.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਛਿੰਦਾ ਜਦੋਂ ਬ੍ਰਹਮ ਗਿਆਨੀ ਬਣਿਆ
ਭਾਗ ਦੂਜਾ

ਛਿੰਦੇ ਨੂੰ ਕੰਮ ਤਾਂ ਅਜੇ ਕਿਤੋਂ ਮਿਲਿਆ ਨਹੀਂ ਸੀ। ਗੁਰਦੁਆਰੇ ਤੋਂ ਬਿਨਾਂ ਉਸ ਦਾ ਹੋਰ ਕਿਤੇ ਥਾਂ ਵੀ ਕੋਈ ਨਹੀਂ ਸੀ, ਕਿਉਂਕਿ ਪਿੰਡ ਵਾਲਾ ਮੁੰਡਾ ਕਿਤੇ ਦੂਰ ਕੰਮ ਲਈ ਚਲਿਆ ਗਿਆ ਸੀ। ਪ੍ਰਦੇਸ ਵਿੱਚ ਕੋਈ ਕਿਸੇ ਦਾ ਧਿਆਨ ਨਾਲ ਦੁਖੜਾ ਸੁਣਦਾ ਹੈ ਤਾਂ ਉਸ ਦਾ ਅੱਧਾ ਦੁਖ ਘੱਟ ਜਾਂਦੈ। ਸ਼ਾਮ ਦਾ ਲੰਗਰ ਛੱਕ ਕੇ ਹਰ ਰੋਜ਼ ਦੀ ਤਰ੍ਹਾਂ ਗ੍ਰੰਥੀ ਜੀ ਛਿੰਦੇ ਬ੍ਰਹਮ ਗਿਆਨੀ ਨੂੰ ਨਾਲ ਲੈ ਕੇ ਸੈਰ ਕਰਨ ਲਈ ਚੱਲ ਪਏ। ਛਿੰਦੇ ਦੀ ਗ੍ਰੰਥੀ ਸਿੰਘ ਨਾਲ ਕੁਰਦਤੀ ਅਪਣੱਤ ਜੇਹੀ ਹੋ ਗਈ ਸੀ। ਛਿੰਦਾ ਗ੍ਰੰਥੀ ਜੀ ਨੂੰ ਪੁੱਛਦਾ ਹੈ ਕਿ “ਬਾਬਾ ਜੀ ਤੁਹਾਨੂੰ ਆ ਕਲਾਸਾਂ ਲਗਾਉਣ ਦੀ ਚੇਟਕ ਕਿੱਥੋਂ ਲੱਗ ਗਈ ਆ”। ਬ੍ਰਹਮ ਗਿਆਨੀ ਬਾਬਾ ਜੀ ਕਹਿੰਦੇ ਸੀ ਕਿ ਭਈ ਗੁਰਬਾਣੀ ਦੇ ਅਰਥ ਮਹਾਂਪੁਰਸ਼ਾਂ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ। ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਮਹਾਂਪੁਰਸ਼ਾਂ ਤੋਂ ਉਪਰੰਤ ਮੈਂ ਹੀ ਇੱਕ ਬ੍ਰਹਮ ਗਿਆਨੀ ਹਾਂ ਜਿਸ ਨੂੰ ਗੁਰਬਾਣੀ ਦੇ ਪਰਚਾਰ ਕਰਨ ਦੀ ਆਗਿਆ ਹੋਈ ਹੋਈ ਹੈ।
ਗ੍ਰੰਥੀ ਸਿੰਘ ਨੇ ਵਿਸਥਾਰ ਨਾਲ ਦੱਸਿਆ ਕਿ ਛਿੰਦੇ ਛੋਟੇ ਵੀਰ ਮੈਂ ਵੀ ਇਹਨਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਇੱਕ ਹਾਂ। ਮੈਂ ਵੀ ਏਸੇ ਤਰ੍ਹਾਂ ਸੁੱਚ ਭਿੱਟ ਵਿੱਚ ਪੂਰੀ ਤਰ੍ਹਾਂ ਫਸਿਆ ਪਿਆ ਸੀ। ਮੈਂ ਵੀ ਕਿਸੇ ਬੰਦੇ ਨੂੰ ਬੰਦਾ ਨਹੀਂ ਸਮਝਦਾ ਸੀ। ਆਪਣੇ ਡੇਰੇ ਤੋਂ ਬਿਨਾਂ ਮੈਂ ਕਿਸੇ ਨੂੰ ਪਰਚਾਰਕ ਹੀ ਨਹੀਂ ਸਮਝਦਾ ਸੀ। ਸਾਨੂੰ ਤੇ ਇਹ ਪ੍ਰਪੱਕ ਕਰਾਇਆ ਗਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਰਚਾਰ ਮਿਸ਼ਨ ਦਾ ਕੇਵਲ ਸਾਨੂੰ ਹੀ ਅਧਿਕਾਰ ਦਿੱਤਾ ਹੋਇਆ ਹੈ। ਦੂਸਰਾ ਸਾਨੂੰ ਪੂਰੀ ਪੂਰੀ ਤਗੀਦ ਹੁੰਦੀ ਸੀ ਕਿ ਮਿਸ਼ਨਰੀਆਂ ਨਾਲ ਕਦੇ ਵੀ ਕੋਈ ਸਾਂਝ ਨਹੀਂ ਕਰਨੀ, ਕਿਉਂ ਕਿ ਇਹਨਾਂ ਦੀ ਵਿਚਾਰ ਨਾਲ ਬ੍ਰਹਮ ਗਿਆਨ ਉੱਡ ਜਾਂਦਾ ਹੈ। ਜਦੋਂ ਕਦੇ ਤੁਹਾਡਾ ਵਾਹ ਵਾਸਤਾ ਪੈ ਜਾਏ ਤਾਂ ਦਲੀਲ ਵਿਚਾਰ ਦੀ ਥਾਂ `ਤੇ ਇਹਨਾਂ ਮਿਸ਼ਨਰੀਆਂ ਨੂੰ ਏਹੀ ਕਹੀ ਜਾਣਾ ਹੈ ਕਿ ਮਹਾਂਪੁਰਸ਼ ਝੂਠ ਬੋਲਦੇ ਸੀ। ਛਿੰਦਿਆ ਜਿਹੜਾ ਸਾਡਾ ਬ੍ਰਹਮ ਗਿਆਨ ਸੀ ਉਹ ਬਿਨਾ ਦਲੀਲ ਦੇ ਕੇਵਲ ਕਰਮ-ਕਾਂਡ ਤੇ ਹੀ ਖੜਾ ਹੈ। ਲੋਕਾਂ `ਤੇ ਪ੍ਰਭਾਵ ਪਉਣ ਲਈ ਆਪਣੇ ਗਲ਼ ਵਿੱਚ ਹਜ਼ੂਰੀਏ ਦੇ ਥੱਲੇ ਮਣਕਿਆਂ ਦੀ ਮਾਲਾ ਨੂੰ ਫੇਰਨਾ ਅਸੀਂ ਸਿੱਖ ਧਰਮ ਸਮਝ ਲਿਆ ਸੀ।
ਛਿੰਦਿਆ ਹੋਇਆ ਇੰਜ, ਕਿ ਇੱਕ ਦਿਨ ਅਸੀਂ ਕਿਸੇ ਦੇ ਘਰ ਸਵੇਰੇ ਸਵੇਰੇ ਪ੍ਰਸ਼ਾਦਾ ਛੱਕਣ ਲਈ ਗਏ ਸੀ। ਘਰ ਵਿੱਚ ਪੰਜਾਬ ਰੇਡੀਓ ਤੋਂ ਭਾਈ ਜਸਬੀਰ ਸਿੰਘ ਜੀ ਸ਼ਬਦ ਦੀ ਵਿਚਾਰ ਕਰ ਰਹੇ ਸੀ। ਮੈਨੂੰ ਉਹ ਵਿਚਾਰ ਕੁੱਝ ਚੰਗੇ ਲੱਗੇ, ਕਿਉਂਕਿ ਮੈਂ ਉਹਨਾਂ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ। ਮੇਰੇ ਮਨ ਵਿੱਚ ਇੱਕ ਫੁਰਨਾ ਫੁਰਿਆ ਕਿ ਮਨਾ ਇਹਦੇ ਵਿੱਚ ਗਲਤ ਤਾਂ ਕੁੱਝ ਵੀ ਨਹੀਂ ਹੈ। ਸਾਨੂੰ ਤਾਂ ਐਵੇਂ ਹੀ ਕਿਹਾ ਹੋਇਆ ਸੀ ਕਿ ਮਹਾਂਪੁਰਸ਼ਾਂ ਤੋਂ ਬਿਨਾਂ ਕਿਸੇ ਹੋਰ ਦੀ ਕਥਾ ਨਹੀਂ ਸੁਣਨੀ। ਮੈਨੂੰ ਅੰਦਰੋਂ ਮਹਿਸੂਸ ਹੋਇਆ ਕਿ ਸੁਣਨ ਵਿੱਚ ਕੋਈ ਹਰਜ਼ ਨਹੀਂ ਹੈ, ਬ-ਦਲੀਲ ਗੱਲ ਕੀਤੀ ਜਾ ਰਹੀ ਹੈ। ਫਿਰ ਮੈ ਲਗਾਤਾਰ ਪੰਜਾਬ ਰੇਡੀਓ ਤੋਂ ਭਾਈ ਜਸਬੀਰ ਸਿੰਘ ਤੇ ਭਾਈ ਸਤਨਾਮ ਸਿੰਘ ਨੂੰ ਸੁਣਦਾ ਰਿਹਾ। ਮੈਨੂੰ ਕੁੱਝ ਕੁੱਝ ਸੋਝੀ ਆਉਣੀ ਸ਼ੁਰੂ ਹੋਈ।
ਮੈਨੂੰ ਕਿਸੇ ਨੇ ਦੱਸਿਆ ਕਿ ਬੰਗਲਾ ਸਾਹਿਬ ਤੋਂ ਹਰ ਰੋਜ਼ ਗੁਰਬਾਣੀ ਦੀ ਲੜੀਵਾਰ ਕਥਾ ਚਲ ਰਹੀ ਹੈ ਉਸ ਨੂੰ ਜ਼ਰੂਰ ਸੁਣਿਆ ਕਰ। ਛਿੰਦਿਆ ਜਦੋਂ ਮੈਂ ਬੰਗਲਾ ਸਾਹਿਬ ਤੋਂ ਗੁਰਬਾਣੀ ਦੀ ਲੜੀਵਾਰ ਕਥਾ ਸੁਣੀ ਤਾਂ ਮੈਂ ਹੈਰਾਨ ਰਹਿ ਗਿਆ ਕਿ ਅਸੀਂ ਹੁਣ ਤੀਕ ਹਨੇਰਾ ਹੀ ਢੋਇਆ ਹੈ। ਛਿੰਦਿਆ ਗੁਰਦੁਆਰਾ ਬੰਗਲਾ ਸਹਿਬ ਤੋਂ ਤਾਂ ਕਥਾਵਾਚਕਾਂ ਨੇ ਗੁਰਮਤ ਪਰਚਾਰ ਦੀ ਹਨੇਰੀ ਲਿਆਂਦੀ ਪਈ ਆ। ਉਹਨਾਂ ਨੂੰ ਕੋਈ ਡਰ ਖਤਰਾ ਹੀ ਨਹੀਂ ਹੈ, ਕਿਆ ਗੁਰਮਤ ਦੀ ਸੌਝੀ ਦੇਂਦੇ ਨੇ। ਹੌਲ਼ੀ ਹੌਲ਼ੀ ਮੈਨੂੰ ਸਮਝ ਆਉਣੀ ਸ਼ੁਰੂ ਹੋਈ ਕਿ ਗੁਰਬਾਣੀ ਕੁੱਝ ਹੋਰ ਕਹਿ ਰਹੀ ਹੈ `ਤੇ ਅਸੀਂ ਕੁੱਝ ਹੋਰ ਕਰ ਰਹੇ ਹਾਂ। ਫਿਰ ਮੈਨੂੰ ਬੰਗਲਾ ਸਾਹਿਬ ਤੋਂ ਵੱਧ ਤੋਂ ਪਰਚਾਰਕਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ। ਮੈਂ ਉਹ ਰਿਕਾਰਡਿੰਗ ਕਰਕੇ ਅਗਾਂਹ ਵੀ ਵੰਡਦਾ ਰਿਹਾ ਹਾਂ ਜੋ ਅੱਜ ਤੀਕ ਜਾਰੀ ਹੈ।
ਵਿਸਥਾਰ ਵਿੱਚ ਜਾਂਦਿਆਂ ਗ੍ਰੰਥੀ ਜੀ ਨੇ ਦੱਸਿਆ ਕਿ ਮੈਨੂੰ ਸਿੱਖ ਮਾਰਗ, ਸਿੰਘ ਸਭਾ ਕਨੇਡਾ, ਖਾਲਸਾ ਨਿਊਜ਼, ਜਾਗੋ ਖਾਲਸਾ, ਤੱਤ ਗੁਰਮਤ ਪਰਵਾਰ, ਲਿਵਿੰਗ ਟਰੀਅਰ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਆਦ ਗੁਰਮਤ ਦੀ ਸੌਝੀ ਦੇਣ ਵਾਲੀਆਂ ਸਾਈਟਾਂ ਦਾ ਪਤਾ ਲੱਗਿਆ ਤੇ ਮੈਂ ਲਗਾਤਾਰ ਇਹਨਾਂ ਸਾਈਟਾਂ ਤੋਂ ਗੁਰਮਤ ਪਰਚਾਰ ਵਾਲੇ ਲੇਖਾਂ ਨੂੰ ਪੜ੍ਹਿਆ ਤੇ ਸੀਡੀਜ਼ ਨੂੰ ਸੁਣਿਆਂ। ਡੇਰਾਵਾਦ ਤੇ ਸਾਧਲਾਣੇ ਦੀ ਅਸਲੀਅਤ ਦਾ ਮੈਨੂੰ ਇਹਨਾਂ ਸਾਈਟਾਂ ਤੋਂ ਪੜ੍ਹਨ ਸੁਣਨ ਨਾਲ ਵਿਸਥਾਰ ਸਹਿਤ ਪਤਾ ਚੱਲਿਆ। ਛਿੰਦਿਆ ਜਦੋਂ ਦਾ ਮੈਂ ਗੁਰਮਤ ਨੂੰ ਸਮਝਿਆ ਹੈ ਕਈ ਵਾਰੀ ਮੈਨੂੰ ਆਪਣੇ ਆਪ ਤੋਂ ਹੀ ਗਿਲਾਨੀ ਤੇ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿ ਮੈਂ ਹਨੇਰੇ ਵਿੱਚ ਸੰਗਤਾਂ ਨੂੰ ਬ੍ਰਹਮਣੀ ਮਤ ਦੀਆਂ ਕਥਾਂ ਕਹਾਣੀਆਂ ਹੀ ਸਣਾਉਂਦਾ ਰਿਹਾ ਹਾਂ। ਛਿੰਦਿਆ ਲੱਗਦੇ ਚਾਰੇ ਮੈਂ ਕਿਸੇ ਸੋਝੀ ਵਾਲੇ ਪਰਚਾਰਕ ਨੂੰ ਸਮਾਂ ਹੀ ਨਹੀਂ ਲੈਣ ਦਿੱਤਾ। ਮੈਂ ਇਸ ਨੂੰ ਪੰਥ ਦੀ ਬਹੁਤ ਵੱਡੀ ਸੇਵਾ ਸਮਝਦਾ ਸੀ। ਹੁਣ ਮੈਨੂੰ ਇੱਕ ਖੁਸ਼ੀ ਹੈ, ਕਿ ਮੈਨੂੰ ਗੁਰਬਾਣੀ ਵਿਚਾਰ ਦੀ ਸੋਝੀ ਆਉਣ ਨਾਲ ਕਰਮ-ਕਾਂਡ ਤੋਂ ਮੁਕਤ ਹੋਇਆ ਹਾਂ। ਮੈਂ `ਤੇ ਹਰ ਵੇਲੇ ਡਰ ਦੇ ਸਾਏ ਥੱਲੇ ਹੀ ਜੀਊ ਰਿਹਾ ਸੀ।
ਗ੍ਰੰਥੀ ਸਿੰਘ ਨੇ ਛਿੰਦੇ ਨੂੰ ਵਿਸਥਾਰ ਸਾਹਿਤ ਹੋਰ ਜਾਣਕਾਰੀ ਦੇਂਦਿਆਂ ਦੱਸਿਆ ਕਿ ਜੋ ਕੁੱਝ ਅਸੀਂ ਸਣਾਉਂਦੇ ਰਹੇ ਹਾਂ, ਉਹ ਬਜ਼ਰੁਗ ਤਾਂ ਮੰਨਦੇ ਗਏ, ਪਰ ਆਉਣ ਵਾਲੀ ਪੜ੍ਹੀ-ਲਿਖੀ ਪੀੜ੍ਹੀ ਨੇ ਨਹੀਂ ਮੰਨਣਾ। ਜਿਸ ਤਰ੍ਹਾਂ ਹਿੰਦੂ ਪਸਤਕਾਂ ਗੈਰਕੁਰਤੀ ਕਹਾਣੀਆਂ ਨਾਲ ਭਰੀਆਂ ਪਈਆਂ ਹਨ, ਕੁੱਝ ਏਸੇ ਤਰ੍ਹਾਂ ਅਸੀਂ ਵੀ ਗੁਰੂ ਸਾਹਿਬਾਨ ਦੇ ਜੀਵਨ ਨਾਲ ਗੈਰ-ਕੁਦਰਤੀ ਗੱਲਾਂ ਕਰਕੇ ਕਰਕੇ ਨਵੇਂ ਯੁੱਗ ਦੇ ਮਹਾਨ ਧਰਮ ਨੂੰ ਮਿਥਿਹਾਸਕ ਧਰਮ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਗੁਰਬਾਣੀ ਸਦੀਵ ਕਾਲ ਸੱਚ ਹੈ ਇਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਉਣਾ ਸੀ ਪਰ ਅਸੀਂ ਮੰਤਰਾਂ ਵਾਂਗ ਦੱਸਣ ਲੱਗ ਪਏ ਸੀ। ਫਿਰ ਟੈਲੀਫੂਨ ਕਰਕੇ ਪੁੱਛਣਾ ਕਿ ਭਈ ਤੂੰ ਕਿੰਨੇ ਪਾਠ ਕੀਤੇ ਈ।
ਛਿੰਦੇ ਬ੍ਰਹਮ ਗਿਆਨੀ ਨੇ ਗ੍ਰੰਥੀ ਜੀ ਨੂੰ ਉਹ ਦੱਸਿਆ, ਕਿ ‘ਬਾਬਾ ਜੀ ਮੈਂ ਡੇੜ ਮਹੀਨਾ ਵੱਡੇ ਬ੍ਰਹਮ ਗਿਆਨੀ ਜੀ ਦੀ ਸੰਗਤ ਵਿੱਚ ਰਿਹਾ ਹਾਂ। ਖੂਬ ਸੇਵਾ ਕੀਤੀ ਪਰ ਜੋ ਕੁੱਝ ਦੇਖਿਆ ਸੁਣਿਆ ਉਸ ਨਾਲ ਮੇਰਾ ਮਨ ਵੀ ਮੰਨਦਾ ਸੀ ਕਿ ਇਹ ਗੁਰਮਤ ਨਹੀਂ ਹੈ`। ਬਾਬਾ ਜੀ ਜ਼ਰਾ ਕੁ ਦੱਸਿਆ ਜੇ, ਕੀ ਬ੍ਰਹਮ ਗਿਆਨੀ ਦੇ ਦੇਖਣ ਨਾਲ ਕਿਸੇ ਦਾ ਹੱਥ ਸੜਿਆ ਹੋਵੇ ਤਾਂ ਉਹ ਠੀਕ ਹੋ ਜਾਂਦਾ ਹੈ`? ‘ਨਹੀਂ ਛਿੰਦਿਆ! ਏਦ੍ਹਾਂ ਨਹੀਂ ਹੁੰਦਾ`। ਸੜ੍ਹੇ ਹੱਥ ਦਾ ਤਾਂ ਇਲਾਜ ਕਰਾਉਣਾ ਪਏਗਾ।
ਬਾਬਾ ਜੀ ਇੱਕ ਘਰ ਵਿੱਚ ਵੱਡੇ ਬ੍ਰਹਮ ਗਿਆਨੀ ਜੀ ਆਪਣੇ ਪ੍ਰਵਚਨ ਕਰ ਰਹੇ ਸੀ ਕਿ ਇੱਕ ਆਦਮੀ ਦਾ ਤਵੇ ਨਾਲ ਹੱਥ ਲੱਗ ਕੇ ਸੜ੍ਹ ਗਿਆ। ਜਦੋਂ ਬ੍ਰਹਮ ਗਿਆਨੀ ਜੀ ਨੂੰ ਦੱਸਿਆ ਗਿਆ ਕਿ ਬਾਬਾ ਜੀ ਇਹਦਾ ਹੱਥ ਸੜ੍ਹ ਗਿਆ ਹੈ ਤਾਂ ਬ੍ਰਹਮ ਗਿਆਨੀ ਜੀ ਨੇ ਦੇਖਿਆ ਤਾਂ ਉਹ ਹੱਥ ਬਿਲਕੁਲ ਠੀਕ ਹੋ ਗਿਆ। ਨਾਲ ਹੀ ਬ੍ਰਹਮ ਗਿਆਨੀ ਜੀ ਨੇ ਕਿਹਾ ਕਿ ਭਈ ਕਮਾਈ ਵਾਲੇ ਹੀ ਕਰ ਸਕਦੇ ਹਨ। ਕਿਰਤੀ ਲੋਕ ਇਹ ਕਮਾਈ ਨਹੀਂ ਕਰ ਸਕਦੇ। ਬਾਬਾ ਜੀ ਇਹ ਕੌਤਕ ਸੁਣ ਕੇ ਸਾਰੇ ਪਰਵਾਰ ਵਾਲੇ ਵਾਗੁਰੂ ਵਾਗੁਰੂ ਕਰਨ ਲੱਗ ਪਏ।
ਛਿੰਦਾ ਬ੍ਰਹਮ ਗਿਆਨੀ ਆਪਣੀ ਵਾਰਤਾ ਨੂੰ ਜਾਰੀ ਰੱਖਦਿਆ ਦੱਸਦਾ ਹੈ ਕਿ ਬਾਬਾ ਜੀ, ਬ੍ਰਹਮ ਗਿਆਨੀ ਜੀ ਕਹਿਣ ਲੱਗੇ ਇੱਕ ਵਾਰ ਭਗਤ ਨਾਮਦੇਵ ਜੀ ਨੂੰ ਕਿਸੇ ਨੇ ਮਖੌਲ ਕੀਤਾ ਕਿ ਜਾਹ ਔਹ ਖੂਹ ਤੋਂ ਪਾਣੀ ਲੈਣ ਲੈ ਕੇ ਆ। ਖੂਹ ਕਈ ਚਿਰਾਂ ਦਾ ਸੁੱਕਾ ਹੋਇਆ ਸੀ। ਨਾਮਦੇਵ ਜੀ ਖੂਹ ਤੋਂ ਪਾਣੀ ਲੈਣ ਲਈ ਚਲੇ ਗਏ, ਜਦ ਭਗਤ ਜੀ ਨੇ ਆਪਣਾ ਡੋਲ ਖੂਹ ਵਿੱਚ ਲਮਕਾਇਆ ਤਾਂ ਪਾਣੀ ਨਾਲ ਖੂਹ ਬਿਲਕੁਲ ਭਰ ਗਿਆ। ਭਗਤ ਜੀ ਪਾਣੀ ਦਾ ਡੋਲ ਭਰ ਕੇ ਲੈ ਆਏ। ਗ੍ਰੰਥੀ ਜੀ ਨੇ ਸਮਝਾਇਆ ਕਿ ਛਿੰਦਿਆ ਗੁਰਮਤ ਵਿੱਚ ਗੈਰ ਕੁਦਰਤੀ ਕਹਾਣੀਆਂ ਦੀ ਕੋਈ ਥਾਂ ਨਹੀਂ ਹੈ। ਛਿੰਦਿਆ ਅੱਜ ਪੰਜਾਬ ਦੀ ਧਰਤੀ ਦੇ ਪਾਣੀ ਦਾ ਤਲ ਬਹੁਤ ਨੀਵਾਂ ਚਲਾ ਗਿਆ ਹੈ। ਜੇ ਏਦ੍ਹਾਂ ਹੁੰਦਾ ਹੈ ਤਾਂ ਇਹ ਸਾਰੇ ਬ੍ਰਹਮ ਗਿਆਨੀ ਰਲ਼ ਕੇ ਪੰਜਾਬ ਦੇ ਪਾਣੀ ਨੂੰ ਥਾਂ ਸਿਰ ਕਿਉਂ ਨਹੀਂ ਕਰ ਲੈਂਦੇ।
ਛਿੰਦਾ ਦਸਦਾ ਹੈ ਬਾਬਾ ਜੀ, ਬ੍ਰਹਮ ਗਿਆਨੀ ਜਿਦ੍ਹੇ ਘਰ ਵੀ ਜਾਂਦੇ ਸੀ, ਇੱਕ ਗੱਲ `ਤੇ ਜ਼ਿਆਦਾ ਜ਼ੋਰ ਦੇਂਦੇ ਸੀ ਕਿ ਇੱਕ ਦਿਨ ਵਿੱਚ ਬੰਦੇ ਨੂੰ ਇੱਕ ਸੌ ਇਕਵੰਜਾ ਜਪੁਜੀ ਸਾਹਿਬ ਦੀ ਬਾਣੀ ਦੇ ਕਰਨੇ ਚਾਹੀਦੇ ਹਨ ਤੇ ਪੰਜ ਸੁਖਮਨੀ ਸਾਹਿਬ ਦੀ ਬਾਣੀ ਦੇ ਪਾਠ ਕਰਨੇ ਚਾਹੀਦੇ ਹਨ। ਫਿਰ ਜੋ ਮੰਗੋਗੇ ਉਹ ਮਿਲ ਜਾਏਗਾ। ਪਰ ਬਾਬਾ ਜੀ ਜੇ ਗਿਣਤੀ ਕੀਤੀ ਜਾਏ ਤਾਂ ਏਨ੍ਹੇ ਪਾਠ ਤਾਂ ਅਸਾਂ ਦੇਖਿਆ ਹੈ ਬਾਬਾ ਜੀ ਵੀ ਨਹੀਂ ਕਰਦੇ ਸੀ। ਆਮ ਕਿਰਤੀ ਤਾਂ ਪਾਠ ਏੰਨ੍ਹੇ ਕਰ ਹੀ ਨਹੀਂ ਸਕਦਾ। ਕਿਉਂਕਿ ਇੱਕ ਸੌ ਇਕਵੰਜਾ ਪਾਠ ਕਰਨ ਲਈ ਘੱਟੋ ਘੱਟ ਪੰਝੀ ਘੰਟੇ ਤੇ ਦਸ ਮਿੰਟ ਚਾਹੀਦੇ ਹਨ ਤੇ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਨ ਲਈ ਪੰਜ ਘੰਟੇ ਵੱਖਰੇ ਚਾਹੀਦੇ ਹਨ। ਇਸ ਦਾ ਅਰਥ ਹੈ ਦਿਨ ਰਾਤ ਵਿੱਚ ਚੌਵੀ ਘੰਟੇ ਹੁੰਦੇ ਹਨ ਤੇ ਪਾਠ ਤੀਹ ਘੰਟਿਆਂ ਦਾ ਬਣਦਾ ਹੈ। ਦੂਸਰਾ ਅਸਾਂ ਦੇਖਿਆ ਹੈ ਕਿ ਮਹਾਂਪੁਰਸ਼ਾਂ ਨੇ ਕਦੇ ਵੀ ਗੁਰਸ਼ਬਦ ਦੀ ਵਿਚਾਰ ਨਹੀਂ ਕੀਤੀ ਸੀ ਤੇ ਨਾ ਹੀ ਕਦੇ ਇਤਿਹਾਸ ਸੁਣਾਇਆ ਸੀ। ਗ੍ਰੰਥੀ ਜੀ ਸਮਝਾਉਂਦੇ ਹਨ ਕਿ ‘ਛਿੰਦਿਆ ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਅਸਾਂ ਨਿੱਤਨੇਮ ਕਰਨਾ ਹੈ ਜਿਸ ਦੀ ਪੂਰੀ ਜਾਣਕਾਰੀ ਉਸ ਵਿੱਚ ਲਿਖੀ ਹੋਈ ਹੈ। ਤੇ ਨਾਲ ਹੀ ਹਰ ਸਿੱਖ ਨੂੰ ਲਗਦੇ ਚਾਰੇ ਹਰ ਵੇਲੇ ਸਹਿਜ ਪਾਠ ਕਰਨ ਦੀ ਤਾਗੀਦ ਕੀਤੀ ਹੋਈ ਹੈ। ਏਦ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਵਾਲੇ ਪਾਠਾਂ ਦੀ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ`। ਛਿੰਦਿਆ! ‘ਗੁਰਬਾਣੀ ਸਦੀਵ ਕਾਲ ਸੱਚ ਹੈ ਤੇ ਇਸਦੀ ਵਿਚਾਰਧਾਰਾ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਆਪਨਾਉਣੀ ਹੈ। ਗੁਰਬਾਣੀ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਦਸਦੀ ਹੈ ਨਾ ਕਿ ਚਲੀਹੇ ਕੱਟਣ ਲਈ ਕਹਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਕੇਵਲ ਵਿਹਲਿਆ ਲਈ ਨਹੀਂ ਹੈ, ਹਰ ਕਿਰਤੀ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲ ਸਕਦਾ ਹੈ।
ਇਕ ਦਿਨ ਬ੍ਰਹਮ ਗਿਆਨੀ ਜੀ ਨੇ ਨਵੀਂ ਗੱਲ ਸੁਣਾਈ ਕਿ ਬਾਬਾ ਕਬੀਰ ਜੀ ਦੇ ਘਰ ਇੱਕ ਰੋਗੀ ਆਇਆ। ਉਸ ਨੇ ਕਬੀਰ ਜੀ ਬਾਰੇ ਪੁੱਛਿਆ ਕਿ ਕਬੀਰ ਜੀ ਕਿੱਥੇ ਗਏ ਹਨ ਅੱਗੋਂ ਲੋਈ ਪੁੱਛਦੀ ਆ, ‘ਤੁਹਾਨੂੰ ਕੀ ਕੰਮ ਹੈ`। ਤਾਂ ਅੱਗੋਂ ਬਿਮਾਰ ਆਦਮੀ ਕਹਿੰਦਾ, ਕਿ ‘ਮੈਂ ਆਪਣਾ ਰੋਗ ਠੀਕ ਕਰਾਉਣਾ ਹੈ`। ਲੋਈ ਕਹਿੰਦੀ, ‘ਇਹ ਕੰਮ ਤਾਂ ਮੈਂ ਹੀ ਕਰ ਦੇਂਦੀ ਹਾਂ`। ਲੋਈ ਨੇ ਕਿਹਾ, ‘ਕਹੋ ਰਾਮ` ਅੱਗੋਂ ਰੋਗੀ ਬੰਦਾ ਕਹਿੰਦਾ ਕਿ ‘ਰਾਮ` ਇੰਜ ਲੋਈ ਨੇ ਤਿੰਨ ਵਾਰ ਰਾਮ ਦਾ ਨਾਮ ਜਪਾ ਦਿੱਤਾ ਤੇ ਉਹ ਬੰਦਾ ਠੀਕ ਹੋ ਗਿਆ। ਵਾਪਸ ਜਾਂਦਾ ਹੋਇਆ, ‘ਕਹੀ ਜਾਏ ਕਿ ਧੰਨ ਕਬੀਰ ਧੰਨ ਕਬੀਰ। ਅੱਗੋਂ ਕਬੀਰ ਜੀ ਮਿਲ ਗਏ ਤੇ ਪੱਛਦੇ ਨੇ, ‘ਭਗਤਾ ਕੀ ਗੱਲ ਹੈ ਤੂੰ ਧੰਨ ਕਬੀਰ ਧੰਨ ਕਬੀਰ ਕਹੀ ਜਾਂਦੈਂ` ਤਾਂ ਅੱਗੋਂ ਆਦਮੀ ਕਹਿੰਦਾ, ਕਿ ‘ਕਬੀਰ ਜੀ ਤਾਂ ਮਿਲੇ ਨਹੀਂ ਹਨ ਪਰ ਜਿਹੜਾ ਕੰਮ ਮੈਂ ਕਬੀਰ ਜੀ ਪਾਸੋਂ ਕਰਾਉਣਾ ਸੀ ਉਹ ਕੰਮ ਤਾਂ ਕਬੀਰ ਜੀ ਦੀ ਘਰ ਵਾਲੀ ਨੇ ਹੀ ਕਰ ਦਿੱਤਾ ਹੈ` ਤੇ ਸਾਰੀ ਕਥਾ ਬੰਦੇ ਨੇ ਕਬੀਰ ਜੀ ਨੂੰ ਸੁਣਾ ਦਿੱਤੀ। ਕਬੀਰ ਜੀ ਘਰ ਪਹੁੰਚੇ ਤਾਂ ਉਹ ਲੋਈ ਵਲ ਨੂੰ ਪਿਠ ਕਰਕੇ ਬੈਠ ਗਏ ਜਨੀ ਕਿ ਕਬੀਰ ਜੀ ਨਿਰਾਜ਼ ਹੋ ਗਏ। ਲੋਈ ਨੇ ਕਾਰਨ ਪੁੱਛਿਆ, ਤਾਂ ‘ਕਬੀਰ ਜੀ ਨੇ ਕਿਹਾ ਉਸ ਬੰਦੇ ਦਾ ਰੋਗ ਠੀਕ ਕਰਨ ਲਈ ਸਿਰਫ ਇੱਕ ਵਾਰ ਹੀ ਰਾਮ ਕਹਿਣਾ ਸੀ। ਤਿੰਨ ਵਾਰ ਕਹਿਣ ਦੀ ਕੀ ਲੋੜ ਸੀ।
ਗ੍ਰੰਥੀ ਜੀ ਡੂੰਘੀਆਂ ਸੋਚਾਂ ਸੋਚਦਿਆਂ ਕਹਿਣ ਲੱਗੇ ਕਿ ਛਿੰਦੇ ਅਜੇਹੀਆਂ ਗੱਲਾਂ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਨੂੰ ਗਪੌੜਿਆਂ ਥੱਲੇ ਢੱਕ ਰਹੇ ਹਾਂ। ਛਿੰਦੇ ਨੇ ਇੱਕ ਹੋਰ ਬ੍ਰਹਮਗਿਆਨੀ ਦੀ ਕਥਾ ਬਾਰੇ ਦੱਸਿਆ ਕਿ ਬਾਬਾ ਜੀ ਉਹ ਬ੍ਰਹਮ ਗਿਆਨੀ ਕਹਿ ਰਹੇ ਸੀ ਭਗਤ ਧੰਨਾ ਜੀ ਨੇ ਆਪਣੇ ਗੱਡੇ ਅੱਗੇ ਬਲਦਾਂ ਨੂੰ ਜੋਅ ਲਿਆ ਤੇ ਸਾਰੇ ਪਿੰਡ ਦਾ ਗੇੜਾ ਕੱਢਿਆ ਤੇ ਕਿਹਾ ਕਿ ਭਈ ਮੈਂ ਸੱਚ ਖੰਡ ਨੂੰ ਚੱਲਿਆ ਹਾਂ ਜਿੰਨ੍ਹੇ ਵੀ ਜਾਣਾ ਹੋਵੇ ਉਹ ਭੱਜ ਕੇ ਗੱਡੇ `ਤੇ ਚੜ੍ਹ ਜਾਏ। ਕਹਿੰਦੇ ਨੇ ਬਹੁਤ ਸਾਰੇ ਲੋਕ ਗੱਡੇ `ਤੇ ਚੜ੍ਹ ਗਏ। ਕੁੱਝ ਲੋਕਾਂ ਕਿਹਾ ਕਿ ਐਵੇਂ ਭਗਤ ਧੰਨਾ ਜੀ ਕਹਿ ਰਹੇ ਏਦ੍ਹਾਂ ਥੋੜਾ ਸੱਚ ਖੰਡ ਵਿੱਚ ਜਾਇਆ ਜਾਂਦਾ ਹੈ। ਬਾਬਾ ਜੀ ਦੇਖਦਿਆਂ ਦੇਖਦਿਆ ਗੱਡਾ ਸੱਚ ਖੰਡ ਵਲ ਨੂੰ ਧੂੜਾਂ ਪੁੱਟਦਾ ਹੋਇਆਂ ਅਸਮਾਨ ਵਿੱਚ ਅਲੋਪ ਹੋ ਗਿਆ। ਬਾਬਾ ਜੀ ਸਾਰੀ ਸੰਗਤ ਨੇ ਬ੍ਰਹਮ ਗਿਆਨੀ ਅੱਗੇ ਮਾਇਆ ਦੀ ਖੂਬ ਵਰਖਾ ਕੀਤੀ। ਸੰਗਤ ਵਿਚੋਂ ਕਈ ਵੈਰਾਗ ਵਿੱਚ ਵੀ ਆ ਗਏ। ਦੀਵਾਨ ਦੀ ਸਮਾਪਤੀ ਉਪਰੰਤ ਬਾਹਰ ਬੈਠੇ ਬਜ਼ੁਰਗ ਕਹਿਣ ਲੱਗੇ ਕਿ ਅੱਜ ਬਾਬੇ ਨੇ ਕੁੱਝ ਜ਼ਿਆਦਾ ਹੀ ਵੱਡੀ ਗੱਪ ਮਾਰੀ ਹੈ। ਦੂਜਾ ਪੁਰਾਣਾ ਆਇਆ ਬਜ਼ੁਰਗ ਕਹਿਣ ਲੱਗਾ ਕਿ ਅਮਰੀਕਾ ਵਾਲੇ ਐਵੇਂ ਸਿਰਖਪਾਈ ਕਰ ਰਹੇ ਹਨ ਪੰਜਾਬ ਵਿਚੋਂ ਏਦ੍ਹਾਂ ਦੇ ਦੋ ਚਾਰ ਬ੍ਰਹਮ ਗਿਆਨੀ ਫੜ ਲਿਆਉਣ ਤੇ ਜਦੋਂ ਜੀਅ ਕਰੇ ਅਸਮਾਨ ਵਿੱਚ ਭੇਜ ਦਿਆ ਕਰਨ ਸਾਰੀ ਜਾਣਕਾਰੀ ਮਿਲ ਜਾਏਗੀ।
ਗ੍ਰੰਥੀ ਸਿੰਘ ਕਹਿਣ ਲੱਗੇ ਕਿ ਛਿੰਦਿਆ ਇਹ ਸਾਧ ਬਹੁਤ ਚਲਾਕ ਬਿਰਤੀ ਦੇ ਮਾਲਕ ਹੁੰਦੇ ਨੇ ਲੋਕਾਂ ਦੇ ਦੋ ਅੱਖਾਂ ਹੁੰਦੀਆਂ ਨੇ ਇਹਨਾਂ ਦੇ ਚਾਰ ਅੱਖਾਂ ਹੁੰਦੀਆਂ ਨੇ ਇਹ ਆਪਣੇ ਦਿਮਾਗ ਨਾਲ ਪੜ੍ਹ ਲੈਂਦੇ ਨੇ ਏੱਥੇ ਕਿਹੜੀ ਕਥਾ ਕਰਨੀ ਹੈ। ਉਸ ਨੇ ਦੇਖ ਲ਼ਿਆ ਹੋਣਾ ਏਂ ਕਿ ਏੱਥੇ ਸੰਗਤ ਵਿੱਚ ਜੱਟਾਂ ਦੀ ਬਹੁ ਗਿਣਤੀ ਹੈ ਇਸ ਲਈ ਜੱਟਾਂ ਵਾਲੇ ਭਗਤ ਜੀ ਦੀ ਸਾਖੀ ਸੁਣਾਇਆਂ ਮਾਇਆ ਦੇ ਢੇਰ ਲੱਗ ਜਾਣਗੇ। ਛਿੰਦਾ ਕਹਿੰਦਾ, ‘ਹਾਂ ਹਾਂ ਬਾਬਾ ਜੀ ਤੁਸਾਂ ਠੀਕ ਕਿਹਾ ਹੈ। ਏਦ੍ਹੇ ਬਾਰੇ ਮੈਂ ਤੂਹਾਨੂੰ ਹੋਰ ਦਸਦਾ ਹਾਂ। ਸਾਡੇ ਗੁਰਦੁਆਰੇ ਜਦੋਂ ਵੀ ਏਦ੍ਹਾਂ ਦਾ ਕੋਈ ਕਥਾ ਵਾਚਕ ਆਉਂਦਾ ਸੀ ਤਾਂ ਮੈਨੂੰ ਹਮੇਸ਼ਾਂ ਬਹੁਤ ਹੀ ਪਿਆਰ ਨਾਲ ਪੁੱਛਦਾ ਹੂੰਦਾ ਸੀ ਕਿ ਏੱਥੇ ਸੰਗਤ ਕਿਹੋ ਜੇਹੀ ਹੈ। ਕਿਹੜੀ ਜੱਥੇਬੰਦੀ ਨਾਲ ਸਬੰਧ ਰੱਖਦੇ ਹਨ। ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ ਹੈ। ਮੈਂ ਦੇਖਿਆ ਹੈ ਜੇ ਮਿਸਤਰੀ ਸਿੰਘ ਜ਼ਿਆਦਾ ਹੋਣ ਤਾਂ ਭਾਈ ਲਾਲੋ ਜੀ ਦੀ ਸਾਖੀ ਸਣਾਉਣਗੇ ਜੇ ਲੁਬਾਣੇ ਸਿੰਘਾਂ ਦੀ ਗਣਤੀ ਜ਼ਿਆਦਾ ਹੈ ਤਾਂ ਭਾਈ ਮੱਖਣ ਸ਼ਾਹ ਦੀ ਸਾਖੀ ਸਣਾਉਣਗੇ ਜੇ ਸੰਗਤ ਵਿੱਚ ਜੱਟਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਇਹ ਕਥਾ ਵਾਚਕ ਭਗਤ ਧੰਨਾ ਜੀ ਦੀ ਸਾਖੀ ਸਣਾਉਣ ਨੂੰ ਤਰਜੀਹ ਦੇਂਦੇ ਹਨ।
ਗ੍ਰੰਥੀ ਜੀ ਨੇ ਕਿਹਾ ਕਿ ਛੋਟੇ ਵੀਰ ਛਿੰਦੇ ਸਿੱਖੀ ਦਾ ਤਾਹੀਂ ਵਿਕਾਸ ਨਹੀਂ ਹੋਇਆ ਸੰਸਾਰ ਤੇ ਸਾਡੀ ਗਿਣਤੀ ਕੇਵਲ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਆਉਂਦੀ। ਛਿੰਦੇ ਮੈਂ ਤੇ ਹੁਣ ਤੀਕ ਇਹ ਸਮਝਿਆ ਹੈ ਅੱਠ ਨੌਂ ਸਾਖੀਆਂ ਰਟ ਲਈਆਂ ਜਾਣ, ਲੱਤਾਂ ਨੰਗੀਆਂ ਰੱਖ ਲਈਆਂ ਜਾਣ, ਚੋਲ਼ਾ ਲੰਬਾ ਪਾਇਆ ਹੋਵੇ ਮਾਲਾ ਹੱਥ ਵਿੱਚ ਪਾਈ ਹੋਵੇ ਤਾਂ ਸਾਰੀ ਉਮਰ ਬੰਦਾ ਅਰਾਮ ਨਾਲ ਰੋਟੀ ਖਾ ਸਕਦਾ ਹੈ।
ਰਾਤ ਵਾਹਵਾ ਹੁੰਦੀ ਜਾ ਰਹੀ ਸੀ। ਛਿੰਦੇ ਨੂੰ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਸੀ ਪਰ ਕਈ ਵਿਚੋਂ ਭੁੱਲ ਵੀ ਜਾਂਦੀਆਂ ਸੀ। ਸੈਰ ਦੀ ਵਾਪਸੀ ਕਰਦਿਆਂ ਛਿੰਦੇ ਨੇ ਦੱਸਿਆ ਕਿ ਬਾਬਾ ਜੀ ਜਿੱਥੇ ਇਹ ਬ੍ਰਹਮ ਗਿਆਨੀ ਗੱਪਾਂ ਮਾਰਨ ਵਿੱਚ ਪੂਰੀ ਮੁਹਾਰਤ ਰੱਖਦੇ ਹਨ ਓਥੇ ਇਹਨਾਂ ਦੇ ਸ਼ਰਧਾਲੂ ਵੀ ਭੋਲੇ ਲੋਕਾਂ ਨੂੰ ਪੂਰੀਆਂ ਗੱਪਾਂ ਸਣਾਉਂਦੇ ਹਨ। ਇੱਕ ਦਿਨ ਬ੍ਰਹਮ ਗਿਆਨੀ ਜੀ ਕਿਸੇ ਸੇਵਕ ਦੇ ਘਰ ਚਰਨ ਪਉਣ ਗਏ ਤਾਂ ਅੱਗੋਂ ਸੇਵਕ ਪਰਵਾਰ ਵਿੱਚ ਆਏ ਰਿਸ਼ਤੇਦਾਰ ਨੇ ਗੱਪ ਦਾ ਵੀ ਧੂੰਆਂ ਕੱਢਤਾ। ਬਾਬਾ ਜੀ ਉਸ ਪਰਵਾਰ ਦੀਆਂ ਬੀਬੀਆਂ ਛੁੱਟੀਆਂ ਵਿੱਚ ਬਾਬਾ ਜੀ ਦੇ ਡੇਰੇ `ਤੇ ਨੇਮ ਨਾਲ ਸੇਵਾ ਕਰਨ ਜਾਂਦੀਆਂ ਹਨ। ਰਿਸ਼ਤੇਦਾਰ ਕਹਿਣ ਲੱਗਾ ਕਿ ਇੱਕ ਦਿਨ ਸਾਡੇ ਬਾਬਾ ਜੀ ਸਕੂਟਰ `ਤੇ ਜਾ ਰਹੇ ਸੀ ਕਿ ਰਾਹ ਵਿੱਚ ਸਕੂਟਰ ਦਾ ਤੇਲ ਮੁੱਕ ਗਿਆ। ਬਾਬਾ ਜੀ ਨੇ ਢੱਕਣ ਖੋਹਲ ਕੇ ਦੇਖਿਆ ਕਿ ਸਕੂਟਰ ਵਿੱਚ ਤੇਲ ਨਹੀਂ ਹੈ। ਤਾਂ ਬਾਬਾ ਜੀ ਨੇ ਆਪਣੇ ਸਕੂਟਰ ਦੀ ਟੈਂਕੀ ਵਿੱਚ ਆਪਣੇ ਸੱਜੇ ਹੱਥ ਦੀ ਉਂਗਲ਼ੀ ਪਾਤੀ। ਬਸ ਫਿਰ ਕੀ ਸੀ ਬਾਬਾ ਜੀ ਨੇ ਕਿੱਕ ਮਾਰੀ ਸਕੂਟਰ ਸਟਾਰਟ ਹੋ ਗਿਆ ਤੇ ਬਾਬਾ ਜੀ ਸਾਰੇ ਕੰਮ ਕਰਕੇ ਵਾਪਸ ਆਏ। ਅੱਗੋਂ ਸੇਵਾਦਾਰ ਨੇ ਪੁੱਛਿਆ ਕਿ ਬਾਬਾ ਜੀ ਤੇਲ ਪਵਾ ਲਿਆ ਸੀ ਤਾਂ ਬਾਬਾ ਜੀ ਨੇ ਸੁਭਾਵਕ ਬਚਨ ਕਰਤਾ ਨਹੀਂ ਭਾਈ ਤੇਲ ਦੀ ਲੋੜ ਨਹੀਂ ਪਈ। ਸਾਰੇ ਪਾਸੇ ਜੰਗਲ਼ ਦੀ ਅੱਗ ਵਾਂਗ ਗੱਲ ਧੁੰਮ ਗਈ, ਬਾਬਾ ਜੀ ਨੇ ਮਹਿਸੂਸ ਕੀਤਾ ਕਿ ਮੇਰੇ ਪਾਸੋਂ ਸਹਿਜ ਸੁਭਾਅ ਬਚਨ ਹੋ ਗਿਆ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਹੁਣ ਮੇਰੀ ਭਜਨ ਬੰਦਗੀ ਬਹੁਤ ਘੱਟ ਗਈ ਹੈ ਹੁਣ ਮੈਨੂੰ ਨਵੇਂ ਸਿਰੇ ਤੋਂ ਚਲੀਹੇ ਕੱਟਣੇ ਪੈਣੇ ਨੇ।
ਗੁਰਦੁਆਰਾ ਨੇੜੇ ਆ ਰਿਹਾ ਸੀ, ਗ੍ਰੰਥੀ ਜੀ ਕਹਿਣ ਲੱਗੇ, “ਛਿੰਦਿਆ ਬਾਕੀ ਦੀਆਂ ਗੱਲਾਂ ਕਲ੍ਹ ਨੂੰ ਕਰਾਂਗੇ”। ਛਿੰਦੇ ਨੇ ਨਾਲ ਲੱਗਦੀ ਇੱਕ ਗੱਲ ਹੋਰ ਸੁਣਨ ਲਈ ਕਿਹਾ, ਕਿ ਬਾਬਾ ਜੀ ਓਸੇ ਆਦਮੀ ਨੇ ਦੂਜੀ ਗੱਲ ਸੁਣਾਈ ਕਿ “ਬਾਬਾ ਜੀ ਦੇ ਡੇਰੇ ਲੈਂਟਰ ਪੈ ਰਿਹਾ ਸੀ ਤਾਂ ਇੰਜਣ ਵਿਚੋਂ ਡੀਜ਼ਲ ਮੁੱਕ ਗਿਆ। ਬਾਬਾ ਜੀ ਨੂੰ ਦੱਸਿਆ ਗਿਆ, ਕਿ ਬਾਬਾ ਜੀ ਡੀਜ਼ਲ ਖਤਮ ਹੋ ਗਿਆ ਹੈ ਤਾਂ ਬਾਬਾ ਜੀ ਨੇ ਕਿਹਾ ਤੁਸੀ ਲੈਂਟਰ ਜਾਰੀ ਰੱਖੋ ਡੀਜ਼ਲ ਦਾ ਵੀ ਇੰਤਜ਼ਾਮ ਹੋ ਜਾਏਗਾ। ਬਾਬਾ ਜੀ ਨੇ ਇੰਜਣ ਦੀ ਟੈਂਕੀ ਵਿੱਚ ਆਪਣੇ ਹੱਥ ਦੀ ਉਂਗਲ਼ੀ ਪਾ ਕੇ ਦੇਖਿਆ ਟੈਂਕੀ ਡੀਜ਼ਲ ਨਾਲ ਭਰੀ ਪਈ ਸੀ। ਭਈ ਸਾਰਾ ਲੈਂਟਰ ਪੈ ਗਿਆ ਪਰ ਇੰਜਣ ਬੰਦ ਨਾ ਹੋਇਆ”।
ਗ੍ਰੰਥੀ ਜੀ ਨੇ ਕਿਹਾ, ਕਿ “ਛਿੰਦਿਆ ਫਿਰ ਤਾਂ ਸਾਡੇ ਮੁਲਕ ਦੇ ਸਾਰੇ ਮਸਲੇ ਹੱਲ ਜਾਣੇ ਚਾਹੀਦੇ ਹਨ। ਕਿਸੇ ਬ੍ਰਹਮ ਗਿਆਨੀ ਨੂੰ ਫੜ ਕੇ ਉਹਦੀ ਉਂਗਲ਼ ਮਨ ਚਾਹੀ ਜ਼ਮੀਨ ਤੇ ਰੱਖ ਦਿਓ ਜ਼ਮੀਨ ਦੇ ਥੱਲੇ ਤੇਲ ਹੀ ਤੇਲ ਹੋ ਜਾਏਗਾ ਸਾਡੇ ਮੁਲਕ ਦੀ ਗਰੀਬੀ ਦੂਰ ਹੋ ਜਾਏਗੀ। ਛਿੰਦਿਆ ਜੇ ਏਦ੍ਹਾਂ ਹੁੰਦਾ ਹੈ ਤਾਂ ਇੱਕ ਅੱਧੇ ਬ੍ਰਹਮ ਗਿਆਨੀ ਨੂੰ ਆਪ ਹੀ ਜ਼ਮੀਨ ਵਿੱਚ ਡੂੰਘਾ ਟੋਇਆ ਪੁੱਟ ਕੇ ਬੈਠ ਜਾਣਾ ਚਾਹੀਦਾ ਹੈ ਤਾਂ ਕਿ ਓਥੋਂ ਤੇਲ ਨਿਕਲ ਆਏਗਾ। ਬ੍ਰਹਮ ਗਿਆਨੀ ਨੇ ਤੇ ਆਪੇ ਹੀ ਬਾਹਰ ਆ ਜਾਣਾ ਹੈ।
ਗ੍ਰੰਥੀ ਜੀ ਨੇ ਸਮਝਾਇਆ ਕਿ ਛਿੰਦਿਆ ਇਹ ਸਾਰੀਆਂ ਗੱਲਾਂ ਅਸੀਂ ਵੀ ਕਰਦੇ ਹੁੰਦੇ ਸੀ ਪਰ ਹੁਣ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੁਆਰਾ ਸਮਝ ਆ ਗਈ ਸਿੱਖ ਕੁਦਰਤ ਦੀ ਨਿਯਮਾਵਲੀ ਵਿੱਚ ਚੱਲਦਾ ਹੈ। ਕੁਦਰਤ ਦੀ ਨਿਯਮਾਵਲੀ ਨੂੰ ਤੋੜਦਾ ਨਹੀਂ ਹੈ। ਬਾਬਾ ਜੀ ਤੁਹਾਡੀਆਂ ਗੱਲਾਂ ਦੀ ਮੈਨੂੰ ਬਹੁਤ ਸਮਝ ਆਈ ਹੈ। ਮੈਂ ਬਹੁਤ ਵੱਡੇ ਹਨੇਰੇ ਵਿੱਚ ਸੀ। ਮੈਂ ਨੇੜੇ ਹੋ ਕੇ ਸਾਰਾ ਕੁੱਝ ਦੇਖ ਲਿਆ ਹੈ। ਗ੍ਰੰਥੀ ਸਿੰਘ ਨੇ ਕਿਹਾ, ਕਿ “ਛਿੰਦਿਆ ਕਲ੍ਹ ਨੂੰ ਆਪਾਂ ਗੁਰਮਤ ਦੀਆਂ ਵਿਚਾਰਾਂ ਕਰਾਂਗੇ ਅਜੇਹੀਆਂ ਗੱਲਾਂ ਕਰਕੇ ਅਸੀਂ ਆਪਣਾ ਸਮਾਂ ਵਿਆਰਥ ਵਿੱਚ ਨਾ ਗਵਾਈਏ ਤੇ ਨਾਲ ਹੀ ਇਹ ਸਮਝਣ ਦਾ ਯਤਨ ਕਰਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ”। ਦੂਸਰਾ ਇਹ ਗੱਲ ਕਰਨ ਦਾ ਇੱਕ ਲਾਭ ਵੀ ਹੈ ਕਿ ਭੋਲੇ ਲੋਕ ਇਹਨਾਂ ਦੇ ਜਾਲ ਵਿੱਚ ਨਾ ਫੱਸਣ। ਫਸੇ ਹੋਏ ਨਿਝੱਕ ਹੋ ਕੇ ਇਹਨਾਂ ਦੇ ਜਾਲ ਵਿਚੋਂ ਬਾਹਰ ਆ ਜਾਣ।




.