.

ਹੱਥ `ਤੇ ਸਰ੍ਹੋਂ

ਬਲਜੀਤ ਕੋਲ ਗਿਣਤੀ ਦੇ ਦਿਨਾਂ ਦੀ ਹੀ ਛੁੱਟੀ ਸੀ। ਕਈ ਕੰਮ ਉਹਨੇ ਕਰਨੇ ਸਨ। ਸਿਆਲ ਦੇ ਛੋਟੇ ਛੋਟੇ ਦਿਨ ਸਨ, ਇੱਕ ਅੱਧੇ ਰਿਸ਼ਤੇਦਾਰ ਨੂੰ ਮਿਲਣ ਗਿਆਂ ਹੀ ਸਾਰੀ ਦਿਹਾੜੀ ਲੰਘ ਜਾਂਦੀ ਸੀ। ਉਹਦੀ ਇੱਕ ਦੂਰੋਂ ਲਗਦੀ ਮਾਸੀ ਸੀ ਜਿਨ੍ਹਾਂ ਦਾ ਪਿੰਡ ਕੋਈ ਦਸ ਕੁ ਮੀਲਾਂ ਦੀ ਵਿੱਥ `ਤੇ ਸੀ। ਐਤਕੀਂ ਉਹ ਚਾਹੁੰਦਾ ਸੀ ਕਿ ਉਸ ਨੂੰ ਨਾ ਮਿਲਣ ਜਾਵੇ ਪਰ ਉਹਦੀ ਮਾਂ ਨੇ ਜ਼ੋਰ ਪਾ ਕੇ ਉਹਨੂੰ ਜਾਣ ਲਈ ਇੱਕ ਕਿਸਮ ਦਾ ਮਜ਼ਬੂਰ ਹੀ ਕਰ ਦਿੱਤਾ ਸੀ। ਉਹਨੇ ਪ੍ਰੋਗਰਾਮ ਬਣਾਇਆ ਕਿ ਉਹ ਸਵੇਰੇ ਸਵੇਰੇ ਜਾ ਕੇ ਦੁਪਹਿਰ ਹੁੰਦੀ ਤੱਕ ਮੁੜ ਆਵੇਗਾ।
ਉਹ ਕਾਫ਼ੀ ਸਾਝਰੇ ਹੀ ਮਾਸੀ ਦੇ ਪਿੰਡ ਪਹੁੰਚ ਗਿਆ। ਧੁੱਪੇ ਵਿਹੜੇ `ਚ ਕੁਰਸੀਆਂ ਡਾਹ ਦਿੱਤੀਆਂ ਗਈਆਂ। ਮਾਸੀ ਨੇ ਰਸਮੀ ਜਿਹੀ ਰਾਜ਼ੀ-ਖ਼ੁਸ਼ੀ ਪੁੱਛਣ ਤੋਂ ਬਾਅਦ ਆਪਣੀਆਂ ਕਹਾਣੀਆਂ ਛੇੜ ਲਈਆਂ। ਆਪਣੇ ਮੁੰਡੇ ਹਰਪਾਲ ਨੂੰ ਬਾਹਰ ਭੇਜਣ ਲਈ ਉਹ ਬਲਜੀਤ ਦੀਆਂ ਸਲਾਹਾਂ ਲੈਣ ਲਗੀ। ਬਲਜੀਤ ਨੂੰ ਪਤਾ ਸੀ ਕਿ ਮਾਸੀ ਅਜੇ ਵੀ ਉਸ ਨਾਲ ਗੁੱਸੇ ਸੀ ਕਿਉਂਕਿ ਉਹਨੇ ਹਰਪਾਲ ਨੂੰ ਇੰਗਲੈਂਡ ਲੰਘਾਉਣ ਬਾਰੇ ਕੁੱਝ ਨਹੀਂ ਸੀ ਕੀਤਾ। ਬਲਜੀਤ ਤਾਂ ਆਪ ਉਹਨੀ ਦਿਨੀਂ ਇੰਗਲੈਂਡ ਵਿੱਚ ਹਵਾ `ਚ ਉਡਦੇ ਪੱਤੇ ਵਾਂਗ ਸੀ। ਉਹਦੇ ਸਹੁਰਿਆਂ ਨੇ ਉਸ ਨੂੰ ਨੱਕ ਚਣੇ ਚਬਾਉਣ ਦੀ ਕਸਮ ਖਾਧੀ ਹੋਈ ਸੀ ਕਿਉਂਕਿ ਉਹਨੇ ਉਹਨਾਂ ਦੀ ਬੇਲੋੜੀ ਧੌਂਸ ਝੱਲਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨੇ ਮਾਸੀ ਨੂੰ ਆਪਣੀ ਮਜ਼ਬੂਰੀਆਂ ਦੱਸੀਆਂ ਪਰ ਮਾਸੀ ਕਿੱਥੇ ਯਕੀਨ ਕਰਦੀ ਸੀ। ਮਾਸੀ ਲਈ ਤਾਂ ਇੰਗਲੈਂਡ ਵਿੱਚ ਸ਼ਹਿਦ ਦੀਆਂ ਨਦੀਆਂ ਅਤੇ ਸੋਨੇ ਦੇ ਪਹਾੜ ਸਨ। ਉਸ ਨੇ ਬੜੀਆਂ ਮਿਹਣਿਆਂ ਭਰੀਆਂ ਚਿੱਠੀਆਂ ਬਲਜੀਤ ਨੂੰ ਲਿਖ਼ੀਆਂ ਸਨ।
ਇਕੋ ਇੱਕ ਲੜਕਾ ਸੀ ਉਹਦਾ। ਜ਼ਮੀਨ ਜਾਇਦਾਦ ਵੀ ਚੰਗੀ ਸੀ। ਪਰ ਮਾਸੀ ਹਰ ਹਾਲਤ ਵਿੱਚ ਹਰਪਾਲ ਨੂੰ ਬਾਹਰ ਭੇਜਣ `ਤੇ ਤੁਲੀ ਹੋਈ ਸੀ।
ਪਿਛਲੇ ਸਾਲ ਬਲਜੀਤ ਨੂੰ ਇੰਗਲੈਂਡ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਹਰਪਾਲ ਚੋਰੀਂ ਇਟਲੀ ਨੂੰ ਜਾਂਦਾ ਹੋਇਆ ਯੂਕਰੇਨ ਵਿੱਚ ਪੁਲੀਸ ਦੇ ਹੱਥ ਆ ਗਿਆ ਸੀ। ਉਹਨੀਂ ਜਹਾਜ਼ੇ ਚੜ੍ਹਾ ਕੇ ਡੀਪੋਰਟ ਕਰ ਦਿੱਤਾ ਸੀ। ਦਿੱਲੀ ਉੱਤਰਦਿਆਂ ਹੀ ਉਹਨੂੰ ਦਿੱਲੀ ਪੁਲੀਸ ਨੇ ਕਾਬੂ ਕਰ ਲਿਆ। ਕਾਫ਼ੀ ਖੱਜਲ ਖੁਆਰੀ ਅਤੇ ਪੰਡ ਰੁਪੱਈਆਂ ਦੀ ਲਾ ਕੇ ਉਹਦਾ ਪਿਉ ਉਹਨੂੰ ਛਡਵਾ ਕੇ ਲਿਆਇਆ ਸੀ। ਲੋਕ ਦੱਬਵੀਂ ਜ਼ੁਬਾਨ ਵਿੱਚ ਵਧਾਈਆਂ ਵੀ ਦਿੰਦੇ ਕਿ ਸ਼ੁਕਰ ਕਰੋ ਕਿ ਮੁੰਡਾ ਮਾਲਟਾ ਕਿਸ਼ਤੀ ਕਾਂਡ ਵਰਗੇ ਹਾਦਸੇ ਵਿੱਚ ਆਪਣੀ ਜਾਨ ਨਹੀਂ ਸੀ ਗੰਵਾ ਬੈਠਾ। ਉਹਦਾ ਬਾਪ ਉਹਨੂੰ ਕਿਤੇ ਵੀ ਭੇਜ ਕੇ ਰਾਜ਼ੀ ਨਹੀਂ ਸੀ। ਪਰ ਮਾਂ ਪੁੱਤ ਇੱਕ ਪਾਸੇ ਤੇ ਬਾਪੂ ਇੱਕ ਪਾਸੇ।
ਬਲਜੀਤ ਨੇ ਆਪ ਕੋਈ ਗੱਲ ਨਾ ਛੇੜੀ ਉਹਨੂੰ ਪਤਾ ਸੀ ਕਿ ਮਾਸੀ ਨੇ ਇਸੇ ਬਹਾਨੇ ਉਹਨੂੰ ਫ਼ੇਰ ਮਿਹਣੇ ਮਾਰਨੇ ਸਨ। ਮਾਸੀ ਨੇ ਸਗੋਂ ਆਪ ਹੀ ਚਟਖ਼ਾਰੇ ਲਾ ਲਾ ਕੇ ਹਰਪਾਲ ਦੀ ਯੂਕਰੇਨ ਤੋਂ ਵਾਪਿਸ ਮੁੜਨ ਦੀ ਕਹਾਣੀ ਸੁਣਾਈ ਤੇ ਨਾਲ ਹੀ ਉਹਨੇ ਪੜਦੇ ਨਾਲ ਦੱਸਿਆ ਕਿ ਹਰਪਾਲ ਹੁਣ ਨਾਮ ਬਦਲ ਕੇ ਹੋਰ ਪਾਸਪੋਰਟ ਬਣਵਾ ਰਿਹਾ ਸੀ। ਮਾਸੀ ਨੂੰ ਹੁਣ ਬੱਸ ਇਕੋ ਚਿੰਤਾ ਵੱਢ ਵੱਢ ਖਾਂਦੀ ਸੀ ਕਿ ਏਨਾ ਚਿਰ ਹੋ ਗਿਆ ਸੀ ਪਾਸਪੋਰਟ ਬਣ ਕੇ ਨਹੀਂ ਸੀ ਆਇਆ ਅਜੇ।
ਉਹ ਸਾਰੇ ਚਾਹ ਪੀ ਰਹੇ ਸਨ ਕਿ ਬਾਹਰ ਗਲੀ ਚੋਂ ਆਵਾਜ਼ ਆਈ “ਟੇਵੇ ਲੁਆ ਲਉ, ਪੱਤਰੀ ਪੜ੍ਹਾ ਲਉ, ਵਿਗੜੇ ਕਾਰਜ ਸੁਆਰ ਲਉ”। ਮਾਸੀ ਚਾਹ ਵਿਚੇ ਹੀ ਛੱਡ ਕੇ ਬਾਹਰਲੇ ਗੇਟ ਵਲ ਨੂੰ ਦੌੜੀ ਤੇ ਜੋਤਸ਼ੀ ਨੂੰ ਅੰਦਰ ਲੈ ਆਈ। ਜੋਤਸ਼ੀ ਨੇ ਆਪਣਾ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਅਤੇ ਬੜੇ ਆਰਾਮ ਨਾਲ ਮੰਜੇ ਉੱਪਰ ਬੈਠ ਗਿਆ ਅਤੇ ਉਹਨੇ ਸਾਰੇ ਚਿਹਰਿਆਂ ਉੱਪਰ ਇੱਕ ਪੜਚੋਲਵੀਂ ਨਜ਼ਰ ਸੁੱਟੀ।
“ਹਾਂ ਤੋ, ਮਾਤਾ ਜੀ ਕਿਆ ਕਸ਼ਟ ਹੈ”। ਜੋਤਸ਼ੀ ਨੇ ਆਪਣੀ ਐਨਕ ਦੀ ਡੰਡੀ ਠੀਕ ਕਰਦਿਆਂ ਪੁੱਛਿਆ। ਬਲਜੀਤ ਦਾ ਜੀਅ ਕੀਤਾ ਕਿ ਉਹ ਜੋਤਸ਼ੀ ਤੋਂ ਪੁੱਛੇ ਪਈ ਭੜੂਆ ਜੇ ਤੈਂ ਘਰ ਵਾਲਿਆਂ ਤੋਂ ਹੀ ਕਸ਼ਟ ਪਤਾ ਕਰਨੇ ਫ਼ਿਰ ਤੂੰ ਜੋਤਸ਼ੀ ਕਾਹਦਾ ਐਂ? ਪਰ ਉਹ ਮਾਸੀ ਦੇ ਸੁਭਾਅ ਤੋਂ ਵਾਕਿਫ਼ ਸੀ ਜਿਸ ਕਰ ਕੇ ਉਹ ਚੁੱਪ ਹੀ ਰਿਹਾ। ਮਾਸੀ ਦੀ ਧਾਗੇ ਤਵੀਤਾਂ ਵਿੱਚ ਅਥਾਹ ਸ਼ਰਧਾ ਸੀ। ਉਹਨੂੰ ਯਾਦ ਸੀ ਕਿ ਇੱਕ ਵਾਰੀ ਨਿੱਕੇ ਹੁੰਦਿਆਂ ਉਹ ਜਦੋਂ ਮਾਸੀ ਦੇ ਕੋਲ ਆਇਆ ਹੋਇਆ ਸੀ ਤਾਂ ਇੱਕ ਦਿਨ ਉਹ ਵਾਲ ਖ਼ਿਲਾਰ ਕੇ ਖ਼ੇਲ੍ਹਣ ਲੱਗ ਪਈ ਸੀ। ਮਾਸੜ ਖ਼ੇਤੋਂ ਭੁੱਖਾ-ਭਾਣਾ ਮੁੜਿਆ ਤਾਂ ਮਾਸੀ ਕਹੇ ਉਹਦੇ ਨੇੜੇ ਨਾ ਕੋਈ ਆਵੇ, ਨਹੀਂ ਤਾਂ ਸਭ ਨੂੰ ਭਸਮ ਕਰ ਦਊ। ਮਾਸੜ ਨੇ ਅੱਗਾ ਦੇਖਿਆ ਨਾ ਪਿੱਛਾ ਧੈਂ ਧੈਂ ਕਰ ਕੇ ਪਰੈਣੀ ਨਾਲ ਮਾਸੀ ਧਾਫੜ ਦਿੱਤੀ। ਉਸ ਤੋਂ ਬਾਅਦ ਕਦੇ ਮਾਸੀ ਵਿੱਚ ਓਪਰੀ ਸ਼ੈ ਨਹੀਂ ਆਈ। ਪਰ ਜਿਵੇਂ ਚੋਰ ਚੋਰੀ ਤਾਂ ਛੱਡ ਦਿੰਦੈ ਪਰ ਹੇਰਾ ਫ਼ੇਰੀ ਨਹੀਂ ਛੱਡਦਾ, ਇਸੇ ਤਰ੍ਹਾਂ ਹੀ ਮਾਸੀ ਨੇ ਵੀ ਜੋਤਸ਼ੀਆਂ ਤੇ ਧਾਗੇ ਤਵੀਤਾਂ ਵਾਲਿਆਂ ਦਾ ਖਹਿੜਾ ਨਾ ਛੱਡਿਆ।
“ਪੰਡਤ ਜੀ, ਕਾਕੇ ਦੇ ਪਾਸਕੋਰਟ ਦੇ ਕੰਮ `ਚ ਕਿਸੇ ਔਂਤ ਜਾਣੇ ਨੇ ਕੁਸ ਕੀਤਾ ਹੋਇਐ, ਇਹ ਰੰਡੀਆਂ ਖ਼ਸਮਾਂ ਖਾਣੀਆਂ ਸਾਰਾ ਦਿਨ ਟੂਣੇ ਟਾਮਣ ਈ ਕਰਵਾਉਂਦੀਆਂ ਰਹਿੰਦੀਆਂ”। ਮਾਸੀ ਹੁਣ ਗੁਆਂਢੀਆਂ ਦੇ ਘਰ ਵਲ ਬਾਹਾਂ ਉਲਾਰ ਕੇ ਸਲਵਾਤਾਂ ਦੇਣ ਲੱਗ ਪਈ ਸੀ। ਜੋਤਸ਼ੀ ਨੂੰ ਬਣਿਆਂ ਬਣਾਇਆ ਮਸਾਲਾ ਮਿਲ ਰਿਹਾ ਸੀ ਪਰ ਉਹ ਡਰਦਾ ਵੀ ਸੀ ਕਿ ਜੇ ਉਹਦੇ ਬੈਠਿਆਂ ਬੈਠਿਆਂ ਦੋਨਾਂ ਟੱਬਰਾਂ ਵਿੱਚ ਲੜਾਈ ਹੋ ਗਈ ਤਾਂ ਹੋ ਸਕਦੈ ਉਹਦਾ ਆਪਣਾ ਹੀ ਛਿੱਤਰ- ਪੌਲਾ ਹੋ ਜਾਵੇ ਤੇ ਨਾਲੇ ਬਣੀ ਬਣਾਈ ਸਾਮੀ ਮਾਰੀ ਜਾਵੇ।
“ਬੀਬੀ, ਮੇਰੇ ਕੋਲ ਹਰ ਮਰਜ਼ ਦਾ ਉਪਾਅ ਹੈਗਾ, ਪਰ ਉੱਚੀ ਬੋਲਿਆਂ ਦੇਵਤੇ ਨਾਰਾਜ਼ ਹੋ ਜਾਂਦੇ ਐ, ਲੋਕਾਂ ਨੇ ਭੈੜੇ ਕੰਮ ਕਰੀ ਜਾਣੇ ਐ ਤੇ ਅਸੀਂ ਲੋਕਾਂ ਦਾ ਭਲਾ ਕਰੀ ਜਾਣੈ”। ਜੋਤਸ਼ੀ ਢਿੱਡ ਵਿੱਚ ਵੜਦਾ ਜਾ ਰਿਹਾ ਸੀ। ਮਾਸੀ ਵੀ ਹੁਣ ਕੁੱਝ ਢਿੱਲੀ ਪੈ ਗਈ ਸੀ। ਜੋਤਸ਼ੀ ਖ਼ਾਲੀ ਕਾਗ਼ਜ਼ `ਤੇ ਲੀਕਾਂ ਮਾਰ ਮਾਰ ਖ਼ਾਨੇ ਬਣਾ ਰਿਹਾ ਸੀ।
“ਬੀਬੀ, ਤੇਰੇ ਕਿਸੇ ਦੁਸ਼ਮਣ ਨੇ ਤੁਹਾਡੇ ਘਰ `ਤੇ ਚੌਵੀਏ ਦਾ ਟੂਣਾ ਕਰਵਾਇਆ ਹੋਇਐ, ਮੈਂ ਦੇਖ਼ ਲਿਐ, ਇਹ ਟੂਣਾਂ ਬਹੁਤ ਨਹਿਸ਼ ਹੁੰਦੈ, ਬਣੇ ਬਣਾਏ ਕੰਮ ਵਿਗਾੜ ਦਿੰਦੈ” ਜੋਤਸ਼ੀ ਨੇ ਐਨਕਾਂ ਦੇ ਉਪਰੋਂ ਦੀ ਦੇਖਦਿਆਂ ਕਿਹਾ।
“ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਇਹਨਾਂ ਔਂਤ ਜਾਣੀਆਂ `ਤੇ। ਇਹ ਕਲਜੋਗਣਾਂ ਟੂਣੇ ਟਾਮਣ ਕਰਨ ਵਾਲਿਆਂ ਧਗੜਿਆਂ ਨੁੰ ਸਾਰਾ ਸਾਰਾ ਦਿਨ ਘਰੇ ਵਾੜ ਰਖਦੀਆਂ। ਪੰਡਤ ਜੀ ਮਾਰੋ ਕੋਈ ਰੇਖ਼ `ਚ ਮੇਖ਼, ਕੱਖ ਨਾ ਰਵ੍ਹੇ ਇਹਨਾਂ ਹੈਂਸਿਆਰੀਆਂ ਦਾ”। ਮਾਸੀ ਅਜੇ ਵੀ ਗਰਮ ਸੀ ਪਰ ਹੁਣ ਉਹ ਗੁਆਂਢੀਆਂ ਦੇ ਘਰ ਵਲ ਬਾਹਾਂ ਉਲਾਰ ਉਲਾਰ ਕੇ ਨਹੀਂ ਸੀ ਬੋਲ ਰਹੀ।
“ਬੀਬੀ ਸਬਰ ਰੱਖ ਸਬਰ, ਜਿਹੜਾ ਸਾਡੀ ਕਾਰ ਵਿੱਚ ਆ ਗਿਆ, ਉਹਦਾ ਅਸੀਂ ਵਾਲ ਵਿੰਗਾ ਨਈਂ ਹੋਣ ਦਿੰਦੇ” ਜੋਤਸ਼ੀ ਦੇ ਚਿਹਰੇ `ਤੇ ਸਾਮੀ ਫ਼ਸ ਜਾਣ ਦਾ ਇੱਕ ਅਜਬ ਜਿਹਾ ਸਕੂੰਨ ਸੀ।
“ਮਾਰ੍ਹਾਜ ਜੀ, ਇਹ ਚੌਵੀਆ ਕੀ ਹੁੰਦੈ ਜੀ?” ਮਾਸੀ ਨੇ ਜੋਤਸ਼ੀ ਤੋਂ ਆਪਣੀ ਸ਼ੰਕਾ ਨਵਿਰਤ ਕਰਨੀ ਚਾਹੀ। ਮਾਸੀ ਦੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਜੋਤਿਸ਼ੀ ਨੇ ਬੜੀ ਘੋਖ਼ਵੀਂ ਨਜ਼ਰ ਨਾਲ ਬਲਜੀਤ ਵਲ ਦੇਖਿਆ ਜਿਵੇਂ ਤਾੜ ਰਿਹਾ ਹੋਵੇ ਕਿ ਇਹ ਸੂਟ ਬੂਟ ਵਾਲਾ ਬੰਦਾ ਕਿਤੇ ਸ਼ਿਕਾਰ ਹੀ ਨਾ ਭਜਾ ਦੇਵੇ ਕਿਉਂਕਿ ਉਹ ਹੁਣ ਤੱਕ ਕੁੱਝ ਵੀ ਬੋਲਿਆ ਨਹੀਂ ਸੀ। ਉਧਰ ਬਲਜੀਤ ਦੇ ਮਨ ਵਿੱਚ ਯੁੱਧ ਚਲ ਰਿਹਾ ਸੀ। ਉਹਦਾ ਮਨ ਤਾਂ ਕਰਦਾ ਸੀ ਕਿ ਜੋਤਸ਼ੀ ਦੀ ਪੋਲ ਖ੍ਹੋਲ ਦੇਵੇ ਪਰ ਦੂਜੇ ਪਾਸੇ ਮਾਸੀ ਦਾ ਪੱਕੀ ਇੱਟ ਵਰਗਾ ਵਿਸ਼ਵਾਸ਼। ਉਹਨੇ ਮਨ ਹੀ ਮਨ ਸੋਚਿਆ ਕਿ ਮਾਸੀ ਤਾਂ ਅੱਗੇ ਹੀ ਉਹਨੂੰ ਉਲਾਂਭੇ ਦਿੰਦੀ ਐ ਤੇ ਰੱਬ ਨਾ ਕਰੇ ਜੇ ਹਰਪਾਲ ਦੇ ਪਾਸਪੋਰਟ ਦਾ ਕੰਮ ਵਿਗੜ ਗਿਆ ਜਾਂ ਜੇ ਕੋਈ ਹੋਰ ਹਾਦਸਾ ਹੋ ਗਿਆ ਤਾਂ ਫ਼ਿਰ ਮਾਸੀ ਸਾਰੀ ਉਮਰ ਦਾ ਕਲੰਕ ਉਹਦੇ ਮੱਥੇ `ਤੇ ਹੀ ਥੱਪ ਦੇਵੇਗੀ। ਸੋ, ਲੰਮੀ ਸੋਚ ਕੇ ਉਹ ਚੁੱਪ ਹੀ ਰਿਹਾ।
“ਬੀਬੀ ਇਹ ਚੌਵੀਏ ਦਾ ਟੂਣਾ ਹੁੰਦੈ, ਇਹ ਟੂਣਾ ਚੌਵੀ ਦਿਨ ਵਗਦੇ ਪਾਣੀ `ਚ ਖੜ੍ਹੇ ਹੋ ਕੇ ਸਿੱਧ ਕਰਨਾ ਪੈਂਦੈ। ਜਿਸ ਬੰਦੇ `ਤੇ ਇਹ ਟੂਣਾ ਕੀਤਾ ਜਾਵੇ, ਚੌਵੀ ਦਾ ਅੰਕ ਫਿਰ ਉਸ ਲਈ ਨਹਿਸ਼ ਬਣ ਜਾਂਦੈ” ਇੰਨਾ ਕਹਿ ਕੇ ਜੋਤਸ਼ੀ ਨੇ ਫਿਰ ਬਲਜੀਤ ਵਲ ਦੇਖਿਆ ਜਿਵੇਂ ਪੂਰੀ ਤਸੱਲੀ ਕਰ ਲੈਣੀ ਚਾਹੁੰਦਾ ਹੋਵੇ ਕਿ ਉੇਹ ਉਹਦੇ ਕੰਮ ਵਿੱਚ ਦਖ਼ਲ ਨਹੀਂ ਦੇਵੇਗਾ।
“ਪੰਡਤ ਜੀ ਇਹਦਾ ਕੋਈ ਉਪਾਅ?” ਮਾਸੀ ਕਾਹਲੀ ਪਈ ਹੋਈ ਸੀ।
“ਬੀਬੀ ਜਿਹੜੇ ਰੱਬ ਨੇ ਮੁਸੀਬਤਾਂ ਪੈਦਾ ਕਰੀਆਂ, ਉਹਨਾਂ ਦੇ ਇਲਾਜ ਵੀ ਨਾਲ ਈ ਦਸੇ ਐ, ਬੱਸ ਉਪਾਅ ਕਰਾਉਣ ਵਾਲਾ ਪੂਰੀ ਸ਼ਰਧਾ ਰੱਖਦਾ ਹੋਵੇ, ਬੀਬੀ ਲੈ ਸੁਣ, ਮਜ਼ਬੂਤ ਜਿਹਾ ਕੱਪੜਾ ਲੈ ਕੇ ਛੇ ਗਿੱਠਾਂ ਇੱਕ ਪਾਸੇ ਨੂੰ ਅਤੇ ਚਾਰ ਗਿੱਠਾਂ ਇੱਕ ਪਾਸੇ ਨੂੰ ਮਿਣ ਕੇ ਉਹਦਾ ਥੈਲਾ ਬਣਾ ਕੇ ਕਣਕ ਨਾਲ ਭਰ, ਘਰੇ ਸੋਨੇ ਦੇ ਗਹਿਣੇ ਤਾਂ ਹੋਣੇ ਈਂ ਆਂ। ਸੋਨੇ ਦੀਆਂ ਜੰਜ਼ੀਰੀਆਂ ਜਿਹਨਾਂ ਦੀ ਲੰਬਾਈ ਚੌਵੀ ਇੰਚ ਹੋਵੇ। ਇਸ ਉਪਾਅ `ਚ ਬੀਬੀ ਚੌਵੀਏ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਪੈਂਦੈ ਨਹੀਂ ਤਾਂ ਉਪਾਅ ਕਰਨ ਵਾਲੇ ਦੀ ਖ਼ੈਰ ਨਈਂ, ਹਾਂ ਸੱਚ, ਚੌਵੀ ਇੰਚ ਉੱਚੀ ਬਾਲਟੀ ਦੇਸੀ ਘਿਉ ਨਾਲ ਭਰ” ਜੋਤਸ਼ੀ ਨੇ ਵਿਹੜੇ ਦੇ ਦੂਜੇ ਬੰਨੇ ਮੱਝਾਂ ਬੰਨ੍ਹੀਆਂ ਦੇਖ਼ ਕੇ ਘਿਉ ਦਾ ਆਰਡਰ ਵੀ ਨਾਲ ਹੀ ਕਰ ਦਿੱਤਾ।
ਬਸ ਫਿਰ ਕੀ ਸੀ ਮਾਸੀ ਭੰਬੀਰੀ ਹੋ ਗਈ। ਕੁਛ ਹੀ ਦੇਰ ਵਿੱਚ ਉਹਨੇ ਸਾਰਾ ਸਾਮਾਨ ਤਿਆਰ ਕਰ ਕੇ ਜੋਤਸ਼ੀ ਦੇ ਸਾਈਕਲ `ਤੇ ਲਦਾ ਦਿੱਤਾ। ਜੋਤਸ਼ੀ ਨੇ ਤਾਂਬੇ ਦੇ ਇੱਕ ਤਵੀਤ ਵਿੱਚ ਕਾਗਜ਼ ਦੇ ਨਿੱਕੇ ਨਿੱਕੇ ਕੁੱਝ ਟੁਕੜੇ ਤੁੰਨੇ ਤੇ ਮਾਸੀ ਨੂੰ ਫੜਾ ਕੇ ਤਾਗੀਦ ਕੀਤੀ ਕਿ ਕਾਕੇ ਦੇ ਡੌਲੇ ਨਾਲ ਤਵੀਤ ਬੰਨ੍ਹ ਦੇਵੇ। ਜੋਤਸ਼ੀ ਨੇ ਇਹ ਕਹਿ ਕੇ ਉਥੋਂ ਖਿਸਕਣ ਦੀ ਕੀਤੀ ਕਿ ਉਹਨੇ ਘਰ ਜਾ ਕੇ ਚੌਵੀਏ ਦੇ ਮੰਤਰ ਨੂੰ ਮਾਰਨ ਲਈ ਲਈ ਪਾਠ ਕਰਨਾ ਸੀ।
ਜੋਤਸ਼ੀ ਨੂੰ ਗਿਆਂ ਅਜੇ ਪੰਦਰਾਂ ਵੀਹ ਮਿੰਟ ਹੀ ਹੋਏ ਸਨ ਕਿ ਡਾਕੀਏ ਨੇ ਆ ਬੂਹਾ ਖੜਕਾਇਆ ਤੇ ਬੋਲਿਆ “ਓਏ ਹਰਪਾਲ, ਓਏ ਹਰਪਾਲ, ਤੇਰੀ ਰਜਿਸਟਰੀ ਆ ਗਈ ਬਈ, ਮੈਨੂੰ ਲਗਦੈ ਇਹਦੇ `ਚ ਤੇਰਾ ਪਾਸਪੋਰਟ ਈ ਹੋਣੈ। ਪਾਸਪੋਰਟ ਦਫ਼ਤਰ `ਚ ਹੜਤਾਲ ਰਹੀ ਐ, ਇਸੇ ਕਰ ਕੇ ਲੇਟ ਹੋ ਗਿਐ ਬਈ” ਹਰਪਾਲ, ਜੋ ਕਿ ਅਜੇ ਹੁਣੇ ਹੀ ਚੁਬਾਰੇ ਚੋਂ ਕੋਈ ਚੀਜ਼ ਲੈਣ ਗਿਆ ਸੀ ਦੌੜਦਾ ਆਇਆ ਤੇ ਉਹਨੇ ਆਉਂਦੇ ਨੇ ਡਾਕੀਏ ਦੇ ਹੱਥੋਂ ਰਜਿਸਟਰੀ ਲੈ ਕੇ ਇੰਜ ਪਾੜੀ ਜਿੱਦਾਂ ਆਵਾਰਾ ਕੁੱਤੇ ਪਿੰਡ `ਚ ਨਵੇਂ ਆਏ ਪਟਵਾਰੀ ਦਾ ਪਜਾਮਾ ਪਾੜਦੇ ਹਨ। ਰਜਿਸਟਰੀ ਵਿੱਚ ਪਾਸਪੋਰਟ ਈ ਸੀ।
ਮਾਸੀ ਇਕੋ ਗੱਲ ਕਹੀ ਜਾਂਦੀ ਸੀ “ਜੋਤਸ਼ੀ ਨੇ ਹੱਥ `ਤੇ ਸਰ੍ਹੋਂ ਜਮਾ ‘ਤੀ” ਡਾਕੀਆ ਡੌਰ ਭੌਰ ਜਿਹਾ ਹੋਇਆ ਸਾਰਿਆਂ ਵਲ ਵੇਖੀ ਜਾ ਰਿਹਾ ਸੀ।
ਨਿਰਮਲ ਸਿੰਘ ਕੰਧਾਲਵੀ




.