.

ਗਿਆਨ ਵਿਹੂਣੀ ਅੰਨ੍ਹੀਂ ਸ਼ਰਧਾ

ਸਿੱਖ ਰਹਿਤ ਮਰਿਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਜੋ ਵਿਅਕਤੀ ਦਸ ਗੁਰੂ ਸਹਿਬਾਂਨ, ਗੁਰੂ ਗ੍ਰੰਥ ਸਹਿਬ ਅਤੇ ਦਸਮ ਪਿਤਾ ਦੇ ਖੰਡੇ ਬਾਟੇ ਦੀ ਪਹੁਲ ਵਿੱਚ ਯਕੀਨ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ। ਅੱਜ ਕੱਲ ਹਰ ਵਿਅਕਤੀ ਜੋ ਸਿੱਖ ਪ੍ਰੀਵਾਰ ਨਾਲ ਸਬੰਧਿਤ ਹੈ ਆਖਦਾ ਹੈ ਕਿ ਮੈਂ ਸਿੱਖ ਹਾਂ, ਮੇਰੀ ਗੁਰੂ ਗ੍ਰੰਥ ਸਹਿਬ ਜੀ ਵਿੱਚ ਅਥਾਹ ਸ਼ਰਧਾ ਹੈ। ਅਗਰ ਇਹ ਸੱਚ ਹੈ ਤਾਂ ਸਾਨੂੰ ਇਹ ਵੇਖਣਾ ਪਵੇਗਾ ਕਿ ਅਸੀਂ ਇਸ ਵਿੱਚ ਦਰਜ਼ ਸਿੱਖਿਆ ਉੱਪਰ ਚਲ ਰਹੇ ਹਾਂ? ਅਗਰ ਉੱਤਰ ਹਾਂ ਵਿੱਚ ਹੈ ਤਾਂ ਤੇ ਅਸੀਂ ਸਿੱਖ ਹੋਏ ਪਰ ਜੇ ਸਾਡਾ ਜਵਾਬ ਨਾਂਹ ਵਿੱਚ ਹੈ ਤਾਂ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣ ਦੇ ਕਤਈ ਹੱਕਦਾਰ ਨਹੀਂ। ਕਿਉਂ ਕਿ ਸਿੱਖੀ ਤਾਂ ਗੁਰੂ ਜੀ ਦੀ ਸਿੱਖਿਆ ਨੂੰ ਸਿੱਖਦੇ ਰਹਿਣਾ ਅਤੇ ਇਸਨੂੰ ਆਪਣੇ ਜੀਵਨ ਵਿੱਚ ਢਾਲਦੇ ਰਹਿਣਾ ਹੈ। ਜੇ ਸਾਡਾ ਅਮਲੀ ਜੀਵਨ ਗੁਰੂ ਜੀ ਦੀਆਂ ਸਿੱਖਿਆਵਾਂ ਅਨੁਸਾਰ ਨਹੀਂ ਤਾਂ ਅਸੀਂ ਸਿੱਖ ਕਿਵੇਂ ਹੋਏ? ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਜਾਂ ਗੁਰੂ ਗ੍ਰੰਥ ਸਹਿਬ ਨੂੰ ਮੱਥਾ ਟੇਕਣ ਵਾਲਾ ਸਿੱਖ ਅਖਵਾਉਣ ਦੇ ਲਾਇਕ ਨਹੀਂ ਹੋ ਸਕਦਾ, ਹਾਂ ਗੁਰੂ ਗ੍ਰੰਥ ਸਹਿਬ ਪ੍ਰਤੀ ਸ਼ਰਧਾ ਰੱਖਣ ਵਾਲਾ ਜ਼ਰੂਰ ਕਹਾ ਸਕਦਾ ਹੈ। ਮੱਥਾ ਟੇਕਣ ਦਾ ਅਸਲ ਭਾਵ ਇਹ ਹੈ ਕਿ ਮੈਂ (ਮੱਥਾ ਟੇਕਣ ਵਾਲਾ) ਆਪਣੀ ਪੁਰਾਣੀ ਮਲੀਨ ਮਤਿ ਤਿਆਗਣ ਦਾ ਵਚਨ ਕਰਦਾ ਹਾਂ ਅਤੇ ਅੱਗੋਂ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਜੀ ਕ੍ਰਿਪਾ ਕਰਕੇ ਗੁਰੂ ਗ੍ਰੰਥ ਸਹਿਬ ਜੀ ਵਿੱਚ ਦਰਜ਼ ਉੱਚੀ-ਸੁੱਚੀ ਅਤੇ ਪਵਿਤ੍ਰ ਮੱਤ ਅਨੁਸਾਰ ਜੀਵਨ ਜਿਊਣ ਦੀ ਜਾਚ ਇਸ ਗ਼ਰੀਬ ਦੀ ਝੋਲੀ ਪਾਓ। ਇਹ ਹੈ ਗੁਰੂ ਗ੍ਰੰਥ ਸਹਿਬ ਅੱਗੇ ਸੀਸ ਝੁਕਾਉਣ ਦਾ ਮੁੱਖ ਮੰਤਵ। ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ (ਮ: ੩ ਪੰਨਾ ੬੦੧)।

ਆਓ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਲ ਝਾਤੀ ਮਾਰੀਏ ਅਤੇ ਵੇਖੀਏ ਕਿ ਅਸੀਂ ਕਿੰਨੇ ਕੁ ਸਿੱਖ ਹਾਂ ਅਤੇ ਗੁਰੂ ਗ੍ਰੰਥ ਸਹਿਬ ਜੀ ਦੇ ਦਿਖਾਏ ਹੋਏ ਮਾਰਗ ਉੱਪਰ ਕਿੰਨਾਂ ਕੁ ਚਲਦੇ ਹਾਂ? ਗੁਰੂ ਗ੍ਰੰਥ ਸਹਿਬ ਪ੍ਰਤੀ ਸਾਡਾ ਸਤਿਕਾਰ ਹੈ ਭੀ? ਇਹ ਤਾਂ ਸਿਰਫ ਗੁਰੂ ਗ੍ਰੰਥ ਸਹਿਬ ਦੀ ਸਿੱਖਿਆ ਉੱਪਰ ਚੱਲਣ ਤੇ ਨਿਰਭਰ ਕਰਦਾ ਹੈ। ਗੁਰੂ ਨਾਨਕ ਜੀ ਦੀ ਦਸਮ ਜੋਤ ਨੇ ਸਾਨੂੰ ਬਿਪਰਨ ਕੀ ਰੀਤ (ਅਣਧਰਮੀ ਕਰਮ ਕਾਂਡਾਂ) ਤੋਂ ਸਖਤੀ ਨਾਲ ਵਰਜਦਿਆਂ ਆਖਿਆ ਸੀ ਕਿ ਉਹਨਾਂ ਤੇ ਚਲਣ ਵਾਲਾ ਮੇਰੀ ਪ੍ਰਤੀਤ ਤੋਂ ਸਖਣਾ ਰਹੇਗਾ। ਪਰ ਅਸੀਂ ਏਨੇ ਢੀਠ ਹਾਂ ਕਿ ਅਣਧਰਮੀ ਕਰਮ ਕਾਂਡ ਖ਼ਾਸ ਕਰਕੇ ਬ੍ਰਾਹਮਣ ਵਲੋਂ ਕੀਤੇ ਜਾ ਰਹੇ ਕਰਮ ਕਾਂਡਾਂ ਨੂੰ (ਗੁਰਮਤਿ ਤੋਂ ਅਣਜਾਣਤਾ ਜਾਂ ਹੋਰ ਕਾਰਨ ਕਰਕੇ?) ਅਖੌਤੀ ਸ਼ਰਧਾ ਕਾਰਨ ਵਡੇ ਸਿੱਖ ਲੀਡਰ (ਸਿਅਸੀ ਅਤੇ ਧਾਰਮਿਕ) ਤੋਂ ਲੈ ਕੇ ਸਾਧਾਰਣ ਸਿੱਖ ਤਾਈਂ ਕਰ ਰਹੇ ਹਨ ਵਿਰਲਿਆਂ ਨੂੰ ਛਡ ਕੇ ਹੈਨਿ ਵਿਰਲੇ ਨਾਹੀ ਘਣੇ (ਮ: ੧ ਪੰਨਾ ੧੪੧੧)। ਹਰ ਕੋਈ ਮੱਥੇ ਤਿਲਕ (ਅਣਧਰਮੀਆਂ ਨੂੰ ਖੁਸ਼ ਕਰਨ ਲਈ) ਲੁਔਣ ਦਾ ਸ਼ੌਕੀ ਬਣਿਆ ਫਿਰਦਾ ਹੈ, ਗੁੱਟ ਤੇ ਮੌਲੀ (ਲਾਲ ਧਾਗਾ) ਬੰਨਣ ਵਿੱਚ ਆਪਣੀ ਸ਼ਾਨ (ਬੇਸਮਝੀ ਕਾਰਨ) ਸਮਝੀ ਫਿਰਦਾ ਹੈ, ਕੇਸਾਂ ਨੂੰ ਕਤਲ ਕਰਨਾ ਤਾਂ ਮਹਾਂਮਾਰੂ ਰੋਗ ਵਾਂਗ ਫੈਲ ਚੁੱਕੀ ਫਿਤਰਤ ਬਣ ਚੁੱਕੀ ਹੈ। ਸਾਬਤ ਸੂਰਤ ਸਰੂਪ ਵਿੱਚ ਕੋਈ ਵਿਰਲਾ ਹੀ ਸਿੱਖ ਦਿਸਦਾ ਹੈ। ਏਥੇ ਹੀ ਬਸ ਨਹੀਂ ਗਾਤਰੇਧਾਰੀ (ਖ਼ਾਲਸਾ ਲਫਜ਼ ਨਾਂਹ ਵਰਤਣ ਲਈ ਖਿਮਾਂ ਕਰਨਾਂ) ਹਰ ਥਾਂਹ ਜਿਵੇਂ ਮੰਦਰ, ਮਜਾਰ, ਮੜ੍ਹੀ-ਮਸਾਂਣ, ਜਠੇਰੇ, ਧਾਗੇ ਤਬੀਤ ਕਰਨ ਵਾਲਿਆਂ, ਟੇਵੇ ਲਾਉਣ ਵਾਲਿਆਂ … … … ਇਤਆਦਿ ਅਨੇਕਾਂ ਥਾਂਵ੍ਹਾਂ ਤੇ ਮੱਥੇ ਰਗੜਦੇ ਅਤੇ ਹਾਜ਼ਰੀ ਭਰਦੇ ਨਜ਼ਰ ਆ ਰਹੇ ਹਨ ਭਾਵ ਸਿੱਖਾਂ ਦੀ ਬਹੁਤਾਤ ਹਰ ਤਰਾਂ ਦੇ ਉਸ ਕਰਮ-ਕਾਂਡ ਵਿੱਚ ਗ਼ਲਤਾਂਨ ਹੋ ਚੁੱਕੀ ਹੈ ਜਿਹਨਾਂ ਤੋਂ ਗੁਰੂ ਜੀ ਨੇ ਹੋੜਿਆ ਹੋਇਆ ਹੈ।

ਗੁਰੂ ਸਹਿਬ ਨੇ ਤਾਂ ਸਿੱਖਾਂ ਨੂੰ ਦੇਹ ਤੋਂ ਖਹਿੜਾ ਛੁਡਾ ਕੇ ਸ਼ਬਦ ਰੂਪੀ ਗਿਆਨ ਗੁਰੂ ਦੇ ਲੜ ਲਾਇਆ ਸੀ ਪਰ ਅੱਜ ਸਿੱਖ ਹਰ ਐਰੇ-ਗੈਰੇ ਨੱਥੂ-ਖੈਰੇ ਦੇਹਧਾਰੀ ਦੇ ਪੈਰਾਂ ਤੇ ਢੈਹ ਰਹੇ ਹਨ ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮੁ ਨਹੀ ਜਾਨਾ॥ (ਪੰਨਾ ੩੩੨)। ਜੋ ਸਿੱਖਾਂ ਨੂੰ ਕਾਰਜ ਸਿਧੀ ਵਾਰੇ ਦੋ ਚਾਰ ਚੋਪੜੀਆਂ ਚੋਪੜੀਆਂ ਗਲਾਂ ਸੁਣਾ ਦੇਵੇ ਇਹ ਆਪਣਾ ਸਭ ਕੁੱਝ ਉਸ ਉੱਪਰ ਨਿਸ਼ਾਵਰ ਕਰਨ ਲਈ ਤਿਅਰ ਹੋ ਜਾਂਦੇ ਹਨ। ਨਤੀਜੇ ਵਜੋਂ ਉਹ ਸਿੱਖਾਂ ਦੇ ਘਰਾਂ ਵਿੱਚ ਧੁਰ ਅੰਦਰ ਜਾ ਵੜਦੇ ਹਨ ਭਾਵ ਸਿੱਖਾਂ ਦੀ ਇਜ਼ਤ ਔਰ ਦੌਲਤ ਲੁੱਟਣ ਦਾ ਆਪਣਾ ਹੱਕ ਸਮਝ ਬੈਠਦੇ ਹਨ। ਅੱਜ ਸਿੱਖ ਏਨੇ ਬੇਅਣਖੇ ਅਤੇ ਬੇਦੀਨੇ ਹੋ ਗਏ ਹਨ ਕਿ ਪੁੱਛੋ ਕੁੱਝ ਨਾਂਹ। ਉਹ ਗੁਰੂ ਜੀ ਦਾ ਇਹ ਬਚਨ ਭੁਲ ਹੀ ਗਏ ਹਨ ਕਿ ਜੇ ਜੀਵੇ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਮ: ੧ ਪੰਨਾ ੧੪੨)। ਅਖਬਾਰਾਂ ਵਿੱਚ ਆ ਰਹੀਆਂ ਅਖੌਤੀ ਸਾਧਾਂ ਸੰਤਾਂ ਮਹਾਂਪੁਰਖਾਂ ਦੇ ਡੇਰਿਆਂ ਵਿੱਚ ਹੋ ਰਹੇ ਸਮਲਿੰਗੀ-ਕੁਕਰਮਾਂ ਤੇ ਬਲਾਤਕਾਰਾਂ ਦੀਆਂ ਖ਼ਬਰਾਂ ਪੜ੍ਹ ਸੁਣ ਕੇ ਵੀ ਸਿੱਖਾਂ ਦੀ ਇਹਨਾਂ ਬੂਬਨਿਆਂ ਵਾਰੇ ਅੰਨ੍ਹੀ ਭਾਵ ਗਿਆਨ ਵਿਹੂਣੀ ਸ਼ਰਧਾ ਨਹੀਂ ਲੜਖੜਾ ਰਹੀ - ਕੀ ਕਾਰਨ ਹੈ? ਸੋਚਣਾ ਬਣਦਾ ਹੈ। ਪਰ ਅਫਸੋਸ ਬਹੁਗਿਣਤੀ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ (ਅਸਲ ਵਿੱਚ ਪਤਿਤ) ਅਤੇ ਕਈ ਸਿੱਖ ਦਿਸਣ ਵਾਲੇ ਭੀ ਸ਼ਬਦ ਗੁਰੂ ਨਾਲੋਂ ਜ਼ਿਅਦਾ ਸ਼ਰਧਾ ਅਖੌਤੀ ਸਾਧਾਂ ਸੰਤਾਂ (ਪਰਾਇਆ ਹੱਕ ਖਾਣ ਵਾਲੇ ਵੇਹਲੜ) ਉੱਤੇ ਰੱਖਦੇ ਹਨ ਜਦ ਕਿ ਗੁਰੂ ਸਹਿਬ ਸਾਨੂੰ ਸਮਝਾਉਂਦੇ ਹਨ ਕਿ: ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ (ਮ: ੩ ਪੰਨਾ ੫0੯) ਭਾਵ ਜੋ ਮਰ ਖਪਣ ਵਾਲਾ ਹੈ ਉਸ ਪਿਛੇ ਕਿਉਂ ਲੱਗੀਏ। ਬੂਬਨਿਆਂ ਦੇ ਪਿਛਲੱਗ ਇਹਨਾਂ ਗਿਆਨ ਵਿਹੂਣੇ ਵੀਰਾਂ ਨੇ ਜਿਵੇਂ ਅਕਲ ਨੂੰ ਤਾਲਾ ਲਾਇਆ ਹੋਇਆ ਹੈ ਕਿ ਏਨੇ ਪ੍ਰਤੱਖ ਪ੍ਰਮਾਣਾਂ ਦੇ ਬਾਵਯੂਦ ਅਖੌਤੀ ਸਾਧੜਿਆਂ ਨੂੰ ਹਰ ਤਰਾਂ ਦੀ ਐਸ਼ੋ-ਇਸ਼ਰਤ ਦੇ ਸਾਮਾਨ (ਦੌਲਤ ਤੇ ਔਰਤ) ਨਾਲ ਨਿਵਾਜ਼ ਕੇ ਆਪਣੀ ਸ਼ੈਤਾਨੀਅਤ ਦਾ ਮੁਜ਼ਾਹਿਰਾ ਕਰ ਰਹੇ ਹਨ ਜਦ ਕਿ ਗੁਰੂ ਸਹਿਬ ਤਾਂ ਆਖ ਰਹੇ ਹਨ: ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ। ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ। (ਮ: ੧ ਪੰਨਾ ੧੨੪੫)। ਅਖਬਾਰੀ ਖਬਰਾਂ ਮੁਤਾਬਿਕ ਕੁੱਝ ਬਦਨਾਮ ਸਾਧਾਂ ਨੂੰ ਜਾਗਰਿਤ ਸਿੱਖਾਂ ਨੇ ਕਨੇਡਾ, ਅਮਰੀਕਾ, ਵਲੈਤ, ਦੁਬਈ ਅਤੇ ਅਸਟਰੇਲੀਆ ਵਗੈਰਾ ਮੁਲਕਾਂ ਵਿੱਚ ਵਿਰੋਧ ਕਰਕੇ ਕਈ ਜਗ੍ਹਾ ਤੋਂ ਸਿਰਾਂ ਉੱਤੇ ਪੈਰ ਰੱਖ ਕੇ ਦ੍ਹੌੜਨ ਲਈ ਮਜ਼ਬੂਰ ਕੀਤਾ ਸੀ। ਏਸੇ ਕਰਕੇ ਹੁਣ ਸਾਧੜਿਆਂ ਨੇ ਆਪਣੇ ਏਜੰਟਾਂ ਰਾਹੀਂ ਹੋਰਨਾਂ ਮੁਲਕਾਂ ਜਿਵੇਂ ਇਟਲੀ (ਸਾਧੜਿਆਂ ਦੀ ਨਵੀਂ ਮੰਡੀ) ਵਗੈਰਾ ਵਿੱਚ ਅਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਏਹਨਾਂ ਮੁਲਕਾਂ ਦੇ ਗੁਰੂ ਕੇ ਸਿੱਖਾਂ ਨੂੰ ਚੌਕੰਨੇ ਹੋਣ ਦੀ ਜ਼ਰੂਰਤ ਹੈ ਤਾਂਕਿ ਸਾਡੇ ਸਿੱਖ ਵੀਰ ਤੇ ਭੈਣਾਂ ਕਿਸੇ ਵੀ ਪੱਖੋਂ ਡੇਰੇਦਾਰਾਂ ਕੋਲੋਂ ਠਗੇ ਨਾਂਹ ਜਾਣ। ਕੁੱਝ ਧਾਰਮਿਕ ਗਿਆਨ ਪੱਖੋਂ ਬੇਸਮਝ ਪਰ ਚਲਾਕ (ਕਮਾਈ ਅਤੇ ਸ਼ੋਹਰਤ ਦੇ ਭੁੱਖੇ) ਬੰਦਿਆਂ ਨੇ ਗੁਰਦੁਆਰਿਆਂ ਦੇ ਮਨਮੁਖ ਅਤੇ ਲਾਲਚੀ ਪ੍ਰਬੰਧਕਾਂ ਨਾਲ ਮਿਲ ਕੇ ਅਖੌਤੀ ਸੰਤਾਂ ਮਹਾਂਪੁਰਖਾਂ ਦੇ ਮਰੇ ਹੋਏ ਡੇਰੇਦਾਰਾਂ ਦੀਆਂ ਬਰਸੀਆਂ ਮਨੌਣ ਦਾ ਢਕਵੰਜ ਰਚਾ ਕੇ ਆਮ ਸਿੱਖ ਸੰਗਤਾਂ ਨੂੰ ਲੁਟਣ ਦਾ ਨਵਾਂ ਤਰੀਕਾ ਲਭ ਲਿਆ ਹੈ। ਸਾਵਧਾਨ! ਇਹਨਾਂ ਵੇਹਲੜ ਸਾਧੜਿਆਂ ਦੀ ਰੀਸੇ (ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ॥ ਮ: ੩ ਪੰਨਾ ੨੮) ਹੁਣ ਅਮੂਮਨ ਪੂਰੀ ਸਿੱਖ ਕੌਮ ਹੀ ਇਸ ਕੁਰੀਤੀ ਦਾ ਸ਼ਿਕਾਰ ਹੋ ਰਹੀ ਹੈ ਜਿਸ ਕਾਰਨ ਹਰ ਸਾਲ ਗੁਜ਼ਰ ਚੁੱਕੇ ਬਜ਼ੁਰਗਾਂ ਦੀਆਂ ਬਰਸੀਆਂ ਮਨਾਉਣ ਉੱਤੇ ਆ ਰਹੇ ਫਾਲਤੂ ਖਰਚੇ ਕਾਰਨ ਗ਼ਰੀਬ ਸਿੱਖ ਕਰਜ਼ਾਈ ਹੋ ਰਹੇ ਹਨ ਅਤੇ ਕਰਜ਼ਾ ਨਾਂਹ ਉਤਰਨ ਦੀ ਹਾਲਤ ਵਿੱਚ ਖੁਦਕੁਸ਼ੀ ਦਾ ਸ਼ਿਕਾਰ ਹੋ ਰਹੇ ਹਨ।

ਸਾਡੇ ਗੁਰੂ ਜੀ ਨੇ ਜੋ ਜੀਵਨ ਜਾਚ ਸਾਨੂੰ ਸਿਖਾਈ ਹੈ ਉਸ ਦਾ ਆਧਾਰ ਹੈ: ਕਿਰਤ ਕਰੋ, ਨਾਂਮ ਜਪੋ ਅਤੇ ਵੰਡ ਕੇ ਛਕੋ। ਪਰ ਗ੍ਰਿਸਤ ਅਤੇ ਹੱਥੀਂ ਮੇਹਨਤ ਕਰਨ ਤੋਂ ਭੱਜਿਆ ਹੋਇਆ ਵੇਹਲੜ ਸਾਧ ਲਾਣਾ ਭੁੱਲੜ ਵੀਰਾਂ ਦੀ ਅਗਿਆਨਤਾ ਕਾਰਨ ਸਿੱਖਾਂ ਦੇ ਸਿਰਾਂ ਉੱਤੇ ਐਸ਼ ਕਰ ਰਿਹਾ ਹੈ। ਪਿੱਛੇ ਆਪਣੇ ਦੇਸ ਪੰਜਾਬ ਵਿੱਚ ਇਹ ਵਿਦੇਸੀ ਵਾਤਾਅਨੁਕੂਲ ਕਾਰਾਂ ਵਿੱਚ ਘੁੰਮਦੇ ਹਨ ਅਤੇ ਵਾਤਾਅਨੁਕੂਲ ਭੋਰਿਆਂ ਵਿੱਚ ਲੋਕਾਂ ਦੀਆਂ ਔਰਤਾਂ (ਮਾਵਾਂ ਧੀਆਂ ਭੈਣਾਂ) ਨਾਲ ਕਾਮਾਦਿਕ ਕਲੋਲ ਕਰਦੇ ਹੋਏ ਸ਼ਾਹਾਨਾਂ ਜ਼ਿੰਦਗੀ ਬਤੀਤ ਕਰਦੇ ਹਨ। ਇਹ ਦਾਗਦਾਰ ਬਾਹਰ ਚਿੱਟੇ ਚੋਲੇ ਪਾ ਕੇ ਅਪਣੀਆਂ ਅੱਖਾਂ ਮੀਟ ਕੇ ਅਤੇ ਆਪਣੇ ਚੇਲਿਆਂ ਦੀਆਂ ਅੱਖਾਂ ਬੰਦ ਕਰੁਆ ਕੇ ਨਾਮ ਸਿਮਰਨ ਕਰਨ ਦਾ ਖੇਖਣ ਕਰਦੇ ਹਨ। ਬਦੌਲਤ ਮੀਡੀਏ ਦੀ ਤੇਜ਼ ਨਜ਼ਰ ਕਰਕੇ ਹੁਣ ਇਸ ਲੁਟੇਰੀ ਮੰਡਲੀ ਦਾ ਹੌਲੀ ਹੌਲੀ ਪਰਦਾ ਫਾਸ਼ ਹੋ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਬਜ਼ੁਰਗ ਅਣਧਰਮੀਆਂ ਦੀਆਂ ਧੀਆਂ ਭੈਣਾਂ ਜ਼ਾਲਮਾਂ ਹੱਥੋਂ ਛੁਡਾ ਕੇ ਉਹਨਾਂ ਦੇ ਘਰੀਂ ਪਹੁੰਚਾਉਂਦੇ ਰਹੇ ਹਨ ਪਰ ਅੱਜ ਅੰਨ੍ਹੀ ਸ਼ਰਧਾ ਅਧੀਨ ਭੋਲੇ ਤੇ ਭੁੱਲੜ ਸਿੱਖ ਅਗਿਆਨਤਾ ਵਸ ਆਪਣੀਆਂ ਧੀਆਂ ਭੈਣਾਂ ਖ਼ੁਦ ਇਹਨਾਂ ਵਹਿਸ਼ੀ ਦਰਿੰਦਿਆਂ ਦੇ ਹਵਾਲੇ ਕਰ ਰਹੇ ਹਨ। ਕੀ ਅਸੀਂ ਸਤ੍ਹਾਰਵੀ ਅਠ੍ਹਾਰਵੀਂ ਸਦੀ ਦੇ ਹਿੰਦੂਆਂ ਵਾਂਗ ਏਨੇ ਗ਼ੈਰਤ ਵਿਹੂਣੇ ਅਤੇ ਅਕਲ ਦੇ ਅੰਨ੍ਹੇ ਹੋ ਗਏ ਹਾਂ? ਗੁਰੂ ਕੇ ਸਿੱਖੋ ਹੋਸ਼ ਵਿੱਚ ਆਓ ਅਤੇ ਇਹਨਾਂ ਸਭ ਬਨਾਰਸ ਕੇ ਠਗਾਂ ਜਿਹਨਾਂ ਦੇ, ਮਨਿ ਹੋਰੁ ਮੁਖਿ ਹੋਰੁ (੪੮੮), ਹੈ ਦਾ ਬਾਈਕਾਟ ਕਰਕੇ ਇਹਨਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਕਰਨ ਵਿੱਚ ਆਪਣਾ ਯੋਗਦਾਨ ਪਾਓ ਅਤੇ ਆਪਣੇ ਜੀਵਨ ਨੂੰ ਸਹੀ ਰਾਹ ਪਾਉਣ ਲਈ ਸ਼ਬਦ ਗੁਰੂ ਦੀ ਸਿੱਖਿਆ ਉੱਤੇ ਇਮਾਨਦਾਰੀ ਅਤੇ ਸੁਹਿਰਦਤਾ ਨਾਲ ਪਹਿਰਾ ਦਿਓ।

ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਇਸ ਤਰਾਂ ਦਰਜ਼ ਹੈ ਕਿ ਇੱਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ ਅਤੇ ਮੁਕਤੀ ਦਾ ਦਾਤਾ ਦਸਾਂ ਗੁਰੂਆਂ ਦੀ ਜੋਤ ਗੁਰਬਾਣੀ ਦੇ ਜਹਾਜ਼ ਗੁਰੂ ਗ੍ਰੰਥ ਸਹਿਬ ਨੂੰ ਮੰਨਣਾ। ਗੁਰੂ ਦੇ ਸਿੱਖ ਹੋਣ ਨਾਤੇ ਜੇ ਅਸੀਂ ਗੁਰੂ ਜੀ ਦੇ ਹੁਕਮਾਂ ਨੂੰ ਵਿਸਾਰ ਕੇ ਕਿਸੇ ਅਣਧਰਮ ਜਗ੍ਹਾ ਨੂੰ ਅੰਨ੍ਹੀ ਸ਼ਰਧਾ ਅਧੀਨ ਆਪਣਾ ਇਸ਼ਟ ਮੰਨਦੇ ਹਾਂ ਭਾਵ ਮੱਥਾ ਟੇਕਦੇ ਹਾਂ ਤਾਂ ਅਸੀਂ ਸਰਾਸਰ ਗੁਰੂ ਤੋਂ ਆਪਣੇ ਮਨ ਪਿੱਛੇ ਲਗ ਕੇ ਬੇਮੁੱਖ ਤਾਂ ਹੋ ਹੀ ਰਹੇ ਹਾਂ ਨਾਲ ਹੀ ਆਪਣੀ ਕੌਮ ਨੂੰ ਕਲੰਕਿਤ ਅਤੇ ਆਪਣੇ ਆਪ ਦਾ ਮੌਜੂ ਭੀ ਉਡਾ ਰਹੇ ਹੁੰਦੇ ਹਾਂ। ਗੁਰਬਾਣੀ ਫੁਰਮਾਣ ਹੈ ਮਨਮੁਖੁ ਅੰਧਾ ਮੁਗਧੁ ਗਵਾਰੁ (ਪੰਨਾ ੯੩੨)। ਜਿਹੜੇ ਗੁਰਸਿੱਖ ਵੀਰ ਗੁਰਬਾਣੀ (੧ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਭੰਡਾਰ) ਨੂੰ ਧਿਆਨ ਨਾਲ ਪੜ੍ਹਦੇ, ਸੁਣਦੇ ਅਤੇ ਵਿਚਾਰਦੇ ਹਨ ਉਹ ਜਾਣਦੇ ਹਨ ਕਿ ਗੁਰਬਾਣੀ ਅਣਧਰਮ ਦੇ ਕਿਸੇ ਵੀ ਇਸ਼ਟ ਨੂੰ ਜਾਂ ਕਰਮ ਕਾਂਡ ਜਾਂ ਰਸਮ ਰਿਵਾਜ ਨੂੰ ਮਾਣਤਾ ਨਹੀਂ ਦਿੰਦੀ ਗੁਰਬਾਣੀ ਫੁਰਮਾਣ ਹਨ: ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ। (ਮ: ੧ ਪੰਨਾ ੩੫੦) ਸੋ ੧ ਅਤੇ ਸਿਰਫ ਇੱਕੋ ਗੁਰੂ-ਗੁਰੂ ਗ੍ਰੰਥ ਸਹਿਬ ਜੀ- ਦਾ ਪੱਲਾ ਫੜਨਾ ਹੀ ਭਾਵ ਗੁਰਬਾਣੀ ਦੇ ਦੱਸੇ ਹੋਏ ਮਾਰਗ ਉੱਪਰ ਚਲਣਾ ਹੀ ਹਰ ਇੱਕ ਸਿੱਖ ਮਾਈ ਭਾਈ ਨੂੰ ਸ਼ੋਭਦਾ ਹੈ। ਪੀਰ ਦਾਦੂ ਦੀ ਕਬਰ ਵਾਲੀ ਇਤਹਾਸਿਕ ਘਟਨਾ ਤੋਂ ਹਰ ਸਿੱਖ ਨੂੰ ਸਬਕ ਸਿੱਖਣ ਦੀ ਅਤਿਅੰਤ ਜ਼ਰੂਰਤ ਹੈ ਤਾਂ ਕਿ ਅਸੀਂ ਭੀ ਉਹਨਾਂ ਗੁਰਸਿੱਖਾਂ ਵਾਂਗ, ਜਿਹਨਾਂ ਨੇ ਦਸਮ ਪਿਤਾ ਜੀ ਨੂੰ ਗੁਰਮਤਿ ਸਿਧਾਂਤ ਨੂੰ (ਜਾਣ ਬੁਝ ਕੇ) ਅੱਖੋਂ ਪਰੋਖੇ ਕਰਨ ਤੇ ਟੋਕ ਦਿੱਤਾ ਸੀ, ਹਰ ਹੀਲੇ ਗੁਰਮਤਿ ਸਿਧਾਂਤ ਨੂੰ ਅੱਖੋਂ ਪਰੋਖੇ ਨਾਂਹ ਹੋਣ ਦੇਈਏ।

ਅਸੀਂ ਸਮੂਹ ਭੈਣ ਅਤੇ ਵੀਰ ਚੰਗੀ ਤਰਾਂ ਜਾਣਦੇ ਹਾਂ ਕਿ ਜਗਤ ਗੁਰੂ ਨਾਨਕ ਨੇ ਜਦ ਪੰਡਤ ਦਾ ਜਨੇਊ ਪੌਣ ਤੋਂ ਭਰੀ ਸਭਾ ਵਿੱਚ ਇਨਕਾਰ ਕਰ ਦਿੱਤਾ ਸੀ ਤਾਂ ਬਿੱਪਰ ਤਿਲਮਲਾ ਉੱਠਿਆ ਸੀ ਅਤੇ ਉਸ ਨੇ ਉਸੇ ਦਿਨ ਤੋਂ ਤਹੱਈਆ ਕਰ ਲਿਆ ਸੀ ਕਿ ਨਾਨਕ ਦੇ ਵਿਚਾਰ ਦੀ ਜੜ੍ਹ ਨਹੀਂ ਲਗਣ ਦੇਣੀ। ਇਸੇ ਕਰਕੇ ਬਿੱਪਰ ਸ਼ੁਰੂ ਤੋਂ ਹੀ ਸਿੱਖ ਜੀਵਨ ਜਾਚ ਦਾ ਕਟੜ ਵੈਰੀ ਤੁਰਿਆ ਆ ਰਿਹਾ ਹੈ ਅਤੇ ਇਸਨੇ ਸਿੱਖਾਂ ਵਿੱਚ ਅੰਨ੍ਹੀ ਸ਼ਰਧਾ ਫੈਲਾਉਣ ਲਈ ਪੂਰੀ ਟਿੱਲ ਲਾਈ ਹੋਈ ਹੈ। ਮੌਜੂਦਾ ਸਮੇਂ ਵਿੱਚ ਇਸਨੇ ਆਪਣੇ ਕਾਫੀ ਹੱਥ ਠੋਕੇ ਗੁੱਝੀ ਹਮਾਇਤ ਰਾਹੀਂ ਤਿਆਰ ਕਰ ਰੱਖੇ ਹਨ ਉਹ ਭੀ ਸਿੱਖੀ ਭੇਖ ਵਿੱਚ। ਜੋ ਸੰਤਾਂ ਦੀਆਂ ਧਾੜਾਂ (ਦੇਸ ਪੰਜਾਬ ਦੇ ਕੋਈ ਸ੍ਹਾਡੇ ਬਾਰਾਂ ਹਜ਼ਾਰ ਪਿੰਡਾਂ ਵਿੱਚ ਕੋਈ ਸਤਾਰਾਂ ਹਜ਼ਾਰ ਸਾਧ ਡੇਰੇ ਇਸਦੀ ਮਿਸਾਲ ਹਨ) ਦੇ ਰੂਪ ਵਿੱਚ ਬਾਣੀ ਨੂੰ ਤੋੜ ਮਰੋੜ ਕੇ ਕੱਚੀਆਂ ਧਾਰਨਾਂ ਰਾਹੀਂ ਅਤੇ ਸਨਾਤਨੀ ਔਰ ਕਰਾਮਾਤੀ ਮਨਘੜਤ ਸਾਖੀਆਂ ਰਾਹੀਂ ਸ਼ਰਧਾ ਦੇ ਬਹਾਨੇ ਸਿੱਖਾਂ ਨੂੰ ਕੁਰਾਹੇ ਪੌਣ ਵਿੱਚ, ਸਾਡੀ ਅਣਗਹਿਲੀ ਅਤੇ ਅਗਿਆਨਤਾ ਕਾਰਨ, ਸਹਿਜੇ ਹੀ ਸਫਲ ਹੋ ਰਹੇ ਹਨ। ਹੁਣ ਇਹਨਾਂ ਸਨਾਤਨੀ ਸਾਧ ਲਾਣੇ ਨੇ ਆਪਸ ਵਿੱਚ ਹੱਥ ਮਿਲਾ ਕੇ ਆਪਣਾ ਵਖਰਾ ਸਮਾਜ ਹੀ ਹੋਂਦ ਵਿੱਚ ਲੈ ਆਂਦਾ ਹੈ ਜਿਸ ਨੂੰ ਸਰਕਾਰੀ ਸ਼ੈਹ ਅਤੇ ਹਮਾਇਤ ਹਾਸਿਲ ਹੈ। ਬਿੱਪਰ ਵਲੋਂ ਗੁਝੀ ਹਮਾਇਤ ਨਾਲ ਚਾਲੂ ਇਹਨਾਂ ਝੂਠੀਆਂ ਦੁਕਾਨਾਂ ਦੀਆਂ ਅਨੇਕਾਂ ਹੀ ਮਿਸਾਲਾਂ ਹਨ ਜਿਵੇਂ ਨਰਿੰਕਾਰੀਏ, ਰਾਧਾਸਵਾਮੀ, ਸਿਰਸਾ ਵਾਲਾ, ਭਨਿਆਰੇ ਵਾਲਾ, ਅਸੂਤੋਸ਼, ਪਿਹੋਵੇ ਵਾਲਾ, ਢਡਰੀਆਂ ਵਾਲਾ ਅਤੇ ਅਨੇਕਾਂ ਹੋਰ। ਇਹਨਾਂ ਵਿੱਚੋਂ ਪਿੱਛੇ ਅਖ਼ਬਾਰੀ ਸੁਰਖੀਆਂ ਵਿੱਚ ਅਇਆ ਸਹੋੜਾ ਮਸਤੂਆਣੇ ਵਾਲਾ ਹੈ, ਜਿਸ ਨੇ ਦਰਬਾਰ ਸਹਿਬ ਅਮ੍ਰਿਤਸਰ ਦੀ ਹੂ-ਬ-ਹੂ ਨਮੂਨੇ ਵਾਲੀ ਇਮਾਰਤ ਤਿਆਰ ਕਰਕੇ ਗੁਰੂ ਦੇ ਦਰਬਾਰ ਦੀ ਮਹੱਤਤਾ ਘਟਾਉਣ ਕਰਕੇ ਬਦਨਾਮੀ ਖੱਟੀ ਸੀ।

ਹਾਲ ਹੀ ਵਿੱਚ ਮੁਹਾਲੀ ਵਿਖੇ ਇੱਕ ਸਿੱਖ ਨੌਜਵਾਨ ਦੀ ਦਸਤਾਰ ਲਾਹੁਣ ਦੀ ਘਟਨਾ ਬਾਦਲ ਦੀ ਇੱਕ ਸੋਚੀ ਸਮਝੀ ਬਾਦਲੀ ਸਿਆਸਤ ਦੀ ਗੁੱਝੀ ਚਾਲ ਹੈ। ਇਸ ਨਾਲ ਉਹ ਆਪਣੇ ਵਿਰੋਧੀਆਂ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਦੀਆਂ ਸਿੱਖ ਵੋਟਾਂ ਨੂੰ ਹਥਿਆਉਣ ਦਾ ਗੁਰ ਵਰਤ ਕੇ ਉਹਨਾਂ ਨੂੰ ਠਿੱਬੀ ਲਾਉਣ ਦੇ ਆਹਰ ਵਿੱਚ ਹੈ। ਪੁਲਸੀਆਂ ਨੂੰ ਬਲੀ ਦਾ ਬੱਕਰਾ ਬਣਾ ਕੇ ਸਿੱਖ ਵੋਟਰਾਂ ਨੂੰ ਮੂਰਖ ਬਣਾਉਣ ਦਾ ਬਾਦਲੀ ਜਾਲ ਸੁੱਟ ਕੇ ਉਸਨੇ ਆਖਰ ਸਿੱਖ ਹਿਤੈਸ਼ੀ ਹੋਣ ਦੀ ਡੌਂਡੀ ਪਿੱਟਣੀ ਸ਼ੁਰੂ ਕਰ ਦੇਣੀ ਹੈ। ਐਸੇ ਹਾਲਾਤਾਂ ਵਿੱਚ ਜਿਹੜੇ ਸਿੱਖ ਬਾਦਲ ਦੇ ਮੀਸਣੇਪਣ ਨੂੰ ਨਾਂਹ ਸਮਝਦੇ ਹੋਏ ਇਸਨੂੰ ਵੋਟਾਂ ਪਾਉਣਗੇ ਉਹ ਸਿਰਫ ਬਾਦਲ ਪ੍ਰਤੀ ਆਪਣੀ ਅੰਨ੍ਹੀ ਸ਼ਰਧਾ ਦਾ ਹੀ ਪ੍ਰਗਟਾਵਾ ਕਰਨਗੇ ਅਤੇ ਆਪਣੀ ਅਕਲ ਦਾ ਜਨਾਜ਼ਾ ਕਢ ਰਹੇ ਹੋਣਗੇ।

ਬਿੱਪਰ ਦੀ ਦਿਲੀ ਔਰ ਆਖਰੀ ਮਣਸ਼ਾ ਸਿੱਖ ਕੌਮ ਦਾ ਖੁਰਾਖੋਜ ਮਿਟੌਣਾ ਹੈ ਅਤੇ ਇਹ ਟੀਚਾ ਪ੍ਰਾਪਤ ਕਰਨ ਲਈ ਉਹ ਇਹਨਾਂ ਚੋਲੇ ਵਾਲਿਆਂ ਦੀ ਬਾਖੂਬੀ ਵਰਤੋਂ ਕਰ ਰਿਹਾ ਹੈ। ਸੋ ਸਿੱਖ ਵੀਰੋ ਤੇ ਭੈਣੋਂ ਸੰਭਲੋ ਅਤੇ ਹੋਸ਼ਿਆਰ ਹੋ ਕੇ ਆਪਣੇ ਆਪਨੂੰ ਇਹਨਾਂ ਚਿੱਟੇ ਬਗਲਿਆਂ ਤੋਂ ਬਚਾਓ ਕਿਉਂ ਕਿ ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਮ: ੫ ਪੰਨਾ ੧੦੨। ੧ (ਰੱਬ) ਦਾ ਟਿਕਾਣਾ ਸਾਡੇ ਅੰਦਰ ਹੈ ਜਿਸਨੂੰ ਪ੍ਰਗਟ ਕਰਨ ਲਈ ਸਿਰਫ ੧ (ਪਰਮੇਸ਼ਰ) ਵਿੱਚ ਸ਼ਰਧਾ ਅਤੇ ਸੇਧ ਗੁਰੂ ਕੀ ਸੰਗਤ ਵਿੱਚ ਜੁੜ ਬੈਠ ਕੇ ਗੁਰਬਾਣੀ ਨੂੰ ਪੜ੍ਹ, ਸੁਣ ਅਤੇ ਸਮਝ ਕੇ ਲੈਣੀ ਹੈ ਕਿਸੇ ਸਾਧ ਤੋਂ ਨਹੀਂ ਅਤੇ ਨਾਂਹ ਹੀ ਕਿਸੇ ਡੇਰੇ ਤੋਂ ਅਗਰ ਇਸ ਤਰਾਂ ਕਰੋਗੇ ਤਾਂ ਭਰਮਾਂ ਦਾ ਸ਼ਿਕਾਰ ਹੋ ਕੇ ਭਟਕੋਗੇ ਔਰ ਲੁੱਟੇ ਭੀ ਜਾਓਗੇ।

ਨਿਮਰਤਾ ਭਰੀ ਬੇਨਤੀ ਹੈ ਕਿ ਆਪਣੀ ਅਗਿਆਨਤਾ ਨੂੰ ਦੂਰ ਕਰਨ ਲਈ ਗੁਰਬਾਣੀ ਪੜ੍ਹ ਅਤੇ ਸਮਝ ਕੇ ਗਿਆਨ ਹਾਸਿਲ ਕਰੋ ਤਾਂ ਕਿ ਅੰਨ੍ਹੀ ਸ਼ਰਧਾ ਤੋਂ ਖਹਿੜਾ ਛੁਡਾ ਕੇ ਗੁਰੂ ਗ੍ਰੰਥ ਸਹਿਬ ਵਿੱਚ ਦਰਜ਼ ਜੀਵਨ ਜਾਚ ਨੂੰ ਅਪਣਾਓ ਤਾਂ ਕਿ ਤੁਹਾਡਾ ਭਵਿੱਖ ਉਜਲਾ ਹੋ ਸਕੇ। ਰੱਬ ਭਲੀ ਕਰੇ।

ਨਿਰਭੈ ਸਿੰਘ

ਚੇਤ/ਮਾਰਚ ੨੦੧੧




.