.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 17)

ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ॥ ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ॥ ੧॥ ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ॥ ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ॥ ੧॥ ਰਹਾਉ॥ ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ॥ ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮ ਕੂਰਾ॥ ੨॥ ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ॥ ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ॥ ੩॥ ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ॥ ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ॥ ੪॥ ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ॥ ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ॥ ੫॥ ਜਿਉ ਅੰਧੁਲੇ ਹਥਿ ਟੋਹਣੀ ਹਰਿ ਨਾਮੁ ਹਮਾਰੈ॥ ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ॥ ੬॥ ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ॥ ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ॥ ੭॥ ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ॥ ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ॥ ੮॥ ੨੨॥ (੪੨੨)
॥ ਰਹਾਉ॥ ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ॥ ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ॥ ੧॥ ਰਹਾਉ॥ ਜਿਸ ਬੰਦੇ ਨੇ ਸਤਿਗੁਰ, ਸ਼ਬਦ ਗੁਰੂ ਦੀ ਸੇਵਾ ਨਹੀਂ ਕੀਤੀ, ਸ਼ਬਦ ਦੀ ਵਿਚਾਰ ਨਹੀਂ ਕੀਤੀ, ਉਸ ਨੂੰ ਹਰੀ ਦੀ, ਪਰਮਾਤਮਾ ਦੀ ਭਗਤੀ, ਨਹੀਂ ਭਾਈ, ਚੰਗੀ ਨਹੀਂ ਲੱਗੀ। ਉਹ ਰੱਬ ਦੇ ਨਾਮ, ਪਰਮਾਤਮਾ ਦੀ ਰਜ਼ਾ ਵਲੋਂ ਅਗਿਆਨਤਾ ਵਿੱਚ ਹੀ ਰਿਹਾ, ਇਸ ਤਰ੍ਹਾਂ ਉਸ ਦਾ ਜੀਵਨ, ਸਹੀ ਜੀਵਨ ਨਾ ਬਣ ਸਕਿਆ। ਜੇ ਅਜਿਹਾ ਬੰਦਾ ਆਪਣੀਆਂ ਚਤਰਾਈਆਂ ਆਸਰੇ, ਦੂਸਰੇ ਲੋਕਾਂ ਨੂੰ ਭੁਲੇਖੇ ਵਿੱਚ ਪਾ ਰਿਹਾ ਹੈ, ਤਾਂ ਉਸ ਦੀ ਅਜਿਹੀ ਚਤੁਰਾਈ, ਧਿੱਕਾਰ ਜੋਗ ਹੈ, ਫਿਟਕਾਰ ਜੋਗ ਹੈ। ਬੰਦੇ ਦਾ ਜੀਵਨ, ਪ੍ਰਭੂ ਦੀ ਰਜ਼ਾ ਅਨੁਸਾਰ ਹੀ ਹੋਣਾ ਚਾਹੀਦਾ ਹੈ, ਇਸ ਰਜ਼ਾ ਬਾਰੇ ਸੋਝੀ, ਸ਼ਬਦ ਵਿਚਾਰ ਆਸਰੇ ਹੀ ਹੁੰਦੀ ਹੈ।
॥ ੧॥ ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ॥ ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ॥ ੧॥ ਜਿਸ ਬੰਦੇ ਨੇ ਸ਼ਬਦ ਦਾ ਵਿਚਾਰ ਨਹੀਂ ਕੀਤਾ, ਉਸ ਦੀ ਸਿਖਿਆ ਅਨੁਸਾਰ, ਕਰਤਾਰ ਦੀ ਭਗਤੀ ਨਾਲ ਨਹੀਂ ਜੁੜਿਆ, ਉਸ ਦਾ ਮਿਲਾਪ ਪਰਮਾਤਮਾ ਨਾਲ ਕਿਵੇਂ ਹੋ ਸਕਦਾ ਹੈ? ਉਸ ਦਾ ਆਵਾ-ਗਵਣ ਦਾ, ਜਨਮ-ਮਰਨ ਦਾ ਗੇੜ, ਕਿਵੇਂ ਖਤਮ ਹੋ ਸਕਦਾ ਹੈ? ਉਸ ਲਈ ਇਹ ਜਨਮ-ਮਰਨ ਦਾ ਵੱਡਾ ਦੁਖੁ ਬਣਿਆ ਹੀ ਰਹਿੰਦਾ ਹੈ। ਦਵੈਤ ਭਾਵ, ਮਾਇਆ ਮੋਹ ਵਿੱਚ ਫਸੇ ਹੋਣ ਕਾਰਨ, ਉਹ ਹਮੇਸ਼ਾ ਮੌਤ ਦੇ ਸਹਿਮ ਵਿੱਚ ਹੀ ਰਹਿੰਦਾ ਹੈ।
॥ ੨॥ ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ॥ ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮ ਕੂਰਾ॥ ੨॥ ਉਸ ਦਾ ਆਵਣੁ-ਜਾਵਣੁ, ਆਵਾ-ਗਵਣ ਦਾ ਗੇੜ ਤਾਂ ਹੀ ਖਤਮ ਹੋ ਸਕਦਾ ਹੈ, ਜੇ ਉਸ ਦਾ ਪੂਰੇ ਗੁਰੂ, ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਪਰਮਾਤਮਾ ਆਪ ਹੀ ਆਪਣੇ ਨਾਮ ਦੀ, ਆਪਣੇ ਹੁਕਮ ਵਿੱਚ ਚੱਲਣ ਦੀ ਰਾਸ (ਪੂੰਜੀ) , ਤੌਫੀਕ ਬਖਸ਼ਦਾ ਹੈ, ਜਿਸ ਨਾਲ ਝੂਠਾ ਭਰਮ, ਮਾਇਆ ਦੀ ਭਟਕਣਾ ਖਤਮ ਹੋ ਜਾਂਦੀ ਹੈ।
॥ ੩॥ ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ॥ ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ॥ ੩॥ ਪਰ ਇਹ ਸਭ ਕੁੱਝ ਤਦ ਹੀ ਹੁੰਦਾ ਹੈ, ਜਦ ਬੰਦਾ ਗੁਰਮੁਖ ਹੋ ਕੇ, ਗੁਰੂ ਦੀ ਸਿਖਿਆ ਅਨੁਸਾਰ ਚਲਦਿਆਂ, ਸਤਸੰਗਤ ਵਿੱਚ ਜੁੜ ਕੇ ਪਰਮਾਤਮਾ ਦੀ ਸਿਫਤ-ਸਾਲਾਹ, ਉਸ ਦੀ ਵਡਿਆਈ ਨਾਲ ਜੁੜਿਆ ਰਹੇ। ਇਵੇਂ ਉਹ ਸਭ ਤੋਂ ਪਹਿਲੇ, ਸਭ ਤੋਂ ਵੱਡੇ, ਆਦਿ ਪੁਰਖੁ, ਅਕਾਲ ਪੁਰਖ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
॥ ੪॥ ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ॥ ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ॥ ੪॥ ਜਿਵੇਂ ਨਟ, ਤਮਾਸ਼ਾ ਵਿਖਾਉਣ ਵਾਲਾ, ਤਮਾਸ਼ਾ ਵਿਖਾਉਂਦਾ ਹੈ, ਕੁੱਝ ਪਲਾਂ ਵਿੱਚ ਉਸ ਦਾ ਤਮਾਸ਼ਾ ਖਤਮ ਹੋ ਜਾਂਦਾ ਹੈ, ਓਵੇਂ ਹੀ ਪਰਮਾਤਮਾ ਨੇ, ਸੰਸਾਰ ਦੀ ਇਹ ਖੇਡ ਬਣਾਈ ਹੈ। ਬੰਦਾ ਉਸ ਨੂੰ ਕੁੱਝ ਘੜੀਆਂ ਵੇਖਦਾ ਹੈ, ਮਾਣਦਾ ਹੈ, ਪਰ ਇਸ ਦੇ ਉਜੜਦਿਆਂ ਵੀ ਦੇਰ ਨਹੀਂ ਲਗਦੀ।
॥ ੫॥ ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ॥ ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ॥ ੫॥ ਬੰਦਾ ਝੂਠ ਅਤੇ ਹੰਕਾਰ ਦੇ ਹਥਿਆਰਾਂ ਨਾਲ, ਹਉਮੈ ਦੀ ਖੇਡ ਖੇਡਦਾ ਹੈ। ਇਸ ਖੇਡ ਵਿੱਚ ਲੱਗਾ ਸਾਰਾ ਸੰਸਾਰ, ਮਨੁੱਖ ਜੀਵਨ ਦੀ ਅਸਲ ਖੇਡ, ਪਰਮਾਤਮਾ ਨੂੰ ਮਿਲਣ ਦੀ ਖੇਡ, ਹਾਰ ਰਿਹਾ ਹੈ। ਇਹ ਮਨੁੱਖਾ ਜੀਵਨ ਦੀ ਖੇਡ, ਸਿਰਫ ਉਹ ਮਨੁੱਖ ਜਿਤਦਾ ਹੈ, ਜੋ ਸ਼ਬਦ ਗੁਰੂ ਦੀ ਸਿਖਿਆ ਦੀ ਵਿਚਾਰ ਕਰਦਾ ਹੈ, ਉਸ ਨੂੰ ਆਪਣੇ ਜੀਵਨ ਵਿੱਚ ਢਾਲਦਾ ਹੈ।
॥ ੬॥ ਜਿਉ ਅੰਧੁਲੇ ਹਥਿ ਟੋਹਣੀ ਹਰਿ ਨਾਮੁ ਹਮਾਰੈ॥ ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ॥ ੬॥ ਜਿਵੇਂ ਕੋਈ ਅੰਨ੍ਹਾ ਬੰਦਾ, ਆਪਣਾ ਰਾਸਤਾ ਟੋਹਣ ਲਈ, ਰਸਤੇ ਵਿਚਲੀਆਂ ਅੜਚਨਾਂ ਤੋਂ ਬਚਣ ਲਈ, ਹੱਥ ਵਿੱਚ ਟੋਹਣੀ, ਖੂੰਡੀ ਰਖਦਾ ਹੈ, ਓਸੇ ਤਰ੍ਹਾਂ ਜੀਵਾਂ ਕੋਲ ਪਰਮਾਤਮਾ ਦੇ ਨਾਮ, ਪਰਮਾਤਮਾ ਦੀ ਰਜ਼ਾ ਦੀ ਅਜਿਹੀ ਟੋਹਣੀ ਹੁੰਦੀ ਹੈ, ਜੋ ਉਨ੍ਹਾਂ ਨੂੰ ਆਤਮਕ ਜੀਵਨ ਵਿੱਚ ਠੇਡੇ ਖਾਣ ਤੋਂ ਬਚਾਉਂਦੀ ਹੈ। ਪਰ ਇਸ ਬਾਰੇ ਗਿਆਨ ਉਸ ਨੂੰ ਹੀ ਹੁੰਦਾ ਹੈ, ਜੋ ਆਪਣੇ ਆਪ ਨੂੰ ਆਤਮਕ ਜੀਵਨ ਵਿੱਚ ਅਗਿਆਨੀ ਸਮਝਦਿਆਂ, ਸ਼ਬਦ ਵਿਚਾਰ ਆਸਰੇ, ਇਸ ਬਾਰੇ ਸੋਝੀ ਹਾਸਲ ਕਰਦਾ ਹੈ। (ਆਪਣੇ ਆਪ ਨੂੰ ਚਤੁਰ, ਗਿਆਨੀ ਸਮਝਣ ਵਾਲੇ ਅਜਿਹਾ ਨਹੀਂ ਕਰ ਪਾਉਂਦੇ। ਇਸ ਦੁਨੀਆਂ ਵਿੱਚ ਕਿਸੇ ਵਿਰਲੇ ਨੂੰ ਛੱਡ ਕੇ, ਸਭ ਆਪਣੇ ਆਪ ਨੂੰ ਚਤੁਰ ਅਤੇ ਗਿਆਨੀ ਹੀ ਸਮਝਦੇ ਹਨ।) ਪ੍ਰਭੂ ਦੇ ਨਾਮ, ਪ੍ਰਭੂ ਦੇ ਹੁਕਮ ਵਿੱਚ ਚਲਣਾ ਹੀ, ਇੱਕ ਅਜਿਹਾ ਆਸਰਾ ਹੈ, ਜੋ ਦਿਨ-ਰਾਤ, ਹਰ ਵੇਲੇ ਸਾਡੀ ਮਦਦ ਕਰਦਾ ਹੈ। ਸਾਨੂੰ ਆਤਮਕ ਰਸਤੇ ਦੇ ਠੇਡਿਆਂ ਤੋਂ ਬਚਾਉਂਦਾ ਹੈ।
॥ ੭॥ ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ॥ ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ॥ ੭॥ ਹੇ ਵਾਹਿਗੁਰੂ, ਜਿਵੇਂ ਵੀ ਤੂੰ ਮੈਨੂੰ ਰੱਖੇਂ, ਜਿਸ ਹਾਲਤ ਵਿੱਚ ਵੀ ਰੱਖੇਂ, ਮੈਨੂੰ ਉਸ ਹਾਲਤ ਵਿੱਚ ਹੀ ਰਹਿਣਾ ਪੈਣਾ ਹੈ, ਤੇਰੀ ਰਜ਼ਾ ਅੱਗੇ ਮੇਰਾ ਕੋਈ ਜ਼ੋਰ ਨਹੀਂ ਹੈ। ਮੈਨੂੰ ਤਾਂ ਤੇਰੇ ਨਾਮ, ਤੇਰੇ ਹੁਕਮ ਵਿੱਚ ਚੱਲਣ ਨਾਲ ਹੀ ਆਸਰਾ ਮਿਲਦਾ ਹੈ। ਜਿਨ੍ਹਾਂ ਜਿਨ੍ਹਾਂ ਤੇਰੇ ਦਾਸਾਂ ਨੇ ਇਸ ਆਸਰੇ ਸਹਾਰੇ, ਅੰਤ ਵੇਲੇ ਤਕ ਸਾਥ ਨਿਭਾਉਣ ਵਾਲਾ ਪੱਕਾ ਸਾਥੀ ਲੱਭ ਲਿਆ, ਉਨ੍ਹਾਂ ਨੂੰ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।
॥ ੮॥ ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ॥ ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ॥ ੮॥ ੨੨॥ ਕਰਤਾਰ ਦਾ ਨਾਮ ਜਪ ਕੇ, ਕਰਤਾ-ਪੁਰਖ ਦੇ ਹੁਕਮ ਵਿੱਚ ਚਲ ਕੇ, ਜਨਮ-ਮਰਨ, ਆਵਾ-ਗਵਣ ਰੂਪੀ ਗੇੜ ਖਤਮ ਕੀਤਾ ਜਾ ਸਕਦਾ ਹੈ। ਹੇ ਨਾਨਕ ਜਿਨ੍ਹਾਂ ਨੂੰ ਵਾਹਿਗੁਰੂ ਦਾ ਹੁਕਮ, ਹਮੇਸ਼ਾ ਯਾਦ ਰਹਿੰਦਾ ਹੈ, ਕਦੀ ਨਹੀਂ ਭੁਲਦਾ, ਜੋ ਹਮੇਸ਼ਾ ਉਸ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਨੂੰ ਪੂਰਾ ਗੁਰੁ, ਅਕਾਲ-ਪੁਰਖ, ਸੰਸਾਰ ਸਮੁੰਦਰ ਵਿੱਚ ਡੁਬਣੋ ਬਚਾ ਕੇ, ਪਾਰ ਲੰਘਾ ਲੈਂਦਾ ਹੈ।
ਅਮਰ ਜੀਤ ਸਿੰਘ ਚੰਦੀ




.