.

ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 25)

ਗੁਰੂ ਸਾਹਿਬਾਨ ਮਨੁੱਖਤਾ ਨੂੰ ਹਰੇਕ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਕਰਕੇ ਜੀਵਨ-ਮੁਕਤ ਕਰਨ ਦੇ ਚਾਹਵਾਨ ਸਨ। ਇਸ ਲਈ ਗੁਰੂ ਸਾਹਿਬ ਨੇ ਹਰੇਕ ਉਸ ਬੰਧਨ ਦੇ ਹਰੇਕ ਪਹਿਲੂ ਦਾ ਵਰਣਨ ਕੀਤਾ ਹੈ ਜੋ ਮਨੁੱਖ ਦੀ ਸੁਤੰਤਰਤਾ ਵਿੱਚ ਰੁਕਾਵਟ ਬਣ ਕੇ, ਇਸ ਦੇ ਆਤਮਕ ਵਿਕਾਸ ਵਿੱਚ ਵਿਘਣਕਾਰੀ ਸੀ। ਮਨੁੱਖਤਾ ਦੇ ਸੱਚੇ ਹਿਤੈਸ਼ੀਆਂ ਦੀਆਂ ਨਜ਼ਰਾਂ `ਚੋਂ, ਜਨ-ਸਾਧਾਰਨ ਨੂੰ ਵਹਿਮਾਂ-ਭਰਮਾਂ ਦੀ ਦਲਦਲ ਵਿੱਚ ਧਕੇਲ ਕੇ, ਇਸ ਦਾ ਸੋਸ਼ਣ ਕਰਨ ਵਾਲੀ, ਪਰੋਹਤ ਜਮਾਤ ਕਿਵੇਂ ਬਚ ਸਕਦੀ ਸੀ। ਆਪ ਨੇ ਮਨੁੱਖ ਨੂੰ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਵਾ ਦਿੱਤੀ ਕਿ ਆਤਮਕ ਵਿਕਾਸ ਲਈ ਇਸ ਜਮਾਤ ਦੀ ਵਿਚੋਲਗੀ ਦੀ ਜ਼ਰੂਰਤ ਨਹੀਂ। ਗੁਰਦੇਵ ਨੇ ਮਨੁੱਖਤਾ ਦਾ ਇਸ ਜਮਾਤ ਤੋਂ ਹਮੇਸ਼ਾਂ ਲਈ ਖਹਿੜਾ ਛੁਡਾਉਣ ਲਈ, ਇਸ ਦੇ ਹਰੇਕ ਗੜ੍ਹ ਨੂੰ ਢਹਿ ਢੇਰੀ ਕਰ ਦਿੱਤਾ। ਸਿੱਟੇ ਵਜੋਂ ਗੁਰਮਤਿ ਮਾਰਗ ਦੇ ਰਾਹੀ ਇਸ ਜਮਾਤ ਦੀ ਵਿਚੋਲਗੀ ਤੋਂ ਅਤੇ ਇਸ ਦੇ ਦੱਸੇ ਹੋਏ ਕਰਮ-ਕਾਂਡੀ ਮਾਰਗ ਦਾ ਪੂਰਨ ਰੂਪ ਵਿੱਚ ਤਿਆਗ ਕਰਨ ਵਿੱਚ ਕਾਮਯਾਬ ਹੋ ਗਏ।
ਪਰੰਤੂ ਗੁਰੂ ਕਾਲ ਤੋਂ ਬਾਅਦ ਛੇਤੀ ਹੀ ਇਸ ਜਮਾਤ ਨੇ ਫਿਰ ਆਪਣਾ ਮੁਖੜਾ ਕਈ ਰੂਪਾਂ ਵਿੱਚ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਜਮਾਤ ਨੇ ਗੁਰਮਤਿ ਦੇ ਪਰਚਾਰ ਦੀ ਆੜ ਵਿੱਚ ਉਹੀ ਕੁੱਝ ਪਰਚਾਰਨਾ ਸ਼ੁਰੂ ਕਰ ਦਿੱਤਾ, ਜਿਸ ਵਿਚੋਂ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਬਾਹਰ ਕੱਢਿਆ ਸੀ। ਖ਼ਾਲਸਾ ਪੰਥ ਇਸ ਸ਼੍ਰੇਣੀ ਵਲੋਂ ਗੁਰਮਤਿ ਦੀਆਂ ਕਦਰਾਂ-ਕੀਮਤਾਂ ਵਿੱਚ ਖੋਟ ਰਲਾਉਣ ਦੇ ਕਾਰਜ ਨੂੰ ਸਿੱਖੀ ਦੀ ਵਡਮੁੱਲੀ ਸੇਵਾ ਸਮਝਣ ਲੱਗ ਪਿਆ। ਸਿੱਖ ਪੰਥ ਨੂੰ ਇਹ ਅਜਿਹਾ ਭੁਲੇਖਾ ਪਿਆ ਕਿ ਅੱਜ ਤੱਕ ਇਸ ਸ਼੍ਰੇਣੀ ਦੀਆਂ ਕੋਝੀਆਂ ਸਾਜ਼ਸਾਂ ਨੂੰ ਗੁਰਮਤਿ ਦੀ ਵਡਮੁੱਲੀ ਸੇਵਾ ਸਮਝ ਕੇ ਇਸ ਸ਼੍ਰੇਣੀ ਨੂੰ ਭਾਰੀ ਸਨਮਾਨ ਦੇ ਰਿਹਾ ਹੈ। ਖ਼ਾਲਸਾ ਪੰਥ ਵਲੋਂ ਮਿਲ ਰਹੇ ਇਸ ਆਦਰ-ਮਾਣ ਸਦਕਾ ਹੀ ਗੁਰਮਤਿ ਦੇ ਸੁਨਹਿਰੀ ਸਿਧਾਂਤਾਂ ਨਾਲ ਖਿਲਵਾੜ ਕਰਨ ਲਈ ਇਸ ਸ਼੍ਰੇਣੀ ਦਾ ਹੌਸਲਾ ਦਿਨ-ਪ੍ਰਤਿਦਿਨ ਵਧਦਾ ਹੀ ਜਾ ਰਿਹਾ ਹੈ। ਇਸ ਸ਼੍ਰੇਣੀ ਵਲੋਂ ਇਸ ਲਈ ਹੀ ਆਏ ਦਿਨ ਕੋਈ ਨਾ ਕੋਈ ਨਵਾਂ ਮਨਮਤੀ ਛੋਛਾ ਛੱਡ ਦਿੱਤਾ ਜਾਂਦਾ ਹੈ। ਸਿੱਖ ਸੰਗਤਾਂ ਇਨ੍ਹਾਂ ਦੀਆਂ ਚਾਲਾਂ ਤੋਂ ਸੁਚੇਤ ਹੋ ਕੇ ਇਨ੍ਹਾਂ ਤੋਂ ਖਹਿੜਾ ਛੁਡਾਉਣ ਦੀ ਥਾਂ ਇਨ੍ਹਾਂ ਦੀ ਹਰੇਕ ਗੁਰਮਤਿ ਵਿਰੋਧੀ ਗੱਲ ਨੂੰ ਵੀ ਨਿਰੋਲ ਗੁਰਮਤਿ ਸਮਝ ਕੇ ਅਪਣਾ ਰਹੀਆਂ ਹਨ। ਖ਼ਾਲਸਾ ਪੰਥ ਇਸ ਸ਼੍ਰੇਣੀ ਉੱਤੇ ਇਤਨਾ ਭਰੋਸਾ ਕਰ ਬੈਠਾ ਕਿ ਇਸ ਦੇ ਗੁਰਬਾਣੀ ਦੇ ਵਿਰੁੱਧ ਬੋਲਾਂ/ਲਿਖਤਾਂ ਨੂੰ ਗੁਰਬਾਣੀ ਨਾਲੋਂ ਵੀ ਵਧੇਰੇ ਮਹਤੱਵ ਦੇਣ ਲੱਗ ਪਿਆ ਹੈ।
ਇਸ ਭਰੋਸੇ ਦਾ ਹੀ ਨਤੀਜਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ ਵੀ, ਇਨ੍ਹਾਂ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਮੰਨਣ ਦੀ ਬਜਾਏ, ਇਸ ਸ਼੍ਰੇਣੀ ਵਲੋਂ ਪਰਚਾਰੀ ਜਾ ਰਹੀ ਵਿਚਾਰਧਾਰਾ ਨੂੰ ਵਧੇਰੇ ਸਵੀਕਾਰ ਕੀਤਾ ਹੋਇਆ ਹੈ। ਇਸ ਸ਼੍ਰੇਣੀ ਦੀ ਅਜਿਹੇ ਪਰਚਾਰ ਦੀ ਬਦੌਲਤ ਹੀ ਸਿੱਖ ਸੰਗਤਾਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਅਤੇ ਵਿਚਾਰ ਕਰਕੇ ਇਸ ਵਿਚਲੀ ਜੀਵਨ-ਜੁਗਤ ਨੂੰ ਅਪਣਾਉਣ ਦੀ ਥਾਂ ਗੁਰਬਾਣੀ ਦੇ ਕੇਵਲ ਗਿਣਤੀ ਦੇ ਪਾਠ ਕਰਨ/ਕਰਾਉਣ ਤੱਕ ਹੀ ਸੀਮਤ ਹੋ ਗਈਆਂ ਹਨ। ਗੁਰਬਾਣੀ ਨੂੰ ਪੜ੍ਹਣ ਸੁਨਣ ਅਤੇ ਵਿਚਾਰਨ ਦਾ ਜੋ ਮਹਾਤਮ ਬਾਣੀ ਵਿੱਚ ਦਰਸਾਇਆ ਹੈ, ਉਸ ਨੂੰ ਸਵੀਕਾਰ ਕਰਨ ਦੀ ਥਾਂ, ਇਸ ਸ਼੍ਰੇਣੀ ਵਲੋਂ ਦਰਸਾਈਆਂ ਹੋਈਆਂ ਤਾਂਤ੍ਰਿਕ ਵਿਧੀਆਂ ਨਾਲ ਬਾਣੀ ਨੂੰ ਪੜ੍ਹਣ/ਪੜ੍ਹਾਉਣ ਦਾ ਮਹਾਤਮ ਹੀ ਸਵੀਕਾਰ ਕਰ ਲਿਆ ਹੈ। ਇਸ ਨੂੰ ਕੀ ਆਖਿਆ ਜਾਵੇ, ਸਾਡੀ ਗੁਰਮਤਿ ਦੇ ਸਿਧਾਤਾਂ ਪ੍ਰਤੀ ਅਣਗਹਿਲੀ, ਅਗਿਆਨਤਾ ਜਾਂ ਮੂਰਖਤਾ!
ਇਸ ਸ਼੍ਰੇਣੀ ਦੀ ਰਹਿਨੁਮਾਈ ਕਰਨ ਵਾਲਿਆਂ ਵਿੱਚ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦਾ ਲੇਖਕ ਵੀ ਸ਼ਾਮਲ ਹੈ। ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਦਾ ਵੱਖ ਵੱਖ ਮਹਾਤਮ ਦਰਸਾਉਣ ਦੀ ਪਹਿਲ ਕਦਮੀ ਇਸੇ ਲੇਖਕ ਵਲੋਂ ਹੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੁੱਝ ਵਿਸ਼ੇਸ਼ ਬਾਣੀਆਂ ਦੇ ਮਹਾਤਮ ਦੀ ਗੱਲ ਤਾਂ ਕੁੱਝ ਲੇਖਕਾਂ ਵਲੋਂ ਕੀਤੀ ਗਈ ਹੈ ਪਰੰਤੂ ਇਕੱਲੇ ਇਕੱਲੇ ਸ਼ਬਦ ਦਾ ਨਹੀਂ। ਇਸ ਤੋਂ ਇਲਾਵਾ ਇਸ ਪੁਸਕਤ ਦੇ ਕਰਤਾ ਵਲੋਂ ਜਿਸ ਤਰ੍ਹਾਂ ਨਾਲ ਤਾਂਤ੍ਰਿਕ ਵਿਧੀਆਂ ਨਾਲ ਕਿਸੇ ਸ਼ਬਦ ਦੇ ਗਿਣਤੀ ਦੇ ਪਾਠਾਂ ਦੀ ਗੱਲ ਕੀਤੀ ਗਈ ਹੈ, ਉਸ ਤਰ੍ਹਾਂ ਪਹਿਲਾਂ ਕਿਸੇ ਲੇਖਕ ਨੇ ਨਹੀਂ ਕੀਤੀ। ਲੇਖਕ ਵਲੋਂ ਜਪੁਜੀ ਦੀ ਚੌਬਵੀਂ ਪਉੜੀ ਦੇ ਦਰਸਾਏ ਹੋਏ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਅੰਤੁ ਨ ਸਿਫਤੀ ਕਹਣਿ ਨ ਅੰਤੁ॥ ਅੰਤੁ ਨ ਕਰਣੈ ਦੇਣਿ ਨ ਅੰਤੁ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ॥ ਅੰਤੁ ਨ ਜਾਪੈ ਕਿਆ ਮਨਿ ਮੰਤੁ॥ ਅਰਥ:- (ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ। (ਗਿਣੇ ਨਹੀਂ ਜਾ ਸਕਦੇ)। ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ। ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ ਹੈ-ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।
ਅੰਤੁ ਨ ਜਾਪੈ ਕੀਤਾ ਆਕਾਰੁ॥ ਅੰਤੁ ਨ ਜਾਪੈ ਪਾਰਾਵਾਰੁ॥ ਅਰਥ:- ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਅਖ਼ੀਰ, ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ।
ਅੰਤ ਕਾਰਣਿ ਕੇਤੇ ਬਿਲਲਾਹਿ॥ ਤਾ ਕੇ ਅੰਤ ਨ ਪਾਏ ਜਾਹਿ॥ ਅਰਥ:- ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ, ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ।
ਏਹੁ ਅੰਤੁ ਨ ਜਾਣੈ ਕੋਇ॥ ਬਹੁਤਾ ਕਹੀਐ ਬਹੁਤਾ ਹੋਇ॥ ਅਰਥ:- (ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ। ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।
ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਅਰਥ:- ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ। ਉਸ ਦਾ ਨਾਮਣਾ ਭੀ ਉੱਚਾ ਹੈ। ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ, ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ)।
ਜੇਵਡੁ ਆਪਿ ਜਾਣੈ ਆਪਿ ਆਪਿ॥ ਨਾਨਕ ਨਦਰੀ ਕਰਮੀ ਦਾਤਿ॥ ੨੪॥ ਅਰਥ:- ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ। ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ। ੨੪।
ਭਾਵ:- ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ ਬੇਅੰਤ ਹੈ। ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ। ਜਗਤ ਵਿੱਚ ਨਾਹ ਕੋਈ ਉਸ ਪ੍ਰਭੂ ਜੇਡਾ ਵੱਡਾ ਹੈ, ਤੇ ਨਾਹ ਕੋਈ ਇਹ ਦੱਸ ਸਕਦਾ ਹੈ ਕਿ ਪ੍ਰਭੂ ਕਿਤਨਾ ਵੱਡਾ ਹੈ। ੨੪।
ਪਰੰਤੂ ‘ਅਖੌਤੀ ਸ਼ਰਧਾ ਪੂਰਨ ਗ੍ਰੰਥ’ ਦਾ ਲੇਖਕ ਇਸ ਪਉੜੀ ਵਿੱਚ ਦੱਸੀ ਹੋਈ ਸਚਾਈ ਵਲ ਸੰਕੇਤ ਕਰਨ ਦੀ ਬਜਾਏ, ਇਸ ਦੇ ਕੇਵਲ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਹੀ ਮਹਾਤਮ ਇਉਂ ਲਿਖਦਾ ਹੈ, “ਇਸ ਪਉੜੀ ਦਾ ਮੰਗਲਵਾਰ ਤੋਂ ਲੈਕੇ ਸੱਠ ਦਿਨਾਂ ਵਿੱਚ ਪ੍ਰਾਤਾਕਾਲ ਬੈਠਕੇ ਤੀਹ ਹਜ਼ਾਰ ਕਰਨਾ। ਪਾਠ ਕਰਕੇ ਜਿਸ ਨੂੰ ਫੂਕ ਮਾਰੇ ਉਸ ਦੀ ਅੱਧੇ ਸਿਰ ਦੀ ਅਤੇ ਦਾੜ ਦੀ ਪੀੜ ਹਟੇ।”
ਨੋਟ: ਅੱਧੇ ਸਿਰ ਦੇ ਦਰਦ ਨੂੰ ਅੱਧ-ਸਿਰ ਪੀੜ ਕਹਿੰਦੇ ਹਨ. . ਇਸ ਦੇ ਰੋਗੀ ਅਕਸਰ ਬਹੁਤਾ ਸੋਚਣ ਵਾਲੇ ਤੇ ਜਜ਼ਬਾਤੀ ਹੁੰਦੇ ਹਨ. . ਕਿਆਸ ਹੈ, ਇਸ ਦੇ ਦੌਰੇ ਵੇਲੇ ਦਿਮਾਗ਼ ਦੀਆਂ ਲਹੂ-ਨਾਲੀਆਂ ਇੱਕ ਦਮ ਘੁਟੀਆਂ ਜਾਂਦੀਆਂ ਹਨ ਅਤੇ ਫਿਰ ਫੈਲ ਜਾਂਦੀਆਂ ਹਨ। ਚਿੰਤਾ, ਉਦਾਸੀ, ਥਕੇਵੇਂ, ਬਦਹਜ਼ਮੀ ਤੋਂ ਦੌਰਾ ਸ਼ੁਰੂ ਹੁੰਦਾ ਹੈ। … ਮੱਥੇ ਦੀ ਹੱਡੀ ਹਵਾ-ਪੋਲ ਵਿੱਚ ਪਈ ਸੋਜ ਵੀ ਅੱਧਾ-ਸਿਰ ਦਰਦ ਪੈਦਾ ਕਰਦੀ ਹੈ. . ਨੱਕ ਦੀ ਸੋਜ ਵਧਦੀ ਵਧਦੀ ਕਦੇ ਇਸ ਪੋਲ ਵਿੱਚ ਜਾ ਪੁਜਦੀ ਹੈ, ਜਿਸ ਨਾਲ ਇਸ ਦੇ ਭਾਰ ਨਾਲ ਸਵੇਰੇ ਉੱਠਦਿਆਂ ਹੀ ਸਿਰ ਪੀੜ ਹੋਣ ਲਗ ਪੈਂਦੀ ਹੈ। ਦਿਨ ਵੇਲੇ ਸਿਰ ਸਿੱਧਾ ਹੋਣ ਨਾਲ, ਪੋਲ ਵਿਚਲਾ ਰੇਸ਼ਾ ਹੌਲੀ ਹੌਲੀ ਨੱਕ ਵਲ ਉਤਰ ਆਉਂਦਾ ਹੈ ਤੇ ਜਿਉਂ ਜਿਉਂ ਦਿਨ ਚੜ੍ਹਦਾ ਹੈ ਸਿਰ ਦਰਦ ਘਟਦਾ ਹੈ। ਦੁਪਹਿਰ ਤਕ ਇਹ ਉੱਕਾ ਹੀ ਹਟ ਜਾਂਦਾ ਹੈ। (ਪੰਜਾਬੀ ਵਿਸ਼ਵ ਕੋਸ਼)
ਹਰੇਕ ਮਨੁੱਖ ਦੇ ਜੀਵਨ ਵਿੱਚ ਕੋਈ ਨਾ ਸਮੱਸਿਆ ਹੁੰਦੀ ਹੈ, ਜਿਸ ਦਾ ਮਨੁੱਖ ਨੂੰ ਸਾਹਮਣਾ ਕਰਨਾ ਪੈਂਦਾ ਹੈ। ਇਹ ਠੀਕ ਹੈ ਕਿਸੇ ਦੇ ਜੀਵਨ ਵਿੱਚ ਜ਼ਿਆਦਾ ਸਮਸਿੱਆਵਾਂ ਹੁੰਦੀਆਂ ਹਨ ਅਤੇ ਕਿਸੇ ਦੇ ਜੀਵਨ ਵਿੱਚ ਘੱਟ, ਪਰ ਹੁੰਦੀਆਂ ਸਭ ਦੇ ਜੀਵਨ ਵਿੱਚ ਹਨ। ਇਹ ਵੀ ਠੀਕ ਹੈ ਕਿ ਸਾਰਿਆਂ ਦੀਆਂ ਸਮਸਿੱਆਵਾਂ ਇਕੋ ਜਿਹੀਆਂ ਨਹੀਂ ਹੁੰਦੀਆਂ। ਇਨ੍ਹਾਂ ਸਮਸਿੱਆਵਾਂ ਨੂੰ ਪੂਰਬਲੇ ਜਨਮ ਨਾਲ ਸਬੰਧਤ ਕਰਕੇ ਦੇਖਣ ਵਾਲਿਆਂ ਨੇ ਇਨ੍ਹਾਂ ਨੂੰ ਮਨੁੱਖ ਦੇ ਆਪਣੇ ਹੀ ਕਿਸੇ (ਇਸ ਜਨਮ ਦੇ ਨਹੀਂ ਪੂਰਬਲੇ ਜਨਮ ਦੇ) ਖੋਟੇ ਕਰਮ ਦਾ ਸਿੱਟਾ ਮੰਨਿਆ ਹੈ। ਗੁਰੂ ਸਾਹਿਬਾਨ ਨੇ ਮਨੁੱਖਤਾ ਅੰਦਰ ਆਪਾ ਵਾਰਨ ਵਾਲਾ ਜਜ਼ਬਾ ਪੈਦਾ ਕਰਕੇ ਮਨੁੱਖ ਨੂੰ ਇਸ ਧਾਰਨਾ ਤੋਂ ਉਪਰ ਉਠਾਇਆ ਹੈ। ਪਰ ਪਰੋਹਤ ਜਮਾਤ ਨੇ ਗੁਰਮਤਿ ਦੇ ਇਸ ਪੱਖ ਨੂੰ ਵੀ ਅਜਿਹੇ ਰੰਗ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸੱਚ ਦੇ ਮਾਰਗ ਉੱਤੇ ਚਲਣ ਵਾਲਿਆਂ ਦੇ ਰਸਤੇ ਵਿੱਚ ਕੂੜ ਦੇ ਪੂਜਾਰੀਆਂ ਵਲੋਂ ਖੜੀਆਂ ਕੀਤੀਆਂ ਰੁਕਾਵਟਾਂ ਨੂੰ ਵੀ ਖੋਟੇ ਕਰਮਾਂ ਦੀ ਸਜ਼ਾ ਦੇ ਰੂਪ ਵਿੱਚ ਦੇਖਿਆ ਜਾਣ ਲਗ ਪਿਆ। ਇਸ ਤਰਾਂ ਦੀ ਧਾਰਨਾ ਰੱਖਣ ਵਾਲਿਆਂ ਨੇ ਮਹਾਨ ਸ਼ਹੀਦਾਂ ਨੂੰ ਵੀ ਨਹੀਂ ਬਖ਼ਸਿਆ, ਉਨ੍ਹਾਂ ਨੂੰ ਵੀ ਪਿਛਲੇ ਕਰਮ ਦੀ ਸਜ਼ਾ ਦੇ ਰੂਪ ਵਿੱਚ ਹੀ ਦਰਸਾਉਣ ਦੀ ਕੁਚੇਸ਼ਟਾ ਕੀਤੀ ਹੈ। ਉਦਾਹਰਣ ਵਜੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਬਾਰੇ ਇਹ ਪਰਚਾਰਿਆ ਗਿਆ ਕਿ ਭਾਈ ਸਾਹਿਬ ਨੂੰ ਆਪਣਾ ਬੰਦ ਬੰਦ ਪੰਥ ਵਲੋਂ ਮਿਲੇ ਸਰਾਪ ਕਾਰਨ ਹੀ ਕਟਵਾਨਾ ਪਿਆ ਸੀ।
ਜਿੱਥੋਂ ਤੱਕ ਸਰੀਰਕ ਰੋਗ ਲਗਣ ਦੀ ਗੱਲ ਹੈ ਇਹ ਕਿਸੇ ਨੂੰ ਵੀ ਲੱਗ ਸਕਦੇ ਅਥਵਾ ਲੱਗ ਜਾਂਦੇ ਹਨ: ਗੁਰਮੁਖ ਨੂੰ ਵੀ ਅਤੇ ਮਨਮੁਖ ਨੂੰ ਵੀ। ਜੇਕਰ ਕੋਈ ਧਰਮੀ ਮਨੁੱਖ ਸਰੀਰਕ ਰੋਗ ਨਾਲ ਪੀੜਤ ਹੈ ਤਾਂ ਇਸ ਦਾ ਹਰਗ਼ਿਜ਼ ਇਹ ਭਾਵ ਨਹੀਂ ਹੈ ਕਿ ਉਹ ਸੱਚਾ ਧਰਮੀ ਨਹੀਂ ਹੈ। ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਸਰੀਰਕ ਅਰੋਗਤਾ ਹੀ ਧਰਮੀ ਮਨੁੱਖ ਦਾ ਲੱਛਣ ਨਹੀਂ ਹੈ। ਪਰੰਤੂ ਗੁਰਬਾਣੀ ਨੂੰ ਤਾਂਤ੍ਰਿਕ ਵਿਧੀਆਂ ਨਾਲ ਪੜ੍ਹਣ ਦਾ ਮਹਾਤਮ ਦਰਸਾਉਣ ਵਾਲਿਆਂ ਦਾ ਇਸ ਸਬੰਧੀ ਆਪਣਾ ਹੀ ਦ੍ਰਿਸ਼ਟੀਕੋਣ ਹੈ। ਇਸ ਸਬੰਧ ਵਿੱਚ ਇੱਕ ਅਜਿਹੀ ਹੀ ਸ਼੍ਰੇਣੀ ਨਾਲ ਸਬੰਧਤ ਸੱਜਣ ਲਿਖਦੇ ਹਨ, “ਇਕ ਪ੍ਰਚਲਤ ਵਿਚਾਰ ਇਹ ਹੈ ਕਿ ਚੂੰਕਿ ਬਹੁਤ ਸਾਰੇ ਸੰਤ ਜਾਂ ਮਹਾਂਪੁਰਖ ਵੀ ਰੋਗੀ ਰਹੇ ਹਨ ਜਾਂ ਮਰੇ ਹਨ, ਮੇਰੇ ਰੋਗ ਕਿਸ ਤਰ੍ਹਾਂ ਕੱਟੇ ਜਾਣਗੇ? ਸਨਿਮਰ ਬੇਨਤੀ ਹੈ ਕਿ ਗੁਰਬਾਣੀ ਦੇ ਮੁਤਾਬਕ ਸਾਧੂ ਦੀ ਕੇਵਲ ਸੰਗਤ ਨਾਲ ਹੀ ਸਾਰੇ ਰੋਗ ਮਿਟ ਜਾਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਰੋਗ ਭੋਗਣ ਵਾਲਾ ਪੂਜਨਯੋਗ ਵਿਅਕਤੀ ਹਾਲੀ ਪੂਰਨ ਸੰਤ ਦੀ ਪਦਵੀ ਤੇ ਨਹੀਂ ਪੁੱਜਾ।” (ਸਰਬ ਰੋਗ ਕਾ ਅਉਖਧ ਨਾਮੁ `ਚੋਂ)। ਸਰੀਰ ਦੇ ਰੋਗੀ ਹੋਣ ਦੇ ਕਈ ਕਾਰਨ ਹੁੰਦੇ ਹਨ; ਕੁੱਝ ਕਾਰਨ ਮਨੁੱਖ ਦੇ ਹੱਥ ਵਸ ਹਨ ਪਰ ਕੁੱਝ ਕਾਰਨ ਮਨੁੱਖ ਦੇ ਵੱਸ ਵਿੱਚ ਨਹੀਂ ਹਨ। ਕੀ ਕਿਸੇ ਜਮਾਂਦਰੂ ਰੋਗ ਨਾਲ ਪੀੜਤ ਮਨੁੱਖ ਗੁਰੂ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਜੀਵਨ-ਮੁਕਤ ਨਹੀਂ ਹੋ ਸਕਦਾ? ਸੱਚੇ ਧਰਮੀ ਦੀ ਜੇਕਰ ਅਰੋਗਤਾ ਹੀ ਨਿਸ਼ਾਨੀ ਹੈ ਤਾਂ ਕਈ ਆਚਰਣ ਤੋਂ ਗਿਰੇ ਹੋਏ ਮਨੁੱਖ ਜ਼ਿੰਦਗੀ ਭਰ ਅਰੋਗ ਰਹਿੰਦੇ ਹਨ, ਉਨ੍ਹਾਂ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ? ਗੁਰਬਾਣੀ ਤਾਂ ਉਨ੍ਹਾਂ ਮਨੁੱਖਾਂ ਨੂੰ ਸਰੀਰਕ ਤਲ `ਤੇ ਆਰੋਗ ਹੁੰਦਿਆਂ ਵੀ ਰੋਗੀ ਮੰਨਦੀ ਹੈ, ਜਿਹੜੇ ਦੈਵੀ ਗੁਣਾਂ ਦੀ ਪੂੰਜੀ ਤੋਂ ਸੱਖਣੇ ਹਨ:-
ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ॥ ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ॥ (ਪੰਨਾ ੧੩੫੬) ਅਰਥ:- ਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ, ਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ।
ਜੇਕਰ ਕਿਸੇ ਨੂੰ ਅੱਧੇ ਸਿਰ ਦੀ ਪੀੜ ਜਾਂ ਦਾੜ ਦੀ ਪੀੜ ਹੈ, ਉਸ ਦਾ ਜੋਗ ਇਲਾਜ ਕਰਾਉਣ ਦੀ ਲੋੜ ਹੈ ਨਾ ਕਿ ਇਹੋ ਜਿਹੀਆਂ ਵਿਧੀਆਂ ਨੂੰ ਅਪਣਾਉਣ ਦੀ। ਜਾਂ ਇਹੋ ਜਿਹੀਆਂ ਵਿਧੀਆਂ `ਚ ਵਿਸ਼ਵਾਸ ਕਰਨ ਵਾਲਿਆਂ ਤੋਂ ਫੂਕਾਂ ਮਰਵਾਉਣ ਲਈ ਉਨ੍ਹਾਂ ਦੀਆਂ ਪਰਕਰਮਾਂ ਕਰਨ ਦੀ।
ਸੋ, ਸਾਨੂੰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਣ ਦੀ ਵਿਚਾਰ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ। ਗੁਰਬਾਣੀ ਨੂੰ ਪੜ੍ਹਣ ਸੁਣਨ ਦਾ ਇਹੀ ਅਸਲ ਮਹਾਤਮ ਹੈ ਜੋ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਦਰਸਾਇਆ ਹੈ। ਸਾਨੂੰ ਗੁਰੂ ਸਾਹਿਬ ਵਲੋਂ ਦਰਸਾਏ ਹੋਏ ਮਹਾਤਮ ਨੂੰ ਹੀ ਸਵੀਕਾਰ ਕਰਕੇ ਇਸ ਮਹਾਤਮ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਣ ਦੀ ਲੋੜ ਹੈ।
ਜਸਬੀਰ ਸਿੰਘ ਵੈਨਕੂਵਰ
.