.

ਹੁਣ ਤਾਂ ਪੰਥ ਜਾਗੇ - ਪਨੀਰੀ ਬਚਾਓ
ਇੱਕ ਤਰਲਾ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

# ਸਿੱਖ ਧਰਮ ਗਿਆਨ ਦਾ ਧਰਮ ਹੈ। ਅੱਜ ਸਮੂਚਾ ਗੁਰਮਤਿ ਪ੍ਰਚਾਰ ਨਿਰੋਲ ਕਰਮਕਾਂਡੀ ਕਿਉਂ?
# ਕਰਮਕਾਂਡ ਦਿਮਾਗ ਨੂੰ ਬੰਦ ਕਰਦੇ ਹਨ। ਗੁਰਬਾਣੀ ਗਿਆਨ, ਦਿਮਾਗ਼ ਨੁੰ ਖੋਲਣ ਲਈ ਹੈ। ਗੁਰਮੱਤ ਅਨੁਸਾਰ ਜੀਵਿਆ, ਮਨੁੱਖ ਹੀ ਸਮਾਜ, ਦੇਸ਼, ਸੰਸਾਰ ਨੂੰ ਤਾਕਤਵਰ ਬਣਾ ਸਕਦਾ ਹੈ।
# ਗੁਰਪੁਰਬਾਂ ਸਮੇਂ “ਭਾਂਤ ਸੁਭਾਂਤੇ ਲੰਗਰ”, ਬਿਨਾਂ ਲੋੜ ‘ਮਿੱਠੀਆਂ ਛਬੀਲਾਂ’ ਆਦਿ ਵਾਲੀ ਭੇਡਚਾਲ; ਪੰਥਕ ਤਾਕਤ ਨਾਲ ਮਜ਼ਾਕ ਹਨ; ਇਨ੍ਹਾਂ ਸੇਵਾਵਾਂ ਨੂੰ ਨਿਯਮਤ ਕਰਣ ਦੀ ਲੋੜ ਹੈ।
# ਅਜਿਹੇ ਖਰਚਿਆਂ ਨੂੰ ਲਗ਼ਾਮ ਦੇ ਕੇ, ਦੂਜਿਆਂ ਦੇ ਹੱਥਾਂ `ਚ ਰੁਲ ਰਹੀ ਸਿੱਖ ਪਨੀਰੀ ਲਈ ਹਰ ਸਾਲ ਨਵੇਂ ਪ੍ਰਾਜੈਕਟ ਦਿੱਤੇ ਜਾ ਸਕਦੇ ਹਨ। ਉਸ ਲਈ ਮੁਫ਼ਤ ਉੱਚ ਵਿਦਿਆ, ਇੰਜੀਨੀਅਰਿੰਗ,
IAS, IFS, ਟੈਕਨੀਕਲ ਕੋਰਸ ਦਿੱਤੇ ਜਾ ਸਕਦੇ ਹਨ। ਸੋਧਿਆ ਗੁਰਮੱਤ ਸਾਹਿਤ ਘਰ-ਘਰ ਪੁੱਜ ਸਕਦਾ ਹੈ
# ਅਜੋਕੇ ਗੁਰਪੁਰਬ ਮਨਾਉਣੇ ‘ਪੰਥਕ ਮੇਲੇ’, ਨਗਰ ਕੀਰਤਨ “ਸਿੱਖਾਂ ਦਾ ਜਲੂਸ” ਅਤੇ ਪ੍ਰਭਾਤ ਫੇਰੀਆਂ `ਚਾਹ ਫੇਰੀਆਂ’ ਬਣ ਕੇ ਰਹਿ ਗਈਆਂ ਹਨ; ਕਿਉਂ? ਇਸ ਪਾਸੇ ਕਦੋਂ ਸੋਚਾਂਗੇ?
# ਸੰਗਮਰਮਰ ਦੋ ਸੌ ਸਾਲ ਬਾਅਦ ਵੀ ਮਿਲ ਜਾਏਗਾ। ਕੀ ਪਤਿੱਤ ਹੋ ਰਿਹਾ ਨੌਜੁਆਨ, ਕਦੇ ਪਰਤ ਸਕੇਗਾ? ਕੀ ਇਹ ਕੌਮ ਨੂੰ ਸੰਗਮਰਮਰ ਹੇਠ ਦਫ਼ਨਾਉਣਾ ਤੇ ਵਿਰਾਸਤ ਨੂੰ ਖੱਤਮ ਕਰਣਾ ਤਾਂ ਨਹੀਂ?
# ਕੀ ਸਾਨੂੰ ਬੇਲੋੜੇ ਸਰੋਵਰਾਂ, ਸੋਨੇ ਦੇ ਕਲਸਾਂ, ਸੰਗਮਰਮਰ ਦੀਆਂ ਬਿਲਡਿੰਗਾਂ ਬਾਰੇ ਸਮਝ ਉਦੋਂ ਆਵੇਗੀ ਜਦੋਂ ਕੌਮ ਦਾ ਭੋਗ ਪੈ ਚੁੱਕਾ ਹੋਵੇਗਾ? ਇਸਾਈ ਲੋਕ ਅੱਜ ਵੀ ਇੱਟਾਂ ਦੀਆਂ ਚਰਚਾਂ ਤੇ ਸਕੂਲ ਬਨਾ ਰਹੇ ਹਨ ਤੇ ਸੰਸਾਰ ਨੂੰ ਦੇ ਚੁੱਕੇ ਹਨ 6500 ਭਾਸ਼ਾਵਾਂ `ਚ ਇਸਾਈ ਮੱਤ ਦਾ ਟੱਕਸਾਲੀ ਲਿਟ੍ਰ੍ਰੇਚਰ। ਦੂਜੇ ਪਾਸੇ, ਸਾਡੇ ਛੱਪ ਰਹੇ ਮੁੱਠੀ ਭਰ ਲਿਟ੍ਰੇਚਰ `ਚ ਵੀ ਬਹੁਤਾ ਊਟ-ਪਟਾਂਗ ਤੇ ਸਾਨੂੰ ਹੀ ਤੱਬਾਹ ਕਰਣ ਵਾਲਾ ਹੁੰਦਾ ਹੈ। ਕਿਉਂਕਿ ਇਥੇ ਵੀ ਸੁਆਲ ਚੌਧਰ, ਨਾਂ ਜਾਂ ਟਾਉਟਪੁਣੇ ਦਾ ਹੀ ਹੁੰਦਾ ਹੈ।
# ਅਕਾਲਪੁਰਖ ਰਾਹੀਂ ਕੌਮ ਨੂੰ ਬਖਸ਼ੀ ਬੇਅੰਤ ਸ਼ਰਧਾ, ਕੇਵਲ ਰੁਮਾਲਿਆਂ, ਕੜਾਹਪ੍ਰਸ਼ਾਦਿ, ਅਖੰਡਪਾਠਾਂ, ਬਿਨਾ ਜ਼ਰੂਰਤ-ਲੰਗਰਾਂ, ਇੱਕ ਇੱਕ ਇਲਾਕੇ `ਚ ਛੇ-ਛੇ ਗੁਰਦੁਆਰਿਆਂ ਲਈ ਹੀ ਨਹੀਂ, ਪੰਥ ਦੀ ਅਮਾਨਤ ਹੈ। ਇਸ ਸ਼ਰਧਾ-ਦਸਵੰਧ ਸ਼ਕਤੀ ਨਾਲ ਗੁਰਦੁਆਰਿਆਂ ਤੋਂ ਬਾਹਰ ਹੋ ਕੇ ਪੰਥ ਲਈ ਉਸਾਰੂ ਪ੍ਰਾਜੈਕਟ ਬਨਾਉਣੇ, ਪਨੀਰੀ ਨੂੰ ਰੁਜ਼ਗਾਰ ਦੇ ਕੇ ਪੰਥ ਦੀ ਸੰਭਾਲ, ਕਿੱਧਰੇ ਵੱਧ ਜ਼ਰੂਰੀ ਹੈ।
# ਗੁਰਦੁਆਰਾ ਪ੍ਰਬੰਧ ਲਈ ਇਲੈਕਸ਼ਨ-ਘਟੀਆ ਰਾਜਸੀ ਆਗੂਆਂ ਲਈ ਵੱਧੀਆ ਪਉੜੀ ਹੈ। ਇਸ ਤੋਂ ਪਹਿਲਾਂ ਕਿ ਇਹ ਰਾਖਸ਼ ਸਮੁਚੀ ਕੌਮ ਨੂੰ ਨਿਗ਼ਲ ਜਾਵੇ, ਪੰਥ ਲਈ ਸੰਭਲਣ ਦੀ ਘੜੀ ਹੈ।
# ਜੇਕਰ ਅਸਾਂ ਆਪਣੇ ਇਤਿਹਾਸ ਜਾਂ ਗੁਰੂ ਤੋਂ ਮੱਤ ਨਹੀਂ ਲੈਣੀ ਤਾਂ ਨਾ ਸਹੀ। ਮੁਸਲਮਾਨਾਂ, ਇਸਾਈ ਵੀਰਾਂ ਤੋਂ ਹੀ ਸੱਬਕ ਲੈ ਲਵੀਏ। ਉਨ੍ਹਾਂ ਦੇ ਪ੍ਰਚਾਰਕਾਂ ਕੋਲ ਐਕੇਡੈਮਿਕ ਦੇ ਨਾਲ ਨਾਲ, 15-15 ਸਾਲ ਦੀ ਤੁਲਨਾਤਮਕ ਧਾਰਮਕ ਟ੍ਰੇਨਿੰਗ ਵੀ ਹੈ। ਉਨ੍ਹਾਂ ਦੀ ਰੋਟੀ ਰੋਜ਼ੀ, ਉਨ੍ਹਾਂ ਦੇ ਪ੍ਰਵਾਰਾਂ ਦੀ ਸੰਭਾਲ, ਉਨ੍ਹਾਂ ਦੀ ਕੌਮ ਪਾਸ ਹੈ। ਉਨ੍ਹਾਂ ਨੂੰ ਭਿਖਿਆ ਦੇ ਢੰਗ ਨਾਲ ਸਟੇਜਾਂ-ਵਾਜੇ `ਤੇ ਆ ਰਹੀ ਮਾਇਆ ਲਈ ਆਪਣਾ ਧਰਮ-ਇਮਾਨ-ਉਸੂਲ ਛਿੱਕੇ ਨਹੀਂ ਟੰਗਣੇ ਪੈਂਦੇ। ਉਥੇ ਪ੍ਰਚਾਰਕ, ਪ੍ਰਬੰਧਕ ਦਾ ਦੁਬੇਲ ਨਹੀਂ ਤੇ ਨਾ ਹੀ ਅਨਮਤੀ, ਬਹੁਤੇ ਅਣਪੜ੍ਹ ਜੀਵਨ ਹੀਣੇ ਬੁਲਾਰੇ ਜਾਂ ਪ੍ਰਬੰਧਕ ਹੀ ਉਨ੍ਹਾਂ ਦੀ ਸਟੇਜ ਨੂੰ ਵਰਤ ਸਕਦੇ ਹਨ।
# ਸਾਡੀ ਵਿਦਿਆ ਪ੍ਰਣਾਲੀ, ਬਹੁਤਾ ਕਰਕੇ ਅਨਪੜ੍ਹ, ਗੁਰਮੱਤ ਹੀਣੇ ਜਫੇਮਾਰਾਂ, ਚੇਅਰਮੈਨਾਂ ਦੀ ਮੁੱਠੀ `ਚ ਹੈ। ਪ੍ਰਾਡਕਸ਼ਨ ਆ ਰਹੀ ਹੈ ਕਮਿਉਨਿਜ਼ਮ ਜਾਂ ਪਤਿੱਤ-ਫਿਰ ਵੀ ਸਾਨੂੰ ਸ਼ਰਮ ਨਹੀਂ। ਕੀ ਕਾਨਵੈਂਟ ਸਕੂਲ ਤੇ ਮਦਰਸੇ ਵੀ ਚਰਚਾਂ-ਮਸਜਿਦਾਂ ਦੀ ਮੁਠੀ `ਚ ਜਾਂ ਉਨ੍ਹਾਂ ਦੇ ਲੈਕਚਰਾਰ …. ?
#87Gs005.9s11#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
(ਹੋਰ ਵੇਰਵੇ ਲਈ ਡੀਲਕਸ ਕਵਰ `ਚ ਗੁਰਮੱਤ ਪਾਠ ਨੰ: 3, 6 ਪ੍ਰਾਪਤ ਸੰਗਤਾਂ `ਚ ਵੰਡਣ ਲਈ ਪ੍ਰਾਪਤ ਹਨ ਜੀ)
.