ਅਖੌਤੀ ਅਕਾਲ-ਤਖਤ ਦੀ ਵਕਾਲਤ ਬਾਰੇ
ਦੋ ਕੁ ਹਫਤੇ ਪਹਿਲਾਂ ਸਿੱਖਮਾਰਗ ਵੈਬਸਾਈਟ ਉਤੇ ਇਸ ਲੇਖਕ ਦਾ ਲੇਖ “ਅਕਾਲ
ਤਖਤ” ਦੀ ਸਥਿਤੀ ਸ਼ਾਮਲ ਕੀਤਾ ਗਿਆ ਸੀ। ਇਸ ਲੇਖ ਵਿੱਚ ਇਹ ਦੱਸਣ ਦਾ ਯਤਨ ਕੀਤਾ ਗਿਆ ਸੀ ਕਿ
ਸਿੱਖ ਮੱਤ ਵਿੱਚ ਅਖੌਤੀ ਅਕਾਲ-ਤਖਤ ਦੀ ਕੋਈ ਹੋਂਦ ਨਹੀਂ, ਇਹ ਇੱਕ ਸ਼ੁੱਧ ਮਿੱਥ (
myth)
ਹੈ, ਇਸ ਮਿੱਥ ਦੇ ਪਰਚਲਨ ਰਾਹੀਂ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸਿੱਖ ਕੌਮ ਦਾ ਭਵਿਖ
ਸੁਰਖਿਅਤ ਕਰਨ ਹਿਤ ਇਸ ਅਖੌਤੀ ਅਕਾਲ-ਤਖਤ ਤੋਂ ਖਹਿੜਾ ਛੁਡਾਉਣ ਦੀ ਲੋੜ ਹੈ। ਸਿੱਖ ਕੌਮ ਦੇ
ਇਤਹਾਸ ਵਿੱਚ ਅਖੌਤੀ ਅਕਾਲ-ਤਖਤ ਸਬੰਧੀ ਅਜਿਹੀ ਧਾਰਨਾ ਪਹਿਲੀ ਵਾਰ ਦਿੱਤੀ ਗਈ ਹੈ। ਭਾਵੇਂ ਕਿ
ਪਾਠਕਾਂ ਨੇ ਵੱਡੀ ਗਿਣਤੀ ਵਿੱਚ ਇਸ ਧਾਰਨਾਂ ਦੀ ਪਰੋੜਤਾ ਕੀਤੀ ਹੈ ਫਿਰ ਵੀ ਕੁੱਝ ਧਿਰਾਂ ਵੱਲੋਂ ਇਸ
ਮੌਕੇ ਇਸ ਧਾਰਨਾ ਦੇ ਵਿਰੋਧ ਵਿੱਚ ਖੜੇ ਹੋ ਕੇ ਅਖੌਤੀ ਅਕਾਲ-ਤਖਤ ਦੀ ਵਕਾਲਤ ਕੀਤੀ ਜਾਣੀ ਵੀ
ਕੁਦਰਤੀ ਗੱਲ ਹੈ।
ਅਖੌਤੀ ਅਕਾਲ-ਤਖਤ
ਅਖੌਤੀ ਅਕਾਲ-ਤਖਤ ਦੀ ਕੋਈ ਨਿਸਚਤ ਤੌਰ ਤੇ ਉਘੜਵੀਂ ਰੂਪ-ਰੇਖਾ ਤਾਂ ਨਹੀਂ
ਹੈ; ਇਸ ਸਬੰਧੀ ਕੇਵਲ ਕੁੱਝ ਮੋਟੀਆਂ ਗੱਲਾਂ ਹੀ ਕਹੀਆਂ ਜਾ ਸਕਦੀਆਂ ਹਨ। ਅੰਮ੍ਰਿਤਸਰ ਵਿੱਚ ਦਰਬਾਰ
ਸਾਹਿਬ ਦੇ ਐਨ ਸਾਹਮਣੇ ਪਰਿਕਰਮਾਂ ਦੇ ਨਾਲ ਲਗਦਾ ਇੱਕ ਭਵਨ ਹੈ ਜਿਸ ਨੂੰ ਅਜ-ਕਲ “ਸ੍ਰੀ ਅਕਾਲ ਤਖਤ”
ਕਰ ਕੇ ਜਾਣਿਆਂ ਜਾਂਦਾ ਹੈ। ਇਸ ਭਵਨ ਵਿੱਚ ਸ੍ਰੀ ਗ੍ਰੰਥ ਸਾਹਿਬ ਦਾ ਪਰਕਾਸ਼ ਹੈ ਜਿਸ ਕਰਕੇ ਇਹ ਭਵਨ
ਆਜ਼ਾਦਾਨਾ ਤੌਰ ਤੇ ਇੱਕ ਗੁਰਦੁਆਰੇ ਦੀ ਹੈਸੀਅਤ ਰੱਖਦਾ ਹੈ। ਇਸ ਗੁਰਦੁਆਰੇ ਦੇ ਪ੍ਰਬੰਧ ਦੀ
ਜ਼ਿੰਮੇਵਾਰੀ 1925 ਈਸਵੀ ਵਿੱਚ ਬਣੇ ਸਿੱਖ ਗੁਰਦੁਆਰਾ ਐਕਟ ਦੀਆਂ ਧਾਰਾਵਾਂ ਦੇ ਅਨੁਸਾਰ ਗਠਿਤ ਹੋਣ
ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਇਸ ਭਵਨ ਦੀਆਂ
ਪੰਜ ਮੰਜ਼ਿਲਾਂ ਹਨ; ਪਹਿਲੀ ਮੰਜ਼ਿਲ ਤਾਂ ਬੇਸਮੈਂਟ-ਨੁਮਾ ਹੀ ਹੈ ਅਤੇ ਦੂਸਰੀ ਮੰਜ਼ਿਲ ਦੇ ਹਾਲ ਕਮਰੇ
ਵਿੱਚ ਸ੍ਰੀ ਗ੍ਰੰਥ ਸਾਹਿਬ ਦਾ ਪਰਕਾਸ਼ ਕੀਤਾ ਹੋਇਆ ਮਿਲਦਾ ਹੈ। ਇਥੇ ਗ੍ਰੰਥੀ ਦੀ ਨਿਯੁਕਤੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਆਪਣੇ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ ਅਤੇ ਇਸ ਗੁਰਦੁਆਰੇ
ਵਿੱਚ ਗ੍ਰੰਥੀ ਤੋਂ ਉਪਰ ਹੋਰ ਕੋਈ ਅਹੁਦਾ ਮੌਜੂਦ ਨਹੀਂ। ਇਥੋਂ ਦੇ ਗ੍ਰੰਥੀ ਦੀਆਂ ਯੋਗਤਾਵਾਂ ਅਤੇ
ਡਿਊਟੀਆਂ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਵਿੱਚ ਨਿਸਚਤ ਕੀਤੀਆਂ ਹੋਈਆਂ ਮਿਲਦੀਆਂ ਹਨ। ਇਹ ਵਿਵਸਥਾ
1926 ਈਸਵੀ ਤੋਂ ਚਲਦੀ ਆ ਰਹੀ ਹੈ; ਉਸ ਤੋਂ ਪਹਿਲਾਂ ਇਥੇ ਸਰਬਰਾਹ (ਜਿਸ ਦੀ ਨਿਯੁਕਤੀ ਡਿਪਟੀ
ਕਮਿਸ਼ਨਰ ਰਾਹੀਂ ਅੰਗਰੇਜ਼ ਸਰਕਾਰ ਕਰਦੀ ਸੀ) ਦੁਆਰਾ ਨਿਯੁਕਤ ਪੁਜਾਰੀ ਹੋਇਆ ਕਰਦਾ ਸੀ ਅਤੇ ਉਪਰੋਕਤ
ਨਿਯਮਾਂ ਵਿੱਚ ਉਸ ਪੁਜਾਰੀ ਲਈ ਅੰਗਰੇਜ਼ੀ ਸ਼ਬਦ ‘
minister’
(ਗਿਰਜਾਘਰ ਦੇ ਪੁਜਾਰੀ ਲਈ ਪਰਚਲਤ ਲਕਬ) ਵਰਤਿਆ ਹੋਇਆ ਮਿਲਦਾ ਹੈ। 1925 ਈਸਵੀ ਤੋਂ ਪਹਿਲਾਂ ਇਸ
ਭਵਨ ਦਾ ਨਾਮ ਗੁਰਦੁਆਰਾ ਅਕਾਲ ਬੁੰਗਾ ਹੋਇਆ ਕਰਦਾ ਸੀ ਅਤੇ ਕੁੱਝ ਲੋਕ ਇਸ ਨੂੰ ‘ਗੁਰਦੁਆਰਾ ਤਖਤ
ਅਕਾਲ ਬੁੰਗਾ’ ਵੀ ਕਹਿਣ ਲੱਗ ਪਏ ਸਨ। ਪਰੰਤੂ 1925 ਈਸਵੀ ਤੋਂ ਪਿੱਛੋਂ ਅਣਅਧਿਕਾਰਤ ਤੌਰ ਤੇ ਇਸ
ਗੁਰਦੁਆਰੇ ਦਾ ਨਾਮ ਬਦਲ ਕੇ ‘ਸ੍ਰੀ ਅਕਾਲ ਤਖਤ’ ਪਰਚਲਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦੇ ਸਮੇਂ
ਵਿੱਚ ‘ਅਕਾਲ ਤਖਤ’ ਸ਼ਬਦ-ਜੁੱਟ ਦੀ ਵਰਤੋਂ ਦਾ ਕੋਈ ਵੀ ਹਵਾਲਾ ਮੌਜੂਦ ਨਹੀਂ।
ਗੁਰਦੁਆਰਾ ਅਕਾਲ ਬੁੰਗਾ ਦਾ ਕੇਵਲ ਨਾਮ ਹੀ ਨਹੀਂ ਬਦਲਿਆ ਗਿਆ ਇਥੋਂ ਦੇ
ਗ੍ਰੰਥੀ ਦੀ ਪਦ-ਸੰਗਿਆ (
designation)
ਵੀ ਅਣਅਧਿਕਾਰਤ ਤੌਰ ਤੇ ਬਦਲ ਕੇ ‘ਜਥੇਦਾਰ’ ਕਰ ਦਿੱਤੀ ਗਈ ਹੈ। ਇਤਨਾ ਹੀ ਨਹੀਂ ਇਸ ਕਥਿਤ
‘ਜਥੇਦਾਰ’ ਦੀ ਪਦਵੀ ਨੂੰ ਅਥਾਹ ਸ਼ਕਤੀਆਂ ਪਰਦਾਨ ਕਰ ਦਿੱਤੀਆਂ ਗਈਆਂ ਹਨ। ਉਹ ਦਰਬਾਰ ਸਾਹਿਬ ਸਮੇਤ
ਚਾਰ ਹੋਰ ਗੁਰਦਵਾਰਿਆਂ ਦੇ ਗ੍ਰੰਥੀਆਂ ਦੇ ਸਹਿਯੋਗ ਨਾਲ ਸਿੱਖ ਮੱਤ ਸਬੰਧੀ ਕੋਈ ਵੀ ਹੁਕਮਨਾਮਾ ਜਾਰੀ
ਕਰ ਸਕਦਾ ਹੈ, ਕਿਸੇ ਵੀ ਸਿੱਖ ਸ਼ਰਧਾਲੂ ਨੂੰ ਪੰਥ ਵਿੱਚੋਂ ਛੇਕ ਸਕਦਾ ਹੈ ਅਤੇ ਸਿੱਖ ਭਾਈਚਾਰੇ ਦੇ
ਆਮ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲ-ਅੰਦਾਜ਼ੀ ਕਰਦਾ ਹੋਇਆ ਦਿਸ਼ਾ-ਨਿਰਦੇਸ਼ ਦੇ ਸਕਦਾ ਹੈ। ਬਹੁਤਾ
ਕਰ ਕੇ ਉਸ ਨੂੰ ‘ਸਿੰਘ ਸਾਹਿਬ’ ਦਾ ਲਕਬ ਵੀ ਦੇ ਦਿੱਤਾ ਜਾਂਦਾ ਹੈ ਭਾਵੇਂ ਕਿ ਇਹ ਲਕਬ ਕੇਵਲ
ਸਿੱਖਾਂ ਦੇ ਗੁਰੂ ਜੀ ਲਈ ਹੀ ਵਰਤਿਆ ਜਾ ਸਕਦਾ ਹੈ। ‘ਜਥੇਦਾਰ’ ਨੂੰ ਉੱਚ ਸਰਕਾਰੀ ਵਜ਼ੀਰ ਦੇ ਬਰਾਬਰ
ਹਰ ਪਰਕਾਰ ਦੀਆਂ ਸਹੂਲਤਾਂ (perks)
ਪਰਦਾਨ ਕੀਤੀਆਂ ਗਈਆਂ ਹੋਈਆਂ ਹਨ।
ਉਪਰੋਕਤ ਵਿਆਖਿਆ ਵਿੱਚੋਂ ਹੇਠ ਲਿਖੇ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ:
1
. ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀ ਨਿਯਮਾਵਲੀ ਵਿੱਚ ਦਰਜ ਕਰਵਾਉਣ ਵੇਲੇ ਗੁਰਦੁਆਰਾ ਅਕਾਲ ਬੁੰਗਾ ਦਾ ਨਾਮ ਬਦਲ ਕੇ
‘ਸ੍ਰੀ ਅਕਾਲ ਤਖਤ’ ਕਰਵਾ ਦਿੱਤਾ ਗਿਆ ਹੋਇਆ ਹੈ।
2
. ਗੁਰਦੁਆਰਾ ਅਕਾਲ
ਬੁੰਗਾ ਦੇ ਗ੍ਰੰਥੀ ਦੀ ਪਦ-ਸੰਗਿਆ ਅਣਅਧਿਕਾਰਤ ਤੌਰ ਬਦਲ ਕੇ ‘ਜਥੇਦਾਰ’ ਕਰ ਦਿੱਤੀ ਗਈ ਹੋਈ ਹੈ ਜੋ
ਕਿ ਕਾਨੂੰਨ ਦੀ ਉਲੰਘਣਾਂ ਵੀ ਹੈ।
3
. ਸਿੱਟੇ ਦੇ ਤੌਰ ਤੇ
ਗ੍ਰੰਥੀ ਨੂੰ ‘ਜਥੇਦਾਰ’ ਦੇ ਤੌਰ ਤੇ ਮਿਲੀਆਂ ਬਦਲਵੀਆਂ ਡਿਊਟੀਆਂ ਅਤੇ ਇਹਨਾਂ ਨਾਲ ਸਬੰਧਿਤ ਸ਼ਕਤੀਆਂ
ਅਤੇ ਸਹੂਲਤਾਂ ਐਕਟ ਦੇ ਪੱਖੋਂ ਅਖਤਿਆਰੋਂ ਬਾਹਰੀਆਂ (ultra
vires) ਹਨ। ਇਸ ਕਾਰਵਾਈ ਰਾਹੀਂ ਵੀ ਕਾਨੂੰਨ ਦੀ
ਉਲੰਘਣਾਂ ਹੁੰਦੀ ਹੈ।
4
. ਅਖੌਤੀ ਅਕਾਲ-ਤਖਤ ਦਾ
ਕਥਿਤ “ਜਥੇਦਾਰ” ਇੱਕ ਅਜੀਬੋਗਰੀਬ ਸਥਿਤੀ ਵਿੱਚ ਵਿਚਰਦਾ ਹੈ: ਇੱਕ ਪਾਸੇ ਤਾਂ ਉਹ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗ੍ਰੰਥੀ ਦੇ ਪੱਧਰ ਦਾ ਤਨਖਾਹਦਾਰ ਮੁਲਾਜ਼ਮ ਹੈ ਅਤੇ ਦੂਸਰੇ ਪਾਸੇ ਉਸ
ਨੂੰ ਸਾਰੀ ਸਿੱਖ ਕੌਮ ਦੇ ਸਰਬਰਾਹ ਦੇ ਤੌਰ ਤੇ ਪਰਦਰਸ਼ਿਤ (flaunt)
ਕੀਤਾ ਜਾਂਦਾ ਹੈ।
ਇਥੇ ਇਹ ਵਿਸ਼ੇਸ਼ ਤੌਰ ਤੇ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਸਾਰਾ ਕੁੱਝ ਸਿੱਖ
ਮੱਤ ਦੇ ਸਰਵਉੱਚ ਕਰ ਕੇ ਸਤਿਕਾਰੇ ਜਾਂਦੇ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਐਨ ਸਾਹਮਣੇ ਵਾਪਰਿਆ
ਹੈ।
ਗੁਰਦੁਆਰਾ ਅਕਾਲ ਬੁੰਗਾ
ਹੁਣ ਅਸੀਂ ਗੁਰਦੁਆਰਾ ਅਕਾਲ ਬੁੰਗਾ ਦੀ ਗਾਥਾ ਵੱਲ ਮੁੜਦੇ ਹਾਂ। ਇਹ ਤਾਂ
ਸਰਵਪਰਵਾਨਤ ਤੱਥ ਹੈ ਕਿ ਆਪਣੀ ਸ਼ਹੀਦੀ ਤੋਂ ਕੁੱਝ ਦਿਨ ਪਹਿਲਾਂ ਲਹੌਰ ਦੀ ਕੈਦ ਵਿਚੋਂ ਸ੍ਰੀ ਗੁਰੂ
ਅਰਜਨ ਜੀ ਵੱਲੋਂ ਭੇਜੇ ਗਏ ਆਦੇਸ਼ ਅਨੁਸਾਰ ਕੁੱਝ ਹੀ ਦਿਨਾਂ ਦੇ ਅੰਦਰ ਦਰਬਾਰ ਸਾਹਿਬ ਦੇ ਐਨ ਸਾਹਮਣੇ
ਗਾਰੇ-ਇੱਟਾਂ ਦਾ ਇੱਕ ਥੜ੍ਹਾ ਤਿਆਰ ਕਰਵਾ ਦਿੱਤਾ ਗਿਆ ਸੀ ਜਿਸ ਦੀ ਵਰਤੋਂ ਛੇਵੇਂ ਗੁਰੂ ਜੀ ਵੱਲੋਂ
ਤਖਤ ਦੇ ਤੌਰ ਤੇ ਹੋਣੀ ਸੀ। ਸ੍ਰੀ ਗੁਰੂ ਹਰਗੋਬਿੰਦ ਜੀ ਦੀ ਗੁਰਗੱਦੀ ਗ੍ਰਹਿਣ ਕਰਨ ਦੀ ਰਸਮ ਇਸ ਤਖਤ
ਉਤੇ ਨਿਭਾਈ ਗਈ ਦੱਸੀ ਜਾਂਦੀ ਹੈ। ਬਾਦ ਵਿੱਚ ਸਮੇਂ-ਸਮੇਂ ਛੇਵੇਂ ਗੁਰੂ ਜੀ ਦਿਨ ਵੇਲੇ ਇਸ ਤਖਤ ਉਤੇ
ਦਰਬਾਰ ਲਗਾਇਆ ਕਰਦੇ ਸਨ ਅਤੇ ਰਾਤ ਵੇਲੇ ਢਾਡੀਆਂ ਕੋਲੋਂ ਬੀਰ-ਰਸ ਦੀਆਂ ਵਾਰਾਂ ਪੇਸ਼ ਕਰਵਾਇਆ ਕਰਦੇ
ਸਨ। ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੰਜਵੇਂ ਗੁਰੂ ਜੀ ਦੇ ਆਦੇਸ਼ ਅਨੁਸਾਰ ਸਿੱਖ ਮੱਤ ਵਿੱਚ
ਪੀਰੀ ਦੇ ਨਾਲ ਮੀਰੀ ਦਾ ਪੱਖ ਸ਼ਾਮਲ ਕਰਨ ਹਿਤ ਬਾਦਸ਼ਾਹਾਂ ਵਾਲਾ ਲਿਬਾਸ ਅਤੇ ਕਾਰ-ਵਿਹਾਰ ਅਪਣਾ ਲਿਆ
ਸੀ, ਇਸ ਵਰਤਾਰੇ ਵਿੱਚ ਇਸ ਤਖਤ ਦੀ ਅਹਿਮ ਭੁਮਿਕਾ ਬਣਦੀ ਸੀ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ
ਪੰਜਵੇਂ ਗੁਰੂ ਜੀ ਵੱਲੋਂ ਚਿਤਵੇ ਅਤੇ ਛੇਵੇਂ ਗੁਰੂ ਜੀ ਵੱਲੋਂ ਸਥਾਪਤ ਕੀਤੇ ਮੀਰੀ ਦੇ ਪੱਖ ਨੂੰ
ਸਿੱਖ ਮੱਤ ਵਿੱਚ ਸ਼ਾਮਲ ਕਰਨ ਦਾ ਉਦੇਸ਼ ਕੋਈ ਰਾਜ-ਭਾਗ ਪਰਾਪਤ ਕਰਨਾ ਨਹੀਂ ਸੀ। ਇਹ ਕੇਵਲ ਜ਼ੁਲਮ ਨਾਲ
ਲੋਹਾ ਲੈਣ ਵਾਲੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੀ ਇੱਕ ਸ਼ਕਤੀਸ਼ਾਲੀ ਅਤੇ ਬਹਾਦਰ ਕੌਮ ਨੂੰ
ਹੋਂਦ ਵਿੱਚ ਲਿਆਉਣ ਦਾ ਉਪਰਾਲਾ ਹੀ ਸੀ। ਬੇਸ਼ਕ ਛੇਵੇਂ ਗੁਰੂ ਜੀ ਨੇ ਮੀਰੀ ਦੇ ਪੱਖ ਨੂੰ ਪੂਰੀ
ਸ਼ਫਲਤਾ ਨਾਲ ਸਫਲ ਬਣਾਇਆ ਅਤੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਪਰਦਾਨ ਕੀਤਾ, ਅੰਮ੍ਰਿਤਸਰ ਵਿਖੇ
ਉਸਾਰੇ ਗਏ ਇਸ ਤਖਤ ਦੀ ਉਹਨਾਂ ਨੇ ਸੀਮਿਤ ਸਮੇਂ ਲਈ ਹੀ ਵਰਤੋਂ ਕੀਤੀ। 1635 ਈਸਵੀ ਵਚ ਉਹ ਕੀਰਤਪੁਰ
ਜਾ ਬਿਰਾਜੇ ਅਤੇ ਉਸ ਤੋਂ ਪਿੱਛੋਂ ਉਹਨਾਂ ਆਪ ਜਾਂ ਉਹਨਾਂ ਤੋਂ ਬਾਦ ਵਾਲੇ ਚਾਰ ਗੁਰੂ ਸਾਹਿਬਾਨ
ਵਿੱਚੋਂ ਕਿਸੇ ਨੇ ਇਸ ਤਖਤ ਦੀ ਵਰਤੋਂ ਨਹੀਂ ਕੀਤੀ। ਪਰੰਤੂ ਇਸ ਸਮੇਂ ਦੌਰਾਨ ਵੀ ਸਿੱਖ ਮੱਤ ਦੇ
ਮੀਰੀ ਦੇ ਪੱਖ ਨੂੰ ਬਰਕਰਾਰ ਰੱਖਦੇ ਹੋਏ ਉਹ ਸਾਰੇ ਜਿੱਥੇ ਕਿਤੇ ਵੀ ਰਹੇ ਤਖਤ ਉਤੇ ਬਿਰਾਜਮਾਨ ਹੋ
ਕੇ ਦਰਬਾਰ ਲਗਾਉਂਦੇ ਰਹੇ। ਉਧਰ ਕੁੱਝ ਸਮੇਂ ਬਾਦ ਛੇਵੇਂ ਗੁਰੂ ਜੀ ਦਾ ਇਹ ਅੰਮ੍ਰਿਸਰ ਵਾਲਾ ਤਖਤ
ਅਲੋਪ ਹੋ ਗਿਆ। 1644 ਈਸਵੀ ਵਿੱਚ ਛੇਵੇਂ ਗੁਰੂ ਜੀ ਦੇ ਇਸ ਸੰਸਾਰ ਵਿਚੋਂ ਚਲੇ ਜਾਣ ਦੇ ਸਮੇਂ ਤੋਂ
ਲੈ ਕੇ ਦਰਬਾਰ ਸਾਹਿਬ ਦੇ ਇਲਾਕੇ ਦਾ ਪ੍ਰਬੰਧ ਬਹੁਤਾ ਸਮਾਂ ਸਿੱਖ ਮੱਤ ਦੇ ਦੋਖੀਆਂ (ਵਿਸ਼ੇਸ਼ ਕਰ ਕੇ
1644 ਈਸਵੀ ਤੋਂ 1697 ਈਸਵੀ ਤੱਕ ਜਦੋਂ ਇਥੇ ਮੀਣੇ ਪ੍ਰਿਥਵੀ ਚੰਦ ਦੇ ਵੰਸ਼ਜ ਕਾਬਜ਼ ਰਹੇ) ਹੱਥ ਹੀ
ਰਿਹਾ। ਹੋ ਸਕਦਾ ਹੈ ਕਿ ਛੇਵੇਂ ਗੁਰੂ ਜੀ ਦਾ ਤਖਤ ਇਸੇ ਸਮੇਂ ਦੌਰਾਨ ਹੀ ਅਲੋਪ ਹੋਇਆ ਹੋਵੇ ਕਿਉਂਕਿ
ਇਸ ਤਖਤ ਦੀ ਜਗਹ ਤੇ ਯਾਤਰੂਆਂ ਦੀ ਸਹੂਲਤ ਲਈ ਦੋ ਮੰਜ਼ਿਲਾ ਰਿਹਾਇਸ਼ਗਾਹ ਉਸਾਰ ਦਿੱਤੀ ਗਈ ਸੀ ਜਿਸ ਦਾ
ਨਾਮ ਅਕਾਲ ਬੁੰਗਾ ਰੱਖਿਆ ਗਿਆ। ਇਸ ਅਕਾਲ ਬੁੰਗੇ ਦਾ ਸਭ ਤੋਂ ਪਹਿਲਾ ਹਵਾਲਾ ਵਿਵਾਦਤ ਅਤੇ ਬਦਨਾਮ
ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਵਿਚ ਮਿਲਦਾ ਹੈ। ਇਸ ਪੁਸਤਕ ਵਿੱਚ ਅਕਾਲ ਬੁੰਗਾ ਸ੍ਰੀ ਗੁਰੂ
ਹਰਗੋਬਿੰਦ ਜੀ ਵੱਲੋਂ ਉਸਾਰਿਆ ਦੱਸਿਆ ਗਿਆ ਹੈ। ਇਹ ਪੁਸਤਕ ਅਠਾਰ੍ਹਵੀਂ ਸਦੀ ਈਸਵੀ ਦੇ ਪਹਿਲੇ
ਹਿੱਸੇ ਵਿੱਚ ਲਿਖੀ ਦੱਸੀ ਜਾਂਦੀ ਹੈ। ਹੋ ਸਕਦਾ ਹੈ ਕਿ ਅਕਾਲ ਬੁੰਗੇ ਨੂੰ ਧਾਰਮਿਕ ਰੰਗਤ ਦੇਣ
ਵਾਸਤੇ ਹੀ ਇਸ ਪੁਸਤਕ ਰਾਹੀਂ ਇਸ ਨੁੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਮ ਨਾਲ ਜੋੜ ਦਿੱਤਾ ਗਿਆ
ਹੋਵੇ। ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਅਕਾਲ ਬੁੰਗੇ ਨੂੰ ਪੰਜ ਮੰਜ਼ਿਲਾ ਕਰ ਦਿੱਤਾ ਗਿਆ ਅਤੇ ਇਸ
ਵਿੱਚ ਪੁਜਾਰੀ ਨਿਯੁਕਤ ਕਰ ਕੇ ਇਸ ਦੀ ਰੂਪ-ਰੇਖਾ ਡੇਰੇ ਵਾਲੀ ਬਣਾ ਦਿੱਤੀ ਗਈ। ਇਹ ਪਰੰਪਰਾ
ਅੰਗਰੇਜ਼ਾਂ ਦੇ ਰਾਜ ਸਮੇਂ ਵੀ ਜਾਰੀ ਰਹੀ ਅਤੇ ਵੀਹਵੀਂ ਸਦੀ ਦੇ ਅਰੰਭ ਵਿੱਚ ਕਿਸੇ ਸਮੇਂ ਇਥੇ ਗ੍ਰੰਥ
ਸਾਹਿਬ ਦੀ ਬੀੜ ਦਾ ਪਰਕਾਸ਼ ਕਰ ਕੇ ਇਸ ਬੁੰਗੇ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ ਅਤੇ ਇਸ ਦਾ
ਨਾਮ ਗੁਰਦੁਆਰਾ ਅਕਾਲ ਬੁੰਗਾ ਹੋ ਗਿਆ। ਇਸ ਸਮੇਂ ਤਕ ਗੁਰਦੁਆਰਾ ਅਕਾਲ ਬੁੰਗੇ ਨੂੰ ‘ਗੁਰਦੁਆਰਾ ਤਖਤ
ਅਕਾਲ ਬੁੰਗਾ’ ਵੀ ਕਿਹਾ ਜਾਣ ਲੱਗ ਪਿਆ ਅਤੇ ਬੜੀ ਹੀ ਚਲਾਕੀ ਨਾਲ ਅੱਗੋਂ ਇਸ ਨਾਮ ਨੂੰ ‘ਸ੍ਰੀ ਅਕਾਲ
ਤਖਤ’ ਵਿੱਚ ਬਦਲ ਕੇ ਇਹ ਨਾਮ 1926 ਈਸਵੀ ਵਿੱਚ ਸ਼੍ਰੋਮਣੀ ਕਮੇਟੀ ਦੀ ਨਿਯਮਾਵਲੀ ਵਿੱਚ ਸ਼ਾਮਲ ਕਰ
ਦਿੱਤਾ ਗਿਆ।
ਅਕਾਲ ਬੁੰਗੇ ਦਾ ਦੂਸਰਾ ਲਿਖਤੀ ਹਵਾਲਾ ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ
ਕੋਸ਼’ ਵਿੱਚ ਮਿਲਦਾ ਹੈ। 1912 ਈਸਵੀ ਤੋਂ 1927 ਈਸਵੀ ਦਾ ਸਮਾਂ ਲਗਾ ਕੇ ਸੰਪੂਰਨ ਕੀਤੇ ਗਏ ‘ਮਹਾਨ
ਕੋਸ਼’ ਵਿੱਚ ਭਾਈ ਨਾਭਾ ਨੇ ਨਾ ਤਾਂ ‘ਅਕਾਲ ਤਖਤ’ ਦੀ ਆਜ਼ਾਦਾਨਾ ਤੌਰ ਤੇ ਐਂਟਰੀ ਕਰ ਕੇ ਵਿਆਖਿਆ
ਕੀਤੀ ਹੈ ਅਤੇ ਨਾ ਹੀ ਅਕਾਲ ਬੁੰਗੇ ਨੂੰ ਸਿੱਧੇ ਤੌਰ ਤੇ ‘ਅਕਾਲ ਤਖਤ’ ਕਿਹਾ ਹੈ। ‘ਮਹਾਨ ਕੋਸ਼’
ਵਿੱਚ ‘ਅਕਾਲ ਤਖਤ’ ਅਤੇ ‘ਅਕਾਲ ਬੁੰਗਾ’ ਦੀਆਂ ਐਂਟਰੀਆਂ ਇਸ ਪਰਕਾਰ ਹਨ:
“ਅਕਾਲ ਤਖਤ: ਦੇਖੋ, ਅਕਾਲ ਬੁੰਗਾ
ਅਕਾਲ ਬੁੰਗਾ: ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਮਤ 1665 ਵਿੱਚ
ਸ਼੍ਰੀ ਅੰਮ੍ਰਿਤਸਰ ਹਰਿਮੰਦਿਰ ਦੇ ਸਾਮ੍ਹਣੇ ਇੱਕ ਉੱਚਾ ਰਾਜ ਸਿੰਘਾਸਨ (ਸ਼ਾਹੀ ਤਖਤ) ਤਿਆਰ ਕਰਵਾ ਕੇ
ਉਸ ਦਾ ਨਾਉਂ “ਅਕਾਲ ਬੁੰਗਾ” ਰੱਖਿਆ, ਜਿਸ ਥਾਂ ਸਵੇਰੇ ਅਤੇ ਸੰਝ ਨੂੰ ਦੀਵਾਨ ਲਗਾ ਕੇ ਸੰਗਤਾਂ ਨੂੰ
ਨਿਹਾਲ ਕਰਦੇ ਸਨ. ਅਕਾਲ ਬੁੰਗਾ ਪੰਥਕ ਜਥੇਬੰਦੀ ਦਾ ਕੇਂਦ੍ਰ ਹੈ. ਪੰਥ ਇਸ ਥਾਂ ਮੁੱਢ ਤੋਂ ਗੁਰੁਮਤੇ
ਸੋਧਦਾ ਆਇਆ ਹੈ. ਇਹ ਗੁਰਦਵਾਰਾ ਸਿੱਖਾਂ ਦਾ ਪਹਿਲਾ ਤਖਤ ਹੈ. ਇਥੇ ਗੁਰੂ ਸਾਹਿਬਾਨ ਅਤੇ ਧਰਮਵੀਰ
ਸ਼ਹੀਦਾਂ ਦੇ ਇਹ ਸ਼ਸਤ੍ਰ ਹਨ
………………………….
………………………….
(ਅ) ਅਨੰਦਪੁਰ ਵਿੱਚ ਉਹ ਅਸਥਾਨ, ਜਿਸ ਥਾਂ ਬੈਠ ਕੇ ਦਸ਼ਮੇਸ਼ ਨੇ ਨੌਮੇਂ
ਸਤਿਗੁਰਾਂ ਦਾ ਅੰਤਿਮ ਸੰਸਕਾਰ ਕੀਤਾ. ਦੇਖੋ, ਅਨੰਦਪੁਰ
(ੲ) ਪਟਨੇ ਆਦਿ ਵਿੱਚ ਗੁਰੁਦਵਾਰਿਆਂ ਵਿੱਚ ਭੀ ਇਸ ਨਾਉਂ ਦੇ ਬੁੰਗੇ ਹਨ.”
ਉਪਰੋਕਤ ਤੋਂ ਸਪਸ਼ਟ ਹੈ ਕਿ ਭਾਈ ਨਾਭਾ ਨੇ ‘ਮਹਾਨ ਕੋਸ਼’ ਵਿੱਚ ਅਕਾਲ ਬੁੰਗੇ
ਨੂੰ ਕੇਵਲ ਇੱਕ ਗੁਰਦੁਆਰੇ ਦੇ ਤੌਰ ਤੇ ਹੀ ਦਰਸਾਇਆ ਹੈ। ਭਾਈ ਨਾਭਾ ਵੱਲੋਂ ਅਕਾਲ ਬੁੰਗੇ ਨੂੰ ਸ੍ਰੀ
ਗੁਰੂ ਹਰਗੋਬਿੰਦ ਜੀ ਦੇ ਨਾਮ ਨਾਲ ਜੋੜਨ ਦੀ ਕਾਰਵਾਈ ਵਿਵਾਦਤ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਤੇ
ਹੀ ਅਧਾਰਿਤ ਕੀਤੀ ਗਈ ਲਗਦੀ ਹੈ ਕਿਉਂਕਿ ਉਹਨਾਂ ਨੇ ਇਸ ਜਾਣਕਾਰੀ ਦੇ ਸਰੋਤ ਦਾ ਕੋਈ ਹੋਰ ਹਵਾਲਾ
ਨਹੀਂ ਦਿੱਤਾ। ਇਸੇ ਕਰ ਕੇ ਹੀ ਭਾਈ ਨਾਭਾ ਵੱਲੋਂ ਦਿੱਤੀ ਉਪਰੋਕਤ ਵਿਆਖਿਆ ਗੋਲ-ਮੋਲ ਰਹਿ ਗਈ ਹੈ
ਅਤੇ ਇਹ ਸਥਿਤੀ ਨੂੰ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰਦੀ। ਪਰੰਤੂ ਇੱਕ ਗੱਲ ਤਾਂ ਸਾਫ ਜ਼ਾਹਰ ਹੋ ਜਾਂਦੀ
ਹੈ ਕਿ ਭਾਈ ਨਾਭਾ ਦੇ ਸਮੇਂ ਤਕ ਹਾਲੇ ‘ਗੁਰਦੁਆਰਾ ਅਕਾਲ ਬੁੰਗਾ’ ਦੀ ਜਗਹ ਤੇ ਬਦਲਵੇਂ ਤੌਰ ਤੇ
‘ਅਕਾਲ ਤਖਤ’ ਸ਼ਬਦ-ਜੁੱਟ ਦੀ ਵਰਤੋਂ ਨਹੀਂ ਹੋਣ ਲੱਗੀ ਸੀ।
ਅਕਾਲ ਬੁੰਗੇ ਸਬੰਧੀ ਤੀਸਰਾ ਲਿਖਤੀ ਹਵਾਲਾ ‘ਅਕਾਲੀ’ ਅਖਬਾਰ ਦੇ ਜੂਨ 1920
ਈਸਵੀ ਦੇ ਵੱਖ-ਵੱਖ ਅੰਕਾਂ ਵਿੱਚ ਮਿਲਦਾ ਹੈ। ਇਥੇ ਵੀ ਕਦੀ-ਕਦੀ ਅਕਾਲ ਬੁੰਗਾ ਦੀ ਜਗਹ ‘ਤਖਤ ਅਕਾਲ
ਬੁੰਗਾ’ ਲਿਖਿਆ ਹੋਇਆ ਮਿਲਦਾ ਹੈ ਪਰੰਤੂ ਸ਼ਬਦ-ਜੁੱਟ ‘ਅਕਾਲ ਤਖਤ’ ਦੀ ਵਰਤੋਂ ਕਿਸੇ ਵੀ ਅੰਕ ਵਿੱਚ
ਨਹੀਂ ਮਿਲਦੀ।
ਅਕਾਲ ਬੁੰਗੇ ਸਬੰਧੀ ਇੱਕ ਹੋਰ ਰੌਚਿਕ ਤੱਥ ‘ਕੋਠਾ ਸਾਹਿਬ’ ਬਾਰੇ ਹੈ ਜਿਥੇ
ਅਜ ਤਕ ਵੀ ਰਾਤ ਵੇਲੇ ਸ੍ਰੀ ਗ੍ਰੰਥ ਸਾਹਿਬ ਦੀ ਦਰਬਾਰ ਸਾਹਿਬ ਵਿੱਚ ਸ਼ੁਸ਼ੋਭਿਤ ਬੀੜ ਦਾ ਸੁਖ-ਆਸਣ
ਕਰਵਾਉਣ ਦੀ ਪਰੰਪਰਾ ਚਲੀ ਆਉਂਦੀ ਹੈ। ਸ੍ਰੀ ਗ੍ਰੰਥ ਸਾਹਿਬ ਦੀ ਬੀੜ ਦਾ ਇਸ ਤਰ੍ਹਾਂ ਸੁਖ-ਆਸਣ
ਕਰਵਾਉਣਾ ਉਂਜ ਹੀ ਮੂਰਤੀ-ਪੂਜਾ ਦੇ ਸਮਾਨ ਹੈ ਜਿਸ ਦੀ ਸਿੱਖ ਮੱਤ ਇਜਾਜ਼ਤ ਨਹੀਂ ਦਿੰਦਾ। ਸ੍ਰੀ ਗੁਰੂ
ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਤਾਂ
ਇਹ ਕਰਮ-ਕਾਂਡ ਚਾਲੂ ਨਹੀਂ ਹੋਇਆ ਹੋ ਸਕਦਾ। ਉਹਨਾਂ ਤੋਂ ਮਗਰੋਂ ਹੀ ਮਨਮੱਤੀਏ ਪੁਜਾਰੀਆਂ ਨੇ ਛੇਵੇਂ
ਗੁਰੂ ਜੀ ਦਾ ਤਖਤ ਢਾ ਕੇ ਉਸ ਜਗਹ ਪਹਿਲਾਂ ਕੋਠਾ ਸਾਹਿਬ ਉਸਾਰ ਦਿੱਤਾ ਹੋਵੇਗਾ ਜਿਸ ਨੂੰ ਬਾਦ ਵਿੱਚ
ਬੇਸਮੈਂਟ ਦਾ ਹਿੱਸਾ ਬਣਾ ਕੇ ਉਪਰ ਅਕਾਲ ਬੁੰਗਾ ਖੜਾ ਕਰ ਦਿੱਤਾ ਗਿਆ ਹੋਵੇਗਾ। ਇਸ ਤਰ੍ਹਾਂ ਕੋਠਾ
ਸਾਹਿਬ ਨਾਲ ਜੁੜੀ ਮਨਮੱਤ ਵੀ ਛੇਵੇਂ ਗੁਰੂ ਜੀ ਵਾਲੇ ਤਖਤ ਦੇ ਅਲੋਪ ਹੋ ਜਾਣ ਅਤੇ ਇਸ ਦੀ ਜਗਹ ਤੇ
ਅਕਾਲ ਬੁੰਗਾ ਉਸਾਰੇ ਜਾਣ ਦਾ ਸਬੱਬ ਹੋ ਸਕਦੀ ਹੈ। ਇਸ ਸਥਿਤੀ ਵਿੱਚ ਅਕਾਲ ਬੁੰਗੇ ਦੀ ਉਸਾਰੀ ਸ੍ਰੀ
ਗੁਰੂ ਹਰਗੋਬਿੰਦ ਜੀ ਵੱਲੋਂ ਕਰਵਾਈ ਹੋਈ ਨਹੀਂ ਬਣਦੀ। ਇਹ ਕਾਰਜ ਦਰਬਾਰ ਸਾਹਿਬ ਇਲਾਕੇ ਵਿੱਚ ਰਹੇ
ਮੀਣਿਆਂ ਦੇ ਕਬਜ਼ੇ ਦੇ ਸਮੇਂ ਦੌਰਾਨ ਸੰਪੰਨ ਹੋਇਆ ਲਗਦਾ ਹੈ।
ਅਖੌਤੀ ਅਕਾਲ-ਤਖਤ ਨੂੰ ਸਿੱਖ ਮੱਤ ਦਾ ਹਿੱਸਾ ਸਾਬਤ ਕਰਨ ਲਈ ਦਿੱਤੇ ਜਾਂਦੇ
ਤਰਕ ਦੇ ਮੋਟੇ ਤੌਰ ਤੇ ਚਾਰ ਪੱਖ ਹਨ: ਲਿਖਤੀ ਹਵਾਲੇ, ਸ਼ਰਧਾ ਭਾਵਨਾਂ ਦੀ ਬਲੈਕ-ਮੇਲ, ਪਰੰਪਰਾ ਦੀ
ਦੁਹਾਈ ਅਤੇ ਗਲਤ-ਬਿਆਨੀ।
ਲਿਖਤੀ ਹਵਾਲੇ
ਜਿਵੇਂ ਕਿ ਪਹਿਲਾਂ ਦਸਿੱਆ ਜਾ ਚੁੱਕਾ ਹੈ, ਅਖੌਤੀ ਅਕਾਲ-ਤਖਤ ਨੂੰ ਸਿੱਖ
ਮੱਤ ਦਾ ਹਿੱਸਾ ਸਾਬਤ ਕਰਨ ਲਈ 1926 ਈਸਵੀ ਤੋਂ ਪਹਿਲਾਂ ਦਾ ਕੋਈ ਵੀ ਲਿਖਤੀ ਹਵਾਲਾ ਮੌਜੂਦ ਨਹੀਂ।
ਇਸ ਸਬੰਧ ਵਿੱਚ ਜੋ ਸਭ ਤੋਂ ਵੱਧ ਭਰੋਸੇਯੋਗ ਲਿਖਤੀ ਹਵਾਲਾ ਹੋ ਸਕਦਾ ਸੀ ਉਹ ਭਾਈ ਗੁਰਦਾਸ ਜੀ ਦੀ
ਰਚਨਾ ਵਿੱਚੋਂ ਹੀ ਹੋ ਸਕਦਾ ਸੀ।
ਪਰੰਤੂ ਭਾਈ ਗੁਰਦਾਸ ਜੀ ਦੀ ਰਚਨਾ
ਵਿੱਚ ਅਖੌਤੀ ਅਕਾਲ-ਤਖਤ ਦਾ ਕੋਈ ਹਵਾਲਾ ਮੌਜੂਦ ਨਾ ਹੋਣਾ ਆਪਣੇ ਆਪ ਵਿੱਚ ਹੀ ਇੱਕ ਸਬੂਤ ਹੈ ਕਿ
ਕਿਸੇ ਵੀ ਗੁਰੂ ਜੀ ਨੇ ਛੇਵੇਂ ਗੁਰੂ ਜੀ ਦੇ ਅੰਮ੍ਰਿਤਸਰ ਵਾਲੇ ਤਖਤ ਦਾ ਨਾਮ ‘ਅਕਾਲ ਤਖਤ’ ਨਹੀਂ ਸੀ
ਰੱਖਿਆ। ਉਂਜ ਗੁਰੂ ਸਾਹਿਬਾਨ ਨੇ ਇਸ ਤਖਤ ਦਾ ਨਾਮ ‘ਅਕਾਲ ਤਖਤ’ ਰੱਖਣਾ ਵੀ ਨਹੀਂ ਸੀ। ਜਿਵੇਂ ਸਭ
ਜਾਣਦੇ ਹਨ, ‘ਅਕਾਲ’ ਦਾ ਅਰਥ ਹੈ ਪਰਮਾਤਮਾ। ਇਸ ਤਰਾਂ ‘ਅਕਾਲ ਤਖਤ’ ਦਾ ਅਰਥ ਹੋਇਆ ਪਰਮਾਤਮਾ ਦਾ
ਤਖਤ। ਦੂਸਰੇ ਪਾਸੇ ਗੁਰੂ ਸਾਹਿਬਾਨ ਇਸ ਤਖਤ ਨੂੰ
ਮੀਰੀ ਦੇ ਪਰਤੀਕ ਦੇ ਤੌਰ ਤੇ ਉਸਾਰਿਆ ਸੀ ਅਤੇ ਇਸ ਦੇ ਉੱਤੇ ਉਹਨਾਂ ਨੇ ਆਪ ਬਿਰਾਜਣਾ ਸੀ। ਸਪਸ਼ਟ ਹੈ
ਕਿ ਉਹ ਪਰਮਾਤਮਾ ਦੇ ਤਖਤ ਉੱਤੇ ਬੈਠਣ ਬਾਰੇ ਤਾਂ ਕਦੀ ਸੋਚ ਵੀ ਨਹੀਂ ਸੀ ਸਕਦੇ। ਇਸ ਲਈ ਉਹ ਕਦੀ ਵੀ
ਇਸ ਤਖਤ ਲਈ ‘ਅਕਾਲ’ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ ਸੀ। ਇਸ ਤਖਤ ਦੀ ਜਗਹ ਤੇ ਬਣੇ ਬੁੰਗੇ ਦਾ ਨਾਮ
‘ਅਕਾਲ ਬੁੰਗਾ’ ਇੰਜ ਹੀ ਰਖਿਆ ਗਿਆ ਹੈ ਜਿਵੇਂ ਦਰਬਾਰ ਸਾਹਿਬ ਦੇ ਇਲਾਕੇ ਵਿੱਚ ਰਿਹਾਇਸ਼ਗਾਹਾਂ ਦੇ
‘ਗੁਰੂ ਨਾਨਕ ਨਿਵਾਸ’, ‘ਗੁਰੂ ਰਾਮਦਾਸ ਸਰਾਂ’ ਅਤੇ ‘ਅਕਾਲ ਰੈਸਟ ਹਾਊਸ’ ਵਰਗੇ ਨਾਮ ਰੱਖੇ ਹੋਏ ਹਨ।
ਅਖੌਤੀ ਅਕਾਲ-ਤਖਤ ਬਾਰੇ ਪਹਿਲਾ ਲਿਖਤੀ ਹਵਾਲਾ ਕੇਵਲ ਸ਼੍ਰੋਮਣੀ ਕਮੇਟੀ ਦੀ
ਨਿਯਮਾਵਲੀ ਵਿੱਚੋਂ ਹੀ ਮਿਲਦਾ ਹੈ ਜੋ 1925 ਈਸਵੀ ਵਿੱਚ ਬਣੇ ਸਿੱਖ ਗੁਰਦੁਆਰਾ ਐਕਟ ਹੇਠ 1926
ਈਸਵੀ ਵਿੱਚ ਹੋਂਦ ਵਿੱਚ ਆਈ। ਇਸ ਤੱਥ ਤੋਂ ਵੀ ਇਹ ਸਾਬਤ ਹੋ ਜਾਂਦਾ ਹੈ ਕਿ ਅਖੌਤੀ ਅਕਾਲ-ਤਖਤ ਗੁਰੂ
ਸਾਹਿਬਾਨ ਦੀ ਦੇਣ ਨਹੀਂ ਅਤੇ ਇਸ ਕਰਕੇ ਇਹ ਸਿੱਖ ਮੱਤ ਦਾ ਹਿੱਸਾ ਨਹੀਂ ਬਣਦਾ। ਜਦੋਂ 1926 ਈਸਵੀ
ਵਿੱਚ ਆਏ ਇਸ ਅਖੌਤੀ ਅਕਾਲ-ਤਖਤ ਦੇ ਸੰਕਲਪ ਦੇ ਇਤਹਾਸਿਕ ਪਿਛੋਕੜ, ਇਸ ਦੀ ਮਨਜ਼ੂਰੀ ਦੇ ਰਿਕਾਰਡ ਅਤੇ
ਇਸ ਦੇ ਲਿਖਤੀ ਵਿਧਾਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਸ ਮੰਗ ਦਾ ਮਕਸਦ ਇਸ ਦੀ ਉਤਪਤੀ ਦੇ ਅਸਲੀ
ਮਨੋਰਥ ਅਤੇ ਇਸ ਦੀ ਅਪ੍ਰਸੰਗਤਾ ਨੂੰ ਨੰਗਿਆਂ ਕਰਨ ਦਾ ਹੀ ਹੁੰਦਾ ਹੈ।
ਸ਼ਰਧਾ-ਭਾਵਨਾਂ ਦੀ ਬਲੈਕ-ਮੇਲ
ਸਿੱਖ ਸ਼ਰਧਾਲੂਆਂ ਦੀ ਸ਼ਰਧਾ-ਭਾਵਨਾਂ ਨੂੰ ਬਲੈਕ-ਮੇਲ ਕਰਨਾ ਬੜਾ ਹੀ ਸੌਖਾ
ਕੰਮ ਹੈ। ਜੇ ਕਰ ਕਿਸੇ ਇਲਾਕੇ ਵਿੱਚ ਇਹ ਖਬਰ ਫੈਲਾ ਦਿੱਤੀ ਜਾਵੇ ਕਿ ਫਲਾਂ-ਫਲਾਂ ਟਾਹਲੀ ਤੋਂ
ਟਹਿਣੀ ਤੋੜ ਕੇ ਕਿਸੇ ਸਮੇਂ ਗੁਰੂ ਜੀ ਨੇ (ਇਸ ਸਬੰਧੀ ਕਿਸੇ ਵੀ ਗੁਰੂ ਦਾ ਨਾਮ ਲਿਆ ਜਾ ਸਕਦਾ ਹੈ)
ਦਾਤਣ ਕੀਤੀ ਸੀ ਤਾਂ ਲੋਕ ਝਟ-ਪਟ ਹੀ ਟਾਹਲੀ ਨੂੰ ਦੁੱਧ ਨਾਲ ਨੁਹਾਉਣਾ ਸ਼ੁਰੂ ਕਰ ਦੇਣਗੇ ਅਤੇ ਇਸ ਦੇ
ਦੁਆਲੇ ਮੌਲੀ ਲਪੇਟ ਕੇ ਅਤੇ ਕੋਲ ਧੂਫ ਧੁਖਾ ਕੇ ਮੱਥੇ ਟੇਕਣੇ ਸ਼ੁਰੂ ਕਰ ਦੇਣਗੇ। ਨੇੜੇ ਹੀ ਲੰਗਰ
ਲੱਗ ਜਾਵੇਗਾ ਅਤੇ ਕੁੱਝ ਹੀ ਦਿਨਾਂ ਵਿੱਚ ‘ਟਾਹਲੀਸਰ’ ਜਾਂ ‘ਦਾਤਣਸਰ’ ਨਾਮ ਦਾ ਗਰੁਦੁਆਰਾ ਤਿਆਰ ਕਰ
ਦਿੱਤਾ ਜਾਵੇਗਾ। ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਅਪਰੈਲ 1973 ਵਿੱਚ ਗੁਰੂ ਗੋਬਿੰਦ
ਸਿੰਘ ਮਾਰਗ ਸਬੰਧੀ ਜਲੂਸ ਵਿੱਚ ਸ਼ਾਮਲ ਕਰਨ ਲਈ ਦੋ ਘੋੜੇ ਕਿਸੇ ਤਬੇਲੇ ਵਿੱਚੋਂ ਲਿਆਂਦੇ ਗਏ ਅਤੇ
ਪਰਚਾਰ ਇਹ ਕਰ ਦਿੱਤਾ ਗਿਆ ਕਿ ਇਹ ਘੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘੋੜਿਆਂ ਦੀ ਨਸਲ ਵਿਚੋਂ
ਹਨ ਅਤੇ ਨਾਦੇੜ ਤੋਂ ਲਿਆਂਦੇ ਗਏ ਹਨ। ਬਸ ਫਿਰ ਕੀ ਸੀ, ਲੋਕਾਂ ਦਾ ਉਹਨਾਂ ਘੋੜਿਆਂ ਅੱਗੇ ਨਤਮਸਤਕ
ਹੋਣ ਲਈ ਤਾਂਤਾ ਲੱਗ ਗਿਆ ਅਤੇ ਕਈ ਸ਼ਰਧਾਲੂ ਉਹਨਾਂ ਘੋੜਿਆਂ ਦੀ ਲਿੱਦ ਨੂੰ ਪਰਸ਼ਾਦ ਦੇ ਤੌਰ ਤੇ ਆਪ
ਛਕਦੇ ਅਤੇ ਅੱਗੇ ਵਰਤਾਉਂਦੇ ਵੇਖੇ ਗਏ। ਇਸੇ ਤਰ੍ਹਾਂ ਹੀ ਅਖੌਤੀ ਅਕਾਲ-ਤਖਤ ਨੂੰ ਧੋਖੇ ਨਾਲ ਗੁਰੂ
ਸਾਹਿਬਾਨ ਦੇ ਨਾਮ ਨਾਲ ਜੋੜ ਕੇ ਸ਼ਰਧਾ ਭਾਵਨਾਂ ਦੀ ਬਲੈਕ-ਮੇਲ ਰਾਹੀਂ ਇਸ ਨੂੰ ਮਾਨਤਾ ਦੁਆਈ ਰੱਖਣ
ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰੰਪਰਾ ਦੀ ਦੁਹਾਈ
ਅਖੌਤੀ ਅਕਾਲ-ਤਖਤ ਨੂੰ ਮਾਨਤਾ ਦੁਆਈ ਰੱਖਣ ਲਈ ਪਰੰਪਰਾ ਦੀ ਦੁਹਾਈ ਵੀ
ਜ਼ੋਰਾਂ ਨਾਲ ਦਿੱਤੀ ਜਾ ਰਹੀ ਹੈ। ਪਰੰਤੂ ਇਹ ਪਰੰਪਰਾ ਤਾਂ ਕੇਵਲ 1926 ਈਸਵੀ ਤੋਂ ਬਾਦ ਦੇ ਸਮੇਂ
ਨਾਲ ਸਬੰਧ ਰਖਦੀ ਹੈ ਭਾਵੇਂ ਇਹ ਵੱਖਰੀ ਗੱਲ ਹੈ ਕਿ ਇਸ ਪਰੰਪਰਾ ਨੇ ਸਿੱਖ ਕੌਮ ਦਾ ਵਿਗਾੜਿਆ ਹੀ
ਵਿਗਾੜਿਆ ਹੈ, ਸੁਆਰਿਆ ਕੁੱਝ ਨਹੀਂ।
ਇਹ ਪਰੰਪਰਾ ਉਸੇ ਤਰ੍ਹਾਂ ਹੀ ਹੈ
ਜਿਵੇਂ ਹੇਮਕੁੰਟ, ਦੁਖ-ਭੰਜਨੀ ਬੇਰੀ, ਰਾਗਮਾਲਾ, ਕਰਤਾਰਪੁਰੀ ਬੀੜ, ਰਹਿਤਮਰਿਆਦਾ ਰਾਹੀਂ ਅਖੌਤੀ
ਦਸਮਗ੍ਰੰਥ ਦੀਆਂ ਰਚਨਾਵਾਂ ਦੀ ਪਰਵਾਨਗੀ, ਅਰਦਾਸ ਦਾ ਭਗੌਤੀ ਦੇਵੀ ਦੀ ਉਪਾਸਨਾ ਨਾਲ ਅਰੰਭ, ਨਿਹੰਗ
ਸਿੱਖਾ ਦਾ ਸੁੱਖ-ਨਿਧਾਨ, ਗੁਰਦੁਆਰਿਆਂ ਵਿੱਚ (ਵਿਸ਼ੇਸ਼ ਕਰ ਕੇ ਪਿੰਡਾਂ ਵਿਚ) ਲਾਊਡਸਪੀਕਰਾਂ ਦੀ
ਵਰਤੋਂ, ਦਾਜ-ਪ੍ਰਥਾ, ਭਰੂਣ-ਹਤਿੱਆ ਆਦਿਕ ਦੀਆਂ ਪਰੰਪਰਾਵਾਂ।
1606 ਈਸਵੀ ਤੋਂ ਲੈ ਕੇ 1926 ਈਸਵੀ ਤਕ ਅਖੌਤੀ ਅਕਾਲ-ਤਖਤ
ਦੀ ਸਿੱਖ ਇਤਹਾਸ ਵਿੱਚ ਕੋਈ ਪਰੰਪਰਾ ਹੈ ਹੀ ਨਹੀਂ। ਹਾਂ, ਅਕਾਲ ਬੁੰਗੇ ਦੀ ਪਰੰਪਰਾ ਜ਼ਰੂਰ ਹੈ ਜੋ
ਕਿਸੇ ਸਮੇਂ ਯਾਤਰੀਆਂ ਨੂੰ ਰਿਹਾਇਸ਼ ਦੀ ਸਹੂਲਤ ਪਰਦਾਨ ਕਰਨ ਦੇ ਮਕਸਦ ਨਾਲ ਉਸਾਰਿਆ ਗਿਆ ਸੀ ਅਤੇ
ਬਾਦ ਵਿੱਚ ਧੋਖੇ ਨਾਲ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅਕਾਲ ਬੁੰਗੇ ਦੀ ਪਰੰਪਰਾ ਦਾ
ਸਿੱਖ ਇਤਹਾਸ ਵਿੱਚ ਇਹ ‘ਯੋਗਦਾਨ’ ਜ਼ਰੂਰ ਹੈ ਕਿ ਇਸ ਭਵਨ ਦੇ ਬਣਨ ਨਾਲ ਛੇਵੇਂ ਗੁਰੂ ਜੀ ਦਾ ਤਖਤ
ਅਤੇ ਇਸ ਦੀ ਜਗਹ ਸਦਾ ਵਾਸਤੇ ਅਲੋਪ ਹੋ ਗਈ। ਪਰੰਪਰਾ ਦੀ ਦੁਹਾਈ ਵਿੱਚ ਹੀ ਅਖੌਤੀ ਅਕਾਲ ਤਖਤ ਨੂੰ
ਇੱਕ ਸੰਸਥਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਇੱਕ ਸੰਸਥਾ ਤਾਂ ਹੋ ਸਕਦਾ ਹੈ ਪਰੰਤੂ ਕੇਵਲ ਇੱਕ
ਗੁਰਦੁਆਰੇ ਦੇ ਰੂਪ ਵਿੱਚ ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮ ਮੌਜੂਦ ਹਨ।
(ਉਹ ਵੀ ਐਸਾ ਗੁਰਦੁਆਰਾ ਜਿਸ ਦੀਆਂ ਨੀਹਾਂ ਵਿੱਚ ਛੇਵੇਂ ਗੁਰੂ ਜੀ ਦੇ ਤਖਤ ਦੀਆਂ ਇੱਟਾਂ ਦੱਬੀਆਂ
ਪਈਆਂ ਹਨ।) ਪਰੰਤੂ ਇਸ ਗੁਰਦੁਆਰੇ ਨੂੰ ਜੋ ਰੂਪ 1926 ਈਸਵੀ ਤੋਂ ਪਿੱਛੋਂ ਨਿਯਮਾਂ ਦੀ ਉਲੰਘਣਾ ਕਰ
ਕੇ ਦੇ ਦਿੱਤਾ ਗਿਆ ਹੈ ਉਸ ਨਾਲ ਇਹ ਸੰਸਥਾ ਨਹੀਂ ਰਹਿੰਦਾ ਅਤੇ ਜੋ ਕੁੱਝ ਵੀ ਇਹ ਹੈ ਇਸ ਦੀ ਭੂਮਿਕਾ
ਨਾਂਹ-ਪੱਖੀ ਬਣ ਕੇ ਰਹਿ ਜਾਂਦੀ ਹੈ ਜਿਸ ਦੇ ਭਿਆਨਕ ਸਿੱਟੇ ਸਿੱਖ ਕੌਮ ਲਗਾਤਾਰ ਭੁਗਤਦੀ ਆ ਰਹੀ ਹੈ।
ਅਕਾਲ ਬੁੰਗੇ ਵਿੱਚ ਪਹਿਲਾਂ ਪੁਜਾਰੀਆਂ ਨੂੰ ਵਾੜਨ ਅਤੇ ਫਿਰ ਇਸ ਨੂੰ ਗੁਰਦੁਆਰੇ ਦਾ ਰੂਪ ਦੇਣ ਦਾ
ਮਕਸਦ ਤਾਂ ਦਰਬਾਰ ਸਾਹਿਬ ਦੇ ਸਾਹਮਣੇ ਇੱਕ ਸ਼ਰੀਕ ਖੜਾ ਕਰਨਾ ਅਤੇ ਮਨਮੱਤ ਨੂੰ ਪ੍ਰੋਤਸਾਹਿਤ ਕਰਨਾ
ਹੀ ਸੀ ਜਿਸ ਲਈ ਜ਼ਿਆਦਾ ਕਰਕੇ ਪੁਜਾਰੀ, ਮਹੰਤ ਅਤੇ ਉਸ ਵੇਲੇ ਦੀ ਸਰਪਰਸਤ ਸਰਕਾਰ ਜ਼ਿੰਮੇਵਾਰ ਸਨ।
ਪਰੰਤੂ ਅਖੌਤੀ ਅਕਾਲ-ਤਖਤ ਨੂੰ ਮਨਮੱਤ ਦੇ ਅੱਡੇ ਵਜੋਂ ਸਥਾਪਤ ਕਰਨ ਲਈ ਤਾਂ ਸਿੱਖ ਕਹਾਉਣ ਵਾਲੇ ਲੋਕ
ਖੁਦ ਹੀ ਜ਼ਿੰਮੇਵਾਰ ਹਨ। ਹੁਣ ਇਸ ਦੇ ਸੁਧਾਰ ਦੀ ਗੱਲ ਕੀਤੀ ਜਾ ਰਹੀ ਹੈ। ਜੋ ਚੀਜ਼ ਮੰਦਭਾਵਨਾਂ ਨਾਲ
ਸਥਾਪਤ ਕੀਤੀ ਗਈ ਹੁੰਦੀ ਹੈ ਉਸ ਦੇ ਪ੍ਰਬੰਧ ਨੇ ਅਜਿਹਾ ਰੂਪ ਲੈਣਾ ਹੀ ਹੁੰਦਾ ਹੈ ਜਿਸ ਵਿੱਚ ਕਦੇ
ਸੁਧਾਰ ਹੋ ਜਾਣ ਦੀ ਸੰਭਾਵਨਾ ਨਹੀਂ ਰਹਿੰਦੀ ਅਤੇ ਉਹ ਸਮੁੱਚੇ ਸਿਸਟਮ ਵਿੱਚ ਪਰਦੂਸ਼ਣ ਫੈਲਾਉਣ ਦਾ
ਕਾਰਨ ਬਣ ਜਾਂਦੀ ਹੈ। ਜੇਕਰ ਸਰੀਰ ਦੇ ਕਿਸੇ ਅੰਗ ਵਿੱਚ ਕੈਂਸਰ ਪਨਪ ਪਵੇ ਤਾਂ ਇਸ ਨੂੰ ਕੱਟ ਸੁੱਟਣਾ
ਹੀ ਲਾਭਕਾਰੀ ਹੈ ਨਹੀਂ ਤਾਂ ਇਹ ਸਾਰੇ ਸਰੀਰ ਵਿੱਚ ਕੈਂਸਰ ਫੈਲਾ ਦੇਵੇਗਾ। ਸਵਾਲ ਅਖੌਤੀ ਅਕਾਲ-ਤਖਤ
ਤੇ ਕਾਬਜ਼ ਵਿਅਕਤੀਆਂ ਦੀ ਕਾਰਗੁਜ਼ਾਰੀ ਦਾ ਨਹੀਂ, ਇਸ ਦੇ ਉਤਪਤੀ-ਕਾਂਡ (genesis
) ਦਾ ਹੈ। ਅੱਕ ਦੇ ਬੂਟੇ ਦਾ ਜਿਤਨਾ ਮਰਜ਼ੀ ਸੁਧਾਰ
ਕਰ ਲਵੋ ਇਸ ਨੂੰ ਕਦੇ ਅੰਬ ਨਹੀਂ ਲੱਗਣ ਲੱਗੇ। ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਵੋ ਉਸ ਦੇ ਮੂੰਹ
ਵਿੱਚੋਂ ਸਦਾ ਜ਼ਹਿਰ ਹੀ ਨਿਕਲੇਗਾ। ਉਧਰ ਕਈ ਵਾਰੀ ਚੰਗੀ ਭਾਵਨਾ ਨਾਲ ਚਲਾਈ ਪਰੰਪਰਾ ਨੂੰ ਵੀ ਕਿਸੇ
ਕਰਨ ਰੱਦ ਕਰਨਾ ਪੈ ਜਾਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਜੀ ਵੱਲੋਂ ਗੁਰਗੱਦੀ ਗ੍ਰਹਿਣ ਕਰਨ ਦੀ ਰਸਮ
ਵੇਲੇ ਸੇਲ੍ਹੀ ਪਹਿਨਣ ਦੀ ਪੰਪਰਾ ਖਤਮ ਕਰ ਦਿੱਤੀ ਗਈ ਸੀ। ਚੌਥੇ ਗੁਰੂ ਜੀ ਤੋਂ ਚੱਲੀ ਆ ਰਹੀ ਮਸੰਦ
ਪਰੰਪਰਾ ਦਾ ਦੱਸਵੇਂ ਗੁਰੂ ਜੀ ਵੱਲੋਂ ਖਾਤਮਾ ਕਰ ਦੇਣਾ ਦੂਸਰੀ ਉਦਾਹਰਣ ਹੈ।
ਇਸੇ ਸੰਦਰਭ ਵਿੱਚ ਦਰਬਾਰ ਸਾਹਿਬ ਅਤੇ ਅਖੌਤੀ ਅਕਾਲ-ਤਖਤ ਦਾ ਆਪਸੀ ਮੁਕਾਬਲਾ
ਕਰਨ ਦਾ ਵੀ ਯਤਨ ਕੀਤਾ ਗਿਆ ਹੈ। ਪਰੰਤੂ ਇਹ ਮੁਕਾਬਲਾ ਇੰਜ ਕੀਤਾ ਜਾ ਸਕਦਾ ਹੈ: ਦਰਬਾਰ ਸਾਹਿਬ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਣ ਹੈ, ਅਖੌਤੀ ਅਕਾਲ-ਤਖਤ ਵੀਹਵੀਂ ਸਦੀ ਦੇ ਸਵਾਰਥੀ ਅਤੇ
ਮੌਕਾਪ੍ਰਸਤ ਸਿੱਖ ਸਿਆਸੀ ਆਗੂਆਂ ਦੀ ਦੇਣ ਹੈ; ਦਰਬਾਰ ਸਾਹਿਬ ਦਾ ਉਦੇਸ਼ ਸੱਚੀ-ਸੁੱਚੀ ਗੁਰਮੱਤ ਦੀ
ਸਿਖਿਆ ਦਾ ਪਸਾਰ ਹੈ, ਅਖੌਤੀ ਅਕਾਲ-ਤਖਤ ਮਨਮੱਤ ਦਾ ਅਖਾੜਾ ਹੈ; ਦਰਬਾਰ ਸਾਹਿਬ ਸਿੱਖਾਂ ਦਾ
ਸਰਵਸਰੇਸ਼ਟ ਅਤੇ ਕੇਂਦਰੀ ਧਾਰਮਕ ਸਥਾਨ ਹੈ, ਅਖੌਤੀ ਅਕਾਲ-ਤਖਤ ਦਰਬਾਰ ਸਾਹਿਬ ਦੀ ਮਹੱਤਤਾ ਨੂੰ
ਘਟਾਉਣ ਲਈ ਐਨ ਸਾਹਮਣੇ ਕਰ ਕੇ ਸਥਾਪਤ ਕੀਤਾ ਹੋਇਆ ਸ਼ਰੀਕ ਹੈ; ਦਰਬਾਰ ਸਾਹਿਬ ਸਿਹਤਮੰਦ ਮਾਨਤਾਵਾਂ
ਦਾ ਸਰੋਤ ਹੈ, ਅਖੌਤੀ ਅਕਾਲ-ਤਖਤ ਨਾਹ-ਪੱਖੀ ਰਵਾਇਤਾਂ ਦਾ ਭੰਡਾਰ ਹੈ। ਦਰਬਾਰ ਸਾਹਿਬ ਦੇ ਪ੍ਰਬੰਧ
ਵਿੱਚ ਕਿਸੇ ਮਨਮੱਤ ਦੇ ਆ ਜਾਣ ਤੇ ਸੁਧਾਰ ਦੀ ਗੁੰਜਾਇਸ਼ ਸਦਾ ਹੀ ਬਣੀ ਰਹੇਗੀ ਪਰੰਤੂ ਅਖੌਤੀ
ਅਕਾਲ-ਤਖਤ ਦੇ ਨਾਮ ਤੇ ਪੈਦਾ ਕੀਤੇ ਗਏ ਮਸੰਦੀ ਮਾਹੌਲ ਵਿੱਚ ਸੁਧਾਰ ਹੋ ਜਾਣ ਦੀ ਕਦੀ ਕੋਈ
ਸੰਭਾਵਨਾਂ ਨਹੀ ਬਣ ਸਕਦੀ।
ਪਰੰਪਰਾ ਦੀ ਦੁਹਾਈ ਦੇਣ ਵਾਲੇ ਲੋਕ ਛੇਵੇਂ ਗੁਰੂ ਜੀ ਦੇ ਤਖਤ ਦੇ
ਪ੍ਰਤੀਕਾਤਮਿਕ ਅਰਥਾਂ ਨੂੰ ਅਖੌਤੀ ਅਕਾਲ-ਤਖਤ ਦੀ ਹੋਂਦ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਨ। ਪਰੰਤੂ ਇਹ
ਦਲੀਲ ਤਰਕਸੰਗਤ ਨਹੀਂ। ਉਸ ਤਖਤ ਦੇ ਪ੍ਰਤੀਕਾਤਮਿਕ ਅਰਥ ਸਿੱਖ ਮੱਤ ਵਿੱਚ ਮੀਰੀ ਦੇ ਪੱਖ ਦੇ ਸਥਾਪਤ
ਹੋਣ ਵਿੱਚ ਵਿਅਕਤ ਹੋਣੇ ਸਨ ਅਤੇ ਇਹ ਟੀਚਾ ਭਲੀ ਭਾਂਤ ਪੂਰਾ ਹੋ ਗਿਆ ਸੀ। ਉਸ ਤਖਤ ਦੇ
ਪ੍ਰਤੀਕਾਤਮਿਕ ਅਰਥਾਂ ਦਾ ਵੀਹਵੀਂ ਸਦੀ ਵਿੱਚ ਧੋਖੇ ਨਾਲ ਹੋਂਦ ਵਿੱਚ ਲਿਆਂਦੀ ਗਈ ਅਖੌਤੀ ਅਕਾਲ-ਤਖਤ
ਦੀ ਨਾਂਹ-ਪੱਖੀ ਵਿਵਸਥਾ ਨਾਲ ਕੋਈ ਸਬੰਧ ਨਹੀਂ ਬਣਦਾ।
ਗਲਤ-ਬਿਆਨੀ
ਚੌਥੇ ਪੱਖ ਦੇ ਸੰਦਰਭ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਗੁਰਤਾਗੱਦੀ ਵੀ ਇੱਕ
ਤਖਤ ਸੀ। ਪਾਠਕਾਂ ਅੱਗੇ ਸ਼ਬਦ-ਜਾਲ ਵਿਛਾ ਕੇ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ
ਗੁਰਤਾਗੱਦੀ ਇੱਕ ਤਖਤ ਸੀ, ਛੇਵੇਂ ਗੁਰੂ ਜੀ ਦਾ ਤਖਤ ਇਸ ਦਾ ਪ੍ਰਤੀਕਾਤਮਕ ਪ੍ਰਗਟਾਵਾ ਸੀ, ਇਹ ਤਖਤ
ਹੀ ਅਕਾਲ ਬੁੰਗਾ ਸੀ, ਅਕਾਲ ਬੁੰਗਾ ਹੀ ਗੁਰਦੁਆਰਾ ਅਕਾਲ ਬੁੰਗਾ ਸੀ ਅਤੇ ਗੁਰਦੁਆਰਾ ਅਕਾਲ ਬੁੰਗਾ
ਹੀ ਅਖੌਤੀ ਅਕਾਲ-ਤਖਤ ਸੀ। ਹੁਣ ਗੁਰਤਾਗੱਦੀ ਨੂੰ ਤਖਤ ਕਿਵੇਂ ਕਿਹਾ ਜਾ ਸਕਦਾ ਹੈ? ਪੰਜਵੇਂ ਗੁਰੂ
ਜੀ ਤਕ ਦੇ ਗੁਰੂ ਸਾਹਿਬਾਨ ਵਿੱਚੋਂ ਕੋਈ ਵੀ ਕਿਸੇ ਤਖਤ ਤੇ ਨਹੀਂ ਬੈਠਾ ਸੀ। ਉਦੋਂ ਤਕ ਸਿੱਖ ਮੱਤ
ਕੇਵਲ ਪੀਰੀ ਤੇ ਹੀ ਅਧਾਰਿਤ ਸੀ। ਇਹ ਸਾਰੇ ਗੁਰੂ ਸਾਹਿਬਾਨ ਪੀਰਾਂ ਵਾਂਗ ਵਿਚਰਦੇ ਰਹੇ ਹਨ ਅਤੇ
ਸਾਦਗੀ ਦੇ ਪੁੰਜ ਪੀਰ ਲੋਕ ਕਦੀ ਆਪਣੇ ਲਈ ਕਿਸੇ ਤਖਤ ਦਾ ਸੰਕਲਪ ਨਹੀਂ ਕਿਆਸਦੇ। ਕਿਸੇ ਗੁਰ-ਪੀਰ ਦੀ
ਗੱਦੀ ਕੇਵਲ ਪੀਰੀ ਦਾ ਸੰਦੇਸ਼ ਦੇਣ ਖਾਤਰ ਹੀ ਹੁੰਦੀ ਹੈ ਤਖਤ ਵਜੋਂ ਪਰਦਰਸ਼ਿਤ ਕਰਨ ਲਈ ਨਹੀਂ। ਇਹ
ਠੀਕ ਹੈ ਕਿ ਸ਼ਰਧਾਲੂ ਲੋਕ ਗੁਰੂ ਸਾਹਿਬਾਨ ਲਈ ‘ਸੱਚਾ ਪਾਤਸ਼ਾਹ’ ਦਾ ਲਕਬ ਵਰਤਣ ਲੱਗ ਪਏ ਸਨ ਪਰੰਤੂ
ਇਥੇ ‘ਸੱਚਾ’ ਸ਼ਬਦ ਪੀਰੀ ਨਾਲ ਜੁੜੀ ਅਧਿਆਤਮਿਕਤਾ ਦਾ ਲਖਾਇਕ ਹੈ ਅਤੇ ‘ਪਾਤਸ਼ਾਹ’ ਸਤਿਕਾਰ ਦੇ
ਵਡਿੱਤਣ ਦਾ। ਗੁਰੂ ਸਾਹਿਬਾਨ ਵਿੱਚੋਂ ਕਿਸੇ ਨੇ ਵੀ ਖੁਦ ਲਈ ਇਸ ਟਾਈਟਲ ਦੀ ਵਰਤੋਂ ਨਹੀਂ ਕੀਤੀ। ਇਹ
ਦਾਵ੍ਹਾ ਸਰਾਸਰ ਝੂਠ ਹੈ ਕਿ “ਗੁਰੂ ਅਰਜਨ ਜੀ ਨੇ ਆਪਣੇ ਲਈ ਸੱਚਾ ਪਾਤਸ਼ਾਹ ਵਰਗਾ ਵਿਸ਼ੇਸ਼ਣ (
title)
ਆਮ ਵਰਤਣਾ ਸ਼ੁਰੂ ਕੀਤਾ ਸੀ। “ (ਵੇਖੋ, ਸ. ਹਰਦੇਵ ਸਿੰਘ ਜੰਮੂ ਜੀ ਦਾ ਸਿੱਖਮਾਰਗ ਵੈਬਸਾਈਟ ਤੇ ਆਇਆ
ਲੇਖ ‘ਗੁਰੂ ਦਾ ਉਸਾਰਿਆ ਅਕਾਲ ਤਖਤ’।) ਛੇਵੇਂ ਗੁਰੂ ਜੀ ਦੇ ਤਖਤ ਦਾ ਮਹੱਤਵ ਸਿੱਖ ਮੱਤ ਵਿੱਚ ਮੀਰੀ
ਦਾ ਪੱਖ ਸ਼ਾਮਲ ਕਰਨ ਵਿੱਚ ਸੀ ਨਾ ਕਿ ਪੀਰੀ ਦੇ ਪੱਖ ਗੁਰਗੱਦੀ ਦਾ ਪ੍ਰਤੀਕਾਤਮਕ ਅਰਥ ਵਿਅਕਤ ਕਰਨ
ਵਿਚ। ਇਸ ਤਖਤ ਦੀ ਵਰਤੋਂ ਰਾਹੀਂ ਸਿੱਖ ਮੱਤ ਵਿੱਚ ਮੀਰੀ ਦਾ ਅੰਸ਼ ਬੜੀ ਸਫਲਤਾ ਨਾਲ ਸ਼ਾਮਲ ਹੋ ਗਿਆ
ਸੀ ਜਿਸ ਦਾ ਇਤਹਾਸ ਗਵਾਹ ਹੈ ਭਾਵੇਂ ਕਿ ਕੁੱਝ ਸਮੇਂ ਪਿੱਛੋਂ ਇਸ ਤਖਤ ਨੂੰ ਦੋਖੀਆਂ ਵੱਲੋਂ ਅਲੋਪ
ਵੀ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਇਸ ਤਖਤ ਦਾ ਇੱਕ ਅਤੀ ਮਹੱਤਵਪੂਰਨ ਪਰੰਤੂ ਸੀਮਿਤ ਮਨੋਰਥ ਸੀ
ਅਤੇ ਇਸ ਨੂੰ ਸਮੁੱਚੇ ਸਿੱਖ ਫਲਸਫੇ ਦਾ ਪ੍ਰਤੀਕ ਬਣਾ ਧਰਨਾ ਇੱਕ ਅਤਕਥਨੀ ਹੀ ਹੈ। ਪਰੰਤੂ ਇਹ
ਬਿਲਕੁਲ ਸਪਸ਼ਟ ਹੈ ਕਿ ਛੇਵੇਂ ਗੁਰੂ ਜੀ ਦਾ ਤਖਤ, ਅਕਾਲ ਬੁੰਗਾ, ਗੁਰਦੁਆਰਾ ਅਕਾਲ ਬੁੰਗਾ ਅਤੇ
ਅਖੌਤੀ ਅਕਾਲ-ਤਖਤ ਸਾਰੇ ਸਿੱਖ ਇਤਹਾਸ ਦੇ ਵੱਖੋ-ਵੱਖਰੇ ਪੜਾ ਹਨ, ਇੱਕ ਬੱਝਵੀਂ ਪਰੰਪਰਾ ਨਹੀਂ। ਇਹ
ਵੀ ਅਸਲੋਂ ਹੀ ਗੈਰਵਿਗਿਆਨਕ ਅਤੇ ਹਾਸੋਹੀਣਾ ਕਥਨ ਹੈ ਕਿ ਛੇਵੇਂ ਗੁਰੂ ਜੀ ਦਾ ਤਖਤ ਗੁਰਤਾਗੱਦੀ ਦਾ
ਪਰਤੀਕ ਸੀ ਅਤੇ ਅਖੌਤੀ ਅਕਾਲ ਤਖਤ ਅੱਗੇ ਛੇਵੇਂ ਗੁਰੂ ਜੀ ਦੇ ਤਖਤ ਦਾ ਪਰਤੀਕ ਹੈ। ਕਿਸੇ ਪ੍ਰਤੀਕ
ਦਾ ਅੱਗੇ ਕੋਈ ਹੋਰ ਪ੍ਰਤੀਕ ਹੋਣਾ ਤਰਕਸ਼ਾਸਤਰ ਦੇ ਕਿਸੇ ਸਿਧਾਂਤ ਨੂੰ ਰੂਪਮਾਨ ਨਹੀਂ ਕਰਦਾ। ਇੱਕ
ਪਾਸੇ ਤਾਂ ਇਹ ਗਲਤ-ਬਿਆਨੀ ਕੇਵਲ ਚਲਾਕੀ ਨਾਲ ਝੂਠ ਨੂੰ ਸੱਚ ਕਰ ਕੇ ਪੇਸ਼ ਕਰਨ ਦੀ ਇੱਕ ਜੁਗਤ ਹੋ
ਸਕਦੀ ਹੈ। ਦੂਸਰੇ ਪਾਸੇ ਇਸ ਧਾਰਨਾਂ ਦੇ ਬੜੇ ਗੰਭੀਰ ਸਿੱਟੇ ਨਿਕਲਦੇ ਹਨ ਕਿਉਂਕਿ ਇਸਤਰ੍ਹਾਂ ਤਾਂ
ਅਖੌਤੀ ਅਕਾਲ-ਤਖਤ ਗੁਰਗੱਦੀ ਦਾ ਵਿਕਲਪ (substitute)
ਬਣ ਜਾਂਦਾ ਹੈ ਅਤੇ ਇਸ ਦਾ ‘ਜਥੇਦਾਰ’ ਗੁਰਗੱਦੀ ਦਾ ਦਾਵੇਦਾਰ। ਇਸ ਸਿਸਟਮ ਰਾਹੀਂ ਤਾਂ ਸਿੱਖ ਮੱਤ
ਵਿੱਚ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੂਮਿਕਾ ਹੀ ਸਮਾਪਤ ਹੋ ਜਾਂਦੀ ਹੈ। ਸ਼ਾਇਦ
ਅਖੌਤੀ ਅਕਾਲ-ਤਖਤ ਦੀ ਵਕਾਲਤ ਕਰਨ ਵਾਲਿਆਂ ਦੀ ਇਹੀ ਮਨਸ਼ਾ ਹੋਵੇ!
ਆਖਰ ਵਿੱਚ ਅਸੀਂ ਇਸ ਸਵਾਲ ਤੇ ਵਿਚਾਰ ਕਰਦੇ ਹਾਂ ਕਿ ਪਹਿਲੇ ਤਿੰਨ ਗੁਰੂ
ਸਾਹਿਬਾਨ ਵਿੱਚੋਂ ਕਿਸੇ ਨੇ ਕੋਈ ਤਖਤ ਕਿਉਂ ਨਹੀਂ ਸੀ ਉਸਾਰਿਆ। ਇਥੇ ਇਹ ਵੀ ਸਵਾਲ ਕੀਤਾ ਜਾ ਸਕਦਾ
ਹੈ ਉਹਨਾਂ ਵਿੱਚੋਂ ਕਿਸੇ ਨੇ ਪੰਜ ਪਿਆਰੇ ਕਿਉਂ ਨਹੀਂ ਸੀ ਸਾਜੇ। ਖੈਰ, ਪਹਿਲੇ ਤਿੰਨ ਗੁਰੂ
ਸਾਹਿਬਾਨ ਦਾ ਕੋਈ ਤਖਤ ਬਣਾਉਣ ਬਾਰੇ ਨਾ ਸੋਚਣਾ ਇਸ ਕਰਕੇ ਨਹੀਂ ਸੀ ਕਿ ਉਹਨਾਂ ਦੀ ਗੁਰਗੱਦੀ ਹੀ
ਤਖਤ ਸੀ ਬਲਕਿ ਇਸ ਕਰਕੇ ਕਿ ਉਹਨਾਂ ਦੇ ਸਮਿਆਂ ਵਿੱਚ ਹਾਲੇ ਗੁਰੂ ਸਾਹਿਬਾਨ ਅਤੇ ਉਹਨਾਂ ਦੇ
ਸ਼ਰਧਾਲੂਆਂ ਉੱਤੇ ਸਿੱਧੇ ਤੌਰ ਤੇ ਸਰਕਾਰੀ ਜ਼ੁਲਮ ਦਾ ਦੌਰ ਨਹੀਂ ਸੀ ਸ਼ੁਰੂ ਹੋਇਆ। ਵੇਲੇ ਦੀ ਜ਼ਾਲਮ
ਸਰਕਾਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ ਗਏ ਅਮਾਨਵੀ ਵਤੀਰੇ ਨਾਲ ਸਿੱਖ ਮੱਤ ਲਈ
ਹਾਲਾਤ ਵਿੱਚ ਭਾਰੀ ਤਬਦੀਲੀ ਆ ਗਈ ਸੀ। ਇਸੇ ਲਈ ਹੀ ਉਹਨਾਂ ਨੇ ਭਵਿਖ ਦੇ ਹਾਲਾਤ ਦਾ ਕਿਆਸ ਕਰਦਿਆਂ
ਸਿੱਖ ਮੱਤ ਵਿੱਚ ਮੀਰੀ ਦਾ ਪੱਖ ਸ਼ਾਮਲ ਕਰਨਾ ਜ਼ਰੂਰੀ ਮਿੱਥ ਲਿਆ ਅਤੇ ਇਸ ਪ੍ਰੀਕਿਰਿਆ ਵਿੱਚ ਤਖਤ ਦੀ
ਅਹਿਮ ਭੂਮਿਕਾ ਬਣਨੀ ਸੀ। ਪਰੰਤੂ ਇਸ ਤਖਤ ਦੀ ਜਗਹ ਤੇ ਅਕਾਲ ਬੁੰਗਾ ਨਾਮੀ ਰਿਹਾਇਸ਼ਗਾਹ ਉਸਾਰਨੀ, ਉਸ
ਨੂੰ ਅਕਾਲ ਬੁੰਗਾ ਦਾ ਨਾਮ ਦੇਣਾ, ਅਕਾਲ ਬੁੰਗੇ ਨੂੰ ਇੱਕ ਗੁਰਦੁਆਰੇ ਵਿੱਚ ਤਬਦੀਲ ਕਰਨਾ ਅਤੇ ਉਸ
ਗੁਰਦੁਆਰੇ ਨੂੰ ਅਖੌਤੀ ਅਕਾਲ-ਤਖਤ ਦਾ ਰੂਪ ਦੇ ਦੇਣਾ, ਇਹ ਸਾਰਾ ਕੁੱਝ ਗੁਰੂ ਸਾਹਿਬਾਨ ਦੇ ਮਿਸ਼ਨ
ਵਿੱਚ ਸ਼ਾਮਲ ਨਹੀਂ ਸੀ।
ਗੁਰੂ ਸਾਹਿਬਾਨ ਨੇ ਅੰਮ੍ਰਿਤਸਰ ਵਿਖੇ ਕੇਵਲ ਤਖਤ ਹੀ ਉਸਾਰਿਆ ਸੀ, ਕੋਈ ‘ਅਕਾਲ ਤਖਤ’ ਨਹੀਂ। ਇਸ
ਲਈ ਅਖੌਤੀ ਅਕਾਲ-ਤਖਤ ਨੂੰ ਸਿੱਖ ਸਭਿਆਚਾਰ ਵਿੱਚੋਂ ਛੇਕ ਦੇਣ ਵਿੱਚ ਹੀ ਭਲਾ ਹੈ।
ਇਕਬਾਲ ਸਿੰਘ ਢਿੱਲੋਂ (ਡਾ.)
ਚੰਡੀਗੜ੍ਹ। (ਸੰਪਰਕ ਲਈ ਫੋਨ ਨੰ. 09317910734)