.

ਇੱਕ (੧) ਤੇ ਹਮਲਾ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਜੋ ਮਨੁੱਖ ਦੀ ਧਾਰਮਿਕ ਹਾਲਤ ਸੀ ਅੱਜ ਵੀ ਉਸ ਤੋਂ ਘੱਟ ਨਹੀਂ ਹੈ । ਉਸ ਵੇਲੇ ਵੀ ਧਰਮ ਦੇ ਨਾਮ ਤੇ ਲੁੱਟਿਆ ਤੇ ਕੁੱਟਿਆ ਹੀ ਜਾਂਦਾ ਸੀ ਤੇ ਅੱਜ ਵੀ । ਫਰਕ ਸਿਰਫ ਏਨਾ ਹੈ ਕਿ ਉਦੋਂ ਲੁੱਟਣ ਤੇ ਕੁੱਟਣ ਦੇ ਢੰਗ ਸਧਾਰਣ ਸਨ ਅੱਜ ਨਵੀਨ ਅਤੇ ਹਾਈ ਟੈੱਕ ਹਨ । ਉਦੋਂ ਰੱਬ ਦੇ ਨਾਂ ਤੇ ਬੰਦਾ ਜਲਦੀ ਡਰ ਜਾਂਦਾ ਸੀ, ਅੱਜ ਕਲ ਕਈ ਤਰਾਂ ਦੇ ਸਮੋਹਣਾ ਦਾ ਜਾਲ ਵਿਛਾ ਕੇ ਡਰਾ ਲਿਆ ਜਾਂਦਾ ਹੈ । ਇੱਥੋਂ ਤੱਕ ਕਿ ਅੱਜ ਤਾਂ ਬੰਦਾ ਭੂਤ ਕਾਲ ਵਿੱਚ ਹੋਈ ਕਿਸੇ ਭਗਤੀ ਵਿੱਚ ਭੰਗਣਾ ਦੇ ਭੁਲੇਖੇ ਨੂੰ ਚਿਤਵ ਆਪਣੇ ਆਪ ਨੂੰ ਸਵੈ-ਸਮੋਹਣ ਕਰ ਲੋਟੂਆਂ ਦੇ ਜਾਲ ਵੱਲ ਨੂੰ ਆਪ ਹੀ ਤੁਰਿਆ ਜਾ ਰਿਹਾ ਹੈ । ਉਦੋਂ ਝੜਾਵਾ(ਭੇਟਾ) ਸਿੱਧਾ ਪੁਜਾਰੀ ਦੇ ਘਰ ਜਾਂਦਾ ਸੀ , ਹੁਣ ਵੀ ਲੋਟੂ ਵਿਧੀ ਦੁਆਰਾ ਸਦੀਆਂ ਤੱਕ ਆਪਦੀਆਂ ਆਉਣ ਵਾਲੀਆਂ ਕੁਲਾਂ ਦੀ ਰੋਜੀ-ਰੋਟੀ ਪਕਿਆਂ ਕਰਨ ਖਾਤਿਰ ਮਿਹਨਤ-ਕਸ਼ਾਂ ਨੂੰ ਭੰਬਲ-ਭੂਸੇ ਪਾਉਂਦਾ , ਇੱਕ ਚਿਰ ਸਥਾਈ ਡਿਪਾਰਟਮੈਂਟ ਨੂੰ ਪੱਕੇ ਪੈਰੀਂ ਕਰਦਾ ਹੋਇਆ ਲੋਕ-ਤੰਤਰਿਕ ਢੰਗਾਂ ਰਾਹੀਂ ਉਸੇ ਹੀ ਖਾਸ ਵਰਗ ਦੇ ਘਰ ਪਹੁੰਚਦਾ ਹੈ ।
ਗੁਰੂ ਨਾਨਕ ਸਾਹਿਬ ਨੇ ਇਸ ਲੋਟੂ ਵਿਧੀ ਤੋਂ ਲੁਕਾਈ ਨੂੰ ਜਾਣੂ ਕਰਵਾਉਂਦਿਆਂ ,ਸੱਚ ਨਾਲ ਜੋੜਨ ਲਈ ਕੇਵਲ ਇੱਕ ਦਾ ਪਰਚਾਰ ਕੀਤਾ । ਲੋਕਾਂ ਨੂੰ ਕਰਮ-ਕਾਂਢਾਂ ਦੀਆਂ ਅਲੱਗ-ਅਲੱਗ ਛੋਟੀਆਂ-ਛੋਟੀਆਂ ਡੰਡੀਆਂ ਤੇ ਭਟਕਣ ਤੋਂ ਹਟਾ ਇੱਕ ਸਾਫ-ਸੁਥਰਾ ਪਰਮਾਤਮਾਂ ਵੱਲ ਜਾਂਦਾ ਸਪੱਸ਼ਟ ਤੇ ਵੱਡਾ ਰਸਤਾ ਦਿਖਾਇਆ । ਜਿਸ ਅਨੁਸਾਰ ਮਨੁੱਖ ਨੂੰ ਡਰਾਉਣ ਲਈ ਪਰਚਾਰੀਆਂ ਜਾ ਰਹੀਆਂ ਵੱਖ-ਵੱਖ ਸ਼ਕਤੀਆਂ ਦੀ ਅਖਾਉਤੀ ਪੂਜਾ ਦੀ ਜਗਹ, ਇੱਕ ਹੀ ਸਰਬ ਸਾਂਝੀ ਗੁਰਮਤਿ ਅਨੁਸਾਰੀ ਪੂਜਾ , ਜਿਸ ਅਨੁਸਾਰ ਸਮੁੱਚਾ ਬ੍ਰਹਿਮੰਡ ਹੀ ਆਪਣੇ ਆਪ ਵਿੱਚ ਕਰਤੇ ਦੀ ਪੂਜਾ ਕਰ ਰਿਹਾ ਹੈ , ਦਾ ਅਹਿਸਾਸ ਕਰਵਾ ਕਰਤੇ ਨਾਲ ਇੱਕ-ਮਿੱਕ ਹੋਣ ਦਾ ਬ੍ਰਹਿਮੰਡੀ ਤਰੀਕਾ ਸਮਝਾਇਆ ।
ਗੁਰੂ ਬਾਬੇ ਦੇ ਇੱਕ(੧) ਤੋਂ ਸਭ ਮਜ਼ਹਬਾਂ ਦੇ ਪੁਜਾਰੀਆਂ ਨੂੰ ਭਾਰੀ ਡਰ ਲਗਿਆ । ਉਹਨਾ ਨੁੰ ਆਪਦੀ ਪੂਜਾ-ਪ੍ਰਤਿਸ਼ਠਾ ਦੇ ਧਾਮ ਦੀ ਸਦੀਵਤਾ ਖਤਰੇ ਵਿੱਚ ਦਿਸੀ । ਉਹਨਾ ਕਦੇ ਸਮਝੌਤਾ-ਵਾਦ ਰਾਹੀਂ ,ਕਦੇ ਸਰਬ-ਮਜ਼ਹਬ-ਏਕਤਾ ਦੀ ਆੜ ਥੱਲੇ ਕਦੇ ਸਰਬੱਤ ਦੇ ਭਲੇ ਦੇ ਸਵਾਰਥੀ ਅਰਥ ਕਰ,ਕਦੇ ਬਾਬੇ ਨਾਨਕ ਦੀ ਸੋਚ ਦੇ ਹੀ ਪਰਚਾਰਕ ਦੇ ਭੇਸ ਵਿੱਚ ਗੁਰੂ ਬਾਬੇ ਦੇ ਇੱਕ(੧) ਦੇ ਫਲਸਫੇ ਤੇ ਹਮਲਾ ਆਰੰਭ ਦਿੱਤਾ । ਅਸਲ ਵਿੱਚ ਬਾਬੇ ਨਾਨਕ ਦਾ ਇੱਕ(੧)ਦਾ ਫਲਸਫਾ ਹੀ ਦੁਨੀਆਂ ਦੀ ਹਰ ਤਰਾਂ ਦੇ ਵੱਡੇ-ਛੋਟੇ , ਜਾਤ-ਪਾਤ ,ਉਚ-ਨੀਚ, ਛੂਆ-ਛਾਤ , ਵੱਖ-ਵੱਖ ਮਜ਼ਹਬਾਂ ,ਨਸਲਾਂ ਅਤੇ ਇਲਾਕਿਆਂ ਆਦਿ ਦੇ ਵਰਗੀਕਰਣ ਦੀਆਂ ਧੱਜੀਆਂ ਉਡਾ ਰਿਹਾ ਸੀ ਅਤੇ ਕਿਰਤੀ ਦੀ ਧਾਰਮਿਕ,ਸਮਾਜਿਕ ਅਤੇ ਆਰਥਿਕ ਲੁੱਟ ਦੇ ਰਸਤੇ ਵਿੱਚ ਇਕ ਮਜਬੂਤ ਕਿਲੇ ਦਾ ਕੰਮ ਕਰ ਰਿਹਾ ਸੀ ।
ਬਾਬੇ ਨਾਨਕ ਦਾ ਕੁਦਰਤਿ ਦੇ ਹਰ ਨਿਯਮ ਨੂੰ ਰੱਬ ਦਾ ਹੁਕਮ ਆਖ ,ਕੁਦਰਤਿ ਦੇ ਨਾਲ ਇੱਕ-ਮਿੱਕ ਹੋ ਨਾਮੀ ਹੋਕੇ ਜੀਣ ਦਾ ਦਸਿਆ ਤਰੀਕਾ ਵੀ ਕੁਦਰਤਿ ਦੇ ਅਣਜਾਣੇ ਪਹਿਲੂਆਂ ਨੂੰ ਕ੍ਰਿਸ਼ਮੇ ਆਖ ਲੋਕਾਈ ਨੂੰ ਡਰਾਉਣ ਵਾਲੀ ਲੋਟੂ ਜਮਾਤ ਦੇ ਵਿਰੁੱਧ ਭੁਗਤ ਰਿਹਾ ਸੀ । ਕੁਦਰਤਿ ਦੇ ਅਨੇਕਾਂ ਲੁਕੇ ਪਹਿਲੂਆਂ ਦੀ ਆਮ ਲੋਕਾਂ ਨੂੰ ਜਾਣਕਾਰੀ ਮਿਲਣਾ ਵੀ ਪੁਜਾਰੀਆਂ ਦੇ ਜੜੀਂ ਤੇਲ ਫਿਰਨ ਬਰਾਬਰ ਸੀ । ਕਿਓਂਕਿ ਧਰਮ ਦੇ ਨਾਂ ਤੇ ਦੁਕਾਨਾ, ਲੋਕਾਂ ਨੂੰ ਮੂਰਖ ਬਣਾਕੇ ਜਾਂ ਡਰਾਕੇ ਹੀ ਚਲ ਸਕਦੀਆਂ ਸਨ । ਸੋ ਗੁਰੂ ਬਾਬੇ ਦੁਆਰਾ ਧਰਤੀ ਤੋਂ ਪਰੇ ਕਿਸੇ ਹੋਰ ਦੂਜੀ ਜਗਹ ਸਵਰਗ ਜਾਂ ਨਰਕ ਦੀ ਹੋਂਦ ਨੂੰ ਨਕਾਰਨਾ ਵੀ ਇੱਕ(੧) ਦੇ ਫਲਸਫੇ ਅਧੀਨ ਇੱਕ ਇੰਕਲਾਬ ਹੀ ਸੀ ।
ਬਾਬਾ ਨਾਨਕ ਆਪਣੇ ਆਪ ਵਿੱਚ ਇੱਕ ਪੂਰਾ ਫਲਸਫਾ ਸੀ ਜੋ ਕਿ ਸਮੁਚੀ ਲੋਕਾਈ ਨੂੰ ਆਪਣੇ ਆਪ ਵਰਗਾ ਬਣਾਅ ਉਸ ਪਰਮ ਸ਼ਕਤੀ ਨਾਲ ਇੱਕ ਮਿੱਕ ਕਰਨ ਦੀ ਸਮਰੱਥਾ ਰੱਖਦਾ ਸੀ । ਏਸੇ ਲਈ ਉਸਤੋਂ ਬਾਅਦ ਵਿੱਚ ਆਏ ਨਾਨਕ ਗੱਦੀ ਦੇ ਜਾਨਸ਼ੀਨ , ਨਾਨਕ ਮੋਹਰ ਥੱਲੇ ਹੀ ਉਸੇ ਫਲਸਫੇ ਦੀ ਰੋਸ਼ਨੀ ਵਿੱਚ ਬਾਣੀ ਉਚਾਰਦੇ ਰਹੇ । ਸੋ ਦਸ ਨਾਨਕਾਂ ਦਾ ਇੱਕ ਹੋ ਕੇ ਵਿਚਰਨਾ ਵੀ ਇੱਕ(੧) ਦੇ ਦੁਸ਼ਮਨਾ ਨੂੰ ਰਾਸ ਨਹੀਂ ਆ ਰਿਹਾ ਸੀ ।
ਸਮੁੱਚੀ ਨਾਨਕ ਬਾਣੀ ਅਤੇ ਹੋਰ ਵੀ ਕੇਵਲ ਇੱਕ ਦੇ ਸਮਰਥੱਕ ਭਗਤਾਂ ,ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਇੱਕ ਹੀ ਜਿਲਦ ਵਿੱਚ , ਇੱਕ ਹੀ ਨਾਨਕ ਰੂਪ ਵਿੱਚ ,ਇੱਕ ਹੀ ਵਿਚਾਰਧਾਰਾ ਅਧੀਨ , ਇੱਕ ਹੀ ਸੇਧ ਦੇਣ ਲਈ , ਆਨੰਤਕਾਲ ਤੱਕ ਸਾਂਭਣ ਲਈ ਇੱਕ ਹੀ ਗੁਰੂ ਦਾ ਰੂਪ ਦੇ ਦੇਣਾ ਇੱਕ(੧) ਦੇ ਵਿਰੋਧੀ ਲਈ ਬਰਦਾਸ਼ਤ ਤੋਂ ਬਾਹਰਾ ਸੀ । ਜਿਸ ਤਰਾਂ ਉਹ ਗੁਰੂ ਨਾਨਕ ਦੇ ਸਮੇ ਤੋਂ ਹੀ ਦੇਹ ਦੇ ਮੁਕਾਬਲੇ ਦੇਹ ਨੂੰ ਪਰਮੋਟ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਸੀ ਉਸੇ ਤਰਾਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਹੋਰ ਗ੍ਰੰਥਾਂ ਨੂੰ ਪਰਮੋਟ ਕਰਨਾ ਵੀ ਉਸੇ ਇੱਕ(੧) ਦੇ ਸ਼ੁੱਧ ਫਲਸਫੇ ਤੇ ਹਮਲਾ ਕਰਨ ਦੀ ਪੁਰਾਣੀ ਕਪਟ-ਨੀਤੀ ਦਾ ਹੀ ਸਿੱਧਾ-ਅਸਿੱਧਾ ਹਿੱਸਾ ਹੈ ।
ਸਾਰੇ ਜਾਣਦੇ ਹਨ ਕਿ ਕੈਲੰਡਰ ਦਾ ਵਿਸ਼ਾ ਕੋਈ ਧਾਰਮਿਕ ਵਿਸ਼ਾ ਨਹੀਂ ਹੁੰਦਾ । ਕਿਸੇ ਵੀ ਮਜ਼ਹਬ ਵਿੱਚ ਧਾਰਮਿਕ ਰਹਿਬਰਾਂ ਦੇ ਦਿਨ ਦਿਹਾੜੇ ਮਨਾਉਣ ਦੇ ਬਹਾਨੇ ਇਕੱਤਰ ਹੋਕੇ ਆਪਾ ਪੜਚੋਲਣ ਜਾਂ ਸਿੱਖਣ ਸਖਾਉਣ ਲਈ ਕੇਵਲ ਦਿਨ ਜਾਂ ਸਮਾਂ ਨਿਸ਼ਚਿਤ ਕਰਨਾ ਹੀ ਕੈਲੰਡਰ ਦਾ ਇਕ ਮਾਤਰ ਕੰਮ ਹੁੰਦਾ ਹੈ । ਸਮੇਂ ਨੂੰ ਗਿਣਨ- ਮਿਣਨ ਦੇ ਤਰੀਕੇ, ਘੜੀਆਂ ,ਕੈਲੰਡਰ ਆਦਿ ਬਦਲਦੇ ਸਮੇਂ ਅਨੁਸਾਰ ਬਦਲਦੇ ਆਏ ਹਨ । ਹਰ ਕੋਈ ਨਵੇਂ ਸਮੇਂ ਦੀ ਨਵੀਂ ਤਕਨਾਲੋਜੀ ਦੇ ਸਾਧਨ ਵਰਤਣਾ ਪਸੰਦ ਕਰਦਾ ਹੈ । ਨਵੇਂ ਯੁੱਗ ਦੀ ਨਵੀਂ ਲੋੜ ਮੁਤਾਬਕ ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ,ਸਭ ਤੋਂ ਘੱਟ ਦੋਸ਼ਾਂ ਵਾਲਾ , ਸਮੇਂ ਨੂੰ ਸ਼ੁੱਧ ਮਾਪਣ ਵਾਲਾ ਨਾਨਕਸ਼ਾਹੀ ਕੈਲੰਡਰ ਜੋ ਕਿ ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨਾ ਨੇ ਦੇਰ ਤੱਕ ਸਮੇਂ ਦੀ ਸਹੀ ਜਾਣਕਾਰੀ ਦੇਣ ਲਈ ਸੂਰਜ ਦੀ ਗਤੀ ਅਨੁਸਾਰ ਇੱਕ ਹੀ ਸ਼ੁੱਧ ਪਰਣਾਲੀ ਦੁਆਰਾ ਲੰਬੀ ਮਿਹਨਤ ਨਾਲ ਤਿਆਰ ਕੀਤਾ ਸੀ ,ਵਿੱਚ ਵੀ ਚੰਦ-ਬਿਕਰਮੀ ਪਰਣਾਲੀ ਦੀ ਮਿਲਾਵਟ ਨਾਲ ਮਿਲਗੋਭਾ ਕਰਨ ਵਿੱਚ ਵੀ ਇੱਕ(੧) ਵਿਰੋਧੀਆਂ ਦੀ ਉਹੀ ਸ਼ੁੱਧ ਇੱਕ(੧) ਦੇ ਫਲਸਫੇ ਤੇ ਹਮਲਾ ਕਰ ਦੁਬਿਧਾ ਬਣਾਉਣ ਦੀ ਪੁਰਾਣੀ ਨੀਤੀ ਹੀ ਜਾਹਰ ਹੁੰਦੀ ਹੈ।
ਅਸਲ ਵਿੱਚ ਇੱਕ(੧) ਦਾ ਦੁਸ਼ਮਣ ਨਹੀਂ ਚਾਹੁੰਦਾ ਕਿ ਕਿਤੇ ਵੀ ਇੱਕ(੧) ਦੇ ਫਲਸਫੇ ਨੂੰ ਸ਼ੁੱਧ ਰੂਪ ਵਿੱਚ ਖਲਕਤ ਹਾਸਲ ਕਰ ਸਕੇ । ਉਹ ਹਰ ਜਗਹ ਤੇ ਦੁਬਿਧਾ ਹੀ ਖੜੀ ਕਰਨੀ ਚਾਹੁੰਦਾ ਹੈ, ਕਿਓਂਕਿ ਓਹ ਜਾਣਦਾ ਹੈ ਕਿ ਦੁਬਿਧਾ ਵਿੱਚ ਪਈ ਲੋਕਾਈ ਕਿਤੇ ਨਹੀਂ ਪਹੁੰਚ ਸਕੇਗੀ । ਜਿਸ ਤਰਾਂ ਦੋ ਬੇੜੀਆਂ ਵਿੱਚ ਪੈਰ ਧਰਨ ਵਾਲਾ ਡੁੱਬ ਜਾਂਦਾ ਹੈ ਅਤੇ ਇੱਕ ਬੀਜ ਦੇ ਦੋ ਹੋਣ ਤੇ ਉਸਦੀ ਉੱਗਣ ਤੇ ਵਧਣ-ਫੁਲਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਉਸੇ ਤਰਾਂ ਹਰ ਬੰਦਾ ਇੱਕ(੧) ਦੇ ਫਲਸਫੇ ਤੋਂ ਟੁੱਟਕੇ ਦੁਬਿਧਾ ਵਿੱਚ ਪਿਆ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਆਖਿਰ ਨੂੰ ਭਟਕਦਾ ਹੋਇਆ ਲੋਟੂਆਂ ਦੇ ਵਿਛਾਏ ਮੱਕੜ-ਜਾਲ਼ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ ।।
.