.

ਪਾਠੁ ਪੜੈ ਨ ਬੂਝਈ

ਅਖੰਡ ਪਾਠ, ਸੰਪਟ ਪਾਠ, ਸਪਤਾਹਕ ਪਾਠ, ਮੋਨ ਪਾਠ, ਸੁਖਮਣੀ ਪਾਠ, ਜਪੁਜੀ ਪਾਠ … ਆਦਿਕ … ਦੀਆਂ ਪ੍ਰਚਲਤ ਤੇ ਵਧ ਰਹੀਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨੂੰ ਵੇਖ ਸੁਣ ਤੇ ਪੜ੍ਹ ਕੇ ਬੜੀ ਹੈਰਾਨਗੀ ਹੁੰਦੀ ਹੈ ਕਿ ਜਿਸ ਕੌਮ ਕੋਲ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਗਿਆਨ ਦੇ ਅਥਾਹ ਤੇ ਅਮੁਕ ਖਜ਼ਾਨੇ ਦਾ ਭੰਡਾਰ ਹੋਵੇ ਉਹ ਅਨੇਕ ਨਿਰਾਰਥਕ ਰੀਤਾਂ ਰਸਮਾ ਤੇ ਵਿਅਰਥ ਕਰਮ ਕਾਂਡਾਂ ਦਾ ਸ਼ਿਕਾਰ ਕਿਵੇਂ ਹੋ ਗਈ? ਅਗਰ ਬਿਨਾ ਸਮਝੇ ਕੀਤੇ ਪਾਠਾਂ ਦਾ ਕੋਈ ਫਲ ਪ੍ਰਾਪਤ ਹੁੰਦਾ, ਤਾਂ ਅਜ ਤਕ ਕੀਤੇ ਗਏ ਹਜ਼ਾਰਾਂ ਪਾਠਾਂ ਦੇ ਫਲ ਨਾਲ ਸਿੱਖ ਕੌਮ ਦੁਨੀਆਂ ਤੇ ਰਾਜ ਕਰ ਰਹੀ ਹੁੰਦੀ ਪਰ ਹਕੀਕਤ (ਜਿਸਨੂੰ ਮੰਨਣਾ ਕੋਈ ਪਸੰਦ ਨਹੀ ਕਰਦਾ) ਇਸਦੇ ਉਲਟ ਹੀ ਹੈ। ਬੇਅੰਤ ਹੋ ਰਹੇ ਪਾਠਾਂ ਦੇ ਬਾਵਜੂਦ ਵੀ ਅਜ ਸਿਖ ਜਗਤ ਵਿੱਚ ਅਗਿਆਨਤਾ ਕਾਰਨ ਭਰਮ ਭੁਲੇਖਿਆਂ, ਵਿਅਰਥ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੀ ਭਰਮਾਰ ਹੈ। ਇਸ ਤੋਂ ਇੱਕ ਗਲ ਤਾਂ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਸਮਝਹੀਣ ਰਸਮੀ ਪਾਠਾਂ ਨੇ ਅਜ ਤਕ ਕਿਸੇ ਦਾ ਕੁੱਝ ਨਹੀ ਸਵਾਰਿਆ। ਨਾ ਇਹਨਾ ਨੇ ਕਿਸੇ ਦਾ ਲੋਕ (ਦੁਨਿਆਵੀ ਕਾਰਜ) ਸਵਾਰਿਆ ਹੈ ਤੇ ਨਾ ਹੀ ਪ੍ਰਲੋਕ (ਮਨ ਦੀ ਸਾਧਨਾ) ਸਵਾਰਿਆ ਹੈ। ਅਜੇਹੇ ਰਸਮੀ ਪਾਠ ਗੁਰੂ ਦੀ ਬਾਣੀ ਦਾ ਘੋਰ ਨਿਰਾਦਰ ਹਨ ਤੇ ਇਹ ਨਿਰਾਦਰੀ ਧਰਮ ਦੀਆਂ ਮੁੱਖ ਸੰਸਥਾਵਾਂ ਤੇ ਗੁਰਦੁਆਰੇ ਨਿੱਤ ਕਰ ਰਹੇ ਹਨ। ਜੇ ਵਾੜ ਹੀ ਖੇਤ ਨੂੰ ਖਾਣ ਲਗ ਜਾਵੇ ਤਾਂ ਰਾਖਾ ਕੌਣ?

ਪਾਠ ਨੂੰ ਨਿਜੀ ਤੌਰ ਤੇ ਪੜ੍ਹ, ਸੁਣ, ਬੁਝ ਕੇ ਤੇ ਮਨ ਵਸਾ ਕੇ (ਯਾਦ ਰੱਖ ਕੇ) ਜੀਵਨ ਵਿੱਚ ਢਾਲਣਾ ਸੀ ਪਰ ਅਜ ਉਸਨੂੰ ਇੱਕ ਵਾਪਾਰ ਹੀ ਬਣਾ ਦਿੱਤਾ ਹੈ। ਧਨ ਨਾਲ ਪਾਠ ਕਰਵਾ ਕੇ ਉਸਦੇ ਫਲ ਦੀ ਉਡੀਕ ਕੀਤੀ ਜਾਂਦੀ ਹੈ। ਆਤਮਕ ਗਿਆਨ ਨੂੰ ਦੁਨਿਆਵੀ ਧਨ ਨਾਲ ਨਹੀ ਮਨ ਨਾਲ ਹੀ ਪਾਇਆ ਜਾ ਸਕਦਾ ਹੈ। ਮਾਨੁੱਖ ਦੀ ਕਿਤਨੀ ਬੇਸਮਝੀ ਹੈ ਕਿ ਆਤਮਕ ਵਸਤੂ ਨੂੰ ਵੀ ਧਨ ਨਾਲ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਗੁਰਬਾਣੀ ਤਾਂ ਪੁਕਾਰ ਪੁਕਾਰ ਕੇ ਸੂਚਤ ਕਰਦੀ ਹੈ ਕਿ ਧਰਮ ਗ੍ਰੰਥਾਂ ਨੂੰ ਰਸਮੀ ਤੌਰ ਤੇ ਨਿਰੇ ਪੜ੍ਹਨ ਨਾਲ ਕੁੱਝ ਨਹੀ ਸਵਰਨਾ:

1) ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ॥ ਪਾਠੁ ਪੜੈ ਨ ਬੂਝਈ ਭੇਖੀ ਭਰਮਿ ਭੁਲਾਇ॥ (66)। ਭਾਵ: ਗੁਰੂ ਦੀ ਸ਼ਰਨ (ਗੁਰੂ ਦੀ ਸਿਖਿਆ) ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀ ਹੋ ਸਕਦਾ। (ਜੋ ਮਨੁੱਖ ਧਾਰਮਕ ਪੁਸਕਾਂ ਦਾ) ਨਿਰਾ ਪਾਠ ਹੀ ਪੜ੍ਹਦਾ ਹੈ ਉਹ ਇਸ ਭੇਤ ਨੂੰ ਨਹੀ ਸਮਝ ਸਕਦਾ ਤੇ ਨਿਰੇ ਧਾਰਮਕ ਭੇਖਾਂ ਨਾਲ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਕਿਸੇ ਧਾਰਮਕ ਪੁਸਤਕ ਨੂੰ ਬਿਨਾ ਸਮਝੇ ਪੜ੍ਹੀ ਜਾਣਾ, ਤੋਤੇ ਵਾਂਗ ਰਟੀ ਜਾਣਾ ਤੇ ਧਰਮ ਨੂੰ ਨਿਰੇ ਬਾਹਰਲੇ ਭੇਖਾਂ ਤੇ ਨਿਰਭਰ ਕਰਨਾ ਨਿਰੀ ਅਗਿਆਨਤਾ ਹੈ।

2) ਆਚਾਰੀ ਨਹੀ ਜੀਤਿਆ ਜਾਇ॥ ਪਾਠ ਪੜੈ ਨਹੀ ਕੀਮਤਿ ਪਾਇ॥ (355)। ਭਾਵ: ਪਰਮਾਤਮਾ ਨਿਰੀਆਂ ਧਾਰਮਕ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਨਾਲ ਵੱਸ ਨਹੀ ਕੀਤਾ ਜਾ ਸਕਦਾ। ਵੇਦ ਆਦਿਕ ਪੁਸਤਕਾਂ (ਧਰਮ ਗ੍ਰੰਥਾਂ) ਦੇ (ਇਕੱਲੇ) ਪਾਠ ਪੜਿਆਂ ਵੀ ਉਸਦੀ ਕਦਰ (ਸਮਝ, ਸੂਝ) ਨਹੀ ਪੈ ਸਕਦੀ। ਬਿਨਾ ਸਮਝੇ, ਜਾਣੇ ਜਾਂ ਬੁੱਝੇ, ਕੇਵਲ ਪੜ੍ਹੀ ਜਾਣ ਨਾਲ ਕਦਰ ਕਿਵੇਂ ਪੈ ਸਕਦੀ ਹੈ? ਇਹ ਤਾਂ ਇੱਕ ਨਿਸਫਲ ਕਰਮ ਹੈ।

3) ਬੇਦ ਕਤੇਬ ਸਿਮ੍ਰਿਤਿ ਸਭ ਸਾਸਤਿ ਇਨ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥ (747)। ਭਾਵ: ਵੇਦ, ਪੁਰਾਣ, ਸਿਮ੍ਰਿਤੀਆਂ, ਕੁਰਾਨ, ਅੰਜੀਲ (ਧਰਮ ਗ੍ਰੰਥਾਂ ਨੂੰ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖਲਾਸੀ ਨਹੀ ਮਿਲਦੀ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ (ਉਸਦੀ ਸਿਖਿਆ ਤੇ ਚਲ ਕੇ) ਉਸਦੇ ਇੱਕ ਬਚਨ ਨੂੰ ਵੀ ਬੁਝ ਲੈਂਦਾ ਹੈ (ਭਾਵ ਉਸ ਤੇ ਚਲਦਾ ਹੈ) ਉਹ ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ। ਗੁਰ ਪ੍ਰਮਾਣ ਸਪਸ਼ਟ ਕਰਦੇ ਹਨ ਕਿ ਧਰਮ ਗ੍ਰੰਥਾਂ ਨੂੰ ਰਸਮੀ ਤੌਰ ਤੇ ਬਿਨਾ ਸਮਝੇ ਪੜੀ ਜਾਣ ਨਾਲ ਕੁੱਝ ਵੀ ਪਲੇ ਨਹੀ ਪੈਣਾ ਪਰ ਗੁਰੂ ਦੀ ਗਲ ਸੁਣਨ ਦਾ ਨਾ ਹੀ ਕਿਸੇ ਕੋਲ ਵਕਤ ਹੈ ਤੇ ਨਾ ਹੀ ਜਾਨਣ ਦੀ ਤਮੰਨਾ ਹੈ ਤੇ ਇਹੀ ਕਾਰਨ ਹੈ ਕਿ ਚਤੁਰ ਚਾਲਾਕ ਧਰਮ ਦੇ ਆਗੂ, ਅਖੌਤੀ ਸਾਧ, ਸੰਤ ਤੇ ਬਾਬੇ ਪਾਠਾਂ ਦੀ ਦੁਕਾਨ ਖੋਲੀ ਬੈਠੇ ਹਨ ਜਿਥੋਂ ਪੈਸੇ ਦੇ ਕੇ ਕੀਤੇ ਕਤਾਏ ਪਾਠ ਦਾ ਗੁਪਤ ਫਲ ਖਰੀਦਿਆ ਜਾ ਸਕਦਾ ਹੈ। ਇਹ ਇਨ ਬਿਨ ਹਿੰਦੂ ਮੱਤ ਦਾ ਫਿਲਸਫਾ ਸਿੱਖ ਜਗਤ ਵਿੱਚ ਘਸੋੜ ਦਿੱਤਾ ਗਿਆ ਹੈ। ਇਹ ਵਾਪਾਰ ਇਤਨੇ ਜ਼ੋਰਾਂ ਤੇ ਹੈ ਕਿ ਇਸਦੀ ਬੁਕਿੰਗ ਲਈ ਸੱਤ ਸਾਲ ਦੀ ਉਡੀਕ ਕਰਨੀ ਪੈਂਦੀ ਹੈ। ਗੁਰੂ (ਗੁਰਬਾਣੀ) ਨੂੰ ਵਿਸਾਰਨ ਦੀ ਇਹੀ ਸਜ਼ਾ ਹੈ ਕਿ ਅਜ ਮਨੁੱਖ ਭਰਮ ਭੁਲੇਖਿਆਂ ਵਿੱਚ ਫੱਸ ਕੇ ਇਹਨਾ ਅਖੌਤੀ ਸਾਧ ਸੰਤ ਤੇ ਬਾਬਿਆਂ ਦੇ ਪੈਰਾਂ ਦੀ ਮੈਲ ਨੂੰ ਪੀ ਰਿਹਾ ਹੈ ਤੇ ਉਹਨਾ ਦੇ ਡੇਰੇ, ਟਕਸਾਲਾਂ ਤੇ ਠਾਠਾਂ ਤੇ, ਇਹਨਾ ਰਸਮੀ ਪਾਠਾਂ ਦੇ ਫਲ ਲਈ ਆਪਣੀ ਮਿਹਨਤ ਨਾਲ ਕਮਾਈ, ਮਾਇਆ ਪਾਣੀ ਵਾਂਗ ਰੋਹੜੀ ਜਾ ਰਹੀ ਹੈ। ਪਾਠਾਂ ਦੇ ਵਾਪਾਰੀਆਂ ਨੂੰ ਗੁਰਬਾਣੀ ਭੰਡਦੀ ਹੈ: ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ॥ ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰੁ॥ ਸਤਿਗੁਰਿ ਮਿਲਿਐ ਤ੍ਰਿਕੁਟੀ ਛੁਟੈ ਚਉਥੈ ਪਦਿ ਮੁਕਤਿ ਦੁਆਰੁ॥ (33)। ਭਾਵ: ਤਿੰਨਾ ਗੁਣਾ ਦੇ ਅਧੀਂਨ ਰਹਿ ਕੇ ਕੰਮ ਕਰਨੇ, (ਇਹਨਾਂ ਵਿੱਚ ਰਸਮੀ ਪਾਠ ਵੀ ਸ਼ਾਮਲ ਹੈ) ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ ਤੇ ਮਾਇਆ ਦਾ ਪਿਆਰ ਹੀ ਮਨ ਵਿੱਚ ਵਿਕਾਰ ਪੈਦਾ ਕਰਦਾ ਹੈ। ਮੋਹ ਮਾਇਆ ਦੇ ਬੰਧਨਾਂ ਵਿੱਚ ਬੱਝਾ ਹੋਇਆ ਪੰਡਿਤ (ਧਾਰਮਕ ਰਸਮਾਂ ਕਰਨ ਕਰਾਉਣ ਵਾਲਾ ਆਗੂ ਜਾਂ ਪਾਠੀ) ਧਰਮ ਪੁਸਤਕ ਪੜ੍ਹਦਾ ਹੈ ਪਰ ਮਾਇਆ ਦੇ ਪਿਆਰ ਵਿੱਚ (ਫਸਿਆ ਰਹਿਣ ਕਰਕੇ ਉਹ ਜੀਵਨ ਦਾ ਸਹੀ ਰਸਤਾ) ਨਹੀ ਸਮਝ ਸਕਦਾ। ਜੇ ਸਤਿਗੁਰ (ਗੁਰਸਿਖਿਆ) ਮਿਲ ਪਵੇ ਤਾਂ (ਮੋਹ ਮਾਇਆ ਦੇ ਕਾਰਨ ਪੈਦਾ ਹੋਈ ਅੰਦਰਲੀ) ਖਿੱਝ (ਤੜਪ, ਪਕੜ) ਦੂਰ ਹੋ ਜਾਂਦੀ ਹੈ ਤੇ ਮਾਇਆ ਦੇ ਤਿੰਨਾ ਗੁਣਾ ਤੋਂ ਉੱਚਾ ਉੱਠ ਕੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਸੋ, ਇਹਨਾ ਧਰਮ ਆਗੂਆਂ ਦੇ ਅਸਥਾਨਾ ਤੇ ਬਹੁਤੇਰੇ ਗੁਰਦੁਆਰਿਆਂ ਵਿੱਚ ਮਾਇਆ ਕਾਰਨ ਕੀਤੇ ਰਸਮੀ ਪਾਠਾਂ ਨੇ ਨਾ ਕਿਸੇ ਦਾ ਕੁੱਝ ਸਵਾਰਿਆ ਹੈ ਤੇ ਨਾ ਹੀ ਸਵਾਰਨਾ ਹੈ ਤੇ ਇਹਨਾ ਦੇ ਫਲ ਦਾ ਪ੍ਰਚਾਰ ਅਨਜਾਣ ਮਨੁੱਖ ਨੂੰ ਧੋਖਾ ਦੇਣ ਦੇ ਤੁਲ ਹੈ।

ਵੇਦੁ ਪੁਕਾਰੈ ਤ੍ਰਿਬਿਧਿ ਮਾਇਆ॥ ਮਨਮੁਖ ਨ ਬੂਝੈ ਦੂਜੈ ਭਾਇਆ॥ ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੈ ਦੁਖੁ ਪਾਵਣਿਆ॥ (128)। ਭਾਵ: ਪੰਡਿਤ (ਧਰਮ ਆਗੂ) ਵੇਦ (ਧਰਮ ਗ੍ਰੰਥ) ਨੂੰ ਉੱਚੀ ਉੱਚੀ ਪੜ੍ਹਦਾ ਹੈ (ਪਰ ਉਸਦੇ ਅੰਦਰ) ਤ੍ਰੈ ਗੁਣੀ ਮਾਇਆ (ਦਾ ਪ੍ਰਭਾਵ ਬਣਿਆ ਰਹਿੰਦਾ ਹੈ)। ਆਪਣੇ ਮਨ ਪਿਛੇ ਤੁਰਨ ਵਾਲੇ ਮਨੁੱਖ (ਆਤਮਕ ਜੀਵਨ ਨੂੰ) ਨਹੀ ਸਮਝਦੇ ਤੇ (ਉਹਨਾ ਦਾ ਮਨ) ਮਾਇਆ ਦੇ ਪਿਆਰ ਵਿੱਚ ਹੀ (ਟਿਕਿਆ ਰਹਿੰਦਾ ਹੈ)। ਉਹ ਇਹਨਾ ਧਰਮ ਗ੍ਰੰਥਾਂ ਨੂੰ ਮਾਇਆ ਕਮਾਉਣ ਦੀ ਖਾਤਰ ਹੀ ਪੜ੍ਹਦੇ ਹਨ ਤੇ ਪਰਮਾਤਮਾ ਨਾਲ ਸਾਂਝ ਨਹੀ ਪਾਉਂਦੇ। ਧਰਮ ਗ੍ਰੰਥਾਂ ਨੂੰ ਪੜ੍ਹਦੇ ਹੋਏ ਵੀ ਇਸ ਭੇਤ ਨੂੰ ਸਮਝਣ ਤੋਂ ਬਿਨਾ ਉਹ ਦੁੱਖ ਹੀ ਪਾਉਂਦੇ ਹਨ। ਮਾਇਆ ਖਾਤਰ ਰਸਮੀ ਪਾਠਾਂ ਨੂੰ ਗੁਰਬਾਣੀ ਖੰਡਨ ਕਰਦੀ ਹੈ ਪਰ ਤਕਰੀਬਨ ਹਰ ਧਰਮ ਅਸਥਾਨ ਤੇ ਇਹ ਨਿਰਾਰਥਕ ਰਸਮ ਅੱਜ ਵੀ ਬੜੀ ਪ੍ਰਚਲਤ ਹੈ। ਇਹ ਅਨਜਾਣ ਤੇ ਭੋਲੇ ਭਾਲੇ ਸ਼ਰਧਾਲੂਆਂ ਨਾਲ ਫਰੇਬ ਤੇ ਠੱਗੀ ਹੈ।

ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥ ਅੰਦਰਿ ਕਪਟੁ ਉਦਰੁ ਭਰਨ ਕੈ ਤਾਈ ਪਾਠ ਪੜਹਿ ਗਾਵਾਰੀ॥ (1246)। ਭਾਵ: ਮਾਇਆ ਦੇ ਵਾਪਾਰੀ ਬਣੇ ਰਹਿਣ ਕਰਕੇ ਮੂਰਖ ਅੰਨ੍ਹੇ ਮਨੁੱਖ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਫਸੇ ਰਹਿੰਦੇ ਹਨ। ਉਹ ਮੂਰਖ ਰੋਜ਼ੀ ਕਮਾਉਣ ਦੀ ਖਾਤਰ ਧਰਮ ਪੁਸਤਕਾਂ ਦਾ ਪਾਠ ਕਰਦੇ ਹਨ ਪਰ ਉਹਨਾ ਦੇ ਮਨ ਵਿੱਚ ਖੋਟ ਹੀ ਟਿਕਿਆ ਰਹਿੰਦਾ ਹੈ। ਗੁਰਬਾਣੀ ਦੇ ਰਸਮੀ ਪਾਠਾਂ ਨੂੰ ਕਿੱਤਾ ਬਣਾ ਲੈਣ ਦੀ ਬਾਣੀ ਨਿਖੇਦੀ ਕਰਦੀ ਹੈ ਪਰ ਧਰਮ ਦੀਆਂ ਮੁੱਖ ਸੰਸਥਾਵਾਂ ਹੀ ਗੁਰੂ ਦੇ ਬਚਨਾ ਦੀ ਉਲੰਘਣਾ ਕਰੀ ਜਾਂਦੀਆਂ ਹਨ।

ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ॥ ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨ ਕਾਇ॥ (937)। ਭਾਵ: ਜਿਹੜਾ ਮਨੁੱਖ ਆਪਣੇ ਮਨ ਦੇ ਪਿਛੇ ਤੁਰਦਾ ਹੈ ਉਹ ਵਿਦਿਆ ਨੂੰ ਸਿਰਫ ਵੇਚਦਾ ਹੀ ਹੈ (ਭਾਵ ਸਿਰਫ ਆਜੀਵਕਾ ਲਈ ਵਰਤਦਾ ਹੈ)। ਵਿਦਿਆ ਬਦਲੇ (ਆਤਮਕ ਮੌਤ ਦੇਣ ਵਾਲੀ) ਮਾਇਆ (ਜ਼ਹਿਰ) ਹੀ ਖਟਦਾ ਕਮਾਉਂਦਾ ਹੈ। ਉਹ ਮੂਰਖ ਗੁਰੂ ਦੇ ਸਬਦ ਨੂੰ ਨਹੀ ਪਛਾਣਦਾ ਤੇ ਉਸਨੂੰ ਸਬਦ ਦੀ ਕੋਈ ਸੂਝ ਬੂਝ ਵੀ ਨਹੀ ਹੁੰਦੀ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਗੁਰ ਸਬਦ ਦੇ ਪਾਠ ਨੂੰ, ਬਿਨਾ ਬੁੱਝੇ (ਸਮਝੇ), ਇੱਕ ਕਿੱਤਾ ਬਣਾ ਕੇ, ਮਾਇਆ ਖਾਤਰ ਵੇਚਣਾ ਅੰਨ੍ਹੇ ਮਨੁੱਖ ਦੀ ਮੂਰਖਤਾਈ ਤੇ ਧੋਖੇਬਾਜ਼ੀ ਹੈ। ਇਸਤੋਂ ਵੀ ਵਡ੍ਹੀ ਮੂਰਖਤਾਈ ਪਾਠਾਂ ਨੂੰ ਖਰੀਦਣ ਵਾਲੇ ਖਰੀਦ-ਦਾਰ ਦੀ ਹੈ ਕਿਉਂਕਿ ਖਰੀਦ-ਦਾਰ ਤੋਂ ਬਿਨਾ ਇਹ ਧੰਧਾ ਚਲ ਹੀ ਨਹੀ ਸਕਦਾ। ਅਗਿਆਨਤਾ ਕਾਰਨ, ਖਰੀਦ-ਦਾਰ ਬਾਹਰਲੇ ਦੁਨਿਆਵੀ ਕੰਮਾਂ ਵਾਂਗ ਇਸ ਆਤਮਕ ਕੰਮ (ਗੁਰ ਗਿਆਨ ਦੀ ਪ੍ਰਾਪਤੀ) ਨੂੰ ਵੀ ਕੀਤਾ ਕਤਾਇਆ ਹੀ ਖਰੀਦਣਾ ਚਹੁੰਦਾ ਹੈ ਜੋ ਕੇ ਸੰਭਵ ਨਹੀ ਹੈ। ਇਹ ਆਤਮਕ ਕੰਮ ਨਿੱਜੀ ਹੈ ਤੇ ਹਰ ਕਿਸੇ ਨੂੰ ਆਪ ਹੀ ਕਰਨਾ ਪਵੇਗਾ। ਇਹ ਅੱਖੀਂ ਦੇਖੀ ਹਕੀਕਤ ਹੈ ਕਿ ਗੁਰਬਾਣੀ ਦਾ ਅਖੰਡ ਪਾਠ ਰਖਾਉਣ ਵਾਲਾ ਪ੍ਰਵਾਰ ਕਦੇ ਵੀ ਬੈਠ ਕੇ ਪਾਠ ਸੁਣਦਾ ਨਹੀ ਵੇਖਿਆ। ਉਹ ਤਾਂ ਆਈ ਸੰਗਤ ਦੇ ਲੰਗਰ ਬਨਾਉਣ ਦੇ ਪ੍ਰਬੰਧ ਵਿੱਚ ਹੀ ਰੁੱਝੇ ਤੇ ਗੁਰ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ। ਗੁਰਬਾਣੀ ਪਾਠ ਕੋਈ ਮੰਤ੍ਰ ਥੋੜੀ ਹੈ। ਜਿਸ ਨੇ ਪਾਠ ਨੂੰ ਸੁਣਿਆ ਹੀ ਨਹੀ, ਉਹਨੇ ਵਿਚਾਰਨਾ ਕੀ ਤੇ ਉਸ ਤੇ ਚਲਣਾ ਕੀ ਤੇ ਇਸ ਤੇ ਚਲੇ ਬਿਨਾ ਉਸ ਦਾ ਫਲ ਕੀ? ਜਿਤਨੀ ਜਲਦੀ ਇਹ ਸਮਝ ਆ ਜਾਵੇ ਕਿ ਗੁਰਬਾਣੀ ਪਾਠ ਨੂੰ ਆਪ ਹੀ ਕਰਕੇ ਸਮਝਣਾ, ਬੁਝਣਾ ਜਾਂ ਜਾਨਣਾ ਤੇ ਮਨ ਵਸਾਉਣਾ ਹੈ, ਉਤਨੀ ਜਲਦੀ ਹੀ ਨਿਰਾਰਥਕ ਰੀਤਾਂ ਰਸਮਾ ਤੇ ਕਰਮ ਕਾਂਡਾਂ ਦੇ ਮਕੜੀ ਜਾਲ ਨੂੰ ਗਲੋਂ ਲਾਹਿਆ ਜਾ ਸਕਦਾ ਹੈ। ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀ। ਇਹ ਸਚਾਈ ਗੁਰਦੁਆਰਿਆਂ ਵਿੱਚ ਨਹੀ ਰੱਖੀ ਜਾ ਸਕਦੀ ਕਿਉਂਕਿ ਇਸੇ ਵਾਪਾਰ ਦੀ ਖੱਟੀ ਤੇ ਹੀ ਉਹ ਬਹੁਤੇ ਨਿਰਭਰ ਹਨ। ਕੀ, ਕਿਸੇ ਤੋਂ ਮਾਇਆ ਲੈ ਕੇ ਉਸਦੀ ਮੰਗ ਨੂੰ ਪੂਰੀ ਨਾ ਕਰਨਾ ਇੱਕ ਧੋਖਾ ਨਹੀ? ਦੁਨਿਆਵੀ ਮਾਮਲਿਆਂ ਵਿੱਚ ਤਾਂ ਉਸ ਉਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਕੀ ਧਰਮ ਵਿੱਚ ਇਹ ਧੌਖਾ ਮੁਆਫ ਹੈ? ਕੋਈ ਪੁਤ੍ਰ ਦੀ ਦਾਤ ਲਈ, ਕੋਈ ਸੁਖਾਂ ਤੇ ਸਿਹਤ ਦੀ ਤੰਦਰੁਸਤੀ ਲਈ, ਕੋਈ ਧਨ ਲਈ ਤੇ ਕੋਈ ਕਾਰਜ ਰਾਸ ਲਈ … ਅਦਿਕ … ਅਖੰਡ ਪਾਠ ਲਈ ਹਜ਼ਾਰ ਪਾਊਂਡ ਖਰਚ ਕਰਦਾ ਹੈ ਪਰ ਜੇ (ਇਨੀ ਮਾਇਆ ਖਰਚ ਕੇ ਵੀ) ਉਹਦੀ ਮੰਗ ਪੂਰੀ ਨਹੀ ਹੁੰਦੀ ਤਾਂ ਕੀ ਇਹ ਕਮਾਈ ਹੱਕ ਦੀ ਹੈ? ਕਿਸੇ ਦੀ ਮੰਗ ਨੂੰ ਪੂਰਾ ਕੀਤੇ ਬਿਨਾ ਉਸਤੋਂ ਭੇਟਾ ਲੈ ਲੈਣੀ, ਕੀ ਇਹ ਫਰੇਬ ਨਹੀ? ਇਸੇ ਲਈ ਤਾਂ ਗੁਰਬਾਣੀ ਐਸੇ ਰਸਮੀ ਪਾਠਾਂ ਨੂੰ ਮਾਇਆ ਦਾ ਵਾਪਾਰ ਕਹਿ ਕੇ ਖੰਡਨ ਕਰਦੀ ਹੈ ਪਰ ਧਰਮ ਦੇ ਆਗੂਆਂ ਨੇ ਇਸ ਨੂੰ ਇੱਕ ਲਾਹੇਵੰਦ ਵਾਪਾਰ ਬਣਾ ਕੇ ਪ੍ਰਚਲਤ ਕਰ ਦਿੱਤਾ ਹੈ ਕਿਉਂਕਿ ਉਹ ਚਹੁੰਦੇ ਹਨ ਕਿ ਗੁਰਬਾਣੀ ਦੀ ਕਿਸੇ ਨੂੰ ਸਮਝ ਨਾ ਆਵੇ। ਅਗਿਆਨਤਾ ਤੇ ਹੀ ਤਾਂ ਝੂਠ ਦੀ ਦੁਕਾਨ ਖੜੀ ਹੈ। ਗੁਰਬਾਣੀ ਦਾ ਫੈਸਲਾ ਹੈ:

ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ (641)। ਭਾਵ: ਕੋਈ ਮਨੁੱਖ ਵੇਦ (ਧਾਰਮਕ ਪੁਸਤਕ) ਪੜ੍ਹਦਾ ਤੇ ਵਿਚਾਰਦਾ ਹੈ, ਕੋਈ ਨਿਵਲੀ ਕਰਮ ਕਰਦਾ ਹੈ, ਕੋਈ ਕੁੰਡਲਨੀ ਰਾਹੀਂ ਸਵਾਸ ਝੜਾਉਂਦਾ ਹੈ ਪਰ ਇਹਨਾ ਸਾਧਨਾ ਨਾਲ ਪੰਜਾਂ ਵਿਕਾਰਾਂ ਤੋਂ ਮੁਕਤੀ ਨਹੀ ਹੁੰਦੀ ਸਗੋਂ ਮਨੁੱਖ ਜ਼ਿਆਦਾ ਅਹੰਕਾਰ ਵਿੱਚ ਬੱਝ ਜਾਂਦਾ ਹੈ। ਲੋਕ ਅਨੇਕਾਂ ਕਰਮ ਧਰਮ ਕਰਦੇ ਹਨ ਪਰ ਇਹਨਾ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾ ਵਿੱਚ ਨਹੀ ਜੁੜਿਆ ਜਾ ਸਕਦਾ। ਮੈ ਤਾਂ ਇਹਨਾ ਕਰਮਾਂ ਧਰਮਾਂ ਦਾ ਆਸਰਾ ਛੱਡ ਕੇ ਪ੍ਰਭੂ ਦੇ ਦਰ ਆ ਡਿੱਗਾ ਹਾਂ (ਭਾਵ ਸ਼ਰਨ ਪਿਆ ਹਾਂ) ਤੇ ਅਰਦਾਸ ਕਰਦਾ ਹਾਂ ਕਿ ਮੈਨੂੰ ਬੁਰਿਆਈ ਭਲਾਈ ਦੀ ਪਰਖ ਕਰ ਸਕਣ ਵਾਲੀ ਸੁਮੱਤ ਦੇਹ। ਇਹ ਉਪਦੇਸ਼ ਕਿਸੇ ਬ੍ਰਾਹਮਣ ਜਾਂ ਪੰਡਿਤ ਨੂੰ ਹੀ ਨਹੀ ਬਲਿਕੇ ਸਮੁੱਚੇ ਜਗਤ ਲਈ ਸਾਂਝਾ ਹੈ (ਜਿਸ ਵਿੱਚ ਸਿੱਖ ਜਗਤ ਵੀ ਆਉਂਦਾ ਹੈ)। ਗੁਰੂ ਸਪਸ਼ਟ ਕਰਦਾ ਹੈ ਕਿ ਰੀਤਾਂ ਰਸਮਾ ਤੇ ਕਰਮ ਕਾਂਡਾਂ ਨੇ ਕਿਸੇ ਦਾ ਕੁੱਝ ਨਹੀ ਸਵਾਰਨਾ। ਇਸ ਲਈ ਜੇ ਗੁਰਬਾਣੀ ਦੇ ਪਾਠ ਨੂੰ ਵੀ ਇੱਕ ਰਸਮ ਬਣਾ ਕੇ ਬਿਨਾ ਸੂਝ ਬੂਝ ਦੇ ਕੀਤਾ ਜਾਂਦਾ ਹੈ ਤਾਂ ਉਸ ਨੇ ਵੀ ਕਿਸੇ ਦਾ ਕੁੱਝ ਨਹੀ ਸਵਾਰਨਾ ਜਿਨਾ ਚਿਰ ਉਸਨੂੰ ਜਾਣ, ਬੁੱਝ ਤੇ ਸਮਝ ਕੇ ਜ਼ਿੰਦਗੀ ਵਿੱਚ ਨਹੀ ਢਾਲਿਆ ਜਾਂਦਾ।

ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ॥ ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ॥ ਪੰਡਿਤ ਭੁਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ॥ ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ॥ (647)। ਭਾਵ: ਪੰਡਿਤ (ਧਰਮ ਆਗੂ) ਦੇ ਵੀ ਮਨ ਦੀ ਮੈਲ ਦੂਰ ਨਹੀ ਹੁੰਦੀ ਭਾਵੇਂ ਚਾਰੇ ਜੁਗ ਵੇਦ (ਧਰਮ ਪੁਸਤਕ) ਪੜ੍ਹਦਾ ਰਹੇ ਕਿਉਂਕਿ ਮੈਲ ਦਾ ਕਾਰਨ ਤਿੰਨਾਂ ਗੁਣਾਂ ਵਾਲੀ ਮਾਇਆ ਹੈ ਜਿਸਦੇ ਕਾਰਨ ਹਉਮੈ ਵਿੱਚ ਨਾਮ ਵਿਸਾਰ ਦਿੰਦਾ ਹੈ। ਭੁੱਲੇ ਹੋਏ ਪੰਡਿਤ ਮੋਹ ਮਾਇਆ ਦੇ ਵਾਪਾਰ ਵਿੱਚ ਲੱਗੇ ਹੋਏ ਹਨ ਤੇ ਉਹਨਾ ਦੇ ਅੰਦਰ ਤ੍ਰਿਸ਼ਨਾ ਹੈ ਭੁੱਖ ਹੈ। ਭਾਵੇਂ ਧਰਮ ਪੁਸਤਕਾਂ ਪੜ੍ਹਦੇ ਹਨ ਪਰ ਗਵਾਰ ਮੂਰਖ ਭੁੱਲੇ ਹੀ ਆਤਮਕ ਮੌਤੇ ਮਰ ਗਏ ਹਨ। ਇਸ ਹਕੀਕਤ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਜਦ ਤਕ ਗੁਰਬਾਣੀ ਦੇ ਪਾਠ ਨੂੰ ਰਸਮੀ ਤੌਰ ਤੇ ਬਿਨਾ ਸਮਝੇ ਮਾਇਆ ਖਾਤਰ ਵੇਚਿਆ ਜਾਵੇਗਾ ਤਦ ਤਕ ਭਰਮ ਭੁਲੇਖਿਆਂ, ਨਿਰਾਰਥਕ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਛੁਟਕਾਰਾ ਨਹੀ ਹੋ ਸਕਦਾ ਤੇ ਇਹਨਾ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੇ ਗੁਲਾਮੀ ਸਿਕੰਜੇ ਵਿਚੋਂ ਆਜ਼ਾਦ ਨਹੀ ਹੋਇਆ ਜਾਣਾ। ਗੁਰਬਾਣੀ ਨੂੰ ਆਪ ਪੜ੍ਹਨਾ, ਸੁਣਨਾ, ਬੁਝਣਾ ਤੇ ਮਨ ਵਸਾਉਣਾ (ਭਾਵ ਜ਼ਿੰਦਗੀ ਵਿੱਚ ਢਾਲਣਾ) ਹੀ ਲਾਹੇਵੰਦ ਹੈ। ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ॥

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.