.

ੴ ਸਤਿ ਗੁਰ ਪ੍ਰਸਾਦਿ
ਗੁਰਮਤਿ ਅਨੁਸਾਰ ਆਵਾ ਗਵਣ
(ਕਿਸ਼ਤ ਨੰ: 16)

ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮੁ ਜਪਹੁ ਅੰਤਰਗਤਿ ਧਿਆਨੇ॥ ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ॥ ੧॥ (੧੦੩੦) ਜਿਸੁ ਬਿਸਰਿਐ ਜਮ ਜੋਹਣਿ ਲਾਗੈ॥ ਸਭਿ ਸੁਖ ਜਾਹਿ ਦੁਖਾ ਫੁਨਿ ਆਗੈ॥ ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ॥ ੨॥ ਹਰਿ ਹਰਿ ਨਾਮੁ ਜਪਹੁ ਰਸੁ ਮੀਠਾ॥ ਗੁਰਮੁਖਿ ਹਰਿ ਰਸੁ ਅੰਤਰਿ ਡੀਠਾ॥ ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ॥ ੩॥ ਰਾਮ ਨਾਮੁ ਗੁਰ ਬਚਨੀ ਬੋਲਹੁ॥ ਸੰਤ ਸਭਾ ਮਹਿ ਇਹੁ ਰਸੁ ਟੋਲਹੁ॥ ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ॥ ੪॥ ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ॥ ਤਤੁ ਵੀਚਾਰਹੁ ਹਰਿ ਲਿਵ ਲਾਵਹੁ॥ ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ॥ ੫॥ ਸਤਿਗੁਰੁ ਪੁਰਖੁ ਦਾਤਾ ਵਡ ਦਾਣਾ॥ ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ॥ ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ॥ ੬॥ ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ॥ ੭॥ ਸਤ ਸੰਤੋਖਿ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਣਾਈ॥ ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥ ੮॥ ਸਾਕਤ ਕੂੜ ਕਪਟ ਮਹਿ ਟੇਕਾ॥ ਅਹਿਨਿਸਿ ਨਿੰਦਾ ਕਰਹਿ ਅਨੇਕਾ॥ ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ॥ ੯॥ ਸਾਕਤ ਜਮ ਕੀ ਕਾਣਿ ਨ ਚੂਕੈ॥ ਜਮ ਕਾ ਡੰਡੁ ਨ ਕਬਹੂ ਮੂਕੈ॥ ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਪਾਰਾ ਹੇ॥ ੧੦॥ ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ॥ ਹਉਮੈ ਕਰਤਾ ਭਵਜਲਿ ਪਰਿਆ॥ ਬਿਨੁ ਗੁਰੁ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ॥ ੧੧॥ ਗੁਰ ਕੀ ਦਾਤਿ ਨ ਮੇਟੈ ਕੋਈ॥ ਜਿਸੁ ਬਖਸੇ ਤਿਸੁ ਤਾਰੇ ਸੋਈ॥ ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ॥ ੧੨॥ ਗੁਰ ਤੇ ਭੂਲੇ ਆਵਹੁ ਜਾਵਹੁ॥ ਜਨਮਿ ਮਰਹੁ ਫੁਨਿ ਪਾਪ ਕਮਾਵਹੁ॥ ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ॥ ੧੩॥ ਦੁਖੁ ਸੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥ ੧੪॥ ਹਉਮੈ ਮਮਤਾ ਕਰਦਾ ਆਇਆ॥ ਆਸਾ ਮਨਸਾ ਬੰਧਿ ਚਲਾਇਆ॥ ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ॥ ੧੫॥ ਹਰਿ ਕੀ ਭਗਤਿ ਕਰਹੁ ਜਨ ਭਾਈ॥ ਅਕਥੁ ਕਥਹੁ ਮਨੁ ਮਨਹਿ ਸਮਾਈ॥ ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ॥ ੧੬॥ ਹਰਿ ਗੁਰ ਪੂਰੇ ਕੀ ਓਟ ਪਰਾਤੀ॥ ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ॥ ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ॥ ੧੭॥ ੪॥ (੧੦੩੧)
॥ ੧॥ ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮੁ ਜਪਹੁ ਅੰਤਰਗਤਿ ਧਿਆਨੇ॥ ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ॥ ੧॥
ਹੇ ਨਾ-ਸਮਝ, ਮੂਰਖ ਮਨ, ਆਪਣੇ ਨਿੱਜ-ਘਰ ਦੇ ਵਿੱਚ ਹੀ ਟਿਕਿਆ ਰਹੁ। ਆਪਣੇ ਅੰਦਰ ਹੀ ਟਿਕਿਆ ਰਹਿ ਕੇ, ਪ੍ਰਭੂ ਵਿੱਚ ਧਿਆਨ ਜੋੜ ਕੇ, ਸਭ ਥਾਈਂ ਰਮੇ ਹੋਏ ਰਾਮ ਦਾ ਨਾਮ ਜਪ, ਉਸ ਦੀ ਰਜ਼ਾ ਵਿੱਚ ਚਲ। ਮਾਇਆ ਦਾ ਲਾਲਚ ਛੱਡ ਕੇ, ਉਸ ਪ੍ਰਭੂ ਨਾਲ ਜੁੜਿਆ ਰਹੁ, ਜੋ ਪਰੇ ਤੋਂ ਵੀ ਪਰੇ ਹੈ। ਇਸ ਤਰ੍ਹਾਂ ਤੂੰ ਮਾਇਆ-ਮੋਹ ਤੋਂ ਛੁਟਕਾਰੇ ਦਾ ਰਾਹ ਲੱਭ ਲਵੇਂਗਾ।
॥ ੨॥ ਜਿਸੁ ਬਿਸਰਿਐ ਜਮ ਜੋਹਣਿ ਲਾਗੈ॥ ਸਭਿ ਸੁਖ ਜਾਹਿ ਦੁਖਾ ਫੁਨਿ ਆਗੈ॥ ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ॥ ੨॥ ਜਿਸ ਪਰਮਾਤਮਾ ਦੇ ਭੁੱਲਣ ਕਾਰਨ ਆਤਮਕ ਮੌਤ, ਤੇਰੀ ਟੋਹ ਲੈਣ ਲਗ ਪੈਂਦੀ ਹੈ, ਸਾਰੇ ਦੁਖ ਦੂਰ ਹੋ ਜਾਂਦੇ ਹਨ, ਉਨ੍ਹਾਂ ਦੀ ਥਾਂ, ਜੀਵਨ ਵਿੱਚ ਦੁਖ ਹੀ ਦੁਖ ਵਾਪਰਦੇ ਹਨ। ਹੇ ਮੇਰੇ ਜੀਅੜੇ, ਹੇ ਮੇਰੀ ਜਿੰਦੇ, ਗੁਰਮੁਖਿ ਹੋ ਕੇ, ਸ਼ਬਦ ਵਿਚਾਰ ਆਸਰੇ ਮਿਲੇ ਗਿਆਨ ਦੀ ਰੌਸ਼ਨੀ ਵਿੱਚ ਰਾਮ ਦਾ ਨਾਮ ਜਪ। ਇਹੀ ਸਾਰੇ ਵਿਚਾਰਾਂ ਦਾ ਸ੍ਰੇਸ਼ਟ ਵਿਚਾਰ ਹੈ।
॥ ੩॥ ਹਰਿ ਹਰਿ ਨਾਮੁ ਜਪਹੁ ਰਸੁ ਮੀਠਾ॥ ਗੁਰਮੁਖਿ ਹਰਿ ਰਸੁ ਅੰਤਰਿ ਡੀਠਾ॥ ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ॥ ੩॥ ਹੇ ਜਿੰਦੇ, ਸਦਾ ਕਰਤਾਰ ਦਾ ਨਾਮ ਜਪਿਆ ਕਰ, ਉਸ ਦੇ ਹੁਕਮ ਵਿੱਚ ਚਲਿਆ ਕਰ, ਉਸ ਆਸਰੇ ਹੀ ਤੈਨੂੰ ਉਸ ਦੇ ਮਿੱਠੇ ਸੁਆਦ ਦਾ ਪਤਾ ਲੱਗੇਗਾ। ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਚਲਣ ਨਾਲ, ਇਸ ਰਸ ਦੇ ਆਨੰਦ ਨੂੰ ਆਪਣੇ ਅੰਦਰ ਹੀ ਮਾਣ ਲਈਦਾ ਹੈ। ਹੇ ਭਾਈ ਦਿਨ-ਰਾਤ, ਹਰ ਵੇਲੇ ਉਸ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹੁ, ਉਸ ਦੀ ਰਜ਼ਾ ਨੂੰ ਹੀ ਸਰਵ-ਸ੍ਰੇਸ਼ਟ ਕਰ ਕੇ ਮੰਨੋ। ਇਹ ਰਜ਼ਾ ਦਾ ਰੰਗ ਹੀ ਸ੍ਰੇਸ਼ਟ ਜਪ, ਸ੍ਰੇਸ਼ਟ ਤਪ ਅਤੇ ਸ੍ਰੇਸ਼ਟ ਸੰਜਮ ਹੈ।
॥ ੪॥ ਰਾਮ ਨਾਮੁ ਗੁਰ ਬਚਨੀ ਬੋਲਹੁ॥ ਸੰਤ ਸਭਾ ਮਹਿ ਇਹੁ ਰਸੁ ਟੋਲਹੁ॥ ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ॥ ੪॥ ਹੇ ਭਾਈ, ਗੁਰ (ਸ਼ਬਦ) ਦੀ ਸਿਖਿਆ ਅਨੁਸਾਰ, ਰਾਮ ਦਾ ਨਾਮ ਜਪੋ, ਪ੍ਰਭੂ ਦੇ ਹੁਕਮ ਦੀ ਪਾਲਣਾ ਕਰੋ। ਸਤਸੰਗ ਵਿੱਚ ਜੁੜ ਕੇ, ਇਸ ਆਨੰਦ ਮਈ ਰਸ ਦੀ ਖੋਜ ਕਰੋ। ਸ਼ਬਦ ਗੁਰੂ ਦੀ ਮੱਤ ਅਨੁਸਾਰ ਚਲ ਕੇ, ਉਹ ਆਤਮਕ ਠਿਕਾਣਾ ਲੱਭੋ, ਜਿੱਥੇ ਪਹੁੰਚ ਕੇ ਮੁੜ ਜਨਮ-ਮਰਨ ਦੇ ਗੇੜ ਵਿੱਚ ਨਾ ਪੈਣਾ ਪਵੇ।
॥ ੫॥ ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ॥ ਤਤੁ ਵੀਚਾਰਹੁ ਹਰਿ ਲਿਵ ਲਾਵਹੁ॥ ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ॥ ੫॥ ਹਰੀ ਦੇ ਗੁਣਾਂ ਨਾਲ ਸਾਂਝ ਪਾਵੋ, ਇਹ ਪ੍ਰਭੂ ਦੇ ਤੀਰਥ ਦਾ ਇਸ਼ਨਾਨ ਹੈ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ। ਤੱਤ ਦੀ ਵਿਚਾਰ ਕਰ ਕੇ, ਉਸ ਤੱਤ, ਹਰੀ ਨਾਲ ਹੀ ਲਿਵ ਜੋੜੋ, ਉਸ ਨਾਲ ਹੀ ਪਿਆਰ ਪਾਵੋ। ਹਰੀ ਦਾ, ਰਾਮ ਦਾ ਪਿਆਰਾ ਨਾਮ ਸਿਮਰੋ, ਫਿਰ ਅਖੀਰਲੇ ਸਮੇ, ਮਰਨ ਵੇਲੇ ਤੁਹਾਨੂੰ ਮੌਤ ਦਾ ਡਰ ਪਰੇਸ਼ਾਨ ਨਹੀਂ ਕਰੇਗਾ।
॥ ੬॥ ਸਤਿਗੁਰੁ ਪੁਰਖੁ ਦਾਤਾ ਵਡ ਦਾਣਾ॥ ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ॥ ਜਿਸ ਕਉ ਸਤਿਗੁਰੁ ਮੇਲਿ ਮਿਲਾਏ ਤਿਸੁ ਚੂਕਾ ਜਮ ਭੈ ਭਾਰਾ ਹੇ॥ ੬॥ ਸਤਿਗੁਰੁ ਪੁਰਖੁ, ਅਕਾਲ ਪੁਰਖ, ਸਭ ਨੂੰ ਦਾਤਾਂ ਦੇਣ ਵਾਲਾ, ਬਹੁਤ ਸਿਆਣਾ ਹੈ। ਜਿਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਣ ਵਾਲਾ ਪ੍ਰਭੂ ਵਸਦਾ ਹੈ, ਉਹ ਹਮੇਸ਼ਾ ਸ਼ਬਦ ਵਿਚਾਰ ਵਿੱਚ ਜੁੜਿਆ ਰਹਿੰਦਾ ਹੈ, ਲੀਨ ਰਹਿੰਦਾ ਹੈ। ਜਿਸ ਨੂੰ ਅਕਾਲ ਪੁਰਖ ਆਪ, ਆਪਣੇ ਨਾਲ ਮੇਲ ਕੇ, ਆਪਣੇ ਨਾਲ ਹੀ ਇਕ-ਮਿਕ ਕਰ ਲੈਂਦਾ ਹੈ, ਉਸ ਦੇ ਸਿਰ ਤੋਂ ਜਮਾ ਦਾ ਭਾਰ, ਦੂਰ ਹੋ ਜਾਂਦਾ ਹੈ। ਉਸ ਦਾ ਸਾਰਾ ਲੇਖਾ-ਜੋਖਾ ਖਤਮ ਹੋ ਜਾਂਦਾ ਹੈ।
॥ ੭॥ ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ॥ ੭॥ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਸੁਮੇਲ ਕਰ ਕੇ, ਜਿਹੜੀ ਕਾਇਆ, ਜਿਹੜਾ ਸਰੀਰ ਸਿਰਜਿਆ ਹੈ, ਉਸ ਦੇ ਅੰਦਰ ਹੀ, ਉਹ ਅਮੋਲਕ ਵਸਤ ਹੈ, ਜਿਸ ਨੂੰ ਭਾਲਣਾ, ਜਿਸ ਨੂੰ ਲੱਭਣਾ, ਜਿਸ ਨਾਲ ਇੱਕ ਮਿਕ ਹੋਣਾ ਹੀ ਬੰਦੇ ਦੇ ਜੀਵਨ ਦਾ ਮਕਸਦ ਹੈ। ਏਥੇ ਥੋੜੀ ਜਿਹੀ ਵਿਚਾਰ, ਹਰੀ ਦੇ ਨਿਵਾਸ-ਅਸਥਾਨ, ਹਰੀ ਦੇ ਮੰਦਰ ਬਾਰੇ ਕਰ ਲੈਣੀ ਵੀ ਲਾਹੇਵੰਦ ਹੋਵੇਗੀ। ਵਾਹਿਗੁਰੂ, ਸ੍ਰਿਸ਼ਟੀ ਦੇ ਕਣ ਕਣ ਵਿੱਚ ਵਸਦਾ ਹੈ, ਉਸ ਅਦ੍ਰਿਸ਼ ਨੂੰ ਵੇਖਣ ਦਾ ਢੰਗ ਵੀ ਸਿਰਫ ਗੁਰਮਤਿ ਨੇ ਹੀ ਦੱਸਿਆ ਹੈ। “ੴ ” ਵਿੱਚ “੧ “ ਉਸ ਦਾ ਮੂਲ, ਉਸ ਦੇ ਕੇਵਲ ਤੇ ਕੇਵਲ ਇੱਕ ਹੀ ਹੋਣ ਦਾ ਪਰਤੀਕ ਹੈ। ਜਦ ਕਿ “ਓਂਕਾਰ” ਇਸ ਗੱਲ ਦਾ ਪਰਤੀਕ ਹੈ ਕਿ ਸ੍ਰਿਸ਼ਟੀ ਦੀ ਹਰ ਚੀਜ਼, ਹਰ ਆਕਾਰ, ਉਸ ਦਾ ਆਪਣਾ ਹੀ ਆਕਾਰ ਹੈ, ਉਸ ਨੂੰ ਇਨ੍ਹਾਂ ਆਕਾਰਾਂ ਵਿਚੋਂ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਜਿਵੇਂ ਆਪਾਂ ਵਿਚਾਰ ਰਹੇ ਹਾਂ ਕਿ ਇਸ ਸ੍ਰਿਸ਼ਟੀ ਰਚਨਾ ਦੀ ਖੇਡ ਵਿੱਚ ਬੰਦੇ ਦੇ ਜੀਵਨ ਦਾ ਮਕਸਦ, ਪ੍ਰਭੂ ਨਾਲ ਇੱਕ ਮਿਕ ਹੋਣਾ ਹੈ। ਬੰਦਾ ਪ੍ਰਭੂ ਨਾਲ ਤਦ ਹੀ ਇਕ-ਮਿਕ ਹੋ ਸਕਦਾ ਹੈ ਜੇ ਉਹ ਪਰਮਾਤਮਾ ਨੂੰ ਲੱਭ ਲਵੇ। ਪਰਮਾਤਮਾ ਸਰਬ ਵਿਆਪਕ ਹੈ, ਪਰ ਨਿਰਾਕਾਰ ਹੋਣ ਕਾਰਨ, ਉਹ ਸਾਰੀ ਸ੍ਰਿਸ਼ਟੀ ਤੇ ਭਾਲਿਆਂ ਵੀ ਕਿਤੇ ਨਹੀਂ ਲੱਭਣਾ। ਗੁਰਮਤਿ ਸੇਧ ਦਿੰਦੀ ਹੈ ਕਿ,
ਘਰਿ ਰਹੁ ਰੇ ਮਨ ਮੁਗਧ ਇਆਨੇ॥ ਰਾਮੁ ਜਪਹੁ ਅੰਤਰਗਤਿ ਧਿਆਨੇ॥ ਇਸ ਨੂੰ ਹੀ ਹੋਰ ਸਪੱਸ਼ਟ ਕਰਦਆਂ ਕਿਹਾ ਹੈ,
ਹਰਿ ਮੰਦਰੁ ਇਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ (੧੩੪੬)
ਇਹ ਸਰੀਰ ਹੀ ਹਰੀ ਦਾ ਮੰਦਰ, ਹਰੀ ਦੇ ਰਹਣ ਦੀ ਥਾਂ, ਉਸ ਦਾ ਨਿਵਾਸ-ਅਸਥਾਨ ਹੈ। ਪਰ ਸਰੀਰ ਵਿਚੋਂ ਇਹ ਅਮੋਲਕ ਰਤਨ (ਵਾਹਿਗੁਰੂ) , ਸ਼ਬਦ ਦੇ ਗਿਆਨ ਆਸਰੇ ਹੀ ਪਰਗਟ ਹੁੰਦਾ ਹੈ। ਅਤੇ,
ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ॥ ੧੧॥ (੧੩੪੬) ਹਰੀ ਦੇ ਮੰਦਰ ਵਿਚ, ਇਸ ਸਰੀਰ ਵਿੱਚ ਉਹੀ ਕਰਤਾਰ ਵਸਦਾ ਹੈ, ਜੋ ਸਭ ਥਾਂ, ਸਭ ਜੀਵਾਂ ਵਿੱਚ ਬਿਨਾ ਕਿਸੇ ਭਿੰਨ-ਭੇਦ ਦੇ, ਬਿਨਾ ਕਿਸੇ ਵਾਧ-ਘਾਟ ਦੇ ਵੱਸ ਰਿਹਾ ਹੈ। ਹੇ ਨਾਨਕ ਉਸ ਦੀ ਖੱਟੀ ਖੱਟਣ ਦਾ ਵਪਾਰ, ਸ਼ਬਦ ਗੁਰੂ ਦੀ ਸਿਖਿਆ ਆਸਰੇ ਹੀ ਕੀਤਾ ਜਾ ਸਕਦਾ ਹੈ, ਇਹ ਸੌਦਾ, ਇਹ ਵਪਾਰ ਹੀ ਸੱਚਾ ਵਪਾਰ ਹੈ। ਇਸ ਨਾਲ ਕੀਤੀ ਕਮਾਈ ਹੀ, ਹਮੇਸ਼ਾ ਬੰਦੇ ਦੇ ਨਾਲ ਨਿਭਣ ਵਾਲੀ ਹੁੰਦੀ ਹੈ। ਸੋ ਇਹ ਸਰੀਰ ਹੀ ਹਰੀ ਦਾ ਮੰਦਰ (ਮਕਾਨ) ਹੈ, ਜਿਸ ਵਿਚੋਂ ਹਰੀ ਨੂੰ ਲੱਭਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਸ੍ਰਿਸ਼ਟੀ ਵਿੱਚ ਕੋਈ ਅਜਿਹਾ ਅਸਥਾਨ ਨਹੀਂ ਹੈ, ਜਿਥੋਂ ਵਾਹਿਗੁਰੂ ਨੂੰ ਲੱਭਿਆ ਜਾ ਸਕੇ। ਇਸ ਲਈ ਦੁਨੀਆ ਵਿੱਚ ਭਟਕਣ ਦੀ ਥਾਂ, ਇਸ ਸਰੀਰ ਵਿਚੋਂ ਹੀ ਪਰਮਾਤਮਾ ਦੀ ਭਾਲ ਕਰਨੀ ਚਾਹੀਦੀ ਹੈ। ਦਰਬਾਰ ਸਾਹਿਬ ਨੂੰ “ਹਰਿਮੰਦਰ” ਦਾ ਨਾਮ ਦੇ ਕੇ, ਉਸ ਵਿੱਚ ਹੀ ਹਰਿ ਕੀ ਪੌੜੀ ਆਦਿ ਮਿੱਥ ਕੇ ਪੁਜਾਰੀ ਲਾਣੇ ਨੇ, ਸਿੱਖਾਂ ਨੂੰ ਇਹ ਭੁਲੇਖਾ ਪਾਇਆ ਹੋਇਆ ਹੈ ਕਿ ਮੱਕੇ ਵਿਚਲੇ ਅੱਲ੍ਹਾ ਵਾਙ, ਇਸ ਹਰਿਮੰਦਰ ਵਿੱਚ ਹੀ ਹਰੀ ਵਸਦਾ ਹੈ। ਇਸ ਆਸ਼ੇ ਦੀਆਂ ਕਈ ਕਹਾਣੀਆਂ ਵੀ ਘੜੀਆਂ ਹੋਈਆਂ ਹਨ। (ਆਤਮ, ਆਤਮਾ ਦਾ ਬਹੁ ਵਚਨ ਹੋਣ ਨਾਤੇ) ਆਤਮਾਵਾਂ, ਪਰਮਾਤਮਾ ਦਾ ਹੀ ਰੂਪ ਹਨ ਅਤੇ ਪਰਮਾਤਮਾ, ਆਤਮਾਵਾਂ ਦਾ ਮੂਲ ਹੈ, ਦੋਵਾਂ ਵਿੱਚ ਭੋਰਾ ਜਿੱਨਾ ਵੀ ਫਰਕ ਨਹੀਂ, ਦੋਵੇਂ ਇੱਕ ਰੂਪ ਹਨ। ਅਜਿਹੇ ਹਰੀ ਨੂੰ ਸ਼ਬਦ ਵਿਚਾਰ ਆਸਰੇ ਹੀ ਪਾਇਆ ਜਾ ਸਕਦਾ ਹੈ।
॥ ੮॥ ਸਤ ਸੰਤੋਖਿ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਣਾਈ॥ ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ॥ ੮॥ ਹੇ ਭਾਈ, ਸੱਚੇ ਦਿਲੋਂ ਸੰਤੋਖੀ ਰਹਿ ਕੇ ਜੀਵਨ ਬਤੀਤ ਕਰੋ। ਸ਼ਬਦ ਗੁਰੂ ਦੀ ਸ਼ਰਨ ਲੈ ਕੇ, ਉਸ ਦੇ ਗਿਆਨ ਅਨੁਸਾਰ, ਖਿਮਾ ਦਾ ਗੁਣ ਧਾਰਨ ਕਰੋ। ਪਹਿਲਾਂ ਆਪਣੀ ਆਤਮਾ ਦੀ ਆਵਾਜ਼ ਨੂੰ ਪਛਾਣੋ, ਫਿਰ ਉਸ ਆਸਰੇ, ਪਰਮਾਤਮਾ ਨੂੰ ਸਮਝਣ ਦਾ ਉਪਰਾਲਾ ਕਰੋ। ਸ਼ਬਦ ਗੁਰੂ ਦੀ ਸੰਗਤ, ਸਤਸੰਗਤ ਵਿੱਚ ਜੁੜਿਆਂ ਇਹੀ ਸਿੱਟਾ ਨਿਕਲਦਾ ਹੈ।
॥ ੯॥ ਸਾਕਤ ਕੂੜ ਕਪਟ ਮਹਿ ਟੇਕਾ॥ ਅਹਿਨਿਸਿ ਨਿੰਦਾ ਕਰਹਿ ਅਨੇਕਾ॥ ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ॥ ੯॥ ਸਾਕਤ, ਸ਼ਕਤੀ ਦੇ ਪੁਜਾਰੀ, ਮਾਇਆ ਮੋਹ ਵਿੱਚ ਫਸੇ ਬੰਦਿਆਂ ਦੀ ਟੇਕ, ਆਸਰਾ ਦੁਨਿਆਵੀ ਪਦਾਰਥਾਂ ਤੇ ਹੀ ਹੁੰਦਾ ਹੈ। ਏਸੇ ਆਹਰ ਵਿੱਚ ਉਹ, ਦੂਸਰਿਆਂ ਦੀ ਅਨੇਕ ਢੰਗਾਂ ਨਾਲ ਨਿੰਦਾ ਜਰਦੇ ਰਹਿੰਦੇ ਹਨ। ਅਜਿਹੇ ਬੰਦੇ ਪ੍ਰਭੂ ਦਾ ਸਿਮਰਨ ਕੀਤੇ ਬਗੈਰ, ਉਸ ਦੀ ਰਜ਼ਾ ਅਨੁਸਾਰ ਚੱਲੇ ਬਗੈਰ, ਇਸ ਸੰਸਾਰ ਤੇ ਆਉਂਦੇ ਅਤੇ ਜਾਂਦੇ ਰਹਿੰਦੇ ਹਨ, ਜੰਮਦੇ ਅਤੇ ਮਰਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਗਰਭ ਦੀਆਂ ਜੂਨਾਂ, ਪੈਦਾ ਹੋਣ ਦੇ ਨਰਕ ਵਿੱਚ ਹੀ ਪਏ ਰਹਿੰਦੇ ਹਨ।
॥ ੧੦॥ ਸਾਕਤ ਜਮ ਕੀ ਕਾਣਿ ਨ ਚੂਕੈ॥ ਜਮ ਕਾ ਡੰਡੁ ਨ ਕਬਹੂ ਮੂਕੈ॥ ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ॥ ੧੦॥ ਇਸ ਤਰ੍ਹਾਂ ਸਾਕਤ ਬੰਦਿਆਂ ਦੇ ਮਨ ਵਿਚੋਂ ਜਮ ਦਾ, ਮਰਨ ਦਾ ਡਰ ਕਦੇ ਮੁਕਦਾ ਨਹੀਂ, ਜਮ ਦੀ ਸਜ਼ਾ, ਉਨ੍ਹਾਂ ਦੇ ਸਿਰ ਤੋਂ ਨਹੀਂ ਟਲਦੀ, ਜਨਮ ਮਰਨ ਦਾ ਗੇੜ ਲੱਗਾ ਹੀ ਰਹਿੰਦਾ ਹੈ। ਧਰਮ-ਰਾਜ (ਰੱਬ) ਦੇ ਕਰਜ਼ੇ ਦਾ ਬਾਕੀ, ਕੀਤੇ ਕਰਮਾਂ ਦੇ ਲੇਖੇ ਅਨੁਸਾਰ ਜੋ ਸਜ਼ਾ ਭੁਗਤਣੀ ਬਾਕੀ ਰਹਿ ਜਾਂਦੀ ਹੈ, ਉਸ ਕਰਜ਼ੇ ਦਾ ਅਸਹਿ ਭਾਰ, ਉਨ੍ਹਾਂ ਦੇ ਸਿਰ ਟਿਕਿਆ ਹੀ ਰਹਿੰਦਾ ਹੈ, ਉਹ ਕਰਜ਼ਾ ਉਨ੍ਹਾਂ ਕੋਲੋਂ ਵਸੂਲਿਆ ਹੀ ਜਾਂਦਾ ਹੈ।
॥ ੧੧॥ ਬਿਨੁ ਗੁਰ ਸਾਕਤੁ ਕਹਹੁ ਕੋ ਤਰਿਆ॥ ਹਉਮੈ ਕਰਤਾ ਭਵਜਲਿ ਪਰਿਆ॥ ਬਿਨੁ ਗੁਰ ਪਾਰੁ ਨ ਪਾਵੈ ਕੋਈ ਹਰਿ ਜਪੀਐ ਪਾਰਿ ਉਤਾਰਾ ਹੇ॥ ੧੧॥ ਸ਼ਬਦ ਗੁਰੂ ਦੀ ਸਿਖਿਆ ਬਗੈਰ, ਮਾਇਆ ਮੋਹ ਵਿੱਚ ਫਸਿਆ ਬੰਦਾ, ਮਾਇਆ ਮੋਹ ਦੇ ਅਥਾਹ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਉਹ ਤਾਂ ਮਾਇਆ ਦੇ ਹੰਕਾਰ ਵਿਚ, ਹਉਮੈ ਅਧੀਨ ਮੈਂ-ਮੈਂ ਕਰਦਾ ਸੰਸਾਰ ਸਮੁੰਦਰ ਦੀ ਘੁਮਣ-ਘੇਰੀ, ਆਵਾ-ਗਵਣ ਵਿੱਚ ਹੀ ਡੁਬਿਆ ਰਹਿੰਦਾ ਹੈ। ਸ਼ਬਦ ਗੁਰੂ ਤੋਂ ਗਿਆਨ ਹਾਸਲ ਕਰ ਕੇ, ਉਸ ਅਨੁਸਾਰ ਜੀਵਨ ਢਾਲੇ ਬਗੈਰ, ਕੋਈ ਵੀ ਬੰਦਾ ਇਸ ਘੁਮਣ-ਘੇਰੀ ਤੋਂ ਪਾਰ ਨਹੀਂ ਹੋ ਸਕਦਾ। ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਸ ਦੀ ਰਜ਼ਾ ਵਿੱਚ ਹੀ ਚਲਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਇਸ ਅਥਾਹ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ।
॥ ੧੨॥ ਗੁਰ ਕੀ ਦਾਤਿ ਨ ਮੇਟੈ ਕੋਈ॥ ਜਿਸੁ ਬਖਸੇ ਤਿਸੁ ਤਾਰੇ ਸੋਈ॥ ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ॥ ੧੨॥ ਸ਼ਬਦ ਗੁਰੂ ਤੋਂ ਹਾਸਲ ਕੀਤੇ ਗਿਆਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ। ਜੋ ਕਰਤਾਰ, ਸ਼ਬਦ ਗੁਰੂ ਨਾਲ ਜੋੜਨ ਦੀ, ਉਸ ਤੋਂ ਗਿਆਨ ਹਾਸਲ ਕਰਨ ਦੀ ਬਖਸ਼ਿਸ਼ ਕਰਦਾ ਹੈ, ਉਹੀ ਇਸ ਭਵਜਲ ਵਿਚੋਂ ਬਾਹਰ ਕੱਢ ਕੇ, ਪਾਰ ਲੰਘਾਅ ਦਿੰਦਾ ਹੈ। ਜਿਸ ਮਨੁੱਖ ਤੇ, ਉਹ ਸਭ ਤੋਂ ਵੱਡਾ ਪਰਮਾਤਮਾ, ਇਹ ਬਖਸ਼ਿਸ਼ ਕਰ ਦਿੰਦਾ ਹੈ, ਜਨਮ ਮਰਨ ਦਾ ਦੁਖ ਉਸ ਦੇ ਨੇੜੇ ਨਹੀਂ ਢੁਕਦਾ। ਉਹ ਜਨਮ –ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
॥ ੧੩॥ ਗੁਰ ਤੇ ਭੂਲੇ ਆਵਹੁ ਜਾਵਹੁ॥ ਜਨਮਿ ਮਰਹੁ ਫੁਨਿ ਪਾਪ ਕਮਾਵਹੁ॥ ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ॥ ੧੩॥ ਹੇ ਭਾਈ, ਜੇ ਸ਼ਬਦ ਗੁਰੂ ਦੇ ਗਿਆਨ ਤੋਂ ਵਾਂਝੇ ਰਹੋਗੇ ਤਾਂ ਸੰਸਾਰ ਵਿੱਚ ਮੁੜ-ਮੁੜ ਕੇ ਆਉਂਦੇ ਜਾਂਦੇ ਰਹੋਗੇ, ਜੰਮਦੇ-ਮਰਦੇ ਰਹੋਗੇ। ਜਨਮ ਲੈ ਕੇ ਪਾਪ-ਕਰਮ ਕਰਦੇ ਰਹੋਗੇ, ਪਰਮਾਤਮਾ ਦੇ ਹੁਕਮ ਦੀ ਅਵੱਗਿਆ ਕਰਦੇ ਰਹੋਗੇ, ਮਰ ਕੇ ਫਿਰ ਜੰਮਦੇ ਰਹੋਗੇ। ਸ਼ਕਤੀ ਦੇ, ਮਾਇਆ ਦੇ ਪੁਜਾਰੀ, ਗਫਲਤ ਦੀ ਨੀਂਦ ਵਿੱਚ ਹੀ ਟਿਕੇ ਰਹਿੰਦੇ ਹਨ, ਉਸ ਵਿਚੋਂ ਜਾਗ ਕੇ ਸੁਚੇਤ ਨਹੀਂ ਹੁੰਦੇ। ਫਿਰ ਜਦ ਉਨ੍ਹਾਂ ਨੂੰ ਕੋਈ ਦੁੱਖ ਵਿਆਪਦਾ ਹੈ, ਤਾਂ ਉਹ ਰਾਮ-ਰਾਮ, ਅਲਾਹ-ਅਲਾਹ, ਵਾਹਿਗੁਰੂ-ਵਾਹਿਗੁਰੂ ਰੱਬ-ਰੱਬ ਕਰਦੇ ਹਨ।
॥ ੧੪॥ ਦੁਖੁ ਸੁਖੁ ਪੁਰਬ ਜਨਮ ਕੇ ਕੀਏ॥ ਸੋ ਜਾਣੈ ਜਿਨਿ ਦਾਤੈ ਦੀਏ॥ ਕਿਸ ਕਉ ਦੋਸੁ ਦੇਹਿ ਤੂ ਪ੍ਰਾਣੀ ਸਹੁ ਅਪਣਾ ਕੀਆ ਕਰਾਰਾ ਹੇ॥ ੧੪॥ ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ, ਲੋਕ ਦੁਖ-ਸੁਖ ਭੋਗਦੇ ਹਨ। ਇਨ੍ਹਾਂ ਦੇ ਆਉਣ ਅਤੇ ਦੂਰ ਹੋਣ ਦੇ ਨਿਯਮ-ਕਾਨੂਨਾਂ ਬਾਰੇ, ਉਹ ਪਰਮਾਤਮਾ ਹੀ ਜਾਣਦਾ ਹੈ, ਜਿਸ ਨੇ ਇਹ ਦੁਖ-ਸੁਖ ਭੋਗਣ ਨੂੰ ਦਿੱਤੇ ਹਨ। ਹੇ ਪ੍ਰਾਣੀ, ਤੂੰ ਆਪਣੇ ਕੀਤੇ ਕਰਮਾਂ ਦੇ ਆਧਾਰ ਤੇ ਮਿਲੀ ਕਰੜੀ ਸਜ਼ਾ ਨੂੰ ਆਪ ਹੀ ਸਹਾਰ, ਆਪ ਹੀ ਭੋਗ, ਇਸ ਬਾਰੇ ਤੂੰ ਕਿਸੇ ਦੂਸਰੇ ਨੂੰ, ਦੋਸ਼ ਨਹੀਂ ਦੇ ਸਕਦਾ।
॥ ੧੫॥ ਹਉਮੈ ਮਮਤਾ ਕਰਦਾ ਆਇਆ॥ ਆਸਾ ਮਨਸਾ ਬੰਧਿ ਚਲਾਇਆ॥ ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ॥ ੧੫॥ ਜੀਵ ਜਨਮ ਜਨਮਾਂਤਰਾਂ ਤੋਂ ਮੈਂ-ਮੇਰੀ ਅਤੇ ਮਾਇਆ-ਮੋਹ ਅਧੀਨ, ਮਾਇਕ ਸੋਚਾਂ ਹੀ ਸੋਚਦਾ ਚਲਿਆ ਆ ਰਿਹਾ ਹੈ। ਏਸੇ ਕਾਰਨ ਹੀ ਆਸਾਂ ਅਤੇ ਮੰਸਾਵਾਂ, ਦਿਲ ਵਿੱਚ ਹੀ ਲੈ ਕੇ ਇਸ ਜਹਾਨ ਤੋਂ ਚਲੇ ਜਾਂਦਾ ਹੈ, ਮਰ ਜਾਂਦਾ ਹੈ। ਇਵੇਂ ਮੇਰੀ-ਮੇਰੀ ਕਰਦਾ, ਇਸ ਜਹਾਨ ਤੋਂ ਕੀ ਲੈ ਕੇ ਜਾਂਦਾ ਹੈ? ਇਕੱਠੇ ਕੀਤੇ ਦੁਨਿਆਵੀ ਪਦਾਰਥ ਤਾਂ ਨਾਲ ਜਾਂਦੇ ਨਹੀਂ, ਉਨ੍ਹਾਂ ਪਦਾਰਥਾਂ ਤੋਂ ਵਿਛੜਨ ਵੇਲੇ, ਉਸ ਦੇ ਪੱਲੇ ਵਿਕਾਰਾਂ ਦੀ ਸੁਆਹ ਹੀ ਹੁੰਦੀ ਹੈ, ਜੋ ਉਸ ਦੇ ਆਤਮਕ ਜੀਵਨ ਲਈ ਜ਼ਹਰ ਬਣ ਕੇ, ਉਸ ਦੇ ਆਤਮਕ ਜੀਵਨ ਨੂੰ ਖਤਮ ਕਰ ਦਿੰਦੀ ਹੈ।
॥ ੧੬॥ ਹਰਿ ਕੀ ਭਗਤਿ ਕਰਹੁ ਜਨ ਭਾਈ॥ ਅਕਥੁ ਕਥਹੁ ਮਨੁ ਮਨਹਿ ਸਮਾਈ॥ ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ॥ ੧੬॥ ਹੇ ਭਾਈ ਜਨੋ, ਹਰੀ ਦੀ ਭਗਤੀ ਕਰੋ, ਉਸ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰੋ, ਜਿਸ ਦੇ ਗੁਣਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਵੇਂ ਮਨ ਆਪਣੇ ਅਸਲੀ ਸਰੂਪ ਵਿੱਚ ਆਪਣੇ ਆਪ ਹੀ ਸਮਾ ਜਾਵੇਗਾ, ਉਸ ਨਾਲ ਇਕ-ਮਿਕ ਹੋ ਜਾਵੇਗਾ। ਇਸ ਨੂੰ ਹੀ ਗੁਰਬਾਣੀ ਇਵੇਂ ਵੀ ਸਮਝਾਉਂਦੀ ਹੈ,
ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥ (੪੪੧) ਹੇ ਭਾਈ, ਇਸ ਭਟਕਦੇ ਮਨ ਨੂੰ ਰੋਕ ਕੇ ਆਪਣੇ ਘਰ, ਸਰੀਰ ਵਿੱਚ ਹੀ ਰਖੋ, ਜਿੱਥੇ ਪਰਮਾਤਮਾ ਦਾ ਨਿਵਾਸ ਹੈ। ਫਿਰ ਦੁਖ ਦੂਰ ਕਰਨ ਵਾਲਾ, ਉਸ ਮਨ ਨੂੰ ਆਪਣੇ ਨਾਲ ਇੱਕ ਮਿਕ ਕਰ ਕੇ, ਤੁਹਾਡਾ ਜਨਮ-ਮਰਨ ਦਾ ਦੁਖ, ਸਦੀਵੀ ਤੌਰ ਤੇ ਕੱਟ ਦੇਵੇਗਾ, ਖਤਮ ਕਰ ਦੇਵੇਗਾ।
॥ ੧੭॥ ਹਰਿ ਗੁਰ ਪੂਰੇ ਕੀ ਓਟ ਪਰਾਤੀ॥ ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ॥ ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ॥ ੧੭॥ ੪॥ (੧੦੩੧) ਜਿਸ ਬੰਦੇ ਨੇ ਗੁਰ, ਸ਼ਬਦ ਗੁਰੂ ਦੀ ਓਟ ਲੈ ਕੇ, ਉਸ ਦੇ ਗਿਆਨ ਦੀ ਰੋਸ਼ਨੀ ਵਿਚ, ਹਰੀ ਦੇ ਆਸਰੇ ਦੀ ਵਡਿਆਈ ਬਾਰੇ ਜਾਣ ਲਿਆ, ਹੇ ਨਾਨਕ, ਪਰਮਾਤਮਾ ਨਾਲ ਸੁਰਤ ਜੋੜਨ ਕਾਰਨ, ਉਸ ਬੰਦੇ ਦੀ ਮੱਤ ਸ੍ਰੇਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮਿਹਰ ਕਰ ਕੇ, ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ, ਉਸ ਦਾ ਜਨਮ-ਮਰਨ ਦਾ ਗੇੜ ਕੱਟ ਦਿੰਦਾ ਹੈ। ਪਰ ਗੁਰਮੁਖਿ (ਜੋ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਹੈ) ਦੀ ਸੰਗਤ ਕਰ ਕੇ, ਆਪ ਗੁਰਮੁਖਿ ਹੋ ਕੇ ਹੀ, ਕਿਸੇ ਵਿਰਲੇ ਨੇ ਪਰਮਾਤਮਾ ਵਿੱਚ ਸੁਰਤ ਜੋੜਨੀ ਸਿੱਖੀ ਹੈ, ਪਰਮਾਤਮਾ ਨਾਲ ਪਿਆਰ ਪਾਉਣ ਦਾ ਢੰਗ ਸਿਖਿਆ ਹੈ।
ਅਮਰ ਜੀਤ ਸਿੰਘ ਚੰਦੀ




.