.

ਸਿੱਖੀ ਜੀਵਨ-ਜੁਕਤ

ਸਿਆਣਿਆਂ ਦਾ ਮੰਨਣਾ ਹੈ ਕਿ ਸਮਾਂ ਇੱਕ ਗੰਜੇ ਸਿਰ ਵਾਂਗ ਹੈ ਇੱਕ ਵੇਰ ਲੰਘ ਗਿਆ ਤਾਂ ਮੁੜ ਹੱਥ ਵਿੱਚ ਨਹੀਂ ਆਉਂਦਾ ਪਰ ਸਿੱਖ ਕੌਮ ਸਮੇਂ ਵਾਰੇ ਬਿਲਕੁਲ ਸੰਜੀਦਾ ਨਹੀਂ ਲਗਦੀ। ਜਦ ਅਸੀਂ ਆਪਣੀ ਕੌਮ ਵਲ ਨਜ਼ਰ ਮਾਰਦੇ ਹਾਂ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਧਾਰਮਿਕ ਅਤੇ ਦੁਨਿਆਵੀ ਪੜ੍ਹਾਈ ਵਿੱਚ ਇਹ ਫਾਡੀ ਹੋਈ ਜਾ ਰਹੀ ਹੈ, ਜਗ ਜ਼ਾਹਿਰ ਇਸਦਾ ਕਾਰਨ ਨਸ਼ਿਆਂ ਦਾ ਵਧ ਰਿਹਾ ਰੁਝਾਨ ਹੈ। ਇੱਕੀਵੀਂ ਸਦੀ ਦੇ ਆਗਾਜ਼ ਹੋਏ ਨੂੰ ਇੱਕ ਦਹਾਕਾ ਬੀਤ ਚੁੱਕਾ ਹੈ। ਇਲੈਕਟ੍ਰੌਨਿਕ ਟੈਕਨੌਲੌਜੀ ਨੇ ਇਸ ਦਹਾਕੇ ਵਿੱਚ ਲਗਪਗ ਪਿਛਲੀ ਅੱਧੀ ਸਦੀ ਤੋਂ ਕਿਤੇ ਵਧ ਤਰੱਕੀ ਕਰ ਲਈ ਹੈ। ਇੰਨਟ੍ਰਨੈੱਟ ਦੇ ਜ਼ਰੀਏ ਅੱਜ ਦੇ ਮਨੁੱਖੀ ਭਾਈਚਾਰੇ ਦੀ ਇੱਕ ਦੂਜੇ ਨਾਲ ਸਾਂਝ ਇੰਨੀ ਆਸਾਨ ਹੋ ਗਈ ਹੈ ਕਿ ਪੁੱਛੋ ਕੁੱਝ ਨਾ। ਸੱਤਰ ਸਾਲਾਂ ਤੋਂ ਉੱਪਰ ਉਮਰ ਵਾਲੇ ਲੋਕਾਂ ਲਈ ਇਸ ਨਵੀਨਤਾ ਦੀ ਨਾ ਤਾਂ ਕਿਆਸਰਾਈ ਲੌਣੀ ਸੌਖੀ ਹੈ ਅਤੇ ਨਾ ਹੀ ਲਾਭ ਉਠੌਣਾ ਇੰਨਾ ਆਸਾਨ ਹੈ ਪਰ ਨੌਜਵਾਨਾਂ ਨੂੰ ਇਸ ਦਾ ਭਰ ਲਾਭ ਉਠਾਉਂਣਾ ਚਾਹੀਦਾ ਹੈ। ਇਸ ਤਰਾਂ ਉਹਨਾਂ ਦਾ ਭਵਿੱਖ ਉਜਲਾ ਬਣ ਸਕਦਾ ਹੈ ਅਤੇ ਕੌਮ ਦੀ ਕਿਸਮਤ ਭੀ ਸੰਵਰ ਸਕਦੀ ਹੈ। ਜਿੰਨੀ ਤੇਜ਼ੀ ਨਾਲ ਸਮਾਂ ਬਦਲਿਆ ਹੈ ਓਨੀਂ ਤੇਜ਼ੀ ਨਾਲ ਅਸੀਂ ਸਿੱਖ, ਸਮੂਹਿਕ ਤੌਰ ਤੇ, ਨਹੀਂ ਬਦਲੇ ਅਤੇ ਨਾ ਹੀ ਅਸੀਂ ਆਪਣੇ ਧਰਮ ਪ੍ਰਚਾਰ ਕਰਨ ਦੇ ਢੰਗ ਤ੍ਰੀਕੇ ਹੀ ਬਦਲ ਸਕੇ ਹਾਂ। ਗੁਰਦੁਅਰੇ ਸਿੱਖੀ ਦਾ ਧਾਰਮਿਕ ਅਸਥਾਨ ਹੀ ਨਹੀਂ ਇਹ ਸਿੱਖੀ ਦੇ ਸਕੂਲ ਹਨ ਸਮਾਜਿਕ ਕੇਂਦਰ ਹਨ। ਜਿੱਥੋਂ ਹਰ ਉਮਰ ਦੇ ਬੱਚੇ ਤੋਂ ਬਜ਼ੁਰਗ ਸਿੱਖ ਨੇ ਸਿੱਖੀ ਵਾਰੇ ਸਿੱਖਣਾ ਅਤੇ ਸਿੱਖਦੇ ਰਹਿਣਾ ਹੈ। ਗ੍ਰੰਥੀ ਸਿੰਘਾਂ ਦਾ ਫਰਜ਼ ਗੁਰਦੁਆਰੇ ਵਿੱਚ ਸਿਰਫ ਧਾਰਮਿਕ ਰਸਮਾਂ ਨਿਭਾਉਣਾ ਹੀ ਨਹੀਂ, ਗੁਰਬਾਣੀ ਨਾਲ ਸਿੱਖ ਸੰਗਤ ਦਾ ਪਿਆਰ ਪਾਉਣਾ/ਵਧਾਉਣਾ ਅਤੇ ਇਸ ਵਿੱਚਲੇ ਜੀਵਨ ਜਿਊਣ ਦੇ ਤੱਤਸਾਰ ਨੂੰ ਸਮਝਾਉਣਾ ਭੀ ਹੈ। ਗੁਰਬਾਣੀ ਸਮਝਣ ਤੋਂ ਬਗੈਰ ਅਸੀਂ ਭੇਖੀ ਸਿੱਖ ਤਾਂ ਬਣ ਸਕਦੇ ਹਾਂ, ਸਿੱਖੀ ਨੂੰ ਅਪਣਾ ਨਹੀਂ ਸਕਦੇ। ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ।। (ਪੰਨਾ ੬੬)। ਸਿੱਖ ਵਾਸਤੇ ਗੁਰਬਾਣੀ ਦਾ ਪਾਠ ਕਰਨਾ ਲਾਜ਼ਮੀ ਹੈ ਪਰ ਇਹ ਆਖਿਰ ਨਹੀਂ, ਸਿੱਖ ਵਾਸਤੇ ਗੁਰਬਾਣੀ ਜੀਵਨ-ਜੁਕਤ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਜਾਮਾ ਪਹਿਨਾਉਣਾ ਅਤਿ ਜ਼ਰੂਰੀ ਹੈ। ਬਾਹਰੀ ਰਹਿਤ ਰੱਖਣ ਦੇ ਨਾਲ ਸਿਰਫ ਭੇਖੀ ਸਿੱਖ ਹੀ ਬਣਿਆਂ ਜਾ ਸਕਦਾ ਹੈ ਜੋ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ। ਇਸ ਲਈ ਗ੍ਰੰਥੀ ਸਿੰਘ ਦਾ ਅਸਲ ਫਰਜ਼ ਇਹ ਹੈ ਕਿ ਉਹ ਗੁਰਦੁਆਰੇ ਨਾਲ ਜੁੜੀ ਜੋਈ ਸੰਗਤ ਨੂੰ ਗੁਰਬਾਣੀ ਵਿੱਚ ਦ੍ਰਿੜਾਈ ਹੋਈ ਜੀਵਨ-ਜੁਕਤ ਨੂੰ ਸਮਝਣ ਅਤੇ ਅਪਣਾਉਣ ਲਈ ਯਤਨਸ਼ੀਲ ਰਹੇ, ਪਰ ਇਸ ਵਾਸਤੇ ਉਸਨੂੰ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਪੂਰਾ ਸਹਿਯੋਗ ਮਿਲਣਾ ਚਾਹੀਦਾ ਹੈ। ਗੁਰਦੁਆਰੇ ਦੇ ਓਹੀ ਪ੍ਰਬੰਧਕ ਇਹ ਮਦਦ ਕਰ ਸਕਦੇ ਹਨ ਜਿਹੜੇ ਆਪ ਖ਼ਦੁ ਗੁਰਬਾਣੀ ਜੀਵਨ-ਜੁਕਤ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋਣ। ਪਰ ਅਫਸੋਸ ਅਸੀਂ ਗੁਰਦਵਾਰੇ ਦੇ ਪ੍ਰਬੰਧਕ ਬਣਾਉਣ ਵੇਲੇ ਵਿਅਕਤੀਆਂ ਦੀ ਇਹ ਯੋਗਤਾ ਵੇਖਦੇ ਹੀ ਨਹੀਂ। ਇਸੇ ਕਰਕੇ ਉਹ ਗ੍ਰੰਥੀ ਸਿੰਘ ਵੀ ਚਾਰ ਪੰਜ ਜਮਾਤਾਂ ਪੜ੍ਹਿਆ ਹੀ ਢੂੰਡ ਕੇ ਲਿਔਂਦੇ ਹਨ ਕਿਉਂ ਕਿ ਉਸਨੂੰ ਤਨਖਾਹ ਜੁ ਥ੍ਹੋੜੀ ਦੇਣੀ ਹੋਈ। ਗੁਰਦੁਆਰੇ ਦੀ ਬਾਹਰੀ ਜਾਂ ਅੰਦਰਲੀ ਸਜਾਵਟ ਕਰਨ ਲਈ ਸਾਡੇ ਪ੍ਰਬੰਧਕ ਉੱਕਾ ਹੀ ਸਰਫਾ ਨਹੀਂ ਕਰਦੇ, ਕਿਉਂ ਕਿ ਐਸਾ ਕਰਨ ਨਾਲ ਜਿੰਨਾ ਜ਼ਿਆਦਾ ਬਿੱਲ ਹੋਵੇਗਾ ਓਨਾਂ ਜ਼ਿਆਦਾ ਕਮਿਸ਼ਨ ਉਹਨਾਂ ਦੇ ਆਪਣੇ ਖੀਸੇ ਦਾ ਸ਼ਿੰਗਾਰ ਬਣੇਗਾ। ਇਸੇ ਸੋਚ ਕਾਰਨ ਹੀ ਗੁਰਦੁਆਰਿਆਂ ਦੇ ਪ੍ਰਬੰਧਕ ਆਪਣੇ ਆਪਨੂੰ ਗੁਰਦੁਆਰੇ ਦੇ ਸੇਵਾਦਾਰ ਹੋਣ ਦੀ ਥਾਂਹ ਮਾਲਕ ਹੀ ਸਮਝਣ ਲੱਗ ਪੈਂਦੇ ਹਨ, ਇਸ ਤਰਾਂ ਸੰਗਤਾਂ ਵਿੱਚ ਲੜਾਈ-ਝਗੜੇ ਦਾ ਬੀਜ ਬੀਜਿਆ ਜਾਂਦਾ ਹੈ। ਅਗਰ ਅਸੀਂ ਆਪਣਾ ਇਹ ਨਿੱਜੀ ਲਾਭ/ਸ਼ੋਹਰਤ ਹਾਸਲ ਕਰਨ ਵਾਲਾ ਰਵਈਆ ਨਾਂਹ ਬਦਲਿਆ ਤਾਂ ਧਾਰਮਿਕ ਖੇਤਰ ਵਿੱਚ ਤਰੱਕੀ ਦੀ ਆਸ ਭੀ ਨਹੀਂ ਰੱਖਣੀ ਚਾਹੀਦੀ। ਕੀ ਅਸੀਂ ਧਾਰਮਿਕ ਤੌਰ ਤੇ ਅਜੋਕੇ ਸਮੇਂ ਦੇ ਹਾਣੀ ਨਹੀਂ ਬਣਨਾ ਚਾਹੁੰਦੇ? ਸਾਡੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕਰਨ ਲਈ ਨਵੀਂ ਤਕਨੀਕ ਅਪਣੌਨ ਅਤੇ ਗੁਰਦਵਾਰੇ ਦੀ ਰਸਮੀਂ ਸੇਵਾ ਸੰਭਾਲ ਲਈ ਅਤੇ ਸੰਗਤ ਨੂੰ ਗੁਰਮਤਿ ਸਿਖਾਉਣ ਲਈ ਪੜ੍ਹੇ ਲਿਖੇ, ਕਿਸੇ ਗੁਰਮਤਿ ਕਾਲਜ ਤੋਂ ਕੋਰਸ ਪਾਸ ਕੀਤੇ ਹੋਏ (ਜੋ ਕੰਪਿਊਟਰ ਦੀ ਵਰਤੋਂ ਕਰਨੀ ਜਾਣਦੇ ਹੋਣ) ਗ੍ਰੰਥੀ ਸਿੰਘ ਹੀ ਲਿਆਉਣ ਤਾਂ ਕਿ ਉਹ ਬੱਚਿਆਂ ਨੂੰ ਨਵੇਂ ਜ਼ਮਾਨੇ ਦੀਆਂ ਤਕਨੀਕਾਂ ਅਨੁਸਾਰ ਧਾਰਮਿਕ/ਇਤਹਾਸਕ ਜਾਣਕਾਰੀ ਦੇਣ ਦੇ ਸਮਰੱਥ ਹੋਣ। ਕੀ ਅਸੀਂ ਧਰਮ ਨੂੰ ਫਾਲਤੂ ਚੀਜ਼ ਸਮਝ ਕੇ ਕਦੀ ਕਦਾਈਂ ਜਾਂ ਸਿਰਫ ਐਤਵਾਰ ਵਾਲੇ ਦਿਨ ਰਸਮੀ ਤੌਰ ਤੇ ਤਾਂ ਨਹੀਂ ਨਿਭਾ ਰਹੇ? ਗੁਰੂ ਜੀ ਤਾਂ ਆਖ ਰਹੇ ਹਨ ਕਿ ਬਿਨੁ ਸਬਦੈ ਬਿਰਥਾ ਜਨਮੁ ਗਵਾਇਆ।। (ਪੰਨਾ ੩੬੨)। ਕੀ ਕਾਰਨ ਹਨ ਧਰਮ ਪ੍ਰਤੀ ਸਾਡੇ ਇਸ ਅਵੇਸਲੇਪਣ ਦੇ? ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਵੀਰਾਂ ਨੂੰ ਅਤੇ ਸਿੱਖੀ ਦੇ ਭਵਿੱਖ ਨੂੰ ਰੌਸ਼ਨ ਵੇਖਣ ਦੇ ਚਾਹਵਾਨ ਗੁਰਸਿੱਖਾਂ ਨੂੰ ਬੇਨਤੀ ਹੈ ਕਿ ਇਸ ਪਾਸੇ ਜ਼ਰੂਰ ਧਿਆਨ ਦੇਣ ਅਤੇ ਅੱਗੇ ਔਣ ਤਾਂ ਕਿ ਸਿੱਖ ਕੌਮ ਭੀ ਮੌਜੂਦਾ ਤਕਨੀਕੀ-ਦੌਰ ਦੀ ਹਮਸਫਰ ਬਣ ਸਕੇ।

ਕਿਸੇ ਗੁਰਦਵਾਰੇ ਜਾ ਕੇ ਵੇਖ ਲਓ ਦਸਤਾਰਾਂ ਵਾਲੇ ਵੀਰ ਆਟੇ ਵਿੱਚ ਲੂਣ ਬਰਾਬਰ ਹੀ ਦਿਖਾਈ ਦੇਣਗੇ। ਇਸੇ ਤਰਾਂ ਬੀਬੀਆਂ ਵੀ ਵਿਰਲੀਆਂ ਹੀ ਹੋਣਗੀਆਂ ਜਿਹਨਾਂ ਦੇ ਸਾਬਤ ਸਿਰ ਦੇ ਕੇਸ ਅਤੇ ਭਰਵੱਟੇ ਹੋਣਗੇ। ਸਿੱਖ ਧਰਮ ਦੇ ਮੋਢੀਆਂ ਨੇ ਆਪਣੇ ਪੈਰੋਕਾਰਾਂ ਲਈ, ਜਾਣੀ ਸਿੱਖਾਂ ਨੂੰ, ਕੇਸ ਕੁਦਰਤ ਵਲੋਂ ਦਿੱਤੇ ਹੋਏ ਜਿਉਂ ਦੇ ਤਿਉਂ ਰੱਖਣ ਦੀ ਤਾਕੀਦ ਕੀਤੀ ਹੋਈ ਹੈ। ਸੋਹਣੇ ਨਕ ਜਿਨ ਲੰਮੜੇ ਵਾਲਾ (ਪੰਨਾ ੫੬੬)। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਇਸ ਕੁਦਰਤੀ ਬਖ਼ਸਿਸ਼ ਨੂੰ ਬਰਕਰਾਰ ਰੱਖਣ ਲਈ ਗੁਰੂ ਉਪਦੇਸ਼ਾਂ ਤੇ ਫੁਲ ਚੜ੍ਹਾਉਂਦਿਆਂ ਅਨੇਕਾਂ ਹੀ ਗੁਰਸਿੱਖ ਯੋਦਿਆਂ ਨੇ ਕਿੰਨੀ ਦ੍ਰਿੜਤਾ ਨਾਲ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਸ਼ਹੀਦ ਭਾਈ ਤਾਰੂ ਸਿੰਘ ਜੀ (ਜਿਸ ਸੂਰਮੇ ਨੇ ਖ਼ੁਦ ਜਲਾਦ ਨੂੰ ਕੇਸਾਂ ਨੂੰ ਕਟਣ ਦੀ ਥਾਂਹ ਚਮੜੀ ਸਣੇ ਪੂਰੀ ਖੋਪੜੀ ਉਤਾਰ ਦੇਣ ਦੀ ਬੇਨਤੀ ਕੀਤੀ ਸੀ ਜੋ ਮੰਨੀ ਭੀ ਗਈ) ਦੀ ਕੇਸਾਂ ਦੇ ਸਤਿਕਾਰ ਨੂੰ ਕਾਇਮ ਰਖਣ ਲਈ ਲਾਸਾਨੀ ਸ਼ਹਾਦਤ ਰਹਿੰਦੀ ਦੁਨੀਆਂ ਤਿੱਕਰ ਹਰ ਸਿੱਖ ਲਈ ਚਾਨਣ ਮੁਨਾਰੇ ਵਾਂਗ ਹੈ। ਪਰ ਅਫਸੋਸ ਅੱਜ ਪੰਜਾਬ ਵਿੱਚ ਕੋਈ ਵਿਰਲਾ ਸਿੱਖ ਹੀ ਸਾਬਤ ਕੇਸਾਂ ਵਾਲਾ ਦਿਸਦਾ ਹੈ ਅਤੇ ਦਸਤਾਰਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ ਹਾਲਾਂ ਕਿ ਪੰਜਾਬ ਦੇ ਸਭਿਆਚਾਰ ਮੁਤਾਬਿਕ ਦਸਤਾਰ (ਪੱਗ) ਇੱਜ਼ਤ ਔਰ ਪਤਿ ਦਾ ਪ੍ਰਤੀਕ ਹੈ। ਪੰਜਾਬ ਦੇ ਪਿੰਡਾਂ ਵਿੱਚ ਦਸਤਾਰਧਾਰੀ ਸਿੱਖ ਉਂਗਲਾਂ ਤੇ ਗਿਣੇ ਜਾਂਣ ਵਾਲੇ ਹੀ ਮਿਲਣਗੇ ਉਹ ਵੀ ਪੰਜਾਹ ਸਾਲਾਂ ਤੋਂ ਉੱਪਰ ਦੇ, ਨੌਜਵਾਂਨ ਤਾਂ ਸ਼ਾਇਦ ਗਲਤੀ ਨਾਲ ਹੀ ਕੋਈ ਮਿਲੇ। ਸਾਡੀ ਇਸ ਕਮਜ਼ੋਰੀ ਦੇ ਨਤੀਜੇ ਕਾਰਨ ਹੀ ਦੇਸ ਵਿਦੇਸ ਵਿੱਚ ਕਈ ਜਗ੍ਹਾ ਦਸਤਾਰ ਸਜੌਣ ਉੱਪਰ ਪਾਬੰਦੀਆਂ ਭੀ ਲੱਗ ਰਹੀਆਂ ਹਨ ਪਰ ਅਸੀਂ ਆਪਣੀ, ਮੈਨੂੰ ਕੀ ਵਾਲੀ, ਅਣਗਹਿਲੀ ਕਾਰਨ ਬੇ-ਖਬਰ ਹਾਂ। ਪੰਜਾਬੋਂ ਬਾਹਰ ਸਥਾਨਕ ਪ੍ਰਭਾਵ ਕਰਕੇ ਅਤੇ ਵਿਦੇਸ਼ਾਂ ਵਿੱਚ ਖਾਸ ਕਰਕੇ ਪਛਮੀਂ ਸੱਭਿਅਤਾ ਦੇ ਅਸਰ ਕਾਰਨ ਇਸ ਨੂੰ ਅਪਣਾਉਨ ਵਿੱਚ ਮੁਸ਼ਕਲਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ।

ਅਸੀਂ ਬਹੁਤੇ ਸਿੱਖ ਮਾਪਿਆਂ ਨੂੰ (ਭਾਈ ਤਾਰੂ ਸਿੰਘ ਦੀ ਮਿਸਾਲ ਨੂੰ ਅਣਗੌਲਦਿਆਂ) ਆਪ ਬੱਚਿਆਂ ਨੂੰ ਕੇਸ ਕਤਲ ਕਰਵੌਣ ਲਈ ਸਲਾਹ ਦਿੰਦੇ ਸੁਣਿਆ ਹੈ। ਅਖੇ ਵਡੇ ਹੋ ਕੇ ਆਪੇ ਰੱਖ ਲੈਣਗੇ, ਪਰ ਕੇਸਾਂ ਦੀ ਸੰਭਾਲ ਤੋਂ ਸੱਖਣੇ ਵਡੇ ਹੋ ਕੇ ਕਿਸ ਨੇ ਕੇਸ ਰੱਖਣੇ ਹਨ! ਇਹ ਹੈ ਸਾਡੇ ਵਿੱਚ ਆਈ ਨਿਘਾਰ ਦੀ ਹੱਦ। ਜਿਸ ਬੱਚੇ ਨੂੰ ਉਸਦੇ ਮਾਂ-ਬਾਪ ਖ਼ੁਦ ਕੇਸ ਕਤਲ ਕਰਵੌਣ ਲਈ ਕਹਿਣਗੇ ਉਸ ਦੇ ਦਿਲ ਜਾਂ ਮਨ ਵਿੱਚ ਕੇਸਾਂ ਲਈ ਸਤਿਕਾਰ ਕਰਨ ਦਾ ਚਾਅ ਕਿਵੇਂ ਉਮੜੇਗਾ? ਇਸ ਤਰਾਂ ਅਸੀਂ ਅਣਜਾਣੇ ਵਿੱਚ ਸਿੱਖੀ ਦੀ ਕੁਦਰਤੀ ਤੇ ਮੁਢਲੀ ਰਹਿਤ ਜੋ ਸਿੱਖ ਦੀ ਪਹਿਲੀ ਪਛਾਣ ਵੀ ਹੈ ਦਾ ਖੁਰਾ-ਖੋਜ ਮਿਟਾਉਣ ਲਈ ਖ਼ੁਦ ਹੀ ਜ਼ਿੰਮੇਵਾਰ ਹਾਂ। ਯਾਦ ਰਹੇ ਕਿ ਪਸ਼ੂ ਪਖੇਰੂ ਭੀ ਆਪਣੇ ਬਚਿਆਂ ਨੂੰ ਪਾਲਣ-ਪੋਸਣ ਵਿੱਚ ਕੁਦਰਤ ਵਲੋਂ ਬਖਸ਼ੀ ਹੋਈ ਬੁੱਧੀ ਨਾਲ ਉਹਨਾਂ ਨੂੰ ਕੁਦਰਤ ਨਾਲ ਇੱਕ-ਮਿੱਕ ਕਰਕੇ ਰੱਖਦੇ ਹਨ ਅਸੀਂ ਇੰਨਸਾਨ ਹੁੰਦੇ ਹੋਏ ਕਿਉਂ ਕੁਦਰਤ ਵਲੋਂ ਬਖਸ਼ੀ ਹੋਈ ਕੇਸਾਂ ਦੀ ਦਾਤ ਨੂੰ ਵਿਕਸਤ ਨਹੀਂ ਹੋਣ ਦਿੰਦੇ? ਇਸ ਲਈ ਹਰ ਵਿਅਕਤੀ ਅੱਗੇ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਵਿਅਕਤੀ ਗੁਰੂ ਗ੍ਰੰਥ ਸਹਿਬ ਨੂੰ ਆਪਣਾ ਇਸ਼ਟ ਮੰਨਦੇ ਹਨ ਉਹ ਸਿੱਖ ਨੂੰ ਕੁਦਰਤ ਵਲੋਂ ਬਖਸ਼ੀ ਹੋਈ ਪਹਿਲੀ ਪਛਾਣ (ਕੇਸ) ਨੂੰ ਖ਼ੁਦ ਬਰਕਰਾਰ ਰੱਖਣ ਅਤੇ ਆਪਣੇ ਬੱਚੇ/ਬੱਚੀਆਂ ਦੇ ਮਨਾਂ ਵਿੱਚ ਕੇਸਾਂ ਪ੍ਰਤੀ ਪ੍ਰੇਮ-ਭਾਵ ਅਤੇ ਸਤਿਕਾਰ ਬਚਪਨ ਤੋਂ ਹੀ ਭਰਨ। ਨਾਲ ਨਾਲ ਬੱਚਿਆਂ ਨੂੰ ਗੁਰ-ਇਤਹਾਸ ਅਤੇ ਸਿੱਖ-ਇਤਹਾਸ ਦੀ ਸੰਖੇਪ ਜਾਣਕਾਰੀ ਭੀ ਜ਼ਰੂਰ ਦੇਣ। (ਭੈ ਤੇ ਨਿਰਭਉ ਹੋਇ ਬਸਾਨਾ (ਪੰਨਾ ੨੮੫) ਏਸ ਤਰਾਂ ਉਹ ਸ਼ਰਮ ਰੂਪੀ ਡਰ ਵਿਚੋਂ ਨਿਕਲਣਗੇ ਅਤੇ ਵਡੇ ਹੋ ਕੇ ਨਿਰਭੈਤਾ ਨਾਲ ਸਿੱਖੀ ਦੀ ਇਸ ਕੁਦਰਤੀ ਪਛਾਣ ਨੂੰ ਸਵੀਕਾਰਨਗੇ, ਸਤਿਕਾਰਨਗੇ ਅਤੇ ਕੇਸਾਂ ਨੂੰ ਢਕਣ ਲਈ ਦਸਤਾਰ ਜਾਂ ਦੁਪੱਟੇ ਦੀ ਵਰਤੋਂ ਕਰਕੇ ਇਸਦੀ ਦੂਰ-ਪਛਾਣਕ-ਚਿੰਨ੍ਹ ਦੀ ਹੋਂਦ ਨੂੰ ਕਇਮ ਰੱਖਣ ਵਿੱਚ ਇਸਦੇ ਝੰਡਾ-ਬਰਦਾਰ ਜਾਂ ਨਿਸ਼ਾਨਚੀ ਬਣਨਗੇ। ਰੱਬ ਕਰੇ ਇਸ ਤਰਾਂ ਹੋਵੇ, ਤਾਂ ਇਹ ਸਾਡੇ ਸਾਰਿਆਂ ਵਾਸਤੇ ਮਾਣ ਵਾਲੀ ਗਲ ਹੋਵੇਗੀ।

ਯਾਦ ਰਹੇ ਕਿ ਬ੍ਰਾਹਮਣ ਆਪਣੇ ਬੱਚੇ ਦੇ ਪਹਿਲੇ ਕੇਸਾਂ ਨੂੰ ਕਟਣ ਵਾਲੀ ਰਸਮ ਨੂੰ ਭੱਦਣ ਕਰਨਾਂ ਆਖਦਾ ਹੈ ਜੋ ਉਸ ਦਾ ਧਾਰਮਿਕ ਫਰਜ਼ ਹੈ। ਪਰ ਸਾਡੇ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜੇ ਮੇਰਾ ਸਿੱਖ ਬ੍ਰਾਹਮਣ ਦੀ ਰੀਤ ਕਰੇਗਾ ਤਾਂ ਮੈਂ ਇਸ (ਸਿੱਖ) ਦੀ ਪ੍ਰਤੀਤ ਹੀ ਨਹੀਂ ਕਰਾਂਗਾ। ਹੁਣ ਸਿੱਖ ਨੇ ਖ਼ੁਦ ਸੋਚਣਾ ਹੈ ਕਿ ਉਸਨੇ ਗੁਰੂ ਦੀ ਪ੍ਰਤੀਤ ਦਾ ਪਾਤਰ ਬਣਨਾ ਹੈ ਜਾਂ ਨਹੀਂ! ਯਾਦ ਰੱਖੋ ਗੁਰੂ ਨੇ ਕੁਦਰਤੀ ਦੇਣ ਕੇਸਾਂ ਉੱਤੇ ਦਸਤਾਰ ਸਜਾਉਣ ਨੂੰ ਲਾਜ਼ਮੀ ਕਰਕੇ ਤੁਹਾਨੂੰ ਲੋਕਾਂ ਵਲੋਂ ਸਰਦਾਰ ਜੀ ਆਖ ਕੇ ਪੁਕਾਰਨ ਦਾ ਮਾਣ ਬਖਸ਼ਿਆ ਹੈ। ਇਹ ਤੁਸੀਂ ਖ਼ਦੁ ਸੋਚਣਾ ਹੈ ਕਿ ਕਰੋੜਾਂ ਦੀ ਭੀੜ ਵਿੱਚ ਰਲ਼ ਕੇ ਗੁੰਮ ਹੋਣਾ ਹੈ ਜਾਂ ਸਰਦਾਰੀ ਦਾ ਮਾਣ ਮਾਣਨਾ ਹੈ।

ਕਿਤੇ ਇਸ ਤਰਾਂ ਨਾਂਹ ਹੋਵੇ ਕਿ ਪੂਰੀ ਜ਼ਿੰਦਗੀ ਕੁਦਰਤੀ ਇਲਾਮਤ ਕੇਸਾਂ ਨੂੰ ਧਰਕਾਰਦੇ ਵਿਅਰਥ ਹੀ ਚਲੀ ਜਾਏ ਤੇ ਆਖਿਰ ਪਛਤਾਉਣ ਦਾ ਸਮਾਂ ਭੀ ਹੱਥ ਨਾ ਆਵੇ ਅਤੇ ਆਖਰੀ ਵੇਲੇ ਕਿਸੇ ਸ਼ਾਇਰ ਦਾ ਇਹ ਸ਼ੇਅਰ ਤੁਹਾਨੂੰ ਆਪਣੇ ਉੱਪਰ ਢੁਕਦਾ ਪ੍ਰਤੀਤ ਹੋਵੇ:

ਬਿਨਾਂ ਲਿਬਾਸ ਕੇ ਆਏ ਥੇ ਇਸ ਜਹਾਨ ਮੇਂ। ਇਤਨਾਂ ਸਫਰ ਕੀਆ ਸਿਰਫ ਏਕ ਕਫਨ ਕੇ ਲਿਏ?

ਨਿਰਭੈ ਸਿੰਘ

ਵਿਸਾਖ ੫੪੩/ਅਪਰੈਲ ੨੦੧੧




.