.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 26)

ਕਈ ਸੱਜਣਾਂ ਦਾ ਇਹ ਕਹਿਣਾ ਹੈ ਕਿ ਗੁਰਬਾਣੀ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾਉਣ ਵਾਲੇ ਜਨ-ਸਾਧਾਰਨ ਨੂੰ ਗੁਰਬਾਣੀ ਨਾਲ ਹੀ ਤਾਂ ਜੋੜ ਰਹੇ ਹਨ। ਇਸ ਬਹਾਨੇ ਹੀ ਜੇਕਰ ਕੋਈ ਗੁਰਬਾਣੀ ਦਾ ਆਸਰਾ ਲੈਂਦਾ ਹੈ, ਤਾਂ ਇਸ ਵਿੱਚ ਗ਼ਲਤ ਵੀ ਕੀ ਹੈ? ਅਜਿਹੇ ਸੱਜਣਾਂ ਦੀ ਇਹ ਵੀ ਧਾਰਨਾ ਹੈ ਕਿ ਇਹੋ ਜਿਹੀਆਂ ਵਿਧੀਆਂ ਨਾਲ ਗੁਰਬਾਣੀ ਪੜ੍ਹਨ ਦੀ ਪ੍ਰੇਰਨਾ ਕਰਨ ਵਾਲੇ ਸਿੱਖ ਸੰਗਤਾਂ ਦੇ ਮਨ ਵਿੱਚ ਗੁਰਬਾਣੀ ਪ੍ਰਤੀ ਸ਼ਰਧਾ ਭਾਵ ਪੈਦਾ ਕਰਦੇ ਹਨ। ਇਸ ਸਬੰਧ ਵਿੱਚ ਅਸੀਂ ਕੇਵਲ ਇਤਨੀ ਕੁ ਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਸ ਸ਼ਰਧਾ ਦੀ ਨੀਂਹ ਲੋਭ, ਅਗਿਆਨਤਾ ਆਦਿ `ਤੇ ਆਧਾਰਤ ਹੋਵੇ, ਉਹ ਬਹੁਤਾ ਚਿਰ ਕਾਇਮ ਨਹੀਂ ਰਹਿੰਦੀ; ਛੇਤੀ ਹੀ ਖ਼ਤਮ ਹੋ ਜਾਂਦੀ ਹੈ। ਇਸ ਸਬੰਧ ਵਿੱਚ ਗੁਰਬਾਣੀ ਸਾਡੀ ਅਗਵਾਈ ਇਉਂ ਕਰਦੀ ਹੈ:-
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ॥ (ਪੰਨਾ 1378)
ਅਰਥ: ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ। ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ)।
ਜਦ ਵੀ ਮਨੁੱਖ ਦੀ ਲੋਭ ਦੀ ਪੂਰਤੀ ਨਹੀਂ ਹੁੰਦੀ ਜਾਂ ਦੁੱਖ-ਦਰਦ ਦੂਰ ਨਹੀਂ ਹੁੰਦਾ, ਤਾਂ ਮਨੁੱਖ ਦਾ ਵਿਸ਼ਵਾਸ ਡਗਮਗਾ ਜਾਂਦਾ ਹੈ। ਦੂਜਾ, ਸ਼ਰਧਾ ਦੇ ਸਬੰਧ ਵਿੱਚ ਵੀ ਅਸੀਂ ਆਪਣੀਆਂ ਹੀ ਧਾਰਨਾਵਾਂ ਬਣਾਈਆਂ ਹੋਈਆਂ ਹਨ। ਸ਼ਰਧਾ ਦਾ ਅਰਥ ਅੰਧਵਿਸ਼ਵਾਸ ਨਹੀਂ ਹੈ। ਜੇਕਰ ਸ਼ਰਧਾ ਦਾ ਭਾਵਾਰਥ ਇਹ ਹੁੰਦਾ, ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਦੀ ਸ਼ਰਧਾ ਰੱਖਣ ਵਾਲਿਆਂ ਨੂੰ ਗਵਾਰ, ਮੂੜ, ਮੂਰਖ, ਅਗਿਆਨੀ ਆਦਿ ਨਾ ਕਿਹਾ ਹੁੰਦਾ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਨਾ ਕਿਹਾ ਗਿਆ ਹੁੰਦਾ ਕਿ ਇਸ ਤਰ੍ਹਾਂ ਦੀ ਸ਼ਰਧਾ ਨਾਲ ਕਦੇ ਵੀ ਕਿਸੇ ਨੂੰ ਕੁੱਝ ਹਾਸਲ ਨਹੀਂ ਹੋਇਆ ਹੈ।
ਗੁਰੁਮਤ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੇ ਸ਼ਰਧਾ ਦੇ ਸਬੰਧ ਵਿੱਚ ਨਿਮਨ ਲਿਖਤ ਸ਼ਬਦ ਬਹੁਤ ਭਾਵ ਪੂਰਤ ਹਨ:- “ਸ਼ਰਧਾਵਾਨ ਦੇ ਮਨ ਵਿੱਚ ਹੀ ਗੁਰੁ ਉਪਦੇਸ਼ ਦਾ ਦ੍ਰਿੜ੍ਹ ਨਿਵਾਸ ਹੋਂਦਾ ਹੈ, ਜਿਸ ਤੋਂ ਆਤਮ ਗਯਾਨ ਦੀ ਪ੍ਰਾਪਤੀ ਹੋਂਦੀ ਹੈ, ਪਰ ਇਸ ਬਾਤ ਦਾ ਪੂਰਾ ਵਿਚਾਰ ਹੋਣਾ ਚਾਹੀਏ ਕਿ ਇਹ ਸਤਯ ਵਿਸ਼ਵਾਸ ਹੈ, ਜਾਂ ਮਿਥਯਾ। ਰੇਤ ਵਿੱਚ ਖੰਡ ਦਾ ਵਿਸ਼ਵਾਸ, ਸੂਰਜ ਦੀ ਕਿਰਨ ਨਾਲ ਚਮਕਦੇ ਮਾਰੂਥਲ ਦੀ ਮ੍ਰਿਗ ਤ੍ਰਿਸਨਾ ਜਲ ਤੋਂ ਪਿਆਸ ਮਿਟਣ ਦਾ ਵਿਸ਼ਵਾਸ, ਕਿਸੇ ਮੰਤ੍ਰ ਜੰਤ੍ਰ ਤੋਂ ਰੋਗ ਦੀ ਨਿਵ੍ਰਿਤੀ ਅਤੇ ਸੰਤਾਨ ਧਨ ਆਦਿ ਦੀ ਪ੍ਰਾਪਤੀ ਦਾ ਨਿਸ਼ਚਾ, ਮਿਥਯਾ ਵਿਸ਼ਵਾਸ ਹਨ, ਜਿਨ੍ਹਾਂ ਤੋਂ ਕਲੇਸ਼ ਅਤੇ ਪਛਤਾਵੇ ਤੋਂ ਛੁੱਟ ਹੋਰ ਕੋਈ ਫਲ ਨਹੀਂ. . ਇਸ ਦੇ ਉਲਟ, ਖੰਡ ਵਿੱਚ ਖੰਡ ਦਾ ਵਿਸ਼ਵਾਸ, ਖੂਹ ਨਦ ਸਰੋਵਰ ਤੋਂ ਪਿਆਸ ਬੁਝਣ ਦਾ ਵਿਸ਼ਵਾਸ, ਔਖਧ ਤੋਂ ਰੋਗ ਦੂਰ ਹੋਣ ਦਾ ਵਿਸ਼ਵਾਸ ਅਤੇ ਬੁਧਿ ਵਿਦਯਾ ਬਲ ਨਾਲ ਧਨ ਪ੍ਰਾਪਤੀ ਦਾ ਵਿਸ਼ਵਾਸ, ਸਤਯ ਵਿਸ਼ਵਾਸ ਹਨ।”
ਇਸ ਲਈ ਸਾਨੂੰ ਗੁਰਮਤਿ ਵਿੱਚ ਸ਼ਰਧਾ ਦੇ ਭਾਵ ਨੂੰ ਸਮਝ ਕੇ ਉਸ ਨੂੰ ਹੀ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਧਰਮ ਦਾ ਆਧਾਰ ਅਗਿਆਨ ਮਈ ਸ਼ਰਧਾ ਨੂੰ ਨਹੀਂ, ਗਿਆਨ ਭਰਪੂਰ ਸ਼ਰਧਾ ਨੂੰ ਮੰਨਿਆ ਹੈ:- ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ 1372) ਅਰਥ: ਹੇ ਕਬੀਰ! ਜਨਮ-ਮਨੋਰਥ ਦੇ ਪੂਰਾ ਕਰਨ ਦੀ ਫ਼ਰਜ਼-ਸ਼ਿਨਾਸੀ ਸਿਰਫ਼ ਉੱਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ-ਜਨਮ ਕਾਹਦੇ ਲਈ ਮਿਲਿਆ ਹੈ। ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ (ਦਾ ਜ਼ੋਰ) ਹੋਵੇ, ਉੱਥੇ (ਧਰਮ ਦੇ ਥਾਂ) ਪਾਪ ਅਤੇ ਆਤਮਕ ਮੌਤ ਹੀ ਹੋ ਸਕਦੇ ਹਨ (ਉਹ ਜੀਵਨ ‘ਕਉਡੀ ਬਦਲੈ’ ਹੀ ਜਾਣਾ ਹੋਇਆ)। ਪਰਮਾਤਮਾ ਦਾ ਨਿਵਾਸ ਸਿਰਫ਼ ਉਸ ਹਿਰਦੇ ਵਿੱਚ ਹੁੰਦਾ ਹੈ ਜਿਥੇ ਸ਼ਾਂਤੀ ਹੈ।
ਤਾਂਹੀਓ, ਗੁਰਦੇਵ ਨੇ ਮਨੁੱਖ ਨੂੰ ਧਰਮ ਦੇ ਮਾਰਗ `ਤੇ ਅੱਖਾਂ ਮੀਚ ਕੇ ਨਹੀਂ, ਅੱਖਾਂ ਖੋਲ ਕੇ ਕਦਮ ਰੱਖਣ ਦੀ ਤਾਕੀਦ ਕੀਤੀ ਹੈ:- ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥ (ਪੰਨਾ 1410) ਅਰਥ:- ਹੇ ਸੁੰਦਰ ਨੇਤ੍ਰਾਂ ਵਾਲੀਏ ਭੋਲੀਏ ਜੁਆਨ ਕੁੜੀਏ! (ਹੇ ਜਗਤ-ਰਚਨਾ ਵਿਚੋਂ ਸੋਹਣੀ ਜੀਵ-ਇਸਤ੍ਰੀਏ!) ਮੇਰੀ ਇੱਕ ਬਹੁਤ ਡੂੰਘੀ ਭੇਤ ਦੀ ਗੱਲ ਸੁਣ। (ਜਦੋਂ ਕੋਈ ਚੀਜ਼ ਖ਼ਰੀਦਣ ਲੱਗੀਏ, ਤਾਂ) ਪਹਿਲਾਂ (ਉਸ) ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਹੈ (ਤਦੋਂ ਉਹ ਖ਼ਰੀਦਣੀ ਚਾਹੀਦੀ ਹੈ)।
ਇਸ ਲਈ ਸਾਨੂੰ ਗੁਰਬਾਣੀ ਦੀ ਵਿਚਾਰਧਾਰਾ ਉੱਤੇ ਹੀ ਸ਼ਰਧਾ ਹੋਣੀ ਚਾਹੀਦੀ ਹੈ। ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਤੋੜਨ ਵਾਲੇ ਲੇਖਕਾਂ ਵਲੋਂ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਣ ਦੀ ਪ੍ਰੇਰਨਾ, ਬਾਣੀ ਪੜ੍ਹਣ ਵਾਲਿਆਂ ਨੂੰ ਅੰਧਵਿਸ਼ਵਾਸ ਵਿਚੋਂ ਬਾਹਰ ਕੱਢਣ ਦੀ ਬਜਾਏ ਵਧੇਰੇ ਅੰਧਵਿਸ਼ਵਾਸੀ ਬਣਾਉਂਦੀ ਹੈ। ਇਸ ਲਈ ਬਾਣੀ ਦਾ ਇਸ ਤਰ੍ਹਾਂ ਦਾ ਮਹਾਤਮ ਦਰਸਾਉਣ ਵਾਲੇ, ਸਿੱਖ ਸੰਗਤਾਂ ਨੂੰ ਬਾਣੀ ਨਾਲ ਜੋੜ ਨਹੀਂ ਰਹੇ ਹਨ ਸਗੋਂ ਤੋੜ ਰਹੇ ਹਨ। ਚੂੰਕਿ ਇੱਕ ਤਾਂ ਅਜਿਹੇ ਸ਼ਰਧਾਲੂ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣੋਂ ਅਸਮਰਥ ਰਹਿੰਦੇ ਹਨ, ਦੂਜੇ ਜਿਤਨਾ ਚਿਰ ਉਨ੍ਹਾਂ ਅਨੁਸਾਰ ਕੰਮ ਹੁੰਦਾ ਰਹਿੰਦਾ ਹੈ ਉਤਨਾ ਚਿਰ ਉਨ੍ਹਾਂ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ। ਜਿਸ ਦਿਨ ਉਨ੍ਹਾਂ ਦੀ ਮਰਜ਼ੀ ਅਨੁਸਾਰ ਕੁੱਝ ਨਾ ਹੋਇਆ, ਉਸੇ ਛਿਣ ਉਨ੍ਹਾਂ ਦੀ ਸ਼ਰਧਾ ਉੱਡ-ਪੁੱਡ ਜਾਂਦੀ ਹੈ। ਗੁਰਬਾਣੀ ਨੂੰ ਇਸ ਤਰ੍ਹਾਂ ਦੀ ਭਾਵਨਾ ਨਾਲ ਪੜ੍ਹਣ ਵਾਲੇ ਵਹਿਮਾਂ-ਭਰਮਾਂ ਤੋਂ ਮੁਕਤ ਹੋਣ ਦੀ ਥਾਂ ਹੋਰ ਜ਼ਿਆਦਾ ਵਹਿਮਾਂ-ਭਰਮਾਂ ਦਾ ਸ਼ਿਕਾਰ ਹੋ ਕੇ, ਕਰਮ ਕਾਂਡ ਦੀਆਂ ਘੁੰਮਣਘੇਰੀਆਂ ਵਿੱਚ ਹੀ ਫਸ ਜਾਂਦੇ ਹਨ।
ਅਸੀਂ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਵਲੋਂ ਜਪੁਜੀ ਦੀਆਂ ਭਿੰਨ ਭਿੰਨ ਪਉੜੀਆਂ ਦਾ ਤਾਂਤ੍ਰਿਕ ਵਿਧੀਆਂ ਨਾਲ ਗਿਣਤੀ ਦੇ ਪਾਠ ਦੇ ਮਹਾਤਮ ਦੀ ਚਰਚਾ ਕਰ ਰਹੇ ਹਾਂ। ਇਸ ਪੁਸਤਕ ਦੇ ਕਰਤਾ ਵਲੋਂ ਜਪੁਜੀ ਦੀ ਪੰਚਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦੇ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ। ਪਾਠਕ ਜਨ ਇਸ ਨੂੰ ਪੜ੍ਹ ਕੇ ਅਤੇ ਫਿਰ ਲੇਖਕ ਵਲੋਂ ਲਿਖੇ ਹੋਏ ਮਹਾਤਮ ਨੂੰ ਪੜ੍ਹ ਕੇ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਲੇਖਕ ਸਾਨੂੰ ਬਾਣੀ ਨਾਲ ਜੋੜ ਰਿਹਾ ਹੈ ਜਾਂ ਤੋੜ ਰਿਹਾ ਹੈ।
ਬਹੁਤਾ ਕਰਮੁ ਲਿਖਿਆ ਨਾ ਜਾਇ॥ ਵਡਾ ਦਾਤਾ ਤਿਲੁ ਨ ਤਮਾਇ॥ ਅਰਥ:- ਅਕਾਲ ਪੁਰਖ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ। ਉਸ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ।
ਕੇਤੇ ਮੰਗਹਿ ਜੋਧ ਅਪਾਰ॥ ਕੇਤਿਆ ਗਣਤ ਨਹੀ ਵੀਚਾਰੁ॥ ਕੇਤੇ ਖਪਿ ਤੁਟਹਿ ਵੇਕਾਰ॥ ਅਰਥ:- ਬੇਅੰਤ ਸੂਰਮੇ ਅਤੇ ਕਈ ਹੋਰ ਅਜਿਹੇ, ਜਿਨ੍ਹਾਂ ਦੀ ਗਿਣਤੀ `ਤੇ ਵਿਚਾਰ ਨਹੀਂ ਹੋ ਸਕਦੀ, (ਅਕਾਲ ਪੁਰਖ ਦੇ ਦਰ `ਤੇ) ਮੰਗ ਰਹੇ ਹਨ, ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿੱਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ।
ਕੇਤੇ ਲੈ ਲੈ ਮੁਕਰੁ ਪਾਹਿ॥ ਕੇਤੇ ਮੂਰਖ ਖਾਹੀ ਖਾਹਿ॥ ਅਰਥ:- ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿੱਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ)। ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ)।
ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ॥ ਅਰਥ:- ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿੱਚ ਲਿਖੇ ਹਨ)। (ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ)।
ਬੰਦਿ ਖਲਾਸੀ ਭਾਣੈ ਹੋਇ॥ ਹੋਰੁ ਆਖਿ ਨ ਸਕੈ ਕੋਇ॥ ਅਰਥ:- ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆਂ ਹੀ ਹੁੰਦਾ ਹੈ। ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿੱਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ)।
ਜੇ ਕੋ ਖਾਇਕੁ ਆਖਣਿ ਪਾਇ॥ ਓਹੁ ਜਾਣੈ ਜੇਤੀਆ ਮੁਹਿ ਖਾਇ॥ ਅਰਥ:- (ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, ‘ਕੂੜ’ ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿੱਚ ਤੁਰੇ। ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ ‘ਕੂੜ’ ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ)।
ਆਪੇ ਜਾਣੈ ਆਪੇ ਦੇਇ॥ ਆਖਹਿ ਸਿ ਭਿ ਕੇਈ ਕੇਇ॥ ਅਰਥ:- (ਸਾਰੇ ਨ-ਸ਼ੁਕਰੇ ਹੀ ਨਹੀਂ ਹਨ) ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ ਕਿ ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ।
ਜਿਸ ਨੋ ਬਖਸੇ ਸਿਫਤਿ ਸਾਲਾਹ॥ ਨਾਨਕ ਪਾਤਿਸਾਹੀ ਪਾਤਿਸਾਹੁ॥ 25॥ (ਪੰਨਾ 5) ਅਰਥ:- ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤਿ-ਸਾਲਾਹ ਬਖਸ਼ਦਾ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚੀ ਦਾਤਿ ਹੈ)। 25.
ਭਾਵ:- ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ ਦੱਸਣੀ ਤਾਂ ਕਿਤੇ ਰਹੀ, ਉਸ ਦੀ ਬਖ਼ਸ਼ਸ਼ ਹੀ ਇਤਨੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ। ਜਗਤ ਵਿੱਚ ਜੋ ਵੱਡੇ ਵੱਡੇ ਦਿੱਸਦੇ ਹਨ, ਇਹ ਸਭ ਉਸ ਪ੍ਰਭੂ ਦੇ ਦਰ `ਤੇ ਹੀ ਮੰਗਦੇ ਹਨ। ਉਹ ਤਾਂ ਸਗੋਂ ਇਤਨਾ ਵੱਡਾ ਹੈ ਕਿ ਜੀਵਾਂ ਦੇ ਮੰਗਣ ਤੋ ਬਿਨਾਂ ਇਹਨਾਂ ਦੀਆਂ ਲੋੜਾਂ ਜਾਣ ਕੇ ਆਪਣੇ ਆਪ ਹੀ ਦਾਤਾਂ ਦੇਈ ਜਾਂਦਾ ਹੈ।
ਪਰ ਜੀਵ ਦੀ ਮੂਰਖਤਾ ਵੇਖੋ! ਦਾਤਾਂ ਵਰਤਦਾ ਵਰਤਦਾ ਦਾਤਾਰ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਪੈ ਜਾਂਦਾ ਹੈ ਤੇ ਕਈ ਦੁੱਖ-ਕਲੇਸ਼ ਸਹੇੜ ਲੈਂਦਾ ਹੈ। ਇਹ ਦੁੱਖ-ਕਲੇਸ਼ ਭੀ ਪ੍ਰਭੂ ਦੀ ਦਾਤ ਹੈ, ਕਿਉਂਕਿ ਇਹਨਾਂ ਦੁੱਖਾਂ-ਕਲੇਸ਼ਾਂ ਦੇ ਕਾਰਣ ਹੀ ਮਨੁੱਖ ਨੂੰ ਮੁੜ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ ਤੇ ਇਹ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ। ਇਹ ਸਿਫ਼ਤਿ-ਸਾਲਾਹ ਸਭ ਤੋਂ ਉੱਚੀ ਦਾਤ ਹੈ।
ਪਰੰਤੂ ‘ਸ਼ਰਧਾ ਪੂਰਨ ਗ੍ਰੰਥ’ ਦਾ ਲੇਖਕ ਇਸ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਣ ਦੀ ਪ੍ਰੇਰਨਾ ਕਰਨ ਦੇ ਨਾਲ ਹੀ ਇਸ ਦੇ ਗਿਣਤੀ ਦੇ ਪਾਠਾਂ ਦੇ ਮਹਾਤਮ ਬਾਰੇ ਇਉਂ ਲਿਖਦਾ ਹੈ:-
“ਇਸ ਪਉੜੀ ਦਾ ਐਤਵਾਰ ਤੋਂ ਲੈਕੇ ਚੌਦਾਂ ਦਿਨਾਂ ਵਿੱਚ ਪਹਿਰ ਰਾਤ ਦੇ ਤੜਕੇ ਇਕੀ ਹਜ਼ਾਰ ਪਾਠ ਕਰਨਾ। ਅਨਗਿਣਤ ਧਨ ਦੀ ਪ੍ਰਾਪਤੀ ਹੋਵੇ। ਜੇਕਰ ਇਸ ਨੂੰ ਪਾਣੀ ਵਿੱਚ ਖੜਾ ਹੋ ਕੇ ਜਪੇ ਤਾਂ ਬਰਖਾ ਹੋਵੇ, ਮਾਹਵਾਰੀ ਦੀ ਬੀਮਾਰੀ ਦੂਰ ਹੋਵੇ। ਇਸ ਕਾਰਜ ਲਈ ਇਸ ਸਿੱਧ ਕੀਤੀ ਹੋਈ ਪਉੜੀ ਦਾ ਬੁਧਵਾਰ ਇੱਕ ਹਜ਼ਾਰ ਪਾਠ ਕਰਨਾ।”
ਧਨ ਦੀ ਪ੍ਰਾਪਤੀ ਜੇਕਰ ਇਸ ਤਰ੍ਹਾਂ ਦੀਆਂ ਵਿਧੀਆਂ ਨਾਲ ਹੁੰਦੀ ਹੋਵੇ, ਤਾਂ ਇਹੋ ਜਿਹੀਆਂ ਵਿਧੀਆਂ ਨੂੰ ਪਰਚਾਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੇ ਪਾਖੰਡ ਕਰਨ ਦੀ ਲੋੜ ਹੀ ਨਹੀਂ ਹੈ। ਪਰੰਤੂ ਅਜਿਹੀ ਧਾਰਨਾ ਰੱਖਣ ਵਾਲੇ ਧਨ ਕਮਾਉਣ ਲਈ ਕੇਵਲ ਪਾਖੰਡ ਦਾ ਹੀ ਆਸਰਾ ਨਹੀਂ ਲੈਂਦੇ ਸਗੋਂ ਜੇਕਰ ਕਿਸੇ ਮਨੁੱਖ ਨੂੰ ਜਾਨੋਂ ਮਾਰਨਾ ਪਵੇ, ਤਾਂ ਵੀ ਕਿਸ ਤਰ੍ਹਾਂ ਦਾ ਸੰਕੋਚ ਨਹੀਂ ਕਰਦੇ। ਅਜਿਹੇ ਸੱਜਣਾਂ ਵਲੋਂ ਲੋਕਾਂ ਪਾਸੋਂ ਧਨ ਬਟੋਰਨ ਲਈ ਰਚਿਆ ਪ੍ਰਪੰਚ ਇਸ ਗੱਲ ਦਾ ਹੀ ਲਖਾਇਕ ਹੈ ਕਿ ਇਨ੍ਹਾਂ ਨੂੰ ਖ਼ੁਦ ਵੀ ਇਹੋ ਜਿਹੀਆਂ ਵਿਧੀਆਂ ਵਿੱਚ ਵਿਸ਼ਵਾਸ ਨਹੀਂ ਹੈ। ਤਾਂਹੀਓਂ ਤਾਂ ਇਹੋ ਜਿਹੀ ਧਾਰਨਾ ਰੱਖਣ ਵਾਲੇ ਕਈ ਤਰ੍ਹਾਂ ਦੇ ਪ੍ਰਪੰਚ ਰਚਦੇ ਹਨ।
ਹਾਂ, ਇਸ ਗੱਲ ਦੀ ਜ਼ਰੂਰ ਸੰਭਾਵਨਾ ਹੈ ਕਿ ਇਸ ਤਰ੍ਹਾਂ ਦੇ ਪ੍ਰਪੰਚ ਰਚਣ ਵਾਲਿਆਂ ਨੂੰ ਅੰਧਵਿਸ਼ਵਾਸ ਦੇ ਅੰਧਕਾਰ ਵਿੱਚ ਭਟਕੀ ਹੋਈ ਲੋਕਾਈ ਧਨ ਦੌਲਤ ਦੀ ਕਮੀ ਮਹਿਸੂਸ ਨਹੀਂ ਹੋਣ ਦੇਂਦੀ। ‘ਰੋਟੀ ਖਾਓ ਸ਼ਕਰ ਸੇ, ਦੁਨੀਆਂ ਲੁਟੋ ਮਕਰ ਸੇ’ ਦੇ ਅਖਾਣ ਨੂੰ ਅਮਲੀ ਜਾਮਾ ਪਹਿਨਾਉਣ ਵਾਲਿਆਂ ਨੂੰ ਨਿਰਸੰਦੇਹ ਧਨ ਦੀ ਕੋਈ ਕਮੀ ਨਹੀਂ ਆਉਂਦੀ। ਚਉਗਿਰਦੇ ਵਲ ਨਿਗਾਹ ਮਾਰਿਆਂ ਇਸ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਪਰ ਬਾਣੀ ਵਿਚਲੀ ਜੀਵਨ-ਜੁਗਤ ਮਨੁੱਖ ਨੂੰ ਇਸ ਤਰ੍ਹਾਂ ਨਾਲ ਧਨ ਕਮਾਉਣ ਦੀ ਇਜ਼ਾਜਤ ਨਹੀਂ ਦੇਂਦੀ। ਬਾਣੀ ਦੀ ਜੀਵਨ-ਜਾਚ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਸਪਸ਼ਟ ਕਰਦੀ ਹੈ:-
ਮਨ ਮੇਰੇ ਭੂਲੇ ਕਪਟੁ ਨ ਕੀਜੈ॥ ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ॥ (ਪੰਨਾ 656) ਅਰਥ: ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ। ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ।੧।ਰਹਾਉ।
ਜਿੱਥੋਂ ਤੱਕ ਬਾਰਸ਼ ਪੈਣ ਦਾ ਸਵਾਲ ਹੈ ਇਸ ਸਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਮਨੁੱਖ ਭਾਵੇਂ ਪਾਣੀ ਵਿੱਚ ਖੜਾ ਹੋ ਕੇ ਇਸ ਤਰ੍ਹਾਂ ਪਾਠ ਕਰੇ ਜਾਂ ਕਿਸੇ ਹੋਰ ਵਿਧੀ ਨਾਲ, ਕੁਦਰਤ ਦੇ ਨਿਯਮਾਂ ਨੂੰ ਨਹੀਂ ਬਦਲਿਆ ਜਾ ਸਕਦਾ। ਜੇਕਰ ਕੁਦਰਤ ਦੇ ਨਿਯਮਾਂ ਨੂੰ ਇਹੋ ਜਿਹੀਆਂ ਵਿਧੀਆਂ ਨਾਲ ਹਰੇਕ ਵਿਅਕਤੀ ਬਦਲਣ ਦੇ ਸਮਰੱਥ ਹੋਵੇ, ਤਾਂ ਕੁਦਰਤ ਦਾ ਸਾਰਾ ਢਾਂਚਾ ਹੀ ਅਸਤ-ਵਿਅਸਤ ਹੋ ਜਾਵੇ। ਬਾਣੀ ਸਾਨੂੰ ਆਪਣਾ ਆਪ ਬਦਲਣ ਵਿੱਚ ਸਹਾਇਤਾ ਕਰਦੀ ਹੈ ਨਾ ਕਿ ਕੁਦਰਤ ਦੇ ਨਿਯਮਾਂ ਨੂੰ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਰੱਬ ਦੀ ਹਸਤੀ ਤੋਂ ਮੁਨਕਰ ਵਿਅਕਤੀਆਂ ਦਾ ਜੀਵਨ ਨਰਕ ਸਮਾਨ ਹੁੰਦਾ।
ਇਸੇ ਤਰ੍ਹਾਂ ਲੇਖਕ ਵਲੋਂ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਨਾਲ ‘ਮਾਹਵਾਰੀ ਦੀ ਬੀਮਾਰੀ ਦੂਰ ਹੋਣ’ ਦੇ ਦਾਅਵੇ ਵਿੱਚ ਵੀ ਲੇਖਕ ਦੀ ਮਹਿਜ਼ ਕਲਪਣਾ ਹੀ ਹੈ। ਇਹੋ ਜਿਹੀਆਂ ਬੀਮਾਰੀਆਂ ਲਗਣ ਤੇ ਰੋਗੀ ਨੂੰ ਜੋਗ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ ਨਾ ਕਿ ਇਹੋ ਜਿਹੀਆਂ ਵਿਧੀਆਂ ਨੂੰ ਅਪਣਾਉਣ ਦੀ। ਗੁਰਬਾਣੀ ਸਿੱਖ ਦੇ ਆਤਮਕ ਜੀਵਨ ਦਾ ਆਧਾਰ ਹੈ। ਗੁਰਬਾਣੀ ਨੂੰ ਧਿਆਨ ਨਾਲ ਇਸ ਲਈ ਪੜ੍ਹਣਾ ਹੈ ਤਾਂ ਕਿ ਅਸੀਂ ਇਸ ਵਿਚੋਂ ਦਰਸਾਈ ਹੋਈ ਜੀਵਨ-ਜੁਗਤ ਨੂੰ ਸਮਝ ਕੇ ਇਸ ਨੂੰ ਅਪਣਾ ਸਕੀਏ।
ਜਸਬੀਰ ਸਿੰਘ ਵੈਨਕੂਵਰ
.