.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਡਿਠੈ ਮੁਕਤਿ ਨ ਹੋਵਈ

ਪਿੰਡਾਂ ਦੇ ਵਿੱਚ ਇੱਕ ਆਮ ਬੋਲੀ ਬਣ ਗਈ ਹੈ ਕਿ ਮੈਂ ਝੋਨਾ ਮੰਡੀ ਸੁੱਟ ਆਵਾਂ, ਮੈਂ ਕਣਕ ਮੰਡੀ ਸੁੱਟ ਆਵਾਂ। ਜੇ ਕੋਈ ਪੁੱਛੇ ਕਿ ਚਾਚਾ ਕਿੱਥੇ ਗਿਆ ਈ ਤਾਂ ਅੱਗੋਂ ਬਣਾ ਸਵਾਰ ਕੇ ਕਹੇਗਾ ਕਿ ਚਾਚਾ ਕੰਡੇ ਤੇ ਗੰਨਾ ਸੁੱਟਣ ਗਿਆ ਈ। ਸਾਡੀ ਇੱਕ ਧਾਰਨਾ ਹੀ ਬਣ ਗਈ ਹੈ ਪੁੱਤਾਂ ਵਾਂਗ ਪਾਲ਼ੀ ਜਿਨਸ ਨੂੰ ਅਸੀਂ ਕਹਾਂਗੇ ਕਿ ਮੰਡੀ ਸੁੱਟਣ ਚਲੇ ਹਾਂ। ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਸਬਜ਼ੀ ਬਜ਼ਾਰ ਵਿੱਚ ਵੇਚਣ ਲਈ ਗਏ ਹਾਂ ਜਾਂ ਕਣਕ ਨੂੰ ਮੰਡੀ ਵਿੱਚ ਵੇਚ ਕੇ ਆਏ ਹਾਂ। ਇਸ ਦਾ ਇੱਕ ਹੀ ਉੱਤਰ ਹੈ ਕਿ ਬਹੁਤ ਮਿਹਨਤਾਂ ਕਰਕੇ ਪਾਲ਼ੀ ਫ਼ਸਲ ਦਾ ਭਾਅ ਚੱਜ ਅਚਾਰ ਨਾਲ ਨਹੀਂ ਮਿਲਦਾ। ਮਹਿੰਗੇ ਭਾਅ ਦੀਆਂ ਖਾਦਾਂ ਦਵਾਈਆਂ ਪਾ ਕੇ ਤਿਆਰ ਕੀਤੀ ਫ਼ਸਲ ਦਾ ਕਦੇ ਵੀ ਕਿਰਸਾਨ ਨੂੰ ਸਹੀ ਭਾਅ ਨਹੀਂ ਮਿਲਿਆ ਇਸ ਲਈ ਕਲ਼ਪੇ ਹੋਏ ਮਨ ਨਾਲ ਕਹੇਗਾ ਮੈਂ ਫ਼ਸਲ ਸੁੱਟ ਕੇ ਆਇਆ ਹਾਂ। ਕਈ ਵਾਰੀ ਸੁਣਿਆ ਦੇਖਿਆ ਹੈ ਕਿ ਜਿੰਨ੍ਹਾਂ ਬੋਰੀਆਂ ਵਿੱਚ ਆਲੂ ਭਰੇ ਜਾਂਦੇ ਹਨ ਉਹਨਾਂ ਬੋਰੀਆਂ ਦੇ ਪੈਸੇ ਵੀ ਪੂਰੇ ਨਹੀਂ ਹੁੰਦੇ। ਬੰਦਾ ਫ਼ਸਲ ਨੂੰ ਘਰੋਂ ਵੇਚਣ ਲਈ ਗਿਆ ਹੈ ਪਰ ਅੱਗੋਂ ਸਰਕਾਰੀ ਕਰਮਚਾਰੀ ਤੇ ਸਰਮਾਏਦਾਰ ਅੜ੍ਹਤੀਆਂ ਦੀ ਮਿਲੀ ਭੁਗਤ ਕਰਕੇ ਵਿਚਾਰੇ ਕਿਰਸਾਨ ਦੀ ਪੂਰੀ ਛਿੱਲ ਹੀ ਨਹੀਂ ਲਾਹੀ ਜਾਂਦੀ, ਸਗੋਂ ਖਜਲ-ਖੁਆਰੀ ਵੀ ਪੁਜ ਕੇ ਕੀਤੀ ਜਾਂਦੀ ਹੈ।

ਜਿਸ ਤਰ੍ਹਾਂ ਕਿਰਸਾਨ ਕਹਿੰਦਾ ਹੈ ਕਿ ਮੈਂ ਫ਼ਸਲ ਸੁੱਟ ਆਵਾਂ ਕੁੱਝ ਏਸੇ ਤਰ੍ਹਾਂ ਹੀ ਧਰਮ ਦੀ ਦੁਨੀਆਂ ਵਿੱਚ ਵੀ ਇਹ ਸ਼ਬਦ ਪ੍ਰਚੱਲਤ ਹੋ ਗਿਆ ਹੈ ਕਿ ਮੈਂ ਗੁਰਦੁਆਰਿਉਂ ਹੋ ਆਵਾਂ। ਮੈਂ ਸਵੇਰੇ ਸਵੇਰੇ ਮੱਥਾ ਟੇਕ ਆਵਾਂ। ਇਹ ਸ਼ਬਦਾਵਲੀ ਇਸ ਤਰ੍ਹਾਂ ਦੀ ਬਣ ਗਈ ਹੈ ਜਿਵੇਂ ਕਿ ਅਸੀਂ ਕੋਈ ਉਲਾਂਭਾ ਲੌਣਾ ਹੋਵੇ। ਕਈ ਤਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਮੈਂ ਅੱਜ ਗੁਰਦੁਆਰੇ ਨਹੀਂ ਗਿਆ, ਇਸ ਲਈ ਅੱਜ ਮੇਰਾ ਕੋਈ ਕੰਮ ਸਿਰੇ ਨਹੀਂ ਚੜਿਆ। ਬਹੁਤ ਸਾਰੇ ਦੁਕਾਨਦਾਰਾਂ ਨੇ ਵੀ ਇਹ ਹੀ ਭਰਮ ਪਾਲਿਆ ਹੋਇਆ ਹੈ ਕਿ ਜੇ ਦੁਕਾਨ ਖੋਹਲਣ ਤੋਂ ਪਹਿਲਾਂ ਗੁਰਦੁਆਰੇ ਜਾ ਆਵਾਂਗੇ ਤਾਂ ਸਾਰਾ ਦਿਨ ਗਾਹਕੀ ਬਹੁਤ ਵੱਧੀਆ ਹੋਵੇਗੀ। ਆਮ ਡਰਾਇਵਰਾਂ ਨੇ ਵੀ ਏਹੀ ਭਰਮ ਪਾਲ਼ਿਆ ਹੋਇਆ ਹੈ ਕਿ ਜੇ ਗੁਰਦੁਆਰਿਓਂ ਮੱਥਾ ਟੇਕ ਕੇ ਤੁਰਾਂਗੇ ਤਾਂ ਸਾਡਾ ਐਕਸੀਡੈਂਟ ਨਹੀਂ ਹਏਗਾ। ਕਈ ਕਾਰ, ਟਰੱਕ ਤੇ ਬੱਸ ਵਿੱਚ ਫੋਟੋ ਇਸ ਲਈ ਰੱਖਦੇ ਹਨ ਕਿ ਜੇ ਐਕਸੀਡੈਂਟ ਹੋਣ ਲੱਗੇ ਤਾਂ ਬਾਬਾ ਜੀ ਦੀ ਰੱਖੀ ਹੋਈ ਮੂਰਤ ਮੰਤਰ ਮਾਰ ਕੇ ਰੱਬ ਜੀ ਨੂੰ ਕਹਿ ਦਏਗੀ ਕਿ ਰੱਬ ਜੀ ਇਹ ਸਾਡਾ ਸੇਵਕ ਜੇ ਇਸ ਦਾ ਐਸੀਡੈਂਟ ਨਾ ਹੋਣ ਦਿਆ ਜੇ, ਜੇ ਜ਼ਰੂਰ ਐਕਸੀਡੈਂਟ ਕਰਾਉਣਾ ਹੀ ਤਾਂ ਉਹ ਬੱਸ ਟਰੱਕ ਵਾਲੇ ਦਾ ਕਰਾਓ, ਜਿਸ ਨੇ ਤੁਹਾਡੀ ਫੋਟੋ ਨਹੀਂ ਲਾਈ ਹੋਈ। ਮੈਂ ਗੁਰਦੁਆਰਿਓਂ ਵੀ ਹੋ ਆਇਆ ਹਾਂ, ਬਾਬਾ ਜੀ ਦੀ ਫੋਟੋ ਵੀ ਲਾਈ ਹੋਈ ਹੈ, ਹੁਣ ਮੈਨੂੰ ਕਿਸੇ ਵੀ ਕਾਗ਼ਜ਼ ਪੱਤਰ ਤੇ ਨਾ ਹੀ ਕਿਸੇ ਕਨੂੰਨ ਕਾਇਦੇ ਦੀ ਲੋੜ ਹੈ। ਆਪੇ ਬਾਬਾ ਜੀ ਸਾਰੀ ਜ਼ਿੰਮੇਵਾਰੀ ਸੰਭਾਣਗੇ। ਗੁਰਦੁਆਰੇ ਜਾਣਾ ਜਾਂ ਧਰਮ ਦੀਆਂ ਪ੍ਰਕਿਰਿਆਵਾਂ ਨਿਭਾਉਣ ਨਾਲ ਹੀ ਅਸੀਂ ਸਮਝ ਲਿਆ ਹੈ ਕਿ ਹੁਣ ਸਾਰੀ ਸਿਰਦਰਦੀ ਰੱਬ ਜੀ ਦੀ ਹੈ। ਹੁਣ ਰੱਬ ਜੀ ਕਦੇ ਵੀ ਸਾਡੇ ਜੀਵਨ ਵਿੱਚ ਔਖਾ ਸਮਾਂ ਨਹੀਂ ਆਉਣ ਦੇਣਗੇ।

ਇਕ ਗੱਲ ਤਾਂ ਜ਼ਰੂਰੀ ਹੈ ਕਿ ਹਰ ਸਿੱਖ ਨੇ ਗੁਰਦੁਆਰੇ ਆਉਣਾ ਹੈ। ਦੂਸਰਾ ਓੱਥੋਂ ਕੁੱਝ ਉਪਦੇਸ਼ ਲੈ ਕੇ ਜਾਣਾ ਹੈ। ਗੁਰੂ ਦੀ ਮੱਤ ਨੂੰ ਸਮਝਣਾ ਸੀ। ਪਰ ਸਾਰਾ ਕੁੱਝ ਇਸ ਦੇ ਉਲਟ ਹੀ ਹੋ ਰਿਹਾ ਹੈ। ਜ਼ਰਾ ਕੁ ਵੱਡੇ ਗੁਰਦੁਆਰਿਆਂ ਦੇ ਬਾਹਰ ਵਲ ਨੂੰ ਦੇਖੋ ਹਰ ਆਦਮੀ ਇੱਕ ਅਜੀਬ ਜੇਹੀ ਕਾਹਲ ਵਿੱਚ ਜਾ ਰਿਹਾ ਹੈ। ਸਕੂਟਰ ਤੋਂ ਮਾੜਾ ਜੇਹਾ ਉੱਤਰਿਆ ਜ਼ਮੀਨ ਨਾਲ ਹੱਥ ਲਗਾਇਆ ਤੇ ਤੁਰਦਾ ਬਣਿਆ।

ਗੁਰਦੁਆਰਿਆਂ ਦੀਆਂ ਭੀੜਾਂ ਦੱਸ ਰਹੀਆਂ ਹਨ ਕਿ ਸ਼ਰਧਾਲੂ ਬਹੁਤ ਹਨ। ਕਈ ਵਾਰੀ ਇਤਿਹਾਸਕ ਗੁਰਦੁਆਰਿਆਂ ਵਿੱਚ ਵਿਸ਼ੇਸ ਗੁਰਪੁਰਬਾਂ `ਤੇ ਮੱਥਾ ਟੇਕਣ ਲਈ ਘੰਟਿਆਂ ਬੱਧੀ ਕਤਾਰ ਵਿੱਚ ਖਲੋਣਾ ਪੈਂਦਾ ਹੈ। ਕਈ ਵਾਰੀ ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਨੂੰ ਦਸ ਦਸ ਮੱਥੇ ਟੇਕਦੇ ਵੀ ਦੇਖਿਆ ਗਿਆ ਹੈ। ਨਿਸ਼ਾਨ ਸਾਹਿਬ ਤੋਂ ਸ਼ੁਰੂ ਹੋ ਕੇ ਜੋੜੇ ਖ਼ਾਨੇ ਵਿੱਚ ਮੱਥ ਟੇਕ ਕੇ ਫਿਰ ਅਗਾਂਹ ਮੱਥਿਆਂ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਚੁਫੇਰੇ ਮੱਥਾ ਟੇਕਦਿਆਂ ਹੋਇਆਂ ਤਾਬਿਆ ਬੈਠੇ ਗ੍ਰੰਥੀ ਦੀ ਪਿੱਠ ਨੂੰ ਵੀ ਜਾ ਮੱਥਾ ਟੇਕਦੇ ਹਾਂ। ਮੱਥੇ ਟੇਕਣ ਦੀ ਬੁਤਾਤ ਦੇਖੋ ਦੇਖੀ ਹੋ ਰਹੀ ਹੈ। ਕਈ ਪੀੜ੍ਹੇ ਦੇ ਪਾਵਿਆਂ ਨੂੰ ਵੀ ਘੁੱਟੀ ਜਾਣਗੇ। ਹਜ਼ੂਰ ਸਾਹਿਬ ਦੇਖਿਆ ਗਿਆ ਕਿ ਜਿੱਥੇ ਕੋਈ ਗ੍ਰੰਥੀ ਜਾਂ ਪਾਠੀ ਪੈਰ ਰੱਖਦਾ ਹੈ ਸ਼ਰਧਾਲੂ ਉਸ ਥਾਂ `ਤੇ ਹੀ ਮੱਥਾ ਟੇਕਣ ਨੂੰ ਆਪਣੇ ਵੱਡਭਾਗ ਸਮਝਦਾ ਰਿਹਾ ਹੈ ਜਾਂ ਪੁਜਾਰੀ ਦੇ ਰੱਖੇ ਹੋਏ ਪੈਰ ਵਾਲੀ ਥਾਂ ਤੋਂ ਆਪਣਾ ਹੱਥ ਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਆਪਣੇ ਮੂੰਹ `ਤੇ ਘਰੋੜ ਘਰੋੜ ਕੇ ਫੇਰੇਗਾ ਤੇ ਆਪਣੇ ਨਿਆਣਿਆਂ ਦੇ ਮੂੰਹ `ਤੇ ਵੀ ਉਹੀ ਗੰਦਾ ਹੱਥ ਮਲ਼ੀ ਜਾਣ ਨੂੰ ਹਜ਼ੂਰ ਸਾਹਿਬ ਦੀ ਯਾਤਰਾ ਸਫਲ਼ ਹੋਈ ਸਮਝਦੇ ਹਨ।

ਕੇਵਲ ਗੁਰਦੁਆਰਿਓਂ ਹੋ ਕੇ ਆਉਣ ਨਾਲ ਸਾਡਾ ਕੋਈ ਕਲਿਆਣ ਹੋ ਸਕਦਾ ਹੈ? ਕੀ ਕੇਵਲ ਗੁਰੂ ਸਾਹਿਬ ਜੀ ਨੂੰ ਦੇਖਣ ਨਾਲ ਅਸੀਂ ਵਿਕਾਰਾਂ ਵਲੋਂ ਮੁਕਤ ਹੋ ਸਕਦੇ ਹਾਂ? ਇਹ ਸਮਝਣ ਲਈ ਗੁਰੂ ਅਮਰਦਾਸ ਜੀ ਦੇ ਇੱਕ ਸਲੋਕ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾਏਗਾ—

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ।।

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।

ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ।।

ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ।।

ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ।। ੧।।

ਸਲੋਕ ਮ: ੩ ਪੰਨਾ ੫੯੪

ਸਾਤਿਗੁਰ ਨੂੰ ਸਾਰਾ ਸੰਸਾਰ ਦੇਖ ਰਿਹਾ ਹੈ ਭਾਵ ਅਸੀਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਰਹੇ ਹਾਂ। ‘ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ`।।

ਪਰ ਵਿਕਾਰਾਂ ਵਲੋਂ ਮੁਕਤੀ ਨਹੀਂ ਹੋ ਰਹੀ, ਪੁਰਾਣਾ ਸੁਭਾਅ ਤਿਆਗਿਆ ਨਹੀਂ ਹੈ- ‘ਡਿਠੈ ਮੁਕਤਿ ਨ ਹੋਵਈ`। ਗੁਰੂ ਸਾਹਿਬ ਜੀ ਨੇ ਇਸ ਦਾ ਉੱਤਰ ਦਿੱਤਾ ਹੈ ਕਿ ਜਿੰਨ੍ਹਾਂ ਚਿਰ ਸ਼ਬਦ ਦੀ ਵਿਚਾਰ ਨੂੰ ਆਪਣੀ ਸੋਚ ਦਾ ਹਿੱਸਾ ਨਹੀਂ ਬਣਾਉਂਦੇ ਉਤਨਾ ਚਿਰ ਸੰਸਾਰੀ ਵਿਕਾਰਾਂ ਤੋਂ ਮੁਕਤੀ ਨਹੀਂ ਹੋਏਗੀ ‘ਜਿਚਰੁ ਸਬਦਿ ਨ ਕਰੇ ਵੀਚਾਰੁ`। ਕਈ ਵਾਰੀ ਤਾਂ ਅਸੀਂ ਇਹ ਹੀ ਹਉਮੇ ਪਾਲ਼ ਲੈਂਦੇ ਹਾਂ ਮੈਂ ਗੁਰਦੁਆਰਿਓਂ ਹੋ ਕੇ ਆਇਆ ਹਾਂ, ਪਰ ਮੇਰਾ ਗੁਆਂਢੀ ਗੁਰਦੁਆਰੇ ਗਿਆ ਨਹੀਂ ਹੈ ਇਸ ਲਈ ਇਹ ਸਿੱਧਾ ਨਰਕਾਂ ਵਿੱਚ ਗਿਆ ਹੀ ਗਿਆ ਸਮਝੋ ‘ਹਉਮੈ ਮੈਲੁ ਨ ਚੁਕਈ`। ਸ਼ਬਦ ਦੇ ਗਿਆਨ ਦੀ ਜਦੋਂ ਵਿਚਾਰ ਹੋਏਗੀ ਤਾਂ ਸਾਨੂੰ ਹਉਮੇ ਦੂਰ ਕਰਨ ਦੀ ਸਮਝ ਆਏਗੀ। ਜਿੰਨ੍ਹਾ ਚਿਰ ਅਸੀਂ ਸ਼ਬਦ ਦੀਆਂ ਡੂੰਘਾਈਆਂ ਨਾਲ ਸਾਂਝ ਨਹੀਂ ਬਣਾਉਂਦੇ ‘ਨਾਮਿ ਨ ਲਗੈ ਪਿਆਰੁ` ਉਤਨਾ ਚਿਰ ਸਾਡੇ ਮਨ ਵਿਚਲੀ ਹਉਮੇ ਦੀ ਮੈਲ਼ ਵੀ ਦੂਰ ਨਹੀਂ ਹੋ ਸਕਦੀ।

ਸ਼ਬਦ ਦੀ ਵਿਚਾਰ ਨਾਲ ਦੋ-ਚਿੱਤੀ ਭਾਵ ਮੇਰ-ਤੇਰ ਦੂਰ ਹੁੰਦੀ ਹੈ ਤੇ ਵਿਕਾਰਾਂ ਵਲੌਂ ਮੁਕਤੀ ਮਿਲਦੀ ਹੈ- ‘ਦੁਬਿਧਾ ਤਜਿ ਵਿਕਾਰ` ਇਸ ਦੀ ਸੋਝੀ ਨੂੰ ਹੀ ਬਖਸ਼ਿਸ਼ ਤੇ ਰੱਬ ਦਾ ਮਿਲਾਪ ਦੱਸਿਆ ਹੈ— ‘ਇਕਿ ਆਪੇ ਬਖਸਿ ਮਿਲਾਇਅਨੁ` ਜਦੋਂ ਦੁਬਿਧਾ ਵਰਗੀ ਬਿਮਾਰੀ ਦਾ ਤਿਆਗ ਕਰ ਦਿੱਤਾ ਤਾਂ ਏਹੀ ਉਸ ਦੀ ਬਖਸ਼ਿਸ਼ ਹੈ। ਰਬੀ ਗੁਣਾਂ ਦੀ ਸਮਝ ਆ ਜਾਣੀ ਹੀ ਉਸ ਦੀ ਬਖਸ਼ਿਸ਼ ਹੈ।

ਸਾਤਿਗੁਰੂ ਦੇ ਦਰਸ਼ਨ ਦਾ ਭਾਵ ਹੈ ਗੁਰਬਾਣੀ ਵਿਚਾਰ ਨੂੰ ਸਮਝ ਕੇ ਆਪਣੀ ਸੋਚ ਦਾ ਹਿੱਸਾ ਬਣਾਉਂਦਿਆਂ ਹੋਇਆਂ ਹੰਕਾਰ ਦਾ ਖਾਤਮਾ ਕਰਨਾ- ‘ਇਕਿ ਦਰਸਨੁ ਦੇਖਿ ਮਰਿ ਮਿਲੇ` ਅਸਲ ਸਤਿਗੁਰ ਨਾਲ ਪਿਆਰ ਹੈ- ‘ਸਤਿਗੁਰ ਹੇਤਿ ਪਿਆਰਿ`

ਮੋਟੇ ਤੌਰ `ਤੇ ਤਾਂ ਏਹੀ ਕਹਾਂਗੇ ਕਿ ਅਸਲ ਗੁਰਦੁਆਰੇ ਆਉਣਾ ਓਦੋਂ ਹੀ ਸਮਝਿਆ ਜਾਣਾ ਚਾਹੀਦਾ ਹੈ ਜਦੋਂ ਗੁਰਬਾਣੀ ਉਪਦੇਸ਼ ਨੂੰ ਵਿਚਾਰ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰਾਂਗੇ।

ਅੱਜ ਗੁਰਦੁਆਰਿਆਂ ਵਿੱਚ ਬਹੁਤ ਥਾਂਈਂ ਕਰਮ-ਕਾਂਡ ਹੀ ਨਿਭਾਇਆ ਜਾ ਰਿਹਾ ਹੈ।

ਵਿਚਾਰ ਦੀ ਘਾਟ ਕਰਕੇ ਹੀ ਕੋਈ ਕੜਾਹ ਪ੍ਰਸ਼ਾਦ ਨੂੰ ਕਿਰਪਾਨ ਭੇਟ ਕਰਨ `ਤੇ ਰੌਲ਼ਾ ਪਾਈ ਬੈਠਾ ਹੈ। ਕੋਈ ਕੜਾਹ ਪ੍ਰਸ਼ਾਦ ਦੀ ਦੇਗ ਅੱਗੇ ਤੁਪਕਾ ਤੁਪਕਾ ਪਾਣੀ ਤਰਾਉਕਣ ਨੂੰ ਧਰਮ ਦਾ ਸ੍ਰੇਸ਼ਠ ਕਰਮ ਸਮਝੀ ਬੈਠਾ ਹੈ।

ਕੋਈ ਪੈਰਾਂ ਦੇ ਗੰਦੇ ਪਾਣੀ ਦੀਆਂ ਚੁਲ਼ੀਆਂ ਪੀਣ ਨੂੰ ਨਿੰਮ੍ਰਤਾ ਕਹਿ ਰਿਹਾ ਹੈ।

ਕੋਈ ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਨਾਲ ਧੋ ਕੇ ਆਪਣੇ ਆਪ ਨੂੰ ਪਹੁੰਚਿਆ ਹੋਇਆ ਸਿੱਖ ਅਖਵਉਣ ਦਾ ਯਤਨ ਕਰ ਰਿਹਾ ਹੈ।

ਗੁਰਬਾਣੀ ਸ਼ਬਦ ਵਿਚਾਰ ਦੀ ਘਾਟ ਕਰਕੇ ਹੀ ਗੁਰਦੁਆਰਿਆਂ ਵਿੱਚ ਗੁਰਪੁਰਬਾਂ ਦੇ ਸਮੇਂ ਮਨਮਤ ਦੇ ਪਰਚਾਰ ਦਾ ਪੂਰਾ ਪ੍ਰਬੰਧ ਹੁੰਦਾ ਹੈ।

ਸੁਖਮਨੀ ਸਾਹਿਬ ਦੇ ਇਕਵੰਜਾ ਪਾਠ ਇਕੱਠੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਕਾਰ ਵਰਗਾ ਇੱਕ ਵੱਖਰਾ ਗ੍ਰੰਥ ਤਿਆਰ ਕਰਨਾ ਸ਼ਬਦ ਵਿਚਾਰ ਦੀ ਘਾਟ ਹੀ ਕਿਹਾ ਜਾ ਸਕਦਾ ਹੈ।

ਤਮਾਮ ਕਰਮ-ਕਾਂਡ, ਮਨਮਤ, ਅੰਧਵਿਸ਼ਵਾਸ ਵਰਗੀਆਂ ਥੋਥੀਆਂ ਰਸਮਾਂ ਨਿਭਾਉਣ ਵਾਲਿਆਂ ਨੇ ਚੰਗੀ ਤਰ੍ਹਾਂ ਸਮਝ ਲਿਆ ਹੈ ਕਿ ਸਿੱਖ ਗੁਰਬਾਣੀ ਦੀ ਵਿਚਾਰ ਛੱਡ ਚੁੱਕੇ ਹਨ ਇਸ ਲਈ ਗੁਰੂ ਦੇ ਨਾਂ `ਤੇ ਇਹਨਾਂ ਪਾਸੋਂ ਜੋ ਮਰਜ਼ੀ ਹੈ ਕਰਾ ਲਿਆ ਜਾਏ ਇਹ ਕਦੇ ਵੀ ਅੱਗੋਂ ਨਹੀਂ ਬੋਲਣਗੇ ਤੇ ਨਾ ਹੀ ਕੋਈ ਉਜਰਦਾਰੀ ਕਰਨਗੇ।

ਬਾਬਾਵਾਦ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਹੈ ਕਿ ਜੇ ਸਿੱਖ ਨੇ ਬਾਣੀ ਪੜ੍ਹੀ ਤਾਂ ਇਸ ਪਾਸੋਂ ਗਲਤੀਆਂ ਹੋ ਜਾਣਗੀਆਂ ਜਿਸ ਨਾਲ ਇਸ ਦਾ ਘਰੋਗੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਗੁਰੂ ਬਾਬਾ ਜੀ ਦੀ ਨਰਾਜ਼ਗੀ ਵੱਖਰੀ ਹੋਏਗੀ। ਸਾਰੇ ਪਰਵਾਰ `ਤੇ ਨਾ ਮੁਕਣ ਵਾਲੀ ਸਾੜ੍ਹਸਤੀ ਆ ਜਾਏਗੀ। ਲਗਦੇ ਚਾਰੇ ਕੋਈ ਸਿੱਖ ਬਾਣੀ ਪੜ੍ਹਨ ਦਾ ਯਤਨ ਹੀ ਨਾ ਕਰੇ। ਸਿੱਖਾਂ ਦੇ ਮਨਾਂ ਵਿੱਚ ਵੀ ਬੈਠ ਗਿਆ ਹੈ ਕਿ ਅਸੀਂ ਪਾਪਾਂ ਦੇ ਭਾਗੀ ਨਾ ਬਣੀਏ।

ਦੂਸਰਾ ਅਕਲੋਂ ਖੋਟੇ ਬੂਬਨੇ ਬਾਬਿਆਂ ਨੇ ਇਹ ਸ਼ੋਸ਼ਾ ਛੱਡਿਆ ਹੈ ਕਿ ਸਤਿਗੁਰਾਂ ਦੀ ਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਜ਼ਿਆਦਾਤਰ ਸਿੱਖ ਗੁਰਬਾਣੀ ਪੜ੍ਹਨੀ ਤੇ ਵਿਚਾਰਨੀ ਛੱਡ ਗਏ ਹਨ। ਬ੍ਰਾਹਮਣ ਪੁਜਾਰੀ ਵਾਂਗ ਸਿੱਖ ਧਰਮ ਵਿੱਚ ਵੀ ਪੁਜਾਰੀ ਜਮਾਤ ਨੇ ਜਨਮ ਲੈ ਲ਼ਿਆ ਹੈ।
.