.

ਘਾਲਿ ਖਾਇ-----

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹ ਪਛਾਣਹਿ ਸੇਇ॥”

ਗੁਰੂਦਵਾਰਿਆਂ ਵਿੱਚ ਸੰਗਤਾਂ ਨੂੰ ਕੱਟੜਤਾ ਨਾਲ ਬਾਰ ਬਾਰ ਦ੍ਰਿੜ੍ਹਾਈ ਜਾਂਦੀ ਇਸ ਤੁਕ ਦੇ ਪ੍ਰਭਾਵਾਧੀਨ ਦਾਸ, ਬਚਪਣ ਤੋਂ ਹੀ, ਪੂਰੀ ਸ਼੍ਰੱਧਾ ਨਾਲ ਇਸ ਗੁਰ-ਹੁਕਮ ਦੀ ਪਾਲਣਾਂ ਕਰਦਾ ਰਿਹਾ; ਇੱਥੋਂ ਤੱਕ ਕਿ ਚੀਜੀ ਖਾਣ ਲਈ ਮਿਲਦਾ ਪੈਸਾ/ਟਕਾ ਵੀ ਰਾਗੀਆਂ ਦੇ ਵਾਜੇ ਅੱਗੇ ‘ਕੀਰਤਨ ਭੇਟਾ’ ਦੇ ਤੌਰ `ਤੇ ਅਰਪਿਤ ਕੀਤਾ ਜਾਂਦਾ, ਇਸ ਉਮੀਦ ਨਾਲ ਕਿ ਕਿਸੇ ਤਰ੍ਹਾਂ ਉਸ ਅਣਪਛਾਤੇ ‘ਰਾਹ’ ਦੀ ਪਛਾਣ ਕਰ ਸਕਾਂ ਜਿਸ ਦਾ ਜ਼ਿਕਰ ਪੁਜਾਰੀ ਬਾਰ ਬਾਰ ਕਰਦੇ ਹਨ! ‘ਹਥਹੁ ਦੇਇ’ ਦੇ ਬਦਲੇ ਭਾਈ ਜੀ ਮੈਨੂੰ ਆਪਣੀ ਟ੍ਰੇਡ-ਮਾਰਕ (trade-mark) ਮੁਸਕਾਨ ਬਖ਼ਸ਼ਦੇ ਤੇ ਵਾਜੇ ਦੀਆਂ ਸੁਰਾਂ `ਤੇ ਨ੍ਰਿਤ ਕਰਦੀਆਂ ਉਂਗਲੀਆਂ ਨੂੰ ਰੋਕ ਕੇ, ਦਾਸ ਲਈ ਲਘੂ ਅਰਦਾਸ (mini prayer) ਵੀ ਕਰਦੇ: ‘ਹੇ ਦਾਤਾਰ! ਅਲ੍ਹੜ ਉਮਰੇ ਹੀ ਸਹੀ ਰਾਹ `ਤੇ ਚੱਲਣ ਵਾਲੇ ਇਸ ਭੁਜੰਗੀ ਦੀਆਂ ਝੋਲੀਆਂ ਖ਼ੁਸ਼ੀਆਂ ਨਾਲ ਭਰੋ ਤੇ ਖ਼ਜ਼ਾਨੇ ਭਰਪੂਰ ਕਰੋ…….’! ਭਾਈ ਜੀ ਦੀ ਮੁਸਕਾਨ ਅਤੇ ਸਿਫ਼ਾਰਸ਼ੀ ਅਰਦਾਸ ਸਦਕਾ ਦਾਸ ਦੀ ਬਾਲ-ਹਉਮੈ ਨੂੰ ਹੁਲਾਰਾ ਜਿਹਾ ਮਿਲਦਾ ਅਤੇ ਇਸ ਨਸ਼ੇ ਵਿੱਚ ਦਾਸ ਮੁੜ ਮੁੜ ‘ਹੱਥੋਂ ਦੇਂਦਾ’ ਰਿਹਾ। ਕਈ ਕਾਰਣਾਂ ਕਰਕੇ ਛੋਟੀ ਉਮਰੇ ਹੀ ਕਿਰਤ ਕਰਨੀ ਸ਼ੁਰੂਅ ਕਰ ਦਿੱਤੀ ਤੇ ਇਹ ‘ਹਥਹੁ ਦੇਇ’ ਦਾ ਸਿਲਸਿਲਾ ਵੀ ਜਾਰੀ ਰੱਖਿਆ। ਪਰੰਤੂ, ਨਾਂ ਤਾਂ ‘ਖ਼ੁਸ਼ੀਆਂ ਨਾਲ ਝੋਲੀਆਂ ਭਰੀਆਂ’, ਨਾਂ ‘ਖ਼ਜ਼ਾਨੇ ਭਰਪੂਰ ਹੋਏ’ ਅਤੇ ਨਾ ਹੀ ਉਸ ‘ਰਾਹ ਦੀ ਪਛਾਣ’ ਹੋਈ ਜਿਸ ਦਾ ਲਾਰਾ ਲਾ ਕੇ ਪੁਜਾਰੀ ਲੋਕ ਕਿਰਤੀਆਂ ਦੇ ਹੱਥੋਂ ਲਈ ਜਾਂਦੇ ਸਨ/ਹਨ। ਇਸ ਅਣਸੁਖਾਵੀਂ ਸਥਿਤੀ ਕਾਰਣ ਘੋਰ ਨਿਰਾਸ਼ਾ ਨੇ ਆ ਘੇਰਿਆ। ਸੁਭਾਗ ਨਾਲ, ਇੱਕ ਸਤਿਕਾਰਯੋਗ ਬਜ਼ੁਰਗ, ਜੋ ਗੁਰੁ ਗ੍ਰੰਥ ਦਾ ਸੱਚਾ ਸਿੱਖ ਸੀ, ਨੇ ਸੁਝਾਓ ਦਿੱਤਾ ਕਿ ਇਸ ਮਾਨਸਿਕ ਉਲਝਣ ਵਿੱਚੋਂ ਨਿਕਲਣ ਲਈ ਮੈਂ ਆਪ ਗੁਰੁ ਨਾਨਕ ਦੇਵ ਜੀ ਦੇ ਪੂਰੇ ਸ਼ਲੋਕ ਨੂੰ ਪੜ੍ਹਾਂ ਤੇ ਵਿਚਾਰਾਂ। ਨਾਲ ਉਸ ਨੇ ਇਹ ਵੀ ਦੱਸਿਆ ਕਿ ਨਾਨਕ ਦੇਵ ਜੀ ਦਾ ਇਹ ਉਪਦੇਸ਼ ਤਾਂ ਕਿਰਤ ਤੋਂ ਕੰਨੀਂ ਕਤਰਾਉਣ ਵਾਲੇ ਪੁਜਾਰੀਆਂ ਲਈ ਹੈ ਨਾ ਕਿ ਕਿਰਤੀਆਂ ਲਈ; ਕਿਰਤੀ ਤਾਂ, ਭਾਈ ਲਾਲੋ ਜੀ ਦੀ ਤਰ੍ਹਾਂ, ਸੁਭਾਵਕਨ ਦੂਸਰਿਆਂ ਦੀ ਸਹਾਇਤਾ ਕਰਨ ਵਾਲੇ ਹੁੰਦੇ ਹਨ। ਉਸ ਸੁਲਝੇ ਹੋਏ ਸੱਚੇ ਗੁਰ-ਸੇਵਕ ਦੀ ਸਿੱਖਿਆ `ਤੇ ਅਮਲ ਕਰਦਿਆਂ, ਇਸ ਵਿਸ਼ੇਸ਼ ਸ਼ਬਦ ਦੇ ਨਾਲ ਨਾਲ ਗੁਰਬਾਣੀ ਵਿੱਚੋਂ ਕਈ ਹੋਰ ਤੁਕਾਂ/ਸ਼ਬਦਾਂ ਨੂੰ ਪੜ੍ਹਨ ਤੇ ਵਿਚਾਰਨ ਉਪਰੰਤ ਦਾਸ ਦੇ ਪੱਲੇ ਜੋ ਪਿਆ ਉਹ ਇਸ ਲੇਖ ਰਾਹੀਂ ਗੁਰਮੱਤਿ-ਸ਼੍ਰੱਧਾਲੂਆਂ ਨਾਲ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ।

ਸਾਰੇ ਸੰਸਾਰਕ ਧਰਮਾਂ ਦੇ ਗ੍ਰੰਥਾਂ ਵਿੱਚ, ਦੁਨਿਆਵੀ ਦੁੱਖਾਂ ਤੋਂ ਨਿਜਾਤ, ਸੰਸਾਰਕ ਸੁੱਖਾਂ ਦੀ ਪ੍ਰਾਪਤੀ, ਤੇ ਮੁਕਤੀ ਦੀ ਮੰਜ਼ਿਲ ਤੱਕ ਪਹੁੰਚਣ ਲਈ, ਧਰਮ ਨਾਲ ਸੰਬੰਧਿਤ ਕਰਮ ਨਿਰਧਾਰਿਤ ਕੀਤੇ ਹੋਏ ਹਨ। ਗ੍ਰੰਥਾਂ ਵਿੱਚ, ਕਰਮਾਂ ਦੇ ਵਿਧੀ-ਵਿਧਾਨਾਂ ਤੋਂ ਬਿਨਾਂ ਇਹ ਵੀ ਹਦਾਇਤ ਹੈ ਕਿ ਇਹ ਕਰਮ ਲੋਕਾਂ ਨੇ ਧਰਮ-ਸਥਾਨਾਂ ਦੇ ਪੁਜਾਰੀਆਂ ਤੋਂ ਹੀ ਸੰਪੰਨ ਕਰਵਾਉਣੇ ਹਨ। ਇਸ ਆਪੂੰ ਬਣਾਏ ਰਾਖਵੇਂ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਹਰ ਧਰਮ ਦੇ ਹੱਡ-ਰੱਖ ਪੁਰੋਹਿਤ/ਪੁਜਾਰੀ ਜਨਤਾ ਨੂੰ ਆਦਿ ਕਾਲ ਤੋਂ ਹੀ ਲੁੱਟਦੇ ਆ ਰਹੇ ਸਨ/ਹਨ। ਪੁਜਾਰੀਆਂ ਨੇ ਧਰਮ ਦੇ ਨਾਂ `ਤੇ ਰੱਬ ਦੇ ਬੰਦਿਆਂ ਦੀ ਮਾਨਸਿਕਤਾ ਉੱਤੇ ਕਬਜ਼ਾ ਕੀਤਾ ਹੋਇਆ ਸੀ/ਹੈ, ਅਤੇ ਉਹ ਮਾਨਵ-ਜੀਵਨ ਦੇ ਹਰ ਮੋੜ `ਤੇ ਜੀਵਨ-ਪੰਧ ਦੇ ਪਾਂਧੀਆਂ ਤੋਂ ਨਾਜਾਇਜ਼ ਮਸੂਲ ਲੈਂਦੇ ਸਨ/ਹਨ। ਇਹ ਲੁੱਟ ਇਸ ਲੋਕ ਅਥਵਾ ਜਨਮ ਤੋਂ ਆਰੰਭ ਹੋਕੇ ਸਿਵਿਆਂ/ਕਬਰਾਂ ਤੱਕ ਹੀ ਨਹੀਂ ਸਗੋਂ ਵਰ੍ਹੀਨੇ/ਬਰਸੀਆਂ, ਸ਼ਰਾਧਾਂ ਤੇ ਪ੍ਰਾਰਥਨਾ ਆਦਿ ਰਸਮਾਂ ਦੇ ਰੂਪ ਵਿੱਚ ਪਰਲੋਕ ਵਿੱਚ ਵੀ ਵਿੱਛੜੀ ਆਤਮਾ, ਤੇ ਇਸ ਲੋਕ ਵਿੱਚ ਉਸ ਦੇ ਅੰਧਵਿਸ਼ਵਸੀ ਪਰਿਵਾਰਾਂ ਦਾ ਪਿੱਛਾ ਨਹੀਂ ਛੱਡਦੀ। ਕੰਮ-ਚੋਰ ਪੁਜਾਰੀ, ਯੱਗ, ਪਾਠ, ਪ੍ਰਾਰਥਨਾ/ਪਰੇਅਰ (Prayer), ਦੁਆ ਤੇ ਅਰਦਾਸ, ਉਪਾਏ, ਪ੍ਰਾਸ਼ਚਿਤ (atonement) ਆਦਿ ਖੇਖਣਾਂ ਦੇ ਬਹਾਨੇ ਮਾਇਆ ਠੱਗੀ ਜਾ ਰਹੇ ਸਨ/ਹਨ। ਪੁਜਾਰੀਆਂ ਨੂੰ ਪਰਮਾਰਥ ਨਾਲ ਕੋਈ ਵਾਸਤਾ ਨਹੀਂ ਹੁੰਦਾ; ਪਰਮਾਰਥੀ ਹੋਣ ਦਾ ਦਅਵਾ ਤਾਂ ਉਨ੍ਹਾਂ ਦਾ ਖੇਖਣ ਹੈ। ਅਸਲ ਵਿੱਚ ਉਹ ਸੱਚੇ ਸੁਆਰਥੀ ਸਨ/ਹਨ ਤੇ ਮਾਇਆ ਦੇ ਵਫ਼ਾਦਾਰ ਪੁਜਾਰੀ। ਮਾਇਆ ਦੇ ਵਿਸ਼ੈਲੇ ਪ੍ਰਭਾਵਾਧੀਨ ਉਹ ਅੁਲ-ਪਲੁ ਸੱਭ ਛਕ ਜਾਂਦੇ ਸਨ/ਹਨ। ਪੁਜਾਰੀਆਂ/ਪੰਡਿਤਾਂ ਦੀ ਇਸ ਅਸਲੀਅਤ ਨੂੰ ਗੁਰਬਾਣੀ ਦੀਆਂ ਨਿਮਨ ਲਿਖਿਤ ਕੁੱਝ ਤੁਕਾਂ ਤੋਂ ਭਲੀ ਭਾਂਤ ਸਮਝਿਆ ਜਾ ਸਕਦਾ ਹੈ:

“ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥

ਅੰਦਰਿ ਕਪਟੁ, ਉਦਰੁ ਭਰਣੇ ਕੈ ਤਾਈ, ਪਾਠ ਪੜਹਿ ਗਾਵਾਰੀ॥”

ਭਾਵਅਰਥ: ਮਾਇਕ ਤ੍ਰਿਸ਼ਨਾਂ ਵਿੱਚ ਅੰਨ੍ਹਾ ਹੋਇਆ ਪੁਜਾਰੀ ਦਰਅਸਲ ਤ੍ਰੈ ਗੁਣੀ ਮਾਇਆ ਦਾ ਵਾਪਾਰੀ ਹੈ। (ਵੇਖਣ ਨੂੰ ‘ਮਲੂਕੀ ਵੇਸ’ ਪੁਜਾਰੀ ਧਰਮੀ ਪੁਰਸ਼ ਲੱਗਦਾ ਹੈ ਪਰ) ਅੰਦਰੋਂ ਉਹ ‘ਫਾਹੀ ਸੁਰਤਿ’ ਵਾਲਾ ਕਪਟੀ ਧੋਖੇਬਾਜ਼ ਹੈ। ਪਾਠ ਆਦਿ ਧਾਰਮਿਕ ਕਰਮ ਤਾਂ ਉਹ ਸਿਰਫ਼, ਮਾਇਆ ਠੱਗ ਕੇ ਤ੍ਰਿਸ਼ਨਾਂ ਦੀ ਅੱਗ ਨੂੰ ਤ੍ਰਿਪਤ ਕਰਨ ਲਈ, ਦਿਖਾਵੇ ਦੇ ਤੌਰ `ਤੇ ਕਰਦਾ ਹੈ।

“ਤ੍ਰੈਗੁਣ ਮਾਇਆ ਵੇਖਿ ਭੁਲੇ, ਜਿਉ ਦੇਖਿ ਦੀਪਕਿ ਪਤੰਗ ਪਚਾਇਆ॥

ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ॥

ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ॥” ਮ: ੩

ਭਾਵਅਰਥ: ਜਿਵੇਂ ਪਤੰਗਾ ਦੀਵੇ ਦੀ ਰੌਸ਼ਨੀਂ ਉੱਤੇ ਮੋਹਿਤ ਹੋ ਕੇ ਵਿਅਰਥ ਸੜ ਮਰਦਾ ਹੈ, ਤਿਵੇਂ ਪੁਜਾਰੀ ਤ੍ਰੈਗੁਣੀ ਮਾਇਆ ਦੀ ਚਕਾਚੌਂਧ `ਚ ਅੰਨ੍ਹਾ ਹੋਇਆ ਸੱਚ ਦੇ ਰਾਹ ਤੋਂ ਭਟਕ ਕੇ ਆਪਣੀ ਮਨ/ਆਤਮਾ ਦੀ ਮੌਤ ਸਹੇੜ ਲੈਂਦਾ ਹੈ। ਜਦ ਪੁਜਾਰੀ ਧਰਮ-ਸਥਾਨ `ਤੇ ਪਾਠ ਆਦਿ ਦੇ ਕਰਮ ਨਿਭਾਉਂਦਾ ਹੈ ਤਾਂ ਉਸ ਦਾ ਧਿਆਨ ਪਰਮਾਰਥ ਵੱਲ ਨਹੀਂ ਹੁੰਦਾ; ਮਾਇਆ ਦੇ ਮੋਹ ਵਿੱਚ ਰਾਹੋਂ ਭਟਕਿਆ ਹੋਇਆ, ਉਹ ਤਾਂ (ਕਾਣੀ ਅੱਖ ਨਾਲ) ਇਹ ਵੇਖ ਰਿਹਾ ਹੁੰਦਾ ਹੈ ਕਿ ਕਿਸ ਸ਼੍ਰੱਧਾਲੂ ਨੇ ਕਿੰਨੀ ਕੁ ਮਾਇਆ ਅਰਪਿਤ ਕੀਤੀ ਹੈ? ਮਾਇਆ ਦੇ ਲੋਭ ਵਿੱਚ ਪੜ੍ਹੇ ਪਾਠ/ਭਜਨ ਅੰਮ੍ਰਿਤ ਨਹੀਂ ਸਗੋਂ ਵਿਸ਼ ਹੋ ਨਿਬੜਦੇ ਹਨ। ਪੁਜਾਰੀਆਂ ਦੇ ਇਸ ਦੁਬਿਧਾ/ਦ੍ਵੈਤ ਵਾਲੇ ਕਿਰਦਾਰ ਕਾਰਣ ਪਰਮਾਤਮਾ ਨੇ ਉਨ੍ਹਾਂ ਨੂੰ ਨਾਮ ਦੇ ਸੱਚ-ਸਿਮਰਨ ਵੱਲੋਂ ਵਾਂਜਿਆਂ ਰੱਖਿਆ ਹੋਇਆ ਹੈ।

ਮਾਇਆ-ਮੋਹ ਵਿੱਚ ਅੰਨ੍ਹਾ ਹੋਇਆ, ਸ਼ੈਤਾਨੀਯਤ ਦਾ ਪੁੰਜ ਪੁਜਾਰੀ ਇਨਸਾਨੀਯਤ ਤੋਂ ਇਤਨਾਂ ਗਿਰ ਜਾਂਦਾ ਹੈ ਕਿ ਉਹ ਧੀਆਂ ਦਾ ਖਾਣ ਦੀ ਗ਼ਲੀਜ਼ ਤੇ ਹੋਛੀ ਹਰਕਤ ਕਰਨ ਤੋਂ ਵੀ ਨਹੀਂ ਝਿਜਕਦਾ।

“ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ॥” ਮ: ੧

ਭਾਵਅਰਥ: ਪੁਜਾਰੀ (ਪੰਡਿਤ) ਮੁੱਲ/ਦੱਛਣਾਂ/ਕੀਮਤ ਵਸੂਲ ਕੇ ਆਪਣੇ ਜਜਮਾਨ ਦੇ ਬੱਚਿਆਂ, ਧੀ/ਪੁੱਤ੍ਰ, ਦੇ ਵਿਆਹ ਦੀ ਰਸਮ ਪੂਰੀ ਕਰਦਾ ਹੈ। ਜਜਮਾਨਾਂ ਦੇ ਪਰਿਵਾਰਾਂ ਨੂੰ ਆਪਣੇ ਦੁਨਿਆਵੀ ਗਿਆਨ ਨਾਲ ਪ੍ਰਭਾਵਿਤ ਕਰਨ ਲਈ ਉਹ ਲਾੜੀ/ਲਾੜੇ ਦੀਆਂ ਜਨਮ-ਕੁੰਡਲੀਆਂ ਨੂੰ ਪੜ੍ਹਨ ਦਾ ਢੌਂਗ ਕਰਦਾ ਹੋਇਆ ਉਨ੍ਹਾਂ ਨੂੰ ਗ੍ਰਿਹਸਤ ਮਾਰਗ ਦੀ ਸਿੱਖਿਆ ਦਿੰਦਾ ਹੈ। ਅਪਣੇ ਆਪ ਨੂੰ ਸਿਆਣਾ ਕਹਿਣ ਕਹਾਉਣ ਵਾਲਾ ਇਹ ਪੁਜਾਰੀ (ਸੱਚ-ਗਿਆਨ ਦੀ ਕਸਵੱਟੀ `ਤੇ ਪਰਖਿਆਂ) ਦਰਅਸਲ ਮਨ/ਅਕਲ ਦਾ ਅੰਨ੍ਹਾ ਹੈ। ਗੁਰੁ ਨਾਨਕ ਦੇਵ ਜੀ ਲੋਕਾਂ ਨੂੰ ਪੁਜਾਰੀਆਂ ਦੇ ਕਪਟੀ ਕਿਰਦਾਰ ਦੇ ਇਸ ਅਜੀਬ ਵਿਰੋਧਾਭਾਸ਼ (paradox) ਤੋਂ ਸੁਚੇਤ ਰਹਿਣ ਦੀ ਪ੍ਰੇਰਨਾਂ ਦਿੰਦੇ ਹਨ।

“ਸਸੈ ਸੰਜਮੁ ਗਇਓ ਮੂੜੇ, ਏਕੁ ਦਾਨੁ ਤੁਸੁ ਕੁਥਾਇ ਲਇਆ॥

ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਪਾਧੈ ਤੇਰਾ ਜਨਮੁ ਗਇਆ॥” ਆਸਾ ਪਟੀ ਮ: ੩

ਭਾਵਅਰਥ: ਮਨ ਦਾ ਸੰਜਮ ਗਵਾ ਚੁੱਕੇ ਮਾਇਆ ਦੇ ਮੁਥਾਜ ਵਿਕਾਰੀ ਪੁਜਾਰੀ, ਇੱਕ ਦਾਨ/ਦੱਛਣਾਂ ਤੂੰ ਅਜਿਹੀ ਥਾਂ ਤੋਂ ਲੈਂਦਾ ਹੈਂ ਜਿਸ ਕਾਰਣ ਤੂੰ ਆਪਣਾ ਜੀਵਨ ਵਿਅਰਥ ਗਵਾ ਬੈਠਾ ਹੈਂ। ਐ ਪੁਜਾਰੀ! ਤੇਰੇ ਜਜਮਾਨ ਦੀ ਧੀ ਤੇਰੀ ਆਪਣੀ ਧੀ ਹੀ ਤਾਂ ਹੋਈ; ਤੇ ਤੂੰ ਨਿਸੰਗ ਹੋ ਕੇ ਉਸ (ਆਪਣੀ ਧੀ) ਦੇ ਵਿਆਹ ਕਰਵਾਉਣ ਦਾ ਮੁੱਲ ਲੈਂਦਾ ਹੈਂ! (ਨੋਟ: ਭਾਰਤੀ ਸਮਾਜ/ਸੱਭਿਆਚਾਰ ਵਿੱਚ ਧੀ ਦੇ ਕੰਮ ਆ ਕੇ ਉਸ ਬਦਲੇ ਧੀ ਦਾ ਖਾਣਾ ਅਥਵਾ ਇਵਜ਼ਾਨਾਂ ਵਸੂਲਨਾਂ ਮਹਾਂ ਪਾਪ ਸਮਝਿਆ ਜਾਂਦਾ ਹੈ। ਬੇਟੀਆਂ ਦੇ ਅਨੰਦ ਕਾਰਜ ਦੀ ਰਸਮ ਕਰਵਾਉਣ ਵਾਲੇ, ਗੁਰਮੱਤਿ-ਪ੍ਰਚਾਰ ਦਾ ਢੌਂਗ ਕਰਨ ਵਾਲੇ ਭਾਈਆਂ/ਪ੍ਰਚਾਰਕਾਂ/ਗ੍ਰੰਥੀਆਂ/ਰਾਗੀਆਂ ਆਦਿ ਬਾਰੇ ਕੀ ਕਿਹਾ ਜਾਵੇ?)

ਮੱਧ-ਕਾਲ ਦੇ ਨਿਸ਼ਕਾਮ ਤੇ ਪਰਮਾਰਥੀ ਫ਼ਿਲਾਸਫ਼ਰਾਂ ਨੇ ਧਰਮ/ਰੱਬ ਦੇ ਨਾਂ `ਤੇ ਬਣਾਈ ਇਸ ਲੋਟੂ ਪਰੰਪਰਾ ਵਿਰੁੱਧ ਆਵਾਜ਼ ਉਠਾਈ, ਲੁੱਟਣ ਵਾਲੇ ਕੰਮ-ਚੋਰ ਪੁਜਾਰੀਆਂ ਨੂੰ ਲਅਨਤਾਂ ਪਾਈਆਂ, ਤੇ ਮਨੁੱਖਤਾ ਨੂੰ ਇਸ ਅਣਚਾਹੀ ਲੁੱਟ ਤੋਂ ਬਚਣ ਲਈ ਪ੍ਰੇਰਿਆ। ਹਿੰਦੂ-ਧਰਮ, ਇਸਲਾਮ ਤੇ ਜੋਗ-ਮੱਤਿ ਦੇ ਪੁਜਾਰੀਆਂ ਨੂੰ ਸੰਬੋਧਨ ਕਰਕੇ ਲਿਖਿਆ ਗਿਆ ਗੁਰੁ ਨਾਨਕ ਦੇਵ ਜੀ ਦਾ ਇਹ ਸ਼ਲੋਕ ਇਸ ਤੱਥ ਦਾ ਸੁੰਦਰ ਪ੍ਰਮਾਣ ਹੈ:

“ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾ ਘਰੇ ਮਸੀਤ॥

ਮਖਟੂ ਹੋਇ ਕੈ ਕੰਨ ਪੜਾਏ॥ ਫਕਰ ਕਰੇ ਹ+ਰ ਜਾਤਿ ਗਵਾਏ॥

ਗੁਰੁ ਪੀਰੁ ਸਦਾਏ ਮੰਗਣ ਜਾਏ॥ ਤਾ ਕੈ ਮੂਲਿ ਨ ਲਗੀਐ ਪਾਇ॥

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸਲੋਕ ਮ: ੧

ਭਾਵ-ਅਰਥ: ਅਧਿਆਤਮਿਕ ਗਿਆਨ ਤੋਂ ਕੋਰੇ ਪੰਡਿਤ/ਬ੍ਰਾਹਮਣ ਮੰਦਿਰਾਂ ਵਿੱਚ ਭਜਨ ਗਾਉਂਦੇ ਹਨ। ਮਾਇਆ ਦੇ ਭੁੱਖੇ ਮੌਲਵੀ ਆਪਣੇ ਘਰ-ਸੁਆਰਥ ਦੀ ਖ਼ਾਤਿਰ ਮਸੀਤਾਂ ਵਿੱਚ ਰਹਿੰਦੇ ਹਨ। ਕਈ ਹੱਡ-ਰੱਖ ਲੋਕ ਕੰਨ ਪੜਵਾ, ਕੰਨੀਂ ਮੁੰਦਰਾਂ ਪਾ ਕੇ ਆਪਣੀ ਅਸਲੀ ਮਾਨਸ-ਜਾਤ/ਰੂਪ ਗਵਾ ਕੇ ਭੇਖੀ ਜੋਗੀ ਬਣ ਜਾਂਦੇ ਹਨ, (ਅਤੇ ਇਸ ਭੇਖ ਦੇ ਸਹਾਰੇ ਲੋਕਾਂ ਨੂੰ ਠੱਗਦੇ ਹਨ)। ਜਨ-ਸਾਧਾਰਨ ਨੂੰ ਉਪਦੇਸ ਦਿੰਦੇ ਹੋਏ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਵਿਅਕਤੀ ਆਪਣੇ ਆਪ ਨੂੰ ਗੁਰੂ (ਹਿੰਦੂਆਂ ਲਈ) ਜਾਂ ਪੀਰ (ਮੁਸਲਮਾਨਾਂ ਵਾਸਤੇ) ਆਖਦਾ ਅਖਵਾਉਂਦਾ ਹੈ ਪਰੰਤੂ ਆਪ ਕਿਰਤ ਕਰਨ ਦੀ ਬਜਾਏ ਕਿਰਤੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਕਪਟ ਨਾਲ ਧਰਮ/ਰੱਬ ਦੇ ਨਾਂ `ਤੇ ਠੱਗ ਕੇ ਖਾਂਦਾ ਹੈ, ਉਸ ਦੇ ਪੈਰੀਂ ਨਹੀਂ ਪੈਣਾਂ ਅਰਥਾਤ ਉਹ ਦੰਭੀ ਹੈ ਤੇ ਸਤਿਕਾਰ ਦੇ ਯੋਗ ਨਹੀਂ, ਇਸ ਲਈ ਉਸ ਦੇ ਮਗਰ ਨਹੀਂ ਤੁਰਨਾਂ। ਅੰਤਲੀ ਤੁਕ ਵਿੱਚ ਸਾਰੇ ਧਰਮਾਂ ਦੇ ਦੰਭੀ ਪੁਜਾਰੀਆਂ ਨੂੰ ਨੇਕ ਸਲਾਹ ਦਿੰਦੇ ਹੋਏ ਗੁਰੁ ਨਾਨਕ ਦੇਵ ਜੀ ਕਹਿੰਦੇ ਹਨ ਕਿ ਰੱਬ ਦੇ ਰਾਹ ਦੀ ਸੋਝੀ ਉਸੇ ਪੁਜਾਰੀ/ਧਾਰਮਿਕ ਆਗੂ ਨੂੰ ਹੋ ਸਕਦੀ ਹੈ ਜਿਹੜਾ ਦਸਾਂ ਨੌਹਾਂ ਦੀ ਕਿਰਤ ਕਰਕੇ ਨਿਰਬਾਹ ਕਰਦਾ ਹੈ ਤੇ ਵਿੱਤ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਵੀ ਕਰਦਾ ਹੈ। (ਨੋਟ:- (1) ਪੁਜਾਰੀ/ਪ੍ਰਚਾਰਕਾਂ ਦੇ ਮੂਹੋਂ ਸ਼ਲੋਕ ਦੀਆਂ ਪਹਿਲੀਆਂ ਤੁਕਾਂ ਦਾ ਪ੍ਰਚਾਰ ਕਦੇ ਨਹੀਂ ਸੁਣਿਆ? ਕਿਉਂਕਿ, ਉਨ੍ਹਾਂ ਦੇ ਮਾਇਕ ਸੁਆਰਥ ਦਾ ਸੰਬੰਧ ਕੇਵਲ ਆਖ਼ਿਰੀ ਤੁਕ ਨਾਲ ਹੀ ਹੈ। ਪਹਿਲੀਆਂ ਤੁਕਾਂ ਉਨ੍ਹਾਂ ਦਾ ਪੋਲ ਖੋਲ੍ਹਦੀਆ ਹਨ ਤੇ ਉਨ੍ਹਾਂ ਦੇ ਮਾਇਕ ਮਕਸਦ ਦੇ ਰਾਹ ਦਾ ਰੋੜਾ ਬਣਦੀਆਂ ਹਨ। (2) ਉਪਰੋਕਤ ਵਿਚਾਰੇ ਗੁਰ-ਹੁਕਮ, ਗੁਰਮੱਤਿ ਦਾ ਪ੍ਰਚਾਰ ਕਰਨ ਵਾਲੇ ਗ੍ਰੰਥੀਆਂ/ਭਾਈਆਂ/ਪ੍ਰਚਾਰਕਾਂ/ਰਾਗੀਆਂ/ਕਥਾਕਾਰਾਂ ਆਦਿ ਦੇ ਮਨਮੁੱਖੀ ਲੋਭੀ ਕਿਰਦਾਰ `ਤੇ ਵੀ 100% ਢੁੱਕਦੇ ਹਨ।)

ਗੁਰਮੱਤਿ ਵਿੱਚ ਨਾਮ-ਦਾਨ ਦਾ ਬਹੁਤ ਮਹੱਤਵ ਹੈ। ਅਰਦਾਸ ਵਿੱਚ ਵੀ ਕਿਹਾ ਜਾਂਦਾ ਹੈ, “ਦਾਨਾਂ ਸਿਰ ਦਾਨ ਨਾਮ ਦਾਨ”। ਦਾਨ ਦੇ ਅਰਥ ਹਨ ਉਹ ਦੇਣ ਜੋ ਬਿਨਾਂ ਕਿਸੇ ਇਵਜ਼ਾਨੇ/ਮੁੱਲ ਦੇ ਦੂਸਰਿਆਂ ਨੂੰ ਦਿੱਤੀ ਜਾਵੇ। ਇਸੇ ਲਈ ਨਾਮ ਦਾ ਪੈਸੇ ਲੈ ਕੇ ਵੰਡਣ ਨੂੰ ਪਾਪ ਮੰਨਿਆ ਗਿਆ ਹੈ। ਨਾਮ (ਅਧਿਆਤਮਿਕ ਗਿਆਨ) ਇੱਕ ਅਜਿਹਾ ਸੌਦਾ ਹੈ ਜਿਸ ਦਾ ਵਪਾਰ ਕਰਨਾਂ ਅਧਾਰਮਿਕ ਹੈ। ਇਸ ਸੰਬੰਧ ਵਿੱਚ ਕਬੀਰ ਜੀ ਫ਼ਰਮਾਉਂਦੇ ਹਨ:

“ਇਹੁ ਧਨੁ ਮੇਰੇ ਹਰਿ ਕੋ ਨਾਉ॥ ਗਾਂਠਿ ਨ ਬਾਧਉ, ਬੇਚਿ ਨ ਖਾਉ॥” ਭੈਰਉ ਕਬੀਰ ਜੀ

ਭਾਵਅਰਥ: ਹਰਿ-ਨਾਮ ਹੀ ਮੇਰੇ ਜੀਵਨ ਦੀ ਅਸਲੀ ਪੂੰਜੀ ਹੈ। ਇਸ ਦੈਵੀ ਪੂੰਜੀ ਨੂੰ ਨਾਂ ਤਾਂ ਮੈ ਦੂਸਰਿਆਂ ਤੋਂ ਲੁਕੋ/ਬਚਾ ਕੇ ਰੱਖਦਾ ਹਾਂ, ਅਤੇ ਨਾਂ ਹੀ ਮੈਂ ਇਸ ਨੂੰ ਆਪਣੇ ਰੁਜ਼ਗਾਰ ਦੀ ਖ਼ਾਤਿਰ ਵੇਚਦਾ ਹਾਂ।

ਗੁਰੁ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਨੁਸਾਰ ਪ੍ਰਭੂ ਦੀ ਬਖ਼ਸ਼ਿਸ਼ ਨਾਮ/ਗਿਆਨ (ਪਾਠ, ਪ੍ਰਚਾਰ, ਕਥਾ-ਕੀਰਤਨ, ਅਰਦਾਸ ਆਦਿ) ਨੂੰ ਮਾਇਆ ਬਦਲੇ ਵੇਚਣਾ ਅਧਰਮ ਹੈ। ਅਕਾਲ ਪੁਰਖ ਦੀ ਕ੍ਰਿਪਾ ਸਦਕਾ ਪ੍ਰਾਪਤ ਇਸ ਬੋਧ ਨੂੰ ਵੰਡਣ ਦੀ ਸੇਵਾ ਨਿਸ਼ਕਾਮ ਹੋਣੀ ਚਾਹੀਦੀ ਹੈ। ਆਤਮ-ਗਿਆਨ ਵੇਚਣ ਵਾਲਾ ਭੇਖੀ ਮੂੜ੍ਹ/ਮਨਮੁੱਖ ਹੈ:

“ਮਨਮੁਖ ਬਿਦਿਆ ਬਿਕ੍ਰਦਾ, ਬਿਖ ਖਟੇ ਬਿਖ ਖਾਏ॥

ਮੂਰਖੁ ਸਬਰ ਨ ਚੀਨਈ, ਸੂਝ ਬੂਝ ਨਾ ਕਾਇ॥” ਓਅੰਕਾਰ ਮ: ੧

(ਬਿਕ੍ਰਦਾ = ਵੇਚਦਾ)

ਭਾਵਅਰਥ: ਧਰਮ ਦਾ ਗਿਆਨ ਵੇਚਨ ਵਾਲਾ ਮਨਮੁੱਖ ਹੈ, ਆਤਮ-ਗਿਆਨ ਵੇਚ ਕੇ ਕੀਤੀ ਕਮਾਈ ਜ਼ਹਿਰ ਸਮਾਨ ਹੈ, ਜਿਸ ਨੂੰ ਪੁਜਾਰੀ ਹਮੇਸ਼ਾ ਖਾਂਦੇ ਹਨ। ਮਾਇਆ ਰੂਪੀ ਜ਼ਹਿਰ ਨਾਲ ਉਸ (ਮਨਮੁੱਖ ਪੁਜਾਰੀ) ਅੰਦਰੋਂ ਸਬਰ ਸੰਤੋਖ ਵਰਗੇ ਆਤਮਿਕ ਗੁਣ ਮਰ ਜਾਂਦੇ ਹਨ ਤੇ ਆਪੇ ਦੀ ਹੋਸ਼ ਵੀ ਨਹੀਂ ਰਹਿੰਦੀ।

ਗੁਰੂ-ਸਿੱਖਿਆ ਅਨੁਸਾਰ ਸਿੱਖ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜੀਵਿਕਾ ਲਈ ‘ਦਸ ਨਖ ਕਾਰ’ ਕਰਨੀ ਹੈ, ਕਿਸੇ ਕਿਰਤੀ ਉੱਤੇ ਬੋਝ ਨਹੀਂ ਬਣਨਾਂ, ਪਰ-ਧਨ ਨੂੰ ਜੀਵਨ ਦਾ ਮਨੋਰਥ ਨਹੀਂ ਬਣਾਉਣਾਂ। ਮੌਲਵੀ ਨੂੰ ਸੱਚੀਆਂ ਨਿਮਾਜ਼ਾਂ ਬਾਰੇ ਗਿਆਨ ਦਿੰਦੇ ਹੋਏ ਗੁਰੁ ਨਾਨਕ ਦੇਵ ਜੀ ਦਸਾਂ ਨੌਹਾਂ ਨਾਲ ਕੀਤੀ ਹੱਕ ਦੀ ਕਮਾਈ ਨੂੰ ਇਸਲਾਮ ਦੀ ਦੂਜੀ ਨਿਮਾਜ਼ ਦਾ ਦਰਜਾ ਦਿੰਦੇ ਹਨ: “ਪਹਿਲਾ ਸਚੁ ਹਲਾਲੁ ਦੁਇ ਤੀਜਾ ਖ਼ੈਰ ਖੁਦਾਇ॥” ---- ਗੁਰੂ ਜੀ ਨੇ ਸੁਕ੍ਰਿਤ ਨੂੰ ਹਲਾਲ ਕਿਹਾ ਹੈ ਅਤੇ ਪਰਾਏ ਹੱਕ ਨੂੰ ਮੁਰਦਾਰ। ਮੁਰਦਾਰ, ਗਿਰਝਾਂ ਤੇ ਸੂਰਾਂ ਵਰਗੇ ਘਿਣਾਉਣੇ ਜਾਨਵਰਾਂ ਦੀ ਖਾਧ-ਖੁਰਾਕ ਹੈ। ਗੁਰੁ-ਹੁਕਮ ਹੈ:

“ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ॥” ……

ਪੁਜਾਰੀਆਂ ਦਾ ਕਿਰਤੀਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਤਿੱਕੜਮ ਤੇ ਮੱਕਾਰੀ ਨਾਲ ਰੱਬ ਦੇ ਨਾਂ `ਤੇ ਠੱਗ ਕੇ ਖਾਣਾ ਉਨ੍ਹਾਂ (ਕਿਰਤੀਆਂ) ਦਾ ਖ਼ੂਨ ਪੀਣ ਦੇ ਸਮਾਨ ਹੈ; ਅਤੇ ਖ਼ੂਨ ਪੀਣ ਵਾਲੇ ਦਾ ਮਨ, ਕੁਦਰਤਨ, ਮਲੀਨ ਤੇ ਨਾਪਾਕ ਹੁੰਦਾ ਹੈ। ਗੁਰੁ ਦਾ ਫ਼ਰਮਾਨ ਹੈ:

“ਜੇ ਰਤੁ ਲਗੈ ਕਪੜੈ ਜਾਮਾ ਹੋਏ ਪਲੀਤ॥

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥”

ਭਾਵਅਰਥ: ਜੇ ਸ਼ਰੀਰ ਦੇ ਕਿਸੇ ਵਸਤਰ ਨੂੰ ਲਹੂ ਲੱਗ ਜਾਵੇ ਤਾਂ ਉਸ ਪਹਿਰਨ ਨੂੰ ਗੰਦਾ/ਅਪਵਿੱਤ੍ਰ ਸਮਝਿਆ ਜਾਂਦਾ ਹੈ। ਪਰੰਤੂ, ਜੋ ਲੋਕ ਮਨੁੱਖਾਂ ਦਾ ਖ਼ੂਨ ਪੀਂਦੇ ਹਨ ਅਰਥਾਤ ਉਨ੍ਹਾਂ ਦੇ ਖ਼ੂਨ-ਪਸੀਨੇ ਦੀ ਕਿਰਤ-ਕਮਾਈ ਧਰਮ ਦੇ ਨਾਂ `ਤੇ ਠੱਗ ਕੇ ਖਾਂਦੇ ਹਨ, ਉਨ੍ਹਾਂ ਦਾ ਮਨ ਕਿਵੇਂ ਸਾਫ਼/ਪਾਕ ਹੋ ਸਕਦਾ ਹੈ! ਅਰਥਾਤ ਦੂਸਰਿਆਂ ਦਾ ਹੱਕ ਖਾਣ ਵਾਲੇ ਹਰਾਮਖੋਰ ਮਨ ਦੇ ਮਲੀਨ ਹੁੰਦੇ ਹਨ।

“ਕੂੜੁ ਬੋਲਿ ਮੁਰਦਾਰੁ ਖਾਇ॥ ਅਵਰਿ ਨੋ ਸਮਝਾਵਣਿ ਜਾਇ॥

ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥” ਸਲੋਕ ਮ: ੧

ਭਾਵਅਰਥ: ਪੁਜਾਰੀ ਦੂਸਰਿਆਂ ਨੂੰ ਕਿਰਤ ਕਰਨ ਦੀ ਸਿੱਖਿਆ ਦਿੰਦਾ ਹੈ, ਪਰੰਤੂ ਉਹ ਆਪ ਉਨ੍ਹਾਂ ਦੀ ਕਿਰਤ-ਕਮਾਈ ਝੂਠ ਦੇ ਸਹਾਰੇ ਆਨੇ ਬਹਾਨੇ ਲੁੱਟ ਕੇ ਖਾਂਦਾ ਹੈ। ਅਜਿਹਾ ਛਲੀਆ, ਨਾਮ ਧਰੀਕ ਧਾਰਮਿਕ ਨੇਤਾ ਆਪਣੇ ਕਪਟੀ ਕਿਰਦਾਰ ਦੀ ਬਦੌਲਤ ਆਪਣਾ ਅਨਮੋਲ ਮਾਨਵ-ਜੀਵਨ ਵਿਅਰਥ ਗਵਾ ਲੈਂਦਾ ਹੈ। ਅਤੇ, ਉਸ ਦੇ ਪਿਛਲਗ ਵੀ ਆਪਣਾ ਲੋਕ ਤੇ ਪਰਲੋਕ ਦੋਵੇਂ ਲੁਟਾ ਬੈਠਦੇ ਹਨ।

“ਪਰ ਦਰਬ ਹਿਰਣੰ, ਬਹੁ ਵਿਘਨ ਕਰਣੰ॥ ਉਚਰਣੰ ਸਰਬ, ਜੀਅ ਕਹ॥

ਲ਼ਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ॥ ਕਰਮ ਕਰਤ ਸ ਸੂਕਰਹ॥” ਸਲੋਕ ਸਹਸਕ੍ਰਿਤੀ ਮ: ੫

(ਸੂਕਰਹ=ਸੂਰ)

ਭਾਵਅਰਥ: ਪੁਜਾਰੀ ਲੋਕ ਦੂਸਰਿਆਂ ਦੀ ਘਾਲਿ-ਕਮਾਈ ਚਾਲਾਕੀ ਨਾਲ ਚੁਰਾਂਦੇ ਹਨ। ਉਹ ਹੋਰਨਾਂ ਦੀ ਖ਼ੁਸ਼ਹਾਲੀ ਦੇ ਰਾਹ ਵਿੱਚ ਰੋੜਾ ਬਣਦੇ ਹਨ। ਇਸ ਕੁਕਰਮ ਕਰਨ ਲਈ ਉਹ ਕਈ ਤਰ੍ਹਾਂ ਦਾ ਝੂਠਾ ਬਕਾਬਾਦ ਕਰਦੇ ਹਨ। ਇਨ੍ਹਾਂ ਦੇ ਮਨ ਵਿੱਚ ਪਰਮਾਰਥ ਨਹੀਂ ਸਗੋਂ ਮਾਇਆ ਦੀ ਅਬੁੱਝ ਅੱਗ ਹੈ। (ਇਸ ਅੱਗ ਨੂੰ ਬੁਝਾਉਣ ਲਈ) ਉਹ ਸਦਾ ਹੋਰ ਮਾਇਆ ਹੋਰ ਮਾਇਆ ਲਈ ਭਟਕਦੇ ਹਨ। ਉਨ੍ਹਾਂ ਦਾ ਜੀਵਨ ਸੂਰਾਂ ਵਾਲਾ ਹੈ ਜੋ ਸਦਾ ਗੰਦਗੀ `ਤੇ ਪਲਦੇ ਹਨ।

ਗੁਰਮੱਤਿ ਅਨੁਸਾਰ ਸਚਿਆਰ ਮਾਨਵ-ਜੀਵਨ ਦਾ ਆਧਾਰ ਗ੍ਰਿਹਸਤ ਹੈ; ਆਦਰਸ਼ ਗ੍ਰਿਹਸਤੀ ਜੀਵਨ ਦਾ ਸਤੰਭ ਹੈ ਕਿਰਤ, ਅਤੇ ਗ੍ਰਿਹਸਤ ਤੇ ਕਿਰਤ ਦੋਹਾਂ ਦੈਵੀ ਸਿਧਾਂਤਾਂ ਦੀ ਸੋਝੀ ਮਿਲਦੀ ਹੈ ਨਾਮ-ਸਿਮਰਨ/ਹੁਕਮ ਦੇ ਪਰਮ ਸਿਧਾਂਤ ਤੋਂ। ਗ਼ੈਰ-ਗ੍ਰਿਹਸਤੀ ਜੀਵਨ ਅਤੇ ਕਿਰਤ ਤੋਂ ਕੰਨੀਂ ਕਤਰਾਉਣਾਂ ਕਾਦਰ ਅਤੇ ਉਸ ਦੀ ਕੁਦਰਤ ਦੀ ਹੁਕਮ-ਅਦੂਲੀ ਹੈ। ਇਨ੍ਹਾਂ ਸਿਧਾਂਤਾਂ ਤੋਂ ਮੁੱਖ ਮੋੜਨ ਵਾਲੇ ਮਨਮੁੱਖ ਤੋਂ ਨਾ ਤਾਂ ਕਿਰਤ ਹੀ ਹੁੰਦੀ ਹੈ ਅਤੇ ਨਾ ਹੀ ਸਿਮਰਨ। ਪਰੰਤੂ, ਜੇ ਕੋਈ ਗ੍ਰਿਹਸਤ ਆਸ਼੍ਰਮ ਨੂੰ ਅਪਣਾਉਂਦਾ ਹੈ ਪਰ ਆਪਣੇ ਤੇ ਆਪਣੇ ਪਰਿਵਾਰ ਲਈ ਦੂਜਿਆਂ `ਤੇ ਬੋਝ ਬਣਦਾ ਹੈ ਉਹ ਮਹਾਂਪਾਪੀ ਛਲੀਆ ਹੈ। ਗ੍ਰਿਹਸਤ, ਕਿਰਤ ਅਤੇ ਨਾਮ-ਸਿਮਰਨ ਸਚਿਆਰ ਜੀਵਨ ਲਈ ਤਿੰਨੋਂ ਹੀ ਜ਼ਰੂਰੀ ਹਨ।

ਪਾਠਕ ਸਜਨੋਂ! ਆਓ ਹੁਣ, ਗੁਰਬਾਣੀ ਉੱਤੇ ਆਧਾਰਿਤ, ਉਪਰੋਕਤ ਚਰਚਾ ਦੀ ਰੌਸ਼ਣੀ ਵਿੱਚ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ! ਕੀ ਸਾਡੇ ਕਹਿੰਦੇ ਕਹਾਉਂਦੇ ਗੁਰ-ਸੇਵਕ, ਗੁਰੁ-ਘਰਾਂ ਦੇ ਰਖਵਾਲੇ, ਸ਼੍ਰੱਧਾਲੂਆਂ ਨੂੰ ਰਾਹੇ ਪਾਉਣ ਦਾ ਝੂਠਾ ਦਅਵਾ ਕਰਨ ਵਾਲੇ ਰਾਹਨੁਮਾ ਅਤੇ ਉਨ੍ਹਾਂ ਦੇ ਸਰਪਰਸਤ ਉੱਪਰ ਵਿਚਾਰੇ ਗੁਰ-ਹੁਕਮਾਂ ਦਾ ਸੁਹਿਰਦਤਾ ਨਾਲ ਪਾਲਣ ਕਰਕੇ ਗੁਰੁ (ਗ੍ਰੰਥ) ਨਾਲ ਵਫ਼ਾ ਕਰ ਰਹੇ ਹਨ ਜਾਂ ਫਿਰ ਪਾਖੰਡੀ ਹਨ ਤੇ ਗੁਰੁ-ਘਰਾਂ ਦੇ ਦ੍ਰੋਹੀ ਹਨ? ਇਸ ਸਵਾਲ ਦਾ ਸਿੱਧਾ ਸੰਖੇਪ ਉੱਤ੍ਰ ਹੈ ਕਿ ਉਹ ਪੰਥ-ਦਰਦੀ ਨਹੀਂ ਸਗੋਂ ਗੁਰੁ-ਪੰਥ-ਦ੍ਰੋਹੀ ਹਨ, ਪੰਥ-ਸੇਵਕ ਨਹੀਂ ਸਗੋਂ ਪੰਥ ਦੇ ਘਾਤਿਕ ਹਨ। ਗੁਰੁ-ਘਰਾਂ ਦੇ ਪੁਜਾਰੀਆਂ ਨੇ ਕਥਾ/ਕੀਰਤਨ, ਪਾਠ, ਪ੍ਰਚਾਰ, ਧਰਮ ਨਾਲ ਨੱਥੀਆਂ ਸੰਸਾਰਕ ਰਸਮਾਂ, ਦਿਨ-ਤਿਉਹਾਰ, ਪੁਰਬ, ਸ਼ਤਾਬਦੀਆਂ, ਪ੍ਰਕਾਸ਼ ਦਿਹਾੜੇ ਤੇ ਬਰਸੀਆਂ, ਮੱਸਿਆ ਸੰਕ੍ਰਾਂਤਿ ਥਿੱਤ-ਵਾਰ ਮਹੀਨੇ, ਅਤੇ ਜੀਵਨ ਦੇ ਹਰ ਕਦਮ `ਤੇ ਭਾਈਆਂ ਤੋਂ ਕਰਾਈ ਜਾਣ ਵਾਲੀ ਅਰਦਾਸ ਦੀ ਰੀਤੀ, ਸਤਿਗੁਰੁ ਦੀ ਪਾਵਨ ਹਜ਼ੂਰੀ ਵਿੱਚ ਸਿਰੋਪੇਆਂ ਨਾਲ ਕੀਤਾ/ਕਰਾਇਆ ਜਾਂਦਾ ਝੂਠਿਆਂ ਦਾ ਸੰਸਾਰਕ ਸਨਮਾਨ ਆਦਿਕ ਅਨੇਕ ਪੈਂਤ੍ਰੇ ਤੇ ਮੌਕੇ ਬਣਾ ਰੱਖੇ ਹਨ ਜਿਨ੍ਹਾਂ ਨੂੰ ਧਰਮ ਨਾਲ ਜੋੜ ਕੇ ਉਹ ਗੁਰੁ ਘਰ ਦੇ ਅਗਿਆਨ ਸੇਵਕਾਂ ਦੀ ਕਮਾਈ ਬਟੋਰੀ ਜਾ ਰਹੇ ਹਨ। ਕਥਾ-ਕੀਰਤਨ, ਪਾਠ, ਪ੍ਰਚਾਰ ਤੇ ਅਰਦਾਸਾਂ ਆਦਿ ਨੂੰ ਵੇਚਣ ਵਾਲੇ ਗੁਰ-ਸੇਵਕ ਹਨ ਕਿ ਧਾਨਕ-ਰੂਪ ਠੱਗ? ਪਾਠਕ ਆਪ ਫ਼ੈਸਲਾ ਕਰ ਲੈਣ!

ਪੁਜਾਰੀ-ਵਰਗ ਤੇ ਇਨ੍ਹਾਂ ਦੇ ਸਮਰਥਕਾਂ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਹੈ ਕਿ, “ਗੁਰੁ-ਘਰ ਦੇ ‘ਸੇਵਕਾਂ’ ਨੇ ਵੀ ਤਾਂ ਬੱਚੇ/ਪਰਿਵਾਰ ਪਾਲਣੇ ਹਨ, ਇਨ੍ਹਾਂ ਦੀਆਂ ਵੀ ਤਾਂ ਲੋੜਾਂ ਹਨ, ਉਹ ਕਿਵੇਂ ਪੂਰੀਆਂ ਕਰਨ ਆਦਿ” ? ਇਹ ਬੜੀ ਥੋਥੀ ਜਿਹੀ ਦਲੀਲ ਹੈ। ਜੇ ਇਨ੍ਹਾਂ ‘ਸ਼ਿਆਣਿਆਂ’ ਨੂੰ ਗੁਰਬਾਣੀ ਤੇ ਗੁਰਬਾਣੀ ਰਚਯਤਿਆਂ ਦੇ ਜੀਵਨ ਦੀ ਰੱਤੀ ਭਰ ਵੀ ਸੋਝੀ ਹੋਵੇ ਤਾਂ ਉਹ ਅਜਿਹਾ ਬੇਹੂਦਾ ਤਰਕ-ਰਹਿਤ ਸਵਾਲ ਨਾ ਕਰਨ। ਇਸ ਮਨਮੁੱਖੀ ਪ੍ਰਸ਼ਨ ਦਾ ਪਹਿਲਾ ਜਵਾਬ ਇਹ ਹੈ ਕਿ ਮਹਾਂਪੁਰਖ ਦੀ ਕਥਨੀ ਤੇ ਕਰਨੀ ਵਿੱਚ ਭੇਦ ਨਹੀਂ ਹੁੰਦਾ, ਜੋ ਸਿੱਖਿਆ ਉਹ ਦੂਸਰਿਆਂ ਨੂੰ ਦਿੰਦੇ ਹਨ ਉਸ `ਤੇ ਪਹਿਲਾਂ ਆਪ ਅਮਲ ਕਰਦੇ ਹਨ। ਗੁਰੁ ਨਾਨਕ ਦੇਵ ਜੀ ਵਰਗੇ ਰੂਹਾਨੀ ਜਗਤ-ਗੁਰੂ ਨੂੰ ਮੱਝਾਂ ਚਾਰਨ, ਮੋਦੀ-ਖ਼ਾਨੇ ਦੀ ਨੌਕਰੀ ਕਰਨ ਅਤੇ, ਆਪਣੀ ਉਮਰ ਦੇ ਅੰਤਲੇ ਦੋ ਦਹਾਕੇ ਖੇਤੀ ਦੀ ‘ਦਸ ਨਖ ਕੀ ਕਾਰ’ ਕਰਨ ਦੀ ਕੀ ਜ਼ਰੂਰਤ ਸੀ! ਕਬੀਰ ਜੀ ਨੇ ਬਾਣੀ ਰਚਨ ਤੇ ਸਤਿ-ਸੰਗ ਕਰਨ ਦੇ ਨਾਲ ਨਾਲ ਆਪਣੀ ਜੁਲਾਹੇ ਦੀ ਕਿਰਤ ਵੀ ਜਾਰੀ ਰੱਖੀ। ਇਸੇ ਤਰ੍ਹਾਂ ਰਵਿਦਾਸ ਜੀ (ਚਮਾਰ ਦੀ ਕਿਰਤ), ਨਾਮਦੇਵ ਜੀ (ਛੀਂਬੇ ਦਾ ਕਿੱਤਾ), ਸੈਣ ਜੀ (ਹਜਾਮ ਦਾ ਪੇਸ਼ਾ), ਸਧਨਾਂ ਜੀ (ਕਸਾਈ ਦੀ ਕਾਰ) ਤੇ ਧੰਨਾਂ ਜੀ (ਖੇਤੀ) ਆਦਿ ਵੀ ਕਿਰਤੀ ਸਨ ਤੇ ਕਿਰਤ ਦੀ ਕਦਰ ਕਰਦੇ ਸਨ; ਅਤੇ ਉਹ ਗੁਰਮੱਤਿ-ਪ੍ਰਚਾਰ ਦੇ ਬਹਾਨੇ ਆਪਣਾ ਪਿਤਾ-ਪੁਰਖੀ ਕਿੱਤਾ ਛੱਡ ਕੇ ਨਹੀਂ ਸਨ ਬੈਠ ਗਏ! ! ਨਾਂ ਹੀ ਬਾਣੀਕਾਰਾਂ ਨੇ ਆਪਣੀ ਅਨਮੋਲ ਬਾਣੀ ਦਾ ਮੁੱਲ ਹੀ ਵਸੂਲ ਕੀਤਾ ਸੀ!

ਇੱਕ ਹੋਰ ਯੁਕਤਿ ਸੁਣਨ ਵਿੱਚ ਆਈ ਹੈ, ਜਿਸ ਨੂੰ ਸੁਣ ਕੇ ਸਮਝ ਨਹੀਂ ਆ ਰਹੀ ਕਿ ਇਨ੍ਹਾਂ ਲੋਕਾਂ ਦੀ ਸ਼ਿਆਣਪ `ਤੇ ਹੱਸੀਏ ਜਾਂ ਰੋਈਏ! ! ਉਹ ਦਲੀਲ ਇਹ ਹੈ ਕਿ ਗੁਰਬਾਣੀ ਵਿਚ, ਧਰਮ ਦੇ ਨਾਂ `ਤੇ ਹੁੰਦੀ ਲੁੱਟ ਤੇ ਕਿਰਤ-ਕਮਾਈ ਨਾਲ ਸੰਬੰਧਿਤ ਜਿਤਨੇ ਵੀ ਸ਼ਬਦ/ਤੁਕਾਂ ਹਨ ਉਹ ਪੰਡਿਤਾਂ/ਪੁਰੋਹਿਤਾਂ/ਬ੍ਰਾਹਮਨਾਂ, ਮੌਲਵੀਆਂ, ਨਾਥਾਂ, ਜੋਗੀਆਂ ਤੇ ਜੈਨੀਆਂ ਆਦਿ ਵਾਸਤੇ ਹਨ, ਪਰੰਤੂ ਗੁਰੂਦਵਾਰਿਆਂ ਦੇ ਪੁਜਾਰੀ-ਵਰਗ ਲਈ ਤਾਂ ਕੋਈ ਹੁਕਮ ਹੈ ਹੀ ਨਹੀਂ! ! ! ਸੋ, ਇਸ ਵਰਗ ਦੇ ਪੁਜਾਰੀ ਉਪਰੋਕਤ ਗੁਰ-ਹੁਕਮਾਂ ਤੋਂ ਮੁਕਤ (exempt) ਸਮਝੇ ਜਾਣੇ ਚਾਹੀਦੇ ਹਨ! ! ! ਇਸੇ ਕਪਟੀ ਸੋਚ ਦੀ ਆੜ ਵਿੱਚ ਗੁਰੁ-ਘਰਾਂ ਦੇ ਇਹ ਠਗਵਾੜੇ ਦੇਸ-ਬਿਦੇਸ ਸ਼੍ਰੱਧਾਲੂਆਂ ਨੂੰ ਨਿਸੰਗ ਹੋ ਕੇ ਨਿਰਦਯਤਾ ਨਾਲ ਠੱਗਦੇ ਫ਼ਿਰਦੇ ਹਨ।

ਅੰਤ ਵਿੱਚ, ਉਨ੍ਹਾਂ ਵਡੇਰੇ, ਉੱਚੇ ਦਰਜੇ ਦੇ ਕੰਮ-ਚੋਰ ਠੱਗਾਂ ਵੱਲ ਇਸ਼ਾਰਾ ਕਰਨਾਂ ਵੀ ਉੱਚਿਤ ਹੋਵੇਗਾ ਜਿਨ੍ਹਾਂ ਦੀ ਛੱਤ੍ਰ-ਛਾਇਆ ਹੇਠ ਇਨ੍ਹਾਂ ਪੁਜਾਰੀਆਂ ਨੇ ਧਰਮ ਦੇ ਨਾਮ `ਤੇ ਮਾਇਆ ਦਾ ਅਧਾਰਮਿਕ ਧੰਦਾ ਚਲਾਇਆ ਹੋਇਆ ਹੈ। ਇਹ ਹਨ ਹਉਮੈ-ਮਾਰੇ ਸੱਤਾਧਾਰੀ ਸਿਆਸਤਦਾਨ, ਪੂਜਾ ਦੇ ਧਾਨ `ਤੇ ਅਯਾਸ਼ ਜੀਵਨ ਜੀਅ ਰਹੇ ਧਰਮ-ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਤੇ ਹੋਰ ਅਧਿਕਾਰੀ, ਜਥੇਦਾਰ ਵਗ਼ੈਰਾ ਅਤੇ, ਚਾਪਲੂਸੀ ਕਰਕੇ ਮੌਜਾਂ ਮਾਨਣ ਵਾਲੇ ਇਨ੍ਹਾਂ ਦੇ ਖ਼ੁਸ਼ਾਮਦੀ ਪਿਛਲੱਗ। ਪੁਜਾਰੀਆਂ ਅਤੇ ਉਨ੍ਹਾਂ ਦੀ ਸਰਪਰਸਤੀ ਤੇ ਸਮਰਥਨ ਕਰਨ ਵਾਲੇ ਇਨ੍ਹਾਂ ਲੋਕਾਂ ਬਾਰੇ ਗੁਰੁ-ਹੁਕਮ ਹੈ:

“ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ॥” ਮ: ੫

ਗੁਰਇੰਦਰ ਸਿੰਘ ਪਾਲ




.