.

ਰੱਬ, ਧਰਮ, ਲੋਕਾਈ ਅਤੇ ਰਾਜਨੀਤੀ?

ਰੱਬ ਅਰਬੀ ਭਾਸ਼ਾ ਦਾ ਲਫਜ਼ ਹੈ ਅਤੇ ਇਸ ਦਾ ਅਰਥ ਹੈ ਪ੍ਰਤਿਪਾਲਕ, ਮਾਲਕ, ਪਰਮੇਸ਼ਰ, ਵਾਹਗੁਰੂ (ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ-1403) ਅਤੇ ਸੁਵਾਮੀ। ਧਰਮ ਸੰਸਕ੍ਰਿਤ ਦਾ ਲਫਜ਼ ਹੈ ਪ੍ਰਕਰਣ ਅਨੁਸਾਰ ਇਸ ਦੇ ਵੱਖ-ਵੱਖ ਅਰਥ ਹਨ ਜਿਵੇਂ ਧਰਮ-ਉਹ ਕੁਦਰਤੀ ਨਿਯਮ ਜੋ ਸੰਸਾਰ ਨੂੰ ਧਾਰਨ ਕਰਦਾ ਹੈ, ਜਿਸਦੇ ਆਸਰੇ ਸੰਸਾਰ ਹੈ, ਸ਼ੁਭ ਕਰਮ, ਮਜ਼ਹਬ, ਦੀਨ, ਪੁੰਨਰੂਪ, ਰਿਵਾਜ, ਰਸਮ ਕੁਲ ਅਥਵਾ ਦੇਸ਼ ਦੀ ਰੀਤ, ਫਰਜ਼, ਨਿਆਂ, ਇੰਨਸਾਫ, ਪ੍ਰਕ੍ਰਿਤੀ ਸੁਭਾਵ ਆਦਿ। ਮੰਨੇ ਗਏ ਧਰਮ ਦੇ ਇਹ ਅੰਗ ਹਨ-ਧੀਰਜ, ਖਿਮਾ, ਪਵਿਤ੍ਰਤਾ, ਨਿਰਮਲ ਬੁੱਧ, ਵਿਦਿਆ, ਨਿਰਕ੍ਰੋਧ। ਰਾਜਨੀਤੀ-ਰਾਜ ਦੀ ਉਹ ਰੀਤ ਜਿਸ ਨਾਲ ਰਾਜ ਕੀਤਾ ਜਾ ਸੱਕੇ। ਸਿਆਸਤ ਦੇ ਇੰਤਯਾਮ ਦੀ ਰੀਤ। ਨੀਤੀ ਲਫਜ਼ ਧਰਮ ਅਤੇ ਰਾਜ ਦੋਹਾਂ ਨਾਲ ਸਬੰਧ ਰੱਖਦਾ ਹੈ।
ਨੀਤਿ ਹੀ ਤੇ ਧਰਮ, ਧਰਮ ਹੀ ਤੇ ਸਭੈ ਸਿਧਿ, ਨੀਤਿ ਹੀ ਤੇ ਆਦਰ ਸਭਾਨ ਬੀਚ ਪਾਈਐ।
ਨੀਤਿ ਤੇ ਅਨੀਤਿ ਛੂਟੈ, ਨੀਤਿ ਹੀ ਤੇ ਸੁਖ ਲੂਟੈ, ਨੀਤਿ ਲੀਏ ਬੋਲੇ ਭਲੋ ਬਕਤਾ ਕਹਾਈਐ।
ਨੀਤਿ ਹੀ ਤੇ ਰਾਜ ਤਾਜੈ, ਨੀਤਿ ਹੀ ਤੇ ਪਾਤਸ਼ਾਹੀ, ਨੀਤਿ ਹੀ ਤੇ ਯਸ਼ ਨਵਖੰਡ ਮਹਿ ਗਾਈਐ।
ਛੋਟਨ ਕੋ ਬਡੋ ਅਰੁ ਬਡੋ ਮਹਿ ਬਡੋ ਕਰੈ, ਤਾਂ ਤੇ ਸਭ ਹੀ ਕੋ ਰਾਜਨੀਤਿ ਹੀ ਸੁਣਾਈਐ। (ਮਹਾਂਨ ਕੋਸ਼)
ਰਾਜਨੀਤੀ ਦੇ ਚਾਰ ਅੰਗ ਹਨ ਪਹਿਲਾ ਸਾਮ-ਪਿਆਰ ਨਾਲ, ਦੂਜਾ ਦਾਮ-ਧੰਨ ਨਾਲ ਤੀਜਾ ਦੰਡ-ਤਾਕਤ ਨਾਲ ਅਤੇ ਚੌਥਾ ਭੇਦ-ਫੁੱਟ ਪਾ ਕੇ ਅਧੀਨ ਕਰਨਾ। ਜੇ ਸਾਰੀ ਦੁਨੀਆਂ ਦਾ ਰੱਬ ਇੱਕ ਹੈ, ਫਿਰ ਉਸ ਦਾ ਧਰਮ (ਨਿਯਮ) ਵੀ ਇੱਕ ਹੈ ਅਤੇ ਉਸ ਦੀ ਨੀਤੀ ਵੀ ਇੱਕਸਾਰ ਹੈ। ਉਹ ਕਰਤਾ, ਭਰਤਾ ਅਤੇ ਹਰਤਾ ਹੈ। ਸਭ ਥਾਵਾਂ ਤੇ ਇੱਕਰਸ ਵਿਆਪਕ ਅਤੇ ਸਦੀਵ ਹੈ। ਨਿਰਭੈ ਅਤੇ ਨਿਰਵੈਰ ਹੈ। ਜੂਨਾਂ ਤੋਂ ਰਹਿਤ ਅਤੇ ਆਪਣੇ ਆਪ ਤੋਂ ਪ੍ਰਕਾਸ਼ ਹੈ। ਸਭ ਦਾ ਮਾਤਾ ਪਿਤਾ ਅਤੇ ਪਾਲਨਹਾਰ ਹੈ। ਆਦਿ ਅਨੰਤ ਅਤੇ ਕੁਦਰਤ ਹੈ। ਨਿਰਗੁਣ, ਸਰਗੁਣ, ਦਿਖ ਅਤੇ ਅਦਿਖ ਹੈ। ਧਰਤੀ ਅਤੇ ਅਕਾਸ਼ ਹੈ। ਪੈਦਾ ਕੀਤੇ ਗਏ ਵੱਖ-ਵੱਖ ਧਰਮਾਂ ਨੇ ਉਸ ਦੇ ਨਾਮ ਵੀ ਵੱਖੋ ਵੱਖਰੇ ਰੱਖੇ ਹੋਏ ਹਨ ਜਦ ਕਿ ਉਹ ਇੱਕ ਹੈ। ਜਿਵੇਂ ਇੱਕ ਪਿਤਾ ਦੇ ਚਾਰ ਪੁੱਤ੍ਰ ਧੀਆਂ ਹਨ ਪਰ ਪਿਤਾ ਇੱਕ ਹੀ ਅਤੇ ਪਿਤਾ ਦਾ ਨਾਮ ਵੀ ਇੱਕ ਹੁੰਦਾ ਹੈ। ਵੱਖ-ਵੱਖ ਧਰਮਾਂ ਵਾਲਿਆਂ ਦੇ ਰੱਬ ਰੂਪ ਪਿਤਾ ਵੀ ਵੱਖ-ਵੱਖ ਅਤੇ ਉਨ੍ਹਾਂ ਦੇ ਨਾਮ ਵੀ ਵੱਖ-ਵੱਖ ਰੱਖੇ ਹੋਏ ਹਨ, ਜਿਵੇਂ ਕ੍ਰਿਸ਼ਚਨਾ ਦਾ ਗਾਡ, ਮੁਸਲਮਾਨਾਂ ਦਾ ਅੱਲ੍ਹਾ, ਹਿੰਦੂਆਂ ਦਾ ਰਾਮ, ਸਿੱਖਾਂ ਦਾ ਵਾਹਿਗੁਰੂ (ਪ੍ਰਚਲਤ ਨਾਮ ਪਰ ਵਾਸਤਵ ਵਿੱਚ ਅਕਾਲ ਪੁਰਖ ਕਰਤਾਰ) ਅਤੇ ਬਾਕੀ ਹੋਰ ਧਰਮਾਂ ਵਾਲਿਆਂ ਦੇ ਵੀ ਵੱਖ-ਵੱਖ ਨਾਮ ਹਨ। ਦੁਨਿਆਵੀ ਬਾਪ ਦੇ ਬੱਚੇ ਵੀ ਭਾਵੇਂ ਕਈ ਵਾਰ ਵੱਖ-ਵੱਖ ਹੋ ਜਾਂਦੇ ਹਨ ਪਰ ਵੱਖ ਹੋਣ ਤੇ ਵੀ ਉਨ੍ਹਾਂ ਦੇ ਪਿਉ ਦਾ ਨਾਮ ਓਹੀ ਰਹਿੰਦਾ ਹੈ ਜੋ ਪਹਿਲਾਂ ਸੀ। ਦੂਜੇ ਪਾਸੇ ਮੰਨੇ ਅਤੇ ਥਾਪੇ ਗਏ ਧਰਮਾਂ ਦੇ ਆਗੂ ਅਤੇ ਲੋਕ ਆਪਣੇ ਪੈਦਾ ਕਰਨ ਵਾਲੇ ਸਿਰਜਨਹਾਰ ਰੱਬ ਦੇ ਵੱਖਰੇ-ਵੱਖਰੇ ਨਾਮ ਰੱਖ ਕੇ ਆਪੋ ਆਪਣਾ ਵੱਖਰਾ ਰੱਬ ਮੰਨੀ ਬੈਠੇ ਹਨ। ਹਰੇਕ ਆਪਣੇ ਹੀ ਧਰਮ ਦੇ ਰਸਤੇ ਨੂੰ ਸਹੀ ਦੱਸ ਰਿਹਾ ਹੈ। ਹਰੇਕ ਧਰਮ ਦੇ ਅਸੂਲ (ਨਿਯਮ) ਵੱਖੋ ਵੱਖਰੇ ਹਨ। ਇੱਕੋ ਰੱਬੀ ਪਿਤਾ ਦੇ ਪੁੱਤਰ, ਧਰਮ ਦੇ ਨਾਂ ਤੇ ਲਹੂ ਡੋਲਵੀਆਂ ਲੜਾਈਆਂ ਲੜਦੇ ਹੋਏ ਆਏ ਦਿਨ ਇੱਕ ਦੂਜੇ ਦਾ ਕਤਲੇਆਮ ਕਰਦੇ ਰਹਿੰਦੇ ਹਨ।
ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂ ਜਿੱਥੇ ਆਮ ਜਨਤਾ ਨੂੰ ਵਹਿਮਾਂ-ਭਰਮਾਂ, ਕਰਮਕਾਂਡਾਂ, ਦਾਨ, ਪੁੰਨ-ਪਾਪ ਅਤੇ ਨਰਕ-ਸਵਰਗ ਦਾ ਡਰ ਪਾ ਕੇ ਲੁਟਦੇ ਹਨ ਓਥੇ ਰਾਜਨੀਤਕ ਆਗੂ ਰੱਬ ਅਤੇ ਧਰਮ ਦੇ ਨਾਂ ਤੇ ਜਨਤਾ ਨੂੰ ਭੜਕਾ ਕੇ, ਉਨ੍ਹਾਂ ਨੂੰ ਲੜਾਉਂਦੇ ਅਤੇ ਚੋਣਾਂ ਜਿਤਦੇ ਹਨ। ਮੰਨੇ ਗਏ ਰੱਬ ਅਤੇ ਧਰਮ ਨੂੰ ਵੀ ਧਰਮੀ ਅਤੇ ਰਾਜਨੀਤਕ ਦੋਵੇਂ ਆਪੋ ਆਪਣੇ ਸੁਆਰਥਾਂ ਲਈ ਵਰਤਦੇ ਹਨ। ਰੱਬ ਜਿਸਨੂੰ ਸਰਬਸ਼ਕਤੀਮਾਨ ਮੰਨਿਆਂ ਜਾਂਦਾ ਹੈ ਉਹ ਵੀ ਜਨਤਾ ਜਾਂ ਲੋਕਾਈ ਦੀ ਪੁਕਾਰ ਨਹੀਂ ਸੁਣਦਾ। ਬਹੁਤੀ ਥਾਈਂ ਗਰੀਬਮਾਰ ਹੋ ਰਹੀ ਹੈ। ਧਰਮਾਂ ਵਾਲੇ ਕਹਿੰਦੇ ਹਨ ਕਿ ਰੱਬ ਪਾਪੀਆਂ ਨੂੰ ਸਜਾ ਦਿੰਦਾ ਹੈ ਪਰ ਇਸ ਧਰਤੀ ਤੇ ਪਾਪੀ ਦਨ-ਦਨਾਉਂਦੇ ਫਿਰਦੇ ਹਨ। ਆਫਤਾਂ, ਭੂਚਾਲਾਂ ਅਤੇ ਸੁਨਾਮੀਆਂ ਵਿੱਚ ਰੱਬ ਭਲਿਆਂ ਨੂੰ ਵੀ ਸਜਾਵਾਂ ਦਈ ਜਾ ਰਿਹਾ ਹੈ। ਓਦੋਂ ਉਸਦੀ ਅੰਤਰਜਾਮਤਾ ਅਤੇ ਸਰਬਸ਼ਕਤੀਮਾਨਤਾ ਕਿੱਧਰ ਜਾਂਦੀ ਹੈ ਜਦੋਂ ਬੇਕਸੂਰਾਂ ਨੂੰ ਸਜਾ ਦਿੱਤੀ ਜਾਂਦੀ ਅਤੇ ਮਾਰ ਪੈਂਦੀ ਹੈ? ਧਰਮ ਵਾਲੇ ਕਹਿੰਦੇ ਹਨ ਕਿ ਰੱਬ ਦਾਤਾ ਹੈ ਅਤੇ ਸਭ ਨੂੰ ਰਿਜ਼ਕ-ਬਸੇਰਾ ਦਿੰਦਾ ਹੈ ਫਿਰ ਉਸ ਦੀ ਦੁਨੀਆਂ ਵਿੱਚ ਕਰੋੜਾਂ ਲੋਕ ਨੰਗੇ, ਭੁੱਖੇ ਅਤੇ ਬੇਘਰ ਕਿਉਂ ਹਨ?
ਕੁਦਰਤੀ ਤਾਣੇ-ਬਾਣੇ ਚੋਂ ਲੋਕਾਈ ਪੈਦਾ ਹੋਈ ਹੈ ਅਤੇ ਕੁਦਰਤ ਦੇ ਭੰਡਾਰ ਅਸੀਮਤ ਹਨ। ਜਿਉਂ-ਜਿਉਂ ਮਨੁੱਖਾ ਸੋਝੀ ਦਾ ਵਿਕਾਸ ਹੋਇਆ ਮਨੁੱਖ ਜੰਗਲੀ ਤੋਂ ਕਬੀਲੇ `ਚ ਬਦਲਿਆ, ਖਾਣ ਲਈ ਭੋਜਨ, ਪਹਿਨਣ ਲਈ ਵਸਤਰ ਅਤੇ ਰਹਿੰਣ ਲਈ ਕੁੱਲੀ (ਘਰ) ਦਾ ਪ੍ਰਬੰਧ ਕਰਨ ਲੱਗਾ। ਜਿਨ੍ਹਾਂ ਚੀਜਾਂ ਤੋਂ ਲਾਭ ਮਿਲਦਾ ਉਨ੍ਹਾਂ ਨੂੰ ਪੂਜਣ ਲੱਗਾ ਅਤੇ ਜਿਨ੍ਹਾਂ ਤੋਂ ਨੁਕਸਾਨ ਹੁੰਦਾ ਤੋਂ ਡਰਨ ਲੱਗਾ। ਫਿਰ ਅਨੇਕ ਦੇਵੀ ਦੇਵਤੇ ਪੈਗੰਬਰ ਮਿਥ ਲਏ ਗਏ। ਜੋ ਪੜੇ ਲਿਖੇ ਅਤੇ ਸੂਜਵਾਨ ਸਨ ਉਹ ਲੋਕਾਈ ਦੇ ਆਗੂ ਬਣ ਗਏ ਅਤੇ ਆਪਣੇ-ਆਪਣੇ ਕਬੀਲੇ, ਪ੍ਰਵਾਰ ਅਤੇ ਸਾਥੀਆਂ ਦੇ ਝੁੰਡ ਬਣਾ ਲਏ। ਹੁਣ ਵੱਖਰੇ ਰਹਿਣ ਲਈ ਆਪੋ ਆਪਣੇ ਵੱਖਰੇ-ਵੱਖਰੇ ਨਿਯਮ ਵੀ ਘੜ ਲਏ। ਉਨ੍ਹਾਂ ਨੂੰ ਹੀ ਸਮਾਂ ਪਾ ਕੇ ਵੱਖ-ਵੱਖ ਧਰਮਾਂ ਦਾ ਨਾਂ ਦੇ ਦਿੱਤਾ ਗਿਆ। ਕਿਸੇ ਅਣਕਿਆਸੀ, ਅਣਮਿਥੀ, ਅਣਤੋਲ, ਅਣਡਿੱਠ, ਅਲੋਪ, ਸੋਚ ਨੂੰ ਰੱਬ ਮੰਨ ਲਿਆ ਲਿਆ। ਹੁਣ ਪ੍ਰਵਾਰਾਂ, ਕਬੀਲਿਆਂ, ਇਲਾਕਿਆਂ ਤੋਂ ਕੌਮ ਅਤੇ ਅੱਗੇ ਵੱਖਰੀਆਂ-ਵੱਖਰੀਆਂ ਨਸਲਾਂ ਦੀਆਂ ਵੱਖਰੀਆਂ ਕੌਮਾਂ, ਧਰਮ, ਰਾਜ ਅਤੇ ਦੇਸ਼ ਬਣਾ ਲਏ ਗਏ।
ਅੱਗੇ ਧਾਰਮਿਕ ਅਤੇ ਰਾਜਨੀਤਿਕ ਆਗੂ ਤਾਨਾਸ਼ਾਹ ਬਣ ਕੇ ਆਪੋ ਆਪਣੀ ਜਨਤਾ-ਲੋਕਾਈ ਤੇ ਰਾਜ ਕਰਨ ਲੱਗ ਪਏ। ਧਰਮ ਆਗੂਆਂ ਨੇ ਸਰਬਸਾਂਝੇ ਧਰਮ ਨੂੰ ਅੱਗੇ ਕਈ ਧਰਮਾਂ ਵਿੱਚ ਵੰਡ ਕੇ ਟੁਕੜੇ-ਟੁਕੜੇ ਕਰ ਦਿੱਤਾ। ਹਰੇਕ ਧਰਮ ਟੁਕੜਾ ਆਪਣੇ ਆਪ ਨੂੰ ਦੂਜਿਆਂ ਤੋਂ ਬੇਹਤਰੀਨ ਸਮਝਣ ਲੱਗ ਪਿਆ। ਰੱਬ ਦੇ ਨਾਂ ਵੀ ਵੱਖਰੇ-ਵੱਖਰੇ ਰੱਖ ਲਏ ਗਏ। ਜਰਾ ਸੋਚਣ ਵਾਲੀ ਗੱਲ ਹੈ, “ਨਾਂ” ਆਪਾਂ ਉਸ ਦਾ ਰੱਖਦੇ ਹਾਂ ਜਿਸ ਨੂੰ ਪੈਦਾ ਕਰਦੇ ਜਾਂ ਬਣਾਉਂਦੇ ਹਾਂ। ਰੱਬ ਸਾਡਾ ਪੈਦਾ ਕੀਤਾ ਅਤੇ ਬਣਾਇਆ ਹੋਇਆ ਨਹੀਂ ਹੈ, ਫਿਰ ਉਸ ਦੇ ਨਾਂਮ ਅਸੀਂ ਕਿਵੇਂ ਰੱਖ ਸਕਦੇ ਹਾਂ। ਰੱਬ ਤਾਂ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੈ, ਫਿਰ ਅਸੀਂ ਅਣਜਮਿਆਂ ਨੇ ਉਸ ਦੇ ਨਾਂ ਕਿਵੇਂ ਰੱਖ ਲਏ? ਚੱਲੋ ਜੇ ਕਿਸੇ ਤਰ੍ਹਾਂ ਰੱਖ ਹੀ ਲਏ ਹਨ ਤਾਂ ਹੈਨ ਤਾਂ ਸਾਰੇ ਉਸੇ ਦੇ “ਨਾਂ”, ਫਿਰ ਸਾਨੂੰ ਦੂਸਰੇ ਦੇ ਰੱਬੀ ਨਾਂਮ ਤੋਂ ਨਫਰਤ ਕਿਉਂ ਹੈ? ਫਿਰ ਅਸੀਂ ਰੱਬ ਅਤੇ ਧਰਮ ਦੇ ਨਾਂ ਤੇ ਹੀ ਬਹੁਤੀਆਂ ਲੜਾਈਆਂ ਕਿਉਂ ਲੜਦੇ ਹਾਂ?
ਸਾਡੇ ਸਭਨਾਂ ਦੇ ਸਰੀਰਾਂ ਵਿੱਚ ਪੰਜ ਤੱਤ ਮਜ਼ੂਦ ਹਨ। ਫਿਰ ਸਾਨੂੰ ਉੱਚੀ-ਨੀਵੀਂ ਜਾਤ ਦੇ ਕਿਵੇਂ ਬਣਾ ਦਿੱਤਾ ਗਿਆ? ਰੱਬ, ਧਰਮ ਅਤੇ ਰਾਜਨੀਤੀ ਦਾ “ਬਣਾ ਦਿੱਤਾ ਗਿਆ ਗੋਰਖ ਧੰਦਾ” ਸਾਨੂੰ ਸਮਝ ਕਿਉਂ ਨਹੀਂ ਆ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਤਾਂ ਦਰਸਾ ਰਹੇ ਹਨ ਕਿ-ਸਰਬ ਧਰਮ ਮਹਿ ਸ੍ਰੇਸਟਿ ਧਰਮੁ ਹਰਿ ਕੋ ਨਾਮੁ ਜਪੁ ਨਿਰਮਲ ਕਰਮ॥ (266) ਭਾਵ ਰੱਬ ਨੂੰ ਸਦਾ ਯਾਦ ਰੱਖਣਾ ਅਤੇ ਨਿਰਮਲ ਕਰਮ ਕਰਨੇ ਹੀ ਸਰਬ ਸ੍ਰੇਸ਼ਟ ਧਰਮ ਹੈ। ਗੁਰੂਆਂ-ਭਗਤਾਂ ਦੀ ਬਾਣੀ ਤਾਂ ਐਸੇ ਸਰਬਦੇਸੀ ਅਤੇ ਸਰਬਸ੍ਰ਼ੇਸ਼ਟ ਧਰਮ ਦੀ ਗੱਲ ਕਰਦੀ ਹੈ ਪਰ ਅਸੀਂ ਆਪੋ-ਆਪਣੇ ਭੇਖਾਂ ਨੂੰ ਹੀ ਧਰਮ ਸਮਝਣ ਅਤੇ ਪ੍ਰਚਾਰਨ ਲੱਗ ਪਏ ਹਾਂ। ਗੁਰੂ ਨਾਨਕ ਦੇ ਸਿੱਖ ਨੇ ਤਾਂ ਸਰਬਸਾਂਝੇ ਧਰਮ ਦਾ ਦੁਨੀਆਂ ਵਿੱਚ ਪ੍ਰਚਾਰ ਕਰਨਾ ਸੀ ਪਰ ਉਹ ਅੱਜ ਆਪ ਹੀ “ਖੱਖੜੀਆਂ-ਕਰੇਲੇ” ਹੋਇਆ ਪਿਆ ਹੈ। ਧਰਮ ਦੇ ਨਾਂ ਤੇ ਆਪਣੇ ਹੀ ਭਾਈਆਂ ਦੀਆਂ ਪੱਗਾਂ ਪੈਰਾਂ ਥੱਲੇ ਰੋਲ ਰਿਹਾ ਹੈ। ਜੇ ਅੱਜ ਬਹੁਤ ਸਾਰੇ ਦੇਸ਼ ਮਿਲ ਕੇ ਰਾਜਨੀਤਕ ਤੌਰ ਤੇ ਦੁਨੀਆਂ ਦੀ ਸਾਂਝੀ ਸੰਸਥਾ ਯੂ. ਐਨ. ਓ. ਬਣਾ ਸਕਦੇ ਹਨ ਤਾਂ ਕੀ ਧਾਰਮਿਕ ਤੌਰ ਤੇ ਐਸਾ ਨਹੀਂ ਕੀਤਾ ਜਾ ਸਕਦਾ? ਹਰੇਕ, ਧਰਮ, ਕੌਮ, ਜਮਾਤ ਅਤੇ ਨਸਲ ਵਿੱਚ ਚੰਗੇ ਗੁਣ ਵੀ ਹਨ। ਉਨ੍ਹਾਂ ਚੰਗੇ ਗੁਣਾਂ ਅਤੇ ਅਸੂਲਾਂ ਦੇ ਅਧਾਰ ਤੇ, ਕੀ ਇੱਕ ਸਰਬਸਾਂਝਾ ਧਰਮ ਦਾ ਯੂ. ਐਨ. ਓ. ਨਹੀਂ ਬਣਾਇਆ ਜਾਂ ਸਕਦਾ? ਜਿਸ ਸਦਕਾ ਸਭ ਦੀ ਆਪਸੀ ਸਾਂਝ ਪੈਦਾ ਹੋਵੇ, ਦੂਰੀਆਂ ਅਤੇ ਨਫਰਤਾਂ ਦੂਰ ਹੋਣ। ਜੇ ਵੱਖ ਵੱਖ ਫੁਲਵਾੜੀਆਂ ਦੇ ਫੁੱਲ ਇੱਕ ਗੁਲਦਸਤੇ ਵਿੱਚ ਸਜ, ਸ਼ੋਭਾ ਪਾਉਂਦੇ ਅਤੇ ਮਹਿਕ ਵੰਡ ਸਕਦੇ ਹਨ ਤਾਂ ਕੀ ਵੱਖ-ਵੱਖ ਜਾਤਾਂ, ਕਬੀਲਿਆਂ ਅਤੇ ਮਜ਼ਹਬਾਂ ਦੇ ਲੋਕ ਦੁਨੀਆਂ ਦੇ ਸਾਂਝੇ ਧਰਮ ਦਾ ਗੁਲਦਸਤਾ ਬਣ ਗਿਆਨ-ਵਿਗਿਆਨ, ਸ਼ੁਭ ਗੁਣਾਂ, ਸੇਵਾ, ਸਿਮਰਨ, ਪਿਆਰ ਅਤੇ ਪਰਉਪਕਾਰਾਂ ਦੀ ਮਹਿਕ ਨਹੀਂ ਵੰਡ ਸਕਦੇ? ਮਨੁੱਖ ਆਪਣੀ ਆਦਮ ਜਾਤ ਨੂੰ, ਕਦੋਂ ਆਪਣੀ ਸਮਝੇਗਾ? ਕੀ ਮੰਨੇ ਗਏ ਰੱਬ ਦਾ ਪੈਦਾ ਕੀਤਾ ਮਨੁੱਖ ਧਰਮ, ਮਜ਼ਹਬ, ਦੇਸ਼, ਕੌਮ, ਲੋਕਾਈ ਅਤੇ ਰਾਜਨੀਤੀ ਨੂੰ ਇੱਕ ਦੂਜੇ ਦਾ ਦੁਸ਼ਮਣ ਸਮਝ ਅਤੇ ਬਣ ਕੇ ਕਤਲੋਗਾਰਤ ਹੀ ਕਰਦਾ ਰਹੇਗਾ?
ਸੋ ਸਾਨੂੰ ਰੱਬ, ਧਰਮ, ਲੋਕਾਈ ਅਤੇ ਰਾਜਨੀਤੀ ਦਾ ਕੰਸੈਪਟ (ਸਿਧਾਂਤ) ਦੀਰਘ ਵਿਚਾਰ ਨਾਲ ਸਮਝ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ ਨਾਂ ਕਿ ਅੰਧ ਵਿਸ਼ਵਾਸ਼ੀ ਹੋ, ਨਿਰਾਰਥਕ ਕਰਮਕਾਂਡ ਕਰਦੇ ਰੱਬ, ਧਰਮ ਅਤੇ ਰਾਜਨੀਤੀ ਦੇ ਆਪੋ ਆਪਣੇ ਬਣਾਏ ਨੇਮਾਂ ਤੇ ਹੀ ਲੜਦੇ ਰਹਿਣਾ ਚਾਹੀਦਾ ਹੈ। ਰੱਬ ਇੱਕ ਸਿਸਟਮ ਹੈ ਜਿਸ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ, ਜਦ ਅਸੀਂ ਇਸ ਸਿਸਟਮ ਤੋਂ ਬਾਹਰ ਹੂੰਦੇ ਹਾਂ ਤਾਂ ਦੁੱਖ ਅਤੇ ਜੇ ਇਸ ਦੇ ਅੰਦਰ ਹੁੰਦੇ ਹਾਂ ਤਾਂ ਸੁੱਖ ਪਾਉਂਦੇ ਹਾਂ। ਇਸ ਸਿਸਟਮ ਨੂੰ ਸਮਝਣ ਦੀ ਲੋੜ ਹੈ ਨਾਂ ਕਿ ਬੇ ਗਿਆਨੇ, ਬੇਧਿਆਨੇ ਜੰਤ੍ਰ-ਮੰਤ੍ਰ, ਤੋਤ ਰਟਨੀ ਪੂਜਾ-ਪਾਠ ਆਦਿਕ ਨਿਰਾਰਥਕ ਕਰਮ ਕਰਨ ਨੂੰ ਹੀ ਧਰਮ ਸਮਝੀ ਜਾਣਾ ਹੈ। ਸਭ ਕੁੱਝ ਰੱਬ ਤੇ ਸੁੱਟ ਕੇ ਇਹ ਕਹਿਣਾ ਕਿ ਉਹ ਸਭ ਕੁੱਝ ਕਰਵਾ ਰਿਹਾ ਹੈ ਠੀਕ ਨਹੀਂ, ਜੇ ਠੀਕ ਹੈ ਤਾਂ ਕੀ ਰੱਬ ਬੁਰੇ ਕਰਮ ਵੀ ਕਰਾਉਂਦਾ ਹੈ? ਜੇ ਕਰਾਉਂਦਾ ਹੈ ਤਾਂ ਫਿਰ ਉਹ ਕਿਧਰ ਦਾ ਚੰਗਾ ਰੱਬ ਹੈ? ਜੇ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਜਾਂ ਜਿਸ ਕਰਮ ਨਾਲ ਸਾਨੂੰ ਲਾਭ ਹੁੰਦਾ ਹੈ ਕਹਿੰਦੇ ਹਾਂ ਇਹ ਅਸੀਂ ਕੀਤਾ ਹੈ ਜੇ ਬੁਰਾ ਕਰਦੇ ਜਾਂ ਬੁਰਾ ਹੋ ਜਾਏ ਤਾਂ ਕਹਿ ਦਿੰਦੇ ਹਾਂ ਕਿ ਇਹ ਰੱਬ ਨੇ ਹੀ ਕਰਵਾਇਆ ਹੈ। ਰੱਬ ਦੀ ਕੁਦਰਤ (ਸਿਸਟਮ) ਬੜੀ ਤਾਕਤਵਰ ਅਤੇ ਵਿਸ਼ਾਲ ਹੈ। ਇਸ ਵਿਸ਼ਾਲਤਾ ਦੀ ਖੋਜ ਅਤੇ ਮੌਜ ਵਿੱਚ ਰਹਿਣਾ ਚਾਹੀਦਾ ਅਤੇ ਦੂਰਦ੍ਰਿਸ਼ਟੀ ਵਰਤਨੀ ਚਾਹੀਦੀ ਹੈ-ਜੋ ਖੋਜੇ ਸੋ ਪਾਵੇ ਅਤੇ ਖੋਜੀ ਉਪਜੈ ਬਾਦੀ ਬਿਨਸੈ॥ (1255) ਗੁਰਬਾਣੀ ਵੀ ਇਸ ਦੀ ਪ੍ਰੋੜਤਾ ਕਰਦੀ ਹੈ। ਜੇ ਸਿੱਖ ਗੁਰਬਾਣੀ ਨੂੰ ਧਿਆਨ ਨਾਲ ਪੜਨ, ਵਿਚਾਰਨ, ਧਾਰਨ ਅਤੇ ਅਮਲ ਕਰਨ ਤਾਂ ਉਸ ਅਸਲੀ ਧਰਮ ਨੂੰ ਸਮਝ ਸਕਦੇ ਹਨ ਜਿਸ ਧਰਮ (ਸਿਧਾਂਤ) ਦੀ ਸਾਰੇ ਸੰਸਾਰ ਨੂੰ ਲੋੜ ਹੈ ਪਰ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਗੁਰਸਿੱਖਾਂ ਦੇ ਲੀਡਰ ਵੀ ਧਰਮ ਨੂੰ ਰਾਜਨੀਤੀ ਲਈ ਅਤੇ ਰਾਜਨੀਤੀ ਨੂੰ ਕੁਰਸੀ ਅਤੇ ਆਪੋ-ਆਪਣੀਆਂ ਗਰਜਾਂ ਲਈ ਵਰਤ ਰਹੇ ਹਨ। ਧਰਮ ਅਤੇ ਰਾਜਨੀਤੀ ਦੋਹਾਂ ਦੇ ਨਾਂ ਤੇ ਆਂਮ ਜਨਤਾ ਲੁੱਟੀ ਜਾ ਰਹੀ ਹੈ-ਪਰਜਾ ਅੰਧੀ ਗਿਆਨ ਬਿਨ …॥ (ਭਾ. ਗੁ.) ਅਖੌਤੀ ਧਰਮੀ ਲੀਡਰ ਰੱਬ ਦੇ ਅਤੇ ਹੰਕਾਰੀ ਰਾਜਨੀਤਕ ਲੋਕ ਰਾਜ ਸ਼ਕਤੀ ਦੇ ਡਰਾਵੇ ਦੇ ਕੇ, ਜਨਤਾ ਨੂੰ ਪਿੱਛੇ ਲਗਾਈ ਫਿਰਦੇ ਹਨ। ਅਸੀਂ ਰੱਬ, ਧਰਮ ਅਤੇ ਰਾਜ ਆਪੋ-ਆਪਣੀ ਮਰਜੀ ਦੇ ਬਣਾਈ ਫਿਰਦੇ ਹਾਂ। ਇਸੇ ਕਰਕੇ ਸਾਡਾ ਦੂਜਿਆਂ ਨਾਲੋ ਵੱਖਰੇਵਾਂ ਬਣਿਆਂ ਰਹਿੰਦਾ ਹੈ। ਕਾਸ! ਦੁਨੀਆਂ ਸਮਝ ਸਕਦੀ ਕਿ ਸਾਡਾ ਸਭ ਦਾ ਰੱਬ, ਧਰਮ ਅਤੇ ਰਾਜ ਇੱਕ ਅਤੇ ਸਰਬਸਾਂਝਾ ਹੈ। ਇਸ ਲਈ ਅਸੀਂ ਇੱਕ ਪ੍ਰਵਾਰ ਵਾਂਗ ਸੰਸਾਰ ਵਿੱਚ ਵਿਚਰੀਏ ਤਾਂ ਕਿ ਸਾਡੀਆਂ ਰੱਬ, ਧਰਮ ਅਤੇ ਰਾਜਨੀਤੀ ਦੇ ਨਾਂ ਕੀਤੀਆਂ ਜਾ ਰਹੀਆਂ ਹੇਰਾਂ ਫੇਰੀਆਂ, ਖੂਨ ਖਰਾਬੇ ਅਤੇ ਲੜਾਈਆਂ ਬੰਦ ਹੋ ਜਾਣ। ਦੀਰਘ ਵਿਚਾਰ ਨਾਲ ਸੋਚੋ ਜੇ ਸੰਸਾਰ ਤੇ ਸਦਾ ਨਹੀਂ ਰਹਿਣਾ ਫਿਰ ਇਹ ਧਰਮ ਅਤੇ ਰਾਜ ਦੇ ਨਾਂ ਤੇ ਪਾਏ ਵਖਰੇਵੇ ਅਤੇ ਲੜਾਈਆਂ ਕਿਸ ਲਈ ਹਨ? ਵਾਸਤਾ ਰੱਬ ਦਾ! ਰੱਬ, ਧਰਮ ਅਤੇ ਰਾਜਨੀਤੀ ਨੂੰ ਬਿਬੇਕ ਬੁੱਧ ਨਾਲ ਸਮਝ ਕੇ, ਆਪਸੀ ਮੇਲ ਜੋਲ ਅਤੇ ਪ੍ਰੇਮ ਪਿਆਰ ਦੇ ਅਨੰਦ ਮਾਣਦੇ ਹੋਏ ਲੂੰਬੜ ਲੀਡਰਾਂ ਤੋਂ ਸੁਚੇਤ ਰਹੋ। ਅਸਲ ਵਿੱਚ ਸੱਚੇ-ਸੁੱਚੇ ਪ੍ਰੇਮ ਪਿਆਰ ਕਰਤਾਰ ਦਾ ਨਾਂ ਹੀ ਰੱਬ ਅਤੇ ਸਰਬੱਤ ਦੇ ਭਲੇ ਵਾਲੇ ਰਾਜਪ੍ਰਬੰਧ ਦਾ ਨਾਂ ਹੀ ਅਸਲ ਰਾਜਨੀਤੀ ਹੈ ਅਤੇ ਸਮੁੱਚੇ ਸੰਸਾਰ ਦਾ ਇਸ ਨਿਯਮ ਦੀ ਪਾਲਣਾ ਕਰਨ ਵਿੱਚ ਹੀ ਭਲਾ ਹੈ।
ਅਵਤਾਰ ਸਿੰਘ ਮਿਸ਼ਨਰੀ
.