.

ਜਉ ਮਾਗਹਿ ਤਉ ਮਾਗਹਿ ਬੀਆ

ਮੌਜੂਦਾ ਸਮੇ ਦੀ ਅਰਦਾਸ ਦਾ ਰੂਪ ਹੀ ਵਿਗੜ ਗਿਆ ਹੈ। ਅੱਜ ਇਸ ਨੂੰ ਦੁਨਿਆਵੀ ਨਾਸਵੰਤ ਪਦਾਰਥਾਂ ਦੀਆਂ ਨਿਜੀ ਲੋੜਾਂ, ਸੁਖਾਂ ਤੇ ਉਲੀਕੇ ਦੁਨਿਆਵੀ ਕਾਰਜਾਂ ਦੀ ਸਿੱਧੀ ਲਈ ਹੀ ਵਰਤਿਆ ਜਾ ਰਿਹਾ ਹੈ। ਅਰਦਾਸ ਪਰਮਾਤਮਾ ਅਗੇ ਆਪਾ ਸਮਰਪਣ ਹੈ, ਹੁਕਮ ਰਜਾਈ ਚਲਣਾ ਹੈ, ਉਸਦੀ ਹਰ ਰਜ਼ਾ ਨਾਲ ਬਿਨਾ ਗਿਲੇ ਸ਼ਿਕਵੇ ਦੇ ਸਹਿਮਤੀ ਤੇ ਸੰਤੁਸ਼ਟੀ ਹੈ, ਉਸਦੀਆਂ ਦਿੱਤੀਆਂ ਦਾਤਾਂ ਦਾ ਧੰਨਵਾਦ ਹੈ, ਉਸ ਨਾਲ ਇੱਕ ਹੋਣਾ ਹੈ ਪਰ ਅੱਜ ਇਸਨੂੰ ਇੱਕ ਦੁਨਿਆਵੀ ਲੋੜਾਂ, ਸੁੱਖਾਂ ਤੇ ਕਾਰਜ ਰਾਸ ਦੀ ਮੰਗ ਦਾ ਰਸਮੀ ਰੂਪ ਹੀ ਦੇ ਦਿੱਤਾ ਗਿਆ ਹੈ। ਪਰਮਾਤਮਾ ਦੀ ਮੰਗ ਤੋਂ ਬਿਨਾ ਹੋਰ ਕੋਈ ਵੀ ਮੰਗ ਪਰਮਾਤਮਾ ਨਾਲ ਅਸਹਿਮਤੀ ਹੈ, ਪਰਮਾਤਮਾ ਨੂੰ ਭੁੱਲੜ ਕਹਿਣ ਤੁਲ ਹੈ, ਪਰਮਾਤਮਾ ਦੇ ਅੰਤਰਜਾਮੀ ਹੋਣ ਤੇ ਸ਼ੱਕ ਹੈ, ਉਸਦੇ ਭਾਣੇ ਦੀ ਉਲੰਘਣਾ ਹੈ। ਇਹ ਇੱਕ ਹਕੀਕਤ ਹੈ ਕਿ ਜੀਵਨ ਵਿੱਚ ਆਈਆਂ ਅਨੇਕ ਔਕੜਾਂ, ਦੁੱਖਾਂ ਜਾਂ ਦੁਨਿਆਵੀ ਪਦਾਰਥਾਂ ਦੀਆਂ ਲੋੜਾਂ ਸਮੇ ਕਿਸੇ ਵੀ ਗੁਰੂ ਵਿਅਕਤੀ ਨੇ ਪਰਮਾਤਮਾ ਅਗੇ ਇਹਨਾ ਦੀ ਪ੍ਰਾਪਤੀ ਲਈ ਅਰਦਾਸ ਨਹੀ ਕੀਤੀ ਕਿਉਂਕਿ ਐਸਾ ਕਰਨਾ ਉਹਦੀ ਹੁਕਮ ਅਦੂਲੀ ਹੈ। ਜਦੋਂ ਵੀ ਪਰਮਾਤਮਾ ਕੋਲੋਂ ਕੁਛ ਮੰਗਿਆ ਹੈ ਤਾਂ ਆਤਮਕ ਪਦਾਰਥ ਹੀ ਮੰਗਿਆ ਹੈ ਅਰਦਾਸ ਇੱਕ ਨਿੱਜੀ ਮਾਮਲਾ ਹੈ, ਕਰਤੇ ਨਾਲ ਸਿੱਧਾ ਸੰਪਰਕ ਹੈ ਤੇ ਇਸ ਨੂੰ ਕਰਮ ਕਾਂਡ ਨਹੀ ਬਣਾਇਆ ਜਾ ਸਕਦਾ। ਇਸ ਸੰਪਰਕ ਲਈ ਨਾਂ ਤਾਂ ਕਿਸੇ ਖਾਸ ਬੋਲੀ ਦੀ ਜ਼ਰੂਰਤ ਹੈ, ਨਾ ਕਿਸੇ ਖਾਸ ਥਾਂ ਦੀ ਜ਼ਰੂਰਤ ਹੈ, ਨਾ ਕਿਸੇ ਖਾਸ ਸਮੇ ਦੀ ਜ਼ਰੂਰਤ ਹੈ, ਨਾ ਕਿਸੇ ਖਾਸ ਭੇਟਾ ਦੀ ਜ਼ਰੂਰਤ ਹੈ ਤੇ ਨਾ ਹੀ ਕਿਸੇ ਖਾਸ ਵਿਚੋਲੇ ਦੀ ਜ਼ਰੂਰਤ ਹੈ। ਇਸ ਲਈ ਅਰਦਾਸ ਹਰ ਕੋਈ ਕਿਸੇ ਵੀ ਜਗਾ, ਕਿਸੇ ਵੀ ਵੇਲੇ, ਕਿਸੇ ਵੀ ਬੋਲਾਂ ਨਾਲ ਕਰ ਸਕਦਾ ਹੈ ਤੇ ਇਸ ਵਿੱਚ ਕੋਈ ਬੰਦਿਸ਼ ਨਹੀ ਪਰ ਉਸ ਤੋਂ ਮੰਗਣਾ ਕੀ ਹੈ, ਉਸ ਦੀ ਬੰਦਿਸ਼ ਜ਼ਰੂਰ ਹੈ। ਇਹ ਬੰਦਿਸ਼ ਮਨੁੱਖ ਦੇ ਆਪਣੇ ਭਲੇ ਲਈ ਹੀ ਹੈ। ਉਸਨੂੰ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ) ਤੋਂ ਬਚਾ ਕੇ ਇੱਕ ਸ਼ਾਂਤ, ਸੁਖੀ ਤੇ ਅਨੰਦਤ ਜੀਵਨ ਬਖਸ਼ਣ ਲਈ ਹੈ ਪਰ ਮਨੁੱਖ ਉਸਦੇ ਇਸ ਭਲੇ ਦੀ ਕਦਰ ਕਦੇ ਨਾਂ ਪਾ ਸਕਿਆ ਤੇ ਉਲਟਾ ਉਸ ਅਗੇ ਗਿਲੇ ਸ਼ਿਕਵੇ ਹੀ ਕਰਦਾ ਰਹਿੰਦਾ ਹੈ। ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ॥ ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ॥ (613)। ਭਾਵ: ਹੇ ਪ੍ਰਭੂ, ਤੂੰ ਸਦਾ ਸਾਡੀ ਭਲਾਈ ਕਰਦਾ ਹੈਂ ਪਰ ਅਸੀਂ ਤੇਰੀ ਭਲਾਈ ਦੀ ਕਦੇ ਕਦਰ ਨਹੀ ਜਾਣੀ। ਫਿਰ ਵੀ ਤੂੰ ਸਾਡੇ ਉਤੇ ਸਦਾ ਦਇਆਲ ਹੀ ਰਹਿਨਾ ਏਂ। ਹੇ ਸਰਬ ਵਿਆਪਕ ਸਿਰਜਨਹਾਰ ਤੂੰ ਸਾਨੂੰ ਸੁੱਖ ਦੇਣ ਵਾਲਾ ਹੈਂ ਤੇ ਆਪਣੇ ਬਚਿਆਂ ਦੀ ਰਾਖੀ ਕਰਦਾ ਹੈਂ। ਇਹੀ ਕਾਰਨ ਹੈ ਕਿ, ਮਨੁੱਖ ਦੀ ਭਲਾਈ ਲਈ, ਗੁਰੂ ਸਦਾ ਆਤਮਕ ਪਦਾਰਥ ਹੀ ਬਖਸ਼ਿਸ਼ ਕਰਦਾ ਹੈ ਜੋ ਮਨੁੱਖੀ ਜੀਵਨ ਨੂੰ ਸੁਖੀ ਬਨਾਉਣ ਲਈ ਸਹਾਇਕ ਹੁੰਦਾ ਹੈ। ਇਸ ਲਈ ਅਰਦਾਸ ਵਿੱਚ ਆਤਮਕ ਪਦਾਰਥ (ਨਾਮ) ਤੋਂ ਬਿਨਾ ਕਿਸੇ ਹੋਰ ਵਸਤੂ ਦੀ ਮੰਗ ਮਨੁੱਖ ਲਈ ਸੁਖਦਾਇਕ ਨਹੀ ਹੋ ਸਕਦੀ। ਗੁਰਬਾਣੀ ਫੁਰਮਾਨ ਹੈ: ਪ੍ਰਭੂ ਤਿਆਗ ਆਨ ਜੋ ਚਾਹਤ ਤਾ ਕੈ ਮੁਖ ਲਾਗੈ ਕਾਲੇਖਾ॥ (1221)। ਅਰਦਾਸ ਵਿੱਚ ਪਰਮਾਤਮਾ ਤੋਂ ਬਿਨਾ ਕੁਛ ਹੋਰ ਮੰਗਣਾ ਮੂੰਹ ਕਾਲਾ ਕਰਵਾਉਣਾ ਹੀ ਹੈ। ਜਦੋਂ ਵੀ ਪਰਮਾਤਮਾ ਪਾਸੋਂ ਮੰਗਦੇ ਹਾਂ ਦੁਨਿਆਵੀ (ਨਾਸਵੰਤ) ਪਦਾਰਥ ਹੀ ਮੰਗਦੇ ਹਾਂ ਜਿਨ੍ਹਾ ਤੋਂ ਸੁੱਖ ਪ੍ਰਾਪਤ ਨਹੀ ਹੋ ਸਕਦਾ। ਦੁਨਿਆਵੀ ਪਦਾਰਥ ਬੁਰੇ ਨਹੀ, ਇਹ ਤਾਂ ਭੋਗਣ ਲਈ ਹੀ ਹਨ, ਪਰ ਇਹਨਾ ਦੇ ਮੋਹ ਨੂੰ ਹੀ ਖੰਡਨ ਕੀਤਾ ਗਿਆ ਹੈ ਅਤੇ ਮੰਗਾਂ ਹੀ ਮੋਹ ਦਾ ਸ਼ੀਸ਼ਾ ਹਨ। ਸਿਆਮ ਸੁੰਦਰ ਤਜਿ ਆਨ ਜੋ ਚਾਹਤ ਜਿਉ ਕੁਸਟੀ ਤਨਿ ਜੋਕ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨ ਦੀਨੋ ਇਹੁ ਪਰਲੋਕ॥ (1253)। ਭਾਵ: ਹੇ ਸੂਰਦਾਸ, ਜੋ ਮਨੁੱਖ ਸੋਹਣੇ ਤੇ ਸਾਂਵਲੇ ਪ੍ਰਭੂ ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਕੋਹੜੀ ਦੇ ਜਿਸਮ ਤੋਂ ਗੰਦਾ ਖੂਨ ਚੂਸ ਰਹੀ ਜੋਕ ਵਾਂਗ ਹਨ ਪਰ ਜਿਨ੍ਹਾਂ ਦੇ ਮਨ ਨੂੰ ਪ੍ਰਭੂ ਨੇ ਆਪਣੇ ਹੱਥ ਵਿੱਚ ਲਿਆ ਹੈ, ਉਹ ਲੋਕ ਤੇ ਪਰਲੋਕ ਵਿੱਚ ਸੁਖੀ ਰਹਿੰਦੇ ਹਨ। ਕਹਿਣ ਤੋਂ ਭਾਵ ਇਹ ਹੈ ਕਿ ਜਿਨ੍ਹਾਂ ਨੇ ਆਪਾ ਸਮਰਪਣ ਕੀਤਾ ਹੈ ਉਹ ਸਦਾ ਸੁੱਖ ਮਾਣਦੇ ਹਨ। ਪਰ ਮਨੁੱਖ ਜਦੋਂ ਵੀ ਮੰਗਦਾ ਹੈ ਕੁਛ ਹੋਰ ਹੀ ਮੰਗਦਾ ਹੈ: ਮਮਾ ਮਾਗਨਹਾਰ ਇਆਨਾ॥ ਦੇਨਹਾਰ ਦੇ ਰਹਿਉ ਸੁਜਾਨਾ॥ ਜੋ ਦੀਨੋ ਸੋ ਏਕਹਿ ਬਾਰ॥ ਮਨ ਮੂਰਖ ਕਹ ਕਰਹਿ ਪੁਕਾਰ॥ ਜਉ ਮਾਗਹਿ ਤਉ ਮਾਗਹਿ ਬੀਆ॥ ਜਾ ਤੇ ਕੁਸਲ ਨ ਕਾਹੂ ਥੀਆ॥ ਮਾਗਨਿ ਮਾਗ ਤ ਏਕਹਿ ਮਾਗ॥ ਨਾਨਕ ਜਾ ਤੇ ਪਰਹਿ ਪਰਾਗ॥ (258)। ਭਾਵ: ਬੇਸਮਝ ਜੀਵ ਹਰ ਵੇਲੇ (ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ ਪਰ (ਇਹ ਨਹੀ ਸਮਝਦਾ ਕਿ) ਸਭ ਦੇ ਦਿਲਾਂ ਦੀ ਜਾਨਣ ਵਾਲਾ ਦਾਤਾਰ ਸਭ ਪਦਾਰਥ ਦੇਈ ਜਾ ਰਿਹਾ ਹੈ। ਹੇ ਮੂਰਖ ਮਨ, ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈਂ, ਉਸਨੇ ਸਭ ਕਿਛ ਇਕੋ ਹੀ ਬਾਰ ਦੇ ਦਿੱਤਾ ਹੋਇਆ ਹੈ। ਹੇ ਮੂਰਖ ਮਨ, ਤੂੰ ਜਦੋਂ ਵੀ ਮੰਗਦਾ ਹੈਂ (ਆਤਮਕ ਪਦਾਰਥ ਨਾਮ ਤੋਂ ਬਿਨਾ) ਹੋਰ ਹੋਰ ਚੀਜ਼ਾਂ ਹੀ ਮੰਗਦਾ ਰਹਿਨਾ ਏਂ ਜਿਨ੍ਹਾ ਤੋਂ ਕਦੇ ਵੀ ਕਿਸੇ ਨੂੰ ਆਤਮਕ ਸੁੱਖ ਨਹੀ ਮਿਲਿਆ। ਹੇ ਨਾਨਕ, ਜੇ ਤੂੰ ਮੰਗ ਮੰਗਣੀ ਹੀ ਹੈ ਤਾਂ (ਆਤਮਕ ਪਦਾਰਥ) ਪ੍ਰਭੂ ਦਾ ਨਾਮ ਹੀ ਮੰਗ ਜਿਸ ਦੁਆਰਾ ਤੁੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਂ। ਭਾਵ ਇਹ ਕਿ ਮਾਇਕ ਪਦਾਰਥਾਂ ਦੀ ਮੰਗ ਤੋਂ ਮੁਕਤ ਹੋ ਜਾਏਂਗਾ। ਇਥੋਂ ਸਪਸ਼ਟ ਹੈ ਕਿ ਆਤਮਕ ਪਦਾਰਥ ਤੋਂ ਬਿਨਾ ਕਿਸੇ ਹੋਰ ਪਦਾਰਥ ਦੀ ਮੰਗ ਗੁਰਮਤਿ ਅਨੁਕੂਲ ਨਹੀ ਕਿਉਂਕਿ ਉਹ ਸੁਖਦਾਇਕ ਨਹੀ।

ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ (958)। ਭਾਵ: ਹੇ ਪ੍ਰਭੂ, ਤੇਰੇ ਨਾਮ ਤੋਂ ਬਿਨਾ ਕੁੱਝ ਹੋਰ ਮੰਗਣਾ ਭਾਰੇ ਦੁੱਖ ਸਹੇੜਨੇ ਹਨ। ਮੈਨੂੰ ਆਪਣਾ ਨਾਮ ਦੇਹ ਜਿਸ ਨਾਲ ਸੰਤੋਖ ਆਵੇ ਤੇ ਮੇਰਾ ਮਨ ਤ੍ਰਿਸ਼ਨਾ ਮੁਕਤ ਹੋ ਜਾਵੇ। ਇਥੇ ਕੇਵਲ ਆਤਮਕ ਪਦਾਰਥ ਦੀ ਹੀ ਮੰਗ ਕੀਤੀ ਗਈ ਹੈ। ਪ੍ਰਭ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ॥ ਸੇ ਸੁਖੀਏ ਸਚੁ ਸਾਹ ਸੇ ਜਿਨਿ ਸਚਾ ਬਿਉਹਾਰੁ॥ (962)। ਭਾਵ: ਪਰਮਾਤਮਾ ਨੂੰ ਛੱਡ ਕੇ ਹੋਰ ਹੋਰ ਵਸਤੂਆਂ ਨੂੰ ਮੰਗਣਾ ਮਾਇਆ ਦੇ ਚਸਕੇ ਤੇ ਸੁਆਹ ਦੇ ਤੁਲ ਹਨ। ਉਹ ਬੰਦੇ ਸੁਖੀ ਤੇ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾ ਨੇ ਪਰਮਾਤਮਾ ਨਾਲ ਉਸਦੇ ਨਾਮ (ਹੁਕਮ) ਦਾ ਵਣਜ ਕੀਤਾ ਹੈ। ਸਪਸ਼ਟ ਹੈ ਕਿ ਪਰਮਾਤਮਾ ਤੋਂ ਬਿਨਾ ਕੁਛ ਹੋਰ ਮੰਗਣਾ ਸੁਆਹ ਹੀ ਮੰਗਣੀ ਹੈ ਪਰ ਫੇਰ ਵੀ ਇਸ ਬਿਬਰਜਤ ਮੋਹ ਮਾਇਆ ਤੋਂ ਕੋਈ ਸੰਕੋਚ ਨਹੀ ਕਰਦਾ। ਜਿਸਨੂੰ ਇੱਕ ਵਾਰ ਮੰਗਣ ਦੀ ਆਦਤ ਪੈ ਜਾਵੇ ਫਿਰ ਉਹ ਮੰਗਤਾ ਹੀ ਬਣ ਜਾਂਦਾ ਹੈ ਤੇ ਉਸਦੀ ਭੁੱਖ ਕਦੇ ਨਹੀ ਮਿਟਦੀ ਭਾਵੇਂ ਸਾਰੀ ਦੁਨੀਆਂ ਦੀ ਦੌਲਤ ਉਸਨੂੰ ਮਿਲ ਜਾਵੇ। ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ (ਜਪੁ)। ਇਸੇ ਲਈ ਗੁਰਬਾਣੀ ਦਾ ਕਥਨ ਹੈ: ਜੋ ਮਾਗੈ ਸੋ ਭੂਖਾ ਰਹੈ॥ ਇਸੁ ਸੰਗਿ ਰਾਚੈ ਸੁ ਕਛੂ ਨ ਲਹੈ॥ ਇਸਹਿ ਤਿਆਗਿ ਸਤਸੰਗਤਿ ਕਰੈ॥ ਵਡਭਾਗੀ ਨਾਨਕ ਉਹ ਤਰੈ॥ (891)। ਭਾਵ: ਜੋ ਮਨੁੱਖ (ਮਾਇਆ ਦੀ ਮੰਗ) ਮੰਗਦਾ ਹੀ ਰਹਿੰਦਾ ਹੈ ਉਹ ਕਦੇ ਨਹੀ ਰੱਜਦਾ, ਜੋ ਇਸ (ਮਾਇਆ) ਨਾਲ ਮੋਹ ਪਾਉਂਦਾ ਹੈ ਉਸਨੂੰ ਕੁੱਝ ਨਹੀ ਮਿਲਦਾ। ਪਰ ਹੇ ਨਾਨਕ, ਜੋ ਇਸ ਨੂੰ ਤਿਆਗ ਕੇ ਸਤਸੰਗਤਿ (ਗੁਰੂ ਦੀ ਸੰਗਤਿ) ਕਰਦਾ ਹੈ ਉਹ, ਵੱਡ੍ਹੇ ਭਾਗਾਂ ਵਾਲਾ, ਇਸ ਤੋਂ ਮੁਕਤ ਹੋ ਜਾਂਦਾ ਹੈ। ਐਸੇ ਗੁਰਪ੍ਰਮਾਣਾ ਦੇ ਹੁੰਦਿਆਂ ਮੋਹ ਮਾਇਆ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ? ਕਿਸ ਮੂੰਹ ਨਾਲ ਗੁਰੂ ਕੋਲੋਂ ਦੁਨਿਆਵੀ (ਨਾਸਵੰਤ) ਪਦਾਰਥ ਮੰਗੇ ਜਾ ਸਕਦੇ ਹਨ? ਇਹ ਮਨੁੱਖ ਦੀ ਬੜੀ ਵਡ੍ਹੀ ਖੁਸ਼ਕਿਸਮਤੀ ਹੈ ਕਿ ਅਗੋਂ ਦੇਣ ਵਾਲਾ ਗੁਰੂ ਬੜਾ ਹੀ ਸੁਜਾਨ ਹੈ, ਜਦੋਂ ਦੇਵੇਗਾ ਤਾਂ ਮਨੁੱਖੀ ਭਲੇ ਲਈ ਆਤਮਕ ਪਦਾਰਥ ਹੀ ਦੇਵੇਗਾ। ਮੰਗੇ ਦੁਨਿਆਵੀ ਪਦਾਰਥਾਂ ਦੀ ਪੂਰਤੀ ਮੱਚਦੀ ਤ੍ਰਿਸ਼ਨਾ ਦੀ ਅੱਗ ਤੇ ਤੇਲ ਪਾਉਣਾ ਹੈ ਤੇ ਇਹ ਗੁਰੂ ਕਿਵੇਂ ਕਰ ਸਕਦਾ ਹੈ? ਇਥੋਂ ਹੀ ਅੰਦਾਜ਼ਾ ਲਗ ਸਕਦਾ ਹੈ ਕਿ ਅਖੌਤੀ ਸਾਧ, ਸੰਤ ਤੇ ਬਾਬੇ (ਪਰੋਫੈਸ਼ਨਲ ਮੰਗਤੇ) ਕਿਵੇਂ ਮਨੁੱਖ ਦੀ ਅਗਿਆਨਤਾ ਤੇ ਬੇਬਸੀ ਦਾ ਲਾਭ ਉਠਾ ਕੇ ਮੰਗੇ ਪਦਾਰਥਾਂ ਦੀ ਪੂਰਤੀ ਦੇ ਦ੍ਹਾਵੇ ਕਰਕੇ ਮਨੁੱਖ ਨੂੰ ਗੁਮਰਾਹ ਕਰਕੇ ਲੁਟ ਰਹੇ ਹਨ। ਜੋ ਆਪ ਮੰਗਤਾ ਹੈ, ਦੂਸਰਿਆਂ ਦੀ ਕਮਾਈ ਤੇ ਪਲਦਾ ਹੈ, ਉਹ ਦੂਜੇ ਨੂੰ ਕੀ ਦੇ ਸਕਦਾ ਹੈ? ਗੁਰਬਾਣੀ ਤੇ ਚਲਣਾ ਹੀ ਆਪਾ ਸਮਰਪਣ ਹੈ ਤੇ ਜਿਸ ਨੇ ਗੁਰੂ ਨੂੰ ਆਪਾ ਸਮਰਪਣ ਹੀ ਕਰ ਦਿੱਤਾ ਤਾਂ ਮੰਗਣ ਵਾਲਾ ਜਾਂ ਅਰਦਾਸ ਕਰਨ ਵਾਲਾ ਰਹਿ ਹੀ ਕਿੱਥੇ ਜਾਂਦਾ ਹੈ? ਉਸਨੂੰ ਤਾਂ ਸਦਾ ਭਰੋਸਾ ਹੈ ਕਿ: ਗੁਰੁ ਮੇਰੈ ਸੰਗਿ ਸਦਾ ਹੈ ਨਾਲੇ॥ ਸਿਮਰਿ ਸਿਮਰਿ ਤਿਸੁ ਸਦਾਸਮ੍ਹਾਲੇ॥ (394) ਜਿਸਦੇ ਗੁਰੂ ਸਦਾ ਨਾਲ ਹੈ, ਕੀ ਉਸਨੂੰ ਵੀ ਅਰਦਾਸ ਦੀ ਜ਼ਰੂਰਤ ਹੋ ਸਕਦੀ ਹੈ? ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ॥ (828)। ਭਾਵ: ਸਾਰਿਆਂ ਦੇ ਦਿਲਾਂ ਦੀ ਜਾਨਣ ਵਾਲੇ ਸਰਬ ਵਿਆਪੀ ਮਾਲਕ ਜੀਉ, ਤੂੰ ਸਾਡੇ ਬੋਲਣ ਤੋਂ ਪਹਿਲਾਂ ਹੀ ਸਾਡਾ ਹਾਲ ਜਾਣਦਾ ਹੈਂ। ਜੇ ਉਹ ਬੋਲਣ ਤੋਂ ਪਹਿਲਾਂ ਹੀ ਸਭ ਕੁਛ ਜਾਣਦਾ ਹੈ ਤਾਂ ਬੋਲ ਕੇ ਉਸਨੂੰ ਕੁੱਝ ਸੁਨਾਉਣਾ ਬੇਕਾਰ ਹੈ। ਅਨਬੋਲਤ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ॥ ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ॥ (823)। ਭਾਵ: ਹੇ ਪ੍ਰਭੂ, ਜੋ ਸਾਡੇ ਦਿਲਾਂ ਵਿੱਚ ਹੁੰਦਾ ਹੈ, ਉਸਨੂੰ ਦਸਣ ਤੋਂ ਪਹਿਲਾਂ ਹੀ ਤੂੰ ਜਾਣਦਾ ਹੈਂ। ਹੇ ਮਨਾ, ਤੂੰ ਕਿਉਂ ਠੱਗੀ ਕਰਦਾ ਹੈਂ, ਉਹ ਤਾਂ ਅੰਦਰ ਵਸਦਾ ਸਭ ਵੇਖ ਤੇ ਸੁਣ ਵੀ ਰਿਹਾ ਹੈ। ਕੀ ਐਸੇ ਅੰਤਰਜਾਮੀ ਪਰਮਾਤਮਾ (ਗੁਰੂ) ਤੋਂ ਲਿਲਕੜੀਆਂ ਲੈ ਕੇ ਨਿਤ ਅਰਦਾਸ ਦੁਆਰਾ ਨਾਸਵੰਤ ਪਦਾਰਥਾਂ, ਸੁੱਖਾਂ ਤੇ ਕਾਰਜ ਰਾਸ ਦੀਆਂ ਮੰਗਾਂ ਮੰਗਣੀਆਂ ਗੁਰਮਤਿ ਅਨੁਕੂਲ ਹੈ? ਅਰਦਾਸ ਨਾਲ ਬਾਹਰੋਂ ਕੁੱਝ ਨਹੀ ਸੌਰਨਾ ਕੇਵਲ ਮਨ ਦੀ ਸਥਿਤੀ ਹੀ ਬਦਲੇਗੀ। ਅਰਦਾਸਾਂ ਨਾਲ ਕਾਰਜ ਰਾਸ ਨਹੀ ਹੁੰਦੇ ਬਲਿਕੇ ਉਦਮ, ਮਿਹਨਤ ਤੇ ਹਿੰਮਤ ਨਾਲ ਹੀ ਕਾਰਜ ਰਾਸ ਹੁੰਦੇ ਹਨ। ਪਰਮਾਤਮਾ (ਜਾਂ ਗੁਰੂ) ਕੋਲੋਂ ਉਹੀ ਮਨੁੱਖ ਦੁਨਿਆਵੀ (ਨਾਸਵੰਤ) ਪਦਾਰਥ ਮੰਗਦਾ ਹੈ ਜਿਸ ਨੂੰ ਉਸ ਨਾਲ ਅਸਹਿਮਤੀ ਹੈ। ਜਿਸਨੂੰ ਇਹ ਸ਼ਿਕਵਾ ਹੈ ਕਿ ਉਸ ਨੇ ਮੈਨੂੰ ਮੇਰੀ ਯੋਗਤਾ ਦੇ ਮੁਤਾਬਿਕ ਨਹੀ ਦਿੱਤਾ ਜਾਂ ਦੇਣਾ ਭੁੱਲ ਗਿਆ ਹੈ। ਇਹ ਗਿਲਾ ਜਾਂ ਸ਼ਿਕਾਇਤ ਹੀ ਦਸਦੀ ਹੈ ਕਿ ਉਹ ਪਰਮਾਤਮਾ ਦੀਆਂ ਦਾਤਾਂ ਨਾਲ ਖੁਸ਼ ਨਹੀ ਪਰ ਸ਼ਾਇਦ ਉਹ ਇਹ ਨਹੀ ਜਾਣਦਾ ਕਿ ਉਸਦੀ ਇੱਕ ਮੰਗ ਦੇ ਪਿੱਛੇ ਹੋਰ ਅਨੇਕਾਂ ਮੰਗਾਂ ਛੁਪੀਆਂ ਬੈਠੀਆਂ ਹਨ। ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਆ ਕਉਣੁ॥ ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣੁ॥ (ਫਰੀਦ 1382)। ਭਾਵ: ਸਰੀਰਕ ਮੰਗਾਂ ਨਿਤ ਨਿਤ ਉਠਦੀਆਂ ਰਹਿੰਦੀਆਂ ਹਨ, ਕਉਣ ਇਹਨਾ ਦੇ ਨਿਤ ਨਿਤ ਦੇ ਭਉਕਣ ਤੇ ਦੁਖੀ ਹੋਵੇ? ਹੁਣ ਇਹਨਾ ਨੂੰ ਸੁਣਨਾ ਹੀ ਬੰਦ ਕਰ ਦਿੱਤਾ ਹੈ ਤੇ ਕੰਨਾਂ ਵਿੱਚ ਰੂੰ ਦੇ ਲਈ ਹੈ। ਕਉਣ ਨਿਤ ਨਿਤ ਦੀਆਂ ਮੰਗਾਂ ਲਈ ਖੁਆਰ ਹੁੰਦਾ ਫਿਰੇ? ਬਾਬਾ ਫਰੀਦ ਜੀ ਸੁਚੇਤ ਕਰਦੇ ਹਨ ਕਿ ਮਨੁੱਖ ਦੀਆਂ ਮੰਗਾਂ ਤਾਂ ਨਿੱਤ ਨਵੀਆਂ ਉਠਦੀਆਂ ਰਹਿੰਦੀਆਂ ਹਨ, ਕਦੇ ਮੁਕਦੀਆਂ ਹੀ ਨਹੀ। ਹੁਣ ਜਿਹੜਾ ਨਿਤ ਨਿਤ ਮੰਗਦਾ ਰਹੇਗਾ, ਅਤੇ ਮੰਨ ਲਉ ਕਿ ਉਸਦੀਆਂ ਮੰਗਾਂ ਦੀ ਪੂਰਤੀ ਹੋ ਵੀ ਜਾਵੇ, ਤਾਂ ਉਹ ਉਦਮ ਕਰਨਾ ਛੱਡ ਕੇ ਪੇਸ਼ਾਵਰੀ ਮੰਗਤਾ ਤੇ ਆਲਸੀ ਨਹੀ ਬਣੇਗਾ ਤਾਂ ਹੋਰ ਕੀ ਬਣੇਗਾ। ਜਿਨ੍ਹਾ ਨਿਤ ਨਿਤ ਦੀਆਂ ਮੰਗਾਂ ਤੋਂ ਕੰਨ ਬੰਦ ਕਰਨੇ ਸੀ ਉਹ ਤਾਂ ਕੀਤੇ ਨਹੀ ਪਰ ਗੁਰੂ ਦੀ ਗਲ ਸੁਣਨ ਤੋਂ ਕੰਨ ਜ਼ਰੂਰ ਬੰਦ ਕਰ ਲਏ। ਇਹੀ ਗੁਰੂ ਨਾਲ ਅਸਹਿਮਤੀ ਹੈ, ਉਹਦੀ ਬਗਾਵਤ ਹੈ, ਉਹਨੂੰ ਭੁੱਲੜ ਕਹਿਣ ਦੇ ਤੁਲ ਹੈ, ਉਹਦੇ ਭਾਣੇ (ਹੁਕਮ) ਦੀ ਉਲੰਘਣਾ ਤੇ ਉਹਦੀ ਅੰਤਰਜਾਮਤਾ ਤੇ ਸ਼ੱਕ ਕਰਨਾ ਹੈ। ਗੁਰੂ ਪਰਮਾਤਮਾ ਕੋਲੋਂ ਮੰਗਣ ਦੀ ਕਲਾ ਸਖਾਉਂਦਾ ਹੈ: ਦੋਇ ਕਰ ਜੋਰਿ ਕਰਉ ਅਰਦਾਸਿ॥ ਜੀਉ ਪਿੰਡੁ ਧਨੁ ਤਿਸ ਕੀ ਰਾਸਿ॥ ਸੋਈ ਮੇਰਾ ਸੁਆਮੀ ਕਰਨੈਹਾਰੁ॥ ਕੋਟਿ ਬਾਰ ਜਾਈ ਬਲਿਹਾਰੁ॥ (1152)। ਭਾਵ: ਹੇ ਭਾਈ, (ਗੁਰੂ ਦੀ ਬਖਸ਼ਿਸ਼ ਨਾਲ) ਮੈ (ਦੋਵੇਂ ਹੱਥ ਜੋੜ ਕੇ) ਪ੍ਰਭੂ ਅਗੇ ਅਰਦਾਸ ਕਰਦਾ ਹਾਂ ਕਿ ਮੇਰੀ ਜਿੰਦ ਜਾਨ, ਮੇਰਾ ਇਹ ਸਰੀਰ ਤੇ ਧਨ ਸਭ ਕਿਛ ਤੇਰੀ ਹੀ ਬਖਸ਼ੀ ਪੂੰਜੀ ਹੈ। ਮੇਰਾ ਉਹ ਮਾਲਕ ਆਪ ਹੀ ਸਭ ਕਿਛ ਕਰਨ ਦੇ ਸਮਰੱਥ ਹੈ ਤੇ ਮੈ ਕ੍ਰੋੜਾਂ ਵਾਰੀ ਉਸਤੋਂ ਸਦਕੇ ਜਾਂਦਾ ਹਾਂ। ਇਹ ਹੈ ਅਰਦਾਸ ਦਾ ਅਸਲੀ ਰੂਪ ਜਿਸ ਵਿੱਚ ਪੂਰਨ ਆਪਾ ਸਮਰਪਣ ਤੇ ਉਸਦਾ ਧੰਨਵਾਦ ਹੈ। ਕੋਈ ਰੋਸ, ਗਿਲਾ ਜਾਂ ਸ਼ਿਕਵਾ ਨਹੀ, ਕੋਈ ਮੋਹ ਮਾਇਆ ਦੀ ਮੰਗ ਨਹੀ ਤੇ ਨਾ ਹੀ ਕਿਸੇ ਦੁਨਿਆਵੀ ਕਾਰਜ ਦੇ ਰਾਸ ਦੀ ਮੰਗ ਹੈ।

ਤੈਰਾਕ ਜਾਣਦਾ ਹੈ ਕਿ ਦਰਿਆ ਦੇ ਵਹਾਉ ਨਾਲ ਤੈਰ ਕੇ ਦਰਿਆ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ ਪਰ ਵਹਾਉ ਦੇ ਉਲਟ ਤੈਰਨਾ ਇੱਕ ਸੰਘਰਸ਼ ਹੈ ਜੋ ਖਤਰੇ ਤੋਂ ਖਾਲੀ ਨਹੀ। ਗੁਰੂ ਦੇ “ਹੁਕਮ ਰਜਾਈ” ਚਲਣਾ ਹੀ ਉਸਦੇ ਵਹਾਉ ਵਿੱਚ ਚਲਣਾ ਹੈ ਪਰ ਉਸਦੀ ਹੁਕਮ ਅਦੂਲੀ, ਵਹਾਉ ਤੋਂ ਉਲਟ ਇੱਕ ਖਤਰਨਾਕ ਸੰਘਰਸ਼ ਹੈ। ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ॥ ਗਾਹਲੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ॥ (321)। ਭਾਵ: ਬੇਨਤੀ, ਅਰਦਾਸ ਜਾਂ ਮੰਗ ਉਹੀ ਚੰਗੀ ਹੈ ਜੋ ਪ੍ਰਭੂ ਦੀ ਚਾਹਤ ਹੈ। ਮਾਲਕ (ਦੀ ਚਾਹਤ) ਤੋਂ ਬਿਨਾ ਹੋਰ ਸਾਰੀਆਂ ਗਲਾਂ ਬੇਕਾਰ ਹਨ। ਕੀ ਇਸ ਗਲ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ? ਆਪਾ ਸਮਰਪਣ ਤੋਂ ਬਿਨਾ ਪਰਮਾਤਮਾ ਨੂੰ ਪਾਇਆ ਨਹੀ ਜਾ ਸਕਦਾ, ਇਸ ਲਈ ਪਰਮਾਤਮਾ ਦੀ ਮੰਗ ਹੀ ਉਸਨੂੰ ਆਪਾ ਸਮਰਪਣ ਹੈ। ਓਹਾ ਪ੍ਰੇਮ ਪਿਰੀ॥ ਰਹਾਉ॥ ਕਨਿਕ ਮਾਣਿਕ ਗਜਿ ਮੋਤੀਅਨ ਲਾਲਨ ਨਹ ਨਾਹ ਨਹੀ॥ ਰਾਜ ਨ ਭਾਗ ਨ ਹੁਕਮ ਨ ਸਾਦ ਨ ਕਿਛੁ ਕਿਛੁ ਨ ਚਾਹੀ॥ (406)। ਭਾਵ: ਮੈਨੂੰ ਉਸ ਪਿਆਰੇ ਦਾ ਪਿਆਰ ਹੀ ਚਾਹੀਦਾ ਹੈ, ਸੋਨਾ, ਮੋਤੀ, ਵਡ੍ਹੇ ਮੋਤੀ ਤੇ ਲਾਲ ਕੁਛ ਨਹੀ ਚਾਹੀਦਾ। ਨਾ ਰਾਜ, ਨਾ ਭਾਗ, ਨਾ ਹਕੂਮਤ, ਨਾ ਸੁਆਦਲੇ ਪਦਾਰਥ, ਕਿਸੇ ਚੀਜ਼ ਦੀ ਲੋੜ ਨਹੀ। ਹੈਰਾਨੀ ਦੀ ਗਲ ਹੈ ਕਿ ਜਿਨ੍ਹਾ ਪਦਾਰਥਾਂ ਦੇ ਮੋਹ ਤੋਂ ਵਰਜਿਆ ਗਿਆ ਹੈ, ਉਹੀ ਪਦਾਰਥਾਂ ਨਾਲ ਮਨੁੱਖ ਦਾ ਮੋਹ ਹੈ ਤੇ ਗੁਰੂ ਕੋਲੋਂ ਅਰਦਾਸਾਂ ਵਿੱਚ ਮੰਗੇ ਜਾ ਰਹੇ ਹਨ। ਗੁਰੂ ਨੇ ਤਾਂ ਕੇਵਲ ਪਿਆਰੇ ਦਾ ਪਿਆਰ (ਆਤਮਕ ਪਦਾਰਥ) ਹੀ ਮੰਗਿਆ ਹੈ ਕਿਉਂਕਿ ਪਿਆਰ ਦੇਣ ਦਾ ਨਾਂ ਹੈ, ਲੈਣ ਦਾ ਨਹੀ। ਪੰਜਾਬੀ ਦੇ ਬਾਲ ਬੋਧ ਕੈਦਿਆਂ ਵਿੱਚ ਇੱਕ ਕਵਿਤਾ ਛਪੀ ਹੁੰਦੀ ਸੀ: ਵਿਣ ਮੰਗਿਆਂ ਮੋਤੀ ਮਿਲਨ, ਮੰਗਿਆਂ ਮਿਲੇ ਨ ਖੇਹ। ਗੁਣ ਚੰਗਿਆਈਆਂ ਨੱਸ ਜਾਣ ਜਦ ਬੰਦਾ ਆਖੇ ਦੇਹ। ਅਜੀਬ ਗਲ ਹੈ ਕਿ ਜੋ ਸਿਖਿਆ ਬੱਚਿਆਂ ਨੂੰ ਦਿੱਤੀ ਜਾਂਦੀ ਸੀ ਉਸ ਤੋਂ ਅੱਜ ਦੇ ਸਿਆਣੇ ਤੇ ਧਰਮੀ ਕਹਾਉਣ ਵਾਲੇ ਲੋਕ ਵੀ ਅਨਜਾਣ ਹੀ ਜਾਪਦੇ ਹਨ। ਇਥੋਂ ਹੀ ਪਤਾ ਚਲ ਜਾਂਦਾ ਹੈ ਕਿ ਧਰਮ ਦੇ ਖੇਤਰ ਵਿੱਚ ਕਿਨੀ ਕੁ ਤਰੱਕੀ ਹੋਈ ਹੈ। ਗੁਰਬਾਣੀ ਦਾ ਕਥਨ ਹੈ: ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ॥ ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ॥ (934)। ਭਾਵ: ਸਤਿਗੁਰ ਦੇ ਸਬਦ ਦੀ ਵੀਚਾਰ ਵਿੱਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ (ਮੌਜੂਦ) ਦਿਸਦਾ ਹੈ। ਨਾਂ ਮੰਗਿਆਂ ਵੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ। ਉਹ ਸਭ ਤੋਂ ਵਡ੍ਹਾ, ਅਗਮ ਤੇ ਬੇਅੰਤ ਵੀ ਹੈ। ਬਿਨਾ ਮੰਗੇ ਮਿਲੇ ਦਾਨ ਲਈ, ਧੰਨਵਾਦ ਤਾਂ ਇੱਕ ਪਾਸੇ ਅਗੋਂ ਹੋਰ ਹੋਰ ਤੇ ਹੋਰ ਦੀ ਅਰਦਾਸ (ਮੰਗ) ਕੀਤੀ ਜਾ ਰਹੀ ਹੈ ਜਿਵੇਂ ਉਹ ਭੁੱਲੜ ਹੈ ਤੇ ਦੇਣਾ ਭੁੱਲ ਗਿਆ ਹੋਵੇ। ਜੇ ਹੋਇ ਭੁਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ॥ ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ॥ (765) ਭਾਵ: ਜੇ ਉਹ ਭੁੱਲੜ ਹੋਵੇ ਤਾਂ ਜਾ ਕੇ ਕੁੱਝ ਆਖੀਏ ਵੀ ਪਰ ਕਰਤਾਰ ਤਾਂ ਅਭੁੱਲ ਹੈ। ਉਹ ਸਭ ਨੂੰ ਸੁਣਦਾ, ਦੇਖਦਾ ਤੇ ਬਿਨਾ ਮੰਗੇ ਹੀ ਸਭ ਨੂੰ ਦਾਨ ਦੇ ਰਿਹਾ ਹੈ। ਗੁਰ ਪ੍ਰਮਾਣਾ ਤੋਂ ਸਪਸ਼ਟ ਹੈ ਕਿ ਪ੍ਰਭੂ ਅਭੁੱਲ ਹੈ (ਉਹ ਕਿਸੇ ਨੂੰ ਦੇਣਾ ਭੁਲਦਾ ਨਹੀ) ਸਭਨਾ ਦੇ ਅੰਦਰ ਵਸਦਾ, ਸਭਨਾ ਦੇ ਦਿਲਾਂ ਦੀਆਂ ਜਾਣਦਾ, ਬੁਝਦਾ, ਵੇਖਦਾ ਤੇ ਬਿਨਾ ਮੰਗੇ ਹੀ ਦਾਨ ਦੇ ਰਿਹਾ ਹੈ ਤਾਂ ਉਸ ਤੋਂ ਹੋਰ ਹੋਰ ਦੀ ਮੰਗ (ਅਰਦਾਸ) ਇੱਕ ਅਗਿਆਨਤਾ, ਹੁਕਮ ਅਦੂਲੀ, ਬੇਸਬਰੀ, ਅਸੰਤੋਖ, ਅਸਹਿਮਤੀ ਤੇ ਅਸ਼ਰਧਾ ਨਹੀ ਤਾਂ ਕੀ ਹੈ?

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.