.

ਸਿੰਘ ਸਜੋ –- ਸਿੱਖ ਸਜੋ –- ਸਿੰਹ ਸਜੋ?

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਸਿੰਘ ਅਤੇ ਸਿੰਹ –- ਚੇਤੇ ਰਹੇ! ਜਦੋਂ ਕੋਈ ਲਫ਼ਜ਼ ਆਪਣੀ ਖਾਸ ਜਗ੍ਹਾ ਲੈ ਲੈਂਦਾ ਹੈ ਤਾਂ ਉਸ ਦੇ ਹੋਰ ਅਰਥ ਜਾਂ ਦੂਜੇ ਲਫ਼ਜ਼ਾਂ ਨਾਲ ਉਸ ਦਾ ਅਦਲ ਬਦਲ ਨਹੀਂ ਹੋ ਸਕਦਾ। ਜਦੋਂ ਗੁਰਦੇਵ ਨੇ ਬਖ਼ਸ਼ਿਸ਼ ਕਰ ਕੇ ਸਾਡੇ ਨਾਵਾਂ ਨਾਲ ਲਫਜ਼ ‘ਸਿੰਘ’ - ‘ਕੌਰ’ ਪੱਕੇ ਕਰ ਦਿੱਤੇ ਤਾਂ ਇਨ੍ਹਾਂ `ਚ ਅਦਲਾ ਬਦਲੀ ਨਹੀਂ ਕੀਤੀ ਜਾ ਸਕਦੀ। ‘ਸਿੰਘ’ ਤੇ ‘ਕੌਰ’, ਸਿੱਖ ਲਈ ਉਸ ਦੀ ਪ੍ਰਵਾਰਕ ਇਕਾਈ ਦੇ ਸੂਚਕ ਹਨ। ਇਹੀ ਕਾਰਨ ਹੈ ਸਿੰਘ’ ਦੇ ਬਦਲੇ ਸਿੰਹ, ਟਾਈਗਰ ਜਾਂ ਲਾਇਨ ਆਦਿ ਲਫ਼ਜ਼ ਨਹੀਂ ਵਰਤੇ ਜਾ ਸਕਦੇ। ਉਥੇ ਉਹ ਕੇਵਲ ‘ਪ੍ਰਦੀਪ ਸਿੰਘ’ ‘ਜਗਜੀਤ ਸਿੰਘ’ ਜਾਂ ‘ਹਰਨਾਮ ਸਿੰਘ’ ਹੀ ਹੋਣਗੇ ਨਾ ਕਿ ‘ਪ੍ਰਦੀਪ ਸਿੰਹ’ ‘ਜਗਜੀਤ ਸਿੰਹ’ ‘ਹਰਨਾਮ ਸਿੰਹ’ ਆਦਿ ਜਿਵੇਂ ਕਿ ਅੱਜ ਹੋ ਰਿਹਾ ਹੈ।

ਸਿੰਘ ਸਜੋ, ਖਾਲਸੇ ਸਜੋ? - ਕਿਧਰੇ ‘ਪਾਹੁਲ ਸਮਾਗਮ’ (ਅੰਮ੍ਰਿਤ ਸੰਚਾਰ) ਹੋ ਰਿਹਾ ਹੋਵੇ-ਬੈਨਰ, ਹੈਂਡ ਬਿੱਲ, ਇਸ਼ਤਿਹਾਰ ਮਿਲਣਗੇ “ਅੰਮ੍ਰਿਤ ਛਕੋ-–ਸਿੰਘ ਸਜੋ”, ਜਿਸ ਦਾ ਸਿੱਧਾ ਅਰਥ ਹੈ “ਅਸੀਂ ਸਿੱਖ ਤਾਂ ਹਾਂ ਹੀ ਪਰ ਸਿੰਘ ਹੋਣ ਲਈ ਅਸਾਂ ਪਾਹੁਲ ਲੈਣੀ ਹੈ” ਭਾਵ “ਅੰਮ੍ਰਿਤ ਛਕ ਕੇ ਤਾਂ ‘ਸਿੰਘ ਹੀ ਸਜਣਾ ਹੈ-ਜਦੋਂ ਮਨ ਮੰਨੇਗਾ, ਛਕ ਲਵਾਂਗੇ” ਹੋਰ “ਅੰਮ੍ਰਿਤ ਛਕ ਕੇ-ਖਾਲਸੇ ਸਜੋ” “ਅੰਮ੍ਰਿਤ ਛਕ ਕੇ ਖਾਲਸੇ ਬਣੋ” “ਅੰਮ੍ਰਿਤ ਛਕ ਕੇ-ਗੁਰੂ ਵਾਲੇ ਬਣੋ”। ਹਾਲਾਂਕਿ ਅਸਲ ਲਫ਼ਜ਼ ਹੋਣਾ ਹੈ “ਪਾਹੁਲ ਲਵੋ ਤੇ ਸਿੱਖ ਸਜੋ’ - ‘ਪਾਹੁਲ ਲੈ ਕੇ-ਸਿੱਖ ਸਜੋ’। ਅਸਲ `ਚ ਅਸਾਂ “ਖੰਡੇ ਦੀ ਪਾਹੁਲ ਲੈਣੀ ਹੈ ਸਿੱਖ ਸਜਣ ਤੇ ‘ਗੁਰਬਾਣੀ ਅੰਮ੍ਰਿਤ ਨੂੰ ਆਪਣਾ ਜੀਵਨ ਅਰਪਣ ਕਰਣ ਲਈ।

ਅਸੀਂ ਸਿੱਖ ਤਾਂ ਹਾਂ ਹੀ- ਅੱਜ ਅਨੇਕਾਂ ਪ੍ਰਵਾਰ ਬਿਨਾ ਪਾਹੁਲ ਹਨ, ਕੌਣ ਹੈ ਇਸ ਲਈ ਜ਼ਿੰਮੇਵਾਰ? ਜਦੋਂ ਅਸਾਂ ਆਪ ਮੰਨ ਲਿਆ ਤੇ ਪ੍ਰਚਾਰਦੇ ਵੀ ਇਹੀ ਹਾਂ “ਅੰਮ੍ਰਿਤ ਛਕਣਾ ਤਾਂ ਹਰ ਕਿਸੇ ਦੀ ਮਰਜ਼ੀ `ਤੇ ਹੈ, ਕੋਈ ਛਕੇ ਜਾਂ ਨਾ ਛਕੇ”। ਫ਼ਿਰ ਜਿਹੜੇ ਨਹੀਂ ਛਕ ਰਹੇ, ਉਨ੍ਹਾਂ `ਚੋਂ ਬਹੁਤੇ ਹਨ ਜੋ ਸਾਫ਼ ਕਹਿੰਦੇ ਹਨ “ਚੂੰਕਿ ਅਸਾਂ ਅਜੇ ਪਾਹੁਲ ਨਹੀਂ ਲਈ… ਅਸੀਂ ਅਜੇ ਖਾਲਸੇ ਨਹੀਂ… ਅਸੀਂ ਅਜੇ ਸਿੰਘ ਨਹੀਂ ਸਜੇ. . ਫ਼ਿਰ ਵੀ ਅਸੀਂ ਸਿੱਖ ਤਾਂ ਹਾਂ ਹੀ”। ਉਪ੍ਰੰਤ “ਨਿੱਤਨੇਮ ਕਰਣਾ ਤਾਂ ਅੰਮ੍ਰਿਤਧਾਰੀਆਂ ਲਈ ਜ਼ਰੂਰੀ ਹੈ, ਸਾਡੇ ਲਈ ਨਹੀਂ” ਆਦਿ। ਇਹ ਵੀ ਕਿਹਾ ਜਾ ਰਿਹਾ ਹੈ “ਗੁਰੂ ਨਾਨਕ ਜੀ ਤੋਂ ਲੈ ਕੇ 1699 ਤੱਕ ਸਾਰੇ ਸਿੱਖ ਹੀ ਸਨ, ਉਨ੍ਹਾਂ ਕਿਹੜਾ ਅੰਮ੍ਰਿਤ ਛਕਿਆ ਹੋਇਆ ਸੀ”। ਉਹ ਵੀ ਹਨ ਜਿਹੜੇ ਇਸ ਗ਼ਲਤ ਨਾਹਰੇ ਨੂੰ ਇਨਾਂ ਨੀਵਾਂ ਲੈ ਜਾਂਦੇ ਹਨ ‘ਅੰਮ੍ਰਿਤ ਛਕ ਕੇ ਤਾਂ ਕੋਈ-ਸਿੰਘ ਜਾਂ ਖਾਲਸਾ ਹੁੰਦਾ ਹੈ। ਅਸੀਂ ਮੰਣਦੇ ਤਾਂ ਗੁਰੂ ਨਾਨਕ-–ਗੁਰੂ ਗ੍ਰੰਥ ਸਾਹਿਬ ਨੂੰ ਹੀ ਹਾਂ, ਕੀ ਹੋਇਆ ਜੇ ਅਸਾਂ ਕੇਸ ਨਹੀਂ ਰੱਖੇ, ਹਾਂ ਤਾਂ ਅਸੀਂ ਪੱਕੇ ਸਿੱਖ-ਸਿੱਖ ਵਾਸਤੇ ਵਾਲ ਰਖਣੇ ਜ਼ਰੂਰੀ ਨਹੀਂ, ਉਹ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਸਿੰਘ ਜਾਂ ਖਾਲਸੇ ਲਈ ਜ਼ਰੂਰੀ ਹਨ”। ਬਹੁਤੇਰੇ ਹਨ ਜਿਨ੍ਹਾਂ ਆਪਣੇ ਨਾਵਾਂ ਨਾਲ ਸਿੰਘ-ਕੋਰ ਲਿਖਵਾਉਣਾ ਹੀ ਬੰਦ ਕਰ ਦਿੱਤਾ ਹੈ; ਪੁਛੋ ਤਾਂ ਜੁਆਬ ਮਿਲਦਾ ਹੈ “ਅਜੇ, ਅਸਾਂ ਕਿਹੜਾ ਅੰਮ੍ਰਿਤ ਛਕਿਆ ਹੈ-ਸਿੰਘ-ਕੌਰ ਤਾਂ ਅੰਮ੍ਰਿਤ ਛਕਣ ਤੋਂ ਬਾਅਦ ਜ਼ਰੂਰੀ ਹੈ”। ਅਨੇਕਾਂ ਸ਼ਰਾਬ-ਵਿਭਚਾਰ `ਚ ਡੁੱਬੇ ਹੁੰਦੇ ਹਨ, ਕੇਵਲ ਇਸੇ ਗੁਮਰਾਹਕੁਨ ਪ੍ਰਚਾਰ ਦੀ ਟੇਕ ਲੈ ਕੇ। ਪੁਛੋ ਤਾਂ ਉੇੱਤਰ ਹੁੰਦਾ ਹੈ, “ਇਹ ਪਾਬੰਦੀ ਤਾਂ ਅਮ੍ਰਿਤਧਾਰੀਆਂ (ਪਾਹੁਲਧਾਰੀਆਂ) ਲਈ ਹੈ, ਅਸੀਂ ਵੀ ਜਦੋਂ ਪਾਹੁਲ ਲੈ ਲਵਾਂਗੇ, ਪੀਣੀ ਬੰਦ ਕਰ ਦੇਵਾਂਗੇ” ਅਤੇ ਹੋਰ ਅਨੇਕਾਂ ਢੁੱਚਰਾਂ ਹਨ ਕੇਵਲ ਇਕੋ ਗੁਮਰਾਹਕੁਣ ਨਾਹਰੇ ਦਾ ਨਤੀਜਾ।

ਇਸ ਲਈ ਇਹ ਕਰਾਮਾਤਾਂ ਹਨ, ਇਸੇ ਗੁਮਰਾਹਕੁਨ ਨਾਹਰੇ ਦੀਆਂ। ਨਾਰ੍ਹਾ ਆਪਣੇ ਆਪ `ਚ ਸਾਬਤ ਕਰਦਾ ਹੈ, ਅੱਜ ਸਿੱਖਾਂ `ਚ ਕਿਨੀਂ ਅਗਿਆਨਤਾ ਵਧ ਚੁੱਕੀ ਹੈ, ਛੋਟੀ ਤੋਂ ਛੋਟੀ ਗੱਲ ਵੀ ਭੇਡਚਾਲ ਦੀਆਂ ਹੱਦਾਂ ਟੱਪ ਰਹੀ ਹੈ। ਸਾਡਾ ਸਿੱਖੀ ਬਾਰੇ ਜੋਸ਼ ਤੇ ਲਗਣ-ਸਾਡੇ ਅੰਦਰੋਂ ਸਿੱਖੀ ਜੀਵਨ ਦੀ ਸਾਂਝ ਤੋਂ ਖਾਲੀ ਪਿਆ ਹੈ। ਉਪਰਲੀ ਪੜਤ ਬਾਕੀ ਹੈ ਤੇ ਉਸੇ ਦਾ ਨਤੀਜਾ ਹੈ ਕਿ ਆਉਂਦੀ ਸਿੱਖ ਪਨੀਰੀ ਅੰਦਰ ਸਿੱਖੀ ਬਹੁਤ ਦੂਰ ਦੀ ਗੱਲ ਬਣਦੀ ਜਾ ਰਹੀ ਹੈ। ਪੂਰਾ ਪੰਜਾਬ, ਸਰੂਪ ਤੋਂ ਖਾਲੀ ਹੋ ਚੁੱਕਾ ਹੈ, ਵਿਦੇਸ਼ਾਂ `ਚ ਇਹ ਹੱਦ ਹੋਰ ਵੀ ਟੱਪੀ ਪਈ ਹੈ। ਆਖਿਰ ਵਿਰੋਧੀਆਂ ਨੂੰ ਕੀ ਚਾਹੀਦਾ ਸੀ? ਇਸ ਦੇ ਲਈ ਰਸਤਾ ਵੀ ਅਸੀਂ ਆਪ ਹੀ ਦੇ ਰਹੇ ਹਾਂ, ਬੀਜ ਆਪ ਪਾ ਰਹੇ ਹਾਂ। ਕਿਸੇ ਨਾਰ੍ਹਾ ਲਗਾਇਆ, ‘ਅੰਮ੍ਰਿਤ ਛਕੋ, ਸਿੰਘ ਸਜੋ’। ਅਗੇ ਟੁਰਿਆ ਤੇ ਬਣ ਗਿਆ “ਅੰਮ੍ਰਿਤ ਛਕ ਕੇ-ਖਾਲਸੇ ਸਜੋ” “ਅੰਮ੍ਰਿਤ ਛਕ ਕੇ-ਖਾਲਸਾ ਪੰਥ `ਚ ਸ਼ਾਮਲ ਹੋਵੋ” “ਅੰਮ੍ਰਿਤ ਛਕ ਕੇ-ਗੁਰੂ ਵਾਲੇ ਬਣੋ”। ਦੇਖਦੇ ਦੇਖਦੇ ਸਮੁਚੇ ਪੰਥ ਲਈ, ਛੂਤ ਦੀ ਬਿਮਾਰੀ ਵਾਂਙ ਇਹ ਨਾਰ੍ਹਾ ਤੇ ਇਸ ਦੇ ਕਿਟਾਣੂ ਪੂਰੇ ਪੰਥ `ਚ ਫੈਲ ਗਏ। ਕਿਸੇ ਨੂੰ ਸੋਚਣ ਦੀ ਫੁਰਸਤ ਨਹੀਂ, ਕਹਿ ਕੀ ਰਹੇ ਹਾਂ? ਇਸ ਦੇ ਅਰਥ ਕੀ `ਤੇ ਨਤੀਜਾ ਕੀ ਆ ਰਿਹਾ ਹੈ? ਖੇਤ੍ਰੀ ਗੁਰਦੁਆਰਾ ਕਮੇਟੀਆਂ-ਸਭਾਵਾਂ ਤੋ ਲੈ ਕੇ ਵੱਡੀਆਂ ਕਮੇਟੀਆਂ, ਪ੍ਰਚਾਰਕ, ਨੇਤਾ- ਗਣ ਸਾਰੇ ਇਸ ਦੀ ਲਪੇਟ `ਚ ਹਨ। ਸਿੱਖ ਦਾ ਸਰੂਪ ਨਦਾਰਦ ਹੁੰਦਾ ਜਾ ਰਿਹਾ ਹੈ, ਪੰਥ ਗੁੰਮ ਹੋ ਰਿਹਾ ਹੈ-ਕਿਉਂਕਿ ਮੰਨ ਲਿਆ ਹੈ “ਅੰਮ੍ਰਿਤ ਛਕੇ ਬਿਨਾ ਅਸੀਂ ਕੁੱਝ ਵੀ ਕਰ ਲਈਏ, ਹਾਂ ਤਾਂ ਪੱਕੇ ਸਿੱਖ”।

ਸਿੱਖ, ਸਿੰਘ, ਖਾਲਸਾ ਭਿੰਨ-ਭਿੰਨ ਨਹੀਂ ਹਨ- ਪਹਿਲਾਂ ਸਰੂਪ `ਚ ਆਉਂਦੇ ਹਾਂ ਤਾਂ ਸਾਨੂੰ ਪਾਹੁਲ ਲੈਣ ਦਾ ਹੱਕ ਮਿਲਦਾ ਹੈ। ਇਸ ਤਰ੍ਹਾਂ ਪਾਹੁਲ ਲੈਣ ਤੋਂ ਬਾਅਦ ਅਸੀਂ ਸਿੱਖ ਧਰਮ `ਚ ਪ੍ਰਵੇਸ਼ ਕਰਦੇ ਹਾਂ, ਸਿੱਖ ਸਜਦੇ ਹਾਂ। ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਸਾਡੇ ਨਾਵਾਂ `ਚ ਤਬਦੀਲੀ ਕਰ ਕੇ ਸਾਡੇ ਨਾਵਾਂ ਨਾਲ ‘ਸਿੰਘ-ਕੌਰ’ ਲਗਾਇਆ ਤੇ ਸਾਨੂੰ ਫ਼ਤਹਿ ਵਾਲਾ ਬੋਲਾ ਬਖਸ਼ਿਆ। ਇਸੇ ਤੋਂ ਸੰਸਾਰ ਨੇ ਸਾਨੂੰ ‘ਸਿੰਘ ਜੀ’ ਤੇ ਬੋਲੇ ਤੋਂ ‘ਖਾਲਸਾ ਜੀ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਿੱਖ ਨੂੰ ਹੀ ਸਿੰਘ ਤੇ ਖਾਲਸੇ ਕਿਹਾ ਜਾਣ ਲੱਗਾ। ਸਿੱਖ ਅਖਵਾਉਣ ਦਾ ਹੱਕ ਤਾਂ ਸਾਨੂੰ ਪ੍ਰਾਪਤ ਹੀ ਉਦੋ ਹੁੰਦਾ ਹੈ ਜਦੋਂ ਅਸੀਂ ਆਪਣਾ ‘ਤਨ ਮਨ ਧਨ’ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਸੌਂਪਦੇ ਹਾਂ। ਇਸੇ ਦਾ ਅੱਜ ਨਾਮ ਹੈ “ਅੰਮ੍ਰਿਤ ਛਕਣਾ” ਜਦਕਿ ਸੰਨ 1860 ਤੋਂ ਪਹਿਲਾਂ ਇਸ ਦਾ ਅਸਲ ਨਾਮ ਸੀ ‘ਖੰਡੇ ਦੀ ਪਾਹੁਲ’ ਲੈ ਕੇ ‘ਸਿੱਖ ਸਜਣਾ’। ਪਹਿਲੇ ਪਾਤਸ਼ਾਹ ਤੋਂ ਵਿਸਾਖੀ 1699 ਤੱਕ ‘ਖੰਡੇ ਦੀ ਪਾਹੁਲ’ ਦਾ ਸਰੂਪ “ਚਰਨ ਪਾਹੁਲ” ਸੀ। ਅਰਥ ਸਨ, ਪ੍ਰਭੂ ਬਖਸ਼ੀ ਮਨੁੱਖੀ ਸ਼ਕਲ ਦੇ ਵਫ਼ਾਦਾਰ ਹੋ ਕੇ, ਬਾਣੀ ਦੇ ਚਰਨਾਂ ਨਾਲ ਜੁੜਣ ਲਈ ਪ੍ਰਣ, ਬਾਣੀ ਦੀ ਸਿੱਖਿਆ ਨੂੰ ਜੀਵਨ ਅਰਪਣ ਕਰ ਕੇ ‘ਸਿੱਖ’ ਹੋਣਾ। ਇਹੀ ਸੀ ਸਾਡਾ ‘ਸਿੱਖ ਸਜਣਾ’, ਇਸ ਤੋਂ ਪਹਿਲਾਂ ਅਸੀਂ ਸਿੱਖ ਨਹੀਂ, ਕੇਵਲ ਸ਼ਰਧਾਲੂ ਹੋ ਸਕਦੇ ਹਾਂ। ਸਾਡੇ ਇਸੇ ਗ਼ਲਤ ਪ੍ਰਚਾਰ ਦਾ ਸਿੱਟਾ-ਜਿਸ ਕੌਮ `ਚ ਕਦੇ ਕੋਈ ਬਿਨਾ ਪਾਹੁਲ ਨਹੀਂ ਸੀ ਹੁੰਦਾ, ਅੱਜ 95% ਤੋਂ ਉਪਰ ਕੌਮ ਬਿਨਾ ਪਾਹੁਲ ਹੈ ਤੇ ਅਗੋਂ ਪਨੀਰੀ ‘ਸਫਾ-ਚੱਟ’।

‘ਪਾਹੁਲ ਲਵੋ-ਸਿੱਖ ਸਜੋ’ - ਇਸ ਦੇ ਲਈ ਅਸਲ ਲਫਜ਼ ਹੈ “ਪਾਹੁਲ ਲਵੋ-ਸਿੱਖ ਸਜੋ” ਜਾਂ “ਪਾਹੁਲ ਲੈ ਕੇ- ਸਿੱਖ ਸਜੋ” ਤਾ ਕਿ ਵਿਗੜੇ ਹਾਲਾਤ `ਚ ਵੀ ਹਰੇਕ ਨੂੰ ਚੇਤਾ ਹੋਵੇ ‘ਜੇਕਰ ਕਿਸੇ ਨੇ ਸਿੱਖ ਅਖਵਾਉਣਾ ਹੈ, ਗੁਰੂ ਨਾਨਕ-ਕਲਗੀਧਰ ਜੀ ਦਾ ਸਿੱਖ ਹੋਣਾ ਹੈ ਤਾਂ ਉਸ ਲਈ ਪਾਹੁਲ ਲੈਣੀ ਜ਼ਰੂਰੀ ਹੈ”। ਸਮਝਣਾ ਹੈ ਕਿ ‘ਅੰਮ੍ਰਿਤ ਛਕੋ-ਸਿੰਘ ਸਜੋ’ ਜਾਂ “ਅੰਮ੍ਰਿਤ ਛਕ ਕੇ-ਖਾਲਸੇ ਸਜੋ” “ਅੰਮ੍ਰਿਤ ਛਕ ਕੇ ਖਾਲਸਾ ਪੰਥ `ਚ ਸ਼ਾਮਲ ਹੋਵੋ” “ਅੰਮ੍ਰਿਤ ਛਕ ਕੇ-ਗੁਰੂ ਵਾਲੇ ਬਣੋ” ਵਰਗੇ ਨਾਰ੍ਹੇ ਹੀ ਸਾਡੀ ਤੱਬਾਹੀ ਲਈ ਸੱਦਾ ਬਣੇ ਹੋਏ ਹਨ। ਬਲਕਿ ਗੁਰਮੱਤ ਤੇ ਗੁਰਬਾਣੀ ਗਿਆਨ ਪਖੋਂ ਸਾਡੀ ਅਗਿਆਨਤਾ ਦਾ ਸਬੂਤ ਵੀ ਹਨ। ਸਿੱਖ ਨੇ ਵਿਚਾਰਵਾਣ ਬਨਣਾ ਹੈ, ਭੇਡਚਾਲ ਦਾ ਸ਼ਿਕਾਰ ਨਹੀਂ ਹੋਣਾ-ਤਾਂ ਤੇ ਅਸਲ ਲਫਜ਼ ਹੈ ‘ਪਾਹੁਲ ਲਵੋ-ਸਿੱਖ ਸਜੋ’। #03Gs87.12s11RJ#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਵੇਰਵੇ ਲਈ ਗੁਰਮੱਤ ਪਾਠ ਨੰ: 92 ਤੇ 152 “ਨਾਨਕ ਅੰਮ੍ਰਿਤੁ ਏਕੁ ਹੈ…”, “ਅੰਮ੍ਰਿਤੁ ਹਰਿ ਕਾ ਨਾਮੁ ਹੈ … “ਡੀਲਕਸ ਕਵਰ `ਚ ਵੰਡਣ ਲਈ ਪ੍ਰਾਪਤ ਹਨ ਜੀ।
.