗੁਰੂ ਨਾਨਕ ਸਾਹਿਬ ਤਾਂ ਇਸ ਪਉੜੀ ਵਿੱਚ ਵੀ ਮਨੁੱਖ ਨੂੰ ਜੀਵਨ ਮਨੋਰਥ ਦਰਸਾ ਕੇ ਇਸ ਮਨੋਰਥ ਨੂੰ ਪ੍ਰਾਪਤ ਕਰਨ ਦੀ ਜੁਗਤੀ ਦ੍ਰਿੜ ਕਰਵਾ ਰਹੇ ਹਨ। ਪਰੰਤੂ ਪੁਸਤਕ ਕਰਤਾ ਜਪੁਜੀ ਦੀਆਂ ਦੂਜੀਆਂ ਪਉੜੀਆਂ ਵਾਂਗ ਇਸ ਪਉੜੀ ਨੂੰ ਵੀ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਦੀ ਪ੍ਰੇਰਨਾ ਕਰਦਾ ਹੋਇਆ, ਇਸ ਦੇ ਗਿਣਤੀ ਦੇ ਪਾਠਾਂ ਦਾ ਇਹ ਮਹਾਤਮ ਦਰਸਾ ਰਿਹਾ ਹੈ।
ਇਤਿਹਾਸ ਵਿੱਚ ਵੀ ਇਸ ਗੱਲ ਦਾ ਕਿਧਰੇ ਜ਼ਿਕਰ ਨਹੀਂ ਮਿਲਦਾ ਕਿ ਕਿਸੇ ਸਰੀਰਕ ਰੋਗ ਨਾਲ ਪੀੜਤ ਪ੍ਰਾਣੀ ਨੂੰ ਗੁਰੂ ਸਾਹਿਬਾਨ ਨੇ ਤਾਂਤ੍ਰਿਕ ਵਿਧੀਆਂ ਨਾਲ ਕਿਸੇ ਸ਼ਬਦ ਦੇ ਗਿਣਤੀ ਦੇ ਪਾਠ ਕਰਨ ਦੀ ਆਗਿਆ ਕੀਤੀ ਹੋਵੇ। ਗੁਰੂ ਕਾਲ ਵਿੱਚ ਸਰੀਰਕ ਬੀਮਾਰੀਆਂ ਦੇ ਸ਼ਿਕਾਰ ਪ੍ਰਾਣੀਆਂ ਲਈ ਵੈਦ/ਹਕੀਮਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ ਸਨ। ਗੁਰਦੇਵ ਹਰੇਕ ਪ੍ਰਾਣੀ ਨੂੰ ਆਤਮਕ ਬਲ ਹਾਸਲ ਕਰਨ, ਪ੍ਰਭੂ ਦੀ ਰਜ਼ਾ ਨੂੰ ਸਮਝਣ ਆਦਿ ਲਈ ਬਾਣੀ ਪੜ੍ਹਨ ਲਈ ਉਤਸ਼ਾਹਤ ਤਾਂ ਕਰਦੇ ਸਨ, ਪਰੰਤੂ ਤਾਂਤ੍ਰਿਕ ਵਿਧੀ ਨਾਲ ਬਾਣੀ ਦੇ ਗਿਣਤੀ ਦੇ ਪਾਠ ਕਰਨ ਦੀ ਆਗਿਆ ਨਹੀਂ ਸਨ ਕਰਦੇ।
ਇਤਿਹਾਸਕ ਪੁਸਤਕਾਂ ਵਿੱਚ ਭਾਂਵੇਂ ਕਿਤੇ ਕਿਤੇ ਕਿਸੇ ਲੇਖਕ ਵਲੋਂ ਅਜਿਹਾ ਲਿਖਿਆ ਹੋਇਆ ਜ਼ਰੂਰ ਮਿਲਦਾ ਹੈ ਕਿ ਕਿਸੇ ਰੋਗੀ ਨੂੰ ਗੁਰਦੇਵ ਨੇ ਕਿਸੇ ਬਾਣੀ ਦਾ ਪਾਠ ਕਰਨ ਦੀ ਹਿਦਾਇਤ ਕੀਤੀ। ਪਰ ਅਜਿਹੇ ਲੇਖਕਾਂ ਨੇ ਵੀ ਇਸ ਪੁਸਤਕ ਦੇ ਲੇਖਕ ਵਾਂਗ ਕਿਸੇ ਬਾਣੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਵਰਣਨ ਨਹੀਂ ਕੀਤਾ ਹੈ। ਗੁਰਬਾਣੀ ਨੂੰ ਇਸ ਤਰ੍ਹਾਂ ਦੀ ਵਿਧੀ ਨਾਲ ਪੜ੍ਹਨ ਦੀ ਪ੍ਰੇਰਨਾ ਕੇਵਲ ਇਸ ਲੇਖਕ ਵਲੋਂ ਹੀ ਕੀਤੀ ਗਈ ਹੈ।
ਅਸੀਂ ਇਹ ਗੱਲ ਫਿਰ ਦੁਹਰਾਉਣਾ ਚਾਹੁੰਦੇ ਹਾਂ ਕਿ ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ। ਬਾਣੀ ਵਿਚੋਂ ਹੀ ਸਿੱਖ ਨੇ ਆਤਮਕ ਜ਼ਿੰਦਗੀ ਲੱਭਣੀ ਹੈ। ਇਸ ਲਈ ਬਾਣੀ ਦਾ ਸਿੱਖ ਨੇ ਵੱਧ ਤੋਂ ਵੱਧ ਅਭਿਆਸ ਕਰਨਾ ਹੈ। ਗੁਰਬਾਣੀ ਦੇ ਅਭਿਆਸ ਲਈ ਇਹ ਜ਼ਰੂਰੀ ਹੈ ਕਿ ਹਰੇਕ ਸਿੱਖ/ਪਰਵਾਰ ਬਾਣੀ ਨੂੰ ਸਹਿਜ ਨਾਲ ਧਿਆਨ ਨਾਲ ਵਿਚਾਰ ਸਹਿਤ ਪੜ੍ਹਣ ਦਾ ਉਪਰਾਲਾ ਕਰੇ। ਸ੍ਰੀ ਗੁਰੂ ਗ੍ਰੰਥ ਦਰਪਣ ਆਦਿ ਟੀਕਿਆਂ ਤੋਂ ਬਾਣੀ ਦਾ ਅਰਥ ਅਤੇ ਭਾਵਾਰਥ ਸਮਝਣ ਲਈ ਸਹਾਇਤਾ ਲਈ ਜਾਵੇ। ਹਰੇਕ ਸਿੱਖ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਤਾਂ ਅਵੱਸ਼ ਵਿਚਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ। ਜੇਕਰ ਅਸੀਂ ਇਸ ਤਰ੍ਹਾਂ ਦਾ ਉਪਰਾਲਾ ਕਰਾਂਗੇ ਤਾਂ ਸਾਨੂੰ ਕੋਈ ਵੀ ਵਿਅਕਤੀ/ਸੰਸਥਾ ਆਦਿ ਗੁਰਬਾਣੀ ਵਿਚਲੀ ਜੀਵਨ-ਜਾਚ ਤੋਂ ਭਟਕਾਉਣ ਵਿੱਚ ਕਾਮਯਾਬ ਨਹੀਂ ਹੋ ਸਕਦੀ। ਸਾਡਾ ਗੁਰੂ ਗ੍ਰੰਥ ਸਾਹਿਬ `ਚ ਵਿਸ਼ਵਾਸ ਜ਼ਰੂਰ ਹੈ ਪਰੰਤੂ ਅਸੀਂ ਗੁਰੂ ਸਾਹਿਬ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ। ਜੇਕਰ ਅਸੀਂ ਬਾਣੀ ਨੂੰ ਵਿਚਾਰ ਸਹਿਤ ਪੜ੍ਹਣ ਲੱਗ ਪਵਾਂਗੇ ਤਾਂ ਜ਼ਰੂਰ ਗੁਰੂ ਨੂੰ ਮੰਨਣ ਦੇ ਨਾਲ ਗੁਰੂ ਦੀ ਗੱਲ ਵੀ ਮੰਨਣ ਲੱਗ ਪਵਾਂਗੇ। ਚੂੰਕਿ ਫਿਰ ਸਾਨੂੰ ਇਹ ਸਮਝ ਆ ਜਾਵੇਗੀ ਕਿ ਕੇਵਲ ਗੁਰੂ ਨੂੰ ਮੰਨਣ ਨਾਲ ਹੀ ਅਸੀਂ ਜੀਵਨ-ਮੁਕਤ ਨਹੀਂ ਹੋ ਸਕਦੇ ਹਾਂ; ਜੀਵਨ-ਮੁਕਤ ਹੋਣ ਲਈ ਗੁਰੂ ਦੀ ਗੱਲ ਮੰਨਣਾ ਲਾਜ਼ਮੀ ਹੈ।
ਜਸਬੀਰ ਸਿੰਘ ਵੈਨਕੂਵਰ




.