.

ਗੁਰਮਤਿ ਬਨਾਮ ਪੰਥ-ਪ੍ਰਵਾਣਿਕਤਾ

ਧਰਮ-ਅਖਾੜੇ ਵਿੱਚ ਜਦ ਵੀ ਕਿਸੇ ਮੁੱਦੇ `ਤੇ ਵਿਚਾਰ-ਵਿਮਰਸ਼ ਹੁੰਦਾ ਹੈ ਤਾਂ ਜਿਸ ਧਿਰ ਦੇ ਖਿਲਾੜੀਆਂ ਕੋਲ ਵਿਵੇਕ-ਬਲ ਦੀ ਘਾਟ/ਅਣਹੋਂਦ ਹੋਵੇ ਉਹ ਗੁਰਮਤਿ ਉੱਤੇ ਆਧਾਰਿਤ ਦਲੀਲ ਦੇਣ ਦੀ ਬਜਾਏ ‘ਪੰਥ-ਪ੍ਰਵਾਣਿਕਤਾ’ ਦਾ ਪੈਤਰਾ ਵਰਤ ਕੇ ਆਪਣਾ ਪੱਖ ਸਹੀ ਸਿੱਧ ਕਰਨ ਦਾ ਯਤਨ ਕਰਦੇ ਹਨ, ਅਤੇ ਚਰਚਾ ਨੂੰ ਪੁੱਠਾ ਗੇੜ ਦੇ ਕੇ ਲੋਕਾਂ ਨੂੰ ਧੁੰਦਲੀ ਸੋਚ ਦੀ ਅਥਾਹ ਨਦੀ ਦੀਆਂ ਘੁੰਮਨਘੇਰੀਆਂ ਵਿੱਚ ਗੋਤੇ ਖਾਣ ਲਈ ਸਿੱਟ ਦਿੰਦੇ ਹਨ। ਧਰਮ-ਖੇੱਤਰ ਅੰਦਰ, ਵਿਚਾਰ-ਵਟਾਂਦਰੇ ਦੀ ਸੱਚ-ਗਿਆਨ-ਖੇਡ ਵਿੱਚ ਏਦਾਂ ਦਾ ਦਾਓ ਪੇਚ ਖੇਡ੍ਹਨਾਂ ਇਸ ਸੂਖਮ ਪਰ ਗੰਭੀਰ ਖੇਡ ਦੇ ਨਿਯਮ-ਵਿਰੁੱਧ (foul) ਹੈ, ਤੇ ਖੋਟ-ਪੂਰਨ ਵੀ। ਇਸ ਅਮਾਨਵੀ/ਅਧਾਰਮਿਕ ਹਰਕਤ ਦੇ ਮੁੱਖ ਕਾਰਣ ਹਨ: ਪਹਿਲਾ, ਜਿਵੇਂ ਕਿ ਪਹਿਲੀ ਪੰਕਤੀ ਵਿੱਚ ਦੱਸਿਆ ਜਾ ਚੁੱਕਾ ਹੈ, ਵਿਵੇਕ ਦੀ ਘਾਟ/ਅਣਹੋਂਦ। ਦੂਜੀ ਵਜ੍ਹਾ ਹੈ ਸੁਆਰਥੀ ਲੋਕਾਂ ਦੀ ਤਿੱਕੜਮਬਾਜ਼ੀ; ਤੀਜਾ ਕਾਰਣ ਹੈ ਅੰਧਵਿਸ਼ਵਾਸ; ਅਤੇ ਚੌਥੀ ਵਜ੍ਹਾ ਹੋ ਸਕਦੀ ਹੈ (ਗੁਰਮਤਿ ਵੱਲੋਂ) ਅਗਿਆਨਤਾ। ਇਨ੍ਹਾਂ ਚਾਰਾਂ ਕਾਰਣਾਂ/ਰੁਚੀਆਂ ਦਾ ਗੁਰਬਾਣੀ ਵਿੱਚ ਖੰਡਨ ਹੈ। ਪਾਠਕ ਸਜਨੋਂ! ਆਓ, ‘ਪੰਥ-ਪ੍ਰਵਾਣਿਕਤਾ’ ਦੇ ਇਸ ਵਿਸ਼ੇ ਨੂੰ ਵਿਸਥਾਰ ਨਾਲ ਵਿਚਾਰੀਏ।

ਮਤਿ ਦੇ ਅਰਥ ਹਨ ਗਿਆਨ, ਬੋਧ, ਅਕਲ, ਸਿਧਾਂਤ ਆਦਿ। ਆਤਮਗਿਆਨੀ ਗੁਰੁ ਦੇ ਸਥਾਪਿਤ ਕੀਤੇ ਸਿਧਾਂਤਾਂ ਨੂੰ ਗੁਰਮਤਿ ਕਹਿੰਦੇ ਹਨ। ਗੁਰਮਤਿ ਦਾ ਇੱਕੋ ਇੱਕ ਸੋਮਾ ਹੈ: ਗੁਰਬਾਣੀ/ਗੁਰੁ ਗ੍ਰੰਥ! ਪੰਥ ਦਾ ਅਰਥ ਹੈ ਮਾਰਗ/ਰਾਹ; ਉਹ ਵਿਸ਼ੇਸ਼ ਰਾਹ ਜਿਸ ਉੱਤੇ ਚਲ ਕੇ ਜੀਵਨ-ਮਨੋਰਥ ਦੀ ਪੂਰਤੀ ਸੰਭਵ ਹੈ। (ਪੰਥ ਦੇ ਅਰਥ ਧਰਮ, ਮਜ਼੍ਹਬ, ਦੀਨ ਆਦਿ ਵੀ ਹਨ)। ਇਹ ਰਾਹ ਨਿਰਧਾਰਤ ਕਰਦੇ ਹਨ ਅਧਿਆਤਮਿਕ ਆਗੂ, ਜਿਨ੍ਹਾਂ ਨੂੰ ਗੁਰੂ ਕਿਹਾ ਜਾਂਦਾ ਹੈ। ਗੁਰੂ ਦੁਆਰਾ ਨਿਸ਼ਚਿਤ ਕੀਤੇ ਰਾਹ/ਮਾਰਗ/ਪੰਥ `ਤੇ ਭਰੋਸਾ ਰੱਖਣ ਤੇ ਇਸ ਮਾਰਗ-ਵਿਸ਼ੇਸ਼ ਨੂੰ ਅਪਣਾਉਣ ਦੀ ਦ੍ਰਿੜ ਚੇਸ਼ਟਾ/ਅਭਿਲਾਸ਼ਾ ਕਰਨ ਵਾਲੇ ਨੂੰ ਪੰਥੀ/ਸਿੱਖ/ਸੇਵਕ/ਮੁਰੀਦ ਆਦਿਕ ਦੀ ਸੰਗਿਆ ਦਿੱਤੀ ਜਾਂਦੀ ਹੈ। ਇਨ੍ਹਾਂ ਸਿੱਖਾਂ/ਸੇਵਕਾਂ/ਪੰਥੀਆਂ ਦੀ ਜਮਾਤ ਨੂੰ ਵੀ ਪੰਥ (ਫ਼ਿਰਕਾ/ਜਮਾਤ/ਕੌਮ) ਕਹਿੰਦੇ ਹਨ। ਹੱਥਲੇ ਲੇਖ ਦੇ ਪ੍ਰਸੰਗ ਵਿੱਚ ਪੰਥ ਦੇ ਇਹੀ ਅਰਥ ਹਨ। ਪਹਿਲਾਂ ਗੁਰੁ, ਗੁਰੁ ਤੋਂ ਗਿਆਨ, ਗਿਆਨ (ਗੁਰਮਤਿ) ਤੋਂ ਰਾਹ/ਮਾਰਗ/ਜੀਵਨ-ਜੁਗਤੀ, ਇਸ ਜੁਗਤੀ ਨਾਲ ਜੁੜਿਆਂ ਨੂੰ ਕਹਿੰਦੇ ਹਨ ਸਿੱਖ/ਸੇਵਕ, ਅਤੇ ਇਨ੍ਹਾਂ ਸਿੱਖਾਂ/ਸੇਵਕਾਂ ਦੀ ਸ਼੍ਰੇਣੀ ਤੋਂ ਬਣਦੀ ਹੈ ਇੱਕ ਵਿਸ਼ੇਸ਼ ਕੌਮ/ਜਮਾਤ/ਪੰਥ ਦੀ ਹੋਂਦ। ਜੇ ਇਹ ਕਥਨ ਸੱਚਾ ਹੈ ਤਾਂ ਫ਼ਿਰ ਗੁਰੁ/ਗੁਰਮੱਤਿ ਪ੍ਰਥਮ ਤੇ ਸਰਵ-ਉੱਚ ਹੈ, ਅਤੇ ਪੰਥੀ/ਪੰਥ ਸੱਭ ਤੋਂ ਬਾਅਦ।

ਪ੍ਰਵਾਣ ਦੇ ਮਅਨੇ ਹਨ: ਅੰਗੀਕਾਰ, ਅਨੁਮੋਦਨ, ਮਨਜ਼ੂਰ, ਕਬੂਲ, ਸਵੀਕਾਰ, ਸਹਿਮਤ ਆਦਿ। ਸੋ, ‘ਪੰਥ-ਪ੍ਰਵਾਣਿਤ’ ਦੇ ਅਰਥ ਹੋਏ: ਉਹ ਮਤਿ, ਨਿਯਮ, ਸੋਚ, ਕਰਮ, ਜਾਂ ਰੀਤਿ ਜਿਸ ਨੂੰ ਕੌਮ/ਪੰਥ ਦੀ ਬਹੁਗਿਣਤੀ ਨੇ ਪ੍ਰਵਾਣ ਕਰਕੇ ਅਪਣਾ ਲਿਆ ਹੋਵੇ। ਇਸ ਪ੍ਰਵਾਨਗੀ ਵਿੱਚ, ਜਿਵੇਂ ਕਿ ‘ਪੰਥ-ਪ੍ਰਵਾਣਿਤ’ ਪਦ ਤੋਂ ਸਪਸ਼ਟ ਹੈ, ਗੁਰੁ/ਗੁਰਮਤਿ ਦੀ ਕੋਈ ਭੂਮਿਕਾ ਨਹੀਂ ਹੈ!

ਇੱਥੇ ਇੱਕ ਹੋਰ ਪਦ ਦਾ ਵਿਸ਼ਲੇਸ਼ਨ ਕਰ ਲੈਣਾ ਵੀ ਉਚਿਤ ਰਹੇ ਗਾ ਜੋ ‘ਪੰਥ-ਪ੍ਰਵਾਣਿਕਤਾ’ ਦੀ ਟੇਕ ਬਣਾਇਆ ਜਾਂਦਾ ਹੈ। ਇਹ ਪਦ ਹੈ: ‘ਗੁਰਮਤਾ’! ਮਤਾ ਦਾ ਅਰਥ ਹੈ: ਸਲਾਹ, ਸੰਮਤਿ, ਫ਼ੈਸਲਾ, ਨਿਰਣੈ ਆਦਿਕ। ਗੁਰਮਤਾ ਦੇ ਸਰਲ ਸਪਸ਼ਟ ਅਰਥ ਹੋਏ: ਉਹ ਫ਼ੈਸਲਾ ਜੋ ਗੁਰੁ ਦੀ ਮਰਜ਼ੀ/ਆਗਿਆ ਨਾਲ ਕੀਤਾ ਜਾਵੇ ਅਰਥਾਤ ਜਿਸ ਦੀ ਪੁਸ਼ਟੀ ਗੁਰਬਾਣੀ ਵਿੱਚੋਂ, ਗੁਰਮਤਿ ਨਾਲ ਕੀਤੀ ਗਈ ਹੋਵੇ। ਪੰਥ/ਪੰਥੀਆਂ ਦੇ ਨਿਰਣੇ/ਫ਼ੈਸਲੇ ਨੂੰ ‘ਗੁਰਮਤਾ’ ਨਹੀਂ ਕਿਹਾ ਜਾ ਸਕਦਾ।

ਗੁਰੁ-ਸਿਧਾਂਤ ਸਦੀਵੀ ਹਨ; ਪਰੰਤੂ ਪੰਥੀ ਅਤੇ ਉਨ੍ਹਾਂ ਦੇ, ਸੁਆਰਥ ਲਈ, ਬਣਾਏ ਤੇ ਪ੍ਰਵਾਣ ਕੀਤੇ ਨਿਯਮ ਆਰਜ਼ੀ ਤੇ ਮਿਥਿਆ ਹਨ ਜੋ ਹਮੇਸ਼ਾ ਬਦਲਦੇ ਰਹਿੰਦੇ ਹਨ। ਇਸ ਲਈ, ਨਿਰਸੰਦੇਹ, ਕਿਹਾ ਜਾ ਸਕਦਾ ਹੈ ਕਿ ‘ਗੁਰਮਤਿ’ ਤੇ ਗੁਰਮਤਿ-ਵਿਹੂਣੀ ‘ਪੰਥ-ਪ੍ਰਵਾਣਿਕਤਾ’ ਦੋ ਪਰਸਪਰ ਵਿਰੋਧੀ ਧਾਰਨਾਵਾਂ ਹਨ। ਜਿੱਥੇ ਗੁਰਮਤਿ ਨਿਰੋਲ ਅਧਿਆਤਮਿਕ, ਪਰਮਾਰਥੀ ਤੇ ਮਾਨਵਵਾਦੀ ਸ਼ਕਤੀ ਹੈ ਉੱਥੇ, ਗੁਰਮਤਿ ਤੋਂ ਸੱਖਣੀ, ‘ਪੰਥ-ਪ੍ਰਵਾਣਿਕਤਾ’ ਸੁਆਰਥੀ, ਸੰਸਾਰਕ, ਤੇ ਪਦਾਰਥਵਾਦੀ ਸੋਚ ਹੈ। ਗੁਰਮਤਿ, ਸਚਿਆਰ ਜੀਵਨ ਰਾਹੀਂ, ਆਤਮਾ ਪਰਮਾਤਮਾ ਦੇ ਪੁਨਰ-ਮਿਲਨ ਲਈ ਸੰਘਰਸ਼ ਦੀ ਜੁਗਤੀ ਦਰਸਾਉਂਦੀ ਹੈ; ਅਤੇ ‘ਪੰਥ-ਪ੍ਰਵਾਣਿਕਤਾ’, ਆਪਣੇ ਜਾਲ ਵਿੱਚ ਫਸਿਆਂ ਨੂੰ ਗੁਰ/ਗੁਰਮਤਿ/ਪਰਮਾਤਮਾ ਤੋਂ ਪਰੇਰੇ ਕਰਦੀ ਹੈ। ਇਸ ਤੱਥ `ਤੇ ਵਿਚਾਰ ਅਗਲੇਰੇ ਪੈਰਿਆਂ ਵਿੱਚ ਕੀਤੀ ਗਈ ਹੈ।

ਮੱਧ ਕਾਲ ਦੇ ਮਾਨਵਵਾਦੀ ਫ਼ਿਲਾਸਫ਼ਰਾਂ ਨੇ ਸਾਰੇ ਪ੍ਰਾਚੀਨ ਤੇ ਨਵੇਂ ਰਾਹਾਂ/ਪੰਥਾਂ ਨੂੰ ਵਾਚਿਆ ਘੋਖਿਆ ਤੇ ਉਨ੍ਹਾਂ ਦਾ ਬਿਬੇਕਤਾ ਨਾਲ ਵਿਸ਼ਲੇਸ਼ਣ ਕਰਦਿਆਂ ਉਨ੍ਹਾਂ ਵਿੱਚ ਵਿਆਪਕ ਮਿਥਿਹਾਸਕ, ਅਮਾਨਵੀ, ਮਾਇਕ, ਬਿਉਹਾਰਕ ਅਤੇ ਅਧਾਰਮਿਕ, ਪਰ ‘ਲੋਕ-ਪ੍ਰਵਾਣਿਤ’ ਪਰੰਪਰਾਵਾਂ ਦਾ ਖੰਡਨ ਕਰਕੇ ਇੱਕ ਨਵੀਨਤਮ ਮਾਰਗ ਪ੍ਰਦਰਸ਼ਿਤ ਕੀਤਾ ਜਿਸ ਵਿੱਚ ਮਿਥਿਹਾਸ, ਮਾਇਆ, ਪਦਾਰਥਕਤਾ ਤੇ ਸੁਆਰਥ ਦਾ ਸਮੂਚਾ ਅਭਾਵ ਹੈ; ਅਤੇ ਸੱਚ, ਅਧਿਆਤਮਿਕਤਾ ਤੇ ਪਰਮਾਰਥ ਦਾ ਪੂਰਨ ਪ੍ਰਕਾਸ਼ ਹੈ। ਇਸ ਪ੍ਰਕਾਸ਼ (ਗੁਰਮਤਿ) ਦੇ ਦਰਸ਼ਨ ਕੇਵਲ ਗੁਰਬਾਣੀ/ਗੁਰੁ ਗ੍ਰੰਥ ਵਿੱਚੋਂ ਹੀ ਕੀਤੇ ਜਾ ਸਕਦੇ ਹਨ; ਪੰਥ-ਪ੍ਰਵਾਨਿਕਤਾ ਵਿੱਚੋਂ ਨਹੀਂ!

ਇਹ ਸਾਡਾ ਧਾਰਮਿਕ ਦੁਖਾਂਤ ਹੈ ਕਿ ਜਿਨ੍ਹਾਂ ਲੋਕਾਂ ਨੇ ਧਰਮ-ਸਥਾਨਾਂ ਦੀ ਵਾਗਡੋਰ ਸੰਭਾਲੀ ਤੇ ਗੁਰਮਤਿ-ਪ੍ਰਚਾਰ ਦਾ ਬੀੜਾ ਚੁੱਕਿਆ ਉਨ੍ਹਾਂ ਨੇ ਗੁਰਬਾਣੀ/ਗੁਰਮਤਿ ਨੂੰ ਨਜ਼ਰ-ਅੰਦਾਜ਼ ਕੀਤਾ ਤੇ ਪੰਥ-ਪ੍ਰਵਾਨਿਕਤਾ ਨੂੰ ਪ੍ਰਧਾਨਤਾ ਦਿੱਤੀ ਤੇ ਦੇ ਰਹੇ ਹਨ। ਇਹ ਮਨਮਤਿ ਭਾਵੇਂ ਕੁੱਝਕੁ ਸੁਆਰਥੀਆਂ ਦੀ ਕੁਟਿਲਤਾ ਹੈ, ਪਰ ਉਹ ਇਸ ਅਨਮਤਿ ਦਾ ਬੋਝਾ, ਪੰਥ-ਪ੍ਰਵਾਣਿਕਤਾ ਦੇ ਨਾਂ `ਤੇ, ਸਾਰੀ ਕੌਮ ਦੇ ਸਿਰ ਸੁੱਟਦੇ ਹਨ। ਮਾਇਆਧਾਰੀ ਪੁਜਾਰੀਆਂ, ਧਾਂਧਲੀਆਂ, ਬਿਉਹਾਰੀਆਂ ਤੇ ਸ਼ਾਸਕਾਂ ਦੇ ਸੰਸਾਰਕ ਤੇ ਮਾਇਕ ਮੰਤਵ ਦੇ ਰਾਹ ਵਿੱਚ ਗੁਰਮਤਿ ਇੱਕ ਵੱਡੀ ਰੁਕਾਵਟ ਸੀ/ਹੈ। ਇਸ ਰੁਕਾਵਟ ਨੂੰ ਰਾਹੋਂ ਹਟਾਉਣ ਲਈ ਮੁੱਠੀ ਭਰ ਪੈਤਰੇ-ਬਾਜ਼ਾਂ ਨੇ ਕਈ ਸ਼ੜਯੰਤ੍ਰ ਰਚੇ ਅਤੇ ਉਨ੍ਹਾਂ ਨੂੰ ਗੁਰੁ ਦੇ ਨਾਂ ਨਾਲ ਜੋੜ ਕੇ ਪੰਥ-ਪ੍ਰਵਾਣਿਤ ਘੋਸ਼ਿਤ ਕਰ ਦਿੱਤਾ। ਭਾਵੇਂ ਇਸ ਮਨਮਤੀ ਕਰਮ ਨੂੰ ਸਾਰੀ ਕੌਮ/ਪੰਥ ਦੀ ਕਦੇ ਵੀ ਕੋਈ ਦੇਣ ਨਹੀਂ ਹੁੰਦੀ।

ਗੁਰਬਾਣੀ/ਗੁਰੁ ਗ੍ਰੰਥ ਵਿੱਚ ਅੰਕਿਤ ਨਿਯਮਾਵਲੀ ਇੱਕ ਪੂਰਨ ਵਿਧਾਨ ਹੈ ਜਿਸ ਵਿੱਚ ਕਿਸੇ ਸੁਧਾਰ ਜਾਂ ਘਾਟ-ਵਾਧ ਦੀ ਕੋਈ ਗੁੰਜਾਇਸ਼/ਲੋੜ ਨਹੀਂ; ਬਲਕਿ, ਇਸ ਤਰ੍ਹਾਂ ਕਰਨ ਨੂੰ ਗੁਰੁ (ਗ੍ਰੰਥ) ਦੀ ਬੇ-ਅਦਬੀ ਸਮਝਿਆ ਜਾਂਦਾ ਹੈ। ਗੁਰੁ ਦੁਆਰਾ ਸਥਾਪਿਤ ਵਿਧਾਨ ਦੇ ਦਾਇਰੇ ਵਿੱਚ ਰਹਿੰਦਿਆਂ ਮਨੁੱਖ ਆਪਣਾ ਜੀਵਨ ਸੁਖੀ-ਸੁਹੇਲਾ ਬਣਾ ਕੇ ਲੋਕ-ਪਰਲੋਕ ਦੋਵੇਂ ਸਫ਼ਲੇ ਕਰ ਸਕਦਾ ਹੈ। ਪਰੰਤੂ, ਗੁਰੁ-ਕਾਲ ਤੋਂ ਹੀ ਗੁਰਮਤਿ ਦੇ ਮਜੀਠੀ ਰੰਗ ਉੱਤੇ ਕਰਮਕਾਂਡਾਂ ਤੇ ਮਾਇਆ ਦਾ ਕੁਸੰਭੜੀ ਰੰਗ ਚੜ੍ਹਾਉਣ ਦਾ ਅਨਮਤੀ ਯਤਨ ਆਰੰਭ ਹੋ ਗਿਆ ਸੀ। ਕਈ ਕਰਮਕਾਂਡੀ ਗ੍ਰੰਥਾਂ ਦਾ ਨਿਰਮਾਨ ਕੀਤਾ ਗਿਆ ਜਿਨ੍ਹਾਂ ਦਾ ਸ੍ਰੋਤ ਗੁਰੁ-ਗ੍ਰੰਥ ਦਾ ਫ਼ਲਸਫ਼ਾ ਨਹੀਂ ਸਗੋਂ ਹਿੰਦੂ ਧਰਮ ਦੇ ਲੋਕ-ਪ੍ਰਵਾਣਿਤ ਕਰਮਕਾਂਡ, ਇਸਲਾਮ ਦੀ ਹਦੀਸ, ਅਤੇ ਦੂਸਰੇ ਸੰਸਾਰਕ ਧਰਮਾਂ ਦੇ ਗ੍ਰੰਥਾਂ ਵਿੱਚ ਦਰਸਾਏ ਗਏ ਲੋਕ-ਪ੍ਰਵਾਣਿਤ ਧਰਮ-ਕਰਮ, ਰੀਤੀ-ਰਿਵਾਜ ਤੇ ਧਰਮ ਦੇ ਨਾਂ `ਤੇ ਬਣਾਏ ਗਏ ਠੱਗੀ ਦੇ ਕਪਟੀ ਸਾਧਨ ਹਨ।

20ਵੀਂ ਸਦੀ ਦੇ ਆਰੰਭ ਤੋਂ ਗੁਰੁ-ਗ੍ਰੰਥ-ਪੰਥ ਅਤੇ ਗੁਰੁ-ਸਥਾਨਾਂ ਦੀ ਵਾਗ-ਡੋਰ ਅਕਾਲੀ ਦਲ ਤੇ ਸ਼ਿਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਅਤੇ, ਇਨ੍ਹਾਂ ਦੇ ਇਸ਼ਾਰੇ `ਤੇ ਨੱਚਣ ਵਾਲੇ, ਜਥੇਦਾਰਾਂ ਵਗ਼ੈਰਾ ਨੇ ਆਪਣੇ ਹੱਥਿ ਲਈ ਹੋਈ ਹੈ। ਇਸ ਸਮੇ ਦੌਰਾਨ ਜੋ ਵੀ ਪੰਥ-ਪ੍ਰਵਾਣਿਤ ਕੀਤਾ ਗਿਆ ਉਹ ਗੁਰੁ-ਪ੍ਰਵਾਣਿਤ ਨਹੀਂ, ਅਤੇ ਇਸ ਮਨਮਤਿ ਦਾ ਸਿਹਰਾ, ਮੁੱਖ ਤੌਰ `ਤੇ, ਇਨ੍ਹਾਂ ਤਿੰਨਾਂ ਦੇ ਸਿਰ ਉੱਤੇ ਹੈ।

ਪੰਥ-ਪ੍ਰਵਾਣਿਤ ਕਿਤਾਬਾਂ, ਸਥਾਨਾਂ, ਨਿਯਮਾ/ ਕਰਮਾ/ਕਰਾਮਾਤਾਂ/ਰੀਤੀਆਂ ਆਦਿ ਦੀ ਸੂਚੀ ਬਹੁਤ ਲੰਬੀ ਹੈ। ਸਾਰਿਆਂ ਬਾਰੇ ਵਿਸਤ੍ਰਿਤ ਵਰਣਨ ਸੰਭਵ ਨਹੀਂ, ਇਸ ਲਈ ਇੱਥੇ ਅਸੀਂ ਕੁੱਝਕੁ ਚੋਣਵੇਂ ਪੰਥ-ਪ੍ਰਵਾਣਿਤ ਨੁਕਤਿਆਂ ਰਿਵਾਜਾਂ ਬਾਰੇ ਹੀ ਵਿਚਾਰ ਕਰਾਂਗੇ:

ਗੁਰਮਤਿ-ਪ੍ਰਚਾਰ ਹਿਤ ਬਣਾਏ ਸਥਾਨ ਨੂੰ ‘ਧਰਮ-ਸ਼ਾਲ’ ਦਾ ਨਾਮ ਦਿੱਤਾ ਗਿਆ ਸੀ ਕਿਉਂਕਿ, ਇਸ ਸਥਾਨ ਤੋਂ ਨਿਰੋਲ ਧਰਮ (ਗੁਰਮਤਿ) ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਸੀ। ਸਥਾਨ ਦੇ ਸਨਮਾਨ ਨਾਲੋਂ ਗੁਰਮਤਿ ਪ੍ਰਤਿ ਸ਼੍ਰੱਧਾ ਤੇ ਸਤਿਕਾਰ ਵਧੇਰੇ ਸੀ। ਹੁਣ ਇਸ ਦੇ ਬਿਲਕੁਲ ਉਲਟ ਹੈ: ਸਥਾਨ ਤੇ ਸਥਾਨ ਨਾਲ ਸੰਬੰਧਿਤ ਜੜ ਵਸਤੂਆਂ ਦਾ ਸਤਿਕਾਰ ਤਾਂ ਅੰਨ੍ਹਾਂ ਹੈ, ਪਰੰਤੂ ਗੁਰਮਤਿ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਗੁਰਮਤਿ, ਪੰਥ-ਪ੍ਰਵਾਣਿਕਤਾ ਦੀ ਧੂੜ ਵਿੱਚ ਲੋਪ ਹੁੰਦੀ ਜਾ ਰਹੀ ਹੈ। ਧਰਮ-ਸਥਾਨਾਂ ਉੱਤੇ ਗੁਰਮਤਿ ਦਿਖਾਈ ਹੀ ਨਹੀਂ ਦਿੰਦੀ! ਧਰਮਸ਼ਾਲਾਵਾਂ, ਅੱਜ ਦੇ ਗੁਰੂਦ੍ਵਾਰਿਆਂ, ਵਿੱਚ ਧਰਮ/ਗੁਰਮਤਿ ਦਾ ਪ੍ਰਚਾਰ ਸ਼ੁਨਯ (ਜ਼ੀਰੋ/ਸਿਫ਼ਰ) ਦੇ ਸਮਾਨ ਹੈ। ਸੰਗਮਰਮਰ ਦੇ ਉਸਾਰੇ ਤੇ ਸੋਨੇ ਨਾਲ ਸ਼ਿੰਗਾਰੇ ਗੁਰੂਦ੍ਵਾਰਿਆਂ ਅੰਦਰ ‘ਗਿਆਨ ਵਿਹੂਣਾ ਗਾਵੈ ਗੀਤ’, ਪ੍ਰਸ਼ਾਦ ਤੇ ਲੰਗਰ, ਅਤੇ ਭਾਂਤ ਭਾਂਤ ਦੇ ਕਰਮਕਾਂਡਾਂ ਦੇ ਵਣਜ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਲੱਭਦਾ। ਇਹ ਸੱਭ ਕੁੱਛ ਵੀ ਮਾਇਆ ਠੱਗਣ ਦੇ ਨਿਆਂਸੰਗਤ ਬਹਾਨੇ ਹੀ ਹਨ। ਧਰਮ ਨੂੰ ਧੰਦਾ ਬਣਾਉਣ ਵਾਲਿਆਂ ਨੇ, ਵੱਧ ਤੋਂ ਵੱਧ ਗ੍ਰਾਹਕਾਂ (ਸ਼੍ਰਧਾਲੂਆਂ) ਨੂੰ ਆਕ੍ਰਸ਼ਿਤ ਕਰਨ ਲਈ, ਹਰ ਗੁਰੂਦ੍ਵਾਰੇ ਦੀ ਹੋਂਦ ਦਾ ਆਧਾਰ ਕਿਸੇ ਨਾ ਕਿਸੇ ਗੁਰੁ ਦੇ ਜੀਵਨ ਨਾਲ ਜੋੜੀ ਗੁਰਮਤਿ ਵਿਰੋਧੀ ਝੂਠੀ ਕਰਾਮਾਤੀ ਕਹਾਣੀ ਨੂੰ ਬਣਾਇਆ ਹੈ: ਬਾਉਲੀ ਨੂੰ ਉਤਰਦੀਆਂ 84 ਪੌੜੀਆਂ ਦੀ ਹਰ ਪੌੜੀ ਉੱਤੇ ‘ਜਪੁ’ ਦਾ ਇੱਕ ਇੱਕ ਪਾਠ ਕਰਨ ਨਾਲ `ਚੌਰਾਸੀ’ ਕੱਟੀ ਜਾਣੀ, ਮਰਦਾਨੇ ਦਾ ਰੁੱਖ ਦੀਆਂ ਟਹਿਣੀਆਂ ਨੂੰ ਛੰਡਣਾਂ ਤੇ ਉਪਰੋਂ ਛੱਤੀ ਪ੍ਰਕਾਰ ਦੇ ਭੋਜਨਾਂ ਦੀ ਬਰਖਾ ਹੋਣੀ, ਬਾਬੇ ਨਾਨਕ ਦਾ ਹੱਥ ਚੁੱਕਣਾਂ ਤੇ ਖੂਹ ਦਾ ਸਾਰਾ ਪਾਣੀ ਦੁੱਧ ਵਿੱਚ ਬਦਲ ਜਾਣਾਂ, ਰੀਠਾ ਮਿੱਠਾ ਕਰਨਾਂ, ਸਰੋਵਰ ਵਿੱਚ ਸਨਾਨ ਕਰਨ ਨਾਲ ਕਾਗਾਂ ਦਾ ਹੰਸ ਬਣ ਜਾਣਾਂ, ਕੁਸ਼ਟੀਆਂ ਦਾ ਕੁਸ਼ਟ ਗ਼ਾਇਬ ਹੋਣਾਂ ਆਦਿਕ ਸੈਂਕੜੇ ਨਹੀਂ ਹਜ਼ਾਰਾਂ ਗੁਰਮਤਿ-ਵਿਰੋਧੀ ਕਹਾਣੀਆਂ ਪੰਥ-ਪ੍ਰਵਾਣਿਤ ਕੀਤੀਆਂ ਹੋਈਆਂ ਹਨ। ਹਮਾਤੜ ਜਿਹੇ ਸਿੱਧੜ ਸ਼੍ਰੱਧਾਲੂ ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਕਰਮਾਤਾਂ ਨਾਲ ਜੋੜੇ ਸਥਾਨਾਂ ਦੇ ਦਰਸਨ ਕਰਨ ਜਾਂਦੇ ਹਨ; ਕਿਸੇ ਵੀ ਸਥਾਨ ਉੱਤੇ ਗੁਰ-ਦਰਸਨ ਨਹੀਂ ਹੁੰਦੇ! ਇਨ੍ਹਾਂ ਹਾਸੋਹੀਣੀਆਂ ਕਰਾਮਾਤਾਂ ਨੇ ਗੁਰੂਆਂ ਅਤੇ ਗੁਰਮਤਿ ਦੋਨਾਂ ਨੂੰ ਦੂਸਰਿਆਂ ਦੁਆਰਾ ਕੀਤੇ ਜਾਂਦੇ ਕੋਝੇ ਤੇ ਅਪਮਾਨਜਨਕ ਮਖ਼ੌਲ ਦਾ ਨਿਸ਼ਾਨਾ ਬਣਾਇਆ ਹੋਇਆ ਹੈ। ਇਸ ਤੋਂ ਵੀ ਘਿਣਾਉਣਾਂ ਮਜ਼ਾਕ ਇਹ ਹੈ ਕਿ ਇਹ ਸਾਰੀਆਂ ਕਰਾਮਾਤੀ ਕਹਾਣੀਆਂ ‘ਪੰਥ-ਪ੍ਰਵਾਣਿਤ’ ਹਨ!

ਜਨਮ-ਸਾਖੀਆਂ, ਰਹਿਤ-ਨਾਮੇ, ਅਖਾਉਤੀ ਦਸਮ-ਗ੍ਰੰਥ, ਗੁਰੂਆਂ ਦੇ ਜੀਵਨ ਨਾਲ ਜੋੜੇ ਜਾਂਦੇ ਗੁਰਬਿਲਾਸ ਆਦਿ 19ਵੀਂ ਸਦੀ ਦੇ ਅੰਤ ਤੱਕ ਹੋਂਦ ਵਿੱਚ ਲਿਆਂਦੇ ਜਾ ਚੁੱਕੇ ਸਨ। ਇਹ ਸਾਰੀਆਂ ਮਨਮਤੀ ਪੁਸਤਕਾਂ ਜਥੇਦਾਰਾਂ ਤੇ ਸ਼ਿਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੌਮ ਉੱਤੇ ਥੋਪ ਦਿੱਤੀਆਂ ਗਈਆਂ ਤੇ ਇਸ ਕੁਟਿਲ ਕਰਮ ਨੂੰ ਰੁਤਬਾ ਦੇ ਦਿੱਤਾ ਗਿਆ ‘ਪੰਥ-ਪ੍ਰਵਾਣਿਤ’ ਹੋਣ ਦਾ। ਇਨ੍ਹਾਂ ਕੂੜ-ਕਿਤਾਬਾਂ ਦੇ ਆਧਾਰ `ਤੇ ਹੀ ਅਜੋਕੀ ‘ਰਹਿਤ ਮਰਯਾਦਾ’ ਲਿਖੀ ਗਈ ਤੇ ‘ਪੰਥ-ਪ੍ਰਵਾਣਿਤ’ ਐਲਾਨੀ ਗਈ! ਸਾਰੀ ਰਹਿਤ ਮਰਯਾਦਾ ਵਿੱਚ ਇੱਕ ਵੀ ਅਜਿਹਾ ਨਿਯਮ ਨਜ਼ਰ ਨਹੀਂ ਆਉਂਦਾ ਜਿਸ ਦੀ ਪੁਸ਼ਟੀ ਗੁਰਬਾਣੀ ਵਿੱਚੋਂ ਕੀਤੀ ਗਈ ਹੋਵੇ ਜਾਂ ਕੀਤੀ ਜਾ ਸਕਦੀ ਹੋਵੇ। ਜਿਨ੍ਹਾਂ ‘ਲੋਕ-ਪ੍ਰਵਾਣਿਤ’ ਕਰਮਕਾਂਡੀ ਬੰਧਨਾਂ ਤੋਂ ਗੁਰੂਆਂ ਨੇ ਗੁਰਬਾਣੀ ਰਾਹੀਂ ਸਾਨੂੰ ਮੁਕਤ ਕੀਤਾ ਸੀ ਉਨ੍ਹਾਂ ਹੀ ਅਧਾਰਮਿਕ ਤੇ ਅਮਾਨਵੀ ਬੰਧਨਾਂ ਵਿੱਚ ਅਸੀਂ ‘ਪੰਥ-ਪ੍ਰਵਾਨਿਕਤਾ’ ਦੇ ਅਟੁੱਟ ਰੱਸੇ ਨਾਲ ਜਕੜ ਦਿੱਤੇ ਗਏ ਹਾਂ। ਇਨ੍ਹਾਂ ਕਿਤਬਾਂ ਵਿੱਚੋਂ ਹਦਾਇਤਾਂ ਲੈ ਕੇ ਹੇਮ ਕੁੰਟ ਤੇ ਹਜ਼ਾਰਾਂ ਹੋਰ ਸਥਾਨਾਂ ਨੂੰ ਗੁਰੂਆਂ ਦੇ ਜੀਵਨ ਨਾਲ ਜੋੜਿ, ਪੰਥ-ਪ੍ਰਵਾਣਿਤ ਐਲਾਨ ਕੇ ਮਿਥਿਹਾਸਿਕ ਸਥਾਨਾਂ ਨੂੰ ਇਤਿਹਾਸਕ ਘੋਸ਼ਿਤ ਕਰਕੇ ਓਥੇ ਧਰਮ ਦੀ ਤਜਾਰਤ ਕੀਤੀ ਜਾ ਰਹੀ ਹੈ। ਕੌਮ ਨਾਲ ਇਹ ਧੋਖਾ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਹੁਣ ਵਿਦੇਸ਼ਾਂ ਵਿੱਚ ਵੀ ਹੋਣ ਲੱਗ ਪਿਆ ਹੈ। ਕਥਿਤ ਦਸਮ ਗ੍ਰੰਥ ਨੂੰ ਗੁਰੁ ਗੋਬਿੰਦ ਸਿੰਘ ਜੀ ਦੀ ਕ੍ਰਿਤ ਘੋਸ਼ਿਤ ਕਰਕੇ ਇਸ ਲੱਚਰ ਕਿਤਾਬ ਨੂੰ ਵੀ ਪੰਥ-ਪ੍ਰਵਾਣਿਕਤਾ ਦਿੰਦਿਆਂ ਇਸ ਦੀਆਂ ਕੁੱਝ ਗੁਰਮਤਿ-ਵਿਰੋਧੀ ਕਵਿਤਾਵਾਂ ਨੂੰ ਨਿਤ ਨੇਮ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਕਈ ਕਹਿੰਦੇ ਕਹਾਉਂਦੇ ‘ਪੰਥ-ਸੇਵਕ’, ਪੰਥ-ਪ੍ਰਵਾਣਿਤ ਰਹਿਤ ਮਰਯਾਦਾ ਦੀ ਆੜ ਵਿੱਚ, ਇਨ੍ਹਾਂ ਕੱਚੀਆਂ ਬਾਣੀਆਂ ਨੂੰ ਛੱਡਣਾਂ ਨਹੀਂ ਚਾਹੁੰਦੇ। ਉਨ੍ਹਾਂ ਦਾ ਕਥਨ ਹੈ ਕਿ ਪੰਥ-ਪ੍ਰਵਾਣਿਤ ਰਹਿਤ ਮਰਯਾਦਾ ਵਿੱਚ ਲੋੜੀਂਦੀ ਤਬਦੀਲੀ ਕਰਨ ਉਪਰੰਤ ਹੀ ਇਨ੍ਹਾਂ ਕੱਚੀਆਂ ਰਚਨਾਵਾਂ ਨੂੰ ਨਿਤਨੇਮ ਵਿੱਚੋਂ ਕੱਢਣ ਦੀ ਸੋਚੀ ਜਾ ਸਕਦੀ ਹੈ! ਨਾ ਨੌਂ ਮਣ ਤੇਲ ਹੋਵੇਗਾ ਤੇ ਨਾ ਹੀ ਰਾਧਾ ਨੱਚੇ ਗੀ! ! !

ਸ਼ਿਰੋਮਣੀ ਅਕਾਲੀ ਦਲ ਤੇ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਬਹੁਮੰਜ਼ਿਲੇ ਬੁੰਗੇ ਨੂੰ ਤਖ਼ਤ ਘੋਸ਼ਿਤ ਕਰਕੇ ਉਸ (ਅਖਾਉਤੀ ਤਖ਼ਤ) ਨੂੰ ਗੁਰਮਤਿ-ਗਿਆਨ-ਹੀਣੇ ਨਾਮ-ਧਰੀਕ ਜਥੇਦਾਰਾਂ ਦੇ ਸਪੁਰਦ ਕਰ ਦਿੱਤਾ ਜੋ, ਨਿਸੰਗ ਹੋ ਕੇ, ਇਸ ਦਾ ਦੁਰਉਪਯੋਗ ਕਰ ਰਹੇ ਹਨ। ਸਿੱਖ/ਸੇਵਕ ਨੇ ਹੁਕਮ ਕੇਵਲ ਗੁਰੁ/ਸਤਿਗੁਰੂ ਪਰਮਾਤਮਾ ਦਾ ਮੰਨਣਾ ਹੈ ਨਾ ਕਿ ਪੂਜਾ ਦਾ ਧਾਨ ਖਾਣ ਵਾਲੇ ਜੜੇ ਜਥੇਦਾਰਾਂ ਦਾ। ਜਥੇਦਾਰ ਤੇ ਉਨ੍ਹਾਂ ਦੁਆਰਾ ਜਾਰੀ ਕੀਤੇ ਜਾਂਦੇ ਹੁਕਮਨਾਮੇ ਗੁਰਮਤਿ ਦੀ ਘੋਰ ਉਲੰਘਣਾ ਹੈ। ਪਰ, ਜਥੇਦਾਰ ਤੇ ਹੁਕਮਨਾਮਿਆਂ ਦੀ ਇਹ ਮਨਮਤੀ ਪ੍ਰਥਾ ਵੀ ‘ਪੰਥ-ਪ੍ਰਵਾਣਿਤ’ ਹੈ। ਇਸ ਸਥਾਨ `ਤੇ ਜੋ ਵੀ ਕੰਮ ਕੀਤਾ ਜਾਂਦਾ ਹੈ ਉਹ ਗੁਰਮਤਿ ਵਿਰੋਧੀ ਹੁੰਦਾ ਹੈ: ਇਸ ‘ਪੰਥ-ਪ੍ਰਵਾਣਿਤ’ ਸਥਾਨ ਉੱਤੇ ਅਗਨ-ਕੁੰਡ ਬਣਵਾ ਕੇ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਆਤਮ-ਘਾਤ ਕਰਨ ਦਾ ਖੇਖਣ ਕਰਨਾਂ, ਇਸ ਅੰਦਰ ਅਸਲਾ ਇਕੱਠਾ ਕਰਕੇ ਮੋਰਚਾ-ਬੰਦੀ ਕਰਨੀ ਤੇ ਇਸ ਨੂੰ ਗੜ੍ਹੀ ਰੂਪੀ ਰਿਹਾਇਸ਼ ਬਣਾ ਕੇ ਘੋਰ ਬੇ-ਅਦਬੀ ਦਾ ਕਾਰਣ ਬਣਨਾਂ, ਜਥੇਦਾਰਾਂ ਦਾ ਇੱਕ ਦੂਜੇ ਦੀ ਖਿੱਚ-ਧੂਅ ਕਰਨੀ, ਤੇ ਝੂਠੇ ਬਿਆਨ ਜਾਰੀ ਕਰਨੇ ਆਦਿਕ ਵੀ, ਜਥੇਦਾਰਾਂ ਦੀ ਪ੍ਰਵਾਣਗੀ ਸਦਕਾ, ਪੰਥ-ਪ੍ਰਵਾਣਿਤ ਹਨ! ਅਕਾਲ ਤਖ਼ਤ ਦੇ ਅਤਿਰਿਕਤ ਚਾਰ ਹੋਰ ਅਖਾਉਤੀ ਤਖ਼ਤ ਹੋਂਦ ਵਿੱਚ ਲਿਆ ਕੇ ਪੰਥ-ਪ੍ਰਵਾਣਿਤ ਕੀਤੇ ਗਏ। ਲੋਕਾਂ ਨੂੰ ਪ੍ਰਲੋਭਿਤ ਕਰਨ ਲਈ ਇਹ ਸਾਰੇ ਤਖ਼ਤ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੇ ਜਾਂਦੇ ਹਨ। ਇਨ੍ਹਾਂ ਅਖਾਉਤੀ ਤਖ਼ਤਾਂ ਦੇ ਜਥੇਦਾਰ ਗੁਰਮਤਿ ਤੋਂ ਬੇ-ਮੁੱਖ ਹਨ ਅਤੇ ਆਪਣੇ ਮਨਮੁਖੀ ਮਾਲਿਕਾਂ ਦੀ ਛੱਤ੍ਰ-ਛਾਂ ਹੇਠ ਮਨਮਤੀ ਕਰਮ ਕਰਦੇ ਹਨ। ਇਨ੍ਹਾਂ ਤਖ਼ਤਾਂ ਦਾ ਇਤਿਹਾਸਕ ਪਿਛੋਕੜ ਤੇ ਭੂਮਿਕਾ ਕੀ ਹਨ? ਕੋਈ ਦਾਅਵੇ ਨਾਲ ਕਹਿ ਨਹੀਂ ਸਕਦਾ! ਇਨ੍ਹਾਂ ਤਖ਼ਤਾਂ ਦੀ ਤਰਜ਼ `ਤੇ ਹੀ ਹਰ ਡੇਰੇਦਾਰ/ਮਹੰਤ/ਸੰਤ/ਬਾਬੇ ਨੇ ਵੀ ਤਖ਼ਤ ਬਣਾ ਲਏ ਹਨ, ਜਿਨ੍ਹਾਂ ਉੱਤੇ ਬਿਰਾਜਮਾਨ ਹੋ ਕੇ ਉਹ ‘ਪੰਥ-ਪ੍ਰਵਾਣਿਤ’ ਤਖ਼ਤਾਂ ਦਾ ਮੌਜੂ ਉਡਾ ਰਹੇ ਹਨ। ਇੱਕ ਹੋਰ ਪਹੇਲੀ ਸੁਲਝਾਉਣੀ ਮੁਸ਼ਕਿਲ ਹੋ ਰਹੀ ਹੈ: ਕੀ ਬਾਕੀ ਦੇ ਸਾਰੇ ਗੁਰੂਆਂ ਨੂੰ ਕਿਸੇ ਤਖ਼ਤ ਦੀ ਲੋੜ ਨਹੀਂ ਸੀ? ਉਨ੍ਹਾਂ ਦੇ ਨਾਮ ਨਾਲ ਜੁੜੇ ਕਿਸੇ ‘ਤਖ਼ਤ’ ਦਾ ਜ਼ਿਕਰ ਕਿਤੇ ਨਹੀਂ ਮਿਲਦਾ? ਗੁਰਬਾਣੀ ਵਿੱਚ, ਅਕਾਲ ਪੁਰਖ ਅਤੇ ਉਸ ਦੇ ਦੈਵੀ ਤਖ਼ਤ ਤੋਂ ਬਿਨਾਂ, ਕਿਸੇ ਤਖ਼ਤ ਜਾਂ ਜਥੇਦਾਰ ਦੀ ਪ੍ਰਵਾਨਗੀ ਨਹੀਂ; ਸ਼ਾਇਦ, ਇਸੇ ਵਾਸਤੇ ‘ਪੰਥ-ਪ੍ਰਵਾਣਿਤ’ ਤਖ਼ਤਾਂ ਨੂੰ ਉਨ੍ਹਾਂ ਗੁਰੂਆਂ ਦੇ ਨਾਮ ਨਾਲ ਹੀ ਜੋੜਿਆ ਗਿਆ ਹੈ ਜਿਨ੍ਹਾਂ ਦੀ ਬਾਣੀ ਨਹੀਂ ਹੈ!

ਤੀਰਥ-ਸਨਾਨ ਸੱਭ ਤੋਂ ਵੱਡਾ ਉਪਦ੍ਰਵੀ ਕਰਮਕਾਂਡ ਹੈ ਜੋ ਮੁਕਤਿ ਦੇ ਨਾਮ `ਤੇ ਕੀਤੀ ਜਾਂਦੀ ਹਰਾਮ ਦੀ ਕਮਾਈ ਦਾ ਸਫ਼ਲ ਸਾਧਨ ਹੈ। ਬਾਣੀਕਾਰਾਂ ਨੇ ਇਸ ਲੋਕ-ਪ੍ਰਵਾਣਿਤ ਪਰੰਪਰਾ ਦੀ ਨਿਰਾਰਥਕਤਾ ਤੇ ਲੁੱਟ ਤੋਂ ਲੋਕਾਂ ਨੂੰ ਸੁਚੇਤ ਕੀਤਾ। ਹਿੰਦੂਆਂ ਦੇ 68 ਤੀਰਥ ਮੰਨੇ ਜਾਂਦੇ ਹਨ। ਗੁਰੁ-ਪੰਥ ਦੇ ਰਖਵਾਲਿਆਂ ਨੇ ਕਈ x 68 ਤੀਰਥ ਬਣਾ ਕੇ ਉਨ੍ਹਾਂ ਨਾਲ ਝੂਠੀਆਂ ਕਹਾਣੀਆਂ ਜੋੜਿ ਪੰਥ ਨੂੰ ਇਨ੍ਹਾਂ ਤੀਰਥਾਂ ਉੱਤੇ ਡੁਬਕੀਆਂ ਲਗਾ ਕੇ ਕਲਿਆਨ ਕਰਾਉਣ ਦੇ ਕੁਰਾਹੇ ਤੋਰਿਆ ਹੋਇਆ ਹੈ। ਇਹ ਪਰੰਪਰਾ ਵੀ ਗੁਰਮਤਿ-ਵਿਰੋਧੀ ਹੈ, ਪਰੰਤੂ ‘ਪੰਥ-ਪ੍ਰਵਾਣਿਤ’ ਹੋਣ ਕਰਕੇ ਸਤਿਕਾਰੀ ਜਾਂਦੀ ਹੈ। ਇਸ ਕਰਮਕਾਂਡ ਤੋਂ ਪਿੱਛਾ ਛਡਵਾਉਣਾ ਪੰਥ ਲਈ ਨਾਮੁਮਕਿਨ ਹੋ ਚੁੱਕਿਆ ਹੈ।

ਗੁਰਮਤਿ ਅਨੁਸਾਰ ਮੂਰਤੀ-ਪੂਜਾ ਨਿਸ਼ੇਧ ਹੈ। ਪਰੰਤੂ ਸ਼ਿਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾਂਦੀ ਮੂਰਤੀ-ਪੂਜਾ ਪੰਥ-ਪ੍ਰਵਾਣਿਤ ਹੈ। 1969 ਵਿੱਚ ਗੁਰੁ ਨਾਨਕ ਦੇਵ ਜੀ ਦੇ 500 ਸਾਲਾ ਦਿਵਸ ਦੇ ਮੌਕੇ `ਤੇ ਇਸੇ ਕਮੇਟੀ ਨੇ ਹੀ ਸ: ਸੋਭਾ ਸਿੰਘ ਜੀ ਤੋਂ, ਮੂਰਤੀ-ਪੂਜਾ ਦਾ ਖੰਡਨ ਕਰਨ ਵਾਲੇ, ਗੁਰੂ ਨਾਨਕ ਦੇਵ ਜੀ ਦੀ ਫ਼ਰਜ਼ੀ ਮੂਰਤੀ ਬਣਵਾ ਕੇ ਪ੍ਰਕਾਸ਼ਿਤ ਕੀਤੀ ਸੀ ਜੋ ਸੇਵਕਾਂ ਵਿੱਚ ਮਕਬੂਲ ਕਰਵਾਈ ਗਈ ਤੇ ਲੱਖਾਂ ਦੀ ਗਿਣਤੀ ਵਿੱਚ ਵੇਚ ਕੇ ਮਾਇਕ ਲਾਭ ਪ੍ਰਾਪਤ ਕੀਤਾ। ਗੁਰੂਦ੍ਵਾਰਿਆਂ ਦੀਆਂ ਦੀਵਾਰਾਂ ਉੱਤੇ ਗੁਰੁ ਹਸਤੀਆਂ ਦੀਆਂ ਕਾਲਪਨਿਕ ਮੂਰਤੀਆਂ ਦੀ ਪ੍ਰਦਰਸ਼ਨੀ ਕਰਿ, ਮਾਇਆ ਬਟੋਰਨ ਲਈ, ਇਨ੍ਹਾਂ ਕਾਲਪਣਿਕ ਕਾਗ਼ਜ਼ੀ ਮੂਰਤੀਆਂ ਦੀ ਪੂਜਾ ਕਰਵਾਈ/ਕੀਤੀ ਜਾ ਰਹੀ ਹੈ। ਇਹ ਰੀਤਿ ਵੀ ਪੰਥ-ਪ੍ਰਵਾਣਿਤ ਹੈ।

ਭੇਖ ਠੱਗੀ ਦਾ ਸੁਥਰਾ ਸਾਧਨ ਹੈ। ਗੁਰਬਾਣੀ ਵਿੱਚ ਇਹ ਨਿਖਿੱਦ ਰਿਵਾਜ ਵਿਵਰਜਿਤ ਹੈ ਅਤੇ ਇਸ ਦੇ ਪੂਰਨ ਪਰਿਤਿਆਗ ਦਾ ਹੁਕਮ ਵੀ ਹੈ। ਪਰੰਤੂ ਸਾਡੇ ਨੇਤਾਵਾਂ ਨੇ ਭੇਖ ਦਾ ਖੰਡਨ ਕਰਨ ਵਾਲੇ ਗੁਰੁ (ਗ੍ਰੰਥ) ਨੂੰ ਕੱਟੜ ਭੇਖੀਆਂ ਦੇ ਸਪੁਰਦ ਕੀਤਾ ਹੋਇਆ ਹੈ। ਇਹ ਭੇਖੀ ਆਪਣੇ ਭੇਖ ਦੇ ਪਾਜ ਨਾਲ ਗੁਰੁ ਦੇ ਸਿੱਖਾਂ ਸੇਵਕਾਂ ਨੂੰ ਬੜੀ ਨਿਰਦਯਤਾ ਨਾਲ ਮੁੱਛ ਮੁੱਛ ਕੇ ਖਾ ਰਹੇ ਹਨ। ਭੇਖ ਪ੍ਰਚੱਲਿਤ ਕਰਨ ਦੀ ਇਹ ਕਰਤੂਤ ਵੀ ਇਤਨੀ ਸ਼ਿੱਦਤ ਨਾਲ ਪੰਥ-ਪ੍ਰਵਾਣਿਤ ਬਣਾ ਦਿੱਤੀ ਗਈ ਹੈ ਕਿ ਭੇਖੀ ਗੁਰਮਤਿ ਦਾ ਜਿਤਨਾਂ ਮਰਜ਼ੀ ਅਪਮਾਨ ਕਰ ਲੈਣ ਕੋਈ ਗੱਲ ਨਹੀਂ, ਪਰੰਤੂ ਭੇਖ ਦਾ, ਜਾਣੇ ਅਣਜਾਣੇ, ਕਥਿਤ ਅਪਮਾਨ ਬਰਦਾਸ਼ਤ ਤੋਂ ਬਾਹਰ ਹੈ। ਗੁਰਮਤਿ ਲੋਕਾਂ ਨੂੰ ਲੁੱਟਣ ਵਿੱਚ ਅੜਿਕਾ ਹੈ ਇਸੇ ਲਈ ਇਨ੍ਹਾਂ ਦੰਭੀ ਠੱਗਾਂ ਨੂੰ ਗੁਰਮਤਿ ਦੀ ਪ੍ਰਵਾਣਿਕਤਾ ਮਨਜ਼ੂਰ ਨਹੀਂ। ਭੇਖੀ, ਆਪਣੇ ਸੁਆਰਥ ਵਾਸਤੇ, ਗੁਰਮਤਿ ਦੇ ਮੁਕਾਬਲੇ ‘ਪੰਥ-ਪ੍ਰਵਾਣਿਕਤਾ’ ਨੂੰ ਪਹਿਲ ਦਿੰਦੇ ਹਨ।

1925 ਦਾ ਗੁਰੁਦ੍ਵਾਰਾ ਐਕਟ, ਤੇ 2009 ਵਿੱਚ, ਸ਼ਿਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਦੁਆਰਾ ਐਲਾਨੀ ਗਈ ਅਤੇ ਹਾਈ ਕੋਰਟ ਵੱਲੋਂ ਕਾਨੂੰਨੀ ਬਣਾਈ ਗਈ ‘ਸਿੱਖ ਦੀ ਪਰਿਭਾਸ਼ਾ’ ਵੀ ‘ਪੰਥ-ਪ੍ਰਵਾਣਿਤ’ ਹਨ। ਗੁਰੁ ਦੇ ਸੱਚੇ ਸਿੱਖ ਜਾਣਦੇ ਹੀ ਹਨ ਕਿ ਇਨ੍ਹਾਂ ਦੋਨਾਂ ਕਾਨੂੰਨਾਂ ਵਿੱਚ ਕਿਤਨੀ ਕੁ ਗੁਰਮਤਿ ਹੈ! !

ਪੰਥ-ਪ੍ਰਵਾਣਿਕਤਾ ਦਾ ਸਹਾਰਾ ਲੈਣ ਵਾਲਿਆਂ ਨੂੰ ਗੁਰਮਤਿ ਦੇ ਪ੍ਰਕਾਸ਼ ਤੋਂ ਐਲਰਜੀ ਹੈ। ਇਸੇ ਲਈ ਸ਼ਿਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੇ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’, ਤੇ ਸਾਹਿਬ ਸਿੰਘ ਜੀ ਦਾ ‘ਸ੍ਰੀ ਗੁਰੁ ਗ੍ਰੰਥ ਸਾਹਿਬ ਦਰਪਣ’ ਵਰਗੀਆਂ ਗੁਰਮਤਿ-ਗਿਆਨ-ਪੂਰਨ ਕਈ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਸੰਕੋਚ ਕੀਤਾ; ਪਰੰਤੂ, ਗੁਰਮਤਿ-ਵਿਰੋਧੀ ਪਰ ਪੰਥ-ਪ੍ਰਵਾਣਿਤ ਪੁਸਤਕਾਂ ਨੂੰ ਪ੍ਰਕਾਸ਼ਿਤ ਕਰ ਕੇ ਅਗਿਆਨਤਾ ਦੀ ਧੁੰਦ ਫ਼ੈਲਾਉਣ ਤੋਂ ਕੋਈ ਝਿਜਕ ਨਹੀਂ ਦਿਖਾਈ! … ….

ਗੁਰੁ ਦ੍ਵਾਰਾ ਨਿਰਧਾਰਤ ਕੀਤੇ ਸਿਧਾਂਤਾਂ ਦੀ ਕਸਵੱਟੀ ਉੱਤੇ ਪੰਥ/ਪੰਥੀਆਂ ਨੂੰ ਪਰਖਣਾਂ ਹੈ ਨਾਂ ਕਿ ਪੰਥੀਆਂ ਦੀ ਜਮਾਤ ਦੇ ਬਣਾਏ ਮਨਮਤੀ ਨਿਯਮਾ ਅਥਵਾ ਪਰੰਪਰਾਵਾਂ ਉੱਤੇ ਗੁਰੁ ਨੂੰ! ਪੰਥੀਆਂ/ਪੰਥ ਨੂੰ ਗੁਰਮੱਤਿ-ਸਿਧਾਂਤਾਂ ਨੂੰ, ਆਪਣੇ ਸੁਆਰਥ ਦੀ ਖ਼ਾਤਿਰ, ਬਦਲਣ ਦਾ ਕੋਈ ਅਧਿਕਾਰ ਨਹੀਂ।

ਸਾਰੰਸ਼, ਗੁਰਮਤਿ ਮਨੁੱਖਤਾ ਨੂੰ ਇੱਕ ਅਨਮੋਲ ਦੈਵੀ ਦੇਣ ਹੈ; ਅਤੇ ‘ਪੰਥ-ਪ੍ਰਵਾਣਿਕਤਾ’ ਇੱਕ ਸਰਾਪ। ਪੰਥ-ਪ੍ਰਵਾਣਿਕਤਾ ਗੁਰਮਤਿ ਦੇ ਸ਼ੁੱਧ ਪ੍ਰਚਾਰ ਦੇ ਰਾਹ ਵਿੱਚ ਇੱਕ ਅਮਾਨਵੀ ਅੜਿੱਚਣ ਹੈ, ਜਿਸ ਤੋਂ ਪੱਲਾ ਛੁੜਾ ਕੇ ਪੂਰੀ ਦ੍ਰਿੜਤਾ ਨਾਲ ਗੁਰਮਤਿ ਦੇ ਲੜ ਲੱਗਣ ਦੀ ਲੋੜ ਹੈ। ਪਾਠਕ ਸੱਜਨੋ! ਗੁਰੁ/ਸਤਿਗੁਰੂ ਵਿੱਚ ਸੱਚਾ ਭਰੋਸਾ ਰੱਖਣ ਵਾਲੇ ਗੁਰਮੁਖ ਪ੍ਰਾਣੀ ‘ਪੰਥ-ਪ੍ਰਵਾਣਿਤ’ ਔਝੜਾਂ `ਤੇ ਨਹੀਂ ਭਟਕਦੇ: “ਮਨੈ ਮਗੁ ਨ ਚਲੈ ਪੰਥੁ॥” ; ਉਨ੍ਹਾਂ ਦਾ ਸ੍ਰਿੜ ਸੰਬੰਧ ਕੇਵਲ ਧਰਮ/ਗੁਰਮਤਿ ਨਾਲ ਹੀ ਹੁੰਦਾ ਹੈ: “ਮਨੈ ਧਰਮ ਸੇਤੀ ਸਨਬੰਧ॥”।

ਗੁਰਇੰਦਰ ਸਿੰਘ ਪਾਲ




.