.

ਅੰਮ੍ਰਿਤ ਕੀ ਹੈ?

ਹਰ ਸਾਲ ਜਦੋ ਵੀ ਵੈਸਾਖ ਦਾ ਮਹੀਨਾ ਆਉਂਦਾ ਹੈ ਤਾ ਵੈਸਾਖੀ ਵਾਲੇ ਦਿਨ ਹਰ ਗੁਰਦਵਾਰੇ ਚ ਅਮ੍ਰਿਤ ਦੀ ਗਲ ਜਰੁਰ ਕੀਤੀ ਜਾਂਦੀ ਹੈ ਪਰ ਸਵਾਲ ਇਹ ਹੈ? ਕਿ ਜਿਸ ਅੰਮ੍ਰਿਤ ਦੀ ਬਾਤ ਹਰ ਇੱਕ ਸਿਖ ਦੀ ਰਸਨਾ ਤੇ ਹੁੰਦੀ ਹੈ ਓਹ ਅੰਮ੍ਰਿਤ ਕੀ ਹੈ?

ਸਾਡੇ ਪਾਸ ਇਕੋ ਇੱਕ ਗਿਆਨ ਦਾ ਸੋਮਾ, ਪਰਖ ਦੀ ਕਸ਼ਵਟੀ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਅਮੋਲਕ ਗੁਰਬਾਣੀ ਹੈ ਜਿਸ ਦੀ ਰੋਸਨੀ ਸਚੋ ਸਚ ਜਾਣਿਆ ਜਾ ਸਕਦਾ ਹੈ ਗੁਰੁਵਾਕ ਹੈ –

ਸਲੋਕੁ।। ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ।।

।। ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ।। ੧।। ਅੰਗ ੯੪੮

ਗੁਰੁ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਵਿੱਚ ‘ਅੰਮ੍ਰਿਤ ਸਬਦ` ਲਗਭਗ ੭੬੧ ਵਾਰੀ ਅਲਗ-ਅਲਗ ਲਿਖਿਤ ਰੂਪਾਂ ਚ ਆਇਆ ਹੈ ਜਿਸ ਦਾ ਵੇਰਵਾ ਇਸ ਤਰਾਂ ਹੈ

1. ਅੰਮ੍ਰਿਤ-੩੮੨ ਵਾਰੀ, 2. ਅੰਮ੍ਰਿਤੁ-੩੫੧ ਵਾਰੀ, 3. ਅੰਮ੍ਰਿਤੰ-੧ ਵਾਰੀ, 4. ਅੰਮ੍ਰਿਤਿ-੧੭ ਵਾਰੀ

5. ਅੰਮ੍ਰਿਤਹ-੧ ਵਾਰ, 6. ਅੰਮ੍ਰਿਤਧਾਰਾ-੧, 7. ਅੰਮ੍ਰਿਤਾ-੪ ਵਾਰ, 8. ਅੰਮ੍ਰਿਤ-੧ ਵਾਰ, 9. ਅੰਮ੍ਰਿਤੋ-੧ ਵਾਰ 10. ਅੰਮ੍ਰੇਤ- ੧ ਵਾਰ 11. ਅਮਰਤੁ-੧ ਵਾਰ = ਜੋੜ-੭੬੧ ਵਾਰੀ

-------------------

ਗੁਰਬਾਣੀ ਚ ਵਰਤੇ ੭੬੧ ਵਾਰੀ ‘ਅੰਮ੍ਰਿਤ`ਸਬਦ ਦੇ ਅਰਥ ਵੀ ਥਾਂ ਪਰ ਥਾਂ ਅਲਗ-੨ ਹਨ ਜਿਸ ਨੂੰ ਜਾਨਣ ਲਈ ਬਾਣੀ ਵਿੱਚ ਆਈਆ ਪੰਗਤੀਆਂ ਜਿਨਾ ਵਿੱਚ ਅੰਮ੍ਰਿਤ ਸਬਦ ਅਲਗ -੨ ਅਰਥਾਂ ਵਰਤਿਆ ਗਇਆ, ਵੀਚਾਰਦੇ ਹਾਂ

1 ਨਾਮ ਜਪਣ ਵਾਲਾ ਸਮਾਂ ‘ਅੰਮ੍ਰਿਤ`

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਅੰਗ ੨

ਅਰਥ-ਪਰਮਾਤਮਾ ਦੇ ਸਚੇ ਨਾਮ ਦੀ ਵਡਿਆਈ ਦੀ ਵੀਚਾਰ ਕਰਨ ਵਾਲਾ ਸਮਾਂ ਅੰਮ੍ਰਿਤ ਵੇਲਾ ਹੈ

੨ ਸੁਆਦਲੇ ਪਦਾਰਥ ‘ਅੰਮ੍ਰਿਤ`

ਇਕਨਾ ਛਤੀਹ ਅੰਮ੍ਰਿਤ ਪਾਹਿ।।

ਮਾਝ ਕੀ ਵਾਰ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੧੪੪

ਅਰਥ. ਕਈਆਂ ਪ੍ਰਾਣੀਆਂ ਨੂ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ

੩. ਰਬੀ ਨਾਮ ‘ਅੰਮ੍ਰਿਤ`

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ।। ਅੰਗ ੫੩੮

ਅਰਥ. ਹੇ ਮੇਰੀ ਸੁਹਣੀ ਜਿੰਦੇ ਰਬੀ ਨਾਮ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਹੈ…

੪. ਗੁਰੂ ‘ਅੰਮ੍ਰਿਤ` ਸਰੋਵਰ

ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ।। ੧।। ਰਹਾਉ।। ਅੰਗ ੧੧੩

ਅਰਥ. ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਅੰਮ੍ਰਿਤ ਦਾ ਸਰੋਵਰ ਹੈ ਜਿਸ ਚ ਇਸ਼ਨਾਨ ਕਰਨ ਨਾਲ ਮਨ ਦੀ ਮੈਲ ਨਿਕਲ ਜਾਂਦੀ ਹੈ

੫. ਰਬੀ ਨਦਰਿ ‘ਅੰਮ੍ਰਿਤ`

ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ।। ੧।। ਅੰਗ ੪੮

ਅਰਥ. ਪਰਮਾਤਮਾ ਦੀ ਅੰਮ੍ਰਿਤ ਨਦਰਿ ਨਾਲ ਹਿਰਦਾ ਨਾਮ ਨਾਲ ਜੁੜਦਾ ਤੇ ਖਿੜਾਵ ਵਿੱਚ ਆ ਜਾਂਦਾ ਹੈ

੬. ਰਬ ਰੂਪੀ ਫਲ ‘ਅੰਮ੍ਰਿਤ`

ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ।। ੩।। ਅੰਗ ੬੬

ਅਰਥ. (ਗੁਰੁ ਦੇ ਸਨਮੁਖ ਰਹਨ ਵਾਲੇ) ਮਨੁਖ ਨੂ ਆਤਮਕ ਜੀਵਣ ਦੇਣ ਵਾਲਾ ਨਾਮ ਅੰਮ੍ਰਿਤ-ਫਲ ਲਗਦਾ ਹੈ

੭. ਬਾਣੀ ‘ਅੰਮ੍ਰਿਤ`

ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ।। ਅੰਗ ੬੯

ਅਰਥ. ਗੁਰੂ ਦੇ ਸਨਮੁਖ ਰਹਣ ਵਾਲੇ ਪਰਮਾਤਮਾ ਨੂ ਸਾਰੀ ਸ੍ਰਿਸ਼ਟੀ ਚ ਵਸਦਾ ਪਛਾਣ ਕੇ ਆਤਮਕ ਜੀਵਣ ਦੇਣ ਵਾਲੀ ਅੰਮ੍ਰਿਤ ਬਾਣੀ ਬੋਲਦੇ ਹਨ।

ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ।। ਅੰਗ ੫੩੮

ਅਰਥ. ਹੇ ਮੇਰੀ ਜਿੰਦੇ ਪਰਮਾਤਮਾ ਦੀ ਭਗਤੀ ਕਰਣ ਵਾਲੇ ਮਨੁਖਾਂ ਦੀ ਬਾਣੀ ਅੰਮ੍ਰਿਤ ਹੈ ਰਬੀ ਚਰਣਾ ਚ ਸੁਰਤਿ ਜੋੜ ਕੇ ਉਹ ਬਾਣੀ ਸੁਨਣੀ ਚਾਹੀਦੀ ਹੈ।

੮. ਕਥਾ ‘ਅੰਮ੍ਰਿਤ`

ਅੰਮ੍ਰਿਤ ਕਥਾ ਸੰਤਸੰਗਿ ਸੁਨੂਆ।। ਅੰਗ ੨੫੫

ਅਰਥ. ਸੰਤ ਸੰਗਤ ਚ ਆਤਮਕ ਜੀਵਣ ਦੇ ਵਾਲੀ ਅੰਮ੍ਰਿਤ ਕਥਾ ਸੁਣ

੯. ਸਰੀਰ ਦੀ ਅਮਰਤਾ ਵਾਸਤੇ ‘ਅੰਮ੍ਰਿਤ ਸਬਦ`

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ।। ਅੰਗ ੧੫੪

ਅਰਥ. ਇਹ ਸਰੀਰ ਆਪਣੇ ਆਪ ਨੂ ਅਮਰ ਜਾਣ ਕੇ ਸੁਖ ਮਾਨਣ ਚ ਲਗਾ ਰਹਿਦਾ ਹੈ ਇਹ ਨਹੀ ਸਮਝਦਾ ਕਿ ਜਗਤ ਇੱਕ ਖੇਡ ਹੈ

੧੦. ਗੁਰਸ਼ਬਦ ‘ਅੰਮ੍ਰਿਤ`

ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ।। ਅੰਗ ੩੫

ਅਰਥ. ਗੁਰੁ ਦਾ ਸ਼ਬਦ ਐਸਾ ਅੰਮ੍ਰਿਤ ਹੈ ਜਿਸ ਦੇ ਪੀਣ ਨਾਲ ਤ੍ਰਿਸ਼ਨਾ ਮੁਕ ਜਾਂਦੀ ਹੈ

੧੧. ਗੁਣ ‘ਅੰਮ੍ਰਿਤ`

ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ।।

ਪੂਰੇ ਗੁਰ ਕੀ ਸੁਮਤਿ ਪਰਾਣੀ।। ੧।। ਅੰਗ ੧੮੪

ਅਰਥ. ਜਿਸ ਮਨੁਖ ਕੋਲ ਪੂਰੇ ਗੁਰੁ ਦੀ ਸ੍ਰੇਸ਼ਟ ਮਤਿ ਹੈ ਓਹ ਆਤਮਕ ਜੀਵਣ ਦੇਣ ਵਾਲੇ ਗੁਣ ਅਤੇ ਸਿਫਤਿ ਸਲਾਹ ਦੀ ਬਾਣੀ ਉਚਾਰਦਾ ਹੈ

੧੨. ਗੁਰੂ ਨਦਰਿ ‘ਅੰਮ੍ਰਿਤ`

ਸੂਕੇ ਹਰੇ ਕੀਏ ਖਿਨ ਮਾਹੇ।।

ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ।। ੧।। ਅੰਗ ੧੯੧

ਅਰਥ. ਗੁਰੂ ਨਾਮ-ਜਲ ਸੰਚ ਕੇ ਆਤਮਕ ਜੀਵਣ ਦੇਣ ਵਾਲੀ ਨਦਰਿ ਕਰ ਸੂਕੇ ਜੀਵਣ ਵਾਲੇ ਮਨੁਖ ਨੂ ਹਰਾ-ਭਰਾ ਕਰ ਦੇਂਦਾ ਹੈ

੧੩. ਦੁਧ, ਘਿਉ, ਦਹੀ, ਖੰਡ, ਸ਼ਕਰ, ਨੂ ਇਕੱਠ ਰੂਪ ਚ ‘ਅੰਮ੍ਰਿਤ` ਆਖਿਆ

ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ।। ਅੰਗ ੩੨੯

ਅਰਥ. ਜਿਸ ਮੂਹ ਨਾਲ ਪੰਜ ਉਤਮ (ਅੰਮ੍ਰਿਤ ਵਰਗੇ) ਪਦਾਰਥ ਖਾਈਦੇ

੧੪. ਪਰਮਾਤਮਾ ਰੂਪੀ ਰੁਖ ‘ਅੰਮ੍ਰਿਤ`

ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ।। ੧੪।। ਅੰਗ ੫੧੪

ਅਰਥ. ਪਰਮਾਤਮਾ ਅੰਮ੍ਰਿਤ ਦਾ ਰੁਖ ਹੈ ਜਿਸ ਨੇ ਅੰਮ੍ਰਿਤ ਪੀਤਾ ਤ੍ਰਿਪੱਤ ਹੋ ਗਿਆ

੧੫. ਭਗਤ ਬਾਣੀ ‘ਅੰਮ੍ਰਿਤ`

ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ।। ਅੰਗ ੫੩੮

ਅਰਥ. ਹੇ ਮੇਰੀ ਜਿੰਦੇ ਪਰਮਾਤਮਾ ਦੀ ਭਗਤੀ ਕਰਣ ਵਾਲੇ ਮਨੁਖਾਂ ਦੀ ਬਾਣੀ ਅੰਮ੍ਰਿਤ ਹੈ ਰਬੀ ਚਰਣਾ ਚ ਸੁਰਤਿ ਜੋੜ ਕੇ ਉਹ ਬਾਣੀ ਸੁਨਣੀ ਚਾਹੀਦੀ ਹੈ

੧੬. ਮਿਥਿਹਾਸਕ ਘਟਨਾ ਸੰਮੁਦਰ ਮੰਥਨ ਚੋ ਨਿਕਲੇ ਰਤਨ ਵਾਸਤੇ ‘ਅੰਮ੍ਰਿਤ` ਲ਼ਫਜ਼

ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ।। ਅੰਗ ੬੯੫

ਅਰਥ. ਸਮੁੰਦ੍ਰ ਭਾਵੇ ਸਾਰੀਆਂ ਨਦੀਆਂ ਦਾ ਨਾਥ ਹੈ ਉਸ ਵਿਚੋ ਅੰਮ੍ਰਿਤ, ਚੰਦ੍ਰਮਾ, ਕਾਮਧੇਨ ਗਾਂ, ਲਛੱਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ ਨਿਕਲੇ ਸਨ

੧੭. ਸੰਸਾਰ ਰੂਪੀ ਬਗੀਚੀ ‘ਅੰਮ੍ਰਿਤ,

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ।। ੧।। ਅੰਗ ੯੭੦

ਅਰਥ. ਇਹ ਸੰਸਾਰ ਅੰਮ੍ਰਿਤ ਦੀ ਇੱਕ ਬਗੀਚੀ ਹੈ ਜੋ ਉਸ ਪਰਮਾਤਮਾ ਨੇ ਬਣਾਈ ਹੈ

੧੮. ਉਤਮ ਮਿਠਾਸ ਅਤੇ ਮਿੱਠਾ ਬੋਲਣ ਵਾਸਤੇ ‘ਅੰਮ੍ਰਿਤ` ਲਫਜ਼

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ।। ਅੰਗ ੯੯੦

ਅਰਥ. ਦੁਧ ਵਿੱਚ ਪਰਮਾਤਮਾ ਖੰਡ ਤੇ ਸ਼ਹਿਦ ਵਰਗੀ ਅੰਮ੍ਰਿਤ ਮਿਠਾਸ ਇਕਠੀ ਕਰਦਾ ਹੈ ਪਰ ਜਿਵੇਂ ਥਣ ਨੂ ਚਿੰਬੜੇ ਚਿਚੜ ਦੀ ਲਹੂ ਨਾਲ ਪ੍ਰੀਤ ਹੈ ਤਿਵੇਂ ਹੇ ਪ੍ਰਾਣੀ ਤੁ ਚਤੁਰ ਡਡੂ ਹੈਂ

ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ

ਅਰਥ. ਜਿਸ ਪ੍ਰਭੂ ਦੀ ਕਿਰਪਾ ਨਾਲ ਮੀਠੇ ਬਚਨ ਬੋਲਦਾ ਹੈਂ

੧੯. ਦੁਧ ‘ਅੰਮ੍ਰਿਤ`

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ।। ਅੰਗ ੪੮੯

ਅਰਥ. ਪਸ਼ੂਆਂ ਨੂ ਸ਼ਾਬਾਸ਼ ਮਿਲਦੀਆਂ ਹਨ ਕਿ ਉਹ ਘਾਹ ਖਾਦੇ ਹਨ ਤੇ ਦੁਧ ਵਰਗਾ ਉਤਮ ਪਦਾਰਥ ਦੇਂਦੇ ਹਨ

੨੦. ਪਵਿਤਰਤਾ ਵਾਸਤੇ ‘ਅੰਮ੍ਰਿਤ` ਲਫਜ਼

ਜਉ ਗੁਰਦੇਉ ਤ ਅੰਮ੍ਰਿਤ ਦੇਹ।। ਅੰਗ ੧੧੬੬

ਅਰਥ. ਜੇ ਗੁਰੁ ਮਿਲ ਪਏ ਤਾਂ ਸਰੀਰ ਪਵਿਤਰ ਰਹਿੰਦਾ ਹੈ

੨੧. ਸਿਖ ਪੰਥ ਵਿੱਚ ਖੰਡੇ ਦੀ ਪਾਹੁਲ ਵਾਸਤੇ ਵੀ ‘ਅੰਮ੍ਰਿਤ` ਲਫਜ਼ ਪ੍ਰਚਲਿਤ ਹੈ

ਗੁਰੁਬਾਣੀ ਵਿੱਚ ‘ਅੰਮ੍ਰਿਤ, ਸ਼ਬਦ ਦੀ ਬਹੁ-ਅਰਥ ਭਾਵਾ ਵਿੱਚ ਹੋਈ ਵਰਤੋ ਤੋ ਬਾਦ ਸਤਿਗੁਰੂ ਜੀ ਇਹ ਫੈਸਲਾ ਵੀ ਆਪਣੀ ਰਸਨਾ ਤੋ ਦੇਂਦੇ ਹਨ ਕਿ ਅੰਮ੍ਰਿਤ ਇੱਕ ਹੀ ਹੈ ਗੁਰੁ ਅੰਗਦ ਦੇਵ ਜੀ ਦੇ ਕਹੇ ਅਟਲ ਬਚਨ ਹਨ

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ।।

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ।।

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ।।

ਤਿਨੀੑ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ।। ੧।। ਅੰਗ ੧੨੩੮

ਅਰਥ: — (ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ (ਕਰਨ ਦੀ ਸੁਭਾਗਤਾ) ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿੱਚ (ਤੇਰੇ ਨਾਮ ਦੇ ਰੰਗ ਨਾਲ) ਰੰਗੇ ਰਹਿੰਦੇ ਹਨ ਹੇ ਨਾਨਕ! (ਉਹਨਾਂ ਲਈ) ਇੱਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ ਹੇ ਨਾਨਕ! (ਇਹ ਨਾਮ) ਅੰਮ੍ਰਿਤ (ਹਰੇਕ ਮਨੁੱਖ ਦੇ) ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਭਾਗਾਂ ਵਿੱਚ ਧੁਰੋਂ ਲਿਖਿਆ ਹੋਇਆ ਹੈ; ਉਹਨਾਂ ਨੇ ਹੀ ਸੁਆਦ ਨਾਲ ਪੀਤਾ ਹੈ। ੧।

ਗੁਰੂ ਜੀ ਅਟਲ ਫੈਸਲਾ ਦੇ ਰਹੇ ਨੇ ਕਿ ਨਾਮ ਹੀ ਇਕੋ-ਇਕ ਅੰਮ੍ਰਿਤ ਹੈ ਜੋ ਗੁਰੁ ਦੀ ਕਿਰਪਾ ਦਵਾਰਾ ਮਿਲਦਾ ਹੈ।

ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ।। ਰਹਾਉ।। ਅੰਗ ੫੦੬ ਅਰਥ- ਜਿੰਨਾ ਉਤੇ ਗੁਰੁ ਦੀ ਕ੍ਰਿਪਾ ਹੈ ੳਹ ਗੁਰਮਖ ਬਣ (ਭਾਵ ਖੰਡੇ ਦੀ ਪਾਹੁਲ ਲੈ ਸਿਖੀ ਸਿਧਾਂਤ ਤੇ ਪਹਿਰਾ ਦੇਂਦੇ) ਨਾਮ ਰੂਪੀ ਅੰਮ੍ਰਿਤ ਜਲ ਪ੍ਰਾਪਤ ਕਰਦੇ ਹਨ।

ਗੁਰੁ ਦੀ ਕਿਰਪਾ ਉਸ ਮਨੁਖ ਤੇ ਹੈ ਜੋ ਗੁਰੁ ਹੁਕਮਾ ਅਨੁਸਾਰ ਚਲਦਾ ਹੈ ਜੋ ਗੁਰਮਰਿਯਾਦਾ ਤੋ ਉਲਟ ਕੋਈ ਕੰਮ ਨਹੀ ਕਰਦਾ। ਮੁਖ ਰੂਪ ਚ ਗੁਰੂ ਜੀ ਦੇ ਹੁਕਮ ਹਨ:-

1. ਧਰਮ ਦੀ ਕਿਰਤ ਕਰਨੀ. ਨਾਮ ਜਪਣਾ. ਵੰਡ ਕੇ ਛਕਨਾ.

2. ਕੇਸ਼ ਕਤਲ ਨਹੀ ਕਰਨੇ

3. ਪਰ ਇਸਤਰੀ ਜਾ ਪੁਰਸ਼ ਦਾ ਸੰਗ ਨਹੀ ਕਰਨਾ

4. ਕੁਠਾ ਮਾਸ ਨਹੀ ਖਾਣਾ

5. ਕਿਸੇ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀ ਕਰਨਾ

ਪਰ ਅੱਜ ਕਲ ਤਾ ਅਖੰਡ ਪਾਠ ਵੇਲੇ ਰਖਿਆ ਪਾਣੀ ਅੰਮ੍ਰਿਤ, ਬੱਚੇ ਦੇ ਜਨਮ ਵੇਲੇ ਅਖੋਤੀ ਬਾਬਾ ਜੀ ਵਲੋ ਤਿਆਰ ਕਿਤਾ ਪਾਣੀ ਅੰਮ੍ਰਿਤ, ਕਿਸੇ ਸਰੋਵਰ ਦਾ ਪਾਣੀ ਅੰਮ੍ਰਿਤ, ਚਰਣ ਘਾਟ ਦਾ ਪਾਣੀ ਅੰਮ੍ਰਿਤ, ਗੰਗਾ ਇਤਿਆਦਿਕ ਨਦੀਆਂ ਦਾ ਪਾਣੀ ਅੰਮ੍ਰਿਤ, ਵਡਭਾਗ ਸਿੰਹੁ ਦੇ ਡੇਰੇ ਦੀ ਧੌਅਲੀ ਧਾਰ ਦਾ ਪਾਣੀ ਅੰਮ੍ਰਿਤ, ਕਿਸੇ ਅਖੋਤੀ ਸਾਧ ੧੦੮ ਦੇ ਡੇਰੇ ਦਾ ਪਾਣੀ ਅੰਮ੍ਰਿਤ, ਪਤਾ ਨਹੀ ਅਂਸੀ ਕਿੰਨੇ ਤਰਾਂ ਦਾ ਅੰਮ੍ਰਿਤ ਬਣਾ ਦਿਤਾ ਪਰ ਗੁਰੂ ਜੀ ਤਾਂ ਅਟਲ ਹੁਕਮ ਕਰਦੇ ਹਨ ਕਿ:-

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ।।

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ।।

ਏਕ+ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ।।

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੧੨੫੯

ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ।।

ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ।। ੪।। ੩।।

ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ - ਅੰਗ ੯੯੦

ਆਓ ਸਾਰੇ ਮਿਲ ਕੇ ਇਕੋ ਇੱਕ ਨਾਮ ਅੰਮ੍ਰਿਤ ਦੇ ਨਾਲ ਆਪਣਾ ਜੀਵਨ ਜੋੜਣ ਦਾ ਯਤਨ ਕਰੀਏ।

ਸਤਵਿੰਦਰ ਸਿੰਘ




.