.

ਖ਼ਾਲਸਾ ਪੰਥ

ਗੁਰੂ ਨਾਨਕ ਸਾਹਿਬ ਨੇ ਜਿਸ ਜੀਵਨ-ਜੁਗਤ ਨੂੰ ਦ੍ਰਿੜ ਕਰਵਾਇਆ ਸੀ, ਉਸੇ ਨੂੰ ਹੀ ਹਜ਼ੂਰ ਦੇ ਉਤਰਾਧਿਕਾਰੀ ਗੁਰੂ ਸਾਹਿਬਾਨ ਨੇ ਪ੍ਰਚਾਰਿਆ ਸੀ। ਇਸ ਲਈ ਹੀ ਦਸ ਗੁਰੂ ਸਾਹਿਬਾਨ ਨੂੰ ਇਕੋ ਜੋਤ ਅਤੇ ਜੁਗਤ ਦਾ ਧਾਰਨੀ ਕਿਹਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਇਸ ਹਕੀਕਤ ਦਾ ਹੀ ਪ੍ਰਗਟਾਵਾ ਕੀਤਾ ਗਿਆ ਹੈ:-
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ ੯੬੬) ਅਰਥ:- (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ) ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਦੇਵ ਜੀ) ਨੇ (ਕੇਵਲ ਸਰੀਰ ਹੀ) ਮੁੜ ਵਟਾਇਆ ਸੀ।
ਭਾਈ ਗੁਰਦਾਸ ਜੀ ਨੇ, ਇੱਕ ਜੋਤ ਅਤੇ ਜੁਗਤ ਦੀ ਧਾਰਨਾ ਨੂੰ ਇਉਂ ਬਿਆਨ ਕੀਤਾ ਹੈ:-
ਗੁਰਮੁਖਿ ਪਾਰਸੁ ਹੋਇ ਪੂਜ ਕਰਾਇਆ। ਅਸਟ ਧਾਤੁ ਇਕੁ ਧਾਤੁ ਜੋਤਿ ਜਗਾਇਆ। ਬਾਵਨ ਚੰਦਨੁ ਹੋਇ ਬਿਰਖੁ ਬੋਹਾਇਆ। ਗੁਰਸਿਖ ਸਿਉ ਗੁਰ ਹੋਇ ਅਚਰਜ ਦਿਖਾਇਆ। ਜੋਤੀ ਜੋਤਿ ਜਗਾਇ ਦੀਪੁ ਦੀਪਾਇਆ। ਨੀਰੈ ਅੰਦਰਿ ਨੀਰੁ ਮਿਲੈ ਮਿਲਾਇਆ। (ਵਾਰ ੨੦, ਪਉੜੀ ੨) ਅਰਥ: ਗੁਰਮੁਖ ਆਪ ਪਾਰਸ ਹੋ ਕੇ ਸਿੱਖਾਂ ਨੂੰ ਪੂਜਕ ਕਰ ਦੇਂਦੇ ਹਨ। ਅੱਠਾਂ ਧਾਤਾਂ ਦੀ ਇੱਕ ਧਾਤੂ ਕਰਕੇ, ਜਾਤ ਵਰਣ ਅਭਿਮਾਨ ਗਵਾਕੇ ਜੋਤ ਜਗਾ ਦੇਂਦੇ ਹਨ। ਗੁਰਮੁਖ ਬਾਵਨ ਚੰਦਨ ਹੋ ਕੇ ਹੋਰ ਬਿਰਖਾਂ ਨੂੰ ਸੁਗੰਧਿਤ ਕਰਦੇ ਹਨ। ਗੁਰੂ ਦੇ ਸਿੱਖ ਹੁੰਦੇ ਹਨ ਫਿਰ ਸਿੱਖੋਂ ਗੁਰੂ ਹੋ ਕੇ ਹੋਰ ਅਚਰਜ ਦਸਦੇ ਹਨ ਕਿ ਜੋਤ ਇੱਕ ਤੇ ਮੂਰਤਾਂ ਦੋ ਭਾਸਦੀਆਂ ਹਨ। (ਅੱਗੇ ਪੰਜਵੀ ਤੇ ਛੇਵੀਂ ਤੁਕ ਵਿਖੇ ਦੋ ਹੋਰ ਦ੍ਰਿਸ਼ਟਾਂਤ ਦੇ ਕੇ ਪੱਕਾ ਕਰਦੇ ਹਨ)। ਜੋਤ ਜੋਤ ਥੀਂ ਜਗਾਕੇ ਦੀਵੇ ਤੋਂ ਦੀਵਾ ਬਾਲ ਦੇਂਦੇ ਹਨ। ਪਾਣੀ ਵਿੱਚ ਪਾਣੀ ਵਾਂਙੂ ਮਿਲਦੇ ਨੂੰ ਮੇਲ ਲੈਂਦੇ ਹਨ।
ਸਾਡਾ ਇਤਿਹਾਸ ਇਸ ਗੱਲ ਦਾ ਵਰਣਨ ਕਰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਉਠਾਏ ਹੋਏ ਕਦਮ ਬਾਰੇ, ਗੁਰੂ ਘਰ ਦੇ ਦੋਖੀਆਂ ਨੇ ਆਮ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਲਈ, ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵਡੇਰਿਆਂ ਦਾ ਰਸਤਾ ਤਿਆਗ ਦਿੱਤਾ ਹੈ। ਅਜਿਹਾ ਗੁਮਰਾਹਕੁੰਨ ਪ੍ਰਚਾਰ ਕਰਨ ਵਾਲਿਆਂ ਨੇ ਆਪਣੀ ਗੱਲ ਨੂੰ ਪ੍ਰਮਾਣਿਤ ਕਰਨ ਲਈ ਜੋ ਤਰਕ ਪੇਸ਼ ਕੀਤੇ, ਉਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਨਿਮਨ ਲਿਖਤ ਪਉੜੀ ਵਿੱਚ ਇਉਂ ਦਰਸਾਇਆ ਹੈ:
ਧਰਮਸਾਲ ਕਰਿ ਬਹੀਦਾ ਇਕਤ ਥਾਉਂ ਨ ਟਿਕੈ ਟਿਕਾਇਆ।
ਪਾਤਿਸਾਹੁ ਘਰਿ ਆਵਦੇ ਗੜਿ ਚੜਿਆ ਪਾਤਿਸਾਹ ਚੜਾਇਆ।
ਉਮਤਿ ਮਹਲੁ ਨ ਪਾਵਦੀ ਨਠਾ ਫਿਰੈ ਨ ਡਰੈ ਡਰਾਇਆ।
ਮੰਜੀ ਬਹਿ ਸੰਤੋਖਦਾ ਕੁਤੇ ਰਖਿ ਸਿਕਾਰੁ ਖਿਲਾਇਆ।
ਬਾਣੀ ਕਰਿ ਸੁਣਿ ਗਾਵਦਾ ਕਥੈ ਨ ਸੁਣੈ ਨ ਗਾਵਿ ਸੁਣਾਇਆ।
ਸੇਵਕ ਪਾਸ ਨ ਰਖੀਅਨਿ ਦੋਖੀ ਦੁਸਟ ਆਗੂ ਮੁਹਿ ਲਾਇਆ। (ਵਾਰ ੨੬, ਪਉੜੀ ੨੪)
ਅਰਥ:-ਗੁਰੂ ਦਾ ਨੇਮ ਹੁੰਦਾ ਸੀ ਕਿ ਧਰਮਸਾਲ ਵਿੱਚ ਟਿਕ ਕੇ ਬੈਠਦੇ ਸਨ, ਇਹ ਗੁਰੂ ਹਰਿਗੋਬਿੰਦ ਇੱਕ ਥਾਵੇਂ ਟਿਕਾਯਾ ਨਹੀਂ ਟਿਕਦਾ। ਪਹਿਲੇ ਗੁਰੂ ਸਾਹਿਬਾਂ ਦੇ ਘਰ ਪਾਤਸ਼ਾਹ ਆਉਂਦੇ ਸਨ, ਇਹ ਪਾਤਸ਼ਾਹ ਦਾ ਚੜ੍ਹਾਇਆ ਕਿਲ੍ਹੇ ਚੜ੍ਹਿਆ ਹੈ ਭਾਵ, ਬੰਦੀ ਵਿੱਚ ਪਿਆ ਹੈ। ਅੱਗੇ ਸਿੱਖੀ ਮਹਿਲ ਪ੍ਰਾਪਤ ਕਰਦੀ ਸੀ, ਪਰ ਹੁਣ ਮਹਿਲ ਨਹੀਂ ਪਾਉਂਦੀ, ਕਿਉਂਕਿ ਇਹ ਨੱਠਾ ਫਿਰਦਾ ਹੈ ਤੇ ਕਿਸੇ ਦਾ ਡਰਾਇਆ ਡਰਦਾ ਨਹੀਂ। ਅਗਲੇ ਸਤਿਗੁਰ ਜੀ ਮੰਜੀ ਬੈਠਕੇ ਜਗਤ ਨੂੰ ਤਸੱਲੀ ਦਾਨ ਦੇਂਦੇ ਸਨ, ਇਸ ਨੇ ਕੁੱਤੇ ਰੱਖੇ ਹੋਏ ਹਨ ਤੇ ਸ਼ਿਕਾਰ ਖੇਲਦਾ ਹੈ। ਪਹਿਲੇ ਸਤਿਗੁਰ ਜੀ ਬਾਣੀ ਰਚਦੇ, ਗਾਉਂਦੇ ਤੇ ਸੁਣਦੇ ਸਨ, ਇਹ ਨਾ ਬਾਣੀ ਕਥਦਾ ਹੈ ਨਾ ਸੁਣਦਾ ਹੈ ਅਤੇ ਨਾ ਹੀ ਗਾਉਂਦਾ ਹੈ। ਅਗਲੇ ਸੇਵਕਾਂ ਨੂੰ ਪਾਸ ਰਖਦੇ ਸਨ, ਇਹ ਸੇਵਕ ਪਾਸ ਨਹੀਂ ਰਖਦੇ, ਦੋਖੀਆਂ, ਦੁਸ਼ਟਾਂ ਨੂੰ ਆਗੂ ਕਰਕੇ ਮੂੰਹ ਲਾਉਂਦੇ ਭਾਵ ਮਾਨ ਦੇਂਦੇ ਹਨ।
ਭਾਈ ਸਾਹਿਬ ਨੇ ਇਸੇ ਪਉੜੀ ਦੀਆਂ ਅਖ਼ਰੀਲੀਆਂ ਤੁਕਾਂ ਵਿੱਚ ਲਿਖਿਆ ਹੈ: ਸਚੁ ਨ ਲੁਕੈ ਲੁਕਾਇਆ ਚਰਣ ਕਵਲ ਸਿਖ ਭਵਰ ਲੁਭਾਇਆ। ਅਜਰੁ ਜਰੈ ਨ ਆਪੁ ਜਣਾਇਆ। ਅਰਥ:- ਇਸ ਤਬਦੀਲੀ ਨਾਲ ਸੱਚ ਲੁਕਾਇਆ ਨਹੀਂ ਲੁਕਦਾ, ਸਿੱਖ ਭਵਰੇ ਵਾਂਙੂ ਹਨ ਉਹ ਸਿਆਣਦੇ ਹਨ ਤੇ ਭਵਰੇ ਵਾਂਙੂ ਚਰਨਾਂ ਕੰਵਲਾਂ ਤੇ ਲੁਭਿਤ ਹਨ। ਕਿਉਂਕਿ ਉਹ ਜਾਣਦੇ ਹਨ ਕਿ ਗੁਰੂ ਅਜਰ ਨੂੰ ਜਰ ਰਿਹਾ ਹੈ ਤੇ ਆਪਾ ਨਹੀਂ ਜਣਾਉਂਦਾ ਅਥਵਾ ਪੱਕੇ ਸਿੱਖ ਅਜਰ ਨੂੰ ਜਰਦੇ ਹਨ ਤੇ ਵਿਰਥਾ ਨੁਕਤਾਚੀਨੀਆਂ ਕਰਕੇ ਆਪਾ ਨਹੀਂ ਜਣਾਉਂਦੇ।
ਭਾਈ ਗੁਰਦਾਸ ਜੀ ਨੇ ਗੁਰੂ ਹਰਿਗੋਬਿੰਦ ਜੀ ਵਲੋਂ ਉਠਾਏ ਹੋਏ ਕਦਮਾਂ ਬਾਰੇ ਵਿਰੋਧੀਆਂ ਵਲੋਂ ਪਾਏ ਜਾ ਰਹੇ ਭਰਮ ਭੁਲੇਖਿਆਂ ਤੋਂ ਸੰਗਤਾਂ ਨੂੰ ਸੁਚੇਤ ਕਰਦਿਆਂ ਹੋਇਆਂ ਸਪਸ਼ਟ ਕੀਤਾ: ਪੰਜਿ ਪਿਆਲੇ ਪੰਜ ਪੀਰ ਛਠਮ ਪੀਰੁ ਬੈਠਾ ਗੁਰੁ ਭਾਰੀ। ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। (ਵਾਰ ੧, ਪਉੜੀ ੪੮) ਅਰਥ: ਪੰਜ ਪੀਰ (ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਨੇ ਤਾਂ) ਪੰਜ ਪਿਆਲੇ (ਸਤ, ਸੰਤੋਖ, ਦਯਾ, ਧਰਮ, ਧੀਰਜ ਦੇ ਪੀਤੇ, ਭਾਵ ਸਤੋ ਗੁਣ ਦਾ ਬੜਾ ਅਭਿਆਸ ਕੀਤਾ) ਛੇਵਾਂ ਪੀਰ (ਗੁਰੂ ਹਰਿਗੋਬਿੰਦ ਸਾਹਿਬ) ਭਾਰੀ ਗੁਰੂ ਹੋ ਕੇ (ਗੱਦੀ ਤੇ) ਬੈਠਾ ਹੈ; ਭਾਵ ਇਨ੍ਹਾਂ ਨੇ ਦੇਗ਼ ਤੇਗ਼ ਦੀਆਂ ਦੋ ਤਲਵਾਰਾਂ ਪਹਿਨੀਆਂ। ਸ਼ਾਂਤ ਰਸ ਦੇ ਨਾਲ ਬੀਰ ਰਸ ਦੇ ਪਿਆਲੇ ਪੀਤੇ। ਗੁਰੂ ਅਰਜਨ ਜੀ ਨੇ ਹੀ ਆਪਣੀ ਕਾਂਇਆ ਪਲਟ ਕੇ ਹਰਿਗੋਬਿੰਦ ਦੀ ਮੂਰਤੀ ਬਣਾਈ ਹੈ।
ਭਾਈ ਸਾਹਿਬ ਨੇ ਇਸ ਤਬਦੀਲੀ ਦੇ ਕਾਰਨਾਂ ਉੱਤੇ ਵੀ ਭਰਪੂਰ ਰੋਸ਼ਨੀ ਪਾਉਂਦਿਆਂ ਹੋਇਆਂ ਸਪਸ਼ਟ ਕੀਤਾ ਕਿ ਅਜਿਹਾ ਕਰਨਾ ਸਮੇਂ ਦੀ ਲੋੜ ਹੀ ਨਹੀਂ, ਸਿੱਖੀ ਜੀਵਨ-ਜੁਗਤ ਦਾ ਅਤੁੱਟ ਅੰਗ ਵੀ ਹੈ। ਗੁਰੂ ਅਰਜਨ ਸਾਹਿਬ ਦੀ ਆਗਿਆ ਅਨੁਸਾਰ ਹੀ ਗੁਰੂ ਹਰਿ ਗੋਬਿੰਦ ਜੀ ਨੇ ਇਹ ਕਦਮ ਉਠਾਇਆ ਹੈ। ਰੋਜ਼ਾਨਾ ਦੇ ਪ੍ਰੋਗਰਾਮਾਂ ਵਿੱਚ ਤਬਦੀਲੀ ਧਰਮ ਦੀ ਖੇਤੀ ਨੂੰ ਬਚਾਉਣ ਲਈ ਵਾੜ ਦੀ ਨਿਆਂਈ ਹੈ:
ਖੇਤੀ ਵਾੜਿ ਸੁ ਢਿੰਗਰੀ ਕਿਕਰ ਆਸ ਪਾਸ ਜਿਉ ਬਾਗੈ। ਸਪ ਲਪੇਟੈ ਚੰਨਣੈ ਬੂਹੇ ਕੁੱਤਾ ਜਾਗੈ। (ਵਾਰ ੨੬, ਪਉੜੀ ੨੫)
ਅਰਥ:-ਖੇਤੀ ਦੇ ਉਦਾਲੇ ਢਿੰਗਰਾਂ ਦੀ ਵਾੜ ਤੇ ਬਾਗ ਦੇ ਆਸ ਪਾਸ ਜਿਵੇਂ ਕਿੱਕਰ ਹੁੰਦੇ ਹਨ। ਚੰਦਨ ਦੁਆਲੇ ਸੱਪ ਲਪੇਟੇ, ਖਜ਼ਾਨੇ ਦੇ ਬੂਹੇ ਦੁਆਲੇ ਜੰਦ੍ਰੇ ਤੇ ਕੁੱਤੇ ਜਾਗਦੇ ਹਨ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਜੋਤ ਦੇ ਬਾਅਦ ਦੇ ਪ੍ਰਕਾਸ਼ਾਂ/ਸਰੂਪਾਂ ਦੀ ਗੱਲ ਕਰਦਿਆਂ ਹੋਇਆਂ ਇਹ ਵੀ ਸਪਸ਼ਟ ਕੀਤਾ ਕਿ ਗੁਰੂ ਸਾਹਿਬਾਨ ਦੀ ਗੱਦੀ ਨਸ਼ੀਨੀ ਦੁਨਿਆਵੀ ਪਾਤਸ਼ਾਹਾਂ ਵਰਗੀ ਨਹੀਂ ਹੈ। ਗੁਰੂ ਘਰ ਵਿਖੇ ਤਾਂ ਜੋ ਜੀਵਨ-ਜੁਗਤ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਵਾਈ ਹੈ, ਉਸੇ ਨੂੰ ਹੀ ਮਗਰਲੇ ਗੁਰੂ ਸਾਹਿਬਾਨ ਪਰਚਾਰ ਹੈ:
ਦੁਨੀਆਵਾ ਪਾਤਿਸਾਹੁ ਹੋਇ ਦੇਇ ਮਰੈ ਪੁਤੈ ਪਾਤਿਸਾਹੀ।
ਦੋਹੀ ਫੇਰੇ ਆਪਣੀ ਹੁਕਮੀ ਬੰਦੇ ਸਭ ਸਿਪਾਹੀ।
ਕੁਤਬਾ ਜਾਇ ਪੜਾਇਦਾ ਕਾਜੀ ਮੁਲਾਂ ਕਰੈ ਉਗਾਹੀ।
ਟਕਸਾਲੈ ਸਿਕਾ ਪਵੈ ਹੁਕਮੈ ਵਿਚਿ ਸੁਪੇਦੀ ਸਿਆਹੀ।
ਮਾਲੁ ਮੁਲਕੁ ਅਪਣਾਇਦਾ ਤਖਤਿ ਚੜਿ ਬੇਪਰਵਾਹੀ।
ਬਾਬਾਣੈ ਘਰਿ ਚਾਲ ਹੈ ਗੁਰਮੁਖਿ ਗਾਡੀ ਰਾਹੁ ਨਿਬਾਹੀ।
ਇਕ ਦੋਹੀ ਟਕਸਾਲ ਇੱਕ ਕੁਤਬਾ ਤਖਤੁ ਸਚਾ ਦਰਗਾਹੀ।
ਗੁਰਮਖਿ ਦੁਖ ਫਲੁ ਦਾਦਿ ਇਲਾਹੀ। (ਵਾਰ ੨੬, ਪਉੜੀ ੩੧)

ਅਰਥ: ਦੁਨੀਆਂ ਦਾ ਪਾਤਸ਼ਾਹ ਆਪਣੇ ਪੁੱਤ੍ਰ ਨੂੰ ਪਾਤਸ਼ਾਹੀ ਦੇ ਕੇ ਮਰ ਜਾਂਦਾ ਹੈ। ਪੁੱਤ੍ਰ ਆਪਣੀ ਦੁਹਾਈ ਫੇਰਦਾ ਹੈ, ਸਾਰੇ ਸਿਪਾਹੀਆਂ ਨੂੰ ਆਪਣੇ ਹੁਕਮ ਦੇ ਤਾਬੇ ਕਰਦਾ ਹੈ। ਮਸੀਤ ਵਿੱਚ ਜਾ ਕੇ ਖੁਤਬਾ ਪੜ੍ਹਾਉਂਦਾ ਹੈ, ਕਾਜ਼ੀ ਮੁੱਲਾਂ ਸਾਰੇ ਉਸ ਪਰ ਉਗਾਹੀ ਭਰਦੇ ਹਨ। ਟਕਸਾਲ ਵਿੱਚ ਉਸ ਦਾ ਸਿੱਕਾ ਚਲਦਾ ਹੈ, ਭਲਾ ਬੁਰਾ ਕੰਮ ਉਸੇ ਦੇ ਹੁਕਮ ਵਿੱਚ ਹੁੰਦਾ ਹੈ। ਮਾਲ ਮੁਲਕ ਸਾਰਾ ਆਪਣੇ ਵੱਸ ਵਿੱਚ ਕਰਦਾ ਹੈ, ਭਾਗਾਂ ਦੇ ਤਖਤ ਪੁਰ ਚੜ੍ਹ ਕੇ ਬੇ-ਪਰਵਾਹੀ ਕਰਦਾ ਹੈ। ਪਰੰਤੂ ਬਾਬਾਣੇ (ਗੁਰੂ ਨਾਨਕ ਸਾਹਿਬ) ਦੇ ਘਰ ਦੀ ਇਹ ਰੀਤਿ ਨਹੀਂ ਹੈ, ਇੱਥੇ ਰੀਤ ਇਹ ਹੈ ਕਿ ਗੁਰਮੁਖ ਹੋ ਕੇ ‘ਗਾਡੀ ਰਾਹ’ ਨਿਬਾਹੇ ਭਾਵ ਜੋ ਰਸਤਾ ਪਿਛਲੇ ਗੁਰੂ ਦਾ ਹੈ, ਸੋਈ ਚੱਲੇ, ਵਾਹਿਗੁਰੂ ਦਾ ਗਿਆਨ ਉਕਰੇ ਨਿਰੋਲ ਦਿੱਤਾ ਜਾਵੇ। ਯਥਾ ਇਕੋ ਅਕਾਲ ਪੁਰਖ ਦੇ ਨਾਮ ਦੀ ਦੋਹੀ, ਇਕੋ ਟਕਸਾਲ (ਸਾਧ ਸੰਗਤ), ਕੁਤਬਾ (ਗੁਰੂ ਬਾਣੀ ਦੇ ਗ੍ਰੰਥ ਜਾਂ ਬਾਣੀ ਦੇ ਹੇਠਾਂ) ਇਕੋ ਨਾਮ ਨਾਨਕ, ਇਕੋ ਤਖਤ (ਗੁਰਿਆਈ ਦਾ ਗੱਦੀ) ਸੱਚੀ ਦਰਗਾਹ (ਅਰਥਾਤ ਸਚੀ ਨਿਆਇ ਸਭਾ ਹੈ, ਹੋਰ ਝੂਠੀਆਂ ਪਾਤਸ਼ਾਹੀਆਂ ਵਿਖੇ ਨਾਨਾ ਝਗੜੇ ਅਤੇ ਸੰਸੇ ਰਹਿੰਦੇ ਹਨ, ਸਾਧ ਸੰਗਤ ਦੀ ਪਾਤਸ਼ਾਹੀ ਸਦਾ ਅਟੱਲ, ਸੁਲੱਭ ਸਾਰੇ ਦੇਸ਼ਾਂ ਅਤੇ ਸਾਰੇ ਦਿਨਾਂ ਵਿਖੇ ਇੱਕ ਰਸ ਰਹਿਣ ਹਾਰੀ ਹੈ। ਇਲਾਹੀ ਦਾਤ (ਦੈਵੀ ਨਿਆਉਂ ਇਹ ਹੈ ਕਿ) ਗੁਰਮੁਖਾਂ ਨੂੰ ਇਸ ਦਰਗਾਹੋਂ ਸੁਖ ਫਲ ਮਿਲਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਵਲੋਂ ਉਠਾਏ ਹੋਏ ਕਦਮ ਨੂੰ ਦੇਖ ਕੇ ਵੀ ਗੁਰੂ ਘਰ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ, ਕੁੱਝ ਮਸੰਦਾਂ ਅਤੇ ਇਨ੍ਹਾਂ ਦੇ ਪਿਛਲੱਗਾਂ ਨੇ ਆਮ ਸੰਗਤਾਂ ਨੂੰ ਗੁਮਰਾਹ ਕਰਨ ਦਾ ਜਤਨ ਕੀਤਾ। ਭਾਈ ਨੰਦ ਲਾਲ ਜੀ ਗੋਯਾ ਦੀ ਨਿਮਨ ਲਿਖਤ ਸ਼ਾਇਦ ਅਜਿਹਾ ਭਰਮ ਭੁਲੇਖਾ ਪਾਉਣ ਵਾਲਿਆਂ ਦੇ ਉੱਤਰ ਵਿੱਚ ਹੀ ਸੀ: ਹਮੋ ਨਾਨਕ ਅਸਤ ਹਮੋ ਅੰਗਦ ਅਸਤ ਹਮੋ ਅਮਰਦਾਸ ਅਫ਼ਜਲੋ ਅਜਮਦ ਅਸਤ। (ਅਰਥ:-ਉਹ ਹੀ ਨਾਨਕ ਦੇਵ ਜੀ ਹਨ, ਉਹ ਹੀ ਅੰਗਦ ਦੇਵ ਜੀ ਹਨ, ਉਹ ਹੀ ਅਮਰਦਾਸ ਜੀ ਵੱਡੇ ਬਜ਼ੁਰਗ ਹਨ।) ਹਮੋ ਰਾਮਦਾਸ ਹਮੋ ਅਰਜਨ ਅਸਤ। ਹਮੋ ਹੋਰਿਗੋਬੰਦ ਅਕ੍ਰਮੋ ਅਹਸਨ ਅਸਤ। (ਅਰਥ:-ਉਹ ਹੀ ਗੁਰੂ ਰਾਮਦਾਸ ਜੀ ਹਨ ਅਤੇ ਉਹ ਹੀ ਗੁਰੂ ਅਰਜਨ ਦੇਵ ਜੀ ਹਨ। ਉਹ ਹੀ ਗੁਰੂ ਹਰਿਗੋਬਿੰਦ ਸਾਹਿਬ ਬਖ਼ਸ਼ਿੰਦ ਅਤੇ ਨੇਕ ਹਨ।) ਹਮੂ ਅਸਤ ਹਰਿਰਾਇ ਕਰਤਾ ਗੁਰੂ। ਬਦੋ ਆਸ਼ਕਾਰਾ ਹਮਹ ਪੁਸ਼ਤ ਰੂ। (ਅਰਥ:-ਉਹ ਹੀ ਗੁਰੂ ਹਰਿ ਰਾਏ ਸਾਹਿਬ ਕਰਤਾਰ ਰੂਪ ਹਨ, ਉਹ ਜ਼ਾਹਰ-ਜ਼ਹੂਰ ਹਨ ਅਤੇ ਆਤਮਾ ਦੇ ਸਹਾਰੇ ਹਨ।) ਹਮੂ ਹਰਿਕ੍ਰਿਸ਼ਨ ਆਮਦਹ ਸਰ ਬੁਲੰਦ। ਅਜ਼ੋ ਹਾਸਿਲ ਉੱਮੀਦਿ ਹਰ ਮੁਸਤ ਮੰਦ। (ਅਰਥ:-ਉਹ ਹੀ ਉਚੇ ਦਰਜੇ ਵਾਲੇ ਸ੍ਰੀ ਹਰਿਕ੍ਰਿਸ਼ਨ ਜੀ ਆਏ। ਉਨ੍ਹਾਂ ਤੋਂ ਹਰ ਇੱਕ ਦੁਖੀਏ ਦੀ ਆਸ਼ਾ ਪੂਰੀ ਹੁੰਦੀ ਹੈ।) ਹਮੂ ਅਸਤ ਤੇਗ਼ੇ ਬਹਾਦਰ ਗੁਰੂ। ਕਿ ਗੋਬਿੰਦ ਸਿੰਘ ਆਮਦ ਅਜ਼ ਨੂਰਿ ਊ। (ਅਰਥ:-ਉਹ ਹੀ ਗੁਰੂ ਤੇਗ ਬਹਾਦਰ ਸਾਹਿਬ ਹਨ ਜਾਂ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੀ ਜੋਤ ਤੋਂ ਹੀ ਪਰਗਟ ਹੋਏ ਹਨ।) ਹਮੂ ਗੁਰ ਗੋਬਿੰਦ ਸਿੰਘ ਹਮੂ ਨਾਨਕ ਅਸਤ। ਹਮੂ ਰਤਨ ਜੌਹਰ ਹਮੂ ਮਾਣਕ ਅਸਤ। (ਅਰਥ:-ਗੁਰੂ ਗੋਬਿੰਦ ਸਿੰਘ ਜੀ ਵੀ ਉਹੀ ਹਨ ਅਤੇ ਗੁਰੂ ਨਾਨਕ ਸਾਹਿਬ ਵੀ ਉਹੀ, ਉਹ ਹੀ ਰਤਨ ਮੋਤੀ ਤੇ ਉਹ ਹੀ ਮਾਣਕ ਹਨ।) (ਸ੍ਰੀ ਜੋਤ ਬਿਗਾਸ) (ਨੋਟ: ਭਾਈ ਨੰਦ ਲਾਲ ਜੀ ਦੀ ਉਪਰੋਕਤ ਲਿਖਤ ਦੇ ਅਰਥ ਅੰਮ੍ਰਿਤ ਕੀਰਤਨ `ਚੋਂ ਲਏ ਗਏ ਹਨ।)
ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਵਿੱਚ ਅਜਿਹੀਆਂ ਤਾਕਤਾਂ ਨੂੰ ਕਾਮਯਾਬੀ ਹਾਸਲ ਨਾ ਹੋ ਸਕੀ। ਸਿੱਖ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਾਨਕ ਰੂਪ ਵਿੱਚ ਹੀ ਸਵੀਕਾਰ ਕੀਤਾ; ਸੰਗਤਾਂ ਨੇ ਵਿੱਚ ਰੰਚ-ਮਾਤਰ ਵੀ ਵਿਰੋਧੀਆਂ ਵਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਿਆਂ ਦਾ ਅਸਰ ਨਹੀਂ ਕਬੂਲਿਆ।
ਪਰੰਤੂ ਦਸ਼ਮੇਸ਼ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਹਜ਼ੂਰ ਵਲੋਂ ਉਠਾਏ ਹੋਏ ਕਦਮ ਖ਼ਾਸ ਤੌਰ `ਤੇ ਖ਼ਾਲਸਾ ਪੰਥ ਦੀ ਸਾਜਨਾ, ਨੂੰ ਕੁੱਝ ਵਿਦਵਾਨਾਂ ਵਲੋਂ ਇਸ ਤਰ੍ਹਾਂ ਨਾਲ ਪ੍ਰਚਾਰਿਆ ਗਿਆ ਹੈ, ਜਿਸ ਤੋਂ ਇੰਜ ਪ੍ਰਤੀਤ ਹੋਣ ਲੱਗ ਪਿਆ ਹੈ ਜਿਵੇਂ ਖ਼ਾਲਸਾ ਪੰਥ ਦੀ ਸਾਜਨਾ ਦਾ ਸੰਕਲਪ ਬਿਲਕੁਲ ਹੀ ਨਵਾਂ ਹੋਵੇ। ਇਸ ਤਰ੍ਹਾਂ ਦੇ ਭੁਲੇਖੇ ਦੇ ਸ਼ਿਕਾਰ, ਉਹ ਲਿਖਾਰੀ ਵੀ ਹੋਏ ਹਨ, ਜਿਨ੍ਹਾਂ ਨੇ ਇਕੋ ਜੋਤ ਅਤੇ ਜੁਗਤ ਦੀ ਸਚਾਈ ਨੂੰ ਵੀ ਸਵੀਕਾਰ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਦੀ ਸਿਰਜਨਾ ਨੂੰ ਇੱਕ ਨਵੇਕਲੇ ਪੰਥ ਦੇ ਰੂਪ ਵਿੱਚ ਦੇਖਣ ਸਮਝਣ ਦਾ ਕਾਰਨ ਨਿਰਸੰਦੇਹ ਗੁਰੂ ਘਰ ਦੇ ਵਿਰੋਧੀਆਂ ਵਲੋਂ ਹੀ ਪ੍ਰਾਰੰਭ ਹੋਇਆ। ਪਰੰਤੂ ਦਸ਼ਮੇਸ਼ ਪਾਤਸ਼ਾਹ ਬਾਰੇ ਇੰਜ ਕਹਿਣ ਵਾਲਿਆਂ ਦੀ ਪਛਾਣ ਕਰਨੀ ਕਠਨ ਹੋ ਗਈ। ਚੂੰਕਿ ਇਹ ਭੁਲੇਖਾ ਇੱਕ ਐਸੀ ਲਿਖਤ (ਭਾਵ, ਬਚਿੱਤ੍ਰ ਨਾਟਕ) ਤੋਂ ਪਿਆ, ਜਿਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਗਿਆ। ਜਦ ਇਹ ਮੰਨ ਲਿਆ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁਖ਼ਾਰਬਿੰਦ ਵਿਚੋਂ ਨਿਕਲੇ ਹੋਏ ਬੋਲ ਹਨ, ਫਿਰ ਇਹ ਮੰਨਣ ਵਿੱਚ ਕਾਹਦੀ ਹਿਚਕਚਹਾਟ ਹੋ ਸਕਦੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਗੁਰੂ ਸਾਹਿਬਾਨ ਨਾਲੋਂ ਵੱਖਰੀ ਹੀ ਜੀਵਨ-ਜੁਗਤ ਦਾ ਪ੍ਰਗਟਾਵਾ ਕੀਤਾ ਹੈ। ਖ਼ੈਰ, ਇੱਥੇ ਕੇਵਲ ਅਸੀਂ ਇਸ ਲਿਖਤ ਤੀਕ ਹੀ ਆਪਣੇ ਆਪ ਨੂੰ ਸੀਮਤ ਰੱਖ ਰਹੇ ਹਾਂ, ਜਿਸ ਕਾਰਨ ਇਹ ਭੁਲੇਖਾ ਪਿਆ। ਬਚਿਤ੍ਰ ਨਾਟਕ ਦੀ ਨਿਮਨ ਲਿਖਤ ਹੀ ਇਸ ਭੁਲੇਖੇ ਦਾ ਮੂਲ ਕਾਰਨ ਬਣੀ ਹੈ:
“ਮੈਂ ਆਪਨਾ ਸੁਤ ਤੋਹਿ ਨਿਵਾਜਾ। ਪੰਥ ਪ੍ਰਚੁਰ ਕਰਬੇ ਕਹੁ ਸਾਜਾ। ਜਾਹਿ ਤਹਾਂ ਤੈ ਧਰਮ ਚਲਾਇ। ਕੁਬੁਧਿ ਕਰਨ ਤੇ ਲੋਕ ਹਟਾਇ। ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰਿ ਨਯਾਇ। ਪੰਥ ਚਲੈ ਤਬ ਜਗਤ ਮਹਿ ਜਬ ਤੁਮ ਕਰਹੁ ਸਹਾਇ।” ਪਰ ਬਚਿਤ੍ਰ ਨਾਟਕ ਦੇ ਪੰਜਵੇ ਅਧਿਆਏ ਵਿੱਚ ਲੇਖਕ ਇਸ ਗੱਲ ਦਾ ਪਹਿਲਾਂ ਵਰਣਨ ਕਰ ਚੁਕਾ ਹੈ ਕਿ, “ਤਿਨ ਇਹ ਕਲ ਮੋ ਧਰਮ ਚਲਾਯੋ। ਸਭ ਸਾਧਨ ਕੋ ਰਾਹ ਬਤਾਯੋ। ਜੋ ਤਾਂਕੇ ਮਾਰਗ ਮਹਿ ਆਏ। ਤੇ ਕਬਹੂੰ ਨਹੀਂ ਪਾਪ ਸੰਤਾਏ।”
ਨਿਰਸੰਦੇਹ ਬਚਿੱਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਵੀਕਾਰ ਕਰਨ ਨਾਲ ਹੀ ਇਸ ਭੁਲੇਖੇ ਦਾ ਮੁੱਢ ਬੱਝਾ ਹੈ। ਚੂੰਕਿ ਇਸ ਵਿੱਚ ਇਹ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਥ ਸਾਜਨ ਦਾ ਹੁਕਮ ਅਕਾਲ ਪੁਰਖ ਨੇ ਆਪ ਕੀਤਾ ਸੀ। ਇਸ ਲਿਖਤ ਨੂੰ ਦਸ਼ਮੇਸ਼ ਪਾਤਸ਼ਾਹ ਦੀ ਆਤਮ ਕਥਾ ਮੰਨਣ ਵਾਲਿਆਂ ਨੂੰ ਇਹ ਧਿਆਨ ਹੀ ਨਾ ਰਿਹਾ ਕਿ ਇਹ ਲਿਖਤ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਪੰਥ ਨਾਲੋਂ ਖ਼ਾਲਸਾ ਪੰਥ ਨੂੰ ਵੱਖਰਾ ਦਰਸਾਉਣ ਦੀ ਸਾਜ਼ਸ ਰਚਨ ਵਾਲੇ ਕਿਸੇ ਲੇਖਕ ਦੀ ਲਿਖਤ ਹੈ। ਇਸ ਰਚਨਾ ਨੂੰ ਦਸ਼ਮੇਸ਼ ਪਾਤਸ਼ਾਹ ਦੀ ਰਚਨਾ ਮੰਨਣ ਵਾਲਿਆਂ ਨੂੰ ਗੁਰੂ ਗ੍ਰੰਥ ਸਾਹਿਬ ‘ਇਕ ਜੋਤ ਤੇ ਜੁਗਤਿ’ ਦਰਸਾਉਣ ਵਾਲਾ ਫ਼ਰਮਾਨ ਅਤੇ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਗੋਯਾ ਦੀਆਂ ਉਪਰੋਕਤਾਂ ਲਿਖਤਾਂ ਵਲੋਂ ਮੂੰਹ ਮੋੜਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਠਨਾਈ ਮਹਿਸੂਸ ਨਹੀਂ ਹੋਈ।
ਬਚਿੱਤ੍ਰ ਨਾਟਕ ਦੀ ਉਪਰੋਕਤ ਲਿਖਤ ਨਾਲ ਕੇਵਲ ਇਹ ਭੁਲੇਖਾ ਹੀ ਨਹੀਂ ਪਿਆ ਕਿ ਖ਼ਾਲਸਾ ਪੰਥ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਨਿਰਮਲ ਪੰਥ ਨਾਲੋਂ ਵੱਖਰਾ ਹੈ, ਸਗੋਂ ਇਸ ਦੀਆਂ ਇਨ੍ਹਾਂ ਤੁਕਾਂ “ਤਹ ਹਮ ਅਧਿਕ ਤਪਸਿਯਾ ਸਾਧੀ। ਮਹਾ ਕਾਲ ਕਾਲਕਾ ਅਰਾਧੀ।” ਨੇ ਗੁਰੂ ਸਾਹਿਬ ਨੂੰ ਦੇਵੀ ਭਗਤ ਵੀ ਪ੍ਰਮਾਣਤ ਕਰ ਦਿੱਤਾ। ਇਨ੍ਹਾਂ ਤੁਕਾਂ ਨੂੰ ਹੀ ਆਧਾਰ ਬਣਾ ਕੇ, ਸਾਡੇ ਕੁੱਝ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਪੁਜਾਰੀ ਸਿੱਧ ਕੀਤਾ ਹੈ। ਗੁਰਦੇਵ ਨੂੰ ਦੁਰਗਾ ਦਾ ਪੁਜਾਰੀ ਹੀ ਨਹੀਂ ਸਗੋਂ ਦੁਰਗਾ ਦੇ ਵਰ ਨਾਲ ਪੰਥ ਪ੍ਰਗਟਾਉਣ ਦੀ ਗੱਪ ਮਾਰਨ ਲਈ ਲੰਬਾ ਚੌੜਾ ਪ੍ਰਸੰਗ ਲਿਖ ਮਾਰਿਆ ਹੈ। ਅਸੀਂ ਇੱਥੇ ਉਦਾਹਰਣ ਵਜੋਂ ਸ੍ਰੀ ਗੁਰੁ ਪੰਥ ਪ੍ਰਕਾਸ਼ ਦੇ ਕਰਤੇ ਦੀ ਲਿਖਤ ਦਾ ਨਿਮਨ ਲਿਖਤ ਹਿੱਸਾ ਹੀ ਲਿਖ ਰਹੇ ਹਾਂ: “ਅਬਿ ਹੁਐ ਪ੍ਰਸੰਗ ਨਿਜ ਦਾਸ ਪਰ ਕਰਿ ਕਿਰਪਾ ਅਸ ਦੇਹੁ ਬਰ। ਇੱਕ ਰਚੋਂ ਪੰਥ ਤੁਰਕੈਂ ਹਨੋ ਧਰਮ ਵਿਥਾਰੋਂ ਸਕਲ ਧਰ. . ਗੁਰ ਕਾ ਸਿਦਕ ਉਪਾਇ ਪਿਖਿ ਸੁਨਿ ਉਸਤਤਿ ਤਬਿ ਮਾਤ। ਕਹਯੋ ਪੰਥ ਤੁਵ ਚਲੈਗੋ ਬੀਰ ਬਲੀ ਬਖਯਾਤ। (ਗਿਆਨੀ ਗਿਆਨ ਸਿੰਘ)
ਇਹ ਗੱਲ ( ‘ਮਹਾ ਕਾਲ ਕਾਲਕਾ ਅਰਾਧੀ’ ਤੁਕ ਨੂੰ ਆਧਾਰ ਬਣਾ ਕੇ ਗੁਰੂ ਗੋਬਿਦ ਸਿੰਘ ਜੀ ਨੂੰ ਦੇਵੀ ਦੀ ਉਪਾਸ਼ਨਾ ਕਰਦਿਆਂ ਅਤੇ ਉਸ ਤੋਂ ਵਰ ਮੰਗਣ ਦਾ ਪ੍ਰਸੰਗ) ਉਨ੍ਹਾਂ ਲੇਖਕਾਂ ਨੇ ਵੀ ਸਵੀਕਾਰੀ ਹੈ ਜਿਹੜੇ ਬਚਿਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ। ਉਦਾਹਰਣ ਵਜੋਂ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਨਿਮਨ ਲਿਖਤ `ਚ ਵੀ ਦੇਖਿਆ ਜਾ ਸਕਦਾ ਹੈ: “ਦੇਵੀ ਜਾਂ ਦੁਰਗਾ ਪ੍ਰਗਟਾਣ ਦੇ ਪ੍ਰਸੰਗ ਦਾ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਕਿਤੇ ਵੀ ਜ਼ਿਕਰ ਤਕ ਨਹੀਂ ਕੀਤਾ। ਉਨ੍ਹਾਂ ਆਪਣੇ ਪੂਰਬ ਜਨਮ ਦੇ ਸਬੰਧ ਵਿੱਚ ਜ਼ਿਕਰ ਕਰਦਿਆਂ ਇੱਕ ਤੁਕ ਲਿਖੀ ਹੈ ਸ਼ਾਇਦ ਉਸ ਤੁਕ ਦੇ ਹੀ ਸਹੀ ਅਰਥ ਨ ਜਾਨਣ ਵਾਲੇ ਲੇਖਕਾਂ ਨੇ ਦੇਵੀ ਪ੍ਰਗਟਾਣ ਦੇ ਪ੍ਰਸੰਗ ਦਾ ਲੰਮਾ ਚੌੜਾ ਤਾਣਾ ਬਾਣਾ ਉਸ ਤੁਕ ਦੇ ਗਲਤ ਅਰਥਾਂ ਦੇ ਉਦਾਲੇ ਹੀ ਤਾਣ ਬੁਣ ਲਿਆ ਜਾਪਦਾ ਹੈ। ਉਹ ਤੁਕ ਇਹ ਹੈ- “ਤਹ ਹਮ ਅਧਿਕ ਤਪਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ।”
‘ਸ੍ਰੀ ਗੁਰੁ ਪੰਥ ਪ੍ਰਕਾਸ਼’ ਦੇ ਕਰਤੇ ਦੀ ਨਿਮਨ ਲਿਖਤ ਪੜ੍ਹ ਕੇ ਕਿਸੇ ਤਰ੍ਹਾਂ ਦਾ ਭਰਮ-ਭੁਲੇਖਾ ਨਹੀਂ ਰਹਿੰਦਾ ਕਿ ਦਸਮ ਗ੍ਰੰਥ ਦੀਆਂ ਇਹ ਲਿਖਤਾਂ ਇਹੋ ਜਿਹੀਆਂ ਕਹਾਣੀਆਂ ਦਾ ਕਿਸ ਹਦ ਤੀਕ ਆਧਾਰ ਬਣੀਆਂ ਹਨ: “ਛੱਕੇ ਆਦਿਕ ਉਸਤਤੀ ਬਰਨੀ ਤਬਿ ਗੁਰੁ ਜੋਇ। ਲਿਖੀ ਦਸਮ-ਗੁਰੁ ਗ੍ਰੰਥ ਮੈਂ ਜਾਨਤ ਗੁਰੁ ਸਿਖ ਸੋਇ।”
ਸੋ, ਗੱਲ ਕੀ ਖ਼ਾਲਸੇ ਦੀ ਸਿਰਜਨਾ ਦਾ ਸੰਕਲਪ ਅਤੇ ਇਸ ਦੀ ਜੀਵਨ ਸ਼ੈਲੀ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨਾਲੋਂ ਭਿੰਨ ਨਹੀਂ ਹੈ। ਖੰਡੇ ਦੀ ਪਾਹੁਲ ਦੀ ਬਖ਼ਸ਼ਿਸ਼ ਕਰਕੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਪੰਜ ਕਕਾਰਾਂ ਦੀ ਰਹਿਤ, ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਦੇ ਪੈਰੋਕਾਰਾਂ ਦੀ ਜੀਵਨ-ਜੁਗਤ ਦਾ ਹੀ ਲਖਾਇਕ ਹੈ ਨਾ ਕਿ ਕਿਸੇ ਵੱਖਰੇ ਫ਼ਿਰਕੇ ਅਥਵਾ ਪੰਥ ਦੀ।
ਜਸਬੀਰ ਸਿੰਘ ਵੈਨਕੂਵਰ




.